ਲੋਕ ਰੋਹ ਦੀ ਲਲਕਾਰ:
‘‘WTO ਨੂੰ ਕੂੜੇ ਦੇ ਢੇਰ ’ਤੇ ਸੁੱਟ ਦਿਉ’’
ਸੰਸਾਰ ਵਪਾਰ ਜਥੇਬੰਦੀ ਸੰਸਾਰ ਭਰ ਦੇ ਮਿਹਨਤਕਸ਼ ਲੋਕਾਂ ਦੇ ਗੁੱਸੇ ਤੇ ਨਫ਼ਰਤ ਦਾ ਨਿਸ਼ਾਨਾ ਬਣੀ
ਆ ਰਹੀ ਹੈ ਇਸ ਦੀਆਂ ਮੀਟਿੰਗਾਂ ਮੌਕੇ ਸੰਸਾਰ ਭਰ ਦੇ ਕਿਰਤੀ ਲੋਕਾਂ ਵੱਲੋਂ ਰੋਸ ਪ੍ਰਦਰਸ਼ਨਾਂ ਦੀ
ਸ਼ਾਨਦਾਰ ਸੰਗਰਾਮੀ ਰਵਾਇਤ ਹੈ। ਇਸਦੇ ਬਣਨ ਤੋਂ ਲੈ ਕੇ ਹੁਣ ਤੱਕ ਹੋਈਆਂ ਇਹਦੀਆਂ
ਮੀਟਿੰਗਾਂ/ਕਾਨਫਰੰਸਾਂ ਮੌਕੇ ਦੁਨੀਆਂ ਦੇ ਵੱਖ ਵੱਖ ਕੋਨਿਆਂ ਤੋਂ ਪਹੁੰਚ ਕੇ ਕਿਰਤੀ ਲੋਕ ਆਪਣੇ
ਗੁੱਸੇ ਦਾ ਇਜ਼ਹਾਰ ਕਰਦੇ ਆ ਰਹੇ ਹਨ। ਇਹ ਰੋਸ ਪ੍ਰਦਰਸ਼ਨ ਲਾਮਬੰਦੀ ਪੱਖੋਂ ਬਹੁਤ ਵਿਸ਼ਾਲ ਤੇ ਸ਼ਕਲਾਂ
ਪੱਖੋਂ ਤਿੱਖੇ ਵੀ ਹੁੰਦੇ ਰਹੇ ਹਨ। ਬਹੁਤੀਆਂ ਮੀਟਿੰਗਾਂ ਲੋਕਾਂ ਨੂੰ ਰਾਹਾਂ ’ਚ ਡੱਕ ਕੇ, ਸਖ਼ਤ ਰੋਕਾਂ ਤੇ ਪਾਬੰਦੀਆਂ ਮੜ੍ਹ ਕੇ ਹੀ ਸਿਰੇ ਚੜ੍ਹਦੀਆਂ ਰਹੀਆਂ
ਹਨ। 2001 ’ਚ ਸ਼ੁਰੂ ਹੋਏ ਦੋਹਾ ਗੇੜ ਦੀ ਪਹਿਲੀ ਮੀਟਿੰਗ ਸਿਆਟਲ ’ਚ ਹੋਈ ਸੀ ਪਰ ਤਿੱਖੇ ਵਿਰੋਧ ਪ੍ਰਦਰਸ਼ਨਾਂ ਰਾਹੀਂ ਵਿਘਨ ਪੈਣ ਦੇ ਡਰੋਂ ਦੋਹਾ (ਕਤਰ) ’ਚ ਤਬਦੀਲ ਕੀਤੀ ਗਈ ਸੀ। ਇਉਂ ਹੀ 2003 ’ਚ ਕੈਨਕੁਨ ’ਚ ਹੋਈ ਮੀਟਿੰਗ ਦੀ ਅਸਫ਼ਲਤਾ ’ਚ ਇੱਕ ਹਿੱਸਾ ਉਸ ਵੇਲੇ ਉੱਠੀ
ਜ਼ੋਰਦਾਰ ਰੋਸ ਲਹਿਰ ਦਾ ਵੀ ਸੀ ਜਦੋਂ ਇੱਕ ਕਿਸਾਨ ਬੈਰੀਕੇਡ ’ਤੇ ਚੜ੍ਹ ਕੇ ਖੁਦਕੁਸ਼ੀ ਕਰ ਗਿਆ ਸੀ। ਇਸ
ਰੋਸ ਲਹਿਰ ਦਾ ਗਰੀਬ ਮੁਲਕਾਂ ਦੇ ਹਾਕਮਾਂ ’ਤੇ ਭਾਰੀ ਦਬਾਅ ਬਣਿਆ ਸੀ।
ਇਸ ਵਾਰ ਵੀ ਰੋਸ ਪ੍ਰਦਰਸ਼ਨਾਂ ਦੀ ਇਸ ਰਵਾਇਤ ਨੂੰ ਬਰਕਰਾਰ ਰੱਖਿਆ ਗਿਆ ਹੈ। ਮੀਟਿੰਗ ਦੇ
ਪਹਿਲੇ ਦਿਨ ਹੀ 12 ਦੇਸ਼ਾਂ ਤੋਂ ਜੁੜੇ 200 ਕਾਰਕੁੰਨਾਂ ਨੇ ਰੋਹ ਭਰਪੂਰ ਮੁਜ਼ਾਹਰੇ ਨਾਲ ਕਾਨਫਰੰਸ ’ਚ ਪੁੱਜੇ ਡੈਲੀਗੇਟਾਂ ਦਾ ਸਵਾਗਤ ਕੀਤਾ ਹੈ। ਏਸੇ ਦਿਨ ਪਾਕਿਸਤਾਨ, ਫਿਲਪਾਈਨਜ਼, ਇੰਡੋਨੇਸ਼ੀਆ ਆਦਿ ਮੁਲਕਾਂ ’ਚੋਂ ਵੀ ਰੋਸ ਮੁਜ਼ਾਹਰਿਆਂ ਦੀਆਂ
ਖਬਰਾਂ ਆਈਆਂ ਹਨ ਜਿਹੜੇ ਏਸ਼ੀਅਨ ਕਿਸਾਨ ਗੱਠਜੋੜ ਤੇ ਲੋਕ ਘੋਲਾਂ ਦੀ ਕੌਮਾਂਤਰੀ ਲੀਗ ਵਰਗੇ
ਪਲੇਟਫਾਰਮਾਂ ਦੇ ਸੱਦੇ ’ਤੇ ਹੋਏ ਹਨ। ਸਾਰੀ ਕਾਨਫਰੰਸ ਦੇ ਦੌਰਾਨ 25 ਦੇਸ਼ਾਂ ਤੋਂ
ਟਰੇਡ ਯੂਨੀਅਨ, ਕਿਸਾਨ, ਵਕੀਲ ਤੇ ਹੋਰ ਮਨੁੱਖੀ ਅਧਿਕਾਰ ਕਾਰਕੁੰਨ ਪੁੱਜੇ ਹਨ ਜੋ ਲਗਾਤਾਰ ਰੋਸ ਮੁਜ਼ਾਹਰੇ ਕਰਦੇ ਰਹੇ
ਹਨ। ਇਹ ਕਾਨਫਰੰਸ ਨੈਰੋਬੀ ’ਚ ਸਥਿਤ ਕੀਨੀਆ ਕੌਮਾਂਤਰੀ ਕਨਵੈਨਸ਼ਨ ਕੇਂਦਰ ’ਚ ਹੋ ਰਹੀ ਸੀ ਤੇ ਇਸ ਨੂੰ ਜਾਂਦੀਆਂ ਸਾਰੀਆਂ ਹੀ ਸੜਕਾਂ ਪੰਜ ਦਿਨ ਬੰਦ ਰੱਖੀਆਂ ਗਈਆਂ ਹਨ।
ਰੋਸ ਮੁਜ਼ਾਹਰਿਆਂ ਦੌਰਾਨ ਲੋਕਾਂ ਨੇ ਆਪਣੀਆਂ ਮੰਗਾਂ ਤੇ ਭਾਵਨਾਵਾਂ ਦਰਸਾਉਂਦੇ ਹੋਏ ਬੈਨਰ ਚੁੱਕੇ
ਹੋਏ ਸਨ। ਸਭ ਤੋਂ ਉੱਭਰਵਾਂ ਬੈਨਰ ਸੀ ‘‘WTO ਨੂੰ ਕੂੜੇ ਦੇ ਢੇਰ ’ਤੇ ਸੁੱਟ ਦਿਓ’’
ਇਹ ਬੈਨਰ ਸੰਸਾਰ ਮੀਡੀਏ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ।
ਜਿਸਦਾ ਜ਼ਿਕਰ ਕਈ ਰਿਪੋਰਟਰਾਂ ਨੇ ਕੀਤਾ ਹੈ। ਦੱਖਣੀ ਕੋਰੀਆਂ ਤੋਂ ਆਏ ਕਿਸਾਨਾਂ ਦਾ ਰੋਸ ਪ੍ਰਦਰਸ਼ਨ
ਵੀ ਵਿਸ਼ੇਸ਼ ਤੌਰ ’ਤੇ ਖਿੱਚ-ਪਾਊ ਸੀ ਤੇ ਉਹਨਾਂ ਨੇ WTO ਮੀਟਿੰਗ ਰੋਕਣ ਦੀ ਮੰਗ ਰੱਖੀ ਸੀ। ਪ੍ਰਦਰਸ਼ਨ ਦੌਰਾਨ ਇੱਕ ਕਿਸਾਨ ਗਈ ਵਿਆਨ ਚੁੰਗ ਨੇ ਆਪਣਾ
ਗੁੱਸਾ ਇਉਂ ਜ਼ਾਹਰ ਕੀਤਾ, ‘‘ਸਾਨੂੰ ਆਪਣੀਆਂ ਮੰਡੀਆਂ ਵਿਕਸਿਤ ਮੁਲਕਾਂ ਤੋਂ ਆਉਂਦੇ ਸਸਤੇ
ਉਤਪਾਦਾਂ ਲਈ ਖੋਲ੍ਹਣ ਵਾਸਤੇ ਮਜ਼ਬੂਰ ਕੀਤਾ ਗਿਆ ਹੈ। ਜਦੋਂ ਉਹ ਮਾਰਕੀਟ ’ਚ ਆਉਂਦੇ ਹਨ ਤਾਂ ਕੀਮਤਾਂ ਡਿੱਗਦੀਆਂ ਹਨ ਤੇ ਕੋਰੀਅਨ ਕਿਸਾਨ ਮੁਕਾਬਲਾ ਨਹੀਂ ਕਰ ਸਕਦੇ ਤੇ
ਬਹੁਤ ਸਾਰੇ ਖੁਦਕੁਸ਼ੀਆਂ ਕਰਦੇ ਹਨ।’’ ਉਹਨੇ ਕਿਹਾ ਕਿ ਅਸੀਂ 15 ਜਣੇ
ਕੀਨੀਆ ਆਏ ਹਾਂ ਜਿਹੜੇ ਕੋਰੀਆ ਕਿਸਾਨ ਲੀਗ ਦੇ ਇੱਕ ਲੱਖ ਕਿਸਾਨਾਂ ਦੇ ਨੁਮਾਇੰਦੇ ਹਾਂ।
ਇਹਨਾਂ ਪ੍ਰਦਰਸ਼ਨਾਂ ਦੌਰਾਨ ਵੱਖ-ਵੱਖ ਗਰੁੱਪਾਂ ਜਥੇਬੰਦੀਆਂ ਨੇ ਆਪੋ ਆਪਣੀਆਂ ਮੰਗਾਂ ਤੇ
ਸਰੋਕਾਰ ਜ਼ਾਹਰ ਕੀਤੇ ਹਨ। ਅਮਰੀਕਾ ਦੀ ਸਰਦਾਰੀ ਵਾਲੇ ਟੈਕਨੀਕਲ ਐਕਟ ਨੂੰ ਰੱਦ ਕਰਨ ਤੇ ਦੋਹਾ ਗੇੜ
ਬੰਦ ਨਾ ਕਰਨ ਲਈ ਵੀ ਆਵਾਜ਼ ਉੱਠੀ ਹੈ। ਮੀਟਿੰਗ ਰੋਕਣ ਤੋਂ ਲੈ ਕੇ WTO ਤੋੜਨ ਦੀ ਮੰਗ ਵੀ ਕੀਤੀ ਗਈ ਹੈ।
ਪਰ ਮੰਗਾਂ ਨਾਲੋਂ ਵਧਕੇ ਹਮੇਸਾਂ ਵਾਂਗ ਜ਼ਾਹਰ ਹੋਇਆ ਲੋਕ ਰੋਹ ਇਸ ਸੰਸਥਾ ਦੀਆਂ ਨੀਤੀਆਂ ਦੇ ਮਾਰੂ
ਅਸਰਾਂ ਨੂੰ ਸੰਸਾਰ ਮੰਚ ’ਤੇ ਉਘਾੜਨ ਪੱਖੋਂ ਜ਼ਿਆਦਾ ਮਹੱਤਵਪੂਰਨ ਹੈ। ਇਹਨਾਂ ਨੀਤੀਆਂ
ਖਿਲਾਫ਼ ਸੰਸਾਰ ਭਰ ਦੇ ਲੋਕਾਂ ਵੱਲੋਂ ਕੀਤੀ ਜਾ ਰਹੀ ਜਦੋਜਹਿਦ ਦਾ ਅਕਸ ਹੋ ਜਾਣ ਪੱਖੋਂ ਹੋਰ ਵੀ
ਅਹਿਮ ਹੈ।
No comments:
Post a Comment