Saturday, January 2, 2016

6 (a) ਫਿਰਕਾਪ੍ਰਸਤੀ ਤੇ ਉਸਦੇ ਖਿਲਾਫ਼ ਘੋਲ ਲੜਨ ਬਾਰੇ



ਪਿਛਾਖੜੀ ਲਹਿਰਾਂ ਅਤੇ ਇਨਕਲਾਬੀ ਜਮਾਤੀ ਲਹਿਰਾਂ ਦੀ ਜੰਮਣ ਭੋਂ ਸਾਂਝੀ ਹੈ। ਇਹ ਦੋਨੋਂ ਜਮਾਤੀ ਲੁੱਟ ਅਤੇ ਦਾਬੇ ਤੇ ਅਧਾਰਤ ਸਮਾਜਿਕ ਪ੍ਰਬੰਧ ਦੇ ਸੰਕਟ ਚੋਂ ਜਨਮ ਲੈਂਦੀਆਂ ਹਨ। ਨਿਘਾਰ ਦੀਆਂ ਪਤਾਲਾਂ ਛੂਹ ਰਹੇ ਸਮਾਜਿਕ ਨਿਜ਼ਾਮ ਦਾ ਸੰਕਟ ਲੋਕਾਂ ਦੇ ਮਨਾਂ ਚ ਤਿੱਖੀ ਬੇਚੈਨੀ ਅਤੇ ਇਸ ਚ ਕਿਸੇ ਤਿੱਖੀ ਤਬਦੀਲੀ ਦੀ ਤਾਂਘ ਪੈਦਾ ਕਰਦਾ ਹੈ। ਇਸ ਬੇਚੈਨੀ ਅਤੇ ਤਾਂਘ ਨੇ ਕੋਈ ਨਾ ਕੋਈ ਰਾਹ ਲੈਣਾ ਹੁੰਦਾ ਹੈ। ਜਿਥੇ ਕਿਤੇ ਵੀ ਇਨਕਲਾਬੀ ਸ਼ਕਤੀਆਂ ਦੀ ਕਮਜ਼ੋਰੀ ਕਰਕੇ ਇਨਕਲਾਬੀ ਚੇਤਨਾ ਉਨ੍ਹਾਂ ਦਾ ਰਾਹ ਨਹੀਂ ਰੁਸ਼ਨਾਉਂਦੀ, ਸਥਾਪਤ ਸਮਾਜਿਕ ਨਿਜ਼ਾਮ ਦਾ ਇਨਕਲਾਬੀ ਬਦਲ ਨਹੀਂ ਉੱਭਰਦਾ ਉਥੇ ਖਲਾਅ ਦੀ ਹਾਲਤ ਪੈਦਾ ਹੁੰਦੀ ਹੈ ਅਤੇ ਪਿਛਾਖੜੀ ਲਹਿਰਾਂ ਇਸ ਖਲਾਅ ਨੂੰ ਪੂਰਨ ਲਈ ਆ ਟਪਕਦੀਆਂ ਹਨ। ਇਹ ਲਹਿਰਾਂ ਲੋਕਾਂ ਦੇ ਮਨਾਂ ਅੰਦਰ ਮਚਲ ਰਹੀ ਬੇਚੈਨੀ ਅਤੇ ਤਾਂਘ ਦਾ ਹੀ ਗ੍ਰਹਿਣਿਆ ਵਿਜੋਗਿਆ ਪ੍ਰਗਟਾ ਹੁੰਦੀਆਂ ਹਨ। ਇਹ ਲੋਕਾਂ ਨੂੰ ਉਸੇ ਤਰ੍ਹਾਂ ਧੂਹ ਪਾਉਂਦੀਆਂ ਹਨ ਜਿਵੇਂ ਮਰੂਥਲਾਂ ਚ ਚਿਲਕਦੀ ਰੇਤ ਪਿਆਸੇ ਮਿਰਗਾਂ ਦੀਆਂ ਡਾਰਾਂ ਨੂੰ ਧੂਹ ਪਾਉਂਦੀ ਹੈ ਜਿਹੜੇ ਇਸਨੂੰ ਪਾਣੀ ਸਮਝ ਕੇ ਇਸ ਵੱਲ ਵਾਹੋਦਾਹ ਦੌੜਦੇ ਹਨ। ....
ਲੋਕਾਂ ਦੀ ਜਮਾਤੀ-ਤਬਕਾਤੀ ਜਦੋਜਹਿਦ ਫਿਰਕਾਪ੍ਰਸਤੀ ਦਾ ਆਧਾਰ ਖੋਰਨ ਦਾ ਅਹਿਮ ਸਾਧਨ ਬਣਦੀ ਹੈ। ਅਜਿਹੀ ਜੱਦੋਜਹਿਦ ਰਾਹੀਂ ਲੋਕਾਂ ਦੇ ਆਰਥਕ-ਸਮਾਜਿਕ ਹਿਤਾਂ ਦੀ ਬੁਨਿਆਦੀ ਸਾਂਝ ਉੱਭਰਦੀ ਹੈ। ਇਸ ਰਾਹੀਂ ਲੋਕ ਬੁਨਿਆਦੀ ਸਾਂਝੇ ਹਿਤਾਂ ਦੇ ਆਧਾਰ ਤੇ ਹੋਣ ਵਾਲੀ ਕਤਾਰਬੰਦੀ ਦੀ ਸਾਰਥਕਤਾ ਨੂੰ ਪਛਾਣਦੇ ਹਨ। ਲੋਕ ਦੁਸ਼ਮਣ ਤਾਕਤਾਂ ਵੱਲੋਂ ਪਾਏ ਜਾ ਰਹੇ ਗੈਰ-ਜਮਾਤੀ ਪਾਟਕ ਦੇ ਨੁਕਸਾਨ ਨੂੰ ਪਛਾਣਦੇ ਹਨ। ਇਸ ਤੋਂ ਇਲਾਵਾ ਇਹ ਘੋਲ ਲੋਕਾਂ ਦੀ ਸਮਾਜਿਕ ਬੇਚੈਨੀ ਦੇ ਪ੍ਰਗਟਾਵੇ ਨੂੰ ਸੁਭਾਵਕ ਰਾਹ ਦਿੰਦੇ ਹਨ। ਇਸ ਬੇਚੈਨੀ ਨੂੰ ਪਿਛਾਖੜੀ ਲਹਿਰਾਂ ਦੇ ਰੂਪ ਚ ਫੁੱਟਣ ਦੀ ਮੁਥਾਜ ਨਹੀਂ ਰਹਿਣ ਦਿੰਦੇ।

ਪੈਂਫਲਟ ‘‘ਫਿਰਕਾਪ੍ਰਸਤੀ ਤੇ ਉਸਦੇ ਖਿਲਾਫ਼ ਘੋਲ ਲੜਨ ਬਾਰੇ’’ ’ਚੋਂ

No comments:

Post a Comment