Wednesday, January 20, 2016

(20) ਸਰਕਾਰੀ ਸਿਹਤ ਸਹੂਲਤਾਂ ਦੀ ਪ੍ਰਾਪਤੀ



ਸਰਕਾਰੀ ਸਿਹਤ ਸਹੂਲਤਾਂ ਦੀ ਪ੍ਰਾਪਤੀ ਲਈ ਨੌਜਵਾਨਾਂ ਦੀ ਅਗਵਾਈ ਚ ਲੋਕ ਲਾਮਬੰਦੀ

ਸਟਾਫ਼ ਤੇ ਸਹੂਲਤਾਂ ਤੋਂ ਸੱਖਣੇ ਸਿਵਲ ਹਸਪਤਾਲ ਘੁੱਦਾ (ਬਠਿੰਡਾ) ਦੀ ਹਾਲਤ ਸੁਧਾਰਨ ਦੀ ਮੰਗ ਨੂੰ ਲੈ ਕੇ ਨੌਜਵਾਨ ਭਾਰਤ ਸਭਾ ਦੀ ਅਗਵਾਈ ਚ ਇਲਾਕੇ ਦੇ ਲੋਕ ਲਾਮਬੰਦ ਹੋਏ ਹਨ ਕੁੱਝ ਕੁ ਵਰ੍ਹੇ ਹੀ ਪਹਿਲਾਂ ਬਣਿਆ ਇਹ ਹਸਪਤਾਲ ਸਟਾਫ਼ ਪੱਖੋਂ ਲਗਭਗ ਖਾਲੀ ਹੈ ਤੇ ਦਵਾਈਆਂ ਤਾਂ ਆਮ ਤੌਰ ਤੇ ਲੋਕ ਪਹਿਲਾਂ ਹੀ ਬਾਹਰੋਂ ਖਰੀਦਦੇ ਹਨ। ਸਿਰਫ ਨਵੀਂ ਉਸਾਰੀ ਇਮਾਰਤ ਹੀ ਹਸਪਤਾਲ ਦਾ ਦਾਅਵਾ ਕਰਦੀ ਹੈ। ਦੋ ਸਾਲ ਪਹਿਲਾਂ ਵੀ ਨੌਜਵਾਨ ਭਾਰਤ ਸਭਾ ਵੱਲੋਂ ਅਜਿਹੇ ਮੁੱਦੇ ਉਭਾਰੇ ਗਏ ਸਨ ਤੇ ਸੰਘਰਸ਼ ਕਰਕੇ ਸਟਾਫ਼ ਮੰਗਵਾਇਆ ਗਿਆ ਸੀ ਪਰ ਹੁਣ ਹਾਲਤ ਪਹਿਲਾਂ ਤੋਂ ਵੀ ਮੰਦੀ ਹੋ ਗਈ ਹੈ। ਡਾਕਟਰਾਂ ਦੀਆਂ 8ਚੋਂ 6 ਤੇ ਨਰਸਾਂ ਦੀਆਂ 9ਚੋਂ 8 ਅਸਾਮੀਆਂ ਖਾਲੀ ਹਨ। ਆਧੁਨਿਕ ਮਸ਼ੀਨਾਂ ਤੇ ਹੋਰ ਸਹੂਲਤਾਂ ਪੱਖੋਂ ਵੀ ਹਾਲਤ ਮੰਦੀ ਹੈ। ਇਹ ਹਸਪਤਾਲ ਇਲਾਕੇ ਦੇ ਨੇੜਲੇ ਪਿੰਡਾਂ ਲਈ ਖਾਸ ਕਰਕੇ ਔਰਤਾਂ ਦੇ ਜਣੇਪਾ ਅਪ੍ਰੇਸ਼ਨ ਦੀ ਸਹੂਲਤ ਪੱਖੋਂ ਸਸਤਾ ਸਾਧਨ ਬਣਦਾ ਹੈ ਪਰ ਪੰਜਾਬ ਦੇ ਬਾਕੀ ਪੇਂਡੂ ਹਸਪਤਾਲਾਂ ਵਾਂਗ ਇਹ ਲੋਕਾਂ ਨੂੰ ਨਿਰਾਸ਼ ਹੀ ਕਰਦਾ ਹੈ। ਡਾਕਟਰਾਂ ਤੇ ਨਰਸਾਂ ਦੀਆਂ ਖਾਲੀ ਅਸਾਮੀਆਂ ਭਰਨ, ਸਰਕਾਰ ਵੱਲੋਂ ਜਾਰੀ 277 ਦਵਾਈਆਂ ਦੀ ਸੂਚੀ ਅਨੁਸਾਰ ਦਵਾਈਆਂ ਮੁਫ਼ਤ ਭੇਜਣ, ਅਲਟਰਾਸਾਊਂਡ ਮਸ਼ੀਨ ਦਾ ਇੰਤਜ਼ਾਮ ਕਰਨ ਤੇ ਇਲਾਕੇ ਦੀਆਂ ਸਭਨਾਂ ਡਿਸਪੈਂਸਰੀਆਂ ਦੀਆਂ ਖਾਲੀ ਅਸਾਮੀਆਂ ਭਰਨ ਵਰਗੀਆਂ ਮੰਗਾਂ ਲੈ ਕੇ ਨੌਜਵਾਨ ਨੇ ਲੋਕਾਂ ਨੂੰ ਜਗਾਉਣ ਤੇ ਲਾਮਬੰਦ ਕਰਨ ਦਾ ਉੱਦਮ ਜੁਟਾਇਆ ਗਿਆ ਹੈ।
ਹਸਪਤਾਲ ਦੀਆਂ ਅਜਿਹੀਆਂ ਮੰਗਾਂ ਨੂੰ ਲੈ ਕੇ ਇਲਾਕੇ ਭਰ ਦੇ ਪਿੰਡਾਂ ਦੇ ਲੋਕਾਂ ਨੂੰ ਲਾਮਬੰਦ ਤੇ ਜਾਗ੍ਰਿਤ ਕਰਨ ਲਈ ਮੀਟਿੰਗਾਂ ਦਾ ਸਿਲਸਿਲਾ ਚੱਲਿਆ। ਆਸ ਪਾਸ ਦੇ 7-8 ਪਿੰਡਾਂ ਚ ਮੀਟਿੰਗਾਂ ਰੈਲੀਆਂ ਰਾਹੀਂ ਲੋਕਾਂ ਨੂੰ ਮੰਗਾਂ ਅਤੇ ਪ੍ਰਾਪਤੀ ਲਈ ਸੰਘਰਸ਼ ਦੇ ਮਹੱਤਵ ਬਾਰੇ ਪ੍ਰੇਰਿਤ ਕੀਤਾ ਗਿਆ। ਪਿੰਡ ਘੁੱਦਾ ਚ ਵਿਸ਼ੇਸ਼ ਕਰਕੇ ਧੁਰ ਹੇਠਲੇ ਪੱਧਰ ਤੱਕ ਭਾਵ ਗਲੀਆਂ ਚ ਨੁੱਕੜ ਮੀਟਿੰਗਾਂ ਰਾਹੀਂ ਭਰਵਾਂ ਪ੍ਰਚਾਰ ਲਿਜਾਇਆ ਗਿਆ। ਹਸਪਤਾਲ ਦੀ ਮੌਜੂਦਾ ਹਾਲਤ ਨੂੰ ਸਿਹਤ ਸਹੂਲਤਾਂ ਦੇ ਨਿੱਜੀਕਰਨ ਦੇ ਕਦਮਾਂ ਦੇ ਪ੍ਰਸੰਗ ਚ ਰੱਖ ਕੇ ਪੇਸ਼ ਕੀਤਾ ਗਿਆ। ਕੁੱਝ ਅਰਸਾ ਪਹਿਲਾਂ ਸਭਾ ਵੱਲੋਂ ਇਲਾਕੇ ਭਰ ਦੀਆਂ ਸਿਹਤ ਸਹੂਲਤਾਂ ਦੀ ਮੰਦਹਾਲੀ ਉਘਾੜਦੀ ਇੱਕ ਪੜਤਾਲੀਆ ਰਿਪੋਰਟ ਜਾਰੀ ਕੀਤੀ ਗਈ ਸੀ। ਉਸ ਰਿਪੋਰਟ ਦੇ ਹਵਾਲੇ ਨੂੰ ਸਰਕਾਰੀ ਸਿਹਤ ਸਹੂਲਤਾਂ ਦੇ ਨਿਘਾਰ ਅਤੇ ਹਕੂਮਤੀ ਰਵੱਈਆ ਦਰਸਾਉਣ ਦਾ ਸਾਧਨ ਬਣਾਇਆ ਗਿਆ। ਸਰਕਾਰ ਵੱਲੋਂ ਸਿਹਤ ਸਹੂਲਤਾਂ ਦੇ ਖੇਤਰ ਨੂੰ ਨਿੱਜੀਕਰਨ ਰਾਹੀਂ ਵੱਡੇ ਧਨਾਢਾਂ ਲਈ ਮੁਨਾਫੇ ਦਾ ਸਾਧਨ ਬਣਾਉਣ ਅਤੇ ਲੋਕਾਂ ਦੀ ਅੰਨ੍ਹੀ ਲੁੱਟ ਕਰਵਾਉਣ ਦੀਆਂ ਹਾਲਤਾਂ ਬਾਰੇ ਵੀ ਚਰਚਾ ਹੋਈ। 500 ਦੀ ਗਿਣਤੀ ਚ ਧਰਨੇ ਦਾ ਸੱਦਾ ਦਿੰਦਾ ਪੋਸਟਰ ਦਰਜਨ ਭਰ ਪਿੰਡਾਂ ਚ ਲਾਇਆ ਗਿਆ।
ਅਸਰਦਾਰ ਪ੍ਰਚਾਰ ਤੇ ਲਾਮਬੰਦੀ ਨਾਲ 29 ਦਸੰਬਰ ਨੂੰ ਹਸਪਤਾਲ ਚ ਧਰਨਾ ਦਿੱਤਾ ਗਿਆ। ਧਰਨੇ ਚ 7-8 ਪਿੰਡਾਂ ਦੇ ਸਵਾ ਦੋ ਸੌ ਦੀ ਗਿਣਤੀ ਚ ਲੋਕ ਸ਼ਾਮਲ ਹੋਏ ਜਿੰਨ੍ਹਾਂ ਚ ਔਰਤਾਂ ਦੀ ਵੀ ਗਿਣਨਯੋਗ ਸ਼ਮੂਲੀਅਤ ਸੀ। ਲੋਕਾਂ ਨੇ ਪੰਜਾਬ ਸਰਕਾਰ ਦੀ ਨਿੱਜੀਕਰਨ ਦੀ ਨੀਤੀ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਨੌਜਵਾਨ ਭਾਰਤ ਸਭਾ ਦੇ ਆਗੂਆਂ ਤੋਂ ਬਿਨਾਂ, ਹਮਾਇਤ ਤੇ ਆਏ ਕਿਸਾਨ ਮਜ਼ਦੂਰ ਆਗੂਆਂ ਨੇ ਵੀ ਸੰਬੋਧਨ ਕੀਤਾ। ਹਸਪਤਾਲ ਦੇ ਸਟਾਫ ਦੀ ਐਸੋਸ਼ੀਏਸ਼ਨ ਨੇ ਵੀ ਧਰਨੇ ਦੀ ਹਮਾਇਤ ਕੀਤੀ ਤੇ ਧਰਨੇ ਚ ਸ਼ਮੂਲੀਅਤ ਕੀਤੀ। ਲੋਕ ਦਬਾਅ ਨੇ ਫੌਰੀ ਅਸਰ ਦਿਖਾਇਆ, ਸ਼ਾਮ ਨੂੰ ਹੀ ਦੋ ਡਾਕਟਰ ਡੈਪੂਟੇਸ਼ਨ ਤੇ ਭੇਜਣ ਦੇ ਹੁਕਮ ਆ ਗਏ। ਲੋਕਾਂ ਦੇ ਸੰਘਰਸ਼ ਕਰਨ ਦੇ ਉਤਸ਼ਾਹ ਨੂੰ ਹੁਲਾਰਾ ਮਿਲਿਆ ਤੇ ਮੁੱਢਲੀ ਪ੍ਰਾਪਤੀ ਨਾਲ ਮੰਗਾਂ ਲਈ ਡਟੇ ਰਹਿਣ ਦਾ ਜ਼ੋਰਦਾਰ ਇਰਾਦਾ ਜ਼ਾਹਰ ਹੋਇਆ। ਲੋਕਾਂ ਨੂੰ ਹੋਰ ਲਾਮਬੰਦ ਕਰਨ ਤੇ ਜ਼ਿਲ੍ਹਾ ਅਧਿਕਾਰੀਆਂ ਦੇ ਦਬਾਅ ਬਣਾਈ ਰੱਖਣ ਲਈ 12 ਜਨਵਰੀ ਨੂੰ ਆਸ ਪਾਸ ਦੇ ਪਿੰਡਾਂ ਚ ਨੌਜਵਾਨਾਂ ਵੱਲੋਂ ਲੋਕ ਜਗਾਓ ਮਾਰਚ ਕੀਤਾ ਗਿਆ। 60 ਦੇ ਲਗਭਗ ਨੌਜਵਾਨਾਂ ਨੇ ਮੋਟਰ ਸਾਈਕਲਾਂ ਤੇ ਸਵਾਰ ਹੋ ਕੇ ਆਸ ਪਾਸ ਦੇ 7-8 ਪਿੰਡਾਂ ਚ ਹਸਪਤਾਲ ਦੀਆਂ ਮੰਗਾਂ ਦਾ ਭਰਵਾਂ ਪ੍ਰਚਾਰ ਕੀਤਾ ਤੇ ਇਹਨਾਂ ਪਿੰਡਾਂ ਦੀਆਂ ਰੈਲੀਆਂ ਚ ਜੁੜੇ ਲੋਕਾਂ ਨੇ ਅਜਿਹੇ ਉੱਦਮ ਲਈ ਨੌਜਵਾਨਾਂ ਨੂੰ ਹੱਲਾਸ਼ੇਰੀ ਵੀ ਦਿੱਤੀ।
ਸਭਾ ਦੇ ਆਗੂਆਂ ਨੇ ਦੱਸਿਆ ਕਿ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਜਾਰੀ ਰਹੇਗਾ ਅਤੇ ਲਾਮਬੰਦੀ-ਪ੍ਰਚਾਰ ਦੌਰਾਨ ਹਾਲਤ ਲਈ ਜਿੰਮੇਵਾਰ ਸਰਕਾਰੀ ਨੀਤੀ ਨੂੰ ਉਭਰਵਾਂ ਨਿਸ਼ਾਨਾ ਬਣਾਇਆ ਜਾਵੇਗਾ। ਜਲਦੀ ਹੀ ਅਗਲੇ ਐਕਸ਼ਨ ਲਈ ਤਿਆਰੀ ਸ਼ੁਰੂ ਕੀਤੀ ਜਾਵੇਗੀ।
-       ਫੀਲਡ ਰਿਪੋਰਟਰ

No comments:

Post a Comment