ਪੰਜਾਬ ਦੇ ਘਟਨਾਕ੍ਰਮ ਨੇ ਮੁਲਕ ਦੇ ਕਮਿਊਨਿਸਟ ਇਨਕਲਾਬੀ ਹਲਕਿਆਂ ਦਾ ਧਿਆਨ
ਖਿੱਚਿਆ ਹੈ। ਇਸ ਮਾਮਲੇ ’ਚ ਅਸੀਂ ਸੀ. ਪੀ. ਆਰ. ਸੀ. ਆਈ. (ਐੱਮ. ਐੱਲ.)
ਦੇ ਕੇਂਦਰੀ ਹੈ¤ਡਕੁਆਰਟਰ ਵੱਲੋਂ ਜਾਰੀ ਕੀਤੀ ਗਈ ਇੱਕ ਲਿਖ਼ਤ ਪਾਠਕਾਂ
ਦੀ ਨਜ਼ਰ ਕਰ ਰਹੇ ਹਾਂ।
ਹਾਕਮ ਜਮਾਤ ਦੀਆਂ ਕਿਸਾਨ ਵਿਰੋਧੀ ਨੀਤੀਆਂ ਵਿਰੁੱਧ ਪੰਜਾਬ ਦੀ ਕਿਸਾਨੀ ਦੇ ਹੱਕੀ ਸੰਘਰਸ਼ ਨਾਲ ਯੱਕਯਹਿਤੀ ਉਸਾਰੋ!
ਹਾਕਮ ਜਮਾਤਾਂ ਦੀਆਂ ਭਟਕਾਊ ਤੇ ਪਾਟਕਪਾਊ ਕੋਸ਼ਿਸ਼ਾਂ ਦਾ ਵਿਰੋਧ ਕਰੋ!
ਪਿਛਾਂਹ-ਖਿੱਚੂ ਸ਼ਕਤੀਆਂ ਦੇ ਖਿਲਾਫ਼ ਮਿਹਨਤਕਸ਼ ਲੋਕਾਂ ਦੀ ਜਮਾਤੀ ਏਕਤਾ ਦੀ ਰਾਖੀ ਕਰੋ!
ਪੰਜਾਬ ਦੀ ਕਿਸਾਨ ਆਰਥਕਤਾ ਹਾਕਮ ਜਮਾਤਾਂ ਦੀਆਂ ਨੀਤੀਆਂ ਦੇ ਤਿੱਖੇ
ਹਮਲਿਆਂ ਹੇਠ ਕਰਾਹ ਰਹੀ ਹੈ। ਹਾਲ ਹੀ ਵਿਚ ਕਿਸਾਨੀ ਦਾ ਗੰਨੇ ਦੀ ਬੀਜੀ ਫਸਲ ਦੇ ਭਾਰੀ ਬਕਾਏ ਦੀ
ਅਦਾਇਗੀ ਨਾਲ, ਕਾਸ਼ਤ ਕੀਤੀ ਬਾਸਮਤੀ ਦੀ ਕੀਮਤ ਅੱਧ ’ਤੇ ਲਿਆ ਡੇਗਣ
ਨਾਲ ਅਤੇ ਸਭ ਤੋਂ ਵਧਕੇ 9.5 ਲੱਖ ਏਕੜ ਤੋਂ ਵੱਧ
ਰਕਬੇ ਹੇਠਲੀ ਨਰਮੇ ਦੀ ਫਸਲ ਦੀ ਤਬਾਹੀ ਨਾਲ ਮੱਥਾ ਲੱਗਿਆ ਹੈ। ਇਹਨਾਂ ਨੇ ਲੱਖਾਂ ਕਿਸਾਨਾਂ ਨੂੰ
-ਜਮੀਨ ਮਾਲਕੀ ਵਾਲੇ ਅਤੇ ਬੇਜਮੀਨੇ- ਦੋਹਾਂ ਨੂੰ ਹੀ ਗੰਭੀਰ ਸੰਕਟ ’ਚ ਸੁੱਟ
ਦਿੱਤਾ ਹੈ। ਕਿਸਾਨ ਖੁਦਕੁਸ਼ੀਆਂ ਵਿੱਚ ਤਿੱਖਾ ਵਾਧਾ ਇਸ ਸੰਕਟ ਦਾ ਸਭ ਤੋਂ ਘਿਨੌਣਾ ਪਰਦਰਸ਼ਨ ਹੈ।
ਇਸ ਸੰਕਟ ਦੀਆਂ ਜੜ੍ਹਾਂ ਅਰਧ-ਜਗੀਰੂ ਅਰਧ-ਬਸਤੀਵਾਦੀ ਭਾਰਤੀ ਰਾਜ ਦੀਆਂ
ਨੀਤੀਆਂ ਵਿੱਚ ਹਨ। ਕਿਉਂਕਿ ਇਸ ਦੀਵਾਲੀਆ ਢਾਂਚੇ ਵਿੱਚ ਇਹਨਾਂ ਨੀਤੀਆਂ ਦੇ ਸਿੱਟੇ ਵਜੋਂ ਰੁਜਗਾਰ
ਦੇ ਹੋਰ ਵਸੀਲਿਆਂ ਦੀ ਤੋਟ ਰਹਿੰਦੀ ਹੈ, ਛੋਟੇ ਅਤੇ ਸੀਮਾਂਵਰਤੀ
ਕਿਸਾਨ ਤਰ੍ਹਾਂ-ਤਰ੍ਹਾਂ ਦੇ ਲੁਟੇਰਿਆਂ ਦੇ ਸ਼ਿਕਾਰ ਬਣ ਜਾਂਦੇ ਹਨ ਜਿਹੜੇ ਅਫਸਰਸ਼ਾਹੀ ਦੀ ਮਦਦ ਨਾਲ
ਬੱਚਤ ਦੀ ਹਰ ਤਿੱਪ ਨਿਚੋੜ ਲੈਂਦੈ ਹਨ। ਆੜ੍ਹਤੀਏ ਸੂਦਖੋਰੀ ਵਿਆਜ ਮੁੱਛਦੇ ਹਨ, ਸਸਤਾ ਖਰੀਦਦੇ
ਹਨ, ਮਹਿੰਗਾ ਵੇਚਦੇ ਹਨ ਅਤੇ ਜਾਲ ’ਚ ਫਸੇ
ਕਰਜ਼ਦਾਰਾਂ ਤੋਂ ਜ਼ਮੀਨ ਤੱਕ ਹਥਿਆ ਲੈਂਦੇ ਹਨ। ਧਨਾਢ ਖੰਡ ਮਿਲ ਮਾਲਕ ਲੰਮਾ ਸਮਾਂ ਉਹਨਾਂ ਦੇ
ਬਕਾਇਆਂ ਦਾ ਭੁਗਤਾਨ ਨਾ ਕਰਕੇ ਦਰਅਸਲ ਕਿਸਾਨਾਂ ਦੇ ਪੱਲਿਓਂ ਬਿਨਾਂ ਵਿਆਜ਼ ਬੇਥਾਹ ਕਰਜ਼ੇ ਨਿਚੋੜ
ਲੈਂਦੇ ਹਨ। ਬਹੁਕੌਮੀ ਅਤੇ ਦਲਾਲ ਕੰਪਨੀਆਂ ਦੀ ਖੇਤੀ ਲਾਗਤਾਂ ਅਤੇ ਖੇਤੀ ਮਸ਼ੀਨਰੀ ’ਤੇ
ਅਜਾਰੇਦਾਰੀ ਹੈ ਅਤੇ ਇਸ ਤਰ੍ਹਾਂ ਭਾਰੀ ਮੁਨਾਫੇ ਵਸੂਲਦੀਆਂ ਹਨ। ਇਸ ਤੋਂ ਇਲਾਵਾ ਭਾਂਤ ਭਾਂਤ ਦੇ
ਠੱਗ ਭ੍ਰਿਸ਼ਟ ਅਫਸਰਾਂ ਦੀ ਸਰਗਰਮ ਸਾਜ਼ਬਾਜ਼ ਨਾਲ ਕਿਸਾਨਾਂ ਨੂੰ ਨਕਲੀ ਲਾਗਤ ਵਸਤਾਂ ਵੇਚਦੇ ਹਨ।
ਰਾਜਸੱਤ੍ਹਾ ਖੁਦ ਵੀ ਪੈਟਰੋਲੀਅਮ ਪਦਾਰਥਾਂ ’ਤੇ ਟੈਕਸਾਂ ਰਾਹੀਂ
ਕਿਸਾਨਾਂ ਨੂੰ ਨਿਚੋੜਦੀ ਹੈ। ਇਹ ਸਾਰੀਆਂ ਖੋਹ-ਖਿੰਝਾਂ ਮਿਹਨਤਕਸ਼ ਕਿਸਾਨਾਂ ਲਈ ਪੱਕੇ ਤੌਰ ’ਤੇ ਡਾਵਾਂਡੋਲ
ਸਥਿਤੀ ਬਣਾਈ ਰੱਖਦੀਆਂ ਹਨ ਜਿਹੜੀ ਕਿਸੇ ਵੇਲੇ ਵੀ ਸੰਕਟ ’ਚ ਵੜ ਜਾਂਦੀ
ਹੈ।
ਮੌਜੂਦਾ ਸੰਕਟ ਨੂੰ ਮੁੱਖ ਤੌਰ ’ਤੇ ਬਹੁਕੌਮੀ
ਕੰਪਨੀ ਬਾਇਰ ਦੇ ਮਾਅਰਕਾ ਵਾਲੇ ਨਕਲੀ ਜਾਂ ਬੇਫਾਇਦਾ ਕੀਟਨਾਸ਼ਕ ਦੇ ਸਿੱਟੇ ਵਜੋਂ ਚਿੱਟੇ ਮੱਛਰ
ਵੱਲੋਂ ਨਰਮੇ ਦੀ ਫਸਲ ਦੀ ਕੀਤੀ ਤਬਾਹੀ ਨੇ ਪਲੀਤਾ ਲਾਇਆ। ਇਹ ਕੀਟਨਾਸ਼ਕ ਖੇਤੀਬਾੜੀ ਮੰਤਰੀ ਦੀ
ਪ੍ਰਵਾਨਗੀ ਨਾਲ ਖੁਦ ਸਰਕਾਰੀ ਖੇਤੀਬਾੜੀ ਮਹਿਕਮੇ ਵੱਲੋਂ ਜ਼ੋਰ ਨਾਲ ਕਿਸਾਨਾਂ ’ਤੇ ਮੜ੍ਹੇ ਗਏ ਸਨ। ਇਸ
ਘਟਨਾਕ੍ਰਮ ਨੇ ਕਿਸਾਨੀ ਦੇ ਗੁੱਸੇ ਨੂੰ ਲਾਂਬੂ ਲਾ ਦਿੱਤਾ, ਜਿਸਦਾ ਸਿੱਟਾ
ਜਬਰਦਸਤ ਉਭਾਰ ’ਚ ਨਿਕਲਿਆ।
ਪਿਛਲੇ ਦੋ ਮਹੀਨੇ ਤੋਂ ਪੰਜਾਬ ਵਿੱਚ ਕੋਈ 12 ਕਿਸਾਨ ਅਤੇ
ਖੇਤ-ਮਜ਼ਦੂਰ ਜਥੇਬੰਦੀਆਂ ਨਰਮੇ ਦੀ ਫਸਲ ਦੀ ਤਬਾਹੀ ਕਰਕੇ ਇਹਨਾਂ ਦੋਹਾਂ ਜਮਾਤਾਂ ਦੇ ਹੋਏ ਨੁਕਸਾਨ
ਦੇ ਮੁਆਵਜ਼ੇ ਅਤੇ ਹੋਰ ਹੱਕੀ ਮੰਗਾਂ ਖਾਤਰ, ਜਨਤਕ ਖਾੜਕੂ ਸੰਘਰਸ਼ ਕਰ
ਰਹੀਆਂ ਹਨ। ਸੰਘਰਸ਼ ਦੇ ਦਬਾਅ ਹੇਠ ਹਾਕਮ ਆਪਣੇ ਮੁੱਢਲੇ ਐਲਾਨ ਅਨੁਸਾਰ ਮੁਆਵਜ਼ਾ ਵੰਡਣ ਲੱਗੇ, ਪਰ ਸੰਘਰਸ਼ ਕਰ
ਰਹੀਆਂ ਜਥੇਬੰਦੀਆਂ ਢੁੱਕਵੇਂ ਮੁਆਵਜ਼ੇ ਖਾਤਰ ਆਪਣੇ ਸੰਘਰਸ਼ ’ਚ ਡਟੀਆਂ
ਰਹੀਆਂ।
25000 ਤੋਂ ਉਪੱਰ ਕਿਸਾਨਾਂ ਅਤੇ ਮਜ਼ਦੂਰਾਂ ਨੇ ਸੂਬੇ ਦੀਆਂ ਵੱਖ ਵੱਖ
ਥਾਵਾਂ ਤੇ 7-13 ਅਕਤੂਬਰ ਨੂੰ 6 ਦਿਨ ਇਨ੍ਹਾਂ
ਮੰਗਾਂ ਦੀ ਹਮਾਇਤ ’ਚ ਰੇਲ ਆਵਾਜਾਈ ਠੱਪ ਕੀਤੀ। ਮੁੱਖ ਮੰਤਰੀ ਨਾਲ
ਗਦਲਬਾਤ ਬੇਸਿੱਟਾ ਰਹੀ। ਕਿਸਾਨਾਂ ਨੇ ਸੰਘਰਸ਼ ਦੇ ਰੂਪ ’ਚ ਤਬਦੀਲੀ
ਕਰਦਿਆਂ ਰੇਲ ਆਵਾਜਾਈ ਬਹਾਲ ਕਰ ਦਿੱਤੀ ਅਤੇ ਅਕਾਲੀ ਮੰਤਰੀਆਂ ਤੇ ਵਿਧਾਇਕਾਂ ਦਾ ਉਹਨਾਂ ਦੀਆਂ
ਰਿਹਾਇਸ਼ੀ ਥਾਵਾਂ ’ਤੇ ਘਿਰਾਓ ਅਤੇ ਕਿਸੇ ਵੀ ਪਿੰਡ ’ਚ ਉਹਨਾਂ ਦੇ
ਦਾਖਲੇ ’ਤੇ ਪਾਬੰਦੀ ਦਾ ਐਲਾਨ ਕਰ ਦਿੱਤਾ। ਇਸ ਮੁਹਿੰਮ ਨੇ 23 ਅਕਤੂਬਰ ਤੋਂ
ਸ਼ੁਰੂ ਹੋਣਾ ਸੀ। ਨਿਰਸੰਦੇਹ ਇਸ ਸੰਘਰਸ਼ ਨੇ ਸੂਬੇ ਦੇ ਸਿਆਸੀ ਘਟਨਾਕ੍ਰਮ ਵਿੱਚ ਮੋਹਰੀ ਸਥਾਨ ਮੱਲਿਆ
ਹੋਇਆ ਸੀ ਅਤੇ ਜਨਤਕ ਪ੍ਰਚਾਰ ਮਾਧਿਅਮ ਦੀਆਂ ਮੁੱਖ ਸੁਰਖੀਆਂ ’ਚ ਸੀ। ਇਸ
ਦੌਰਾਨ 900 ਤੋਂ ਉਪੱਰ ਕਿਸਾਨਾਂ ਅਤੇ ਖੇਤ ਮਜ਼ਦੂਰ ਸਰਗਰਮਾਂ ਨੂੰ ਗ੍ਰਿਫਤਾਰ ਕੀਤਾ
ਗਿਆ।
ਖਾਸ ਗੱਲ ਇਹ ਕਿ ਇਸ ਜਮਾਤੀ ਸੰਘਰਸ਼ ਦੇ ਐਨ ਵਿਚਕਾਰ ਹਾਕਮ ਜਮਾਤੀ ਸਿਆਸੀ
ਤਾਕਤਾਂ ਨੇ ਗੰਭੀਰ ਫਿਰਕੂ ਭੜਕਾਹਟਾਂ ਦਾ ਸਿਲਸਿਲਾ ਛੇੜ ਦਿੱਤਾ। ਸੂਬੇ ਦੇ ਵੱਖ ਵੱਖ ਗੁਰਦਆਰਿਆਂ ’ਚ ਗੁਰੂ ਗਰੰਥ
ਸਾਹਿਬ (ਸਿੱਖਾਂ ਦੇ ਪਵਿੱਤਰ ਗਰੰਥ) ਦੀਆਂ ਕਾਪੀਆਂ ਦੀ ਭੇਦਭਰੇ ਢੰਗ ਨਾਲ ਬੇਅਦਬੀ ਕੀਤੀ ਪਾਈ ਗਈ।
ਕੋਟਕਪੂਰੇ ਸ਼ਹਿਰ ’ਚ ਇਸ ਬੇਅਦਬੀ ਦੇ ਖਿਲਾਫ ਰੋਸ ਕਰ ਰਹੇ ਇਕੱਠ ’ਤੇ ਪੁਲਸ ਨੇ
ਗੋਲੀ ਚਲਾ ਕੇ ਦੋ ਵਿਅਕਤੀਆਂ ਨੂੰ ਮਾਰ ਦਿੱਤਾ, ਜਿਸ ਨਾਲ ਵਿਸ਼ਾਲ ਪੱਧਰ ’ਤੇ ਗੁੱਸਾ
ਭੜਕ ਪਿਆ।
ਇਸ ਦੇ ਨਾਲ ਹੀ ਵੱਖ ਵੱਖ ਹਾਕਮ ਜਮਾਤੀ ਅਤੇ ਫਿਰਕੂ ਤਾਕਤਾਂ ਵੱਲੋਂ
ਵਾਤਾਵਰਣ ’ਚ ਜ਼ਹਿਰ ਘੋਲਣ ਅਤੇ 1980 ਵਿਆਂ ਅਤੇ 90 ਵਿਆਂ ਵਾਲੀ
ਫਿਰਕੂ ਅਤੇ ਹਕੂਮਤੀ ਦਹਿਸ਼ਤਗਰਦੀ ਦੇ ਕਾਲੇ ਦਿਨਾਂ ਨੂੰ ਮੁੜ-ਸੁਰਜੀਤ ਕਰਨ ਲਈ ਜ਼ੋਰਦਾਰ ਕੋਸ਼ਿਸ਼ਾਂ
ਕੀਤੀਆਂ ਜਾਣ ਲੱਗੀਆਂ। ਉਹ ਸਧਾਰਣ ਸ਼ਰਧਾਲੂਆਂ ਦੀਆਂ ਖਰੀਆਂ ਧਾਰਮਕ ਭਾਵਨਾਵਾਂ ਨੂੰ ਆਪਣੇ ਫਿਰਕੂ
ਫਾਸ਼ੀ ਮਨੋਰਥਾਂ ਲਈ ਵਿਗਾੜ ਰਹੇ ਹਨ ਅਤੇ ਮਰੋੜਾ ਦੇ ਰਹੇ ਹਨ । ਇਹਨਾਂ ਘਟਨਾਵਾਂ ਨਾਲ ਮੁੜ ਉੱਠ ਖੜ੍ਹੇ
ਵੱਖ ਵੱਖ ਪੁਰਾਣੇ ਤੇ ਨਵੇਂ ਖਾਲਸਤਾਨੀ-ਪੱਖੀ ਹਿੱਸਿਆਂ ਤੋਂ ਇਲਾਵਾ ਕਾਲੀਆਂ ਤਾਕਤਾਂ ਦੀ ਪੂਰੀ
ਫਿਤਰਤ, ਜਿਹੜੀਆਂ ਇਹਨਾਂ ਘਟਨਾਵਾਂ ਦੇ ਪਿੱਛੇ ਹਨ, ਸਮੇਂ ਦੇ ਇੱਕ
ਗੇੜ ’ਚ ਸਾਹਮਣੇ ਆ ਜਾਵੇਗੀ। ਇਸ ਗੱਲ ਦੇ ਬਾਵਜੂਦ ਕਿ ਇਹਨਾਂ ਦੇ ਹੱਥ ’ਚ ਕਿਸੇ
ਮਕਬੂਲ ਆਧਾਰ ਦੀ ਕਮਾਂਡ ਨਹੀਂ ਹੈ, ਅਜਿਹੀਆਂ ਘਟਨਾਵਾਂ ਦੇ
ਇੱਕ ਵਾਰ ਫਿਰ ਭੜਕਾਊ ਰੋਲ ਅਦਾ ਕਰਨ ਅਤੇ ਸੁਭਾਵਕ ਫਿਰਕੂ ਅਮਨ ਤੇ ਪੰਜਾਬ ਦੇ ਲੋਕਾਂ ਦੀਆਂ
ਜਮਹੂਰੀ ਅਭਿਲਾਸ਼ਾਵਾਂ ਲਈ ਇੱਕ ਗੰਭੀਰ ਖਤਰਾ ਖੜ੍ਹਾ ਕਰ ਦੇਣ ਦੀ ਗੁੰਜਾਇਸ਼ ਹਮੇਸ਼ਾਂ ਮੌਜੂਦ ਹੈ।
ਤਾਂ ਵੀ ਵੱਖ ਵੱਖ ਕਿਸਾਨ ਜਥੇਬੰਦੀਆਂ ਇਸ ਸਾਜਸ਼ ਤੋਂ ਚੌਕਸ ਸਨ। ਮਿਸਾਲ
ਵਜੋਂ ਪ੍ਰਮੁੱਖ ਕਿਸਾਨ ਜਥੇਬੰਦੀ, ਭਾਰਤੀ ਕਿਸਾਨ ਯੂਨੀਅਨ
ਏਕਤਾ (ਉਗਰਾਹਾਂ), ਨੇ ਤਟ-ਫਟ ਲੋਕਾਂ ਨੂੰ ਆਪਣੀ ਸੰਘਰਸ਼ ਏਕਤਾ, ਭਰਾਤਰੀ-ਭਾਵ
ਅਤੇ ਫਿਰਕੂ ਸਦਭਾਵਨਾ ਦੀ ਰਾਖੀ ਦਾ ਸੱਦਾ ਦਿੱਤਾ। ਇਸਨੇ 25000 ਦੀ ਗਿਣਤੀ ’ਚ ਇੱਕ ਪੋਸਟਰ
ਪ੍ਰਕਾਸ਼ਤ ਕੀਤਾ ਜਿਸ ਦਾ ਸਿਰਲੇਖ ਸੀ-
‘‘ਪਾੜੋ ਤੇ ਰਾਜ ਕਰੋ ਦੀ ਸਾਜਸ਼ ਤੋਂ ਖਬਰਦਾਰ!
ਆਪਸੀ ਅਮਨ ਅਤੇ ਭਾਈਚਾਰਾ ਬਣਾਈ ਰੱਖੋ!’’
ਹਾਕਮਾਂ, ਸਿਆਸਤਦਾਨਾਂ ਅਤੇ
ਫਿਰਕੂ ਚੌਧਰੀਆਂ ਦੀ ਕਾਲੀ ਨੀਤ ਪਛਾਣੋ!’’
ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਪੁਲਸ ਗੋਲੀ ਦੀ ਨਿੰਦਾ ਕਰਦੇ ਹੋਏ, ਦੋਸ਼ੀ
ਅਧਿਕਾਰੀਆਂ ਖਿਲਾਫ਼ ਕਾਰਵਾਈ ਅਤੇ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਦੀ ਮੰਗ ਕਰਦੇ ਹੋਏ, ਪੋਸਟਰ ਵਿੱਚ
ਲੋਕਾਂ ਨੂੰ ਚੌਕਸ ਕੀਤਾ ਗਿਆ-
‘‘ਹਾਕਮ ਜਮਾਤਾਂ ਸਾਡੇ ਸੰਘਰਸ਼ ਅਤੇ ਏਕੇ ਦੀ ਚੜ੍ਹਤ ਤੋਂ ਘਬਰਾਏ ਹੋਏ ਹਨ। ਉਹ
ਸਾਨੂੰ ਭਟਕਾ ਕੇ ਅਤੇ ਪਾੜ ਕੇ ਕੁੱਟਣਾ ਚਾਹੁੰਦੇ ਹਨ। ਲੋਕ-ਦੁਸ਼ਮਣ ਹਿਤਾਂ ਲਈ ਉਹ ਪੰਜਾਬ ਨੂੰ ਫਿਰ
ਅੱਗ ਦੇ ਮੂੰਹ ਦੇਣਾ ਚਾਹੁੰਦੇ ਹਨ। ਸਾਜਸ਼ੀਆਂ ਨੂੰ ਨਿਖੇੜੋ, ਭਟਕਿਆਂ
ਭੜਕਿਆਂ ਨੂੰ ਸਮਝਾਓ, ਜਖਮਾਂ ’ਤੇ ਆਪਸੀ
ਸਦਭਾਵਨਾ ਦੀ ਮੱਲ੍ਹਮ ਲਾਓ! ਫਿਰਕੂ ਅਮਨ ਦੀ ਮੁਹਿੰਮ ਚਲਾਓ, ਕਿਸਾਨ
ਖੇਤ-ਮਜ਼ਦੂਰ ਏਕੇ ਤੇ ਸੰਘਰਸ਼ ਦੀ ਤੜ੍ਹ ਕਾਇਮ ਰੱਖੋ, ਆਪਣੇ ਗੁੱਸੇ
ਨੂੰ ਅਸਲ ਦੁਸ਼ਮਣਾਂ ਅਤੇ ਕਿਸਾਨ ਖੁਦਕੁਸ਼ੀਆਂ ਦੇ ਮੁਜਰਮਾਂ ਖਿਲਾਫ਼ ਸੇਧਤ ਕਰੋ। 23 ਅਕਤੂਬਰ ਦੇ
ਘਿਰਾਓ ਐਕਸ਼ਨ ਨੂੰ ਸਫ਼ਲ ਬਣਾਓ।’’
ਕਿਸਾਨ ਜਥੇਬੰਦੀ ਨੇ ਆਪਣੇ ਕੰਮ ਅਤੇ ਪ੍ਰਭਾਵ ਵਾਲੇ ਪਿੰਡਾਂ ’ਚ ਵੱਡੀ ਪੱਧਰ
’ਤੇ ਇਹ ਪੋਸਟਰ ਲਗਾਏ । 40-50 ਥਾਵਾਂ ’ਤੇ ਇਸਨੇ
ਸ਼ਾਂਤੀ ਮਾਰਚ ਕੀਤੇ। ਇਹਨਾਂ ਸਮੇਂ ਸਿਰ ਅਤੇ ਧੜੱਲੇਦਾਰ ਐਕਸ਼ਨਾਂ ਨੇ ਕੁੱਲ ਮਾਹੌਲ ਤੇ ਆਪਣਾ ਅਸਰ
ਛੱਡਿਆ। ਉਹਨਾਂ ਨੇ ਇੱਕ ਅਜਿਹੀ ਸਥਿਤੀ ਪੈਦਾ ਕਰਨ ’ਚ ਮਦਦ ਕੀਤੀ
ਜਿਸ ਵਿੱਚ ਹੋਰ ਜਮਹੂਰੀ ਅਤੇ ਧਰਮ-ਨਿਰਪੱਖ ਸ਼ਕਤੀਆਂ ਆਪਣੀ ਆਵਾਜ਼ ਉਠਾ ਸਕੀਆਂ।
23 ਅਕਤੂਬਰ ਤੋਂ ਅਕਾਲੀ ਮੰਤਰੀਆਂ ਅਤੇ ਵਿਧਾਇਕਾਂ ਦੇ ਖਿਲਾਫ ਘਿਰਾਓ ਐਕਸ਼ਨਾਂ
ਨਾਲ ਕਿਸਾਨ ਮੁੱਦਿਆਂ ਅਤੇ ਜਮਾਤੀ ਸੰਘਰਸ਼ ਨੂੰ ਇੱਕ ਵਾਰ ਫਿਰ ਉਭਾਰ ਕੇ ਮੂਹਰੇ ਲਿਆਂਦਾ ਗਿਆ।
ਮਾਲਵੇ ਦੇ ਉਸੇ ਖੇਤਰ ਅੰਦਰ, ਜਿੱਥੇ ਪਹਿਲਾਂ ਭਟਕਾਊ
ਘਟਨਾਵਾਂ ਕੇਂਦਰਤ ਰਹੀਆਂ ਸਨ ਕਈ ਥਾਵਾਂ ’ਤੇ ਵੱਡੀਆਂ, ਖਾੜਕੂ
ਲਾਮਬੰਦੀਆਂ ਹੋਈਆਂ। ਇਹ ਦਿਲ ਧਰਾਊ ਘਟਨਾਵਾਂ ਉਸ ਵਿਰੋਧ ਦਾ ਸੰਕੇਤ ਹਨ, ਜਿਸ ਨੇ
ਦਹਿਸ਼ਤ ਅਤੇ ਦਾਬੇ ਦੀ ਦੋ ਦਹਾਕੇ ਪਹਿਲਾਂ ਵਾਲੀ ਭਿਅੰਕਰਤਾ ਨੂੰ ਮੁੜ ਸੁਰਜੀਤ ਕਰਨ ਦੀਆਂ ਹਾਕਮ
ਜਮਾਤੀ ਕੋਸ਼ਿਸ਼ਾਂ ਨੂੰ ਟੱਕਰਨਾ ਹੈ।
No comments:
Post a Comment