ਫਿਰਕੂ ਫਾਸ਼ੀ ਹਿੰਸਾ ਖਿਲਾਫ ਬੁੱਧੀਜੀਵੀਆਂ ਦਾ ਵਿਆਪਕ ਰੋਸ ਪ੍ਰਗਟਾਵਾ
ਕਲਾ, ਤਰਕ ਅਤੇ ਵਿਗਿਆਨ ਦੇ ਅਪਮਾਨ ਨੂੰ ਚੁਣੌਤੀ
- ਸੁਦੀਪ
ਬਠਿੰਡਾ
ਐਮ. ਐਮ. ਕਲਬੁਰਗੀ, ਨਰੇਂਦਰ ਦਭੋਲਕਰ ਤੇ
ਗੋਬਿੰਦ ਪਨਸਾਰੇ ਅਤੇ ਦਾਦਰੀ ਕਾਂਡ ਖਿਲਾਫ ਰੋਹ ਪ੍ਰਗਟਾਉਣ ਤੋਂ ਸ਼ੁਰੂ ਹੋਏ ਸਿਲਸਿਲੇ ’ਚ ਅਕਤੂਬਰ
ਤੱਕ 300 ਤੋਂ ਵੱਧ ਲੇਖਕ ਕੌਮੀ ਅਵਾਰਡ ਵਾਪਸ ਕਰ ਚੁੱਕੇ ਸਨ। ਦਰਅਸਲ ਹੁਣ ਤੱਕ ਕਲਾ, ਵਿਗਿਆਨ ਤੇ
ਸਮਾਜਕ ਸਰਗਰਮੀ ਦੇ ਹੋਰ ਖੇਤਰਾਂ ਨਾਲ ਜੁੜੀਆਂ ਹਜ਼ਾਰਾਂ ਨਾਮਵਰ ਸ਼ਖਸ਼ੀਅਤਾਂ ਨੇ ਅਲੱਗ ਅਲੱਗ
ਤਰੀਕਿਆਂ ਨਾਲ ਰੋਸ ਜਤਾਇਆ ਹੈ।
ਹਕੂਮਤੀ ਥਾਪੜਾ ਹਾਸਲ ਹਿੰਦੁਤਵੀ ਹਿੰਸਾ, ਭਗਵਾਂਕਰਨ
ਅਤੇ ਜ਼ੁਬਾਨਬੰਦੀ ਦੇ ਨੰਗੇ-ਚਿੱਟੇ ਦਹਿਸ਼ਤੀ ਧਾਵੇ ਦੇ ਮਹੌਲ ਅੰਦਰ ਨਾਮਵਰ ਬੁੱਧੀਜੀਵੀਆਂ ਦਾ ਇਹ
ਵਿਆਪਕ ਵਿਰੋਧ ਜਮਹੂਰੀ ਹੱਕਾਂ ਦੀ ਲਹਿਰ ਵਾਸਤੇ ਕਈ ਪੱਖਾਂ ਤੋਂ ਮਹੱਤਵਪੂਰਨ ਹੈ। ਪਹਿਲੀ ਗੱਲ, ਇਸ ਵਿਰੋਧ ਦੀ
ਵਿਆਪਕਤਾ ਮੁਲਕ ਭਰ ਦੀਆਂ ਹਜ਼ਾਰਾਂ ਨਾਮਵਰ
ਸ਼ਖਸ਼ੀਅਤਾਂ ਤੇ ਬਾ-ਅਵਾਜ਼ ਹਿੱਸੇ ਇਸ ਵਿਰੋਧ ’ਚ ਸ਼ਾਮਲ ਹੋਏ ਹਨ।
ਲੇਖਕਾਂ, ਕਵੀਆਂ, ਰੰਗ-ਕਰਮੀਆਂ, ਫਿਲਮਕਾਰਾਂ, ਵਿਗਿਆਨੀਆਂ, ਸਿੱਖਿਆ-ਸ਼ਾਸਤਰੀਆਂ, ਇਤਿਹਾਸਕਾਰਾਂ, ਕਾਨੂੰਨਦਾਨਾਂ
ਤੇ ਹੋਰ ਬਹੁਤ ਸਾਰੇ ਖੇਤਰਾਂ ’ਚ ਕੌਮੀ-ਕੌਮਾਂਤਰੀ ਅਵਾਰਡਾਂ ਦੀਆਂ ਜੇਤੂ ਤੇ
ਪ੍ਰਸਿੱਧ ਹਸਤੀਆਂ ਨੇ ਬੇਬਾਕ ਵਿਰੋਧ ਦਰਜ ਕਰਾਇਆ ਹੈ। ਇਹ ਵਿਰੋਧ ਸੈਂਕੜਿਆਂ ਦੀ ਤਾਦਾਦ ’ਚ ਐਵਾਰਡਾਂ
ਦੀ ਵਾਪਸੀ, ਬਿਆਨਾਂ, ਲੇਖਾਂ, ਮੁਜ਼ਾਹਰਿਆਂ, ਮੀਟਿੰਗਾਂ, ਸੈਮੀਨਾਰਾਂ, ਪਟੀਸ਼ਨਾਂ, ਸ਼ੋਸ਼ਲ-ਮੀਡੀਆ
ਰਾਹੀਂ ਇੱਕ ਦੇਸ਼-ਵਿਆਪੀ ਮੁਹਿੰਮ ਦਾ ਰੂਪ ਧਾਰ ਚੁੱਕੀ ਰੋਸ ਲਹਿਰ ਰਾਹੀਂ ਜ਼ਾਹਰ ਹੋਇਆ ਹੈ।
ਲੋਕ-ਖੇਮਿਆਂ ’ਚ ਜਾਣੇ-ਪਛਾਣੇ ਹਿੱਸਿਆਂ ਤੋਂ ਅਗਾਂਹ ਵਧ ਕੇ ਇਸ
ਵਿਰੋਧ ਲਹਿਰ ਨੇ ਮੁੱਖ-ਧਾਰਾਈ ਸਿਨੇਮਾ, ਲੇਖਕ ਤੇ ਕਲਾ ਜਗਤ
ਦੀਆਂ ਪ੍ਰਸਿੱਧ ਹਸਤੀਆਂ ਨੂੰ ਵੀ ਕਲਾਵੇ ’ਚ ਲਿਆ ਹੈ।
ਇਸ ਵਿਰੋਧ ਦੀ ਇੱਕ ਖਾਸੀਅਤ ਇਹ ਵੀ ਹੈ ਕਿ ਇਸਨੇ ਕਲਬੁਰਗੀ, ਦਭੋਲਕਰ ਤੇ
ਪਨਸਾਰੇ ਜਾਂ ਮੁਹੰਮਦ ਅਖਲਾਕ ਦੇ ਕਤਲਾਂ ਲਈ ਜੁੰਮੇਵਾਰ ਤਾਕਤਾਂ ਦੀ ਸਪੱਸ਼ਟ ਨਿਸ਼ਾਨਦੇਹੀ ਕੀਤੀ ਹੈ।
ਇਹਨਾਂ ਕਤਲਾਂ ਪਿੱਛੋਂ ਚਾਂਭੜਾਂ ਪਾਉਣ ਤੇ ਇਹਨਾਂ ਨੂੰ ਵਾਜਬ ਠਹਿਰਾਉਣ ਵਾਲੀ ਬਿਆਨਬਾਜ਼ੀ ਨੂੰ ਤੇ
ਸਰਕਾਰ ਦੀ ਮੁਜਰਮਾਨਾ ਚੁੱਪ ਨੂੰ ਦੋਸ਼ੀ ਟਿੱਕਿਆ ਹੈ। ਸਰਕਾਰੀ ਸ਼ਹਿ ਕਾਰਣ ਚਾਂਭਲੇ ਫਿਰਕੂ ਅਨਸਰਾਂ
ਵਲੋਂ ਹੋਰਨਾਂ ਬੁੱਧੀਜੀਵੀਆਂ ਨੂੰ ਧਮਕਾ ਕੇ ਜ਼ੁਬਾਨਬੰਦੀ ਕਰਨ ਮੂਹਰੇ ਡਟਣ ਦਾ ਰੁਖ਼ ਦਿਖਾਇਆ ਹੈ।
ਵਿਚਾਰਾਂ ਦੇ ਅਜ਼ਾਦ ਅਤੇ ਨਿਰਭੈ ਪ੍ਰਗਟਾਵੇ ਦੇ ਹੱਕ ਦੀ ਰਾਖੀ ਲਈ ਹਕੂਮਤ ਦੀ ਮਰਜ਼ੀ ’ਤੇ ਮੁਥਾਜ
ਰਹਿਣ ਤੋਂ ਇਨਕਾਰ ਕਰਨ ਦਾ ਰੁਖ਼ ਦਿਖਾਇਆ ਹੈ। ਦੇਸ਼-ਵਿਦੇਸ਼ ਅੰਦਰ, ਇਹਨਾਂ ਕਤਲਾਂ
ਲਈ ਮੋਦੀ ਹਕੂਮਤ ਤੇ ਹਿੰਦੁਤਵੀ ਫਿਰਕੂ ਜਥੇਬੰਦੀਆਂ ਦੇ ਤਾਣੇ-ਬਾਣੇ ਨੂੰ ਮੁਜਰਮਾਂ ਦੀ ਕਤਾਰ ’ਚ ਖੜਾ ਕੀਤਾ
ਹੈ। ਸੰਕੇਤਕ ਜਾਂ ਰਸਮੀ ਵਿਰੋਧ ਦੀਆਂ ਹੱਦ”ਾਂ ਨੂੰ ਟੱਪਕੇ, ਤਾਲਮੇਲਵੇਂ
ਤੇ ਜਥੇਬੰਦ ਵਿਰੋਧ ਦੀਆਂ ਸ਼ਕਲਾਂ ਅਪਣਾਈਆਂ ਗਈਆਂ ਹਨ। ਨਿਆਂ ਦੀ ਪੁਕਾਰ, ਜਨਤਾ ਦੀ ਰੂਹ
ਨੂੰ ਹਲੂਣਨ ਵੱਲ ਸੇਧਤ ਹੋਈ ਹੈ। ਚੋਟੀ ਦੇ ਬੌਧਿਕ ਹਿੱਸੇ ਸੰਘਰਸ਼ੀਲ ਕਾਰਕੁੰਨਾਂ ਦੇ ਤੇਵਰ ਅਖਤਿਆਰ
ਕਰੀਂ ਦਿਖਾਈ ਦਿੱਤੇ ਹਨ।
ਦੇਸ਼ ਦੇ ਸੈਂਕੜੇ ਪ੍ਰਮੁੱਖ ਸਿੱਖਿਆ-ਸ਼ਾਸਤਰੀਆਂ ਨੇ ਬੇਬਾਕ ਬਿਆਨ ਦਿੱਤਾ ਹੈ
ਕਿ ‘‘ਜਾਣੇ-ਪਛਾਣੇ ਲੇਖਕਾਂ, ਬੁੱਧੀਜੀਵੀਆਂ ਐਮ. ਐਮ
ਕਲਬੁਰਗੀ, ਨਰੇਂਦਰ ਦਭੋਲਕਰ ਤੇ ਗੋਬਿੰਦ ਪਨਸਾਰੇ ਦੇ ਕਤਲਾਂ, ਦਾਦਰੀ
ਹੱਤਿਆ-ਕਾਂਡ ਦੀਆਂ ਹਾਲੀਆ ਘਟਨਾਵਾਂ ਅਤੇ ਮਗਰੋਂ ਸਭਿਆਚਾਰਕ ਥਾਣੇਦਾਰੀ ਦੀਆਂ ਕੌਮੀ-ਪੱਧਰ ’ਤੇ ਜਬਰੀ
ਕੋਸ਼ਿਸ਼ਾਂ ਦੇ ਮੱਦੇਨਜਰ ਅਸੀਂ ਮਹਿਸੂਸ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠਲੇ ਮੌਜੂਦਾ
ਸਿਆਸੀ ਪ੍ਰਬੰਧ ਵਲੋਂ ਹਿੰਸਾ ਅਤੇ ਦਹਿਸ਼ਤ ਦਾ ਮਹੌਲ ਮੜਿ•ਆ ਜਾ ਰਿਹਾ
ਹੈ। ਦੇਸ ਭਰ ’ਚ ਨਿੱਤ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੂੰ ਸਰਕਾਰ
ਦਾ ਹਲਕਾ ਪ੍ਰਤੀਕਰਮ ਰਿਹਾ ਹੈ; ਬਹੁਤ ਤਣਾਅ ਭਰੇ
ਮੌਕਿਆਂ ’ਤੇ ਇਸਨੇ ਮੌਨ ਧਾਰੀ ਰੱਖਿਆ ਹੈ; ਤੇ ਅਜਿਹਾ
ਕਰਕੇ ਇਹਨਾਂ ਘਟਨਾਵਾਂ ਦੀ ਦਾਅਪੇਚਕ ਹਮਾਇਤ ਕੀਤੀ ਹੈ। ਅਜਿਹੀਆਂ ਦਹਿਸ਼ਤੀ ਘਟਨਾਵਾਂ ਨੂੰ ਅੰਜਾਮ
ਦੇਣ ਵਾਲੇ ਅਨਸਰ ਹੁਣ ਕੋਈ ਕਿਨਾਰੇ ਤੱਕ ਸੀਮਤ ਨਹੀਂ ਸਗੋਂ ਮੁੱਖਧਾਰਾ ਮੱਲ ਕੇ ਬੈਠੇ ਹਨ। ਸਰਕਾਰ
ਦਾ ਇਹਨਾਂ ਘਟਨਾਵਾਂ ਦੀ ਪੋਲੀ-ਪਤਲੀ ਨਿੰਦਾ ਕਰਨਾ ਸੰਵਿਧਾਨਕ ਜੁੰਮੇਵਾਰੀ ਨੂੰ ਤੱਜਣ ਦੇ ਤੁੱਲ ਹੈ
ਅਤੇ ਧਾਰਮਿਕ ਘੱਟ-ਗਿਣਤੀਆਂ ਅਤੇ ਦਲਿਤਾਂ ’ਤੇ ਹਮਲਿਆਂ ਅਤੇ ਟਕਰਾ
ਨੂੰ ਹਵਾ ਦੇਣ ਬਰਾਬਰ ਹੈ। ਕੇਂਦਰ ਦੀ ਸਿਆਸੀ ਲੀਡਰਸ਼ਿਪ ਨੇ ਜੋ ਸੋਚੀ-ਸਮਝੀ ਚੁੱਪ ਧਾਰਣ ਕੀਤੀ ਹੋਈ
ਹੈ ਉਹ ਖੁਦ ਇਸਦੀ ਇਹਨਾਂ ਘਟਨਾਵਾਂ ’ਚ ਸ਼ਮੂਲੀਅਤ ਬਾਰੇ ਸਵਾਲ
ਖੜੇ ਕਰਦੀ ਹੈ।’’
ਇਸੇ ਤਰ੍ਹਾਂ ਸੈਂਕੜੇ ਬਾ-ਰਸੂਖ ਵਿਗਿਆਨੀਆਂ ਨੇ ਇੱਕਜੁੱਟ ਆਵਾਜ਼ ’ਚ ‘‘ਮੁਲਕ ਅੰਦਰ
ਵਿਗਿਆਨ ਤੇ ਤਰਕ ਦੀ ਧੱਜੀਆਂ ਉਡਾਉਣ ਤੇ ਅਸਹਿਣਸ਼ੀਲਤਾ ਦੇ ਮਾਹੌਲ ਖਿਲਾਫ ਡੂੰਘੇ ਸਰੋਕਾਰ ਦਾ
ਪ੍ਰਗਟਾਵਾ ਕੀਤਾ ਹੈ’’ ਅਤੇ ਇਸ ਮਾਹੌਲ ਨੂੰ ਇਹਨਾਂ ਕਤਲਾਂ ਲਈ
ਜੁੰਮੇਵਾਰ ਠਹਿਰਾਇਆ ਹੈ। ਵਿਗਿਆਨੀਆਂ ਨੇ ਸਾਂਝੇ ਬਿਆਨ ਰਾਹੀਂ ਸੰਵਿਧਾਨ ਵਿੱਚ ਵਿਗਿਆਨਕ ਸੋਚ, ਮਨੁੱਖਤਾ, ਪੜਤਾਲ ਦੀ
ਭਾਵਨਾ ਅਤੇ ਸੁਧਾਰ ਦੇ ਹਵਾਲੇ ਨੂੰ ਯਾਦ ਕਰਾਉਂਦਿਆਂ ਸਰਕਾਰ ’ਤੇ
ਅੰਧ-ਵਿਸ਼ਵਾਸ ਅਤੇ ਤੰਗਨਜ਼ਰ ਸੋਚਾਂ ਦਾ ਪਸਾਰਾ ਕਰਨ ਦਾ ਦੋਸ਼ ਲਗਾਇਆ ਹੈ। ਉਹਨਾਂ ਕਿਹਾ ਹੈ ਕਿ ‘‘ਭਾਰਤੀ
ਸਭਿਅਤਾ ਬਹੁਭਾਂਤੀ ਹੈ। ਬਹੁਤ ਸਾਰੇ ਰਿਵਾਜ ਤੇ ਫਿਰਕੇ ਨਾਲੋ-ਨਾਲ ਰਹਿੰਦੇ ਆ ਰਹੇ ਹਨ। ਪਰ ਇਸ
ਏਕਤਾ ਤੇ ਅਮਨ ਨੂੰ ਕੱਟੜਤਾ ਦੇ ਪਸਾਰ, ਘੱਟ-ਗਿਣਤੀਆਂ ਅਤੇ
ਦਲਿਤਾਂ ’ਤੇ ਹਮਲਿਆਂ ਨੇ ਭੰਗ ਕਰ ਦਿੱਤਾ ਹੈ ਜੋ ਰੁਕਣ ਦਾ ਨਾਂ ਨਹੀਂ ਲੈ ਰਹੇ। ਲੇਖਕਾਂ ਨੇ ਰੋਸ-ਪ੍ਰਦਰਸ਼ਨਾਂ ਰਾਹੀਂ ਰਾਹ ਦਰਸਾਇਆ ਹੈ। ਅਸੀਂ ਵਿਗਿਆਨੀ ਉਨ੍ਹਾਂ
ਦੀ ਅਵਾਜ਼ ’ਚ ਆਪਣੀ ਅਵਾਜ਼ ਸ਼ਾਮਲ ਕਰਦੇ ਹਾਂ। ਸਾਡਾ ਐਲਾਨ ਹੈ ਕਿ
ਭਾਰਤ ਦੇ ਲੋਕ ਤਰਕ, ਵਿਗਿਆਨ ਤੇ ਸਾਡੇ ਬਹੁ-ਭਾਂਤੇ ਸਭਿਆਚਾਰ ’ਤੇ ਅਜਿਹੇ
ਹਮਲੇ ਬਰਦਾਸ਼ਤ ਨਹੀਂ ਕਰਨਗੇ। ਅਸੀਂ ਭਾਰਤ ਦੀ ਅਜਿਹੀ ਤਬਾਹਕੁੰਨ ਤੇ ਤੰਗਨਜ਼ਰ ਪੇਸ਼ਕਾਰੀ ਰੱਦ ਕਰਦੇ
ਹਾਂ ਜੋ ਲੋਕਾਂ ਨੂੰ ਕੀ ਪਹਿਨਣ, ਕੀ ਸੋਚਣ, ਕੀ ਖਾਣ ਜਾਂ
ਕਿਸ ਨਾਲ ਮੁਹਬੱਤ ਕਰਨ ਬਾਰੇ ਫਰਮਾਨ ਮੜ੍ਹਦੀ ਹੋਵੇ। ਅਸੀਂ ਸਮਾਜ ਦੇ ਸਾਰੇ ਹਿੱਸਿਆਂ ਨੂੰ ਅਪੀਲ
ਕਰਦੇ ਹਾਂ ਕਿ ਉਹ ਅੱਜ ਭਾਰਤ ਦੇ ਅੰਦਰ ਜੋ ਤਰਕ ਤੇ ਵਿਗਿਆਨਕ ਸੋਚ ’ਤੇ ਇਹ ਹਮਲਾ
ਹੋ ਰਿਹਾ ਹੈ, ਇਸਦੇ ਖਿਲਾਫ ਅਵਾਜ਼ ਬੁਲੰਦ ਕਰਨ।’’
ਦੁਨੀਆ ਭਰ ’ਚ ਸਤਿਕਾਰੇ ਜਾਂਦੇ
ਭਾਰਤ ਦੇ ਚੋਟੀ ਦੇ ਇਤਹਾਸਕਾਰਾਂ ਨੇ ਸਾਂਝੇ ਬਿਆਨ ’ਚ ਕਿਹਾ ਹੈ
ਕਿ ‘‘ਵਿਚਾਰਾਂ ਦੇ ਮਤਭੇਦਾਂ ਨੂੰ ਸਰੀਰਕ ਹਿੰਸਾ ਨਾਲ ਹੱਲ ਕੀਤਾ ਜਾ ਰਿਹਾ ਹੈ।
ਦਲੀਲਾਂ ਨੂੰ ਵਿਰੋਧੀ-ਦਲੀਲਾਂ ਨਾਲ ਨਹੀਂ ਸਗੋਂ ਗੋਲੀਆਂ ਨਾਲ ਸਿੱਝਿਆ ਜਾ ਰਿਹਾ ਹੈ। ਕੁਝ ਖਾਸ
ਹਿੱਸਿਆਂ ਨੂੰ ਜੇ ਕੋਈ ਵਿਸ਼ੇਸ਼ ਭੋਜਨ ਪਸੰਦ ਨਹੀਂ ਤੇ ਜੇ ਇਹ ਸ਼ੱਕ ਹੋ ਗਿਆ ਕਿ ਕਿਸੇ ਗਰੀਬ ਨੇ ਉਹ
ਭੋਜਨ ਰੱਖਿਆ ਹੋਇਆ ਹੈ ਤਾਂ ਉਸਦੀ ਘੱਟੋ-ਘੱਟ ਸਜ਼ਾ ਇਹ ਹੈ ਕਿ ਉਸਨੂੰ ਕੁੱਟ-ਕੁੱਟ ਕੇ ਮਾਰ ਦਿਤਾ
ਜਾਂਦਾ ਹੈ। ਜੇ ਕੁਝ ਟੋਲੇ ਕਿਸੇ ਦੇਸ਼ ਨੂੰ ਪਸੰਦ ਨਹੀਂ ਕਰਦੇ ਤੇ ਉਸ ਦੇਸ਼ ਦੇ ਲੇਖਕ ਦੀ ਕੋਈ
ਕਿਤਾਬ ਜਾਰੀ ਹੋਣ ਜਾ ਰਹੀ ਹੈ ਤਾਂ ਪ੍ਰਬੰਧਕ ’ਤੇ ਸਿਆਹੀ ਸੁੱਟ ਕੇ
ਉਸਦਾ ਚਿਹਰਾ ਵਿਗਾੜ ਦਿੱਤਾ ਜਾਂਦਾ ਹੈ। ਜਦੋਂ ਇੱਕ ਤੋਂ ਬਾਅਦ ਇੱਕ ਲੇਖਕ ਆਪਣਾ ਰੋਸ ਦਰਜ ਕਰਾਉਣ
ਲਈ ਐਵਾਰਡ ਵਾਪਸ ਕਰ ਰਿਹਾ ਹੈ ਤਾਂ ਹਾਲਤਾਂ ’ਤੇ ਚਰਚਾ ਕਰਨ ਦੀ ਬਜਾਇ
ਮੰਤਰੀ ਇਸ ਨੂੰ ਕਾਗਜ਼ੀ ਵਿਦਰੋਹ ਕਹਿਕੇ ਭੰਡਦਾ ਹੈ ਅਤੇ ਲੇਖਕਾਂ ਨੂੰ ਲਿਖਣਾ ਛੱਡ ਦੇਣ ਦੀ ਨਸੀਹਤ
ਕਰਦਾ ਹੈ। ਇਸਦਾ ਇਹੋ ਮਤਲਬ ਹੈ ਕਿ ਬੁੱਧੀਜੀਵੀਆਂ ਨੇ ਜੇ ਰੋਸ ਪ੍ਰਗਟਾਇਆ ਤਾਂ ਉਹ ਚੁੱਪ ਕਰਾ
ਦਿੱਤੇ ਜਾਣਗੇ।’’ ‘‘ਜਾਪਦਾ ਹੈ ਕਿ ਰਾਜ-ਭਾਗ ਕਾਨੂੰਨ-ਪ੍ਰਵਾਨਤ ਇਤਿਹਾਸ, ਬੀਤੇ ਦੀ
ਫਰਜ਼ੀ ਤਸਵੀਰ’’ ਤਿਆਰ ਕਰਵਾਉਣਾ ਚਾਹੁੰਦਾ ਹੈ। ‘‘ਅਸੀਂ ਹਕੂਮਤ
ਤੋਂ ਮੰਗ ਕਰਦੇ ਹਾਂ ਕਿ ਆਜ਼ਾਦ ਅਤੇ ਨਿਰਭੈ ਪ੍ਰਗਟਾਵੇ ਦਾ ਮਾਹੌਲ ਸੁਨਿਸ਼ਚਿਤ ਕੀਤਾ ਜਾਵੇ, ਸਮਾਜ ਦੇ
ਸਭਨਾਂ ਹਿੱਸਿਆਂ ਦੀ ਸੁਰੱਖਿਆ ਕੀਤੀ ਜਾਵੇ ਅਤੇ ਭਾਰਤ ਦੀਆਂ ਇਤਹਾਸਕ ਬਹੁ-ਭਾਂਤੀ ਰਵਾਇਤਾਂ ਤੇ
ਕਦਰਾਂ-ਕੀਮਤਾਂ ਦੀ ਰਾਖੀ ਕੀਤੀ ਜਾਵੇ।’’
ਇਸੇ ਸਮੇਂ ਫਿਰਕੂ ਮਕਸਦਾਂ ਨਾਲ ਸਰਕਾਰ ਵੱਲੋਂ ਕਲਾ, ਸਾਹਿਤ, ਵਿਗਿਆਨ ਤੇ
ਖੋਜਾਂ ਨਾਲ ਸਬੰਧਤ ਸ਼੍ਰੋਮਣੀ ਸੰਸਥਾਵਾਂ ਵਿੱਚ ਸੰਘੀ ਵਿਚਾਰਧਾਰਾ ਨਾਲ ਸਬੰਧਤ ਅਨਸਰਾਂ ਦੀਆਂ
ਨਿਯੁਕਤੀਆਂ ਥੋਕ ਵਿੱਚ ਕੀਤੀਆਂ ਜਾ ਰਹੀਆਂ ਹਨ ਅਤੇ ਅਜਿਹਾ ਕਰਨ ਵੇਲੇ ਅਕਾਦਮਿਕ ਯੋਗਤਾ ਦੇ
ਘੱਟੋ-ਘੱਟ ਪੈਮਾਨਿਆਂ ਦੀ ਵੀ ਉਲੰਘਣਾ ਕੀਤੀ ਜਾ ਰਹੀ ਹੈ। ਇਸਦੇ ਵਿਰੋਧ ਵਜੋਂ ਵੀ ਬਹੁਤ ਸਾਰੇ
ਬੁੱਧੀਜੀਵੀਆਂ ਨੇ ਅਸਤੀਫੇ ਦਿੱਤੇ ਹਨ; ਸਰਕਾਰ ਦੀ ਕਠਪੁਤਲੀ
ਬਣਨ ਤੋਂ ਇਨਕਾਰ ਕੀਤਾ ਹੈ।
ਹਕੂਮਤੀ ਥਾਪੜਾ ਹਾਸਲ ਫਿਰਕੂ ਹਿੰਸਾ ਉਪ-ਮਹਾਂਦੀਪੀ ਵਰਤਾਰਾ ਹੈ ਅਤੇ ਸ਼ੋਸ਼ਲ
ਮੀਡੀਆ ਦੇ ਯੁੱਗ ਵਿੱਚ, ਇਸਦੇ ਵਿਰੋਧ ਵਿੱਚ ਬੌਧਿਕ ਹਲਕਿਆਂ ਦਾ ਡਟਣਾ
ਵੀ ਭਾਰਤ, ਬੰਗਲਾਦੇਸ਼, ਪਾਕਿਸਤਾਨ ਅਤੇ ਹੋਰ
ਮਹਾਂ-ਦੀਪੀ ਮੁਲਕਾਂ ਦੇ ਲੋਕ-ਪੱਖੀ ਬੁੱਧੀਜੀਵੀਆਂ ’ਚ ਸਾਂਝ ਦਾ
ਪ੍ਰਤੀਕ ਬਣ ਗਿਆ ਹੈ। ਖਾਸ ਕਰਕੇ, ਬੰਗਲਾਦੇਸ਼ ਅੰਦਰ
ਬੁੱਧੀਜੀਵੀ ਹਲਕੇ ਹਕਮੂਤੀ ਸਰਪ੍ਰਸਤੀ ਪ੍ਰਾਪਤ ਇਸਲਾਮਕ ਮੂਲਵਾਦੀ ਦਹਿਸ਼ਤ ਨਾਲ ਬਹੁਤ ਦਲੇਰੀ ਨਾਲ
ਟੱਕਰ ਲੈ ਰਹੇ ਹਨ ਤੇ ਕੁਰਬਾਨੀਆਂ ਕਰ ਰਹੇ ਹਨ ਜਿਹਨਾਂ ਦੀ ਚਰਚਾ ਸਾਡੇ ਦੇਸ਼ ਅੰਦਰ ਵੀ ਰਾਹ
ਦਰਸਾਵਾ ਬਣੀ ਹੋਈ ਹੈ।
ਭਾਰਤ ਦੇ ਲੋਕ-ਪੱਖੀ ਤੇ ਖਰੇ ਦੇਸ਼-ਭਗਤ ਇਹਨਾਂ ਹਿੱਸਿਆਂ ਦਾ ਇਸ ਤਰ੍ਹਾਂ
ਹਰਕਤਸ਼ੀਲ ਹੋਣਾ ਸ਼ੁਭ-ਸ਼ਗਨ ਹੈ। ਇਹਨਾਂ ਹਿੱਸਿਆਂ ਵਲੋਂ ਲੋਕਾਂ ਵੱਲ ਜੋ ਅਹੁਲ ਦਿਖਾਈ ਜਾ ਰਹੀ ਹੈ
ਉਹ ਵੀ ਸਵਾਗਤਯੋਗ ਹੈ। ਸਾਮਰਾਜ-ਪੱਖੀ ’ਤੇ ਨਵ-ਉਦਾਰਵਾਦੀ
ਹਮਲਿਆਂ ਕਾਰਨ ਪੜ੍ਹੇ-ਲਿਖੇ ਮੱਧਵਰਗ ਤਬਕੇ ’ਚ ਬੇਚੈਨੀ ਬਹੁਤ ਵਧੀ
ਹੋਈ ਹੈ। ਜਮਾਤੀ ਹਿਤਾਂ ’ਤੇ ਹਮਲੇ ਦੀ ਵਧੀ ਹੋਈ ਰੜਕ, ਭਟਕਾਏ ਗਏ
ਵਿਸ਼ਵਾਸਾਂ ਦੀ ਫਿਰਕੂ ਚੋਭ ਤੋਂ ਰਹਿ-ਰਹਿ ਕੇ ਉੱਤੋਂ ਦੀ ਪੈ ਰਹੀ ਹੈ। ਅਜਿਹੇ ’ਚ ਇਹਨਾਂ
ਬੌਧਿਕ ਹਲਕਿਆਂ ਵਲੋਂ ਅੱਡ ਅੱਡ ਸ਼ਕਲਾਂ ’ਚ ਪ੍ਰਗਟਾਇਆ ਜਾ ਰਿਹਾ
ਰੋਸ ਬਹੁਤ ਮਹੱਤਵਪੂਰਨ ਹੈ। ਜਮਹੂਰੀ ਹੱਕਾਂ ਦੀ ਲਹਿਰ ਦੇ ਜਨਤਕ ਪਸਾਰੇ ਤੇ ਵਧਾਰੇ ਵਾਸਤੇ ਅਜਿਹੇ
ਮੌਕਿਆਂ ’ਤੇ ਢੁਕਵੀਆਂ ਸ਼ਕਲਾਂ ’ਚ ਅਸਰਦਾਰ ਦਖਲਅੰਦਾਜ਼ੀ
ਕਰਨ ਲਈ ਤਾਣ ਜੁਟਾਏ ਜਾਣ ਦੀ ਜ਼ਰੂਰਤ ਹੈ।
No comments:
Post a Comment