Showing posts with label ਗੁੰਡਾਗਰਦੀ. Show all posts
Showing posts with label ਗੁੰਡਾਗਰਦੀ. Show all posts

Wednesday, January 20, 2016

(9) ਅਬੋਹਰ ਕਾਂਡ



ਅਬੋਹਰ ਕਾਂਡ

ਹਾਕਮ ਜਮਾਤੀ ਸਿਆਸਤ ’ਚ ਗੁੰਡਿਆਂ, ਕਾਰੋਬਾਰੀਆਂ ਤੇ ਸਮਗਲਰਾਂ ਦੀ ਚੜ੍ਹਤ ਦਾ ਤਾਜ਼ਾ ਨਮੂਨਾ

- ਸੁਦੀਪ

ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਸ਼ਿਵ ਲਾਲ ਡੋਡਾ ਦੇ ਫਾਰਮ ਹਾਊਸ ’ਤੇ ਉਸਦੇ ਗੁਮਾਸ਼ਤੇ ਭੀਮ ਟਾਂਕ, ਜਿਸ ਨਾਲ ਉਸਦੀ ਵਿਗੜ ਗਈ ਸੀ, ਦੀਆਂ ਲੱਤਾਂ-ਬਾਹਾਂ ਵੱਢ ਕੇ ਕੀਤੇ ਕਤਲ ਦਾ ਮਾਮਲਾ ਇਸ ਘਟਨਾ ’ਚ ਝਲਕਦੇ ਵਹਿਸ਼ੀਪਣ ਕਰਕੇ ਚਰਚਾ ’ਚ ਆਇਆ ਹੈ। ਪਰ ਅਜਿਹੀ ਵਹਿਸ਼ਤ ਦਾ ਪ੍ਰਦਰਸ਼ਨ ਪੇਂਡੂ ਭਾਰਤ ਅੰਦਰ ਰਾਜ ਕਰਦੀਆਂ ਜਮਾਤਾਂ ਦੀ ਤਾਕਤ ਦੇ ਸੁਭਾਅ ਦੀ ਇੱਕ ਝਲਕੀ ਹੀ ਹੈ ਜੋ ਆਪਣੇ ਗੁਮਾਸ਼ਤਿਆਂ, ਕਿਰਤੀਆਂ ਜਾਂ ਰਿਆਇਆ ਦੀ ਕਿਸੇ ਹੁਕਮ-ਅਦੂਲੀ ਨੂੰ ਬਰਦਾਸ਼ਤ ਨਹੀਂ ਕਰਦੀ, ਕੁਸਕਣ ਨਹੀਂ ਦਿੰਦੀ ਤੇ ਨੁਮਾਇਸ਼ੀ ਸਜ਼ਾਵਾਂ ਨਾਲ ਆਪਣਾ ਦਬਦਬਾ ਬਰਕਰਾਰ ਰੱਖਦੀ ਹੈ, ਕਾਨੂੰਨ ਤੇ ਵਿਧਾਨ ਜਿਸਦੀ ਰਜ਼ਾ ’ਚ ਝੂਲਦੇ ਹਨ। ਮਨਾਵਾਂ ਕਾਂਡ ਤੇ ਝੱਬਰ ਕਾਂਡ ਵਰਗੇ ਦਰਜਨਾਂ ਮਾਮਲਿਆਂ ਰਾਹੀਂ ਅਜਿਹੇ ਵਿਹਾਰ ਦੀ ਪੂਰੀ ਤਸਵੀਰ ਬਣ ਜਾਂਦੀ ਹੈ। ਇਹ ਤਾਂ ਵਿਕਸਤ ਕਹੇ ਜਾਂਦੇ ਪੰਜਾਬ ਵਰਗੇ ਰਾਜ ’ਚ ਵਾਪਰੇ ਹਨ।
ਜਮਹੂਰੀ ਅਧਿਕਾਰ ਸਭਾ ਵਲੋਂ ਜਾਰੀ ਰਿਪੋਰਟ ’ਚ ਸ਼ਿਵ ਲਾਲ ਡੋਡਾ ਦਾ ਪਿਛੋਕੜ ਬਿਆਨ ਕਰਦਿਆਂ ਦੱਸਿਆ ਗਿਆ ਹੈ ਕਿ ਪਹਿਲਾਂ ਉਹ ਇਕ ਗਰੀਬ ਪਰਿਵਾਰ ਨਾਲ ਸਬੰਧਤ ਸੀ। ਉਸਦਾ ਪਿਤਾ ਸਬਜ਼ੀ ਵੇਚਦਾ ਸੀ ਅਤੇ ਸ਼ਿਵ ਲਾਲ ਡੋਡਾ ਉਰਫ ਸ਼ੋਲੀ ਬਰਫ ਦਾ ਫੱਟਾ ਲਾਉਂਦਾ ਸੀ। 30 ਤੋਂ 35 ਸਾਲ ਪਹਿਲਾਂ ਬਰਫ ਦੇ ਅੱਡੇ ’ਤੇ ਕੰਮ ਕਰਦਿਆਂ ਇੱਕ ਮਾਮੂਲੀ ਤਕਰਾਰ ’ਚ ਸ਼ਿਵ ਲਾਲ ਨੇ ਇੱਕ ਵਿਅਕਤੀ ਦੇ ਛੁਰਾ ਮਾਰ ਦਿੱਤਾ। ਸ਼ਿਵ ਲਾਲ ਡੋਡਾ ਦਿੱਲੀ ਭੱਜ ਗਿਆ। ਸ਼ਿਵ ਲਾਲ ਨੇ ਹਰਿਆਣੇ ਤੋਂ ਨਜਾਇਜ਼ ਸ਼ਰਾਬ ਲਿਜਾਕੇ ਦਿੱਲੀ ਵੇਚਣ ਦਾ ਧੰਦਾ ਸ਼ੁਰੂ ਕੀਤਾ ਅਤੇ ਆਪਣਾ ਕਾਰੋਬਾਰ ਵਧਾ ਲਿਆ। ਸ਼ਿਵ ਲਾਲ ਡੋਡਾ ਨੂੰ ਗੁੜਗਾਓਂ ਦੇ ਐਡੀਸ਼ਨਲ ਸੈਸ਼ਨ ਜੱਜ ਨੇ 1990 ’ਚ ਦਰਜ ਸ਼ਰਾਬ ਦੇ ਨਜਾਇਜ਼ ਕਾਰੋਬਾਰ ਦੇ ਇੱਕ ਕੇਸ ਵਿੱਚ ਦੋ ਸਾਲ ਦੀ ਸਜ਼ਾ ਅਤੇ ਇੱਕ ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਦੱਸਿਆ ਜਾਂਦਾ ਹੈ।
ਰਿਪੋਰਟ ਅਨੁਸਾਰ ਲੋਕਾਂ ਨੇ ਦੱਸਿਆ ਕਿ 15 ਕੁ ਸਾਲ ਪਹਿਲਾਂ ਸ਼ਿਵ ਲਾਲ ਨੇ ਹਨੂੰਮਾਨਗੜ ਰੋਡ ’ਤੇ ਰਾਮਸਰਾ ਵਿੱਚ ਇੱਕ 35 ਕੁ ਏਕੜ ਦਾ ਫਾਰਮ ਸਥਾਪਤ ਕਰ ਲਿਆ (ਸ਼ਹਿਰ ਤੋਂ 6 ਕੁ ਕਿਲੋਮੀਟਰ ਦੂਰ ਹਨੂੰਮਾਨ ਰੋਡ ’ਤੇ 35 ਕੁ ਏਕੜ ’ਚ ਫੈਲਿਆ ਇਹ ਫਾਰਮ ਆਪਣੇ ਆਪ ’ਚ ਹੀ ਇੱਕ ਰਹੱਸ ਹੈ ਜਿਸ ਦੁਆਲੇ 8/10 ਫੁੱਟ ਉੱਚੀਆਂ ਕੰਧਾਂ ਹਨ। ਕਿਲੇ ਨੁਮਾ ਇਸ ਫਾਰਮ ਹਾਊਸ ਅੰਦਰ ਗੇਟ ਦੇ ਨਾਲ ਦੋ ਵੱਡੀਆਂ ਇਮਾਰਤਾਂ ਹਨ। ਹਾਲਾਂਕਿ ਉਸਦੀ ਆਪਣੀ ਨਿੱਜੀ ਰਿਹਾਇਸ਼ ਅਬੋਹਰ ਵਿੱਚ ਵੱਖਰੀ ਹੈ।)  ਉਹਦਾ ਸ਼ਰਾਬ ਦਾ ਕਾਰੋਬਾਰ ਪੰਜਾਬ ਤੋਂ ਇਲਾਵਾ ਯੂਪੀ, ਬਿਹਾਰ, ਦਿੱਲੀ, ਰਾਜਸਥਾਨ ਅਤੇ ਗੁਜਰਾਤ ਤੱਕ ਫੈਲਿਆ ਹੋਇਆ ਹੈ। ਰਾਜਸਥਾਨ ਵਿੱਚ ਭੁੱਕੀ ਦੇ ਠੇਕੇ ਅਤੇ ਬੰਗਲੌਰ ਵਿੱਚ ਇੱਕ ਸ਼ਰਾਬ ਦੀ ਫੈਕਟਰੀ, ਹਰਿਆਣੇ ਵਿੱਚ ਇੱਕ ਵਿਦਿਅਕ ਸੰਸਥਾ, ਰੀਅਲ ਅਸਟੇਟ ਅਤੇ ਸੱਟੇਬਾਜ਼ੀ ਦਾ ਕਾਰੋਬਾਰ ਹੈ। ਲੋਕਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸ਼ਿਵ ਲਾਲ ਡੋਡਾ ਉੱਪਰ ਸ਼ਰਾਬ ਦੇ ਵਪਾਰੀ ਰੂਪ ਲਾਲ ਬਾਂਸਲ ਦੀਆਂ ਲੱਤਾਂ ਤੋੜਨ, ਅਤੇ ਸਤਪਾਲ ਸੇਤੀਆ ਅਤੇ ਉਸਦੀ ਪਤਨੀ ਨੂੰ ਦਿਨ ਦਿਹਾੜੇ ਗੋਲੀਆਂ ਮਾਰਨ ਦੇ ਇਲਜ਼ਾਮ ਲੱਗੇ ਹਨ। ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਉਸਦੇ ਸ਼ਰਾਬ ਦੇ ਗੁਦਾਮਾਂ ਵਿੱਚ ਸ਼ਰਾਬ ਦੀ ਮਿਲਾਵਟ ਕੀਤੀ ਜਾਂਦੀ ਹੈ।
ਸ਼ਿਵ ਲਾਲ ਡੋਡਾ ਪੰਜਾਬ ਵਿਧਾਨ ਸਭਾ 2012 ਦੀਆਂ ਚੋਣਾਂ ਵਿੱਚ ਅਬੋਹਰ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਲੜਿਆ ਅਤੇ 46000 ਵੋਟਾਂ ਪ੍ਰਾਪਤ ਕਰ ਕੇ ਦੂਸਰੇ ਨੰਬਰ ਤੇ ਰਿਹਾ। ਜੇਤੂ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੂੰ 53000 ਵੋਟਾਂ ਮਿਲੀਆਂ ਸਨ। ਚਰਚਾ ਇਹ ਹੈ ਕਿ ਅਕਾਲੀ ਦਲ ਬਾਦਲ ਨੇ ਡੋਡਾ ਦੀ ਅੰਦਰ ਖਾਤੇ ਮੱਦਦ ਕੀਤੀ। ਚੋਣਾਂ ਪਿੱਛੋਂ ਅਕਾਲੀ ਦਲ ਬਾਦਲ ਨੇ ਡੋਡਾ ਨੂੰ ਅਬੋਹਰ ਚੋਣ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਅਤੇ ਇਸ ਦੇ ਫਾਰਮ ਹਾਊਸ ’ਤੇ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਵੀ ਆਏ। ਕਿਸੇ ਸਮੇਂ ਇਸ ਫਾਰਮ ਹਾਊਸ ਦੀਆਂ ਰਜਿਸਟਰੀਆਂ ਮਜੀਠੀਏ ਦੇ ਨਾਮ ਹੋਣ ਦੀ ਵੀ ਚਰਚਾ ਹੋਈ। ਬਹਾਵ ਵਾਲਾ ਠਾਣੇ ਦਾ ਮੁਖੀ ਹਰਿੰਦਰ ਸਿੰਘ ਚਮੇਲੀ ਵੀ ਡੋਡਾ ਦੇ ਫਾਰਮ ਹਾਊਸ ਦੇ ਅੰਦਰ ਰਹਿੰਦਾ ਰਿਹਾ ਹੈ।
ਰਿਪੋਰਟ ਅਨੁਸਾਰ ਮਾਰਿਆ ਗਿਆ ਭੀਮ ਟਾਂਕ ਬਾਲਮੀਕ ਬਿਰਾਦਰੀ ਦੇ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ। ਉਹ ਸ਼ਿਵ ਲਾਲ ਦੇ ਗੈਂਗ ’ਚ ਸ਼ਾਮਲ ਹੋ ਗਿਆ ਤੇ ਉਸਦਾ ਸ਼ਰਾਬ ਦਾ ਕਾਰੋਬਾਰ ਸੰਭਾਲਣ ਲੱਗ ਪਿਆ ਜਿਸ ਦੌਰਾਨ ਕਈ ਲੜਾਈਆਂ-ਭਿੜਾਈਆਂ ’ਚ ਵੀ ਵਧ ਚੜ੍ਹਕੇ ਸ਼ਾਮਲ ਰਿਹਾ ਤੇ ਉਸਦੀ ਧਾਕੜ ਪਛਾਣ ਬਣ ਗਈ ਪਰ ਮਗਰੋਂ ਉਸਦੀ ਸ਼ਿਵ ਲਾਲ ਡੋਡਾ ਨਾਲ ਵਿਗੜ ਗਈ ਤਾਂ ਉਸਨੇ ਆਪਣਾ ਢਾਬਾ ਖੋਲ੍ਹ ਕੇ ਕਿਨਾਰਾ ਕਰਨਾ ਚਾਹਿਆ। ਪਰ ਝੂਠੇ ਕੇਸਾਂ ’ਚ ਫਸਾਉਣ ਦਾ ਡਰਾਵਾ ਦੇ ਕੇ ਰਾਜੀਨਾਮਾ ਕਰਨ ਦੇ ਝੂਠੇ ਮਨੋਰਥ ਨਾਲ ਉਸਨੂੰ ਸ਼ਿਵ ਲਾਲ ਦੇ ਫਾਰਮ ਹਾਊਸ ’ਚ ਬੁਲਾ ਕੇ ਬੇਰਹਿਮੀ ਨਾਲ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਉਸਦੇ ਹੱਥ-ਪੈਰ, ਲੱਤਾਂ-ਬਾਹਾਂ ਵੱਢ ਕੇ ਉਸਨੂੰ ਮਾਰਿਆ ਗਿਆ ਤੇ ਉਸਦੇ ਇਕ ਸਾਥੀ ਦੇ ਅੰਗ ਵੀ ਵੱਢੇ ਗਏ ਜੋ ਕਿਸਮਤ ਨਾਲ ਇਹ ਕਹਾਣੀ ਦੱਸਣ ਵਾਸਤੇ ਬਚ ਰਿਹਾ।
ਸਭਾ ਨੇ ਨੋਟ ਕੀਤਾ ਕਿ ਪੁਲੀਸ ਮੁਖੀ ਦਾ ਸ਼ਿਵ ਲਾਲ ਦੇ ਫਾਰਮ ਹਾਊਸ ਵਿੱਚ ਰਹਿਣਾ, ਉਸਦੇ ਗਰੋਹਾਂ ਨੂੰ ਅਣਡਿੱਠ ਕਰਨਾ, ਵਾਰਦਾਤ ਦੇ ਮੌਕੇ ਦੇਰੀ ਨਾਲ ਪਹੁੰਚਣਾ ਅਤੇ 16 ਘੰਟੇ ਪਿੱਛੋਂ ਐਫ. ਆਈ. ਆਰ. ਦਰਜ ਕਰਨਾ ਅਤੇ ਮੁੱਖ ਸਾਜ਼ਿਸ਼ਕਾਰੀਆਂ ਨੂੰ ਕੇਸ ਤੋਂ ਪਾਸੇ ਰੱਖਣ ਦਾ ਯਤਨ, ਉਹਨਾਂ ਦੀਆਂ ਗ੍ਰਿਫ਼ਤਾਰੀਆਂ ਵਿੱਚ ਆਨਾਕਾਨੀ ਕਰਨੀ ਪੁਲਸ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ੍ਹ ਹਨ। ਪੁਲਸ ਅਧਿਕਾਰੀਆਂ ਦੀ ਮੁਅੱਤਲੀ ਜਾਂ ਬਦਲੀਆਂ ਅੱਖਾਂ ਪੂੰਝਣ ਦੀਆਂ ਕਾਰਵਾਈਆਂ ਹਨ। ਸ਼ਿਵ ਲਾਲ ਦੇ ਸਿਆਸੀ ਪਾਰਟੀਆਂ ਨਾਲ ਸਬੰਧ ਜੱਗ ਜ਼ਾਹਰ ਹਨ। ਅਕਾਲੀ ਦਲ ਦਾ ਮਾਫ਼ੀਆ ਗਰੋਹਾਂ ਨਾਲ ਲੈਣ ਦੇਣ ਨੰਗਾ ਕਰਨ ਦੀ ਲੋੜ ਹੈ। ਬੀਬੀ ਹਰਸਿਮਰਤ ਵੱਲੋਂ ਲੋਕ ਸਭਾ ਵਿੱਚ ਇਸ ਨੂੰ ਗੈਂਗਵਾਰ ਕਹਿਣਾ ਜਾਂ ਇਸ ਨੂੰ ਮਾਮੂਲੀ ਘਟਨਾ ਦੱਸਣਾ ਸ਼ਿਵ ਲਾਲ ਡੋਡਾ ਦੀ ਨੰਗੀ ਚਿੱਟੀ ਪੁਸ਼ਤ-ਪਨਾਹੀ ਹੈ।
ਅਕਾਲੀ ਸਰਕਾਰ, ਪੁਲਸ ਤੇ ਪ੍ਰਸ਼ਾਸਨ ਦੇ ਥਾਪੜਾ ਹਾਸਲ ਗੁੰਡਾ ਗਰੋਹਾਂ ਨੇ ਪੰਜਾਬ ’ਚ ਅਤਿ ਚੁੱਕੀ ਹੋਈ ਹੈ ਜੋ ਮੁਜਰਮਾਨਾ ਕਾਰਵਾਈਆਂ ਤੋਂ ਬਿਨਾਂ, ਰਾਜਸੀ ਵਿਰੋਧੀਆਂ ਨੂੰ ਖਦੇੜਨ, ਲੋਕ-ਵਿਰੋਧ ਨੂੰ ਦਬਾਉਣ ਤੇ ਦਹਿਸ਼ਤ ਫੈਲਾਉਣ ਦੇ ਮਕਸਦ ਨਾਲ ਹਿੰਸਾ ਦੀਆਂ ਕਾਰਵਾਈਆਂ ਨੂੰ ਵੀ ਅੰਜਾਮ ਦੇ ਰਹੇ ਹਨ। ਪਿਛੇ ਜਿਹੇ ਤਾਂ ਪਾਲੇ-ਪੋਸੇ ਅਜਿਹੇ ਟੋਲਿਆਂ ਨੂੰ ਯੂਥ-ਬ੍ਰਿਗੇਡਾਂ ਦਾ ਨਾਂ ਦੇ ਕੇ ਜਮਹੂਰੀ ਤਾਕਤਾਂ ’ਤੇ ਹਮਲੇ ਕਰਨ ਵਾਸਤੇ ਬਕਾਇਦਾ ਜਥੇਬੰਦ ਕੀਤਾ ਗਿਆ ਹੈ। ਪਰ, ਇਹ ਕੋਈ ਅਕਾਲੀ ਸਰਕਾਰ ਤੱਕ ਸੀਮਤ ਵਰਤਾਰਾ ਨਹੀਂ ਹੈ। ਅਜਿਹੀ ਪਿਛਾਕੜੀ ਹਿੰਸਾ ਦਾ ਉਭਾਰ ਨਵੀਆਂ ਆਰਥਕ ਨੀਤੀਆਂ ਦੇ ਵਿਕਾਸ ਮਾਡਲ ਦਾ ਲਾਜ਼ਮੀ ਹਿੱਸਾ ਹੈ। ਇਸ ਵਿਕਾਸ ਮਾਡਲ ਕਾਰਣ ਜਿਥੇ ਕਿਰਤੀ-ਕਿਸਾਨ ਖੁਦਕਸ਼ੀਆਂ ਤੇ ਤਬਾਹੀ ਮੂੰਹ ਧੱਕੇ ਗਏ ਹਨ ਉੱਥੇ ਸ਼ਿਵ ਲਾਲ ਡੋਡਾ, ਮਲੂਕਾ, ਸੁੱਚਾ ਸਿੰਘ ਲੰਗਾਹ, ਵੀਰ ਸਿੰਘ ਲੋਪੋਕੇ, ਪੱਪੂ ਯਾਦਵ, ਮਹਿੰਦਰ ਕਰਮਾ ਵਰਗੇ ਬਾਹੂਬਲੀ ਸਿਆਸਤਦਾਨ ਤੇ ਹੋਰ ਸਮਗਲਰ, ਚੌਧਰੀ ਇਸ ਵਿਕਾਸ ਮਾਡਲ ਦੀ ਸਿਆਸਤ ਦੇ ਨਾਇਕ ਹਨ ਜਿਹੜੇ ਇਸੇ ਅਰਸੇ ਦੌਰਾਨ ਲੋਕਾਂ ਦੀ ਛਿਲ ਪੱਟਕੇ ਹੈਰਾਨੀਜਨਕ ਰਫਤਾਰ ਨਾਲ ਅਰਬਾਂ-ਖਰਬਾਂ ਦੀਆਂ ਜਾਇਦਾਦਾਂ ਇਕੱਠੀਆਂ ਕਰਨ ’ਚ ਸਫ਼ਲ ਹੋਏ ਹਨ। ਸ਼ਰਾਬ-ਭੁੱਕੀ, ਰੀਅਲ ਅਸਟੇਟ ਤੋਂ ਲੈ ਕੇ ਵਿੱਦਿਅਕ ਸੰਸਥਾਵਾਂ ਦੇ ਵੰਨ-ਸੁਵੰਨੇ ਕਾਰੋਬਾਰਾਂ ਦੇ ਮਾਲਕ ਇਹ ਚੌਧਰੀ ਤੇ ਮੁਜਰਮ ਗਰੋਹਾਂ ਦੇ ਸਰਗਨਾਂ ਪੇਂਡੂ ਭਾਰਤ ਅੰਦਰ ਇਸ ਵਿਕਾਸ ਮਾਡਲ ਦੀਆਂ ਸਮਾਜਕ ਥੰਮੀਆਂ ਹਨ ਜੋ ਸਟੇਟ ਦੀ ਜਾਬਰ ਤਾਕਤ ਦੀਆਂ ਰਾਖਵੀਆਂ ਟੁਕੜੀਆਂ ਵਜੋਂ ਇਸਦੀ ਸੇਵਾ ਕਰਦੀਆਂ ਹਨ ਅਤੇ ਜੋ ਆਪਣੀਆਂ ਚੰਮ ਦੀਆਂ ਚਲਾਉਣ, ਲੋਕ-ਵਿਰੋਧ ਨੂੰ ਦਬਾ ਕੇ ਰੱਖਣ, ਉਹਨਾਂ ਨੂੰ ਜਥੇਬੰਦ ਹੋਣ ਤੋਂ ਰੋਕਣ ਤੇ ਦਹਿਸ਼ਤਜ਼ਦਾ ਕਰਨ ਵਾਸਤੇ ਬੇਹਿਚਕ ਹਿੰਸਾ ਦਾ ਸਹਾਰਾ ਲੈਂਦੀਆਂ ਹਨ। ਪਿੰਡਾਂ ਅੰਦਰ ਇਹ ਨਿਰੰਕੁਸ਼ ਤਾਕਤ ਦੇ ਅਸਲ ਕੇਂਦਰ ਹਨ ਜੋ ਪ੍ਰਬੰਧਕੀ ਤਾਕਤ ਨਾਲ ਘਿਓ-ਖਿਚੜੀ ਹੋ ਕੇ ਆਪਣਾ ਰਜ਼ਾ-ਵਿਧਾਨ ਲਾਗੂ ਕਰਾਉਣ ਦੇ ਸਮਰਥ ਹੈ। ਪੰਚਾਇਤਾਂ ਤੋਂ ਲੈ ਕੇ ਅਸੰਬਲੀਆਂ ਤੱਕ ਰਾਜਸੀ ਕਲਾਂ ’ਤੇ ਇਹਨਾਂ ਦਾ ਕਬਜਾ ਭਾਰਤੀ ਜਮਹੂਰੀਅਤ ਦੇ ਅਸਲ ਚਰਿਤਰ ਨੂੰ ਦਰਸਾਉਂਦਾ ਹੈ ਤੇ ਜਮਹੂਰੀ ਇਨਕਲਾਬ ਦੇ ਕਾਰਜ ਨੂੰ ਵੀ ਕਿ ਜਦ ਤੱਕ ਅਜਿਹੀ ਵਹਿਸ਼ੀ ਤਾਕਤ ਦੀ ਸਮਾਜਕ-ਆਰਥਕ ਹਸਤੀ ਖਤਮ ਨਹੀਂ ਹੁੰਦੀ, ਪਿੰਡਾਂ ਅੰਦਰ ਖਰੀ ਜਮਹੂਰੀਅਤ ਦੀ ਸਿਰਜਣਾ ਨਹੀਂ ਕੀਤੀ ਜਾ ਸਕਦੀ। ਸੁਧਾਰਾਂ ਦੇ ਅਗਲੇ ਤਿੱਖੇ ਦੌਰ ਅੰਦਰ ਜਮੀਨਾਂ ਤੇ ਵਸੀਲਿਆਂ ਦੀ ਖੋਹ-ਖਿੰਝ ਅਤੇ ਨਿੱਜੀਕਰਨ ਦੇ ਨਾਂ ਥੱਲੇ ਜਨਤਕ ਜਾਇਦਾਦਾਂ, ਅਦਾਰਿਆਂ ਨੂੰ ਹਥਿਆਉਣ ਦੌਰਾਨ ਕੌਮੀ ਲੁੱਟ ’ਚੋਂ ਬੋਟੀਆਂ ਸੁੱਟ ਕੇ, ਲੋਕ ਵਿਰੋਧ ਨੂੰ ਦਬਾਉਣ ਵਾਸਤੇ ਅਜਿਹੇ ਬਘਿਆੜਾਂ ਦੀਆਂ ਸੇਵਾਵਾਂ ਹਾਸਲ ਕੀਤੀਆਂ ਜਾਣੀਆਂ ਹਨ। ਗੁੰਡਾ, ਸਿਆਸੀ, ਪੁਲਸ ਤੇ ਪ੍ਰਸ਼ਾਸਨ ਦੇ ਗਠਜੋੜ ਅਤੇ ਇਹਨਾਂ ਮੁਜਰਮ ਟੋਲਿਆਂ ਦੀ ਪੁਸ਼ਤਪਨਾਹੀ ਲਈ ਜੁੰਮੇਵਾਰ ਨੀਤੀਆਂ ਦਾ ਪਰਦਾਫਾਸ਼ ਕਰਦਿਆਂ ਲੋਕਾਂ ਨੂੰ ਆਪਣੀ ਰਾਖੀ ਆਪ ਕਰਨ ਲਈ ਉਭਾਰਨ ਦੀ ਜ਼ਰੂਰਤ ਹੈ।

(17) ਲੰਬੀ ਥਾਣੇ ਅੱਗੇ ਧਰਨਾ



ਪੁਲਸ ਸਿਆਸੀ ਗੁੰਡਾ ਗਠਜੋੜ ਵਿਰੁੱਧ 

ਲੰਬੀ ਥਾਣੇ ਅੱਗੇ ਰੋਹ ਭਰਪੂਰ ਧਰਨਾ

ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਬਲਾਕ ਕਮੇਟੀ ਲੰਬੀ ਵੱਲੋਂ ਪੁਲਸ ਸਿਆਸੀ ਗੁੰਡਾ ਗਠਜੋੜ ਵਿਰੁੱਧ 23 ਦਸੰਬਰ ਨੂੰ ਲੰਬੀ ਥਾਣੇ ਅੱਗੇ ਰੋਹ ਭਰਪੂਰ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ 500 ਦੇ ਕਰੀਬ ਮਰਦਾਂ ਔਰਤਾਂ ਨੇ ਸ਼ਮੂਲੀਅਤ ਕੀਤੀ। ਧਰਨੇ ਦੌਰਾਨ ਭਾਰੀ ਪੁਲਸ ਨਫ਼ਰੀ ਦੀ ਮੌਜੂਦਗੀ ’ਚ ਅਣਮਿਆਉਂਦੇ ਜੋਸ਼ ਨਾਲ ਪੁਲਸ ਤੇ ਬਾਦਲਾਂ ਖਿਲਾਫ਼ ਲੱਗਦੇ ਆਕਾਸ਼ ਗੁੰਜਾਊ ਨਾਹਰੇ ਲੋਕਾਂ ’ਚ ਪੁਲਸ ਸਿਆਸੀ ਗੁੰਡਾ ਗਠਜੋੜ ਵਿਰੁੱਧ ਲਟ ਲਟ ਬਲਦੀ ਨਫ਼ਰਤ ਦਾ ਸਬੂਤ ਦੇ ਰਹੇ ਸਨ। ਜਦੋਂ ਕਿ ਬੁਲਾਰਿਆਂ ਦੀ ਉਭਾਰੂ ਸੁਰ ਅਤੇ ਨੰਗੇ ਚਿੱਟੇ ਧੱਕੇ ਦੀਆਂ ਠੋਸ ਉਦਾਹਰਣਾਂ ਦੀ ਬੱਝਵੀਂ ਪੇਸ਼ਕਾਰੀ ਧਰਨਾਕਾਰੀਆਂ ਦੇ ਜੋਸ਼ ਨੂੰ ਹੋਰ ਵੀ ਅੱਡੀ ਲਾ ਰਹੀ ਸੀ।
ਬੁਲਾਰਿਆਂ ਨੇ ਆਖਿਆ ਕਿ ਉਂਝ ਤਾਂ ਅਕਾਲੀਆਂ ਦੀ ਗੁੰਡਾਗਰਦੀ ਨੇ ਸਾਰੇ ਪੰਜਾਬ ’ਚ ਲੋਕਾਂ ਦੇ ਨੱਕ ’ਚ ਦਮ ਕਰ ਰੱਖਿਆ ਹੈ, ਪਰ ਲੰਬੀ ਦਾ ਇਹ ਖੇਤਰ ਬਾਦਲਾਂ ਦਾ ਜੱਦੀ ਹਲਕਾ ਹੋਣ ਅਤੇ ਵੱਡੀ ਜਾਗੀਰਦਾਰੀ ਦਾ ਗੜ੍ਹ ਹੋਣ ਕਰਕੇ ਇੱਥੇ ਅਕਾਲੀਆਂ ਦੀ ਗੁੰਡਾਗਰਦੀ ਤੇ ਧੱਕੇਸ਼ਾਹੀ ਸਿਖਰਾਂ ਛੋਹ ਰਹੀ ਹੈ। ਬਾਦਲ ਪਰਿਵਾਰ ਦੇ ਸਿੱਧੇ ਦਖਲ ਕਾਰਨ ਲੰਬੀ ਥਾਣੇ ਦਾ ਮੁਖੀ ਗੁਰਪ੍ਰੀਤ ਬੈਂਸ ਤੇ ਸਮੁੱਚਾ ਪੁਲਸ ਤੰਤਰ ਆਪਣੀ ਬਣਦੀ ਡਿਊਟੀ ਕਰਨ ਦੀ ਥਾਂ ਅਕਾਲੀ ਦਲ ਦੀ ਨਿੱਜੀ ਸੈਨਾ ਦਾ ਰੋਲ ਅਦਾ ਕਰ ਰਿਹਾ ਹੈ।
ਉਨ੍ਹਾਂ ਆਖਿਆ ਕਿ ਪਿੰਡ ਸਿੰਘੇਵਾਲਾ ਦੇ ਜਾਗੀਰਦਾਰ ਅਤੇ ਸਾਬਕਾ ਸਰਪੰਚ ਧੀਰ ਤੇ ਉਹਦੇ ਲੱਠਮਾਰ ਟੋਲੇ ਵੱਲੋਂ ਪਿੰਡ ਦੇ ਇੱਕ ਦੁਕਾਨਦਾਰ ਪਰਿਵਾਰ ’ਤੇ ਦੋ ਵਾਰ ਜਾਨਲੇਵਾ ਹਮਲਾ ਕਰਨ ਦੇ ਬਾਵਜੂਦ ਦੋਸ਼ੀਆਂ ਵਿਰੁੱਧ ਪੁਖ਼ਤਾ ਕਾਨੂੰਨੀ ਕਾਰਵਾਈ ਕਰਨ ਦੀ ਥਾਂ ਉਹਨਾਂ ਵਿਰੁੱਧ ਅੱਖਾਂ ਪੂੰਝਣ ਲਈ ਦਰਜ ਕੀਤੇ ਕੇਸ ਵੀ ਪੁਲਸ ਵੱਲੋਂ ਰੱਦ ਕਰਨਾ ਤੇ ਉਲਟਾ ਪੀੜਤ ਪਰਿਵਾਰ ’ਤੇ ਹੀ ਕੇਸ ਦਰਜ ਕਰਨਾ, ਪਿੰਡ ਚੰਨੂ ਦੇ ਇੱਕ ਕਿਸਾਨ ਦੇ ਘਰ ਨੂੰ ਹਥਿਆਰਬੰਦ ਗੁੰਡਿਆਂ ਦੇ ਜ਼ੋਰ ਘੇਰ ਕੇ ਉਹਦਾ ਟਰੈਕਟਰ ਤੇ ਕੰਬਾਈਨ ਆਦਿ ਕਰਜ਼ੇ ’ਚ ਜਬਰੀ ਲੈ ਜਾਣ ਵਾਲੇ ਗਿੱਦੜਬਾਹੇ ਦੇ ਆੜ੍ਹਤੀਏ ਅਤੇ ਅਕਾਲੀ ਆਗੂ ਵਿਰੁੱਧ ਕੇਸ ਦਰਜ ਨਾ ਕਰਨਾ, ਖੁੱਡੀਆਂ ਦੇ ਮਜ਼ਦੂਰ ਦੀ ਮੱਝ ਚੋਰੀ ਕਰਨ ਵਾਲਿਆਂ ਦੀ ਸਪੱਸ਼ਟ ਸ਼ਨਾਖਤ ਦੇ ਬਾਵਜੂਦ ਕਾਰਵਾਈ ਨਾ ਕਰਨਾ, ਸਿੰਘੇਵਾਲਾ ਫਤੂਹੀਵਾਲਾ ਵਿੱਚ ਬਿਜਲੀ ਮੀਟਰ ਬਾਹਰ ਕੱਢਣ ਸਮੇਂ ਭਾਰੀ ਪੁਲਸ ਨਫ਼ਰੀ ਵੱਲੋਂ ਲਾਠੀਚਾਰਜ ਕਰਕੇ ਕਿਸਾਨਾਂ ਮਜ਼ਦੂਰਾਂ ਨੂੰ ਜਖਮੀ ਕਰਨਾ, ਥਾਣੇ ਅੰਦਰ ਲਿਜਾ ਕੇ ਨਾਜਾਇਜ਼ ਹਿਰਾਸਤ ਵਿੱਚ ਰੱਖਣਾ, ਤਸ਼ੱਦਦ ਢਾਹੁਣਾ ਤੇ ਸੈਂਕੜੇ ਮਰਦਾਂ ਔਰਤਾਂ ’ਤੇ ਕੇਸ ਦਰਜ ਕਰਨਾ, ਪਿੰਡ ਮਹਿਣਾ ਦੇ ਖੇਤ-ਮਜ਼ਦੂਰਾਂ ਨੂੰ ਇੱਕ ਸਥਾਨਕ ਅਕਾਲੀ ਆਗੂ ਦੇ ਇਸ਼ਾਰੇ ’ਤੇ ਪੁਲਸ ਵੱਲੋਂ ਵਾਰ ਵਾਰ ਝੂਠੇ ਕੇਸਾਂ ’ਚ ਫਸਾਉਣ ਦੀਆਂ ਚਾਲਾਂ ਚੱਲਣੀਆਂ ਆਦਿ ਪੁਲਸ ਸਿਆਸੀ ਗੁੰਡਾ ਗਠਜੋੜ ਦੀਆਂ ਉੱਘੜਵੀਆਂ ਉਦਾਹਰਣਾਂ ਹਨ। ਉਹਨਾਂ ਮੰਗ ਕੀਤੀ ਉਕਤ ਸਾਰੇ ਦੋਸ਼ੀਆਂ ਵਿਰੁੱਧ ਅਤੇ ਲੰਬੀ ਥਾਣੇ ਦੇ ਮੁਖੀ ਵਿਰੁੱਧ ਕੇਸ ਦਰਜ ਕੀਤਾ ਜਾਵੇ। ਇਸ ਮੌਕੇ ਚੰਨੂ ਅਤੇ ਅਬੋਹਰ ਕਾਂਡ ਵਿਰੁੱਧ ਵੀ ਮਤੇ ਪਾਸ ਕੀਤੇ ਗਏ। ਇਹ ਵੀ ਵਰਨਣਯੋਗ ਹੈ ਕਿ ਸਿੰਘੇਵਾਲਾ ਲਾਠੀਚਾਰਜ ਦੌਰਾਨ ਜਿਹੜੇ ਆਗੂਆਂ ’ਤੇ ਕੇਸ ਦਰਜ ਕਰਕੇ ਗ੍ਰਿਫਤਾਰ ਕਰਨ ਦੇ ਯਤਨ ਕੀਤੇ ਜਾ ਰਹੇ ਸਨ ਉਹਨਾਂ ਵੱਲੋਂ ਵੀ ਧਰਨੇ ਨੂੰ ਸੰਬੋਧਨ ਕੀਤਾ ਗਿਆ।        
 - ਲਛਮਣ ਸਿੰਘ ਸੇਵੇਵਾਲਾ

Saturday, January 2, 2016

9) ਜਾਬਰ ਤੇ ਫਾਸ਼ੀ ਕਦਮ



ਬਾਦਲ ਹਕੂਮਤ ਦੀ ਜਾਬਰ ਤੇ ਫਾਸ਼ੀ ਕਦਮਾਂ ’ਤੇ ਵਧ ਰਹੀ ਟੇਕ

-           ਪਾਵੇਲ

ਰਾਜ ਭਾਗ ਚਲਾਉਣ ਲਈ ਬਾਦਲ ਸਰਕਾਰ ਦੀ ਜਾਬਰ ਕਦਮਾਂ ’ਤੇ ਟੇਕ ਲਗਾਤਾਰ ਵਧ ਰਹੀ ਹੈ। ਹੱਕੀ ਲੋਕ ਸੰਘਰਸ਼ਾਂ ਅਤੇ ਵਿਰੋਧੀ ਸਿਆਸੀ ਪਾਰਟੀਆਂ ਪ੍ਰਤੀ ਅਖਤਿਆਰ ਕੀਤਾ ਰਵੱਈਆ ਅਖੌਤੀ ਜਮਹੂਰੀਅਤ ਦੇ ਬੁਰਕੇ ਨੂੰ ਲੀਰੋ ਲੀਰ ਕਰ ਰਿਹਾ ਹੈ ਅਤੇ ਰਾਜ ਭਾਗ ਦੇ ਅਸਲ ਚਿਹਰੇ ਦੇ ਹੋਰ ਉੱਘੜਵੇਂ ਦੀਦਾਰ ਕਰਵਾ ਰਿਹਾ ਹੈ। ਸਮਾਜ ’ਚ ਤਿੱਖੀਆਂ ਹੋ ਰਹੀਆਂ ਵਿਰੋਧਤਾਈਆਂ ਸਨਮੁੱਖ ‘ਜਮਹੂਰੀ’ ਢੰਗਾਂ ਨਾਲ ਰਾਜ ਚਲਾਉਣ ਦੇ ਪਰਦੇ ਦੀ ਅਸਰਕਾਰੀ ਘਟ ਰਹੀ ਹੈ ਤੇ ਨੰਗੇ ਚਿੱਟੇ ਧੱਕੜ ਵਿਹਾਰ ਦੀ ਲੋੜ ਵੱਧ ਰਹੀ ਹੈ।
ਹਾਲਤ ਦੀ ਵਿਸ਼ੇਸ਼ਤਾ ਇਹ ਹੈ ਕਿ ਅਜਿਹੇ ਕਦਮ ਕਿਸੇ ਸਿਆਸੀ ਤੌਰ ’ਤੇ ਮਜਬੂਤੀ ਵਾਲੀ ਹਾਲਤ ’ਚੋਂ ਖੜ੍ਹ ਕੇ ਨਹੀਂ ਲਏ ਜਾ ਰਹੇ ਸਗੋਂ ਅਜਿਹੀਆਂ ਹਾਲਤਾਂ ਦਰਮਿਆਨ ਲਏ ਜਾ ਰਹੇ ਹਨ ਜਦੋਂ ਬਾਦਲ ਹਕੂਮਤ ਦੀ ਪੜਤ ਲੋਕਾਂ ’ਚੋਂ ਪੂਰੀ ਤਰ੍ਹਾਂ ਖੁਰ ਚੁੱਕੀ ਹੈ ਤੇ ਸਰਕਾਰ ਹਾਕਮ ਜਮਾਤੀ ਕੈਂਪ ਦੀਆਂ ਪਾਰਟੀਆਂ ਵੱਲੋਂ ਮਿਲ ਰਹੀਆਂ ਚੁਣੌਤੀਆਂ ’ਚ ਵੀ ਘਿਰੀ ਹੋਈ ਹੈ। ਲੋਕਾਂ ’ਚੋਂ ਪੂਰੀ ਤਰ੍ਹਾਂ ਨਿੱਖੜ ਚੁੱਕੀ ਬਾਦਲ ਸਰਕਾਰ ਬੀਤੇ ਕਈ ਮਹੀਨਿਆਂ ਤੋਂ ਤਿੱਖੇ ਲੋਕ ਰੋਹ ਦਾ ਸਾਹਮਣਾ ਕਰ ਰਹੀ ਹੈ। ਕਿਸਾਨਾਂ, ਖੇਤ ਮਜ਼ਦੂਰਾਂ ਤੇ ਹੋਰ ਮਿਹਨਤਕਸ਼ ਤਬਕਿਆਂ ਦੇ ਹੱਕੀ ਘੋਲਾਂ ਦਾ ਸੇਕ ਝੱਲ ਰਹੀ ਹਕੂਮਤ ਨੂੰ ਧਾਰਮਕ ਮੁੱਦਿਆਂ ਤੇ ਵੀ ਸ਼ਰੀਕ ਅਕਾਲੀ ਧੜਿਆਂ ਤੋਂ ਠਿੱਬੀ ਲੱਗਣ ਦਾ ਖਤਰਾ ਸਿਰ ਮੰਡਰਾ ਰਿਹਾ ਹੈ। ਲੋਕ ਰੋਹ ਦਾ ਨਿਸ਼ਾਨਾ ਬਣੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਦੀ ਲੁਕ ਕੇ ਦਿਨ ਕੱਟਣ ਵਰਗੀ ਨੌਬਤ ਆਈ ਰਹੀ ਹੈ। ਕਈ ਕਈ ਦਿਨ ਅਕਾਲੀ ਮੰਤਰੀ ਤੇ ਹੋਰ ਲੀਡਰ ਜਨਤਕ ਥਾਵਾਂ ਤੋਂ ਗਾਇਬ ਰਹੇ ਹਨ। ਮੁੱਖ ਮੰਤਰੀ ਨੂੰ ਲੋਕਾਂ ਦਾ ਸਾਹਮਣਾ ਕਰਨ ਤੋਂ ਘਬਰਾਉਂਦੇ ਦੇਖਿਆ ਗਿਆ ਹੈ।
ਭਾਵੇਂ ਅਜਿਹੀ ਮੰਦੀ ਹਾਲਤ ’ਚੋਂ ਨਿੱਕਲਣ ਲਈ ਲੋਕਾਂ ਨੂੰ ਨਿਗੂਣੀਆਂ ਆਰਥਕ ਰਿਆਇਤਾਂ ਦੇਣ ਦੇ ਐਲਾਨ ਕੀਤੇ ਜਾ ਰਹੇ ਹਨ ਜਾਂ ਪਹਿਲਾਂ ਹੀ ਜਾਰੀ ਸਰਕਾਰੀ ਸਕੀਮਾਂ ਨੂੰ ਲਿਸ਼ਕਾ ਕੇ ਵੱਡੇ ਵੱਡੇ ਅਖਬਾਰੀ ਇਸ਼ਤਿਹਾਰਾਂ ਰਾਹੀਂ ਪ੍ਰਚਾਰਿਆ ਜਾ ਰਿਹਾ ਹੈ ਪਰ ਸਰਕਾਰ ਜਾਣਦੀ ਹੈ ਕਿ ਇਹ ਨਿਗੂਣੀਆਂ ਰਿਆਇਤਾਂ ਲੋਕ ਰੋਹ ਨੂੰ ਠੰਢਾ ਕਰਨ ਲਈ ਕਾਫੀ ਨਹੀਂ ਹਨ, ਲੋਕਾਂ ਦੀਆਂ ਸਮਾਜੀ ਆਰਥਕ ਦੁਸ਼ਵਾਰੀਆਂ ਦਾ ਹੱਲ ਨਹੀਂ ਹਨ। ਇਸ ਲਈ ਮੁੱਖ ਟੇਕ ਜਾਬਰ ਹੱਥਕੰਡਿਆਂ ’ਤੇ ਹੈ। ਹੱਕੀ ਮੰਗਾਂ ਲਈ ਚਲਦੇ ਘੋਲਾਂ ਅਤੇ ਵਿਰੋਧੀ ਸਿਆਸੀ ਪਾਰਟੀਆਂ ਨੂੰ ਖੂੰਜੇ ਲਾਉਣ ਲਈ ਜਬਰ ਦੇ ਕਦਮ ਲਏ ਜਾ ਰਹੇ ਹਨ। ਬੀਤੇ ਨੇੜਲੇ ਦਿਨਾਂ ਦਾ ਹਕੂਮਤੀ ਅਮਲ ਇਹੀ ਦਰਸਾ ਰਿਹਾ ਹੈ। ਲੋਕਾਂ ਦੀ ਹੱਕੀ ਆਵਾਜ਼ ਦੀ ਸੰਘੀ ਘੁੱਟਣ ਲਈ ਕਾਨੂੰਨੀ ਤੇ ਗੈਰ-ਕਾਨੂੰਨੀ ਅਮਲਾਂ ਦੀ ਭਰਪੂਰ ਵਰਤੋਂ ਹੋ ਰਹੀ ਹੈ। ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨ (ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਕਾਨੂੰਨ-2014) ਨੂੰ ਰਾਸ਼ਟਰਪਤੀ ਵੱਲੋਂ ਮਨਜੂਰੀ ਮਿਲਣ ਮਗਰੋਂ ਇਹ ਲਾਗੂ ਹੋ ਗਿਆ ਹੈ। ਇਹ ਲੋਕ ਘੋਲਾਂ ਪ੍ਰਤੀ ਹਕੂਮਤੀ ਰਵੱਈਏ ਦਾ ਇਜ਼ਹਾਰ ਹੈ। ਇਸ ਦੇ ਅਮਲੀ ਤੌਰ ’ਤੇ ਲਾਗੂ ਹੋਣ ਦੇ ਰੰਗ ਤਾਂ ਹਾਲੇ ਉੱਘੜਨੇ ਹਨ ਪਰ ਪਹਿਲਾਂ ਤੋਂ ਮੌਜੂਦ ਜਾਬਰ ਤੇ ਕਾਲੇ ਕਾਨੂੰਨਾਂ ਦੀ ਨਿਸ਼ੰਗ ਵਰਤੋਂ ਰਾਹੀਂ ਤੇ ਰਾਜ ਭਾਗ ਦੀਆਂ ਗੈਰ-ਕਾਨੂੰਨੀ ਲੱਠਮਾਰ ਬਾਹਾਂ ਦੇ ਜ਼ੋਰ ਸਰਕਾਰ ਹਰ ਤਰ੍ਹਾਂ ਦੀ ਵਿਰੋਧੀ ਆਵਾਜ਼ ਨੂੰ ਕੁਚਲਣ ਦੀ ਨੀਤੀ ’ਤੇ ਚੱਲ ਰਹੀ ਹੈ। ਲੱਠਮਾਰ ਧੌਂਸਬਾਜ਼ ਗੁੰਡਾਗਰੋਹਾਂ ਨੂੰ ਲੋਕਾਂ ਖਿਲਾਫ਼ ਲਾਮਬੰਦ ਕਰਕੇ ਸਮਾਜ ’ਚ ਆਮ ਰੂਪ ’ਚ ਦਹਿਸ਼ਤ ਪਾਉਣ ’ਤੇ ਵਿਸ਼ੇਸ਼ ਕਰਕੇ ਲੋਕ ਸੰਘਰਸ਼ਾਂ ਨੂੰ ਦਬਾਉਣ ਦੀ ਵਰਤੋਂ ਕਰਨਾ ਪੰਜਾਬ ’ਚ ਮੌਜੂਦਾ ਸਮੇਂ ਉੱਭਰਵਾਂ ਵਰਤਾਰਾ ਬਣਿਆ ਹੋਇਆ ਹੈ। ਕਿਸਾਨ ਆਗੂ ਸਾਧੂ ਸਿੰਘ ਤਖ਼ਤੂਪੁਰਾ ਦਾ ਕਤਲ, ਨਿਸ਼ਾਨ ਸਿੰਘ ਤੇ ਗੰਧੜ ਕਾਂਡ ਦੇ ਗੁਰਲਾਲ ਵਰਗੇ ਗ੍ਰੋਹਾਂ ਦੀ ਪਾਲਣਾ ਪੋਸਣਾ, ਨੰਗੀ ਚਿੱਟੀ ਸਿਆਸੀ ਸਰਪ੍ਰਸਤੀ ਤੇ ਮਗਰੋਂ ਪੈਰੋਲ ਰਾਹੀਂ ਵਫ਼ਾ ਪੁਗਾਉਣ ਦੇ ਕਦਮ ਦਿਖਾਉਂਦੇ ਹਨ ਕਿ ਬਾਦਲ ਸਰਕਾਰ ਗੈਰ-ਕਾਨੂੰਨੀ ਹਿੰਸਕ ਗਰੋਹਾਂ ਅਤੇ ਤਰੀਕਿਆਂ ਦੀ ਭਰਪੂਰ ਵਰਤੋਂ ਕਰਦੀ ਆ ਰਹੀ ਹੈ ਤੇ ਹੋਰ ਖੁੱਲ੍ਹ ਕੇ ਵਰਤਣ ਵੱਲ ਵੱਧ ਰਹੀ ਹੈ।
ਅਗਸਤ ਦੇ ਅਖੀਰ ਤੋਂ ਸ਼ੁਰੂ ਹੋਇਆ ਕਿਸਾਨ-ਮਜ਼ਦੂਰ ਅੰਦੋਲਨ ਜਿਉਂ ਜਿਉਂ ਹੋਰ ਫੈਲ ਰਿਹਾ ਹੈ ਤੇ ਤਿੱਖਾ ਹੋ ਰਿਹਾ ਹੈ ਤਾਂ ਹਕੂਮਤ ਦਾ ਰੁਖ ਵੀ ਜਾਬਰ ਹੁੰਦਾ ਗਿਆ ਹੈ। ਖੋਖਰ ਪਿੰਡ (ਜ਼ਿਲ੍ਹਾ ਬਠਿੰਡਾ) ’ਚ ਬਿਨਾ ਕਿਸੇ ਭੜਕਾਹਟ ਦੇ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਮਜ਼ਦੂਰਾਂ ਉੱਤੇ ਪੁਲਿਸ ਨੇ ਲਾਠੀਚਾਰਜ ਕਰਕੇ, ਉਲਟਾ ਮਜ਼ਦੂਰ-ਕਿਸਾਨ ਕਾਰਕੁਨਾਂ ਉੱਤੇ ਹੀ ਝੂਠੇ ਪਰਚੇ ਦਰਜ ਕੀਤੇ ਹਨ। ਅਕਾਲੀ ਮੰਤਰੀਆਂ ਵੱਲੋਂ ਨੰਗੀ-ਚਿੱਟੀ ਗੁੰਡਾਗਰਦੀ ’ਤੇ ਟੇਕ ਰੱਖੀ ਜਾ ਰਹੀ ਹੈ। ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਸ਼ਰੇਆਮ ਗੁੰਡਾ-ਗਰੋਹਾਂ ਨਾਲ ਘੁੰਮ ਕੇ ਲੋਕਾਂ ’ਚ ਦਹਿਸ਼ਤ ਪੈਦਾ ਕਰਨ ਤੁਰਿਆ ਹੋਇਆ ਹੈ। ਇਹਦੀ ਹਾਜ਼ਰੀ ’ਚ ਕੋਠਾ ਗੁਰੂ (ਬਠਿੰਡਾ) ਪਿੰਡ ’ਚ ਰੋਸ ਪ੍ਰਗਟਾ ਰਹੇ ਕਿਸਨਾਂ ਮਜ਼ਦੂਰਾਂ ਨੂੰ ਯੂਥ ਅਕਾਲੀ ਦਲ ਦੇ ਨਾਂਅ ’ਤੇ ਜਥੇਬੰਦ ਕੀਤੇ ਗੁੰਡਾ ਗਰੋਹਾਂ ਵੱਲੋਂ ਕੁੱਟਿਆ ਗਿਆ, ਔਰਤਾਂ ਨੂੰ ਪਿੰਡ ਦੀ ਸੱਥ ਵਿਚ ਸ਼ਰੇਆਮ ਡਾਂਗਾਂ ਮਾਰੀਆਂ ਗਈਆਂ ਹਨ। ਉਲਟਾ ਕੁੱਟ-ਮਾਰ ਦਾ ਸ਼ਿਕਾਰ ਹੋਏ ਕਿਸਾਨਾਂ ਮਜ਼ਦੂਰਾਂ ਨੂੰ ਹੀ ਝੂਠੇ ਕੇਸ ਪਾ ਕੇ ਜੇਲ੍ਹ ’ਚ ਸੁੱਟਿਆ ਗਿਆ ਹੈ, ਜਿੰਨ੍ਹਾਂ ’ਚ ਔਰਤਾਂ ਵੀ ਸ਼ਾਮਲ ਸਨ। ਮਲੂਕਾ ਸ਼ਰੇਆਮ ਅਜਿਹਾ ਕੁੱਝ ਦੁਹਰਾਉਣ ਦੇ ਐਲਾਨ ਕਰ ਰਿਹਾ ਹੈ। ਕਿਸਾਨ ਕਾਰਕੁਨਾਂ ਵੱਲੋਂ ਮੰਤਰੀ ਤੇ ਉਹਦੇ ਗੁੰਡਿਆਂ ਖਿਲਾਫ ਸ਼ਿਕਾਇਤ ਦਰਜ ਕਰਾਉਣ ਦੇ ਬਾਵਜੂਦ ਪੁਲਿਸ ਵੱਲੋਂ ਕੇਸ ਦਰਜ ਨਹੀਂ ਕੀਤਾ ਗਿਆ। ਸਿਕੰਦਰ ਮਲੂਕੇ ਦੀ ਪੱਗ ਲਾਹੁਣ ਵਾਲੇ ਪਿੰਡ ਹਮੀਰਗੜ੍ਹ ਦੇ ਜਰਨੈਲ ਸਿੰਘ ਦੀ ਸ਼ਰੇਆਮ ਕੁੱਟਮਾਰ ਕਰਕੇ ਅਧਮੋਇਆ ਕਰ ਦਿੱਤਾ ਗਿਆ ਤੇ ਉਹ ਕਈ ਦਿਨ ਫਰੀਦਕੋਟ ਹਸਪਤਾਲ ਵਿਚ ਦਾਖਲ ਰਿਹਾ, ਮਗਰੋਂ ਉੱਥੋਂ ਜਬਰੀ ਗ੍ਰਿਫਤਾਰ ਕਰਕੇ ਜੇਲ੍ਹ ’ਚ ਸੁੱਟ ਦਿੱਤਾ ਗਿਆ ਜੋ ਮਗਰੋਂ ਲੋਕ ਦਬਾਅ ਕਰਕੇ ਹੀ ਬਾਹਰ ਆਇਆ।
ਗੁਰਦਾਸਪੁਰ ਜਿਲ੍ਹੇ ’ਚ ਅਕਾਲੀ ਆਗੂ ਬੱਬੇਹਾਲੀ ਦੇ ਗੁੰਡਿਆਂ ਨੇ ਸ਼ਰੇਆਮ ਇੱਕ ਟ੍ਰੇਡ-ਯੂਨੀਅਨ ਆਗੂ ਮੱਖਣ ਸਿੰਘ ਕੁਹਾੜ ਦੀ ਕੁੱਟ ਮਾਰ ਕੀਤੀ ਹੈ, ਪਹਿਲਾਂ ਇਸੇ ਆਗੂ ਵੱਲੋਂ ਹੀ ਇੱਕ ਕਾਂਗਰਸੀ ਆਗੂ ਦੀ ਦਿਨ ਦਿਹਾੜੇ ਕੁੱਟਮਾਰ ਕਰਵਾਈ ਗਈ ਸੀ। ਮਗਰੋਂ ਗੁਰਦਾਸਪੁਰ ’ਚ ਅਕਾਲੀਆਂ ਦੀ ‘ਸਦਭਾਵਨਾ ਰੈਲੀ’ ਮੌਕੇ ਮੁੱਖ ਮੰਤਰੀ ਦੀ ਹਾਜਰੀ ’ਚ ਇਸ ਆਗੂ ਨੇ ਸਟੇਜ ਤੋਂ ਹੀ ਅਕਾਲੀ ਵਰਕਰਾਂ ਨੂੰ ਸੱਦਾ ਦਿੱਤਾ ਕਿ ਜੇਕਰ ਕੋਈ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕਰਦਾ ਹੈ ਤਾਂ ਉਹਨੂੰ ਗਿੱਚੀਓਂ ਫੜ੍ਹ ਕੇ ਨੱਪ ਦਿਓ। ਅਜਿਹੇ ਐਲਾਨ ਤੇ ਕਦਮ ਜਾਬਰ ਤੇ ਫਾਸ਼ੀ ਢੰਗਾਂ ’ਤੇ ਟੇਕ ਵਧਾਉਣ ਦਾ ਸਪਸ਼ਟ ਐਲਾਨ ਹਨ।
ਪੰਜਾਬ ਦੀਆਂ 40 ਤੋਂ ਵੱਧ ਜਨਤਕ ਜਥੇਬੰਦੀਆਂ ਵੱਲੋਂ ਕਾਲਾ ਕਾਨੂੰਨ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਵਿੱਢੇ ਸੰਘਰਸ਼ ਦੌਰਾਨ 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਮੌਕੇ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜਨ ਦਾ ਸੱਦਾ ਸੀ ਤੇ ਪੰਜਾਬ ’ਚ 80 ਦੇ ਲਗਭਗ ਥਾਵਾਂ ’ਤੇ ਅਜਿਹਾ ਐਕਸ਼ਨ ਹੋਇਆ। ਬਠਿੰਡਾ ਜਿਲ੍ਹੇ ’ਚ ਸਵੇਰ ਤੋਂ ਛਾਪੇਮਾਰੀ ਕਰਕੇ ਤੇ ਮਗਰੋਂ ਵੱਖ ਵੱਖ ਥਾਵਾਂ ’ਤੇ ਇਕੱਠੇ ਹੋਏ ਲੋਕਾਂ ਨੂੰ ਗ੍ਰਿਫਤਾਰ ਕਰਕੇ ਸਾਰਾ ਦਿਨ ਥਾਣਿਆਂ ’ਚ ਡੱਕੀ ਰੱਖਿਆ। ਵੱਖ ਵੱਖ ਵਰਗਾਂ ਦੇ ਹੱਕੀ ਘੋਲਾਂ ਪ੍ਰਤੀ ਹਕੂਮਤੀ ਰਵੱਈਏ ਦੀ ਇੱਕ ਉਘੜਵੀਂ ਉਦਾਹਰਣ ਅਧਿਆਪਕਾਂ ਦੀ ਨਵੀਂ ਭਰਤੀ ਦੌਰਾਨ ਅੰਦੋਲਨ ਨਾ ਕਰਨ ਦੀ ਪੂਰਵ ਸ਼ਰਤ ਮੜ੍ਹਨਾ ਹੈ। ਪਹਿਲਾਂ ਮੁਹਾਲੀ ’ਚ ਧਰਨਾ ਦੇਣ ਵਾਲੇ ਸਰਵ ਸਿੱਖਿਆ ਅਭਿਆਨ ਦੇ ਮੁਲਾਜ਼ਮਾਂ ਦੀਆਂ ਸੂਚੀਆਂ ਬਣਾ ਕੇ ਸਿੱਖਿਆ ਵਿਭਾਗ ਵੱਲੋਂ ਕਾਰਵਾਈ ਕਰਨ ਦੇ ਧੱਕੜ ਤੇ ਗੈਰ-ਜਮਹੂਰੀ ਫੁਰਮਾਨ ਮੁਲਾਜ਼ਮਾਂ ’ਚ ਹਕੂਮਤੀ ਦਹਿਸ਼ਤ ਪੈਦਾ ਕਰਨ ਦੇ ਯਤਨਾਂ ਦਾ ਹਿੱਸਾ ਹਨ ਤੇ ਲੋਕਾਂ ਦੇ ਰੋਸ ਪ੍ਰਗਟਾਵੇ ਦੇ ਜਮਹੂਰੀ ਹੱਕਾਂ ਦੇ ਦਮਨ ਦੀ ਜ਼ਾਹਰਾ ਉਦਾਹਰਣ ਹਨ। ਅੰਦੋਲਨ ਨਾ ਕਰਨ ਦੀਆਂ ਭਰਤੀ ਸ਼ਰਤਾਂ ਮੜ੍ਹ ਕੇ ਠੇਕਾ ਭਰਤੀ ਰਾਹੀਂ ਕਿਰਤ ਦੀ ਬੇਕਿਰਕ ਲੁੱਟ ਖਿਲਾਫ ਅੰਦੋਲਨਾਂ ਨੂੰ ਦੱਬਣ ਦੀਆਂ ਪੇਸ਼ਬੰਦੀਆਂ ਕੀਤੀਆਂ ਜਾ ਰਹੀਆਂ ਹਨ।
ਬਾਦਲ ਹਕੂਮਤ ਨੇ ਪਹਿਲਾਂ ਕੋਟਕਪੂਰੇ ਦੇ ਬਰਗਾੜੀ ਪਿੰਡ ’ਚ ਬੇਅਦਬੀ ਦੀਆਂ ਘਟਨਾਵਾਂ ’ਤੇ ਰੋਸ ਪ੍ਰਗਟਾਅ ਰਹੇ ਲੋਕਾਂ ’ਤੇ ਜਬਰ ਢਾਹ ਕੇ ਦੋ ਨੌਜਵਾਨਾਂ ਦੀ ਜਾਨ ਲਈ ਤੇ ਕਈ ਜਖ਼ਮੀ ਕੀਤੇ। ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ’ਤੇ ਗਲਬਾ ਬਣਾਉਣ ਲਈ ਭਿੜ ਰਹੇ ਸ਼ਰੀਕ ਅਕਾਲੀ ਧੜਿਆਂ ਨਾਲ ਨਜਿੱਠਣ ਮੌਕੇ ਵੀ ਸਰਕਾਰ ਪੂਰੀ ਤਰ੍ਹਾਂ ਧੱਕੜ ਤੇ ਗੈਰ-ਜਮਹੂਰੀ ਰਾਹ ਪਈ ਹੈ। ਵਿਰੋਧੀ ਸਿਆਸੀ ਸ਼ਰੀਕ ਆਗੂਆਂ ’ਤੇ ਦੇਸ਼ ਧਰੋਹ ਦੇ ਕੇਸ ਮੜ੍ਹ ਕੇ ਜੇਲ੍ਹਾਂ ’ਚ ਸੁੱਟ ਦਿੱਤਾ ਗਿਆ ਹੈ। ਹਾਲਾਂਕਿ ਉਹਨਾਂ ਨੇ ਵਿਚਾਰ ਪ੍ਰਗਟਾਉਣ ਤੋਂ ਬਿਨਾਂ ਕੋਈ ਅਜਿਹੇ ਐਕਟ ਨਹੀਂ ਕੀਤਾ ਜੋ ਜੁਰਮ ਬਣਦਾ ਹੋਵੇ। ਵਿਚਾਰ ਪ੍ਰਗਾਉਣ ਦੇ ਹੱਕ ਨੂੰ ਬਾਦਲ ਸਰਕਾਰ ਕੁਚਲਣ ਤੁਰੀ ਹੋਈ ਹੈ। ਪਿਛਲੇ ਮਹੀਨਿਆਂ ਦੌਰਾਨ ਸੋਸ਼ਲ ਮੀਡੀਆ ’ਤੇ ਸਰਕਾਰ ਦਾ ਵਿਰੋਧ ਕਰਨ ਵਾਲਿਆਂ ’ਤੇ ਕੇਸ ਦਰਜ ਕੀਤੇ ਗਏ ਹਨ ਤੇ ਗ੍ਰਿਫਤਾਰੀਆਂ ਵੀ ਹੋਈਆਂ ਹਨ। ਅਕਾਲੀ ਆਗੂਆਂ ਦੇ ਗੈਰ-ਕਾਨੂੰਨੀ ਕਾਰੋਬਾਰਾਂ ਤੇ ਹਕੂਮਤੀ ਧੱਕੜ ਕਦਮਾਂ ਦਾ ਪਰਦਾਚਾਕ ਕਰਨ ਵਾਲੇ ਚੈਨਲਾਂ ਦੇ ਪੱਤਰਕਾਰ ਬਲਤੇਜ ਪੰਨੂੰ ਨੂੰ ਇਕ ਕੇਸ ਵਿਚ ਫਸਾਉਣਾ, ਚੰਨੂੰ ਪਿੰਡ ’ਚ ਅਕਾਲੀ ਆਗੂ ਡਿੰਪੀ ਢਿੱਲੋਂ ਦੀ ਦੀਪ ਬੱਸ ਹੇਠ ਮਰੀ ਲੜਕੀ ਲਈ ਮੁਆਵਜਾ ਮੰਗ ਰਹੇ ਲੋਕਾਂ ’ਤੇ ਲਾਠੀਚਾਰਜ ਕਰਨਾ, ਲਾਸ਼ ਨੂੰ ਸੜਕ ’ਤੇ ਘਸੀਟਣਾ ਤੇ ਫਾਇਰਿੰਗ ਕਰਨੀ, ਪਿੰਡ ਨੂੰ ਪੂਰੀ ਤਰ੍ਹਾਂ ਨਾਕੇ ਲਾ ਕੇ ਸੀਲ ਕਰਨਾ ਆਦਿ ਵਧ ਰਹੀ ਹਕੂਮਤੀ ਧੱਕੇਸ਼ਾਹੀ ਦੇ ਵਿਹਾਰ ਦੀਆਂ ਅਗਲੀਆਂ ਉਦਾਹਰਣਾਂ ਹਨ। ਵੱਖ ਵੱਖ ਅਕਾਲੀ ਲੀਡਰਾਂ ਦਾ ਪੁਲਸ ਅਤੇ ਪ੍ਰਸਾਸ਼ਨ ’ਤੇ ਸਿੱਧਾ ਕੰਟਰੋਲ ਅਤੇ ਪੁਲਸ ਅਧਿਕਾਰੀਆਂ ਦੀ ਤਾਇਨਾਤੀ ’ਚ ਐਲਾਨੀਆ ਸਿਆਸੀ ਦਖਲ ਹਾਕਮ ਜਮਾਤੀ ਹਲਕਿਆਂ ’ਚ ਵੀ ਵਿਸ਼ੇਸ਼ ਚਰਚਾ ਦਾ ਮੁੱਦਾ ਬਣਿਆ ਹੋਇਆ ਹੈ। ਮੌਜੂਦਾ ਅਬੋਹਰ ਕਤਲ ਕਾਂਡ ਵੀ ਅਜਿਹੇ ਕਈ ਪੱਖਾਂ ਨੂੰ ਉਭਾਰਦਾ ਹੈ। ਕਾਰੋਬਾਰੀਆਂ ਤੇ ਸਿਆਸਤਦਾਨਾਂ ਦੇ ਇੱਕਮਿਕ ਹੋ ਜਾਣ ਤੋਂ ਬਾਅਦ ਹੁਣ ਕਾਰੋਬਾਰੀ ਆਪ ਸਿੱਧੇ ਤੌਰ ’ਤੇ ਸਿਆਸਤ ’ਚ ਦਾਖਲ ਹੋ ਰਹੇ ਹਨ। ਫਰੀਦਕੋਟ ਦੇ ਵਿਧਾਇਕ ਤੋਂ ਬਾਅਦ ਅਗਲਾ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਅਕਾਲੀ ਦਲ ਦਾ ਹਲਕਾ ਇੰਚਾਰਜ ਬਣਕੇ, ਚਮੇਲੀ ਵਰਗੇ ਬਾਦਲਾਂ ਦੇ ਖਾਸਮਖਾਸ ਥਾਣੇਦਾਰ ਦੀ ਪਾਲਣਾ ਪੋਸਣਾ ਕਰਕੇ ਅਤੇ ਭੀਮ ਸੈਨ ਟਾਂਕ ਨੂੰ ਹੌਲਨਾਕ ਤੇ ਵਹਿਸ਼ਤ ਭਰੇ ਮੱਧਯੁਗੀ ਤਰੀਕਿਆਂ ਨਾਲ ਕਤਲ ਕਰਵਾਕੇ ਗੁੰਡਾਗਰਦੀ, ਕਾਰੋਬਾਰ ਤੇ ਸਿਆਸਤ ਦੇ ਸੁਮੇਲ ਦਾ ਤਾਜ਼ਾ ਨਮੂਨਾ ਬਣਿਆ ਹੈ। ਗੁੰਡਾਗਰਦੀ, ਪੁਲਸ ਤੇ ਸਿਆਸੀ ਸੱਤਾ ਦੀ ਨੰਗੀ ਚਿੱਟੀ ਵਰਤੋਂ ਦੇ ਜ਼ੋਰ ਵਧਦੇ ਕਾਰੋਬਾਰ ਤੇ ਸੱਤ੍ਹਾ ਦੀਆਂ ਪੌੜੀਆਂ ਚੜ੍ਹਦੇ ਕਾਰੋਬਾਰੀ ਹਾਕਮ ਜਮਾਤੀ ਸਿਆਸਤ ਦੇ ਮੌਜੂਦਾ ਸੰਕਟ ਨੂੰ ਦਰਸਾਉਂਦੇ ਹਨ। ਕਿਸੇ ਵੇਲਿਆਂ ’ਚ ਸਿਆਸਤਦਾਨ ਵੱਡੇ ਕਾਰੋਬਾਰੀਆਂ ਦੇ ਨੁਮਾਇੰਦਿਆਂ ਵਜੋਂ ਵਿਚਰਦੇ ਹੋਏ, ਇੱਕ ਵਿੱਥ ਦਰਸਾ ਕੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਦੀ ਗੁੰਜਾਇਸ਼ ਰੱਖਦੇ ਸਨ। ਪਰ ਹੁਣ ਨਵੀਆਂ ਆਰਥਕ ਨੀਤੀਆਂ ਦੇ ਹੱਲੇ ਦੌਰਾਨ ਖੁੱਲ੍ਹੇ ਗੱਫੇ ਮਿਲਣ ਦੀਆਂ ਵਧੀਆਂ ਗੁੰਜਾਇਸ਼ਾਂ ਸਨਮੁਖ, ਰਾਜ ਭਾਗ ਦੀਆਂ ਨੀਤੀਆਂ, ਵਿਉਂਤਾਂ ਤੇ ਸਾਧਨਾਂ ’ਤੇ ਸਿੱਧਾ ਕੰਟਰੋਲ ਹਾਸਲ ਕਰਨ ਦੀਆਂ ਉੱਭਰਦੀਆਂ ਲੋੜਾਂ ’ਚੋਂ ਅਜਿਹੇ ਓਹਲੇ ਚੱਕੇ ਜਾ ਰਹੇ ਹਨ। ਫਾਸ਼ੀ ਗਰੋਹਾਂ ਨੂੰ ਜਥੇਬੰਦ ਕਰਕੇ ਸਿਆਸੀ ਵਿਰੋਧੀਆਂ ਨੂੰ ਕੁਚਲਣ ਤੇ ਲੋਕਾਂ ’ਤੇ ਦਬਸ਼ ਦੇ ਜ਼ੋਰ ਕੁਰਸੀ ਤੱਕ ਪਹੁੰਚਣਾ ਸਫ਼ਲਤਾ ਦਾ ਪੈਮਾਨਾ ਬਣਿਆ ਹੋਇਆ ਹੈ।
ਬਾਦਲ ਹਕੂਮਤ ਵੱਲੋਂ ਲੋਕਾਂ ’ਤੇ ਦਹਿਸ਼ਤ ਪਾ ਕੇ ਰਾਜ ਕਰਨ ਦੇ ਵਿਹਾਰ ਨੂੰ ਉਘਾੜਦੀਆਂ ਇਹ ਕੁੱਝ ਕੁ ਕੜੀਆਂ ਹਨ। ਇਹਨਾਂ ਰਾਹੀਂ ਦੇਖਿਆ ਜਾ ਸਕਦਾ ਹੈ ਕਿ ਲੋਕ ਰੋਹ ਤੋਂ ਘਬਰਾਈ ਤੇ ਤਹਿਕੇ ਹੇਠ ਆਈ ਹਕੂਮਤ ਰਾਜ ਭਾਗ ਦੀ ਜਾਬਰ ਤਾਕਤ ’ਤੇ ਟੇਕ ਵਧਾ ਕੇ ਬਚਣਾ ਚਾਹੁੰਦੀ ਹੈ। ਪਰ ਅਜਿਹਾ ਹਕੂਮਤੀ ਵਿਹਾਰ ਮੋੜਵੇਂ ਰੂਪ ’ਚ ਲੋਕ ਰੋਹ ਨੂੰ ਹੀ ਅੱਡੀ ਲਾ ਰਿਹਾ ਹੈ ਤੇ ਲੋਕ ਦੋਖੀ ਤਾਕਤ ਵਜੋਂ ਮੌਜੂਦਾ ਹਕੂਮਤ ਦੇ ਕਿਰਦਾਰ ਨੂੰ ਹੋਰ ਨਸ਼ਰ ਕਰ ਰਿਹਾ ਹੈ। ਭਾਵੇਂ ਆ ਰਹੀਆਂ ਚੋਣਾਂ ਦੇ ਦਬਾਅ ’ਚੋਂ ਹਕੂਮਤ ਪਿੱਛੇ ਵੀ ਹਟਦੀ ਹੈ, ਹੱਥ ਵੀ ਰੋਕਦੀ ਹੈ ਪਰ ਸਮੁੱਚੇ ਤੌਰ ’ਤੇ ਦੇਖਿਆਂ ਜਾਬਰ ਹੱਥ-ਕੰਡਿਆਂ ਉਪਰ ਜ਼ੋਰ ਵਧ ਰਿਹਾ ਹੈ।
ਹਿੰਸਕ ਗ੍ਰੋਹਾਂ ਰਾਹੀਂ ਲੋਕ ਸੰਘਰਸ਼ਾਂ ਨੂੰ ਕੁਚਲਣ ਦਾ ਇਹ ਹਕੂਮਤੀ ਪੈਂਤੜਾ ਲੋਕ ਲਹਿਰ ਵੱਲੋਂ ਸਵੈ-ਰਾਖੀ ਲਈ ਗੰਭੀਰ ਤਿਆਰੀ ਕਰਨ ਦੀ ਮੰਗ ਕਰਦਾ ਹੈ। ਲੋਕ ਲਹਿਰ, ਵਿਸ਼ੇਸ਼ ਕਰਕੇ ਕਿਸਾਨ ਆਗੂ ਕਾਰਕੁੰਨਾਂ, ਰਾਖੀ ਲਈ ਤਿਆਰੀ ਦੇ ਕਦਮ ਲੈਣ ਦੀ ਫੌਰੀ ਲੋੜ ਉਭਾਰ ਰਿਹਾ ਹੈ।
ਅਜਿਹੀ ਸਥਿਤੀ ’ਚ ਜਨਤਕ ਘੋਲਾਂ ’ਚ ਜਮਹੂਰੀ ਹੱਕਾਂ ਦੇ ਪ੍ਰਸੰਗ ਦਾਖਲ ਕਰਨ ਪੱਖੋਂ ਵੱਖ ਵੱਖ ਤਬਕਿਆਂ ਦੀਆਂ ਸਰਗਰਮੀਆਂ ’ਚ ਸੰਘਰਸ਼ ਕਰਨ ਦੇ ਬੁਨਿਆਦੀ ਜਮਹੂਰੀ ਹੱਕ ਨੂੰ ਬੁਲੰਦ ਕਰਨ ਦੀ ਮਹੱਤਤਾ ਵੀ ਵਧ ਰਹੀ ਹੈ। ਲੋਕ ਸਮੂਹਾਂ ਨੂੰ ਜਮਹੂਰੀ ਹੱਕਾਂ ਦੀ ਸੋਝੀ ਤੇ ਚੇਤਨਾ ਨਾਲ ਲੈਸ ਕਰਨ ਦੀ ਲੋੜ ਵਧ ਰਹੀ ਹੈ। ਇਨਕਲਾਬੀ ਜਮਹੂਰੀ ਸ਼ਕਤੀਆਂ ਨੂੰ ਵੀ ਆਪਣਾ ਪ੍ਰਚਾਰ ਹੱਲਾ ਮੌਜੂਦਾ ਰਾਜ ਭਾਗ ਦੇ ਵਿਹਾਰ ਖਿਲਾਫ ਸੇਧਤ ਕਰਨਾ ਚਾਹੀਦਾ ਹੈ, ਜੋ ਸਰਕਾਰਾਂ ਨੂੰ ਜਬਰ ਕਰਨ ਦੀਆਂ ਅਸੀਮ ਖੁੱਲ੍ਹਾਂ ਬਖਸ਼ਦਾ ਹੈ ਅਤੇ ਕਾਨੂੰਨੀ, ਗੈਰਕਾਨੂੰਨੀ ਜਾਬਰ ਹੱਲੇ ਦਾ ਆਧਾਰ ਬਣਦਾ ਹੈ। ਸੰਘਰਸ਼ ਕਰਨ ਦੇ ਹੱਕ ਦੀ ਅਧਿਕਾਰ ਜਤਾਈ ਅਜਿਹੇ ਰਾਜ ਭਾਗ ਦੇ ਜਾਬਰ ਕਿਰਦਾਰ ਨਾਲ ਟੱਕਰ ਲੈ ਕੇ ਹੀ ਪੁਗਾਈ ਜਾ ਸਕਦੀ ਹੈ।