Wednesday, January 20, 2016

(9) ਅਬੋਹਰ ਕਾਂਡ



ਅਬੋਹਰ ਕਾਂਡ

ਹਾਕਮ ਜਮਾਤੀ ਸਿਆਸਤ ਗੁੰਡਿਆਂ, ਕਾਰੋਬਾਰੀਆਂ ਤੇ ਸਮਗਲਰਾਂ ਦੀ ਚੜ੍ਹਤ ਦਾ ਤਾਜ਼ਾ ਨਮੂਨਾ

- ਸੁਦੀਪ

ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਸ਼ਿਵ ਲਾਲ ਡੋਡਾ ਦੇ ਫਾਰਮ ਹਾਊਸ ਤੇ ਉਸਦੇ ਗੁਮਾਸ਼ਤੇ ਭੀਮ ਟਾਂਕ, ਜਿਸ ਨਾਲ ਉਸਦੀ ਵਿਗੜ ਗਈ ਸੀ, ਦੀਆਂ ਲੱਤਾਂ-ਬਾਹਾਂ ਵੱਢ ਕੇ ਕੀਤੇ ਕਤਲ ਦਾ ਮਾਮਲਾ ਇਸ ਘਟਨਾ ਚ ਝਲਕਦੇ ਵਹਿਸ਼ੀਪਣ ਕਰਕੇ ਚਰਚਾ ਚ ਆਇਆ ਹੈ। ਪਰ ਅਜਿਹੀ ਵਹਿਸ਼ਤ ਦਾ ਪ੍ਰਦਰਸ਼ਨ ਪੇਂਡੂ ਭਾਰਤ ਅੰਦਰ ਰਾਜ ਕਰਦੀਆਂ ਜਮਾਤਾਂ ਦੀ ਤਾਕਤ ਦੇ ਸੁਭਾਅ ਦੀ ਇੱਕ ਝਲਕੀ ਹੀ ਹੈ ਜੋ ਆਪਣੇ ਗੁਮਾਸ਼ਤਿਆਂ, ਕਿਰਤੀਆਂ ਜਾਂ ਰਿਆਇਆ ਦੀ ਕਿਸੇ ਹੁਕਮ-ਅਦੂਲੀ ਨੂੰ ਬਰਦਾਸ਼ਤ ਨਹੀਂ ਕਰਦੀ, ਕੁਸਕਣ ਨਹੀਂ ਦਿੰਦੀ ਤੇ ਨੁਮਾਇਸ਼ੀ ਸਜ਼ਾਵਾਂ ਨਾਲ ਆਪਣਾ ਦਬਦਬਾ ਬਰਕਰਾਰ ਰੱਖਦੀ ਹੈ, ਕਾਨੂੰਨ ਤੇ ਵਿਧਾਨ ਜਿਸਦੀ ਰਜ਼ਾ ਚ ਝੂਲਦੇ ਹਨ। ਮਨਾਵਾਂ ਕਾਂਡ ਤੇ ਝੱਬਰ ਕਾਂਡ ਵਰਗੇ ਦਰਜਨਾਂ ਮਾਮਲਿਆਂ ਰਾਹੀਂ ਅਜਿਹੇ ਵਿਹਾਰ ਦੀ ਪੂਰੀ ਤਸਵੀਰ ਬਣ ਜਾਂਦੀ ਹੈ। ਇਹ ਤਾਂ ਵਿਕਸਤ ਕਹੇ ਜਾਂਦੇ ਪੰਜਾਬ ਵਰਗੇ ਰਾਜ ਚ ਵਾਪਰੇ ਹਨ।
ਜਮਹੂਰੀ ਅਧਿਕਾਰ ਸਭਾ ਵਲੋਂ ਜਾਰੀ ਰਿਪੋਰਟ ਚ ਸ਼ਿਵ ਲਾਲ ਡੋਡਾ ਦਾ ਪਿਛੋਕੜ ਬਿਆਨ ਕਰਦਿਆਂ ਦੱਸਿਆ ਗਿਆ ਹੈ ਕਿ ਪਹਿਲਾਂ ਉਹ ਇਕ ਗਰੀਬ ਪਰਿਵਾਰ ਨਾਲ ਸਬੰਧਤ ਸੀ। ਉਸਦਾ ਪਿਤਾ ਸਬਜ਼ੀ ਵੇਚਦਾ ਸੀ ਅਤੇ ਸ਼ਿਵ ਲਾਲ ਡੋਡਾ ਉਰਫ ਸ਼ੋਲੀ ਬਰਫ ਦਾ ਫੱਟਾ ਲਾਉਂਦਾ ਸੀ। 30 ਤੋਂ 35 ਸਾਲ ਪਹਿਲਾਂ ਬਰਫ ਦੇ ਅੱਡੇ ਤੇ ਕੰਮ ਕਰਦਿਆਂ ਇੱਕ ਮਾਮੂਲੀ ਤਕਰਾਰ ਚ ਸ਼ਿਵ ਲਾਲ ਨੇ ਇੱਕ ਵਿਅਕਤੀ ਦੇ ਛੁਰਾ ਮਾਰ ਦਿੱਤਾ। ਸ਼ਿਵ ਲਾਲ ਡੋਡਾ ਦਿੱਲੀ ਭੱਜ ਗਿਆ। ਸ਼ਿਵ ਲਾਲ ਨੇ ਹਰਿਆਣੇ ਤੋਂ ਨਜਾਇਜ਼ ਸ਼ਰਾਬ ਲਿਜਾਕੇ ਦਿੱਲੀ ਵੇਚਣ ਦਾ ਧੰਦਾ ਸ਼ੁਰੂ ਕੀਤਾ ਅਤੇ ਆਪਣਾ ਕਾਰੋਬਾਰ ਵਧਾ ਲਿਆ। ਸ਼ਿਵ ਲਾਲ ਡੋਡਾ ਨੂੰ ਗੁੜਗਾਓਂ ਦੇ ਐਡੀਸ਼ਨਲ ਸੈਸ਼ਨ ਜੱਜ ਨੇ 1990ਚ ਦਰਜ ਸ਼ਰਾਬ ਦੇ ਨਜਾਇਜ਼ ਕਾਰੋਬਾਰ ਦੇ ਇੱਕ ਕੇਸ ਵਿੱਚ ਦੋ ਸਾਲ ਦੀ ਸਜ਼ਾ ਅਤੇ ਇੱਕ ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਦੱਸਿਆ ਜਾਂਦਾ ਹੈ।
ਰਿਪੋਰਟ ਅਨੁਸਾਰ ਲੋਕਾਂ ਨੇ ਦੱਸਿਆ ਕਿ 15 ਕੁ ਸਾਲ ਪਹਿਲਾਂ ਸ਼ਿਵ ਲਾਲ ਨੇ ਹਨੂੰਮਾਨਗੜ ਰੋਡ ਤੇ ਰਾਮਸਰਾ ਵਿੱਚ ਇੱਕ 35 ਕੁ ਏਕੜ ਦਾ ਫਾਰਮ ਸਥਾਪਤ ਕਰ ਲਿਆ (ਸ਼ਹਿਰ ਤੋਂ 6 ਕੁ ਕਿਲੋਮੀਟਰ ਦੂਰ ਹਨੂੰਮਾਨ ਰੋਡ ਤੇ 35 ਕੁ ਏਕੜ ਚ ਫੈਲਿਆ ਇਹ ਫਾਰਮ ਆਪਣੇ ਆਪ ਚ ਹੀ ਇੱਕ ਰਹੱਸ ਹੈ ਜਿਸ ਦੁਆਲੇ 8/10 ਫੁੱਟ ਉੱਚੀਆਂ ਕੰਧਾਂ ਹਨ। ਕਿਲੇ ਨੁਮਾ ਇਸ ਫਾਰਮ ਹਾਊਸ ਅੰਦਰ ਗੇਟ ਦੇ ਨਾਲ ਦੋ ਵੱਡੀਆਂ ਇਮਾਰਤਾਂ ਹਨ। ਹਾਲਾਂਕਿ ਉਸਦੀ ਆਪਣੀ ਨਿੱਜੀ ਰਿਹਾਇਸ਼ ਅਬੋਹਰ ਵਿੱਚ ਵੱਖਰੀ ਹੈ।)  ਉਹਦਾ ਸ਼ਰਾਬ ਦਾ ਕਾਰੋਬਾਰ ਪੰਜਾਬ ਤੋਂ ਇਲਾਵਾ ਯੂਪੀ, ਬਿਹਾਰ, ਦਿੱਲੀ, ਰਾਜਸਥਾਨ ਅਤੇ ਗੁਜਰਾਤ ਤੱਕ ਫੈਲਿਆ ਹੋਇਆ ਹੈ। ਰਾਜਸਥਾਨ ਵਿੱਚ ਭੁੱਕੀ ਦੇ ਠੇਕੇ ਅਤੇ ਬੰਗਲੌਰ ਵਿੱਚ ਇੱਕ ਸ਼ਰਾਬ ਦੀ ਫੈਕਟਰੀ, ਹਰਿਆਣੇ ਵਿੱਚ ਇੱਕ ਵਿਦਿਅਕ ਸੰਸਥਾ, ਰੀਅਲ ਅਸਟੇਟ ਅਤੇ ਸੱਟੇਬਾਜ਼ੀ ਦਾ ਕਾਰੋਬਾਰ ਹੈ। ਲੋਕਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸ਼ਿਵ ਲਾਲ ਡੋਡਾ ਉੱਪਰ ਸ਼ਰਾਬ ਦੇ ਵਪਾਰੀ ਰੂਪ ਲਾਲ ਬਾਂਸਲ ਦੀਆਂ ਲੱਤਾਂ ਤੋੜਨ, ਅਤੇ ਸਤਪਾਲ ਸੇਤੀਆ ਅਤੇ ਉਸਦੀ ਪਤਨੀ ਨੂੰ ਦਿਨ ਦਿਹਾੜੇ ਗੋਲੀਆਂ ਮਾਰਨ ਦੇ ਇਲਜ਼ਾਮ ਲੱਗੇ ਹਨ। ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਉਸਦੇ ਸ਼ਰਾਬ ਦੇ ਗੁਦਾਮਾਂ ਵਿੱਚ ਸ਼ਰਾਬ ਦੀ ਮਿਲਾਵਟ ਕੀਤੀ ਜਾਂਦੀ ਹੈ।
ਸ਼ਿਵ ਲਾਲ ਡੋਡਾ ਪੰਜਾਬ ਵਿਧਾਨ ਸਭਾ 2012 ਦੀਆਂ ਚੋਣਾਂ ਵਿੱਚ ਅਬੋਹਰ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਲੜਿਆ ਅਤੇ 46000 ਵੋਟਾਂ ਪ੍ਰਾਪਤ ਕਰ ਕੇ ਦੂਸਰੇ ਨੰਬਰ ਤੇ ਰਿਹਾ। ਜੇਤੂ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੂੰ 53000 ਵੋਟਾਂ ਮਿਲੀਆਂ ਸਨ। ਚਰਚਾ ਇਹ ਹੈ ਕਿ ਅਕਾਲੀ ਦਲ ਬਾਦਲ ਨੇ ਡੋਡਾ ਦੀ ਅੰਦਰ ਖਾਤੇ ਮੱਦਦ ਕੀਤੀ। ਚੋਣਾਂ ਪਿੱਛੋਂ ਅਕਾਲੀ ਦਲ ਬਾਦਲ ਨੇ ਡੋਡਾ ਨੂੰ ਅਬੋਹਰ ਚੋਣ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਅਤੇ ਇਸ ਦੇ ਫਾਰਮ ਹਾਊਸ ਤੇ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਵੀ ਆਏ। ਕਿਸੇ ਸਮੇਂ ਇਸ ਫਾਰਮ ਹਾਊਸ ਦੀਆਂ ਰਜਿਸਟਰੀਆਂ ਮਜੀਠੀਏ ਦੇ ਨਾਮ ਹੋਣ ਦੀ ਵੀ ਚਰਚਾ ਹੋਈ। ਬਹਾਵ ਵਾਲਾ ਠਾਣੇ ਦਾ ਮੁਖੀ ਹਰਿੰਦਰ ਸਿੰਘ ਚਮੇਲੀ ਵੀ ਡੋਡਾ ਦੇ ਫਾਰਮ ਹਾਊਸ ਦੇ ਅੰਦਰ ਰਹਿੰਦਾ ਰਿਹਾ ਹੈ।
ਰਿਪੋਰਟ ਅਨੁਸਾਰ ਮਾਰਿਆ ਗਿਆ ਭੀਮ ਟਾਂਕ ਬਾਲਮੀਕ ਬਿਰਾਦਰੀ ਦੇ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ। ਉਹ ਸ਼ਿਵ ਲਾਲ ਦੇ ਗੈਂਗ ਚ ਸ਼ਾਮਲ ਹੋ ਗਿਆ ਤੇ ਉਸਦਾ ਸ਼ਰਾਬ ਦਾ ਕਾਰੋਬਾਰ ਸੰਭਾਲਣ ਲੱਗ ਪਿਆ ਜਿਸ ਦੌਰਾਨ ਕਈ ਲੜਾਈਆਂ-ਭਿੜਾਈਆਂ ਚ ਵੀ ਵਧ ਚੜ੍ਹਕੇ ਸ਼ਾਮਲ ਰਿਹਾ ਤੇ ਉਸਦੀ ਧਾਕੜ ਪਛਾਣ ਬਣ ਗਈ ਪਰ ਮਗਰੋਂ ਉਸਦੀ ਸ਼ਿਵ ਲਾਲ ਡੋਡਾ ਨਾਲ ਵਿਗੜ ਗਈ ਤਾਂ ਉਸਨੇ ਆਪਣਾ ਢਾਬਾ ਖੋਲ੍ਹ ਕੇ ਕਿਨਾਰਾ ਕਰਨਾ ਚਾਹਿਆ। ਪਰ ਝੂਠੇ ਕੇਸਾਂ ਚ ਫਸਾਉਣ ਦਾ ਡਰਾਵਾ ਦੇ ਕੇ ਰਾਜੀਨਾਮਾ ਕਰਨ ਦੇ ਝੂਠੇ ਮਨੋਰਥ ਨਾਲ ਉਸਨੂੰ ਸ਼ਿਵ ਲਾਲ ਦੇ ਫਾਰਮ ਹਾਊਸ ਚ ਬੁਲਾ ਕੇ ਬੇਰਹਿਮੀ ਨਾਲ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਉਸਦੇ ਹੱਥ-ਪੈਰ, ਲੱਤਾਂ-ਬਾਹਾਂ ਵੱਢ ਕੇ ਉਸਨੂੰ ਮਾਰਿਆ ਗਿਆ ਤੇ ਉਸਦੇ ਇਕ ਸਾਥੀ ਦੇ ਅੰਗ ਵੀ ਵੱਢੇ ਗਏ ਜੋ ਕਿਸਮਤ ਨਾਲ ਇਹ ਕਹਾਣੀ ਦੱਸਣ ਵਾਸਤੇ ਬਚ ਰਿਹਾ।
ਸਭਾ ਨੇ ਨੋਟ ਕੀਤਾ ਕਿ ਪੁਲੀਸ ਮੁਖੀ ਦਾ ਸ਼ਿਵ ਲਾਲ ਦੇ ਫਾਰਮ ਹਾਊਸ ਵਿੱਚ ਰਹਿਣਾ, ਉਸਦੇ ਗਰੋਹਾਂ ਨੂੰ ਅਣਡਿੱਠ ਕਰਨਾ, ਵਾਰਦਾਤ ਦੇ ਮੌਕੇ ਦੇਰੀ ਨਾਲ ਪਹੁੰਚਣਾ ਅਤੇ 16 ਘੰਟੇ ਪਿੱਛੋਂ ਐਫ. ਆਈ. ਆਰ. ਦਰਜ ਕਰਨਾ ਅਤੇ ਮੁੱਖ ਸਾਜ਼ਿਸ਼ਕਾਰੀਆਂ ਨੂੰ ਕੇਸ ਤੋਂ ਪਾਸੇ ਰੱਖਣ ਦਾ ਯਤਨ, ਉਹਨਾਂ ਦੀਆਂ ਗ੍ਰਿਫ਼ਤਾਰੀਆਂ ਵਿੱਚ ਆਨਾਕਾਨੀ ਕਰਨੀ ਪੁਲਸ ਦੀ ਕਾਰਗੁਜ਼ਾਰੀ ਤੇ ਪ੍ਰਸ਼ਨ ਚਿੰਨ੍ਹ ਹਨ। ਪੁਲਸ ਅਧਿਕਾਰੀਆਂ ਦੀ ਮੁਅੱਤਲੀ ਜਾਂ ਬਦਲੀਆਂ ਅੱਖਾਂ ਪੂੰਝਣ ਦੀਆਂ ਕਾਰਵਾਈਆਂ ਹਨ। ਸ਼ਿਵ ਲਾਲ ਦੇ ਸਿਆਸੀ ਪਾਰਟੀਆਂ ਨਾਲ ਸਬੰਧ ਜੱਗ ਜ਼ਾਹਰ ਹਨ। ਅਕਾਲੀ ਦਲ ਦਾ ਮਾਫ਼ੀਆ ਗਰੋਹਾਂ ਨਾਲ ਲੈਣ ਦੇਣ ਨੰਗਾ ਕਰਨ ਦੀ ਲੋੜ ਹੈ। ਬੀਬੀ ਹਰਸਿਮਰਤ ਵੱਲੋਂ ਲੋਕ ਸਭਾ ਵਿੱਚ ਇਸ ਨੂੰ ਗੈਂਗਵਾਰ ਕਹਿਣਾ ਜਾਂ ਇਸ ਨੂੰ ਮਾਮੂਲੀ ਘਟਨਾ ਦੱਸਣਾ ਸ਼ਿਵ ਲਾਲ ਡੋਡਾ ਦੀ ਨੰਗੀ ਚਿੱਟੀ ਪੁਸ਼ਤ-ਪਨਾਹੀ ਹੈ।
ਅਕਾਲੀ ਸਰਕਾਰ, ਪੁਲਸ ਤੇ ਪ੍ਰਸ਼ਾਸਨ ਦੇ ਥਾਪੜਾ ਹਾਸਲ ਗੁੰਡਾ ਗਰੋਹਾਂ ਨੇ ਪੰਜਾਬ ਚ ਅਤਿ ਚੁੱਕੀ ਹੋਈ ਹੈ ਜੋ ਮੁਜਰਮਾਨਾ ਕਾਰਵਾਈਆਂ ਤੋਂ ਬਿਨਾਂ, ਰਾਜਸੀ ਵਿਰੋਧੀਆਂ ਨੂੰ ਖਦੇੜਨ, ਲੋਕ-ਵਿਰੋਧ ਨੂੰ ਦਬਾਉਣ ਤੇ ਦਹਿਸ਼ਤ ਫੈਲਾਉਣ ਦੇ ਮਕਸਦ ਨਾਲ ਹਿੰਸਾ ਦੀਆਂ ਕਾਰਵਾਈਆਂ ਨੂੰ ਵੀ ਅੰਜਾਮ ਦੇ ਰਹੇ ਹਨ। ਪਿਛੇ ਜਿਹੇ ਤਾਂ ਪਾਲੇ-ਪੋਸੇ ਅਜਿਹੇ ਟੋਲਿਆਂ ਨੂੰ ਯੂਥ-ਬ੍ਰਿਗੇਡਾਂ ਦਾ ਨਾਂ ਦੇ ਕੇ ਜਮਹੂਰੀ ਤਾਕਤਾਂ ਤੇ ਹਮਲੇ ਕਰਨ ਵਾਸਤੇ ਬਕਾਇਦਾ ਜਥੇਬੰਦ ਕੀਤਾ ਗਿਆ ਹੈ। ਪਰ, ਇਹ ਕੋਈ ਅਕਾਲੀ ਸਰਕਾਰ ਤੱਕ ਸੀਮਤ ਵਰਤਾਰਾ ਨਹੀਂ ਹੈ। ਅਜਿਹੀ ਪਿਛਾਕੜੀ ਹਿੰਸਾ ਦਾ ਉਭਾਰ ਨਵੀਆਂ ਆਰਥਕ ਨੀਤੀਆਂ ਦੇ ਵਿਕਾਸ ਮਾਡਲ ਦਾ ਲਾਜ਼ਮੀ ਹਿੱਸਾ ਹੈ। ਇਸ ਵਿਕਾਸ ਮਾਡਲ ਕਾਰਣ ਜਿਥੇ ਕਿਰਤੀ-ਕਿਸਾਨ ਖੁਦਕਸ਼ੀਆਂ ਤੇ ਤਬਾਹੀ ਮੂੰਹ ਧੱਕੇ ਗਏ ਹਨ ਉੱਥੇ ਸ਼ਿਵ ਲਾਲ ਡੋਡਾ, ਮਲੂਕਾ, ਸੁੱਚਾ ਸਿੰਘ ਲੰਗਾਹ, ਵੀਰ ਸਿੰਘ ਲੋਪੋਕੇ, ਪੱਪੂ ਯਾਦਵ, ਮਹਿੰਦਰ ਕਰਮਾ ਵਰਗੇ ਬਾਹੂਬਲੀ ਸਿਆਸਤਦਾਨ ਤੇ ਹੋਰ ਸਮਗਲਰ, ਚੌਧਰੀ ਇਸ ਵਿਕਾਸ ਮਾਡਲ ਦੀ ਸਿਆਸਤ ਦੇ ਨਾਇਕ ਹਨ ਜਿਹੜੇ ਇਸੇ ਅਰਸੇ ਦੌਰਾਨ ਲੋਕਾਂ ਦੀ ਛਿਲ ਪੱਟਕੇ ਹੈਰਾਨੀਜਨਕ ਰਫਤਾਰ ਨਾਲ ਅਰਬਾਂ-ਖਰਬਾਂ ਦੀਆਂ ਜਾਇਦਾਦਾਂ ਇਕੱਠੀਆਂ ਕਰਨ ਚ ਸਫ਼ਲ ਹੋਏ ਹਨ। ਸ਼ਰਾਬ-ਭੁੱਕੀ, ਰੀਅਲ ਅਸਟੇਟ ਤੋਂ ਲੈ ਕੇ ਵਿੱਦਿਅਕ ਸੰਸਥਾਵਾਂ ਦੇ ਵੰਨ-ਸੁਵੰਨੇ ਕਾਰੋਬਾਰਾਂ ਦੇ ਮਾਲਕ ਇਹ ਚੌਧਰੀ ਤੇ ਮੁਜਰਮ ਗਰੋਹਾਂ ਦੇ ਸਰਗਨਾਂ ਪੇਂਡੂ ਭਾਰਤ ਅੰਦਰ ਇਸ ਵਿਕਾਸ ਮਾਡਲ ਦੀਆਂ ਸਮਾਜਕ ਥੰਮੀਆਂ ਹਨ ਜੋ ਸਟੇਟ ਦੀ ਜਾਬਰ ਤਾਕਤ ਦੀਆਂ ਰਾਖਵੀਆਂ ਟੁਕੜੀਆਂ ਵਜੋਂ ਇਸਦੀ ਸੇਵਾ ਕਰਦੀਆਂ ਹਨ ਅਤੇ ਜੋ ਆਪਣੀਆਂ ਚੰਮ ਦੀਆਂ ਚਲਾਉਣ, ਲੋਕ-ਵਿਰੋਧ ਨੂੰ ਦਬਾ ਕੇ ਰੱਖਣ, ਉਹਨਾਂ ਨੂੰ ਜਥੇਬੰਦ ਹੋਣ ਤੋਂ ਰੋਕਣ ਤੇ ਦਹਿਸ਼ਤਜ਼ਦਾ ਕਰਨ ਵਾਸਤੇ ਬੇਹਿਚਕ ਹਿੰਸਾ ਦਾ ਸਹਾਰਾ ਲੈਂਦੀਆਂ ਹਨ। ਪਿੰਡਾਂ ਅੰਦਰ ਇਹ ਨਿਰੰਕੁਸ਼ ਤਾਕਤ ਦੇ ਅਸਲ ਕੇਂਦਰ ਹਨ ਜੋ ਪ੍ਰਬੰਧਕੀ ਤਾਕਤ ਨਾਲ ਘਿਓ-ਖਿਚੜੀ ਹੋ ਕੇ ਆਪਣਾ ਰਜ਼ਾ-ਵਿਧਾਨ ਲਾਗੂ ਕਰਾਉਣ ਦੇ ਸਮਰਥ ਹੈ। ਪੰਚਾਇਤਾਂ ਤੋਂ ਲੈ ਕੇ ਅਸੰਬਲੀਆਂ ਤੱਕ ਰਾਜਸੀ ਕਲਾਂ ਤੇ ਇਹਨਾਂ ਦਾ ਕਬਜਾ ਭਾਰਤੀ ਜਮਹੂਰੀਅਤ ਦੇ ਅਸਲ ਚਰਿਤਰ ਨੂੰ ਦਰਸਾਉਂਦਾ ਹੈ ਤੇ ਜਮਹੂਰੀ ਇਨਕਲਾਬ ਦੇ ਕਾਰਜ ਨੂੰ ਵੀ ਕਿ ਜਦ ਤੱਕ ਅਜਿਹੀ ਵਹਿਸ਼ੀ ਤਾਕਤ ਦੀ ਸਮਾਜਕ-ਆਰਥਕ ਹਸਤੀ ਖਤਮ ਨਹੀਂ ਹੁੰਦੀ, ਪਿੰਡਾਂ ਅੰਦਰ ਖਰੀ ਜਮਹੂਰੀਅਤ ਦੀ ਸਿਰਜਣਾ ਨਹੀਂ ਕੀਤੀ ਜਾ ਸਕਦੀ। ਸੁਧਾਰਾਂ ਦੇ ਅਗਲੇ ਤਿੱਖੇ ਦੌਰ ਅੰਦਰ ਜਮੀਨਾਂ ਤੇ ਵਸੀਲਿਆਂ ਦੀ ਖੋਹ-ਖਿੰਝ ਅਤੇ ਨਿੱਜੀਕਰਨ ਦੇ ਨਾਂ ਥੱਲੇ ਜਨਤਕ ਜਾਇਦਾਦਾਂ, ਅਦਾਰਿਆਂ ਨੂੰ ਹਥਿਆਉਣ ਦੌਰਾਨ ਕੌਮੀ ਲੁੱਟ ਚੋਂ ਬੋਟੀਆਂ ਸੁੱਟ ਕੇ, ਲੋਕ ਵਿਰੋਧ ਨੂੰ ਦਬਾਉਣ ਵਾਸਤੇ ਅਜਿਹੇ ਬਘਿਆੜਾਂ ਦੀਆਂ ਸੇਵਾਵਾਂ ਹਾਸਲ ਕੀਤੀਆਂ ਜਾਣੀਆਂ ਹਨ। ਗੁੰਡਾ, ਸਿਆਸੀ, ਪੁਲਸ ਤੇ ਪ੍ਰਸ਼ਾਸਨ ਦੇ ਗਠਜੋੜ ਅਤੇ ਇਹਨਾਂ ਮੁਜਰਮ ਟੋਲਿਆਂ ਦੀ ਪੁਸ਼ਤਪਨਾਹੀ ਲਈ ਜੁੰਮੇਵਾਰ ਨੀਤੀਆਂ ਦਾ ਪਰਦਾਫਾਸ਼ ਕਰਦਿਆਂ ਲੋਕਾਂ ਨੂੰ ਆਪਣੀ ਰਾਖੀ ਆਪ ਕਰਨ ਲਈ ਉਭਾਰਨ ਦੀ ਜ਼ਰੂਰਤ ਹੈ।

No comments:

Post a Comment