Wednesday, January 20, 2016

(8) ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ



ਬੰਦੀ ਸਿੱਖਾਂ ਦੀ ਰਿਹਾਈ ਦੇ ਮੁੱਦੇ ਰਾਹੀਂ

ਖਾਲਸਤਾਨੀ ਸਿਆਸਤ ਦੇ ਪਸਾਰੇ ਦੀ ਮਸ਼ਕ

ਖਾਲਸਤਾਨੀ ਸਿੱਖ ਜੱਥੇਬੰਦੀਆਂ ਨੇ ਲੰਮੇ ਸਮੇਂ ਤੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਇੱਕ ਘੋਲ ਛੇੜਿਆ ਹੋਇਆ ਹੈ। ਖਾਲਸਤਾਨੀ ਦਹਿਸ਼ਤਗਰਦੀ ਦੇ ਦੌਰ ਵਿੱਚ ਕਤਲਾਂ ਆਦਿ ਦੇ ਦੋਸ਼ਾਂ ਅਧੀਨ ਜਿਹੜੇ ਖਾਲਸਤਾਨੀਆਂ ਨੂੰ ਲੰਮੀਆਂ ਕੈਦਾਂ ਹੋਈਆਂ ਸਨ, ਕੈਦ ਦੀ ਮਿਆਦ ਪੂਰੀ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਇਸ ਬਾਰੇ ਪਹਿਲਾਂ ਗੁਰਬਖਸ਼ ਸਿੰਘ ਨੇ ਮਰਨ ਵਰਤ ਰੱਖਿਆ ਸੀ ਜੋ ਫਿਰ ਵਿੱਚੇ ਛੱਡ ਦਿੱਤਾ ਸੀ। ਹੁਣ ਪਿਛਲੇ ਇੱਕ ਸਾਲ ਤੋਂ ਸੂਰਤ ਸਿੰਘ ਖਾਲਸਾ ਮਰਨ’-ਜਿਓਣ ਵਰਤ ਰੱਖ ਕੇ ਲੰਮਾ ਤੇ ਲਮਕਵਾਂ ਘੋਲਲੜ ਰਿਹਾ ਹੈ। ਦੋ ਕਦਮ ਅੱਗੇ, ਇੱਕ ਕਦਮ ਪਿੱਛੇ ਦੇ ਦਾਅਪੇਚ ਅਨੁਸਾਰ ਕਦੇ ਉਹ ਮਰਨਵਰਤ ਤੇ ਹੁੰਦਾ ਹੈ ਅਤੇ ਕਦੇ ਜਿਓਣ ਵਰਤ ਤੇ। (ਯਾਨੀ ਚੋਰੀ ਛੁਪੇ ਕੁਝ ਨਾ ਕੁਝ ਖਾਣ ਤੇ) ਸੂਰਤ ਸਿੰਘ ਦੇ ਮਰਨ ਵਰਤ ਨੂੰ ਧੁਰਾ ਬਣਾ ਕੇ ਖਾਲਸਤਾਨੀ ਜਥੇਬੰਦੀਆਂ ਸਿੱਖ ਬੰਦੀਆਂ ਦੇ ਮਸਲੇ ਨੂੰ ਫਿਰਕੂ ਤੰਗਨਜ਼ਰ ਪੈਂਤੜੇ ਤੋਂ ਉਛਾਲ ਰਹੀਆਂ ਹਨ।
ਹੋਰਨਾਂ ਸੂਬਿਆਂ ਵਾਂਗ ਪੰਜਾਬ ਵਿੱਚ ਵੀ ਕੈਦੀਆਂ ਉੱਤੇ ਬੇ-ਹਿਸਾਬਾ ਜ਼ੁਲਮ ਹੋ ਰਿਹਾ ਹੈ। ਕੈਦੀਆਂ ਦੀ ਬੇਇੱਜ਼ਤੀ ਕਰਨੀ, ਉਨ੍ਹਾਂ ਨੂੰ ਜ਼ਲੀਲ ਕਰਨਾ, ਕੁਟਾਪਾ ਚਾੜ੍ਹਨਾ ਤਾਂ ਐਨਾ ਆਮ ਹੈ ਕਿ ਮੀਡੀਆ ਵਾਸਤੇ ਇਹ ਕੋਈ ਜ਼ਿਕਰਯੋਗ ਮੁੱਦਾ ਹੀ ਨਹੀਂ ਹੈ। ਇਉਂ ਜੇਲ੍ਹ ਅਧਿਕਾਰੀਆਂ ਵੱਲੋਂ ਜੇਲ੍ਹ ਫੰਡਾਂ ਵਿੱਚੋਂ ਵੱਡੀ ਪੱਧਰ ਉੱਤੇ ਹੋ ਰਹੀ ਘਪਲੇਬਾਜ਼ੀ ਸਦਕਾ ਜੇਲ੍ਹ ਦੀ ਰੋਟੀ ਤੇ ਹੋਰ ਸਹੂਲਤਾਂ ਦਾ ਬੁਰਾ ਹਾਲ ਹੈ। ਜੇਲ੍ਹ ਵਿੱਚ ਨਸ਼ਿਆਂ ਦੇ ਵਪਾਰ ਦੀ ਚਰਚਾ ਮੀਡੀਆ ਵਿੱਚ ਆਮ ਹੁੰਦੀ ਰਹਿੰਦੀ ਹੈ। ਜੇਲ੍ਹ ਵਿੱਚ ਕੈਦੀਆਂ ਦੀਆਂ ਮੌਤਾਂ ਦੀਆਂ ਖਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ। ਜੇਲ੍ਹ ਦੀ ਅਫਸਰਸ਼ਾਹੀ ਵੱਲੋਂ ਕੈਦੀਆਂ ਨਾਲ ਕੀਤੀ ਜਾਂਦੀ ਵਿਤਕਰੇਬਾਜ਼ੀ ਆਮੋ ਆਮ ਹੈ। ਪੈਸੇ ਤੇ ਸਿਫ਼ਾਰਸ਼ਾਂ ਦੇ ਜ਼ੋਰ ਜੇਲ੍ਹ ਵਿੱਚ ਵੀ ਆਵਦੇ ਘਰ ਵਰਗੀਆਂ ਵਧੀਆ ਖਾਣ ਪੀਣ ਅਤੇ ਸੁੱਖ ਆਰਾਮ ਦੀਆਂ ਸਹੂਲਤਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ‘‘ਚੰਗੇ ਚਾਲ-ਚਲਣ’’ ਦੇ ਨਾਉਂ ਹੇਠ ਕਈਆਂ ਨੂੰ ਤਾਂ ਕੈਦ ਦੀ ਮਿਆਦ ਪੂਰੀ ਹੋਣ ਤੋਂ ਵੀ ਪਹਿਲਾਂ ਹੀ ਰਿਹਾਅ ਕਰ ਦਿੱਤਾ ਜਾਂਦਾ ਹੈ। ਪਰ ਬਹੁਤੇ ਕੈਦੀ ਖਾਸ ਕਰ ਲੰਮੀਆਂ ਕੈਦਾਂ ਵਾਲੇ, ਕੈਦ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਵੀ ਜੇਲ੍ਹ ਵਿੱਚ ਹੀ ਸੜਦੇ ਰਹਿੰਦੇ ਹਨ। ਫਿਲਮ ਐਕਟਰ ਸੰਜੇ ਦੱਤ ਦੀ ਉਦਾਹਰਨ ਸਾਹਮਣੇ ਹੈ। ਉਹ ਪੰਜ ਸਾਲ ਦੀ ਕੈਦ ਭੁਗਤ ਰਿਹਾ ਹੈ। ਉਸਨੂੰ ਕਈ ਵਾਰ ਕੋਈ ਨਾ ਕੋਈ ਲੰਗੜਾ ਬਹਾਨਾ ਬਣਾ ਕੇ ਪੈਰੋਲ ਤੇ ਭੇਜਿਆ ਜਾ ਚੁੱਕਾ ਹੈ। ਜੇਲ੍ਹ ਵਿੱਚ ਚੰਗੇ ਚਾਲ-ਚਲਣ ਦੇ ਬਹਾਨੇ ਉਸਦੀ ਜੇਲ੍ਹ ਦੀ ਮਿਆਦ ਪੂਰੀ ਹੋਣ ਤੋਂ 103 ਦਿਨ ਪਹਿਲਾਂ ਹੀ ਅਗਲੀ ਫਰਵਰੀ ਵਿੱਚ ਉਸ ਨੂੰ ਰਿਹਾਅ ਕਰਨ ਦਾ ਫੈਸਲਾ ਹੋ ਚੁੱਕਿਆ ਹੈ।
ਇਹ ਸਾਰੇ ਮਸਲੇ ਕੈਦੀਆਂ ਦੇ ਜਮਹੂਰੀ ਅਧਿਕਾਰਾਂ ਦੀ ਘੋਰ ਉਲੰਘਣਾ ਦੇ ਮਸਲੇ ਹਨ ਅਤੇ ਹਮਾਇਤ ਦੇ ਹੱਕਦਾਰ ਹਨ। ਇਹਨਾਂ ਦੇ ਇੱਕ ਅੰਗ ਵਜੋਂ ਹੀ ਬੰਦੀ ਸਿੱਖਾਂ ਦੀ ਰਿਹਾਈ ਦਾ ਮਸਲਾ ਵੀ ਇੱਕ ਜਮਹੂਰੀ ਮਸਲਾ ਹੈ। ਪਰ ਕੀ ਸਾਨੂੰ ਸਿਰਫ਼ ਬੰਦੀ ਸਿੱਖਾਂ ਦੀ ਰਿਹਾਈ ਦੇ ਘੋਲ ਦੀ ਹਮਾਇਤ ਕਰਨੀ ਚਾਹੀਦੀ ਹੈ? ਨਹੀਂ। ਬਿਲਕੁਲ ਨਹੀਂ।
ਭਲਾਂ ਖਾਲਸਤਾਨੀ ਜੱਥੇਬੰਦੀਆਂ ਸਿਰਫ਼ ਸਿੱਖ ਬੰਦੀਆਂ ਦੀ ਰਿਹਾਈ ਦਾ ਮੁੱਦਾ ਹੀ ਕਿਉਂ ਉਛਾਲ ਰਹੀਆਂ ਹਨ? ਕੈਦੀ ਦੀ ਮਿਆਦ ਖ਼ਤਮ ਹੋਣ ਮਗਰੋਂ ਧਰਮ ਅਤੇ ਜਾਤ ਆਦਿ ਤੋਂ ਉੱਚਾ ਉੱਠ ਕੇ ਸਾਰੇ ਕੈਦੀਆਂ ਦੀ ਰਿਹਾਈ ਲਈ ਕਿਉਂ ਘੋਲ ਨਹੀਂ ਕਰਦੀਆਂ? ਕਿਉਂਕਿ ਸਿੱਖ ਕੈਦੀਆਂ ਦੀ ਰਿਹਾਈ ਦਾ ਮੁੱਦਾ ਉਛਾਲ ਕੇ ਉਹ ਇਸਨੂੰ ਸਿੱਖਾਂ ਨਾਲ ਧੱਕੇ ਵਿਤਕਰੇ ਦੇ ਪਖੰਡੀ ਨਾਹਰੇ ਦਾ ਪੜੁੱਲ ਬਣਾਉਣਾ ਚਾਹੁੰਦੀਆਂ ਹਨ।
ਪੰਜਾਬ ਦੀਆਂ ਜੇਲ੍ਹਾਂ ਵਿੱਚ ਸਿੱਖ ਧਰਮ ਵਿੱਚ ਵਿਸ਼ਵਾਸ ਰੱਖਣ ਵਾਲੇ ਕੈਦੀਆਂ ਦੀ ਵੱਡੀ ਬਹੁ-ਗਿਣਤੀ ਹੈ। ਖਾਲਸਤਾਨੀ ਜਥੇਬੰਦੀਆਂ ਇਨ੍ਹਾਂ ਸਾਰੇ ਸਿੱਖ ਕੈਦੀਆਂ ਦੀ ਸਜ਼ਾ ਪੂਰਤੀ ਹੋਣ ਤੋਂ ਬਾਅਦ ਰਿਹਾਈ ਦਾ ਮੁੱਦਾ ਵੀ ਨਹੀਂ ਚੁੱਕ ਰਹੀਆਂ। ਸਿਰਫ਼ ਉਹਨਾਂ ਸਿੱਖ ਬੰਦੀਆਂ ਦੀ ਰਿਹਾਈ ਦਾ ਮੁੱਦਾ ਚੁੱਕ ਰਹੀਆਂ ਹਨ ਜਿਹੜੇ ਖਾਲਸਤਾਨੀ ਦਹਿਸ਼ਤਗਰਦਾਂ ਵਿੱਚ ਸ਼ਾਮਲ ਰਹੇ ਹਨ। ਕਿਉਂ? ਇਸ ਲਈ ਕਿ ਉਹ ਸਿੱਖ ਬੰਦੀਆਂ ਦੇ ਮਸਲੇ ਨੂੰ ਖਾਲਸਤਾਨੀ ਸਿਆਸਤ ਦੇ ਪਸਾਰੇ ਦਾ ਹੱਥਾ ਬਣਾਉਣਾ ਚਾਹੁੰਦੀਆਂ ਹਨ। ਖਾਲਸਤਾਨੀ ਦਹਿਸ਼ਗਰਦੀ ਦੇ ਕਾਲ਼ੇ ਦੌਰ ਨੂੰ ਮੁੜ-ਸੁਰਜੀਤ ਕਰਨਾ ਚਾਹੁੰਦੀਆਂ ਹਨ। ਇਸ ਲਈ ਸਾਨੂੰ ਇਹਨਾਂ ਮਨਸੂਬਿਆਂ ਦਾ ਪਰਦਾਚਾਕ ਕਰਨਾ ਚਾਹੀਦਾ ਹੈ।
ਜਦੋਂ ਕਿਸੇ ਲੋਕ ਪੱਖੀ ਮਸਲੇ ਨੂੰ ਵੀ ਫਿਰਕੂ ਤੰਗਨਜ਼ਰ ਪੈਂਤੜੇ ਤੋਂ ਘੋਲ ਦਾ ਮੁੱਦਾ ਬਣਾਇਆ ਜਾਂਦਾ ਹੈ ਤਾਂ ਇਸ ਘੋਲ ਦਾ ਖਾਸਾ ਵੀ ਮੌਕਾਪ੍ਰਸਤ ਹੋ ਨਿੱਬੜਦਾ ਹੈ। ਅਜਿਹੇ ਫ਼ਿਰਕੂ ਤੰਗਨਜ਼ਰ ਘੋਲ ਵਿੱਚ ਮੌਕਾਪ੍ਰਸਤ ਤੇ ਦਾਅ ਲਾਊ ਅਨਸਰਾਂ ਦੀ ਭਰਮਾਰ ਹੋਣੀ ਕੁਦਰਤੀ ਹੈ। ਅਖੌਤੀ ਮਰਨ ਵਰਤ ਤੇ ਬੈਠਾ ਸੂਰਤ ਸਿੰਘ ਖਾਲਸਾ ਆਪਣੇ ਆਪ ਵਿੱਚ ਇਸ ਦੀ ਇੱਕ ਸਿਰਕੱਢ ਮਿਸਾਲ ਹੈ।

No comments:

Post a Comment