Saturday, January 2, 2016

4) ਕਾਲੇ ਦੌਰ ਦੇ ਸਿਆਸੀ ਮੁਜਰਮ



   ਖਾਲਿਸਤਾਨੀ ਦਹਿਸ਼ਤਗਰਦੀ ਅਤੇ ਹਕੂਮਤੀ

ਦਹਿਸ਼ਤਗਰਦੀ ਦੇ ਕਾਲੇ ਦੌਰ ਦੇ 

 ਸਿਆਸੀ ਮੁਜਰਮਾਂ ਨੂੰ ਯਾਦ ਰੱਖੋ

ਰਾਜ ਭਾਗ ਦੀ ਕੁੱਕੜਖੋਹੀ ਲਈ ਫਿਰਕੂ ਜਜ਼ਬਾਤਾਂ ਅਤੇ ਫਿਰਕੂ ਹਿੰਸਾ ਨੂੰ ਹਥਿਆਰ ਵਜੋਂ ਵਰਤਣ ਦੀ ਨੀਤੀ ਨੇ 80 ਵਿਆਂ ਦੇ ਦਹਾਕੇ ਚ ਪੰਜਾਬ ਨੂੰ ਦੋ ਮੂੰਹੀ ਦਹਿਸ਼ਤਗਰਦੀ (ਖਾਲਿਸਤਾਨੀ ਅਤੇ ਹਕੂਮਤੀ ਦਹਿਸ਼ਤਗਰਦੀ) ਦੇ ਘਿਨਾਉਣੇ ਕਾਲੇ ਦੌਰ ਚ ਧੱਕ ਦਿੱਤਾ ਸੀ। ਇਹ ਦੌਰ ਪੰਜਾਬ ਅੰਦਰ 1947 ਤੋਂ ਮਗਰੋਂ ਦੇ ਸਮੇਂ ਦਾ ਸਭ ਤੋਂ ਮਾੜਾ ਨਾਂਹ-ਪੱਖੀ ਵਰਤਾਰਾ ਹੋ ਨਿੱਬੜਿਆ। ਇਸ ਦੌਰ ਦੇ ਜਖਮ ਅਜੇ ਤੱਕ ਰਿਸ ਰਹੇ ਹਨ। ਮੌਜੂਦਾ ਹਾਲਤ ਚ ਫਿਰ ਪੰਜਾਬ ਨੂੰ ਅਜਿਹੀ ਹਾਲਤ ਦੇ ਮੂੰਹ ਧੱਕਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਸ ਕਰਕੇ ਬੀਤੇ ਦੇ ਤਜ਼ਰਬੇ ਨੂੰ ਚਿਤਾਰਨ ਅਤੇ ਮਨੀਂ ਵਸਾਉਣ ਦਾ ਮਹੱਤਵ ਹੈ। ਹੇਠਾਂ ਅਸੀਂ ਸਤੰਬਰ 1992 ’ਚ ਸੁਰਖ਼ ਰੇਖਾ ਅਤੇ ਇਨਕਲਾਬੀ ਜਨਤਕ ਲੀਹ ਪ੍ਰਕਾਸ਼ਨਾ ਵੱਲੋਂ ਸਾਂਝੇ ਤੌਰ ਤੇ ਕੌਮ ਲਈ ਜਾਰੀ ਕੀਤੀ ਅੰਗਰੇਜ਼ੀ ਰਿਪੋਰਟ ‘‘ਦ ਬਲੀਡਿੰਗ ਪੰਜਾਬ’’ ਦੇ ਚੌਥੇ ਕਾਂਡ ‘‘ਬੈਕਗਰਾਊਂਡ ਐਂਡ ਡਿਵੈਲਪਮੈਂਟ ਆਫ਼ ਦ ਟਰਮੋਆਇਲ’’ (ਉੱਥਲ ਪੁਥਲ ਦਾ ਪਿਛੋਕੜ ਅਤੇ ਵਿਕਾਸ) ਦਾ ਅਨੁਵਾਦਤ ਅੰਸ਼ ਛਾਪ ਰਹੇ ਹਾਂ। ਇਹ ਲਿਖਤ ਰੌਸ਼ਨੀ ਪਾਉਂਦੀ ਹੈ ਕਿ ਕਿਵੇਂ ਪੰਜਾਬ ਨੂੰ ਵਿਉਂਤਬੱਧ ਢੰਗ ਨਾਲ ਕਦਮ-ਬ-ਕਦਮ ਘਿਨਾਉਣੇ ਫਿਰਕੂ ਤਣਾਅ ਅਤੇ ਹਿੰਸਾ ਦੇ ਮੂੰਹ ਧੱਕ ਦਿੱਤਾ ਗਿਆ ਸੀ ਅਤੇ ਇਸ ਗੁਨਾਹ ਦੇ ਮੁੱਖ ਸਿਆਸੀ ਮੁਜਰਮ ਕੌਣ ਸਨ।

-           ਸੰਪਾਦਕ

ਸੰਕਟ ਤੋਂ ਪਹਿਲਾਂ

ਐਮਰਜੈਂਸੀ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਦੇਸ਼ ਦੇ ਨਾਲੋ-ਨਾਲ ਪੰਜਾਬ ਦੇ ਸਿਆਸੀ ਹਾਲਾਤ ਵੱਖਰੇ ਸਨ। ਬਿਨਾਂ ਸ਼ੱਕ, ਇਸ ਸਾਰੇ ਸਮੇਂ ਦੌਰਾਨ ਵੱਖੋ ਵੱਖਰੀਆਂ ਹਾਕਮ ਜਮਾਤਾਂ ਦੇ ਧੜੇ ਰਾਜਸੀ-ਤਾਕਤ ਵਿੱਚੋਂ ਵਡੇਰਾ ਹਿੱਸਾ ਹਥਿਆਉਣ ਲਈ ਤਿੱਖੀ ਖੋਹ-ਖਿੰਝ ਵਿੱਚ ਉਲਝੇ ਹੋਏ ਸਨ। ਉਹ ਲੋਕਾਂ ਨੂੰ ਵੀ ਇਸ ਪਿਛਾਖੜੀ ਖੋਹ-ਖਿੰਝ ਵਿੱਚ ਸ਼ਾਮਲ ਕਰਨ ਲਈ ਪੂਰਾ ਜ਼ੋਰ ਲਗਾ ਰਹੇ ਸਨ। ਇਹ ਅਮਲ ਉਨ੍ਹਾਂ ਵਿਚਕਾਰ ਇੱਕ ਗੈਰ-ਜਮਾਤੀ ਪਾਲਾਬੰਦੀ ਪੈਦਾ ਕਰ ਰਿਹਾ ਸੀ। ਇਸ ਮਕਸਦ ਲਈ ਹਾਕਮ ਜਮਾਤੀ ਤਾਕਤਾਂ ਮੁੱਖ ਤੌਰ ਤੇ ਗਰੀਬੀ ਹਟਾਓ’, ਜਮਹੂਰੀਅਤ ਦੀ ਸੁਰੱਖਿਆ ਤੇ ਮੁੜ-ਸਥਾਪਤੀ ਵਰਗੇ ਨਾਅਰਿਆਂ ਦਾ ਸਹਾਰਾ ਲੈ ਰਹੀਆਂ ਸਨ। ਇੱਥੋਂ ਤੱਕ ਕਿ ਪੰਜਾਬ ਵਿੱਚ ਵੀ, ਇਨ੍ਹਾਂ ਤਾਕਤਾਂ ਨੇ ਇਸ ਪਿਛਾਂਹਖਿੱਚੂ ਖੋਹ-ਖਿੰਝ ਵਿੱਚ ਧਾਰਮਿਕ ਫਿਰਕੂ ਭਾਵਨਾਵਾਂ ਦੀ ਮੁੱਖ ਹਥਿਆਰ ਵਜੋਂ ਵਰਤੋਂ ਨਹੀਂ ਸੀ ਕੀਤੀ। ਆਨੰਦਪੁਰ ਸਾਹਿਬ ਦਾ ਮਤਾ ਜੋ ਕਿ 1973 ਵਿੱਚ ਪਾਸ ਕੀਤਾ ਗਿਆ ਸੀ, ਉਹ ਵੀ ਅਕਾਲੀ ਲੀਡਰਸ਼ਿਪ ਨੂੰ ਸਿਆਸੀ ਤਾਕਤ ਹਥਿਆਉਣ ਲਈ ਜਨਸੰਘ ਤੇ ਬੀ. ਜੇ. ਪੀ. ਵਰਗੀਆਂ ਹਿੰਦੂ ਫਿਰਕੂ ਤਾਕਤਾਂ ਨਾਲ ਮਿਲਾਉਣ ਤੋਂ ਨਹੀਂ ਸੀ ਰੋਕ ਸਕਿਆ। ਐਮਰਜੈਂਸੀ ਦੌਰਾਨ ਢਾਹੇ ਅਣਮਨੁੱਖੀ ਜ਼ੁਲਮਾਂ ਨੂੰ ਫਿਰਕੂ, ਅਕਾਲੀ ਲੀਡਰਸ਼ਿਪ ਦੁਆਰਾ ਵੀ ਕਦੇ ਸਿੱਖ ਘੱਟ ਗਿਣਤੀ ਜਾਂ ਪੰਜਾਬ ਦੇ ਲੋਕਾਂ ਦੇ ਦਮਨ ਵਜੋਂ ਪੇਸ਼ ਨਹੀਂ ਸੀ ਕੀਤਾ ਗਿਆ। ਸਗੋਂ ਉਨ੍ਹਾਂ ਨੇ ‘‘ਜਮਹੂਰੀਅਤ ਦੀ ਮੁੜ-ਬਹਾਲੀ’’ ਲਈ ਕੌਮੀ ਪੱਧਰ ਦੀਆਂ ਵਿਰੋਧੀ ਪਾਰਟੀਆਂ ਨਾਲ ਗੱਠਜੋੜ ਦੀ ਨੀਤੀ ਦੀ ਵਕਾਲਤ ਕੀਤੀ ਅਤੇ ਉਸ ਤੇ ਅਮਲ ਕੀਤਾ। ਸਿੱਖਾਂ ਜਾਂ ਪੰਜਾਬੀ ਲੋਕਾਂ ਦੇ ਅਖੌਤੀ ਮੰਗਾਂ ਤੇ ਮਸਲਿਆਂ ਨੇ ਕਦੇ ਵੀ ਪੰਜਾਬ ਵਿੱਚ  ਅਕਾਲੀ ਲੀਡਰਸ਼ਿਪ ਅਤੇ ਹੋਰ ਹਾਕਮ ਜਮਾਤੀ-ਸਿਆਸੀ ਧੜਿਆਂ ਵਿਚਕਾਰਲੀ ਪਾਲਾਬੰਦੀ ਨੂੰ ਸਾਕਾਰ ਰੂਪ ਦੇਣ ਵਿੱਚ ਕੋਈ ਅਹਿਮ ਭੂਮਿਕਾ ਨਹੀਂ ਨਿਭਾਈ।
ਪੰਜਾਬ ਦੇ ਸਮਾਜਿਕ ਸਿਆਸੀ ਸੀਨ ਤੇ ਸਿੱਖ ਧਾਰਮਿਕ ਮੂਲਵਾਦ ਦਾ ਵਰਤਾਰਾ ਸ਼ੁਰੂ ਵਿੱਚ ਹਿੰਦੂ ਭਾਈਚਾਰੇ ਦੇ ਵਿਰੋਧ ਵਿੱਚ ਨਹੀਂ ਸਗੋਂ ਨਿਰੰਕਾਰੀ ਫਿਰਕੇ ਦੇ ਵਿਰੋਧ ਵਿੱਚ ਪੈਦਾ ਹੋਇਆ ਸੀ, ਜਿਹੜਾ ਕਿ ਸਿੱਖੀ ਦਾ ਹੀ ਦੂਸਰਾ ਸਿਰਾ ਸੀ।
13 ਅਪ੍ਰੈਲ, 1975 ਨੂੰ ਅੰਮ੍ਰਿਤਸਰ ਵਿਖੇ ਬਾਬਾ ਗੁਰਬਚਨ ਸਿੰਘ, ਜੋ ਕਿ ਉਸ ਸਮੇਂ ਨਿਰੰਕਾਰੀਆਂ ਦੇ ਮੁਖੀ ਸਨ, ਵੱਲੋਂ ਜਰਨੈਲ ਸਿੰਘ ਭਿੰਡਰਾਂਵਾਲੇ ਖਿਲਾਫ਼ ਧਾਰਮਿਕ ਸਰਬਉੱਚਤਾ ਦੀ ਲੜਾਈ ਵਿੱਚ ਤਾਕਤ ਦੇ ਵਿਖਾਵੇ ਲਈ ਜਥੇਬੰਦ ਕੀਤੇ ਇੱਕ ਵੱਡੇ ਧਾਰਮਿਕ ਇਕੱਠ ਮੌਕੇ, ਇੱਕ ਭਿਆਨਕ ਹਥਿਆਰਬੰਦ ਟੱਕਰ ਹੋ ਗਈ ਜਿਸ ਵਿੱਚ ਇੱਕ ਦਰਜ਼ਨ ਤੋਂ ਵਧੇਰੇ ਵਿਅਕਤੀ ਮਾਰੇ ਗਏ, ਜਿਨ੍ਹਾਂ ਵਿਚੋਂ ਬਹੁਤੇ ਸਿੱਖ ਮੂਲਵਾਦੀ ਖੇਮੇ ਨਾਲ ਸਬੰਧਤ ਸਨ। ਇਸ ਘਟਨਾ ਨੂੰ ਨਿਰੰਕਾਰੀ ਫਿਰਕੇ ਦੇ ਪੈਰੋਕਾਰਾਂ ਵਿਰੁੱਧ ਜਾਨੂੰਨੀ ਤੇ ਜ਼ਹਿਰੀਲੀ ਮੁਹਿੰਮ ਵਿੱਢਣ ਲਈ ਵਰਤਿਆ ਗਿਆ। ਅਕਾਲ ਤਖ਼ਤ, ਜੋ ਕਿ  ਸਿੱਖਾਂ ਦੀ ਸਰਬਉੱਚ ਸੰਸਥਾ ਹੈ, ਵੱਲੋਂ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ। ਇਸ ਵਿੱਚ ਸਿੱਖਾਂ ਨੂੰ ਹੁਕਮ ਜਾਰੀ ਕੀਤਾ ਗਿਆ ਕਿ ਉਹ ਨਿਰੰਕਾਰੀਆਂ ਨਾਲ ਕਿਸੇ ਵੀ ਤਰ੍ਹਾਂ ਦੇ ਸਮਾਜਿਕ ਰਿਸ਼ਤੇ-ਨਾਤੇ ਨਾ ਰੱਖਣਲਗਭਗ ਸਾਰੇ ਨਿਰੰਕਾਰੀ ਭਵਨ - ਉਹ ਥਾਵਾਂ ਜਿੱਥੇ ਨਿਰੰਕਾਰੀ ਧਾਰਮਿਕ ਨਾਮ ਚਰਚਾ ਲਈ ਇਕੱਠੇ ਹੁੰਦੇ ਸਨ - ਪੰਜਾਬ ਭਰ ਵਿੱਚ ਸੀਲ ਕਰ ਦਿੱਤੇ ਗਏ ਸਨ। ਅਕਾਲੀਆਂ ਨੇ, ਜਿਹੜੇ ਉਸ ਸਮੇਂ ਰਾਜ ਸਰਕਾਰ ਚ ਭਾਰੂ ਸਨ, ਰਵਾਇਤੀ ਸਿੱਖ ਜਨਤਾ ਵਿੱਚ ਆਪਣਾ ਵੋਟ ਬੈਂਕ ਮਜ਼ਬੂਤ ਕਰਨ ਲਈ ਇਨ੍ਹਾਂ ਮੁਹਿੰਮਾਂ ਦੀ ਖੁੱਲ੍ਹੇਆਮ ਹਮਾਇਤ ਕੀਤੀ ਤੇ ਇਨ੍ਹਾਂ ਚ ਸ਼ਮੂਲੀਅਤ ਵੀ ਕੀਤੀ। ਉਨ੍ਹਾਂ ਨੇ ਖੁੱਲ੍ਹੇ ਰੂਪ ਵਿੱਚ ਧਮਕੀ ਭਰੇ ਭੜਕਾਊ ਬਿਆਨ ਜਾਰੀ ਕੀਤੇ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਨਿਰੰਕਾਰੀਆਂ ਨੂੰ ਪੰਜਾਬ ਦੀ ਧਰਤੀ ਤੇ ਪੈਰ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੀਆਂ ਧਾਰਮਿਕ ਪੁਸਤਕਾਂ ਤੇ ਪਾਬੰਦੀ ਲਾਉਣ ਦੀ ਮੰਗ ਵੀ ਕੀਤੀ ਗਈ।
ਪਰ ਇਨ੍ਹਾਂ ਘਟਨਾਵਾਂ ਦਾ ਪੰਜਾਬ ਦੇ ਸਮੁੱਚੇ ਸਿਆਸੀ ਦ੍ਰਿਸ਼ (ਹਾਲਤ) ਤੇ ਕੋਈ ਬਹੁਤਾ ਪ੍ਰਭਾਵ ਨਾ ਪਿਆ। ਕਾਂਗਰਸ (ਆਈ) ਅਤੇ ਕੌਮੀ ਪੱਧਰ ਦੀਆਂ ਪਾਰਟੀਆਂ ਇੱਕ ਦੂਜੇ ਦੀ ਰੀਸ ਵਿੱਚ ਖੇਤਰੀ ਸਿਆਸੀ ਪਾਰਟੀਆਂ ਨਾਲ ਗੱਠਜੋੜ ਬਨਾਉਣ ਅਤੇ ਆਪਣੇ ਸੌੜੇ ਸਿਆਸੀ ਭੇੜ ਵਿੱਚ ਉਨ੍ਹਾਂ ਨੂੰ ਇੱਕ ਦੂਜੇ ਦੇ ਖਿਲਾਫ਼ ਵਰਤਣ ਵਿੱਚ ਲੱਗੀਆਂ ਹੋਈਆਂ ਸਨ। ਪੰਜਾਬ ਵਿੱਚ ਅਕਾਲੀ ਲੀਡਰਸ਼ਿਪ ਵਿਰੋਧੀ ਧਿਰ ਨਾਲ ਨਿਰੰਤਰ ਗੂੜ੍ਹਾ ਰਿਸ਼ਤਾ ਰੱਖਦੇ ਹੋਏ, ਕਾਂਗਰਸ ਨਾਲ ਸੱਤ੍ਹਾ ਚ ਹਿੱਸੇਦਾਰੀ ਦਾ ਸੌਦਾ ਮਾਰਨ ਦਾ ਰਾਹ ਵੀ ਖੁੱਲ੍ਹਾ ਰੱਖ ਰਹੀ ਸੀ।
ਇੱਥੋਂ ਤੱਕ ਕਿ 1980 ਵਿੱਚ ਵੀ, ਅਕਾਲੀ ਦਲ ਵਿਚਲੀ ਸਿਆਸੀ ਪਾਲਾਬੰਦੀ ਸਿੱਖਾਂ ਜਾਂ ਪੰਜਾਬੀਆਂ ਦੇ ਹੱਕਾਂ ਵਰਗੇ ਮੁੱਦਿਆਂ ਤੇ ਨਹੀਂ ਸਗੋਂ ਬੀ. ਜੇ. ਪੀ. ਅਤੇ ਅਖੌਤੀ ਖੱਬੀਆਂ ਪਾਰਟੀਆਂ ਵਿੱਚੋਂ ਚੋਣ ਗੱਠਜੋੜ ਕਿਸ ਨਾਲ ਹੋਵੇ ਦੇ ਸਵਾਲ ਤੇ ਹੋਈ ਸੀ। ਸਿੱਖ ਮੂਲਵਾਦ ਦਾ ਉੱਭਰ ਰਿਹਾ ਚੈਂਪੀਅਨ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ, ਵੀ ‘‘ਕੇਂਦਰ’’ ਅਤੇ ਸਿੱਖਾਂ ਦਰਮਿਆਨ ਦੁਸ਼ਮਣੀ ਵਰਗੀ ਭਾਸ਼ਾ ਚ ਗੱਲ ਨਹੀਂ ਸੀ ਕਰਦਾ। ਸਗੋਂ ਉਸਨੇ ਪੰਜਾਬ ਵਿੱਚ ਅਕਾਲੀ-ਕਾਂਗਰਸ ਵਿਚਾਲੇ ਸਾਂਝ ਭਿਆਲੀ ਦੀ ਵਕਾਲਤ ਕੀਤੀ ਸੀ।
80ਵਿਆਂ ਦੇ ਸ਼ੁਰੂ ਵਿੱਚ, ਅਕਾਲੀ ਲੀਡਰਸ਼ਿਪ ਨੇ ਰਾਸ਼ਟਰਪਤੀ ਦੀ ਚੋਣ ਗਿਆਨੀ ਜੈਲ ਸਿੰਘ ਦਾ ਸਮਰਥਨ ਕਰਕੇ ਅਤੇ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਵਧਾਏ ਬੱਸ ਕਿਰਾਇਆਂ ਵਿਰੋਧੀ ਲੋਕਾਂ ਦੇ ਸੰਘਰਸ਼ ਵਿਚੋਂ ਪੈਰ ਪਿਛਾਂਹ ਖਿੱਚ ਕੇ ਕੇਂਦਰ ਦੀ ਕਾਂਗਰਸੀ ਸਰਕਾਰ ਵੱਲ ਸਮਝੌਤੇ ਦਾ ਹੱਥ ਵਧਾਇਆ ਸੀਇਸ ਸਭ ਕੁੱਝ ਦਾ ਮਕਸਦ ਸੱਤ੍ਹਾ ਵਿੱਚ ਮਨ-ਮੁਆਫ਼ਕ ਹਿੱਸੇਦਾਰੀ ਨੂੰ ਸੁਰੱਖਿਅਤ ਬਨਾਉਣ ਲਈ ਕਾਂਗਰਸੀ ਖੇਮੇ ਨਾਲ ਸੌਦੇਬਾਜ਼ੀ ਕਰਨਾ ਸੀ।

ਹਾਕਮ-ਜਮਾਤੀ ਸਿਆਸਤ ਵਿੱਚ ਮੋੜ

80ਵਿਆਂ ਦਾ ਦਹਾਕਾ ਭਾਰਤ ਦੀ ਹਾਕਮ ਜਮਾਤੀ ਸਿਆਸਤ ਵਿੱਚ ਵੱਖਰੀ ਤਰ੍ਹਾਂ ਦੇ ਪੜਾਅ ਦਾ ਚਿੰਨ੍ਹ ਸੀ। ਭਾਰਤੀ ਸਮਾਜ ਅੰਦਰਲੀਆਂ ਸਭਨਾਂ ਵੱਡੀਆਂ ਤੇ ਛੋਟੀਆਂ ਵਿਰੋਧਤਾਈਆਂ ਦੇ ਬਰਦਾਸ਼ਤ ਨਾ ਹੋਣ ਦੀ ਹੱਦ ਤੱਕ ਪਹੁੰਚਣ ਅਤੇ ਲੋਕ ਲੁਭਾਊ ਨਾਅਰਿਆਂ ਦਾ ਦਿਵਾਲਾ ਨਿਕਲਣ ਕਰਕੇ, ਹਾਕਮ ਜਮਾਤਾਂ ਕੋਲ ਹਕੂਮਤੀ ਤਾਕਤ ਹਥਿਆਉਣ ਦੇ ਆਪਸੀ ਭੇੜ ਅਤੇ ਭਾਰਤ ਦੇ ਲੋਕਾਂ ਦੀ ਲੁੱਟ-ਚੋਂਘ ਦੇ ਸਿਸਟਮ ਨੂੰ ਜਿਉਂ ਦਾ ਤਿਉਂ ਬਣਾਈ ਰੱਖਣ ਲਈ ਪਿਛਾਂਹ ਖਿੱਚੂ ਨਾਅਰਿਆਂ ਤੇ ਨੀਤੀ ਪੈਂਤੜਿਆਂ ਤੇ ਟੇਕ ਰੱਖਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ ਬਚਿਆ। ਕਾਂਗਰਸ (ਆਈ) ਦੀ ਸਰਕਾਰ ਇਸ ਪਿਛਾਖੜੀ ਨੀਤੀ ਦੀ ਸਭ ਤੋਂ ਤੇਜ਼-ਤਰਾਰ ਤੇ ਭਰੋਸੇਯੋਗ ਚੈਂਪੀਅਨ ਬਣ ਕੇ ਉੱਭਰੀ। ਕੌਮੀ, ਖੇਤਰੀ, ਜਾਤੀ ਤੇ ਧਾਰਮਿਕ ਸ਼ਾਵਨਵਾਦੀ ਤਾਕਤਾਂ ਨੂੰ ਲੋਕਾਂ ਵਿੱਚ ਫੁੱਟ ਪਾਉਣ ਲਈ ਚੇਤਨ ਰੂਪ ਚ ਉਕਸਾਇਆ ਗਿਆ। ਇਸ ਪਿੱਛੇ ਛੁਪਿਆ ਮਕਸਦ ਲੁਟੇਰੇ ਸਿਸਟਮ ਖਿਲਾਫ਼ ਲੋਕਾਂ ਦੇ ਹੱਕੀ ਗੁੱਸੇ ਨੂੰ ਨਿਹੱਕੀ ਅਤੇ ਆਤਮਘਾਤੀ ਰਾਹ ਵੱਲ ਤਿਲ੍ਹਕਾਉਣਾ ਅਤੇ ਲੋਕਾਂ ਨੂੰ ਹਾਕਮ-ਜਮਾਤੀ ਗੁੱਟਾਂ ਦੀ ਸੱਤ੍ਹਾ ਦੀ ਹਥਿਆਉਣ ਦੀ ਪਿਛਾਖੜੀ ਲੜਾਈ ਵਿੱਚ ਘਸੀਟਣਾ ਸੀ। ਹਾਕਮ ਜਮਾਤਾਂ ਦੀ ਇਸ ਨੀਤੀ ਉੱਤੇ ਸੰਸਾਰ ਸਾਮਰਾਜਵਾਦੀ ਪ੍ਰਬੰਧ ਦੀ ਆਪਣੀ ਹੋਂਦ ਨੂੰ ਕਾਇਮ ਰੱਖਣ ਦੀ ਲੋੜ ਦੀ ਛਾਪ ਸੀ, ਜੋ ਕਿ ਆਪਣੀ ਸਥਾਪਤੀ ਬਣਾਈ ਰੱਖਣ ਲਈ ਸੰਸਾਰ ਭਰ ਵਿੱਚ ਅਤੇ ਖਾਸ ਕਰਕੇ ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ ਜਾਤੀਵਾਦੀ, ਫਿਰਕੂ, ਨਸਲੀ ਜਾਂ ਕੌਮੀ ਸ਼ਾਵਨਵਾਦੀ ਪਿਛਾਖੜੀ ਲਹਿਰਾਂ ਦੇ ਬੇਲਗਾਮ ਵਧਾਰੇ ਤੇ ਨਿਰਭਰ ਸੀ। ਪੱਛਮੀ ਸਾਮਰਾਜਵਾਦੀ ਕੈਂਪ ਵੱਲੋਂ ਇਸ ਪਿਛਾਖੜੀ ਹਥਿਆਰ ਨੂੰ ਸੰਸਾਰ ਸਾਮਰਾਜੀ ਪ੍ਰਬੰਧ ਅਤੇ ਨਾਲ ਹੀ ਆਪਣੇ ਸਾਮਰਾਜਵਾਦੀ ਗੁੱਟ ਦੇ ਖਾਸ ਹਿੱਤਾਂ ਨੂੰ ਬਚਾਉਣ ਲਈ ਘੜੀਆਂ ਗਈਆਂ ਨੀਤੀਆਂ ਵਿੱਚ ਉਚੇਚਾ ਮਹੱਤਵ ਦਿੱਤਾ ਗਿਆ ਸੀ।
ਪੰਜਾਬ ਅੰਦਰ ਇਸ ਪਿਛਾਖੜੀ ਤੇ ਲੋਕ ਵਿਰੋਧੀ ਨੀਤੀ ਨੇ ਆਪਣੇ-ਆਪ ਨੂੰ ਸੱਤ੍ਹਾ ਦੀ ਖੋਹ-ਖਿੰਝ ਵਿੱਚ ਅਕਾਲੀ ਦਲ ਨੂੰ ਹਾਸ਼ੀਏ ਤੇ ਧੱਕਣ ਲਈ ਸਿੱਖ ਫਿਰਕੂ ਅੱਤਵਾਦ ਨੂੰ ਭੜਕਾਉਣ ਦੀਆਂ ਖ਼ਤਰਨਾਕ ਚਾਲਾਂ ਦੇ ਰੂਪ ਵਿੱਚ ਸਾਹਮਣੇ ਲਿਆਂਦਾ। ਕਾਂਗਰਸੀ ਖੇਮੇ ਵੱਲੋਂ ਸੰਤ ਭਿੰਡਰਾਂਵਾਲੇ ਨੂੰ ਰਵਾਇਤੀ ਅਕਾਲੀ ਲੀਡਰਸ਼ਿੱਪ ਦੇ ਮੁਕਾਬਲੇ ਸੱਤ੍ਹਾ ਦੇ ਕੇਂਦਰ ਦੇ ਰੂਪ ਵਿੱਚ ਉਭਾਰਨ ਦੀ ਹਰ ਮੁਮਕਿਨ ਕੋਸ਼ਿਸ਼ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਕਿ ਸਿੱਖ ਧਾਰਮਿਕ ਅਸਥਾਨਾਂ ਨੂੰ ਸੰਚਾਲਿਤ ਤੇ ਕੰਟਰੋਲ ਕਰਦੀ ਹੈ, ਦਾ (ਰਵਾਇਤੀ ਅਕਾਲੀਆਂ ਤੋਂ) ਕੰਟਰੋਲ ਖੋਹਣ ਵਿੱਚ ਕਾਂਗਰਸ (ਆਈ) ਨੇ ਭਿੰਡਰਾਂਵਾਲੇ ਦੀ ਖੁੱਲ੍ਹੀ ਹਮਾਇਤ ਕੀਤੀ। ਮੋੜਵੇਂ ਰੂਪ ਵਿੱਚ, ਉਸ ਦੇ ਬੰਦਿਆਂ ਨੇ 1980 ਦੀਆਂ ਚੋਣਾਂ ਵਿੱਚ ਕਾਂਗਰਸ (ਆਈ) ਦੇ ਉਮੀਦਵਾਰਾਂ ਦੀ ਮੱਦਦ ਕੀਤੀ। ਵਿਦੇਸ਼ ਵਿੱਚ ਰਹਿੰਦੇ ਸਿੱਖ ਮੂਲਵਾਦੀ ਬਲਵੀਰ ਸਿੰਘ ਸੰਧੂ, ਜਿਹੜਾ ਕਿ ਹੁਣ ‘‘ਖਾਲਿਸਤਾਨ ਕੌਂਸਲ’’ ਦਾ ਆਪੂੰ ਬਣਿਆ ਪ੍ਰਧਾਨ ਹੈ, ਨੇ ਕਾਂਗਰਸ (ਆਈ) ਦੀ ਉਮੀਦਵਾਰ ਸ਼੍ਰੀਮਤੀ ਸੁਖਬੰਸ ਕੌਰ ਭਿੰਡਰ (ਤਤਕਾਲੀ ਕੇਂਦਰੀ ਮੰਤਰੀ) ਦੀ ਪਾਰਲੀਮੈਂਟਰੀ ਚੋਣਾਂ ਵਿੱਚ ਡਟਵੀਂ ਮੱਦਦ ਕੀਤੀ।
ਸਿੱਖਾਂ ਵਿੱਚ ਬਹੁਤ ਹੀ ਸੀਮਤ ਆਧਾਰ ਤੋਂ ਸ਼ੁਰੂਆਤ ਕਰਕੇ, ਭਿੰਡਰਾਂ ਵਾਲੇ ਨੇ ਹੌਲੀ ਹੌਲੀ ਆਪਣੀ ਖਾੜਕੂ ਦਿੱਖ, ਵਿਆਪਕ ਫਿਰਕੂ ਪ੍ਰਚਾਰ ਅਤੇ ਆਪਣੇ ਕਾਤਲੀ ਗਰੋਹਾਂ ਦੁਆਰਾ ਕੀਤੇ ਗਏ ਕਤਲਾਂ ਰਾਹੀਂ ਆਪਣੀ ਪਕੜ ਮਜ਼ਬੂਤ ਕੀਤੀ। ਉਹ ਨਿਰੰਕਾਰੀਆਂ ਅਤੇ ਹਿੰਦੂਆਂ ਦਾ ਸਫਾਇਆ ਕਰ ਦੇਣ ਦੇ ਧਮਕੀਆਂ ਭਰੇ ਭੜਕਾਊ ਫਿਰਕੂ ਭਾਸ਼ਣ ਦਿੰਦਾ ਸੀ। ਉਸਨੇ ਲਾਇਸੈਂਸੀ ਤੇ ਗੈਰ-ਲਾਇਸੈਂਸੀ ਹਥਿਆਰਾਂ ਦੇ ਬਹੁਤ ਵੱਡੇ ਜ਼ਖੀਰੇ ਦੀ ਨੁਮਾਇਸ਼ ਕਰਦੇ ਹੋਏ ਅੰਮ੍ਰਿਤਸਰ ਵਿੱਚ ਮੀਟ, ਸ਼ਰਾਬ ਤੇ ਤੰਬਾਕੂ ਦੀ ਵਿਕਰੀ ਤੇ ਪਾਬੰਦੀ ਲਾਉਣ ਦੀ ਮੰਗ ਕਰਦੇ ਮੁਜ਼ਾਹਰੇ ਦੀ ਅਗਵਾਈ ਕੀਤੀ, ਜਿਸਨੇ ਹਿੰਦੂ ਭਾਈਚਾਰੇ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ। ਉਹ ਆਪਣੇ ਚੇਲਿਆਂ ਵੱਲੋਂ ਕੀਤੇ ਕਤਲਾਂ ਦੀ ਜਨਤਕ ਤੌਰ ਤੇ ਸ਼ਲਾਘਾ ਕਰਦਾ ਸੀ। ਜਦੋਂ ਦਿੱਲੀ ਵਿੱਚ, ਨਿਰੰਕਾਰੀ ਮੁਖੀ, ਬਾਬਾ ਗੁਰਬਚਨ ਸਿੰਘ ਦਾ ਕਤਲ ਹੋਂਿੲਆ ਤਾਂ ਉਸਨੇ ਕਾਤਲਾਂ ਨੂੰ ਸੋਨੇ ਨਾਲ ਤੋਲਣ ਦੀ ਪੇਸ਼ਕਸ਼ ਕੀਤੀ। ਉਹ ਵੱਡੀ ਸ਼ੇਖੀ ਮਾਰਦਿਆਂ ਕਿਹਾ ਕਰਦਾ ਸੀ ਕਿ ਹਿੰਦੂਆਂ ਦੇ ਮੁਕੰਮਲ ਸਫਾਏ ਲਈ ਇੱਕ ਸਿੱਖ ਦੇ ਹਿੱਸੇ ਸਿਰਫ਼ 35 ਹਿੰਦੂ ਆਉਂਦੇ ਹਨ। ਉਸ ਨੇ ਸਿੱਖ ਨੌਜਵਾਨਾਂ ਨੂੰ ‘‘ਹਿੰਦੂ ਰਾਜ’’ ਦੇ ਖਾਤਮੇ ਅਤੇ ‘‘ਗੁਲਾਮੀ ਦੀਆਂ ਕੜੀਆਂ ਤੋੜਨ’’ ਲਈ ਹਥਿਆਰਬੰਦ ਹੋਣ ਦੀ ਤਾਕੀਦ ਕੀਤੀ। ਇਨ੍ਹਾਂ ਅੱਗ ਉਗਲਦੇ ਭਾਸ਼ਣਾਂ ਦੇ ਬਾਵਜੂਦ, ਰਾਜ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਉਸਦੇ ਖਿਲਾਫ਼ ਕੋਈ ਕਾਰਵਾਈ ਨਾ ਕੀਤੀ।
1981 ਵਿੱਚ, ਭਿੰਡਰਾਂਵਾਲੇ ਦੇ ਚੇਲਿਆਂ ਨੇ ਪੰਜਾਬ ਦੇ ਇੱਕ ਅਖ਼ਬਾਰ ਸਮੂਹ ਦੇ ਸੰਪਾਦਕ ਅਤੇ ਮਾਲਕ ਲਾਲਾ ਜਗਤ ਨਰਾਇਣ ਦਾ ਕਤਲ ਕਰ ਦਿੱਤਾ। ਉਸਦਾ (ਭਿੰਡਰਾਂਵਾਲੇ ਦਾ) ਨਾਮ  ਐਫ. ਆਈ. ਆਰ. ਵਿੱਚ ਦਰਜ ਸੀ। ਕਾਫੀ ਸਮੇਂ ਤੱਕ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਬਾਅਦ ਵਿੱਚ ਉਸਨੂੰ ਆਪਣੀ ਗ੍ਰਿਫਤਾਰੀ ਦੇਣ ਲਈ ਸਮਾਂ, ਸਥਾਨ, ਢੰਗ ਅਤੇ ਸ਼ਰਤਾਂ ਤਹਿ ਕਰਨ ਦੀ ਇਜਾਜ਼ਤ ਦਿੱਤੀ ਗਈ। ਉਸਨੇ ਅੰਮ੍ਰਿਤਸਰ ਨੇੜੇ, ਮਹਿਤਾ ਚੌਕ ਵਿੱਚ ਆਪਣੇ ਸ਼ਰਧਾਲੂਆਂ ਦਾ ਬਹੁਤ ਭਾਰੀ ਇਕੱਠ ਕਰਕੇ ਉਨ੍ਹਾਂ ਨੂੰ ਅੱਗ ਉਗਲਦੇ ਭਾਸ਼ਣ ਦੇ ਕੇ ਭੜਕਾਇਆ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੰਟਰੋਲ ਕਰਨ ਵਾਲੇ ਅਤੇ ਗਿਆਨੀ ਜੈਲ ਸਿੰਘ ਦੇ ਬਹੁਤ ਹੀ ਵਿਸ਼ਵਾਸਪਾਤਰ ਜਥੇਦਾਰ ਸੰਤੋਖ ਸਿੰਘ ਨੇ ਇਸ ਮੌਕੇ ਸਭ ਤੋਂ ਭੜਕਾਊ ਭਾਸ਼ਣ ਦਿੱਤਾ। ਭਿੰਡਰਾਂਵਾਲੇ ਨੂੰ ਗ੍ਰਿਫਤਾਰ ਕਰਨ ਗਈ ਪੁਲਸ ਇਸ ਸਭ ਕੁੱਝ ਨੂੰ ਮੂਲ ਦਰਸ਼ਕ ਬਣੀ ਦੇਖਦੀ ਰਹੀ। ਜਦੋਂ ਭੀੜ ਦਾ ਗੁੱਸਾ ਭੜਕਿਆ ਤਾਂ ਪੁਲਿਸ ਨੇ ਫਾਇਰਿੰਗ ਅਤੇ ਲਾਠੀ ਵਰ੍ਹਾਉਣੀ ਸ਼ੁਰੂ ਕਰ ਦਿੱਤੀ। ਇੱਕ ਦਰਜ਼ਨ ਤੋਂ ਵੱਧ ਲੋਕ ਮਾਰੇ ਗਏ। ਭਿੰਡਰਾਂਵਾਲੇ ਨੂੰ ਪੁਲਿਸ ਹਿਰਾਸਤ ਵਿੱਚ ਲੈ ਕੇ ਲੁਧਿਆਣੇ ਨੇੜੇ ਇੱਕ ਗੈਸਟ ਹਾਊਸ ਵਿੱਚ ਸਰਕਾਰੀ ਮਹਿਮਾਨ ਬਣਾ ਕੇ ਰੱਖਿਆ ਗਿਆ ਅਤੇ ਅਗਲੇ ਹੀ ਦਿਨ ਬਿਨਾਂ ਕਿਸੇ ਸ਼ਰਤ ਦੇ ਰਿਹਾਅ ਕਰ ਦਿੱਤਾ ਗਿਆ। ਉਸ ਤੋਂ ਬਾਅਦ, ਉਸਨੂੰ ਸ਼੍ਰੀ ਹਰਮੰਦਰ ਸਾਹਿਬ ਵਿੱਚ ਸ਼ਰਨ ਲੈਣ ਅਤੇ ਕੰਪਲੈਕਸ ਵਿੱਚੋਂ ਆਪਣੇ ਕਾਤਲੀ ਗਰੋਹਾਂ ਦੀਆਂ ਕਾਰਵਾਈਆਂ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਗਈ।
ਭਿੰਡਰਾਂਵਾਲੇ ਦੀ ਦਿੱਖ ‘‘ਸਿੱਖਾਂ ਦੇ ਹੀਰੋ’’ ਦੇ ਰੂਪ ਵਿੱਚ ਉਭਾਰਨ ਵਾਲੇ ਮੁੱਖ ਕਾਰਕਾਂ ਵਿੱਚ ਇੱਕ ਕਾਂਗਰਸ (ਆਈ) ਖੇਮੇ ਵੱਲੋਂ ਉਸਨੂੰ ਸਿੱਧੇ ਤੇ ਅਸਿੱਧੇ ਰੂਪ ਵਿੱਚ ਹਮਾਇਤ ਦੇਣ ਦੀ ਨੀਤੀ ਸੀ। ਸਾਕਾ ਨੀਲਾ ਤਾਰਾ ਤੋਂ ਪਹਿਲਾਂ ਤੱਕ ਇਹੋ ਨੀਤੀ ਵਰਤੀ ਜਾਂਦੀ ਰਹੀ  ਸੀ। ਕਾਂਗਰਸ (ਆਈ) ਦੇ ਉਸ ਵੇਲੇ ਦੇ ਜਨਰਲ ਸਕੱਤਰ ਰਾਜੀਵ ਗਾਂਧੀ ਨੇ ਵੀ ਉਸਦੇ ‘‘ਬਿਨਾਂ ਕਿਸੇ ਸਿਆਸੀ ਲਾਲਸਾ ਵਾਲੀ ਧਾਰਮਿਕ ਸ਼ਖ਼ਸ਼ੀਅਤ’’ ਹੋਣ ਦੀ ਤਸਦੀਕ ਕੀਤੀ ਸੀ।
ਇਸ ਕਪਟੀ ਨੀਤੀ ਦਾ ਨਿਸ਼ਾਨਾ ਨਿਸ਼ਚਿਤ ਸਿਆਸੀ ਉਦੇਸ਼ਾਂ ਨੂੰ ਨੇਪਰੇ ਚੜ੍ਹਾਉਣਾ ਸੀ। ਭਿੰਡਰਾਂਵਾਲੇ ਨੂੰ ਸਿੱਖਾਂ ਦੇ ਪ੍ਰਸਿੱਧ ਆਗੂ ਵਜੋਂ ਪੇਸ਼ ਕਰਕੇ ਅਤੇ ਉਸਨੂੰ ਰਵਾਇਤੀ ਅਕਾਲੀ ਲੀਡਰਸ਼ਿਪ ਦੇ ਸਮਾਨਾਂਤਰ ਸੱਤ੍ਹਾ ਦੇ ਕੇਂਦਰ ਵਜੋਂ ਉਭਾਰ ਕੇ ਇੰਦਰਾ ਕਾਂਗਰਸ ਸਿੱਖਾਂ ਵਿੱਚੋਂ ਅਕਾਲੀ ਦਲ ਦਾ ਵੋਟ-ਬੈਂਕ ਖਤਮ ਕਰਨਾ  ਚਾਹੁੰਦੀ ਸੀ। ਦੂਜੇ, ਸਿੱਖ ਫਿਰਕੂ ਅੱਤਵਾਦ ਦੇ ਵਧਣ ਨਾਲ ਹਿੰਦੂੁ ਭਾਈਚਾਰੇ ਵਿੱਚ ਦਹਿਸ਼ਤ ਫੈਲ ਜਾਣੀ ਸੀ, ਜਿਸ ਨਾਲ ਅਕਾਲੀ ਦਾ ਹੋਰਨਾਂ ਵਿਰੋਧੀ ਪਾਰਟੀਆਂ ਨਾਲ ਗੱਠਜੋੜ ਬਣਾ ਸਕਣਾ ਬਿਲਕੁਲ ਨਾਮੁਮਕਿਨ ਹੋ ਜਾਣਾ ਸੀ। ਇਸ ਦਾ ਮਕਸਦ ਪੰਜਾਬ ਦੇ ਦੋ ਮੁੱਖ ਧਾਰਮਿਕ ਭਾਈਚਾਰਿਆਂ ਦੇ ਰਵਾਇਤੀ ਬੰਧਨ ਨੂੰ ਤੋੜਨਾ ਅਤੇ ਧਰਮ ਨਿਰਪੱਖ ਤੇ ਜਮਾਤ ਆਧਾਰਤ ਜਨਤਕ ਲਹਿਰਾਂ ਨੂੰ ਕਮਜ਼ੋਰ ਕਰਨਾ ਵੀ ਸੀ। ਖ਼ੌਫਜ਼ਦਾ ਅਤੇ ਅੱਤਵਾਦ ਪ੍ਰਭਾਵਤ ਹਿੰਦੂ ਭਾਈਚਾਰੇ ਨੂੰ ਬੇਵਸੀ ਦੇ ਆਲਮ ਵਿੱਚ ਅਤੇ ਸੁਰੱਖਿਆ ਦੀ ਉਮੀਦ ਵਿੱਚ ਪੰਜਾਬ ਦੀਆਂ ਦੋ ਮੁੱਖ ਸਿਆਸੀ ਪਾਰਟੀਆਂ ਵਿਚੋਂ ਇੱਕ ਕਾਂਗਰਸ (ਆਈ) ਵੱਲ ਜਾਣ ਲਈ ਮਜ਼ਬੂਰ ਕੀਤਾ ਗਿਆ।
ਅੰਤਿਮ ਪਰ ਅਹਿਮ ਰੂਪ ਵਿੱਚ, ਇਸ ਚੁਣੌਤੀ ਨੂੰ ਸਵੀਕਾਰ ਕਰਨ ਲਈ ਕਾਂਗਰਸ (ਆਈ) ਨੂੰ ਇੱਕੋ ਇੱਕ ਪਾਏਦਾਰ ਤੇ ਸਮਰੱਥ ਪਾਰਟੀ ਦੇ ਰੂਪ ਵਿੱਚ ਪੇਸ਼ ਕਰਨ ਅਤੇ ਇਸ ਦੇ ਵੋਟ-ਬੈਂਕ ਦੇ ਆਧਾਰ ਨੂੰ ਮਜ਼ਬੂਤ ਤੇ ਪੱਕਾ ਕਰਨ ਲਈ ਪੰਜਾਬ ਵਿਚਲੇ ਪਿਛਾਖੜੀ ਸੰਕਟ ਨੂੰ ‘‘ਦੇਸ਼ ਦੀ  ਏਕਤਾ ਤੇ ਆਖੰਡਤਾ’’ ਲਈ ਵੱਡੇ ਖ਼ਤਰੇ ਵਜੋਂ; ਦੇਸ਼ ਭਰ ਵਿੱਚ ਕੌਮੀ ਸ਼ਾਨਵਵਾਦੀ ਭਾਵਨਾਵਾਂ ਭੜਕਾਉਣ; ਕੇਂਦਰ ਵਿੱਚ ਸਥਿਰ ਸਰਕਾਰ ਬਨਾਉਣ ਦੀ ਲੋੜ ਲਈ ਕਾਵਾਂ-ਰੌਲੀ ਪਾਉਣ ਵਰਗੇ ਚੈਲਿੰਜਾਂ ਦੇ ਰੂਪ ਵਿੱਚ ਉਭਾਰਿਆ ਗਿਆ। ਨਾਲੋ ਨਾਲ ਪੰਜਾਬ ਸੰਕਟ ਨੂੰ ਜਾਬਰ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਹਰ ਥਾਂ ਲੋਕਾਂ ਦੇ ਹੱਕੀ ਸੰਘਰਸ਼ਾਂ ਉੱਤੇ ਝਪਟਣ ਲਈ ਹਕੂਮਤ ਦੀਆਂ ਹਥਿਆਰਬੰਦ ਫੋਰਸਾਂ ਨੂੰ ਬੇਲਗਾਮ ਤਾਕਤਾਂ ਨਾਲ ਲੈਸ ਕਰਨ ਲਈ ਬਹਾਨੇ ਵਜੋਂ ਵਰਤਿਆ ਜਾਣਾ ਸੀ।

ਅਕਾਲੀ ਦਲ ਦਾ ਰੋਲ - ਧਰਮ ਯੁੱਧ ਮੋਰਚਾ

ਕਾਂਗਰਸ (ਆਈ) ਖੇਮੇ ਦੀਆਂ ਇਨ੍ਹਾਂ ਚਾਲਾਂ ਤੋਂ ਨਿਰਾਸ਼ ਹੋ ਕੇ, ਰਾਜ ਦੇ ਆਰਥਕ ਵਸੀਲਿਆਂ ਵਿੱਚੋਂ ਵਧੇਰੇ ਹਿੱਸਾ ਹਾਸਲ ਕਰਨ ਲਈ ਦਬਾਅ ਪਾਉਣ ਅਤੇ ਸਿੱਖਾਂ ਵਿੱਚ ਆਪਣੇ ਫਿਰਕੂ ਆਧਾਰ ਨੂੰ ਜਿਉਂ ਦਾ ਤਿਉਂ ਬਰਕਰਾਰ ਰੱਖਣ ਲਈ ਅਕਾਲੀ ਲੀਡਰਸ਼ਿਪ ਨੇ ਵੀ ਟਕਰਾਅ ਦਾ ਰਾਹ ਅਖਤਿਆਰ ਕਰ ਲਿਆ। ‘‘ਧਰਮਯੁੱਧ’’ ਮੋਰਚਾ ਅਕਾਲੀ ਲੀਡਰਸ਼ਿਪ ਵੱਲੋਂ ਸੱਤ੍ਹਾ ਹਥਿਆਉਣ ਦੀ ਲੜਾਈ ਵਿੱਚ ਕਾਂਗਰਸ (ਆਈ) ਵੱਲੋਂ ਚੱਲੀਆਂ ਜਾ ਰਹੀਆਂ ਪਿਛਾਖੜੀ ਚਾਲਾਂ ਦਾ ਮੋੜਵਾਂ ਜਵਾਬ ਸੀ। ਇਸ ਮੋਰਚੇ ਦੀ ਸ਼ੁਰੂਆਤ ਅਸਲ ਵਿੱਚ ਭਿੰਡਰਾਂਵਾਲੇ ਨੇ ਕੀਤੀ ਸੀ। ਪਰ ਜਦੋਂ ਇੱਕ ਨਾਜੁਕ ਮੋੜ ਤੇ ਉਸਨੂੰ ਮੋਰਚਾ ਚਲਾਉਣ ਵਿੱਚ ਪ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ ਤਾਂ ਅਕਾਲੀ ਲੀਡਰਸ਼ਿਪ ਨੇ ਇਸ ਨੂੰ ਅਪਣਾ ਲਿਆ।
ਪਹਿਲੀ ਵਾਰ, ਅਕਾਲੀ ਲੀਡਰਸ਼ਿਪ ਵੱਲੋਂ ਦੇਸ਼ ਦੇ ਉੱਤਰੀ ਖੇਤਰ ਵਿੱਚ ਸਿੱਖਾਂ ਦੀ ਭਾਰੂ ਹੈਸੀਅਤ ਅਤੇ ਸਰਬਉੱਚਤਾ (ਖਾਲਸਾ ਜੀ ਦਾ ਬੋਲਬਾਲਾ) ਹਾਸਲ ਕਰਨ ਲਈ ਆਨੰਦਪੁਰ ਸਾਹਿਬ ਦੇ ਮਤੇ ਨੂੰ ਪੂਰੇ ਜੋਸ਼-ਖਰੋਸ਼ ਨਾਲ ਸਿੱਖ ਭਾਈਚਾਰੇ ਦੇ ਮੈਨੀਫੈਸਟੋ ਦੇ ਰੂਪ ਵਿੱਚ ਪੇਸ਼ ਕੀਤਾ ਗਿਆ। 1966 ਵਿੱਚ ਪੰਜਾਬ ਦੇ ਪੁਨਰ ਗਠਨ ਤੋਂ ਬਾਅਦ ਇਹ ਪਹਿਲੀ ਵਾਰ ਸੀ ਕਿ ‘‘ਸਿੱਖ ਭਾਈਚਾਰੇ ਅਤੇ ਪੰਜਾਬੀ ਕੌਮ ਨਾਲ ਹੋ ਰਹੇ ਵਿਤਕਰੇ’’ ਵਰਗੇ ਮੁੱਦਿਆਂ ਨੂੰ ਅਕਾਲੀ ਸਿਆਸਤ ਦੇ ਕੇਂਦਰ ਵਿੱਚ ਲਿਆਂਦਾ ਗਿਆ। 45 ਮੰਗਾਂ ਦਾ ਇੱਕ ਚਾਰਟਰ ਤਿਆਰ ਕੀਤਾ ਗਿਆ। ਅਖੌਤੀ ਸਿੱਖ ਕਾਜ਼ ਦੀ ਇਕਲੌਤੀ ਚੈਂਪੀਅਨ ਹੋਣ ਦੀ ਆਪਣੀ ਦਿੱਖ ਨੂੰ ਬਚਾਉਣ ਲਈ, ਅਕਾਲੀ ਲੀਡਰਸ਼ਿਪ ਸਿੱਖ ਭਾਵਨਾਵਾਂ ਨੂੰ ਭੜਕਾਉਣ ਵਿੱਚ, ਸੰਤ ਭਿੰਡਰਾਂਵਾਲੇ ਨਾਲ ਜਾਨੂੰਨੀ ਹੋੜ ਵਿੱਚ ਲੱਗੀ ਹੋਈ ਸੀ। ਭਿੰਡਰਾਂਵਾਲੇ ਦੇ ਕਾਤਲੀ ਗਰੋਹਾਂ ਦੁਆਰਾ ਨਿਰਦੋਸ਼ ਲੋਕਾਂ ਦੇ ਕਤਲਾਂ ਦੀ ਅਕਾਲੀਆਂ ਨੇ ਕੋਈ ਨਿੰਦਾ ਨਾ ਕੀਤੀ। ਸਗੋਂ ਉਨ੍ਹਾਂ ਨੇ ਇਨ੍ਹਾਂ ਕਤਲਾਂ ਨੂੰ ਸੂਬਾ ਸਰਕਾਰ ਦੀ ਸਾਜਿਸ਼ ਗਰਦਾਨ ਕੇ ਸੱਚ ਨੂੰ ਛੁਪਾਉਣ ਦਾ ਯਤਨ ਕੀਤਾ। ਗੋਲਡਨ ਟੈਂਪਲ ਕੰਪਲੈਕਸ ਅੰਦਰ ਫਿਰਕੂ ਫਾਸ਼ੀ ਗਰੋਹਾਂ ਦੁਆਰਾ ਵੱਡੇ ਪੱਧਰ ਤੇ ਕੀਤੀ ਗਈ ਮੋਰਚੇਬੰਦੀ ਅਤੇ ਹਥਿਆਰਾਂ ਬਾਰੇ ਹਰ ਕੋਈ ਜਾਣਦਾ ਸੀ ਪਰ ਅਕਾਲੀਆਂ ਨੇ ਇਨ੍ਹਾਂ ਤੱਥਾਂ ਨੂੰ ਕਬੂਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਸਗੋਂ ਉਨ੍ਹਾਂ ਨੇ ਇਸ ਸਭ ਕੁੱਝ ਨੂੰ ਕਾਂਗਰਸ (ਆਈ) ਸਰਕਾਰ ਵੱਲੋਂ ਸਿੱਖ ਧਾਰਮਿਕ ਅਸਥਾਨਾਂ ਨੂੰ ਬਦਨਾਮ ਕਰਨ ਦਾ ਝੂਠਾ ਪ੍ਰਚਾਰ ਕਰਾਰ ਦਿੱਤਾ। ਇਸ ਤਰ੍ਹਾਂ ਅਕਾਲੀਆਂ ਨੇ ਕਾਂਗਰਸ (ਆਈ) ਨੂੰ ਸਿੱਖ ਫਿਰਕੂਵਾਦ ਅਤੇ ਫਿਰਕੂ ਦਹਿਸ਼ਤਗਰਦੀ ਦੇ ਉਨ੍ਹਾਂ ਹੀ ਹਥਿਆਰਾਂ ਨਾਲ ਮਾਤ ਦੇਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਕਾਂਗਰਸ (ਆਈ) ਉਨ੍ਹਾਂ ਦੇ ਖਿਲਾਫ਼ ਵਰਤ ਰਹੀ ਸੀ, ਤਾਂ ਕਿ ਹਕੂਮਤੀ ਸਿਆਸਤ ਵਿੱਚ ਹਿੱਸੇਦਾਰੀ ਲਈ ਕਿਸੇ ਸੌਦੇਬਾਜ਼ੀ ਤੇ ਪਹੁੰਚਿਆ ਜਾ ਸਕੇ।
ਫਿਰਕੂ ਦਹਿਸ਼ਤਗਰਦੀ ਦੇ ਉਭਾਰ ਦੇ ਨਾਲ ਨਾਲ ਅਕਾਲੀ ਮੋਰਚੇ ਦਾ ਪਸਾਰਾ ਪੰਜਾਬ ਦੇ ਲੋਕਾਂ ਉੱਤੇ ਇੱਕ ਵੱਡਾ ਹਮਲਾ ਸੀ। ਇਹ ਸਭ ਲੋਕਾਂ ਦਾ ਧਿਆਨ ਉਨ੍ਹਾਂ ਦੇ ਅਸਲੀ ਫੌਰੀ ਅਤੇ ਨਾਲ ਦੀ ਨਾਲ ਬੁਨਿਆਦੀ ਮੁੱਦਿਆਂ ਤੋਂ ਭਟਕਾਉਣ ਵਿੱਚ ਰੋਲ ਅਦਾ ਕਰ ਰਿਹਾ ਸੀ। ਇਹ ਤਹਿ ਸੀ ਕਿ ਪੰਜਾਬ ਦੇ ਲੋਕ ਫਿਰਕੂ ਲੀਹਾਂ ਤੇ ਵੰਡੇ ਜਾਣਗੇ। ਲੋਕਾਂ ਦੇ ਜਮਹੂਰੀ ਹੱਕ ਅਕਾਲੀ ਮੋਰਚੇ ਦੀ ਸੁਰੱਖਿਆ ਛੱਤਰੀ ਹੇਠ ਪਣਪ ਰਹੀ ਫਿਰਕੂ ਦਹਿਸ਼ਤਗਰਦੀ ਦੇ ਹਮਲੇ ਦਾ ਮੁੱਖ ਨਿਸ਼ਾਨਾ ਸਨ। ਭਿੰਡਰਾਂਵਾਲੇ ਦੇ ਕਾਤਲੀ ਗਰੋਹ ਇਨਕਲਾਬੀ, ਧਰਮ ਨਿਰਪੱਖ ਤੇ ਲੋਕ ਪੱਖੀ ਕਾਰਕੁੰਨਾਂ ਦੀਆਂ ਜ਼ਿੰਦਗੀਆਂ ਅਤੇ ਹਰ ਤਰ੍ਹਾਂ ਦੀਆਂ ਲੋਕ ਪੱਖੀ ਸਿਆਸੀ ਤੇ ਟਰੇਡ ਯੂਨੀਅਨ ਸਰਗਰਮੀਆਂ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਜੁਟੇ ਹੋਏ ਸਨ। ਇਸ ਤਰੀਕੇ ਨਾਲ ਧਰਮ ਯੁੱਧ ਮੋਰਚੇ ਨੇ ਸੰਤ ਭਿੰਡਰਾਂਵਾਲੇ ਦੇ ਸਿੱਖ ਮੂਲਵਾਦੀ ਅਤੇ ਫਿਰਕੂ ਫਾਸ਼ੀ ਗਰੋਹਾਂ ਨੂੰ ਬੇਹੱਦ ਲੋੜੀਂਦੀ ਸੁਰੱਖਿਆ ਛੱਤਰੀ ਪ੍ਰਦਾਨ ਕੀਤੀ। ਇਸ ਸਭ ਕੁੱਝ ਨੇ ਭਾਵਨਾਤਮਕ ਤੌਰ ਤੇ ਉਤੇਜਿਤ ਮਾਹੌਲ ਵਿੱਚ ਉਸਨੂੰ (ਸੰਤ ਭਿੰਡਰਾਂਵਾਲੇ ਨੂੰ) ਸਿੱਖਾਂ ਵਿੱਚ ਆਪਣੀ ਅਥਾਰਟੀ ਕਾਇਮ ਕਰਨ ਵਿੱਚ ਵਿੱਚ ਬੜੀ ਮੱਦਦ ਕੀਤੀ।
ਦੂਜੇ ਪਾਸੇ, ਕਾਂਗਰਸ (ਆਈ) ਖੇਮੇ ਨੇ ‘‘ਅੱਤਵਾਦ’’ ਨੂੰ ਕੁਚਲਣ ਦੇ ਬਹਾਨੇ ਲੋਕਾਂ ਉੱਤੇ ਕਾਲੇ ਕਾਨੂੰਨਾਂ ਦਾ ਪੁ¦ਦਾ ਥੋਪ ਦਿੱਤਾ। ਲੋਕਾਂ ਦੇ ਜਮਹੂਰੀ ਹੱਕਾਂ ਨੂੰ ਕੁਚਲਣ ਲਈ ਬੇਪਨਾਹ ਅਧਿਕਾਰਾਂ ਵਾਲੇ ਲੈਸ ਨੀਮ ਫੌਜੀ ਦਸਤਿਆਂ ਨੂੰ ਵੱਡੀ ਗਿਣਤੀ ਵਿੱਚ ਤਾਇਨਾਤ ਕੀਤਾ ਗਿਆ। ਕਾਂਗਰਸ (ਆਈ) ਦਾ ਆਮ ਲੋਕਾਂ ਪ੍ਰਤੀ ਰਵੱਈਆ ਉਸਦੀ ਫਿਰਕੂ ਫਾਸ਼ੀ ਗਰੋਹਾਂ ਨੂੰ ਖੁਸ਼ ਕਰਨ ਦੀ ਨੀਤੀ ਦੇ ਬਿਲਕੁਲ ਉਲਟ ਸੀ। ਭੋਲ਼ੇ-ਭਾਲ਼ੇ ਆਮ ਲੋਕਾਂ ਨੂੰ ਤੇ ਖਾਸ਼ ਕਰਕੇ ਸਿੱਖ ਕਿਸਾਨੀ ਨੂੰ, ਹਕੂਮਤੀ ਫੋਰਸਾਂ ਹੱਥੋਂ ਬੇਅੰਤ ਜਬਰ ਸਹਿਣਾ ਪਿਆ। ਲੋਕਾਂ ਦੇ ਲਗਾਤਾਰ ਵਧ ਰਹੇ ਕੁਟਾਪੇ, ਫਾਇਰਿੰਗਾ, ਤਸੀਹਿਆਂ ਤੇ ਝੂਠੇ ਪੁਲਸ ਮੁਕਾਬਲਿਆਂ ਦੀਆਂ ਵਧ ਰਹੀਆਂ ਘਟਨਾਵਾਂ ਨੇ ਅਕਾਲੀਆਂ ਅਤੇ ਫਿਰਕੂ-ਫਾਸ਼ੀ ਗਰੋਹਾਂ ਨੂੰ ਲੋਕਾਂ ਵਿੱਚ ਹੋਰ ਵਧੇਰੇ ਫਿਰਕੂ ਜਾਨੂੰਨ ਭੜਕਾਉਣ ਲਈ ਅਤਿ ਲੋੜੀਂਦਾ ਮੌਕਾ ਪ੍ਰਦਾਨ ਕੀਤਾਹਕੂਮਤ ਦੇ ਲੋਕ ਵਿਰੋਧੀ ਕਦਮਾਂ ਨੂੰ ਸਿੱਖਾਂ ਦੀ ਨਸਲਕੁਸ਼ੀ ਕਰਨ ਦੀਆਂ ਕੋਸ਼ਿਸ਼ਾਂ ਦੇ ਰੂਪ ਵਿੱਚ ਗਲਤ ਢੰਗ ਨਾਲ ਪੇਸ਼ ਕੀਤਾ ਗਿਆ। ਇਸ ਤਰ੍ਹਾਂ ਇਹ ਦੋਵੇਂ ਦੈਂਤ, ਫਿਰਕੂ ਦਹਿਸ਼ਤਗਰਦੀ ਅਤੇ ਹਕੂਮਤੀ ਦਹਿਸ਼ਤਗਰਦੀ ਇੱਕ ਦੂਜੇ ਤੋਂ ਤਾਕਤ ਹਾਸਲ ਕਰਦੇ ਹੋਏ ਲੋਕਾਂ ਦੀ ਜਾਨ ਦਾ ਖੌਅ ਬਣ ਕੇ ਸਾਹਮਣੇ ਆਏ।
ਏਸੇ ਤਰ੍ਹਾਂ, ਸਿੱਖ ਫਿਰਕੂ ਦਹਿਸ਼ਤਗਰਦੀ ਦੇ ਵਧਾਰੇ ਨੇ ਹਿੰਦੂ ਫਿਰਕਾਪ੍ਰਸਤ ਤਾਕਤਾਂ ਦੇ ਤੇਜ਼ੀ ਨਾਲ ਵਧਣ ਫੁੱਲਣ ਵਿੱਚ ਰੋਲ ਅਦਾ ਕੀਤਾ, ਜਿਨ੍ਹਾਂ ਨੇ ਮੋੜਵੇਂ ਰੂਪ ਵਿੱਚ ਸਿੱਖ ਫਿਰਕੂ ਤਾਕਤਾਂ ਨੂੰ ਹੋਰ ਹਵਾ ਦਿੱਤੀ।

ਸਾਮਰਾਜੀ ਚਾਲਾਂ

ਭਾਰਤ ਉੱਤੇ ਸਾਮਰਾਜਵਾਦੀ ਦਾਬੇ ਵਿੱਚ ਭਾਰੂ ਹੈਸੀਅਤ ਹਾਸਲ ਕਰਨ ਦੀ ਲੜਾਈ ਦੇ ਲਾਜ਼ਮੀ ਅੰਗ ਵਜੋਂ, ਸੰਸਾਰ ਸਾਮਰਾਜਵਾਦੀ ਤਾਕਤਾਂ ਪੰਜਾਬ ਸੰਕਟ ਨੂੰ ਆਪਣੇ ਸਾਮਰਾਜਵਾਦੀ ਹਿੱਤਾਂ ਅਨੁਸਾਰ ਢਾਲਣ ਲਈ ਇਸ ਵਿੱਚ ਡੂੰਘੀ ਦਿਲਚਸਪੀ ਲੈ ਰਹੀਆਂ ਸਨ। ਖਾਸ ਤੌਰ ਤੇ ਅਮਰੀਕੀ ਅਗਵਾਈ ਹੇਠਲਾ ਪੱਛਮੀ ਸਾਮਰਾਜਵਾਦੀ ਧੜਾ ਪੰਜਾਬ ਵਿੱਚ ਫਿਰਕੂ-ਫਾਸ਼ੀ ਲਹਿਰ ਦੇ ਵਧਾਰੇ ਨੂੰ ਅਨੇਕਾਂ ਢੰਗ ਵਰਤ ਕੇ ਉਤਸ਼ਾਹਿਤ ਕਰ ਰਿਹਾ ਸੀ ਤਾਂ ਜੋ ਉਹ ਇਸ ਨੂੰ ਭਾਰਤ ਸਰਕਾਰ ਨੂੰ ਬਲੈਕਮੇਲ ਕਰਨ ਅਤੇ ਦਬਾਅ ਪਾਉਣ ਲਈ ਹਥਿਆਰ ਦੇ ਤੌਰ ਤੇ ਵਰਤ ਕੇ, ਭਾਰਤ ਸਰਕਾਰ ਨੂੰ ਕੌਮੀ ਤੇ ਕੌਮਾਂਤਰੀ ਨੀਤੀਆਂ ਦੇ ਮੁੱਦੇ ਤੇ, ਸੋਵੀਅਤ ਸਮਾਜਿਕ ਸਾਮਰਾਜ ਦੀਆਂ ਨੀਤੀਆਂ ਦੇ ਉਲਟ ਆਪਣੇ ਖਾਸ ਸਾਮਰਾਜੀ ਹਿੱਤਾਂ ਅੱਗੇ ਝੁਕਾ ਸਕੇ। ਪਾਕਿਸਤਾਨ ਦੇ ਹਾਕਮ ਵੀ ਆਪਣੇ ਵਿਰੋਧੀ ਭਾਰਤੀ ਹਾਕਮਾਂ ਨਾਲ ਖਹਿਭੇੜ ਦੇ ਚੱਲਦਿਆਂ, ਆਪਣੇ ਰਵਾਇਤੀ ਗੁਆਂਢੀ ਦੁਸ਼ਮਣਾਂ ਦੇ ਇਲਾਕੇ ਵਿੱਚ ਹੋ ਰਹੀ ਕਿਸੇ ਵੀ ਤਰ੍ਹਾਂ ਦੀ ਗੜਬੜ ਦਾ ਆਪਣੇ ਪਿਛਾਖੜੀ ਹਿੱਤਾਂ ਵਿੱਚ ਫ਼ਾਇਦਾ ਉਠਾਉਣ ਲਈ, ਫਿਰਕੂ-ਫਾਸ਼ੀ ਲਹਿਰ ਦੀ ਮੱਦਦ ਕਰ ਰਹੇ ਸਨ।

ਸਾਕਾ ਨੀਲਾ ਤਾਰਾ

ਕਾਂਗਰਸ ਅਤੇ ਅਕਾਲੀ ਦਲ ਵਿਚਾਲੇ ਚੱਲ ਰਹੀ ਸੱਤ੍ਹਾ ਦੀ ਪਿਛਾਖੜੀ ਜੰਗ ਦੇ ਨਤੀਜੇ ਵਜੋਂ, ਸੰਤ ਭਿੰਡਰਾਂਵਾਲਾ ਏਨੀ ਵੱਡੀ ਤਾਕਤ ਦੇ ਰੂਪ ਵਿੱਚ ਉੱਭਰਿਆ ਕਿ ਭਵਿੱਖ ਵਿੱਚ ਸੱਤ੍ਹਾ ਦੀ ਹਿੱਸੇਦਾਰੀ ਦੇ ਕਿਸੇ ਵੀ ਸਮਝੌਤੇ ਵਿੱਚੋਂ ਉਸਨੂੰ ਬਾਹਰ ਰੱਖਣਾ ਮੁਮਕਿਨ ਨਹੀਂ ਸੀ। ਹਿੰਦੂ ਭਾਈਚਾਰਾ ਬਹੁਤ ਖ਼ੌਫ਼ਸ਼ੁਦਾ ਸੀ। ਸਮੁੱਚੇ ਦੇਸ਼ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਕਰਨ ਦਾ ਮਕਸਦ ਵੀ ਪੂਰਾ ਹੋ ਗਿਆ ਸੀ। ਇਸ ਦੇ ਨਾਲ ਹੀ ਭਿੰਡਰਾਂਵਾਲੇ ਦੇ ਕਾਤਲੀ ਗਰੋਹਾਂ ਦੇ ਵਧ ਰਹੇ ਫਿਰਕੂ ਅੱਤਵਾਦੀ ਐਕਸ਼ਨ ਹਕੂਮਤ ਦੀ ਖੁਦ ਦੀ ਅਥਾਰਟੀ ਨੂੰ ਖ਼ਤਮ ਕਰਨ ਵੱਲ ਵਧ ਰਹੇ ਸਨ। ਇੰਦਰਾ ਕਾਂਗਰਸ ਕੋਲ ਸਿਰਫ਼ ਦੋ ਹੀ ਬਦਲ ਸਨ ਜਾਂ ਤਾਂ ਉਹ ਸੱਤਾ ਦੀ ਵੰਡ ਲਈ ਭਿੰਡਰਾਵਾਲੇ ਨਾਲ ਕੋਈ ਫੌਰੀ ਸਮਝੌਤਾ ਕਰਕੇ ਅਕਾਲੀਆਂ ਨੂੰ ਖੂੰਜੇ ਲਾਵੇ, ਜਾਂ ਫਿਰ ਨਿਰਣਾਇਕ ਫੌਜੀ ਹੱਲਾ ਬੋਲ ਕੇ ਉਸ ਦੇ ਕਾਤਲੀ ਗਰੋਹਾਂ ਨੂੰ ਕੁਚਲ ਦੇਵੇ। ਦਿੱਤੀਆਂ ਹੋਈਆਂ ਹਾਲਤਾਂ ਵਿੱਚ ਵੱਖੋ-ਵੱਖਰੀਆਂ ਸੰਭਾਵਨਾਵਾਂ ਅਤੇ ਆਪਣੇ ਆਪ ਨੂੰ ‘‘ਦੇਸ਼ ਦੀ ਏਕਤਾ ਤੇ ਅਖੰਡਤਾ’’ ਦੇ ਇਕਲੌਤੇ ਰਾਖੇ ਦੇ ਰੂਪ ਚ ਪ੍ਰੋਜੈਕਟ ਕਰਨ ਦੀ ਲੋੜ ਨੂੰ ਧਿਆਨ ਚ ਰੱਖਦੇ ਹੋਏ, ਇੰਦਰਾ ਖੇਮੇ ਨੇ ਦੂਜੇ ਬਦਲ ਨੂੰ ਤਰਜੀਹ ਦਿੱਤੀ।
ਕਾਂਗਰਸ (ਆਈ) ਖੇਮੇ ਨੇ ਫਿਰਕੂ ਅੱਤਵਾਦੀ ਗਰੋਹਾਂ ਨੂੰ, ਦਰਬਾਰ ਸਾਹਿਬ ਕੰਪਲੈਕਸ ਨੂੰ ਆਪਣੇ ਸਿਆਸੀ ਮਿਲਟਰੀ ਹੈ¤ਡ ਕੁਆਰਟਰਾਂ ਵਿੱਚ ਬਦਲਣ ਦੀ ਇਜਾਜ਼ਤ ਦਿੱਤੀ ਸੀ। ਕਾਂਗਰਸ (ਆਈ) ਖੇਮੇ ਨੇ ਵਾਰ ਵਾਰ ਇਹ ਵੀ ਦਾਅਵਾ ਕੀਤਾ ਸੀ ਕਿ ਸਿੱਖ ਧਾਰਮਿਕ ਅਸਥਾਨਾਂ ਵਿੱਚ ਛੁਪੇ ਹੋਏ ਅੱਤਵਾਦੀਆਂ ਨੂੰ ਬਾਹਰ ਕੱਢਣ ਲਈ ਸੁਰੱਖਿਆ ਬਲਾਂ ਨੂੰ ਅੰਦਰ ਨਹੀਂ ਭੇਜਿਆ ਜਾਵੇਗਾ, ਕਿਉਂਕਿ ਇਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇਗੀ ਪਰ ਜਦੋਂ ਉਸ ਦੇ ਸਵਾਰਥੀ ਸਿਆਸੀ ਹਿੱਤਾਂ ਦੀ ਗੱਲ ਆਈ, ਉਹੋ ਕਾਂਗਰਸ (ਆਈ) ਖੇਮਾ ਦਰਬਾਰ ਸਾਹਿਬ ਉੱਤੇ ਇੱਕ ਬਹੁਤ ਭਿਆਨਕ ਹਮਲੇ ਦਾ ਹੁਕਮ ਦੇਣੋਂ ਨਾ ਝਿਜਕਿਆ।
ਸਾਕਾ ਨੀਲਾ ਤਾਰਾ ਦੇ ਨਾਂ ਨਾਲ ਜਾਣੇ ਜਾਂਦੇ ਮਿਲਟਰੀ ਅਪ੍ਰੇਸ਼ਨ ਨੇ ਬੇਸ਼ੱਕ ਫਿਰਕੂ ਫਾਸ਼ੀਵਾਦੀਆਂ ਦੀ ਫੌਜੀ ਤਾਕਤ ਨੂੰ ਕੁਚਲ ਦਿੱਤਾ, ਪਰ ਇਸਨੇ ਫਿਰਕੂ ਭਾਵਨਾਵਾਂ ਨੂੰ ਹੋਰ ਹਵਾ ਦੇ ਕੇ ਭਵਿੱਖ ਵਿੱਚ ਅਜਿਹੇ ਗਰੋਹਾਂ ਦੇ ਮੁੜ ਉਭਾਰ ਲਈ ਹੋਰ ਮਜ਼ਬੂਤ ਆਧਾਰ ਤਿਆਰ ਕਰ ਦਿੱਤਾ। ਇਸ ਤਰ੍ਹਾਂ ਲੋਕਾਂ ਨੂੰ, ਸਿੱਖਾਂ ਦੇ ਜ਼ਖ਼ਮੀ ਹੋਏ ਜਜ਼ਬਾਤਾਂ ਅਤੇ ਕਮਜ਼ੋਰ ਹੋਈ ਭਾਈਚਾਰਕ ਸਾਂਝ ਦੀ ਵੱਡੀ ਕੀਮਤ ਦੇ ਕੇ, ਕੁੱਝ ਸਮੇਂ ਲਈ ਵਕਤੀ ਫਿਰਕੂ ਫਾਸ਼ੀਵਾਦੀ ਖ਼ਤਰੇ ਤੋਂ ਰਾਹਤ ਮਿਲੀ। ਸ਼ਾਂਤੀ ਤੇ ਸੁਲ੍ਹਾ ਦੇ ਯੁੱਗਦੇ ਥੋੜ-ਚਿਰੇ ਧੋਖੇ ਤੋਂ ਬਾਅਦ, ਲੋਕਾਂ ਨੇ ਏਸੇ ਖ਼ਤਰੇ ਦੇ ਹੋਰ ਵਧੇਰੇ ਤਿੱਖੇ ਪੰਜਿਆਂ ਵਿੱਚ ਜਕੜੇ ਜਾਣਾ ਸੀ।
ਕਾਂਗਰਸ (ਆਈ) ਤੇ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਨ ਅਤੇ ਇਸ ਤਰ੍ਹਾਂ ਕਰਕੇ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਉਂਦਿਆਂ ਵੱਖ ਵੱਖ ਵਿਰੋਧੀ ਪਾਰਟੀਆਂ ਦੇ ਹਾਕਮ-ਜਮਾਤੀ ਸਿਆਸਤਦਾਨਾਂ ਨੇ ਖਾਲਿਸਤਾਨੀ ਦਹਿਸ਼ਤਗਰਦਾਂ ਅਤੇ ਅਕਾਲੀਆਂ ਦੇ ਘਿਨਾਉਣੇ ਰੋਲ ਨੂੰ ਘਟਾ ਕੇ ਦੇਖਿਆ।
ਕੁੱਝ ਹਲਕਿਆਂ ਵੱਲੋਂ ਸਾਕਾ ਨੀਲਾ ਤਾਰਾ ਨੂੰ ਸਿੱਖ ਧਰਮ ਨੂੰ, ਇਸ ਦੀ ਰੂਹਾਨੀ ਤੇ ਦੁਨਿਆਵੀ ਪ੍ਰੇਰਣਾਦੀ ਸਭ ਤੋਂ ਉੱਚੀ ਪਦਵੀ ਨੂੰ ਤਬਾਹ ਕਰਕੇ, ਕੁਚਲਣ ਦੀ ਸਾਜਿਸ਼ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਪਰ ਸੱਚ ਇਹ ਨਹੀਂ ਹੈ। ਇਸ ਦਾ ਮਕਸਦ ਉਸ ਵਿਰੋਧੀ ਸਿਆਸੀ ਤਾਕਤ ਨੂੰ ਕੁਚਲਣਾ ਸੀ, ਜਿਸ ਨੇ ਦਰਬਾਰ ਸਾਹਿਬ ਕੰਪਲੈਕਸ ਨੂੰ ਆਪਣੇ ਸਿਆਸੀ ਫੌਜੀ ਹੈ¤ਡ ਕੁਆਰਟਰਾਂ ਵਿੱਚ ਤਬਦੀਲ ਕਰ ਲਿਆ ਸੀ। ਫਿਰਕੂ ਦਹਿਸ਼ਤਗਰਦ ਗਰੋਹਾਂ ਨੇ ਪਹਿਲਾਂ ਹੀ, ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਅਤੇ ਉਸਦੇ ਚੌਗਿਰਦੇ ਵਿੱਚ ਬਲਾਤਕਾਰ, ਕੁੱਟਮਾਰ ਅਤੇ ਕਤਲਾਂ ਵਰਗੇ ਘਿਨਾਉਣੇ ਅਪਰਾਧ ਕਰਕੇ, ਉਸਦੀਆਂ ਧਾਰਮਿਕ ਸਰਗਰਮੀਆਂ ਵਿੱਚ ਵੱਡੇ ਪੱਧਰ ਤੇ ਅੜਿੱਕੇ ਖੜ੍ਹੇ ਕਰ ਦਿੱਤੇ ਸਨ। ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਇਨ੍ਹਾਂ ਗਰੋਹਾਂ ਵੱਲੋਂ ਕੀਤੀ ਗਈ ਮੋਰਚਾਬੰਦੀ ਵੀ ਆਪਣੇ ਆਪ ਚ ਇਸ ਅਸਥਾਨ ਦੀ ਪਵਿੱਤਰਤਾ ਦੀ ਬੇਅਦਬੀ ਹੀ ਸੀ। ਏਸੇ ਗੱਲ ਨੇ ਸੁਰੱਖਿਆ ਬਲਾਂ ਨੂੰ ਅੰਦਰ ਦਾਖ਼ਲ ਹੋਣ ਲਈ ਬਹਾਨਾ ਪ੍ਰਦਾਨ ਕੀਤਾ।
ਪਰ ਫਿਰਕੂ ਫਾਸ਼ੀ ਗਰੋਹਾਂ ਦੁਆਰਾ ਦਰਬਾਰ ਸਾਹਿਬ ਕੰਪਲੈਕਸ ਅਤੇ ਹੋਰਨਾਂ ਗੁਰਦੁਆਰਿਆਂ ਤੇ ਕਬਜ਼ਾ, ਉਨ੍ਹਾਂ ਦੀ ਸਿਆਸੀ ਰਣਨੀਤੀ ਦਾ ਇੱਕ ਅਹਿਮ ਅੰਗ ਸੀ। ਇਹ ਸਭ ਕਰਕੇ ਉਨ੍ਹਾਂ ਨੇ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਕਿ ਜੇ ਸਰਕਾਰ ਉਨ੍ਹਾਂ ਨਾਲ ਪੰਗਾ ਲੈਣ ਦੀ ਕੋਸ਼ਿਸ਼ ਕਰੇ ਵੀ ਤਾਂ ਉਸਨੂੰ ਬਹੁਤ ਵੱਡੀ ਸਿਆਸੀ ਕੀਮਤ ਚੁਕਾਉਣੀ ਪਵੇ। ਇਸ ਤਰ੍ਹਾਂ ਫਿਰਕੂ ਦਹਿਸ਼ਤਗਰਦ ਆਪਣੇ ਪਿਛਾਖੜੀ ਮਕਸਦਾਂ ਨੂੰ ਪੂਰਾ ਕਰਨ ਲਈ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵਰਤ ਰਹੇ ਸਨ।
ਸਾਕਾ ਨੀਲਾ ਤਾਰਾ ਦੌਰਾਨ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਥਿਤ ਮੀਰੀ ਤੇ ਪੀਰੀ ਦੀ ਸਭ ਤੋਂ ਉੱਚੀ ਪਦਵੀ ਅਕਾਲ ਤਖ਼ਤ ਦੀ ਤਬਾਹੀ ਦੇ ਇਹ ਦ੍ਰਿਸ਼ ਬਿਨਾਂ ਸ਼ੱਕ ਪੰਜਾਬ ਦੇ ਸਿੱਖਾਂ ਲਈ ਸਭ ਤੋਂ ਵੱਧ ਭਿਆਨਕ ਸਨ। ਪਰ ਇਹ ਸਭ ਕੁੱਝ ਕਾਂਗਰਸ (ਆਈ) ਸਰਕਾਰ ਅਤੇ ਸਿੱਖ ਫਿਰਕੂ ਧਿਰਾਂ ਦੁਆਰਾ ਧਰਮ ਨੂੰ ਸਿਆਸਤ ਨਾਲ ਰਲਗੱਡ ਕਰਨ ਦੀ ਨੀਤੀ ਦਾ ਬਿਲਕੁਲ ਤਰਕਸੰਗਤ ਨਤੀਜਾ ਸੀ। ਕਾਂਗਰਸ (ਆਈ) ਨੇ ਤਾਂ ਇਹ ਧਰਮ ਨਿਰਪੱਖਤਾ ਦੀ ਆੜ ਵਿੱਚ ਬੜੇ ਹੀ ਸ਼ਾਤਰਾਨਾ ਢੰਗ ਨਾਲ ਕੀਤਾ ਤੇ ਅਕਾਲੀਆਂ ਅਤੇ ਭਿੰਡਰਾਂਵਾਲੇ ਨੇ ਸਭ ਤੋਂ ਘਟੀਆ ਤੇ ਕੁੱਢਰ ਤਰੀਕਿਆਂ ਨਾਲ ਇਸ ਸਭ ਕੁੱਝ ਨੂੰ ਅੰਜ਼ਾਮ ਦਿੱਤਾ।
ਕਾਂਗਰਸ (ਆਈ) ਨੇ ਭਿੰਡਰਾਂਵਾਲੇ ਦੇ ਕਾਤਲੀ ਗਰੋਹਾਂ ਦੀਆਂ ਮੁਜ਼ਰਮਾਨਾ ਕਾਰਵਾਈਆਂ ਪ੍ਰਤੀ ਨਰਮ ਰੁਖ ਅਖਤਿਆਰ ਕਰੀ ਰੱਖਿਆ, ਉਨ੍ਹਾਂ ਨੂੰ ਹਰਿਮੰਦਰ ਸਹਿਬ ਵਰਗੇ ਸੁਰੱਖਿਅਤ ਅਸਥਾਨ ਅਤੇ ਹੋਰਨਾਂ ਸਿੱਖ ਧਾਰਮਿਕ ਅਸਥਾਨਾਂ ਵਿੱਚ ਵਧਣ ਫੁੱਲਣ ਤੇ ਆਪਣੀਆਂ ਸਰਗਰਮੀਆਂ ਚਲਾਉਣ ਦੀ ਇਜਾਜ਼ਤ ਦਿੱਤੀ ਅਤੇ ਕੰਪਲੈਕਸ ਦੇ ਅੰਦਰ ਮੋਰਚੇਬੰਦੀ ਤੇ ਵੱਡੇ ਪੈਮਾਨੇ ਤੇ ਗੋਲਾ ਬਾਰੂਦ ਦੇ ਕੱਠੇ ਕੀਤੇ ਭੰਡਾਰਾਂ ਵੱਲੋਂ ਅੱਖਾਂ ਮੀਟ ਲਈਆਂ (ਪੁਲਿਸ ਤੇ ਨੀਮ ਫੌਜੀ ਟੁਕੜੀਆਂ ਦੀਆਂ ਚੈੱਕ-ਪੋਸਟਾਂ ਹੋਣ ਦੇ ਬਾਵਜੂਦ)। ਸ਼ੁਰੂਆਤੀ ਦੌਰ ਵਿੱਚ ਫਿਰਕੂ ਦਹਿਸ਼ਤਗਰਦਾਂ ਨੂੰ ਰੋਕਣ ਲਈ ਕੋਈ ਨਿਰਣਾਇਕ ਕਦਮ ਉਠਾਉਣ ਦੀ ਬਜਾਏ ਇਸ ਨੇ ਹਾਲਤ ਨੂੰ ਸੰਕਟ ਦੀ ਹੱਦ ਤੱਕ ਪਹੁੰਚਣ ਦਿੱਤਾ। ਜਦੋਂ ਉਸੇ ਕਾਂਗਰਸ (ਆਈ) ਖੇਮੇ ਨੇ, ਜਿਸ ਨੇ ਵਾਰ-ਵਾਰ ਇਹ ਭਰੋਸਾ ਦਿਵਾਇਆ ਸੀ ਕਿ ਦਰਬਾਰ ਸਾਹਿਬ ਕੰਪਲੈਕਸ ਤੇ ਹੋਰ ਸਿੱਖ ਧਾਰਮਿਕ ਅਸਥਨਾਂ ਦੀ ਪਵਿੱਤਰਤਾ ਬਰਕਰਾਰ ਰੱਖਣ ਲਈ ਸੁਰੱਖਿਆ ਬਲ ਉੱਥੇ ਦਾਖਲ ਨਹੀਂ ਹੋਣਗੇ, ਇਨ੍ਹਾਂ ਧਾਰਮਿਕ ਅਸਥਾਨਾਂ ਉੱਤੇ ਵਿਆਪਕ ਪੱਧਰ ਤੇ ਫੌਜੀ ਹਮਲਾ ਕਰਵਾਇਆ ਤਾਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣੀ ਲਾਜ਼ਮੀ ਸੀ। ਇਸ ਤਰ੍ਹਾਂ ਕਾਂਗਰਸ (ਆਈ) ਨੇ ਸਿੱਖ ਫਿਰਕੂ ਦਹਿਸ਼ਤਗਰਦੀ ਨੂੰ ਪਹਿਲਾਂ ਵਧਣ ਦਿੱਤਾ ਅਤੇ ਫੇਰ ਉਸੇ ਦੈਂਤ ਨੂੰ ਖਤਮ ਕਰਕੇ ਆਪਣੇ ਆਪ ਨੂੰ ਦੇਸ਼ ਦੇ ਰਾਖੇ ਦੇ ਤੌਰ ਤੇ ਪ੍ਰੋਜੈਕਟ ਕੀਤਾ। ਅਜਿਹਾ ਕਰਨ ਵਿੱਚ ਵੀ ਉਸਦਾ ਮਕਸਦ ਫਿਰਕੂ ਦਹਿਸ਼ਤਗਰਦੀ ਦੀ ਹਮਲਾ ਕਰੂ ਸਮਰੱਥਾ ਨੂੰ ਖਤਮ ਕਰਨਾ ਸੀ, ਇਸ ਦੇ ਸਮਾਜਿਕ ਆਧਾਰ ਨੂੰ ਨਾ ਸਿਰਫ਼ ਜਿਉਂ ਦਾ ਤਿਉਂ ਬਰਕਰਾਰ ਰਹਿਣ ਦਿੱਤਾ ਗਿਆ ਸਗੋਂ ਆਪਣੇ ਸੌੜੇ ਮਨੋਰਥਾਂ ਲਈ ਕਈ ਤਰ੍ਹਾਂ ਨਾਲ ਵਧਣ ਦੀ ਇਜਾਜ਼ਤ ਵੀ ਦਿੱਤੀ ਗਈ।
ਸਾਕਾ ਨੀਲਾ ਤਾਰਾ ਅਤੇ ਇਸ ਨਾਲ ਹੋਏ ਨੁਕਾਸਨ ਲਈ ਆਪਣੀ ਥਾਂ ਤੇ ਅਕਾਲੀ ਵੀ ਬਰਾਬਰ ਦੇ ਜ਼ੁੰਮੇਵਾਰ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੂਰਾ ਕੰਟਰੋਲ ਉਨ੍ਹਾਂ ਦੇ ਹੱਥ ਹੋਣ ਕਰਕੇ, ਸਿੱਖ ਗੁਰਦੁਆਰਿਆਂ ਦੀ ਧਾਰਮਿਕ ਪਵਿੱਤਰਤਾ ਨੂੰ ਕਾਇਮ ਰੱਖਣਾ ਉਨ੍ਹਾਂ ਦੀ ਨੈਤਿਕ ਦੇ ਨਾਲੋ ਨਾਲ ਕਾਨੂੰਨੀ ਜ਼ੁੰਮੇਵਾਰੀ ਵੀ ਸੀ। ਉਨ੍ਹਾਂ ਨੇ ਇਨ੍ਹਾਂ ਅਸਥਾਨਾਂ ਅੰਦਰ ਦਹਿਸ਼ਤਗਰਦਾਂ ਵੱਲੋਂ ਕੀਤੀਆਂ ਜਾ ਰਹੀਆਂ ਮੁਜ਼ਰਮਾਨਾ ਕਾਰਵਾਈਆਂ ਵੱਲੋਂ ਸਿਰਫ਼ ਅੱਖਾਂ ਹੀ ਨਹੀਂ ਸਨ ਮੀਟੀਆਂ ਸਗੋਂ ਇਨ੍ਹਾਂ ਕਾਰਵਾਈਆਂ ਬਾਰੇ ਹਰ ਤਰ੍ਹਾਂ ਦੀ ਖ਼ਬਰ ਨੂੰ ਕਾਂਗਰਸ (ਆਈ) ਦਾ ਝੂੁਠਾ ਪ੍ਰਾਪੇਗੰਡਾ ਕਰਾਰ ਦਿੱਤਾ। ਉਨ੍ਹਾਂ ਨੇ ਦਰਬਾਰ ਸਾਹਿਬ ਕੰਪਲੈਕਸ ਤੇ ਹੋਰਨਾਂ ਧਰਮ ਅਸਥਾਨਾਂ ਅੰਦਰਲੇ ਦਹਿਸ਼ਤਗਰਦਾਂ ਦੀ ਹਰ ਤਰ੍ਹਾਂ ਨਾਲ ਪ੍ਰਾਹੁਣਚਾਰੀ ਕੀਤੀ ਅਤੇ ਉਨ੍ਹਾਂ ਦੀਆਂ ਘਿਨਾਉਣੀਆਂ ਕਾਰਵਾਈਆਂ ਨੂੰ ਝੂਠੇ ਪ੍ਰੈਸ ਬਿਆਨਾਂ ਰਾਹੀਂ ਛੁਪਾਇਆ। ਉਨ੍ਹਾਂ ਨੇ ਦਹਿਸ਼ਤਗਰਦਾਂ ਨੂੰ ਉਨ੍ਹਾਂ ਦੀ ਸੁਰੱਖਿਆ ਫੋਰਸਾਂ ਨਾਲ ਪਿਛਾਖੜੀ ਜੰਗ ਵਿੱਚ ਧਾਰਮਿਕ ਅਸਥਾਨਾਂ ਨੂੰ ਜੰਗ ਦੇ ਮੈਦਾਨ ਵਜੋਂ ਵਰਤਣ ਦੀ ਖੁੱਲ੍ਹ ਦਿੱਤੀ। ਇੰਝ ਅਕਾਲੀ ਵੀ ਸਾਕਾ ਨੀਲਾ ਤਾਰਾ ਅਤੇ ਉਸ ਦੇ ਨਾਲ ਸਿੱਖ ਮਾਨਸਿਕਤਾ ਵਲੂੰਧਰੇ ਜਾਣ ਲਈ ਬਰਾਬਰ ਦੇ ਜ਼ਿੰਮੇਵਾਰ ਹਨ।
ਜੇ ਇਸ ਪ੍ਰਸੰਗ ਵਿੱਚ ਦੇਖਿਆ ਜਾਵੇ ਤਾਂ ਇੰਦਰਾ ਗਾਂਧੀ ਦਾ ਕਤਲ, ਜਿਸ ਨੂੰ ਸਿੱਖਾਂ ਦੇ ਵਲੂੰਦਰੇ ਹਿਰਦਿਆਂ ਦੀ ਅੰਨ੍ਹੀ ਨਫ਼ਰਤ ਦੇ ਪ੍ਰਤੀਕ ਵਜੋਂ ਪੇਸ਼ ਕੀਤਾ ਜਾਂਦਾ ਹੈ, ਅਸਲ ਵਿੱਚ ਸਿੱਖ ਫਿਰਕੂ ਤਾਕਤਾਂ ਦੇ ਇੱਕ ਪਾਸੜ ਤੇ ਝੂਠੇ ਪ੍ਰਚਾਰ ਦੇ ਪ੍ਰਭਾਵ ਹੇਠ ਦੂਸ਼ਿਤ, ਫਿਰਕੂ ਤੇ ਪੱਖਪਾਤੀ ਹੋਏ ਸਿੱਖਾਂ ਦੀਆਂ ਜ਼ਖ਼ਮੀ ਭਾਵਨਾਵਾਂ ਦਾ ਪ੍ਰਗਟਾਵਾ ਸੀ।
ਸਾਕਾ ਨੀਲਾ ਤਾਰਾ ਦਾ ਮਕਸਦ ਸਿਰਫ਼ ਪੰਜਾਬ ਵਿੱਚ ਉੱਭਰ ਰਹੀ ਪਿਛਾਖੜੀ ਹਾਕਮ ਜਮਾਤੀ ਵਿਰੋਧੀ ਤਾਕਤ ਦੇ ਸੱਤ੍ਹਾ ਕੇਂਦਰ ਨੂੰ ਤਬਾਹ ਕਰਨਾ ਨਹੀਂ ਸੀ, ਸਗੋਂ ਇਹ ਤਾਂ ਪੂਰੇ ਦੇਸ਼ ਵਿੱਚ ਕੌਮੀ ਸ਼ਾਵਨਵਾਦ ਦੀ ਲਹਿਰ ਉਭਾਰਨ ਦੀ ਇੱਕ ਵੱਡੀ ਪਿਛਾਖੜੀ ਯੋਜਨਾ ਦਾ ਲਾਜ਼ਮੀ ਅੰਗ ਸੀ। ਸਾਕਾ ਨੀਲਾ ਤਾਰਾ ਦੀ ਸਫ਼ਲਤਾ ਦੀ ਪ੍ਰਸੰਸਾ ਦੇਸ਼ਦੀ ਅਜਿੱਤ ਤਾਕਤ ਦੇ ਜਿਉਂਦੇ ਜਾਗਦੇ ਸਬੂਤ ਦੇ ਤੌਰ ਤੇ ਕੀਤੀ ਗਈ, ਜੋ ਕਿ ਵਿਦੇਸ਼ੀ ਤਾਕਤਾਂ ਵੱਲੋਂ ਮਹਾਨ ਭਾਰਤੀ ਗਣਰਾਜਨੂੰ ਤੋੜਨ ਦੀ ਕਿਸੇ ਵੀ ਸਾਜਿਸ਼ ਨੂੰ ਸੌਖਿਆਂ ਹੀ ਪੈਰਾਂ ਹੇਠ ਰੋਲ ਸਕਦੀ ਸੀ। ਕੌਮੀ ਸ਼ਾਵਨਵਾਦ ਦੇ ਜਨੂੰਨ ਨੂੰ ਇਸ ਤਰ੍ਹਾਂ ਉਤਸ਼ਾਹਿਤ ਕੀਤੇ ਜਾਣ ਨੇ ਇਸ ਨੂੰ ਸਿੱਖ ਭਾਈਚਾਰੇ ਦੇ ਖਿਲਾਫ਼ ਅੰਨ੍ਹੇ ਫਿਰਕੂ ਸ਼ਾਵਨਵਾਦ ਵਿੱਚ ਤਬਦੀਲ ਕਰ ਦਿੱਤਾ ਜਿਸ ਦਾ ਸਿੱਟਾ, ਇੰਦਰਾ ਗਾਂਧੀ ਦੇ ਕਤਲ ਤੋਂ ਤੁਰੰਤ ਬਾਅਦ, ਦਿੱਲੀ ਅਤੇ ਹੋਰਨਾਂ ਥਾਵਾਂ ਤੇ ਸਿੱਖਾਂ ਦੇ ਵਿਆਪਕ ਕਤਲੇਆਮ ਦੇ ਰੂਪ ਵਿੱਚ ਨਿਕਲਿਆ। ਹਾਕਮ ਪਾਰਟੀ ਤੇ ਸਰਕਾਰ ਦੇ ਸਿਖਰਲੇ ਲੋਕਾਂ ਵੱਲੋਂ, ਸਟੇਟ ਮਸ਼ੀਨਰੀ ਦੀ ਸਰਗਰਮ ਹਮਾਇਤ ਨਾਲ, ਜਥੇਬੰਦ, ਕੰਟਰੋਲ ਤੇ ਨਿਰਦੇਸ਼ਿਤ ਕੀਤੀ ਤੇ ਬੇਮੁਹਾਰੀ ਹਿੰਸਾ ਦੀ ਭੇਟ ਚੜਿਆ ਸਿੱਖ ਭਾਈਚਾਰਾ ਅਕਹਿ ਤੇ ਅਸਹਿ ਮਾਨਸਿਕ ਪੀੜਾ ਚੋਂ ਗੁਜ਼ਰਿਆ, ਜਿਸ ਵਿੱਚੋਂ ਵੰਡ ਤੋਂ ਬਾਅਦ ਦੇ ਸਮੇਂ ਸ਼ਾਇਦ ਹੀ ਕੋਈ ਭਾਈਚਾਰਾ ਗੁਜ਼ਰਿਆ ਹੋਵੇ। ਸਿੱਖ ਭਾਈਚਾਰੇ ਵੱਲੋਂ ਹੱਡੀਂ-ਹੰਡਾਏ ਇਸ ਬੇਮੇਲ ਤੇ ਦਿਲ ਕੰਬਾਊ ਹਾਦਸੇ ਦੇ ਅਮਲ ਦਾ ਰਾਜੀਵ ਗਾਂਧੀ ਵਰਗੇ ਸੀਨੀਅਰ ਕਾਂਗਰਸੀਆਂ ਨੇ ਬੜੀ ਖ਼ੁਸ਼ੀ ਤੇ ਢੀਠਤਾਈ ਨਾਲ ਇਹ ਕਹਿ ਕੇ ਲੁਤਫ਼ ਉਠਾਇਆ ਕਿ ‘‘ਜਦੋਂ ਵੱਡਾ ਦਰਖ਼ਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੈ’’ ਜਿਹੜਾ ਕਿ ਹੁਣ ਇੱਕ ਬਦਨਾਮ ਮੁਹਾਵਰਾ ਬਣ ਗਿਆ ਹੈ।
ਇਸ ਤਰ੍ਹਾਂ ਸੱਤ੍ਹਾਧਾਰੀ ਕਾਂਗਰਸ ਪਾਰਟੀ ਦੇ ਹੱਥਾਂ ਵਿਚਲਾ ਦੋ ਧਾਰਾ ਹਥਿਆਰ, ਜਿਹੜਾ ਪਹਿਲਾਂ ਪੰਜਾਬ ਵਿਚਲੇ ਹਿੰਦੂਆਂ ਦੀਆਂ ਜਾਨਾਂ ਨਾਲ ਖੇਡ ਰਿਹਾ ਸੀ, ਹੁਣ ਵੱਡੇ ਪੱਧਰ ਤੇ ਸਿੱਖ ਫਿਰਕੇ ਵਿਰੁੱਧ ਵਾਹਿਆ ਜਾ ਰਿਹਾ ਸੀ। ਸਿੱਖਾਂ ਵਿਰੁੱਧ ਹਿੰਸਾ ਦੀਆਂ ਦਿਲ ਕੰਬਾਊ ਕਹਾਣੀਆਂ ਨੇ ਸਿੱਖ ਫਿਰਕੂ ਦਹਿਸ਼ਤਗਰਦਾਂ ਨੂੰ ਫਿਰਕੂ ਭਾਵਨਾਵਾਂ ਦੇ ਬਾਰੂਦ ਦੇ ਕਦੇ ਨਾ ਮੁੱਕਣ ਵਾਲੇ ਭੰਡਾਰ ਨਾਲ ਲੈਸ ਕਰ ਦਿੱਤਾ।

ਰਾਜੀਵ-ਲੌਂਗੋਵਾਲ ਸਮਝੌਤਾ ਅਤੇ ਫਿਰਕੂ ਦਹਿਸ਼ਤਗਰਦੀ ਦਾ ਮੁੜ-ਉਭਾਰ

1985 ਦੀਆਂ ਪਾਰਲੀਮੈਂਟਰੀ ਚੋਣਾਂ ਵਿੱਚ ਕਾਂਗਰਸ (ਆਈ) ਨੂੰ ਜਿਹੜੀ ਜ਼ਬਰਦਸਤ ਜਿੱਤ ਪ੍ਰਾਪਤ ਹੋਈ, ਉਹ ਫਿਰਕੂ ਕੌਮੀ ਸ਼ਾਵਨਵਾਦੀ ਭਾਵਨਾਵਾਂ ਨਾਲ ਓਤ-ਪੋਤ ਮਾਹੌਲ ਕਰਕੇ ਹੋਈ ਸੀ, ਜੋ ਕਿ ਇੰਦਰਾ ਗਾਂਧੀ ਦੇ ਕਤਲ ਨਾਲ ਹੋਰ ਵਧੇਰੇ ਜ਼ੋਰ ਫੜ ਗਿਆ ਸੀ। ਇਸ ਤੋਂ ਬਾਅਦ ਸ਼ੁਰੂ ਹੋਈ ਰਾਜੀਵ ਗਾਂਧੀ ਦੇ ‘‘ਸ਼ਾਂਤੀ ਤੇ ਸੁਲ੍ਹਾ ਦੇ ਯੁੱਗ’’ ਦੀ ਤਲਾਸ਼। ਦੇਸ਼ ਦੀ ਏਕਤਾ ਤੇ ਅਖੰਡਤਾਦੇ ਇਕਲੌਤੇ ਸਮੱਰਥ ਰਾਖੇ ਦੀ ਆਪਣੀ ਦਿੱਖ ਨੂੰ ਹੋਰ ਚਮਕਾਉਣ ਲਈ, ਕਾਂਗਰਸ (ਆਈ) ਦੇਸ਼ ਦੇ ਵੱਖ-ਵੱਖ ਹਿੱ੍ਯਸਿਆਂ ਤੇ ਖ਼ਾਸ ਕਰਕੇ ਸਭ ਤੋਂ ਵੱਧ ਗੜਬੜ ਗ੍ਰਸਤ ਖੇਤਰਾਂ ਦੇ ਹਾਕਮ ਜਮਾਤੀ ਧੜਿਆਂ ਵਿਚਕਾਰ ਸੁਲ੍ਹਾ ਕਰਾਉਣ ਦੀ ਆਪਣੀ ਸਮੱਰਥਾ ਦਾ ਪ੍ਰਦਰਸ਼ਨ ਕਰਨ ਲੱਗੀ ਸੀ। ਇਸ ਤਰ੍ਹਾਂ ਪੰਜਾਬ ਵਿੱਚ ਰਾਜੀਵ ਲੌਂਗੋਵਾਲ ਸਮਝੌਤੇ ਲਈ ਮਾਹੌਲ ਤਿਆਰ ਹੋਇਆ, ਇਸ ਨੇ ਕਿ ਅਕਾਲੀ ਦਲ ਦੇ ਸੱਤ੍ਹਾ ਵਿੱਚ ਵੱਡੇਰੀ ਹਿੱਸੇਦਾਰੀ ਨੂੰ, ਦਿੱਲੀ ਦੇ ਹਾਕਮਾਂ ਦੇ ਅੱਤਵਾਦਨਾਲ ਨਜਿੱਠਣ ਦੇ ਮਸਲੇ ਤੇ ਫੁਰਮਾਨਾਂ ਨੂੰ ਵਫ਼ਾਦਾਰੀ ਨਾਲ ਕਬੂਲ ਕਰਨ ਦੀ ਸਰਤ ਤੇ, ਯਕੀਨੀ ਬਣਾਉਣਾ ਸੀ। ਸਮਝੌਤੇ ਦੇ ਨੇਪਰੇ ਚੜ੍ਹਨ ਨੂੰ ਇੱਕ ਵੱਡੀ ਪ੍ਰਾਪਤੀਦੇ ਰੂਪ ਚ ਮੰਨਿਆ ਗਿਆ, ਜਿਸ ਨਾਲ ਟਕਰਾਅ ਦਾ ਦੌਰਆਪਣੇ ਅੰਤਨੂੰ ਪਹੁੰਚਿਆ ਸੀ। ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ, ਜਿਸਨੂੰ ਦੇਸ਼ ਦਾ ਗੱਦਾਰ ਕਹਿ ਕੇ ਸ਼ੀਖਾਂ ਪਿੱਛੇ ਸੁੱਟਿਆ ਗਿਆ ਸੀ, ਦੇ ਹੁਣ ਕਾਂਗਰਸ ਸਰਕਾਰ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਪੱਕੇ ਰਾਖੇ ਦੇ ਤੌਰ ਤੇ ਵਧਾ-ਖੜ੍ਹਾ ਕੇ ਗੁਣ ਗਾ ਰਹੀ ਸੀ। ਏਸੇ ਤਰ੍ਹਾਂ ਉਹੀ ਅਕਾਲੀ ਲੀਡਰਸ਼ਿਪ ਜੋ ‘‘ਨਵੀਂ ਦਿੱਲੀ ਦੇ ਜ਼ਾਲਮ ਹਾਕਮਾਂ’’ ਦੇ ਖਿਲਾਫ਼ ਧੂੰਆਂਧਾਰ ਪ੍ਰਚਾਰ ਕਰਦੀ ਰਹੀ ਸੀ, ਹੁਣ ਰਾਜੀਵ ਗਾਂਧੀ ਨੂੰ ਸਿੱਖਾਂ ਦੀ ਮਾਨਸਿਕ ਪੀੜਾ ਨੂੰ ਸਮਝਣ ਦੇ ਸਮੱਰਥ ਇਨਸਾਨ ਦੇ ਤੌਰ ਤੇ ਪੇਸ਼ ਕਰ ਰਹੀ ਸੀ। ਸਮਝੌਤੇ ਦੁਆਰਾ ਹੱਲ ਹੋਣ ਵਾਲੇ ਮੁੱਦਿਆਂ ਦਾ ਢੰਡੋਰਾ ਸਿਰਫ਼ ਲੋਕਾਂ ਦੀਆਂ ਅੱਖਾਂ ਚ ਘੱਟਾ ਪਾਉਣ ਲਈ ਪਿੱਟਿਆ ਜਾ ਰਿਹਾ ਸੀ। ਸਮਝੌਤੇ ਦਾ ਅਸਲ ਨਿਚੋੜ, ਲੋਕਾਂ ਦੀ ਪਿੱਠ ਪਿੱਛੇ, ਕਾਂਗਰਸ (ਆਈ) ਅਤੇ ਅਕਾਲੀ ਦਲ ਵਿਚਕਾਰ ਰਾਜ ਦੇ ਆਰਥਿਕ ਵਸੀਲਿਆਂ ਦੀ ਵੰਡ ਸੀ।
ਪਿਛਾਖੜੀ ਸੰਕਟ ਤੋਂ ਪੰਜਾਬ ਦੇ ਲੋਕਾਂ ਨੂੰ ਮਿਲੀ ਥੋੜ-ਚਿਰੀ ਰਾਹਤ ਦਾ ਸਮਾਂ, ਅਸੈਂਬਲੀ ਚੋਣਾਂ ਦੇ ਦੌਰਾਨ ਤੇ ਬਾਅਦ, ਬੜੀ ਜਲਦੀ ਖ਼ਤਮ ਹੋ ਗਿਆ। ਕਾਰਨ ਇਹ ਸੀ ਕਿ ਹਾਕਮ ਜਮਾਤੀ-ਸਿਆਸੀ ਤਾਕਤਾਂ ਦੇ ਵੱਖੋ-ਵਖਰੇ ਧੜਿਆਂ ਵਿਚਕਾਰ ਸੱਤ੍ਹਾ ਚੋਂ ਵੱਡਾ ਹਿੱਸਾ ਪ੍ਰਾਪਤ ਕਰਨ ਦੀ ਖੋਹ-ਖਿੰਝ, ਉਨ੍ਹਾਂ ਵੱਲੋਂ ਸੁਲ੍ਹਾ ਦਾ ਦਿਖਾਵਾ ਕਰਨ ਦੀਆਂ ਕੋਸ਼ਿਸ਼ਾਂ ਤੋਂ ਕਿਤੇ ਬਲਵਾਨ ਸਿੱਧ ਹੋ ਰਹੀ ਸੀ। ਸਮਝੌਤੇ ਦੇ ਅਮਲ ਨੂੰ ਆਪਣੇ ਹਿੱਤਾਂ ਅਨੁਸਾਰ ਤੈਅ ਕਰਨ ਤੋਂ ਅਸਮਰੱਥ, ਅਕਾਲੀ ਲੀਡਰਸ਼ਿਪ ਦਾ ਬਾਦਲ-ਟੌਹੜਾ ਧੜਾ ਮਾਯੂਸੀ ਮਹਿਸੂਸ ਕਰਨ ਲੱਗਾ ਅਤੇ ਇਸੇ ਲਈ ਫਿਰਕੂ ਦਹਿਸ਼ਤਗਰਦੀ ਦੇ ਤੇਜ ਮੁੜ ਉਭਾਰ ਨੂੰ ਹੁਲਾਰਾ ਦਿੰਦੇ ਹੋਏ, ‘ਜ਼ਖ਼ਮੀ ਸਿੱਖ ਭਾਵਨਾਵਾਂ ਨੂੰ ਆਧਾਰ ਬਣਾ ਕੇ, ਉਸੇ ਫਿਰਕੂ ਦਹਿਸ਼ਤਗਰਦੀ ਦੇ ਹਥਿਆਰ ਨਾਲ ਮੁੜ ਟਕਰਾਅ ਦੇ ਰਾਹ ਪੈ ਗਿਆ।

No comments:

Post a Comment