ਸੰਪਾਦਕ ਸਾਥੀ ਜਸਪਾਲ ਜੱਸੀ,
ਤੁਹਾਡੇ ਵੱਲੋਂ ਸੁਰਖ਼ ਲੀਹ ਦਾ ਜੋ ਵਿਸ਼ੇਸ਼ ਤੇ ਪਲੇਠਾ ਅੰਕ ਕਿਸਾਨਾਂ ਤੇ
ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਸਬੰਧੀ ਜਾਰੀ ਕੀਤਾ ਗਿਆ, ਉਹ ਪੜਿਆ ਹੈ।
ਭਾਵੇਂ ਮੈਂ ਇਸ ਦੁਖਾਂਤ ਦੇ ਮਾਰੇ ਕਿਸਾਨਾਂ ਤੇ ਖੇਤ-ਮਜ਼ਦੂਰਾਂ ਦੀਆਂ ਵਿਧਵਾਵਾਂ ਤੇ ਬੱਚਿਆਂ ਦੇ
ਸੰਤਾਪ ਨੂੰ ਲਗਾਤਾਰ ਨੇੜਿਓਂ ਤੱਕਦਾ ਤੇ ਉਹਨਾਂ ਦੇ ਦਰਦ ਨੂੰ ਲੰਮੇ ਸਮੇਂ ਤੋਂ ਮਹਿਸੂਸ ਕਰਦਾ ਆ
ਰਿਹਾ ਹਾਂ ਪਰ ਇਸ ਪੇਪਰ ’ਚ ਜੋ ਇਸ ਸੰਤਾਪ ਦੀ ਬੱਝਵੀਂ ਤੇ ਭਰਵੀਂ
ਤਸਵੀਰ ਪੇਸ਼ ਕੀਤੀ ਗਈ ਹੈ, ਉਹ ਮਨ ਨੂੰ ਜਜ਼ਬਾਤੀ
ਕਰਨ ਵਾਲੀ ਵੀ ਹੈ, ਖੂਨ ਨੂੰ ਉਬਾਲਾ ਦੇਣ ਵਾਲੀ ਵੀ ਹੈ, ਸੋਝੀ ਨੂੰ
ਸਾਣ ’ਤੇ ਲਾਉਣ ਵਾਲੀ ਵੀ ਅਤੇ ਵਿਸ਼ਾਲ ਤੇ ਕਰੜੇ ਸੰਘਰਸ਼ਾਂ ਦੀ ਵਡੇਰੀ ਲੋੜ ਨੂੰ
ਉਭਾਰਨ ਵਾਲੀ ਹੈ। ਮੈਂ ਸੰਨ 1990 ਤੋਂ ਪਹਿਲਾਂ ਇਨਕਲਾਬੀ
ਜਨਤਕ ਲੀਹ ਤੇ ਫਿਰ ਸੁਰਖ ਰੇਖਾ ਦਾ ਪਾਠਕ ਚੱਲਿਆ ਆ ਰਿਹਾ ਹਾਂ। ਇਸ ਪੇਪਰ ਦੀਆਂ ਉਂਝ ਤਾਂ ਸਾਰੀਆਂ
ਲਿਖਤਾਂ ਹੀ, ਪਰ ਕਿਸਾਨੀ ਨਾਲ ਜੁੜੀਆਂ ਵਿਸ਼ੇਸ਼ ਲਿਖਤਾਂ
ਮੈਨੂੰ ਕਿਸਾਨ ਸੰਘਰਸ਼ਾਂ ਤੇ ਲਹਿਰ ’ਚ ਅਸਰਦਾਰ ਪ੍ਰਚਾਰ ਦੇ
ਨੁਕਤੇ ਮੁਹੱਈਆ ਕਰਦੀਆਂ ਰਹੀਆਂ ਹਨ। ਮੈਂ ਸੁਹਿਰਦ ਪਾਠਕ ਤੇ ਪ੍ਰਚਾਰਕ ਵਜੋਂ ਤੁਹਾਡੇ ਤੇ ਤੁਹਾਡੀ
ਸੁਰਖ਼ ਲੀਹ ਦੇ ਨਾਲ ਹਾਂ।
ਸ਼ਿੰਗਾਰਾ ਸਿੰਘ ਮਾਨ
----------
ਸਾਥੀ ਸੰਪਾਦਕ ਜੀ, ਲਾਲ ਸਲਾਮ!
ਮੈਂ ਲੰਮੇ ਸਮੇਂ ਤੋਂ ਲਗਾਤਾਰ ਇਨਕਲਾਬੀ ਵਿਚਾਰਾਂ ਵਾਲੇ ਪੇਪਰ (ਜੈਕਾਰਾ, ਇਨਕਲਾਬੀ
ਜਨਤਕ ਲੀਹ ਤੇ ਸੁਰਖ਼ ਰੇਖਾ) ਦਾ ਪਾਠਕ ਚੱਲਿਆ ਆ ਰਿਹਾ ਹਾਂ ਤੇ ਆਪਣੀ ਸਮਰੱਥਾ ਅਨੁਸਾਰ ਪਾਠਕਾਂ
ਨੂੰ ਪੇਪਰ ਨਾਲ ਜੋੜਨ ਦਾ ਯਤਨ ਕਰਦਾ ਆ ਰਿਹਾ ਹਾਂ। ਅੱਗੇ ਤੋਂ ਵੀ ਸੁਰਖ਼ ਲੀਹ ਨੂੰ ਵੱਧ ਤੋਂ ਵੱਧ
ਹੱਥਾਂ ਤੱਕ ਪਹੁੰਚਾਉਣ ’ਚ ਤੁਹਾਡਾ ਸਾਥ ਦਿੰਦਾ ਰਹਾਂਗਾ। ਸੁਰਖ਼ ਲੀਹ
ਦੀਆਂ ਲਿਖਤਾਂ ਚਾਨਣ ਮੁਨਾਰਾ ਬਣਕੇ ਫੈਲ ਜਾਣਗੀਆਂ।
ਤੁਹਾਡਾ ਪਾਠਕ, ਹੇਮ ਰਾਜ ‘ਬਾਦਲ’
----------
ਸਾਬਕਾ ਸੁਰਖ਼ ਰੇਖਾ ਤੇ ਹੁਣ ਸੁਰਖ਼ ਲੀਹ ਦੇ ਸੰਪਾਦਕੀ ਤੇ ਪ੍ਰਬੰਧਕ ਸਾਥੀਓ, ਲਾਲ ਸਲਾਮ!
ਮੈਂ ਪਿਛਲੇ ਕਈ ਸਾਲਾਂ ਤੋਂ ਸੁਰਖ਼ ਰੇਖਾ ਦਾ ਪਾਠਕ ਹਾਂ। ਪੇਪਰ ਸੁਰਖ਼ ਰੇਖਾ
ਲੋਕ ਮੁਕਤੀ ਲਈ ਲਗਾਤਾਰ ਸੰਘਰਸ਼ਮਈ ਲੋਕਾਂ ਦੇ ਚਾਨਣ ਮੁਨਾਰੇ ਦੇ ਤੌਰ ’ਤੇ ਕੰਮ ਕਰ
ਰਿਹਾ ਹੈ। ਹਾਕਮਾਂ ਦੇ ਲੋਕ ਦੋਖੀ ਕਾਰਨਾਮਿਆਂ ਨੂੰ ਤੱਥਾਂ ਤੇ ਅੰਕੜਿਆਂ ਸਹਿਤ ਪੇਸ਼ ਕਰਦਾ ਆ ਰਿਹਾ
ਹੈ। ਪੇਪਰ ਦਾ ਇੱਕ ਸੁਹਿਰਦ ਪਾਠਕ ਪੇਪਰ ’ਚੋਂ ਮਿਲੀ ਜਾਣਕਾਰੀ
ਅਤੇ ਤੱਥ ਲੋਕਾਂ ’ਚ ਲੈ ਕੇ ਜਾਂਦਾ ਹੈ ਤਾਂ ਲੋਕਾਂ ਦੇ ਕੰਮ ਆਉਂਦੇ ਹਨ।
ਹੁਣ ਜਦੋਂ ਲੋਕਾਂ ’ਚ ਬੇਚੈਨੀ ਤੇ ਹਾਕਮਾਂ ਵੱਲੋਂ ਲੋਕਾਂ ਤੇ ਤਿੱਖਾ
ਆਰਥਿਕ ਹੱਲਾ ਵਿੱਢਿਆ ਹੋਇਆ ਹੈ, ਅਜਿਹੇ ਸਮੇਂ ’ਚ ਮੈਂ ਸੁਰਖ਼
ਲੀਹ ਦੇ ਵਿਚਾਰਾਂ ਨਾਲ ਸਹਿਮਤ ਹਾਂ। ਇਸ ਜਨਤਕ ਲੀਹ ’ਤੇ ਪਹਿਰਾ
ਦਿੰਦੇ ਹੋਏ ਸੁਰਖ਼ ਲੀਹ ਦੇ ਲੋਕ ਹਿੱਤਾਂ ਲਈ ਵਧਾਰੇ ਪਸਾਰੇ ’ਚ ਆਵਦਾ ਬਣਦਾ
ਯੋਗਦਾਨ ਪਾਉਂਦੇ ਰਹਾਂਗੇ। ਖੁਦਕੁਸ਼ੀਆਂ ’ਤੇ ਵਿਸ਼ੇਸ਼ ਅੰਕ ਕਾਫ਼ੀ
ਜਾਣਕਾਰੀ ਭਰਪੂਰ ਸੀ।
ਡਾ. ਮਨਜਿੰਦਰ ਪੱਪੀ (ਲੰਬੀ).
----------
ਸੰਪਾਦਕ ਜੀ,
ਆਦਿਵਾਸੀ ਖੇਤਰਾਂ ’ਚ ਹੋ ਰਹੇ ਹਕੂਮਤੀ ਜਬਰ
ਬਾਰੇ ਪ੍ਰਕਾਸ਼ਤ ਕੀਤੀ ਗਈ ਰਿਪੋਰਟ ਇਨ੍ਹਾਂ ਖੇਤਰਾਂ ਦੇ ਤਾਜ਼ਾ ਹਾਲਾਤਾਂ ਬਾਰੇ ਅਹਿਮ ਜਾਣਕਾਰੀ
ਮੁਹੱਈਆ ਕਰਵਾਉਂਦੀ ਹੈ ਅਤੇ ਭਾਰਤੀ ਹਕੂਮਤ ਦੇ ਜਾਬਰ ਖਾਸੇ ਨੂੰ ਉਘਾੜ ਕੇ ਸਾਹਮਣੇ ਲਿਆਉਂਦੀ ਹੈ।
ਅਪ੍ਰੇਸ਼ਨ ਗਰੀਨ ਹੰਟ ਦੇ ਅਹਿਮ ਸਿਆਸੀ ਮੁੱਦੇ ’ਤੇ ਪੰਜਾਬ ਦੀ ਇਨਕਲਾਬੀ
ਜਮਹੂਰੀ ਲਹਿਰ ਦੇ ਕਾਰਕੁੰਨਾਂ ਤੱਕ ਅਜਿਹੀ ਰਿਪੋਰਟ ਪਹੁੰਚਾਉਣ ਲਈ ਤੁਹਾਡਾ ਧੰਨਵਾਦ। ਤੁਸੀਂ
ਪਹਿਲਾਂ ਵੀ ਸੁਰਖ਼ ਰੇਖਾ ਦੇ ਪੰਨਿਆਂ ’ਚ ਆਦਿਵਾਸੀ ਖੇਤਰਾਂ ਦੇ
ਸੰਘਰਸ਼ਾਂ ਦੀਆਂ ਰਿਪੋਰਟਾਂ ਤੇ ਮੁੱਲਵਾਨ ਸਿਆਸੀ ਟਿੱਪਣੀਆਂ ਦਿੰਦੇ ਰਹੇ ਹੋ ਤੇ ਆਸ ਕਰਦਾ ਹਾਂ ਕਿ
ਇਹ ਸਿਲਸਿਲਾ ਇਉਂ ਹੀ ਜਾਰੀ ਰਹੇਗਾ।
2015 ਦਾ ਵਰ੍ਹਾ ਸੁਰਖ ਲੀਹ ਪਰਿਵਾਰ ਲਈ ਇੱਕ ਚੁਣੌਤੀ ਲੈ ਕੇ ਆਇਆ ਸੀ।
ਸਾਥੀ ਨਾਜਰ ਸਿੰਘ ਵੱਲੋਂ ਪਰਚੇ ਦੀ ਇਨਕਲਾਬੀ ਲੀਹ ਤੇ ਸਿਆਸਤ ਤੋਂ ਥਿੜਕ ਜਾਣ ਮੌਕੇ ਪੂਰੇ ਪਰਿਵਾਰ
ਵੱਲੋਂ ਸਫ਼ਲਤਾ ਨਾਲ ਖੜ੍ਹੇ ਰਹਿਣ ਦੀ ਵਧਾਈ।
ਮੇਰੇ ਵੱਲੋਂ ਹਰ ਤਰ੍ਹਾਂ ਦੀਆਂ ਸੇਵਾਵਾਂ ਹਾਜ਼ਰ ਹਨ। ਹਿੱਸਾਪਾਈ ਲਈ
ਟਿੱਪਣੀਆਂ ਅਤੇ ਰਿਪੋਰਟਾਂ ਭੇਜਣਾ ਜਾਰੀ ਰੱਖਾਂਗਾ।
ਪਾਵੇਲ
----------
ਪਿਆਰੇ ਜੱਸੀ,
ਸੁਰਖ਼ ਲੀਹ ਦੇ ਅੰਕ ਉਪਰੋਥਲੀ ਮਿਲੇ। ਹਮੇਸ਼ਾਂ ਵਾਂਗ ਸਮੱਗਰੀ ਸੁਹਿਰਦ ਹੈ, ਸੰਜੀਦਾ ਹੈ, ਜੂਝਦੇ ਲੋਕਾਂ
ਨੂੰ ਰਾਹ ਵਿਖਾਉਣ ਵਾਲੀ ਹੈ। ਉਮਰ ਦੇ ਸਾਢੇ ਅੱਠ ਦਹਾਕੇ ਟੱਪ ਗਏ ਹਨ, ਸਰੀਰ ਕਮਜ਼ੋਰ
ਪਰ ਚੜ੍ਹਦੀ ਕਲਾ ’ਚ ਹੈ, ਤੁਹਾਡੇ ਤੋਂ
ਉਮੀਦਾਂ ਹਨ। ਸੁਰਖ਼ ਰੇਖਾ ਦੇ ਸੁਰਖ਼ ਲੀਹ ਹੋ ਜਾਣ ਨੂੰ ਮੇਰੇ ਕਵਿ ਮਨ ਨੇ ਚਿਨ੍ਹਾਤਮਕ ਅਰਥਾਂ ’ਚ ਲਿਆ ਹੈ:
ਆ ਰੇਖਾ ਤੋਂ ਲੀਹ ਹੋ ਜਾਈਏ
ਹੋਣ ਕਾਫ਼ਲੇ ਵੱਡੇ
ਪਗਡੰਡੀਆਂ ਤੋਂ ਰਾਹ ਬਣਨਾ ਹੈ
ਸਾਨੂੰ ਮੰਜ਼ਲ ਸੱਦੇ।
ਮੱਲ ਸਿੰਘ ਰਾਮਪੁਰੀ
----------
ਸੰਪਾਦਕ ਜੀ,
ਸੁਰਖ਼ ਲੀਹ ਨੇ ਪਿਛਲੇ ਅੰਕਾਂ ਵਿੱਚ ਕਿਸਾਨ ਖੁਦਕੁਸ਼ੀਆਂ ਦੇ ਵਰਤਾਰੇ ਸਬੰਧੀ
ਬਹੁਤ ਹੀ ਅਰਥ-ਭਰਪੂਰ ਸਮੱਗਰੀ ਪ੍ਰਕਾਸ਼ਤ ਕੀਤੀ ਹੈ। ਜਿਸ ਦਾ ਪਾਠਕਾਂ ਨੂੰ ਬਹੁਤ ਲਾਭ ਹੋਇਆ ਹੈ।
ਸੁਰਖ ਲੀਹ ਦੇ ਅੰਕਾਂ ’ਚ ਛਪੀਆਂ ਰਿਪੋਰਟਾਂ ਰਾਹੀਂ ਕਿਸਾਨ ਘੋਲ ਦੀ ਵਿਸਥਾਰੀ ਜਾਣਕਾਰੀ ਮਿਲਦੀ ਰਹੀ ਹੈ।
ਮੈਂ ਪਹਿਲਾਂ ਵਾਂਗ ਹੀ (ਸੁਰਖ਼ ਰੇਖਾ ਵੇਲੇ ਤੋਂ) ਪੇਪਰ ਦੇ ਵਧਾਰੇ ਪਸਾਰੇ ਲਈ ਯਤਨ ਜਾਰੀ
ਰੱਖਾਂਗਾ।
ਇਨਕਲਾਬੀ ਸ਼ੁਭ ਇੱਛਾਵਾਂ ਨਾਲ,
ਕ੍ਰਿਸ਼ਨ ਦਿਆਲ ਕੁੱਸਾ।
----------
ਸੰਪਾਦਕ ਜੀ,
ਪਹਿਲੀ ਗੱਲ ਤਾਂ ਸੁਰਖ਼ ਲੀਹ ਦੇ ਸਾਰੇ ਅੰਕਾਂ ਦੀ ਦਿੱਖ, ਟਾਈਟਲ ਬਹੁਤ
ਪ੍ਰਭਾਵਸ਼ਾਲੀ ਸੀ ਜੋ ਮੁੱਦਿਆਂ ਨੂੰ ਬਿਆਨ ਕਰਨ ਵਾਲੇ ਸਨ। ਕਿਸਾਨੀ ਮਾਮਲਿਆਂ ਬਾਰੇ ਸਮੱਗਰੀ
ਪ੍ਰਭਾਵਸ਼ਾਲੀ ਸੀ।
ਅਕਤੂਬਰ ਅੰਕ ਵਿਚਲੀ 2 ਸਤੰਬਰ ਦੀ ਮੁਲਕ
ਵਿਆਪੀ ਹੜਤਾਲ ਬਾਰੇ ਸਿਆਸੀ ਟਿੱਪਣੀ ਬਿਲਕੁਲ ਦਰੁਸਤ ਸੀ। ਪਰ ਇਸ ਨਾਲ ਸਬੰਧਤ ਵਿਸ਼ੇਸ਼ ਰਿਪੋਰਟ ਦੀ
ਘਾਟ ਜ਼ਰੂਰ ਰੜਕੀ। ਮੁਲਕ ਪੱਧਰ ’ਤੇ ਇਸ ਹੜਤਾਲ ਨੂੰ ਜੋ
ਹੁੰਗ੍ਹਾਰਾ ਮਿਲਿਆ ਉਹ ਕਾਫ਼ੀ ਉਤਸ਼ਾਹਜਨਕ ਸੀ, ਚੰਗਾ ਹੁੰਦਾ ਜੇ ਉਹ
ਇੱਕ ਨਿੱਗਰ ਰਿਪੋਰਟ ਰਾਹੀਂ ਝਲਕਦਾ।
ਅਪ੍ਰੇਸ਼ਨ ਗਰੀਨ ਹੰਟ ਬਾਰੇ ਵਿਸ਼ੇਸ਼ ਸਪਲੀਮੈਂਟ ਵੀ ਆਦਿਵਾਸੀ ਖੇਤਰਾਂ ਦੀ
ਹਾਲਤ ਦੀ ਤਸਵੀਰ ਪੇਸ਼ ਕਰਨ ਪੱਖੋਂ ਬਾ-ਕਮਾਲ ਸੀ। ਉਮੀਦ ਹੈ ਕਿ ਅਗਾਂਹ ਵੀ ਉਨ੍ਹਾਂ ਖੇਤਰਾਂ ਵਿਚਲੀ
ਲਹਿਰ ਬਾਰੇ ਅਤੇ ਲੋਕਾਂ ਦੀ ਹਾਲਤ ਬਾਰੇ ਜਾਣਕਾਰੀ ਮੁਹੱਈਆ ਕਰਾਉਣ ਦੇ ਉੱਦਮ ਹੁੰਦੇ ਰਹਿਣਗੇ। ਇਹ
ਉਹਨਾਂ ਇਲਾਕਿਆਂ ਦੀ ਲਹਿਰ ਨੂੰ ਪੰਜਾਬ ਦੀ ਲਹਿਰ ਨਾਲ ਜੋੜਨ ਦੇ ਪੱਖ ਤੋਂ ਚੰਗੀ ਪਹਿਲਕਦਮੀ ਹੈ।
ਲੁਧਿਆਣਾ ਤੋਂ ਇੱਕ ਪਾਠਕ।
----------
ਸੰਪਾਦਕ ਜੀ,
ਸੁਰਖ਼ ਲੀਹ ਪ੍ਰਕਾਸ਼ਨ ਵੱਲੋਂ ‘‘ਸਲਵਾ ਜੁਦਮ
ਤੋਂ ਅਪ੍ਰੇਸ਼ਨ ਗਰੀਨ ਹੰਟ ਤੱਕ’’ ਪ੍ਰਕਾਸ਼ਤ ਕੀਤਾ ਪਰਚਾ ਪੜ੍ਹਕੇ
ਰੌਂਗਟੇ ਖੜ੍ਹੇ ਹੁੰਦੇ ਹਨ। ਸਾਡੇ ਆਦਿਵਾਸੀ ਲੋਕ ਕਿਸ ਹੱਦ ਤੱਕ ਭਾਰਤੀ ਰਾਜ ਦੇ ਨਿਹੱਕੇ
ਦਹਿਸ਼ਤਗਰਦ ਹਮਲੇ ਦਾ ਸ਼ਿਕਾਰ ਹੋ ਰਹੇ ਹਨ, ਪੜ੍ਹ ਕੇ ਜਿੱਥੇ ਉਨ੍ਹਾਂ
ਦੀਆਂ ਅਣਮਨੁੱਖੀ ਹਾਲਤਾਂ ਬਾਰੇ ਪਤਾ ਲੱਗਦਾ ਹੈ, ਉੱਥੇ ਮਨ ’ਚ ਇਸ
ਨਾਦਰਸ਼ਾਹੀ ਰਾਜ ਬਾਰੇ ਨਫ਼ਰਤ ਭਰਦੀ ਹੈ ਤੇ ਇਸ ਨੂੰ ਬਦਲਣ ਲਈ ਵੱਧ ਜ਼ੋਰ ਲਾਉਣ ਦੀ ਤਾਂਘ ਭਰਦੀ ਹੈ।
ਇਹ ਪਰਚਾ ਛਾਪ ਕੇ ਬਹੁਤ ਵਧੀਆ ਉੱਦਮ ਕੀਤਾ ਹੈ, ਇਸ ਦੀ ਬਹੁਤ ਜ਼ਿਆਦਾ
ਲੋੜ ਸੀ।
ਪਾਠਿਕਾ ਹਰਪਾਲ
----------
ਸੰਪਾਦਕ ਜੀ,
ਵਧਾਈ ਦੇ ਹੱਕਦਾਰ ਹੋ ਕਿ ਉਖੜੇਵੇਂ ਦੇ ਬਾਵਜੂਦ ਨਾ ਸਿਰਫ਼ ਪਰਚੇ ਦੀ
ਲਗਾਤਾਰਤਾ ਬਣੀ ਰਹੀ ਹੈ, ਸਗੋਂ ਤੱਤ ਪੱਖੋਂ ਵੀ
ਬਹੁਤ ਸ਼ਾਨਦਾਰ ਅੰਕ ਆ ਰਹੇ ਹਨ। ਇਨਕਲਾਬੀ ਸਾਂਝੇ ਮੋਰਚੇ ਬਾਰੇ ਲੇਖ ਇਨਕਲਾਬੀ ਖੇਮੇ ਲਈ ਬਹੁਤ
ਅਹਿਮ ਹੈ। ਪਟੇਲ ਅੰਦੋਲਨ ਬਾਰੇ ਸਵਾਲ ਮਨ ਵਿੱਚ ਸਨ ਜਿਨ੍ਹਾਂ ਦੇ ਜਵਾਬ ਪਰਚੇ ’ਚੋਂ ਮਿਲੇ ਹਨ। ਯੂਰਪ ਦੇ ਸ਼ਰਨਾਰਥੀ ਸੰਕਟ ਬਾਰੇ ਲੇਖ ਵੀ ਲੋੜੀਂਦਾ ਤੇ ਵਧੀਆ ਲੱਗਿਆ। ਅੱਧੀ
ਸਦੀ ਦੇ ਇਤਿਹਾਸ ਦੀ ਐਫ. ਆਈ. ਆਰ. ਲੇਖ ਦੇ ਨਾਲ ਸਿਰਲੇਖ ਵੀ ਵਧੀਆ ਲੱਗਿਆ।
ਕਬਾਇਲੀ ਖਿੱਤੇ ਅੰਦਰ ਰਾਜ ਵੱਲੋਂ ਵਿੱਢੇ ਹਮਲੇ ਸਬੰਧੀ ਸੁਰਖ ਲੀਹ ਦੀ
ਵਿਸ਼ੇਸ਼ ਪ੍ਰਕਾਸ਼ਨਾ ਪੰਜਾਬ ਦੇ ਸੰਘਰਸ਼ਸ਼ੀਲ, ਚੇਤਨ ਤੇ ਜਮਹੂਰੀ
ਹਲਕਿਆਂ ਨੂੰ ਮੱਧ ਭਾਰਤ ਅੰਦਰ ਵਾਪਰ ਰਹੇ ਕਹਿਰ ਦੀ ਝਲਕ ਦਿਖਾਉਣ ਅਤੇ ਭਾਰਤ ਦੀ ਕੁੱਲ ਤਸਵੀਰ
ਬਣਾਉਣ ਪੱਖੋਂ ਵਿਸ਼ੇਸ਼ ਸ਼ਲਾਘਾ ਦੀ ਹੱਕਦਾਰ ਹੈ।
ਅਸੀਂ ਕੁਝ ਸਾਥੀ ਹਰੇਕ ਅੰਕ ਉੱਪਰ ਸਾਂਝੇ ਤੌਰ ’ਤੇ ਚਰਚਾ
ਕਰਦੇ ਹਾਂ। ਸਾਥੀਆਂ ਦਾ ਸਾਂਝਾ ਸੁਝਾਅ ਹੈ ਕਿ ਲੇਖਣੀ ਦੀ ਭਾਸ਼ਾ ਨੂੰ ਸੁਖਾਲ਼ੀ ਤੇ ਨਵੇਂ ਪਾਠਕਾਂ
ਦੇ ਸਮਝਣਯੋਗ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ।
ਨਵੇਂ ਵਰ੍ਹੇ ਦੀਆਂ ਸ਼ੁਭਕਾਮਨਾਵਾਂ ਸਹਿਤ,
ਭਾਵਨਾ ਬਠਿੰਡਾ।
No comments:
Post a Comment