Saturday, January 2, 2016

2) ਕਿਸਾਨ ਘੋਲ ਦੀ ਚੜ੍ਹਤ ਅਤੇ ਫਿਰਕੂ ਭਟਕਾਅ



ਕਿਸਾਨ ਘੋਲ ਦੀ ਚੜ੍ਹਤ ਅਤੇ ਫਿਰਕੂ ਭਟਕਾਅ

- ਸੁਰਖ਼ ਲੀਹ ਡੈੱਸਕ

ਭਾਵੇਂ ਬਰਗਾੜੀ ਨੇੜਲੇ ਇਕ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚੋਂ ਗੁਰੂ ਗਰੰਥ ਸਾਹਿਬ ਦੀ ਬੀੜ ਚੋਰੀ ਕਰਕੇ, ਸਿੱਖ ਜਨਤਾ ਦੇ ਧਾਰਮਕ ਜਜ਼ਬਾਤ ਭੜਕਾਉਣ ਦਾ ਮੁੱਢ ਤਾਂ 1 ਜੂਨ, 2015 ਨੂੰ ਬੰਨ੍ਹ ਦਿੱਤਾ ਗਿਆ ਸੀ। ਪਰ 12 ਅਕਤੂਬਰ ਨੂੰ ਦੋ ਗੱਲਾਂ ਦਾ ਮੌਕਾ ਮੇਲ ਬਣਿਆ ਇੱਕ ਪਾਸੇ 12 ਅਕਤੂਬਰ (2015) ਨੂੰ ਕਿਸਾਨਾਂ ਦੇ ਰੇਲ ਰੋਕ ਮੋਰਚੇ ਦਾ ਆਖਰੀ ਦਿਨ ਸੀ। ਕਿਸਾਨ ਜਨਤਾ ਵਿਚ ਕਿਸਾਨ ਮੁੱਦਿਆਂ ਦੀ ਅਤੇ ਕਿਸਾਨ ਘੋਲ ਦੀ ਘਰ-ਘਰ ਹੋ ਰਹੀ ਚਰਚਾ ਸਿਖਰਾਂ ਉਤੇ ਸੀ। ਇਸ ਘੋਲ ਵਿਚ ਸ਼ਾਮਲ ਹੋ ਰਹੇ ਕਿਸਾਨਾਂ ਦੀ ਗਿਣਤੀ ਧੜਾਧੜ ਵੱਧ ਰਹੀ ਸੀ। ਦੂਜੇ ਪਾਸੇ ਏਸੇ 12 ਅਕਤੂਬਰ ਨੂੰ ਬਰਗਾੜੀ ਵਿਚ ਗੁਰੂ ਗ੍ਰੰਥ ਸਾਹਿਬ ਵਿੱਚੋਂ ਪਾੜੇ ਵਰਕੇ ਪਿੰਡ ਵਿਚ ਖਿਲਾਰ ਕੇ ਸਿੱਖ ਜਨਤਾ ਵਿੱਚ ਧਾਰਮਕ ਜਜ਼ਬਾਤਾਂ ਦੀ ਅੱਗ ਭੜਕਾਉਣ ਵਾਸਤੇ ਪਹਿਲੀ ਸੀਖ ਬਾਲ਼ ਕੇ ਸਿੱਟੀ ਗਈ। ਆਪਣੇ ਜਮਾਤੀ ਮੁੱਦਿਆਂ ਉੱਤੇ ਕਿਸਾਨੀ ਦੀ ਤਿੱਖੀ ਬੇਚੈਨੀ, ਸਿੱਖ ਜਨਤਾ ਵਿਚ ਧਾਰਮਕ ਜਜ਼ਬਾਤਾਂ ਦੀ ਭੜਕਾਹਟ ਅਤੇ ਸਰਕਾਰ ਵੱਲੋਂ ਇਸਨੂੰ ਜਬਰ ਦੇ ਜੋਰ ਕੁਚਲਣ ਸਦਕਾ ਇਸ ਭੜਕਾਹਟ ਵਿੱਚ ਆਇਆ ਉਬਾਲ, ਇਹਨਾਂ ਸਭਨਾਂ ਗੱਲਾਂ ਦੇ ਕੁੱਲ ਮਿਲਵੇਂ ਅਸਰ ਸਦਕਾ ਪੰਜਾਬ ਵਿੱਚ ਇੱਕ ਅਰਸੇ ਲਈ ਧਮਾਕਾਖੇਜ ਹਾਲਤ ਪੈਦਾ ਹੋ ਗਈ।
ਸਿੱਖ ਜਨਤਾ ਦੇ ਧਾਰਮਕ ਜਜ਼ਬਾਤਾਂ ਨੂੰ ਠੇਸ ਲੱਗਣ ਅਤੇ ਧਾਰਮਕ ਜਜ਼ਬਾਤੀ ਭੜਕਾਹਟ ਪੈਦਾ ਹੋਣ ਦਾ ਸਭ ਤੋਂ ਵੱਡਾ ਕਾਰਣ ਸਿੱਖ ਲੀਡਰਾਂ ਵੱਲੋਂ ਸਿੱਖ ਧਰਮ ਅਤੇ ਸਿਆਸਤ ਦੇ ਅਟੁੱਟ ਸੰਬੰਧ ਹੋਣ ਦੀ ਧਾਰਣਾ ਨੂੰ ਜ਼ੋਰ ਸ਼ੋਰ ਨਾਲ ਪ੍ਰਚਾਰਨਾ ਅਤੇ ਲਾਗੂ ਕਰਨਾ ਹੈ। ਸ਼ਰੋਮਣੀ ਕਮੇਟੀ ਅਤੇ ਅਕਾਲ ਤਖਤ ਦੀ ਜਥੇਦਾਰੀ ਤੇ ਕਬਜ਼ਾ ਅਕਾਲੀ ਧੜਿਆਂ ਲਈ ਸਿਆਸੀ ਚੌਧਰ ਦਾ ਅਹਿਮ ਹਥਿਆਰ ਚਲਿਆ ਆ ਰਿਹਾ ਹੈ। ਇੰਨ੍ਹਾਂ ਸੰਸਥਾਵਾਂ ਤੇ ਬਾਦਲ ਧੜੇ ਦਾ ਕਬਜ਼ਾ ਚੱਲਿਆ ਆ ਰਿਹਾ ਹੈ। ਇੰਨ੍ਹਾਂ ਸੰਸਥਾਵਾਂ ਦੀ ਸਿਆਸੀ ਹਿੱਤਾਂ ਲਈ ਥੋਕ ਵਰਤੋਂ ਨੇ ਇੰਨ੍ਹਾਂ ਦੀ ਪੜਤ ਨੂੰ ਖੋਰਾ ਲਾਉਣ ਦਾ ਰੋਲ ਅਦਾ ਕੀਤਾ ਹੈ ਅਤੇ ਸਿੱਖ ਸ਼ਰਧਾਲੂਆਂ ਚ ਨਾਰਾਜ਼ਗੀ ਪੈਦਾ ਕੀਤੀ ਹੈ।
ਸ਼ਰੋਮਣੀ ਕਮੇਟੀ ਦਾ ਖਜ਼ਾਨਾ ਬਹੁਤ ਵੱਡਾ ਹੈ। ਇਸਦੇ ਕੰਟਰੋਲ ਹੇਠ ਪੰਜਾਬ ਅਤੇ ਹਰਿਆਣੇ ਦੇ ਹਜ਼ਾਰਾਂ ਗੁਰਦੁਆਰੇ ਹਨ ਜਿਹਨਾਂ ਵਿੱਚੋਂ ਬਹੁਤਿਆਂ ਦੇ ਨਾਉਂ ਜ਼ਮੀਨਾਂ ਹਨ। ਇਸ ਤਰ੍ਹਾਂ ਸ਼ਰੋਮਣੀ ਕਮੇਟੀ ਹਜ਼ਾਰਾਂ ਏਕੜਾਂ ਦੀ ਮਾਲਕੀ ਵਾਲੀ ਪੰਜਾਬ ਅਤੇ ਹਰਿਆਣੇ ਦੀ ਸਭ ਤੋਂ ਵੱਡੀ ਜਗੀਰਦਾਰ ਹੈ। ਇਸ ਜ਼ਮੀਨ ਦੇ ਠੇਕੇ, ਸਥਾਨਕ ਗੁਰਦੁਆਰਿਆਂ ਦੇ ਚੜ੍ਹਾਵੇ ਅਤੇ ਖਾਸ ਕਰਕੇ ਹਰਮੰਦਰ ਸਾਹਿਬ ਦੇ ਚੜ੍ਹਾਵੇ ਦੀ ਰਕਮ ਜੁੜਕੇ, ਅਰਬਾਂ ਰੁਪਏ ਦੀ ਆਮਦਨ ਹੈ। ਸ਼ਰੋਮਣੀ ਕਮੇਟੀ ਦਾ 2015-16 ਦਾ ਬਜਟ 10 ਅਰਬ (993.24 ਕਰੋੜ) ਰੁ: ਦੇ ਕਰੀਬ ਹੈ। ਇਸ ਤੋਂ ਕਿਤੇ ਵੱਡੀ ਰਕਮ ਉਹ ਹੈ ਜਿਹੜੀ ਬਜਟ ਤੋਂ ਬਾਹਰੋਂ-ਬਾਹਰ ਚੋਰ ਮੋਰੀਆਂ ਥਾਣੀ ਅਕਾਲੀ ਸਿਆਸੀ ਲੀਡਰਾਂ ਦੀਆਂ ਜੇਬਾਂ ਵਿੱਚ ਜਾ ਡਿੱਗਦੀ ਹੈ। ਸ਼ਰੋਮਣੀ ਕਮੇਟੀ ਦੇ ਖਜ਼ਾਨੇ ਦੀ ਹੋ ਰਹੀ ਲੁੱਟ-ਖਸੁੱਟ ਸਿੱਖ ਜਨਤਾ ਦੇ ਧਾਰਮਕ ਜਜ਼ਬਾਤਾਂ ਨੂੰ ਠੇਸ ਪਹੁੰਚਾਉਂਦੀ ਹੈ। ਸ਼ਰੋਮਣੀ ਕਮੇਟੀ ਦੇ ਅਧੀਨ ਗੁਰਦੁਆਰਿਆਂ, ਵਿੱਦਿਅਕ ਅਤੇ ਹੋਰ ਸੰਸਥਾਵਾਂ ਵਿੱਚ ਵੀ ਦਹਿ ਹਜ਼ਾਰਾਂ ਮੁਲਾਜ਼ਮ ਹਨ। ਯਾਨੀ ਰੁਜ਼ਗਾਰ ਦੇ ਦਹਿ ਹਜ਼ਾਰਾਂ ਮੌਕੇ ਹਨ। ਇਹਨਾਂ ਵਿੱਚ ਨੌਕਰੀਆਂ ਦੇਣ ਵੇਲੇ ਅਕਾਲੀ ਲੀਡਰਾਂ ਵੱਲੋਂ ਕੀਤੇ ਜਾ ਰਹੇ ਭਰਿਸ਼ਟਾਚਾਰ ਸਦਕਾ ਸਿੱਖ ਜਨਤਾ ਦੇ ਧਾਰਮਕ ਜਜ਼ਬਾਤਾਂ ਨੂੰ ਠੇਸ ਪਹੁੰਚਦੀ ਹੈ। ਹੁਣ ਸ਼ਰੋਮਣੀ ਕਮੇਟੀ ਦੀ ਚੋਣ ਵੇਲੇ, ਜਦੋਂ ਕਮੇਟੀ ਦਾ ਪ੍ਰਧਾਨ ਬਾਦਲਾਂ ਵੱਲੋਂ ਭੇਜੇ ਲਿਫਾਫੇ ਵਿੱਚੋਂ ਨਿਕਲਦਾ ਹੈ ਤਾਂ ਸਿੱਖ ਜਨਤਾ ਦੇ ਧਾਰਮਕ ਜਜ਼ਬਾਤਾਂ ਨੂੰ ਵੱਡਾ ਝਟਕਾ ਲੱਗਦਾ ਹੈ। ਜਦੋਂ ਬਾਦਲ ਜੁੰਡਲੀ ਅਖਾਉਤੀ ਸਿੰਘ ਸਾਹਿਬਾਨਾਂ ਨੂੰ ਆਪਣੇ ਨਿੱਜੀ ਤਨਖਾਹਦਾਰ ਨੌਕਰਾਂ ਵਾਂਗੂੰ ਵਰਤ ਰਹੀ ਹੈ ਤਾਂ ਸਿੱਖ ਜਨਤਾ ਦੇ ਧਾਰਮਕ ਜਜ਼ਬਾਤਾਂ ਨੂੰ ਵੱਡਾ ਝਟਕਾ ਵੱਜਦਾ ਹੈ। ਪੰਜਾਬ ਵਿੱਚ ਪੈਦਾ ਹੋਈ ਵਿਸਫੋਟਕ ਹਾਲਤ ਵਿੱਚ ਇਸ ਗੱਲ ਦਾ ਵੀ ਇੱਕ ਰੋਲ ਹੈ।
ਕਦੇ ਮਰਜਾ ਚਿੜੀਏ, ਕਦੇ ਜਿਉਂ ਪਾ ਚਿੜੀਏ ਦੀ ਕਹਾਵਤ ਅਨੁਸਾਰ ਪਹਿਲਾਂ ਸਿੰਘ ਸਾਹਿਬਾਨਾਂਤੋਂ ਸੱਚੇ ਸੌਦੇ ਵਾਲੇ ਗੁਰੂ ਦੇ ਖਿਲਾਫ 2007 ਵਿੱਚ ਹੁਕਮਨਾਮਾ ਜਾਰੀ ਕਰਵਾ ਦਿੱਤਾ। ਫੇਰ ਇਸ ਗੁਰੂ ਨਾਲ ਵੋਟ ਸੌਦਾ ਕਰਕੇ ਇਸ ਨੂੰ ਮਾਫੀ ਦੇਣ ਦਾ ਹੁਕਮਨਾਮਾ ਜਾਰੀ ਕਰਵਾ ਦਿੱਤਾ। ਫੇਰ ਬਹੁਤ ਛੇਤੀ ਹੀ ਮਾਫੀ ਦੇਣ ਵਾਲਾ ਇਹ ਹੁਕਮਨਾਮਾ ਰੱਦ ਕਰਵਾ ਦਿੱਤਾ।
ਬਾਦਲ-ਜੁੰਡਲੀ ਆਪਣੀ ਸਹੂਲਤੀ-ਵੋਟ-ਸਿਆਸਤ ਅਨੁਸਾਰ ਜਿਵੇਂ ਸੱਚੇ ਸੌਦੇ ਵਾਲਿਆਂ ਨਾਲ ਕਦੇ ਦਬਕਣ ਕਦੇ ਪਲੋਸਣ ਦਾ ਰਿਸ਼ਤਾ ਰੱਖਦੀ ਆ ਰਹੀ ਹੈ, ਗਰਮ ਖਿਆਲੀਏ ਆਖੀਆਂ ਜਾਂਦੀਆਂ ਸਿੱਖ ਜਨੂੰਨੀ ਜਥੇਬੰਦੀਆਂ ਵੰਨੀ ਵੀ ਇਹੋ ਰਵੱਈਆ ਹੈ। ਪਹਿਲਾਂ ਸੱਚਾ ਸੌਦਾ ਗੁਰੂ ਦੇ ਖਿਲਾਫ ਹੁਕਮਨਾਮਾ ਜਾਰੀ ਕਰਵਾ ਕੇ ਸਿੱਖ ਜਨੂੰਨੀਆਂ ਨੂੰ, ਸੱਚੇ ਸੌਦੇ ਖਿਲਾਫ ਸਿੱਖ ਜਨਤਾ ਦੇ ਫਿਰਕੂ ਜਜ਼ਬਾਤ ਭੜਕਾਉਣ ਦਾ ਮੌਕਾ ਦਿੱਤਾ। ਸਿੱਖ ਜਨੂੰਨੀਆਂ ਵੱਲੋਂ ਸੱਚੇ-ਸੌਦੇ ਦੇ ਪੈਰੋਕਾਰਾਂ ਦੇ ਖਿਲਾਫ ਗੁੰਡਾਗਰਦੀ ਸ਼ਰੇਆਮ ਕੀਤੀ ਜਾਂਦੀ ਰਹੀ। ਉਹਨਾਂ ਦੀ ਫਿਲਮ ਦੇ ਖਿਲਾਫ ਜਨੂੰਨੀ ਹੋ-ਹੱਲਾ ਮਚਾਇਆ ਗਿਆ। ਆਪਣੇ ਘਰਾਂ ਦੇ ਅੰਦਰ ਨਾਮ ਚਰਚਾ ਕਰਨ ਦੇ ਮਾਮਲੇ ਵਿੱਚ ਵੀ ਸਿੱਖ ਜਨੂੰਨੀਆਂ ਵੱਲੋਂ ਉਹਨਾਂ ਉੱਤੇ ਪਾਬੰਦੀ ਲਗਾ ਦਿੱਤੀ ਗਈ ਤੇ ਬਾਦਲ ਸਰਕਾਰ ਇਸ ਸਭ ਕਾਸੇ ਨੂੰ ਮੂਕ ਦਰਸ਼ਕ ਬਣਕੇ ਦੇਖਦੀ ਰਹੀ।

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਘਟਨਾ ਚੱਕਰ

ਬਾਦਲ ਸਰਕਾਰ ਦੀ ਮਿਹਰ ਸਦਕਾ, ਇਸ ਘਟਨਾ ਚੱਕਰ ਦੇ ਨਤੀਜੇ ਵਜੋਂ ਸਿੱਖ ਜਨਤਾ ਦੇ ਧਾਰਮਕ ਜਜ਼ਬਾਤਾਂ ਦੇ ਭੜਕਣ, ਅਤੇ ਸਿੱਖ ਜਨੂੰਨੀਆਂ ਵੱਲੋਂ ਆਪਣੀ ਲੋਕ ਦੁਸ਼ਮਣ ਸਿਆਸਤ ਖਾਤਰ ਇਸ ਹਾਲਤ ਦਾ ਲਾਹਾ ਲੈਣ ਦੀਆਂ ਕੋਸ਼ਿਸ਼ਾਂ ਦਾ ਸਿਲਸਿਲਾ ਇੱਕ ਨਵੀਂ ਸਿਖਰ ਤੇ ਜਾ ਪਹੁੰਚਿਆ।
ਜਮਹੂਰੀ ਅਧਿਕਾਰ ਸਭਾ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਘਟਨਾ ਚੱਕਰ ਦੀ ਤਸਵੀਰ ਇਉਂ ਉੱਘੜਦੀ ਹੈ1 ਜੂਨ 2015 ਨੂੰ ਬਰਗਾੜੀ ਨੇੜਲੇ ਪਿੰਡ ਬੁਰਜ ਜਵਾਹਰ ਸਿੰਘ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋ ਗਈ। 2 ਜੂਨ ਨੂੰ ਬਾਜਾਖਾਨਾ ਥਾਣੇ ਵਿੱਚ ਇਸ ਬਾਰੇ ਐਫ. ਆਈ. ਆਰ. ਦਰਜ ਕੀਤੀ ਗਈ। 2 ਜੂਨ ਨੂੰ ਹੀ ਫਿਰਕੂ ਸਿੱਖ ਜਨੂੰਨੀਆਂ ਦੇ ਆਗੂਆਂ ਦੀ ਇੱਕ ਟੋਲੀ ਇਸ ਪਿੰਡ ਵਿੱਚ ਪਹੁੰਚ ਗਈ। ਫੇਰ ਸਿੱਖ ਜਨੂੰਨੀ ਲੀਡਰਾਂ ਦੀ ਅਗਵਾਈ ਵਿੱਚ ਪਹਿਲਾਂ 5 ਜੂਨ ਨੂੰ ਪਿੰਡ ਵਿੱਚ ਤੇ ਫੇਰ 11 ਜੂਨ ਨੂੰ ਫਰੀਦਕੋਟ ਡੀ. ਸੀ. ਦਫਤਰ ਦੇ ਮੂਹਰੇ ਧਰਨਾ ਦਿੱਤਾ ਗਿਆ। 20 ਜੂਨ ਨੂੰ ਫਰੀਦਕੋਟ ਬੰਦ ਦਾ ਸੱਦਾ ਦਿੱਤਾ ਗਿਆ। 20 ਜੂਨ ਨੂੰ ਹੀ ਸਿੱਖ ਜਨੂੰਨੀ ਆਗੂਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਦੀ ਇਸ ਘਟਨਾ ਦੀ ਪੜਤਾਲ ਲਈ ਇੱਕ ਟੋਲੀ ਬਣਾ ਦਿੱਤੀ। ਇਸਨੇ 22 ਜੂਨ ਨੂੰ ਪਿੰਡ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ਵਿੱਚ ਗੁਰਦੁਆਰੇ ਦੇ ਪ੍ਰਬੰਧਕਾਂ ਅਤੇ ਪਿੰਡ ਦੇ ਲੋਕਾਂ ਤੋਂ ਬੰਦ ਕਮਰੇ ਵਿੱਚ ਪੁੱਛ-ਗਿੱਛ ਕੀਤੀ। ਪੁੱਛ-ਗਿੱਛ ਦੌਰਾਨ, ਇਸ ਟੋਲੀ ਦੇ ਇੱਕ ਮੈਂਬਰ ਨੇ ਇੱਕ ਦਲਿਤ ਨੌਜਵਾਨ ਦੀ ਬੇਇੱਜ਼ਤੀ ਕੀਤੀ ਤੇ ਥੱਪੜ ਮਾਰਿਆ। ਇਸਦਾ ਪਿੰਡ ਦੇ ਲੋਕਾਂ ਨੇ ਜ਼ਬਰਦਸਤ ਵਿਰੋਧ ਕੀਤਾ ਅਤੇ ਪੜਤਾਲੀਆ ਟੋਲੀ ਨੂੰ ਪੜਤਾਲ ਅਧੂਰੀ ਛੱਡ ਕੇ ਪਿੰਡੋਂ ਜਾਣਾ ਪਿਆ। ਇਸ ਵਿਹਾਰ ਵਿਰੁੱਧ ਰੋਸ ਜਾਹਰ ਕਰਦਿਆਂ ਪਿੰਡ ਵਾਲਿਆਂ ਨੇ ਸਿੱਖ ਜਨੂੰਨੀ ਜਥੇਬੰਦੀਆਂ ਦੇ ਪਿੰਡ ਵਿੱਚ ਦਾਖਲੇ ਉੱਤੇ ਪਾਬੰਦੀ ਲਾ ਦਿੱਤੀ। ਪੜਤਾਲੀਆ ਟੋਲੀ ਨੇ ਅਧੂਰੀ ਪੜਤਾਲ ਦੇ ਅਧਾਰ ਉੱਤੇ ਹੀ ਗਰੰਥੀ ਗੋਰਾ ਸਿੰਘ, ਗੁਰਦੁਆਰਾ ਪ੍ਰਧਾਨ ਰਣਜੀਤ ਸਿੰਘ, ਮੈਂਬਰ ਪੰਚਾਇਤ ਗੁਰਜੰਟ ਸਿੰਘ ਅਤੇ ਦੋ ਡੇਰਾ ਪ੍ਰੇਮੀਆਂ ਦਾ ਨਾਉਂ ਦੋਸ਼ੀਆਂ ਦੇ ਤੌਰ ਤੇ ਪੁਲਸ ਨੂੰ ਦੇ ਕੇ ਕਾਰਵਾਈ ਕਰਨ ਨੂੰ ਕਿਹਾ। ਪੁਲਸ ਨੇ ਪੂਰੇ ਪਿੰਡ ਦੀ ਤਲਾਸ਼ੀ ਲਈ, ਪੁੱਛ-ਗਿੱਛ ਕੀਤੀ। ਫੋਨ ਰਿਕਾਰਡਿੰਗ ਦੇ ਵੇਰਵੇ ਲਏ ਅਤੇ 25 ਕਿਲੋਮੀਟਰ ਦੇ ਘੇਰੇ ਅੰਦਰ ਡੇਰਿਆਂ ਗੁਰਦੁਆਰਿਆਂ ਅਤੇ ਪੁੱਛਾਂ ਦੇਣ ਵਾਲੇ ਸ਼ੱਕੀ ਸਾਧਾਂ ਤੋਂ ਪੜਤਾਲ ਕੀਤੀ। ਗੁਰਦੁਆਰੇ ਨਾਲ ਲੱਗਦੇ ਛੱਪੜ ਦਾ ਪਾਣੀ ਪਿੰਡ ਵਾਸੀਆਂ ਤੋਂ ਕਢਵਾ ਕੇ, ਹਲਾਂ ਅਤੇ ਕਰਾਹਿਆਂ ਨਾਲ ਵਹਾ ਕੇ, ਗਰੰਥ ਸਾਹਿਬ ਦੀ ਬੀੜ ਲੱਭਣ ਦੀ ਕੋਸ਼ਿਸ਼ ਕੀਤੀ।
ਪਿੰਡ ਨੇ ਸਾਂਝੇ ਤੌਰ ਤੇ ਫੈਸਲਾ ਕਰਕੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਜਾ ਕੇ ਪਾਠ ਅਤੇ ਅਰਦਾਸ ਕਰਕੇ ਮਾਮਲੇ ਦਾ ਨਿਬੇੜਾ ਕਰ ਦਿੱਤਾ। ਪੁਲਿਸ ਨੇ ਵੀ ਮਸਲਾ ਠੰਢੇ ਬਸਤੇ ਵਿੱਚ ਪਾ ਦਿੱਤਾ। ਇਸ ਨਾਲ ਬੇਅਦਬੀ ਦੇ ਘਟਨਾ-ਚੱਕਰ ਦਾ ਪਹਿਲਾ ਗੇੜ ਸਮਾਪਤ ਹੋ ਗਿਆ। ਘਟਨਾ-ਵਿਕਾਸ ਦਾ ਇਹ ਗੇੜ ਕੀ ਦੱਸਦਾ ਹੈ? ਪਹਿਲੀ ਅਤੇ ਮਹੱਤਵਪੂਰਨ ਗੱਲ ਇਹ ਹੈ ਕਿ ਆਮ ਸਿੱਖ ਜਨਤਾ ਫਿਰਕੂ ਜਨੂੰਨੀ ਨਹੀਂ ਹੁੰਦੀ। ਦੂਜੀ ਗੱਲ ਇਹ ਕਿ ਸਿੱਖ ਜਨੂੰਨੀ ਦਲਿਤਾਂ ਵੰਨੀ ਤ੍ਰਿਸਕਾਰ ਦੀ ਭਾਵਨਾ ਰੱਖਦੇ ਹਨ। ਤੀਜੀ ਗੱਲ ਇਹ ਕਿ ਸ਼ੁਰੂ ਤੋਂ ਹੀ ਉਹਨਾਂ ਵੱਲੋਂ ਸਿੱਖ ਜਨਤਾ ਨੂੰ ਡੇਰਾ ਪ੍ਰੇਮੀਆਂ ਖਿਲਾਫ ਭੜਕਾਉਣ ਦਾ ਯਤਨ ਕੀਤਾ ਗਿਆ ਸੀ।

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੂਜਾ ਗੇੜ

ਇਹ ਦੂਜਾ ਗੇੜ, ਤਿੰਨ ਮਹੀਨੇ ਪਿੱਛੋਂ 24 ਸਤੰਬਰ ਨੂੰ ਉਦੋਂ ਹੀ ਸ਼ੁਰੂ ਹੋ ਗਿਆ ਜਦੋਂ ਅਕਾਲ ਤਖਤ ਤੋਂ ਡੇਰਾ ਮੁਖੀ ਅਤੇ ਉਸਦੇ ਪੈਰੋਕਾਰਾਂ ਦੇ ਸਮਾਜਕ ਬਾਈਕਾਟ ਦਾ ਹੁਕਮਨਾਮਾ ਵਾਪਸ ਲੈਣ ਦਾ ਐਲਾਨ ਕੀਤਾ ਗਿਆ। 24-25 ਸਤੰਬਰ ਦੀ ਦਰਮਿਆਨੀ ਰਾਤ ਨੂੰ ਗੁਰਦੁਆਰਾ ਪਿੰਡ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਦੇ ਗੇਟਾਂ ਉਪਰ ਹੱਥ ਲਿਖਤ ਪੋਸਟਰ ਲੱਗੇ ਦੇਖੇ ਗਏ। ਇਹਨਾਂ ਦੀ ਭਾਸ਼ਾ ਬੇਹੱਦ ਹੀ ਭੜਕਾਊ ਅਤੇ ਹਲਕੀ ਸੀ। ਇਹਨਾਂ ਪੋਸਟਰਾਂ ਵਿੱਚ ਚੋਰੀ ਹੋਏ ਧਾਰਮਕ ਗ੍ਰੰਥ ਦੇ ਵਰਕੇ ਪਾੜ ਕੇ ਸੁੱਟਣ ਦੀ ਧਮਕੀ ਵੀ ਦਿੱਤੀ ਗਈ ਸੀ। ਇਹ ਇਸ ਤਰੀਕੇ ਨਾਲ ਲਿਖੇ ਗਏ ਸਨ ਕਿ ਸ਼ੱਕ ਦੀ ਸੂਈ ਡੇਰਾ ਪ੍ਰੇਮੀਆਂ ਵੱਲ ਜਾਵੇ। ਇਸ ਦੀ ਰਿਪੋਰਟ ਦਰਜ ਕਰਵਾਉਣ ਦੇ ਬਾਵਜੂਦ ਪੁਲਸ ਨੇ ਇਹਨਾਂ ਦੇ ਸਬੂਤ ਨਹੀਂ ਸੰਭਾਲੇ। ਇਹਨਾਂ ਪੋਸਟਰਾਂ ਦੇ ਜਵਾਬ ਵਿੱਚ ਰੁਪਿੰਦਰ ਸਿੰਘ ਪੰਜਗਰਾਈਂ ਨੇ (ਜਿਸਨੇ ਦਲਿਤ ਨੌਜਵਾਨ ਦੇ ਥੱਪੜ ਮਾਰਿਆ ਸੀ) ਗਰਮ ਭਾਸ਼ਾ ਵਿੱਚ ਪੋਸਟਰ ਲਾ ਕੇ ਸਿੱਖ ਜਨਤਾ ਦੇ ਫਿਰਕੂ ਜਜ਼ਬਾਤ ਭੜਕਾਉਣ ਦੀ ਕੋਸ਼ਿਸ਼ ਕੀਤੀ, ਜਿਸਨੂੰ ਪਿੰਡ ਵਾਸੀਆਂ ਵੱਲੋਂ ਉਦੋਂ ਹੀ ਨਸ਼ਟ ਕਰ ਦਿੱਤਾ ਗਿਆ।
12 ਅਕਤੂਬਰ ਨੂੰ ਸਵੇਰੇ ਬਰਗਾੜੀ ਪਿੰਡ ਦੇ ਗੁਰਦੁਆਰੇ ਦੇ ਬਾਹਰ, ਫਿਰਨੀ, ਗਲੀਆਂ ਅਤੇ ਮੁੱਖ ਸੜਕ ਤੇ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਖਿੱਲਰੇ ਦੇਖੇ ਗਏ। ਇੱਕ ਬਰਗਾੜੀ ਨਿਵਾਸੀ ਨੇ ਖੁਦ ਕੁਝ ਵਰਕੇ ਪੁਲਸ ਦੇ ਧਿਆਨ ਵਿੱਚ ਲਿਆਂਦੇ ਜਿਸ ਤੋਂ ਵਿਗਿਆਨਕ ਤਰੀਕੇ ਨਾਲ ਦੋਸ਼ੀ ਦੀ ਪਹਿਚਾਣ ਕੀਤੀ ਜਾ ਸਕਦੀ ਸੀ। ਪਰ ਪੁਲਸ ਨੇ ਇਸ ਨੂੰ ਅਣਗੌਲਿਆਂ ਕਰ ਦਿੱਤਾ।
ਇਸ ਤੋਂ ਬਾਅਦ ਫਿਰਕੂ ਸਿੱਖ ਜਨੂੰਨੀ ਆਗੂ ਵੱਡੀ ਗਿਣਤੀ ਵਿੱਚ ਪਹੁੰਚ ਗਏ। ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਪਾੜੇ ਪੱਤਰਿਆਂ ਨੂੰ ਪਾਲਕੀ ਵਿੱਚ ਰੱਖਕੇ ਪਹਿਲਾਂ ਬਰਗਾੜੀ ਧਰਨਾ ਦਿੱਤਾ ਫੇਰ ਤਿੰਨ-ਕੋਣੀ ਕੋਟਕਪੂਰਾ ਅਤੇ ਅੰਤ ਨੂੰ ਕੋਟਕਪੂਰੇ ਫਰੀਦਕੋਟ ਚੌਂਕ ਵਿੱਚ ਧਰਨਾ ਲਾ ਦਿੱਤਾ।

ਫਿਰਕੂ ਜਜ਼ਬਾਤ ਭੜਕਾਉਣ ਦੇ ਯਤਨ ਤੇਜ਼ ਅਤੇ ਅੰਨ੍ਹਾ ਪੁਲਸ ਜਬਰ

13 ਅਕਤੂਬਰ ਦੀ ਸਵੇਰ ਨੂੰ ਪੁਲਸ ਧਰਨਾਕਾਰੀਆਂ ਨੂੰ ਫੜ੍ਹਕੇ 30-40 ਕਿਲੋਮੀਟਰ ਦੀ ਦੂਰੀ ਤੇ ਛੱਡ ਆਈ ਅਤੇ ਚੌਂਕ ਖਾਲੀ ਕਰਵਾ ਦਿੱਤਾ। ਪਰ ਫੇਰ ਸ਼ਾਮ ਨੂੰ 3 ਵਜੇ ਦੇ ਲਗਭਗ ਵੱਡੀ ਗਿਣਤੀ ਵਿੱਚ ਧਰਨਾਕਾਰੀ ਫਰੀਦਕੋਟ ਚੌਂਕ ਵਿੱਚ ਆ ਗਏ। ਸ਼ਹਿਰ ਵਾਸੀਆਂ ਮੁਤਾਬਕ ਵੱਡੀ ਗਿਣਤੀ ਵਿੱਚ ਨੌਜਵਾਨ ਡਾਂਗਾਂ ਅਤੇ ਨੰਗੀਆਂ ਕਿਰਪਾਨਾਂ ਨਾਲ ਲੈਸ ਸਨ। ਉਹ ਖਾਲਿਸਤਾਨ ਜ਼ਿੰਦਾਬਾਦ, ਭਿੰਡਰਾਂਵਾਲਾ ਜ਼ਿੰਦਾਬਾਦ  ਦੇ ਨਾਅਰੇ ਲਾ ਰਹੇ ਸਨ। ਸਟੇਜ ਉੱਤੇ ਬੁਲਾਰੇ ਸਿੰਘ ਸਾਹਿਬਾਨਾਂ ਅਤੇ ਡੇਰਾ ਸੱਚਾ ਸੌਦਾ ਵਿਰੁੱਧ ਜਜ਼ਬਾਤੀ ਅਤੇ ਭੜਕਾਊ ਭਾਸ਼ਾ ਦੀ ਵਰਤੋਂ ਕਰ ਰਹੇ ਸਨ। ਸ਼ਹਿਰ ਵਾਸੀਆਂ ਅਨੁਸਾਰ ਇਹ ਮਾਹੌਲ ਭੈ-ਭੀਤ ਕਰਨ ਵਾਲਾ ਸੀ। ਇਸ ਦਿਨ ਕੋਟਕਪੂਰੇ ਦੀਆਂ ਨੇੜਲੀਆਂ ਹੋਰ ਕਈ ਥਾਵਾਂ ਉੱਤੇ ਧਰਨੇ ਲੱਗ ਗਏ। 14 ਅਕਤੂਬਰ ਨੂੰ ਸਵੇਰੇ ਚਾਰ ਕੁ ਵਜੇ ਪੁਲਸ ਨੇ ਘੇਰਾ ਸਖਤ ਕਰ ਦਿੱਤਾ ਅਤੇ ਧਰਨਾਕਾਰੀਆਂ ਨੇ ਆਪਣੀ ਸੁਰ ਬਦਲ ਕੇ ਸ਼ਾਂਤ ਰਹਿਣ ਦੇ ਐਲਾਨ ਸ਼ੁਰੂ ਕਰ ਦਿੱਤੇ। ਚੌਂਕ ਨੂੰ ਖਾਲੀ ਕਰਵਾਉਣ ਲਈ ਗ੍ਰਿਫ਼ਤਾਰੀਆਂ ਸ਼ੁਰੂ ਹੋ ਗਈਆਂ। ਪੁਲਸ ਕਰੀਬ 1000 ਔਰਤਾਂ ਅਤੇ ਬੱਚਿਆਂ ਨੂੰ ਬੱਸਾਂ ਵਿਚ ਬਿਠਾਕੇ ਲੈ ਗਈ। ਧਰਨਾਕਾਰੀਆਂ ਨੂੰ ਖਬਰ ਮਿਲੀ ਕਿ ਪੁਲਸ ਇਹਨਾਂ ਔਰਤਾਂ ਤੇ ਬੱਚਿਆਂ ਨੂੰ ਦੂਰ ਛੱਡ ਆਈ ਹੈ। ਇਸ ਕਰਕੇ ਅਗਾਂਹ ਹੋਰ ਗ੍ਰਿਫ਼ਤਾਰੀਆਂ ਵਿਰੁੱਧ ਤਕਰਾਰ ਹੋ ਗਿਆ। ਇਸ ਦੌਰਾਨ ਪੁਲਿਸ ਵੱਲੋਂ ਧਰਮ ਗੁਰੂ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਧੱਕੇ ਮਾਰ ਕੇ ਗੱਡੀ ਵਿਚ ਚੜ੍ਹਾਉਣ ਦੀ ਕੋਸ਼ਿਸ਼ ਨੇ ਭੜਕਾਹਟ ਪੈਦਾ ਕਰ ਦਿੱਤੀ। ਪੁਲਸ ਨੇ ਅੰਨ੍ਹਾ ਲਾਠੀਚਾਰਜ ਕੀਤਾ, ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਹਵਾਈ ਫਾਇਰ ਕੀਤੇ। ਧਰਨਾਕਾਰੀਆਂ ਨੇ ਜਵਾਬ ਵਿੱਚ ਇੱਟਾਂ ਰੋੜਿਆਂ ਦੀ ਵਰਤੋਂ ਕੀਤੀ। ਪੁਲਸ ਨੇ ਗਲੀਆਂ ਵਿੱਚ ਭੱਜੇ ਜਾਂਦੇ ਧਰਨਾਕਾਰੀਆਂ ਨੂੰ ਜਬਰ ਦਾ ਸ਼ਿਕਾਰ ਬਣਾਇਆ। ਸ਼ਹਿਰ ਵਾਸੀਆਂ ਮੁਤਾਬਕ ਧਰਨੇ ਵਿਚ ਸ਼ਹਿਰੀਆਂ ਦੀ ਸ਼ਮੂਲੀਅਤ ਨਹੀਂ ਸੀ, ਸਗੋਂ ਧਰਨਾਕਾਰੀ ਬਾਹਰਲੇ ਪਿੰਡਾਂ, ਕਸਬਿਆਂ ਅਤੇ ਦੂਜੇ ਸੂਬਿਆਂ (ਰਾਜਸਥਾਨ ਅਤੇ ਹਰਿਆਣਾ) ਤੋਂ ਆਏ ਸਨ। ਪੁਲਸ ਨੇ 6 ਵਜੇ ਸਵੇਰ ਤੱਕ ਚੌਂਕ ਖਾਲੀ ਕਰਵਾ ਕੇ ਆਵਾਜਾਈ ਚਾਲੂ ਕਰਵਾ ਦਿੱਤੀ ਸੀ।

ਦੋ ਨੌਜਵਾਨਾਂ ਦੇ ਕਤਲ

ਪਿੰਡ ਵਾਸੀਆਂ ਅਨੁਸਾਰ 14 ਅਕਤੂਬਰ ਨੂੰ ਸਵੇਰੇ ਸਾਢੇ ਕੁ ਤਿੰਨ ਵਜੇ, ਬਾਜਾਖਾਨਾ, ਬਰਗਾੜੀ,  ਬਹਿਬਲ ਕਲਾਂ ਅਤੇ ਢਿਲਵਾਂ ਦੇ ਧਰਨੇ ਇੱਕ ਪੁਲਸ ਪਾਰਟੀ ਨੇ ਉਠਾ ਦਿੱਤੇ। ਇਸ ਸਮੇਂ ਬਹਿਬਲ ਕਲਾਂ ਦੇ ਧਰਨੇ ਵਿੱਚੋਂ ਕੁਝ ਔਰਤਾਂ ਨੂੰ ਫੜ ਕੇ ਜੈਤੋ ਥਾਣੇ ਭੇਜ ਦਿੱਤਾ। ਇਸ ਗ੍ਰਿਫ਼ਤਾਰੀ ਨੇ ਲੋਕਾਂ ਵਿੱਚ ਭੜਕਾਹਟ ਪੈਦਾ ਕਰ ਦਿੱਤੀ ਅਤੇ ਬਹਿਬਲ ਕਲਾਂ ਦੇ ਲੋਕਾਂ ਨੇ ਫੇਰ ਧਰਨਾ ਲਾ ਦਿੱਤਾ। ਕੋਟਕਪੂਰਾ ਦੇ ਲਾਠੀਚਾਰਜ ਤੋਂ ਬਾਅਦ ਢਿਲਵਾਂ ਦੇ ਦੁਬਾਰਾ ਲੱਗੇ ਧਰਨੇ ਨੂੰ ਪੁਲਸ ਨੇ ਅੱਥਰੂ ਗੈਸ ਅਤੇ ਹਵਾਈ ਫਾਇਰਾਂ ਦੀ ਦਹਿਸ਼ਤ ਨਾਲ ਖਿੰਡਾ ਦਿੱਤਾ। ਬਹਿਬਲ ਕਲਾਂ ਦੇ ਧਰਨਾਕਾਰੀਆਂ ਨੂੰ ਧਰਨਾ ਫੌਰਨ ਚੁੱਕਣ ਦਾ ਅਲਟੀਮੇਟਮ ਦੇ ਦਿੱਤਾ ਤਾਂ ਪਿੰਡ ਵਾਲਿਆਂ ਨੇ ਗ੍ਰਿਫ਼ਤਾਰ ਔਰਤਾਂ ਦੀ ਰਿਹਾਈ ਦੀ ਮੰਗ ਕੀਤੀ ਅਤੇ ਧਰਨਾ ਲਿੰਕ ਰੋਡ ਵੱਲ ਖਿਸਕਾ ਲਿਆ। ਪਰ ਉਹਨਾਂ ਨੂੰ ਇਥੋਂ ਵੀ ਲਾਠੀਚਾਰਜ ਅਤੇ ਅੱਥਰੂ ਗੈਸ ਨਾਲ ਖਦੇੜ ਦਿੱਤਾ। ਇਸਦੀ ਸੂਚਨਾ ਮਿਲਣ ਤੇ ਨੇੜਲੇ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿਚ ਔਰਤਾਂ ਅਤੇ ਮਰਦ ਪੁੱਜਣੇ ਸ਼ੁਰੂ ਹੋ ਗਏ। ਸਵੇਰੇ 10 ਕੁ ਵਜੇ ਲਿੰਕ ਰੋਡ ਉਤੇ ਦੁਬਾਰਾ ਕੱਠੇ ਹੋਏ ਧਰਨਾਕਾਰੀਆਂ ਉਤੇ ਦਹਿਸ਼ਤ ਪਾਉਣ ਲਈ ਪੁਲਸ ਨੇ ਵਹੀਕਲ ਭੰਨਣੇ ਸ਼ੁਰੂ ਕਰ ਦਿੱਤੇ ਅਤੇ ਲੋਕਾਂ ਉਤੇ ਲਾਠੀਚਾਰਜ ਸ਼ੁਰੂ ਕਰ ਦਿੱਤਾ। ਲੋਕਾਂ ਨੇ ਆਪਣੇ ਬਚਾਅ ਲਈ ਰੋੜੇ ਵਰਤਣੇ ਸ਼ੁਰੂ ਕਰ ਦਿੱਤੇ। ਫੱਟੜ ਅੰਗਰੇਜ ਸਿੰਘ ਮੁਤਾਬਕ ਪੁਲਸ ਨੇ ਸਿੱਧੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਇਸ ਗੋਲੀਬਾਰੀ ਨੇ ਦੋ ਨੌਜਵਾਨਾਂ ਦੀ ਜਾਨ ਲੈ ਲਈ। ਕਰਿਸ਼ਨ ਭਗਵਾਨ ਦੇ ਪੇਟ ਅਤੇ ਗੁਰਦੀਪ ਸਿੰਘ ਦੇ ਮੂੰਹ ਚ ਗੋਲੀ ਲੱਗਣ ਨਾਲ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਚਾਰ ਹੋਰ ਬੰਦੇ ਵੀ ਗੋਲੀ ਨਾਲ ਜ਼ਖਮੀ ਹੋਏ। ਲਾਠੀਚਾਰਜ ਨਾਲ 15 ਹੋਰ ਵਿਅਕਤੀ ਫੱਟੜ ਹੋਏ। ਪੁਲਸ ਨੇ ਪਿੰਡ ਦੇ ਟੈਂਟ, ਜਨਰੇਟਰ, 10-15 ਮੋਟਰਸਾਇਕਲ, ਇਕ ਸਕੂਟਰ, ਤਿੰਨ ਮੇਜ, ਲੰਗਰ ਦੇ ਬਰਤਨ, ਦੋ ਟਰਾਲੀਆਂ, ਇਕ ਸਾਇਕਲ ਅਤੇ ਆਪਣੀ ਇਕ ਬੱਸ ਅਤੇ ਬੁਲੈਰੋ ਤੋਂ ਇਲਾਵਾ ਇਕ ਅਣਪਛਾਤੀ ਗੱਡੀ ਵੀ ਸਾੜ ਦਿੱਤੀ। (ਵਹੀਕਲ ਭੰਨਣ ਤੇ ਅੱਗ ਲਾਉਣ ਦੀ ਪੁਲਸ ਕਾਰਵਾਈ ਲੋਕਾਂ ਨੇ ਕੋਟਕਪੂਰੇ ਵੀ ਧਿਆਨ ਵਿਚ ਲਿਆਂਦੀ ਸੀ) ਨੌਜਵਾਨਾਂ ਨੂੰ ਮਾਰਨ ਤੋਂ ਬਾਅਦ ਪੁਲਸ ਉਥੋਂ ਭੱਜ ਗਈ।
ਨੌਜਵਾਨਾਂ ਦੇ ਮਾਰੇ ਜਾਣ ਤੋਂ ਬਾਅਦ ਰੋਸ ਲਹਿਰ ਪੂਰੇ ਪੰਜਾਬ ਵਿੱਚ ਫੈਲ ਗਈ ਅਤੇ ਸਰਕਾਰੀ ਤੰਤਰ ਜਾਮ ਹੋ ਕੇ ਰਹਿ ਗਿਆ। ਥਾਂ ਥਾਂ ਲੱਗੇ ਧਰਨਿਆਂ ਵਿੱਚ ਸਿੱਖ ਫਿਰਕੂ ਜਨੂੰਨੀਆਂ ਨੇ ਨੰਗੀਆਂ ਕਿਰਪਾਨਾਂ ਲਹਿਰਾ ਕੇ, ਭੜਕਾਊ ਭਾਸ਼ਾ ਅਤੇ ਭਿੰਡਰਾਂਵਾਲੇ ਦੀਆਂ ਤਸਵੀਰਾਂ ਦੀ ਖੁੱਲ੍ਹੀ ਵਰਤੋਂ ਕਰਕੇ ਅਤੇ ਖਾਲਸਤਾਨੀ ਨਾਅਰਿਆਂ ਨਾਲ ਮਹੌਲ ਨੂੰ ਦਹਿਸ਼ਤਜ਼ਦਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਸੁਖਬੀਰ ਬਾਦਲ ਨੇ, 16 ਅਕਤੂਬਰ ਨੂੰ ਦਬਾਅ ਹੇਠ ਇਹਨਾਂ ਧਰਨਾਕਾਰੀਆਂ ਖਿਲਾਫ ਦਰਜ ਕੇਸ ਵਾਪਸ ਲੈ ਕੇ ਗ੍ਰਿਫ਼ਤਾਰ ਵਿਅਕਤੀਆਂ ਨੂੰ ਰਿਹਾਅ ਕਰ ਦਿੱਤਾ ਅਤੇ ਅਕਾਲ ਤਖਤ ਵੱਲੋਂ 24 ਸਤੰਬਰ ਦਾ ਮਾਫੀਨਾਮਾ ਰੱਦ ਕਰਨ ਦਾ ਐਲਾਨ ਕਰ ਦਿੱਤਾ। ਰਾਜਭਾਗ ਤੇ ਚੌਧਰ ਦੀਆਂ ਜਿਨ੍ਹਾਂ ਲੋੜਾਂ ਚੋਂ ਪਹਿਲਾਂ ਜਾਬਰ ਅਤੇ ਖੂਨੀ ਤਾਕਤ ਦੀ ਵਰਤੋਂ ਦਾ ਰੁਖ ਅਪਣਾਇਆ ਗਿਆ ਸੀ, ਉਹਨਾਂ ਹੀ ਲੋੜਾਂ ਚੋਂ ਹੁਣ ਨਰਮ ਗੋਸ਼ੇ ਦੇ ਸੰਕੇਤ ਦਿੱਤੇ ਜਾ ਰਹੇ ਸਨ ਅਤੇ ਚੱਕਵੀਆਂ ਸਿੱਖ ਜਨੂੰਨੀ ਧਿਰਾਂ ਲਈ ਕਬੂਲਣ ਯੋਗ ਨਵੇਂ ਜਥੇਦਾਰਾਂ ਦੀ ਨਿਯੁਕਤੀ ਤੇ ਗੌਰ ਕੀਤੀ ਜਾ ਰਹੀ ਸੀ।
17 ਅਕਤੂਬਰ ਨੂੰ ਪੰਜ ਗਰਾਂਈ ਖੁਰਦ ਦੇ ਦੋ ਭਰਾਵਾਂ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਅਤੇ ਉਹਨਾਂ ਦੇ ਪਿਤਾ ਤੋਂ ਇਲਾਵਾ ਗੁਰਲਾਲ ਸਿੰਘ ਅਤੇ ਅਮਨਦੀਪ ਸਿੰਘ ਨੂੰ ਘਰੋਂ ਚੁੱਕ ਲਿਆ। 21 ਅਕਤੂਬਰ ਨੂੰ ਪੁਲਸ ਅਧਿਕਾਰੀ ਸਹੋਤਾ ਨੇ ਦਾਅਵਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਫੜੇ ਗਏ ਹਨ, ਜਿਸ ਨਾਲ ਘਟਨਾਵਾਂ ਵਿਚ ਵਿਦੇਸ਼ੀ ਹੱਥ ਵੀ ਨੰਗਾ ਹੋਇਆ ਹੈ। ਮੁੱਖ ਮੰਤਰੀ ਬਾਦਲ ਨੇ ਪਿੰਡ ਦੇ ਸਰਪੰਚ ਵੱਲੋਂ ਦੋਸ਼ੀਆਂ ਦੀ ਤਸਦੀਕ ਕਰਨ ਦਾ ਐਲਾਨ ਕਰ ਮਾਰਿਆ ਪਰ ਅਗਲੇ ਕੁਝ ਹੀ ਦਿਨਾਂ ਵਿਚ ਇਸ ਝੂਠ ਦਾ ਭਾਂਡਾ ਫੁੱਟ ਗਿਆ। ਵਿਦੇਸ਼ੀ ਹੱਥ ਦਾ ਇਹ ਸ਼ੋਰ ਸ਼ਰਾਬਾ ਖਾਲਸਤਾਨੀ ਅਤੇ ਚੱਕਵੇਂ ਫਿਰਕੂ ਸਿੱਖ ਪੈਂਤੜੇ ਵਾਲੀਆਂ ਧਿਰਾਂ ਨਾਲ ਸੌਦੇਬਾਜ਼ੀ ਦੀ ਇੱਛਾ ਦਾ ਰਮਜ਼ੀਆ ਸੰਕੇਤ ਸੀ। ਇਹ ਅਸਲ ਮੁਲਜ਼ਮਾਂ ਨੂੰ ਬੇਨਕਾਬ ਕਰਨ ਤੋਂ ਸੋਚੇ ਸਮਝੇ ਪਰਹੇਜ ਦਾ ਪ੍ਰਗਟਾਵਾ ਸੀ।
ਇਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਸਿਲਸਿਲਾ ਕਾਫੀ ਅਰਸੇ ਤੱਕ ਚਲਦਾ ਰਿਹਾ। 25 ਅਕਤੂਬਰ ਤੱਕ ਪੰਜਾਬ ਦੇ ਕਈ ਕਾਰੋਬਾਰ ਠੱਪ ਰਹੇ। ਇਸ ਘਟਨਾ ਚੱਕਰ ਦੌਰਾਨ ਪੰਜਾਬ ਦੀਆਂ ਕਈ ਹਾਕਮ ਜਮਾਤੀ ਪਾਰਟੀਆਂ ਨੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਦਾ ਯਤਨ ਕੀਤਾ। ਸਭ ਤੋਂ ਚਿੰਤਾਜਨਕ ਗੱਲ ਇਹ ਕਿ ਪੰਜਾਬ ਦੀ ਸਿਆਸਤ ਤੋਂ ਹਾਸ਼ੀਆ ਗ੍ਰਸਤ ਹੋਈ ਖਾਲਸਤਾਨੀ ਸਿੱਖ ਸਿਆਸਤ ਦੇ ਹੱਥ ਫਿਰਕੂ ਜ਼ਹਿਰ ਫੈਲਾਉਣ ਦਾ ਮੌਕਾ ਆਇਆ। ਫਿਰਕੂ ਸਿੱਖ ਜਨੂੰਨੀਆਂ ਨੇ ਅਖੌਤੀ ਸਰਬੱਤ ਖਾਲਸੇ ਰਾਹੀਂ ਅਕਾਲ ਤਖਤ ਦੇ ਮੌਜੂਦਾ ਜੱਥੇਦਾਰਾਂ ਦੀ ਥਾਂ ਆਪਣੇ ਨੁਮਾਇੰਦੇ ਥਾਪ ਲਏ। ਇਸ ਸਰਬੱਤ ਖਾਲਸੇ ਵਿਚ ਬਹੁਤ ਭਾਰੀ ਇਕੱਠ ਹੋਇਆ। ਇਹ ਫਿਰਕੂ ਸਿੱਖ ਜਨੂੰਨੀਆਂ ਦਾ ਕੱਠ ਨਹੀਂ ਸੀ, ਸਗੋਂ ਮੁੱਖ ਤੌਰ ਤੇ ਆਮ ਲੋਕਾਂ ਦਾ ਇਕੱਠ ਸੀ। ਬਾਦਲ ਸਰਕਾਰ ਤੋਂ ਸਤੇ ਹੋਏ ਲੋਕਾਂ ਦਾ ਕੱਠ ਸੀ। ਇਸ ਇਕੱਠ ਚ ਖਾਲਸਤਾਨੀ ਅਤੇ ਸਿੱਖ ਕੱਟੜਪੰਥੀ ਧਿਰਾਂ ਵੱਲੋਂ ਪੇਸ਼ ਕੀਤੇ ਮਤਿਆਂ ਨੇ ਸਿੱਖ ਸ਼ਰਧਾਲੂਆਂ ਨੂੰ ਨਿਰਾਸ਼ ਹੀ ਕੀਤਾ। ਇਸਨੇ ਬੇਅਦਬੀ ਦੇ ਮੁੱਦੇ ਦੇ ਉਹਲੇ ਚ ਰਾਜ-ਭਾਗ ਸਾਂਭਣ ਦੇ ਸਿਆਸੀ ਲਾਲਚ ਨੂੰ ਨਸ਼ਰ ਕਰ ਦਿੱਤਾ। ਇਸ ਸਵੈ-ਪਰਦਾਚਾਕ ਅਤੇ ਸਿੱਖ ਸ਼ਰਧਾਲੂਆਂ ਤੇ ਇਸਦੇ ਨਾਂਹ-ਪੱਖੀ ਪ੍ਰਭਾਵ ਨੇ ਬਾਦਲ ਹਕੂਮਤ ਨੂੰ ਇਹਨਾਂ ਧਿਰਾਂ ਵੱਲ ਮੁੜ ਸਖਤ ਰੁਖ਼ ਅਖਤਿਆਰ ਕਰਨ ਦਾ ਹੌਂਸਲਾ ਦਿੱਤਾ।
ਇਸ ਸਾਰੇ ਘਟਨਾਕ੍ਰਮ ਦੇ ਨਤੀਜੇ ਵਜੋਂ ਪੈਦਾ ਹੋਈ ਸਰਕਾਰ ਵਿਰੋਧੀ ਬੇਚੈਨੀ ਅਤੇ ਭੜਕਾਹਟ ਦਾ ਸਰਕਾਰ ਨੇ ਇਕ ਹੱਦ ਤੱਕ ਦਬਾਅ ਵੀ ਮੰਨਿਆ। ਪਿਛਲਖੁਰੀ ਮੁੜਦਿਆਂ ਕੁਝ ਕਦਮ ਚੁੱਕੇ। ਸੁਖਬੀਰ ਬਾਦਲ ਦੇ ਚਹੇਤੇ ਮਹਾਂ-ਗੁੰਡੇ ਪੁਲਸੀਏ ਸੁਮੇਧ ਸੈਣੀ ਨੂੰ ਬਦਲ ਕੇ ਡੀ.ਜੀ.ਪੀ. ਹੋਮਗਾਰਡ ਬਣਾ ਦਿੱਤਾ। ਇਹ ਥਾਂ ਪੁਲਸ ਮਹਿਕਮੇ ਵਿਚ ਇਕ ਨਿਕੰਮੀ ਥਾਂ ਗਿਣੀ ਜਾਂਦੀ ਹੈ। ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ ਵਿਚ ਫੜੇ ਸਮਾਲਸਰ ਦੇ ਦੋ ਭਰਾਵਾਂ ਨੂੰ ਛੱਡਣਾ ਪਿਆ। ਬੁਰਜ ਜਵਾਹਰ ਸਿੰਘ ਵਾਲੇ ਦੀ ਬੀੜ ਚੋਰੀ ਦੀ ਘਟਨਾ ਅਤੇ ਬਰਗਾੜੀ ਵਿਚਲੀ ਬੇਅਦਬੀ ਦੀ ਘਟਨਾ ਦੀ ਪੜਤਾਲ ਸੀ. ਬੀ. ਆਈ. ਨੂੰ ਦੇਣੀ ਪਈ। ਪਰ ਦੋ ਧਰਨਾਕਾਰੀਆਂ ਦੇ  ਕਾਤਲ ਪੁਲਸੀਆਂ ਉੱਤੇ ਕਤਲ ਦਾ ਮੁਕੱਦਮਾ ਚਲਾਉਣ ਦੇ ਮਾਮਲੇ ਵਿਚ, ਸਰਕਾਰ ਇਕ ਕਸੂਤੀ ਕੁੜਿੱਕੀ ਵਿਚ ਫਸੀ ਹੋਈ ਹੈ। ਇਸ ਸਰਕਾਰ ਦੀ ਪੁਲਸ ਜਬਰ ਉਤੇ ਜਿੱਡੀ ਵੱਡੀ ਟੇਕ ਹੈ, ਇਸ ਦੀ ਵਜ੍ਹਾ ਕਰਕੇ ਪੁਲਸ ਅਫਸਰਾਂ ਦੀ ਨਾਰਾਜ਼ਗੀ ਸਹੇੜਨ ਦਾ ਜੋਖਮ ਨਹੀਂ ਉਠਾ ਸਕਦੀ ਹੈ। ਇਸ ਤੋਂ ਇਲਾਵਾ ਕਾਤਲ ਪੁਲਸੀਆਂ ਦੀ ਬਰਤਰਫੀ ਅਤੇ ਸਜ਼ਾ ਹੋਣ ਦੀ ਸੂਰਤ ਵਿਚ ਇਹਨਾਂ ਵਿਚੋਂ ਕੋਈ ਵੀ ਭੜਕ ਕੇ ਇਸ ਸਰਕਾਰ ਦੀਆਂ ਖਾਸ ਕਰਕੇ ਬਾਦਲ ਲਾਣੇ ਦੀਆਂ ਉਹਨਾਂ ਕਾਲੀਆਂ ਕਰਤੂਤਾਂ ਦਾ ਪਰਦਾਫਾਸ਼ ਕਰ ਸਕਦਾ ਹੈ ਜਿਨ੍ਹਾਂ ਦਾ ਬਹੁਤ ਹੱਦ ਤੱਕ ਪੁਲਸ ਅਫਸਰਾਂ ਨੂੰ ਪਤਾ ਹੁੰਦਾ ਹੈ। ਜਿਵੇਂ ਪੁਲਸ ਕੈਟ ਗੁਰਮੀਤ ਪਿੰਕੀ ਨੇ ਝੂਠੇ ਪੁਲਸ ਮੁਕਾਬਲਿਆਂ ਦਾ ਪਰਦਾਫਾਸ਼ ਕਰਕੇ ਸਰਕਾਰ ਨੂੰ ਕਸੂਤੀ ਹਾਲਤ ਵਿਚ ਫਸਾਇਆ ਹੋਇਆ ਹੈ।
ਜਨਤਕ ਦਬਾਅ ਹੇਠ ਧਰਨਾਕਾਰੀਆਂ ਦੇ ਹੋਏ ਕਤਲਾਂ ਦੀ ਐਫ. ਆਈ. ਆਰ. ਤਾਂ ਦਰਜ ਕਰਨੀ ਪਈ ਪਰ ਢੀਠਤਾਈ ਦੀ ਹੱਦ ਇਹ ਕਿ ਰਿਪੋਰਟ ਅਣਪਛਾਣੇ ਬੰਦਿਆਂ ਦੇ ਖਿਲਾਫ ਦਰਜ ਕੀਤੀ ਗਈ ਹੈ। ਇਸਦਾ ਮਤਲਬ ਇਹ ਹੈ ਕਿ ਪੁਲਸ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਕਿ ਇਹ ਕਤਲ ਕੀਹਦੇ ਹੁਕਮ ਨਾਲ ਤੇ ਕੀਹਦੇ ਹੱਥੋਂ ਹੋਏ ਹਨ। ਇਥੇ ਹੀ ਬੱਸ ਨਹੀਂ ਕਤਲਾਂ ਦੇ ਇਸ ਕੇਸ ਦੀ ਪੜਤਾਲ ਸੀ. ਬੀ. ਆਈ. ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।

ਫਿਰਕੂ ਸਿੱਖ ਜਨੂੰਨ ਦੇ ਖਤਰੇ ਦੇ ਸੰਕੇਤ

ਇਸ ਸਾਰੇ ਘਟਨਾ ਵਿਕਾਸ ਦੇ ਦੋ ਪਹਿਲੂ ਹਨ। ਇੱਕ ਪਹਿਲੂ ਹਾਂ-ਪੱਖੀ ਹੈ, ਹੌਂਸਲਾ ਵਧਾਊ ਹੈ। ਉਹ ਇਹ ਹੈ ਕਿ ਕਿਸਾਨ ਘੋਲ ਦੀ ਵੱਡੀ ਚੜ੍ਹਤ ਹੋਈ ਹੈ। ਇੱਕ ਅਰਸੇ ਵਾਸਤੇ ਕਿਸਾਨ ਮੁੱਦੇ ਪੰਜਾਬ ਦੀ ਸਿਆਸਤ ਉੱਤੇ ਛਾਏ ਰਹੇ ਹਨ। ਚਾਹੇ ਆਪਣੇ ਸੌੜੇ ਸਿਆਸੀ ਮੰਤਵਾਂ ਲਈ ਹੀ ਸਹੀ, ਹਾਕਮ ਜਮਾਤੀ ਵਿਰੋਧੀ ਸਿਆਸੀ ਪਾਰਟੀਆਂ ਨੂੰ ਵੀ, ਇਸ ਘੋਲ਼ ਦੀਆਂ ਮੰਗਾਂ ਦੀ ਹਮਾਇਤ ਵਿੱਚ ਆਉਣਾ ਪਿਆ ਹੈ। ਇਸ ਘੋਲ ਦੀ ਇੱਕ ਬਹੁਤ ਮਹੱਤਵਪੂਰਨ ਗੱਲ ਇਹ ਹੈ ਕਿ ਪਹਿਲੀ ਵਾਰੀ ਪੰਜਾਬ ਦੀਆਂ ਲੱਗਭੱਗ ਸਾਰੀਆਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਲੋਕ ਪੱਖੀ ਜਥੇਬੰਦੀਆਂ ਨੇ ਇੱਕ-ਜੁੱਟ ਹੋ ਕੇ ਮੋਢਾ ਲਾਇਆ ਹੈ।
ਦੂਜਾ ਪਹਿਲੂ ਜੋ ਚਿੰਤਾਜਨਕ ਹੈ ਉਹ ਇਹ ਹੈ ਕਿ ਇਸ ਘਟਨਾਕ੍ਰਮ ਦੇ ਨਤੀਜੇ ਵਜੋਂ ਸਿੱਖ ਜਨੂੰਨੀਆਂ ਦੇ ਉਭਾਰ ਦੇ ਖਤਰੇ ਦੇ ਸੰਕੇਤ ਸਾਹਮਣੇ ਆਏ ਹਨ। 80 ਵਿਆਂ ਦੇ ਫਿਰਕੂ ਦਹਿਸ਼ਤਗਰਦੀ ਦੇ ਕਾਲੇ ਦੌਰ ਦੀਆਂ ਸਭੇ ਮੁਜਰਮ ਸਿਆਸੀ ਧਿਰਾਂ ਮੁੜ ਇਸ ਉਭਾਰ ਨੂੰ ਝੋਕਾ ਲਾਉਣ ਦਾ ਰੋਲ ਅਦਾ ਕਰਦੀਆਂ ਨਜ਼ਰ ਆਈਆਂ ਹਨ।  ਇਸ ਖਤਰੇ ਤੋਂ ਸਾਵਧਾਨ ਰਹਿਣ ਦੀ ਅਤੇ ਇਸਦੇ ਟਾਕਰੇ ਲਈ ਪੇਸ਼ਬੰਦੀਆਂ ਕਰਦੇ ਜਾਣ ਦੀ ਜ਼ਰੂਰਤ ਹੈ।
ਜਦੋਂ ਲੋਕਾਂ ਵੱਲੋਂ ਜਥੇਬੰਦ ਤਾਕਤ ਦੇ ਜ਼ੋਰ, ਆਪਣੇ ਦ੍ਰਿੜ ਅਤੇ ਖਾੜਕੂ ਘੋਲਾਂ ਦੇ ਜੋਰ, ਕਿਸੇ ਘੋਲ ਮੁੱਦੇ ਉੱਤੇ ਜਿੱਤ ਪ੍ਰਾਪਤ ਕਰ ਲਈ ਜਾਂਦੀ ਹੈ ਤਾਂ ਇਸਦਾ ਮਤਲਬ ਇਹ ਬਣਦਾ ਹੈ ਕਿ ਸੰਬੰਧਤ ਮੁੱਦੇ ਉੱਤੇ ਹਕੂਮਤ ਦੀ ਅੜੀ ਭੰਨ ਕੇ ਉਹਨਾਂ ਨੇ ਆਪਣੀ ਰਜ਼ਾ ਪੁਗਾ ਲਈ ਹੈ। ਅੱਗੋਂ ਇਸਦਾ ਮਤਲਬ ਇਹ ਬਣਦਾ ਹੈ ਕਿ ਉਹਨਾਂ ਨੇ ਖਰੀ ਜਮਹੂਰੀਅਤ ਅੰਸ਼ਕ ਰੂਪ ਵਿੱਚ ਸਿਰਜ ਲਈ ਹੈ। ਜਿਸ ਹੱਦ ਤੱਕ ਉਹ ਆਪਣੀ ਇਸ ਪ੍ਰਾਪਤੀ ਲਈ ਚੇਤੰਨ ਹੁੰਦੇ ਹਨ, ਉਹਨਾਂ ਨੂੰ ਘੋਲ-ਮੰਗਾਂ ਮੰਨੇ ਜਾਣ ਨਾਲੋਂ ਵੱਧ ਆਪਣੀ ਰਜ਼ਾ ਪੁਗਾ ਸਕਣ ਦਾ, ਖਰੀ ਲੋਕ-ਜਮਹੂਰੀਅਤ ਸਿਰਜਣ ਦਾ ਵੱਧ ਤਰਾਰਾ ਆਉਂਦਾ ਹੈ।
ਹੁਣ ਜੇ ਜਮਹੂਰੀਅਤ ਸਿਰਜਣ ਦੀ ਇਸ ਲੜਾਈ ਵਿੱਚ, ਕੋਈ ਫਿਰਕੂ ਸ਼ਕਤੀ ਆਪਣਾ ਪੁਗਾਊ ਦਖਲ ਦੇਣ ਦੀ ਕੋਸ਼ਿਸ਼ ਕਰਦੀ ਹੈ ਤਾਂ ਲੋਕ ਅਮਲੀ ਪੱਧਰ ਉੱਤੇ ਇਹ ਗੱਲ ਸਾਫ ਤੌਰ ਤੇ ਦੇਖ ਸਕਦੇ ਹਨ ਕਿ ਉਹ ਫਿਰਕੂ ਸ਼ਕਤੀ ਲੋਕਾਂ ਦੀਆਂ ਸਫਾਂ ਵਿੱਚ ਪਾਟਕ ਪਾ ਕੇ ਜਮਹੂਰੀਅਤ ਸਿਰਜਣ ਦੀ ਲੜਾਈ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਲੋਕ ਇਹ ਦੇਖ ਸਕਦੇ ਹਨ ਕਿ ਉਹ ਫਿਰਕੂ ਸ਼ਕਤੀ ਆਪਣੇ ਫਿਰਕੂ ਮੁੱਦੇ ਮੂਹਰੇ ਲਿਆ ਕੇ ਉਹਨਾਂ ਦੇ ਜਮਾਤੀ ਮੁੱਦਿਆਂ ਨੂੰ ਖੂੰਜੇ ਲਾਉਣ ਦਾ ਯਤਨ ਕਰ ਰਹੀ ਹੈ।
1984 ਦੇ ਕਿਸਾਨ ਘੋਲ ਵੇਲੇ ਦੀ ਉਦਾਹਰਣ ਸਾਡੇ ਸਾਹਮਣੇ ਹੈ। ਉਸ ਵੇਲੇ ਕਿਸਾਨ ਘੋਲ ਦੀ ਬਹੁਤ ਚੜ੍ਹਤ ਹੋ ਰਹੀ ਸੀ। ਚੰਡੀਗੜ੍ਹ ਵਿੱਚ ਗਵਰਨਰ ਨੂੰ ਘੇਰਨ ਵਾਸਤੇ ਦਹਿ ਹਜ਼ਾਰਾਂ ਦੀ ਗਿਣਤੀ ਵਿੱਚ ਰਿਕਾਰਡ ਤੋੜ ਇਕੱਠ ਹੋਇਆ ਸੀ। ਦੂਜੇ ਪਾਸੇ ਭਿੰਡਰਾਂਵਾਲੇ ਦੀ ਅਗਵਾਈ ਵਿੱਚ ਖਾਲਸਤਾਨੀ ਦਹਿਸ਼ਤਗਰਦਾਂ ਦੀ ਚੜ੍ਹਾਈ ਹੋ ਰਹੀ ਸੀ। ਭਿੰਡਰਾਂਵਾਲੇ ਨੇ ਇਸ ਧਰਮ ਨਿਰਪੱਖ ਕਿਸਾਨ ਉਭਾਰ ਤੇ ਸਖਤ ਨਰਾਜ਼ਗੀ ਪ੍ਰਗਟ ਕੀਤੀ ਸੀ। ਮਗਰੋਂ ਇਸ ਕਿਸਾਨ ਘੋਲ ਦੀ ਅਗਵਾਈ ਕਰ ਰਹੀ ਲੱਖੋਵਾਲ ਦੀ ਭਾਰੂ ਲੀਡਰਸ਼ਿਪ ਖੁਦ ਭਿੰਡਰਾਂਵਾਲੇ ਦੇ ਫਿਰਕੂ ਜਨੂੰਨੀ ਛਕੜੇ ਉੱਤੇ ਜਾ ਚੜ੍ਹੀ। ਇਸਨੇ ਕਿਸਾਨ ਮੁੱਦਿਆਂ ਨੂੰ ਖੂੰਜੇ ਲਾਉਣਾ ਅਤੇ ਸਿੱਖ ਜਨੂੰਨੀ ਮੁੱਦਿਆਂ ਨੂੰ ਉਭਾਰਨਾ ਸ਼ੁਰੂ ਕਰ ਦਿੱਤਾ। ਕਿਸਾਨਾਂ ਨੂੰ ਆਪਣੀਆਂ ਫਸਲਾਂ ਦੇ ਲਾਹੇਵੰਦ ਭਾਅ ਲੈਣ ਲਈ ਲੜਨ ਦੀ ਥਾਂ ਇਹ ਲੀਡਰਸ਼ਿਪ ਕਿਸਾਨਾਂ ਨੂੰ ਇਹ ਹਦਾਇਤਾਂ ਕਰ ਰਹੀ ਸੀ ਕਿ ਉਹ ਕਮਾਦ ਜਰੂਰ ਬੀਜਣ ਤਾਂ ਜੋ ਖਾਲਸਤਾਨੀ ਦਹਿਸ਼ਤਗਰਦਾਂ ਨੂੰ ਪਨਾਹ ਲੈਣ ਲਈ ਲੋੜੀਂਦੀਆਂ ਥਾਵਾਂ ਮਿਲ ਸਕਣਕਿਸਾਨ ਆਪਣੇ ਜਮਾਤੀ ਮੁੱਦਿਆਂ ਨੂੰ ਦਰਕਿਨਾਰ ਹੁੰਦੇ ਦੇਖ ਸਕਦੇ ਸਨ। ਇਹ ਇੱਕ ਵੱਡੀ ਵਜ੍ਹਾ ਸੀ ਜਿਸ ਦੇ ਅਧਾਰ ਉੱਤੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵਿਚਲੀ ਕਿਸਾਨ ਪੱਖੀ ਲੀਡਰਸ਼ਿਪ, ਲੱਖੋਵਾਲ ਜੁੰਡਲੀ ਵਿਰੁੱਧ ਇੱਕ ਲੰਮਾ ਅਤੇ ਦ੍ਰਿੜ ਘੋਲ ਲੜ ਕੇ ਇਸ ਜੁੰਡਲੀ ਨੂੰ ਖਦੇੜਨ ਵਿੱਚ ਸਫਲ ਹੋਈ ਸੀ ।
ਇਸ ਗੱਲ ਦਾ ਸਾਰ-ਤੱਤ ਇਹ ਹੈ ਕਿ ਫਿਰਕਾਪ੍ਰਸਤੀ ਵਿਰੋਧੀ ਲੜਾਈ, ਸੁਚੇਤ ਜਮਾਤੀ ਘੋਲਾਂ ਦੀ ਲੜਾਈ ਦਾ, ਖਰੀ ਲੋਕ ਜਮਹੂਰੀਅਤ ਸਿਰਜਣ ਦੀ ਲੜਾਈ ਦਾ ਇੱਕ ਅਟੁੱਟ ਅੰਗ ਹੈ। ਜਮਾਤੀ ਘੋਲਾਂ ਦੇ ਅਖਾੜੇ ਭਖਦੇ ਰੱਖਣ ਉੱਤੇ ਦਾਬ ਰੱਖਦਿਆਂ ਹੀ ਫਿਰਕਾਪ੍ਰਸਤੀ ਵਿਰੁੱਧ ਮੁਹਿੰਮ ਅਸਰਦਾਰ ਹੋ ਸਕਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਘਟਨਾ-ਚੱਕਰ ਦੌਰਾਨ, ਜਮਾਤੀ ਘੋਲ਼ਾਂ ਵਿੱਚ ਸਰਗਰਮ ਜਨਤਕ ਜਥੇਬੰਦੀਆਂ ਖਾਸ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਨੇ, ਇੱਕ-ਜੁੱਟ ਹੋ ਕੇ, ਹੱਥ-ਪਰਚਿਆਂ, ਇਸ਼ਤਿਹਾਰਾਂ, ਰੈਲੀਆਂ ਅਤੇ ਮੁਜ਼ਾਹਰਿਆਂ ਆਦਿਕ ਦੀ ਸ਼ਕਲ ਵਿੱਚ ਪੰਜਾਬ ਦੀਆਂ ਕਿੰਨੀਆਂ ਹੀ ਥਾਵਾਂ ਉੱਤੇ ਫਿਰਕਾਪ੍ਰਸਤੀ ਵਿਰੋਧੀ ਮੁਹਿੰਮ ਚਲਾਈ ਹੈ। ਬੀਤੇ ਸਮੇਂ ਦੇ ਕਿਸਾਨ ਘੋਲ਼ਾਂ, ਵਿਸ਼ੇਸ਼ ਕਰਕੇ ਪਿਛਲੇ ਡੇਢ ਦਹਾਕੇ ਦੇ ਕਿਸਾਨ ਘੋਲ਼ਾਂ ਦੇ ਤਜਰਬੇ ਨੇ ਇਸ ਪ੍ਰਚਾਰ ਦੀ ਕਾਟ ਨੂੰ ਅਸਰਦਾਰ ਬਣਾਇਆ ਹੈ। ਇਸ ਮੁਹਿੰਮ ਦੀ ਵਿਸਥਾਰੀ ਜਾਣਕਾਰੀ ਨੌਜਵਾਨ ਭਾਰਤ ਸਭਾ ਵੱਲੋਂ ਜਾਰੀ ਕੀਤੇ ਪਰਚੇ ‘‘ਨੌਜਵਾਨ’’ (ਪੈਂਫਲਟ ਲੜੀ ਨੰ: 7) ਵਿੱਚੋਂ ਲਈ ਜਾ ਸਕਦੀ ਹੈ। ਇਹ ਕਿਤਾਬਚਾ ਪਾਵੇਲ ਕੁੱਸਾ ਵੱਲੋਂ  (20-11-2015) ਜਾਰੀ ਕੀਤਾ ਗਿਆ ਹੈ।

No comments:

Post a Comment