Wednesday, January 20, 2016

(14) 21 ਜਨਵਰੀ ਲੈਨਿਨ ਦੀ ਬਰਸੀ ’ਤੇ



21 ਜਨਵਰੀ ਨੂੰ ਸੰਸਾਰ ਪ੍ਰੋਲੇਤਾਰੀ ਦੇ ਮਹਾਨ ਆਗੂ 
ਲੈਨਿਨ ਦੀ ਬਰਸੀ ਤੇ

ਸੁਗ਼ਾਤ

ਬੇਰੀਓਜ਼ਾ ਪਿੰਡ ਦੇ ਕਿਸਾਨਾਂ ਨੇ ਫੈਸਲਾ ਕੀਤਾ ਕਿ ਜਿਉਂ ਹੀ ਫਸਲ ਦਾ ਪਹਿਲਾ ਝਾੜ ਆਵੇ ਵਲਾਦੀਮੀਰ ਇਲੀਚ ਲੈਨਿਨ ਨੂੰ ਇੱਕ ਛੋਟੀ ਜਿਹੀ ਸੁਗਾਤ ਭੇਜੀ ਜਾਏ।
ਉਹਨਾਂ ਨੇ ਦਾਣਿਆਂ ਦੀ ਇੱਕ ਬੋਰੀ ਭਰੀ, ਚੱਕੀ ਤੇ ਲਿਜਾ ਕੇ ਆਟਾ ਪਿਸਵਾਇਆ ਤੇ ਨਾਲ ਇੱਕ ਚਿੱਠੀ ਲਿਖੀ:
‘‘ਪਿਆਰੇ ਸਾਥੀ ਲੈਨਿਨ!
‘‘ਸਭ ਤੋਂ ਪਹਿਲੀ ਗੱਲ ਕਿ ਜ਼ਮੀਨਾਂ, ਚਰਾਂਦਾਂ ਅਤੇ ਜੰਗਲਾਂ ਵਾਸਤੇ ਤੇਰਾ ਧੰਨਵਾਦ। ਹੁਣ ਸਾਡੇ ਅਨਾਜ ਦਾ ਝਾੜ ਬਹੁਤ ਸੁਹਣਾ ਹੈ 80 ਪੂਡ ਪ੍ਰਤੀ ਦੇਸੀਆਤੀਨਾ। ਹਰ ਇੱਕ ਲਈ ਬਥੇਰਾ ਹੋਵੇਗਾ ਸੋ ਅਸਾਂ ਫੈਸਲਾ ਕੀਤਾ ਕਿ ਤੇਰਾ ਹਿੱਸਾ ਵੀ ਕੱਢਿਆ ਜਾਵੇ।
‘‘ਅਸੀਂ ਕਣਕ ਨਹੀਂ ਪੈਦਾ ਕਰਦੇ, ਇਸ ਕਰਕੇ ਅਸੀਂ ਰਾਈ ਦਾ ਆਟਾ ਭੇਜ ਰਹੇ ਆਂ। ਝਿਜਕਣ ਦੀ ਲੋੜ ਨਹੀਂ, ਇਹ ਆਟਾ ਚੰਗਾ ਏ। ਅਸੀਂ ਇਸ ਨੂੰ ਤਿੰਨ ਵਾਰੀ ਮਸ਼ੀਨ ਵਿੱਚੋਂ ਕੱਢਿਐ, ਇਸ ਕਰਕੇ ਤੈਨੂੰ ਪਸੰਦ ਆਵੇਗਾ...’’
ਇਸ ਤੋਂ ਬਾਅਦ ਥੋੜਾ ਜਿਹੀ ਸੋਚ ਕੇ ਉਹਨਾਂ ਲਿਖਿਆ: ‘‘ਕਿਰਪਾ ਕਰ ਕੇ ਸਮੁੱਚੀ ਬੋਲਸ਼ਵਿਕ ਪਾਰਟੀ ਨੂੰ ਸਾਡੇ ਵੱਲੋਂ ਸਲਾਮ ਆਖੀਂ। ਬੇਰੀਓਜ਼ਾ ਪਿੰਡ ਦੇ ਸਾਰੇ ਕਿਸਾਨਾਂ ਵੱਲੋਂ ਲਿਖਣ ਵਾਲਾ ਯੇਪੀਫਾਨ ਦੀਰਾ।’’
ਕਿਸਾਨਾਂ ਨੇ ਸੋਚਿਆ ਕਿ ਉਹ ਇਹ ਸੁਗਾਤ ਡਾਕ ਰਾਹੀਂ ਪਾਰਸਲ ਕਰ ਕੇ ਭੇਜਣ, ਪਰ ਫੇਰ ਉਹਨਾਂ ਫੈਸਲਾ ਬਦਲ ਲਿਆ। ਇਸ ਦੀ ਥਾਂ ਉਹਨਾਂ ਨੇ ਇੱਕ ਮਿਲਣਸਾਰ ਕਿਸਾਨ ਪਰੋਕੋਪ ਗਮੀਰੀਆ ਨੂੰ ਮਨਾ ਲਿਆ ਕਿ ਉਹ ਆਪ ਦੇ ਕੇ ਆਵੇ। ਉਹਨਾਂ ਨੇ ਉਸ ਨੂੰ ਇੱਕ ਛਕੜੇ ਵਿੱਚ ਬਿਠਾਇਆ, ਸਟੇਸ਼ਨ ਤੇ ਲਿਆਂਦਾ ਅਤੇ ਉਸ ਨੂੰ ਬੋਰੀ ਸਮੇਤ ਗੱਡੀ ਵਿੱਚ ਬਿਠਾ ਦਿੱਤਾ।
‘‘ਕਿਸੇ ਹੋਰ ਨੂੰ ਨਹੀਂ’’, ਉਹਨਾਂ ਨੇ ਵਿਦਾ ਹੋਣ ਲੱਗਿਆਂ ਉੱਚੀ ਸਾਰੀ ਆਖਿਆ। ‘‘ਸਿੱਧਾ, ਉਹਦੇ ਆਪਣੇ ਹੱਥਾਂ ਵਿੱਚ ਫੜਾਈਂ। ਸਮਝਿਆ!’’
‘‘ਇਹ ਗੱਲ ਤਾਂ ਸਪੱਸ਼ਟ ਏ।’’
ਹਫਤੇ ਮਗਰੋਂ ਗਮੀਰੀਆ ਵਾਪਸ ਆ ਗਿਆ।
‘‘ਕਿਉਂ ਮੇਲ ਹੋਇਆ ਉਹਦੇ ਨਾਲ?’’
‘‘ਤੇ ਬੋਰੀ ਉਸ ਨੂੰ ਫੜਾਈ ਸੀ ਨਾ?’’
‘‘ਮੈਂ ਉਸ ਨੂੰ ਮਿਲਿਆ ਤੇ ਓਸੇ ਨੂੰ ਫੜਾਈ।’’
‘‘ਚੰਗਾ ਕੀਤਾ।’’
‘‘ਵਾਹ ਭਈ ਵਾਹ!’’
‘‘ਖੁਦ ਲੈਨਿਨ ਨੂੰ!’’
‘‘ਫੇਰ, ਕੀ ਆਖਿਆ ਲੈਨਿਨ ਨੇ? ਚੰਗਾ ਲੱਗਾ ਉਹਨੂੰ? ਧੰਨਵਾਦ ਕੀਤਾ?’’
‘‘ਕੀ ਸਮਝਦੇ ਓ ਤੁਸੀਂ? ਉਹਨੇ ਆਖਿਆ। ਸਾਡੇ ਸਾਥੀਆਂ, ਕਿਸਾਨਾਂ ਨੂੰ ਮੇਰਾ ਹਾਰਦਿਕ ਧੰਨਵਾਦ ਆਖਣਾ।ਉਸ ਨੇ ਆਖਿਆ ਸੀ। ਦੋ ਵਾਰੀ। ਆਟੇ ਵਾਸਤੇ ਵੀ ਅਤੇ ਬੋਲਸ਼ਵਿਕ ਪਾਰਟੀ ਨੂੰ ਭੇਜੀ ਸਲਾਮ ਵਾਸਤੇ ਵੀ।’’
‘‘ਵਾਹ ਭਈ ਵਾਹ, ਬੜਾ ਆਦਰ ਕੀਤਾ’’, ਇੱਕ ਕਿਸਾਨ ਨੇ ਮੁਸਕਰਾ ਕੇ ਆਖਿਆ।
‘‘ਅਤੇ ਹਮਦਰਦੀ ਵੀ।’’
‘‘ਹੱਛਾ, ਹੋਰ ਕੀ ਆਖਿਆ ਸੀ ਲੈਨਿਨ ਨੇ?’’
‘‘ਉਸ ਆਖਿਆ ਕਿ ਸਾਨੂੰ ਸੋਵੀਅਤ ਰਾਜ ਨੂੰ ਪੱਕੀ ਤਰ੍ਹਾਂ ਕਾਇਮ ਰੱਖਣਾ ਚਾਹੀਦਾ ਏ। ਕਿ ਸਾਨੂੰ ਸਿਰਫ ਆਪਣੇ ਲਈ ਹੀ ਨਹੀਂ ਸੋਚਣਾ ਚਾਹੀਦਾ। ਮਜ਼ਦੂਰਾਂ ਨੂੰ ਭੁੱਲ ਨਹੀਂ ਜਾਣਾ ਚਾਹੀਦਾ। ਤੁਸੀਂਉਸ ਨੇ ਆਖਿਆ ਸੀ, ‘ਮਜ਼ਦੂਰ ਜਮਾਤ ਨਾਲ ਮਿਲ ਕੇ ਨਵੀਂ ਜ਼ਿੰਦਗੀ ਉਸਾਰਨੀ ਹੈ।’ ’’
‘‘ਬਿਲਕੁਲ ਠੀਕ ਆਖਿਆ ਏ’’, ਕਿਸਾਨਾਂ ਨੇ ਸਹਿਮਤੀ ਪ੍ਰਗਟ ਕੀਤੀ।
ਮੁੱਕਦੀ ਗੱਲ, ਕਿਸਾਨ ਖੁਸ਼ ਸਨ।
ਕੋਈ ਮਹੀਨਾ ਕੁ ਬੀਤਿਆ ਹੋਵੇਗਾ ਕਿ ਬੇਰੀਓਜ਼ਾ ਦੇ ਕਿਸਾਨਾਂ ਨੂੰ ਅਚਾਨਕ ਹੀ ਨੀਜ਼ਨੀ ਨੋਵਗੋਰੋਦ ਤੋਂ, ਜਹਾਜ਼ਸਾਜ਼ ਕਾਰਖਾਨੇ ਦੇ ਮਜ਼ਦੂਰਾਂ ਵੱਲੋਂ ਇੱਕ ਚਿੱਠੀ ਆਈ।
ਚਿੱਠੀ ਪੜ੍ਹ ਕੇ ਕਿਸਾਨ ਹੱਕੇ ਬੱਕੇ ਰਹਿ ਗਏ। ਚਿੱਠੀ ਵਿੱਚ ਆਟੇ ਦੀ ਬੋਰੀ ਲਈ ਉਹਨਾਂ ਦਾ ਧੰਨਵਾਦ ਕੀਤਾ ਹੋਇਆ ਸੀ ਅਤੇ ਦੱਸਿਆ ਗਿਆ ਸੀ ਕਿ ਆਟਾ ਇਲਾਕੇ ਦੇ ਬਿਮਾਰਾਂ ਤੇ ਬੱਚਿਆਂ ਵਿੱਚ ਵੰਡ ਦਿੱਤਾ ਗਿਆ ਸੀ। ਉਹਨਾਂ ਨੇ ਲਿਖਿਆ ਸੀ ਕਿ ਆਟਾ ਬਹੁਤ ਵਧੀਆ ਸੀ ਅਤੇ ਰੋਟੀ ਤਾਕਤ ਵਾਲੀ ਹੈ। ਅਖੀਰ ਵਿੱਚ ਉਹਨਾਂ ਨੇ ਲਿਖਿਆ ਸੀ:
‘‘ਇਹ ਸਪੱਸ਼ਟ ਹੈ ਕਿ ਤੁਹਾਡੇ ਵਿਚਕਾਰ ਇੱਕ ਸਿਆਣਾ ਤੇ ਸੂਝ ਬੂਝ ਵਾਲਾ ਬੰਦਾ ਹੈ। ਅਨਾਜ ਦੇ ਪੱਖੋਂ ਸਾਡੀ ਹਾਲਤ ਬੜੀ ਮਾੜੀ ਹੈ, ਜਿਸ ਦਾ ਮਤਲਬ ਹੈ ਕਿ ਤੁਹਾਡੀ ਸੁਗਾਤ ਦਾ ਅਸੀਂ ਮੁੱਲ ਨਹੀਂ ਪਾ ਸਕਦੇ। ਸਾਨੂੰ, ਮਜ਼ਦੂਰਾਂ ਨੂੰ ਯਾਦ ਰੱਖਣ ਲਈ ਤੁਹਾਡਾ ਸ਼ੁਕਰੀਆ।’’
ਹੈਰਾਨ ਹੋਏ ਕਿਸਾਨ ਉੱਚੀ ਸਾਰੇ ਬੋਲੇ:
‘‘ਕਿਹਾੜਾ ਆਟਾ?’’
‘‘ਕਿਹੜੀ ਬੋਰੀ?’’
‘‘ਇਹ ਕਿਤੇ ਓਹੋ ਆਟਾ ਤਾਂ ਨਹੀਂ?’’
ਕਿਸਾਨਾਂ ਨੇ ਝੱਟ ਗੱਲ ਦੀ ਗੁੱਲੀ ਸਮਝ ਲਈ। ਮਜ਼ਦੂਰਾਂ ਦੀ ਚਿੱਠੀ ਨਿੱਘੀ ਤੇ ਖੁਸ਼ਗਵਾਰ ਸੀ। ਇਸ ਦੇ ਬਾਵਜੂਦ ਕਿਸਾਨਾਂ ਦੇ ਦਿਲ ਨੂੰ ਸੱਟ ਵੱਜੀ ਅਤੇ ਉਹ ਪਰੋਕੋਪ ਗਮੀਰੀਆ ਦੇ ਘਰ ਇਕੱਠੇ ਹੋਏ।
‘‘ਜਾਪਦਾ ਏ ਕਿ ਸਾਡੀ ਸੁਗਾਤ ਤੋਂ ਲੈਨਿਨ ਖੁਸ਼ ਨਹੀਂ ਹੋਇਆ।’’
‘‘ਨੱਕ ਮੂੰਹ ਵੱਟਿਆ ਏ ਓਹਨੇ।’’
‘‘ਧੰਨਵਾਦ ਵਗੈਰਾ ਐਵੇਂ ਵਿਖਾਵਾ ਹੀ ਸੀ।’’
ਗਮੀਰੀਆ ਸੋਚੀਂ ਪੈ ਗਿਆ।
‘‘ਤੁਸੀਂ ਕਹਿੰਦੇ ਹੋ’’, ਉਹ ਬੋਲਿਆ, ‘‘ਵਿਖਾਵੇ ਵਾਸਤੇ। ਲੈਨਿਨ ਨੇ ਆਪਣੀ ਖੁਸ਼ੀ ਕੁਰਬਾਨ ਕਰ ਦਿੱਤੀ। ਉਹ ਸਿਰਫ਼ ਆਪਣੇ ਵਾਸਤੇ ਹੀ ਨਹੀਂ ਸੋਚਦਾ। ਉਸ ਨੇ ਉਦੋਂ ਮਜ਼ਦੂਰ ਜਮਾਤ ਦੀ ਗੱਲ ਕੀਤੀ ਸੀ ਨਾ, ਉਹ ਐਵੇਂ ਨਹੀਂ ਸੀ ਕੀਤੀ।’’
ਕਿਸਾਨਾਂ ਨੇ ਗਮੀਰੀਆ ਤੇ ਨਜ਼ਰਾਂ ਗੱਡ ਲਈਆਂ।
‘‘ਦਰਅਸਲ, ਗੱਲ ਸੱਚੀ ਏ।’’
‘‘ਉਹਨੇ ਠੀਕ ਆਖਿਐ।’’
‘‘ਵੇਖ ਤੂੰ, ਲੈਨਿਨ ਬਾਰੇ ਚਿੱਠੀ ਵਿੱਚ ਇੱਕ ਵੀ ਲਫਜ਼ ਨਹੀਂ। ਜਿਵੇਂ ਇਹ ਸਾਡੇ ਵੱਲੋਂ ਸੁਗਾਤ ਹੋਵੇ। ਲੈਨਿਨ, ਉਹ ਸਨਿਮਰ ਬੰਦਾ ਏ, ਹੈ ਕਿ ਨਾ?’’
‘‘ਏਹੋ ਤੇ ਗੱਲ ਏ ਭਰਾਓ’’, ਗਮੀਰੀਆ ਨੇ ਆਖਿਆ। ‘‘ਸਾਨੂੰ ਇਸ ਗੱਲ ਦਾ ਅਫ਼ਸੋਸ ਨਹੀਂ ਹੋਣਾ ਚਾਹੀਦਾ ਕਿ ਅੰਨ ਨੀਜ਼ਨੀ ਨੋਵਗੋਰੋਦ ਭੇਜ ਦਿੱਤਾ ਗਿਆ ਏ। ਸਿਰਫ਼ ਇੱਕ ਬੋਰੀ ਹੀ। ਬੋਰੀ ਕਿਉਂ? ਇਹ ਕੀ ਮਦਦ ਹੋਈ ਉਹਨਾਂ ਦੀ? ਸਾਡੀ ਫਸਲ ਚੰਗੀ ਹੋਈ ਏ, ਸਾਨੂੰ ਹੋਰ ਅੰਨ ਨਹੀਂ ਭੇਜਣਾ ਚਾਹੀਦਾ?’’
‘‘ਸੱਚੀ ਗੱਲ ਏ। ਚਲੋ ਹੋਰ ਘਲਾਈਏ!’’ ਕਿਸਾਨਾਂ ਨੇ ਉਤਸ਼ਾਹ ਨਾਲ ਹੁੰਗਾਰਾ ਭਰਿਆ। ‘‘ਸਾਨੂੰ ਮਜ਼ਦੂਰ ਜਮਾਤ ਦੀ ਮਦਦ ਕਰਨੀ ਚਾਹੀਦਾ ਏ। ਅਸੀਂ ਰਲ ਕੇ ਨਵੀਂ ਜ਼ਿੰਦਗੀ ਉਸਾਰ ਰਹੇ ਆਂ। ਲੈਨਿਨ ਨੇ ਬਿਲਕੁਲ ਠੀਕ ਆਖਿਆ ਸੀ!’’
ਅਗਲੇ ਦਿਨ ਕਿਸਾਨਾਂ ਨੇ ਦੋ ਛਕੜੇ ਅਨਾਜ ਦੇ ਲੱਦ ਕੇ ਸਟੇਸ਼ਨ ਵੱਲ ਤੋਰ ਦਿੱਤੇ। ਇੱਕ ਵਾਰੀ ਫੇਰ ਗਮੀਰੀਆ ਨੂੰ ਇਹ ਕੰਮ ਸੌਂਪਿਆ ਗਿਆ।
ਦਫ਼ਤਰ ਦੇ ਬਾਬੂ ਨੇ ਭਾਰ ਤੋਲਿਆ ਅਤੇ ਪਤਾ ਲਿਖਿਆ।
‘‘ਮਜ਼ਦੂਰਾਂ ਵਾਸਤੇ?’’ ਉਹਨੇ ਦੁਹਰਾਇਆ।
‘‘ਉਹਨਾਂ ਨੂੰ ਹੀ।’’
‘‘ਇੱਕ ਤੁਹਫਾ?’’
‘‘ਜੀ ਹਾਂ।’’
‘‘ਹੱਛਾ, ਕੀਹਦੇ ਵੱਲੋਂ। ਮੈਂ ਕੀ ਆਖਾਂ?’’
ਗਮੀਰੀਆ ਨੇ ਅੱਧ-ਮੀਟੀਆਂ ਅੱਖਾਂ ਨਾਲ ਖਚਰਿਆਂ ਵਾਂਗ ਬਾਬੂ ਵੱਲ ਵੇਖਿਆ।
‘‘ਲਿਖੋ, ਸਾਫ਼ ਸਾਫ਼ ਕਰ ਕੇ, ਸੁਹਣੀ ਤਰ੍ਹਾਂ ...
ਬਾਬੂ ਨੇ ਦਵਾਤ ਵਿੱਚੋਂ ਡੋਬਾ ਲਿਆ, ਫਾਲਤੂ ਸਿਆਹੀ ਛਿੜਕ ਸੁੱਟੀ ਅਤੇ ਲਿਖਣ ਲਈ ਤਿਆਰ ਹੋ ਗਿਆ।
‘‘ਵਲਾਦੀਮੀਰ ਇਲੀਚ ਲੈਨਿਨ ਵੱਲੋਂ’’, ਗਮੀਰੀਆ ਨੇ ਆਖਿਆ।

No comments:

Post a Comment