ਮੁੜ-ਚਰਚਾ
ਸਿਖਾਂ ਨਾਲ ਧੱਕੇ ਵਿਤਕਰੇ ਦਾ ਸਵਾਲ
ਪਹਿਲੀ ਕਿਸ਼ਤ
- ਗੁਲਜ਼ਾਰ ਸਿੰਘ
ਇੱਕ ਧਾਰਮਕ ਫਿਰਕੇ ਵਜੋਂ ਭਾਰਤੀ ਰਾਜ ਅਧੀਨ ਸਿੱਖਾਂ ਦੀ ਹੈਸੀਅਤ ਦਾ ਸਵਾਲ
ਫਿਰਕੂ ਦਸ਼ਿਤਗਰਦੀ ਦੇ ਉਭਾਰ ਸਮੇਂ ਇਨਕਲਾਬੀ ਹਲਕਿਆਂ ’ਚ
ਵਿਚਾਰ-ਵਟਾਂਦਰੇ ਅਤੇ ਤਿੱਖੀ ਬਹਿਸ ਦਾ ਮੁੱਦਾ ਬਣਿਆ ਸੀ। ਪਿਛਲੇ ਦਿਨੀਂ ਹੋਏ ਘਟਨਾਕ੍ਰਮ ਨੇ ਇਸ
ਮੁੱਦੇ ਦੀ ਮੁੜ ਚਰਚਾ ਦੀ ਪ੍ਰਸੰਗਕਤਾ ਬਣਾ ਦਿੱਤੀ ਹੈ। ਇਸ ਪੱਖੋਂ ਅਸੀਂ ਅੱਸੀਵਿਆਂ ਦੀ ਬਹਿਸ
ਦੌਰਾਨ ਇਨਕਲਾਬੀ ਜਨਤਕ ਲੀਹ ’ਚ ਛਪੀ ਲਿਖਤ ਕਿਸ਼ਤਵਾਰ ਪਾਠਕਾਂ ਦੀ ਨਜ਼ਰ ਕਰ
ਰਹੇ ਹਾਂ।
ਕੀ ਭਾਰਤ ਅੰਦਰ ਵਸਦਾ ਸਿੱਖ ਧਾਰਮਿਕ ਫਿਰਕਾ ਬਹੁਗਿਣਤੀ ਹਿੰਦੂ ਧਾਰਮਿਕ
ਫਿਰਕੇ ਦੇ ਦਾਬੇ ਅਧੀਨ ਜਿਉਂ ਰਿਹਾ ਦਬਾਇਆ ਲਿਤਾੜਿਆ ਗੁਲਾਮ ਫਿਰਕਾ ਹੈ? ਖਾਲਸਤਾਨੀ
ਦਹਿਸ਼ਤਗਰਦ ਅਤੇ ਵੱਖ ਵੱਖ ਵੰਨਗੀਆਂ ਦੇ ਫਿਰਕੂ ਅਕਾਲੀ ਸਿਆਸਤਦਾਨ ਨਾ ਸਿਰਫ ਇਸ ਸਵਾਲ ਦਾ ਜਵਾਬ
ਹਾਂ ਵਿਚ ਦਿੰਦੇ ਹਨ ਸਗੋਂ ਸਿੱਖਾਂ ਨੂੰ ਇਸ ਦਾਬੇ ਤੋਂ ਮੁਕਤ ਕਰਾਉਣ ਲਈ ਆਪਣਾ ਮੂਲ ਸਿਆਸੀ ਉਦੇਸ਼
ਦੱਸਦੇ ਹਨ। ਇਨਕਲਾਬੀ ਲਹਿਰ ’ਚੋਂ ਭਗੌੜੀ ਹੋ ਚੁੱਕੀ ਪੈਗਾਮਪੰਥੀ ਜੁੰਡਲੀ
ਵੀ ਇਸੇ ਉਦੇਸ਼ ਨੂੰ ਆਪਣੇ ਕੇਂਦਰੀ ਉਦੇਸ਼ ਦਾ ਰੁਤਬਾ ਦਿੰਦੀ ਹੈ। ਵਿਚਾਰਧਾਰਕ ਸਿਆਸੀ ਰੋਲ ਘਚੋਲੇ
ਦਾ ਸ਼ਿਕਾਰ ਇਨਕਲਾਬੀ ਜਮਹੂਰੀ ਸ਼ਕਤੀਆਂ ਦਾ ਇੱਕ ਹਿੱਸਾ ਵੀ ਸਿੱਖਾਂ ਨੂੰ ਇੱਕ ਦਬਾਇਆ ਹੋਇਆ ਧਾਰਮਿਕ
ਫਿਰਕਾ ਮੰਨਦਾ ਹੈ।
ਪਰ ਸਮੁੱਚੇ ਸਿੱਖ ਫਿਰਕੇ ਦੇ ਇੱਕ ਫਿਰਕੇ ਵਜੋਂ ਗੁਲਾਮ ਹੋਣ ਬਾਰੇ ਦਾਅਵੇ
ਜਿੰਨੇ ਜੋਰ ਨਾਲ ਅਤੇ ਧੂਮ ਧੜੱਕੇ ਨਾਲ ਕੀਤੇ ਜਾਂਦੇ ਹਨ ਇਨ੍ਹਾਂ ਦਾਅਵਿਆਂ ਨੂੰ ਸਾਬਤ ਕਰਨ ਲਈ
ਪੇਸ਼ ਕੀਤੀਆਂ ਜਾਣ ਵਾਲੀਆਂ ਦਲੀਲਾਂ ਉਨੀਆਂ ਹੀ ਥੋਥੀਆਂ , ਤਰਕਹੀਣ ਅਤੇ
ਬੇਸਿਰ ਪੈਰੀਆਂ ਹਨ। ਸਿੱਖਾਂ ਨਾਲ ਧੱਕੇ ਵਿਤਕਰੇ ਦੇ ਜਿੰਨ੍ਹਾਂ ‘ਸਬੂਤਾਂ’ ਵੱਲ ਅਕਸਰ
ਉਂਗਲਾਂ ਕੀਤੀਆਂ ਜਾਂਦੀਆਂ ਹਨ, ਉਹਨਾਂ ’ਚੋਂ ਬਹੁਤ
ਸਾਰੇ ਕਿਸੇ ਫਿਰਕੇ ਨਾਲ ਧੱਕੇ ਵਿਤਕਰੇ ਦਾ ਇਜ਼ਹਾਰ ਹੀ ਨਹੀਂ ਬਣਦੇ ਅਤੇ ਕਈ ਤਾਂ ਇਸ ਦਾਅਵੇ ਦੇ
ਉਲਟ ਭੁਗਤਦੇ ਹਨ। ਕੁੱਲ ਮਿਲਾ ਕੇ ਸਿੱਖਾਂ ਨਾਲ ਧੱਕੇ ਅਤੇ ਵਿਤਕਰੇ ਦੇ ਨਕਲੀ ਸਿਧਾਂਤਕਾਰ ਆਰਥਕ, ਰਾਜਨੀਤਕ, ਸਮਾਜਕ, ਸਭਿਆਚਾਰਕ
ਜਾਂ ਧਾਰਮਿਕ ਖੇਤਰਾਂ ’ਚੋਂ ਅਜਿਹੇ ਧੱਕੇ ਵਿਤਕਰੇ ਦਾ ਕੋਈ ਬੱਝਵਾਂ ਖਾਕਾ
ਤੱਕ ਪੇਸ਼ ਕਰਨ ’ਚ ਨਾਕਾਮ ਰਹੇ ਹਨ। ਅੱਕੀਂ ਪਲਾਹੀਂ ਹੱਥ ਮਾਰਦੇ ਇਹ
ਸਿਧਾਂਤਕਾਰ ਆਮ ਤੌਰ ’ਤੇ ਟੁੱਟਵੀਆਂ ਇਕਹਿਰੀਆਂ ਅਤੇ (ਬਹੁਤ ਵਾਰੀ ਹਾਸੋ
ਹੀਣੀਆਂ) ਮਿਸਾਲਾਂ ਨੂੰ ਸਿੱਖਾਂ ਨਾਲ ਧੱਕੇ ਵਿਤਕਰੇ ਦੇ ਸਿੱਕੇਬੰਦ ਸਬੂਤਾਂ ਵਜੋਂ ਭਗਤਾਉਂਦੇ ਅਤੇ
ਧਮਾਉਂਦੇ ਹਨ।
ਹਥਲੀ ਲਿਖਤ ਰਾਹੀਂ ਅਸੀਂ ਵੱਖ ਵੱਖ ਹਲਕਿਆਂ ਵੱਲੋਂ ਸਿੱਖਾਂ ਨਾਲ ਧੱਕੇ
ਵਿਤਕਰੇ ਸਬੰਧੀ ਪੇਸ਼ ਕੀਤੇ ਜਾਂਦੇ ਤੱਥਾਂ/ਸਬੂਤਾਂ ਦੇ ਥੋਥ ਨੂੰ ਆਰਥਕ, ਸਮਾਜਕ, ਸਿਆਸੀ, ਸਭਿਆਚਾਰਕ, ਧਾਰਮਿਕ ਆਦਿਕ
ਖੇਤਰਾਂ ’ਚ ਅਜਿਹੇ ਧੱਕੇ ਵਿਤਕਰੇ ਨੂੰ ਸਾਬਤ ਕਰਨ ਲਈ ਉਹਨਾਂ ਲੋੜੀਂਦੇ
ਤੱਥਾਂ/ਸਬੂਤਾਂ ਦੇ ਤੋੜੇ ਨੂੰ ਪਾਠਕਾਂ ਸਾਹਮਣੇ ਲਿਆਵਾਂਗੇ।
ਕੀ ਸਿੱਖ ਨੀਵੀਂ ਸਮਾਜਕ ਹੈਸੀਅਤ ਦੇ ਮਾਲਕ ਹਨ?
ਕਿਸੇ ਵਿਸ਼ੇਸ਼ ਸਮਾਜਿਕ ਸਮੂਹ ਨਾਲ ਹੋ ਰਹੇ ਧੱਕੇ ਵਿਤਕਰੇ ਦੇ ਸੁਆਲ ਬਾਰੇ
ਨਿਤਾਰਾ ਕਰਨ ਲਈ ਇੱਕ ਅਹਿਮ ਅਧਾਰ ਇਹ ਬਣਦਾ ਹੈ ਕਿ ਸਬੰਧਤ ਸਮਾਜਿਕ ਪ੍ਰਣਾਲੀ ਅੰਦਰ ਵਿਸ਼ੇਸ਼ ਸਮੂਹ
ਦੀ ਸਮਾਜਿਕ ਹੈਸੀਅਤ ਕਿਹੋ ਜਿਹੀ ਹੈ। ਕਿਸੇ ਫਿਰਕੇ ਦੀ ਸਮਜਕ ਹੈਸੀਅਤ ਦਾ ਨਿਰਣਾ ਕਰਨ ਲਈ ਹਵਾਲੇ
ਦਾ ਸਭ ਤੋਂ ਅਹਿਮ ਨੁਕਤਾ ਹਕੀਕੀ ਸਮਾਜਿਕ ਜਿੰਦਗੀ ਬਣਦੀ ਹੈ। ਕਿਸੇ ਸਮਾਜਿਕ ਸਮੂਹ ਦਾ ਸਮਾਜ ਅੰਦਰ
ਕਿਹੋ ਜਿਹਾ ਸਥਾਨ ਹੈ। ਹਕੀਕੀ ਸਮਾਜਕ ਜਿੰਦਗੀ ’ਤੇ ਝਾਤ
ਮਾਰਿਆਂ ਇਸ ਦਾ ਨਿਤਾਰਾ ਸਾਧਾਰਣ ਸੂਝ ਬੂਝ ਨਾਲ ਹੀ ਹੋ ਜਾਂਦਾ ਹੈ। ਇਸ ਖਾਤਰ ਕਿਸੇ ਸੰਵਿਧਾਨ ਦੀ
ਪੁਸਤਕ ਚੋਂ ਖੁਰਦਬੀਨ ਲਾ ਕੇ ਹਵਾਲਿਆਂ ਦੀ ਤਲਾਸ਼ ਨਹੀਂ ਕਰਨੀ ਪੈਂਦੀ। ਮਿਸਾਲ ਵਜੋਂ ਇਹ ਸਾਬਤ ਕਰਨ
ਲਈ ਕਿ ਭਾਰਤੀ ਸਮਾਜਿਕ ਪ੍ਰਣਾਲੀ ਅੰਦਰ ਔਰਤਾਂ ਸਮਾਜਿਕ ਜਬਰ ਦਾ ਸ਼ਿਕਾਰ ਹਨ ਕੋਈ ਸੰਵਿਧਾਨਕ ਹਵਾਲੇ
ਦੇਣ ਦੀ ਜਰੂਰਤ ਨਹੀਂ ਹੈ। ਅਖੌਤੀ ਨੀਵੀਆਂ ਜਾਤੀਆਂ ਜਿਵੇਂ ਹਰੀਜਨਾਂ ਦਾ ਮਾਮਲਾ ਹੈ, ਨਾਲ ਹੋ ਰਹੇ
ਸਮਾਜਿਕ ਵਿਤਕਰੇ ਨੂੰ ਸਾਬਤ ਕਰਨ ਲਈ ਕਿਸੇ ਤਰੱਦਦ ਦੀ ਲੋੜ ਨਹੀਂ ਪੈਂਦੀ ਕਿਉਂਕਿ ਨਿੱਤ ਦਿਹਾੜੀ
ਦੀ ਜਿੰਦਗੀ ਨਾਲ ਵਾਹ ਰੱਖਣ ਵਾਲਾ ਕੋਈ ਵੀ ਵਿਅਕਤੀ ਇਹ ਵੇਖ ਸਕਦਾ ਹੈ ਕਿ ਕਿਵੇਂ ਇਨ੍ਹਾਂ ਜਾਤਾਂ
ਨਾਲ ਸਬੰਧਤ ਲੋਕਾਂ ਨੂੰ ਅਖੌਤੀ ਉੱਚੀਆਂ ਜਾਤਾਂ ਦਾ ਸਮਾਜਿਕ ਜਬਰ ਅਤੇ ਦਾਬਾ ਹੰਢਾਉਣਾ ਪੈਂਦਾ ਹੈ।
ਮੌਜੂਦਾ ਸਮਾਜਿਕ ਤਾਣੇ ਬਾਣੇ ਅੰਦਰ ਹਰੀਜਨ ਹੋਣ ਦਾ ਸਿੱਧਾ ਅਰਥ ਨੀਵੇਂ ਸਮਾਜਿਕ ਰੁਤਬੇ ਦਾ ਮਾਲਕ
ਹੋਣਾ ਹੈ। ਇਸ ਪੱਖੋਂ ਜਦੋਂ ਅਸੀਂ ਵੱਖ ਵੱਖ ਧਾਰਮਿਕ ਫਿਰਕਿਆਂ ਦੇ ਆਪਸੀ ਸਬੰਧਾਂ ’ਤੇ ਨਜ਼ਰ
ਮਾਰਦੇ ਹਾਂ ਤਾਂ ਸਿੱਖਾਂ ਉੱਪਰ ਅਜਿਹੇ ਸਮਾਜਿਕ ਦਾਬੇ ਦਾ ਕੋਈ ਸਬੂਤ ਨਹੀਂ ਮਿਲਦਾ। ਕੀ ਪੰਜਾਬ ਦੇ
ਕਿਸੇ ਅਜਿਹੇ ਪਿੰਡ ਦੀ ਮਿਸਾਲ ਦਿੱਤੀ ਜਾ ਸਕਦੀ ਹੈ ਜਿੱਥੇ ਜੱਟ ਸਿੱਖਾਂ ’ਤੇ ਹਿੰਦੂ
ਬ੍ਰਾਮਣਾਂ/ਖੱਤਰੀਆਂ ਦੀ ਚੌਧਰ ਚਲਦੀ ਹੋਵੇ? ਕੀ ਮੁਲਕ ਦੇ ਕਿਸੇ ਵੀ
ਹਿੱਸੇ ਵਿਚ ਸਿੱਖਾਂ ਨੂੰ ਸਿਰਫ ਸਿੱਖ ਹੋਣ ਕਰਕੇ ਹਿੰਦੂਆਂ ਦੀ ਚਾਕਰੀ ਕਰਨੀ ਪੈਂਦੀ ਹੈ, ਜਿਵੇਂ ਕਿ
ਹਰੀਜਨਾਂ ਨੂੰ ਜੱਟਾਂ ਦੀ ਜ੍ਯਾਂ ਔਰਤਾਂ ਨੂੰ ਮਰਦਾਂ ਦੀ ਕਰਨੀ ਪੈਂਦੀ ਹੈ।
ਅਸਲੀਅਤ ਇਹ ਹੈ ਕਿ ਨਾ ਸਿਰਫ ਪੰਜਾਬ ਅੰਦਰ 1947 ਤੋਂ ਲੈ ਕੇ
ਹੀ ਸਿੱਖ ਫਿਰਕੇ ਨੂੰ ਇੱਕ ਫਿਰਕੇ ਵਜੋਂ ਕਿਸੇ ਹੀਣਤਾ ਦਾ ਅਹਿਸਾਸ ਹੰਢਾਉਣ ਦੀ ਬਜਾਏ ਆਮ ਕਰਕੇ
ਹੋਰਨਾ ਫਿਰਕਿਆਂ ਦੇ ਮੁਕਾਬਲੇ ਸਮਾਜਿਕ ਜੀਵਨ ਅੰਦਰ ਉੱਤਮਤਾ ਦੇ ਅਹਿਸਾਸ ਨਾਲ ਵਿਚਰਨ ਦਾ ਮੌਕਾ
ਮਿਲਦਾ ਰਿਹਾ ਹੈ (ਪਗੜੀ ਸਿੱਖ ਧਰਮ ਅੰਦਰ ਵਿਸ਼ਵਾਸ਼ ਦਾ ਚਿੰਨ੍ਹ ਹੋਣ ਤੋਂ
ਇਲਾਵਾ ਉੱਚੀ ਸਮਾਜਿਕ ਪਦਵੀ ਦਾ ਚਿੰਨ੍ਹ ਹੋਣ ਕਰਕੇ ਵੀ
ਬੰਨ੍ਹੀ ਜਾਂਦੀ ਹੈ ਅਤੇ ਸਿੱਖਾਂ ਅੰਦਰ ਆਮ ਹੀ ਇਹ ਸਮਝਿਆ ਜਾਂਦਾ ਹੈ ਕਿ ਪਗੜੀ ਦੇ ਬਗੈਰ ਬੰਦੇ ਦਾ
‘ਉਹ ਰੋਹਬ’ ਨਹੀਂ ਪੈਂਦਾ ਜੋ ਪਗੜੀ
ਨਾਲ ਪੈਂਦਾ ਹੈ।) ਸਗੋਂ ਪੰਜਾਬ ਤੋਂ ਬਾਹਰ ਯੂ.ਪੀ., ਰਾਜਸਥਾਨ, ਮੱਧ ਪ੍ਰਦੇਸ
ਵਗੈਰਾ ’ਚ ਰਹਿੰਦੀ ਸਿੱਖ ਵਸੋਂ ਵੀ ਆਮ ਕਰਕੇ ਆਪਣੇ ਆਲੇ ਦੁਆਲੇ ਵਸਦੀ ਹਿੰਦੂ ਵਸੋਂ
ਨਾਲੋਂ ਉਚੀ ਸਮਾਜਿਕ ਹੈਸੀਅਤ ਦੀ ਮਾਲਕ ਹੈ। ਮਿਸਾਲ ਵਜੋਂ ਤਰਾਈ ਦੇ ਇਲਾਕੇ ’ਚ ਹਿੰਦੂ ਧਰਮ
ਨਾਲ ਸਬੰਧਤ ਸਥਾਨਕ ਪੇਂਡੂ ਵਸੋਂ ਸਿੱਖ ਜਿਮੀਂਦਾਰਾਂ ਦੇ ਮੁਕਾਬਲੇ ਕਿਤੇ ਨੀਵੀਂ ਸਮਾਜਿਕ ਹੈਸੀਅਤ
ਦੀ ਮਾਲਕ ਹੈ।
ਕੀ ਹਿੰਦੂ ਸਿਰਫ ਹਿੰਦੂ ਹੋਣ ਕਰਕੇ ਸਿੱਖਾਂ ਨਾਲੋਂ ਉਚੀ ਹੈਸਅਤ ਦਾ ਮਾਲਕ
ਹੈ? ਹਕੀਕੀ ਜਿੰਦਗੀ ਇਸ ਵਿਚਾਰ ਨੂੰ ਰੱਦ ਕਰਦਿਆਂ ਅਣਗਿਣਤ ਮਿਸਾਲਾਂ ਨਾਲ ਭਰੀ
ਹੋਈ ਹੈ। ਅੰਗਰੇਜ ਸਾਮਰਾਜੀਆਂ ਦੇ ਰਾਜ ਦੌਰਾਨ ਉਨ੍ਹਾਂ ਦੇ ਉਚੇ ਸਮਾਜਿਕ ਰੁਤਬੇ ਕਰਕੇ ਮੁਲਕ ਦੇ
ਕਿਸੇ ਵੀ ਹਿੱਸੇ ’ਚ ਅੰਗਰੇਜ ਵਿਅਕਤੀ ਪ੍ਰਤੀ ਅਦਬ ਨਾਲ ਪੇਸ਼ ਆਉਣਾ
ਲਾਜ਼ਮੀ ਸਮਝਿਆ ਜਾਂਦਾ ਸੀ। ਸਾਡੇ ਮੁਲਕੇ ਦੇ ਅੱਜ ਵੀ ਸਾਮਰਾਜੀ ਦਾਬੇ ਅਧੀਨ ਹੋਣ ਕਰਕੇ ਅੰਗਰੇਜਾਂ
ਦਾ ਇਹ ਉੱਚਾ ਰੁਤਬਾ ਉਸੇ ਤਰ੍ਹਾਂ ਬਰਕਰਾਰ ਹੈ। ਜੇ ਸ਼ਬਦ ਵਿਅੰਗ ਨਾਲ ਨਾ ਵਰਤੇ ਜਾ ਰਹੇ ਹੋਣ ਤਾਂ
ਅੱਜ ਵੀ ਕਿਸੇ ਨੂੰ ਅੰਗਰੇਜ ਕਹਿਣ ’ਤੇ ਉਸਦੀ ਤੌਹੀਨ ਹੋਈ
ਨਹੀਂ ਸਮਝੀ ਜਾਂਦੀ ਸਗੋਂ ਮਾਣ ਹੋਇਆ ਸਮਝਿਆ ਜਾਂਦਾ ਹੈ। ਇਸ ਦੇ ਮੁਕਾਬਲੇ ਕਿਸੇ ਨੂੰ ‘‘ਭਈਆ’’ ਕਹਿ ਕੇ ਉਸ
ਦੀ ਬੇਇੱਜ਼ਤੀ ਕੀਤੀ ਜਾਂਦੀ ਹੈ। ਇਸੇ ਪੱਖ ਤੋਂ ਸਿੱਖਾਂ ਦਾ ਮੁਕਾਬਲਾ ਸਮਾਜਿਕ ਦਾਬੇ ਹੇਠ ਜਿਉਂ
ਰਹੀਆਂ ਅਖੌਤੀ ਨੀਵੀਆਂ ਜਾਤਾਂ ਨਾਲ ਕੀਤਿਆਂ ਅੰਤਰ ਹੋਰ ਸਪਸ਼ਟ ਹੋ ਜਾਂਦਾ ਹੈ। ‘‘ਚੂਹੜਾ’’, ‘‘ਚਮਾਰ’’, ‘‘ਝਿਉਰ’’ ਜਾਂ ‘‘ਹਰੀਜਨ’’ ਸ਼ਬਦ ਕਿਸੇ ਦੀ
ਤੌਹੀਨ ਕਰਨ ਲਈ ਵਰਤੋਂ ’ਚ ਆਉਂਦੇ ਹਨ ਜਦੋਂ ਕਿ ਸ਼ਬਦ ‘‘ਸਰਦਾਰ’’, ‘‘ਖਾਲਸਾ’’ ਜਾਂ ‘‘ਸਿੰਘ’’ ਵਰਤ ਕੇ ਕਿਸੇ
ਦੀ ਤੌਹੀਨ ਨਹੀਂ ਕੀਤੀ ਜਾ ਸਕਦੀ। ਇਹ ਐਵੇਂ ਨਹੀਂ ਵਾਪਰਦਾ ਕਿ ਕਿਸੇ ਸਮਾਜਕ ਪ੍ਰਣਾਲੀ ਅੰਦਰ ਕਿਸੇ
ਫਿਰਕੇ ਜਾਂ ਜਾਤ ਲਈ ਵਰਤੇ ਜਾਣ ਵਾਲੇ ਸ਼ਬਦ ਤਾਂ ਗਾਲ ਦਾ ਰੁਤਬਾ ਹਾਸਲ ਕਰਦੇ ਹਨ ਅਤੇ ਕਿਸੇ ਲਈ
ਵਰਤੇ ਜਾਣ ਵਾਲੇ ਵਡਿਆਈ ਦਾ। ਇਸ ਤੋਂ ਸਬੰਧਤ ਸਮਾਜਕ ਪ੍ਰਣਾਲੀ ਅੰਦਰ ਕਿਸੇ ਫਿਰਕੇ ਜਾਂ ਜਾਤ ਦੇ
ਰੁਤਬੇ ਅਤੇ ਪੂਰੇ ਸਮਾਜ ਦੀ ਚੇਤਨਾ ਅੰਦਰ ਡੂੰਘੀ ਰਚੀ ਹੋਈ ਇਸ ਰੁਤਬੇ ਦੀ ਛਾਪ ਦਾ ਪਤਾ ਲਗਦਾ ਹੈ।
ਹਕੀਕੀ ਜਿੰਦਗੀ ’ਚੋਂ ਸਿੱਖਾਂ ਦੀ ਨੀਵੀਂ
ਸਮਾਜਿਕ ਹੈਸੀਅਤ ਦਾ ਸਬੂਤ ਪੇਸ਼ ਕੀਤੇ ਬਗੈਰ ਹੀ ਜੇ ਕੋਈ ਇਹ ਕਹਿੰਦਾ ਹੈ ਕਿ ਸਿੱਖ ਇੱਕ ਦਬਾਇਆ
ਹੋਇਆ ਫਿਰਕਾ ਹਨ ਅਤੇ ਹਿੰਦੂ ਫਿਰਕੇ ਦੇ ਗਲਬੇ ਹੇਠ ਜਿਉਂ ਰਹੇ ਹਨ ਤਾਂ ਉਸਦਾ ਸਮਾਜਿਕ ਦਾਬੇ ਦੇ ‘ਸਆਦ’ ਨਾਲ ਕਦੇ ਵਾਹ
ਨਹੀਂ ਪਿਆ ਜਾਂ ਫਿਰ ਉਹ ਹੋਰਨਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਕੀ ਸਿੱਖਾਂ ਉਤੇ ਹਿੰਦੂਆਂ ਦਾ ਆਰਥਕ ਗਲਬਾ ਹੈ?
ਸਿੱਖ ਫਿਰਕਾਪ੍ਰਸਤਾਂ ਵੱਲੋਂ, ਸਿੱਖ
ਜਨਸਮੂਹਾਂ ਨੂੰ ਇਹ ਜਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਨ੍ਹਾਂ ਉਤੇ ਹਿੰਦੂ ਫਿਰਕੇ ਦਾ ਆਰਥਿਕ
ਗਲਬਾ ਹੈ। ਖਾਸ ਕਰਕੇ ਸਿੱਖ ਕਿਸਾਨੀ ਅੰਦਰ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਉਨ੍ਹਾਂ ਦੀ ਮੰਦਹਾਲੀ
ਦੀ ਵਜ੍ਹਾ ਹਿੰਦੂ ਫਿਰਕੇ ਵੱਲੋਂ ਹੋ ਰਹੀ ਆਰਥਿਕ ਲੁੱਟ ਹੈ। ਪਰ ਕਿਸਾਨੀ ਦੇ ਵਿਸ਼ਾਲ ਹਿੱਸਿਆਂ ਦੀ
ਜਿੰਦਗੀ ’ਤੇ ਝਾਤ ਮਾਰਿਆਂ ਇਸ ਦਾਅਵੇ ਦੇ ਤੂੰਬੇ ਉੱਡ ਜਾਂਦੇ ਹਨ। ਕਿਸਾਨੀ ਦੀ ਕਮਾਈ
ਦਾ ਇੱਕ ਤਕੜਾ ਹਿੱਸਾ ਵੱਖ ਵੱਖ ਮਹਿਕਮਿਆਂ ਦੀ ਅਫਸਰਸ਼ਾਹੀ ਦੀਆਂ ਗੋਗੜਾਂ ’ਚ ਜਾਂਦਾ ਹੈ।
ਇਸ ਅਫਸਰਸ਼ਾਹੀ ’ਚ ਬਹੁਗਿਣਤੀ ਸਿੱਖਾਂ ਦੀ ਹੈ। ਬਿਜਲੀ ਮਹਿਕਮਾ, ਨਹਿਰੀ
ਮਹਿਕਮਾ, ਮਾਲ ਮਹਿਕਮਾ, ਵਿੱਤ ਮਹਿਕਮਾ, ਸਹਿਕਾਰਤਾ, ਮਾਰਕਫੈਡ, ਮੰਡੀਕਰਣ
ਬੋਰਡ, ਗੱਲ ਕੀ ਜਿਹੜੇ ਵੀ ਖੇਤਰ ਨਾਲ ਵਾਹ ਪੈਂਦਾ ਹੈ-ਉਸ ਦੀ ਅਫਸਰਸ਼ਾਹੀ ’ਚ ਸਿੱਖ ਭਾਰੂ
ਹਨ। ਕਰਜਿਆਂ ਦਾ ਬੋਝ ਅੱਜ ਕਿਸਾਨਾਂ ਦਾ ਧੂੰਆਂ ਕੱਢ ਰਿਹਾ ਹੈ। ਇਨ੍ਹਾਂ ਕਰਜਿਆਂ ਨੂੰ ਰਸਤੇ ’ਚ ਹੀ ਸੰਨ੍ਹ ਲਾਉਣ ਵਾਲੀ
ਅਫਸਰਸ਼ਾਹੀ ’ਚ ਅਤੇ ਸਹਿਕਾਰੀ ਬੈਂਕਾਂ ਦੇ ਕਰਤਿਆਂ ਧਰਤਿਆਂ ’ਚ ਸਿੱਖ ਭਾਰੂ
ਹਨ। ਗਰੀਬ ਅਤੇ ਦਰਮਿਆਨੀ ਕਿਸਾਨੀ ਦੀ ਵਿਸ਼ਾਲ ਗਿਣਤੀ ਨੂੰ ਪ੍ਰਾਈਵੇਟ ਕਰਜ ਦੇਣ ਅਤੇ ਉਨ੍ਹਾਂ ਦੀਆਂ
ਜਮੀਨਾਂ ਗਹਿਣੇ ਲੈਣ ਵਾਲਿਆਂ ’ਚ ਵੀ ਸਿੱਖ ਸ਼ਾਹੂਕਾਰ/ਭੋਂ ਸਰਦਾਰਾਂ ਦੀ
ਗਿਣਤੀ ਛੋਟੀ ਨਹੀਂ ਹੈ। ਖੇਤੀ ਲਈ ਲੋੜੀਂਦੀਆਂ ਵਸਤਾਂ ਖਾਦ, ਕੀੜੇ ਮਾਰ
ਦਵਾਈਆਂ, ਬੀਜ, ਤੇਲ ਆਦਿਕ ਦੀ ਸਪਲਾਈ
ਦੇ ਧੰਦੇ ਰਾਹੀਂ ਕਮਿਸ਼ਨ ਤੇ ਮੁਨਾਫੇ ਖੱਟਣ ਵਾਲੇ ਡੀਲਰਾਂ ’ਚ ਵੀ ਸਿੱਖਾਂ
ਦੀ ਤਕੜੀ ਗਿਣਤੀ ਹੈ। ਮੰਡੀ ’ਚ ਵਪਾਰੀਆਂ , ਕਾਰਖਾਨੇਦਾਰਾਂ, ਆੜ੍ਹਤੀਆਂ
ਹੱਥੋਂ ਹੋਣ ਵਾਲੀ ਲੁੱਟ-ਜਿਸ ਨੂੰ ਹਿੰਦੂ ਫਿਰਕੇ ਵੱਲੋਂ ਹੋ ਰਹੀ ਲੁੱਟ ਵਜੋਂ ਪੇਸ਼ ਕੀਤਾ ਜਾਂਦਾ
ਹੈ, ਕਿਸਾਨੀ ਦੀ ਲੁੱਟ ਦਾ ਇੱਕ ਖੇਤਰ ਹੀ ਹੈ ਅਤੇ ਇਸ ਖੇਤਰ ’ਚ ਵੀ ਨਿਰੋਲ
ਹਿੰਦੂ ਫਿਰਕੇ ਦਾ ਗਲਬਾ ਨਹੀਂ ਹੈ। ਅਹਿਮ ਗੱਲ ਇਹ ਹੈ ਕਿ ਕਿਸਾਨੀ ਦੀ ਲੁੱਟ ਦੇ ਇਸ ਅਹਿਮ ਖੇਤਰ ’ਚ ਸਿੱਖ
ਥੈਲੀਸ਼ਾਹਾਂ ਦੇ ਪੈਰ ਪਸਾਰਨ ’ਚ ਕਿਸੇ ਵਿਸ਼ੇਸ਼ ਰੁਕਾਵਟ ਦਾ ਸਬੂਤ ਨਹੀਂ
ਮਿਲਦਾ। ਪਿਛਲੇ ਅਰਸੇ ’ਚ ਸਿੱਖ ਭੋਂ-ਸਰਦਾਰਾਂ ਵੱਲੋਂ ਖੇਤੀ ’ਚੋਂ ਕਮਾਈ
ਪੂੰਜੀ ਨੂੰ ਕਿਸਾਨੀ ਜਿਨਸਾਂ ਦੀ ਖਰੀਦੋ ਫਰੋਖਤ ਨਾਲ ਸਬੰਧਤ ਇੱਕ ਜਾਂ ਦੂਜੇ ਖੇਤਰਾਂ ’ਚ ਲਾਉਣ ਦਾ
ਰੁਝਾਣ ਵਧਿਆ ਹੈ। ਨਤੀਜੇ ਵਜੋਂ ਸਿੱਖ ਭੋਂ-ਸਰਦਾਰਾਂ ਦੇ ਨਾਲੋ ਨਾਲ ਆੜ੍ਹਤੀ , ਵਪਾਰੀ ਜਾਂ
ਸ਼ੈਲਰ ਮਾਲਕ ਹੋਣ ਦੀਆਂ ਉਦਾਹਰਣਾਂ ਵਧ ਰਹੀਆਂ ਹਨ।
ਇਸ ਗੱਲ ਨੂੰ ਸਾਬਿਤ ਕਰਨ ਲਈ ਕਿਸੇ ਨੇ ਕੋਈ ਤੱਥ ਪੇਸ਼ ਨਹੀਂ ਕੀਤੇ ਕਿ
ਪੰਜਾਬ ਦੀ ਜਾਂ ਮੁਲਕ ਦੀ ਆਰਥਿਕਤਾ ਅੰਦਰ ਸਿੱਖ ਫਿਰਕੇ ਨੂੰ ਇਕ ਫਿਰਕੇ ਵਜੋਂ ਆਰਥਿਕ ਤਰੱਕੀ ਦੇ
ਬਰਾਬਰ ਮੌਕਿਆਂ ਤੋਂ ਕਿਵੇਂ ਵਾਂਝਿਆਂ ਰੱਖਿਆ ਜਾ ਰਿਹਾ ਹੈ। ਇਸ ਗੱਲ ਦੀਆਂ ਕੋਈ ਮਿਸਾਲਾਂ ਨਹੀਂ
ਮਿਲਦੀਆਂ ਕਿ ਕੋਈ ਕਾਰੋਬਾਰ ਕਰਨ ਲਈ ਲਾਇਸੰਸ, ਪਰਮਿਟ, ਕੋਟੇ, ਠੇਕੇ, ਸਬਸਿਡੀਆਂ, ਕਰਜੇ ਜਾਂ
ਟੈਕਸ ਛੋਟਾਂ ਹਾਸਲ ਕਰਨ ਦੇ ਮਸਲੇ ’ਚ ਕਿਸੇ ਨੂੰ ਸਿੱਖ
ਫਿਰਕੇ ਨਾਲ ਸਬੰਧਤ ਹੋਣ ਕਰਕੇ ਹੀ ਕਿਸੇ ਕਾਨੂੰਨੀ ਜਾਂ ਗੈਰਕਾਨੂੰਨੀ ਵਿਤਕਰੇ ਦਾ ਸ਼ਿਕਾਰ ਹੋਣਾ
ਪੈਂਦਾ ਹੋਵੇ ਅਤੇ ਇਹ ਸਾਰਾ ਕੁੱਝ ਹਿੰਦੂ ਫਿਰਕਾ ਆਪਣੀ ਕਿਸੇ ਉੱਚੀ ਸਮਾਜਕ ਹੈਸੀਅਤ ਕਰਕੇ ਹਥਿਆ
ਲੈਂਦਾ ਹੋਵੇ। ਇਹ ਤੱਥ ਕਿ ਪੰਜਾਬ ਅੰਦਰ ਸਨਅੱਤ ਦੇ ਖੇਤਰ ’ਚ ਹਿੰਦੂ
ਫਿਰਕਾ ਭਾਰੂ ਹੈ, ਸਿੱਖਾਂ ਨਾਲ ਕਿਸੇ ਆਰਥਿਕ ਵਿਤਕਰੇ ਦਾ ਸਬੂਤ
ਨਹੀਂ ਬਣਦਾ। ਕਿਉਂਕਿ ਪੈਦਾਵਾਰ ਦੇ ਸਭਨਾ ਖੇਤਰਾਂ ’ਚ ਸਭਨਾ
ਫਿਰਕਿਆਂ ਦੀ ਇਕੋ ਜਿਹੀ ਪ੍ਰਤੀਨਿੱਧਤਾ ਹੋਣੀ ਅਸੰਭਵ ਹੈ। ਕਿਸੇ ਇੱਕ ਖੇਤਰ ’ਚ ਇੱਕ ਫਿਰਕੇ
ਦਾ ਅਤੇ ਦੂਸਰੇ ’ਚ ਕਿਸੇ ਹੋਰ ਫਿਰਕੇ ਦਾ ਭਾਰੂ ਹੋਣਾ ਸੁਭਾਵਕ ਹੈ। ਜੇ
ਪੰਜਾਬ ਦੇ ਸਨਅੱਤਕਾਰਾਂ /ਵਪਾਰੀਆਂ ਦੀ ਵੱਡੀ ਗਿਣਤੀ ਹਿੰਦੂਆਂ ’ਚੋਂ ਹੈ ਤਾਂ
ਜਾਗੀਰਦਾਰਾਂ/ਧਨੀ ਕਿਸਾਨਾਂ ਦੀ ਵੱਡੀ ਗਿਣਤੀ ਸਿੱਖਾਂ ’ਚੋਂ ਹੈ।
ਸਨਅਤ ਦੀਆਂ ਵੱਖ ਵੱਖ ਸ਼ਾਖਾਵਾਂ ’ਚ ਵੀ ਹਾਲਤ ਵੱਖੋ
ਵੱਖਰੀ ਹੈ। ਮਿਸਾਲ ਵਜੋਂ ਸਮੁੱਚੇ ਮੁਲਕ ਦੀ ਲਗਭਗ ਅੱਧੀ ਪ੍ਰਾਈਵੇਟ ਟਰਾਂਸਪੋਰਟ ਸਿੱਖਾਂ ਦੇ ਕਬਜੇ
’ਚ ਹੈ।
ਅਕਸਰ ਹੀ ਇਹ ਗੱਲ ਕਹੀ ਜਾਂਦੀ ਹੈ ਕਿ ਪੰਜਾਬ ਦੇ ਸਿੱਖਾਂ ਦੀ ਕਮਾਈ ਨੂੰ
ਪੰਜਾਬ ਤੋਂ ਬਾਹਰ ਦੇ ਹਿੰਦੂ ਲੁੱਟ ਕੇ ਖਾਈ ਜਾ ਰਹੇ ਹਨ। ਪਰ ਖੇਤੀ ਅਤੇ ਸਨਅੱਤ ਦੋਹਾਂ ਖੇਤਰਾਂ ’ਚੋਂ ਇਸ ਗੱਲ
ਦਾ ਸਬੂਤ ਨਹੀਂ ਮਿਲਦਾ। ਇਸ ਗੱਲ ਦੀਆਂ ਕੋਈ ਉੱਭਰਵੀਆਂ ਉਦਾਹਰਣਾ ਨਹੀਂ ਹਨ ਕਿ ਪੰਜਾਬ ਤੋਂ
ਬਾਹਰਲੇ ਹਿੰਦੂ ਪੰਜਾਬ ਆ ਕੇ ਜਮੀਨਾਂ ਦੇ ਫਾਰਮ ਬਣਾਈ ਬੈਠੇ ਹੋਣ। ਹਾਂ ਉਹ ਖੇਤਾਂ ’ਚ ਮਜਦੂਰੀ
ਕਰਨ ਜਰੂਰ ਆਉਂਦੇ ਹਨ ਤੇ ਕਈ ਵਾਰੀ ਬੰਧੂਆ ਮਜਦੂਰਾਂ ਵਜੋਂ ਆਉਂਦੇ ਹਨ।
ਇਸ ਦੇ ਮੁਕਾਬਲੇ ਕਈ ਬਾਹਰਲੇ ਸੂਬਿਆਂ ’ਚ ਸਿੱਖ
ਜਾਗੀਰਦਾਰਾਂ ਦੇ ਕਈ ਵੱਡੇ ਫਾਰਮ ਹਨ। ਇਸੇ ਤਰ੍ਹਾਂ ਪੰਜਾਬ ਦੀ ਸਨਅਤ ਅੰਦਰ ਕਈ ਬਾਹਰਲੇ ਹਿੰਦੂ
ਸਰਮਾਏਦਾਰਾਂ ਵੱਲੋਂ ਸਰਮਾਇਆ ਲਾਉਣ ਦੀਆਂ ਮਿਸਾਲਾਂ, ਸਿੱਖ ਸਰਮਾਏਦਾਰਾਂ
ਵੱਲੋਂ ਪੰਜਾਬੋਂ ਬਾਹਰ ਸਰਮਾਇਆ ਲਾਉਣ ਦੀਆਂ ਮਿਸਾਲਾਂ ਦੇ ਮੁਕਾਬਲੇ ਘੱਟ ਹਨ। ਪੰਜਾਬ ’ਚ ਬਾਹਰੋਂ
ਸਰਮਾਇਆ ਲਾਉਣ ਵਾਲੇ ਇਹ ਹਿੰਦੂ ਸਰਮਾਏਦਾਰ ਅਕਸਰ ਛੋਟੇ ਹਿੱਸੇਦਾਰਾਂ ਵੱਜੋਂ ਸਰਮਾਇਆ ਲਾਉਂਦੇ ਹਨ।
ਪਰ ਸਿੱਖਾਂ ਦੇ ਪੰਜਾਬੋਂ ਬਾਹਰ ਅਰਬਾਂ ਦੇ ਕਾਰੋਬਾਰ ਹਨ। ਮਿਸਾਲ ਵਜੋਂ ਉਹ ਹੋਟਲਾਂ, ਖਾਣਾਂ ਅਤੇ
ਟ੍ਰਾਂਸਪੋਰਟ ਦੇ ਮਾਲਕ ਹਨ ਅਤੇ ਅਨੇਕਾਂ ਹੋਰ ਖੇਤਰਾਂ ’ਚ ਸਿੱਖ
ਪੂੰਜੀਪਤੀਆਂ ਦੀ ਅਰਬਾਂ ਦੀ ਪੂੰਜੀ ਲੱਗੀ ਹੋਈ ਹੈ।
ਸਰਕਾਰੀ ਨੌਕਰੀਆਂ ਦੇ ਖੇਤਰ ’ਚ ਪੰਜਾਬ
ਪੱਧਰ ’ਤੇ ਅਤੇ ਨਾ ਹੀ ਮੁਲਕ ਪੱਧਰ ’ਤੇ ਸਿੱਖਾਂ
ਨਾਲ ਹੋ ਰਹੇ ਵਿਤਕਰੇ ਦੀ ਪੁਸ਼ਟੀ ਹੁੰਦੀ ਹੈ। ਪੰਜਾਬ ਅੰਦਰ ਵੱਖ ਵੱਖ ਮਹਿਕਮਿਆਂ ’ਚ ਉੱਚ
ਅਫਸਰਾਂ ਅਤੇ ਬੋਰਡਾਂ ਆਦਿਕ ਦੇ ਚੇਅਰਮੈਨਾਂ ਚੇਅਰਿਆਂ ਵੱਲ ਵੇਖਿਆਂ ਪੋਚਵੀਆਂ ਪੱਗਾਂ ਅਤੇ ਦਾੜ੍ਹੀਆਂ
ਦਾ ਹੱਥ ਉਪਰ ਦੀ ਦਿਖਾਈ ਦਿੰਦਾ ਹੈ। ਜੇ ਪੰਜਾਬ ’ਚ ਅਤੇ ਮੁਲਕ
ਭਰ ’ਚ ਵੀ ਸਿੱਖਾਂ ਲਈ ਆਬਾਦੀ ਦੇ ਅਨੁਪਾਤ ਸਰਕਾਰੀ ਨੌਕਰੀਆਂ ’ਚ
ਪ੍ਰਤੀਨਿੱਧਤਾ ਦੀ ਮੰਗ ਉਠਾਈ ਜਾਵੇ ਤਾਂ ਕੁੱਲ ਮਿਲਾ ਕੇ ਵੀ ਇਹ ਮੰਗ ਸਿੱਖਾਂ ਲਈ ਲਾਹੇਵੰਦ ਦੀ
ਬਜਾਏ ਘਾਟੇਬੰਦੀ ਸਾਬਤ ਹੋਵੇਗੀ ਕਿਉਂਕਿ ਕਈ ਖੇਤਰਾਂ ’ਚ ਸਿੱਖਾਂ ਦੀ
ਪ੍ਰਤੀਨਿੱਧਤਾ ਨੂੰ ਆਬਾਦੀ ਦੇ ਅਨੁਪਾਤ ’ਚ ਲਿਆਉਣ ਲਈ ਸਿੱਖਾਂ
ਖਾਤਰ ਨੌਕਰੀਆਂ ਦੇ ਮੌਕੇ ਸੀਮਤ ਪੈ ਜਾਣਗੇ-ਜਿਵੇਂ ਕਿ ਫੌਜ ਦਾ ਖੇਤਰ ਹੈ-ਜਿੱਥੇ ਸਿੱਖਾਂ ਦੀ
ਪ੍ਰਤੀਨਿੱਧਤਾ ਆਬਾਦੀ ਦੇ ਅਨੁਪਾਤ ਨਾਲੋਂ ਕਈ ਗੁਣਾ ਵੱਧ ਹੈ।
ਇਹ ਇਕ ਦਿਲਚਸਪ ਤੱਥ ਹੈ ਕਿ ਫਿਰਕੂ ਅਕਾਲੀ ਸਿਆਸਤਦਾਨਾਂ ਦੇ ਕਿਸੇ ਵੀ
ਹਿੱਸੇ ਵੱਲੋਂ ਕੋਈ ਅਜਿਹੀ ਮੰਗ ਪੇਸ਼ ਨਹੀਂ ਕੀਤੀ ਗਈ ਜਿਹੜੀ ਸਿੱਖਾਂ ਨਾਲ ਹੋ ਰਹੇ ਆਰਥਿਕ, ਸਮਾਜਿਕ
ਵਿਤਕਰੇ ਨੂੰ ਦੂਰ ਕਰਾਉਣ ਅਤੇ ਬਰਾਬਰ ਦੇ ਅਧਿਕਾਰ ਦੁਆਉਣ ਦੀ ਮੰਗ ਬਣਦੀ ਹੋਵੇ। ਸਿੱਖਾਂ ਦੀ
ਆਰਥਿਕ ਹੈਸੀਅਤ ਨਾਲ ਸਬੰਧਤ ਉਨ੍ਹਾਂ ਦੀ ਇਕੋ ਇੱਕ ਮੰਗ ਫੌਜ ਅੰਦਰ ਸਿੱਖਾਂ ਦੀ ਪ੍ਰਤੀਨਿੱਧਤਾ
ਬਾਰੇ ਹੈ। ਇਹ ਕੋਈ ਵਿਤਕਰਾ ਦੂਰ ਕਰਾਉਣ ਦੀ ਮੰਗ ਨਹੀਂ ਬਣਦੀ ਸਗੋਂ ਇਸ ਖੇਤਰ ’ਚ ਸਿੱਖਾਂ ਦੀ
ਪਹਿਲਾਂ ਹੀ ਵਿਸ਼ੇਸ਼ ਹੈਸੀਅਤ ਨੂੰ ਹੋਰ ਮਜਬੂਤ ਕਰਨ ਦੀ ਮੰਗ ਹੀ ਬਣਦੀ ਹੈ। ਇਸ ਮੰਗ ਨੂੰ ਛੱਡ ਕੇ
ਨਾ ਫਿਰਕੂ ਅਕਾਲੀ ਸਿਆਸਤਦਾਨਾਂ ਦੇ ਸਾਂਝੇ ਪ੍ਰੋਗਰਾਮੀਆ ਦਸਤਾਵੇਜ ਅਨੰਦਪੁਰ ਦੇ ਮਤੇ ’ਚੋਂ, ਨਾ ਹੀ ‘‘ਧਰਮ ਯੁੱਧ’’ ਮੋਰਚੇ ਵੇਲੇ
ਪੇਸ਼ ਕੀਤੇ 45 ਮੰਗਾਂ ਦੇ ਚਾਰਟਰ ਚੋਂ ਅਤੇ ਨਾ ਹੀ ਸਿੱਖਾਂ
ਦੀ ਇਸ ਅਖੌਤੀ ਦਾਬੇ ਵਿਤਕਰੇ ਤੋਂ ਮੁਕਤੀ ਦੀ ਲੜਾਈ ’ਚ ‘ਹਿਰਾਵਲ ਦਸਤੇ’ ਦਾ ਰੋਲ
ਨਿਭਾਉਣ ਨੂੰ ਫਿਰਦੇ ਪੈਗਾਮਪੰਥੀਆਂ ਦੀ ਕਿਸੇ ਲਿਖਤ ’ਚੋਂ ਅਜਿਹੀ
ਕੋਈ ਹੋਰ ਮੰਗ ਲੱਭਦੀ ਹੈ।
(ਇਨਕਲਾਬੀ ਜਨਤਕ ਲੀਹ, ਜਨਵਰੀ 1989 ’ਚੋਂ)
No comments:
Post a Comment