ਸ਼ਰਮ ਦਾ ਘਾਟਾ:
ਪਠਾਨਕੋਟ ਹਮਲਾ ਅਤੇ ਭਾਰਤੀ ਮੀਡੀਆ
ਦੋ ਜਨਵਰੀ ਦੀ ਸਵੇਰ
ਨੂੰ ਪਠਾਨਕੋਟ 'ਚ ਭਾਰਤੀ ਹਵਾਈ ਫੌਜ
ਦੇ ਸਟੇਸ਼ਨ 'ਤੇ ਜੋ ਹਮਲਾ ਹੋਇਆ ਹੈ, ਉਸ ਬਾਰੇ ਹੋ ਰਹੀ ਬਹੁਤੀ ਚਰਚਾ ਗੁਮਰਾਹ
ਕਰੂ ਹੈ। ਲੋਕਾਂ ਦੇ ਅੱਖੀਂ ਘੱਟਾ ਪਾਉਣ ਵਾਲੀ ਹੈ।ਇਸ ਚਰਚਾ ਦਾ ਭਾਰਤ ਅਤੇ ਪਾਕਿਸਤਾਨ
ਦੀ ਜਨਤਾ ਦੇ ਅਸਲ ਹਿਤਾਂ ਨਾਲ ਸਰੋਕਾਰ ਨਹੀਂ ਹੈ।ਇਹ ਭਾਰਤੀ ਹਾਕਮ ਜਮਾਤਾਂ, ਪਾਕਿਸਤਾਨੀ ਹਾਕਮ
ਜਮਾਤਾਂ ਅਤੇ ਅਮਰੀਕੀ ਸਾਮਰਾਜੀਆਂ ਦੇ ਹਿਤਾਂ ਦੇ ਪੱਖ ਤੋਂ ਹੋ ਰਹੀ ਹੈ।
ਪਠਾਨਕੋਟ ਦਾ ਹਵਾਈ
ਫੌਜੀ ਅੱਡਾ ਭਾਰਤ ਦੇ ਸਭ ਤੋਂ ਪੁਰਾਣੇ ਅਤੇ ਮਹੱਤਵਪੂਰਨ ਅੱਡਿਆਂ 'ਚੋਂ ਇਕ ਹੈ।ਇਸ ਅੱਡੇ 'ਤੇ 75 ਮਿੱਗ-21 ਲੜਾਕੂ ਜੈੱਟ ਜਹਾਜ਼ਾਂ ਵਾਲੇ 26 ਦਸਤੇ ਮੌਜੂਦ ਹਨ।ਐਮ.
ਆਈ.-25 ਜਹਾਜ਼ਾਂ ਦੀਆਂ 125 ਯੂਨਿਟਾਂ ਅਤੇ ਮਾਰੂ
ਐਮ. ਆਈ.-35 ਹਮਲਾਵਰ ਹੈਲੀਕਾਪਟਰ
ਐਥੇ ਤਿਆਰ ਬਰ ਤਿਆਰ ਰਹਿੰਦੇ ਹਨ।ਇਜ਼ਰਾਈਲ ਤੋਂ ਮੰਗਾਏ ਵਿਸ਼ੇਸ਼ ਹੇਰੋਂ ਨਾਮ ਦੇ
ਜਸੂਸੀ ਡਰੋਨ ਵੀ ਐਥੇ ਤਾਇਨਾਤ ਹਨ।ਜਿਹਨਾਂ ਦੀ ਅਸਲ ਗਿਣਤੀ ਬਾਰੇ ਪਤਾ ਨਹੀਂ ਹੈ।ਇਸ ਤੋਂ
ਇਲਾਵਾ ਅਤਿ ਸੰਵੇਦਨਸ਼ੀਲ ਹਵਾਈ ਰੱਖਿਆ ਰਾਡਾਰ ਬਾਰ੍ਹਾਂ ਮਹੀਨੇ ਤੀਹ ਦਿਨ ਹਵਾਵਾਂ ਦਾ
ਚੱਪਾ-ਚੱਪਾ ਛਾਣਦੇ ਰਹਿੰਦੇ ਹਨ। ਇਸ ਹਵਾਈ ਅੱਡੇ ਦੀ ਕਮਾਨ ਸੰਭਾਲ ਚੁੱਕੇ ਇੱਕ ਏਅਰ
ਮਾਰਸ਼ਲ ਦਾ ਕਹਿਣਾ ਹੈ,
"ਕੁਝ ਰਾਡਾਰ ਤਾਂ ਇੱਕ ਪਲ ਖਾਤਰ ਵੀ ਨਹੀਂ ਰੁਕਦੇ।……ਤੁਸੀਂ ਅੰਦਾਜਾ ਨਹੀਂ
ਲਾ ਸਕਦੇ ਕਿ ਐਥੋਂ ਹਰ ਰੋਜ਼ ਕਿੰਨੀ ਭਾਰੀ ਗਿਣਤੀ 'ਚ ਉਡਾਣਾਂ ਭਰੀਆਂ
ਜਾਂਦੀਆਂ ਹਨ"।(ਦ ਵੀਕ, ਜਨਵਰੀ 17,
2016) ਇਸ ਟਿੱਪਣੀ ਤੋਂ ਪਠਾਨਕੋਟ ਮਿਲਟਰੀ ਹਵਾਈ ਅੱਡੇ
ਦੇ ਫੌਜੀ ਮਹੱਤਵ ਦਾ ਪਤਾ ਲੱਗਦਾ ਹੈ।ਐਨ ਬਾਰਡਰ 'ਤੇ ਸਥਿਤ ਇਸ ਹਵਾਈ ਅੱਡੇ ਦਾ ਏਸ਼ੀਆ ਦੇ
ਲੋਕਾਂ ਦੇ ਹਿਤਾਂ ਨਾਲ ਕੀ ਰਿਸ਼ਤਾ ਹੈ? ਇਹ ਸਵਾਲ ਇਸ ਗਲ ਨਾਲ ਜੁੜਿਆ ਹੋਇਆ ਹੈ ਕਿ ਭਾਰਤੀ
ਫੌਜਾਂ ਦਾ ਇਸ ਖਿੱਤੇ ਦੇ ਲੋਕਾਂ ਨਾਲ ਕੀ ਰਿਸ਼ਤਾ ਹੈ।
ਇਹ ਗੱਲ ਜਾਣੀ ਪਛਾਣੀ ਹੈ ਕਿ
ਭਾਰਤੀ ਫੌਜਾਂ ਨਾ ਸਿਰਫ ਏਸ਼ੀਆਈ ਖਿੱਤੇ 'ਚ ਸਗੋਂ ਦੂਰ-ਦੂਰ ਤਕ ਦੇ ਮੁਲਕਾਂ 'ਚ ਅਮਰੀਕੀ ਸਾਮਰਾਜੀਆਂ
ਦੇ ਹਿਤਾਂ ਦੀ ਸੇਵਾ 'ਚ ਲੱਗੀਆਂ ਹੋਈਆਂ ਹਨ।ਅਫਗਾਨਿਸਤਾਨ ਤੋਂ
ਇਥੋਪੀਆ ਤੱਕ ਇਹਨਾਂ ਨੇ ਲੋਕਾਂ ਦੇ ਲਹੂ 'ਚ ਆਪਣੇ ਹੱਥ ਰੰਗੇ ਹੋਏ ਹਨ। ਭਾਰਤੀ ਹਾਕਮਾਂ
ਵੱਲੋਂ ਭਾਰਤੀ ਫੌਜਾਂ ਦੀਆਂ ਇਹ ਸੇਵਾਵਾਂ "ਵਤਨ ਦੀ ਰਾਖੀ" ਲਈ ਨਹੀਂ ਹਨ। ਇਹ ਅਮਰੀਕੀ
ਸਾਮਰਾਜੀਆਂ ਦੇ ਹਿਤਾਂ ਦੀ ਰਾਖੀ ਲਈ ਪਾਲਤੂ ਹਕੂਮਤਾਂ ਕਾਇਮ ਜਾਂ ਸਥਾਪਤ ਕਰਨ ਖਾਤਰ
ਹਨ।ਵਿਦੇਸ਼ੀ ਸਾਮਰਾਜੀਆਂ ਦੇ ਹਿਤਾਂ ਲਈ ਭਾਰਤੀ ਜਵਾਨਾਂ ਦਾ ਲਹੂ ਝੋਕਣ ਦਾ ਭਾਰਤੀ ਹਾਕਮਾਂ ਦਾ
ਇਹ ਗੁਨਾਹ ਭਾਰਤੀ ਲੋਕਾਂ ਵੱਲੋਂ ਸਖ਼ਤ ਫਿਟਕਾਰਾਂ ਅਤੇ ਨਿਖੇਧੀ ਦਾ ਹੱਕਦਾਰ ਹੈ।ਸ਼ਾਇਦ
ਅਜਿਹੀ ਲੋੜ ਦੇ ਹੁੰਗਾਰੇ ਵਜੋਂ ਹੀ ਕਵੀ ਸੁਰਜੀਤ ਪਾਤਰ ਦੇ ਸੰਵੇਦਨਸ਼ੀਲ ਮਨ ਨੇ
ਇਹਨਾਂ ਸਤਰਾਂ ਦੀ ਸਿਰਜਣਾ ਕੀਤੀ ਹੈ:
"ਨਾ ਜਾਇਉ ਵੇ ਪੁੱਤਰੋ, ਦਲਾਲਾਂ ਦੇ ਆਖੇ
ਕਿਤੇ ਮਰਨ ਲਈ, ਦੂਰ, ਮਾਵਾਂ ਤੋਂ ਚੋਰੀ"।
ਕਿਤੇ ਮਰਨ ਲਈ, ਦੂਰ, ਮਾਵਾਂ ਤੋਂ ਚੋਰੀ"।
ਭਾਰਤੀ ਫੌਜਾਂ ਨੂੰ ਸੌਂਪੇ
ਅਜਿਹੇ ਰੋਲ ਦੀ ਵਜ੍ਹਾ ਕਰਕੇ, ਭਾਰਤ ਦਾ ਅਕਸ ਇਕ ਧੌਂਸਬਾਜ਼, ਦਹਿਸ਼ਤਗਰਦ ਅਤੇ ਹਮਲਾਵਰ ਫੌਜੀ ਸ਼ਕਤੀ ਵਾਲਾ ਬਣਿਆ ਹੋਇਆ ਹੈ।
ਇਹ ਅਕਸ ਨਾ ਸਿਰਫ ਗਵਾਂਢੀ ਮੁਲਕਾਂ ਦੇ ਲੋਕਾਂ 'ਚ, ਸਗੋਂ ਵਿਤਕਰਿਆਂ ਦਾ
ਸ਼ਿਕਾਰ ਮੁਲਕ ਦੀਆਂ ਕੌਮੀਅਤਾਂ 'ਚ ਵੀ ਬਣਿਆ ਹੋਇਆ ਹੈ।ਇਸ ਪੱਖੋਂ
ਪਠਾਨਕੋਟ ਦਾ ਹਵਾਈ ਅੱਡਾ ਭਾਰਤੀ ਅਤੇ ਪਾਕਿਸਤਾਨੀ ਕਸ਼ਮੀਰ ਦੇ ਲੋਕਾਂ ਵੱਲੋਂ ਵਹਿਸ਼ੀ
ਫੌਜੀ ਕਾਰਵਾਈ ਦੇ ਤਾਕਤਵਰ ਸਰੋਤ ਵਜੋਂ ਵੇਖਿਆ ਜਾਂਦਾ ਹੈ।
ਹੁਣ ਤੱਕ ਸਾਹਮਣੇ ਆਏ
ਸੰਕੇਤ ਇਹੀ ਸੁਝਾਉਂਦੇ ਹਨ ਕਿ ਅਮਰੀਕੀ ਸਾਮਰਾਜੀਆਂ, ਭਾਰਤੀ ਹਾਕਮਾਂ ਅਤੇ ਪਾਕਿਸਤਾਨੀ
ਹਾਕਮਾਂ ਦੀ ਵਹਿਸ਼ਤ ਦੇ ਸ਼ਿਕਾਰ ਲੋਕਾਂ ਦੇ ਗੁੱਸੇ ਦਾ ਅੰਸ਼ ਪਠਾਨਕੋਟ ਹਮਲੇ ਦੀ ਟੇਕ ਬਣਿਆ
ਹੈ।ਅਮਰੀਕੀ ਸਾਮਰਾਜੀਆਂ ਦੀ ਜੋਟੀਦਾਰ ਹਮਲਾਵਰ ਸ਼ਕਤੀ ਵਜੋਂ ਭਾਰਤ ਨੂੰ ਸੇਕ ਲਾਉਣ ਦੀ
ਮਨਸ਼ਾ ਇਸ ਪਿੱਛੇ ਕੰਮ ਕਰਦੀ ਨਜ਼ਰ ਆਉਂਦੀ ਹੈ। ਭਾਰਤੀ ਪੱਛਮੀ ਹਵਾਈ ਕਮਾਨ ਦੇ ਸਾਬਕਾ ਮੁਖੀ
ਏਅਰ ਮਾਰਸ਼ਲ ਏ. ਕੇ. ਸਿੰਘ ਦਾ ਕਹਿਣਾ ਹੈ, "ਉਹਨਾਂ ਦਾ ਮਕਸਦ ਭਾਰਤੀ ਹਵਾਈ ਫੌਜ ਦੇ
ਅਸਾਸਿਆਂ ਦੀ ਤਬਾਹੀ ਸੀ"।
ਪਰ ਇਸ ਨਾਲੋਂ ਵੀ
ਵਧੇਰੇ ਮਹੱਤਵਪੂਰਨ ਇਕ ਹੋਰ
ਇੰਕਸ਼ਾਫ ਹੈ ਜਿਸਦੀ ਉੱਭਰਵੀਂ ਚਰਚਾ ਨਹੀਂ ਹੋਈ।ਪਤਾ ਲੱਗਿਆ ਹੈ ਕਿ ਪਠਾਨਕੋਟ ਦੇ ਹਵਾਈ
ਫੌਜ ਸਟੇਸ਼ਨ 'ਤੇ ਅਫਗਾਨਿਸਤਾਨ ਦੀ
ਹਵਾਈ ਫੌਜ ਦੇ ਪੱਚੀ ਅਫਸਰਾਂ ਨੂੰ ਗੁਪਤ ਰੂਪ 'ਚ ਟਰੇਨਿੰਗ ਦਿੱਤੀ ਜਾ ਰਹੀ ਹੈ।ਇਹ ਟਰੇਨਿੰਗ ਅਫਗਾਨਿਸਤਾਨ
ਦੇ ਲੋਕਾਂ ਦੀ ਅਮਰੀਕਾ ਵਿਰੋਧੀ ਬਗਾਵਤ ਨੂੰ ਕੁਚਲਣ ਲਈ ਦਿੱਤੀ ਜਾ ਰਹੀ ਹੈ।ਭਾਰਤੀ ਫੌਜ ਦੇ ਘੱਟੋ-ਘੱਟ ਦੋ ਏਅਰ-ਮਾਰਸ਼ਲ ਇਹ
ਕਹਿੰਦੇ ਹਨ ਕਿ ਹਮਲਾ ਅਫਗਾਨਿਸਤਾਨੀ ਪਾਇਲਟਾਂ ਅਤੇ ਤਕਨੀਸ਼ਨਾਂ ਨੂੰ ਨਿਸ਼ਾਨਾ ਬਣਾਉਣ ਖਾਤਰ
ਹੋਇਆ।ਜਹਾਦੀ ਗਰੁੱਪ ਇਹਨਾਂ ਪਾਇਲਟਾਂ ਨੂੰ ਅਗਵਾ ਕਰਕੇ ਸਾਰੀ ਦੁਨੀਆਂ ਨੂੰ ਇਹ ਦੱਸ
ਸਕਦੇ ਸਨ ਕਿ ਭਾਰਤੀ ਹਵਾਈ ਫੌਜ ਸਟੇਸ਼ਨਾਂ 'ਤੇ ਚੋਰੀ-ਚੋਰੀ ਕੀ ਹੋ ਰਿਹਾ ਹੈ। ਏਅਰ ਮਾਰਸ਼ਲ
ਦੀਓ ਨੇ ਡਰ ਜ਼ਾਹਰ ਕੀਤਾ ਕਿ ਜੇ ਇਹ ਅਫਗਾਨ ਪਾਇਲਟ ਕੁਝ ਘੰਟਿਆਂ ਲਈ ਵੀ ਜਹਾਦੀ
ਗਰੁੱਪਾਂ ਦੀ ਹਿਰਾਸਤ 'ਚ ਆ ਜਾਂਦੇ ਤਾਂ ਕੀ
ਬਣਦਾ! ਦੀਓ ਨੇ ਇਸ,
"ਸਭ ਤੋਂ ਵੱਡੇ ਡਰ" ਕਰਕੇ ਹੀ ਸਭ ਤੋਂ ਪਹਿਲਾਂ ਅਫਗਾਨ
ਪਾਇਲਟਾਂ ਨੂੰ ਲਾਂਭੇ ਕਰਨ ਦੀ ਫੁਰਤੀ ਵਿਖਾਈ।
ਤਾਂ ਵੀ ਭਾਰਤੀ ਮੀਡੀਏ
ਅੰਦਰ ਪਰਗਟ ਕੀਤੀ ਜਾ ਰਹੀ ਚਿੰਤਾ ਇਸ ਗੱਲ ਬਾਰੇ ਨਹੀਂ ਹੈ ਕਿ ਭਾਰਤੀ
ਹਵਾਈ ਫੌਜ ਦੇ ਅੱਡੇ 'ਤੇ ਅਫਗਾਨ ਲੋਕਾਂ
ਖਿਲਾਫ਼ ਫੌਜੀ ਟਰੇਨਿੰਗ ਦੀ ਕਰਤੂਤ ਕਿਓਂ ਕੀਤੀ ਜਾ ਰਹੀ ਸੀ? ਇਸ ਕਰਤੂਤ ਦਾ ਭਾਰਤੀ
ਲੋਕਾਂ ਦੇ ਹਿਤਾਂ ਨਾਲ ਕੀ ਸਬੰਧ ਹੈ? ਇਹ ਕਰਤੂਤ ਗਵਾਂਢੀ ਮੁਲਕਾਂ ਦੇ ਲੋਕਾਂ ਅਤੇ ਜਹਾਦੀ
ਗਰੁੱਪਾਂ ਦੇ ਗੁੱਸੇ ਨੂੰ ਸੱਦਾ ਦੇਣ ਵਾਲੀ ਕਿਵੇਂ ਨਹੀਂ ਹੈ? ਇਸ ਕਰਤੂਤ ਬਦਲੇ
ਭਾਰਤੀ ਲੋਕਾਂ ਲਈ ਖੜ੍ਹੇ ਹੋਣ ਵਾਲੇ ਖਤਰਿਆਂ ਅਤੇ ਦੁਸ਼ਵਾਰੀਆਂ ਦਾ ਗੁਨਾਹਗਾਰ ਕੌਣ ਹੈ? ਹਾਕਮ ਜਮਾਤਾਂ ਦੇ
ਜ਼ਰਖਰੀਦ ਮੀਡੀਏ ਨੂੰ ਜੇ ਚਿੰਤਾ ਹੈ ਤਾਂ ਸਿਰਫ ਇਸ ਗੱਲ ਦੀ ਕਿ ਜਹਾਦੀ ਗਰੁੱਪਾਂ
ਨੂੰ ਭਾਰਤੀ ਹਾਕਮਾਂ ਦੀ ਇਸ ਕਰਤੂਤ ਦਾ ਪਤਾ ਕਿਵੇਂ ਲੱਗ ਗਿਆ ਜਿਹੜੀ ਭਾਰਤੀ ਲੋਕਾਂ
ਸਮੇਤ ਸਾਰੀ ਦੁਨੀਆਂ ਤੋਂ ਲੁਕੋ ਕੇ ਰੱਖੀ ਗਈ ਸੀ।
ਕੀ ਸ਼ਰਮ ਦੇ ਘਾਟੇ ਦੀ
ਇਸ ਤੋਂ ਵੱਡੀ ਮਿਸਾਲ ਹੋ ਸਕਦੀ ਹੈ?!
No comments:
Post a Comment