ਕੇਂਦਰੀ ਭਾਰਤ 'ਚ ਕਾਰਪੋਰੇਟੀ ਥਾਪੜੇ ਵਾਲੀਨਸਲਕੁਸ਼ੀ ਦਾ ਵਿਰੋਧ ਕਰਨ ਲਈ ਇੱਕਜੁੱਟ ਹੋ ਜਾਓ
ਭਾਰਤ ਦੇ ਸਭਨਾਂ ਨਾਗਰਿਕਾਂ ਲਈ ਇਹ ਦੇਖਣਾ ਬੇਹੱਦ ਸ਼ਰਮਨਾਕ ਹੈ ਕਿ ਸਾਡੀ ਆਪਣੇ ਹੀ ਦੇਸ਼ ਦੀ ਫੌਜ ਅਤੇ ਨੀਮ-ਫੌਜੀ ਬਲਾਂ ਨੂੰ ਸਾਡੀ ''ਪ੍ਰਭੂਸੱਤਾ'' ਨੂੰ ਪੂਰੀ ਤਰ੍ਹਾਂ ਵੇਚਣ ਲਈ ਅਤੇ ਦੇਸ਼ ਦੇ ਲੱਖਾਂ ਲੋਕਾਂ ਦੀ ਨਸਲਕੁਸ਼ੀ ਤੇ ਕਤਲੇਆਮ ਲਈ ਵਰਤਿਆ ਜਾ ਰਿਹਾ ਹੈ, ਜਿੰਨ੍ਹਾਂ ਬਲਾਂ ਨੂੰ ਆਮ ਕਰਕੇ ਆਪਣੇ ਦੇਸ਼ ਦੀ ''ਪ੍ਰਭੂਸੱਤਾ'' ਤੇ ਇੱਥੋਂ ਦੇ ਲੋਕਾਂ ਦੀ ਆਜ਼ਾਦੀ ਦੀ ਰਾਖੀ ਵਾਲੇ ਸਮਝਿਆ ਜਾਂਦਾ ਹੈ।''
ਜੀ.ਐਨ.ਸਾਈਂਬਾਬਾ
ਸੰਨ 2024 ਦਾ ਆਗਮਨ ਗਵਾਹ ਹੈ ਕਿ ਕਿਵੇਂ ਆਦਿਵਾਸੀ ਲੋਕਾਂ 'ਤੇ ਅਪ੍ਰੇਸ਼ਨ ਗਰੀਨ ਕਗਾਰ ਦੇ ਨਾਂ ਹੇਠ ਅੱਤ ਦੀ ਭਿਆਨਕ ਜੰਗ ਮੜ੍ਹੀ ਹੋਈ ਹੈ। ਕਗਾਰ ਦੇ ਸ਼ੁਰੂ ਹੁੰਦੇ ਹੀ ਸਿਰੇ ਦੇ ਬਦਨਾਮ ਜਿਲ੍ਹਾ ਰਿਜ਼ਰਵ ਗਾਰਡਾਂ ਨੇ ਨਸ਼ੇ 'ਚ ਚੂਰ ਹੋ ਕੇ ਨਵੇਂ ਸਾਲ ਦੇ ਜਸ਼ਨਾਂ ਤੋਂ ਵਾਪਸ ਮੁੜਦਿਆਂ ਸ਼ਾਂਤਮਈ ਮੁਜ਼ਾਹਰਾਕਾਰੀਆਂ 'ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਤੇ ਇਕ ਛੇ ਮਹੀਨਿਆਂ ਦੇ ਮਾਸੂਮ ਦੀ ਜਾਨ ਲੈ ਕੇ ਨਵੇਂ ਸਾਲ ਦੀ ਆਮਦ ਨੂੰ ਕਲੰਕਤ ਕੀਤਾ। ਅਪ੍ਰੇਸ਼ਨ ਕਗਾਰ ਦੇ ਧਾਵੇ ਤੋਂ ਬਾਅਦ ਅਬੂਝਮੜ (ਬਸਤਰ) ਵਿਚ ਹਰ ਸੱਤ ਆਦਿਵਾਸੀਆਂ ਪਿੱਛੇ ਤਿੰਨ ਨੀਮ ਫੌਜੀ ਤੈਨਾਤ ਹਨ, ਉਹਨਾਂ ਪਹਾੜਾਂ ਉਪਰ ਹੀ, ਜਿੱਥੇ ਇਕ ਵਾਰ ਆਦਿਵਾਸੀ ਲੋਕਾਂ ਨੇ ਆਪਣੀ ਜਿੰਦਗੀ ਦੇ ਤੌਰ ਤਰੀਕਿਆਂ ਦੀ ਸਲਾਮਤੀ ਲਈ ਖਤਰਾ ਬਣੇ ਨਿਜਾਮ ਦੇ ਜਗੀਰੂ ਸ਼ਾਸਨ ਤੇ ਸਾਮਰਾਜੀ ਬਰਤਾਨਵੀ ਰਾਜ ਤੋਂ ਜੀਅ ਜਾਨ ਨਾਲ ਰਾਖੀ ਕੀਤੀ ਸੀ।
ਹਕੂਮਤ ਦੇ ਇਸ ਨਕਸਲ ਵਿਰੋਧੀ ਜੰਗ ਦੇ ਬਿਆਨੇ ਮਕਸਦ ਅਨੁਸਾਰ ਇਸ ''ਅੰਤਿਮ ਯੁੱਧ'' ਦੌਰਾਨ ਬਸਤਰ ਵਿਚ ਬੇਤਹਾਸ਼ਾ ਖੂੰਨ ਬਹਾਇਆ ਗਿਆ। ਇਸਨੇ ਸੰਨ 2024 ਦੇ ਸਾਲ ਨੂੰ 1910 ਦੇ ਭੂਮਕਲ ਵਿਦਰੋਹ ਤੋਂ ਬਾਅਦ ਬਸਤਰ ਦੇ ਇਤਿਹਾਸ ਵਿਚ ਸਭ ਤੋਂ ਵੱਧ ਖੂੰਨ ਖਰਾਬੇ ਵਾਲਾ ਵਰ੍ਹਾ ਬਣਾ ਦਿੱਤਾ। ਇਸ ਖਿੱਤੇ 'ਚ ਹੀ ਗੋਂਡ, ਮੜੀਆ, ਅਬੂਝਮੜੀਆ ਤੇ ਹਾਲਵਾ ਕਬੀਲਿਆਂ ਦੇ ਰੈਣ ਬਸੇਰੇ ਵਾਲਾ ਇਲਾਕਾ ਪੈਂਦਾ ਹੈ, ਜਿੱਥੇ ਕਿ ਭਾਰਤ ਦੇ ਕੱਚੇ ਲੋਹੇ ਦੇ 70 ਕਰੋੜ ਟਨ ਦੇ ਭੰਡਾਰ ਹਨ, ਇਸ ਦੇ ਨਾਲ ਨਾਲ ਪੈਨਸਿਲ ਦਾ ਸੁਰਮਾ ਬਣਾਉਣ ਦੇ ਕੰਮ ਆਉਣ ਵਾਲੀ ਗਰੇਫਾਈਟ ਦੀ ਕੱਚੀ ਧਾਤ, ਚੂਨਾ ਪੱਥਰ ਤੇ ਇੱਥੋਂ ਤੱਕ ਕਿ ਪ੍ਰਮਾਣੂ ਸ਼ਕਤੀ ਪੈਦਾ ਕਰਨ ਲਈ ਵਰਤੀ ਜਾਂਦੀ ਯੂਰੇਨੀਅਮ ਦੇ ਭੰਡਾਰ ਵੀ ਮੌਜੂਦ ਹਨ।
ਹਕੂਮਤ ਵੱਲੋੰ ਮਾਓਵਾਦੀਆਂ ਖਿਲਾਫ ਲੜਾਈ ਦੇ ਹੋ-ਹੱਲੇ ਦੇ ਪਰਦੇ ਓਹਲੇ ਇਸ ਸਚਾਈ ਨੂੰ ਛੁਪਾਉਣ ਦੀ ਕੋਸ਼ਿਸ਼ ਹੈ ਕਿ ਇਹ ਸਾਰੇ ਪਾਪੜ ਇੱਥੋਂ ਦੀ ਧਰਤੀ ਦੇ ਗਰਭ 'ਚ ਪਏ ਬੇਸ਼ਕੀਮਤੀ ਖਣਿਜ-ਪਦਾਰਥਾਂ ਨੂੰ ਹੜੱਪਣ ਲਈ ਵੇਲੇ ਜਾ ਰਹੇ ਹਨ। ਇਸ ਜੰਗ ਦਾ ਅਸਲ ਮਕਸਦ ਵਿਸ਼ਾਲ ਕੁਦਰਤੀ ਸਰੋਤਾਂ ਨੂੰ ਵੱਡੀਆਂ ਕਾਰਪੋਰੇਸ਼ਨਾਂ ਦੇ ਹਵਾਲੇ ਕਰਨਾ ਹੈ। ਇਸ ਪ੍ਰਸੰਗ 'ਚ ਹਿੰਦੂਤਵਾ ਰਾਜ ਤੇ ਕਾਰਪੋਰੇਟ ਗੱਠਜੋੜ ਦੀ ਪੱਥਰ-ਚਿੱਤ ਲੁੱਟ ਖਿਲਾਫ ਆਦਿਵਾਸੀ ਕਿਸਾਨਾਂ ਦੀ ਲਹਿਰ ਨੇ ਇਕ ਅਟੁੱਟ ਨਾਕਾਬੰਦੀ ਕਰਨ ਰਾਹੀਂ ਆਪਣੀ ਜ਼ਮੀਨ ਤੇ ਆਪਣੇ ਅਧਿਕਾਰਾਂ ਦੋਹਾਂ ਦੀ ਰਾਖੀ ਕਰ ਰਹੇ ਹਨ। ਇਸ ਟਾਕਰੇ ਦੀ ਵਜਾਹ ਕਰਕੇ ਆਦਿਵਾਸੀਆਂ ਨੂੰ ਅਪਰਾਧੀ ਬਣਾ ਧਰਿਆ ਹੈ ਤੇ ਉਹਨਾਂ ਦੀਆਂ ਜ਼ਮੀਨਾਂ 'ਤੇ ਫੌਜਾਂ ਚਾੜ੍ਹ ਦਿੱਤੀਆਂ ਹਨ।
ਪਿਛਲੇ ਸੱਤ-ਅੱਠ ਸਾਲਾਂ ਵਿਚ ਹੀ ਬਸਤਰ ਵਿਚ ਲਗਭਗ 230 ਸੁਰੱਖਿਆ ਕੈਂਪ ਅਤੇ ਕਿਲਾਬੰਦ ਪੁਲਿਸ ਸਟੇਸ਼ਨ ਬਣਾਏ ਹਨ। ਹਰ ਦੋ ਤੋਂ ਪੰਜ ਕਿਲੋਮੀਟਰ ਦੇ ਘੇਰੇ 'ਚ ਇਕ ਕੈਂਪ ਬਣਾ ਕੇ ਇਸ ਇਲਾਕੇ ਨੂੰ ਇਕ ਵਿਸ਼ਾਲ ਖੁੱਲ੍ਹੀ ਜੇਲ੍ਹ 'ਚ ਬਦਲ ਦਿੱਤਾ ਗਿਆ ਹੈ। ਫਰਵਰੀ 2024 ਵਿਚ, ਬਸਤਰ ਦੇ ਆਈ. ਜੇ. ਨੇ 50 ਹੋਰ ਕੈਂਪ ਵਧਾਉਣ ਦਾ ਐਲਾਨ ਕੀਤਾ। ਭਾਰਤੀ ਹਕੂਮਤ ਨੇ 2020 ਤੋਂ ਲੈ ਕੇ 2022 ਤੱਕ ਵੱਡੀ ਗਿਣਤੀ ਅੱਗੇ ਕਾਰਵਾਈ ਲਈ ਅਧਾਰਾਂ ( forward opration basis ) ਦਾ ਨਿਰਮਾਣ ਕੀਤਾ ਹੈ, ਇਹਨਾਂ ਨੂੰ ਆਮ ਕਰਕੇ ਨੀਮ ਫੌਜੀ ਬਲਾਂ ਦੇ ਕੈਂਪਾਂ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਇਨ੍ਹਾਂ 'ਚੋਂ ਛੱਤੀਸਗੜ੍ਹ 'ਚ ਵੀਹ, ਝਾੜਖੰਡ 'ਚ ਅਠਾਰਾਂ, ਉੜੀਸਾ 'ਚ ਗਿਆਰਾਂ, ਮੱਧ ਪ੍ਰਦੇਸ਼ 'ਚ ਛੇ, ਮਹਾਂਰਾਸ਼ਟਰ, ਤਿਲੰਗਾਨਾ ਅਤੇ ਬਿਹਾਰ 'ਚ ਇਕ ਇਕ ਅੱਗੇ ਕਾਰਵਾਈ ਲਈ ਅਧਾਰਾਂ ਦਾ ਨਿਰਮਾਣ ਕੀਤਾ ਗਿਆ ਹੈ। 2022 ਦੇ ਅੰਤ ਤੱਕ ਛੱਤੀਸਗੜ੍ਹ 'ਚ ਦਸ, ਝਾਰਖੰਡ 'ਚ ਛੇ, ਮਹਾਂਰਾਸ਼ਟਰ 'ਚ ਸੱਤ, ਅਤੇ ਉੜੀਸਾ, ਆਂਧਰਾ ਪ੍ਰਦੇਸ਼ ਅਤੇ ਤਿਲੰਗਾਨਾ 'ਚ ਇਕ ਅੱਗੇ ਕਾਰਵਾਈ ਅਧਾਰਾਂ ਦਾ ਨਿਰਮਾਣ ਕਰਨ ਦੀ ਵਿਉਂਤ ਹੈ। ਇਹਨਾਂ 'ਚੋਂ 2020 ਦੇ ਅੱਧ ਤੱਕ ਅਠਾਰਾਂ ਨਵੇਂ ਅਧਾਰ ਕੰਮ ਕਰਨ ਲੱਗ ਪਏ। 2023 ਵਿਚ ਇਕੱਲੇ ਬਸਤਰ 'ਚ ਹੀ ਗਿਆਰਾਂ ਹੋਰ ਬਣਾਏ ਗਏ ਤੇ ਇਸ ਖਿੱਤੇ 'ਚ ਤਿੰਨ ਹੋਰ ਹੁਣੇ ਸਥਾਪਤ ਕੀਤੇ ਗਏ ਹਨ।
ਕੁਦਰਤੀ ਖਣਿਜ ਪਦਾਰਥਾਂ ਨਾਲ ਮਾਲਾ-ਮਾਲ ਵੱਖ ਵੱਖ ਰਾਜਾਂ, ਖਾਸ ਕਰਕੇ ਬਸਤਰ ਵਿਚ, 300 ਤੋਂ ਵੱਧ ਲੋਕ ਮਾਓਵਾਦੀ ਲਹਿਰ ਪ੍ਰਤੀ ਫੌਜੀ ਨੀਤੀ ਦਾ ਸ਼ਿਕਾਰ ਹੋਏ ਹਨ ਜਦੋਂ ਕਿ ਇਹ ਲਹਿਰ ਆਰਥਿਕ, ਸਮਾਜਿਕ ਤੇ ਸਿਆਸੀ ਮਸਲੇ ਵਜੋਂ ਨਜਿੱਠਣ ਦੀ ਮੰਗ ਕਰਦੀ ਹੈ। ਮਾਰੇ ਗਿਆਂ ਚੋਂ ਅੱਧੇ ਆਮ ਪੇਂਡੂ ਲੋਕ ਤੇ ਨਿਹੱਥੇ ਮਾਓਵਾਦੀ ਹਨ, ਜਿਹਨਾਂ ਨੂੰ ਫੜ ਕੇ ਮਾਰਨ ਨੇ ਕਾਨੂੰਨੀ ਰਾਜ ਹੋਣ ਦੇ ਹਰ ਕਿਸਮ ਦੇ ਦੰਭ ਦੇ ਪਰਖਚੇ ਉਡਾ ਦਿੱਤੇ ਹਨ। ਬੀ.ਜੇ.ਪੀ.-ਆਰ.ਐਸ.ਐਸ. ਦੀ ਅਗਵਾਈ ਹੇਠਲੀ ਭਾਰਤੀ ਹਕੂਮਤ ਉਹਨਾਂ ਸਾਰਿਆਂ ਨੂੰ ਕੱਟੜ ''ਪਰਜੀਵੀ ਮਾਓਵਾਦੀਆਂ'' ਵਜੋਂ ਪੇਸ਼ ਕਰਦੀ ਹੈ। ਹਾਲਾਂਕਿ ਅਣਗਿਣਤ ਪੇਂਡੂ ਲੋਕਾਂ ਨੇ ਅੱਗੇ ਆ ਕੇ ਸਚਾਈ ਦੇ ਹੌਲਨਾਕ ਵੇਰਵਿਆਂ ਨੂੰ ਨਸ਼ਰ ਕੀਤਾ ਹੈ। ਉਹਨਾਂ ਨੇ ਦੱਸਿਆ ਹੈ ਕਿ ਮਾਰੇ ਗਿਆਂ 'ਚੋਂ ਬਹੁਤੇ ਦਰਅਸਲ ਪਿੰਡਾਂ ਦੇ ਲੋਕ ਸਨ।
ਹਕੂਮਤ ਦੀਆਂ ਕੁੱਝ ਖੂੰਨੀ ਪ੍ਰਾਪਤੀਆਂ ਵਿਚ ਪਿੰਡ ਵਾਸੀਆਂ ਅਤੇ ਨਿਹੱਥੇ ਮਾਓਵਾਦੀਆਂ ਦਾ ਕਤਲੇਆਮ ਵੀ ਸ਼ਾਮਲ ਹੈ। ਅਜਿਹੇ ਕਤਲਾਂ 'ਚ 19 ਜਨਵਰੀ ਨੂੰ ਨੇਂਦਰਾ 'ਚ ਤਿੰਨ ਪਿੰਡ ਵਾਸੀਆਂ, 27 ਮਾਰਚ ਨੂੰ ਚਿਪੁਰ ਭੱਟੀ 'ਚ ਦੋ ਨਿਹੱਥੇ, ਮਾਓਵਾਦੀਆਂ ਅਤੇ ਚਾਰ ਪਿੰਡ ਵਾਸੀਆਂ, 10 ਮਈ ਨੂੰ ਪੀਡੀਆ 'ਚ ਦਸ ਪਿੰਡ ਵਾਸੀਆਂ ਤੇ ਦੋ ਨਿਹੱਥੇ –ਬਿਮਾਰ ਮਾਓਵਾਦੀਆਂ, ਤਿੰਨ ਜੁਲਾਈ ਨੂੰ ਘਮੰਡੀ ਦੇ ਜੰਗਲਾਂ 'ਚ ਚਾਰ ਪਿੰਡ ਵਾਸੀਆਂ ਅਤੇ ਦੋ ਫੜੇ ਗਏ ਮਾਓਵਾਦੀ ਵੀ ਸ਼ਾਮਲ ਹਨ। ਇਹ ਸੂਚੀ ਐਨੀ ਲੰਮੀ ਹੈ ਕਿ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। ਇਸ ਖਿੱਤੇ ਵਿਚ ''ਸ਼ਾਂਤੀ ਅਤੇ ਵਿਕਾਸ'' ਦੇ ਹਰਕਾਰਿਆਂ ਲਈ ਔਰਤਾਂ ਦੇ ਮਾਮਲੇ 'ਚ ਸਿਰਫ ਖੂੰਨੀ ਹਵਸ ਹੀ ਕਾਫੀ ਨਹੀਂ, ਬਲਕਿ ਉਹਨਾਂ ਦੇ ਸਰੀਰ ਤੇ ਇੱਜ਼ਤ ਆਬਰੂ ਵੀ ਮਾਰ ਹੇਠ ਆਈ ਹੋਈ ਹੈ। ਤਲਾਸ਼ੀ ਦੇ ਬਹਾਨੇ ਉਹਨਾਂ ਨਾਲ ਛੇੜ-ਛਾੜ ਤੇ ਨਹਾਉਂਦੀਆਂ ਔਰਤਾਂ ਦੀ ਡਰੋਨ ਰਾਹੀਂ ਨਿਗਰਾਨੀ ਕਰਨ ਵਰਗੀ ਰੋਜਾਨਾ ਦੀ ਖੱਜਲ-ਖੁਆਰੀ ਤੋਂ ਇਲਾਵਾ ਉਹਨਾਂ ਦੇ ਵਹਿਸ਼ੀ ਬਲਾਤਕਾਰ ਤੇ ਕਤਲ ਹੋ ਰਹੇ ਹਨ। ਅਜਿਹਾ ਕੁੱਝ 2 ਅਪ੍ਰੈਲ 2024 ਨੂੰ ਨੇਂਦਰਾ ਪਿੰਡ ਵਿਚ ਹੋਇਆ ਹੈ ਜਿੱਥੇ 16 ਸਾਲ ਦੀ ਬੋਲੀ ਤੇ ਗੂੰਗੀ ਲੜਕੀ ਕਾਮਲੀ ਕੁੰਜਮ ਨਾਲ ਸਮੂਹਕ ਬਲਾਤਕਾਰ ਕੀਤਾ ਗਿਆ ਤੇ ਬਾਅਦ 'ਚ ਹੱਤਿਆ ਕੀਤੀ ਗਈ।
ਪਿਛਲੇ ਸਾਲ ਕਾਈ ਮਾਰਟਰ (mortar) ਬੰਬਾਂ ਨਾਲ ਗੋਲੀਬਾਰੀ ਕਰਨ ਤੋਂ ਇਲਾਵਾ 7 ਅਪ੍ਰੈਲ 2024 ਨੂੰ ਹਵਾਈ ਬੰਬਾਰੀ ਕੀਤੀ ਗਈ। ਇਹ ਬੰਬਾਰੀ 2021 ਤੋਂ ਲੈ ਕੇ ਹੁਣ ਤੱਕ ਪੰਜ ਵਾਰੀ ਹੋ ਚੁੱਕੀ ਹੈ। ਫੌਜ ਵੱਲੋਂ ਵਰਸਾਏ ਅਣਚੱਲੇ ਮਾਰਟਰ ਵੀ ਗੰਭੀਰ ਖਤਰਾ ਬਣੇ ਹੋਏ ਹਨ। 12 ਮਈ 2024 ਨੂੰ ਦੋ ਬੱਚਿਆਂ ਨੇ ਉਦੋਂ ਆਪਣੀ ਜਾਨ ਗੁਆ ਲਈ ਜਦੋਂ ਉਹਨਾਂ ਤੋਂ ਅਣਜਾਣੇ 'ਚ ਅਜਿਹਾ ਬੰਬ ਚੱਲ ਗਿਆ। ਮਨੁੱਖੀ ਅਧਿਕਾਰ ਕਾਰਕੁੰਨ ਤੇ ਵਕੀਲ ਬੇਲਾ ਭਾਟੀਆ ਦਸਦੀ ਹੈ ਕਿ : ''ਇਹਨਾਂ ਘਟਨਾਵਾਂ ਬਾਰੇ ਮੇਰੀ ਜਾਂਚ ਪੜਤਾਲ ਇਹ ਹੈ ਕਿ ਨਿਹੱਥੇ ਨਾਗਰਿਕਾਂ ਨੂੰ ਮਾਓਵਾਦੀ ਹੋਣ ਦੇ ਸ਼ੱਕ ਹੇਠ ਗੋਲੀਆਂ ਮਾਰ ਕੇ ਕਤਲ ਕੀਤਾ ਜਾਂਦਾ ਹੈ, ਅਤੇ ਨਿਹੱਥੇ ਮਾਓਵਾਦੀ ਕੇਡਰ ਤੇ ਸਾਬਕਾ ਮਾਓਵਾਦੀ ਕੇਡਰ ਨੂੰ ਵੀ ਬਖਸ਼ਿਆ ਨਹੀਂ ਜਾਂਦਾ, ਜਿਹੜੇ ਮਾਓਵਾਦੀ ਕੇਡਰ ਨੂੰ ਛੱਡ ਕੇ ਵਾਪਸ ਪਿੰਡਾਂ ਨੂੰ ਆ ਗਏ ਹਨ। ਇਹਨਾਂ ਘਟਨਾਵਾਂ 'ਚ ਜਾਨ ਗੁਆਉਣ ਵਾਲਿਆਂ 'ਚ ਕਈ ਨੌਜਵਾਨ, ਔਰਤਾਂ ਅਤੇ ਇਥੋਂ ਤੱਕ ਕਿ ਬੱਚੇ ਵੀ ਹਨ, ਇਹਨਾਂ 'ਚ ਸਭ ਤੋਂ ਛੋਟਾ ਛੇ ਮਹੀਨਿਆਂ ਦਾ ਬੱਚਾ ਵੀ ਹੈ।''
ਭਾਰਤੀ ਹਕੂਮਤ ਨੇ ਮਾਓਵਾਦੀ ਲਹਿਰ ਨੂੰ ਦੇਸ਼ ਦੀ ''ਅੰਦਰੂਨੀ ਸੁਰੱਖਿਆ ਲਈ ਇੱਕੋ ਇੱਕ ਸਭ ਤੋਂ ਵੱਡਾ ਖਤਰਾ'' ਦੱਸ ਕੇ ਇਹਨੂੰ ਅਮਨ ਕਾਨੂੰਨ ਦਾ ਮਸਲਾ ਬਣਾਇਆ ਹੋਇਆ ਹੈ। ਇਉਂ ਕਰਕੇ ਉਹ, ਇਸਦਾ ਸਮਾਜਿਕ-ਆਰਥਿਕ ਤੇ ਸਿਆਸੀ ਅਣਸਾਵੇਂਪਣ 'ਚੋਂ ਪੈਦਾ ਹੋਏ ਹਥਿਆਰਬੰਦ ਭੇੜ ਦੇ ਤੌਰ 'ਤੇ ਵਰਗੀਕਰਨ ਕਰਨ ਤੋਂ ਬਚਣਾ ਚਾਹੁੰਦੀ ਹੈ, ਜਿਨ੍ਹਾਂ 'ਤੇ ਕੌਮਾਂਤਰੀ ਕਾਇਦੇ ਕਾਨੂੰਨ ਤੇ ਸ਼ਿਸ਼ਟਾਚਾਰ ਲਾਗੂ ਕਰਨਾ ਜਰੂਰੀ ਹੁੰਦਾ ਹੈ। ਇਹ ਤਸਵੀਰਕਸ਼ੀ ਆਦਿਵਾਸੀਆਂ ਤੇ ਮਾਓਵਾਦੀਆਂ ਨੂੰ ਮਨੁਖਤਾ-ਘਾਤੀ ਗਰਦਾਨ ਕੇ ਉਹਨਾਂ ਦੋਹਾਂ 'ਤੇ ਪਰਜੀਵੀ ਹੋਣ ਦਾ ਠੱਪਾ ਲਗਾਉਂਦੀ ਹੈ। ਇਹੋ ਜਿਹੀ ਪੇਸ਼ਕਾਰੀ ਬਲਾਤਕਾਰ, ਜੁਲਮ ਤਸ਼ੱਦਦ ਤੇ ਅਦਾਲਤੋਂ ਬਾਹਰੇ ਕਤਲਾਂ ਸਮੇਤ ਮਾਓਵਾਦੀਆਂ ਪ੍ਰਤੀ ਵਹਿਸ਼ੀ ਵਿਹਾਰ ਨੂੰ ਵਾਜਬ ਠਹਿਰਾਉਂਦੀ ਹੈ।
ਤਾਂ ਵੀ, ਮਾਓਵਾਦ ਨੂੰ ਸੁਰੱਖਿਆ ਖਤਰਾ ਦੱਸਣਾ ਕਈ ਹੋਰਨਾਂ ਦੇ ਵਿਚਾਰਾਂ ਨੂੰ ਨਜ਼ਰਅੰਦਾਜ਼ ਕਰਦਾ ਹੈ ਕਿ ਦੇਸ਼ ਨੂੰ ਦਰਪੇਸ਼ ਤਿੱਖੇ ਹੋ ਰਹੇ ਆਰਥਕ-ਸਿਆਸੀ ਤੇ ਸਮਾਜਕ-ਸੱਭਿਆਚਾਰਕ ਚੁਣੌਤੀਆਂ ਨੂੰ ਸਰ ਕਰਨ ਦੇ ਢੰਗ-ਤਰੀਕਿਆਂ 'ਚੋਂ ਇਹ ਵੀ ਇਕ ਢੰਗ ਹੈ। ਇਹ ਦ੍ਰਿਸ਼ਟੀਕੋਣ ਗੁੰਝਲਦਾਰ ਸਮਾਜ ਦੇ ਅੰਦਰੂਨੀ ਗਤੀ-ਨਿਯਮਾਂ ਨੂੰ ਸੂਖਮਤਾਈ ਨਾਲ ਸਮਝਣ ਦੀ ਲੋੜ ਉਭਾਰਦਾ ਹੈ, ਇਸ ਹਾਲਤ ਲਈ ਜੁੰਮੇਵਾਰ ਕਾਰਨਾਂ ਨੂੰ ਸਮਝਣ ਦੀ ਮਹੱਤਤਾ ਦਸਦਾ ਹੈ ਤੇ ਇਹਨਾਂ ਮੁਹਿੰਮਾਂ ਦੀਆਂ ਵਿਸ਼ਾਲ ਅਰਥ-ਸੰਭਾਵਨਾਵਾਂ ਦਾ ਡੂੰਘਾ ਵਿਸ਼ਲੇਸ਼ਣ ਕਰਨ ਦੀ ਮੰਗ ਉਭਾਰਦਾ ਹੈ।
ਭਾਰਤੀ ਹਕੂਮਤ ਨੇ ਛੱਤੀਸਗੜ੍ਹ ਦੇ ਨਰਾਇਣਪੁਰੇ ਜਿਲ੍ਹੇ ਦੇ ਮਾਦ ਖਿੱਤੇ ਵਿਚ ਫੌਜ ਲਈ ਯੁੱਧ ਅਭਿਆਸ ਦਾ ਮੈਦਾਨ ਸਥਾਪਤ ਕਰਨ ਦੀ ਯੋਜਨਾ ਐਲਾਨੀ ਹੈ। 54,543 ਹੈਕਟੇਅਰ ਦਾ ਇਹ ਵਿਸ਼ਾਲ ਇਲਾਕਾ ਸੜਕ ਦੇ ਨਾਲ ਨਾਲ ਸੋਨਪੁਰ ਤੇ ਗਰਪ ਪਿੰਡਾਂ ਦੇ ਵਿਚਕਾਰ ਪੈਂਦਾ ਹੈ। ਨਾਲ ਹੀ ਮਾਲ ਮਹਿਕਮਾ ਸਥਾਨਕ ਜਾਇਦਾਦ ਦਾ ਸਰਵੇ ਕਰ ਰਿਹਾ ਹੈ। ਇਹ ਹੋਣ ਨਾਲ ਲੋਕਾਂ ਦੀ ਜਿੰਦਗੀ ਅਤੇ ਕਮਾਈ ਦੇ ਵਸੀਲੇ ਹੋਰ ਭਚੀੜੇ ਜਾਣਗੇ। ਇਹ ਵੀ ਪਹਿਲੀ ਵਾਰ ਨਹੀਂ ਹੈ ਕਿ ਭਾਰਤੀ ਹਕੂਮਤ ਨੇ ਇਥੇ ਆਪਣੇ ਫੌਜੀ ਬਲ ਤੈਨਾਤ ਕੀਤੇ ਹਨ। ਭਾਰਤੀ ਹਵਾਈ ਸੈਨਾ ਦੇ ਗਰੁੜ ਕਮਾਂਡੋਜ ਅਤੇ ਕੌਮੀ ਸੁਰੱਖਿਆ ਗਾਰਡ (ਐਨ ਐਸ ਜੀ) ਵਰਗੇ ਵਿਸ਼ੇਸ਼ ਦਸਤੇ ਖੁਦ ਆਪਣੇ ਨਾਗਰਿਕਾਂ ਖਿਲਾਫ ਜੰਗ ਲੜਨ ਲਈ ਝੋਕੇ ਜਾ ਰਹੇ ਹਨ।
ਇਸ ਇਲਾਕੇ 'ਚ ਆਦਿਵਾਸੀਆਂ ਨੇ 34 ਤੋਂ ਵੱਧ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਕੀਤੇ, ਜਿੱਥੇ ਉਹਨਾਂ ਨੇ ਵਿਕਾਸ ਦੇ ਪਰਦੇ ਓਹਲੇ ਵਿਦੇਸ਼ੀ ਤੇ ਵੱਡੀਆਂ ਕਾਰਪੋਰੇਸ਼ਨਾਂ ਵੱਲੋਂ ਸਰੋਤਾਂ ਦੀ ਲੁੱਟ-ਖਸੁੱਟ ਤੇ ਉਜਾੜੇ ਖਿਲਾਫ ਆਵਾਜ਼ ਬੁਲੰਦ ਕੀਤੀ। 31 ਮਾਰਚ 2022 ਤੱਕ ਛੱਤੀਸਗੜ੍ਹ ਸਰਕਾਰ ਨੇ 175 ਥਾਵਾਂ ਪਟੇ 'ਤੇ ਦਿੱਤੀਆਂ ਹਨ, ਇਹਨਾਂ ਦਾ ਕੁੱਲ ਰਕਬਾ 26210 ਹੈਕਟੇਅਰ ਬਣਦਾ ਹੈ। ਇਹਨਾਂ 'ਚੋਂ 51 ਖਾਣਾਂ ਸਿਰਫ ਬਸਤਰ 'ਚ ਪੈਂਦੀਆਂ ਹਨ, ਜਿਹਨਾਂ ਦਾ ਰਕਬਾ 7128.32 ਹੈਕਟੇਅਰ ਬਣਦਾ ਹੈ। 13 ਮਾਰਚ 2024 ਨੂੰ ਛਤੀਸਗੜ੍ਹ ਸਰਕਾਰ ਨੇ ਕੌਂਡਾਗਾਓਂ, ਨਰਾਇਣ ਪੁਰ ਅਤੇ ਬਸਤਰ ਜਿਲ੍ਹਿਆਂ 'ਚ 1478 ਵਰਗ ਕਿਲੋਮੀਟਰ ਦੇ ਘੇਰੇ ਵਿਚ ਹੀਰੇ ਅਤੇ ਧਰਤੀ ਹੇਠਲੇ ਹੋਰਨਾਂ ਖਣਿਜ ਪਦਾਰਥਾਂ ਲਈ ਤਿੰਨ ਈ ਐਲ (Exploration Licences) ਬਲਾਕਾਂ ਦੇ ਟੈਂਡਰਾਂ ਲਈ ਨੋਟਿਸ ਜਾਰੀ ਕੀਤੇ ਹਨ। ਅਪ੍ਰੇਸ਼ਨ ਕਗਾਰ ਆਦਿਵਾਸੀਆਂ ਦੀਆਂ ਲੋਕ ਭਾਉਂਦੀਆਂ ਜਨਤਕ ਲਹਿਰਾਂ ਤੇ ਛਾਪਾ ਹੈ, ਜਿਹੜੇ ਲਗਭਗ 30 ਥਾਵਾਂ ਤੇ ਦੱਖਣੀ ਬਸਤਰ ਵਿਚ ਮੂਲਵਾਸੀ ਬਚਾਓ ਮੰਚ ਦੇ ਝੰਡੇ ਹੇਠ ਅਤੇ ਉੱਤਰੀ ਬਸਤਰ (ਅਬੂਝਮੜ) ਵਿਚ ਕਈ ਹੋਰਨਾਂ ਝੰਡਿਆਂ ਹੇਠ ਰੋਸ ਮੁਜਾਹਰੇ ਕਰ ਰਹੇ ਹਨ। ਸਿਰਫ ਇਸੇ ਸਾਲ ਵਿਚ ਇੱਕ ਦਰਜਨ ਤੋਂ ਵੱਧ ਆਦਿਵਾਸੀ ਨੇਤਾਵਾਂ ਸੁਰਜੂ, ਟੇਕਾਮ, ਸੁਨੀਤਾ ਪੋਟਮ, ਲਕਮਾ ਕੋਰਮ, ਮਦਕਮ ਜੋਸ਼ਨ, ਮਦਕਮ ਜੋਗਾ ਬਗੈਰਾ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੀ ਲਿਸਟ ਬਹੁਤ ਲੰਬੀ ਹੈ, ਉਹਨਾਂ 'ਚੋਂ ਸਿਰਫ ਕੁੱਝ ਨਾਮ ਦਿੱਤੇ ਗਏ ਹਨ। ਝੂਠੇ ਪੁਲਿਸ ਮੁਕਾਬਲੇ ਵਾਲੀਆਂ ਥਾਵਾਂ 'ਤੇ ਸਾਧਾਰਨ ਆਦਿਵਾਸੀ ਪੇਂਡੂ ਲੋਕਾਂ ਨੂੰ ਵੱਡੀ ਗਿਣਤੀ 'ਚ ਇਕੱਠਾ ਕੀਤਾ ਜਾਂਦਾ ਹੈ ਤਾਂ ਕਿ ਗਵਾਹਾਂ ਨੂੰ ਆਪਣੇ ਅਨੁਸਾਰ ਢਾਲ ਲੈਣ, ਸਥਾਨਕ ਲੋਕਾਂ 'ਚ ਭੈਅ ਬਿਠਾਉਣ ਤੇ ਗ੍ਰਿਫਤਾਰ ''ਨਕਸਲੀਆਂ'' ਦੀ ਗਿਣਤੀ ਵਧਾਉਣ ਵਰਗਾ ਤੀਹਰਾ ਮਕਸਦ ਪੂਰਾ ਕੀਤਾ ਜਾ ਸਕੇ।
ਬੀ.ਜੇ.ਪੀ.-ਆਰ.ਐਸ.ਐਸ ਤੇ ਮੋਦੀ-ਸ਼ਾਹ ਵਰਗੇ ਫਾਸ਼ੀਵਾਦੀਆਂ ਦੀ ਅਗਵਾਈ ਹੇਠਲੀ ਭਾਰਤੀ ਹਕੂਮਤ ਨੇ ਇਕ ਸੂਰਜਕੁੰਡ ਨਾਂ ਦੀ ਸਕੀਮ ਘੜ ਕੇ ਨਿਗਮੀਕਰਨ, ਫੌਜੀਕਰਨ ਤੇ ਹਿੰਦੂਤਵਾ ਨੇ ਇੱਕਜੁੱਟ ਗੱਠਜੋੜ ਬਣਾ ਕੇ ਭਾਰਤੀ ਲੋਕਾਂ 'ਤੇ ਵਹਿਸ਼ੀ ਹਮਲਾ ਬੋਲਿਆ ਹੋਇਆ ਹੈ। ਕਾਰਪੋਰੇਟਾਂ ਦੀ ਹਰ ਕਿਸਮ ਦੀ ਲੁਟ ਖਸੁੱਟ ਤੇ ਰੱਤ-ਨਿਚੋੜ ਖਿਲਾਫ ਹਰ ਤਰ੍ਹਾ ਦੇ ਜਮਹੂਰੀ ਵਿਰੋਧ ਨੂੰ ਕੁਚਲਣਾ ਹੀ ਸੂਰਜਕੁੰਡ ਸਕੀਮ ਦਾ ਨਿਸ਼ਾਨਾ ਹੈ। ਬ੍ਰਾਹਮਣਵਾਦੀ ਹਿੰਦੂਤਵਾ ਫਾਸ਼ੀਵਾਦ ਇਕ ਪਾਸੇ ''ਸ਼ਹਿਰੀ ਨਕਸਲੀਏ'' ਤੇ ''ਕਲਮਵਾਲਾ ਨਕਸਲਵਾਦ'' ਵਰਗੇ ਬੇਹੂਦਾ ਠੱਪੇ ਲਾ ਕੇ ਜਮਹੂਰੀ ਸ਼ਕਤੀਆਂ ਨੂੰ ਆਮ ਅਵਾਮ 'ਚੋਂ ਨਿਖੇੜਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਥੇ ਦੂਜੇ ਪਾਸੇ ਕਾਰਪੋਰੇਟੀ ਲੁੱਟ ਤੇ ਜ਼ਮੀਨਾਂ ਹੜੱਪਣ ਖਿਲਾਫ ਜਨਤਕ ਵਿਰੋਧ ਤੇ ਫੌਜ ਰਾਹੀਂ ਜਬਰ ਢਾਹਿਆ ਜਾ ਰਿਹਾ ਹੈ। ਫਾਸ਼ੀਵਾਦੀ ਬੀ.ਜੇ,ਪੀ. –ਆਰ.ਐਸ.ਐਸ. ਇਹਨਾਂ ਇਲਾਕਿਆਂ 'ਚ ਸੂਰਜਕੁੰਡ ਸਕੀਮ ਦੀ ਬਹੁਪੱਖੀ ਵਰਤੋਂ ਕਰ ਰਹੀ ਹੈ ਅਤੇ ਐਨ.ਆਈ.ਏ. ਵਰਗੀ ਏਜੰਸੀ ਨੂੰ ਮਾਓਵਾਦੀ ਵਿਰੋਧੀ ਜਾਂਚ-ਪੜਤਾਲ ਦੇ ਨਾਂ ਹੇਠ ਆਦਿਵਾਸੀ ਆਗੂਆਂ ਦਾ ਸ਼ਿਕਾਰ ਪਿੱਛਾ ਕਰਨ ਲਈ ਭੇਜਦੀ ਰਹਿੰਦੀ ਹੈ। ਹਜਾਰਾਂ ਦੀ ਗਿਣਤੀ 'ਚ ਨੀਮ ਫੌਜੀ ਬਲ ਨਕਸਲੀ ਗੁਰੀਲਿਆ ਦਾ ਸ਼ਿਕਾਰ ਪਿੱਛਾ ਕਰਨ ਲਈ ਨਿਕਲਦੇ ਹਨ, ਉਹਨਾਂ ਨੂੰ ਘੇਰ ਲੈਂਦੇ ਹਨ ਤੇ ਮਾਰ ਦਿੰਦੇ ਹਨ, ਜਿਹੜੇ ਗਿਣਤੀ ਪੱਖੋਂ ਬਹੁਤ ਹੀ ਘੱਟ ਤੇ ਤਕਨੀਕ ਪੱਖੋਂ ਬੇਹੱਦ ਮਾੜੀ ਹਾਲਤ 'ਚ ਹਨ। ਵਿਕਟੋਰੀਆ ਵੇਲੇ ਦੀਆਂ ਮਜਲ ਲੋਡਿੰਗ ਰਾਈਫਲਾਂ ਜਾਂ ਦੂਜੇ ਸੰਸਾਰ ਜੰਗ ਵੇਲੇ ਦੀਆਂ ਬੋਲਟ ਐਕਸ਼ਨ ਰਾਈਫਲਾਂ ਬੇਹੱਦ ਅਧੁਨਿਕ ਹਥਿਆਰਾਂ ਨਾਲ ਕਿਵੇਂ ਮੜਿੱਕ ਸਕਦੀਆਂ ਹਨ। ਗਿਣਤੀ ਪੱਖੋਂ ਅਤੇ ਤਕਨੀਕ ਪੱਖੋਂ ਤਾਕਤਾਂ 'ਚ ਬੇਹੱਦ ਅਸਾਵਾਂਪਣ ਹੋਣ ਦੇ ਬਾਵਜੂਦ ਹਕੂਮਤੀ ਬਲ ਗੁਰੀਲਿਆਂ ਦਾ ਸ਼ਿਕਾਰ-ਪਿੱਛਾ ਕਰ ਰਹੇ ਹਨ, ਉਹਨਾਂ ਨੂੰ ਖੂੰਨੀ ਭੇੜੀਆਂ ਵਾਂਗ ਝਪਟ ਕੇ ਮਾਰ ਰਹੀਆਂ ਹਨ ਜਦੋਂ ਕਿ ਉਹਨਾਂ ਨੂੰ ਫੜਿਆ ਜਾ ਸਕਦਾ ਹੈ ਤੇ ਉਹਨਾਂ ਦੇ ਮਾਮਲੇ 'ਚ ਕਾਨੂੰਨ ਦੀ ਉਚਿਤ ਪ੍ਰਕਿਰਿਆ ਅਪਣਾਈ ਜਾ ਸਕਦੀ ਹੈ। ਸੋ ਕੁੱਲ ਮਿਲਾ ਕੇ ਹਕੂਮਤ ਇਸ ਸਕੀਮ ਰਾਹੀਂ ਆਦਿਵਾਸੀ ਲੋਕਾਂ ਦੀ ਵੱਡੀ ਪੱਧਰ 'ਤੇ ਨਸਲਕੁਸ਼ੀ ਕਰ ਰਹੀ ਹੈ, ਅਤੇ ਨਕਸਲੀ ਲਹਿਰ ਨੂੰ ਸਿਰਫ ਫੌਜੀ ਹਮਲੇ ਵਜੋਂ ਨਜਿੱਠ ਰਹੀ ਹੈ। ਜਿਵੇਂ ਕਿ ਪਿਛਲੇ ਸਾਲਾਂ 'ਚ ਕੀਤਾ ਗਿਆ ਹੈ, ਇਹਨਾਂ ਨਕਸਲੀ ਗੁਰੀਲਿਆਂ ਨੂੰ ਆਪਣੇ ਦੇਸ਼ ਦੇ ਵਾਸੀਆਂ ਵਜੋਂ ਨਹੀਂ ਸਗੋਂ ਦੁਸ਼ਮਣ ਮੰਨ ਕੇ ਮਾਰਿਆ ਜਾ ਰਿਹਾ ਹੈ। ਇਹ ਉਹ ਦੇਸ਼ਵਾਸੀ ਹਨ, ਜਿਨ੍ਹਾਂ ਨੇ ਦੇਸ਼ ਦੇ ਢਾਂਚੇ ਦੇ ਵਜੂਦ ਸਮੋਈ ਆਰਥਕ-ਸਮਾਜਕ ਤੇ ਸਿਆਸੀ ਗੈਰ-ਬਰਾਬਰੀ ਕਰਕੇ ਬੰਦੂਕਾਂ ਚੁੱਕੀਆਂ ਹਨ। ਇਸ ਗੈਰ-ਬਰਾਬਰੀ ਨੂੰ ਸ਼ਹਿਰੀ ਹੱਕਾਂ ਦੀਆਂ ਜਥੇਬੰਦੀਆਂ ਤੇ ਇਥੋਂ ਤੱਕ ਕਿ ਸਰਕਾਰ ਵੱਲੋਂ ਸਮੇਂ ਸਮੇਂ ਬਣਾਈਆਂ ਕਮੇਟੀਆਂ ਵੱਲੋਂ ਵੀ ਮੰਨਿਆ ਗਿਆ ਹੈ।
ਹਕੂਮਤ ਇਹਨਾਂ ਖਿੱਤਿਆਂ 'ਚ ਕਾਨੂੰਨ ਰਾਹੀਂ ਸ਼ਾਸ਼ਨ ਤੇ ਕਾਨੂੰਨੀ ਪ੍ਰਕਿਰਿਆ ਹੋਣ ਦੇ ਹਰ ਇਕ ਦੰਭ ਨੂੰ ਲੀਰੋ ਲੀਰ ਕਰ ਰਹੀ ਹੈ। ਬਸਤਰ ਦੇ ਆਦਿਵਾਸੀਆਂ ਦੀ ਜਥੇਬੰਦੀ ਮੂਲਵਾਸੀ ਬਚਾਓ ਮੰਚ 'ਤੇ ਪਾਬੰਦੀ ਲਗਾ ਦਿੱਤੀ ਹੈ, ਐਨ.ਆਈ.ਏ. ਨੂੰ ਬੇਲਗਾਮ ਕੀਤਾ ਹੋਇਆ ਹੈ ਤੇ ਦੁਨੀਆਂ ਨੂੰ ਇਹ ਜਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਮਾਓਵਾਦੀਆਂ ਨੂੰ ਫੜਨ ਦਾ ਕੰਮ ਕਰ ਰਹੇ ਹਨ। ਇੱਕ ਜਗ੍ਹਾ ਤੇ ਉਹ ਫੜੇ ਜਾਣ ਤੋਂ ਬਾਅਦ ਵੀ ਮਾਰੇ ਗਏ ਹਨ, ਤੇ ਹੋਰ ਕਈ ਮੁਕਾਬਲਿਆਂ 'ਚ ਇਉਂ ਹੋਇਆ ਹੈ। ਮਾਓਵਾਦੀਆਂ ਨੇ ਦੋਸ਼ ਲਾਇਆ ਹੈ ਕਿ 20 ਅਪ੍ਰੈਲ ਨੂੰ ਛੋਟੇ ਬੇਟੀਆ 'ਚ ਹੋਏ ਮੁਕਾਬਲੇ 'ਚ 29 ਮਾਓਵਾਦੀ ਮਾਰੇ ਗਏ ਹਨ। ਉਹਨਾਂ ਨੇ ਦੱਸਿਆ ਕਿ 29 'ਚੋਂ 17 ਮਾਓਵਾਦੀ ਜਖਮੀ ਹਾਲਤ 'ਚ ਨਿਹੱਥੇ ਫੜੇ ਗਏ ਸਨ, ਉਹਨਾਂ 'ਤੇ ਤਸ਼ੱਦਦ ਕਰਨ ਤੋਂ ਬਾਅਦ ਉਹਨਾਂ ਨੂੰ ਮਾਰਿਆ ਗਿਆ ਹੈ।
ਅਦਾਲਤਾਂ ਵਿਚ ਵੀ ਮਾਓਵਾਦੀਆਂ ਨੂੰ ਸੁਣੇ ਜਾਣ ਦੀ ਤਾਂ ਗੱਲ ਹੀ ਛੱਡੋ, ਕਈ ਹਜਾਰਾਂ ਦੀ ਗਿਣਤੀ 'ਚ ਪਿੰਡ ਵਾਸੀਆਂ ਵੱਲੋਂ ਝੂਠੇ ਮੁਕਾਬਲਿਆਂ, ਸੁਰੱਖਿਆ ਬਲਾਂ ਵੱਲੋਂ ਬਲਾਤਕਾਰਾਂ ਜਾਂ ਹਵਾਈ ਬੰਬਾਰੀ ਖਿਲਾਫ ਮੁਜਾਹਰਿਆਂ ਨੂੰ ਅਣਗੌਲੇ ਕੀਤਾ ਜਾ ਰਿਹਾ ਹੈ। ਵਿਦੇਸ਼ੀ ਕਾਰਪੋਰੇਟ ਹਮਲੇ ਤੋਂ ਆਪਣੀ ਹੋਂਦ ਅਤੇ ਦੇਸ਼ ਦੇ ਵਸੀਲਿਆਂ ਦੀ ਰਾਖੀ ਲਈ ਸੰਘਰਸ਼ ਕਰ ਰਹੇ ਲੋਕਾਂ ਦੀ ਰੋਹਲੀ ਆਵਾਜ਼ ਸੁਣਨ ਦੀ ਬਜਾਏ ਉਲਟਾ ਉੱਚ-ਅਦਾਲਤਾਂ ਵੀ ਨਿਆਂ ਲੈਣ ਲਈ ਪਹੁੰਚ ਰਹੇ ਪੀੜਤਾਂ ਨੂੰ ਸਜਾਵਾਂ ਦਿੰਦੀਆਂ ਹਨ। ਜਿਵੇਂ ਗੋਮਪਦ ਕਤਲੇਆਮ ਕੇਸ 'ਚ ਮਨੁੱਖੀ ਅਧਿਕਾਰ ਕਾਰਕੁੰਨ ਹਿਮਾਂਸ਼ੂ ਕੁਮਾਰ ਨੂੰ 5 ਲੱਖ ਦਾ ਜੁਰਮਾਨਾ ਕਰ ਦਿੱਤਾ ਗਿਆ। ਇਸ ਲਈ ਹਕੂਮਤ-ਕਾਰਪੋਰੇਟ ਗੱਠਜੋੜ ਵੱਲੋਂ ਆਦਿਵਾਸੀ ਕਿਸਾਨਾਂ ਉੱਪਰ ਵਿੱਢੇ ਹੋਏ ਚੌਤਰਫਾ ਹਮਲੇ ਦਾ ਨਿਚੋੜ ਇਹ ਬਣਦਾ ਹੈ: ''ਤੁਹਾਨੂੰ ਉਜਾੜ ਦਿੱਤਾ ਜਾਵੇਗਾ, ਸਾਡੀ ਲਾਲਸਾ ਲਈ ਤੁਹਾਡੇ ਘਰ (ਜਲ, ਜੰਗਲ, ਜਮੀਨ) ਤਬਾਹ ਕਰ ਦਿੱਤੇ ਜਾਣਗੇ। ਜੇ ਤੁਸੀਂ ਹਥਿਆਰਬੰਦ ਜਾਂ ਗੈਰ-ਹਥਿਆਰਬੰਦ ਵਿਰੋਧ ਕਰੋਗੇ ਤਾਂ ਤੁਹਾਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ। ਜੇ ਤੁਸੀਂ ਔਰਤਾਂ ਹੋ ਤਾਂ ਬਲਾਤਕਾਰ ਕੀਤਾ ਜਾਵੇਗਾ। ਇਸ ਸਾਰੇ ਕਾਸੇ ਦੇ ਬਾਵਜੂਦ ਜੇ ਤੁਸੀਂ ਫਿਰ ਵੀ ਨਾ ਝੁਕੇ ਤਾਂ ਅਸੀਂ ਅਸਮਾਨ ਤੋਂ ਬੰਬਾਂ ਦੀ ਵਰਖਾ ਕਰਾਂਗੇ। ਉੱਤੋਂ ਸਿਤਮ ਜ਼ਰੀਫੀ ਇਹ ਹੈ ਕਿ ਐਨਾ ਕੋਹਰਾਮ ਮੱਚਣ ਦੇ ਬਾਅਦ ਵੀ ਦੇਸ਼ ਚੁੱਪ ਰਹੇਗਾ, ਕਿਉਂਕਿ ਕਾਰਪੋਰੇਟ ਮੀਡੀਆ ਨੇ ਹਕੂਮਤੀ ਹਮਲੇ ਦੇ ਪੱਖ 'ਚ ਮਹੌਲ ਸਿਰਜ ਰੱਖਿਆ ਹੈ।'' ਪਰ ਸਦਕੇ ਜਾਈਏ ਆਦਿਵਾਸੀ ਕਿਸਾਨਾਂ ਤੇ ਲੋਕਾਂ ਦੇ, ਜਿਹੜੇ ਐਨੀ ਮਾਰ ਝੱਲ ਕੇ ਵੀ ਚੁੱਪ ਨਹੀਂ ਹਨ, ਉਹ ਲਗਾਤਾਰ ਕਾਰਪੋਰੇਟ –ਹਕੂਮਤੀ ਧਾਵੇ ਤੇ ਲੁੱਟ ਦਾ ਵਿਰੋਧ ਕਰ ਰਹੇ ਹਨ। ਇਸ ਹਾਲਤ ਦੇ ਪੇਸ਼ੇਨਜ਼ਰ ਦੇਸ਼ ਭਗਤ ਤੇ ਜਮਹੂਰੀ ਤਾਕਤਾਂ ਦੇ ਤੌਰ 'ਤੇ ਸਾਡੀ ਇਹ ਇਤਿਹਾਸਕ ਸਿਆਸੀ ਜੁੰਮਵਾਰੀ ਬਣਦੀ ਹੈ ਕਿ ਦੇਸ਼ ਦੇ ਸਰੋਤਾਂ, ਵਾਤਾਵਰਣ ਅਤੇ ਆਪਣੀ ਹੋਂਦ ਲਈ ਲੜ ਰਹੇ ਆਪਣੇ ਭਰਾਵਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਈਏ। ਆਓ ਆਪਾਂ ਅਪ੍ਰੇਸ਼ਨ ਕਗਾਰ, ਆਪਰੇਸ਼ਨ ਸਫਾਈ ਅਤੇ ਬ੍ਰਾਹਮਣਵਾਦੀ ਹਿੰਦੂਤਵਾ ਫਾਸ਼ੀਵਾਦੀ ''ਸੂਰਜਕੁੰਡ ਸਕੀਮ'' ਵਰਗੀਆਂ ਨਸਲਘਾਤੀ ਕਾਰਵਾਈਆਂ ਨੂੰ ਰੋਕਣ ਲਈ ਜੱਦੋਜਹਿਦ 'ਚ ਕੁੱਦੀਏ।
ਕਾਰਪੋਰੇਟੀਕਰਨ ਤੇ ਫੌਜੀਕਰਨ ਵਿਰੋਧੀ ਮੰਚ ਵੱਲੋਂ ਪ੍ਰਕਾਸ਼ਿਤ ਹੱਥ ਪਰਚਾ (ਅੰਗਰੇਜ਼ੀ ਤੋਂ ਅਨੁਵਾਦ)
ਕਾਰਪੋਰੇਟੀਕਰਨ ਅਤੇ ਫੌਜੀਕਰਨ ਵਿਰੋਧੀ ਮੰਚ-ਪੰਜਾਬ ਦੇ ਅਗਾਂਹਵਧੂ, ਜਮਹੂਰੀ ਤੇ ਦੇਸ਼ ਭਗਤ ਤਾਕਤਾਂ ਵੱਲੋਂ ਅਪ੍ਰੇਸ਼ਨ ਗਰੀਨ ਹੰਟ ਵਿਰੋਧੀ ਫਰੰਟ ਦੇ ਝੰਡੇ ਹੇਠ ਬਸਤਰ ਤੇ ਹੋਰਨੀਂ ਥਾਈਂ ਕੀਤੀ ਜਾ ਰਹੀ ਨਸਲਕੁਸ਼ੀ ਖਿਲਾਫ ਸਮੇਂ ਸਿਰ ਤੇ ਬੇਹੱਦ ਲੋੜੀਂਦੀ ਸੂਬਾ ਪੱਧਰੀ ਮੁਹਿੰਮ ਦੀ ਜੈ ਜੈ ਕਾਰ ਕਰਦਾ ਹੈ। ਇਸਦੇ ਨਾਲ ਹੀ ਅਸੀਂ ਮੁਲਕ ਭਰ ਦੇ ਦੇਸ਼ ਭਗਤ ਤੇ ਜਮਹੂਰੀ ਤਾਕਤਾਂ ਨੂੰ ਆਪਰੇਸ਼ਨ ਗਰੀਨ ਹੰਟ ਵਿਰੋਧੀ ਫਰੰਟ ਪੰਜਾਬ, ਆਦਿਵਾਸੀ ਹੱਕਾਂ ਲਈ ਜੱਦੋਜਹਿਦ ਵਾਸਤੇ ਯਕਜਹਿਤੀ ਮੰਚ ਆਂਧਰਾ ਪ੍ਰਦੇਸ਼ ਤੇ ਤਿਲੰਗਾਨਾ ਅਤੇ ਹੋਰਨੀਂ ਥਾਈਂ ਚੱਲ ਰਹੀ ਕਾਰਪੋਰੇਟ ਵਿਰੋਧੀ/ ਉਜਾੜਾ ਵਿਰੋਧੀ ਲੋਕ ਲਹਿਰ ਦੇ ਹੱਕ 'ਚ ਉੱਠਣ ਦੀ ਅਪੀਲ ਕਰਦੇ ਹਾਂ। ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਸਾਧਨਾਂ ਦੀ ਕਾਰਪੋਰੇਟ ਲੁੱਟ ਨੂੰ ਅੱਗੇ ਵਧਾਉਣ ਲਈ ਚੱਲ ਰਹੀ ਵਹਿਸ਼ੀ ਨਸਲਕੁਸ਼ੀ ਖਿਲਾਫ ਦੇਸ਼ ਭਰ 'ਚ ਮੁਹਿੰਮ ਚਲਾਉਣ ਦਾ ਸੱਦਾ ਦਿੰਦੇ ਹਾਂ। ਆਓ ਆਪਾਂ ਆਪ੍ਰੇਸ਼ਨ ਕਗਾਰ ਅਤੇ ਸੂਰਜਕੁੰਡ ਸਕੀਮ ਖਿਲਾਫ ਸ਼ਕਤੀਸ਼ਾਲੀ ਲਹਿਰ ਉਸਾਰੀ ਲਈ ਇਕਜੁੱਟ ਹੋ ਜਾਈਏ ਅਤੇ ਇਸ ਨੂੰ ਉਸੇ ਤਰ੍ਹਾਂ ਪਿੱਛੇ ਧੱਕੀਏ ਜਿਵੇਂ ਦਹਾਕਾ ਪਹਿਲਾਂ ਲੋਕਾਂ ਨੇ ਆਪ੍ਰੇਸ਼ਨ ਗਰੀਨ ਹੰਟ ਨੂੰ ਪਿੱਛੇ ਧੱਕਿਆ ਸੀ।
ਆਪ੍ਰੇਸ਼ਨ ਕਗਾਰ ਬੰਦ ਕਰੋ!
ਸੂਰਜਕੁੰਡ ਸਕੀਮ ਨੂੰ ਭੰਗ ਕਰੋ!
ਲੋਕਾਂ ਖਿਲਾਫ ਜੰਗ ਬੰਦ ਕਰੋ!
ਇਨਕਲਾਬ ਜਿੰਦਾਬਾਦ!
No comments:
Post a Comment