ਪੈਪਸੂ ਮੁਜ਼ਾਰਾ ਲਹਿਰ ਦਾ ਵਿਰਸਾ
ਪੈਪਸੂ ਮੁਜ਼ਾਰਾ ਲਹਿਰ ਦਾ ਸਾਡੀ ਸੰਗਰਾਮੀ ਵਿਰਾਸਤ ਚ ਅਹਿਮ ਸਥਾਨ ਹੈ ਤੇ ਉਸ ਲਹਿਰ ਦੀਆਂ ਪ੍ਰਪਤੀਆਂ ਹੁਣ ਵੀ ਸੰਘਰਸ਼ਾਂ ਲਈ ਪ੍ਰੇਰਨਾ ਸੋਮਾ ਹਨ। ਪਰੰਤੂ ਪੈਪਸੂ ਖੇਤਰ 'ਚ ਜ਼ਮੀਨਾਂ 'ਤੇ ਹੱਕਾਂ ਦੇ ਮਸਲਿਆਂ ਦੇ ਉਭਰਨ ਨੇ ਉਸ ਵੇਲੇ ਦੀ ਮੁਜ਼ਾਰਾ ਲਹਿਰ ਦੀਆਂ ਸੀਮਾਵਾਂ ਤੇ ਸੀਮਤਾਈਆਂ ਨੂੰ ਵੀ ਦਰਸਾਇਆ ਹੈ। ਮੁਜ਼ਾਰੇ ਕਿਸਾਨਾਂ ਦੇ ਇਤਿਹਾਸਿਕ ਸੰਘਰਸ਼ ਕਾਰਨ ਚਾਹੇ ਕਿਸਾਨ ਜਮੀਨਾਂ ਦੇ ਮਾਲਕ ਬਣ ਗਏ ਸਨ ਪ੍ਰੰਤੂ ਇਹ ਲੋਕਾਂ ਦੀ ਆਪਣੀ ਸਿਆਸੀ ਸੱਤਾ ਉਸਾਰਨ ਰਾਹੀਂ ਜਗੀਰਦਾਰੀ ਦੇ ਮੁਕੰਮਲ ਖਾਤਮੇ ਦਾ ਵਰਤਾਰਾ ਨਹੀਂ ਸੀ ਸਗੋਂ ਇਹ ਜਗੀਰੂ ਜਮਾਤਾਂ ਦੀ ਪੁੱਗਤ ਵਾਲੇ ਭਾਰਤੀ ਰਾਜ ਅੰਦਰ ਤਿੱਖੀ ਜਗੀਰੂ ਲੁੱਟ ਦੀਆਂ ਕੁਝ ਵਿਸ਼ੇਸ਼ ਸ਼ਕਲਾਂ ਤੋਂ ਕਿਸਾਨੀ ਨੂੰ ਮਿਲੀ ਰਾਹਤ ਹੀ ਸੀ। ਇਹ ਰਾਹਤ ਵੀ ਕਿਸਾਨੀ ਦੇ ਜਾਨ ਹੂਲਵੇਂ ਸੰਘਰਸ਼ਾਂ ਦੇ ਜ਼ੋਰ ਹਾਸਲ ਹੋਈ ਸੀ। ਮੁਜ਼ਾਰੇ ਕਿਸਾਨਾਂ ਨੇ ਬਹੁਤ ਲੰਮੇ ਦੌਰ ਦਾ ਸਿਦਕੀ ਸੰਘਰਸ਼ ਲੜਿਆ ਸੀ ਪ੍ਰੰਤੂ ਮੁਲਕ ਪੱਧਰ ਦੀ ਕਮਿਊਨਿਸਟ ਪਾਰਟੀ ਦੀ ਸਿਆਸੀ ਲੀਹ ਤੇ ਲੀਡਰਸ਼ਿਪ ਦੀਆਂ ਕਮਜ਼ੋਰੀਆਂ ਕਾਰਨ ਇਹ ਲਹਿਰ ਨਵ-ਜਮਹੂਰੀ ਇਨਕਲਾਬ ਤੱਕ ਲਿਜਾਣ ਵਾਲੀ ਜ਼ਰੱਈ ਇਨਕਲਾਬੀ ਲਹਿਰ 'ਚ ਨਹੀਂ ਵਟ ਸਕੀ। ਇਹ ਲਹਿਰ ਅਜਿਹੀ ਜ਼ਰੱਈ ਇਨਕਲਾਬੀ ਲਹਿਰ ਚ ਨਹੀਂ ਬਦਲ ਸਕੀ ਜਿਹੜੀ ਜਗੀਰਦਾਰੀ ਦਾ ਮੁਕੰਮਲ ਖਾਤਮਾ ਕਰਨ ਰਾਹੀਂ ਜਮੀਨਾਂ ਸਮੇਤ ਜਗੀਰਦਾਰਾਂ ਦੇ ਸਭਨਾਂ ਸੰਦ-ਸਾਧਨਾਂ ਦੀ ਮੁੜ ਵੰਡ ਕਰਦੀ ਅਤੇ ਜਗੀਰਦਾਰੀ ਦੀ ਉੱਚੀ ਸਿਆਸੀ ਸਮਾਜੀ ਹੈਸੀਅਤ ਨੂੰ ਮਿਟਾ ਦਿੰਦੀ। ਜ਼ਮੀਨਾਂ ਦਾ ਹੱਕ ਮਿਲਣ ਦੀ ਇਹ ਪ੍ਰਾਪਤੀ ਜਗੀਰਦਾਰਾਂ ਤੇ ਦਲਾਲ ਸਰਮਾਏਦਾਰਾਂ ਦੇ ਰਾਜ ਹੇਠ ਹੋਈ ਅੱਧੀ ਅਧੂਰੀ ਪ੍ਰਾਪਤੀ ਸੀ। ਇਸ ਪ੍ਰਾਪਤੀ ਰਾਹੀਂ ਜਗੀਰਦਾਰਾਂ 'ਤੇ ਗੰਭੀਰ ਸੱਟ ਤਾਂ ਵੱਜੀ ਸੀ ਪ੍ਰੰਤੂ ਉਹਨਾਂ ਦੀ ਸਮਾਜਿਕ ਆਰਥਿਕ ਹੈਸੀਅਤ ਅਜੇ ਵੀ ਕਾਇਮ ਸੀ। ਮੁਜ਼ਾਰੇ ਕਿਸਾਨਾਂ ਨੂੰ ਹਲ਼ ਹੇਠ ਦੀ ਜ਼ਮੀਨ ਵੀ ਬਿਨਾਂ ਮੁਆਵਜ਼ਾ ਹਾਸਲ ਨਹੀਂ ਸੀ ਹੋਈ। ਜ਼ਮੀਨ ਦੀ ਮਾਲਕੀ ਦੀ ਵੰਡ ਦਾ ਵੀ ਕੋਈ ਸਪਸ਼ਟ ਪੈਮਾਨਾ ਨਹੀਂ ਸੀ ਕਿਉਂਕਿ ਇਹ ਜ਼ਮੀਨ ਦੀ ਵੰਡ ਦੇ ਇਨਕਲਾਬੀ ਪ੍ਰੋਗਰਾਮ ਦੁਆਲੇ ਲਹਿਰ ਨਹੀਂ ਸੀ। ਜਗੀਰਦਾਰਾਂ ਦੇ ਹਿਤਾਂ ਨੂੰ ਧਿਆਨ ਚ ਰੱਖ ਕੇ ਬਣੇ ਕਾਨੂੰਨਾਂ ਵਿਚਲੀਆਂ ਚੋਰ-ਮੋਰੀਆਂ ਨਾਲ ਜਗੀਰਦਾਰਾਂ ਨੇ ਬਹੁਤ ਸਾਰੀਆਂ ਜ਼ਮੀਨਾਂ ਬਚਾ ਵੀ ਲਈਆਂ ਸਨ ਤੇ ਉਹ ਮਗਰੋਂ ਮੁਜਾਰਿਆਂ ਨੂੰ ਉਹਨਾਂ ਜਮੀਨਾਂ ਤੋਂ ਬੇ-ਦਖ਼ਲ ਦੀ ਕਰਦੇ ਰਹੇ ਹਨ। ਪੈਪਸੂ ਮੁਜਾਰਾ ਲਹਿਰ ਦੇ ਕਈ ਸਾਲਾਂ ਮਗਰੋਂ ਅਜਹੀਆਂ ਕਈ ਘਟਨਾਵਾਂ ਵਾਪਰੀਆਂ ਜਦੋਂ ਮੁਜ਼ਾਰਿਆਂ ਨੂੰ ਜ਼ਮੀਨਾਂ ਤੋਂ ਬੇਦਖਲ ਕੀਤਾ ਗਿਆ। ਕਿਸਾਨਾਂ ਦੇ ਮਾਲਕੀ ਹੱਕ 'ਤੇ ਲਟਕ ਰਹੀ ਤਲਵਾਰ ਵੀ ਇਹਨਾਂ ਕਾਨੂੰਨੀ ਚੋਰ-ਮੋਰੀਆਂ ਤੇ ਜਗੀਰਦਾਰਾਂ ਦੀ ਆਰਥਿਕ ਸਿਆਸੀ ਹੈਸੀਅਤ ਦਾ ਸਿੱਟਾ ਹੈ। ਜਗੀਰਦਾਰਾਂ ਦੇ ਹੱਕ ਚ ਪੁੱਗ ਜਾਣ ਵਾਲੇ ਇਹਨਾਂ ਕਾਨੂੰਨਾਂ ਕਾਰਨ ਹੁਣ ਤੱਕ ਇਹ ਰੱਟੇ ਤੁਰੇ ਆ ਰਹੇ ਹਨ ਤੇ ਜਗੀਰਦਾਰ ਵੱਖ ਵੱਖ ਢੰਗਾਂ ਨਾਲ ਜ਼ਮੀਨਾਂ 'ਤੇ ਹੱਕ ਜਤਾਉਂਦੇ ਆ ਰਹੇ ਹਨ।
No comments:
Post a Comment