Wednesday, March 19, 2025

ਖੇਤੀ ਮੰਡੀਕਰਨ ਖਰੜੇ ਖ਼ਿਲਾਫ਼ ਲੋਕ ਮੋਰਚਾ ਪੰਜਾਬ ਦੀ ਮੁਹਿੰਮ

 ਖੇਤੀ ਮੰਡੀਕਰਨ ਖਰੜੇ ਖ਼ਿਲਾਫ਼  ਲੋਕ ਮੋਰਚਾ ਪੰਜਾਬ ਦੀ ਮੁਹਿੰਮ 

ਕਿਸਾਨ ਸੰਘਰਸ਼ ਦੁਆਰਾ ਰੱਦ ਕਰਵਾਏ ਗਏ ਖੇਤੀ ਕਾਨੂੰਨਾਂ ਨੂੰ ਮੁੜ ਬਦਲਵੇਂ ਰੂਪ ਵਿੱਚ ਕੇਂਦਰ ਦੀ ਭਾਜਪਾਈ ਹਕੂਮਤ ਵੱਲੋਂ ਖੇਤੀ ਮੰਡੀਕਰਨ ਖਰੜੇ ਦੇ ਰੂਪ ਵਿੱਚ ਲਿਆਂਦਾ ਗਿਆ।ਇਸ ਖਰੜੇ ਖ਼ਿਲਾਫ਼ ਲੋਕ -ਰਾਇ ਉਭਾਰਨ ਹਿੱਤ ਲੋਕ ਮੋਰਚਾ ਪੰਜਾਬ ਵੱਲੋਂ ਮੁਹਿੰਮ ਚਲਾਈ ਗਈ ਹੈ।ਇਸ ਮੁਹਿੰਮ ਤਹਿਤ ਲਗਭਗ ਦੋ ਦਰਜਨ ਥਾਵਾਂ ਉੱਤੇ ਹੋਈਆਂ ਮੀਟਿੰਗਾਂ ਵਿੱਚ ਕਿਸਾਨ ਮਜ਼ਦੂਰ, ਬਿਜਲੀ ਕਾਮੇ, ਠੇਕਾ ਮੁਲਾਜ਼ਮ, ਅਧਿਆਪਕ, ਜਲ ਸਪਲਾਈ ਕਾਮੇ ਤੇ ਪੇਂਡੂ ਡਾਕਟਰ ਸ਼ਾਮਲ ਹੋਏ ਹਨ ਅਤੇ ਮੀਟਿੰਗਾਂ ਦਾ ਇਹ ਸਿਲਸਿਲਾ ਅੱਗੇ ਜਾਰੀ ਹੈ।

      ਖਰੜੇ ਦੇ ਲੋਕ ਮਾਰੂ ਅਸਰਾਂ ਨੂੰ ਵੇਖਦਿਆਂ ਇਹ ਮੁਹਿੰਮ ਉਲੀਕੀ ਗਈ ਹੈ। ਇਹ ਖਰੜਾ ਨਾ ਸਿਰਫ਼ ਖੇਤੀ ਪੈਦਾਵਾਰ ਪੈਦਾ ਕਰਨ ਵਿੱਚ ਲੱਗੇ ਕਿਸਾਨਾਂ ਮਜ਼ਦੂਰਾਂ ਦੀ ਕਿਰਤ ਕਮਾਈ ਦੀ ਲੁੱਟ ਕਰੇਗਾ,ਇਹ ਛੋਟੇ ਕਾਰੋਬਾਰੀਆਂ, ਵਪਾਰੀਆਂ, ਛੋਟੇ ਕਾਰਖਾਨੇਦਾਰਾਂ, ਦੁਕਾਨਦਾਰਾਂ, ਮੁਲਾਜ਼ਮਾਂ, ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਵੀ ਆਪਣੇ ਲਪੇਟੇ ਵਿੱਚ ਲਵੇਗਾ।ਇਹ ਖਰੜਾ, ਮੁਲਕ ਦੀਆਂ ਹਕੂਮਤਾਂ ਵੱਲੋਂ ਸਾਮਰਾਜੀ ਦੇਸ਼ਾਂ ਤੇ ਸਾਮਰਾਜੀ ਸੰਸਥਾਵਾਂ ਨਾਲ ਕੀਤੇ ਸਮਝੌਤਿਆਂ ਤੇ ਸੰਧੀਆਂ ਦੀ ਦੇਣ ਹੈ।ਇਹ ਖਰੜਾ, ਖੇਤੀ ਖੇਤਰ ਦੀ ਜਾਗੀਰੂ ਤੇ ਸਾਮਰਾਜੀ ਲੁੱਟ ਨੂੰ ਹੋਰ ਤਿੱਖਾ ਤੇ ਤੇਜ਼ ਕਰੇਗਾ,ਜਿਸ ਦਾ ਸਭਨਾਂ ਲੋਕ ਹਿੱਸਿਆਂ 'ਤੇ ਮਾਰੂ ਅਸਰ ਪਏਗਾ। 

        ਬਠਿੰਡਾ ਸ਼ਹਿਰੀ ਮੀਟਿੰਗ ਵਿੱਚ ਥਰਮਲ ਠੇਕਾ ਮੁਲਾਜ਼ਮ, ਅਧਿਆਪਕ, ਕਿਸਾਨ ਸ਼ਾਮਿਲ ਹੋਏ। ਚੱਕ ਅਤਰ ਸਿੰਘ ਵਾਲਾ ਵਿਖੇ ਕਿਸਾਨਾਂ ਮਜ਼ਦੂਰਾਂ ਨੇ ਭਾਗ ਲਿਆ।, ਜੰਡਾ ਵਾਲਾ, ਖੇਮੂਆਣਾ, ਲਹਿਰਾ ਖਾਨਾ, ਭੁੱਚੋ ਖੁਰਦ, ਡਿੱਖ, ਬੁਰਜ ਸੇਮਾ, ਕੋਟ ਗੁਰੂ,ਘੁੱਦਾ,ਪੂਹਲਾ,ਚਾਓ ਕੇ, ਸਿਵੀਆਂ ਪਿੰਡਾਂ ਦੀਆਂ ਮੀਟਿੰਗਾਂ ਅੰਦਰ ਕਿਸਾਨ ਮਜ਼ਦੂਰ ਨੌਜਵਾਨ ਤੇ ਔਰਤਾਂ ਸ਼ਾਮਲ ਸਨ। ਸਰਦਾਰਾਂ ਦੇ ਹੱਲੇ ਤੋਂ ਜ਼ਮੀਨਾਂ ਬਚਾਉਣ ਲਈ ਸੰਘਰਸ਼ ਕਰ ਰਹੇ ਪਿੰਡ ਜਿਉਂਦ ਦੇ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸੌ ਦੇ ਲਗਭਗ ਹਾਜ਼ਰ ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਨੇ ਬਹੁਤ ਧਿਆਨ ਨਾਲ ਸੁਣਿਆ ਤੇ ਕਿਹਾ ਅਜਿਹੀਆਂ ਮੀਟਿੰਗਾਂ ਜਲਦੀ ਜਲਦੀ ਕਰਾਇਆ ਕਰੋ। ਮੁਕਤਸਰ ਜ਼ਿਲੇ ਅੰਦਰ ਮਲੋਟ, ਲੁਹਾਰਾ, ਪਿੰਡ ਮਲੋਟ, ਦੂਹੇ ਵਾਲਾ, ਬੁੱਟਰ ਬਖੂਆ, ਲੰਬੀ, ਖੁੰਨਣ ਖੁਰਦ, ਭੁੱਟੀ ਵਾਲਾ, ਪਿੰਡਾਂ ਦੀਆਂ ਮੀਟਿੰਗਾਂ ਵਿੱਚ ਕਿਸਾਨ ਮਜ਼ਦੂਰ ਤੇ ਔਰਤਾਂ ਸ਼ਾਮਲ ਹੋਈਆਂ ਹਨ।ਮਾਨਸਾ ਜ਼ਿਲ੍ਹੇ ਦੇ ਬਲਾਕ ਬੁਢਲਾਡਾ ਦੇ ਪਿੰਡ ਗੁਰਨੇ ਖ਼ੁਰਦ ਵਿਖੇ ਹੋਈ ਮੀਟਿੰਗ ਵਿੱਚ ਕਿਸਾਨਾਂ ਤੇ ਨਰੇਗਾ ਮਜ਼ਦੂਰਾਂ ਦੀ ਸੌ ਤੋਂ ਵੱਧ ਗਿਣਤੀ ਨੇ ਹਾਜ਼ਰੀ ਭਰੀ।ਇਥੇ ਵੀ ਅਜਿਹੀਆਂ ਮੀਟਿੰਗਾਂ ਕਰਵਾਉਂਦੇ ਰਹਿਣ ਦੀ ਮੰਗ ਕੀਤੀ ਗਈ ਹੈ।ਸੰਗਰੂਰ ਜ਼ਿਲ੍ਹੇ ਦੇ ਬਲਾਕ ਸੁਨਾਮ ਲਹਿਰਾ  ਦੇ ਚਾਲੀ ਕੁ ਕਿਸਾਨਾਂ, ਮਜ਼ਦੂਰਾਂ ਦੀ ਮੀਟਿੰਗ ਪਿੰਡ ਉਗਰਾਹਾਂ ਵਿਖੇ ਹੋਈ ਹੈ।ਮੀਟਿੰਗ ਸੁਣਨ ਉਪਰੰਤ ਸ਼ਾਮਲ ਹੋਏ ਸਾਥੀਆਂ ਦਾ ਕਹਿਣਾ ਸੀ ਕਿ ਚੰਡੀਗੜ੍ਹ ਮੋਰਚੇ ਦੀ ਤਿਆਰੀ ਵਿੱਚ ਲੱਗੇ ਹੋਏ ਹੋਣ ਕਰਕੇ ਵਰਕਰਾਂ ਨੂੰ ਸੁਨੇਹੇ ਲਾਉਣ ਵਿੱਚ ਕਸਰ ਰਹਿ ਗਈ ਹੈ,ਇਹ ਗੱਲਾਂ  ਸਭ ਨੂੰ ਸੁਣਾਉਣ ਵਾਲੀਆਂ ਹਨ,ਆਉਂਦੇ ਦਿਨਾਂ ਵਿੱਚ ਦੁਬਾਰਾ ਮੀਟਿੰਗ ਦਾ ਸਮਾਂ ਤਹਿ ਕਰਾਂਗੇ,ਤੁਸੀਂ ਸਮਾਂ ਰੱਖਿਓ। ਮੁਕਤਸਰ ਜ਼ਿਲ੍ਹੇ ਦੇ ਲੰਬੀ ਇਲਾਕੇ ਦੇ ਪੇਂਡੂ ਡਾਕਟਰਾਂ ਨਾਲ ਅਤੇ ਜਲ ਸਪਲਾਈ ਕਾਮਿਆਂ ਨਾਲ ਵੱਖ ਵੱਖ ਮੀਟਿੰਗਾਂ ਕੀਤੀਆਂ ਗਈਆਂ ਹਨ। 

     ਖਰੜੇ ਦੀ ਅਸਲੀਅਤ ਹੋਰ ਵਡੇਰੇ ਘੇਰੇ  ਤੱਕ  ਲੈ ਕੇ ਜਾਣ ਲਈ ਪੰਦਰਾਂ ਹਜ਼ਾਰ ਦੀ ਗਿਣਤੀ ਵਿੱਚ ਚਾਰ ਸਫ਼ਿਆਂ ਦਾ ਹੱਥ ਪਰਚਾ ਛਪਵਾਇਆ ਗਿਆ ਹੈ।ਜਿਸ ਵਿਚੋਂ ਅੱਠ ਹਜ਼ਾਰ ਦੇ ਲਗਭਗ ਜਿਉਂਦ ਵਿਖੇ ਕਿਸਾਨ ਕਾਨਫਰੰਸ ਵਿੱਚ ਸ਼ਾਮਲ ਹੋਏ ਕਿਸਾਨਾਂ ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ ਤੇ ਠੇਕਾ ਕਾਮਿਆਂ ਦੇ ਕਾਫ਼ਲਿਆਂ ਨੂੰ ਦਿੱਤਾ ਗਿਆ। ਇਸ ਤੋਂ ਅੱਗੇ ਸੰਘਰਸ਼ੀ ਇਕੱਠਾਂ ਵਿੱਚ ਜਾ ਕੇ ਸ਼ਾਮਲ ਲੋਕਾਂ ਵਿੱਚ ਵੰਡਿਆ ਗਿਆ ਹੈ।

       ਮੀਟਿੰਗਾਂ ਕਰਵਾਉਣ ਵਿਚ ਸੂਬਾ ਕਮੇਟੀ ਮੈਂਬਰਾਂ ਤੇ ਸਥਾਨਕ ਕਮੇਟੀਆਂ ਦੇ ਮੈਂਬਰਾਂ ਨੇ ਰੋਲ ਨਿਭਾਇਆ ਹੈ।ਇਹਨਾਂ ਮੀਟਿੰਗਾਂ ਵਿੱਚ ਸ਼ਾਮਲ ਕਿਸਾਨਾਂ ਮਜ਼ਦੂਰਾਂ ਨੇ ਬੁਲਾਰਿਆਂ ਨੂੰ ਨਿੱਠ ਕੇ ਸੁਣਿਆ। ਸਮਾਪਤੀ 'ਤੇ ਹਰ ਥਾਂ ਤੋਂ ਇਹ ਮੰਗ ਆਈ ਕਿ ਅਜਿਹੀਆਂ ਸਿੱਖਿਆਦਾਇਕ ਮੀਟਿੰਗਾਂ ਲਗਾਤਾਰ ਕੀਤੀਆਂ ਜਾਂਦੀਆਂ ਰਹਿਣ। ਸੰਗਰੂਰ ਜ਼ਿਲ੍ਹੇ ਦੇ ਪਿੰਡ ਗੰਡੂਆਂ, ਢੀਂਡਸਾ ਅਤੇ ਦੋ ਮੀਟਿੰਗਾਂ ਮੂਣਕ ਵਿੱਚ ਕਰਾਈਆਂ ਗਈਆਂ ਹਨ ਜਿੰਨਾਂ ਵਿੱਚ ਕਿਸਾਨ ਮਜ਼ਦੂਰ ਤੇ ਨੌਜਵਾਨ ਲਗਭਗ ਸਵਾ ਸੌ ਦੀ ਗਿਣਤੀ ਚ ਸ਼ਾਮਿਲ ਹੋਏ ਹਨ।

No comments:

Post a Comment