Wednesday, March 19, 2025

ਤਾਲਮੇਲਵੇਂ ਘੋਲ ਲਈ ਗੱਲਬਾਤ ਨੂੰ ਨੇਪਰੇ ਚਾੜ੍ਹਨ ਬਾਰੇ ਠੋਸ ਤਜਵੀਜ਼

 ਤਾਲਮੇਲਵੇਂ ਘੋਲ ਲਈ ਗੱਲਬਾਤ ਨੂੰ ਨੇਪਰੇ ਚਾੜ੍ਹਨ ਬਾਰੇ ਠੋਸ ਤਜਵੀਜ਼

ਸੰਯੁਕਤ  ਕਿਸਾਨ ਮੋਰਚਾ, ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਤੇ ਕਿਸਾਨ ਮਜ਼ਦੂਰ ਮੋਰਚਾ ਨਾਵਾਂ ਹੇਠ ਕੰਮ ਕਰ ਰਹੇ ਤਿੰਨ ਸਾਂਝੇ ਕਿਸਾਨ ਪਲੇਟਫਾਰਮਾਂ 'ਚ ਆਪਸੀ ਤਾਲਮੇਲ ਤੇ ਏਕਤਾ ਬਾਰੇ ਗੱਲਬਾਤ ਦਾ ਲੰਮਾ ਅਮਲ ਚੱਲ ਰਿਹਾ ਹੈ। ਇਸ ਅਮਲ ਦੌਰਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੂਸਰੇ ਦੋਹਾਂ ਪਲੇਟਫਾਰਮਾਂ ਨਾਲ ਗੱਲਬਾਤ ਨੇਪਰੇ ਚਾੜਨ ਲਈ ਇੱਕ ਠੋਸ ਤਜਵੀਜ ਪੇਸ਼ ਕੀਤੀ ਗਈ ਸੀ ਜਿਸ ਬਾਰੇ ਅਜੇ ਤੱਕ ਦੂਸਰੇ ਦੋਹਾਂ ਪਲੇਟਫਾਰਮਾਂ ਵੱਲੋਂ ਕੋਈ ਸਹਿਮਤੀ ਨਹੀਂ ਦਿੱਤੀ ਗਈ ਹੈ ਤੇ ਸਹਿਮਤੀ 'ਤੇ ਪੁੱਜਣ ਲਈ ਮੀਟਿੰਗਾਂ ਦਾ ਅਮਲ ਜਾਰੀ ਹੈ। ਪ੍ਰੈਸ ਨੂੰ ਜਾਰੀ ਕੀਤੀ ਇਹ ਤਜਵੀਜ਼ ਅਸੀਂ ਆਪਣੇ ਪਾਠਕਾਂ ਦੀ ਜਾਣਕਾਰੀ ਲਈ ਪ੍ਰਕਾਸ਼ਿਤ ਕਰ ਰਹੇ ਹਾਂ। ਇਹ ਤਜਵੀਜ਼ ਗੱਲਬਾਤ ਦੀ ਹਾਲਤ ਤੇ ਉਸ 'ਚ ਸ਼ਾਮਲ ਮੁੱਦਿਆਂ ਬਾਰੇ ਪਾਠਕਾਂ ਨੂੰ ਲੋੜੀਂਦੀ ਜਾਣਕਾਰੀ ਪੱਖੋਂ ਲਾਹੇਵੰਦ ਹੋਵੇਗੀ।  - ਸੰਪਾਦਕ

ਵੱਲੋਂ:- ਸੰਯੁਕਤ ਕਿਸਾਨ ਮੋਰਚਾ
ਵੱਲ:- 1. ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ)
2.ਕਿਸਾਨ ਮਜ਼ਦੂਰ ਮੋਰਚਾ  
ਸਾਥੀਓ,
 ਅਸੀਂ 27 ਫਰਵਰੀ ਨੂੰ ਹੋ ਰਹੀ ਤਿੰਨ ਧਿਰੀ ਗੱਲਬਾਤ ਨੂੰ ਨੇਪਰੇ ਚਾੜ੍ਹਨ ਲਈ ਹੇਠ ਲਿਖੇ ਸੁਝਾਅ ਭੇਜਦੇ ਹਾਂ। ਤਾਲਮੇਲਵੇਂ ਘੋਲ਼ ਲਈ ਰੋਕ ਬਣੇ ਆ ਰਹੇ ਚਾਰ ਮੁੱਦਿਆਂ ਦੇ ਹੱਲ ਬਾਰੇ ਸਾਂਝੇ ਸੁਝਾਅ ਇਸ ਤਰ੍ਹਾਂ ਹਨ:-
1. ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ "ਕੌਮੀ ਖੇਤੀ ਮੰਡੀਕਰਨ ਨੀਤੀ ਚੌਖਟਾ" ਨੂੰ ਵਾਪਸ ਲੈਣ ਦੀ ਮੰਗ ਨੂੰ ਮੰਗ ਪੱਤਰ ਵਿੱਚ ਦਰਜ ਕਰਨ ਲਈ ਸਹਿਮਤੀ ਨਹੀਂ ਦਿੱਤੀ ਜਾ ਰਹੀ। ਸਾਡੀ ਸਮਝ ਇਹ ਹੈ ਕਿ ਜੇਕਰ ਇਸ ਮੰਗ ਨੂੰ ਮੰਗ ਪੱਤਰ ਵਿੱਚ ਬਾਕਾਇਦਾ ਰਸਮੀ ਤੌਰ 'ਤੇ ਪਹਿਲਾ ਸਥਾਨ ਨਹੀਂ ਦਿੱਤਾ ਜਾਂਦਾ ਤਾਂ ਏਕਤਾ ਲਈ ਮੰਗਾਂ ਸਾਂਝੀਆਂ ਹੋਣ ਦਾ ਆਧਾਰ ਖਾਰਜ ਹੋ ਜਾਂਦਾ ਹੈ। ਇਸ ਲਈ ਇਸ ਮੀਟਿੰਗ ਵਿੱਚ " ਮੰਡੀ ਨੀਤੀ ਚੌਖਟੇ" ਦੀ ਵਾਪਸੀ ਨੂੰ ਮੰਗ ਪੱਤਰ ਵਿੱਚ ਪਹਿਲੇ ਸਥਾਨ 'ਤੇ ਦਰਜ ਕਰਕੇ ਤਾਲਮੇਲਵੇਂ ਘੋਲ਼ ਦਾ ਆਧਾਰ ਸਿਰਜਿਆ ਜਾਵੇ।
 2. 9 ਜਨਵਰੀ 2025 ਦੀ ਮੋਗਾ ਇਕੱਤਰਤਾ ਵਿੱਚ ਪਾਸ ਕੀਤਾ ਏਕਤਾ ਮਤਾ ਤਾਲਮੇਲਵੀਂ ਏਕਤਾ ਲਈ ਆਧਾਰ ਵਜੋਂ ਗੰਭੀਰਤਾ ਨਾਲ ਵਿਚਾਰ ਅਧੀਨ ਨਹੀਂ ਲਿਆਂਦਾ ਜਾ ਰਿਹਾ, ਜਾਂ ਫਿਰ ਇਸ ਮੁੱਦੇ ਉੱਪਰ ਸਹਿਮਤੀ ਹਾਸਲ ਕਰਨ ਨੂੰ ਅੱਗੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਡੀ ਸਮਝ ਇਹ ਹੈ ਕਿ ਏਕਤਾ ਮਤੇ ਉੱਪਰ ਹਕੀਕੀ ਸਹਿਮਤੀ ਨਾ ਹੋਣ ਦੀ ਸਥਿਤੀ ਆਪਦੇ ਆਪ ਵਿੱਚ ਹੀ ਏਕਤਾ ਲਈ ਆਧਾਰ 'ਤੇ ਸਹਿਮਤੀ ਨਾ ਹੋਣਾ ਹੈ। ਏਕਤਾ ਦੇ ਆਧਾਰ ਦਾ ਖਾਰਜ ਹੋਣਾ ਹੈ। ਇਸ ਲਈ ਇਸ ਮੀਟਿੰਗ ਵਿੱਚ ਏਕਤਾ ਮਤੇ ਦੀਆਂ ਸਾਰੀਆਂ ਧਾਰਾਵਾਂ ਉੱਪਰ ਵਾਰੋ ਵਾਰੀ ਗੰਭੀਰਤਾ ਨਾਲ ਵਿਚਾਰ ਚਰਚਾ ਕਰਕੇ ਇਸ ਸਮੁੱਚੇ ਮਤੇ ਬਾਰੇ ਸਹਿਮਤੀ ਬਣਾਈ ਜਾਵੇ।
3. ਤਿੰਨ ਕਿਸਾਨ ਪਲੇਟਫਾਰਮਾਂ ਦਰਮਿਆਨ ਤਾਲਮੇਲਵੇਂ ਘੋਲ਼ ਦੀ ਹਕੀਕੀ ਸੰਭਾਵਨਾ ਮੌਜੂਦ ਹੋਣ ਵਾਲੇ ਸੱਦੇ ਨੂੰ ਬਿਗੜਿਆ ਹੋਇਆ ਹੁੰਗਾਰਾ ਦਿੱਤਾ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ ਦੂਜੇ ਦੋਹਾਂ ਕਿਸਾਨ ਫੋਰਮਾਂ ਦੇ "ਦਿੱਲੀ ਕੂਚ ' ਅਤੇ"ਮਰਨ ਵਰਤ" ਦੇ ਪ੍ਰਮੁੱਖ ਘੋਲ਼ ਰੂਪਾਂ ਨਾਲ ਸਹਿਮਤ ਨਹੀਂ ਹੈ। ਪਰ ਸਾਡਾ ਮੋਰਚਾ ਇਨ੍ਹਾਂ ਘੋਲ਼ ਰੂਪਾਂ ਰਾਹੀਂ ਆਵਦੇ ਘੋਲ਼ ਨੂੰ ਅੱਗੇ ਵਧਾਉਣ ਲਈ ਇਨ੍ਹਾਂ ਫੋਰਮਾਂ ਦੇ ਆਜ਼ਾਦ ਹੋਣ ਦੇ ਹੱਕ ਨੂੰ ਪ੍ਰਵਾਨ ਕਰਦਾ ਹੈ। ਦੂਜੇ ਪਾਸੇ ਕਿਸਾਨ ਏਕਤਾ ਦੇ ਨਾਂ ਹੇਠ ਇਨ੍ਹਾਂ ਘੋਲ਼ ਰੂਪਾਂ ਵਿੱਚ ਸਾਨੂੰ ਸ਼ਾਮਲ ਕਰਨ ਲਈ ਮਾਰੀਆਂ ਜਾ ਰਹੀਆਂ ਸੈਨਤਾਂ ਨੂੰ ਸਿਰੇ ਤੋਂ ਖਾਰਜ ਕਰਦਾ ਹੈ। ਇਸ ਤੋਂ ਬਿਨਾਂ ਅਨੇਕਾਂ ਘੋਲ਼ ਰੂਪ ਬਾਕੀ ਬਚਦੇ ਹਨ। ਜਿਨ੍ਹਾਂ ਨੂੰ ਅਪਣਾ ਕੇ ਤਾਲਮੇਲਵੇਂ ਘੋਲ਼ ਸੱਦੇ ਦਿੱਤੇ ਜਾ ਸਕਦੇ ਹਨ। ਇਸ ਮੀਟਿੰਗ ਵਿਚ ਇਸ ਦੋ ਚਿੱਤੀ ਨੂੰ ਛੱਡ ਕੇ ਖਰੀ ਭਾਵਨਾ ਨਾਲ ਅੱਗੇ ਵਧਣਾ ਚਾਹੀਦਾ ਹੈ।
4. ਤਾਲਮੇਲਵੇਂ ਘੋਲ਼ ਲਈ ਘੱਟੋ ਘੱਟ ਆਧਾਰ ਮੁਹੱਈਆ ਕਰਦੇ ਉਪਰੋਕਤ ਮੁੱਦਿਆਂ ਨੂੰ ਲਮਕਦੇ ਰੱਖ ਕੇ ਤਾਲਮੇਲ ਦਾ ਢਾਂਚਾ ਉਸਾਰਨ ਦਾ ਸੁਝਾਅ ਲਿਆਉਣਾ ਵਾਜਬ ਨਹੀਂ ਹੈ।ਪ੍ਰਵਾਨ ਕਰਨ ਯੋਗ ਨਹੀਂ ਹੈ। ਅਜਿਹਾ ਕਰਨਾ ਆਧਾਰ ਤੋਂ ਬਿਨਾਂ ਉਸਾਰ ਖੜ੍ਹਾ ਕਰਨਾ ਬਣਦਾ ਹੈ ਜੋ ਖਿੰਡ ਜਾਣ ਲਈ ਸਰਾਪਿਆ ਹੋਇਆ ਹੈ। ਨਤੀਜਾ ਜੇਕਰ ਉਪਰੋਕਤ ਮੁੱਦੇ ਇਸ ਸੇਧ ਵਿਚ ਹੱਲ ਹੁੰਦੇ ਹਨ ਤਾਂ ਸਾਨੂੰ ਤਿਨ ਕਿਸਾਨ ਫੋਰਮਾਂ ਨੂੰ ਹੇਠ ਲਿਖਿਆ ਸੱਤ ਨੁਕਾਤੀ ਸਹਿਮਤੀ ਦਾ ਸਾਂਝਾ ਐਲਾਨ ਲਿਖਤੀ ਰੂਪ ਵਿੱਚ ਪ੍ਰਵਾਨ ਕਰ ਲੈਣਾ ਚਾਹੀਦਾ ਹੈ। ਇਸ ਨੂੰ ਤਿੰਨ ਫੋਰਮਾਂ ਦੇ ਆਗੂਆਂ ਦੇ ਦਸਖਤਾਂ ਹੇਠ ਜਨਤਕ ਤੌਰ  ਤੇ ਜਾਰੀ ਕਰਨਾ ਚਾਹੀਦਾ ਹੈ। 
ਤਾਲਮੇਲਵਾਂ ਸੰਘਰਸ਼ ਚਲਾਉਣ ਲਈ ਸਹਿਮਤੀ 
ਸੱਤ ਨੁਕਾਤੀ ਸਹਿਮਤੀ ਦਾ ਸਾਂਝਾ ਐਲਾਨ
ਤਿੰਨ ਕਿਸਾਨ ਫ਼ੋਰਮ ਸੰਯੁਕਤ ਕਿਸਾਨ ਮੋਰਚਾ, ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਅਤੇ ਕਿਸਾਨ ਮਜ਼ਦੂਰ ' ਮੋਰਚਾ ਕਈ ਗੇੜਾਂ ਦੀ ਏਕਤਾ ਗੱਲਬਾਤ ਤੋਂ ਬਾਅਦ ਘੱਟੋ ਘੱਟ ਸਾਂਝ ਦੇ ਆਧਾਰ ਤੇ ਤਾਲਮੇਲਵਾਂ ਸੰਘਰਸ਼ ਚਲਾਉਣ ਲਈ ਸਹਿਮਤੀ ਦੇ ਸੱਤ ਮੁੱਦਿਆਂ ਦੀ ਨਿਸ਼ਾਨਦੇਹੀ ਕਰਦੇ ਹਨ। ਇਸ ਸਹਿਮਤੀ ਦੇ ਆਧਾਰ ਤੇ ਤਾਲਮੇਲਵਾਂ ਸੰਘਰਸ਼ ਚਲਾਉਣ ਲਈ ਸਾਂਝਾ ਐਲਾਨ ਕਰਦੇ ਹਨ।
1. ਦਿੱਲੀ ਘੋਲ਼ ਦੀ ਇਤਿਹਾਸਕ ਜਿੱਤ ਬਾਰੇ ਸਹਿਮਤੀ
ਦਿੱਲੀ ਘੋਲ਼ ਦੌਰਾਨ ਤਿੰਨ ਕਾਲ਼ੇ ਕਾਨੂੰਨਾਂ ਦੀ ਬਿਨਾਂ ਸ਼ਰਤ ਮੁਕੰਮਲ ਵਾਪਸੀ ਕਰਵਾ ਕੇ ਭਾਰਤ ਦੀ ਸੰਘਰਸ਼ਸ਼ੀਲ ਕਿਸਾਨੀ ਨੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ। ਇਹ ਇਤਿਹਾਸਕ ਜਿੱਤ ਇਸ ਸੰਘਰਸ਼ ਦੌਰਾਨ ਅਪਣਾਈ ਗਈ ਸੇਧ ਸਦਕਾ ਹਾਸਲ ਹੋਈ ਹੈ। ਇਹ ਇਤਿਹਾਸਕ ਜਿੱਤ ਮੁਲਕ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਘੱਟੋ ਘੱਟ ਸਾਂਝ ਦੇ ਆਧਾਰ ਉੱਪਰ ਉਸਾਰੀ ਗਈ ਏਕਤਾ ਨੂੰ ਬਣਾਈ ਰੱਖਣ ਸਦਕਾ ਹੋਈ ਹੈ। ਇਸ ਏਕਤਾ ਦੀ ਸਫਲਤਾ ਨਾਲ ਰਾਖੀ ਕਰ ਸਕਣ ਸਦਕਾ ਹਾਸਲ ਹੋਈ ਹੈ।
2. ਮੌਜੂਦਾ ਸੰਘਰਸ਼ ਵਿਚ ਦਿੱਲੀ ਘੋਲ਼ ਦੀ ਸੇਧ ਨੂੰ ਲਾਗੂ ਕਰਨ ਬਾਰੇ ਸਹਿਮਤੀ
ਇਹ ਤਿੰਨ ਕਿਸਾਨ ਫ਼ੋਰਮ ਇਸ ਸੇਧ ਨੂੰ ਮੁੜ ਚਿਤਾਰਦੇ ਹਨ ਅਤੇ ਮੌਜੂਦਾ ਘੋਲ਼ ਦੌਰਾਨ ਇਸ ਉੱਪਰ ਪਹਿਰਾ ਦੇਣ ਦਾ ਅਹਿਦ ਕਰਦੇ ਹਨ।
2.1 ਇਹ ਸੰਘਰਸ਼ ਦੇਸ਼ੀ ਵਿਦੇਸ਼ੀ ਕਾਰਪੋਰੇਟਾਂ ਦੇ ਹੱਥੋਂ ਕਿਸਾਨੀ ਦੇ ਖੋਹੇ ਜਾ ਰਹੇ ਹੱਕਾਂ ਪ੍ਰਤੀ ਜਾਗ੍ਰਿਤ ਅਤੇ ਜਥੇਬੰਦ ਹੋ ਚੁੱਕੀ ਕਿਸਾਨ ਸ਼ਕਤੀ ਦੇ ਜੋਰ ਤੇ ਲੜਿਆ ਜਾਣ ਵਾਲ਼ਾ ਲਮਕਵਾਂ ਤੇ ਜ਼ੋਖਮ ਭਰਿਆ ਸੰਘਰਸ਼ ਹੋਵੇਗਾ।
2.2 ਇਹ ਸੰਘਰਸ਼ ਸੌੜੇ ਇਲਾਕਾਵਾਦ ਤੋਂ ਉੱਪਰ ਉੱਠ ਕੇ ਲੜਿਆ ਜਾਣ ਵਾਲਾ ਮੁਲਕ ਵਿਆਪੀ ਸੰਘਰਸ਼ ਹੋਵੇਗਾ।
2.3 ਇਹ ਸੰਘਰਸ਼ ਮੌਕਾਪ੍ਰਸਤ ਹਾਕਮ ਜਮਾਤੀ ਪਾਰਟੀਆਂ ਦੇ ਦਖਲ ਤੋਂ ਮੁਕਤ ਗੈਰ ਪਾਰਟੀ ਕਿਸਾਨ ਸੰਘਰਸ਼ ਹੋਵੇਗਾ।
 2.4 ਇਹ ਸੰਘਰਸ਼ ਧਰਮ ਨਿਰਪੱਖ,ਗੈਰ ਫਿਰਕੂ ਅਤੇ ਜਾਤਪਾਤੀ ਵੰਡਾਂ ਤੋਂ ਮੁਕਤ ਖਰੀ ਕਿਸਾਨ ਏਕਤਾ ਦੇ ਆਸਰੇ ਲੜਿਆ ਜਾਣ ਵਾਲ਼ਾ ਸੰਘਰਸ਼ ਹੋਵੇਗਾ।
2.5 ਇਸ ਸੰਘਰਸ਼ ਵਿੱਚ ਵਿਅਕਤੀਗਤ ਸੂਰਮਗਤੀ , ਗਰੁੱਪ ਸੂਰਮਗਤੀ ਜਾਂ ਵਿਅਕਤੀਗਤ ਜਾਂ ਗਰੁੱਪ ਸਰਗਰਮੀ ਦੇ ਆਸਰੇ ਕੀਤੇ ਜਾਣ ਵਾਲੇ ਐਕਸ਼ਨਾਂ ਲਈ ਕੋਈ ਥਾਂ ਨਹੀਂ ਹੋਵੇਗੀ।
2.6 ਇਹ ਸੰਘਰਸ਼ ਮਿਹਨਤਕਸ਼ ਕਿਸਾਨ ਜਨਤਾ ਦੀ ਖੇਤੀ ਕਿੱਤੇ ਉੱਪਰ ਨਿਰਭਰ ਮਜ਼ਦੂਰਾਂ ਤੇ ਬੇਜਮੀਨੇ ਕਿਸਾਨਾਂ ਨਾਲ ਏਕਤਾ ਉਸਾਰ ਕੇ ਲੜਿਆ ਜਾਣ ਵਾਲ਼ਾ ਸਾਂਝਾ ਸੰਘਰਸ਼ ਹੋਵੇਗਾ। ਇਹ ਸੰਘਰਸ਼ ਖੇਤੀ ਕਿੱਤੇ ਉੱਪਰ ਨਿਰਭਰ ਖਪਤਕਾਰਾਂ ਛੋਟੇ ਕਾਰੋਬਾਰੀਆਂ, ਦੁਕਾਨਦਾਰਾਂ ਤੇ ਛੋਟੇ ਵਪਾਰੀਆਂ ਨਾਲ ਸਾਂਝ ਪਾ ਕੇ ਲੜਿਆ ਜਾਣ ਵਾਲ਼ਾ ਸੰਘਰਸ਼ ਹੋਵੇਗਾ। 
3. ਵਖਰੇਵੇਂ ਵਾਲੇ ਮੁੱਦੇ ਅਤੇ ਉਨ੍ਹਾਂ ਨੂੰ ਪਾਸੇ ਰੱਖਣ ਬਾਰੇ ਸਹਿਮਤੀ - ਇਹ ਤਿੰਨ ਕਿਸਾਨ ਫ਼ੋਰਮ ਕਈ ਗੇੜਾਂ ਦੀ ਗੱਲਬਾਤ ਵਿੱਚੋ ਆਪਸੀ ਮੱਤਭੇਦਾਂ ਨੂੰ ਸਪਸ਼ਟ ਨਿਤਾਰਨ ਵਿੱਚ ਸਫ਼ਲ ਹੋਏ ਹਨ। ਤਿੰਨ ਕਿਸਾਨ ਫ਼ੋਰਮ ਇਸ ਸਾਂਝੇ ਸਿੱਟੇ ਉੱਪਰ ਪਹੁੰਚੇ ਹਨ ਕਿ ਕਿਸਾਨ ਜਥੇਬੰਦੀਆਂ ਦੀ ਦਿੱਲੀ ਘੋਲ਼ ਵਰਗੀ ਏਕਤਾ ਅਜੇ ਦੂਰ ਦੀ ਗੱਲ ਹੈ।ਨਿਤਾਰੇ ਜਾ ਚੁੱਕੇ ਵਖਰੇਵੇਂ ਅੱਗੇ ਦਰਜ ਹਨ। 
3.1. ਦਿੱਲੀ ਘੋਲ ਦੌਰਾਨ ਵਾਪਰੀਆਂ 26 ਜਨਵਰੀ 2021 ਦੀਆਂ ਘਟਨਾਵਾਂ ਅਤੇ ਇਸ ਦੀਆਂ ਕਿਸਾਨ ਘੋਲ ਲਈ ਉਸ ਸਮੇਂ ਪੈਦਾ ਹੋਈਆਂ ਅਰਥ ਸੰਭਾਵਨਾਵਾਂ ਬਾਰੇ ਅੱਜ ਵੀ ਗੰਭੀਰ ਵਖਰੇਵੇਂ ਮੌਜੂਦ ਹਨ।
3.2 ਦਿੱਲੀ ਘੋਲ ਦੇ ਅੰਤਿਮ ਨਿਪਟਾਰੇ ਬਾਰੇ ਮੱਤ ਵਖਰੇਵੇਂ ਮੌਜੂਦ ਹਨ।
3.3 ਦਿੱਲੀ ਘੋਲ ਤੋਂ ਬਾਅਦ ਦੇ ਅਰਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਦੇ ਤਿੰਨ ਫੋਰਮਾਂ ਵਿੱਚ ਵੰਡੇ ਜਾਣ ਦੀ ਹਕੀਕਤ ਨੂੰ ਅੰਗਣ ਅਤੇ ਇਸਨੂੰ ਮੁੜ ਏਕਤਾ ਵਿੱਚ ਪਰੋਣ ਸੰਬੰਧੀ ਪਾਟਵੇਂ ਵਿਚਾਰ ਮੌਜੂਦ ਹਨ।
3.4 ਦਿੱਲੀ ਘੋਲ ਦੀਆਂ ਬਾਕੀ ਰਹਿੰਦੀਆਂ ਮੰਗਾਂ ਉੱਪਰ ਘੋਲ਼ ਨੂੰ ਮੁੜ ਸ਼ੁਰੂ ਕਰਨ ਦੇ ਸਮੇਂ, ਸਥਾਨ ਅਤੇ ਇਸ ਲਈ ਅਪਣਾਏ ਜਾਣ ਵਾਲੇ ਘੋਲ਼ ਦੇ ਰੂਪਾਂ ਬਾਰੇ ਵਖਰੇਵੇਂ ਦਿੱਲੀ ਘੋਲ਼ ਦੀ ਇਤਿਹਾਸਕ ਜਿੱਤ ਦੇ ਦਿਨ ਤੋਂ ਹੀ ਮੌਜੂਦ ਹਨ। ਇਹ ਵਖਰੇਵੇਂ ਮੌਜੂਦਾ ਸੰਘਰਸ਼ ਵਿੱਚ ਹੋਰ ਵੀ ਤਿੱਖੀ ਤਰ੍ਹਾਂ ਮੌਜੂਦ ਖੜ੍ਹੇ ਹਨ।
3.5 ਇਨ੍ਹਾਂ ਗੰਭੀਰ ਵਖਰੇਵਿਆਂ/ਮੱਤਭੇਦਾਂ ਦੇ ਬਾਵਜੂਦ ਇਨ੍ਹਾਂ ਨੂੰ ਪਾਸੇ ਰੱਖਣ ਲਈ ਸਹਿਮਤੀ ਦੇਣਾ ਸਮੇਂ ਦੀ ਲੋੜ ਬਣਦੀ ਹੈ। ਮੌਜੂਦਾ ਘੋਲ ਦੇ ਤਜਰਬੇ 'ਚੋਂ ਨਿੱਕਲੀ ਹੋਈ ਲੋੜ ਬਣਦੀ ਹੈ। ਕੇਂਦਰ ਸਰਕਾਰ ਨੇ ਐੱਮ ਐੱਸ ਪੀ ਦੇਣ ਦੀ ਬਜਾਏ ਤਿੰਨ ਕਾਲ਼ੇ ਕਾਨੂੰਨਾਂ ਵਰਗਾ ਮੰਡੀ ਨੀਤੀ ਖਰੜਾ ਲਿਆ ਕੇ ਇਸ ਲੋੜ ਨੂੰ ਜਿੱਤ ਜਾਂ ਹਾਰ ਦਾ ਸਵਾਲ ਬਣਾ ਦਿੱਤਾ ਹੈ। ਇਸ ਲਈ ਤਿੰਨ ਕਿਸਾਨ ਫ਼ੋਰਮ ਇਨ੍ਹਾਂ ਮੱਤਭੇਦਾਂ ਨੂੰ ਪਾਸੇ ਰੱਖਣ ਦੇ ਫੈਸਲੇ ਦਾ ਐਲਾਨ ਕਰਦੇ ਹਨ। ਇਨ੍ਹਾਂ ਵਖਰੇਵਿਆਂ ਉੱਪਰ ਮੰਦਭਾਵਨਾ ਨਾਲ ਦੁਰਪ੍ਰਚਾਰ ਕਰਨ ਉੱਪਰ ਪਾਬੰਦੀ ਲਾਉਣ ਲਈ ਸਹਿਮਤੀ ਦਿੰਦੇ ਹਨ।
4. ਘੋਲ਼ ਦੀਆਂ ਮੰਗਾਂ ਉੱਪਰ ਸਹਿਮਤੀ
4.1 ਕੇਂਦਰ ਸਰਕਾਰ "ਕੌਮੀ ਮੰਡੀ ਨੀਤੀ ਚੌਖਟਾ" ਵਾਪਸ ਲਵੇ। ਪੰਜਾਬ ਸਰਕਾਰ ਸਮੇਤ ਸਾਰੀਆਂ ਸੂਬਾਈ ਸਰਕਾਰਾਂ ਵਿਧਾਨ ਸਭਾ ਸੈਸ਼ਨ ਸੱਦ ਕੇ ਇਸ ਨੂੰ ਰੱਦ ਕਰਨ।
4.2 ਕੇਂਦਰ ਸਰਕਾਰ ਵੱਲੋਂ 23 ਫਸਲਾਂ ਦੀ ਐੱਮ ਐੱਸ ਪੀ ਨੂੰ ਤਹਿ ਕਰਨ ਲਈ ਸੀ- 2+50% ਵਾਲੇ ਫਾਰਮੂਲੇ ਅਤੇ ਰਮੇਸ਼ ਚੰਦ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਆਧਾਰ ਬਣਾਇਆ ਜਾਵੇ। 23 ਫਸਲਾਂ ਦੀ ਸਮੁੱਚੀ ਪੈਦਾਵਾਰ ਦੀ ਖਰੀਦ ਲਈ ਕਾਨੂੰਨੀ ਗਰੰਟੀ ਕੀਤੀ ਜਾਵੇ।
4.3 ਬਾਕੀ ਮੰਗਾਂ ਉੱਪਰ ਸਾਂਝੀ ਤਰਤੀਬ ਤਿਆਰ ਕੀਤੀ ਜਾਵੇ।
5. ਘੋਲ ਦੇ ਚੋਟ ਨਿਸ਼ਾਨਿਆਂ ਬਾਰੇ ਸਹਿਮਤੀ
5.1 ਮੌਜੂਦਾ ਘੋਲ ਦੀਆਂ ਸਾਰੀਆਂ ਮੰਗਾਂ ਲਈ ਚੋਟ ਨਿਸ਼ਾਨਾ ਦੇਸੀ ਬਦੇਸ਼ੀ ਕਾਰਪੋਰੇਟ ਘਰਾਣੇ ਅਤੇ ਉਨ੍ਹਾਂ ਦੀ ਸੇਵਾਦਾਰ ਭਾਰਤ ਸਰਕਾਰ ਅਤੇ ਇਸ ਦੀਆਂ ਨੀਤੀਆਂ ਹੋਣਗੀਆਂ। ਸੰਸਾਰ ਵਪਾਰ ਜਥੇਬੰਦੀ, ਸੰਸਾਰ ਬੈਂਕ ਅਤੇ ਕੌਮਾਂਤਰੀ ਮੁਦਰਾਕੋਸ਼ ਦੀਆਂ ਨੀਤੀਆਂ ਹੋਣਗੀਆਂ।
5.2 ਕੇਂਦਰ ਸਰਕਾਰ ਦੀਆਂ ਸਾਰੀਆਂ ਜਾਬਰ ਤੇ ਸ਼ਾਤਰ ਚਾਲਾਂ ਇਸ ਘੋਲ ਦਾ ਚੋਟ ਨਿਸ਼ਾਨਾ ਹੋਣਗੀਆਂ।ਉਹ ਨੀਤੀਆਂ ਜੋ ਕਿਸਾਨ ਘੋਲ ਨੂੰ ਲਮਕਾ ਕੇ, ਹਫਾ ਕੇ ਅਤੇ ਉਸ ਵਿੱਚ ਪਾਟਕ ਪਾ ਕੇ ਅਤੇ ਉਸ ਉੱਪਰ ਜਬਰ ਢਾਹ ਕੇ ਇਸਨੂੰ ਫੇਲ੍ਹ ਕਰਨਾ ਚਾਹੁੰਦੀਆਂ ਹਨ, ਸਭ ਘੋਲ ਦਾ ਚੋਟ ਨਿਸ਼ਾਨਾਂ ਹੋਣਗੀਆਂ।
 6. ਉਪਰੋਕਤ ਘੱਟੋ ਘੱਟ ਸਾਂਝ ਦੇ ਆਧਾਰ ਤੇ ਤਾਲਮੇਲਵਾਂ ਘੋਲ਼ ਚਲਾਉਣ ਲਈ ਸਹਿਮਤੀ
 6.1 ਇਹ ਤਿੰਨੇ ਕਿਸਾਨ ਫ਼ੋਰਮ ਉੱਪਰ ਬਿਆਨ ਕੀਤੀ ਘੱਟੋ ਘੱਟ ਸਾਂਝ ਦੇ ਆਧਾਰ ਤੇ ਤਾਲਮੇਲਵਾਂ ਘੋਲ਼ ਚਲਾਉਣ ਲਈ ਸਹਿਮਤੀ ਦਿੰਦੇ ਹਨ।
6.2 ਇਹ ਤਿੰਨੇ ਹੀ ਕਿਸਾਨ ਫੋਰਮ ਇਨ੍ਹਾਂ ਮੰਗਾਂ ਦੀ ਪ੍ਰਾਪਤੀ ਲਈ ਆਪੋ ਆਪਣੀ ਸੇਧ ਸਮਝ ਅਤੇ ਹਾਲਤਾਂ ਦੇ ਆਪੋ ਆਪਣੇ ਜਾਇਜੇ ਅਨੁਸਾਰ ਲਗਾਤਾਰ ਸਰਗਰਮੀ ਕਰਦੇ ਆ ਰਹੇ ਸੰਘਰਸ਼ਸ਼ੀਲ ਫ਼ੋਰਮ ਹਨ।
6.3 ਤਿੰਨਾਂ ਹੀ ਫੋਰਮਾਂ ਵੱਲੋਂ ਮੰਗਾਂ ਮੰਨਾਉਣ ਲਈ ਅਪਣਾਏ ਹੋਏ ਘੋਲ ਦਾ ਪ੍ਰਮੁੱਖ ਰੂਪ ਵੱਖੋ ਵੱਖਰਾ ਹੈ।
6.4 ਅੱਗੇ ਤੋਂ ਇਹ ਤਿੰਨ ਕਿਸਾਨ ਫ਼ੋਰਮ ਘੋਲ਼ ਦਾ ਸੱਦਾ ਦੇਣ ਤੋਂ ਪਹਿਲਾਂ ਦੂਜੇ ਫੋਰਮਾਂ ਨਾਲ ਘੱਟੋ ਘੱਟ ਸਾਂਝ ਤਲਾਸ਼ਣ ਅਤੇ ਨਿਭਾਉਣ ਲਈ ਵਚਨਬੱਧ ਹੋਣਗੇ।
7. ਤਾਲਮੇਲ ਦੇ ਜਥੇਬੰਦਕ ਢਾਂਚੇ ਬਾਰੇ ਸਹਿਮਤੀ
7.1 ਤਿੰਨ ਕਿਸਾਨ ਧਿਰਾਂ ਦੇ ਆਪੋ ਆਪਣੇ ਆਜ਼ਾਦ ਫ਼ੋਰਮ ਕਾਇਮ ਰਹਿਣਗੇ। ਜੋ ਆਪੋ ਆਪਣੀ ਸੇਧ, ਸਮਝ ਅਤੇ ਜਾਇਜੇ ਮੁਤਾਬਕ ਮੰਗਾਂ ਦੀ ਪ੍ਰਾਪਤੀ ਲਈ ਘੋਲ਼ ਨੂੰ ਅੱਗੇ ਵਧਾਉਣ ਲਈ ਆਜ਼ਾਦ ਰਹਿਣਗੇ।
7.2 ਤਿੰਨ ਕਿਸਾਨ ਧਿਰਾਂ ਘੋਲ਼ ਦਾ ਸੱਦਾ ਦੇਣ ਤੋਂ ਪਹਿਲਾਂ ਜਾਂ ਜੇ ਸੰਭਵ ਨਾ ਹੋਵੇ ਤਾਂ ਸੱਦਾ ਦੇਣ ਤੇ ਬਾਅਦ ਵਿਚ ਤਾਲਮੇਲਵੀਂ ਸਾਂਝ ਬਣਾਉਣ ਲਈ ਯਤਨਸ਼ੀਲ ਰਹਿਣਗੇ। ਇਸ ਸਾਂਝ ਨੂੰ ਵੱਧ ਤੋਂ ਵੱਧ ਅੱਗੇ ਲਿਜਾਣ ਲਈ ਯਤਨਸ਼ੀਲ ਰਹਿਣਗੇ।
7.3 ਤਾਲਮੇਲ ਦਾ ਢਾਂਚਾ ਅਤੇ ਇਸਦੀ ਹੈਸੀਅਤ ਸਾਂਝੇ ਤਹਿਸ਼ੁਦਾ ਫੈਸਲਿਆਂ ਦੇ ਅਨੁਸਾਰ ਰਹੇਗੀ
।7.3.1 ਤਿੰਨਾਂ ਫੋਰਮਾਂ ਵਿੱਚੋਂ ਕੋਈ ਇੱਕ ਧਿਰ ਆਵਦੀ ਪਹਿਲਕਦਮੀ ਨਾਲ ਦੂਜੀਆਂ ਧਿਰਾਂ ਦੀ ਸਹਿਮਤੀ ਹਾਸਲ ਕਰਕੇ ਮੀਟਿੰਗ ਸੱਦਣ ਦੀ ਹੱਕਦਾਰ ਹੋਵਗੀ।7.3.2 ਤਾਲਮੇਲ ਦੇ ਇਸ ਢਾਂਚੇ ਦੇ ਫੈਸਲੇ ਘੱਟ ਸੰਮਤੀ ਬਹੁਸੰਮਤੀ ਦੇ ਜਥੇਬੰਦਕ ਨਿਯਮ ਮੁਤਾਬਕ ਨਹੀਂ ਹੋਣਗੇ, ਆਮ ਸਹਿਮਤੀ ਨਾਲ਼ ਹੋਣਗੇ।7.3.3 ਤਿੰਨ ਕਿਸਾਨ ਧਿਰਾਂ ਦੀ ਸ਼ਮੂਲੀਅਤ ਵਾਲ਼ਾ ਇਹ ਤਾਲਮੇਲ ਢਾਂਚਾ ਨਾਂ ਤਾਂ ਇਨ੍ਹਾਂ ਧਿਰਾਂ ਦਾ ਉੱਪਰਲਾ ਅਦਾਰਾ ਹੋਵੇਗਾ ਅਤੇ ਨਾ ਹੀ ਬਰਾਬਰੀ ਦੀ ਹੈਸੀਅਤ ਰੱਖਦਾ ਢਾਂਚਾ ਹੋਵੇਗਾ। ਇਸਦੀ ਥਾਂ ਇਹ ਤਿੰਨ ਧਿਰਾਂ ਦੀ ਆਜ਼ਾਦ ਪਰ ਸਾਂਝੀ ਬਣ ਚੁੱਕੀ ਰਾਇ ਨੂੰ ਅਮਲ ਵਿੱਚ ਲਾਗੂ ਕਰਨ ਵਾਲਾ ਮਾਤਹਿਤ ਢਾਂਚਾ ਹੋਵੇਗਾ।
7.3.4 ਕੇਂਦਰ ਸਰਕਾਰ ਵੱਲੋਂ ਕਿਸਾਨ ਮੰਗਾਂ ਦੇ ਨਿਪਟਾਰੇ ਲਈ ਚਲਾਈ ਜਾਣ ਵਾਲੀ ਕਿਸੇ ਵੀ ਗੱਲਬਾਤ ਵਿੱਚ ਇਹ ਪਲੇਟਫਾਰਮ ਭਾਵੇਂ ਆਜ਼ਾਦ ਤੌਰ 'ਤੇ ਸ਼ਾਮਲ ਹੋਣਗੇ ਪਰ ਸਮੁੱਚੇ ਵਾਰਤਾਲਾਪ ਅਤੇ ਅੰਤਿਮ ਨਿਪਟਾਰੇ ਨੂੰ ਸਾਂਝਾ ਬਣਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ।
ਸਹਿਮਤੀ ਉੱਪਰ ਦਸਖਤ ਕਰਨ ਵਾਲੇ ਫੋਰਮਾਂ ਦੇ ਆਗੂ
 ਸੰਯੁਕਤ ਕਿਸਾਨ ਮੋਰਚਾ, 
ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ
 ਕਿਸਾਨ ਮਜ਼ਦੂਰ ਮੋਰਚਾ


No comments:

Post a Comment