ਚੰਦਭਾਨ ਦੇ ਮਜ਼ਦੂਰਾਂ 'ਤੇ ਜ਼ਬਰ ਖ਼ਿਲਾਫ਼ ਐਕਸ਼ਨ ਕਮੇਟੀ ਨੇ ਹਾਸਲ ਕੀਤੀ ਸ਼ਾਨਦਾਰ ਜਿੱਤ
ਪੰਜ ਫਰਵਰੀ ਨੂੰ ਪਿੰਡ ਚੰਦਭਾਨ (ਫਰੀਦਕੋਟ )ਦੇ ਖੇਤ ਮਜ਼ਦੂਰਾਂ ਉਤੇ ਆਪ ਵਿਧਾਇਕ ਅਮੋਲਕ ਸਿੰਘ ਦੇ ਸਿਆਸੀ ਦਬਾਅ ਤਹਿਤ ਪੁਲਿਸ ਤੇ ਵਿਧਾਇਕ ਦੇ ਚਹੇਤੇ ਸ਼ੈਲਰ ਮਾਲਕ ਗਮਦੂਰ ਸਿੰਘ ਦੇ ਲਾਣੇ ਵਲੋਂ ਅੰਨ੍ਹਾ ਤਸ਼ੱਦਦ ਢਾਹਿਆ ਗਿਆ। ਪਿੰਡ ਦੇ ਸੈਂਕੜੇ ਖੇਤ ਮਜ਼ਦੂਰ ਮਰਦ ਔਰਤਾਂ ਗੰਦੇ ਪਾਣੀ ਦੀ ਨਿਕਾਸੀ ਦੇ ਮਸਲੇ ਨੂੰ ਲੈ ਕੇ ਦਲਿਤ ਮਹਿਲਾ ਸਰਪੰਚ ਅਤੇ ਪੰਚਾਇਤ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰ ਰਹੇ ਸਨ। (ਕਿਉਂਕਿ ਗਮਦੂਰ ਹੋਰਾਂ ਵੱਲੋਂ ਆਪਣੇ ਸਿਆਸੀ ਤੇ ਵਿੱਤੀ ਜੋਰ ਦੇ ਨਾਲ ਗਲਤ ਢੰਗ ਨਾਲ ਕਰਵਾਈ ਜਾ ਰਹੀ ਗੰਦੇ ਪਾਣੀ ਦੀ ਨਿਕਾਸੀ ਦੇ ਸਬੂਤ ਜੁਟਾਉਣ ਗਈ ਦਲਿਤ ਮਹਿਲਾ ਸਰਪੰਚ ਤੇ ਖੇਤ ਮਜ਼ਦੂਰਾਂ ਨਾਲ਼ ਗਮਦੂਰ ਤੇ ਉਸਦੇ ਭਰਾ ਹਰਵਿੰਦਰ ਸਿੰਘ ਆਦਿ ਵੱਲੋਂ ਧੱਕਾ ਮੁੱਕੀ ਕਰਕੇ ਬੇਇੱਜ਼ਤ ਕੀਤਾ ਗਿਆ ਸੀ। ) ਸੜਕ ਜਾਮ ਕਰਕੇ ਪ੍ਰਦਰਸ਼ਨ ਕਰ ਰਹੇ ਦਲਿਤ ਮਜ਼ਦੂਰਾਂ ਉਤੇ ਇੱਕ ਪਾਸੇ ਭਾਰੀ ਪੁਲਿਸ ਫੋਰਸ ਵਲੋਂ ਲਾਠੀਚਾਰਜ ਕੀਤਾ ਗਿਆ ਤੇ ਦੂਜੇ ਪਾਸੇ ਗਮਦੂਰ ਤੇ ਹਰਵਿੰਦਰ ਹੋਰਾਂ ਵੱਲੋਂ ਅੰਨ੍ਹੇ ਵਾਹ ਗੋਲੀਆਂ ਚਲਾਈਆਂ ਗਈਆਂ। ਮਜ਼ਦੂਰਾਂ ਵੱਲੋਂ ਇਸ ਹਮਲੇ ਤੋਂ ਬਚਾਅ ਲਈ ਜੋ ਵੀ ਹੱਥ ਆਇਆ ਉਸੇ ਨਾਲ਼ ਟਾਕਰਾ ਕੀਤਾ ਗਿਆ। ਮਜ਼ਦੂਰਾਂ ਦੇ ਜ਼ਬਰਦਸਤ ਵਿਰੋਧ ਨੇ ਇੱਕ ਵਾਰ ਤਾਂ ਪੁਲਿਸ ਫੋਰਸ ਦੀਆਂ ਪੁਦੀੜਾਂ ਪਵਾ ਦਿੱਤੀਆਂ। ਪਰ ਗੈਰ ਜਥੇਬੰਦ ਹੋਣ ਕਾਰਨ ਆਪ ਮੁਹਾਰੇ ਟਾਕਰੇ ਦੇ ਰਾਹ ਪਏ ਮਜ਼ਦੂਰ ਹਕੂਮਤ ਦੇ ਮੋੜਵੇਂ ਹੱਲੇ ਨੂੰ ਨਾ ਭਾਂਪ ਸਕੇ। ਕੁੱਝ ਦੇਰ ਬਾਅਦ ਹੀ ਐਸ ਐਸ ਪੀ ਦੀ ਅਗਵਾਈ ਹੇਠ ਆਈ ਪੁਲਿਸ ਫੋਰਸ ਤੇ ਸ਼ੈਲਰ ਮਾਲਕ ਗਮਦੂਰ ਹੋਰਾਂ ਵੱਲੋਂ ਮਿਲ ਕੇ ਪ੍ਰਦਰਸ਼ਨ ਕਰ ਰਹੇ ਖੇਤ ਮਜ਼ਦੂਰਾਂ ਉਤੇ ਵਿਦੇਸ਼ੀ ਧਾੜਵੀਆਂ ਵਾਂਗ ਹੱਲਾ ਬੋਲ ਦਿੱਤਾ ਗਿਆ। ਮਜ਼ਦੂਰ ਮਰਦ-ਔਰਤਾਂ, ਬੱਚਿਆਂ ਤੇ ਬਜ਼ੁਰਗਾਂ ਸਮੇਤ ਜੋ ਵੀ ਸਾਹਮਣੇ ਆਇਆ ਉਸ ਉਤੇ ਅੰਨ੍ਹੇ ਵਾਹ ਡਾਂਗ ਵਰ੍ਹਾਈ ਗਈ। ਮਜ਼ਦੂਰਾਂ ਨੂੰ ਸਬਕ਼ ਸਿਖਾਉਣ ਦੇ ਇਰਾਦੇ ਨਾਲ ਘਰਾਂ 'ਚ ਵੜ ਕੇ ਸਮਾਨ ਦੀ ਭੰਨਤੋੜ ਕੀਤੀ ਗਈ। ਮਹਿਲਾ ਸਰਪੰਚ ਦੇ ਘਰ ਦਾ ਤਾਂ ਸਾਰਾ ਸਮਾਨ ਕਰੀਹ ਕਰ ਦਿੱਤਾ ਗਿਆ। ਮਹਿਲਾ ਸਰਪੰਚ ਦੇ ਪਤੀ ਸਮੇਤ 50 ਦੇ ਕਰੀਬ ਮਰਦ ਔਰਤਾਂ ਤੇ ਬੱਚਿਆਂ ਨੂੰ ਪੁਲਿਸ ਗਿਰਫ਼ਤਾਰ ਕਰਕੇ ਲੈ ਗਈ ਅਤੇ 91 ਬੰਦਿਆਂ ਉਤੇ ਇਰਾਦਾ ਕਤਲ, ਸਰਕਾਰੀ ਡਿਊਟੀ 'ਚ ਵਿਘਨ ਪਾਉਣ ਤੇ ਲੁੱਟ ਮਾਰ ਕਰਨ ਵਰਗੀਆਂ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਗਿਆ। ਪੁਲਿਸ ਥਾਣਿਆਂ ਵਿੱਚ ਲਿਜਾਕੇ ਮਜ਼ਦੂਰਾਂ ਉਤੇ ਅਣ ਮਨੁੱਖੀ ਜ਼ਬਰ ਢਾਹਿਆ ਗਿਆ । ਭਾਵੇਂ ਦੇਰ ਰਾਤ ਕੁੱਟਮਾਰ ਕਰਕੇ ਕੁੱਝ ਨਾਬਾਲਗ ਬੱਚਿਆਂ ਨੂੰ ਛੱਡ ਦਿੱਤਾ ਗਿਆ ਪਰ ਤਿੰਨ ਔਰਤਾਂ ਸਮੇਤ 41 ਜਣਿਆਂ ਨੂੰ ਫਰੀਦਕੋਟ ਦੀ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਪੁਲਿਸ ਅਤੇ ਸ਼ੈਲਰ ਮਾਲਕ ਗਮਦੂਰ ਦੀ ਢਾਣੀ ਵੱਲੋਂ ਉਲਟਾ ਮਜ਼ਦੂਰਾਂ ਵੱਲੋਂ ਪੁਲਿਸ ਉਤੇ ਇੱਟਾਂ ਰੋੜਿਆਂ ਨਾਲ ਹਮਲਾ ਕਰਨ ਦਾ ਬਿਰਤਾਂਤ ਸਿਰਜ ਕੇ ਪੀੜਤ ਮਜ਼ਦੂਰਾਂ ਨੂੰ ਹੀ ਰੱਜ ਕੇ ਬਦਨਾਮ ਕੀਤਾ ਗਿਆ।
ਪੁਲਿਸ ਪ੍ਰਸ਼ਾਸਨ ਤੇ ਸ਼ੈਲਰ ਮਾਲਕ ਦੀ ਢਾਣੀ ਵੱਲੋਂ ਵਰਤਾਏ ਇਸ ਕਹਿਰ ਖਿਲਾਫ ਪਹਿਲ ਕਦਮੀ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਹੋਰਨਾਂ ਮਜ਼ਦੂਰ ਜਥੇਬੰਦੀਆਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਗਈ। ਇਸ ਅਪੀਲ ਨੂੰ ਮਜ਼ਦੂਰ ਜਥੇਬੰਦੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਅਤੇ 6 ਫਰਵਰੀ ਨੂੰ ਹੀ ਪੰਜਾਬ ਖੇਤ ਮਜ਼ਦੂਰ ਯੂਨੀਅਨ,ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਦਿਹਾਤੀ ਮਜ਼ਦੂਰ ਸਭਾ, ਦਲਿਤ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦਾ ਇੱਕ ਜਨਤਕ ਵਫ਼ਦ ਐਸ ਪੀ (ਡੀ) ਨੂੰ ਜੈਤੋ ਥਾਣੇ ਵਿੱਚ ਮਿਲਿਆ। ਮਜ਼ਦੂਰ ਜਥੇਬੰਦੀਆਂ ਵੱਲੋਂ ਪ੍ਰਸ਼ਾਸਨ ਵੱਲੋਂ ਫੈਲਾਏ ਕੂੜ ਪ੍ਰਚਾਰ ਨੂੰ ਕੱਟਦਿਆਂ ਇਸ ਸਮੁੱਚੇ ਮਸਲੇ ਸਬੰਧੀ ਥਾਣਾ ਜੈਤੋ ਦੇ ਮੁਖੀ ਰਾਜੇਸ਼ ਕੁਮਾਰ ਅਤੇ ਹਲਕਾ ਵਿਧਾਇਕ ਅਮੋਲਕ ਦੇ ਚਹੇਤੇ ਸ਼ੈਲਰ ਮਾਲਕ ਗਮਦੂਰ ਦੀ ਧਿਰ ਨੂੰ ਮੁੱਖ ਦੋਸ਼ੀ ਟਿੱਕਿਆ ਗਿਆ। ਪੁਲਿਸ ਵੱਲੋਂ ਬਦਲਾ ਲਊ ਭਾਵਨਾ ਤਹਿਤ ਕੀਤੇ ਅਣਮਨੁੱਖੀ ਕਹਿਰ ਨੂੰ ਉਭਾਰਿਆ ਗਿਆ। ਪੁਲਿਸ ਅਧਿਕਾਰੀਆਂ ਵੱਲੋਂ ਛਾਪੇਮਾਰੀ ਤੁਰੰਤ ਬੰਦ ਕਰਨ ਤੋਂ ਇਲਾਵਾ ਹਿਰਾਸਤ 'ਚ ਲਏ ਕੁਝ ਮਜ਼ਦੂਰਾਂ ਨੂੰ ਵੀ ਰਿਹਾਅ ਕਰ ਦਿੱਤਾ ਗਿਆ। ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਵੱਲੋਂ ਪੀੜਤ ਪਰਿਵਾਰਾਂ ਨਾਲ ਪਿੰਡ ਚੰਦਭਾਨ ਜਾ ਕੇ ਮਜ਼ਦੂਰ ਮਰਦ ਔਰਤਾਂ ਨਾਲ ਮੀਟਿੰਗ ਵੀ ਕੀਤੀ ਗਈ। ਪੁਲਿਸ ਤੇ ਸ਼ੈਲਰ ਮਾਲਕ ਦੀ ਢਾਣੀ ਵੱਲੋਂ ਗਿਣ ਮਿਥ ਕੇ ਢਾਹੇ ਅੰਨ੍ਹੇ ਜ਼ਬਰ ਤੇ ਦਹਿਸ਼ਤ ਪਾਊ ਕਦਮਾਂ ਦੇ ਬਾਵਜੂਦ ਮਜ਼ਦੂਰ ਮਰਦ ਔਰਤਾਂ ਵੱਡੀ ਗਿਣਤੀ ਚ ਇਕੱਠੇ ਹੋਏ ਤੇ ਆਪਣੇ ਨਾਲ ਵਾਪਰੇ ਦੁਖਾਂਤ ਨੂੰ ਤੱਥਾਂ ਸਹਿਤ ਮਜ਼ਦੂਰ ਆਗੂਆਂ ਸਾਹਮਣੇ ਬਿਆਨ ਕੀਤਾ ਗਿਆ। ਮਜ਼ਦੂਰ ਜਥੇਬੰਦੀਆਂ ਦੀ ਇਸ ਕਾਰਵਾਈ ਨੇ ਚੰਦਭਾਨ ਦੇ ਮਜ਼ਦੂਰਾਂ ਖਿਲਾਫ ਸਿਰਜੇ ਬਿਰਤਾਂਤ ਨੂੰ ਕੱਟਣ ਚ ਅਹਿਮ ਰੋਲ ਅਦਾ ਕੀਤਾ ਅਤੇ ਪ੍ਰੈਸ ਦੇ ਇੱਕ ਹਿੱਸੇ ਵੱਲੋਂ ਵੀ ਪੁਲੀਸ ਹਾਜ਼ਰੀ 'ਚ ਸ਼ੈਲਰ ਮਾਲਕਾਂ ਵੱਲੋਂ ਮਜ਼ਦੂਰਾਂ ਉਤੇ ਫਾਇਰਿੰਗ ਕਰਨ ਦੀਆਂ ਵੀ ਡੀ ਓ ਤੇ ਤਸਵੀਰਾਂ ਨਸ਼ਰ ਕੀਤੀਆਂ ਗਈਆਂ। ਅਗਲੇ ਹੀ ਦਿਨ ਮਜ਼ਦੂਰ ਜਥੇਬੰਦੀਆਂ ਵੱਲੋਂ ਚੰਦਭਾਨ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਦਾ ਗਠਨ ਕਰਕੇ 10 ਫਰਵਰੀ ਨੂੰ ਐਸ ਐਸ ਪੀ ਦਫਤਰ ਫਰੀਦਕੋਟ ਦੇ ਘਿਰਾਓ ਦਾ ਐਲਾਨ ਕਰ ਦਿਤਾ ਗਿਆ। ਵੱਖ ਵੱਖ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਵੱਲੋਂ ਚੰਦਭਾਨ ਪਹੁੰਚ ਕੇ ਮਜ਼ਦੂਰਾਂ ਉੱਪਰ ਹੋਏ ਤਸ਼ੱਦਦ ਅਤੇ ਘਰਾਂ ਦੀ ਭੰਨਤੋੜ ਦੇ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਭਾਰਿਆ ਗਿਆ। ਮਜ਼ਦੂਰ ਜਥੇਬੰਦੀਆਂ ਤੋਂ ਇਲਾਵਾ ਬੀਕੇਯੂ ਏਕਤਾ ਉਗਰਾਹਾਂ ਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਵੀ ਮਜ਼ਦੂਰਾਂ 'ਤੇ ਹੋਏ ਜਬਰ ਖਿਲਾਫ ਡਟਵਾਂ ਸਟੈਂਡ ਲਿਆ ਗਿਆ। ਦੂਸਰੇ ਪਾਸੇ ਹਮਲਾਵਰ ਸ਼ੈਲਰ ਮਾਲਕਾਂ ਵੱਲੋਂ ਇਸ ਮਸਲੇ ਨੂੰ ਜਾਤਪਾਤੀ ਰੰਗਤ ਦੇਣ ਦੀਆਂ ਸਿਰ ਤੋੜ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਐਕਸ਼ਨ ਕਮੇਟੀ ਦੇ ਸੁਚੇਤ ਯਤਨਾਂ ਤੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਸਦਕਾ ਇਸ ਨਾਪਾਕ ਕੋਸ਼ਿਸ਼ ਨੂੰ ਫ਼ਲ ਨਾ ਪਿਆ। ਇਸੇ ਤਰ੍ਹਾਂ ਭਾਜਪਾ ਸਮੇਤ ਕੁੱਝ ਜਾਤੀਵਾਦੀ ਸਿਆਸੀ ਪਾਰਟੀਆਂ ਤੇ ਸੰਗਠਨਾਂ ਵੱਲੋਂ ਇਸ ਮਸਲੇ ਨੂੰ ਜੱਟਾਂ ਤੇ ਦਲਿਤਾਂ ਦਾ ਮਸਲਾ ਬਨਾਉਣ ਦੀਆਂ ਕੋਸ਼ਿਸ਼ਾਂ ਨੂੰ ਮਾਤ ਦਿੱਤੀ ਗਈ।
ਆਖਰ ਇਸ ਮਸਲੇ 'ਤੇ ਮਜ਼ਦੂਰ ਵਰਗ 'ਚ ਵਧ ਰਹੇ ਰੋਹ ਨੂੰ ਭਾਂਪਦਿਆਂ 9 ਫਰਵਰੀ ਨੂੰ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਝੁਕਣਾ ਪਿਆ। ਪੰਜਾਬ ਸਰਕਾਰ ਦੇ ਹੁਕਮਾਂ 'ਤੇ ਜ਼ਿਲੇ ਦੇ ਡੀ ਸੀ ਤੇ ਐਸ ਐਸ ਪੀ ਸਮੇਤ ਹੋਰਨਾਂ ਉੱਚ ਅਧਿਕਾਰੀਆਂ ਵੱਲੋਂ ਐਕਸ਼ਨ ਕਮੇਟੀ ਨਾਲ ਕਈ ਘੰਟੇ ਲੰਮੀ ਮੀਟਿੰਗ ਕੀਤੀ ਗਈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਿਰਫ਼ਤਾਰ ਕੀਤੇ ਸਾਰੇ ਮਰਦ ਔਰਤਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਤੇ ਪਰਚਾ ਰੱਦ ਕਰਨ, ਜ਼ਖ਼ਮੀ ਮਜ਼ਦੂਰਾਂ ਦਾ ਸਰਕਾਰੀ ਖਰਚੇ ਤੇ ਇਲਾਜ ਕਰਾਉਣ, ਮਜ਼ਦੂਰਾਂ ਉਤੇ ਫਾਇਰਿੰਗ ਕਰਨ ਵਾਲੇ ਦੋਸ਼ੀ ਸ਼ੈਲਰ ਮਾਲਕਾਂ ਖ਼ਿਲਾਫ਼ ਇਰਾਦਾ ਕਤਲ ਅਤੇ ਐਸ ਸੀ ਐਸ ਟੀ ਐਕਟ ਤਹਿਤ ਮੁਕੱਦਮਾ ਦਰਜ ਕਰਨ, ਜੈਤੋ ਦੇ ਥਾਣਾ ਮੁਖੀ ਰਾਜੇਸ਼ ਕੁਮਾਰ ਨੂੰ ਲਾਇਨ ਹਾਜ਼ਰ ਕਰਨ ਅਤੇ ਗੰਦੇ ਪਾਣੀ ਦੀ ਨਿਕਾਸੀ ਦਾ ਮਸਲਾ ਮਜ਼ਦੂਰਾਂ ਦੀ ਸਹਿਮਤੀ ਨਾਲ ਹੱਲ ਕਰਨ ਵਰਗੀਆਂ ਮੰਗੀਆਂ ਪ੍ਰਵਾਨ ਕਰਨੀਆਂ ਪਈਆਂ। ਇਹਨਾਂ ਮੰਗਾਂ ਨੂੰ ਪ੍ਰਵਾਨਗੀ ਦੇਣ ਉਪਰੰਤ ਐਕਸ਼ਨ ਕਮੇਟੀ ਵੱਲੋਂ 10 ਫਰਵਰੀ ਨੂੰ ਐਸ ਐਸ ਪੀ ਦਫਤਰ ਦਾ ਘਿਰਾਓ ਮੁਲਤਵੀ ਕਰਕੇ ਫਰੀਦਕੋਟ ਚ ਚਿਤਾਵਨੀ ਰੈਲੀ ਕੀਤੀ ਗਈ ਅਤੇ ਐਲਾਨ ਕੀਤਾ ਗਿਆ ਕਿ ਜੇਕਰ ਮੰਨੀਆਂ ਮੰਗਾਂ ਨੂੰ ਲਾਗੂ ਨਾ ਕੀਤਾ ਤਾਂ 17 ਫਰਵਰੀ ਨੂੰ ਐਸ ਐਸ ਪੀ ਦਫਤਰ ਦਾ ਘਿਰਾਓ ਕੀਤਾ ਜਾਵੇਗਾ। ਇਉਂ ਲੋਕ ਰੋਹ ਅੱਗੇ ਝੁਕਦਿਆਂ ਪ੍ਰਸ਼ਾਸਨ ਵੱਲੋਂ ਸ਼ੈਲਰ ਮਾਲਕਾਂ ਖ਼ਿਲਾਫ਼ ਇਰਾਦਾ ਕਤਲ ਤੇ ਐਸ ਸੀ ਐਸ ਟੀ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਉਸਦੀ ਕਾਪੀ ਤਾਂ ਰੈਲੀ ਦੌਰਾਨ ਹੀ ਸਟੇਜ ਤੇ ਆ ਕੇ ਦੇ ਦਿੱਤੀ ਅਤੇ ਗਿਰਫ਼ਤਾਰ ਸਾਰੇ ਮਜ਼ਦੂਰਾਂ ਨੂੰ ਅਗਲੇ ਦਿਨ 11 ਫਰਵਰੀ ਨੂੰ ਰਿਹਾਅ ਕਰ ਦਿੱਤਾ ਗਿਆ। ਮਜ਼ਦੂਰਾਂ ਦੀ ਰਿਹਾਈ ਉਪਰੰਤ ਐਕਸ਼ਨ ਕਮੇਟੀ ਵੱਲੋਂ ਪਿੰਡ ਚੰਦਭਾਨ ਵਿਖੇ ਵਿਸ਼ਾਲ ਜੇਤੂ ਰੈਲੀ ਕੀਤੀ ਗਈ। ਚੰਦਭਾਨ ਦੇ ਮਜ਼ਦੂਰਾਂ ਤੋਂ ਇਸ ਜਿੱਤ ਦਾ ਚਾਅ ਨਹੀਂ ਸੀ ਚੁੱਕਿਆ ਜਾ ਰਿਹਾ। ਐਕਸ਼ਨ ਕਮੇਟੀ ਵੱਲੋਂ ਲੜੇ ਗਏ ਇਸ ਘੋਲ ਦੀਆਂ ਮੁੱਖ ਮੰਗਾਂ ਭਾਵੇਂ ਲਾਗੂ ਕਰਵਾ ਲਈਆਂ ਹਨ ਪਰ ਮਜ਼ਦੂਰਾਂ 'ਤੇ ਗੋਲੀਆਂ ਚਲਾਉਣ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਐਕਸ਼ਨ ਕਮੇਟੀ ਵੱਲੋਂ ਵੱਖ ਵੱਖ ਰੂਪਾਂ ਚ ਜੱਦੋਜਹਿਦ ਜਾਰੀ ਹੈ। ਇਸੇ ਕੜੀ ਦੇ ਤਹਿਤ ਕਮੇਟੀ ਵੱਲੋਂ 3 ਮਾਰਚ ਨੂੰ ਜੈਤੋ ਵਿਖੇ ਆਪ ਦੇ ਵਿਧਾਇਕ ਅਮੋਲਕ ਸਿੰਘ ਖਿਲਾਫ ਜੈਤੋ ਦੇ ਵਿੱਚ ਅਰਥੀ ਫੂਕ ਮੁਜਾਹਰਾ ਕੀਤਾ ਗਿਆ।
ਦਰਅਸਲ ਜਿਸ ਤਰ੍ਹਾਂ ਚੰਦਭਾਨ ਮਜ਼ਦੂਰਾਂ ਵੱਲੋਂ ਗੈਰ ਜਥੇਬੰਦ ਹੋਣ ਦੇ ਬਾਵਜੂਦ ਗੰਦੇ ਪਾਣੀ ਦੀ ਨਿਕਾਸੀ ਦੇ ਮਸਲੇ ਨੂੰ ਲੈ ਕੇ ਤਿੱਖਾ ਸੰਘਰਸ਼ ਕੀਤਾ ਗਿਆ ਉਹ ਮਜ਼ਦੂਰਾਂ ਅੰਦਰ ਆਪਣੇ ਹੱਕਾਂ ਪ੍ਰਤੀ ਵਧ ਰਹੀ ਚੇਤਨਾ, ਆਪਣੀ ਪੁਗਾਉਣ ਦੀ ਭਾਵਨਾ ਅਤੇ ਆਪ ਸਰਕਾਰ ਖ਼ਿਲਾਫ਼ ਵਧ ਰਹੀ ਔਖ ਤੇ ਲੜਨ ਦੀ ਤਾਂਘ ਦਾ ਪ੍ਰਮਾਣ ਹੈ। ਇਸ ਤੋਂ ਇਲਾਵਾ ਬੇਹੱਦ ਭਾਰੀ ਜ਼ਬਰ ਤਸ਼ੱਦਦ ਦੇ ਬਾਵਜੂਦ ਖੇਤ ਮਜ਼ਦੂਰਾਂ ਦਾ ਡਟੇ ਰਹਿਣਾ ਇਸ ਵਰਗ ਦੇ ਲੜਾਕੂ ਤੰਤ ਦਾ ਮੂੰਹ ਬੋਲਦਾ ਸਬੂਤ ਹੈ। ਦੂਜੇ ਪਾਸੇ ਇਹ ਮਾਮਲਾ ਆਪ ਹਕੂਮਤ, ਪੁਲਿਸ ਪ੍ਰਸ਼ਾਸਨ ਅਤੇ ਪੇਂਡੂ ਧਨਾਢ ਚੌਧਰੀਆਂ ਦੀ ਮਜ਼ਦੂਰਾਂ ਪ੍ਰਤੀ ਅੰਨ੍ਹੀ ਜਮਾਤੀ ਨਫ਼ਰਤ ਨੂੰ ਦਰਸਾਉਂਦਾ ਹੈ ਕਿ ਉਹ ਮਜ਼ਦੂਰਾਂ ਦੀ ਕਿਸੇ ਛੋਟੀ ਮੋਟੀ ਮੰਗ ਨੂੰ ਵੀ ਸੁਣਨ ਲਈ ਤਿਆਰ ਨਹੀਂ ਸਗੋਂ ਸ਼ਰੇਆਮ ਡਾਂਗ ਦੇ ਜ਼ੋਰ ਦਬਾਅ ਕੇ ਰੱਖਣ ਦੀ ਜਾਬਰ ਨੀਤੀ 'ਤੇ ਚੱਲ ਰਹੇ ਹਨ। ਇਸ ਘੋਲ ਦੌਰਾਨ ਇਹ ਹਕੀਕਤ ਵੀ ਉੱਭਰ ਕੇ ਸਾਹਮਣੇ ਆਈ ਹੈ ਕਿ ਜਥੇਬੰਦ ਮਜ਼ਦੂਰ ਤਾਕਤ ਦੇ ਜ਼ੋਰ ਹੀ ਹਕੂਮਤ ਨੂੰ ਝੁਕਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਐਕਸ਼ਨ ਕਮੇਟੀ ਵੱਲੋਂ ਜਿਵੇਂ ਇਸ ਮੁੱਦੇ ਤੇ ਸਿਆਸੀ ਰੋਟੀਆਂ ਸੇਕਣ ਲਈ ਆਈਆਂ ਸਿਆਸੀ ਪਾਰਟੀਆਂ ਨੂੰ ਨੇੜੇ ਨਹੀਂ ਫਟਕਣ ਦਿੱਤਾ ਇਹ ਸ਼ਲਾਘਾਯੋਗ ਕਦਮ ਹੈ ਅਤੇ ਇੱਕ ਅਹਿਮ ਸਬਕ ਹੈ ਕਿ ਲੋਕਾਂ ਦੇ ਘੋਲ ਮੌਕਾਪ੍ਰਸਤ ਸਿਆਸੀ ਪਾਰਟੀਆਂ ਅਤੇ ਜਾਤਪਾਤੀ ਤੇ ਧਾਰਮਿਕ ਵੰਡੀਆਂ ਪਾਉਣ ਵਾਲੀਆਂ ਸ਼ਕਤੀਆਂ ਨੂੰ ਲਾਂਭੇ ਰੱਖ ਕੇ ਅੱਗੇ ਵਧਾਏ ਜਾ ਸਕਦੇ ਹਨ।
--0--
ਇਸ ਮਾਮਲੇ ਦਾ ਸਿਆਸੀ ਲਾਹਾ ਖੱਟਣ ਲਈ ਪਿੰਡ ਚੰਦਭਾਨ ਪਹੁੰਚੇ ਭਾਜਪਾ ਦੇ ਲੀਡਰ ਐਸ ਆਰ ਲੱਧੜ ਨੂੰ ਉਥੇ ਮੌਜੂਦ ਮਜ਼ਦੂਰਾਂ ਦੇ ਭਾਰੀ ਰੋਹ ਦਾ ਉਸ ਸਮੇਂ ਸਾਹਮਣਾ ਕਰਨਾ ਪਿਆ ਜਦੋਂ ਉਹ ਪੀੜਤ ਮਜ਼ਦੂਰਾਂ ਨੂੰ ਐਕਸ਼ਨ ਕਮੇਟੀ ਤੋਂ ਲਾਂਭੇ ਲਿਜਾ ਕੇ ਪ੍ਰਸ਼ਾਸਨ ਨਾਲ਼ ਗੱਲਬਾਤ ਦੀ ਪੇਸ਼ਕਸ਼ ਕਰ ਰਿਹਾ ਸੀ।
* ਐਕਸ਼ਨ ਕਮੇਟੀ ਵੱਲੋਂ 10 ਫਰਵਰੀ ਨੂੰ ਫਰੀਦਕੋਟ ਵਿਖੇ ਕੀਤੀ ਚਿਤਾਵਨੀ ਰੈਲੀ ਦੌਰਾਨ ਜਦੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਸਿਆਸੀ ਰੋਟੀਆਂ ਸੇਕਣ ਦੇ ਮਨਸ਼ੇ ਨਾਲ ਆਪਣੇ ਲਾਮ ਲਸ਼ਕਰ ਸਮੇਤ ਸਟੇਜ ਤੇ ਚੜ੍ਹਨ ਲੱਗਿਆ ਤਾਂ ਮਜ਼ਦੂਰ ਆਗੂਆਂ ਦੇ ਤਿੱਖੇ ਵਿਰੋਧ ਸਦਕਾ ਉਸ ਨੂੰ ਵਾਪਸ ਮੁੜਨ ਲਈ ਮਜਬੂਰ ਹੋਣਾ ਪਿਆ।
No comments:
Post a Comment