ਸਾਥੀ ਬਲਵੰਤ ਸਿੰਘ ਬਾਘਾ ਪੁਰਾਣਾ ਦੇ ਸ਼ਰਧਾਂਜਲੀ ਸਮਾਗਮ 'ਤੇ ਪੜ੍ਹਿਆ ਗਿਆ ਸ਼ੋਕ ਸੁਨੇਹਾ
ਸਾਥੀ ਬਲਵੰਤ ਸਿੰਘ ਬਾਘਾ ਪੁਰਾਣਾ ਦੇ ਵਿਛੋੜੇ ਨਾਲ ਅਸੀਂ ਡੂੰਘੇ ਦੁੱਖ 'ਚ ਹਾਂ। ਇਹ ਦੁੱਖ ਅਸੀਂ ਸਾਥੀ ਬਲਵੰਤ ਸਿੰਘ ਦੀ ਜਥੇਬੰਦੀ ਅਤੇ ਸਮੁੱਚੀ ਇਨਕਲਾਬੀ ਜਮਹੂਰੀ ਲਹਿਰ ਨਾਲ ਸਾਂਝਾ ਕਰਦੇ ਹਾਂ। ਸਾਥੀ ਬਲਵੰਤ ਸਿੰਘ ਨੇ ਬਹੁਤ ਲੰਮਾ ਅਰਸਾ ਲੋਕਾਂ ਦੀ ਲਹਿਰ 'ਚ ਯੋਗਦਾਨ ਪਾਇਆ। ਲੋਕਾਂ ਦੀ ਲਹਿਰ 'ਚ ਉਹਨਾਂ ਦਾ ਇਹ ਸ਼ਾਨਾ-ਮੱਤਾ ਸਫ਼ਰ ਇਨਕਲਾਬੀ ਚੇਤਨਾ ਵਿਚ ਰੰਗਿਆ ਹੋਇਆ ਸੀ। ਉਹਨਾਂ ਨੇ ਇਨਕਲਾਬੀ ਟਰੇਡ ਯੂਨੀਅਨ ਲੀਹ ਦਾ ਲੜ ਘੁੱਟ ਕੇ ਫੜਿਆ ਹੋਇਆ ਸੀ। ਇਸੇ ਕਰਕੇ ਹੀ ਵੱਖ-ਵੱਖ ਤਬਕਾਤੀ ਜਥੇਬੰਦੀਆਂ 'ਚ ਕੰਮ ਕਰਦਿਆਂ ਹੋਇਆਂ ਵੀ ਉਹਨਾਂ ਨੇ ਇਲਾਕੇ ਅੰਦਰ ਇਨਕਲਾਬੀ ਚੇਤਨਾ ਪਸਾਰੇ ਦੀਆਂ ਸਰਗਰਮੀਆਂ ਵਿੱਚ ਅਹਿਮ ਹਿੱਸਾ ਪਾਇਆ। ਨੌਕਰੀ 'ਚ ਸੇਵਾ ਮੁਕਤੀ ਮਗਰੋਂ ਉਹਨਾਂ ਨੇ ਇਨਕਲਾਬੀ ਤਬਦੀਲੀ ਦੀ ਬੁਨਿਆਦ ਬਣਨ ਵਾਲੇ ਸਭ ਤੋਂ ਜ਼ਿਆਦਾ ਦੱਬੇ ਕੁਚਲਿਆਂ 'ਚੋਂ ਇੱਕ, ਖੇਤ ਮਜ਼ਦੂਰ ਤਬਕੇ ਨੂੰ ਜਾਗਰਿਤ ਤੇ ਜਥੇਬੰਦ ਕਰਨ ਦੇ ਕਾਰਜ 'ਚ ਹਿੱਸਾ ਪਾਉਣ ਦੀ ਚੋਣ ਕੀਤੀ। ਨਵੰਬਰ 1994 'ਚ ਰਾਜੇਆਣਾ ਵਿਖੇ ਜਥੇਬੰਦ ਹੋਈ ਨਕਸਲਵਾੜੀ ਲਹਿਰ ਦੇ ਸ਼ਹੀਦਾਂ ਦੇ ਸਮਾਗਮ, ਫਿਰਕੂ ਤੇ ਹਕੂਮਤੀ ਦਹਿਸ਼ਤਗਰਦੀ ਵਿਰੋਧੀ ਸਰਗਰਮੀਆ, ਲੋਕ ਮੋਰਚਾ ਪੰਜਾਬ ਵੱਲੋਂ ਜਥੇਬੰਦ ਕੀਤੀ ਗਈ ਇਤਿਹਾਸਕ ਇਨਕਲਾਬ ਜ਼ਿੰਦਾਬਾਦ ਰੈਲੀ, ਸ਼ਹੀਦ ਭਗਤ ਸਿੰਘ ਦੀ ਜਨਮ ਸ਼ਤਾਬਦੀ ਮੌਕੇ ਹੋਈ ਬਰਨਾਲੇ ਦੀ ਵਿਸ਼ਾਲ ਜਨਤਕ ਰੈਲੀ ਸਮੇਤ ਅਜਿਹੀਆਂ ਅਨੇਕਾਂ ਮੁਹਿੰਮਾਂ ਹਨ ਜਿਹਨਾਂ ਵਿੱਚ ਸਾਥੀ ਬਲਵੰਤ ਸਿੰਘ ਨੇ ਵਧ ਚੜ੍ਹ ਕੇ ਹਿੱਸਾ ਲਿਆ। ਆਪਣੀ ਇਸੇ ਇਨਕਲਾਬੀ ਚੇਤਨਾ ਕਾਰਨ ਉਹ ਸੁਰਖ਼ ਲੀਹ ਦੇ ਸਰਗਰਮ ਸਹਿਯੋਗੀਆਂ ਵਿੱਚ ਸ਼ੁਮਾਰ ਸਨ। ਉਹ ਖ਼ੁਦ ਸਾਡੀਆਂ ਪ੍ਰਕਾਸ਼ਨਾਵਾਂ ਦੇ ਪਾਠਕ ਸਨ ਤੇ ਲਹਿਰ ਦੇ ਹੋਰਨਾਂ ਕਾਰਕੁੰਨਾਂ ਨੂੰ ਪਾਠਕ ਬਣਨ ਲਈ ਪ੍ਰੇਰਦੇ ਸਨ। ਪ੍ਰਕਾਸ਼ਨ ਦੀ ਹਰ ਤਰ੍ਹਾਂ ਦੀ ਸਹਾਇਤਾ ਲਈ ਹਾਜ਼ਰ ਸਨ। ਉਹਨਾਂ ਨੂੰ ਇਹ ਡੂੰਘਾ ਅਹਿਸਾਸ ਸੀ ਕਿ ਸੰਘਰਸ਼ਸ਼ੀਲ ਲੋਕ ਲਹਿਰ ਦੀ ਮਜ਼ਬੂਤੀ ਲਈ ਇਨਕਲਾਬੀ ਚੇਤਨਾ ਦਾ ਸੰਚਾਰ ਕਿੰਨਾ ਜ਼ਿਆਦਾ ਮਹੱਤਵਪੂਰਨ ਹੈ। ਲੋਕਾਂ ਦੀ ਲਹਿਰ 'ਚ ਪਾਏ ਅਜਿਹੇ ਯੋਗਦਾਨ ਲਈ ਉਹ ਸਾਨੂੰ ਸਦਾ ਯਾਦ ਰਹਿਣਗੇ। ਆਓ ਉਹਨਾਂ ਦੇ ਵਿਛੋੜੇ ਨਾਲ ਪਏ ਘਾਟੇ ਨੂੰ ਪੂਰਨ ਲਈ ਹੋਰ ਵਧੇਰੇ ਸ਼ਕਤੀ, ਧੜੱਲੇ ਤੇ ਸਮਰਪਣ ਨਾਲ ਇਨਕਲਾਬੀ ਕਾਰਜਾਂ 'ਚ ਜੁਟੀਏ।
-ਸੁਰਖ਼ ਲੀਹ
No comments:
Post a Comment