ਕਾਮਰੇਡ ਜਗਮੋਹਣ ਸਿੰਘ ਨੂੰ ਯਾਦ ਕਰਦਿਆਂ
ਪੰਜਾਬ ਦੇ ਪੁਰਾਣੇ ਕਮਿਊਨਿਸਟ ਇਨਕਲਾਬੀ ਕਾਮਰੇਡ ਜਗਮੋਹਣ ਸਿੰਘ ਨੇ 5 ਜਨਵਰੀ ਨੂੰ ਕਸ਼ਟਦਾਇਕ ਬਿਮਾਰੀ ਨਾਲ ਸੰਖੇਪ ਲੜਾਈ ਤੋਂ ਬਾਅਦ ਹਸਪਤਾਲ ਵਿੱਚ ਆਖਰੀ ਸਾਹ ਲਏ। ਓਹਨਾਂ ਦੇ ਅੰਤਮ ਸੰਸਕਾਰ ਲਈ ਕਮਿਊਨਿਸਟ ਇਨਕਲਾਬੀ ਪ੍ਰਕਾਸ਼ਨ ਕੇਂਦਰ, ਸੁਰਖ਼ ਲੀਹ ਦੇ ਸੈਂਕੜੇ ਪਾਠਕ ਅਤੇ ਸਮਰਥਕ ਬਠਿੰਡਾ ਵਿਖੇ ਇਕੱਠੇ ਹੋਏ। ਵਿੱਛੜ ਚੁੱਕੀ ਇਨਕਲਾਬੀ ਸਖਸ਼ੀਅਤ ਨੂੰ ਮੌਜੂਦ ਸਮੂਹ ਲੋਕਾਂ ਵੱਲੋਂ ਫੁੱਲਾਂ ਲੱਦੀ ਸ਼ਰਧਾਂਜਲੀ ਦੇ ਕੇ ਅਤੇ ਹਵਾ ’ਚ ਲਹਿਰਾਉਂਦੇ ਮੁੱਕਿਆਂ ਨਾਲ ਸਲਾਮੀ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਦੀ ਫੁੱਲਾਂ ਲੱਦੀ ਅਤੇ ਲਾਲ ਝੰਡੇ ਵਿੱਚ ਲਪੇਟੀ ਦੇਹ ਨੂੰ ਇਨਕਲਾਬੀ ਨਾਅਰਿਆਂ ਰਾਹੀਂ ਪ੍ਰਗਟ ਹੋ ਰਹੀਆਂ ਭਾਵਨਾਵਾਂ ਸੰਗ ਸ਼ਮਸ਼ਾਨਘਾਟ ਵਿੱਚ ਲਿਜਾਇਆ ਗਿਆ। ਕਮਿਊਨਿਸਟ ਇਨਕਲਾਬੀ ਕੈਂਪ, ਇਨਕਲਾਬੀ ਜਨਤਕ ਲਹਿਰ ਅਤੇ ਜਮਹੂਰੀ ਹੱਕਾਂ ਦੀ ਲਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਮਰਹੂਮ ਇਨਕਲਾਬੀ ਪ੍ਰਤੀ ਆਪਣੀ ਸ਼ਰਧਾ ਅਤੇ ਸਤਿਕਾਰ ਦੀ ਭਾਵਨਾ ਪ੍ਰਗਟ ਕੀਤੀ। ਕਾਮਰੇਡ ਜਗਮੋਹਣ ਸਿੰਘ ਕਮਿਊਨਿਸਟ ਇਨਕਲਾਬੀ ਲਹਿਰ ਦੇ ਸੰਪਰਕ ਵਿਚ ਆਪਣੇ ਵਿਦਿਆਰਥੀ ਜੀਵਨ ਦੌਰਾਨ ਉਦੋਂ ਆਏ ਜਦੋਂ ਉਹ ਰਾਜਿੰਦਰਾ ਕਾਲਜ ਪਟਿਆਲਾ ਵਿੱਚ ਐਮ.ਬੀ.ਬੀ.ਐਸ. ਦੀ ਡਿਗਰੀ ਕਰ ਰਹੇ ਸਨ। ਸੱਤਰਵਿਆਂ ਦੇ ਸ਼ੁਰੂਆਤੀ ਸਾਲਾਂ ਦੌਰਾਨ ਉਹਨਾਂ ਦੀ ਇਨਕਲਾਬੀ ਜੀਵਨ-ਦਿਸ਼ਾ ਨੂੰ ਢਾਲਣ ਵਿੱਚ ਜਗਜੀਤ ਸਿੰਘ ਸੋਹਲ, ਦਇਆ ਸਿੰਘ, ਠਾਣਾ ਸਿੰਘ ਅਤੇ ਮੁਖਤਿਆਰ ਸਿੰਘ ਪੂਹਲਾ ਵਰਗੇ ਕਮਿਊਨਿਸਟ ਇਨਕਲਾਬੀਆਂ ਨੇ ਯੋਗਦਾਨ ਪਾਇਆ। ਕਮਿਊਨਿਸਟ ਇਨਕਲਾਬੀਆਂ ਨਾਲ ਬਹਿਸ-ਵਿਚਾਰ ਦੇ ਅਮਲ ਰਾਹੀਂ, ਉਹ ਛੇਤੀ ਹੀ ਇਨਕਲਾਬੀ ਜਨਤਕ ਲੀਹ ਦਾ ਅਭਿਆਸ ਕਰ ਰਹੇ ਕਮਿਊਨਿਸਟ ਇਨਕਲਾਬੀਆਂ ਦੀ ਸਹੀ ਧਾਰਾ ਨੂੰ ਪਛਾਣਨ ਅਤੇ ਚੁਣਨ ਦੇ ਯੋਗ ਹੋ ਗਏ। "ਮਹਾਨ ਮੋਗਾ ਸੰਘਰਸ਼" ਵਜੋਂ ਜਾਣੇ ਜਾਂਦੇ 1972 ਦੇ ਇਤਿਹਾਸਕ ਵਿਦਿਆਰਥੀ ਸੰਘਰਸ਼ ਦੌਰਾਨ ਖਾੜਕੂ ਸੰਘਰਸ਼ ਕਾਰਵਾਈਆਂ ਵਿੱਚ ਉਹਨਾਂ ਉਤਸ਼ਾਹ ਨਾਲ ਹਿੱਸਾ ਲਿਆ।ਇੱਕ ਐਮਬੀਬੀਐਸ ਡਾਕਟਰ ਵਜੋਂ ਨੌਕਰੀ ਦੇ ਬਹੁਤ ਥੋੜੇ ਅਰਸੇ ਤੋਂ ਬਾਅਦ, ਉਹਨਾਂ ਪੇਸ਼ੇਵਰ ਇਨਕਲਾਬੀ ਜੀਵਨ ਅਪਣਾ ਲਿਆ ਸੀ। ਡਾਕਟਰੀ ਵਿਗਿਆਨ ਦੇ ਆਪਣੇ ਗਿਆਨ ਨੂੰ ਵੀ ਉਹਨਾਂ ਇਨਕਲਾਬੀ ਲਹਿਰ ਦੀ ਸੇਵਾ ਵਿੱਚ ਸਮਰਪਿਤ ਕੀਤਾ। ਸਾਥੀ ਕਮਿਊਨਿਸਟ ਇਨਕਲਾਬੀ ਕਾਰਕੁਨਾਂ, ਜਨਤਕ ਜਥੇਬੰਦੀਆਂ ਦੇ ਕਾਰਕੁਨਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਸਿਹਤ ਸੰਭਾਲ ਅਤੇ ਗੌਰ-ਫਿਕਰ ਰੱਖਣ ਦੀਆਂ ਲੋੜਾਂ ਨੂੰ ਉਹਨਾਂ ਨੇ ਸਦਾ ਹੁੰਗਾਰਾ ਦਿੱਤਾ। ਨਾ ਸਿਰਫ਼ ਉਹ ਸਾਥੀ ਕਾਮਰੇਡਾਂ ਨਾਲ ਇਲਾਜ ਵਾਸਤੇ ਹਸਪਤਾਲਾਂ ਵਿੱਚ ਜਾਣ ਲਈ ਹਮੇਸ਼ਾ ਤਿਆਰ ਰਹਿੰਦੇ ਸਨ, ਸਗੋਂ ਉਹਨਾਂ ਨੇ ਇਲਾਜ ਦੌਰਾਨ ਕਾਮਰੇਡਾਂ ਦੀ ਸਾਂਭ-ਸੰਭਾਲ (Nursing) ਦੀਆਂ ਜ਼ਿੰਮੇਵਾਰੀਆਂ ਵੀ ਓਟੀਆਂ।ਸਿਹਤ ਸੰਭਾਲ ਦੇ ਖੇਤਰ ਵਿੱਚ ਸਮਾਜਵਾਦ ਦੀਆਂ ਪ੍ਰਾਪਤੀਆਂ ਨੇ ਕਾਮਰੇਡ ਜਗਮੋਹਣ ਸਿੰਘ ਨੂੰ ਇੱਕ ਅਜਿਹੇ ਉਤਸ਼ਾਹਜਨਕ ਪ੍ਰਮਾਣ ਵਜੋਂ ਵਿਸ਼ੇਸ਼ ਤੌਰ 'ਤੇ ਖਿੱਚ ਪਾਈ ਜਿਹੜਾ ਇਸਦੇ ਉੱਤਮ ਮਨੁੱਖੀ ਤੱਤ ਨੂੰ ਦਰਸਾਉਂਦਾ ਸੀ। ਇੱਕ ਇਨਕਲਾਬੀ ਪੱਤਰਕਾਰ ਵਜੋਂ ਉਹਨਾਂ ਨੇ “ਸੁਰਖ ਲੀਹ” ਦੇ ਵਿਸ਼ੇਸ਼ ਕਾਲਮ “ਮਨੁੱਖੀ ਸਿਹਤ ਅਤੇ ਸਮਾਜਵਾਦ” ਲਈ ਕਈ ਲਿਖਤਾਂ ਲਿਖੀਆਂ ਅਤੇ ਕਈਆਂ ਦਾ ਅਨੁਵਾਦ ਕੀਤਾ। “ਜ਼ਫ਼ਰਨਾਮਾ”, “ਜਨਤਕ ਲੀਹ” ਅਤੇ “ਸੁਰਖ਼ ਲੀਹ” ਦੇ ਕਾਲਮਾਂ ਲਈ ਲਿਖਦਿਆਂ ਮਨੁੱਖੀ ਸਿਹਤ ਅਤੇ ਸਮਾਜਿਕ ਪ੍ਰਬੰਧਾਂ ਦਾ ਆਪਸੀ ਸਬੰਧ ਉਹਨਾਂ ਦਾ ਚੋਣਵਾਂ ਵਿਸ਼ਾ ਰਿਹਾ।ਕਮਿਊਨਿਸਟ ਇਨਕਲਾਬੀ ਲਹਿਰ ਦੇ ਅਹਿਮ ਮੌਕਿਆਂ, ਰੁਝਾਨਾਂ ਅਤੇ ਮੋੜਾਂ-ਘੋੜਾਂ ਸਮੇਂ ਕਾਮਰੇਡ ਜਗਮੋਹਣ ਸਿੰਘ ਹਮੇਸ਼ਾ ਸਹੀ ਰੁਝਾਨਾਂ ਦੀ ਸਫ਼ਾਂ ਵਿੱਚ ਖੜ੍ਹੇ ਰਹੇ। “ਤਿੰਨ ਸੰਸਾਰਾਂ” ਦੇ ਬਦਨਾਮ ਸਿਧਾਂਤ ਸਬੰਧੀ ਕੌਮਾਂਤਰੀ ਵਿਵਾਦ ਸਮੇਂ ਉਹਨਾਂ ਨੇ ਹਰਭਜਨ ਸੋਹੀ ਹੁਰਾਂ ਦੇ ਦਸਤਾਵੇਜ਼ "ਮਾਓ-ਜ਼ੇ-ਤੁੰਗ ਵਿਚਾਰਧਾਰਾ ਦੀ ਰਾਖੀ ਕਰੋ" ਦਾ ਸਮਰਥਨ ਕੀਤਾ। ਉਹਨਾਂ ਇਨਕਲਾਬੀ ਸਫ਼ਾਂ ਤੇ ਘੇਰੇ ਵਿੱਚ ਸਹੀ ਪੁਜੀਸ਼ਨਾਂ ਤੇ ਪੈਂਤੜਿਆਂ ਦਾ ਪ੍ਰਚਾਰ-ਪ੍ਰਸਾਰ ਕਰਨ ਲਈ ਸੁਰਖ ਲੀਹ ਪ੍ਰਕਾਸ਼ਨ ਦੇ ਸਾਹਿਤ ਦੀ ਛਪਾਈ ਅਤੇ ਵੰਡ ਸਬੰਧੀ ਕੰਮਾਂ ਦਾ ਪ੍ਰਬੰਧ ਕਰਨ ਵਿੱਚ ਹੱਥ ਵੰਡਾਇਆ।ਆਪਣੇ ਦਹਾਕਿਆਂ ਲੰਮੇ ਇਨਕਲਾਬੀ ਜੀਵਨ ਦੌਰਾਨ, ਕਾਮਰੇਡ ਜਗਮੋਹਣ ਨੇ ਪੰਜਾਬ ਵਿਚ, ਸਰਗਰਮੀ ਦੇ ਵੱਖੋ-ਵੱਖਰੇ ਖੇਤਰਾਂ ਅਤੇ ਵੱਖੋ ਵੱਖਰੇ ਇਲਾਕਿਆਂ ਵਿੱਚ, ਕਮਿਊਨਿਸਟ ਇਨਕਲਾਬੀ ਲਹਿਰ ਦੀ ਸੇਵਾ ਕੀਤੀ। ਉਹਨਾਂ ਵੱਲੋਂ ਪੇਸ਼ੇਵਰ ਇਨਕਲਾਬੀ ਵਜੋਂ ਆਪਣਾ ਜੀਵਨ ਚੁਣਨ ਦੀ ਉਦਾਹਰਣ ਨੂੰ ਇਨਕਲਾਬੀ ਲਹਿਰ ਦੇ ਸਮਰਥਕਾਂ ਵਿੱਚ, ਖਾਸ ਤੌਰ 'ਤੇ ਡਾਕਟਰੀ ਪੇਸ਼ੇਵਰਾਂ ਵਿੱਚ, ਰਸ਼ਕ ਭਰੇ ਅਹਿਸਾਸ ਨਾਲ ਦੇਖਿਆ ਜਾਂਦਾ ਸੀ। ਕਾਮਰੇਡ ਜਗਮੋਹਣ ਦੀ ਯਾਦ ਨੂੰ ਸਿਜਦਾ ਕਰਨ ਲਈ ਅਤੇ ਲੋਕਾਂ ਦੇ ਕਾਜ ਲਈ ਉਨ੍ਹਾਂ ਦੇ ਯੋਗਦਾਨ ਨੂੰ ਉਭਾਰਨ ਲਈ ਜਨਵਰੀ ਦੇ ਅੱਧ ਵਿੱਚ ਇੱਕ ਸਮਾਗਮ ਜਥੇਬੰਦ ਕੀਤਾ ਜਾ ਰਿਹਾ ਹੈ। ਸਹੀ ਮਿਤੀ ਅਤੇ ਸਥਾਨ ਦਾ ਐਲਾਨ ਕੱਲ੍ਹ ਕੀਤਾ ਜਾਵੇਗਾ। ਕਾਮਰੇਡ ਜਗਮੋਹਣ ਨੂੰ ਲਾਲ ਸਲਾਮ ! ਲੋਕ ਇਨਕਲਾਬ ਦਾ ਕਾਰਜ ਜ਼ਿੰਦਾਬਾਦ!
-ਜਸਪਾਲ ਜੱਸੀ
6 ਜਨਵਰੀ, 2025
No comments:
Post a Comment