Thursday, March 6, 2025

ਇਜ਼ਰਾਇਲ -ਹਮਾਸ ਜੰਗਬੰਦੀ...


 ਇਜ਼ਰਾਇਲ -ਹਮਾਸ ਜੰਗਬੰਦੀ...

ਸਿਰ ਉੱਚਾ ਕਰੀ ਖੜ੍ਹਾ ਫ਼ਲਸਤੀਨ
ਨਮੋਸ਼ੀ 'ਚ ਇਜ਼ਰਾਇਲੀ ਰਾਜ  

ਬੀਤੇ ਦਿਨੀਂ ਇਜ਼ਰਾਇਲ ਨੂੰ ਹਮਾਸ ਨਾਲ ਇੱਕ ਆਰਜੀ ਜੰਗਬੰਦੀ ਸਮਝੌਤਾ ਕਰਨ ਲਈ ਮਜਬੂਰ ਹੋਣਾ ਪਿਆ ਹੈ। 19  ਜਨਵਰੀ ਤੋਂ ਲਾਗੂ ਹੋਏ ਇਸ ਸਮਝੌਤੇ ਨਾਲ ਇਕ ਵਾਰ ਪਿਛਲੇ ਸਵਾ ਸਾਲ ਤੋਂ ਭਿਆਨਕ ਜੰਗ, ਮੁਕੰਮਲ ਘੇਰਾ ਬੰਦੀ ਅਤੇ ਸਿਰੇ ਦੀ ਭੁੱਖਮਰੀ ਦਾ ਸ਼ਿਕਾਰ ਬਣੇ ਫ਼ਲਸਤੀਨ ਦੇ ਲੋਕਾਂ ਨੂੰ ਬੇਹੱਦ ਲੋੜੀਂਦੀ ਰਾਹਤ ਮਿਲੀ ਹੈ। ਹੁਣ ਤੱਕ ਇਜਰਾਇਲ ਅਜਿਹੇ ਕਿਸੇ ਵੀ ਸਮਝੌਤੇ ਤੋਂ ਦੋ ਟੁੱਕ ਇਨਕਾਰ ਕਰਦਾ ਆ ਰਿਹਾ ਸੀ ਅਤੇ ਹਮਾਸ ਦੇ ਮੁਕੰਮਲ ਖਾਤਮੇ ਦੇ ਟੀਚੇ ਨੂੰ ਵਾਰ-ਵਾਰ ਦੁਹਰਾ ਰਿਹਾ ਸੀ। ਇਹ ਬਿਨਾਂ ਕਿਸੇ ਸਮਝੌਤੇ ਦੇ ਹੀ ਗਾਜ਼ਾ ਦੇ ਚੱਪੇ ਚੱਪੇ ਨੂੰ ਤਬਾਹ ਕਰਕੇ ਇਜਰਾਇਲੀ ਬੰਧਕਾਂ ਨੂੰ ਛੁਡਾ ਲੈਣ ਦਾ ਭਰਮ ਪਾਲ ਰਿਹਾ ਸੀ। ਪਰ ਹੁਣ ਉਸਨੂੰ ਆਪਣੇ ਇਸ ਹੈਂਕੜੀ ਸਟੈਂਡ ਤੋਂ ਪਿੱਛੇ ਮੁੜਨਾ ਪਿਆ ਹੈ। 

       ਇਹ ਸਮਝੌਤਾ ਕਤਰ,ਮਿਸਰ ਅਤੇ ਅਮਰੀਕਾ ਦੀ ਵਿਚੋਲਗੀ ਨਾਲ ਸਿਰੇ ਚੜ੍ਹਿਆ ਹੈ ਅਤੇ ਇਸ ਨੂੰ ਟਰੰਪ ਅਤੇ ਬਿਡੇਨ ਦੋਹਾਂ ਦੀਆਂ ਟੀਮਾਂ ਨਾਲ ਸਾਂਝੇ ਤੌਰ 'ਤੇ ਤਿਆਰ ਕੀਤਾ ਗਿਆ ਹੈ। ਇੰਟਰਨੈਸ਼ਨਲ ਕ੍ਰਾਈਸਿਸ ਗਰੁੱਪ ਦੇ ਸੋਮਿਆਂ ਅਨੁਸਾਰ ਸਮਝੌਤੇ ਦੀ ਇਹ ਤਜਵੀਜ਼ ਲਗਭਗ ਪਿਛਲੇ ਸਾਲ ਮਈ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਵੱਲੋਂ ਪੇਸ਼ ਕੀਤੀ ਤਜਵੀਜ਼ ਹੀ ਹੈ, ਜੋ ਉਦੋਂ ਇਜ਼ਰਾਇਲ ਵੱਲੋਂ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਇਸ ਤਜਵੀਜ਼ ਅਨੁਸਾਰ ਸਮਝੌਤਾ ਤਿੰਨ ਪੜਾਵਾਂ ਵਿੱਚ ਸਿਰੇ ਚੜ੍ਹਨਾ ਹੈ । ਇਸ ਦਾ ਪਹਿਲਾ ਪੜਾਅ 42 ਦਿਨਾਂ ਦਾ ਹੈ, ਜਿਸ ਵਿੱਚ ਦੋਨਾਂ ਧਿਰਾਂ ਵੱਲੋਂ ਹਮਲੇ ਰੋਕੇ ਜਾਣਾ,ਕੁਝ ਇਜ਼ਰਾਇਲੀ ਬੰਧਕਾਂ ਅਤੇ ਫ਼ਲਸਤੀਨੀ ਕੈਦੀਆਂ ਦਾ ਵਟਾਂਦਰਾ ਕਰਨਾ, ਗਾਜਾ ਦੇ ਵੱਡੇ ਹਿੱਸੇ ਵਿੱਚੋਂ ਇਜ਼ਰਾਇਲੀ ਫੌਜ ਦਾ ਪਿੱਛੇ ਹਟਣਾ, ਉਜੜੇ ਫ਼ਲਸਤੀਨੀਆਂ ਨੂੰ ਉੱਤਰ ਵੱਲ ਆਪਣੇ ਘਰਾਂ ਨੂੰ ਪਰਤਣ ਦੀ ਇਜਾਜ਼ਤ ਦੇਣਾ ਅਤੇ ਰੋਜ਼ਾਨਾ ਰਸਦ ਦੇ 600 ਟਰੱਕਾਂ ਨੂੰ ਗਾਜ਼ਾ ਵਿੱਚ ਆਉਣ ਦੀ ਇਜਾਜ਼ਤ ਦੇਣਾ ਸ਼ਾਮਿਲ ਹੈ। ਇਸ ਪੜਾਅ ਦੌਰਾਨ 33 ਇਜ਼ਰਾਇਲੀ ਬੰਧਕਾਂ (ਬੱਚੇ, ਬਿਮਾਰ, ਔਰਤਾਂ ਅਤੇ ਬਜ਼ੁਰਗ)ਅਤੇ 2000 ਫ਼ਲਸਤੀਨੀ ਕੈਦੀਆਂ ਦਾ ਵਟਾਂਦਰਾ ਕੀਤੇ ਜਾਣ ਦੀ ਆਸ ਹੈ। ਮਿਸਰ ਨਾਲ ਲੱਗਦਾ ਰਾਫਾਹ ਬਾਰਡਰ, ਜਿਸ ਤੇ ਮਈ ਮਹੀਨੇ ਤੋਂ ਇਜ਼ਰਾਇਲ ਦਾ ਕਬਜ਼ਾ ਹੈ, ਉਸਨੂੰ ਵੀ ਇਸ ਪੜਾਅ ਦੌਰਾਨ ਕੌਮਾਂਤਰੀ ਨਿਗਰਾਨੀ ਹੇਠ ਮੁੜ ਖੋਲ੍ਹੇ ਜਾਣ ਦੀ ਤਜਵੀਜ਼ ਹੈ। ਇਸ ਪੜਾਅ ਵਿੱਚ ਇੱਕ ਵਿਵਾਦਤ ਨੁਕਤਾ ਗਾਜਾ-ਮਿਸਰ ਬਾਰਡਰ ਦੇ ਨਾਲ ਨਾਲ ਜਾਂਦੀ ਇੱਕ ਸੌੜੀ ਪੱਟੀ ਜਿਸ ਨੂੰ ਫਿਲਾਡੇਲਫੀ ਲਾਂਘਾ ਕਹਿੰਦੇ ਹਨ, ਉੱਤੋਂ ਇਜਰਾਇਲੀ ਕੰਟਰੋਲ ਛੱਡਣ ਦਾ ਹੈ ਜਿਸ ਤੋਂ ਨੇਤਨਯਾਹੂ ਅਜੇ ਤੱਕ ਕੋਰੀ ਨਾਂਹ ਕਰਦਾ ਆਇਆ ਹੈ।

      ਸਮਝੌਤੇ ਦੇ ਦੂਜੇ ਪੜਾਅ ਅੰਦਰ ਬਾਕੀ ਰਹਿੰਦੇ ਮਰਦ ਬੰਧਕ ਅਤੇ ਹੋਰ ਕੈਦੀ ਛੱਡੇ ਜਾਣ, ਇਜ਼ਰਾਇਲੀ ਫੌਜ ਦੀ ਮੁਕੰਮਲ ਵਾਪਸੀ ਅਤੇ ਸਥਾਈ ਸ਼ਾਂਤੀ ਯਕੀਨੀ ਬਣਾਉਣ ਦੇ ਸੁਝਾਅ ਹਨ। ਇਹ ਪੜਾਅ ਪਹਿਲੇ ਪੜਾਅ ਦੇ 16ਵੇਂ ਦਿਨ ਤੋਂ ਸ਼ੁਰੂ ਹੋਣਾ ਹੈ।

       ਜੇਕਰ ਪਹਿਲੇ ਦੋ ਪੜਾਅ ਸੁੱਖੀ ਸਾਂਦੀ ਪੂਰੇ ਹੁੰਦੇ ਹਨ ਤਾਂ ਤੀਜੇ ਪੜਾਅ ਦੌਰਾਨ ਹਮਾਸ ਵੱਲੋਂ ਮਾਰੇ ਗਏ ਬੰਧਕਾਂ ਦੀਆਂ ਲਾਸ਼ਾਂ ਇਜਰਾਇਲ ਨੂੰ ਸੌਂਪਣ ਅਤੇ ਕਤਰ, ਮਿਸਰ ਅਤੇ ਸੰਯੁਕਤ ਰਾਸ਼ਟਰ ਦੀ ਨਿਗਰਾਨੀ ਹੇਠ ਗਾਜ਼ਾ ਪੱਟੀ ਦੀ  ਮੁੜ-ਉਸਾਰੀ ਸ਼ੁਰੂ ਕਰਨ ਦੇ ਸੁਝਾਅ ਹਨ।

      ਪਹਿਲਾਂ ਇਸ ਸਮਝੌਤੇ ਦਾ ਖਰੜਾ, ਜਦੋਂ 27 ਮਈ 2024 ਨੂੰ ਅਮਰੀਕਾ ਵੱਲੋਂ ਪੇਸ਼ ਕੀਤਾ ਗਿਆ ਸੀ ਤਾਂ ਇਜ਼ਰਾਇਲੀ ਕੈਬਨਿਟ ਨੇ ਇਸਨੂੰ ਮਾਨਤਾ ਦੇ ਦਿੱਤੀ ਸੀ। ਜੁਲਾਈ ਵਿੱਚ ਇਸ ਖਰੜੇ ਨੂੰ ਹਮਾਸ ਨੇ ਵੀ ਪ੍ਰਵਾਨ ਕਰ ਲਿਆ ਸੀ। ਪਰ ਬਾਅਦ ਵਿੱਚ ਸੱਜੇ- ਪੱਖੀਆਂ ਦੇ ਦਬਾਅ ਹੇਠ ਨੇਤਨਯਾਹੂ ਵੱਲੋਂ ਇਸ ਨੂੰ ਰੱਦ ਕਰ ਦਿੱਤਾ ਗਿਆ। ਇਸ ਸਮਝੌਤੇ ਨੂੰ ਤਾਰਪੀਡੋ ਕਰਨ ਲਈ ਉਸ ਵੱਲੋਂ ਫਿਲਾਡੈਲਫੀ ਲਾਂਘੇ ਦਾ ਕਬਜ਼ਾ ਨਾ ਛੱਡਣ, ਇਜ਼ਰਾਈਲ ਗਾਜ਼ਾ ਬਾਰਡਰ ਦੇ ਨਾਲ ਨਾਲ ਗਾਜ਼ਾ ਪੱਟੀ ਅੰਦਰ ਡੇਢ ਕਿਲੋਮੀਟਰ ਦੀ ਵਲਗਣ ਉੱਤੇ ਇਜਰਾਇਲੀ ਕਬਜ਼ਾ ਕਾਇਮ ਰੱਖਣ, ਘਰਾਂ ਨੂੰ ਪਰਤ ਰਹੇ ਫ਼ਲਸਤੀਨੀਆਂ ਕੋਲ ਕਿਸੇ ਕਿਸਮ ਦਾ ਹਥਿਆਰ ਨਾ ਹੋਣ,ਇਜ਼ਰਾਇਲੀ ਜੇਲ੍ਹਾਂ ਚੋਂ ਛੱਡੇ ਗਏ ਸਿਆਸੀ ਕੈਦੀਆਂ ਨੂੰ ਰਿਹਾਈ ਤੋਂ ਬਾਅਦ ਗਾਜ਼ਾ ਦੀ ਥਾਂ ਕਿਸੇ ਹੋਰ ਦੇਸ਼ ਭੇਜਣ ਵਰਗੀਆਂ ਅਨੇਕਾਂ ਸ਼ਰਤਾਂ ਮੜ੍ਹ ਦਿੱਤੀਆਂ ਗਈਆਂ। ਉਸ ਵੇਲੇ ਬੰਧਕਾਂ ਦੇ ਪਰਿਵਾਰਾਂ ਨੇ ਨੇਤਨਯਾਹੂ ਉੱਤੇ ਆਪਣੇ ਸਿਆਸੀ ਫਾਇਦੇ ਕਰਕੇ ਸਮਝੌਤਾ ਸਿਰੇ ਨਾ ਚੜ੍ਹਨ ਦੇਣ ਦੇ ਦੋਸ਼ ਲਾਏ ਸਨ ਅਤੇ ਇਜ਼ਰਾਇਲੀ ਪਾਰਲੀਮੈਂਟ ਅੱਗੇ ਕਈ ਦਿਨ-ਰਾਤ ਲਗਾਤਾਰ ਧਰਨਾ ਦਿੱਤਾ ਸੀ। ਉਸ ਸਮੇਂ ਨੇਤਨਯਾਹੂ ਭਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਬੁਰੀ ਤਰ੍ਹਾਂ ਘਿਰਿਆ ਹੋਇਆ ਸੀ। ਨਾਲ ਹੀ ਸੱਜੇ ਪੱਖੀਆਂ ਵੱਲੋਂ ਜੰਗ ਬੰਦ ਕਰ ਦੇਣ ਦੀ ਸੂਰਤ ਵਿੱਚ ਸਰਕਾਰ ਵਿੱਚੋਂ ਆਪਣਾ ਸਮਰਥਨ ਵਾਪਸ ਲੈ ਲੈਣ ਦੀ ਧਮਕੀ ਦਿੱਤੀ ਗਈ ਸੀ। ਇਸ ਸਥਿੱਤੀ ਤੋਂ ਬਚਣ ਲਈ ਉਸ ਨੂੰ ਜੰਗ ਦਾ ਜਾਰੀ ਰਹਿਣਾ ਹੀ ਪੁੱਗਦਾ ਸੀ। ਇਜਰਾਇਲੀ ਬੰਧਕਾਂ ਦੇ ਪਰਿਵਾਰਾਂ ਅਤੇ ਉਹਨਾਂ ਦੀ ਹਮਾਇਤ ਵਿੱਚ ਜੁਟੇ ਲੋਕਾਂ ਨੇ ਤਾਂ ਨੇਤਨਯਾਹੂ ਤੋਂ ਆਪਣੇ ਕੋਟ ਤੋਂ ਪੀਲਾ ਰੀਬਨ ਲਾਹ ਦੇਣ ਦੀ ਮੰਗ ਵੀ ਰੱਖੀ ਸੀ ਜੋ ਕਿ ਬੰਧਕਾਂ ਨੂੰ ਸਮਰਥਨ ਦੀ ਨਿਸ਼ਾਨੀ ਸੀ। ਇਸ ਤੋਂ ਬਾਅਦ ਜਦੋਂ ਅਗਲੇ ਦਿਨਾਂ ਵਿੱਚ ਗਾਜ਼ਾ ਵਿੱਚੋਂ ਛੇ ਮਾਰੇ ਗਏ ਬੰਧਕਾਂ ਦੀਆਂ ਲਾਸ਼ਾਂ ਮਿਲੀਆਂ ਤਾਂ ਉਹਨਾਂ ਵਿੱਚ ਘੱਟੋ ਘੱਟ ਤਿੰਨ ਅਜਿਹੇ ਸਨ ਜਿਹਨਾਂ ਨੂੰ ਜੇਕਰ ਨੇਤਨਯਾਹੂ ਵੱਲੋਂ ਸਮਝੌਤਾ ਰੱਦ ਨਾ ਕੀਤਾ ਜਾਂਦਾ ਤਾਂ ਪਹਿਲੇ ਗੇੜ ਵਿੱਚ ਹੀ ਵਾਪਸ ਸੌਂਪਿਆ ਜਾਣਾ ਸੀ। ਇੰਟਰਨੈਸ਼ਨਲ ਕ੍ਰਾਈਸਿਸ ਗਰੁੱਪ ਦੀ ਰਿਪੋਰਟ ਅਨੁਸਾਰ ਉਸ ਸਮੇਂ ਇਸ ਸਮਝੌਤਾ ਵਾਰਤਾ ਨੂੰ ਨੇਤਨਯਾਹੂ ਵੱਲੋਂ ਇਉਂ ਦੋ ਟੁੱਕ ਰੱਦ ਕਰ ਦੇਣ ਦਾ ਬਿਡੇਨ ਪ੍ਰਸ਼ਾਸਨ ਨੇ ਵੀ ਬੁਰਾ ਮਨਾਇਆ ਸੀ ਹਾਲਾਂਕਿ ਅਮਲੀ ਤੌਰ 'ਤੇ ਉਹਨਾਂ ਨੇ ਅੱਗੇ ਕੋਈ ਕਦਮ ਨਹੀਂ ਲਿਆ ਅਤੇ ਇਜਰਾਇਲ ਨੂੰ ਜੰਗੀ ਸਹਾਇਤਾ ਉਵੇਂ ਜਿਵੇਂ ਜਾਰੀ ਰੱਖੀ।

       ਉਸ ਸਮੇਂ ਤੋਂ ਲੈ ਕੇ ਇਹ ਜੰਗ ਬੰਦ ਕਰਨ ਲਈ ਇਜਰਾਇਲ ਉੱਤੇ ਅੰਦਰੂਨੀ ਅਤੇ ਬਾਹਰੀ ਦਬਾਅ ਵੱਧਦਾ ਹੀ ਗਿਆ ਹੈ।ਦੇਸ਼ ਦੇ ਅੰਦਰ ਬੰਧਕਾਂ ਦੇ ਪਰਿਵਾਰ ਅਤੇ ਹੋਰ ਲੋਕ ਲਗਾਤਾਰ ਰਿਹਾਈ ਦੀ ਮੰਗ ਨੂੰ ਲੈ ਕੇ ਜੋਰਦਾਰ ਰੋਸ ਪ੍ਰਦਰਸ਼ਨ ਕਰਦੇ ਰਹਿ ਰਹੇ ਹਨ ਅਤੇ ਇਹ ਜਨਤਕ ਰੋਸ ਲਗਾਤਾਰ ਵਧ ਰਿਹਾ ਹੈ। ਆਰਥਿਕ ਪੱਖੋਂ ਇਹ ਇਜ਼ਰਾਇਲ ਲਈ ਵੱਡੇ ਵਿੱਤੀ ਦਬਾਅ ਦਾ ਸੋਮਾ ਬਣਿਆ ਹੋਇਆ ਹੈ ਅਤੇ ਇਸ ਦਬਾਅ  ਦਾ ਕੋਈ ਅੰਤ ਨਜ਼ਰ ਨਹੀਂ ਆ ਰਿਹਾ। ਇਸ ਜੰਗ ਰਾਹੀਂ ਉਹਨੂੰ ਆਪਣੇ ਮਿੱਥੇ ਨਿਸ਼ਾਨੇ ਪੂਰੇ ਹੁੰਦੇ ਵੀ ਨਜ਼ਰ ਨਹੀਂ ਆ ਰਹੇ। ਹਮਾਸ ਨੂੰ ਵੱਡੀਆਂ ਸੱਟਾਂ ਮਾਰਨ ਦੇ ਬਾਵਜੂਦ ਉਹ ਇਸਦੀ ਫੌਜੀ ਸਮਰੱਥਾ ਅਤੇ ਹਰਮਨਪਿਆਰਤਾ ਨੂੰ ਤਬਾਹ ਨਹੀਂ ਕਰ ਸਕਿਆ ਹੈ। ਫ਼ਲਸਤੀਨ ਦੇ ਲੋਕਾਂ ਅੰਦਰ ਹਮਾਸ ਦੀ ਮਾਨਤਾ ਉਵੇਂ ਜਿਵੇਂ ਕਾਇਮ ਹੈ। ਬਿਡੇਨ ਪ੍ਰਸ਼ਾਸਨ ਵਿਚਲੇ ਅਮਰੀਕੀ ਰਾਜ ਸਕੱਤਰ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਹਮਾਸ ਨੇ ਚੱਲ ਰਹੀ ਜੰਗ ਦੌਰਾਨ ਆਪਣੇ ਜਿੰਨੇ ਲੜਾਕੇ ਗਵਾਏ ਹਨ, ਉਨੇ ਹੀ ਹੋਰ ਭਰਤੀ ਕਰ ਲਏ ਹਨ।ਹਮਾਸ ਨੇ ਆਪਣੀ ਜਾਰੀ ਰਹਿ ਰਹੀ ਫੌਜੀ ਸਮਰੱਥਾ ਦੇ ਕਈ ਝਲਕਾਰੇ ਦਿਖਾਏ ਹਨ। ਫ਼ਲਸਤੀਨੀ ਕੈਦੀਆਂ ਦੀ ਪਹਿਲੀ ਖੇਪ ਦੀ ਰਿਹਾਈ ਵੇਲੇ ਉਹਨਾਂ ਨੂੰ ਲਿਆ ਰਹੀ ਬੱਸ ਉੱਤੇ ਫ਼ਲਸਤੀਨ ਦੇ ਨਾਲ ਨਾਲ ਹਮਾਸ ਦੇ ਝੰਡੇ ਵੀ ਝੂਲੇ ਹਨ। ਇਜਰਾਇਲੀ ਬੰਧਕਾਂ ਨੂੰ ਰਿਹਾ ਕਰਨ ਵੇਲੇ ਗਾਜ਼ਾ ਸ਼ਹਿਰ ਦੀਆਂ ਸੜਕਾਂ ਉੱਤੇ ਹਮਾਸ ਦੇ ਫੌਜੀ ਵਿੰਗ ਅਲ ਕਾਸਮ ਬ੍ਰਿਗੇਡ ਦੀਆਂ ਟੁਕੜੀਆਂ ਬਕਾਇਦਾ ਤੌਰ ਉੱਤੇ ਤਾਇਨਾਤ ਕੀਤੀਆਂ ਗਈਆਂ ਹਨ। ਇੱਕ ਬਕਾਇਦਾ ਹਕੂਮਤ ਵਜੋਂ ਪੇਸ਼ ਆਉਂਦਿਆਂ ਰਿਹਾਅ ਕੀਤੇ ਗਏ ਬੰਧਕਾਂ ਨੂੰ ਹਮਾਸ ਵੱਲੋਂ ਬਕਾਇਦਾ ਤੌਰ 'ਤੇ  ਰਿਹਾਈ ਦੇ ਸਰਟੀਫਿਕੇਟ ਅਤੇ ਤੋਹਫੇ ਸਮੇਤ ਝੋਲ਼ੇ ਦਿੱਤੇ ਗਏ ਹਨ। ਜਿਵੇਂ ਕਿ ਇਜ਼ਰਾਇਲ ਨੇ ਸੋਚਿਆ ਸੀ ਕਿ ਉਹ ਸਾਰੀਆਂ ਛੁਪਣਗਾਹਾਂ ਤਬਾਹ ਕਰਕੇ ਆਪਣੇ ਕੈਦੀਆਂ ਤੱਕ ਪਹੁੰਚ ਜਾਵੇਗਾ, ਉਸ ਦੀ ਇਹ ਮਨਸ਼ਾ ਵੀ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਫ਼ਲਸਤੀਨੀ ਵਸੋਂ ਦੇ ਆਮ ਸਹਿਯੋਗ ਸਦਕਾ ਇਹ ਬੰਧਕ ਮੁੱਖ ਤੌਰ 'ਤੇ  ਇਜਰਾਇਲੀ ਸੈਨਾਵਾਂ ਦੇ ਆਪਰੇਸ਼ਨਾਂ ਤੋਂ ਬਚੇ ਰਹੇ ਹਨ। ਚਰਚਾ ਹੈ ਕਿ ਇਹਨਾਂ ਕੈਦੀਆਂ ਨੂੰ ਵੱਖੋ-ਵੱਖ ਕਰਕੇ ਆਮ ਪਰਿਵਾਰਾਂ ਵਿੱਚ ਛੁਪਾਇਆ ਗਿਆ ਹੈ। ਇਜਰਾਇਲ ਆਪਣੇ ਸਾਰੇ ਨਿਸ਼ਾਨਿਆਂ ਦੀ ਪੂਰਤੀ ਵਿੱਚ ਅਸਫਲ ਰਿਹਾ ਹੈ।ਕਿਤੇ ਸਕੂਲ, ਕਿਤੇ ਹਸਪਤਾਲ, ਕਿਤੇ ਸ਼ਰਨਾਰਥੀ ਕੈਂਪ, ਕਿਤੇ ਰੈੱਡ ਕ੍ਰਾਸ ਦੇ ਟਿਕਾਣੇ ਉਸ ਨੂੰ ਹਮਾਸ ਦੇ ਲੜਾਕਿਆ ਦੀਆਂ ਛੁਪਣਗਾਹਾਂ ਲੱਗਦੀਆਂ ਰਹੀਆਂ ਹਨ ਅਤੇ ਉਸ ਵੱਲੋਂ ਬਦਹਵਾਸੀ ਵਿੱਚ ਹਸਪਤਾਲਾਂ, ਸਕੂਲਾਂ ,ਕੈਂਪਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਗਏ ਹਨ, ਜਿਸ ਨੇ ਕੌਮਾਂਤਰੀ ਪੱਧਰ ਤੇ ਉਸ ਲਈ ਬੇਹੱਦ ਬਦਨਾਮੀ ਖੱਟੀ ਹੈ। ਇਉਂ ਕਰਦੇ ਹੋਏ ਉਸ ਉੱਤੇ ਕੌਮਾਂਤਰੀ ਦਬਾਅ ਵੀ ਵੱਧਦਾ ਗਿਆ ਹੈ। ਇਜਰਾਇਲ ਦੇ ਮਿੱਤਰ ਦੇਸ਼ਾਂ ਵਿੱਚੋਂ ਵੱਡੇ ਪੱਧਰ ਤੇ ਇਜ਼ਰਾਈਲ ਨੂੰ ਜੰਗੀ ਸਹਾਇਤਾ ਬੰਦ ਕਰਨ ਦੀਆਂ ਆਵਾਜ਼ਾਂ ਉੱਠੀਆਂ ਹਨ ਅਤੇ ਇਹਦੇ ਹਮਾਇਤੀ ਮੁਲਕਾਂ ਨੂੰ ਆਪਣੇ ਦੇਸ਼ਾਂ ਅੰਦਰ ਬੇਹਦ ਦਬਾਅ ਦਾ ਸਾਹਮਣਾ ਕਰਨਾ ਪਿਆ ਹੈ। ਅਮਰੀਕਾ ਅੰਦਰ ਵੱਡੇ ਰੋਸ ਪ੍ਰਦਰਸ਼ਨ ਹੋਏ ਹਨ। ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਯੂਰਪੀ ਦੇਸ਼ਾਂ ਸਮੇਤ ਦੁਨੀਆਂ ਭਰ ਦੇ ਦੇਸ਼ਾਂ ਦੇ ਲੋਕ ਫ਼ਲਸਤੀਨ ਦੇ ਹੱਕ ਵਿੱਚ ਨਿੱਤਰੇ ਹਨ ਅਤੇ ਉਹਨਾਂ ਦੀਆਂ ਸਰਕਾਰਾਂ ਉੱਤੇ ਇਹਨਾਂ ਅੰਦਰੂਨੀ ਆਵਾਜ਼ਾਂ ਦਾ ਦਬਾਅ ਹੈ। ਰਿਪੋਰਟ ਮੁਤਾਬਕ ਟਰੰਪ ਨੇ ਆਪਣੇ ਚੁਣੇ ਜਾਣ ਤੋਂ ਫੌਰੀ ਬਾਅਦ ਅਤੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਸੰਧੀ ਅਮਲ ਵਿੱਚ ਲਿਆਉਣ ਲਈ ਜੋਰ ਪਾਇਆ ਸੀ। ਰਿਪੋਰਟਾਂ ਮੁਤਾਬਕ 11 ਜਨਵਰੀ ਦੀ ਮੀਟਿੰਗ ਵਿੱਚ ਅਮਰੀਕਾ ਦੇ ਮੱਧ ਪੂਰਬ ਵਿਚਲੇ ਰਾਜਦੂਤ ਸਟੀਵ ਵਿਟਕੌਫ ਵੱਲੋਂ ਨੇਤਨਯਾਹੂ ਨੂੰ ਸਾਫ ਸ਼ਬਦਾਂ ਵਿੱਚ ਕਿਹਾ ਗਿਆ ਹੈ ਕਿ ਉਸਨੂੰ ਫੌਰੀ ਸੰਧੀ ਵੱਲ ਕਦਮ ਚੁੱਕਣੇ ਪੈਣੇ ਹਨ।

    ਇਹ ਸੰਧੀ ਇਜਰਾਇਲ ਦੀ ਦੁਰਦਸ਼ਾ ਦੀ ਹੀ ਪ੍ਰਤੀਕ ਹੋ ਨਿਬੜੀ ਹੈ। ਫ਼ਲਸਤੀਨੀ ਲੜਾਕਿਆਂ ਵੱਲੋਂ ਅੰਜਾਮ ਦਿੱਤਾ ਗਿਆ 7 ਅਕਤੂਬਰ ਦਾ ਐਕਸ਼ਨ ਅਸਲ ਵਿੱਚ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰਨ ਦੇ ਨਾਲ ਨਾਲ ਇਜ਼ਰਾਇਲੀਆਂ ਨੂੰ ਬੰਧਕ ਬਣਾ ਕੇ ਉਹਨਾਂ ਰਾਹੀਂ ਫ਼ਲਸਤੀਨੀ ਕੈਦੀਆਂ ਦਾ ਵਟਾਂਦਰਾ ਸੰਭਵ ਬਣਾਉਣ ਲਈ ਹੀ ਸੀ। ਇਜ਼ਰਾਇਲ ਨੂੰ ਆਖਿਰਕਾਰ ਇਸੇ ਉੱਤੇ ਆਉਣਾ ਪਿਆ ਹੈ। ਉਹ ਆਪਣੇ ਬੰਧਕਾਂ ਨੂੰ ਛੁਡਾਉਣ, ਹਮਾਸ ਨੂੰ ਤਹਿਸ ਨਹਿਸ ਕਰਨ ਅਤੇ ਗਾਜ਼ਾ ਉੱਤੇ ਮੁਕੰਮਲ ਕੰਟਰੋਲ ਸਥਾਪਿਤ ਕਰਨ ਵਿੱਚ ਹਾਲੇ ਤੱਕ ਅਸਫਲ ਨਿੱਬੜਿਆ ਹੈ। ਆਪਣੀ ਪੌਣੇ ਲੱਖ ਦੇ ਕਰੀਬ ਵਸੋਂ ਨੂੰ ਵਾਰ ਕੇ, ਆਪਣੇ ਦੇਸ਼ ਦੀਆਂ 80 ਫੀਸਦੀ ਇਮਾਰਤਾਂ ਨੂੰ ਮਿੱਟੀ ਵਿੱਚ ਮਿਲਿਆ ਦੇਖ ਕੇ ਅਤੇ ਸਿਰੇ ਦੀ ਭੁੱਖਮਰੀ ਦਾ ਕਹਿਰ ਝੱਲ ਕੇ ਵੀ ਫ਼ਲਸਤੀਨ ਸਿਰ ਉੱਚਾ ਕਰੀ ਖੜ੍ਹਾ ਹੈ ਤੇ ਇਜਰਾਇਲ ਨਮੋਸ਼ੀ 'ਚ ਹੈ। ਇਸ ਸੰਧੀ ਦੇ ਸਾਰੇ ਪੜਾਅ ਸਿਰੇ ਚੜਦੇ ਹਨ ਜਾਂ ਜੰਗ ਦੁਬਾਰਾ ਜਾਰੀ ਰਹਿੰਦੀ ਹੈ, ਇਹ ਤਾਂ ਵਕਤ ਦੱਸੇਗਾ। ਪਰ ਜੋ ਚੀਜ਼ ਸਪਸ਼ਟ ਹੈ ਉਹ ਇਹ ਹੈ ਕਿ ਫ਼ਲਸਤੀਨੀ ਨਾਬਰੀ ਅਜਿੱਤ ਹੈ।

No comments:

Post a Comment