ਸਾਡੇ ਅੰਦਰਲੀ ਜੰਗ ਕਦੋਂ ਖਤਮ ਹੋਵੇਗੀ?
ਜੰਗ ਖਤਮ ਹੋਵੇਗੀ ਅਤੇ ਲੋਕ ਆਪਣੇ ਬਚੇ- ਖੁਚੇ ਘਰਾਂ ਤੇ ਪਰਿਵਾਰਾਂ ਕੋਲ ਪਰਤ ਜਾਣਗੇ। ਸਕੂਲਾਂ ਚੋਂ ਕੱਟੇ-ਵੱਢੇ ਅੰਗ ਹਟਾਏ ਜਾਣਗੇ... .ਖੂਨ ਧੋ ਧੋ ਕੇ ਸਾਫ਼ ਕੀਤਾ ਜਾਵੇਗਾ। ਤੇ ਫੇਰ ਬੱਚੇ ਸਕੂਲ ਜਾਣਗੇ। ਸਾਡਾ ਗੁਆਂਢੀ ਆਮ ਵਾਂਗ ਸਵੇਰੇ ਸਵੇਰੇ ਆਪਣੀ ਦੁਕਾਨ ਖੋਲ੍ਹੇਗਾ। ਦੁਕਾਨ ਵਿੱਚ ਸਭ ਤੋਂ ਅਹਿਮ ਚੀਜ਼ ਫਰਿੱਜ ਬੰਦ ਰਹੇਗਾ। ਕਿਉਂਕਿ ਬਿਜਲੀ ਦੇ ਖੰਭੇ ਪੁੱਟੇ ਗਏ ਹਨ। ਸੜਕਾਂ ਫੁੱਟਪਾਥਾਂ ਤੇ ਸੀਵਰੇਜ ਸਮੇਤ ਸਾਰਾ ਬੁਨਿਆਦੀ ਢਾਂਚਾ ਤਹਿਸ ਨਹਿਸ ਹੋ ਗਿਆ ਹੈ। ਮੈਂ ਨਹੀਂ ਜਾਣਦਾ ਕਿ ਇਸ ਸਾਰੇ ਢਾਂਚੇ ਨੂੰ ਥਾਂ ਸਿਰ ਲਿਆਉਣ ਲਈ ਲੋਕ ਕੀ ਕਰਨਗੇ ਤੇ ਕਿਵੇਂ ਕਰਨਗੇ।
ਜੰਗ ਖਤਮ ਹੋ ਜਾਵੇਗੀ ਤੇ ਕਿਸਾਨ ਆਪਣੇ ਖੇਤਾਂ ਵੱਲ ਪਰਤਣਗੇ ...ਟੈਂਕਾਂ ਦੇ ਨਿਸ਼ਾਨ ਮਿਟਾ ਦੇਣਗੇ, ਖੇਤ ਸਿੰਜਣਗੇ ਅਤੇ ਬਰੂਦ ਦੇ ਨਿਸ਼ਾਨ ਸਾਫ ਕਰਨਗੇ। ਡਰਾਈਵਰ ਮੁੜ ਆਪਣੀਆਂ ਗੱਡੀਆਂ ਤੇ ਸਟੇਰਿੰਗ ਘੁਮਾਉਣਗੇ, ਮਲਬੇ ਦੇ ਢੇਰਾਂ `ਚੋਂ ਨਵੇਂ ਰਾਹ ਭਾਲਦੇ ਜਾਣਗੇ।
ਜੰਗ ਖਤਮ ਹੋ ਜਾਵੇਗੀ ਅਤੇ ਕੁਝ ਸਾਲਾਂ ਮਗਰੋਂ ਅਸੀਂ ਸਾਰੀਆਂ ਢਹਿ ਚੁੱਕੀਆਂ ਇਮਾਰਤਾਂ ਫੇਰ ਖੜੀਆਂ ਕਰ ਲਵਾਂਗੇ।... ਸੜਕਾਂ, ਸਕੂਲ, ਯੂਨੀਵਰਸਿਟੀਆਂ ਤੇ ਟਾਵਰ ਸ਼ਾਇਦ ਪਹਿਲਾਂ ਨਾਲੋਂ ਬਿਹਤਰ ਬਣਾ ਲਈਏ।
ਪਰ ਲੋਕ... ਲੋਕ ਉਵੇਂ ਦੇ ਨਹੀਂ ਹੋਣਗੇ, ਜਿਵੇਂ ਉਹ ਪਹਿਲਾਂ ਸੀ ਕਿਉਂਕਿ ਜੰਗ ਨੇ ਸਾਡੇ ਬੱਚੇ, ਸਾਡੇ ਗਵਾਂਢੀ, ਤੇ ਸਾਡੇ ਦੋਸਤ ਨਿਗਲ ਲਏ ਹਨ। ਇਸ ਨੇ ਸਾਡੀ ਰੂਹ ਕੱਢ ਲਈ ਹੈ ਤੇ ਬਸ ਇੱਕ ਚੀਜ਼ ਦੀ ਉਡੀਕ ਲਈ ਛੱਡ ਦਿੱਤਾ ਹੈ, ਇਹ ਜੰਗ ਰੁਕਣ ਲਈ, ਮੌਤਾਂ ਦਾ ਸਿਲਸਿਲਾ ਬੰਦ ਹੋਣ ਲਈ ਤੇ ਹੌਲੀ-ਹੌਲੀ ਮੌਤ ਆਉਣ ਲਈ ਛੱਡ ਦਿੱਤਾ ਹੈ। ਰਹਿੰਦੀ ਜ਼ਿੰਦਗੀ ਅਸੀਂ ਉਨਾਂ ਯਾਦਾਂ ਦਾ ਭਾਰ ਢੋਵਾਂਗੇ ਜੋ ਭੁਲਾਇਆਂ ਨਹੀਂ ਭੁੱਲਣੀਆਂ।
ਸਾਡੇ ਸੰਵਾਦ ਦੀ ਭਾਸ਼ਾ ਅਤੇ ਯਾਦਾਂ ਜੰਗ ਨਾਲ ਹੀ ਜੁੜੀਆਂ ਹੋਣਗੀਆ, ਉਜਾੜਾ, ਵਾਪਸੀ ਅਤੇ ਤਬਾਹੀ ਤੇ ਨਕਬੇ ਦੀਆਂ ਹੀ ਗੱਲਾਂ ਹੋਣਗੀਆਂ। ਅਸੀਂ ਗੱਲਬਾਤ ਵਿੱਚ ਏਨੇ ਗੁੰਮ ਹੋ ਜਾਵਾਂਗੇ ਕਿ ਭਾਵੇਂ ਅਸੀਂ ਪਹਿਲੇ ਜਾਂ ਦੂਜੇ ਨਕਬੇ(ਤਬਾਹੀ) ਗੱਲ ਕਰ ਰਹੇ ਹੋਈਏ ਜਾਂ ਗਾਜ਼ਾ ਪਰਤ ਰਹੇ ਹੋਈਏ। ਪਰ ਅਸੀਂ ਅਜਿਹੀ ਸ਼ਬਦਾਵਲੀ ਨਹੀਂ ਲੱਭ ਸਕਾਂਗੇ ਜਿਸ ਵਿੱਚ ਆਪਣੇ ਬੱਚਿਆਂ ਨੂੰ ਵਰ੍ਹਿਆਂ ਬਾਅਦ ਸਮਝਾ ਸਕੀਏ, ਜਦੋਂ ਅਸੀਂ ਉਹਨਾਂ ਨੂੰ ਕਹਾਣੀ ਸੁਣਾਵਾਂਗੇ, ਭਾਵੇਂ ਸਾਡਾ ਮਤਲਬ ਪਹਿਲੇ ਨਕਬੇ ਤੋਂ ਹੋਵੇ, ਦੂਜੇ ਨਕਬੇ ਤੋਂ ਜਾਂ ਖੁਦਾ ਨਾ ਕਰੇ ਤੀਜੇ ਨਕਬੇ ਬਾਰੇ ਸੁਣਾ ਰਹੇ ਹੋਵਾਂਗੇ।
ਹਜ਼ਾਰਾਂ ਮਾਵਾਂ ਵਾਪਸ ਆਉਣਗੀਆਂ, ਆਪਣੇ ਬੱਚਿਆਂ ਦੀ ਉਡੀਕ ਵਿੱਚ ਜੋ ਕਦੇ ਨਹੀਂ ਪਰਤਣਗੇ। ਸਾਡੇ ਗਵਾਂਢੀ ਉਮਰ ਤੋਂ ਪਹਿਲਾਂ ਹੀ ਜਲਦੀ ਬੁੱਢੇ ਹੋ ਜਾਣਗੇ ਕਿਉਂਕਿ ਉਹਨਾਂ ਨੇ ਆਪਣਾ ਇਕਲੌਤਾ ਪੁੱਤ ਗਵਾਇਆ ਹੈ, ਉਹਨਾਂ ਨੂੰ ਉਮੀਦ ਸੀ ਕਿ ਉਹਨਾਂ ਦਾ ਫਰਜੰਦ ਬੁਢਾਪੇ ਵਿੱਚ ਉਹਨਾਂ ਦੀ ਸੇਵਾ ਕਰੇਗਾ। ਵਕਤ ਦੇ ਅਣਜਾਣ ਕਾਲ ਤੱਕ ਬੱਚਿਆਂ ਦੀਆਂ ਚੀਕਾਂ ਆਉਂਦੀਆਂ ਰਹਿਣਗੀਆਂ।ਹਜ਼ਾਰਾਂ ਨੌਜਵਾਨ, ਕੁੜੀਆਂ, ਬੱਚੇ ਜਿਹਨਾਂ ਦੇ ਅੰਗ ਪੈਰ ਨਹੀਂ ਰਹੇ, ਉਮਰ ਭਰ ਅਪਹਾਜਾਂ ਦੇ ਦੁੱਖ ਨਾਲ ਜਿਉਣਗੇ|
ਜੰਗ ਖਤਮ ਹੋ ਜਾਵੇਗੀ ਤੇ ਅਸੀਂ ਇਸ ਕਾਰਨ ਪੈਦਾ ਹੋਈਆਂ ਮਹਾਂਮਾਰੀਆਂ ਤੇ ਸੈਂਕੜੇ ਬਿਮਾਰੀਆਂ ਨਾਲ ਜੂਝ ਰਹੇ ਹੋਵਾਂਗੇ।
ਜ਼ਮੀਨ ਤੇ ਜੰਗ ਖਤਮ ਹੋ ਜਾਵੇਗੀ ਪਰ ਇਹ ਸਾਡੇ ਚੇਤਿਆਂ ਵਿੱਚੋਂ ਕਦੇ ਮਨਫ਼ੀ ਨਹੀਂ ਹੋਵੇਗੀ। ਜ਼ਾਹਰ ਹੈ ਉਹ ਦਿਨ ਕਦੇ ਨਹੀਂ ਪਰਤਣਗੇ ਜੋ ਪਹਿਲਾਂ ਸਨ। ਜੰਗ ਨੇ ਸਭ ਕੁਝ ਜ਼ਾਹਰ ਕਰ ਦਿੱਤਾ ਹੈ। ਇਸ ਨੇ ਸਿਰਫ਼ ਬੁਨਿਆਦੀ ਢਾਂਚੇ ਦੀ ਹੀ ਪੋਲ ਨਹੀਂ ਖੋਲ੍ਹੀ, ਸਗੋਂ ਲੋਕਾਂ ਦੇ ਸੁਭਾਅ, ਉਹਨਾਂ ਦੀ ਵਫ਼ਾਦਾਰੀ, ਉਹਨਾਂ ਦੀਆਂ ਜ਼ਰੂਰਤਾਂ ਤੇ ਸੰਜੀਦਗੀ ਵੀ ਜ਼ਾਹਰ ਕੀਤੀ ਹੈ।
ਜੰਗ ਖ਼ਤਮ ਹੋ ਜਾਵੇਗੀ ਪਰ ਲੋਕ ਪਹਿਲਾਂ ਵਰਗੇ ਨਹੀਂ ਹੋਣਗੇ। ਜ਼ਮੀਨ ਤੇ ਜੰਗ ਖਤਮ ਹੋ ਜਾਵੇਗੀ ਪਰ ਸਾਡੇ ਅੰਦਰ ਇਹ ਕਦੇ ਖ਼ਤਮ ਨਹੀਂ ਹੋਵੇਗੀ। ਜੰਗ ਖ਼ਤਮ ਨਹੀਂ ਹੋਈ ਹੈ, ਪਰ ਅਸੀਂ ਨਵਾਂ ਵਰ੍ਹਾ ਮੁਬਾਰਕ ਕਹਿ ਸਕਦੇ ਹਾਂ। (ਗਾਜ਼ਾ ਮੋਨੋਲੋਗ)
(ਹੁਣ ਮੈਗਜ਼ੀਨ ਚੋਂ ਧੰਨਵਾਦ ਸਾਹਿਤ)
No comments:
Post a Comment