Thursday, March 6, 2025

ਅਲਵਿਦਾ ਜਗਮੋਹਣ!

  ਅਲਵਿਦਾ ਜਗਮੋਹਣ!

                                                                        (ਸ਼ਰਧਾਂਜਲੀ)

”ਸੁਰਖ਼ ਲੀਹ”  ਦੇ ਨਵੇਂ ਸਾਲ ਦੇ ਇਸ ਪਹਿਲੇ ਅੰਕ ਨੂੰ ਕਾ:ਜਗਮੋਹਣ ਦੇ ਹੱਥਾਂ ਦੀ ਛੋਹ ਹਾਸਲ ਨਹੀਂ ਹੈ ਪਰ ਉਸਦੇ ਇਨਕਲਾਬੀ ਅਕੀਦੇ  ਅਤੇ  ਯਾਦਾਂ ਦੀ ਛਾਪ  ਨੇ ਸਦਾ ਧੜਕਦੀ ਰਹਿਣਾ ਹੈ । ਸੁਰਖ਼ ਲੀਹ ਦੇ ਪੰਨਿਆਂ `ਚ ਵੀ,ਪਾਠਕਾਂ ਤੇ ਜੁਝਾਰ ਸਾਥੀਆਂ ਦੇ ਦਿਲਾਂ `ਚ ਵੀ ਅਤੇ ਇਨਕਲਾਬੀ ਲਹਿਰ ਦੇ ਸਮਰਥਕਾਂ ਦੀਆਂ ਸੱਥਾਂ `ਚ ਵੀ ।

        ਮਨੁੱਖਤਾ ਅਤੇ ਇਨਕਲਾਬ ਲਈ ਘਾਲੀ ਘਾਲਣਾ ਆਪਣੇ ਨਿਸ਼ਾਨ ਛੱਡਕੇ  ਜਾਂਦੀ ਹੈ ।  ਹੋਰਨਾਂ ਲਈ ਪ੍ਰੇਰਨਾ ਦੀ ਜੂਨ ਧਾਰਕੇ ਜਿਓਂਦੀ ਹੈ । ਜਗਦੀਆਂ “ਮੋਮਬੱਤੀਆਂ” ਅਤੇ “ਜਗਾਦੇ ਮੋਮਬੱਤੀਆਂ“ ਦਾ ਪੈਗਾਮ ਬਣ ਜਾਂਦੀ ਹੈ । ਅਮਰ ਹੋ ਜਾਂਦੀ ਹੈ ।   ਇਨਕਲਾਬ ਦੇ ਨਵੇਂ ਰੰਗਰੂਟਾਂ ਲਈ ਕਾਮਰੇਡ ਜਗਮੋਹਣ ਦੀ  ਰਾਹ-ਰੁਸ਼ਨਾਊ ਮਿਸਾਲ ਨੇ ਵੀ ਸਦਾ ਜਗਦੀ ਰਹਿਣਾ ਹੈ । 

ਸਾਥੀ ਜਗਮੋਹਣ ਨੇ ਡਾਕਟਰੀ ਦੀ ਤਾਲੀਮ ਪੂਰੀ ਕਰਨ ਪਿੱਛੋਂ  ਮੈਡੀਕਲ ਅਫ਼ਸਰ ਦੇ ਰੁਤਬੇ ਦਾ ਪਿੱਛਾ ਨਹੀਂ ਸੀ ਕੀਤਾ । ਉਸਨੇ ਸਰਕਾਰੀ ਨੌਕਰੀ ਤਿਆਗ ਦਿੱਤੀ ਸੀ ਅਤੇ ਆਪਣੇ ਜੀਵਨ ਦੀ ਮੁਹਾਰ “ਦੁਨੀਆਂ ਦੇ ਸਭ ਤੋਂ ਵੱਡੇ ਆਦਰਸ਼, ਮਨੁੱਖਤਾ ਦੀ ਆਜ਼ਾਦੀ ਲਈ ਘੋਲ”  ਵੱਲ ਮੋੜ ਲਈ ਸੀ । ਆਪਣੇ ਇਨਕਲਾਬੀ ਜੀਵਨ ਦਾ ਦਹਾਕਿਆਂ ਦਾ  ਸਫ਼ਰ ਉਸਨੇ ਇਨਕਲਾਬੀ ਲਹਿਰ ਦੀ ਬੁੱਕਲ 'ਚ ਰਹਿੰਦਿਆਂ ਮੁਕੰਮਲ ਕੀਤਾ । 

ਬਿਮਾਰ ਸਮਾਜਿਕ ਨਿਜ਼ਾਮ ਤੋਂ ਲੋਕਾਂ ਦੀ ਮੁਕਤੀ ਦੇ ਕਾਜ਼ ਨੂੰ ਸਾਥੀ ਜਗਮੋਹਨ ਨੇ ਜੀਵਨ ਦੇ ਪਹਿਲੇ ਸਰੋਕਾਰ ਵਜੋਂ ਅਪਣਾਇਆ।   ਇਸ  ਦੇ ਨਾਲ ਨਾਲ ਇੱਕ ਡਾਕਟਰ ਵਜੋਂ ਮਨੁੱਖੀ ਸਮਾਜਿਕ ਰੋਲ ਦੀ ਚਾਹਤ ਉਸਦਾ ਪਿਆਰ ਬਣੀ ਰਹੀ । ਸਮਾਜਵਾਦੀ ਆਦਰਸ਼ ਅਜਿਹੇ ਜੀਵਨ ਰੋਲ ਨੂੰ ਸਾਕਾਰ ਕਰਨ ਦਾ ਜ਼ਾਮਨ ਹੋਣ ਕਰਕੇ ਉਸਦੀ  ਵਿਸ਼ੇਸ਼ ਪ੍ਰੇਰਨਾ ਹੋ ਗਿਆ  । ਉਹ ਖੁਦ ਨੂੰ  ਲੋਕ ਸੇਵਾ ਲਈ ਸਦਾ ਤਤਪਰ  ਡਾਕਟਰਾਂ ਦੀ ਵਿਸ਼ੇਸ਼ ਪਰਤ ਦਾ ਅੰਗ ਮਹਿਸੂਸ ਕਰਦਾ ਰਿਹਾ । ਸਮਾਜਵਾਦੀ ਚੀਨ ਅੰਦਰ ਸਿਹਤ ਕਾਮਿਆਂ  ਦੀ ਅਜਿਹੀ ਵੰਨਗੀ ਨੂੰ  “ਨੰਗੇ ਪੈਰਾਂ ਵਾਲੇ ਡਾਕਟਰ” ਕਹਿਕੇ ਸਤਿਕਾਰਿਆ  ਜਾਂਦਾ ਸੀ । ਸੁਰਖ਼ ਲੀਹ ਵੱਲੋਂ ਸ਼ੁਰੂ ਕੀਤੇ ਵਿਸ਼ੇਸ਼ ਕਾਲਮ “ਮਨੁੱਖੀ ਸਿਹਤ ਅਤੇ ਸਮਾਜਵਾਦ” ਨੇ ਉਸਨੂੰ ਵਿਸ਼ੇਸ਼ ਉਤਸ਼ਾਹ ਦਿੱਤਾ ਅਤੇ ਉਹ ਇਸ ਕਾਲਮ ਦੇ ਪੱਕੇ ਲੇਖਕਾਂ ਅਤੇ ਅਨੁਵਾਦਕਾਂ `ਚ ਸ਼ਾਮਲ ਹੋ ਗਿਆ । ਸਾਥੀ ਜਗਮੋਹਨ ਦਾ ਇਹ ਯੋਗਦਾਨ ਸਿਹਤ ਵਰਗੇ ਬੁਨਿਆਦੀ ਖੇਤਰ `ਚ ਇਨਕਲਾਬੀ ਬਦਲ ਉਭਾਰਨ ਦੇ ਅਹਿਮ ਕਾਰਜ ਨਾਲ ਜੁੜਿਆ ਹੋਇਆ ਸੀ ।

ਕਮਿਊਨਿਸਟ ਇਨਕਲਾਬੀ ਲਹਿਰ ਦੀ ਬੁੱਕਲ `ਚ ਵਿਚਰਦਿਆਂ ਕਾ : ਜਗਮੋਹਣ ਨੇ  ਆਪਣਾ ਨਾਤਾ ਇਨਕਲਾਬੀ  ਪ੍ਰੈਸ ਨਾਲ ਵੀ ਜੋੜਿਆ । ਉਸਨੇ  ਪੱਤਰਕਾਰਾਂ ਦੇ ਅਜਿਹੇ ਭਾਈਚਾਰੇ  `ਚ ਥਾਂ ਮੱਲੀ, ਜਿਸ ਨੂੰ ਨਕਸਲਬਾੜੀ ਦੀ ਮਹਾਨ ਇਨਕਲਾਬੀ ਬਗ਼ਾਵਤ ਪਿੱਛੋਂ   “ਨੰਗੇ ਪੈਰਾਂ ਵਾਲੇ ਪੱਤਰਕਾਰ­ ਸੰਬੋਧਨ ਨਾਲ ਨਿਵਾਜਿਆ ਜਾਂਦਾ ਰਿਹਾ । 

 ਕਾ : ਜਗਮੋਹਣ ਦਾ ਪਰਿਵਾਰਕ ਪਿਛੋਕੜ ਡਾਕਟਰੀ ਪੇਸ਼ੇ ਨਾਲ ਜੁੜਿਆ ਹੋਇਆ ਸੀ ।ਇਸ ਵਜ੍ਹਾ ਕਰਕੇ ਵੀ ਅਤੇ ਉਸਦੇ ਹੁਸ਼ਿਆਰ ਵਿਦਿਆਰਥੀ ਹੋਣ ਕਰਕੇ ਵੀ ਪਰਿਵਾਰ ਦੀ ਇੱਛਾ ਅਤੇ ਉਮੀਦ ਉਸਨੂੰ ਡਾਕਟਰੀ ਰੁਤਬੇ ਦੀਆਂ ਪੌੜੀਆਂ ਚੜ੍ਹਦੇ ਵੇਖਣ  ਦੀ ਸੀ । ਪਰ ਸਰਕਾਰੀ ਮੈਡੀਕਲ ਅਫ਼ਸਰ ਦੇ ਰੁਤਬੇ ਨਾਲ ਉਸਦੇ ਮਨ ਦੀ ਸੱਥਰੀ ਨਾ ਪੈ ਸਕੀ । ਵਿਦਿਆਰਥੀ ਜੀਵਨ ਦੌਰਾਨ ਹੀ ਬਿਮਾਰ ਸਮਾਜ ਅਤੇ ਇਸਦੇ ਇਲਾਜ ਦੇ ਸਰੋਕਾਰ ਨੇ ਉਸਦੀ ਸੁਰਤ ਮੱਲਣੀ ਸ਼ੁਰੂ ਕਰ ਦਿੱਤੀ ਸੀ । ਉਸਦੀਆਂ ਨਿਰਛਲ ਅਤੇ ਮਨੁੱਖ ਦਰਦੀ ਭਾਵਨਾਵਾਂ ਨੂੰ ਨਕਸਲਬਾੜੀ ਬਗ਼ਾਵਤ  ਦੀ ਚੰਗਿਆੜੀ ਨੇ ਛੋਹ ਅਤੇ ਮੋਹ ਲਿਆ ਸੀ। ਰੂਪੋਸ਼ ਇਨਕਲਾਬੀਆਂ ਨਾਲ ਮੁਲਾਕਾਤਾਂ ਦਾ ਉਤੇਜਨਾ ਅਤੇ ਹੁਲਾਸ ਭਰਿਆ ਦੌਰ ਸ਼ੁਰੂ ਹੋ ਗਿਆ ਸੀ । ਸਿਹਤ ਵਿਗਿਆਨ ਦੇ ਇਰਦ ਗਿਰਦ ਸੰਸਾਰ ਇਨਕਲਾਬ ਦੇ ਵਿਸ਼ਿਆਂ ਦਾ ਝੁਰਮਟ ਪੈ ਚੁੱਕਿਆ ਸੀ। ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ ਦੀ ਪੜ੍ਹਾਈ ਦੌਰਾਨ ਜੁੜਦੀਆਂ ਇਨਕਲਾਬੀ ਸੱਥਾਂ 'ਚ ਵੀਅਤਨਾਮ ਦੀ ਮਾਣਮੱਤੀ ਇਨਕਲਾਬੀ ਜੰਗ ਦੀ ਚਰਚਾ ਸੀ, ਚੀਨ ਦੇ ਸਭਿਆਚਾਰਕ ਇਨਕਲਾਬ ਦੀ ਚਰਚਾ ਸੀ, ਚੀ ਗੁਵੇਰਾ ਦੀ ਚਰਚਾ ਸੀ, ਸਰੀਕਾਕੂਲਮ ਦੇ ਆਦਿਵਾਸੀਆਂ  ਦਾ ਹਥਿਆਰਬੰਦ ਸੰਘਰਸ਼ ਜਥੇਬੰਦ ਕਰਦਿਆਂ ਸ਼ਹੀਦ ਹੋਏ ਸੱਤਿਅਮ ਜਿਹੇ ਕਮਿਊਨਿਸਟ ਇਨਕਲਾਬੀਆਂ ਦੀ ਚਰਚਾ ਸੀ ਜਿਨ੍ਹਾਂ ਨੇ ਅਧਿਆਪਕ ਦਾ ਕਿੱਤਾ ਛੱਡਕੇ ਆਦਿਵਾਸੀ ਜੀਵਨ ਨਾਲ ਨਹੁੰ ਮਾਸ ਹੋ ਜਾਣ ਦੀ ਚੋਣ ਕੀਤੀ ਸੀ। ਨਾਗ ਭੂਸ਼ਨ ਪਟਨਾਇਕ ਦੀ ਚਰਚਾ ਸੀ, ਜਿਸਨੇ ਵਕਾਲਤ ਛੱਡਕੇ ਫਾਂਸੀ ਦੇ ਰੱਸੇ ਵੱਲ ਜਾਂਦਾ ਇਨਕਲਾਬੀ ਰਾਹ ਚੁਣ ਲਿਆ ਸੀ ਅਤੇ ਆਪਣੇ ਸਾਰੇ ਅੰਗਾਂ ਦੀ ਵਸੀਅਤ ਲੋੜਵੰਦ ਲੋਕਾਂ ਦੇ ਨਾਂ ਕਰ ਦਿੱਤੀ ਸੀ । 

      ਉਹਨਾਂ ਦਿਨਾਂ 'ਚ ਜੁਆਨੀ ਦੇ ਮਨਾਂ 'ਤੇ ਹੇਮ ਜਯੋਤੀ, ਰੋਹਲੇ ਬਾਣ, ਸਿਆੜ, ਫਰੰਟੀਅਰ ਅਤੇ ਬੁਲੰਦ ਵਰਗੇ ਇਨਕਲਾਬੀ ਪਰਚਿਆਂ ਦੀ ਦਸਤਕ ਸੀ । ਯੂਨੀਵਰਸਿਟੀਆਂ ਦੀਆਂ ਕੰਧਾਂ 'ਤੇ “ਰਾਜਸੀ ਤਾਕਤ ਬੰਦੂਕ ਦੀ ਨਾਲ਼ੀ ਵਿੱਚੋਂ ਨਿਕਲਦੀ ਹੈ“ ਵਰਗੇ ਲਾਲ ਪੋਸਟਰ  ਚਮਕਦੇ ਸਨ । ਪੰਜਾਬ ਸਟੂਡੈਂਟਸ ਯੂਨੀਅਨ ਦਾ ਤਰਜਮਾਨ “ਵਿਦਿਆਰਥੀ ਸੰਘਰਸ਼” ਵਿਦਿਆਰਥੀਆਂ ਅੰਦਰ ਇਨਕਲਾਬੀ ਰਾਜਨੀਤਕ ਚੇਤਨਾ ਦਾ ਵਾਹਕ ਬਣਿਆਂ ਹੋਇਆ ਸੀ । ਨਕਸਲਬਾੜੀ ਦੇ ਝੰਜੋੜੇ ਨੇ ਵਿਦਿਆਰਥੀ ਲਹਿਰ ਨੂੰ ਨਵੀਂ ਕਰਵਟ ਦੇ ਦਿੱਤੀ ਸੀ ਅਤੇ ਇਹ ਖਾੜਕੂ ਜਨਤਕ ਸੰਘਰਸ਼ਾਂ ਦੇ ਨਵੇਕਲੇ ਦੌਰ 'ਚ ਦਾਖਲ ਹੋ ਗਈ ਸੀ । 

  ਅਜਿਹੇ ਮਹੌਲ ਨੇ ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ 'ਚ ਪੜ੍ਹਾਈ ਦੌਰਾਨ ਹੀ ਕਾ: ਜਗਮੋਹਨ ਦੇ ਮਨ 'ਚ ਇਨਕਲਾਬ ਲਈ ਸਰਗਰਮੀ ਦੀ ਤਾਂਘ ਜਗਾ ਦਿੱਤੀ ਸੀ । (ਇਹ ਤਾਂਘ  ਮੈਡੀਕਲ ਕਾਲਜ ਫਰੀਦਕੋਟ 'ਚ ਇੰਟਰਨਸ਼ਿਪ ਦੇ ਦਿਨਾਂ 'ਚ ਕਮਿਊਨਿਸਟ ਇਨਕਲਾਬੀ ਸਰਗਰਮੀ ਰਾਹੀਂ ਹੋਰ ਪ੍ਰਫੁੱਲਤ ਹੋਈ ।)

 ਪੰਜਾਬ ਦੀਆਂ ਕੁਝ ਮੋਹਰੀ ਕਮਿਊਨਿਸਟ ਇਨਕਲਾਬੀ ਸਖਸ਼ੀਅਤਾਂ ਨਾਲ ਉਸਦਾ ਸਿੱਧਾ ਵਾਹ ਪੈ ਚੁੱਕਿਆ ਸੀ। ਇਹ ਸਖਸ਼ੀਅਤਾਂ ਕਮਿਊਨਿਸਟ ਇਨਕਲਾਬੀ ਕੈਂਪ ਅੰਦਰਲੇ ਵੱਖ ਵੱਖ ਰੁਝਾਨਾਂ ਨਾਲ ਸਬੰਧਤ ਸਨ । ਇਨਕਲਾਬੀ ਜ਼ਿੰਦਗੀ ਵੱਲ ਵਧ ਰਹੇ ਹੋਰਨਾਂ ਨੌਜਵਾਨਾਂ ਵਾਂਗ ਜਗਮੋਹਨ ਨੂੰ ਵੀ ਇਨਕਲਾਬ ਦੀ ਸਹੀ ਲੀਹ ਦੇ ਸਵਾਲ ਨਾਲ ਦੋ-ਚਾਰ ਹੋਣਾ ਪਿਆ । ਜਗਮੋਹਨ ਵੱਲੋਂ ਖੁਦ ਬਿਆਨੇ ਵੇਰਵਿਆਂ ਮੁਤਾਬਕ ਸੱਤਰਵਿਆਂ ਦੇ ਸ਼ੁਰੂ 'ਚ ਕਾਮਰੇਡ ਠਾਣਾ ਸਿੰਘ ਨਾਲ ਹੋਈ ਲੰਮੀ ਮੀਟਿੰਗ ਉਸ ਵੱਲੋਂ ਸਹੀ ਲੀਹ ਦੀ ਚੋਣ ਕਰਨ ਦੇ ਮਾਮਲੇ 'ਚ ਫ਼ੈਸਲਾਕੁਨ ਸਾਬਤ ਹੋਈ । ਉਸ ਖਾਤਰ ਇਹ ਵਿਚਾਰ ਵਟਾਂਦਰਾ ਪਹਿਲਾਂ ਹੁੰਦੀਆਂ ਰਹੀਆਂ ਸਾਰੀਆਂ ਚਰਚਾਵਾਂ ਦੇ ਮੁਕਾਬਲੇ ਇੱਕ “ਨਿਵੇਕਲਾ ਅਤੇ ਊਰਜਾ ਨਾਲ ਭਰ ਦੇਣ ਵਾਲਾ  ਅਨੁਭਵ ਸੀ” ।

  ਖੱਬੂ ਮਾਰਕੇਬਾਜ਼ ਲੀਹ  ਸਦਕਾ ਪੀ ਐਸ ਯੂ ਦੇ ਖਿੰਡਣ ਅਤੇ ਇਸਦੇ ਮੁੜ ਜਥੇਬੰਦ ਹੋਣ ਪਿੱਛੋਂ ਮੋਗਾ ਸੰਗਰਾਮ ਦਾ ਉਤਸ਼ਾਹੀ ਤਜਰਬਾ ਇਨਕਲਾਬੀ ਜਨਤਕ ਲੀਹ ਦੀ ਉੱਤਮਤਾ ਅਤੇ ਇਨਕਲਾਬੀ ਜਨਤਕ ਜਥੇਬੰਦੀਆਂ ਦੇ ਮਹੱਤਵ ਨੂੰ ਉਭਾਰ ਕੇ ਸਾਹਮਣੇ ਲੈ ਆਇਆ ਸੀ । ਇਸ ਘੋਲ ਦੌਰਾਨ ਪਟਿਆਲਾ 'ਚ ਹੋਏ  ਜੁਝਾਰ ਵਿਦਿਆਰਥੀ ਐਕਸ਼ਨਾਂ 'ਚ ਸਾਥੀ ਜਗਮੋਹਣ ਨੇ ਉਤਸ਼ਾਹ ਨਾਲ ਹਿੱਸਾ ਲਿਆ ਸੀ । ਦੂਜੇ ਪਾਸੇ ਅਮਲ ਨੇ ਖੱਬੂ ਮਾਰਕੇਬਾਜ਼ ਲੀਹ ਦੇ ਕੌੜੇ ਨਤੀਜੇ ਵਿਖਾ ਦਿੱਤੇ ਸਨ । ਮੋਗਾ ਘੋਲ ਤੋਂ ਮਗਰੋਂ ਕਮਿਊਨਿਸਟ ਇਨਕਲਾਬੀਆਂ ਦੀ ਸਹੀ ਸੇਧ ਦੇ ਨਤੀਜੇ ਵਜੋਂ ਜਨਤਕ ਜਮਾਤੀ ਘੋਲਾਂ ਨੇ ਅੰਗੜਾਈ ਭਰੀ ਸੀ ਅਤੇ ਸ਼ਾਨਦਾਰ ਸਿੱਟੇ ਸਾਹਮਣੇ ਲਿਆਂਦੇ ਸਨ। ਸਹੀ ਲੀਹ ਸਦਕਾ ਜੇ ਪੀ ਲਹਿਰ ਦੇ ਦਿਨਾਂ 'ਚ ਹੋਈ ਮੋਗਾ ਸੰਗਰਾਮ ਰੈਲੀ ਨੇ ਹਾਕਮ ਜਮਾਤੀ ਧੜਿਆਂ ਦੇ ਮੁਕਾਬਲੇ ਲੋਕਾਂ ਦੀ ਆਪਣੀ ਇਨਕਲਾਬੀ ਧਿਰ ਦੀ ਜਨਤਕ ਸਿਆਸੀ ਹੋਂਦ ਪ੍ਰਤੱਖ ਵਿਖਾ ਦਿੱਤੀ ਸੀ । ਐਮਰਜੈਂਸੀ ਦੇ ਇਨਕਲਾਬੀ ਜਨਤਕ ਟਾਕਰੇ ਦੀਆਂ ਉਤਸ਼ਾਹੀ ਮਿਸਾਲਾਂ ਨੇ, ਇਨਕਲਾਬੀ ਕਾਰਕੁਨਾ ਵੱਲੋਂ ਕਾਲੇ ਕਾਨੂੰਨਾਂ, ਜੇਲ੍ਹਾਂ ਅਤੇ ਤਸੀਹਾ ਕੇਂਦਰਾਂ ਦੇ ਜਬਰ ਅੱਗੇ ਵਿਖਾਈ ਸਿਦਕ ਦਿਲੀ ਨੇ ਅਤੇ ਨੀਮ ਗੁਪਤ ਜਨਤਕ ਜਥੇਬੰਦੀਆਂ ਰਾਹੀਂ ਜਨਤਕ ਸੰਘਰਸ਼ਾਂ ਦੇ ਸੰਚਾਲਨ ਦੇ ਨਿਵੇਕਲੇ ਤਜਰਬੇ ਨੇ ਇਨਕਲਾਬੀ ਜਨਤਕ ਲੀਹ ਦੇ ਲੜ ਲੱਗੇ ਕਮਿਊਨਿਸਟ ਇਨਕਲਾਬੀਆਂ ਦੇ ਵਕਾਰ ਨੂੰ ਚਾਰ ਚੰਨ ਲਾ ਦਿੱਤੇ ਸਨ । ਮਨੁੱਖੀ ਜੀਵਨ ਅਤੇ ਇਨਕਲਾਬੀ ਲਹਿਰਾਂ ਦੀ ਸਾਰਥਕਤਾ ਅਤੇ ਸੰਬੰਧ ਦੇ ਵੱਡੇ ਸਵਾਲ  ਵਿਦਿਆਰਥੀ ਪਰਤਾਂ ਨੂੰ ਕਲਾਵੇ 'ਚ ਲੈ ਰਹੇ ਸਨ ਅਤੇ ਇਨਕਲਾਬ ਲਈ ਸਮਰਪਣ ਦੀ ਭਾਵਨਾ ਨੂੰ ਸਿੰਜ ਰਹੇ ਸਨ । ਪਿਰਥੀਪਾਲ ਰੰਧਾਵਾ ਦੇ ਪ੍ਰਵਚਨਾਂ 'ਚ ਮਨੁੱਖੀ ਜੀਵਨ ਦੇ ਮਨੋਰਥ ਅਤੇ ਲੁਭਾਉਣੇ ਸ਼ਬਦ “ਕੈਰੀਅਰ” ਦੇ ਟਕਰਾਵੇਂ ਸਬੰਧਾਂ ਦੀ ਵਿਆਖਿਆ ਵਿਦਿਆਰਥੀ ਦਿਲਾਂ ਨੂੰ ਟੁੰਬਦੀ ਅਤੇ ਦਿਮਾਗਾਂ ਨੂੰ ਝੰਜੋੜਦੀ ਸੀ ।

 ਇਹ ਸਨ ਉਹ ਹਾਲਤਾਂ ਜਿਨ੍ਹਾਂ ਨੇ ਜਗਮੋਹਣ ਦੇ ਮਨ ਦੀ ਜ਼ਰਖੇਜ਼ ਮਿੱਟੀ 'ਤੇ ਇਨਕਲਾਬੀ ਚੇਤਨਾ ਦੇ ਬੀਜ ਬਖੇਰੇ  ਅਤੇ ਇਨ੍ਹਾਂ  ਬੀਜਾਂ ਨੂੰ  ਇਨਕਲਾਬੀ ਸਮਰਪਣ ਦੀ ਭਾਵਨਾ ਨਾਲ ਸਿੰਜਿਆ। ਕਾ : ਜਗਮੋਹਣ ਵੱਲੋਂ ਕੁੱਲਵਕਤੀ ਇਨਕਲਾਬੀ ਜੀਵਨ ਦੀ ਚੋਣ, ਸਮੇਂ ਦੀ ਮੰਗ ਦੇ ਹੂੰਘਾਰੇ ਦਾ ਹੁੰਗ੍ਹਾਰਾ ਸੀ । ਹਰਭਜਨ ਸੋਹੀ ਦੇ ਸ਼ਬਦਾਂ 'ਚ ਉਹ ਦਿਨ ਕਮਿਊਨਿਸਟ ਇਨਕਲਾਬੀਆਂ ਲਈ ਇਨਕਲਾਬੀ ਜਨਤਕ ਲਹਿਰ ਦੇ “ਨਿਹਾਲ ਗੱਫ਼ਿਆਂ” ਦੇ ਦਿਨ ਸਨ ।ਇਹ ਦਿਨ ਲਹਿਰ ਦੀ ਅਗਵਾਈ ਲਈ ਕਮਿਊਨਿਸਟ ਇਨਕਲਾਬੀ ਗੁਲੀ ਦੀ ਮਜ਼ਬੂਤੀ ਦੀ ਮੰਗ ਕਰ ਰਹੇ ਸਨ । ਸਮਰਪਤ ਕੁਲਵਕਤੀ ਕਾਰਕੁਨਾ ਦੇ ਪੂਰਾਂ ਦੀ ਮੰਗ ਕਰ ਰਹੇ ਸਨ। ਇਨਕਲਾਬੀ ਪ੍ਰੇਰਨਾ ਦੀ ਚੜ੍ਹਤ ਦੇ ਇਹਨਾਂ ਦਿਨਾਂ 'ਚ ਜਾਗਰੂਕ ਅਤੇ ਵਿਕਸਤ ਇਨਕਲਾਬੀ ਵਿਦਿਆਰਥੀਆਂ  ਲਈ ਅਕਾਦਮਿਕ ਡਿਗਰੀਆਂ ਦਰਾਜ਼ਾਂ ਦਾ ਸ਼ਿੰਗਾਰ  ਹੋ ਕੇ ਰਹਿ ਗਈਆਂ ਸਨ । ਇੰਜਨੀਅਰ, ਡਾਕਟਰ, ਅਧਿਆਪਕ, ਵਿਗਿਆਨੀ ਹੋਣ ਦੇ ਸੁਪਨੇ ਲਿਆਕਤ ਦੀ ਸਾਰਥਕਤਾ ਲਈ ਸਾਜ਼ਗਾਰ ਸਮਾਜ ਸਿਰਜਣ ਦੇ ਵੱਡੇ ਸੁਪਨੇ ਅਤੇ ਇਰਾਦੇ 'ਚ ਵਟ ਰਹੇ ਸਨ । ਜਗਮੋਹਣ ਵੱਲੋਂ ਕੁਲਵਕਤੀ ਇਨਕਲਾਬੀ ਜੀਵਨ ਦੀ ਚੋਣ ਦਾ ਫ਼ੈਸਲਾ ਅੰਗੜਾਈ ਲੈ ਰਹੇ ਇਹਨਾਂ ਸੁਪਨਿਆਂ ਅਤੇ ਇਰਾਦਿਆਂ ਦੀ ਹੀ ਠੋਸ ਝਲਕੀ ਸੀ।

   ਪਿੰਡਾਂ ਦੇ ਕੱਚੇ ਪੱਕੇ ਰਾਹਾਂ `ਤੇ ਸਾਈਕਲ ਦੇ ਲੰਮੇ ਸਫ਼ਰ, ਅਣਮਨੁੱਖੀ ਜੀਵਨ ਹਾਲਤਾ `ਚ ਵਸਦੇ ਪਰਵਾਸੀ ਮਜ਼ਦੂਰਾਂ ਦੇ ਵਿਹੜੇ, ਟਰੇਡ ਯੂਨੀਅਨ ਕਰਮਚਾਰੀਆਂ ਦੇ ਘਰ ਅਤੇ ਇਨਕਲਾਬੀਆਂ ਦੇ ਖੁਫ਼ੀਆ ਟਿਕਾਣੇ ਹੁਣ ਜਗਮੋਹਨ ਦੀ ਰਹਿਣੀ-ਬਹਿਣੀ ਦਾ ਹਿੱਸਾ ਹੋ ਗਏ ਸਨ । ਉਸਨੇ ਸਮੇਂ ਸਮੇਂ ਇਨਕਲਾਬੀ ਪ੍ਰੈਸ ਦੇ ਕਾਮੇ ਅਤੇ ਪ੍ਰਬੰਧਕ ਵਜੋਂ ਮਨ ਮਾਰਵੀਆਂ ਸਰਗਰਮੀਆਂ ਓਟੀਆਂ । ਖੂਬਸੂਰਤ ਹੱਥ-ਲਿਖਤ ਇਸ਼ਤਿਹਾਰ ਤਿਆਰ ਕਰਨੇ, ਸਾਇਕਲੋ ਪ੍ਰਕਾਸ਼ਨਾਵਾਂ ਲਈ ਸਟੈਂਸਲ ਕੱਟਣੇ, ਅਤੇ ਰੂਲਾ ਪਰੈਸਾਂ ਤੇ ਪੋਸਟਰ ਕੱਢਣ ਵਰਗੇ ਕੰਮ ਇਹਨਾਂ ਸਰਗਰਮੀਆਂ ਦਾ ਹਿੱਸਾ ਸਨ । ਇਨਕਲਾਬੀ ਪ੍ਰਕਾਸ਼ਨਾਵਾਂ ਦੀ ਵੰਡ-ਵੰਡਾਈ, ਸਾਂਭ-ਸੰਭਾਲ, ਹਿਸਾਬ-ਕਿਤਾਬ ਅਤੇ ਉਗਰਾਹੀ ਵਰਗੇ ਅਹਿਮ ਅਤੇ ਜ਼ਰੂਰੀ ਕੰਮਾਂ ਦੇ ਨਾਲ ਨਾਲ ਜ਼ਫ਼ਰਨਾਮਾ, ਜਨਤਕ ਲੀਹ, ਸੁਰਖ਼ ਰੇਖਾ, ਸੁਰਖ਼ ਲੀਹ ਅਤੇ ਹੋਰ ਇਨਕਲਾਬੀ ਪ੍ਰਕਾਸ਼ਨਾਵਾਂ ਦੇ ਸੰਦੇਸ਼ ਸੰਚਾਰਕ ਵਜੋਂ ਉਸਨੇ  ਕਾਰਕੁਨਾਂ ਨੂੰ ਇਨਕਲਾਬੀ ਸੋਝੀ ਦੇਣ 'ਚ ਰੋਲ ਅਦਾ ਕੀਤਾ ।

   ਸਹੀ  ਕਮਿਊਨਿਸਟ ਇਨਕਲਾਬੀ  ਲੀਹ ਅੰਦਰ ਭਰੋਸੇ ਦੇ ਅਜਮਾਇਸ਼ੀ ਦੌਰਾਂ 'ਚ ਦਰੁਸਤ ਇਨਕਲਾਬੀ ਰੁਝਾਨ ਨੂੰ ਪਛਾਨਣ 'ਚ ਸਫਲਤਾ ਸਾਥੀ ਜਗਮੋਹਣ ਦੀ ਇਨਕਲਾਬੀ ਸਖਸ਼ੀਅਤ ਦਾ ਇੱਕ ਹੋਰ ਹਾਸਲ ਸੀ ਜਿਸਦੀ ਚਰਚਾ ਮੁੱਖ ਸੰਪਾਦਕ ਵੱਲੋਂ ਇੱਕ ਵੱਖਰੀ ਟਿੱਪਣੀ 'ਚ ਕੀਤੀ ਗਈ ਹੈ । ਉਹ ਗਲ੍ਹਤ ਰੁਝਾਨਾਂ ਦੇ ਤੇਜ਼ ਵਹਾਅ ਅਤੇ ਚੜ੍ਹਤ ਦੇ ਸਮਿਆਂ 'ਚ ਵੀ ਵਹਿਣ ਦਾ ਹਿੱਸਾ ਬਣਨੋਂ ਇਨਕਾਰੀ ਰਿਹਾ ਅਤੇ ਵਕਤੀ ਨਿਖੇੜੇ ਦਾ ਸਾਹਮਣਾ ਕਰ ਰਹੀ ਦਰੁਸਤ ਕਮਿਊਨਿਸਟ ਇਨਕਲਾਬੀ ਟੁਕੜੀ ਨਾਲ ਖੜ੍ਹਨ ਦੀ ਚੋਣ ਕਰਦਾ ਰਿਹਾ। 

      ਖੂਨ ਅਧਾਰਤ ਰਵਾਇਤੀ ਪਿਤਾ-ਪੁਰਖੀ ਰਿਸ਼ਤਿਆਂ ਅਤੇ ਇਨਕਲਾਬੀ ਸਰੋਕਾਰਾਂ 'ਤੇ ਅਧਾਰਤ ਅਗਾਂਹ ਵਧੂ ਰਿਸ਼ਤਿਆਂ ਦੇ ਟਕਰਾਵੇਂ ਅਨੁਭਵ ਕਾ: ਜਗਮੋਹਣ ਦੇ ਇਨਕਲਾਬੀ ਜੀਵਨ ਲਈ ਤਲਖੀਆਂ ਅਤੇ ਖੁਸ਼ੀਆਂ ਦਾ ਸਰੋਤ ਬਣਦੇ ਰਹੇ । ਪਿਤਰਕੀ ਫਰਜ਼ਾਂ ਦੇ ਸੰਭਵ ਨਿਭਾਅ ਦੀ ਖਰੀ ਭਾਵਨਾ ਉਸਦੀ ਊਰਜਾ ਦੀ ਚੁੰਗ ਵਸੂਲਦੀ ਰਹੀ ਸੀ । ਪਰ ਇਸ ਭਾਵਨਾ ਦਾ ਮੋੜਵਾਂ ਹੁੰਗ੍ਹਾਰਾ ਗੈਰਹਾਜ਼ਰ ਰਿਹਾ ਅਤੇ  ਨਿੱਜੀ ਜਾਇਦਾਦ ਅਧਾਰਤ  ਰਿਸ਼ਤਿਆਂ ਦੀ ਕੌੜੀ ਅਸਲੀਅਤ ਨੇ ਫਣ ਚੱਕ ਲਿਆ । ਪਿੰਡ ਕੋਠਾ ਗੁਰੂ ਦੇ ਲੋਕਾਂ 'ਚ ਕਾਮਰੇਡ ਜਗਮੋਹਣ ਦੇ ਲੋਕ ਪੱਖੀ ਇਨਕਲਾਬੀ ਜੀਵਨ ਅਤੇ ਅਧਿਕਾਰਾਂ ਦੀ ਕਦਰ ਦਾ ਪ੍ਰਗਟਾਵਾ ਇਸ ਸਦਮੇਂ ਦੀ ਉਦਾਸੀ ਦਾ ਹਾਂ ਪੱਖੀ ਬਦਲ ਅਤੇ ਮਨੋਬਲ ਦੀ ਢਾਲ ਬਣਕੇ ਉੱਭਰਿਆ ।   

  ਕਾ : ਜਗਮੋਹਣ  ਇਨਕਲਾਬੀ ਲਹਿਰ ਦੇ ਸਮਰਥਕਾਂ ਤੋਂ ਲੈ ਕੇ ਆਗੂ ਕਮਿਊਨਿਸਟ ਇਨਕਲਾਬੀਆਂ ਤੱਕ ਦੀ ਸਿਹਤ ਸੰਭਾਲ, ਸੇਵਾ ਅਤੇ ਇਲਾਜ ਦੀਆਂ ਲੋੜਾਂ ਲਈ ਹਮੇਸ਼ਾ ਸਮਰਪਣ ਦੀ ਭਾਵਨਾ ਨਾਲ ਸਰਗਰਮ ਰਿਹਾ । ਕਾ : ਜਗਮੋਹਣ ਦੀ ਸਿਹਤ ਸੇਵਾ ਭਾਵਨਾ ਦਾ ਲਹਿਰ ਸਮਰਥਕ-ਪੇਸ਼ਾਵਰ ਡਾਕਟਰਾਂ ਦੀ ਬੇਗਰਜ਼ ਯਕੀਨੀ ਸਹਾਇਤਾ ਦੇ ਪੱਖ ਨਾਲ ਜੁੜਕੇ ਇਨਕਲਾਬੀ ਸਮਾਜਿਕ ਕਾਰਕੁਨਾਂ ਨੂੰ ਲਹਿਰ ਦੇ ਸਰਮਾਏ ਵਜੋਂ ਸਾਂਭਣ ਦੇ ਯਤਨਾਂ 'ਚ ਅਹਿਮ ਹਿੱਸਾ ਰਿਹਾ ਹੈ ।  ਜੀਵਨ ਦੇ ਆਖਰੀ ਸਮਿਆਂ 'ਚ ਇਸੇ ਜ਼ੋਰਦਾਰ ਭਾਵਨਾ ਨੇ ਆਪਣੀਆਂ ਬਾਹਾਂ ਸਾਥੀ ਜਗਮੋਹਨ ਵੱਲ ਵਧਾ ਦਿੱਤੀਆਂ ।

    ਕਾ : ਜਗਮੋਹਣ ਦੀ ਬਿਮਾਰੀ ਦੀ ਖ਼ਬਰ ਸੁਰਖ਼ ਲੀਹ ਦੇ ਸਮਰਥਕਾਂ ਲਈ ਅਚਨਚੇਤ ਝੰਜੋੜਾ ਬਣਕੇ ਆਈ । ਇਲਾਜ ਲਈ ਆਰਥਕ ਸਹਾਇਤਾ ਦੀ  ਅਪੀਲ ਨੂੰ ਭਰਪੂਰ ਹੂੰਗ੍ਹਾਰਾ ਮਿਲਿਆ । ਲਹਿਰ ਸਮਰਥਕ ਡਾਕਟਰਾਂ ਅਤੇ ਕਾਰਕੁਨਾਂ ਨੇ ਇਲਾਜ ਅਤੇ ਸਹਾਇਤਾ ਦੀਆਂ ਹੰਗਾਮੀ ਲੋੜਾਂ ਨੂੰ ਹੁੰਗ੍ਹਾਰਾ ਦੇਣ 'ਚ  ਕੋਈ ਕਸਰ ਬਾਕੀ ਨਾ ਛੱਡੀ ।  ਇਹ ਸਾਰੀਆਂ ਕੋਸ਼ਿਸ਼ਾਂ ਮਾਰੂ ਬਿਮਾਰੀ ਦੇ ਅਟੱਲ ਨਤੀਜੇ ਤੋਂ ਸਾਥੀ ਜਗਮੋਹਣ ਦੇ ਜੀਵਨ ਦੀ ਰਾਖੀ ਨਾ ਕਰ ਸਕੀਆਂ ਤਾਂ ਵੀ ਇਹਨਾਂ ਕੋਸ਼ਿਸ਼ਾਂ ਨੇ ਸੁਰਖ਼ ਲੀਹ ਭਾਈਚਾਰੇ ਦੀ  ਆਪਸੀ ਸਾਂਝ ਭਾਵਨਾ ਅਤੇ ਸਰੋਕਾਰਾਂ ਦੀ ਉੱਤਮ  ਝਲਕ ਪੇਸ਼ ਕੀਤੀ ਹੈ । ਇਹ ਝਲਕ ਮੈਕਸਿਮ ਗੋਰਕੀ ਦੇ ਕਹੇ ਨੂੰ ਯਾਦ ਕਰਾਉਂਦੀ ਹੈ ਕਿ ਅਸੀਂ ਸਾਰੇ ਸਾਥੀ ਹਾਂ, ਮਿੱਤਰਾਂ ਦਾ ਇੱਕ ਪਰਿਵਾਰ ਹਾਂ ਅਤੇ ਮਨੁੱਖਤਾ ਦੀ ਮੁਕਤੀ ਦੀ ਇਕਹਿਰੀ ਇੱਛਾ 'ਚ  ਪਰੋਏ ਹੋਏ ਹਾਂ ।      

      ਇਨਕਲਾਬੀਆਂ ਦੀ ਮੌਤ ਉਹਨਾਂ ਦੇ ਇਨਕਲਾਬੀ ਜੀਵਨ ਦਾ ਆਖਰੀ ਸੁਨੇਹਾ ਬਣਕੇ ਆਉਂਦੀ ਹੈ । ਇਹ ਸੁਨੇਹਾ ਸਿਰਫ਼ ਸੋਗ ਦੀ ਭਾਵਨਾ ਨਹੀਂ ਜਗਾਉਂਦਾ । ਇਸ ਸੁਨੇਹੇ 'ਚ ਅਰਥ ਭਰਪੂਰ ਜੀਵਨ ਘਾਲਣਾ ਦੇ ਰੰਗ ਘੁਲੇ ਹੁੰਦੇ ਹਨ। ਇਹ ਰੰਗ ਇਨਕਲਾਬੀ ਭਾਵਨਾਵਾਂ ਨੂੰ ਆਵਾਜ਼ਾ ਮਾਰਦੇ, ਝੂਣਦੇ ਅਤੇ ਜਗਾਉਂਦੇ ਹਨ । ਜਗਮੋਹਣ ਦੇ ਸ਼ਰਧਾਂਜਲੀ ਸਮਾਗਮ 'ਚ ਭਰਵੀਂ ਹਾਜ਼ਰੀ ਸੀ । ਇਨਕਲਾਬੀ ਲਹਿਰ ਦੇ ਸਾਬਕਾ ਕਾਰਕੁਨਾਂ ਦਾ ਇੱਕ ਹਿੱਸਾ ਇਨਕਲਾਬੀ ਜ਼ਿੰਦਗੀ ਦੀਆਂ ਯਾਦਾਂ ਦੇ ਸਰਮਾਏ ਸਮੇਤ ਹਾਜ਼ਰ ਸੀ । ਨਿੱਕੀਆਂ ਨੁੱਕਰ ਮਿਲਣੀਆਂ 'ਚ ਯਾਦਗਾਰੀ ਬੀਤੇ ਦੀਆਂ ਮਹਿਕਾਂ ਤਾਜ਼ਾ ਹੋ ਰਹੀਆਂ ਸਨ । ਜਗਮੋਹਣ ਆਪਣੇ ਜੀਵਨ ਦੇ ਸਦਾ ਜਿਓਂਦੇ ਆਖ਼ਰੀ ਸੁਨੇਹੇ ਨਾਲ ਵਿਦਾ ਹੋ ਰਿਹਾ ਸੀ!            

                                                                              ਅਦਾਰਾ ਸੁਰਖ਼ ਲੀਹ 

No comments:

Post a Comment