ਸਾਮਰਾਜੀਆਂ ਦੀ ਸੇਵਾ 'ਚ ਸੱਭੇ ਹਾਕਮ ਜਮਾਤੀ ਪਾਰਟੀਆਂ ਘਿਓ-ਖਿਚੜੀ
ਪਿਛਲੇ ਦਿਨੀਂ ਕੇਰਲਾ ਦੇ ਸ਼ਹਿਰ ਕੋਚੀ ਵਿਖੇ, ਕੇਰਲਾ ਸਰਕਾਰ ਦੇ ਸਨਅਤੀ ਵਿਭਾਗ ਵੱਲੋਂ 'ਕੇਰਲਾ' 'ਚ ਕੌਮਾਂਤਰੀ ਨਿਵੇਸ਼ ਸਿਖਰ ਮੀਟਿੰਗ ਆਯੋਜਤ ਕੀਤੀ ਗਈ ਹੈ।
ਅਖੌਤੀ 'ਖੱਬੇ ਜਮਹੂਰੀ ਫਰੰਟ' ਦੀ ਸਰਕਾਰ ਦੇ ਮੁੱਖ ਮੰਤਰੀ ਪਿੱਨਾਰਾਈ ਵਿਜਾਇਨ ਨੇ ਮੀਟਿੰਗ ਦਾ ਮਕਸਦ ਬਿਆਨ ਕਰਦਿਆਂ ਆਖਿਆ, “ਇਸ ਮੌਕੇ ਇਹ ਮੀਟਿੰਗ, ਕੌਮਾਂਤਰੀ ਨਿਵੇਸ਼ਕਾਂ, ਸੁਪਨਸਾਜਾਂ, ਮਾਹਿਰਾਂ ਤੇ ਨੀਤੀ-ਘਾੜਿਆਂ ਨੂੰ ਇਹ ਨਿਸ਼ਾਨਾ ਰੱਖ ਕੇ ਇਕੱਠਿਆਂ ਕਰ ਰਹੀ ਹੈ ਕਿ ਉਹ ਕੇਰਲਾ ਅੰਦਰ ਨਿਵੇਸ਼ ਦੀਆਂ ਸੰਭਾਵਨਾਵਾਂ ਨੂੰ ਤਲਾਸ਼ਣ ਅਤੇ ਸੂਬੇ ਅੰਦਰ ਨਿਵੇਸ਼ਕ-ਹਿਤੈਸ਼ੀ ਸ਼ੈਲੀ ਵੱਲ ਨੂੰ ਸਾਡੀਆਂ ਪਹਿਲ ਕਦਮੀਆਂ ਦੇ ਸਬੂਤਾਂ ਨੂੰ ਤੱਕਣ।”
ਬੀ.ਜੇ.ਪੀ. ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਵੱਲੋਂ ਮੰਤਰੀ ਪਿਊਸ਼ ਗੋਇਲ, ਕੌਸ਼ਲ ਵਿਭਾਗ ਮੰਤਰੀ ਤੇ ਰਾਸ਼ਟਰੀ ਲੋਕ ਦਲ ਦੇ ਆਗੂ ਜਯੰਤ ਚੌਧਰੀ ਅਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਕਾਂਗਰਸ ਦੇ ਨੇਤਾ ਵੀ.ਡੀ.ਸਥੀਸਨ ਨੇ ਸਿੱਧੇ ਤੌਰ 'ਤੇ ਅਤੇ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਨ ਗਡਕਰੀ ਨੇ ਵੀਡਿਓ ਕਾਨਫਰੰਸ ਰਾਹੀਂ ਇਸ ਮੀਟਿੰਗ 'ਚ ਸ਼ਿਰਕਤ ਕੀਤੀ।
ਮੁੱਖ ਮੰਤਰੀ ਦੇ ਭਾਸ਼ਣ ਤੋਂ ਸਾਫ਼ ਝਲਕਦਾ ਸੀ ਕਿ ਉਹ ਵੱਡੇ ਕਾਰੋਬਾਰੀਆਂ ਦੇ ਬੇਹਤਰੀਨ ਹਿਤੈਸ਼ੀ ਨਾ ਹੋਣ ਵਾਲੇ, ਕੇਰਲਾ ਦੇ ਬਣੇ ਹੋਏ ਅਕਸ ਨੂੰ ਮੇਟਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸਦਾ ਕਹਿਣਾ ਸੀ ਕਿ ਕੇਰਲਾ ਨੂੰ ਹੋਰ ਨਿਵੇਸ਼ਕ ਹਿਤੈਸ਼ੀ ਬਣਾਉਣ ਲਈ, ਹਕੂਮਤ ਨੇ ਅਫ਼ਸਰੀ ਤਾਣੇ-ਬਾਣੇ ਨੂੰ ਸਾਫ਼ ਸੁਥਰਾ ਬਣਾ ਲਿਆ ਹੈ। ਹੋਰ ਵਿਆਖਿਆ ਕਰਦਿਆਂ ਉਸ ਨੇ ਕਿਹਾ, “ਅਸੀਂ ਇਹ ਯਕੀਨੀ ਬਣਾਇਆ ਹੈ ਕਿ ਕੇਰਲਾ ਆਉਣ ਵਾਲੇ ਕਿਸੇ ਵੀ ਨਿਵੇਸ਼ਕ ਨੂੰ ਪ੍ਰਕਿਰਿਆ 'ਚ ਦੇਰੀਆਂ ਦੇ ਮੱਕੜਜਾਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਲਾਲ ਫੀਤਾਸ਼ਾਹੀ ਦੀਆਂ ਰੁਕਵਾਟਾਂ ਨਾ ਹੋਣ। ਨਿਵੇਸ਼ ਦੇ ਮਾਮਲੇ 'ਚ ਪ੍ਰਕਿਰਿਆਵਾਂ ਨੂੰ ਰੈਲਾ ਕਰਨ 'ਚ ਅਸੀਂ ਵੱਡੀਆਂ ਪੁਲਾਘਾਂ ਪੁੱਟੀਆਂ ਹਨ।”
ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਆਖਿਆ “ਅਸੀਂ ਸਹਿਕਾਰੀ ਸੰਘਵਾਦ ਦੀ ਭਾਵਨਾ ਨਾਲ ਕੰਮ ਕਰ ਰਹੇ ਹਾਂ। ਇੱਥੇ ਮੁਕਾਬਲੇਬਾਜ਼ੀ ਹੈ। ਪਰ ਸੂਬੇ ਦੇ ਵਿਕਾਸ ਲਈ ਸਿਰਫ਼ ਇਹੋ ਨੁਸਖਾ ਹੈ।”
ਕਾਂਗਰਸ ਦਾ ਸਿਰਕੱਢ ਲੀਡਰ ਰਾਹੁਲ ਗਾਂਧੀ ਭਾਵੇਂ ਚੋਟੀ ਦੇ ਕਾਰਪੋਰੇਟ ਘਰਾਣੇ ਅਡਾਨੀ ਖ਼ਿਲਾਫ਼ ਜਿੰਨਾ ਮਰਜੀ ਆਡੰਬਰੀ ਭਾਸ਼ਣ ਕਰੀ ਜਾਵੇ ਪਰ ਕੇਰਲਾ ਵਿਚਲੇ ਉਸਦੀ ਪਾਰਟੀ ਦੇ ਵਿਧਾਇਕ ਆਗੂ ਸਥੀਸਨ ਨੇ ਕਿਹਾ ਕੇ ਪਾਰਟੀ ਸੰਬੰਧਾਂ ਨੂੰ ਪਾਸੇ ਰੱਖ ਕੇ ਸਾਡਾ ਸਾਂਝਾ ਟੀਚਾ ਕੇਰਲਾ ਨੂੰ ਆਰਥਿਕ ਖੁਸ਼ਹਾਲੀ ਤੇ ਸਨਅਤੀ ਉੱਤਮਤਾ ਵੱਲ ਅੱਗੇ ਵਧਾਉਣਾ ਹੈ। ਅਸੀਂ ਇਨ੍ਹਾਂ ਦੀ ਪੂਰੀ ਹਮਾਇਤ ਕਰਦੇ ਹਾਂ। “.......ਪਿਛਲੇ 4 ਸਾਲਾਂ 'ਚ ਅਸੀਂ ਕੋਈ ਹੜਤਾਲ ਜਥੇਬੰਦ ਨਹੀਂ ਕੀਤੀ। ਕੇਰਲਾ ਸਰਕਾਰ ਨੂੰ ਮੇਰੀ ਬੇਨਤੀ ਹੈ ਕਿ ਜਦੋਂ ਤੁਸੀਂ ਵਿਰੋਧੀ ਖੇਮੇ 'ਚ ਹੋਏ ਤਾਂ ਇਸੇ ਸੱਭਿਆਚਾਰ ਨੂੰ ਜਾਰੀ ਰੱਖਿਓ।”
ਇਸੇ ਚੋਟੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਬੰਦਰਗਾਹਾਂ ਤੇ ਸਪੈਸ਼ਲ ਆਰਥਿਕ ਜ਼ੋਨਾਂ ਬਾਰੇ ਅਡਾਨੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਕਰਨ ਅਡਾਨੀ ਨੇ ਆਖਿਆ ਕਿ ਕੇਰਲਾ 'ਚ ਅਗਲੇ ਪੰਜ ਸਾਲਾਂ ਅੰਦਰ ਅਡਾਨੀ ਗਰੁੱਪ 30000 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਕੁੱਲ ਰਾਸ਼ੀ 'ਚੋਂ ਅੱਗੇ ਕਿੰਨ੍ਹਾ-ਕਿੰਨ੍ਹਾਂ ਖੇਤਰਾਂ 'ਚ ਨਿਵੇਸ਼ ਕਰਨਾ ਹੈ, ਇਹ ਵੀ ਉਸਨੇ ਵੇਰਵੇ ਸਾਹਿਤ ਦੱਸਿਆ।
ਇਸ ਮੀਟਿੰਗ ਦੀ ਕਾਰਵਾਈ ਦੌਰਾਨ ਸਭਨਾਂ ਖੇਤਰੀ ਤੇ ਮੁਲਕ-ਪੱਧਰੀਆਂ ਪਾਰਟੀਆਂ ਦੇ ਬਿਆਨਾਂ, ਐਲਾਨਾਂ ਤੋਂ ਹੋਰ ਸਪੱਸ਼ਟ ਹੋ ਗਿਆ ਹੈ ਕਿ ਲੋਕਾਂ ਦੀ ਲੁੱਟ-ਖਸੁੱਟ ਕਰਵਾਉਣ ਲਈ ਕਾਰਪੋਰੇਟਾਂ ਨੂੰ ਸੱਦਣਾਂ ਇਨ੍ਹਾਂ ਦਾ ਸਾਂਝਾ ਟੀਚਾ ਹੈ। ਇਸ ਟੀਚੇ ਦੀ ਪੂਰਤੀ ਲਈ ਸਾਰਿਆਂ ਨੂੰ ਇੱਕੋ ਮੰਚ 'ਤੇ ਇਕੱਠੇ ਹੋਣ 'ਚ ਕੋਈ ਦਿੱਕਤ ਨਹੀਂ। ਕਾਰਪੋਰੇਟਾਂ ਦੇ ਲੋਟੂ ਅਮਲ 'ਚ ਕੁੱਝ ਹੱਦ ਬਣਦੇ ਕਾਨੂੰਨੀ ਅੜਿੱਕਿਆਂ ਨੂੰ ਦੂਰ ਕਰਨਾ ਹੈ। ਇਸ ਅਮਲ ਦੀ ਤੇਜ਼ ਰਫ਼ਤਾਰੀ ਲਈ ਅਧਾਰੀ ਢਾਂਚਾ ਤਿਆਰ ਕਰ ਦੇਣਾ ਹੈ। ਲੁੱਟ-ਖਸੁੱਟ ਦੇ ਸਿੱਟੇ ਵਜੋਂ ਨਪੀੜੇ ਜਾਂਦੇ ਮਜ਼ਦੂਰਾਂ ਤੇ ਹੋਰ ਲੋਕਾਂ ਦੇ ਹੜਤਾਲ ਰੂਪੀ ਸੰਘਰਸ਼ਾਂ ਦੇ ਸੇਕ ਤੋਂ ਕਾਰਪੋਰੇਟਾਂ ਨੂੰ ਸੁਰੱਖਿਅਤ ਵੀ ਰੱਖਣਾ ਹੈ। ਇਉਂ ਇਹ ਕਾਰਪੋਰੇਟ ਘਰਾਣਿਆਂ ਦੀ ਸੇਵਾ ਕਰਨ ਲਈ ਘਿਓ-ਖਿਚੜੀ ਹਨ, ਇੱਕੋ ਹਨ। ਇੱਕ ਦੂਜੇ ਤੋਂ ਮੂਹਰੇ ਲੰਘਣ ਦੀ ਕੋਸ਼ਿਸ਼ ਵਿੱਚ ਹਨ।
(22 ਫਰਵਰੀ ਦੇ 'ਦ ਹਿੰਦੂ ਅਤੇ 23 ਫਰਵਰੀ ਦੇ ਇੰਡੀਅਨ ਐਕਸਪ੍ਰੈਸ 'ਤੇ ਅਧਾਰਤ)
No comments:
Post a Comment