ਸਾਥੀ ਬਲਵੰਤ ਬਾਘਾ ਪੁਰਾਣਾ ਦਾ ਵਿਛੋੜਾ
ਕਾਫ਼ਲੇ 'ਚ ਭਾਵੇਂ ਤੂੰ ਨਹੀਂ ਰਿਹਾ ਯਾਦ ਤੇਰੀ ਪਰ ਦਿਲਾਂ 'ਚੋਂ ਜਾਣੀ ਨਹੀਂ ---
ਬਲਵੰਤ ਸਿੰਘ ਬਾਘਾ ਪੁਰਾਣਾ ਬੀਤੇ ਦਿਨੀਂ ਸਾਡੇ ਕੋਲੋਂ ਜਿਸਮਾਨੀ ਤੌਰ 'ਤੇ ਚਲੇ ਗਏ। 70 ਸਾਲਾਂ ਦੀ ਉਮਰ `ਚ ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਉਸ ਨੂੰ ਸਾਡੇ ਕੋਲੋਂ ਖੋਹ ਲਿਆ। ਮਲੇਰਕੋਟਲੇ ਦੇ ਨੇੜਲੇ ਪਿੰਡ ਮਹੋਲੀ ਵਿੱਚ ਇਕ ਖੇਤ ਮਜ਼ਦੂਰ ਪਰਿਵਾਰ ਵਿਚ ਪਿਤਾ ਕਰਤਾਰ ਸਿੰਘ ਅਤੇ ਮਾਤਾ ਜੰਗੀਰ ਕੌਰ ਦੇ ਘਰ ਜਨਮ ਲੈਣ ਵਾਲਾ ਬਲਵੰਤ ਸਿੰਘ ਆਪਣੇ ਚਾਰ ਭਰਾਵਾਂ ਵਿਚੋਂ ਸਭ ਤੋਂ ਛੋਟਾ ਸੀ। 1970 ਵਿਚ ਦਸਵੀਂ ਜਮਾਤ ਤੱਕ ਦੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਪੜ੍ਹਨ ਵਿਚ ਰੁਚੀ ਹੋਣ ਦੇ ਬਾਵਜੂਦ ਘਰ ਦੀ ਤੰਗੀ ਕਾਰਨ ਬਿਜਲੀ ਬੋਰਡ ਵਿਚ ਵਰਕਚਾਰਜ ਵਜੋਂ ਕੰਮ ਕਰਨ ਦੇ ਰਾਹ ਤੁਰ ਪਿਆ। 1979 ਵਿਚ ਆਰ ਟੀ ਐਮ ਵਜੋਂ ਮਲੇਰਕੋਟਲਾ ਡਿਵੀਜ਼ਨ ਵਿਚ ਨਿਯੁਕਤ ਹੋਇਆ। 1982-83 ਵਿਚ ਉਹ ਬਾਘਾ ਪੁਰਾਣਾ ਡਵੀਜਨ ਵਿਚ ਆ ਗਿਆ। ਫਿਰ ਉਹ ਇੱਥੋਂ ਦਾ ਪੱਕਾ ਵਸਨੀਕ ਬਣ ਗਿਆ।
ਸ਼ੁਰੂ ਵਿਚ ਉਹ ਬਿਜਲੀ ਕਾਮਿਆਂ ਦੀ ਜਥੇਬੰਦੀ ਟੀ. ਐਸ. ਯੂ. ਵਿਚ ਸ਼ਾਮਲ ਹੋਇਆ ਅਤੇ ਅਗਾਂਹਵਧੂ ਇਨਕਲਾਬੀ ਵਿਚਾਰਾਂ ਦਾ ਧਾਰਨੀ ਵੀ ਬਣ ਗਿਆ। 1981 ਵਿਚ ਉਸ ਨੇ ਆਪਣਾ ਵਿਆਹ ਵੀ ਬਿਨਾਂ ਦਾਜ-ਦਹੇਜ ਤੋਂ ਕਰਵਾਇਆ ਸੀ। ਇਹ ਉਹ ਸਮਾਂ ਸੀ ਜਦੋਂ ਬਿਜਲੀ ਕਾਮਿਆਂ ਦੀ ਜਥੇਬੰਦੀ ਤਕੜੀਆਂ ਜਥੇਬੰਦੀਆਂ ਵਿਚ ਸ਼ੁਮਾਰ ਸੀ। ਹੋਰਨਾਂ ਜਥੇਬੰਦੀਆਂ ਵਾਂਗ ਇੱਥੇ ਵੀ ਇਨਕਲਾਬੀ ਵਿਚਾਰਾਂ ਦਾ ਪਸਾਰਾ ਹੋ ਰਿਹਾ ਸੀ ਤੇ ਇਨਕਲਾਬੀ ਟਰੇਡ ਯੂਨੀਅਨ ਲੀਹ ਦੇ ਪੈਰ ਜੰਮ ਰਹੇ ਸਨ। ਬਿਜਲੀ ਕਾਮਿਆਂ 'ਚ ਵੱਡੀ ਗਿਣਤੀ ਵਰਕਰਾਂ ਦਾ ਅਨਪੜ੍ਹ ਜਾਂ ਘੱਟ ਪੜ੍ਹੇ ਹੋਣਾ, ਅਫਸਰਸ਼ਾਹੀ ਦਾ ਦਾਬਾ ਅਤੇ ਔਖੀਆਂ ਕੰਮ ਹਾਲਤਾਂ ਜਥੇਬੰਦੀ ਸਾਹਮਣੇ ਚੁਣੌਤੀਆਂ ਸਨ। ਲੀਡਰਸ਼ਿੱਪਾਂ ਜਥੇਬੰਦੀ ਨੂੰ ਖਾੜਕੂ ਲੀਹਾਂ 'ਤੇ ਤੋਰਨ ਦੀ ਥਾਂ ਅਫ਼ਸਰਸ਼ਾਹੀ ਨਾਲ ਮੇਲ-ਮਿਲਾਪ ਦੀ ਨੀਤੀ ਤੇ ਚਲਦੀਆਂ ਸਨ। 21-22 ਫਰਵਰੀ ਦੀ ਹੜਤਾਲ ਵਾਪਸੀ ਤੋਂ ਬਾਅਦ ਇਹ ਲੀਡਰਸ਼ਿੱਪਾਂ ਮੁਲਾਜ਼ਮ ਹਿੱਸਿਆਂ 'ਚੋਂ ਨਿੱਖੜ ਰਹੀਆਂ ਸਨ। ਪੰਜਾਬ ਵਿਚ ਮੁਲਾਜ਼ਮ ਲਹਿਰ ਨੂੰ ਇਨਕਲਾਬੀ ਲੀਹਾਂ 'ਤੇ ਜਥੇਬੰਦ ਕਰਨ ਲਈ ਵੱਖ ਵੱਖ ਥਾਵਾਂ 'ਤੇ ਕੇਂਦਰ ਉੱਭਰ ਰਹੇ ਸਨ। ਅਜਿਹਾ ਹੀ ਇਕ ਕੇਂਦਰ ਲੰਬੀ ਬਲਾਕ ਵਿਚ ਉੱਭਰਿਆ। ਇਹਨਾਂ ਵਿਚਾਰਾਂ ਦਾ ਪਸਾਰਾ ਪੰਜਾਬ ਭਰ ਵਿਚ ਹੋਇਆ ਅਤੇ ਇਹਨਾਂ ਵਿਚਾਰਾਂ ਦੀ ਅਗਵਾਈ ਕਰਨ ਵਾਲੇ ਹਿੱਸੇ ਨੂੰ 'ਲੰਬੀ ਗਰੁੱਪ' ਦੇ ਨਾਂ ਨਾਲ ਜਾਣਿਆ ਜਾਣ ਲੱਗਾ।
ਬਲਵੰਤ ਸਿੰਘ ਵੀ ਲੰਬੀ ਗਰੁੱਪ ਵਿਚ ਸ਼ਾਮਲ ਹੋ ਕੇ ਟੀ. ਐਸ. ਯੂ. ਨੂੰ ਇਨਕਲਾਬੀ ਲੀਹਾਂ `ਤੇ ਜਥੇਬੰਦ ਕਰਨ ਦੇ ਰਾਹ ਤੁਰ ਪਿਆ। ਉਸ ਨੇ ਇਹਨਾਂ ਵਿਚਾਰਾਂ ਨੂੰ ਗ੍ਰਹਿਣ ਕੀਤਾ ਕਿ ਮੁਲਾਜ਼ਮਾਂ ਤੇ ਸਰਕਾਰ ਦਾ ਰਿਸ਼ਤਾ ਕੀ ਹੈ? ਮੁਲਾਜ਼ਮਾਂ ਦੀ ਹਕੀਕੀ ਏਕਤਾ ਕਿਵੇਂ ਉੱਸਰ ਸਕਦੀ ਹੈ? ਮੁਲਾਜ਼ਮਾਂ ਦਾ ਆਪਣਾ ਬਿਹਤਰ ਜੀਵਨ ਹਾਲਤਾਂ ਲਈ ਸੰਘਰਸ਼ ਸਮੁੱਚੇ ਮਿਹਨਤਕਸ਼ ਲੋਕਾਂ ਦੀ ਮੁਕਤੀ ਦੇ ਸੰਘਰਸ਼ ਦਾ ਅੰਗ ਕਿਵੇਂ ਹੈ? ਬਿਜਲੀ ਕਾਮਿਆਂ ਦੀ ਹੋਰ ਤਬਕਿਆਂ ਅਤੇ ਆਮ ਲੋਕਾਂ ਨਾਲ ਸਾਂਝ ਕਿਉਂ ਜਰੂਰੀ ਹੈ? ਉਸ ਨੂੰ ਇਹ ਸੋਝੀ ਵੀ ਆਉਂਦੀ ਗਈ ਕਿ ਸਮਾਜ ਦੇ ਬੁਨਿਆਦੀ ਹਿੱਸੇ, ਮਜ਼ਦੂਰਾਂ ਅਤੇ ਕਿਸਾਨਾਂ ਨਾਲ ਏਕਤਾ ਦੀਆਂ ਤੰਦਾਂ ਵੀ ਮਜਬੂਤ ਕਰਨੀਆਂ ਜ਼ਰੂਰੀ ਹਨ। ਉਸ ਨੇ ਇਹ ਸੋਝੀ ਵੀ ਗ੍ਰਹਿਣ ਕੀਤੀ ਕਿ ਮਜਦੂਰਾਂ ਅਤੇ ਕਿਸਾਨਾਂ ਨੂੰ ਜਥੇਬੰਦ ਕਰਕੇ ਇਹਨਾਂ ਦੀ ਅਗਵਾਈ 'ਚ ਉੱਸਰੀ ਇਨਕਲਾਬੀ ਲਹਿਰ ਇਸ ਰਾਜ ਪ੍ਰਬੰਧ ਅਤੇ ਸਮਾਜ ਦੀ ਹੇਠਲੀ ਉੱਤੇ ਕਰਕੇ ਮਜ਼ਦੂਰਾਂ ਕਿਸਾਨਾਂ ਦਾ ਰਾਜ ਸਿਰਜ ਸਕਦੀ ਹੈ। ਇਸ ਤਰ੍ਹਾਂ ਉਹ ਇਕ ਸਧਾਰਨ ਟਰੇਡ ਯੂਨੀਅਨਨਿਸਟ ਤੋਂ ਅੱਗੇ ਵਧ ਕੇ ਭਗਤ ਸਿੰਘ ਦੇ ਰਾਹ ਦਾ ਰਾਹੀ ਬਣ ਗਿਆ ਅਤੇ ਆਪਣੇ ਆਪ ਨੂੰ ਇਨਕਲਾਬੀ ਜਮਹੂਰੀ ਲਹਿਰ ਦਾ ਅੰਗ ਬਣਾ ਲਿਆ। ਮਨੁੱਖਤਾ ਦੀ ਮੁਕਤੀ ਦੇ ਮਹਾਨ ਉਦੇਸ਼ ਕਮਿਊਨਿਜ਼ਮ ਤੱਕ ਦੀ ਮੰਜ਼ਿਲ ਲਈ ਜੂਝਣਾ ਉਸ ਦੇ ਅਕੀਦਿਆਂ `ਚ ਸ਼ਾਮਿਲ ਸੀ। ਪੰਜਾਬ ਦੀ ਇਨਕਲਾਬੀ ਜਨਤਕ ਲਹਿਰ `ਚ ਉਸ ਨੇ ਇਸੇ ਭਾਵਨਾ ਤੇ ਚੇਤਨਾ ਦੀ ਰੰਗਤ ਨਾਲ ਹਿੱਸਾ ਪਾਇਆ। ਜਨਤਕ ਸੰਘਰਸ਼ਾਂ ਨੂੰ ਇਨਕਲਾਬੀ ਤਬਦੀਲੀ ਦੀ ਮੰਜ਼ਿਲ ਵੱਲ ਸੇਧਤ ਕਰਨ ਲਈ ਉਹ ਹਮੇਸ਼ਾ ਤਤਪਰ ਰਿਹਾ। ਇਸੇ ਚੇਤਨਾ ਕਰਕੇ ਉਹ ਪੰਜਾਬ ਦੀ ਇਨਕਲਾਬੀ ਲਹਿਰ ਵੱਲੋਂ ਜੁਟਾਏ ਸਭਨਾ ਵੱਡੇ-ਛੋਟੇ ਉੱਦਮਾਂ `ਚ ਹਮੇਸ਼ਾ ਹਾਜ਼ਰ ਰਿਹਾ। ਇਲਾਕੇ 'ਚ ਅਫ਼ਸਰਸ਼ਾਹੀ ਦੇ ਧੱਕੇ ਖਿਲਾਫ਼ ਲੜੇ ਜਾਣ ਵਾਲੇ ਸੰਘਰਸ਼ਾਂ 'ਚ ਉਸ ਦੀ ਮੋਹਰੀ ਭੂਮਿਕਾ ਹੁੰਦੀ। ਸਮਾਜਕ ਜਬਰ ਦੀਆਂ ਘਟਨਾਵਾਂ ਦੇ ਵਿਰੋਧ 'ਚ ਉੱਠੀ ਹਰ ਲਹਿਰ 'ਚ ਉਸ ਵੱਲੋਂ ਲੋਕਾਂ ਨੂੰ ਜਥੇਬੰਦ ਕਰਨ ਅਤੇ ਜਬਰ ਠੱਲ੍ਹਣ ਲਈ ਲੋਕ ਤਾਕਤ ਦੀ ਉਸਾਰੀ ਕਰਨ 'ਚ ਉਸ ਨੇ ਕਮਾਲ ਦੀ ਭੂਮਿਕਾ ਨਿਭਾਈ। ਬਲਵੰਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਅਗਵਾਈ 'ਚ 1991 'ਚ, ਬਾਘਾ ਪੁਰਾਣਾ ਦੇ ਧਨਾਢ ਪਰਿਵਾਰ ਦੀ ਸ਼ਹਿ 'ਤੇ ਇਕ ਨਾਬਾਲਗ ਲੜਕੀ ਦੇ ਅਗਵਾ ਦੀ ਘਟਨਾ ਵਿਰੁੱਧ ਮਹੀਨਾ ਭਰ ਸੰਘਰਸ਼ ਚੱਲਿਆ ਅਤੇ ਉਹ ਲੜਕੀ ਬਰਾਮਦ ਕਰਾਈ ਗਈ। ਇਸ ਤਰ੍ਹਾਂ ਫਿਰੋਜ਼ਪੁਰ ਜਿਲ੍ਹੇ ਦੇ ਪਿੰਡ ਮਨਾਵਾਂ 'ਚ ਇਕ ਜਗੀਰਦਾਰ ਵੱਲੋਂ ਦੋ ਖੇਤ ਮਜਦੂਰਾਂ ਨੂੰ ਕੁੱਟ ਕੁੱਟ ਕੇ ਮਾਰਨ ਵਿਰੁੱਧ ਉੱਠੇ ਲੋਕ-ਰੋਹ ਸਮੇਂ ਬਲਵੰਤ ਸਿੰਘ ਦੀ ਅਗਵਾਈ 'ਚ ਨਾ ਸਿਰਫ ਬਿਜਲੀ ਕਾਮੇ ਸਗੋਂ ਇਲਾਕੇ 'ਚੋਂ ਖੇਤ ਮਜ਼ਦੂਰ ਵੀ ਇਸ ਸੰਘਰਸ਼ ਵਿਚ ਸ਼ਾਮਲ ਹੁੰਦੇ ਰਹੇ।
1981-82 'ਚ ਪੰਜਾਬ ਵਿੱਚ ਉੱਠੀ ਫਿਰਕੂ ਹਨੇਰੀ ਦੇ ਸਿੱਟੇ ਵਜੋਂ ਹੋ ਰਹੇ ਬੇਗੁਨਾਹਾਂ ਦੇ ਕਤਲਾਂ ਅਤੇ ਫਿਰਕੂ ਜਨੂੰਨੀ ਟੋਲਿਆਂ ਵੱਲੋਂ ਲੋਕਾਂ ਦੇ ਖਾਣ-ਹੰਢਾਉਣ ਅਤੇ ਪਹਿਨਣ -ਪੱਚਰਣ ਦੀ ਆਜ਼ਾਦੀ 'ਤੇ ਰੋਕ ਬਣਨ ਤੇ ਹਕੂਮਤੀ ਧਾੜਾਂ ਵੱਲੋਂ ਲੋਕਾਂ 'ਤੇ ਜਬਰ ਢਾਹੁਣ, ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਵਿਰੁੱਧ ਬਲਵੰਤ ਸਿੰਘ ਇਲਾਕੇ ਵਿਚ ਬੇਖੌਫ਼ ਬੁਲੰਦ ਆਵਾਜ਼ ਬਣ ਕੇ ਗੂੰਜਦਾ ਰਿਹਾ। ਪੰਜਾਬ 'ਚ ਇਨਕਲਾਬੀ ਸ਼ਕਤੀਆਂ ਵੱਲੋਂ ਇਸ ਦੋ-ਮੂੰਹੀਂ ਦਹਿਸ਼ਤਗਰਦੀ ਦਾ ਵਿਰੋਧ ਜਥੇਬੰਦ ਕਰਨ ਲਈ ਉਸਾਰੇ ''ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ'' 'ਚ ਉਸ ਨੇ ਉੱਭਰਵਾਂ ਯੋਗਦਾਨ ਪਾਇਆ। ਉਹ ਕੁੱਝ ਸਮਾਂ ਇਸ ਦਾ ਸੂਬਾ ਕਮੇਟੀ ਮੈਂਬਰ ਵੀ ਰਿਹਾ। ਸੇਵੇਵਾਲਾ ਕਾਂਡ 'ਚ ਫਿਰਕੂ ਦਹਿਸ਼ਤਗਰਦਾਂ ਵੱਲੋਂ ਢਾਹੇ ਕਹਿਰ (ਜਿਸ ਵਿਚ 18 ਸਾਥੀ ਸ਼ਹੀਦ ਹੋ ਗਏ ਸਨ), ਵਿਰੁੱਧ ਜਥੇਬੰਦ ਕੀਤੇ ਮੁਜਾਹਰਿਆਂ, ਸੇਵੇਵਾਲਾ, ਜੈਤੋ ਅਤੇ ਭਗਤੂਆਣਾ `ਚ ਕੀਤੇ ਸ਼ਹੀਦੀ ਸਮਾਗਮਾਂ 'ਚ ਉਹ ਵੱਡੀ ਗਿਣਤੀ ਇਲਾਕੇ 'ਚੋਂ ਬਿਜਲੀ ਕਾਮਿਆਂ ਅਤੇ ਹੋਰ ਤਬਕਿਆਂ ਦੀ ਸ਼ਮੂਲੀਅਤ ਕਰਾਉਂਦਾ ਅਤੇ ਇਨ੍ਹਾਂ ਥਾਵਾਂ 'ਤੇ ਉਹ ਵਲੰਟੀਅਰ ਵਜੋਂ ਜੁੰਮੇਵਾਰੀ ਨਿਭਾਉਂਦਾ ਰਿਹਾ। 1994 'ਚ ਬਾਘਾ ਪੁਰਾਣਾ ਨੇੜਲੇ ਪਿੰਡ ਰਾਜੇਆਣਾ ਵਿਖੇ ਪੰਜਾਬ ਦੇ 1970-71 `ਚ ਸ਼ਹੀਦ ਹੋਏ ਕਮਿਊਨਿਸਟ ਇਨਕਲਾਬੀਆਂ ਦੇ ਸ਼ਹੀਦੀ ਸਮਾਗਮ ਨੂੰ ਜਥੇਬੰਦ ਕਰਨ 'ਚ ਉਸ ਨੇ ਅਹਿਮ ਭੂਮਿਕਾ ਨਿਭਾਈ।
ਬਲਵੰਤ ਸਿੰਘ ਇਨਕਲਾਬੀ ਜਮਹੂਰੀ ਲਹਿਰ ਨੂੰ ਤਨੋਂ ਮਨੋਂ ਸਮਰਪਿਤ ਸੀ, ਉਹ ਸਦਾ ਅੰਦਰੋਂ ਬਾਹਰੋਂ ਇੱਕ ਸੀ। ਉਹ ਆਪਣੀ ਗ਼ਲਤੀ ਜਾਂ ਕਿਸੇ ਕੰਮ 'ਚ ਰਹੀ ਊਣਤਾਈ ਨੂੰ ਝੱਟ ਸਵੀਕਾਰ ਕਰ ਲੈਂਦਾ ਸੀ। ਉਹ ਸੁਭਾਅ ਦਾ ਸਾਊ ਸੀ ਤੇ ਉਸਦੀ ਸ਼ਰਾਫਤ ਪ੍ਰਭਾਵਿਤ ਕਰਦੀ ਸੀ ਪਰ ਗਲਤ ਗੱਲ 'ਤੇ ਕਦੇ ਸਮਝੌਤਾ ਨਹੀਂ ਸੀ ਕਰਦਾ। ਉਹ ਦੁਸ਼ਮਣ ਲਈ ਤਿੱਖੀ ਕਟਾਰ ਵਰਗਾ, ਆਪਣੇ ਲੋਕਾਂ ਲਈ ਮਿਸਰੀ ਦੀ ਡਲੀ ਵਰਗਾ ਸੀ। ਮੈਂ ਲੰਮਾ ਸਮਾਂ ਉਸ ਨੂੰ ਬਹੁਤ ਨੇੜਿਉਂ ਜਾਣਿਆ। ਇਨਕਲਾਬੀ ਕੰਮ ਪ੍ਰਤੀ ਉਸ ਦੀ ਜੁੰਮੇਵਾਰੀ ਦੀ ਇਕ ਮਿਸਾਲ ਯਾਦ ਆਉਂਦੀ ਹੈ। 1989-90 'ਚ ਦਹਿਸ਼ਤਗਰਦੀ ਦੇ ਦੌਰ ਦਾ ਸਮਾਂ ਸੀ। ਅਸੀਂ ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ ਦੀ ਮੀਟਿੰਗ ਕਰ ਰਹੇ ਸੀ। ਬਲਵੰਤ ਸਿੰਘ ਦੀ ਜੀਵਨ ਸਾਥਣ ਬਲਜੀਤ ਕੌਰ ਕਿਸੇ ਕੰਮ ਰਿਸ਼ਤੇਦਾਰੀ 'ਚ ਗਈ ਸੀ ਤੇ ਉਹ ਕਿਸੇ ਕਾਰਨ ਵਾਪਸ ਨਾ ਆਈ। ਬਲਵੰਤ ਸਿੰਘ ਨੂੰ ਤੁਰੰਤ ਮੀਟਿੰਗ 'ਚ ਸ਼ਾਮਲ ਹੋਣ ਦਾ ਸੁਨੇਹਾ ਲੱਗਿਆ। ਇਹ ਉਸ ਦੇ ਘਰ ਤੋਂ 40-50 ਕਿਲੋਮੀਟਰ ਦੂਰ ਰਾਤ ਦੇ ਸਮੇਂ ਹੋਣੀ ਸੀ। ਉਸ ਦੇ ਬੱਚੇ ਛੋਟੇ ਸਨ ਅਤੇ ਉਹਨਾਂ ਨੂੰ ਗੁਆਂਢ ਵਿਚ ਛੱਡਣ ਦਾ ਵੀ ਕੋਈ ਪ੍ਰਬੰਧ ਨਹੀਂ ਸੀ। ਬਲਵੰਤ ਸਿੰਘ ਸੁਨੇਹੇ ਦੀ ਮਹੱਤਤਾ ਨੂੰ ਸਮਝਦਾ ਆਪਣੇ ਤਿੰਨਾਂ ਬੱਚਿਆਂ ਸਮੇਤ ਰਾਤ ਦੇ ਸਮੇਂ ਆ ਪਹੁੰਚਿਆ।
ਮੁਲਾਜ਼ਮ ਬਣ ਕੇ, ਖੇਤ ਮਜ਼ਦੂਰਾਂ ਦੀ ਜਿੰਦਗੀ ਨਾਲੋਂ ਕੁੱਝ ਸਹੂਲਤਾਂ ਮਿਲਣ ਕਰਕੇ, ਸਾਡੇ ਕਈ ਸਾਥੀ ਆਪਣਾ ਪਿਛੋਕੜ ਭੁੱਲ ਜਾਂਦੇ ਹਨ ਤੇ ਖੇਤ ਮਜ਼ਦੂਰ ਜ਼ਿੰਦਗੀ ਦੀਆਂ ਹਕੀਕਤਾਂ ਤੋਂ ਦੂਰੀ `ਤੇ ਵਿਚਰਨ ਲੱਗ ਜਾਂਦੇ ਹਨ। ਪਰ ਬਲਵੰਤ ਸਿੰਘ ਆਪਣੇ ਇਸ ਜਮਾਤੀ ਪਿਛੋਕੜ ਨਾਲ ਗੂੜ੍ਹੀ ਤਰ੍ਹਾਂ ਜੁੜਿਆ ਰਿਹਾ। ਬਿਜਲੀ ਮੁਲਾਜ਼ਮ ਹੁੰਦਿਆਂ ਵੀ ਆਪਣੀ ਜਥੇਬੰਦੀ 'ਚ ਕੰਮ ਕਰਨ ਦੇ ਨਾਲ ਨਾਲ ਖੇਤ ਮਜ਼ਦੂਰਾਂ ਨੂੰ ਜਥੇਬੰਦ ਕਰਨ ਲਈ ਅਹੁਲਦਾ ਰਿਹਾ। ਮਹਿਕਮੇਂ ਤੋਂ ਸੇਵਾਮੁਕਤੀ ਤੋਂ ਬਾਅਦ ਉਸਨੇ ਖੇਤ ਮਜਦੂਰਾਂ ਨੂੰ ਜਥੇਬੰਦ ਕਰਨ ਦਾ ਬੀੜਾ ਚੁੱਕਿਆ। ਉਹ ਉੱਪਰਲੇ ਆਹੁਦੇ ਦੇ ਹੁੰਦਿਆਂ ਕਿਸੇ ਵੀ ਹੇਠਲੇ ਪੱਧਰ ਦੇ ਕੰਮ ਨੂੰ ਖਿੜੇ-ਮੱਥੇ ਸੰਭਾਲਦਾ ਤੇ ਨਿਭਾਉਂਦਾ ਸੀ। ਮੈਨੂੰ ਯਾਦ ਹੈ ਕਿ ਜਨਵਰੀ 2006 ਵਿਚ ਕੁੱਸਾ ਪਿੰਡ 'ਚ ਹੋਏ 'ਗੁਰਸ਼ਰਨ ਸਿੰਘ ਸਨਮਾਨ ਸਮਾਰੋਹ' ਮੌਕੇ ਅਤੇ 28 ਸਤੰਬਰ ਦੇ ਬਰਨਾਲਾ ਵਿਖੇ ਹੋਏ ਸ਼ਹੀਦ ਭਗਤ ਸਿੰਘ ਜਨਮ ਸ਼ਤਾਬਦੀ ਸਮਾਰੋਹ ਸਮੇਂ 'ਰਾਜ ਬਦਲੋ, ਸਮਾਜ ਬਦਲੋ' ਸਮਾਗਮ ਵਿਚ ਉਸ ਨੇ ਟਰੈਫਿਕ ਕੰਟਰੋਲ ਦੀਆਂ ਜੁੰਮੇਵਾਰੀਆਂ ਨਿਭਾਈਆਂ ਸਨ।
2020 ਦੇ ਪਿਛਲੇ ਅੱਧ ਵਿਚ ਉਸ ਨੂੰ ਕੈਂਸਰ ਦੀ ਬਿਮਾਰੀ ਨੇ ਘੇਰ ਲਿਆ। ਡਾਕਟਰੀ ਰਿਪੋਰਟਾਂ ਮੁਤਾਬਕ ਬਿਮਾਰੀ ਆਖ਼ਰੀ ਸਟੇਜ 'ਤੇ ਸੀ ਪਰ ਜਿਵੇਂ ਜ਼ਿੰਦਗੀ ਭਰ ਉਹ ਚੁਣੌਤੀ ਨੂੰ ਸਿੱਧੇ ਮੱਥੇ ਟੱਕਰਿਆ, ਇਸ ਬਿਮਾਰੀ ਨਾਲ ਵੀ ਉਹ ਇਸੇ ਤਰ੍ਹਾਂ ਜੂਝਿਆ। ਡਾਕਟਰਾਂ ਮੁਤਾਬਿਕ ਦਵਾਈਆਂ ਨਾਲੋਂ ਵੱਧ ਉਸਦੀ ਜਿੰਦਗੀ ਜਿਉਣ ਦੀ ਇੱਛਾ ਸ਼ਕਤੀ ਨੇ ਹੀ ਉਸ ਦੀ ਉਮਰ 4 ਸਾਲ ਹੋਰ ਵਧਾ ਦਿੱਤੀ ਸੀ। ਅਖੀਰ 6 ਜਨਵਰੀ ਨੂੰ ਲੋਕਾਂ ਦੇ ਸੁਨਹਿਰੀ ਭਵਿੱਖ ਦੇ ਸੁਪਨੇ ਦਾ ਅਧੂਰਾ ਕਾਰਜ ਉਹ ਸਾਡੇ ਜਿੰਮੇ ਛੱਡਕੇ ਅਲਵਿਦਾ ਕਹਿ ਗਿਆ। ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੀਆਂ ਇਹਨਾਂ ਸਤਰਾਂ ਨਾਲ ਉਸ ਨੂੰ ਸ਼ਰਧਾਂਜਲੀ -
ਤੇਰੀ ਸਮਾਧ 'ਤੇ ਆ ਕੇ
ਅਸੀਂ ਤਾਂ ਕਸਮ ਖਾਧੀ ਹੈ।
ਜੀਹਦੀ ਤੂੰ ਭੇਂਟ ਚੜ੍ਹਿਆ ਹੈਂ
ਰੱਖਾਂਗੇ ਜੰਗ ਉਹ ਜਾਰੀ ।
ਹਨੇਰੀ ਰਾਤ ਨੇ ਪੀਤੀ
ਜੋ ਤੇਰੇ ਖ਼ੂਨ ਦੀ ਸੁਰਖ਼ੀ।
ਮੁੜਾਵਨ ਤੁਰੇ ਹਾਂ ਸਾਥੀ
ਮੁੜਾ ਕੇ ਮੁੜਾਂਗੇ ਸਾਰੀ।
No comments:
Post a Comment