Thursday, March 6, 2025

ਇਨਕਲਾਬੀ ਲਹਿਰ ਦੇ ਕਾਫ਼ਲੇ ਵੱਲੋਂ ਸਾਥੀ ਜਗਮੋਹਣ ਸਿੰਘ ਨੂੰ ਸ਼ਰਧਾਂਜਲੀਆਂ

 ਇਨਕਲਾਬੀ ਲਹਿਰ ਦੇ ਕਾਫ਼ਲੇ ਵੱਲੋਂ ਸਾਥੀ ਜਗਮੋਹਣ ਸਿੰਘ ਨੂੰ ਸ਼ਰਧਾਂਜਲੀਆਂ

ਬਠਿੰਡਾ (16 ਜਨਵਰੀ) ਇਨਕਲਾਬੀ ਲਹਿਰ ਦੇ ਕਾਫ਼ਲੇ 'ਚੋਂ ਵਿੱਛੜ ਗਏ ਅਦਾਰਾ ਸੁਰਖ਼ ਲੀਹ ਦੇ ਮੁੱਖ ਪ੍ਰਬੰਧਕ ਸਾਥੀ ਜਗਮੋਹਣ ਸਿੰਘ ਨੂੰ ਸ਼ਰਧਾਂਜਲੀਆਂ ਦੇਣ ਲਈ ਸੁਰਖ਼ ਲੀਹ ਪ੍ਰਕਾਸ਼ਨ ਤੇ ਸਹਿਯੋਗੀਆਂ ਵੱਲੋਂ ਏਥੇ ਸ਼ਹਿਰ ਵਿੱਚ ਸ਼ਰਧਾਂਜਲੀ ਸਮਾਗਮ ਕੀਤਾ ਗਿਆ ਜਿਸ ਵਿੱਚ ਇਨਕਲਾਬੀ ਜਮਹੂਰੀ ਲਹਿਰ ਦੇ ਵੱਖ ਵੱਖ ਹਿੱਸਿਆਂ ਤੇ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ। 

ਵੱਡੀ ਗਿਣਤੀ 'ਚ ਜੁੜੇ ਇਨਕਲਾਬੀ ਲਹਿਰ ਦੇ ਕਾਰਕੁੰਨਾਂ ,ਸਹਿਯੋਗੀਆਂ ਤੇ ਪਰਿਵਾਰਕ ਸੰਗੀਆਂ ਨੇ ਸਾਥੀ ਜਗਮੋਹਣ ਸਿੰਘ ਨੂੰ ਦੋ ਮਿੰਟ ਦਾ ਮੌਨ ਰੱਖਣ ਮਗਰੋਂ ਇਨਕਲਾਬੀ ਨਾਅਰਿਆਂ ਨਾਲ ਸਮੂਹਿਕ ਤੌਰ 'ਤੇ ਸ਼ਰਧਾਂਜਲੀ ਦਿੱਤੀ। ਸਮਾਗਮ ਵਿੱਚ ਸਾਥੀ ਜਗਮੋਹਣ ਸਿੰਘ ਦੇ ਨਾਲ ਸਾਥੀ ਬਲਵੰਤ ਸਿੰਘ ਬਾਘਾ ਪੁਰਾਣਾ ਤੇ ਕਿਸਾਨ ਆਗੂ ਬਸੰਤ ਸਿੰਘ ਕੋਠਾ ਗੁਰੂ ਦੀਆਂ ਤਸਵੀਰਾਂ ਵੀ ਸੁਸ਼ੋਭਿਤ ਸਨ। ਇਹਨਾਂ ਤਸਵੀਰਾਂ ਨੂੰ ਸਾਰੇ ਹਾਜ਼ਰ ਲੋਕਾਂ ਨੇ ਫੁੱਲ ਅਰਪਣ ਕਰਨ ਰਾਹੀਂ ਸਲਾਮ ਕੀਤੀ।

 ਸੁਰਖ਼ ਲੀਹ ਦੇ ਸੰਪਾਦਕ ਪਾਵੇਲ ਕੁੱਸਾ ਦੀ ਮੰਚ ਸੰਚਾਲਨਾ 'ਚ ਹੋਏ ਸਮਾਗਮ ਦੀ ਸ਼ੁਰੂਆਤ ਵਿੱਚ ਦੋ ਗੀਤਾਂ ਰਾਹੀਂ ਵਿਛੜੇ ਸਾਥੀਆਂ ਨੂੰ ਸਿਜਦਾ ਕੀਤਾ ਗਿਆ। ਸੁਰਜੀਤ ਪਾਤਰ ਦੀ ਗਜ਼ਲ "ਮੈਂ ਰਾਹਾਂ ਤੇ ਨਹੀਂ ਤੁਰਦਾ.." ਅਤੇ ਜਸਪਾਲ ਜੱਸੀ ਦੇ ਗੀਤ "ਸਾਹਾਂ ਵਿੱਚ ਰਚ ਕੇ ਜ਼ਿੰਦਗੀ ਦੇ , ਅਸੀਂ ਸਦਾ ਸਦਾ ਲਈ ਜੀਅ ਰਹਿਣਾ" ਨੂੰ ਲੋਕ ਸੰਗੀਤ ਮੰਡਲੀ ਭਦੌੜ ਦੇ ਕਲਾਕਾਰਾਂ ਨੇ ਗਾਇਆ। ਇਸ ਤੋਂ ਮਗਰੋਂ ਸੁਰਖ਼ ਲੀਹ ਦੇ ਮੁੱਖ ਸੰਪਾਦਕ ਜਸਪਾਲ ਜੱਸੀ ਅਤੇ ਲਾਲ ਪਰਚਮ ਦੇ ਸੰਪਾਦਕ ਮੁਖਤਿਆਰ ਪੂਹਲਾ ਵੱਲੋਂ ਕਾ. ਜਗਮੋਹਣ ਸਿੰਘ ਵੱਲੋਂ ਇਨਕਲਾਬੀ ਲਹਿਰ 'ਚ ਨਿਭਾਈ ਭੂਮਿਕਾ ਦੀ ਚਰਚਾ ਕੀਤੀ ਗਈ। ਇਹਨਾਂ ਦੋਹਾਂ ਬੁਲਾਰਿਆਂ ਨੇ ਜਿੱਥੇ ਜਗਮੋਹਣ ਸਿੰਘ ਦੀ ਇਨਕਲਾਬੀ ਸਿਆਸਤ ਦੇ ਮਹੱਤਵ ਬਾਰੇ ਚਰਚਾ ਕੀਤੀ ਉਥੇ ਵਿਛੜੇ ਸਾਥੀ ਦੀ ਲੋਕ ਮੁਕਤੀ ਦੇ ਮਹਾਨ ਕਾਰਜ ਲਈ ਸਮਰਪਣ ਦੀ ਭਾਵਨਾ ਨੂੰ ਸਿਜਦਾ ਕੀਤਾ। ਜਵਾਨੀ ਵੇਲੇ ਤੋਂ ਇਨਕਲਾਬ ਦੇ ਔਖੇ ਰਾਹਾਂ 'ਤੇ ਤੁਰਨ ਦਾ ਫ਼ੈਸਲਾ ਕਰਨ ਤੇ ਇਸ ਫ਼ੈਸਲੇ 'ਤੇ ਤਾ-ਉਮਰ ਪੁੱਗਣ ਦੇ ਅਮਲ ਤੋਂ ਇਨਕਲਾਬੀ ਲਹਿਰ ਦੇ ਸਾਥੀਆਂ ਨੂੰ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ। 

ਲਛਮਣ ਸਿੰਘ ਸੇਵੇਵਾਲਾ ਨੇ ਸਾਥੀ ਜਗਮੋਹਣ ਸਿੰਘ ਵੱਲੋਂ ਇੱਕ ਡਾਕਟਰ ਵਜੋਂ ਲੋਕ ਲਹਿਰ ਦੇ ਸਾਥੀਆਂ ਪ੍ਰਤੀ ਦਿੱਤੀਆਂ ਸੇਵਾਵਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਉਹਨਾਂ ਕਈ ਮੌਕੇ ਯਾਦ ਕੀਤੇ ਜਦੋਂ ਜਗਮੋਹਣ ਸਿੰਘ ਨੇ ਬਹੁਤ ਸਮਰਪਣ ਦੀ ਭਾਵਨਾ ਨਾਲ ਲਹਿਰ ਦੇ ਸਾਥੀਆਂ ਦਾ ਇਲਾਜ ਕਰਾਉਣ ਵਿੱਚ ਰੋਲ ਨਿਭਾਇਆ। ਉਹਨਾਂ ਕਿਹਾ ਕਿ ਕਿਸਾਨ ਮਜ਼ਦੂਰ ਲਹਿਰ ਦੇ ਕਾਰਕੁੰਨਾਂ ਲਈ ਡਾਕਟਰ ਜਗਮੋਹਣ ਸਿੰਘ ਦਾ ਜਾਣਾ ਇਸ ਪਹਿਲੂ ਤੋਂ ਵੀ ਇੱਕ ਵੱਡਾ ਘਾਟਾ ਹੈ। ਸਾਥੀ ਜਗਮੋਹਣ ਸਿੰਘ ਨਾਲ ਮੈਡੀਕਲ ਕਾਲਜ ਪਟਿਆਲਾ ਵਿੱਚ ਪੜ੍ਹਦੇ ਰਹੇ ਅਤੇ ਵਿਦਿਆਰਥੀ ਜਥੇਬੰਦੀ ਪੀਐਸਯੂ 'ਚ ਆਗੂ ਰਹੇ ਡਾਕਟਰ ਬਰਜਿੰਦਰ ਸਿੰਘ ਸੋਹਲ ਨੇ ਵੀ ਆਪਣੀਆਂ ਯਾਦਾਂ ਸੰਖੇਪ 'ਚ ਸਾਂਝੀਆਂ ਕੀਤੀਆਂ। ਸਾਥੀ ਜਗਮੋਹਣ ਸਿੰਘ ਦੇ ਪਿੰਡ ਕੋਠਾਗੁਰੂ ਤੋਂ ਖੁਦ ਕਿਸਾਨ ਕਾਰਕੁੰਨ ਅਤੇ ਮਰਹੂਮ ਮਾਸਟਰ ਬੂਟਾ ਸਿੰਘ ਕੋਠਾ ਗੁਰੂ ਦੇ ਪੁੱਤਰ ਜਸਵੀਰ ਸਿੰਘ ਨੇ ਜਗਮੋਹਣ ਸਿੰਘ ਦੇ ਪਿੰਡ ਨਾਲ ਰਿਸ਼ਤੇ ਬਾਰੇ ਤੇ ਆਪਣੇ ਪਰਿਵਾਰ ਨਾਲ ਜਾਤੀ ਰਿਸ਼ਤੇ ਬਾਰੇ ਗੱਲਾਂ ਕੀਤੀਆਂ। ਉਹਨਾਂ ਵੱਲੋਂ ਗੁਜ਼ਾਰੀ ਸ਼ਾਨਾਮੱਤੀ ਜ਼ਿੰਦਗੀ 'ਤੇ ਪਿੰਡ ਤਰਫੋਂ ਮਾਣ ਪ੍ਰਗਟ ਕੀਤਾ। ਸਾਥੀ ਜਗਮੋਹਣ ਸਿੰਘ ਦੀ ਜੀਵਨ ਸਾਥਣ ਸੁਖਵੰਤ ਕੌਰ ਨੇ ਇੱਕ ਕਮਿਊਨਿਸਟ ਇਨਕਲਾਬੀ ਵਜੋਂ ਪਰਿਵਾਰ ਅੰਦਰ ਉਹਨਾਂ ਦੇ ਬਰਾਬਰੀ ਭਰੇ ਤੇ ਜਮਹੂਰੀ ਰਵੱਈਏ ਦੇ ਪਹਿਲੂਆਂ ਨੂੰ ਛੋਹਿਆ, ਉਹਨਾਂ ਨਾਲ ਗੁਜ਼ਾਰੀ ਜ਼ਿੰਦਗੀ 'ਤੇ ਮਾਣ ਕੀਤਾ ਅਤੇ ਇਨਕਲਾਬੀ ਲਹਿਰ ਨੂੰ ਭਰੋਸਾ ਦਵਾਇਆ ਕਿ ਉਹ ਆਪਣੇ ਵੱਲੋਂ ਹਰ ਸੰਭਵ ਢੰਗ ਨਾਲ ਲਹਿਰ ਵਿੱਚ ਹਿੱਸਾ ਪਾਉਂਦੇ ਰਹਿਣਗੇ। 

ਸਮਾਗਮ ਵਿੱਚ ਵੱਖ-ਵੱਖ ਜਥੇਬੰਦੀਆਂ ਤੇ ਸ਼ਖਸ਼ੀਅਤਾਂ ਵੱਲੋਂ ਭੇਜੇ ਗਏ ਕਈ ਸ਼ੋਕ ਸੰਦੇਸ਼ ਮੰਚ ਤੋਂ ਪੜ੍ਹੇ ਗਏ।  ਸੰਦੇਸ਼ ਭੇਜਣ ਵਾਲਿਆਂ ਚ ਸੀ.ਪੀ.ਆਈ.(ਮ.ਲ.) ਨਿਊ ਡੈਮੋਕਰੇਸੀ, ਪੰਜਾਬ ਜਮਹੂਰੀ ਮੋਰਚਾ, ਜਮਹੂਰੀ ਅਧਿਕਾਰ ਸਭਾ ਪੰਜਾਬ ਸਮੇਤ ਕਈ ਸਖਸ਼ੀਅਤਾਂ ਵੀ ਸ਼ਾਮਿਲ ਸਨ। ਇਸ ਦੌਰਾਨ ਗੁਰਮੀਤ ਕੋਟਗੁਰੂ ਨੇ ਇੱਕ ਗੀਤ ਰਾਹੀਂ ਵਿਛੜੇ ਸਾਥੀ ਨੂੰ ਸਿਜਦਾ ਕੀਤਾ। (ਪ੍ਰੈਸ ਲਈ ਜਾਰੀ ਕੀਤਾ ਬਿਆਨ)

No comments:

Post a Comment