ਸਾਮਰਾਜਵਾਦ, ਪਰਵਾਸ ਮਜ਼ਬੂਰੀ ਤੇ ਕੌਮੀ ਨਮੋਸ਼ੀ
ਅਮਰੀਕਾ ਤੋਂ ਡਿਪੋਰਟ ਕਰਕੇ ਸਾਡੇ ਦੇਸ਼ ਵਾਪਸ ਭੇਜੇ ਗਏ ਲੋਕਾਂ ਦੀ ਅਜਿਹੀ ਹੋਣੀ ਨੇ ਮੁਲਕ ਦੀ ਲੋਕਾਈ ਨੂੰ ਦਰਪੇਸ਼ ਬਹੁ-ਪਰਤੀ ਸੰਕਟਾਂ ਨੂੰ ਫਿਰ ਤਿੱਖੀ ਤਰ੍ਹਾਂ ਉਭਾਰ ਕੇ ਪੇਸ਼ ਕੀਤਾ ਹੈ। ਇਸ ਨੇ ਪਰਵਾਸ ਨਾਲ ਜੁੜੇ ਬਹੁ-ਪਸਾਰੀ ਮਸਲਿਆਂ 'ਤੇ ਦੁਨੀਆਂ ਦੇ ਅਣਸਾਵੇਂ ਵਿਕਾਸ ਦੇ ਹਾਲਾਤਾਂ 'ਚ ਇੱਕ ਪਾਸੇ ਸਾਮਰਾਜੀ ਮੁਲਕਾਂ ਦੀ ਸੰਸਾਰ ਅੰਦਰ ਹੈਸੀਅਤ ਤੇ ਦੂਜੇ ਪਾਸੇ ਗਰੀਬ ਤੇ ਦਬਾਏ ਹੋਏ ਮੁਲਕਾਂ ਦੀ ਹੈਸੀਅਤ ਨਾਲ ਜੁੜੀ ਲੋਕਾਂ ਦੀ ਹੋਣੀ ਨੂੰ ਦਰਸਾਇਆ ਹੈ। ਅਮਰੀਕੀ ਫੌਜੀ ਜਹਾਜ਼ਾਂ 'ਚ ਘੋਰ ਅਪਰਾਧੀਆਂ ਵਾਂਗ ਹੱਥ-ਕੜੀਆਂ ਤੇ ਬੇੜੀਆਂ ਲਾ ਕੇ ਵਾਪਸ ਭੇਜੇ ਗਏ ਭਾਰਤੀ ਲੋਕਾਂ ਦੀ ਇਸ ਤਸਵੀਰ ਨਾਲ ਮੁਲਕ ਦੇ ਲੋਕਾਂ ਨੂੰ ਕੌਮੀ ਨਮੋਸ਼ੀ ਦਾ ਅਹਿਸਾਸ ਹੋਇਆ ਹੈ ਤੇ ਸੰਸਾਰ ਦ੍ਰਿਸ਼ 'ਤੇ ਉਭਰੀ ਇਸ ਤਸਵੀਰ ਦੀ ਪੀੜ ਮੁਲਕ ਭਰ ਦੇ ਲੋਕਾਂ ਨੇ ਮਹਿਸੂਸ ਕੀਤੀ ਹੈ। ਇਹ ਨਮੋਸ਼ੀ ਕੁਝ ਸੈਂਕੜੇ ਵਿਅਕਤੀਆਂ ਵੱਲੋਂ ਕਿਸੇ ਦੇਸ਼ ਦੇ ਕਾਨੂੰਨ ਤੋੜਨ ਦੀ ਗ਼ਲਤੀ ਦੇ ਸਿੱਟੇ 'ਚੋਂ ਹੀ ਨਹੀਂ ਉਪਜੀ ਹੈ ਸਗੋਂ ਸੰਸਾਰ ਸਾਮਰਾਜੀ ਪ੍ਰਬੰਧ ਅੰਦਰ ਸਾਡੇ ਦੇਸ਼ ਦੀ ਹੈਸੀਅਤ ਦਾ ਸਿੱਟਾ ਹੈ। ਦੁਨੀਆਂ ਭਰ 'ਚ ਇਸ ਘਟਨਾ ਕ੍ਰਮ ਨੇ ਇਸ ਹੈਸੀਅਤ ਦੀ ਮੁੜ ਨਵੇਂ ਰੂਪ 'ਚ ਨਿਸ਼ਾਨਦੇਹੀ ਕੀਤੀ ਹੈ।
ਇਹ ਮੁੱਦਾ ਸਿਰਫ਼ ਕਿਸੇ ਬੇਗਾਨੇ ਮੁਲਕ `ਚ ਗੈਰ ਕਾਨੂੰਨੀ ਢੰਗ ਨਾਲ ਜਾ ਵੜੇ ਕੁਝ ਲੋਕਾਂ 'ਤੇ ਕਾਨੂੰਨੀ ਕਾਰਵਾਈ ਦੇ ਸਧਾਰਨ ਅਮਲ ਤੱਕ ਸੀਮਤ ਮੁੱਦਾ ਨਹੀਂ ਹੈ। ਜੇਕਰ ਗੱਲ ਏਨੀ ਹੀ ਹੋਵੇ ਤਾਂ ਕਹਾਣੀ ਮੁੱਕ ਜਾਂਦੀ ਹੈ ਪਰ ਕਹਾਣੀ ਤਾਂ ਲੰਮੀ ਹੈ ਤੇ ਅਜੇ ਸਫ਼ਰ 'ਤੇ ਹੈ, ਕਿਰਤੀ ਭਾਰਤੀ ਲੋਕਾਂ ਦੀ ਪ੍ਰਵਾਸ ਮਜਬੂਰੀ ਤੇ ਇਸਦੇ ਸਿੱਟਿਆਂ ਦੇ ਕਿੰਨੇ ਹੀ ਪਹਿਲੂਆਂ ਨੂੰ ਸਮੋਈ ਬੈਠੀ ਹੈ।
ਅਮਰੀਕੀ ਫ਼ੌਜੀ ਜਹਾਜਾਂ 'ਚ ਵਾਪਿਸ ਭੇਜੇ ਗਏ ਭਾਰਤੀ ਲੋਕਾਂ ਦੀ ਇਸ ਜਬਰੀ ਵਾਪਸੀ ਦਾ ਪ੍ਰਸੰਗ ਤਾਂ ਟਰੰਪ ਵੱਲੋਂ ਵਿਸ਼ੇਸ਼ ਤੌਰ 'ਤੇ ਲਏ ਕਦਮਾਂ ਦਾ ਹੈ। ਉਸ ਵੱਲੋਂ ਸੱਤਾ 'ਤੇ ਕਾਬਜ਼ ਹੋਣ ਲਈ ਪ੍ਰਵਾਸੀਆਂ ਦੇ ਮੁੱਦੇ ਦੀ ਉਵੇਂ ਜਿਵੇਂ ਹੀ ਵਰਤੋਂ ਕੀਤੀ ਗਈ ਹੈ ਜਿਵੇਂ ਦੁਨੀਆਂ ਭਰ `ਚ ਸੱਜੇ ਪੱਖੀ ਸਰਮਾਏਦਾਰ ਧੜੇ ਕਰਦੇ ਹਨ। ਇਹ ਢੰਗ ਆਪੋ ਆਪਣੇ ਮੁਲਕ ਦੇ ਸੰਕਟਾਂ ਨੂੰ ਪ੍ਰਵਾਸੀ ਕਿਰਤੀਆਂ ਦੀ ਮੌਜੂਦਗੀ ਸਿਰ ਪਾ ਕੇ ਲੋਕਾਂ ਦਾ ਧਿਆਨ ਭਟਕਾਉਣ, ਅੰਨ੍ਹੀ ਤੇ ਅਖੌਤੀ ਦੇਸ਼ ਭਗਤੀ ਜਗਾਉਣ, ਵੋਟਾਂ ਹਥਿਆਉਣ ਤੇ ਕਿਰਤੀ ਜਮਾਤਾਂ `ਚ ਪਾਟਕ ਪਾ ਕੇ ਉਹਨਾਂ ਦੇ ਏਕੇ ਨੂੰ ਕੁਚਲਣ ਤੇ ਤਖਤਾਂ 'ਤੇ ਪੈਰ ਟਿਕਾਉਣ ਦਾ ਢੰਗ ਹੈ। ਅਮਰੀਕਾ ਅੰਦਰ ਹੀ ਨਹੀਂ ਦੁਨੀਆਂ ਦੇ ਹੋਰਨਾ ਮੁਲਕਾਂ `ਚ ਵੀ ਇਹੋ ਵਰਤਾਰਾ ਚੱਲ ਰਿਹਾ ਹੈ। ਟਰੰਪ ਨੇ ਆਪਣਾ ਵਾਅਦਾ ਪੁਗਾ ਕੇ ਦਿਖਾਉਣ ਦੀ ਵਿਉਂਤ ਤਹਿਤ ਸੱਤਾ 'ਤੇ ਅਉਣ ਸਾਰ ਇਕਦਮ ਇਹ ਕਦਮ ਚੁੱਕੇ ਹਨ ਤੇ ਇਸ ਢੰਗ ਨਾਲ ਉਭਾਰ ਕੇ ਪੇਸ਼ ਕੀਤੇ ਹਨ ਕਿ ਕੌਮਾਂਤਰੀ ਪੱਧਰ 'ਤੇ ਇੱਕ ਦ੍ਰਿਸ਼ ਸਿਰਜਿਆ ਗਿਆ ਹੈ। ਇਉਂ `ਅਮਰੀਕਾ ਨੂੰ ਮੁੜ ਤੋਂ ਮਹਾਨ ਬਣਾਉਣ’ ਦੇ ਟਰੰਪਮਈ ਦਾਅਵਿਆਂ ਰਾਹੀਂ ਅਮਰੀਕੀ ਲੋਕਾਂ ਨੂੰ ਧਰਵਾਸ ਦੇਣ ਦਾ ਸਾਧਨ ਬਣਾਇਆ ਗਿਆ ਹੈ। ਇਹ ਵੱਖਰਾ ਵਿਸ਼ਾ ਹੈ ਕਿ ਅਮਰੀਕਾ ਨੂੰ ਮੁੜ ਤੋਂ ਮਹਾਨ ਬਣਾਉਣ ਦੀ ਇਸ ਮੁਹਿੰਮ ਦਾ ਅਰਥ ਕਿਵੇਂ ਅਮਰੀਕੀ ਸਾਮਰਾਜ ਦੀ ਸੰਸਾਰ ਚੌਧਰ ਨੂੰ ਪੈ ਰਹੇ ਖੋਰੇ ਨੂੰ ਠੱਲ੍ਹਣ ਦੇ ਜੁਗਾੜ ਕਰਨਾ ਹੈ ਤੇ ਸੰਸਾਰ ਮਹਾਂ-ਸ਼ਕਤੀ ਵਜੋਂ ਸੰਸਾਰ ਮਾਮਲਿਆਂ 'ਚ ਇਸਦੀ ਕਮਜ਼ੋਰ ਪੈ ਰਹੀ ਪਕੜ ਨੂੰ ਹੋਰ ਢਿੱਲੀ ਹੋਣ ਤੋਂ ਰੋਕਣ ਦਾ ਆਹਰ ਕਰਨਾ ਹੈ। ਇਸ ਦਾਅਵੇ ਅਤੇ ਪੇਸ਼ਕਾਰੀ ਦੇ ਸਿਰ 'ਤੇ ਅਮਰੀਕਾ 'ਚ ਸੱਤਾ 'ਤੇ ਕਾਬਜ਼ ਰਹਿਣਾ ਹੈ। ਇਸ ਵਿਸ਼ੇ ਦਾ ਵਿਸਥਾਰ ਵੀ ਬਹੁਤ ਲੰਮਾ ਹੈ ਕਿ ਕਿਵੇਂ "ਅਮਰੀਕੀ ਮਹਾਨਤਾ" ਦੇ ਇਸ ਤਾਜ 'ਚੋਂ ਦੁਨੀਆਂ ਭਰ ਦੇ ਕਿਰਤੀ ਲੋਕਾਂ ਤੇ ਕੌਮਾਂ ਦੀ ਤਬਾਹੀ ਦਾ ਮੰਜ਼ਰ ਸਾਫ਼ ਸਾਫ਼ ਝਲਕਦਾ ਹੈ। ਅਮਰੀਕੀ ਜ਼ਿੰਦਗੀ ਦੀ ਉੱਚਤਾ ਸਿਰਫ਼ ਉਸ ਮੁਲਕ ਦੇ ਸੋਮਿਆਂ ਦੇ ਸਿਰ 'ਤੇ ਹਾਸਲ ਹੋਈ ਉੱਚਤਾ ਨਹੀਂ ਹੈ, ਇਹਦੇ 'ਚ ਦੁਨੀਆਂ ਭਰ ਦੇ ਲੋਕਾਂ ਦੀ ਕਿਰਤ ਤੇ ਇਸ ਧਰਤੀ ਦੇ ਕੁਦਰਤੀ ਸਰੋਤਾਂ ਦੀ ਅਥਾਹ ਵਰਤੋਂ ਸ਼ਾਮਿਲ ਹੈ। ਇਸ ਸੁਖਾਲ਼ੀ ਜ਼ਿੰਦਗੀ ਦੀ ਕੀਮਤ ਦੁਨੀਆਂ ਦੇ ਲੋਕ ਅਥਾਹ ਦੁਸ਼ਵਾਰੀਆਂ ਨਾਲ ਤਾਰ ਰਹੇ ਹਨ।
ਪਛੜੇ ਤੇ ਔਖੇ ਜੀਵਨ ਹਾਲਾਤਾਂ ਵਾਲੇ ਸਮਾਜਾਂ ਤੋਂ ਵਿਕਸਿਤ ਤੇ ਖੁਸ਼ਹਾਲ ਸਮਾਜਾਂ ਵੱਲ ਪਰਵਾਸ ਇੱਕ ਆਮ ਇਤਿਹਾਸਕ ਵਰਤਾਰਾ ਰਿਹਾ ਹੈ ਪਰ ਸਾਡੇ ਮੁਲਕ 'ਚੋਂ ਮੌਜੂਦਾ ਦੌਰ 'ਚ ਪਰਵਾਸ ਦਾ ਅਜਿਹਾ ਆਕਾਰ ਤੇ ਪ੍ਰਸਾਰ ਜਿੱਥੇ ਮੁਲਕ ਦੇ ਗੰਭੀਰ ਆਰਥਿਕ ਸਮਾਜਿਕ ਸੰਕਟਾਂ ਦੀ ਉਪਜ ਹੈ ਉਥੇ ਸਾਮਰਾਜੀ ਮੁਲਕਾਂ ਦੀ ਸ਼ਾਨ-ਓ-ਸ਼ੌਕਤ ਤੇ ਅਮੀਰੀ ਦੇ ਸਾਡੇ ਵਰਗੇ ਮੁਲਕਾਂ ਨਾਲੋਂ ਵੱਧ ਰਹੇ ਪਾੜੇ ਦਾ ਇੱਕ ਇਜ਼ਹਾਰ ਵੀ ਹੈ। ਦੇਸ਼ `ਚ ਕਿਰਤੀ ਬੁਨਿਆਦੀ ਜਮਾਤਾਂ ਦੇ ਹਿੱਸੇ ਗਰੀਬ ਮੁਲਕਾਂ `ਚ ਖਾਸ ਕਰਕੇ ਅਰਬ ਮੁਲਕਾਂ `ਚ ਕੰਪਨੀਆਂ ਦੇ ਮਜ਼ਦੂਰ ਬਣ ਕੇ ਜਾਂਦੇ ਹਨ ਤੇ ਮੱਧ ਵਰਗੀ ਜਾਂ ਹੇਠਲੀ ਮੱਧ ਵਰਗੀ ਪਰਤ ਵਿਕਸਿਤ ਪੂੰਜੀਵਾਦ ਦੀ ਮੁਲਕਾਂ `ਚ ਜਾਣ ਲਈ ਯਤਨਸ਼ੀਲ ਰਹਿੰਦੀ ਹੈ। ਜੀਹਦੀ ਜਿੰਨੀ ਕੁ ਆਰਥਿਕ ਹੈਸੀਅਤ ਹੈ ਉਸ ਅਨੁਸਾਰ ਉਹ ਸਾਰੇ ਸੋਮੇ ਝੋਕ ਕੇ ਵਿਸ਼ੇਸ਼ ਧਰਤੀਆਂ `ਤੇ ਰੁਜ਼ਗਾਰ ਦੀ ਤਲਾਸ਼ ਕਰਦਾ ਹੈ। ਅਮਰੀਕਾ ਵਰਗੇ ਸਾਮਰਾਜੀ ਮੁਲਕ ਦੀ ਅਜਿਹੀ ਹੈਸੀਅਤ ਤੇ ਜ਼ਿੰਦਗੀ ਦਾ ਵਿਕਸਿਤ ਪੱਧਰ ਸਾਡੇ ਵਰਗੇ ਮੁਲਕਾਂ ਦੇ ਲੋਕਾਂ ਅੰਦਰ ਜ਼ਿੰਦਗੀ ਦੇ ਕਿਸੇ ਸਵਰਗ ਵਰਗਾ ਸੁਪਨਾ ਜਗਾਉਂਦਾ ਹੈ ਤੇ ਇੱਥੇ ਥਾਂ ਹਾਸਿਲ ਕਰਕੇ ਜ਼ਿੰਦਗੀ ਦੀ ਖੁਸ਼ਹਾਲੀ ਦਾ ਸਿਖ਼ਰਲਾ ਮੁਕਾਮ ਹਾਸਲ ਕਰ ਲੈਣ ਦੀਆਂ ਉਮੀਦਾਂ ਲਾਈਆਂ ਜਾਂਦੀਆਂ ਹਨ। ਇਹਨਾਂ ਉਮੀਦਾਂ ਦੀ ਪੂਰਤੀ ਲਈ ਜ਼ਮੀਨਾਂ ਵੇਚ ਕੇ, ਸਾਰੇ ਸਾਧਨ ਜੁਟਾ ਕੇ, ਕਰਜ਼ੇ ਚੱਕ ਕੇ, ਦੁਨੀਆਂ `ਚ ਥਾਂ ਥਾਂ ਭਟਕ ਕੇ , ਜੰਗਲਾਂ 'ਚ ਰੁਲ ਖਪ ਜਾਣ ਜਾਂ ਸਮੁੰਦਰਾਂ 'ਚ ਡੁੱਬ ਜਾਣ ਦੇ ਜ਼ੋਖਮ ਉਠਾਏ ਜਾਂਦੇ ਹਨ। ਜ਼ਿੰਦਗੀਆਂ ਦਾਅ 'ਤੇ ਲਾ ਕੇ ਇਉਂ ਕਰਨਾ ਆਪਣੇ ਆਪ 'ਚ ਹੀ ਮੁਲਕ ਅੰਦਰ ਬੇ-ਉਮੀਦੀ ਤੇ ਬੇ-ਵਸੀ ਦਾ ਆਲਮ ਹੰਢਾਉਂਦੇ ਲੋਕਾਂ ਦੀ ਹਾਲਤ ਦਾ ਇੱਕ ਬਿਆਨੀਆ ਬਣਦਾ ਹੈ। ਸਾਡੇ ਮੁਲਕ `ਚੋਂ ਪ੍ਰਵਾਸ ਕਰਕੇ ਗਏ ਲੋਕਾਂ ਵੱਲੋਂ ਬੇਹੱਦ ਔਖੀਆਂ ਹਾਲਤਾਂ 'ਚ ਬਿਲਕੁਲ ਜ਼ੀਰੋ ਤੋਂ ਸ਼ੁਰੂ ਕਰਕੇ ਅਥਾਹ ਮਿਹਨਤਾਂ ਨਾਲ ਜ਼ਿੰਦਗੀ 'ਚ ਹਾਸਲ ਕੀਤੀਆਂ ਕਾਮਯਾਬੀਆਂ ਇਹ ਕਹਾਣੀ ਵੀ ਬਿਆਨਦੀਆਂ ਹਨ ਕਿ ਸਾਡੇ ਆਪਣੇ ਮੁਲਕ ਅੰਦਰ ਜੇ ਕਿਰਤ ਦਾ ਮੁੱਲ ਪਵੇ ਤਾਂ ਇਥੇ ਕੀ ਦਾ ਕੀ ਸਿਰਜਿਆ ਜਾ ਸਕਦਾ ਹੈ। ਪਰ ਸਾਡੇ ਆਪਣੇ ਮੁਲਕ ਅੰਦਰ ਸਰੀਰਕ ਕਿਰਤ ਤੇ ਦਿਮਾਗੀ ਕਿਰਤ ਦੋਹਾਂ ਦੀ ਅਜਿਹੀ ਬੇ-ਕਦਰੀ ਦਾ ਆਲਮ ਹੈ ਕਿ ਦੇਸ਼ 'ਚ ਵੱਖ ਵੱਖ ਖੇਤਰਾਂ 'ਚ ਉੱਚ ਕੋਟੀ ਦੀ ਬੌਧਿਕ ਸਮਰੱਥਾ ਵਾਲੀ ਨੌਜਵਾਨ ਪ੍ਰਤਿਭਾ ਵੀ ਵਿਦੇਸ਼ੀ ਧਰਤੀਆਂ ਵੱਲ ਉਡਾਰੀਆਂ ਭਰ ਰਹੀ ਹੈ।
ਸਾਮਰਾਜੀ ਮੁਲਕਾਂ ਲਈ ਸਾਡੇ ਮੁਲਕਾਂ ਦੀ ਇਹ ਜਵਾਨੀ ਕਿਰਤੀਆਂ ਵਜੋਂ ਦੌਲਤਾਂ ਸਿਰਜਣ ਵਾਲੀ ਸੋਨੇ ਦੀ ਖਾਣ ਹੈ। ਸਾਡੇ ਨੌਜਵਾਨ ਵਿਕਸਿਤ ਸਾਮਰਾਜੀ ਤੇ ਵਿਕਸਿਤ ਪੂੰਜੀਵਾਦੀ ਮੁਲਕਾਂ 'ਚ ਜਾ ਕੇ ਬੇਹੱਦ ਨੀਵੀਆਂ ਉਜਰਤਾਂ `ਤੇ ਦਿਨ ਰਾਤ ਕਿਰਤ ਕਰਦੇ ਹਨ, ਉਹਨਾਂ ਕੰਮਾਂ ਨੂੰ ਹੱਥ ਪਾਉਂਦੇ ਹਨ ਜਿੰਨ੍ਹਾਂ ਨੂੰ ਵਿਕਸਿਤ ਸਮਾਜਾਂ ਦੇ ਲੋਕ ਕਰਨ ਤੋਂ ਟਾਲ਼ਾ ਵੱਟਦੇ ਹਨ, ਜਿਸਮ ਤੋੜ ਦੇਣ ਵਾਲੀ ਸਰੀਰਕ ਮਿਹਨਤ ਕਰਦੇ ਹਨ ਤੇ ਉਹਨਾਂ ਦੇ ਮੁਲਕਾਂ ਦੀ ਆਰਥਿਕ ਗਤੀ 'ਚ ਅਹਿਮ ਹਿੱਸਾ ਪਾਉਂਦੇ ਹਨ। ਇਹਨਾਂ ਮੁਲਕਾਂ ਦੀਆਂ ਪ੍ਰਵਾਸੀ ਕਾਮਿਆਂ ਲਈ ਨੀਤੀਆਂ ਆਪਣੇ ਮੁਲਕਾਂ ਦੀ ਸਰਮਾਏਦਾਰੀ ਦੀਆਂ ਜ਼ਰੂਰਤਾਂ ਅਨੁਸਾਰ ਬਣਦੀਆਂ ਹਨ , ਕਾਮਿਆਂ ਦੀ ਵਧੀ ਲੋੜ ਅਨੁਸਾਰ ਨਿਯਮ ਨਰਮ ਹੋ ਜਾਂਦੇ ਹਨ ਤੇ ਸਰਮਾਏਦਾਰੀ ਦੇ ਆਪਣੇ ਸੰਕਟਾਂ ਦੇ ਸਮਿਆਂ 'ਚ ਇਹ ਬਦਲ ਜਾਂਦੇ ਹਨ। ਪ੍ਰਵਾਸੀ ਕਾਮਿਆਂ 'ਤੇ ਰਾਜ ਦੀ ਨਿਗਰਾਨੀ ਦਾ ਡੰਡਾ ਲਮਕਾ ਕੇ ਰੱਖਿਆ ਜਾਂਦਾ ਹੈ ਤੇ ਉਹਨਾਂ ਵੱਲੋਂ ਚੋਰੀ ਕੰਮ ਕਰਦੇ ਰਹਿਣ ਦੇ ਗੁਨਾਹ ਦੇ ਪ੍ਰਭਾਵ ਹੇਠ ਸਸਤੀ ਕਿਰਤ ਹਾਸਲ ਕੀਤੀ ਜਾਂਦੀ ਹੈ। ਵਿਕਸਿਤ ਸਰਮਾਏਦਾਰ ਮੁਲਕਾਂ ਦੇ ਅਜਿਹੇ ਕਿੰਨੇ ਹੀ ਕੰਮ ਧੰਦੇ ਹਨ ਜਿੰਨ੍ਹਾਂ ਨੂੰ ਸਥਾਨਕ ਸਥਾਈ ਵਸੋਂ ਕਰਨ ਤੋਂ ਟਾਲਾ ਵੱਟਦੀ ਹੈ ਤੇ ਗ਼ੈਰ ਕਾਨੂੰਨੀ ਹੋਣ ਦੇ ਟੈਗ ਲੈ ਕੇ ਰਹਿੰਦੇ ਪ੍ਰਵਾਸੀ ਕਿਰਤੀ ਇਹ ਔਖੇ ਕੰਮ ਬੇਹੱਦ ਨੀਵੀਆਂ ਉਜਰਤਾਂ `ਤੇ ਕਰਦੇ ਹਨ ਇਉਂ ਹੀ ਸਕਿਲਡ ਤੇ ਅਨਸਕਿਲਡ ਕਾਮਿਆਂ ਦੀ ਅਜਿਹੀ ਵੰਡ ਉਭਾਰੀ ਜਾਂਦੀ ਹੈ ਜਿਵੇਂ ਅਣਸਕਿਲਡ ਕਾਮਾ ਤਾਂ ਹਰ ਪੱਖੋਂ ਲੁੱਟੇ ਜਾਣ ਦੀ ਯੋਗਤਾ ਰੱਖਦਾ ਹੈ।
ਸਾਡੇ ਵਰਗੇ ਮੁਲਕਾਂ ਦੀ ਕਿਰਤ ਸ਼ਕਤੀ ਵਿਕਸਿਤ ਸਾਮਰਾਜੀ ਮੁਲਕਾਂ ਦੀਆਂ ਦੌਲਤਾਂ ਸਿਰਜਣ 'ਚ ਹਿੱਸਾ ਪਾਉਂਦੀ ਹੈ, ਲੋੜ ਪੈਣ 'ਤੇ ਦੁਰਕਾਰੀ ਜਾ ਸਕਦੀ ਹੈ। ਉੱਥੋਂ ਦੇ ਅਖੌਤੀ ਕੌਮੀ ਮਾਣ ਨੂੰ ਜਗਾਉਣ ਲਈ ਨਿਸ਼ਾਨਾ ਬਣਾਈ ਜਾ ਸਕਦੀ ਹੈ। ਕੈਨੇਡਾ 'ਚ ਕੌਮਾਂਤਰੀ ਵਿਦਿਆਰਥੀ ਅਜਿਹੇ ਹੀ ਕਾਮੇ ਹਨ ਜਿਹੜੇ ਮਹਿੰਗੀਆਂ ਕਾਲਜ ਫੀਸਾਂ ਵਤਨੋਂ ਮੰਗਵਾ ਕੇ ਤਾਰਦੇ ਹਨ ਤੇ ਮੁਸ਼ਕਲ ਹਾਲਤਾਂ 'ਚ ਜਿਉਂਦੇ ਹਨ। ਯੂਰਪੀ ਮੁਲਕਾਂ ਅੰਦਰ ਵੀ ਸੱਜੇ ਪਿਛਾਖੜੀ ਸਿਆਸਤਦਾਨਾ ਲਈ ਪ੍ਰਵਾਸੀਆਂ ਦਾ ਮੁੱਦਾ ਇਕ ਅਹਿਮ ਵੋਟ ਹਥਿਆਰ ਬਣਿਆ ਹੋਇਆ ਹੈ। ਇਸ ਨੂੰ ਇੱਕ ਮਹਾਂ-ਅਪਰਾਧੀ ਕਾਰਵਾਈ ਵਜੋਂ ਪੇਸ਼ ਕੀਤਾ ਜਾਂਦਾ ਹੈ। ਇਹ ਬਿਰਤਾਂਤ ਯੂਰਪ ਅੰਦਰਲੀਆਂ ਸਰਹੱਦਾਂ ਦੀ ਸਖ਼ਤੀ ਵਧਾਉਣ ਦੇ ਸਮੁੱਚੇ ਪ੍ਰਸੰਗ `ਚ ਉਸਾਰਿਆ ਗਿਆ ਹੈ। ਯੂਰਪ ਆਰਥਿਕਤਾਵਾਂ ਦੇ ਸੰਕਟਾਂ ਦਾ ਭਾਂਡਾ ਪ੍ਰਵਾਸੀ ਕਾਮਿਆਂ ਸਿਰ ਸੁੱਟਣ ਦੀ ਸਿਆਸਤ ਕਰਨਾ, ਯੂਰਪ `ਚ ਲਾਗ ਦੀ ਬਿਮਾਰੀ ਵਾਂਗ ਫੈਲਿਆ ਵਰਤਾਰਾ ਹੈ।
ਟਰੰਪ ਵਰਗੇ ਅਮਰੀਕੀ ਸਾਮਰਾਜੀ ਹੁਕਮਰਾਨਾਂ ਦਾ ਅਮਰੀਕੀ ਧਰਤੀ ਬਾਰੇ ਅਜਿਹਾ ਨੈਤਿਕ ਦਾਅਵਾ ਇਤਿਹਾਸ ਦੇ ਸਨਮੁਖ ਖੜ੍ਹਾ ਕਰਕੇ ਦੇਖਿਆਂ ਵੀ ਦਿਲਚਸਪ ਬਣ ਜਾਂਦਾ ਹੈ ਕਿ ਜਿਹੜੇ ਲੋਕ ਇਸ ਧਰਤੀ 'ਤੇ ਖੁਦ ਲੁਟੇਰਿਆਂ ਵਜੋਂ ਆਏ, ਕਬਜ਼ੇ ਜਮਾਏ ਤੇ ਸਥਾਨਕ ਬਸ਼ਿੰਦਿਆਂ ਨੂੰ ਨਰਕ ਭਰੀ ਜ਼ਿੰਦਗੀ `ਚ ਸੁੱਟ ਦਿੱਤਾ ਗਿਆ। ਜਬਰੀ ਕਬਜ਼ੇ ਹੇਠ ਕਰੀ ਧਰਤੀ `ਤੇ ਆਪਣੀ ਪੂੰਜੀ ਦੀ ਸਲਤਨਤ ਉਸਾਰੀ ਤੇ ਉਸ ਦੀ ਰਾਖੀ ਲਈ ਕਾਨੂੰਨ ਘੜੇ। ਜਦੋਂ ਅਜਿਹੇ ਵਿਰਸੇ ਦੇ ਲੋਕ ਕਿਸੇ ਹੋਰ ਧਰਤੀ ਤੋਂ ਆ ਕੇ ਕਿਰਤ ਕਰਨਾ ਚਾਹੁੰਦੇ ਲੋਕਾਂ ਨੂੰ ਮਹਾਂ-ਅਪਰਾਧੀਆਂ ਵਜੋਂ ਪੇਸ਼ ਕਰਦੇ ਹਨ ਤਾਂ ਗੱਲ ਸਿਰਫ ਮੌਜੂਦ ਕਾਨੂੰਨਾਂ ਦੇ ਹਵਾਲੇ ਤੱਕ ਹੀ ਸੀਮਤ ਨਹੀਂ ਰਹਿ ਸਕਦੀ। ਧਾੜਵੀਆਂ ਤੇ ਕਿਰਤੀਆਂ ਦੇ ਦਾਅਵਿਆਂ ਦੇ ਮਸਲੇ ਵੀ ਸਾਡੇ ਸਨਮੁੱਖ ਹੁੰਦੇ ਹਨ। ਅਮਰੀਕਾ ਸਮੇਤ ਵਿਕਸਿਤ ਪੂੰਜੀਵਾਦੀ ਮੁਲਕਾਂ ਦੇ ਇਹ ਹੁਕਮਰਾਨ ਆਪਣੀ ਪੂੰਜੀ ਲਈ ਦੁਨੀਆ ਭਰ 'ਚ ਰੋਕਾਂ ਦਾ ਖਾਤਮਾ ਚਾਹੁੰਦੇ ਹਨ ਤੇ ਉਸ ਨੂੰ ਸੰਸਾਰੀਕਰਨ ਦਾ ਨਾਂ ਦਿੰਦੇ ਹਨ ਪਰ ਆਪਣੀਆਂ ਸਲਤਨਤਾਂ ਦੇ ਅੰਦਰ ਕਿਰਤੀਆਂ ਦੀ ਆਮਦ 'ਤੇ ਹੋ-ਹੱਲਾ ਮਚਾਉਂਦੇ ਹਨ। ਸਾਡੇ ਮੁਲਕ ਅੰਦਰ ਮੜ੍ਹੀਆਂ ਗਈਆਂ ਸਾਮਰਾਜੀ ਮੁਲਕਾਂ ਦੀਆਂ ਇਹਨਾਂ ਸਾਮਰਾਜੀ ਸੰਸਾਰੀਕਰਨ ਵਾਲੀਆਂ ਨਵ-ਉਦਾਰਵਾਦੀ ਨੀਤੀਆਂ ਨੇ ਹੀ ਤਾਂ ਮੁਲਕ ਦੇ ਕਿਰਤੀਆਂ ਨੂੰ ਵਿਦੇਸ਼ਾਂ ਦੀਆਂ ਧਰਤੀਆਂ 'ਤੇ ਰੁਲ਼ਣ ਲਈ ਮਜ਼ਬੂਰ ਕੀਤਾ ਹੋਇਆ ਹੈ। ਕੌਣ ਕੀਹਦਾ ਮੁਜ਼ਰਮ ਹੈ, ਇਹ ਸਵਾਲ ਵੀ ਬਹੁਪਰਤੀ ਹੈ। ਟਰੰਪ ਦੇ ਇਹਨਾਂ ਚੱਕਵੇਂ ਕਦਮਾਂ ਦਰਮਿਆਨ ਇਹ ਹਕੀਕਤ ਨਸ਼ਰ ਹੋਣਾ, ਸਾਮਰਾਜੀ ਹੁਕਮਰਾਨਾਂ ਦੀ ਦੰਭੀ ਸਿਆਸਤ ਦੀ ਗਵਾਹੀ ਬਣਿਆ ਹੈ ਕਿ ਟਰੰਪ ਦੀ ਆਪਣੀ ਕੰਪਨੀ 'ਚ ਵੱਡੀ ਗਿਣਤੀ ਲਾਤੀਨੀ ਅਮਰੀਕੀ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਹਨ। ਵਾਸ਼ਿੰਗਟਨ ਪੋਸਟ ਨੇ 2019 'ਚ ਰਿਪੋਰਟ ਕੀਤੀ ਸੀ ਕਿ ਦੋ ਦਹਾਕਿਆਂ ਤੋਂ ਅਜਿਹੇ ਦਰਜਨਾਂ ਕਾਮੇ ਸਖ਼ਤ ਕੰਮ ਭਾਰ ਹੇਠ ਲਤਾੜੇ ਜਾਂਦੇ ਰਹੇ ਹਨ ਕਿਉਂਕਿ ਕਾਗਜ਼ ਪੂਰੇ ਨਾ ਹੋਣ ਕਾਰਨ ਉਹ ਹਰ ਵਧੀਕੀ ਸਹਿ ਲੈਂਦੇ ਹਨ।
ਵਿਦੇਸ਼ੀ ਧਰਤੀਆਂ 'ਤੇ ਰੁਲ਼ਦੇ ਸਾਡੇ ਮੁਲਕ ਦੇ ਕਿਰਤੀ ਲੋਕਾਂ ਦੀ ਅਜਿਹੀ ਹੋਣੀ ਲਈ ਦਹਾਕਿਆਂ ਤੋਂ ਭਾਰਤੀ ਰਾਜ ਤੇ ਕਾਬਜ਼ ਜਮਾਤਾਂ ਜਿੰਮੇਵਾਰ ਹਨ ਜਿੰਨ੍ਹਾਂ ਨੇ ਕੁਦਰਤੀ ਦੌਲਤਾਂ ਤੇ ਅਥਾਹ ਮਨੁੱਖਾ ਸ਼ਕਤੀ ਨਾਲ ਭਰਪੂਰ ਇਸ ਧਰਤੀ ਨੂੰ ਦੇਸੀ ਵਿਦੇਸ਼ੀ ਪੂੰਜੀਪਤੀਆਂ ਦੀ ਲੁੱਟ ਲਈ ਪਰੋਸ ਰੱਖਿਆ ਹੈ। ਇਸ ਲੁੱਟ ਨੇ ਕਿਰਤ ਦੀ ਘੋਰ ਬੇਕਦਰੀ ਕੀਤੀ ਹੈ ਤੇ ਮੁਲਕ ਨੂੰ ਪਛੜੇਵੇਂ 'ਚ ਸੁੱਟ ਕੇ ਰੱਖਿਆ ਹੈ। ਸਾਮਰਾਜੀ ਮੁਲਕਾਂ ਦਾ ਦਾਬਾ ਮੰਨ ਕੇ ਤੇ ਦੇਸ਼ ਦੇ ਵੱਡੇ ਕਾਰਪੋਰੇਟ ਘਰਾਣਿਆਂ ਦੀਆਂ ਲੋੜਾਂ ਅਨੁਸਾਰ ਉਸਾਰੇ ਗਏ ਅਖੌਤੀ ਵਿਕਾਸ ਦੇ ਮਾਡਲ ਨੇ ਮੁਲਕ ਅੰਦਰ ਅਸਨਅਤੀਕਰਨ ਦਾ ਪੁੱਠਾ ਅਮਲ ਚਲਾਇਆ ਹੋਇਆ ਹੈ। ਖੇਤੀ ਜਗੀਰਦਾਰਾਂ ਦੀ ਲੁੱਟ ਦੇ ਵੱਸ ਪਈ ਰਹੀ ਹੈ ਤੇ ਹੁਣ ਸਾਮਰਾਜੀ ਬਹੁ-ਕੌਮੀ ਕੰਪਨੀਆਂ ਵੀ ਆਪਣੀ ਲੁੱਟ ਦਾ ਪਸਾਰਾ ਕਰ ਰਹੀਆਂ ਹਨ। ਇਹ ਹਾਲਤ ਮੁਲਕ ਦੇ ਸੰਕਟਾਂ ਨੂੰ ਹੋਰ ਡੂੰਘਾ ਕਰਨ ਜਾ ਰਹੀ ਹੈ। ਇਹਨਾਂ ਸੰਕਟਾਂ ਨੇ ਪਰਵਾਸ ਉਡਾਰੀਆਂ ਭਰਨ ਦੇ ਹਾਲਾਤ ਮੁੜ ਮੁੜ ਸਿਰਜਣੇ ਹਨ।
ਡਿਪੋਰਟ ਕੀਤੇ ਲੋਕਾਂ ਦੇ ਪ੍ਰਸੰਗ 'ਚ ਦੇਸ਼ ਦੀਆਂ ਹਾਕਮ ਜਮਾਤੀ ਸਿਆਸੀ ਪਾਰਟੀਆਂ ਇੱਕ ਦੂਜੇ ਖਿਲਾਫ਼ ਦੂਸ਼ਣਬਾਜੀ ਤੇ ਬਿਆਨਬਾਜ਼ੀ ਰਾਹੀਂ ਇਸ ਹਕੀਕਤ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਇਹ ਵਰਤਾਰਾ ਇਸ ਧਰਤੀ 'ਤੇ ਉਹਨਾਂ ਸਭਨਾਂ ਵੱਲੋਂ ਬਦਲ ਬਦਲ ਕੇ ਕੀਤੇ ਹੋਏ ਰਾਜ ਦੀਆਂ ਹੀ ਬਰਕਤਾਂ ਹਨ। ਬੇਰੁਜ਼ਗਾਰੀ ਦੇ ਅਥਾਹ ਪਸਾਰੇ ਤੋਂ ਲੈ ਕੇ ਏਜੰਟਾਂ ਦੀਆਂ ਠੱਗੀਆਂ ਦੇ ਧੰਦਿਆਂ ਤੱਕ ਦੇ ਅਨੇਕਾਂ ਮਸਲੇ ਇਹਨਾਂ ਪਾਰਟੀਆਂ ਦੇ ਸਾਸ਼ਨਾਂ ਦੀ ਹੀ ਦੇਣ ਹਨ। ਅਮਰੀਕੀ ਫ਼ੌਜੀ ਜਹਾਜ਼ ਅੰਮ੍ਰਿਤਸਰ ਉੱਤਰਦਾ ਜਾਂ ਗੁਜਰਾਤ ਉੱਤਰਦਾ, ਅਜਿਹੀ ਬਿਆਨਬਾਜ਼ੀ ਰਾਹੀਂ ਇੱਕ ਦੂਜੇ ਨੂੰ ਕੋਸਣ ਦਾ ਮੌਕਾ ਨਹੀਂ ਖੁੰਝਾਇਆ ਜਾ ਰਿਹਾ ਜਦ ਕਿ ਦੇਸ਼ ਭਰ 'ਚੋਂ ਹੁੰਦਾ ਪਰਵਾਸ 'ਵਿਕਸਿਤ' ਭਾਰਤ ਦੀ ਹਕੀਕਤ ਬਣਿਆ ਹੋਇਆ ਹੈ। ਦੁਨੀਆਂ ਦੀ `ਮਹਾਸ਼ਕਤੀ’ ਬਣਨ ਜਾ ਰਹੇ ਮੁਲਕ ਦੇ ਕਿਰਤੀਆਂ ਦੀ ਅਜਿਹੀ ਅਪਰਾਧੀਆਂ ਵਰਗੀ ਵਾਪਸੀ ਦੇਸ਼ ਦੇ ਹਾਲਤਾਂ 'ਤੇ ਲਿਸ਼ਕੋਰ ਵਾਂਗ ਪਈ ਹੈ। ਇਹ ਸਭ ਕੁਝ ਉਦੋਂ ਵਾਪਰਿਆ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਅਮਰੀਕਾ ਵਿੱਚ ਸੀ। ਉਸ ਵੱਲੋਂ ਕੀਤੇ ਦੌਰੇ ਦਾ ਤੱਤ ਵੀ ਡਿਪੋਰਟ ਹੋ ਕੇ ਆਏ ਭਾਰਤੀਆਂ ਦੀ ਹੋਣੀ ਤੋਂ ਵੱਖਰਾ ਨਹੀਂ ਹੈ। ਉਸਦੀ ਮੁਲਾਕਾਤ ਰਾਹੀਂ ਅਮਰੀਕੀ ਸਾਮਰਾਜੀ ਹੁਕਮਰਾਨਾਂ ਨੇ ਭਾਰਤੀ ਆਰਥਿਕਤਾ 'ਤੇ ਆਪਣਾ ਸ਼ਿਕੰਜਾ ਹੋਰ ਕਸਣ ਤੇ ਇਥੇ ਲੁੱਟ ਦੇ ਨਵੇਂ ਰਾਹ ਬਣਾਉਣ ਲਈ ਆਪਣੀ ਭਾਰੂ ਹੈਸੀਅਤ ਦੀ ਖੁੱਲ੍ਹ ਕੇ ਵਰਤੋਂ ਕੀਤੀ ਹੈ।
ਡਿਪੋਰਟ ਕੀਤੇ ਭਾਰਤੀਆਂ ਦੀ ਅਜਿਹੀ ਹੋਣੀ ਭਾਰਤੀ ਹਕੂਮਤ ਤੇ ਅਮਰੀਕੀ ਸਾਮਰਾਜੀ ਹਾਕਮਾਂ ਦੇ ਰਿਸ਼ਤੇ ਦੇ ਇੱਕ ਪਸਾਰ ਵਜੋਂ ਵੀ ਦੇਖੀ ਤੇ ਸਮਝੀ ਜਾ ਸਕਦੀ ਹੈ। ਭਾਰਤ ਸਰਕਾਰ ਨੇ ਸੌਖਾ ਜਿਹਾ ਰਾਹ ਲੱਭਦਿਆਂ ਇਸ ਬਾਰੇ ਅਮਰੀਕੀ ਨਿਯਮਾਂ ਤੇ ਕਾਨੂੰਨਾਂ ਦਾ ਹਵਾਲਾ ਦੇ ਕੇ ਜ਼ਿੰਮੇਵਾਰੀ ਤੋਂ ਪੱਲਾ ਛੁਡਾ ਲਿਆ ਹੈ। ਇਸ ਕੌਮੀ ਨਮੋਸ਼ੀ ਲਈ ਜਵਾਬਦੇਹੀ ਤੋਂ ਭੱਜਿਆ ਜਾ ਰਿਹਾ ਹੈ। ਹਾਲਾਂਕਿ ਕੋਲੰਬੀਆਂ ਤੇ ਮੈਕਸੀਕੋ ਵਰਗੇ ਮੁਲਕਾਂ ਦੇ ਹੁਕਮਰਾਨਾਂ ਨੇ ਅਮਰੀਕਾ ਵੱਲੋਂ ਆਪਣੇ ਵਸਨੀਕਾਂ ਨਾਲ਼ ਅਜਿਹੇ ਸਲੂਕ ਬਾਰੇ ਤਿੱਖਾ ਰੋਸ ਜ਼ਾਹਿਰ ਕੀਤਾ ਹੈ ਤੇ ਵਾਪਸ ਭੇਜੇ ਜਾਣ ਵਾਲੇ ਲੋਕਾਂ ਨਾਲ ਅਪਾਰਧੀਆਂ ਦੀ ਥਾਂ ਮਾਣ ਇੱਜ਼ਤ ਵਾਲੇ ਸਲੂਕ ਦਾ ਹੱਕ ਮੰਗਿਆ ਹੈ ਪਰ ਭਾਰਤੀ ਹਾਕਮ ਆਪਣੇ ਸਾਮਰਾਜੀ ਹੁਕਮਰਾਨਾਂ ਮੂਹਰੇ ਪੂਰੀ ਤਰ੍ਹਾਂ ਵਿਛ ਗਏ ਹਨ ਤੇ ਆਪਣੀ ਅਧੀਨ ਹੈਸੀਅਤ ਦੀ ਰੱਜ ਕੇ ਨੁਮਾਇਸ਼ ਲਾਉਂਦਿਆਂ ਅਮਰੀਕੀ ਵਧੀਕੀ ਨੂੰ ਹੱਸ ਕੇ ਪ੍ਰਵਾਨ ਕੀਤਾ ਹੈ।
ਵਾਪਸ ਭੇਜੇ ਭਾਰਤੀ ਲੋਕਾਂ ਦੀ ਹੋਣੀ, ਸਾਮਰਾਜੀ ਲੁੱਟ ਦਾ ਸ਼ਿਕਾਰ ਹੋਏ ਮੁਲਕ ਦੇ ਲੋਕਾਂ ਦੀ ਹੋਣੀ ਹੈ। ਇਹ ਹੋਣੀ ਲੋਕਾਂ ਨੂੰ ਵਿਦੇਸ਼ਾਂ ਲਈ ਕਾਨੂੰਨੀ ਰਾਹ ਅਖਤਿਆਰ ਕਰਨ ਦੀਆਂ ਨਸੀਹਤਾਂ ਨਾਲ ਹੀ ਨਹੀਂ ਸਗੋਂ ਦੇਸ਼ 'ਚੋਂ ਸਾਮਰਾਜੀ ਲੁੱਟ ਤੇ ਦਾਬੇ ਦੇ ਖਾਤਮੇ ਨਾਲ ਹੀ ਬਦਲੀ ਜਾਣੀ ਹੈ। ਮੁਲਕ ਦੇ ਸੋਮਿਆਂ ਤੇ ਸਾਧਨਾਂ 'ਤੇ ਅਧਾਰਿਤ ਸਵੈ-ਨਿਰਭਰ ਵਿਕਾਸ ਦਾ ਮਾਡਲ ਲਾਗੂ ਕਰਕੇ ਸਹੀ ਅਰਥਾਂ `ਚ ਵਿਕਸਿਤ ਭਾਰਤ ਬਣਨ ਨਾਲ ਬਦਲੀ ਜਾਣੀ ਹੈ। ਅਜਿਹਾ ਕਰਨ ਲਈ ਲੋਕਾਂ ਅੰਦਰ ਇਸੇ ਧਰਤੀ 'ਤੇ ਸਮੂਹਿਕ ਤੌਰ 'ਤੇ ਜੂਝ ਕੇ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਸਕਣ ਦੀ ਭਾਵਨਾ ਤੇ ਉਮੀਦਾਂ ਜਗਾਉਣ ਦੀ ਜ਼ਰੂਰਤ ਹੈ। ਕੌਮੀ ਨਮੋਸ਼ੀ ਦੇ ਇਹਨਾਂ ਦਿਨਾਂ 'ਚ ਆਪਣਾ ਮੁਲਕ ਸੰਵਾਰਨ ਲਈ ਕੌਮੀ ਸਵੈਮਾਣ ਦਾ ਜਜ਼ਬਾ ਜਗਾਉਣ ਦੀ ਲੋੜ ਹੈ। ਸਾਮਰਾਜੀ ਜਲਾਲਤ ਨਾਲ ਮਹਿਸੂਸ ਹੋਈ ਨਮੋਸ਼ੀ ਦੇ ਅਹਿਸਾਸ ਨੂੰ ਤੱਜ ਕੇ ਲੋਕਾਂ ਦੀਆਂ ਉਮੰਗਾਂ ਤੇ ਰੀਝਾਂ ਦੇ ਹਾਣ ਦਾ ਸਮਾਜੀ ਸਿਆਸੀ ਪ੍ਰਬੰਧ ਉਸਾਰਨ ਦੇ ਸਵਾਲ ਦੇ ਸਨਮੁਖ ਖੜ੍ਹੇ ਹੋਣ ਦੀ ਲੋੜ ਹੈ। ਪਰਵਾਸ ਮਜ਼ਬੂਰੀਆਂ ਤੋਂ ਕੌਮੀ ਸਵੈਮਾਣ ਦੇ ਜਗਣ ਤੱਕ ਦਾ ਸਫ਼ਰ ਕਿਰਤੀ ਲੋਕਾਂ ਦੀ ਸਮੂਹਿਕ ਸਾਂਝੀ ਜਦੋਜਹਿਦ ਦਾ ਸਫ਼ਰ ਹੈ।
ਇਹ ਸਾਮਰਾਜੀ ਚੋਰ ਗੁਲਾਮੀ 'ਚ ਜਕੜੇ ਮੁਲਕ ਵੱਲੋਂ ਨਮੋਸ਼ੀ ਭਰੀ ਬੇ-ਵਸੀ ਹੰਢਾਉਣ ਦੇ ਦਿਨ ਹਨ। ਅਜਿਹੀ ਬੇਵਸੀ ਕਦੇ ਗਦਰੀਆਂ ਨੇ ਹੰਢਾਈ ਸੀ ਤੇ ਦੇਸ਼ 'ਚੋਂ ਪਰਾਈਆਂ ਧਰਤੀਆਂ 'ਤੇ ਕਿਰਤ ਨਾਲ ਜ਼ਿੰਦਗੀ ਬਦਲ ਦੇਣ ਦੀਆਂ ਉਮੀਦਾਂ ਲੈ ਕੇ ਗਿਆ ਕਾਮਾਗਾਟਾਮਾਰੂ ਬਗ਼ਾਵਤ ਦਾ ਜਹਾਜ਼ ਹੋ ਕੇ ਪਰਿਤਆ ਸੀ। ਪਰ ਦੇਸ਼ ਨੂੰ ਅਜੇ ਹੋਰ ਕਾਮਾਗਾਟਾਮਾਰੂ ਜਹਾਜ਼ਾਂ ਦੀ ਵਾਪਸੀ ਲੋੜੀਂਦੀ ਹੈ ਤਾਂ ਕਿ ਇਸ ਨਮੋਸ਼ੀ ਤੋਂ ਕੌਮੀ ਮਾਣ ਤੇ ਸ਼ਾਨ ਦੇ ਸਾਗਰਾਂ ਦਾ ਸਫ਼ਰ ਤੈਅ ਹੋ ਸਕੇ।
No comments:
Post a Comment