ਪੈਪਸੂ ਮੁਜ਼ਾਰਾ ਲਹਿਰ ਦੇ ਸੰਗਰਾਮੀ ਇਤਿਹਾਸ ਦਾ ਇੱਕ ਪੰਨਾ
ਕਿਸ਼ਨਗੜ੍ਹ 'ਚ ਪੁਲਿਸ ਹੱਲੇ ਦਾ ਜਨਤਕ ਟਾਕਰਾ
ਪਿੰਡ ਕਿਸ਼ਨਗੜ੍ਹ ਦੇ ਦੋ ਬਿਸਵੇਦਾਰ ਭਗਵਾਨ ਸਿੰਘ ਤੇ ਸਿਆਸਤ ਸਿੰਘ ਮਹਾਰਾਜਾ ਪਟਿਆਲਾ ਦੇ ਸਮੇਂ ਸੁਪਰਡੈਂਟ ਪੁਲਿਸ ਚੱਲੇ ਆ ਰਹੇ ਸਨ। ਸਿਆਸਤ ਸਿੰਘ ਆਪਣੇ ਘਰੇਲੂ ਜਿਲ੍ਹਾ ਬਠਿੰਡਾ ਵਿਚ ਡਿਊਟੀ ਉੱਪਰ ਸੀ। ਮਾਰਚ '47 ਦੇ ਸ਼ਾਹੀ ਫਰਮਾਨ ਮਗਰੋਂ ਉਹਨਾਂ ਅਕਤੂਬਰ 1948 ਵਿਚ ਆਪਣਾ ਅਸਰ ਰਸੂਖ ਵਰਤ ਕੇ ਤਹਿਸੀਲਦਾਰ ਦੀ ਅਗਵਾਈ ਵਿਚ ਸਟਾਫ ਤੇ ਪੁਲਿਸ ਭੇਜੀ ਤਾਂ ਜੋ ਉਹ ਸ਼ਾਹੀ ਫਰਮਾਨ ਅਨੁਸਾਰ ਜ਼ਮੀਨ ਦੀ ਵੰਡ ਕਰਨ। ਇਹ ਸਰਕਾਰੀ ਸਟਾਫ ਬਰੇਟਾ ਕਸਬੇ ਵਿਚ ਸੀ ਜਦੋਂ ਪਿੰਡ ਦੇ ਮੁਜਾਰਿਆਂ ਨੂੰ ਉਹਨਾਂ ਦੇ ਆਉਣ ਬਾਰੇ ਪਤਾ ਲੱਗ ਗਿਆ। ਮੁਜਾਰੇ ਪਿੰਡੋਂ ਬਾਹਰ ਬਰੇਟਾ ਕਸਬੇ ਵੱਲੋਂ ਆਉਂਦੇ ਰਸਤੇ ਉੱਪਰ ਇਕੱਠੇ ਹੋ ਗਏ। ਸਟਾਫ ਨੂੰ ਆਉਂਦੇ ਦੇਖ ਕੇ ਹੀ ਨਾਅਰੇ ਗੂੰਜ ਉਠੇ, ''ਚਾਲੂ ਰਹੇ ਮੁਜਾਰਿਆਂ ਦੀ ਲੜਾਈ-ਨਾ ਖੁੱਡ ਜ਼ਮੀਨ, ਨਾ ਦਾਣਾ ਬਟਾਈ।'' ''ਬਿਸਵੇਦਾਰੀ ਬਿਨਾਂ ਮੁਆਵਜਾ ਖਤਮ ਕਰੋ” । ਇਕੱਠ ਦਾ ਗੁੱਸਾ, ਜੋਸ਼ ਤੇ ਹੱਥ ਵਿਚ ਸੋਟੇ, ਛਵੀਆਂ, ਨੇਜੇ, ਕਿਰਪਾਨਾਂ ਦੇਖ ਕੇ ਸਟਾਫ ਦੀ ਅੱਗੇ ਵਧਣ ਦੀ ਹਿੰਮਤ ਨਾ ਪਈ। ਉੱਥੋਂ ਹੀ ਵਾਪਸ ਬਰੇਟਾ ਮੁੜ ਗਏ।
ਸਟਾਫ ਦੀ ਅਸਫਲਤਾ ਬਾਰੇ ਰਿਪੋਰਟ ਸੁਣ ਕੇ ਬਿਸਵੇਦਾਰ, ਪੁਲਿਸ ਅਫਸਰ ਬਹੁਤ ਬੌਖਲਾਏ। ਉਹਨਾਂ ਕਾਨੂੰਨ ਆਪਣੇ ਹੱਥ 'ਚ ਲੈਣ ਦਾ ਫੈਸਲਾ ਕੀਤਾ, ਕਿਰਾਏ ਭਾੜੇ ਉੱਪਰ ਭਗੌੜੇ ਗੁੰਡੇ ਇਕੱਠੇ ਕੀਤੇ। ਦਸੰਬਰ 1948 ਦੇ ਅੰਤਲੇ ਦਿਨਾਂ ਵਿਚ ਉਪਰੋਕਤ ਗੈਰ-ਸਮਾਜੀ ਅੰਸ਼ਾਂ ਨੂੰ ਇਕ ਥਾਂ ਇਕੱਠਾ ਕਰਕੇ ਮਾਸ, ਸ਼ਰਾਬ ਨਾਲ ਰਜਾਇਆ, ਕਿਸ਼ਨਗੜ੍ਹ ਪਿੰਡ ਵਿਚ ਭਿਜਵਾਇਆ ਤਾਂ ਜੋ ਉਹ ਜ਼ਮੀਨ ਉੱਪਰ ਕਬਜਾ ਕਰਨ। ਚੋਖੀ ਗਿਣਤੀ ਪੁਲਿਸ ਉਹਨਾਂ ਦੇ ਨਾਲ ਸੀ।
ਗੁੰਡਿਆਂ ਤੇ ਪੁਲਿਸ ਦਾ ਇਹ ਟੋਲਾ ਪਿੰਡ ਕਿਸ਼ਨਗੜ੍ਹ ਵਿਚ ਜਾਣ ਦਾ ਥਾਂ ਸਿੱਧੇ ਖੇਤਾਂ ਵਿਚ ਗਿਆ। ਖੇਤਾਂ ਵਿਚ ਕੈਂਪ ਲਗਾਇਆ ਤੇ ਨਹਿਰੀ ਪਾਣੀ ਨੂੰ ਮੋੜ ਕੇ ਕਣਕ ਦੀ ਫਸਲ ਦੀ ਸਿੰਜਾਈ ਆਰੰਭ ਦਿੱਤੀ ਜੋ ਮੁਜਾਰਿਆਂ ਨੇ ਬੀਜੀ ਹੋਈ ਸੀ। ਛੱਜੂ ਮੱਲ ਵੈਦ ਨੂੰ ਪਤਾ ਲੱਗਾ, ਉਸ ਨੇ ਕਾਮਰੇਡ ਧਰਮ ਸਿੰਘ ਫੱਕਰ ਨਾਲ ਸੰਪਰਕ ਕੀਤਾ, ਦੋਹਾਂ ਮਿਲ ਕੇ ਕੁੱਝ ਮੁਜਾਰਾ ਪਿੰਡਾਂ ਦਾ ਦੌਰਾ ਕੀਤਾ, ਕੁੱਝ ਪਿੰਡਾਂ ਵਿਚ ਸੁਨੇਹੇ ਭੇਜੇ ਕਿ ਉਹ ਪਿੰਡ ਕਿਸ਼ਨਗੜ੍ਹ ਛੇਤੀ ਪੁੱਜਣ। ਦੋ ਦਿਨਾਂ ਵਿਚ ਲਗਭਗ ਪੰਜ ਹਜਾਰ ਕਿਸਾਨ ਮੁਜਾਰੇ ਇਕੱਠੇ ਹੋ ਗਏ। ਸੋਟੇ, ਭਾਲੇ , ਨੇਜੇ, ਕਿਰਪਾਨਾਂ ਆਦਿ ਨਾਲ ਲੈਸ ਨਾਅਰੇ ਲਾਉਂਦਾ ਹੋਇਆ ਇਕੱਠ ਉਹਨਾਂ ਖੇਤਾਂ ਵੱਲ ਤੁਰ ਪਿਆ ਜਿੱਥੇ ਗੁੰਡਿਆਂ ਨੇ ਕੈਂਪ ਲਗਾਇਆ ਹੋਇਆ ਸੀ। ਦੂਜੇ ਦੋਹਾਂ ਪਾਸਿਆਂ ਤੋਂ ਹਥਿਆਰਬੰਦ ਸਵੈਮ ਸੇਵਕਾਂ ਦੇ ਜਥੇ ਗੁੰਡਾ ਕੈਂਪ ਵੱਲ ਵਧ ਰਹੇ ਸਨ। ਗੁੰਡੇ ਸਿੰਜਾਈ ਛੱਡ ਕੇ ਕੈਂਪ ਵਿਚ ਰੱਖੇ ਹਥਿਆਰਾਂ ਨੂੰ ਠੀਕ ਠਾਕ ਹੀ ਕਰ ਰਹੇ ਸਨ ਜਦੋਂ ਵਲੰਟੀਅਰ ਜਥਿਆਂ ਵੱਲੋਂ ਦੋਹਾਂ ਪਾਸਿਆਂ ਤੋਂ ਗੋਲੀਆਂ ਚੱਲਣੀਆਂ ਆਰੰਭ ਹੋਈਆਂ। ਇਕ ਪਾਸੇ ਕੁਰਹਿਤ ਕਰੋਧ ਵਿਚ ਪੰਜ ਹਜਾਰ ਦਾ ਇਕੱਠ, ਹੋਰ ਦੋ ਪਾਸਿਆਂ ਤੋਂ ਗੋਲੀਆਂ ਦੀ ਆਵਾਜ਼। ਗੁੰਡੇ ਤਿੰਨ ਪਾਸਿਆਂ ਤੋਂ ਘੇਰੇ ਵਿਚ ਸਨ, ਚੌਥੇ ਪਾਸੇ 100 ਕਿੱਲੇ ਗੰਨੇ ਦੀ ਫਸਲ ਖੜ੍ਹੀ ਸੀ। ਗੁੰਡੇ ਕੱਪੜੇ ਲੀੜੇ ਬੰਦੂਕਾਂ ਤੱਕ ਛੱਡ ਕੇ ਗੰਨੇ ਦੀ ਫਸਲ ਦੇ ਖੇਤਾਂ ਵਿਚ ਜਾ ਲੁਕੇ। ਇਕੱਠੇ ਹੋਏ ਮੁਜਾਰੇ ਇਤਨੇ ਜੋਸ਼ ਤੇ ਉਤਸ਼ਾਹ ਵਿਚ ਸਨ ਕਿ ਉਹ ਗੰਨੇ ਦੀ ਫਸਲ ਨੂੰ ਚਾਰੇ ਪਾਸਿਓਂ ਅੱਗ ਲਾ ਕੇ ਫਸਲ ਦੇ ਨਾਲ ਗੁੰਡਿਆਂ ਨੂੰ ਵੀ ਜਲਾ ਦੇਣਾ ਚਾਹੁੰਦੇ ਸਨ। ਕਾਮਰੇਡ ਵੈਦ ਤੇ ਫੱਕਰ ਵੱਲੋਂ ਅਪੀਲਾਂ ਤੇ ਪ੍ਰੇਰਨਾ ਦਾ ਵੀ ਅਸਰ ਨਹੀਂ ਸੀ ਤਾਂ ਵੈਦ ਦੇ ਸੁਝਾਅ ਅਨੁਸਾਰ ਫੈਸਲਾ ਹੋਇਆ ਕਿ ਗੰਨਾ ਵੱਢ ਕੇ ਪੀੜਿਆ ਜਾਵੇ ਤੇ ਉਸ ਸਮੇਂ ਤੱਕ ਘਿਰਾਓ ਵੀ ਜਾਰੀ ਰਹੇ।
ਸੋ ਇਕੱਠੇ ਹੋਏ ਮੁਜਾਰਿਆਂ ਨੂੰ ਗਰੁੱਪਾਂ ਵਿਚ ਵੰਡਿਆ ਗਿਆ, ਹਰ ਗਰੁੱਪ ਨੂੰ ਗੰਨਾ ਕੱਟਣ-ਵੱਢਣ, ਢੋਆ-ਢੁਆਈ ਕਰਨ, ਪੀੜਨ , ਗੁੜ ਬਣਾਉਣ ਆਦਿ ਡਿਉਟੀਆਂ ਦਿੱਤੀਆਂ ਗਈਆਂ। ਨਾਲ ਲਗਦੇ ਪਿੰਡਾਂ ਵਿੱਚੋਂ ਕੁੱਝ ਵੇਲਣੇ ਮੰਗਵਾਏ ਗਏ। 84 ਕਿੱਲੇ ਗੰਨਾ ਫਸਲ ਕੱਟ-ਵੱਢ ਕੇ, ਗੁੜ ਬਣਾ ਕੇ, ਸਬੰਧਤ ਮੁਜਾਰਿਆਂ ਦੇ ਘਰਾਂ ਵਿਚ ਵੰਡ ਦਿੱਤਾ।
ਇਹ ਅਦੁੱਤੀ ਪ੍ਰਪਤੀ ਆਪਸੀ ਸਹਿਯੋਗ ਅਤੇ ਸਹਾਇਤਾ ਦਾ ਹੀ ਸਿੱਟਾ ਸੀ। 5000 ਦੇ ਲਗਭਗ ਮੁਜਾਰੇ ਕਿਸ਼ਨਗੜ੍ਹ ਵਿਖੇ ਚਾਰ ਦਿਨ ਠਹਿਰੇ। ਸਾਂਝੇ ਦੁਸ਼ਮਣ ਵਿਰੁੱਧ ਏਕਤਾ ਤੇ ਘੋਲ ਦੀ ਅਦੁੱਤੀ ਮਿਸਾਲ ਸੀ। ਕਿਸ਼ਨਗੜ੍ਹ ਦੀ ਵਸੋਂ ਵੱਲੋਂ ਰੋਟੀ, ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਸੀ। ਆਲੇ-ਦੁਆਲੇ ਦੇ ਪਿੰਡਾਂ ਵੱਲੋਂ ਵਲੰਟੀਅਰਾਂ ਦੇ ਨਾਲ ਰਾਸ਼ਨ ਵੀ ਦਿੱਤਾ ਗਿਆ। ਨਾਲ ਲਗਦੇ ਪਿੰਡ ਖੱਤਰੀਵਾਲਾ ਦੇ ਬਿਸਵੇਦਾਰ ਨੇ ਇਕ ਮੁਜਾਰੇ ਹਜੂਰਾ ਸਿੰਘ ਦੀ ਗੰਨੇ ਦੀ ਫਸਲ ਉਪਰ ਕਬਜਾ ਕਰ ਲਿਆ ਸੀ। ਪਤਾ ਲਗਦੇ ਹੀ ਕਿਸ਼ਨਗੜ੍ਹ ਦੇ ਮੁਜਾਰੇ ਉਥੇ ਗਏ, ਗੰਨੇ ਦੀ ਫਸਲ ਕੱਟ ਕੇ ਲੈ ਆਏ ਤੇ ਗੁੜ ਬਣਾ ਕੇ ਹਜੂਰਾ ਸਿੰਘ ਨੂੰ ਦੇ ਦਿੱਤਾ। ਬਿਸਵੇਦਾਰ ਦਾ ਕੋਈ ਗੁੰਡਾ ਉਪਰੋਕਤ ਕੰਮ ਵਿਚ ਅੜਿੱਕਾ ਨਾ ਪਾ ਸਕਿਆ। ਸੋ ਕਿਸ਼ਨਗੜ੍ਹ ਪਿੰਡ ਵਿਚ ਖੁਸ਼ੀ ਦੀ ਲਹਿਰ ਦੌੜ ਰਹੀ ਸੀ। ਵਸੋਂ ਵਿਚ ਦਲੇਰੀ ਤੇ ਆਪਾਵਿਸ਼ਵਾਸ਼ ਦਾ ਹੜ੍ਹ ਵਗ ਤੁਰਿਆ।
ਕਿਸ਼ਨਗੜ੍ਹ ਦੇ ਬਿਸਵੇਦਾਰ, ਜਿਲ੍ਹਾ ਬਠਿੰਡਾ ਦੇ ਪੁਲਿਸ ਅਫਸਰ ਸਿਆਸਤ ਸਿੰਘ ਨੇ ਪਿੰਡ ਦੇ 36 ਨੌਜਵਾਨ ਕਿਸਾਨ ਮੁਜਾਰਿਆਂ ਦੇ ਗ੍ਰਿਫਤਾਰੀ ਵਰੰਟ ਜਾਰੀ ਕਰ ਦਿੱਤੇ, ਜਿਹਨਾਂ ਨੂੰ ਉਪਰੋਕਤ ਘਟਨਾ ਲਈ ਜੁੰਮੇਵਾਰ ਠਹਿਰਾਇਆ ਗਿਆ। ਇਹਨਾਂ ਨੂੰ ਗ੍ਰਿਫਤਾਰ ਕਰਨ ਲਈ ਲਗਭਗ 100 ਪੁਲਿਸ ਅਫਸਰ ਤੇ ਸਿਪਾਹੀਆਂ ਨੇ 16 ਮਾਰਚ 1949 ਨੂੰ ਸਵੇਰੇ ਹੀ ਪਿੰਡ ਨੂੰ ਘੇਰ ਲਿਆ। ਹਥਿਆਰਬੰਦ ਵਲੰਟੀਅਰਾਂ ਨਾਲ ਟੱਕਰ ਵਿਚ ਪੁਲਿਸ ਹੇਠਲੇ ਕਈ ਘੋੜੇ ਜਖਮੀ ਹੋ ਗਏ। ਇਕ ਜਖਮੀ ਘੋੜੇ ਤੋਂ ਪੁਲਿਸ ਅਫਸਰ ਡਿੱਗ ਕੇ ਮਰ ਗਿਆ। ਪੁਲਿਸ ਘਬਰਾ ਗਈ ਤੇ ਮੁੜਦੇ ਪੈਰੀਂ ਨੱਠ ਗਈ।
ਪਤਾ ਲਗਦੇ ਹੀ ਛੱਜੂ ਮੱਲ ਵੈਦ (ਲੇਖਕ) ਕਿਸ਼ਨਗੜ੍ਹ ਨਾਲ ਲਗਦੇ ਪਿੰਡ ਗੋਬਿੰਦਗੜ੍ਹ ਗਿਆ ਤੇ ਉਥੋਂ ਕਿਸ਼ਨਗੜ੍ਹ ਕਾਮਰੇਡ ਫੱਕਰ ਨੂੰ ਸੁਨੇਹਾ ਭੇਜਿਆ ਕਿ ਉਹ ਗੋਬਿੰਦਗੜ੍ਹ ਆ ਕੇ ਮਿਲੇ, ਵਾਪਰੀ ਘਟਨਾ ਬਾਰੇ ਰਿਪੋਰਟ ਕਰੇ ਤੇ ਆਉਂਦੇ ਕੰਮਾਂ ਸਬੰਧੀ ਵਿਚਾਰ ਵਟਾਂਦਰਾ ਕਰੇ। ਉੱਤਰ ਵਿਚ ਕਾਮਰੇਡ ਫੱਕਰ ਵੱਲੋਂ ਰੁੱਕਾ ਮਿਲਿਆ ਕਿ ਪਿੰਡ ਵਿਚ ਭਾਰੀ ਗਿਣਤੀ ਵਿਚ ਪੁਲਿਸ ਆਉਣ ਦੀ ਸੰਭਾਵਨਾ ਹੈ। ਇਹਨਾਂ ਹਾਲਤਾਂ ਵਿਚ ਸਾਡਾ ਇਮਤਿਹਾਨ ਦਾ ਸਮਾਂ ਹੈ ਕਿ ਅਸੀਂ ਲੜਾਕੂ ਮੁਜਾਰਿਆਂ ਦਾ ਸਾਥ ਕਿੱਥੋਂ ਤੱਕ ਦਿੰਦੇ ਹਾਂ। ਸੋ ਇਹਨਾਂ ਹਾਲਤਾਂ ਵਿਚ ਮੁਜਾਰਿਆਂ ਨੂੰ ਛੱਡ ਕੇ ਪਿੰਡ ਤੋਂ ਜਾਣਾ ਠੀਕ ਨਹੀਂ। ਪਿੰਡ ਛੱਡਣ ਨਾਲ ਸਾਡੀ ਸਾਰੀ ਪਿਛਲੀ ਕੀਤੀ ਕਮਾਈ ਬੇਅਰਥ ਜਾਏਗੀ। ਸਾਡੇ ਉੱਪਰੋਂ ਲੋਕਾਂ/ਮੁਜਾਰਿਆਂ ਦਾ ਵਿਸ਼ਵਾਸ਼ ਉਠ ਜਾਏਗਾ।
ਸੋ ਧਰਮ ਸਿੰਘ ਫੱਕਰ, ਰਾਮ ਸਿੰਘ ਬਾਗੀ ਤੇ ਮਹਿੰਦਰ ਸਿੰਘ ਹਥਿਆਰਬੰਦ ਦਸਤਿਆਂ ਦੇ ਲੀਡਰ ਪਿੰਡ ਕਿਸ਼ਨਗੜ੍ਹ ਵਿੱਚ ਹੀ ਰਹੇ।
18 ਮਾਰਚ ਸਵੇਰੇ ਹੀ ਫੌਜੀ ਟੈਂਕ, ਹਥਿਆਰਬੰਦ ਕਾਰਾਂ ਗਰਜੀਆਂ ਤੇ ਪਿੰਡ ਨੂੰ ਘੇਰਾ ਪਾ ਲਿਆ। ਲਗਭਗ 400 ਫੌਜੀ ਸਨ, 11 ਟੈਂਕ, 5 ਹਥਿਆਰਬੰਦ ਕਾਰਾਂ ਤੇ ਕਈ ਟਰੱਕ, ਸੌ ਦੇ ਕਰੀਬ ਪੁਲਿਸ ਸਟਾਫ ਸੀ ਜਿਹਨਾਂ ਬੇਦੋਸ਼ੇ, ਮਾਸੂਮ, ਬੇ-ਹਥਿਆਰੇ ਪਿੰਡ ਵਾਸੀਆਂ ਨੂੰ ਆ ਘੇਰਿਆ। ਫੌਜ ਵੱਲੋਂ ਐਲਾਨ ਕੀਤਾ ਗਿਆ ਕਿ ਪਿੰਡ ਉਨ੍ਹਾਂ ਦੇ ਕਬਜੇ ਵਿਚ ਹੈ, ਮਾਰਸ਼ਲ ਕਾਨੂੰਨ ਲਾਗੂ ਹੈ।
ਫੌਜੀ ਘੇਰੇ ਨੂੰ ਦੇਖ ਕੇ ਪਿੰਡ ਦੀ ਵਸੋਂ ਕਿਸਾਨ ਮੁਜਾਰੇ ਗੁੱਸੇ ਵਿਚ ਸਨ ਪਰ ਸਭ ਸਹਿਣ ਲਈ ਮਜਬੂਰ ਤੇ ਤਿਆਰ ਹੋ ਕੇ ਕੋਠਿਆਂ ਉੱਪਰ ਚੜ੍ਹ ਕੇ ਛੱਤਾਂ ਉੱਪਰੋਂ ਨਾਅਰੇ ਲਗਾ ਰਹੇ ਸਨ ਜਦੋਂ ਫੌਜ ਵੱਲੋਂ ਹੁਕਮ ਹੋਇਆ ਕਿ ਸਾਰੇ ਬਿਸਵੇਦਾਰ ਦੀ ਹਵੇਲੀ ਵਿਚ ਇਕੱਠੇ ਹੋ ਜਾਣ। ਲਾਊਡ ਸਪੀਕਰ ਤੋਂ ਐਲਾਨ ਸੁਣ ਕੇ ਸਾਰੇ ਲੋਕ ਮਿਥੀ ਥਾਂ ਉੱਪਰ ਇਕੱਠੇ ਹੋ ਗਏ। ਪੜਤਾਲ ਲਈ ਪੁਲਿਸ ਗਲੀਆਂ-ਘਰਾਂ ਵਿਚ ਗਈ। ਕਾਮਰੇਡ ਰਾਮ ਸਿੰਘ ਬਾਗੀ ਦੋ ਹੋਰ ਸਾਥੀਆਂ ਸਮੇਤ ਇਕ ਘਰ ਵਿਚ ਸੀ, ਬਾਹਰ ਨਹੀਂ ਸੀ ਆਇਆ। ਪੁਲਿਸ ਨੇ ਦੇਖਦੇ ਹੀ ਗੋਲੀ ਚਲਾ ਕੇ ਉਸ ਨੂੰ ਕਤਲ ਕਰ ਦਿੱਤਾ। ਖਾਲੀ ਘਰਾਂ ਵਿੱਚੋਂ ਹਜਾਰਾਂ ਦੀ ਜਾਇਦਾਦ ਲੁੱਟੀ ਗਈ।
ਫੌਜ ਨੇ ਸਭ ਨੂੰ ਇਕ ਕਤਾਰ ਵਿਚ ਖੜ੍ਹਾ ਕਰਕੇ ਉਹਨਾਂ ਦੀ ਨਾਂ-ਸੂਚੀ ਤਿਆਰ ਕਰਨੀ ਅਰੰਭ ਕਰ ਦਿੱਤੀ। ਜਦੋਂ ਕਾਮਰੇਡ ਧਰਮ ਸਿੰਘ ਨੇ ਆਪਣਾ ਨਾਂ ਦਿੱਤਾ ਤਾਂ ਲਿਖਣ ਵਾਲੇ ਨਾਲ ਡਿਪਟੀ ਕਮਿਸ਼ਨਰ ਸੀ ਜਿਸ ਨੇ ਕਿਹਾ ਕਿ ਇਸ ਨੂੰ ਗੋਲੀ ਚਲਾ ਕੇ ਮਾਰ ਦਿਓ। ਫੌਜੀ ਕਮਾਂਡਰ ਨੇ ਦਖਲ ਦਿੰਦਿਆਂ ਕਿਹਾ, ''ਜੇ ਤੁਸੀਂ ਫੱਕਰ ਤੋਂ ਇਤਨੇ ਔਖੇ ਹੋ , ਉਸ ਨੂੰ ਮਾਰ ਮੁਕਾਉਣਾ ਚਾਹੁੰਦੇ ਹੋ ਤਾਂ ਤੁਸੀਂ ਫੱਕਰ ਦੇ 10 ਸਾਲ ਦੇ ਗੁਪਤ ਜੀਵਨ ਵਿਚ ਕਿੱਥੇ ਰਹੇ, ਉਸ ਨੂੰ ਕਿਉਂ ਨਾ ਪਛਾਣ ਸਕੇ ਤੇ ਮਾਰ ਸਕੇ।'' ਘਰਾਂ ਦੀਆਂ ਤਲਾਸ਼ੀਆਂ ਵਿਚ ਵੀ ਕੁੱਝ ਨਹੀਂ ਮਿਲਿਆ। ਅਖਬਾਰ ਦੇ ਪ੍ਰਤੀਨਿਧੀਆਂ-ਸਮਾਚਾਰ ਪੱਤਰਾਂ ਦੇ ਲਿਖਾਰੀਆਂ ਤੱਕ ਨੂੰ ਪਿੰਡ ਵਿਚ ਵੜਨ ਦੀ ਆਗਿਆ ਨਹੀਂ ਸੀ। ਧਰਮ ਸਿੰਘ ਸਮੇਤ 85 ਕਿਸਾਨ ਮੁਜਾਰੇ ਗ੍ਰਿਫਤਾਰ ਕਰਕੇ ਫਰੀਦਕੋਟ ਜੇਲ੍ਹ ਵਿਚ ਲੈ ਜਾਏ ਗਏ ਅਤੇ ਦਫਾ 302/395/365/307/142/ 149/ 120/19 ਮਾਤਹਿਤ ਮੁਕੱਦਮੇ ਚਲਾਏ ਗਏ। ਮੇਜਰ ਗੁਰਦਿਆਲ ਸਿੰਘ ਫੌਜ ਦੀ ਕਮਾਂਡ ਕਰ ਰਿਹਾ ਸੀ।
ਕਾਮਰੇਡ ਜਗੀਰ ਸਿੰਘ ਜੋਗਾ ਦੀ ਪ੍ਰਧਾਨਗੀ ਵਿੱਚ ਕੇਸ ਲੜਨ ਲਈ ”ਡਿਫੈਂਸ ਕਮੇਟੀ” ਬਣਾਈ ਗਈ। ਮਾਨਸਾ ਦੇ ਲਾਲਾ ਦੇਸ ਰਾਜ ਪ੍ਰਸਿੱਧ ਵਕੀਲ ਤੇ ਹਰਮਨ ਪਿਆਰੇ ਪਰਜਾ ਮੰਡਲ ਨੇਤਾ ਨੇ ਕੋਈ ਫੀਸ ਖਰਚਾ ਲਏ ਬਿਨਾਂ ਇਹ ਮੁਕੱਦਮਾ ਲੜਿਆ। ਸਤੰਬਰ 1950 ਵਿਚ ਸਾਰੇ ਮੁਲਜ਼ਮ ਰਿਹਾਅ ਹੋ ਗਏ।
ਬਟਾਈ ਵਿਰੋਧੀ, ਜ਼ਮੀਨ ਉੱਪਰ ਮਾਲਕੀ ਹੱਕਾਂ ਲਈ ਮਾਰਚ ਸ਼ਾਹੀ ਫਰਮਾਨ ਵਿਰੁੱਧ ਤੇ ਕੱਚੇ ਮੁਜਾਰਿਆਂ ਦੀ ਲੁੱਟ ਲਈ ਚੱਲ ਰਹੀਆਂ ਰਸਮਾਂ-ਰਿਵਾਜਾਂ ਵਿਰੁੱਧ ਮੁਜਾਰਿਆਂ ਦੀ ਲੜੀ ਦਿਨੋਂ-ਦਿਨ ਜ਼ੋਰ ਫੜਦੀ ਗਈ। ”ਕਿਸਾਨ ਸਭਾ ਦੇ ਹਰ ਸੌ ਮੈਂਬਰਾਂ ਵਿਚੋਂ 10 ਸਵੈਮ ਸੇਵਕ ਤੇ ਇਹਨਾਂ ਵਿਚੋਂ ਘੱਟੋ-ਘੱਟ ਇੱਕ ਹਥਿਆਰਬੰਦ” ਕਿਸਾਨ ਸਭਾ ਵੱਲੋਂ ਇਹ ਅਸੂਲ ਅਪਣਆਇਆ ਪ੍ਰਚਾਰਿਆ ਗਿਆ। ਸਿੱਟੇ ਵਜੋਂ ਸਾਰੇ ਮੁਜਾਰਾ ਪਿੰਡਾਂ ਵਿਚ ਵਲੰਟੀਅਰ ਕੋਰਾਂ ਤੇ ਹਥਿਆਰਬੰਦ ਜਥੇ ਹੋਂਦ ਵਿਚ ਆ ਗਏ ਜੋ ਬਿਸਵੇਦਾਰਾਂ ਦੇ ਗੁੰਡਿਆਂ ਤੇ ਪੁਲਿਸ ਦਾ ਪਿੰਡ-ਪਿੰਡ ਮੁਕਾਬਲਾ ਕਰਦੇ , ਲੋੜ ਸਮੇਂ ਇੱਕ ਦੂਜੇ ਪਿੰਡ ਜਾ ਕੇ ਮੁਜਾਰਿਆਂ ਦੀ ਸਹਾਇਤਾ ਕਰਦੇ। ਨਵੇਂ ਪਿੰਡ, ਨਵੇਂ ਮੁਜਾਰੇ ਘੋਲ ਵਿਚ ਸ਼ਾਮਲ ਹੁੰਦੇ ਗਏ। ਲਹਿਰ ਵਿਸ਼ਾਲ ਹੁੰਦੀ ਗਈ। ਕਾਮਰੇਡ ਅਜਮੇਰ ਸਿੰਘ ਇਸ ਕੰਮ ਦੇ ਇੰਜਾਰਜ ਸਨ। ਪੁਲਿਸ, ਫੌਜ ਵਿਚ ਮੁਜਾਰੇ ਕਿਸਾਨ ਘਰਾਣਿਆਂ ਦੇ ਨੌਜਵਾਨ ਸੀ ਜੋ ਛੁੱਟੀ ਉੱਪਰ ਆਉਂਦੇ ਤੇ ਪਿੰਡ ਵਿਚ ਕਿਸਾਨ ਮੁਜਾਰੇ ਘੋਲ ਦੀਆਂ ਕਹਾਣੀਆਂ ਤੋਂ ਪ੍ਰਭਾਵਤ ਸਨ। ਪੁਲਿਸ ਵਿਚ ਆਪਣੇ ਮੈਂਬਰ ਤੇ ਹਮਦਰਦ ਪੁਲਿਸ ਛਾਪਿਆਂ ਬਾਰੇ ਸਮੇਂ ਤੋਂ ਪਹਿਲਾਂ ਪਿੰਡ ਪਹੁੰਚ ਕੇ ਸਾਰਾ ਭੇਦ ਦੇ ਜਾਂਦੇ। ਫੌਜੀ ਸਾਥੀ ਨਕਸ਼ੇ ਤੇ ਅਸਲਾ ਆਦਿ ਦਿੰਦੇ ਰਹੇ। ਮਾਲਕ ਕਿਸਾਨੀ ਪਿੰਡਾਂ ਵਿੱਚੋਂ ਫੰਡ ਰਾਸ਼ਨ ਆਦਿ ਇਕੱਠਾ ਹੁੰਦਾ ਸੀ। ਇਹ ਨਾਅਰਾ ਆਮ ਪ੍ਰਚੱਲਤ ਸੀ-
”ਲੜਾਈ ਲਈ ਦਿਓ ਭਾਸ਼ਨ-
ਮੁਜਾਰਿਆਂ ਦੀ ਫੌਜ ਮਾਲਕਾਂ ਦਾ ਰਾਸ਼ਨ”
ਇਸ ਪ੍ਰਕਾਰ ਇਕ ਵਿਸ਼ਾਲ ਜਥੇਬੰਦੀ ਹੋਂਦ ਵਿਚ ਆਈ ਜੋ ਲਹਿਰ ਦੇ ਹਰ ਪੱਖ ਵੱਲ ਧਿਆਨ ਦਿੰਦੀ ਤੇ ਲਹਿਰ ਦੀਆਂ ਲੋੜਾਂ ਲਈ ਸਾਧਨ ਸੋਮੇ ਇਕੱਠੇ ਕਰਦੀ ਸੀ-ਫੰਡ ਇਕੱਠਾ ਕਰਨਾ, ਹਥਿਆਰ ਲੱਭਣੇ, ਖੋਹਣੇ, ਖਰੀਦਣੇ, ਕਿਸਾਨ ਸਭਾ ਦੀ ਮੈਂਬਰ ਭਰਤੀ, ਵਲੰਟੀਅਰ ਚੁਣਨੇ, ਉਹਨਾਂ ਦੀ ਸਿਖਲਾਈ ਤੇ ਹਥਿਆਰਬੰਦੀ, ਪਹਿਲ-ਕਦਮੀ, ਹੱਲਾ- ਬੋਲਣਾ, ਬਿਸਵੇਦਾਰ ਦੇ ਗੁੰਡਿਆਂ ਤੇ ਪੁਲਿਸ ਵਿਰੁੱਧ ਖੜ੍ਹਨਾ ਲੜਨਾ। ਕਿਸ਼ਨਗੜ੍ਹ ਦੀ ਘਟਨਾ ਇਸ ਦਾ ਸਿਖਰ ਸੀ ਜਿਸ ਵਿਚ ਮੁਜਾਰਿਆਂ ਦੀ ਏਕਤਾ, ਟਾਕਰੇ ਵਿਚ ਪੂਰੀ ਸਾਂਝ, ਅਤੇ ਮਾਲਕ ਕਿਸਾਨਾਂ ਵੱਲੋਂ ਪੂਰਾ ਪੂਰਾ ਸਹਿਯੋਗ ਤੇ ਸਹਾਇਤਾ। ਮੁਜਾਰਿਆਂ ਦੀ ਜਥੇਬੰਦ ਸ਼ਕਤੀ, ਜਾਬਤੇ ਦੀ ਪਾਬੰਦੀ ਤੇ ਆਪਣੀਆਂ ਠੀਕ ਜਾਇਜ਼ ਮੰਗਾਂ ਲਈ ਲੜਾਈ ਵਿਚ ਦ੍ਰਿੜ ਇਰਾਦੇ ਤੇ ਸਿਰੜੀ ਘੋਲ ਦਾ ਪ੍ਰਗਟਾਅ ਹੋਇਆ। ਬਿਸਵੇਦਾਰਾਂ ਵੱਲੋਂ ਗੁੰਡਿਆਂ ਦੀ ਵਰਤੋਂ ਤੇ ਸ਼ਾਹੀ ਢਾਂਚੇ ਵਿਚ ਮਹਿਕਮਾ ਮਾਲ ਤੇ ਪੁਲਿਸ ਨਾਲ ਸਾਜ਼-ਬਾਜ਼ ਬੁਰੀ ਤਰ੍ਹਾਂ ਫੇਲ੍ਹ ਹੋ ਗਏ। ਸਿਆਸਤ ਸਿੰਘ ਬਿਸਵੇਦਾਰ ਤੇ ਪੁਲਿਸ ਅਫਸਰ ਦੀ ਨਾਕਾਮੀ ਇਸ ਹਾਰ ਦਾ ਸਿਖਰ ਸੀ। ਸ਼ਾਹੀ ਢਾਂਚੇ, ਮਾਲ ਮਹਿਕਮਾ ਤੇ ਪੁਲਿਸ ਸ਼ਾਹੀ ਫਰਮਾਨ ਮਾਰਚ 47 ਲਾਗੂ ਕਰਨ ਵਿਚ ਬੁਰੀ ਤਰ੍ਹਾਂ ਫੇਲ੍ਹ ਹੋਏ। ਉਹਨਾਂ ਦਾ ਜੁਲਮ ਤਸ਼ੱਦਦ ਮੁਜਾਰਿਆਂ ਨੂੰ ”ਏਕਤਾ ਤੇ ਘੋਲ਼” ਦੇ ਪੈਂਤੜੇ ਤੋਂ ਨਹੀਂ ਖਦੇੜ ਸਕੇ। ਤਾਜੀਰਾਤੇ ਹਿੰਦ ਦਾ ਕਰਿਮੀਨਲ ਪੀਨਲ ਕੋਡ ”ਮੁਲਜ਼ਮ ਨੂੰ ਸਜਾ ਲਈ ਰਸਤਾ” ਦੀਆਂ ਸਾਰੀਆਂ ਦਫਾ ਬੁਰੀ ਤਰ੍ਹਾਂ ਫੇਲ੍ਹ ਹੋਈਆਂ। ਪ੍ਰਬੰਧਕੀ ਢਾਂਚੇ ਦੇ ਹੌਂਸਲੇ ਬੁਰੀ ਤਰ੍ਹਾਂ ਟੁੱਟ ਗਏ। ਰਾੜੇ ਵਾਲਾ ਤੇ ਪਰਜਾ ਮੰਡਲ ਵੱਲੋਂ ਜੈਲ ਸਿੰਘ ਗੁੱਟ ਦੀ ਸਾਂਝੀ ਵਜਾਰਤ ਨੂੰ ਸ਼ਰਮਨਾਕ ਨਾਕਾਮੀ ਦਾ ਮੂੰਹ ਦੇਖਣਾ ਪਿਆ।
(ਛੱਜੂ ਮੱਲ ਵੈਦ ਦੀ ਪੁਸਤਕ ਪੈਪਸੂ ਮੁਜਾਰਾ ਘੋਲ ਚੋਂ)
No comments:
Post a Comment