Thursday, March 20, 2025

ਸਾਮਰਾਜ ਤੇ ਭਾਰਤੀ ਹਾਕਮ ਜਮਾਤਾਂ

 ਸਾਮਰਾਜ ਤੇ ਭਾਰਤੀ ਹਾਕਮ ਜਮਾਤਾਂ
ਮੁੜ-ਮੁੜ ਨਸ਼ਰ ਹੁੰਦੀ ਨਵ-ਬਸਤੀਵਾਦੀ ਅਧੀਨ ਹੈਸੀਅਤ



ਪਿਛਲੇ ਦੋ ਕੁ ਸਾਲਾਂ ਤੋਂ ਮੋਦੀ ਸਰਕਾਰ ਵੱਲੋਂ ਸਾਮਰਾਜੀ ਮੁਲਕਾਂ ਨਾਲ ਆਪਣੇ ਰਿਸ਼ਤੇ ਦੇ ਪ੍ਰਗਟਾਵੇ ਪੱਖੋਂ ਕਈ ਤਰ੍ਹਾਂ ਦੀਆਂ ਕਲਾਬਾਜ਼ੀਆਂ ਲਾਈਆਂ ਜਾ ਰਹੀਆਂ ਹਨ। ਪਹਿਲਾਂ ਨਿੱਝਰ ਹੱਤਿਆ ਮਾਮਲੇ 'ਚ ਕਨੇਡਾ ਮੂਹਰੇ ਧੌਣ ਅਕੜਾਉਣ ਦਾ ਪ੍ਰਭਾਵ ਦੇਣ ਤੇ ਫਿਰ ਗੁਰਪਤਵੰਤ ਪੰਨੂ ਦੀ ਹੱਤਿਆ ਦੀ ਕੋਸ਼ਿਸ਼ ਦੇ ਮੁੱਦੇ 'ਤੇ ਅਮਰੀਕਾ ਮੂਹਰੇ ਜਿਰਾਹ ਕਰਨ ਦਾ ਪ੍ਰਭਾਵ ਦੇਣ ਰਾਹੀਂ ਮੋਦੀ ਹਕੂਮਤ ਆਪਣੇ ਉਸਾਰੇ ਜੇ ਰਹੇ ਵਿਸ਼ਵ ਗੁਰੂ ਦੇ ਅਕਸ ਨੂੰ ਹੋਰ ਲਿਸ਼ਕਾਉਣ ਦੀ ਕਵਾਇਦ 'ਚ ਦਿਖਾਈ ਦਿੱਤੀ ਸੀ। ਇਹ ਕਲਾਬਾਜ਼ੀਆਂ ਕੁੱਝ ਹਲਕਿਆਂ ਨੂੰ ਅਜਿਹਾ ਭੁਲੇਖਾ ਪਾ ਰਹੀਆਂ ਸਨ ਜਿਵੇ ਭਾਰਤੀ ਹਾਕਮ ਨਵ-ਬਸਤੀਵਾਦੀ ਦੌਰ ਦੇ ਅਧੀਨ ਹਾਕਮ ਨਾ ਹੋ ਕੇ ਸਾਮਰਾਜੀਆਂ ਮੂਹਰੇ ਇਕ ਸਵੈ-ਨਿਰਭਰ ਤੇ ਆਜ਼ਾਦ ਮੁਲਕ ਦੇ ਹਾਕਮਾਂ ਵਜੋਂ ਪੇਸ਼ ਆ ਰਹੇ ਹਨ ਜਿਵੇਂ ਆਪਣੀ ਆਜ਼ਾਦਾਨਾ ਵਿਦੇਸ਼ ਨੀਤੀ `ਤੇ ਚੱਲ ਰਹੇ ਹਨ ਤੇ ਆਪਣੀਆਂ ਲੋੜਾਂ ਅਨੁਸਾਰ ਫੈਸਲੇ ਲੈ ਰਹੇ ਹਨ। ਟਰੰਪ ਨੇ ਸੱਤਾ ਤੇ ਆਉਂਦਿਆਂ ਹੀ ਭਾਰਤੀ ਹਾਕਮਾਂ ਦੀ ਇਸ ਅਖੌਤੀ ਪ੍ਰਭੂਸੱਤਾ ਸੰਪੰਨ ਹੋਣ ਦੇ ਦਿਖਾਵੇ ਦੀ ਫੂਕ ਕੱਢ ਦਿੱਤੀ ਹੈ। ਆਪੂੰ ਭਰੇ ਇਸ ਗੁਬਾਰੇ ਦਾ ਵਾਲਵ ਢਿੱਲਾ ਤਾਂ ਪਹਿਲਾਂ ਬਾਇਡਨ ਹਕੂਮਤ ਨੇ ਹੀ ਕਰ ਦਿੱਤਾ ਸੀ ਤੇ ਮਗਰੋਂ ਟਰੰਪ ਨੇ ਆ ਕੇ ਆਪਣੇ ਅੰਦਾਜ਼ 'ਚ ਮੋਦੀ ਹਕੂਮਤ ਨੂੰ ਉਸ ਦੀ ਨਵ-ਬਸਤੀਆਨਾ ਅਧੀਨ ਹੈਸੀਅਤ ਦਾ ਸ਼ੀਸ਼ਾ ਦਿਖਾ ਦਿੱਤਾ ਹੈ। 

ਪਿਛਲੇ ਕੁੱਝ ਅਰਸੇ ਤੋਂ ਮੋਦੀ ਸਰਕਾਰ ਵੱਲੋਂ ਇਹ ਪੇਸ਼ਕਾਰੀ ਕੀਤੀ ਜਾ ਰਹੀ ਸੀ ਕਿ ਭਾਰਤ ਹੁਣ ਸੰਸਾਰ ਦੇ ਦ੍ਰਿਸ਼ 'ਤੇ ਉੱਭਰ ਆਇਆ ਹੈ, ਕਿ ਦੁਨੀਆਂ ਉਸ ਨੂੰ ਸੁਣਦੀ ਹੈ ਤੇ ਭਾਰਤ ਹੁਣ ਸੰਸਾਰ ਘਟਨਾਵਾਂ 'ਚ ਦਖ਼ਲ ਦੇ ਰਿਹਾ ਹੈ। ਮੋਦੀ ਵੱਲੋਂ ਰੂਸ-ਯੂਕਰੇਨ ਜੰਗ 'ਚ ਸੰਧੀ ਕਰਾਉਣ ਦੀਆਂ ਗੱਲਾਂ ਵੀ ਛੱਡੀਆਂ ਗਈਆਂ ਸਨ। ਜੀ-20 ਦੀ ਪ੍ਰਧਾਨਗੀ ਤੇ ਮੇਜ਼ਬਾਨੀ ਕਰਨ, ਬਰਿਕਸ ਕਾਨਫਰੰਸ 'ਚ ਸ਼ਮੂਲੀਅਤ ਵਰਗੀਆਂ ਕਾਰਵਾਈਆਂ ਰਾਹੀਂ ਮੋਦੀ ਨੂੰ ਭਾਰਤ ਦੇ ਕੌਮੀ ਹਿਤਾਂ ਦਾ ਝੰਡਾ ਬਰਦਾਰ ਬਣਾ ਕੇ ਪੇਸ਼ ਕੀਤਾ ਗਿਆ ਸੀ। ਇਹਨਾਂ ਨਾਟਕੀ ਪੇਸ਼ਕਾਰੀਆਂ ਨੂੰ ਭਾਰਤ ਦੀ ਪੁਰਾਤਨ ਸ਼ਾਨ ਬਹਾਲ ਕਰਨ ਦੇ ਮਹਾਨ ਮਿਸ਼ਨ ਵਜੋਂ ਪੇਸ਼ ਕੀਤਾ ਗਿਆ। ਹਾਲਾਂਕਿ ਇਹ ਸਭ ਪੇਸ਼ਕਾਰੀਆਂ ਵਿਉਂਤਬੱਧ ਤਰੀਕੇ ਨਾਲ ਕੀਤੀਆਂ ਮੈਨੇਜਮੈਂਟਾਂ ਸਨ ਜਿਨ੍ਹਾਂ ਨੂੰ ਮੋਦੀ ਸਰਕਾਰ ਦੇ ਮੀਡੀਆ ਨੇ ਧੁਮਾਇਆ ਸੀ, ਜਦ ਕਿ ਹਕੀਕਤ ਇਸ ਤੋਂ ਉਲਟ ਸੀ। ਸੰਸਾਰ ਘਟਨਾਵਾਂ 'ਚ ਭਾਰਤ ਦੀ ਕੋਈ ਸੱਦ-ਪੁੱਛ ਨਹੀਂ ਸੀ। ਇਜ਼ਰਾਈਲੀ ਹਮਾਇਤ ਕਾਰਨ ਇਸ ਨੇ ਕੌਮਾਂਤਰੀ ਪੱਧਰ 'ਤੇ ਨਿਖੇੜੇ ਦਾ ਹੀ ਸਾਹਮਣਾ ਕੀਤਾ ਹੈ ਤੇ ਇੱਥੋ ਤੱਕ ਕਿ ਆਂਢ-ਗੁਆਂਢ  ਦੇ ਮੁਲਕਾਂ 'ਚ ਵੀ ਭਾਰਤੀ ਹਾਕਮ ਜਮਾਤਾਂ ਦੀ ਪਹਿਲਾਂ ਨਾਲੋਂ ਪਕੜ ਢਿੱਲੀ ਪਈ ਸੀ। ਸ੍ਰੀਲੰਕਾ ਤੇ ਬੰਗਲਾਦੇਸ਼ ਵਰਗੇ ਮੁਲਕਾਂ `ਚ ਭਾਰਤੀ ਹਾਕਮਾਂ ਵਿਰੋਧੀ ਮਾਹੌਲ ਹੈ।

ਵਿਸ਼ਵ ਗੁਰੂ ਵੱਲੋਂ ਧਾਂਕ ਜਮਾਉਣ ਦੇ ਮੋਦੀ-ਨੁਮਾ ਪ੍ਰੋਜੈਕਟ ਦੇ ਅੰਗ ਵਜੋਂ ਮੁਲਕ ਅੰਦਰ ਸ਼ਾਵਨਵਾਦੀ ਮਾਹੌਲ ਉਸਾਰਨ ਤੇ 56 ਇੰਚ ਸੀਨੇ ਵਾਲੇ ਅਕਸ ਨੂੰ ਉਭਾਰਨ ਦੀਆਂ ਲੋੜਾਂ ਵਜੋਂ ਇਸ ਨੇ ਖਾਲਸਤਾਨੀ ਸਮਰਥਕਾਂ ਦੀਆਂ ਬਾਹਰਲੇ ਮੁਲਕਾਂ 'ਚ ਹੱਤਿਆਵਾਂ ਨੂੰ ਆਪਣੇ ਨਕਸ਼ੇ ਦੀ ਪੇਸ਼ਕਾਰੀ ਲਈ ਵਰਤਿਆ। ਪਾਕਿਸਤਾਨ ਖਿਲਾਫ਼ `ਘਰ `ਚ ਘੁਸ ਕੇ ਮਾਰਨ' ਦੇ ਚੱਕਵੇਂ ਪੈਂਤੜੇ ਦਾ ਪ੍ਰਭਾਵ ਕੈਨੇਡਾ ਰਾਹੀਂ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਅਰਸੇ ਦੌਰਾਨ ਹੀ ਪਹਿਲਾਂ ਨਿੱਝਰ ਕਤਲ ਮਾਮਲੇ 'ਚ ਕਨੇਡਾ ਸਰਕਾਰ ਨਾਲ ਸਿੰਗ ਫਸਾਉਣ ਦਾ ਪ੍ਰਭਾਵ ਦਿੱਤਾ ਗਿਆ ਤੇ ਮਗਰੋਂ ਗੁਰਪਤਵੰਤ ਪੰਨੂ ਕੇਸ 'ਚ ਅਮਰੀਕਾ ਮੂਹਰੇ ਅੜਨ ਦੀ ਪੇਸ਼ਕਾਰੀ ਕਰਨ ਦੀ ਕੋਸ਼ਿਸ਼ ਹੋਈ। ਹਾਲਾਂਕਿ ਅਮਰੀਕੀ ਸਾਮਰਜੀਆਂ ਨੇ ਹੀ ਕਨੇਡਾ ਹਕੂਮਤ ਨੂੰ ਸਬੂਤ ਮੁਹੱਈਆ ਕਰਵਾਏ ਸਨ ਤੇ ਭਾਰਤੀ ਹਕੂਮਤ ਨੂੰ ਸਖ਼ਤ ਤੇਵਰ ਦਿਖਾਏ ਸਨ। ਇਹੀ ਅਰਸਾ ਸੀ ਜਦੋਂ ਭਾਰਤ ਨੇ ਅਮਰੀਕੀ ਪਾਬੰਦੀਆਂ ਦੇ ਬਾਵਜੂਦ ਰੂਸ ਤੋਂ ਤੇਲ ਖਰੀਦਿਆ, ਮਿਜਾਈਲਾਂ ਖਰੀਦਣ ਦੇ ਸੌਦੇ ਕੀਤੇ। ਨਾਟੋ ਦੇ ਸੰਮੇਲਨ ਦੇ ਬਰਾਬਰ `ਤੇ ਮੋਦੀ ਪੂਤਿਨ ਨੂੰ ਮਿਲਿਆ ਤੇ ਬਰਿਕਸ ਦੇ ਸਮਾਗਮ 'ਚ ਹਿੱਸਾ ਲਿਆ। ਇਹਨਾਂ ਘਟਨਾਵਾਂ ਰਾਹੀਂ ਮੋਦੀ ਸਰਕਾਰ ਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹ ਭਾਰਤੀ ਕੌਮੀ ਹਿੱਤਾਂ ਅਨੁਸਾਰ ਆਪਣਾ ਰੁਖ ਤੈਅ ਕਰ ਰਹੀ ਹੈ, ਸਾਮਰਾਜੀ ਦਬਾਅ ਮੂਹਰੇ ਝੁਕਣ ਤੋਂ ਇਨਕਾਰੀ ਹੈ। ਇਸ ਨਾਲ ਕੁੱਝ ਹਲਕਿਆਂ'ਚ ਤਾਂ ਇਹ ਪ੍ਰਭਾਵ ਵੀ ਬਣਿਆ ਕਿ ਮੋਦੀ ਹਕੂਮਤ ਨੇ ਜਿਵੇਂ ਸਾਮਰਾਜੀ ਧੜੇਬੰਦੀ `ਚ ਹੁਣ ਪਾਲਾ ਬਦਲ ਲਿਆ ਹੈ ਤੇ ਉਹ ਰੂਸ ਵੱਲ ਝੁਕ ਗਈ ਹੈ। 

ਹੁਣ ਟਰੰਪ ਨੇ ਆਉਂਦਿਆਂ ਹੀ ਮੋਦੀ ਦੇ ਇਸ ਨਕਸ਼ੇ ਦੀ ਫੂਕ ਕਢਦਿਆਂ, ਅਮਰੀਕਾ ਸੱਦ ਕੇ ਉਸ ਦੀ ਹੈਸੀਅਤ ਦੀ ਯਾਦ ਦਿਵਾਈ ਹੈ। ਉਸ ਨੂੰ ਕੋਲ ਖੜ੍ਹਾ ਕੇ ਭਾਰਤੀ ਵਸਤਾਂ 'ਤੇ ਟੈਕਸ ਲਾਉਣ ਤੇ ਅਮਰੀਕੀ ਵਸਤਾਂ 'ਤੋਂ ਟੈਕਸ ਘਟਾਉਣ ਦੇ ਫੁਰਮਾਨ ਸੁਣਾਏ ਹਨ। ਅਮਰੀਕੀ ਜੰਗੀ ਜਹਾਜ਼ ਖਰੀਦਣ ਲਈ ਸੌਦਾ ਕਰਨ ਵਾਸਤੇ ਮਜ਼ਬੂਰ ਕੀਤਾ ਹੈ। ਉਸ ਨੇ ਆਪਣੇ ਸਮੁੱਚੇ ਵਿਹਾਰ ਰਾਹੀਂ ਮੋਦੀ ਦੀ ਅਧੀਨਗੀ ਵਾਲੀ ਸਥਿੱਤੀ ਦਰਸਾਈ ਹੈ। ਇਉਂ ਹੀ ਭਾਰਤੀਆਂ ਨੂੰ ਡਿਪੋਰਟ ਕਰਨ ਦੇ ਮਾਮਲੇ 'ਚ ਵਾਪਰਿਆ ਹੈ ਜਿੱਥੇ ਟਰੰਪ ਦੀ ਚੱਕਵੀਂ ਕਾਰਵਾਈ ਨੂੰ ਮੋਦੀ ਹਕੂਮਤ ਨੇ ਸੱਤ ਬਚਨ ਕਹਿਕੇ ਪ੍ਰਵਾਨ ਕਰ ਲਿਆ ਹੈ ਤੇ ਭਾਰਤੀਆਂ ਦੇ ਮਨੁੱਖੀ ਅਧਿਕਾਰ ਕੁਚਲ ਕੇ ਹੋਏ ਅਣਮਨੁੱਖੀ ਸਲੂਕ 'ਤੇ ਉਜਰ ਤੱਕ ਨਹੀਂ ਕੀਤਾ। ਮੋਦੀ ਨੇ ਅਮਰੀਕਾ ਤੇ ਫਰਾਂਸ ਦੌਰਿਆਂ ਦੌਰਾਨ ਇਹਨਾਂ ਮੁਲਕਾਂ ਦੀਆਂ ਕੰਪਨੀਆਂ ਨੂੰ  ਭਾਰਤ ਅੰਦਰ ਪ੍ਰਮਾਣੂ ਰਿਐਕਟਰ ਚਲਾਉਣ ਦੀ ਮਨਜ਼ੂਰੀ ਦੇਣ ਦੇ ਸੰਕੇਤ ਦਿੱਤੇ ਹਨ ਤੇ ਇਉਂ ਇਹਨਾਂ ਦੀ ਸਵੱਲੀ ਨਜ਼ਰ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਉਂ ਮੋਦੀ ਹਕੂਮਤ ਕਿੰਨੇ ਹੀ ਮਾਮਲਿਆਂ `ਚ ਲਾਇਨ `ਚ ਆ ਗਈ ਹੈ।

ਇਸ ਸਮੁੱਚੇ ਘਟਨਾਕ੍ਰਮ ਨੇ ਮੁੜ ਦਰਸਾਇਆ ਹੈ ਕਿ ਭਾਰਤੀ ਹਾਕਮ ਜਮਾਤਾਂ ਦਾ ਸਾਮਰਾਜੀ ਹੁਕਮਰਾਨਾਂ ਨਾਲ ਰਿਸ਼ਤਾ ਇਸ ਨਵ-ਬਸਤੀਵਾਦੀ ਦੌਰ 'ਚ ਸਾਮਰਾਜੀਆਂ ਦੇ ਅਧੀਨ ਹੁਕਮਰਾਨਾਂ ਵਾਲਾ ਰਿਸ਼ਤਾ ਹੀ ਹੈ। ਭਾਰਤੀ ਰਾਜ ਵੀ ਸਾਮਰਾਜੀਆਂ ਦੀ ਨਵ-ਬਸਤੀਆਨਾ ਨੀਤੀ ਤਹਿਤ ਸਾਮਰਾਜੀ ਤਾਕਤਾਂ ਅਧੀਨ ਰਾਜ ਹੈ। ਇਸ ਦੀਆਂ ਹਾਕਮ ਜਮਾਤਾਂ ਦੇ ਹਿਤ ਸਾਮਰਾਜੀ ਤਾਕਤਾਂ ਨਾਲ ਟਕਰਾਵੇਂ ਨਹੀਂ ਹਨ ਸਗੋਂ ਉਹਨਾਂ ਨਾਲ ਸਾਂਝੇ ਹਨ। ਭਾਰਤੀ ਹਾਕਮਾਂ ਦੀ ਆਜ਼ਾਦਾਨਾ ਵਿਦੇਸ਼ ਨੀਤੀ ਨਹੀਂ ਹੈ, ਸਗੋਂ ਸੰਸਾਰ ਸਾਮਰਾਜ ਅਧੀਨ ਰਹਿ ਕੇ ਤੈਅ ਹੁੰਦੀ ਵਿਦੇਸ਼ ਨੀਤੀ ਹੈ ਜਿਹੜੀ ਭਾਰਤੀ ਲੁਟੇਰੀਆਂ ਜਮਾਤਾਂ ਦੀਆਂ ਜ਼ਰੂਰਤਾਂ ਅਨੁਸਾਰ ਤਬਦੀਲ ਹੁੰਦੀ ਹੈ। ਇਹ ਹਾਕਮ ਜਮਾਤਾਂ, ਖਾਸ ਕਰਕੇ ਦਲਾਲ ਸਰਮਾਏਦਾਰ ਜਮਾਤ ਸਾਮਰਾਜੀਆਂ ਤੇ ਨਿਰਭਰ ਜਮਾਤ ਹੈ। ਇਹ ਆਪਣੇ ਜਨਮ ਤੋਂ ਹੀ ਅੰਗਰੇਜ਼ ਸਾਮਰਾਜੀਆਂ `ਤੇ ਨਿਰਭਰ ਸੀ। ਹੁਣ ਵੀ ਇਹ ਆਪਣੇ ਕਾਰੋਬਾਰਾਂ 'ਚ ਸਭਨਾਂ ਪੱਖਾਂ ਤੋਂ ਸਾਮਰਾਜੀਆਂ ਦੇ ਸਥਾਨਕ ਭਾਈਵਾਲ ਹਨ। ਭਾਰਤੀ ਹਾਕਮ ਜਮਾਤਾਂ ਤੇ ਸਾਮਰਾਜੀਆਂ ਵਿਚਕਾਰ ਵਿਰੋਧ ਚਾਹੇ ਉਠਦੇ ਰਹਿੰਦੇ ਹਨ ਪਰ ਇਹ ਬੁਨਿਆਦੀ ਕਿਸਮ ਦੇ ਨਹੀਂ ਹਨ। ਭਾਰਤੀ ਹਾਕਮ ਜਮਾਤਾਂ ਦੇ ਸਿਆਸੀ ਨੁਮਾਇੰਦੇ ਸਾਮਰਾਜੀਆਂ ਨਾਲ ਇਹਨਾਂ ਜਮਾਤਾਂ ਦੇ ਹਿਤਾਂ ਲਈ ਸੌਦੇ/ਸਮਝੌਤੇ ਕਰਦੇ ਹਨ ਤੇ ਇਸ ਸੌਦੇਬਾਦੀ 'ਚ ਦਬਅ ਪਾਉਣ ਦੇ ਢੰਗ ਤਰੀਕੇ ਵੀ ਵਰਤਦੇ ਹਨ ਪਰ ਇਹ ਸਭ ਕੁੱਝ ਉਹ ਅਧੀਨਗੀ ਤੇ ਨਿਰਭਰਤਾ ਦੇ ਰਿਸ਼ਤੇ ਦੇ ਅੰਦਰ ਅੰਦਰ ਹੀ ਕਰਦੇ ਹਨ। ਆਪਣੇ ਇਸ ਅਮਲ ਨੂੰ ਉਹ ਮੁਲਕ ਦੇ ਲੋਕਾਂ ਲਈ ਸਾਮਰਾਜੀਆਂ ਮੂਹਰੇ ਅੜ ਜਾਣ ਦਾ ਪ੍ਰਭਾਵ ਸਿਰਜਣ ਲਈ ਯਤਨਸ਼ੀਲ ਰਹਿੰਦੇ ਹਨ। ਇਸ ਪੱਖੋਂ ਉਹ ਲੋਕਾਂ ਨੂੰ ਤਾਂ ਇਹ ਪ੍ਰਭਾਵ ਦਿੰਦੇ ਹਨ ਕਿ ਉਹ ਵੱਖ ਵੱਖ ਸਾਮਰਾਜੀ ਤਾਕਤਾਂ ਨਾਲ ਮੁਲਕ ਦੀਆਂ ਲੋੜਾਂ ਅਨੁਸਾਰ ਵਰਤਦੇ ਹਨ ਜਦ ਕਿ ਹਕੀਕਤ 'ਚ ਉਹ ਦਲਾਲ ਸਰਮਾਏਦਾਰ ਜਮਾਤ ਦੇ ਕਾਰੋਬਾਰੀ ਹਿਤਾਂ ਦੀਆਂ ਜ਼ਰੂਰਤਾਂ ਅਨੁਸਾਰ ਵੱਖ-2 ਸਾਮਰਾਜੀ ਤਾਕਤਾਂ ਨਾਲ ਸੌਦੇਬਾਜ਼ੀ 'ਚ ਜੁਟੇ ਰਹਿੰਦੇ ਹਨ। ਇਸ ਸੌਦੇਬਾਜ਼ੀ 'ਚ ਭਾਰਤੀ ਰਾਜ ਬਣਨ ਵੇਲੇ ਤੋਂ ਲੈ ਕੇ ਹੁਣ ਤੱਕ ਭਾਰਤੀ ਹਾਕਮ ਜਮਾਤਾਂ ਨੇ ਕਾਫ਼ੀ ਚੁਤਰਾਈ ਭਰੇ ਵਿਹਾਰ ਦਾ ਪ੍ਰਗਟਾਵਾ ਕੀਤਾ ਹੈ ਤੇ ਇਸ ਵਿਹਾਰ ਦੇ ਸਿਰ 'ਤੇ ਭਾਰਤੀ ਲੋਕਾਂ ਮੂਹਰੇ ਪ੍ਰਭੂਸੱਤਾ ਸੰਪੰਨ ਹੋਣ ਦੀ ਪੇਸ਼ਕਾਰੀ ਲਈ ਟਿੱਲ ਲਾਇਆ ਹੈ। ਪਹਿਲਾਂ ਨਹਿਰੂ ਦੀ ਅਗਵਾਈ ਦੇ ਦੌਰ 'ਚ ਭਾਰਤੀ ਹਾਕਮ ਜਮਾਤਾਂ ਗੁੱਟਨਿਰਲੇਪਤਾ ਦੇ ਝੰਡੇ ਹੇਠ ਕਿਸੇ ਵੀ ਸਾਮਰਾਜੀ ਖੇਮੇ 'ਚ ਨਾ ਹੋਣ ਦਾ ਦਾਅਵਾ ਕਰਦੀਆਂ ਸਨ ਜਦ ਕਿ ਹਕੀਕਤ 'ਚ ਉਹ ਸਾਰੇ ਸਾਮਰਾਜੀ ਮੁਲਕਾਂ ਨਾਲ ਸੰਧੀਆਂ ਦੀਆਂ ਗੁੰਜਾਇਸ਼ਾਂ ਰੱਖਣ ਦਾ ਢੰਗ ਸੀ ਤੇ ਭਾਰਤੀ ਹਾਕਮ ਜਮਾਤਾਂ ਦੀਆਂ ਲੋੜਾਂ ਅਨੁਸਾਰ ਪਾਲਾ ਬਦਲਣ ਦੀਆ ਗੁੰਜਾਇਸ਼ਾਂ ਰੱਖਣ ਦੀ ਨੀਤੀ ਸੀ। ਉਸ ਤੋਂ ਮਗਰੋਂ ਵੀ ਭਾਰਤੀ ਹਾਕਮ ਰੂਸ ਤੇ ਅਮਰੀਕਾ ਦੇ ਦੋਹੇਂ ਸਾਮਰਾਜੀ ਧੜਿਆਂ ਨਾਲ ਭਾਰਤੀ ਹਾਕਮ ਜਮਾਤਾਂ ਦੇ ਹਿਤਾਂ ਅਨੁਸਾਰ ਨਿਭਾਅ ਕਰਦੇ ਰਹੇ ਸਨ ਤੇ ਇਹਨਾਂ ਦੇ ਆਪਸੀ ਟਕਰਾਅ ਦੀ ਤਿੱਖ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰਦੇ ਰਹੇ ਹਨ। 90ਵਿਆਂ ਦੇ ਦਹਾਕੇ ਤੋਂ ਭਾਰਤੀ ਹਾਕਮਾਂ ਨੇ ਅਮਰੀਕੀ ਸਾਮਰਾਜੀ ਧੜੇ ਨਾਲ ਨੱਥੀ ਹੋਣ ਦਾ ਰਾਹ ਫੜ ਲਿਆਸੀ ਤੇ ਮੁੱਖ ਤੌਰ 'ਤੇ ਉਹਦੀਆਂ ਲੋੜਾਂ ਅਨੁਸਾਰ ਚੱਲਣਾ ਸ਼ੁਰੂ ਕਰ ਦਿੱਤਾ। ਪਰ ਰੂਸ ਨਾਲੋਂ ਮੁਕੰਮਲ ਪਾਸਾ ਨਹੀਂ ਵੱਟਿਆ। ਉਸ ਨਾਲ ਵੀ ਸੌਦੇਬਾਜ਼ੀਆਂ ਚਲਦੀਆਂ ਰਹੀਆਂ। ਹੁਣ ਫੇਰ ਰੂਸ ਦੇ ਪਹਿਲਾਂ ਦੇ ਮੁਕਾਬਲੇ ਉੱਭਰਨ ਤੇ ਅਮਰੀਕੀ ਚੌਧਰ ਨੂੰ ਖੋਰਾ ਪੈਣ ਦੇ ਇਸ ਦੌਰ 'ਚ ਫਿਰ ਭਾਰਤੀ ਹਾਕਮ ਦੋਹੇਂ ਧੜਿਆਂ ਤੋਂ ਹੀ ਭਾਰਤੀ ਲੁਟੇਰੀਆਂ ਜਮਾਤਾਂ ਦੇ ਹਿਤਾਂ ਲਈ ਲਾਹਾ ਲੈਣ ਦੀ ਤਾਕ 'ਚ ਹਨ। 

ਭਾਰਤ ਸਰਕਾਰ ਦਾ ਇਹ ਸਮੁੱਚਾ ਵਿਹਾਰ ਭਾਰਤੀ ਹਾਕਮ ਜਮਾਤਾਂ ਦੀ ਸੇਵਾ ਲਈ ਸਾਮਰਾਜੀ ਹੁਕਮਰਾਨਾਂ ਨਾਲ ਸੌਦੇਬਾਜ਼ੀਆਂ ਦਾ ਵਿਹਾਰ ਹੈ ਜੋ ਇਹਨਾਂ ਮੁਲਕਾਂ ਨਾਲ ਅਧੀਨਗੀ ਦੇ ਰਿਸ਼ਤੇ ਦੇ ਅੰਦਰ ਅੰਦਰ ਹੈ। ਇਸ ਰਿਸ਼ਤੇ 'ਚ ਜਦੋਂ ਕੁੜੱਤਣ ਵੀ ਆਉਂਦੀ ਹੈ ਤਾਂ ਉਹ ਭਾਰਤੀ ਲੋਕਾਂ ਦੇ ਹਿਤਾਂ ਦੀ ਰਾਖੀ ਕਾਰਨ ਨਹੀਂ ਸਗੋਂ ਭਾਰਤੀ ਲੁਟੇਰੀਆਂ ਹਾਕਮ ਜਮਾਤਾਂ ਦੇ ਹਿਤਾਂ ਦੇ ਵਧਾਰੇ ਲਈ ਆਉਂਦੀ ਹੈ। ਆਰਥਿਕਤਾ ਦੇ ਵਿਸ਼ੇਸ਼ ਖੇਤਰਾਂ 'ਚ ਸਾਮਰਾਜੀ ਲੁੱਟ ਦੇ ਅਧੀਨ ਰਹਿ ਕੇ ਜ਼ਿਆਦਾ ਹਿੱਸਾ-ਪੱਤੀ ਵਸੂਲਣ ਦੀਆਂ ਜ਼ਰੂਰਤਾਂ ਚੋਂ ਆਉਂਦੀ ਹੈ। ਕਿਸੇ ਵਿਸ਼ੇਸ਼ ਸਾਮਰਾਜੀ ਮੁਲਕ ਨਾਲ ਰੱਟਾ ਪੈ ਜਾਣ ਨਾਲ ਵੀ ਇਹ ਰਿਸ਼ਤਾ ਬੁਨਿਆਦੀ ਤੌਰ 'ਤੇ ਤਬਦੀਲ ਨਹੀਂ ਹੁੰਦਾ। ਭਾਰਤੀ ਹਾਕਮ ਜਮਾਤਾਂ ਦੀ ਵਿਦੇਸ਼ ਨੀਤੀ  ਆਪਣੇ ਹਿੱਤਾਂ ਲਈ ਮੁਲਕ ਨੂੰ ਸਾਮਰਾਜੀਆਂ ਮੂਹਰੇ ਪਰੋਸਣ ਦੀ ਵਿਦੇਸ਼ ਨੀਤੀ ਹੈ। ਇਹਦੇ 'ਚ ਤਬਦੀਲੀ ਕਿਸੇ ਵਿਸ਼ੇਸ਼ ਮੁਲਕ ਨਾਲ ਵੱਧ ਘੱਟ ਸੌਦੇਬਾਜ਼ੀ ਦੇ ਪ੍ਰਸੰਗ 'ਚ ਹੀ ਹੁੰਦੀ ਹੈ।  ਹੁਣ ਸਾਮਰਾਜੀ ਮੁਲਕਾਂ ਦੇ ਆਪਸੀ ਵਿਰੋਧ ਤਿੱਖੇ ਹੋਣ ਦੀ ਹਾਲਤ 'ਚ ਭਾਰਤੀ ਹਾਕਮ ਜਮਾਤਾਂ ਕੋਲ ਆਪਣੇ ਹਿਤਾਂ ਲਈ ਵੱਖ-ਵੱਖ ਧੜਿਆਂ ਨਾਲ ਸੌਦੇਬਾਜ਼ੀਆਂ ਕਰਨ ਦੀਆਂ ਗੁੰਜਾਇਸ਼ਾਂ ਜ਼ਿਆਦਾ ਹੋਣੀਆਂ ਹਨ ਤੇ ਇਹਨਾਂ ਦੀ ਵਰਤੋਂ ਵੇਲੇ ਭਾਰਤੀ ਹਾਕਮਾਂ ਨੇ ਕਿਸੇ ਵਿਸ਼ੇਸ਼ ਸਾਮਰਾਜੀ ਮੁਲਕ ਨਾਲ ਆਢਾ ਲਾਉਣ ਦਾ ਪ੍ਰਭਾਵ ਦੇਣ ਰਾਹੀਂ ਲੋਕਾਂ ਮੂਹਰੇ ਕੌਮੀ ਹਿੱਤਾਂ ਦੇ ਰਖਵਾਲੇ ਹੋਣ ਦਾ ਪ੍ਰਭਾਵ ਸਿਰਜਣ ਦੇ ਯਤਨ ਕਰਨੇ ਹਨ, ਆਉਂਦੇ ਅਰਸੇ 'ਚ ਅਜਿਹੀਆਂ ਕਲਾ-ਬਾਜ਼ੀਆਂ ਚਲਦੀਆਂ ਰਹਿਣੀਆਂ ਹਨ।। ਇਨਕਲਾਬੀ ਸ਼ਕਤੀਆਂ ਲਈ ਇਸ ਦੰਭ ਨੂੰ ਲੋਕਾਂ ਮੂਹਰੇ ਬੇਨਕਾਬ ਕਰਨ ਦਾ ਕਾਰਜ ਬਣਦਾ ਹੈ। ਇਹ ਦਿਖਾਉਣ ਦੀ ਜ਼ਰੂਰਤ ਹੈ ਕਿ ਭਾਰਤੀ ਹਾਕਮ ਭਾਰਤੀ ਲੋਕਾਂ ਦੀ ਕੀਮਤ 'ਤੇ ਲੁਟੇਰੀਆਂ ਜਮਾਤਾਂ ਦੇ ਹਿਤਾਂ ਲਈ ਸਾਮਰਾਜੀਆਂ ਨਾਲ ਸੌਦੇਬਾਜ਼ੀਆਂ ਕਰ ਰਹੇ ਹਨ।  

                                                            --0--

    ਪਿਛਲੇ ਦਿਨੀਂ ਅਮਰੀਕੀ ਗਰਾਂਟਾਂ ਦਾ ਮੁੱਦਾ ਉਭਰਿਆ ਰਿਹਾ ਹੈ। ਇਹ ਦੁਨੀਆਂ ਭਰ 'ਚ ਸਥਾਪਿਤ ਹੈ ਕਿ ਅਮਰੀਕੀ ਸਾਮਰਾਜੀਆਂ ਵੱਲੋਂ ਦੁਨੀਆਂ ਭਰ ਦੇ ਮੁਲਕਾਂ ਅੰਦਰ ਹਰ ਢੰਗ ਤਰੀਕਿਆਂ ਨਾਲ ਦਖ਼ਲਅੰਦਾਜ਼ੀ ਕੀਤੀ ਜਾਂਦੀ ਹੈ। ਆਪਣੇ ਸਾਮਰਾਜੀ ਹਿੱਤਾਂ ਅਨੁਸਾਰ ਰਾਸ ਬੈਠਦੇ ਧੜਿਆਂ ਨੂੰ ਸੱਤਾ 'ਤੇ ਬਿਠਾਉਣ ਲਈ ਸਾਜ਼ਿਸ਼ਾਂ ਘੜੀਆਂ ਜਾਂਦੀਆਂ ਹਨ। ਹਕੂਮਤਾਂ ਉਲਟਾਈਆਂ ਜਾਂਦੀਆਂ ਹਨ ਤੇ ਮਰਜ਼ੀ ਦੀਆਂ ਬਣਾਈਆਂ ਜਾਂਦੀਆਂ ਹਨ। ਦੁਨੀਆ 'ਚ ਜਮਹੂਰੀਅਤ ਨੂੰ ਮਜ਼ਬੂਤ ਕਰਨ ਦੇ ਨਾਂ 'ਤੇ ਫੰਡ ਤੇ ਗਰਾਂਟਾਂ ਦੇਣ ਦੀ ਨੀਤੀ ਹਕੀਕਤ ਵਿੱਚ ਇਹਨਾਂ ਮੁਲਕਾਂ ਦੇ ਲੋਕਾਂ ਦੀ ਰਜ਼ਾ ਨੂੰ ਕੁਚਲਣ ਤੇ ਸਾਮਰਾਜੀ ਲੁਟੇਰੇ ਹਿੱਤਾਂ ਦੇ ਵਧਾਰੇ ਤੇ ਰਾਖੀ ਦੇ ਸਾਮਰਾਜੀ ਪ੍ਰੋਜੈਕਟ ਹਨ। ਟਰੰਪ ਵੱਲੋਂ ਕੀਤੀ ਜਾ ਰਹੀ ਅਜਿਹੀ ਪਾਜ ਉਘੜਾਈ ਮੂਹਰੇ ਭਾਰਤੀ ਹਾਕਮ ਜਮਾਤਾਂ ਦੇ ਸਿਆਸੀ ਨੁਮਾਇੰਦਿਆਂ ਦੀ ਹਾਲਤ ਕਸੂਤੀ ਜਿਹੀ ਬਣ ਗਈ ਹੈ। ਉਹ ਹੁਣ ਇੱਕ ਦੂਜੇ ਨੂੰ ਕੋਸ ਰਹੇ ਹਨ। ਕੀਹਦੇ ਰਾਜ 'ਚ ਗਰਾਂਟਾਂ ਆਈਆਂ ਤੇ ਕੀਹਨੂੰ ਕਿੰਨੀਆਂ ਗਈਆਂ, ਇਹਦਾ ਜਵਾਬ ਤਾਂ ਭਾਰਤੀ ਰਾਜ ਦੀਆਂ ਫਾਈਲਾਂ 'ਚ ਦਰਜ ਹੈ ਪਰ ਇਹ ਮੁੱਦਾ ਭਾਰਤੀ ਰਾਜ ਦੇ ਅਮਰੀਕੀ ਸਾਮਰਾਜੀ ਮਹਾਂ ਸ਼ਕਤੀ ਨਾਲ  ਨਵ-ਬਸਤੀਵਾਦੀ ਰਿਸ਼ਤੇ ਦੀ ਇੱਕ ਹੋਰ ਸਨਦ ਹੈ। ਭਾਰਤੀ ਰਾਜ ਅੰਦਰ ਸਾਮਰਾਜੀ ਮੁਲਕਾਂ ਦੀ ਦਖਲਅੰਦਾਜ਼ੀ ਦੀ ਇੱਕ ਹੋਰ ਗਵਾਹੀ ਹੈ। ਭਾਰਤੀ ਲੀਡਰ ਇਕ ਦੂਜੇ ਨੂੰ ਕੋਸ ਕੇ ਇਹ ਸਨਦ ਪੱਕੀ ਹੀ ਕਰ ਸਕਦੇ ਹਨ, ਇਸ ਰਿਸ਼ਤੇ ਦੀ ਹਕੀਕਤ 'ਤੇ ਪਰਦਾ ਨਹੀਂ ਪਾ ਸਕਦੇ।



No comments:

Post a Comment