Wednesday, March 19, 2025

ਔਰਤ ਆਜ਼ਾਦੀ ਤੇ ਬਰਾਬਰੀ: ਚੀਨੀ ਇਨਕਲਾਬ ਇੱਕ ਮਿਸਾਲ

 ਔਰਤ ਆਜ਼ਾਦੀ ਤੇ ਬਰਾਬਰੀ: ਚੀਨੀ ਇਨਕਲਾਬ ਇੱਕ ਮਿਸਾਲ

 ਮੌਜੂਦਾ ਸਾਮਰਾਜੀ ਹੱਲਾ ਜਾਗੀਰੂ ਲੁੱਟ ਅਤੇ ਦਾਬੇ ਨੂੰ ਵੀ ਵਧਾ ਰਿਹਾ ਹੈ, ਇਸ ਲਈ, ਇਸ ਹਮਲੇ ਖ਼ਿਲਾਫ਼ ਔਰਤਾਂ ਉੱਪਰ ਵਿਆਪਕ ਦਾਬੇ ਖ਼ਿਲਾਫ਼ ਸੰਘਰਸ਼ ਅੰਦਰ ਕੁੰਜੀਵਤ ਕਾਰਜ ਵਿਸ਼ਾਲ ਜਾਗੀਰਦਾਰੀ ਵਿਰੋਧੀ ਘੋਲ ਬਣਦਾ ਹੈ। ਜਦ ਤੱਕ ਭਾਰਤ ਦੇ ਵਿਸ਼ਾਲ ਪੇਂਡੂ ਖੇਤਰ ਦੀਆਂ ਮਿਹਨਤਕਸ਼ ਔਰਤਾਂ, ਖੁਦ ਆਪਣੇ ਪੈਰਾਂ 'ਤੇ ਖੜ੍ਹੀਆਂ ਨਹੀਂ ਹੁੰਦੀਆਂ, ਭਾਵ ਜਦ ਤੱਕ ਉਹ ਪੈਦਾਵਾਰੀ ਸਾਧਨਾਂ (ਜ਼ਮੀਨਾਂ, ਪਸ਼ੂ, ਸੰਦ, ਮਸ਼ੀਨਰੀ, ਪਾਣੀ ਦੇ ਸੋਮੇ ਆਦਿ) ਦਾ, ਸਨਮਾਨਜਨਕ ਮਾਲਕੀ ਹੱਕ ਹਾਸਲ ਨਹੀਂ ਕਰਦੀਆਂ, ਓਨਾ ਚਿਰ ਤੱਕ ਉਹ ਜਗੀਰਦਾਰਾਂ, ਸ਼ਾਹੂਕਾਰਾਂ ਅਤੇ ਅਫਸਰਸ਼ਾਹਾਂ ਦੇ ਜੂਲੇ, ਦਾਬੇ ਅਤੇ ਹਿੰਸਾ ਤੋਂ ਮੁਕਤ ਨਹੀਂ ਹੋ ਸਕਦੀਆਂ, ਜਿਹਨਾਂ ਨੇ ਉਹਨਾਂ ਦੀ ਜ਼ਿੰਦਗੀ ਨੂੰ ਇੱਕ ਤਪਦਾ ਨਰਕ ਕੁੰਡ ਬਣਾ ਛੱਡਿਆ ਹੈ। ਇਉਂ ਕਰਕੇ ਹੀ ਉਹ ਘਰ ਅਤੇ ਰਸੋਈ ਦੀਆਂ ਵਲਗਣਾਂ ਵਿੱਚੋਂ ਬਾਹਰ ਨਿਕਲ ਸਕਣਗੀਆਂ ਅਤੇ ਪੜ੍ਹਨ-ਲਿਖਣ ਅਤੇ ਸੋਚਣ-ਸਮਝਣ ਦੀ ਜਗਿਆਸਾ ਅਤੇ ਰੁਚੀ ਨੂੰ ਪ੍ਰਫੁੱਲਤ ਕਰ ਸਕਣਗੀਆਂ, ਜਿਸ ਵੱਲ ਝਾਕਣ ਦਾ ਉਹਨਾਂ ਨੂੰ ਪਹਿਲਾਂ ਕਦੇ ਸਮਾਂ ਅਤੇ ਇਜ਼ਾਜਤ ਨਹੀਂ ਸੀ ਮਿਲਦੀ ਅਤੇ ਜਿਉਂ ਹੀ ਭਾਰਤ ਅੰਦਰ ਜਾਗੀਰੂ ਪ੍ਰਬੰਧ ਦੀ ਕੰਗਰੋੜ ਭੰਨ ਦਿੱਤੀ ਗਈ, ਤਿਉਂ ਹੀ ਭਾਰਤੀ ਔਰਤਾਂ ਲਈ, ਹੋਰ ਹਰ ਕਿਸਮ ਦੇ ਦਾਬਿਆਂ ਤੋਂ ਮੁਕਤੀ (ਖਾਸ ਕਰਕੇ ਸਾਮਰਾਜੀ ਸਰਮਾਏਦਾਰਾਨਾ ਦਾਬੇ ਤੋਂ ਮੁਕਤੀ) ਲਈ ਬੇਹਤਰ ਸੰਭਾਵਨਾਵਾਂ ਦੇ ਦਰ ਖੁੱਲ੍ਹ ਜਾਣਗੇ ਅਤੇ ਉਹ ਸੱਚਮੁੱਚ ਹੀ ਆਪਣੇ ਮਰਦ ਸਾਥੀਆਂ ਨਾਲ-ਹਕੀਕ ਬਰਾਬਰੀ ਦੇ ਅਧਾਰ 'ਤੇ, ਮੋਢੇ ਨਾਲ ਮੋਢਾ ਜੋੜ ਕੇ- ਇੱਕ ਬਰਾਬਰੀਪੂਰਨ, ਆਜ਼ਾਦ ਅਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਵਿੱਚ ਜੁੱਟ ਜਾਣ ਦੇ ਸਮਰੱਥ ਹੋ ਜਾਣਗੀਆਂ।

ਮਾਓ ਦਾ ਚੀਨ ਇੱਕ ਮਿਸਾਲ ਹੈ

ਔਰਤਾਂ ਨੂੰ ਹਕੀਕੀ ਆਜ਼ਾਦੀ, ਬਰਾਬਰੀ ਅਤੇ ਦਾਬੇ ਤੋਂ ਮੁਕਤੀ ਦਾ ਵਰਦਾਨ ਸਾਬਤ ਹੋਣ ਪੱਖੋਂ ਮਾਓ ਦੀ ਅਗਵਾਈ ਹੇਠਲਾ (1949 ਤੋਂ 1976 ਤੱਕ ਦਾ) ਇਨਕਲਾਬੀ ਚੀਨ ਸੱਚਮੁੱਚ ਹੀ ਇੱਕ ਸ਼ਾਨਦਾਰ ਮਿਸਾਲ ਬਣ ਉੱਭਰਦਾ ਹੈ। ਜ਼ਰੱਈ ਇਨਕਲਾਬ ਨੇ ਜਗੀਰਦਾਰੀ ਦਾ ਲੱਕ ਤੋੜ ਕੇ ਪੇਂਡੂ ਜ਼ਮੀਨ ਵੰਡੀ, ਮਾਲਕੀ ਦੇ ਹੱਕ ਦਿੱਤੇ। ਇਹ ਕੁੱਲ ਵਾਹੀਯੋਗ ਜ਼ਮੀਨ ਦਾ 47% ਹਿੱਸਾ ਬਣਦੀ ਸੀ। ਨਾਲ ਹੀ ਉਹਨਾਂ ਨੂੰ ਵਾਹੀ ਸੰਦ ਸੰਦੇੜਾ ਅਤੇ ਪਸ਼ੂ ਦਿੱਤੇ। ਸਭ ਕਰਜ਼ੇ ਰੱਦ ਕਰ ਦਿੱਤੇ। ਜਗੀਰਦਾਰ ਵੀ ਇੱਕ ਦਮ ਹੀ ਗਰੀਬ ਕਿਸਾਨਾਂ ਦੇ ਬਰਾਬਰ ਆਪਣੀ ਕਰਕੇ ਆਪ ਖਾਣ ਵਾਲਿਆਂ ਦੀ ਹੈਸੀਅਤ ਵਿੱਚ ਲੈ ਆਂਦੇ। ਇਉਂ ਪਿੰਡਾਂ ਅੰਦਰੋਂ ਜਮਾਤੀ ਲੁੱਟ ਅਤੇ ਦਾਬੇ ਦਾ ਖਾਤਮਾ ਕਰਕੇ ਜਮਹੂਰੀਅਤ ਅਤੇ ਬਰਾਬਰੀ ਦਾ ਆਰਥਿਕ ਆਧਾਰ ਸਿਰਜ ਦਿੱਤਾ ਗਿਆ। ਐਨ ਮੁੱਢ ਵਿੱਚ ਹੀ ਔਰਤਾਂ ਦੀ ਮੁਕਤੀ ਲਈ ਦੋ ਮਹੱਤਵਪੂਰਨ ਕਦਮ ਉਠਾਏ ਗਏ। ਪਹਿਲਾ, ਪਰਿਵਾਰ ਦੇ ਨਾਂ ਕੀਤੀ ਗਈ ਜ਼ਮੀਨ ਅੰਦਰ ਔਰਤ ਨੂੰ ਮਰਦ ਦੇ ਬਰਾਬਰ ਦਾ ਹੱਕ ਦਿੱਤਾ ਗਿਆ। ਇਉਂ ਚੀਨ ਦੇ ਇਤਿਹਾਸ ਅੰਦਰ ਔਰਤਾਂ ਨੂੰ ਪਹਿਲੀ ਵਾਰ ਜਾਇਦਾਦ ਉੱਪਰ ਮਾਲਕੀ ਦਾ ਹੱਕ ਹਾਸਲ ਹੋਇਆ ਅਤੇ ਦੂਜਾ ਵਿਆਹ ਸੰਬੰਧੀ ਨਵਾਂ ਕਾਨੂੰਨ ਬਣਾਇਆ ਗਿਆ, ਜਿਸ ਅੰਦਰ ਔਰਤ ਦੀ ਮਰਜ਼ੀ ਤੋਂ ਬਗੈਰ, ਕਿਸੇ ਵੀ ਦਾਬੇ ਹੇਠ ਵਿਆਹ ਕੀਤੇ ਜਾਣ ਨੂੰ ਗੈਰ-ਕਾਨੂੰਨੀ ਕਰਾਰ ਦੇ ਦਿੱਤਾ ਗਿਆ ਅਤੇ ਤਲਾਕ ਚਾਹੁੰਣ ਵਾਲੀਆਂ ਔਰਤਾਂ ਲਈ ਨਿਯਮ ਸੁਖਾਲੇ ਬਣਾ ਦਿੱਤੇ ਗਏ। ਚੀਨ ਦੇ ਸੰਵਿਧਾਨ ਅਤੇ ਹੋਰਨਾਂ ਕਾਨੂੰਨੀ ਨਿਯਮਾਵਾਲੀਆਂ ਅੰਦਰ ਔਰਤਾਂ ਨੂੰ ਮਰਦਾਂ ਦੇ ਬਰਾਬਰ ਹੱਕ ਆਦਿ ਕੀਤੇ ਗਏ। ਪਰ ਇਹ ਕਾਨੂੰਨ ਵਿਵਸਥਾਵਾਂ ਸਮਾਜ ਅੰਦਰ ਸਦੀਆਂ ਤੋਂ ਪ੍ਰਚੱਲਤ ਮਰਦ ਪ੍ਰਧਾਨਗੀ ਅਤੇ ਔਰਤ ਅਧੀਨਗੀ ਦੇ ਵਿਹਾਰ ਅਤੇ ਰੂੜ੍ਹੀਆਂ ਅਤੇ ਰੀਤਾਂ ਨੂੰ ਖਤਮ ਕਰਨ ਅਤੇ ਔਰਤਾਂ ਖ਼ਿਲਾਫ਼ ਵਿਤਕਰੇਬਾਜ਼ੀਆਂ ਅਤੇ ਨਾਬਰਾਬਰੀਆਂ ਨੂੰ ਖਤਮ ਕਰਨ ਲਈ ਕਾਫੀ ਨਹੀਂ ਸਨ। ਇਹ ਤਾਂ ਮਹਿਜ ਸ਼ੁਰੂਆਤ ਹੀ ਸੀ। ਸੋ ਚੀਨੀ ਕਮਿਊਨਿਸਟਾਂ ਨੇ ਇਸ ਮੰਤਵ ਲਈ ਦੋ ਧਾਰੀ ਨੀਤੀ ਅਪਣਾਈ। ਪਹਿਲੀ ਇਹ ਕਿ ਔਰਤਾਂ ਨੂੰ ਮਹਿਜ਼ ਘਰੇਲੂ ਕੰਮ ਅਤੇ ਬੱਚੇ ਪਾਲਣ ਦੀਆਂ ਰਵਾਇਤੀ ਜਿੰਮੇਵਾਰੀਆਂ ਤੋਂ ਅਗਾਂਹ ਵਧਾ ਕੇ ਉਹਨਾਂ ਨੂੰ ਵੱਡੀ ਪੱਧਰ 'ਤੇ ਸਮਾਜਕ ਪੈਦਾਵਾਰ ਦੇ ਅਮਲ ਵਿੱਚ ਸ਼ਿਰਕਤ ਕਰਨ ਲਈ ਪ੍ਰੇਰਨਾ ਅਤੇ ਦੂਜੀ ਔਰਤਾਂ ਦੇ ਨਾਲ-ਨਾਲ ਮਰਦਾਂ ਨੂੰ ਵੀ ਸਮਾਜ ਅੰਦਰ ਔਰਤ-ਮਰਦ ਦੀ ਬਰਾਬਰੀ ਦੀ ਲੋੜ, ਮਹੱਤਤਾ ਅਤੇ ਖਾਸੀਅਤ ਬਾਰੇ ਸਿੱਖਿਅਤ ਕਰਨ ਦਾ ਉੱਦਮ ਕਰਨਾ। 1948 ਵਿੱਚ ਚੀਨੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਨੇ ਸੱਦਾ ਦਿੱਤਾ ਕਿ “ਪੇਂਡੂ ਔਰਤਾਂ ਲਈ ਪੈਦਾਵਾਰ ਨੂੰ ਕੇਂਦਰ ਬਿੰਦੂ ਬਣਾਇਆ ਜਾਵੇ ਅਤੇ ਇਸ ਅਮਲ ਦੌਰਾਨ ਉਹਨਾਂ ਅੰਦਰ ਵਿਦਿਅਕ ਕੰਮਾਂ ਦਾ ਵਿਸਥਾਰ ਕੀਤਾ ਜਾਵੇ, ਉਹਨਾਂ ਦੀ ਸਿਆਸੀ ਚੇਤਨਾ ਅਤੇ ਸੱਭਿਆਚਾਰ ਦਾ ਪੱਧਰ ਉੱਚਾ ਕੀਤਾ ਜਾਵੇ ਅਤੇ ਉਹਨਾਂ ਨੂੰ ਨਵਜਮਹੂਰੀ ਸਰਕਾਰ ਅੰਦਰ ਸ਼ਾਮਲ ਹੋਣ ਲਈ ਲਾਮਬੰਦ ਕੀਤਾ ਜਾਵੇ।”

ਸਿੱਟੇ ਵਜੋਂ ਆਰਥਿਕ ਤਬਦੀਲੀ ਦਾ ਅਮਲ ਤੇਜ਼ੀ ਨਾਲ ਅੱਗੇ ਵਧਿਆ। 1959 ਦੀ ਅੱਗੇ ਵੱਲ ਮਹਾਨ ਛਾਲ ਦੇ ਸਿਖਰ ਸਮੇਂ ਔਰਤਾਂ ਔਸਤਨ 250 ਦਿਨ ਪੈਦਾਵਰੀ ਕੰਮ ਕਰਦੀਆਂ ਸਨ, ਜਿਹੜਾ ਕਿ ਕੁੱਲ ਕਿਰਤ ਦਾ 40-50% ਬਣਦਾ ਸੀ। ਔਰਤਾਂ ਨੂੰ ਪੈਦਾਵਾਰੀ ਕੰਮਾਂ ਵੱਲ ਪ੍ਰੇਰਤ ਕਰਨ ਲਈ ਰਸੋਈਆਂ ਤੋਂ ਮੁਕਤ ਕਰਨਾ ਜ਼ਰੂਰੀ ਸੀ। ਸੋ ਇਸ ਮੰਤਵ ਲਈ ਮੁਲਕ ਭਰ ਅੰਦਰ 36 ਲੱਖ ਜਨਤਕ ਭੋਜਨ-ਘਰ ਬਣਾਏ ਗਏ, ਜਿਹਨਾਂ ਅੰਦਰ 70% ਪੇਂਡੂ ਆਬਾਦੀ ਸ਼ਿਰਕਤ ਕਰਦੀ ਸੀ। ਇੱਥੇ ਸਮੂਹਿਕ ਉੱਦਮ ਨਾਲ ਰਸੋਈ ਦੇ ਸਭ ਕੰਮ ਕੀਤੇ ਜਾਂਦੇ ਸਨ। ਮਾਵਾਂ ਨੂੰ ਕੰਮ ਕਰਦੇ ਸਮੇਂ ਬੱਚਿਆਂ ਦੀ ਸਾਂਭ ਸੰਭਾਲ ਦੀ ਚਿੰਤਾ ਤੋਂ ਮੁਕਤ ਕਰਨ ਲਈ ਲੱਖਾਂ ਹੀ ਅਜਿਹੀਆਂ ਨਰਸਰੀਆਂ ਬਣਾਈਆਂ ਗਈਆਂ। ਇਹਨਾਂ ਅੰਦਰ ਲਗਭਗ 70%ਬੱਚੇ ਰੱਖੇ ਅਤੇ ਸਾਂਭੇ ਜਾਂਦੇ ਸਨ। ਸਿਹਤ ਸੇਵਾਵਾਂ ਅੰਦਰ ਹਕੀਕੀ ਇਨਕਲਾਬ ਲਿਆਂਦਾ ਗਿਆ। ਲੋਕਾਂ ਦੀ ਚੇਤਨਾ ਅਤੇ ਲਾਮਬੰਦੀ 'ਤੇ ਅਧਾਰਤ, ਮੁਫਤ, ਨਜ਼ਦੀਕ ਅਤੇ ਪ੍ਰਹੇਜ਼ ਤੇ ਵਿਗਿਆਨਕ ਇਲਾਜਮੁਖੀ ਸਿਹਤ ਸੇਵਾਵਾਂ ਦਾ ਇੱਕ ਵਿਸ਼ਾਲ ਤਾਣਾ-ਬਾਣਾ ਉਸਾਰਿਆ ਗਿਆ ਜਿਹੜਾ ਔਰਤਾਂ ਦੀਆਂ ਸਿਹਤ ਅਤੇ ਜਣੇਪੇ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਹੀ ਦੂਰ ਨਹੀਂ ਸੀ ਕਰਦਾ, ਸਗੋਂ ਉਹਨਾਂ ਨੂੰ ਪਰਿਵਾਰ ਨਿਯੋਜਨ ਲਈ ਪ੍ਰੇਰਿਤ ਅਤੇ ਸਿੱਖਿਅਤ ਵੀ ਕਰਦਾ ਸੀ। ਇਹਨਾਂ ਤਬਦੀਲੀਆਂ ਨੇ ਚੀਨੀ ਲੋਕਾਂ ਅਤੇ ਖਾਸ ਕਰਕੇ ਚੀਨੀ ਔਰਤਾਂ ਦੀ ਜ਼ਿੰਦਗੀ ਅਤੇ ਸਿਹਤ-ਸੰਭਾਲ ਵਿੱਚ ਕਈ ਹਾਂ-ਪੱਖੀ ਅੰਸ਼ ਜਮ੍ਹਾਂ ਕੀਤੇ। ਔਸਤ ਉਮਰ ਵਧ ਗਈ। (ਔਰਤਾਂ ਦੀ 36 ਤੋਂ ਵਧ ਕੇ 66 ਸਾਲ ਹੋ ਗਈ)। ਸਕੂਲਾਂ ਵਿੱਚ ਬੱਚਿਆਂ ਦੇ ਦਾਖਲੇ 93% ਤੱਕ ਪਹੁੰਚ ਗਏ ਅਤੇ ਸਮਾਜਕ ਵਾਤਾਵਰਣ ਅੰਦਰ ਜਾਗੀਰੂ ਸੰਸਕਾਰਾਂ ਅਤੇ ਵਿਹਾਰਾਂ ਦੀ ਰਹਿੰਦ-ਖੂੰਹਦ ਨੂੰ ਹੂੰਝਣ ਲਈ ਸੱਭਿਆਚਾਰਕ ਮੁਹਿੰਮ ਤੇਜ਼ ਹੋ ਗਈ। 

ਸੱਭਿਆਚਾਰਕ ਇਨਕਲਾਬ ਦੌਰਾਨ ਬਰਾਬਰ ਕੰਮ ਬਦਲੇ ਬਰਾਬਰ ਉਜ਼ਰਤਾਂ ਦਾ ਵਿਧਾਨ ਲਾਗੂ ਕਰਨ 'ਤੇ ਜ਼ੋਰਦਾਰ ਸੰਘਰਸ਼ ਕੀਤਾ ਗਿਆ। ਯਾਦ ਰਹੇ ਕਿ ਇਨਕਲਾਬੀ ਚੀਨ ਅੰਦਰ ਔਰਤਾਂ ਦੀ ਆਜ਼ਾਦੀ ਅਤੇ ਬਰਾਬਰੀ ਲਈ ਉਪਰਾਲੇ ਮਹਿਜ਼ ਸਰਕਾਰੀ ਅਦਾਰਿਆਂ ਰਾਹੀਂ ਹੀ ਨਹੀਂ ਸਨ ਕੀਤੇ ਗਏ ਸਗੋਂ ਮੁੱਖ ਤੌਰ 'ਤੇ ਔਰਤਾਂ ਨੂੰ ਉਹਨਾਂ ਦੀਆਂ ਸਭਾਵਾਂ ਅਤੇ ਜਥੇਬੰਦੀਆਂ ਅੰਦਰ ਜਥੇਬੰਦ ਅਤੇ ਲਾਮਬੰਦ ਕਰਕੇ ਕੀਤੇ ਜਾਂਦੇ ਸਨ ਅਤੇ ਨਾਲ ਹੀ ਔਰਤਾਂ ਨੂੰ, ਟਰੇਡ ਅਤੇ ਪਾਰਟੀ ਜਥੇਬੰਦੀਆਂ ਅਤੇ ਪੈਦਾਵਾਰ ਇਕਾਈਆਂ ਦੀਆਂ ਪ੍ਰਬੰਧਕੀ ਟੀਮਾਂ ਅੰਦਰ ਸ਼ਮੂਲੀਅਤ ਕਰਨ ਲਈ ਉਭਾਰਿਆ ਜਾਂਦਾ ਸੀ। ਪੈਦਾਵਾਰ ਦਾ ਅਮਲ, ਜਮਾਤੀ ਘੋਲ ਅਤੇ ਵਿਗਿਆਨਕ ਵਿੱਦਿਆ ਨੂੰ ਸਿੱਖਿਆ ਦੇ ਆਪਸ ਵਿੱਚ ਤੰਨ-ਗੁੰਦਵੇਂ ਮੂਲ ਅਧਾਰਾਂ ਵਜੋਂ ਚਿਤਵਿਆ ਗਿਆ ਸੀ ਅਤੇ ਸਮਾਜਕ ਉਸਾਰੀ ਦੇ ਨਿਰੰਤਰ ਚੱਲਦੇ ਇਨਕਲਾਬੀ ਅਮਲ ਅੰਦਰ ਔਰਤਾਂ ਦੀ ਆਜ਼ਾਦੀ ਤੇ ਬਰਾਬਰੀ ਲਈ, ਸਮਾਜਿਕ ਭੂਮਿਕਾ ਅਨੁਸਾਰ ਬਣਦੇ ਠੋਸ ਕਾਰਜ਼ਾਂ ਅਤੇ ਮੰਤਵਾਂ ਦੀ ਨਿਸ਼ਾਨਦੇਹੀ ਕੀਤੀ ਜਾਂਦੀ ਸੀ ਅਤੇ ਸਮਾਜਿਕ ਸੰਘਰਸ਼ ਰਾਹੀਂ ਵੇਲਾ ਵਿਹਾਅ ਚੁੱਕੇ ਵਿਚਾਰਾਂ ਅਤੇ ਰੂੜ੍ਹੀਆਂ ਦੇ ਖੰਡਨ ਅਤੇ ਨਵੇਂ ਇਨਕਲਾਬੀ ਵਿਚਾਰਾਂ-ਵਿਹਾਰਾਂ ਦੀ ਸਥਾਪਤੀ ਲਈ ਸਮਾਜਿਕ ਸੰਘਰਸ਼ 'ਤੇ ਜ਼ੋਰ ਦਿੱਤਾ ਜਾਂਦਾ ਸੀ। ਜਾਗੀਰੂ ਬੰਧਨਾਂ ਤੋਂ ਮੁਕਤੀ ਉਪਰੰਤ ਵੀ, ਸਮਾਜਵਾਦੀ ਸਮਾਜਿਕ ਉਸਾਰੀ ਦੇ ਅਮਲ ਦੌਰਾਨ ਵੀ ਔਰਤਾਂ ਨੂੰ ਜ਼ਿੰਦਗੀ ਦੇ ਹਰ ਖੇਤਰ ਅੰਦਰ ਬਰਾਬਰੀ ਦੇ ਠੋਸ ਕਾਰਜਾਂ ਨੂੰ ਪਛਾਨਣ ਅਤੇ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਸੀ। 

ਚੀਨ ਦੇ ਪਿੰਡਾਂ ਅਤੇ ਪਰਿਵਾਰਾਂ ਅੰਦਰ ਔਰਤਾਂ ਦੀ ਮੁਕਤੀ ਦੇ ਇਸ ਮਹਾਨ ਅਤੇ ਲੰਮਾ ਸੰਘਰਸ਼ ਦਾ ਠੋਸ ਨਕਸ਼ਾ ਚਿਤਰਨ ਲਈ ਅਨੇਕਾਂ ਗ੍ਰੰਥ ਲਿਖੇ ਜਾ ਸਕਦੇ ਹਨ। ਇਹ ਔਰਤਾਂ ਦੀ ਮੁਕਤੀ ਦੇ ਸੰਘਰਸ਼ ਦੀ ਇੱਕ ਵਿਸ਼ਾਲ ਅਤੇ ਵਿਲੱਖਣ ਇਤਿਹਾਸਕ ਲਹਿਰ ਸੀ। ਇਹ ਲਹਿਰ ਅੱਜ ਵੀ ਉਹਨਾਂ ਕਰੋੜ ਔਰਤਾਂ ਲਈ, ਜਿਹਨਾਂ ਦੀ ਜ਼ਿੰਦਗੀ ਨੂੰ ਰਵਾਇਤੀ ਦਾਬੇ ਨੇ ਨਰਕ ਕੁੰਡ ਬਣਾ ਛੱਡਿਆ ਹੈ, ਜਿਹੜੀਆਂ ਸਮਾਜਿਕ ਵਿਤਕਰੇਬਾਜ਼ੀ ਅਤੇ ਨਾਬਰਾਬਰੀ ਤੋਂ ਮੁਕਤੀ ਲੋਚਦੀਆਂ ਹਨ, ਇੱਕ ਅਜਿਹੀ ਮਿਸਾਲ ਬਣਦੀ ਹੈ, ਜਿਸਦੀ ਰੌਸ਼ਨੀ ਵਿੱਚ ਉਹ ਘਰਾਂ-ਪਰਿਵਾਰਾਂ ਤੇ ਸਮਾਜਿਕ ਵਿਹਾਰਾਂ ਦੀ ਕੈਦ ਅਤੇ ਜਮਾਤੀ ਅੱਤਿਆਚਾਰਾਂ ਦੀ ਅਸਿਹ ਪੀੜ ਤੋਂ ਮੁਕੰਮਲ ਮੁਕਤੀ ਹਾਸਲ ਕਰ ਸਕਦੀਆਂ ਹਨ। ਇਹ ਕਾਰਜ ਪਿਛਾਖੜੀ ਸਮਾਜਕ ਆਰਥਿਕ ਢਾਂਚੇ ਦਾ ਮੁਕੰਮਲ ਨਾਸ਼ ਕਰਨ ਅਤੇ ਇਨਕਲਾਬੀ ਜਮਹੂਰੀ ਤਬਦੀਲੀ ਅਤੇ ਉਸਾਰੀ ਦਾ ਅੰਗ ਬਣ ਕੇ ਹੀ ਸਿਰੇ ਚਾੜ੍ਹਿਆ ਜਾ ਸਕਦਾ ਹੈ। 

No comments:

Post a Comment