Wednesday, March 19, 2025

ਟਰੰਪ ਦਾ ਬਿਆਨ-ਗਾਜ਼ਾ ਦੀ ਧਰਤੀ ਤੇ ਅੱਯਾਸ਼ੀ ਦੇ ਨਾਪਾਕ ਸਾਮਰਾਜੀ ਮਨਸੂਬੇ

 ਟਰੰਪ ਦਾ ਬਿਆਨ

ਗਾਜ਼ਾ ਦੀ ਧਰਤੀ ਤੇ ਅੱਯਾਸ਼ੀ ਦੇ ਨਾਪਾਕ ਸਾਮਰਾਜੀ ਮਨਸੂਬੇ

ਟਰੰਪ ਦੇ ਰਾਸ਼ਟਰਪਤੀ ਬਣਨ ਮਗਰੋਂ ਇਜ਼ਰਾਇਲੀ ਮੁਖੀ ਨੇਤਨਯਾਹੂ ਨੇ ਅਮਰੀਕਾ ਦਾ ਦੌਰਾ ਕੀਤਾ ਹੈ। ਟਰੰਪ ਨੇ ਉਸ ਨਾਲ ਸਾਂਝੀ ਪ੍ਰੈਸ ਕਾਨਫਰੰਸ 'ਚ ਐਲਾਨ ਕੀਤਾ ਕਿ ਅਮਰੀਕਾ ਗਾਜ਼ਾ ਨੂੰ ਆਪਣੇ ਕਬਜ਼ੇ 'ਚ ਲਵੇਗਾ ਤੇ 20 ਲੱਖ ਲੋਕਾਂ ਨੂੰ ਉੱਥੋਂ ਕੱਢ ਕੇ ਉਸਨੂੰ ਮੱਧ ਪੂਰਬ ਦੀ ਨਵੀਂ ਸੈਰਗਾਹ ਵਜੋਂ ਵਿਕਸਿਤ ਕਰੇਗਾ। ਟਰੰਪ ਨੇ ਕਿਹਾ ਕਿ ਉਹ ਗਾਜ਼ਾ ਨੂੰ ਕਬਜ਼ੇ 'ਚ ਲੈ ਕੇ ਉੱਥੋਂ ਮਲਬਾ ਹਟਾ ਕੇ ਤੇ ਮੌਜੂਦ ਖਤਰਨਾਕ ਹਥਿਆਰਾਂ ਨੂੰ ਨਸ਼ਟ ਕਰਕੇ ਨਵਾਂ ਮਾਡਲ ਸਿਰਜੇਗਾ। ਟਰੰਪ ਨੇ ਗਾਜ਼ਾ ਵਾਸੀਆਂ ਨੂੰ ਉੱਥੋਂ ਕੱਢ ਕੇ ਆਸ ਪਾਸ ਦੇ ਮੁਲਕਾਂ 'ਚ ਵਸਾਉਣ ਦੀ ਵਿਉਂਤ ਦੀ ਗੱਲ ਕੀਤੀ ਅਤੇ ਮਿਸਰ ਤੇ ਜਾਰਡਨ ਵਰਗੇ ਮੁਲਕਾਂ 'ਤੇ ਦਬਾਅ ਪਾਇਆ ਗਿਆ ਹੈ ਕਿ ਉਹ ਫ਼ਲਸਤੀਨੀ ਲੋਕਾਂ ਨੂੰ ਉੱਥੇ ਵਸਣ ਲਈ ਥਾਂ ਦੇਣ। ਕੋਲ ਖੜ੍ਹੇ ਨੇਤਨਯਾਹੂ ਨੇ ਇਸ ਵਿਉਂਤ ਦੀ ਪ੍ਰਸ਼ੰਸ਼ਾ ਕਰਦਿਆਂ ਇਸਨੂੰ ਇਤਿਹਾਸ ਬਦਲ ਦੇਣ ਵਾਲੀ ਕਰਾਰ ਦਿੱਤਾ। ਟਰੰਪ ਨੇ ਇਸਨੂੰ ਰੁਜ਼ਗਾਰ ਦੇ ਮੌਕਿਆਂ ਵਜੋਂ, ਨਿਵੇਸ਼ ਦੇ ਮੌਕਿਆਂ ਵਜੋਂ ਪੇਸ਼ ਕੀਤਾ ਜਿੱਥੇ ਸੰਸਾਰ ਦੇ ਲੋਕ ਵਸਣਗੇ। ਟਰੰਪ ਨੇ ਇਸ ਬਿਆਨ ਨੇ ਦੁਨੀਆਂ ਭਰ ਦੇ ਇਨਸਾਫਪਸੰਦ ਲੋਕਾਂ 'ਚ ਰੋਸ ਜਗਾਇਆ ਹੈ। ਅਰਬ ਮੁਲਕਾਂ ਦੇ ਹਾਕਮਾਂ ਨੂੰ ਵੀ ਇਹ ਬਿਆਨ ਹਜ਼ਮ ਨਾ ਆਇਆ ਤੇ ਉਹਨਾਂ ਨੇ ਅਜਿਹੀਆਂ ਵਿਉਂਤਾਂ ਨੂੰ ਰੱਦ ਕੀਤਾ।  ਕੀ ਅਮਰੀਕੀ ਫੌਜਾਂ ਉੱਥੇ ਜਾਣਗੀਆਂ ਜਾਂ ਨਹੀਂ? ਕਬਜ਼ਾ ਲੈਣਗੀਆਂ ਜਾਂ ਨਹੀਂ?  

ਟਰੰਪ ਦਾ ਇਹ ਬਿਆਨ ਅਮਰੀਕੀ ਸਾਮਰਾਜੀਆਂ ਦੇ ਘੋਰ ਪਿਛਾਖੜੀ ਤੇ ਸਿਰੇ ਦੇ ਮੁਨਾਫਾਖੋਰ ਮਨਸੂਬਿਆਂ ਦੀ ਨੁਮਾਇਸ਼ ਲਾਉਂਦਾ ਹੈ। ਹੁਣ ਤੱਕ ਅਮਰੀਕੀ ਸਾਮਰਾਜੀਏ ਇਜ਼ਰਾਇਲ ਦੀ ਮੱਦਦ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਬਹਾਨੇ ਘੜ੍ਹਦੇ ਰਹੇ ਸਨ ਅਤੇ ਅਜਿਹੇ ਖੁੱਲ੍ਹੇ ਝੱਕਵੇਂ ਐਲਾਨਾਂ ਤੋਂ ਪ੍ਰਹੇਜ਼ ਕਰਦੇ ਰਹੇ ਸਨ। ਉਹ ਮੱਧ ਪੂਰਬ 'ਚ ਜਮਹੂਰੀਅਤ ਨੂੰ ਮਜ਼ਬੂਤ ਕਰਨ ਤੇ ਅੱਤਵਾਦ ਦਾ ਸਫਾਇਆ ਕਰਨ ਵਰਗੀਆਂ ਗੱਲਾਂ ਰਾਹੀਂ ਇਜ਼ਰਾਇਲ ਦੀ ਪਿੱਠ 'ਤੇ ਖੜ੍ਹਦੇ ਆਏ ਹਨ ਤੇ ਫਲਸਤੀਨੀ ਲੋਕਾਂ ਨਾਲ ਜ਼ੁਲਮ ਕਮਾਉਂਦੇ ਆਏ ਹਨ। ਟਰੰਪ ਦਾ ਇਹ ਬਿਆਨ ਅਮਲੀ ਵਿਉਂਤ ਦੇ ਪੱਧਰ 'ਤੇ ਲਾਗੂ ਹੋ ਸਕਣ ਜਾਂ ਨਾ ਹੋ ਸਕਣ ਦੇ ਮੁਲਾਂਕਣ ਨਾਲੋਂ ਉਸ ਮੰਦ-ਭਾਵਨਾ ਦਾ ਪ੍ਰਤੀਕ ਹੈ ਜਿਹੜੀ ਅਮਰੀਕੀ ਸਾਮਰਾਜੀਆਂ ਦੇ ਮਨਾਂ 'ਚ ਫਲਸਤੀਨੀ ਲੋਕਾਂ ਲਈ ਮੌਜੂਦ ਹੈ। ਦਹਾਕਿਆਂ ਤੋਂ ਜਾਨਾਂ ਵਾਰ ਕੇ ਆਪਣੀ ਧਰਤੀ ਦੇ ਹੱਕ ਲਈ ਜੂਝਦੇ ਆ ਰਹੇ ਗਾਜ਼ਾ ਦੇ ਬਾਸ਼ਿੰਦਿਆਂ ਦੀਆਂ ਕੌਮੀ ਭਾਵਨਾਵਾਂ ਦਾ ਅਜਿਹੀ ਵਿਉਂਤ ਰਾਹੀਂ ਮਜ਼ਾਕ ਉਡਾਇਆ ਗਿਆ ਹੈ ਤੇ ਦਰਸਾਇਆ ਹੈ ਕਿ ਅਮਰੀਕਾ ਦੀਆਂ ਧੜਵੈਲ ਕਾਰਪੋਰੇਸ਼ਨਾਂ ਗਾਜ਼ਾਂ ਦੀ ਧਰਤੀ ਲਈ ਕੀ ਮਨਸੂਬੇ ਪਾਲ ਰਹੀਆਂ ਹਨ। ਇਹਨਾਂ ਧੜਵੈਲ ਕਾਰਪੇਰਸ਼ਨਾਂ ਦਾ ਨੁਮਾਇੰਦਾ ਟਰੰਪ ਖੁਦ ਵੀ ਵੱਡਾ ਰੀਅਲ ਅਸਟੇਟ ਕਾਰੋਬਾਰੀ ਹੈ ਤੇ ਸੰਸਾਰ ਦਾ ਖਰਬਪਤੀ ਐਲਨ ਮਸਕ ਉਸਦੀ ਕੈਬਨਿਟ 'ਚ ਹੈ। ਨਿਊਯਾਰਕ 'ਚ ਟਰੰਪ ਦੇ ਟਾਵਰ ਮਸ਼ਹੂਰ ਹਨ। ਉਸਦਾ ਰੀਅਲ ਅਸਟੇਟ ਕਾਰੋਬਾਰ ਸੰਸਾਰ ਭਰ 'ਚ ਫੈਲਿਆ ਹੋਇਆ ਹੈ। ਹੁਣ ਉਹ ਇੰਡੋਨੇਸ਼ੀਆ 'ਚ ਵੀ ਨਵੇਂ ਪ੍ਰੋਜੈਕਟ ਸ਼ੁਰੂ ਕਰਨ ਜਾ ਰਿਹਾ ਹੈ। ਟਰੰਪ ਦਾ ਜਵਾਈ ਵੀ ਰੀਅਲ ਅਸਟੇਟ ਕਾਰੋਬਾਰੀ ਹੈ ਤੇ ਉਹ ਵੀ ਗਾਜ਼ਾ  ਦੀ ਕੀਮਤੀ ਜ਼ਮੀਨ ਬਾਰੇ ਗੱਲਾਂ ਕਰ ਰਿਹਾ ਹੈ। ਟਰੰਪ ਦੇ ਇਸ ਬਿਆਨ 'ਚੋਂ ਰਾਸ਼ਟਰਪਤੀ ਦੇ ਨਾਲ-ਨਾਲ ਰੀਅਲ ਅਸਟੇਟ ਕਾਰੋਬਾਰੀ ਦੀਆਂ ਲਾਲਸਾਵਾਂ ਦੀ ਧੁਨ ਵੀ ਸੁਣੀ ਜਾਣੀ ਚਾਹੀਦੀ ਹੈ।

ਟਰੰਪ ਦੇ ਇਸ ਬਿਆਨ ਦੇ ਅਮਲੀ ਵਿਉਂਤ 'ਚ ਵਟਣ ਪੱਖੋਂ ਚਾਹੇ ਕੋਈ ਵੀ ਅਰਥ ਸੰਭਾਵਨਾਵਾਂ ਹੋਣ ਪਰ ਅਮਰੀਕੀ ਪੂੰਜੀਦਾਰਾਂ ਦੇ ਘੋਰ ਮਨੁੱਖਤਾ ਦੋਖੀ ਇਰਾਦਿਆਂ ਨੂੰ ਦਰਸਾਉਣ ਪੱਖੋਂ ਇਹ ਇੱਕ ਨਮੂਨਾ ਬਣਦਾ ਹੈ। ਪਹਿਲਾਂ ਗਾਜ਼ਾ ਨੂੰ ਮਲਬੇ ਦੇ ਢੇਰ 'ਚ ਬਦਲਣ ਲਈ ਇਜ਼ਰਾਇਲ ਨੂੰ ਤਬਾਹਕੁਨ ਹਥਿਆਰ ਵੇਚ ਕੇ ਅਮਰੀਕੀ ਹਥਿਆਰ ਨਿਰਮਾਤਾ ਕੰਪਨੀਆਂ ਨੇ ਵੱਡੀਆਂ ਕਮਾਈਆਂ ਕੀਤੀਆਂ ਹਨ, ਹੁਣ ਉਸ ਮਲਬੇ ਨੂੰ ਹਟਾਉਣ ਦੇ ਵੱਡੇ ਠੇਕਿਆਂ ਲਈ ਵੀ ਅਮਰੀਕੀ ਕੰਪਨੀਆਂ ਲਾਇਨ 'ਚ ਹਨ ਤੇ ਫਿਰ ਉੱਥੇ ਵਪਾਰਕ ਉਸਾਰੀ ਲਈ ਠੇਕੇ ਲੈਣ ਦੀ ਤਾਕ 'ਚ ਹਨ। ਇਹਦੇ ਲਈ ਗਾਜ਼ਾ ਵਾਸੀਆਂ ਨੂੰ ਪੱਕੇ ਤੌਰ 'ਤੇ ਉਜਾੜਨ ਦੀਆਂ ਗੱਲਾਂ ਕੀਤੀਆਂ ਗਈਆਂ ਹਨ। ਹੁਣ ਤੱਕ ਇਜ਼ਰਾਇਲ-ਫਲਸਤੀਨ ਟਕਰਾਅ ਦੇ ਅਜਿਹੇ ਨਿਬੇੜੇ ਦੀ ਵਿਉਂਤ ਕਿਸੇ ਅਮਰੀਕੀ ਰਾਸ਼ਟਰਪਤੀ ਨੇ ਨਹੀਂ ਸੀ ਰੱਖੀ ਜਿਹੜੀ ਟਰੰਪ ਪੇਸ਼ ਕਰ ਰਿਹਾ ਹੈ। ਗਾਜ਼ਾ ਦੇ ਲੋਕਾਂ ਲਈ ਇਹ ਜਿਉਣ ਮਰਨ ਦਾ ਸਵਾਲ ਹੈ ਤੇ ਉਹ ਆਪਣੇ ਵਤਨ ਦਾ ਹੱਕ ਮੰਗ ਰਹੇ ਹਨ ਜਦਕਿ ਅਮਰੀਕੀ ਸਾਮਰਾਜੀਏ ਉੱਥੇ ਸੰਸਾਰ ਦੇ ਅਮੀਰਸ਼ਾਹਾਂ ਲਈ ਸੈਰਗਾਹਾਂ ਬਣਾਉਣ ਦੀਆਂ ਗੱਲਾਂ ਕਰ ਰਹੇ ਹਨ। ਇਹ ਦਿਨੋਂ ਦਿਨ ਹੋਰ ਵਧੇਰੇ ਅਣਮਨੁੱਖੀ ਤੇ ਖੂੰਖਾਰ ਹੋ ਰਹੀ ਸੰਸਾਰ ਸਰਮਾਏਦਾਰੀ ਦੇ ਪੇਸ਼ ਹੋ ਰਹੇ ਕਿਰਦਾਰ ਦੀ ਵੀ ਇੱਕ ਝਲਕ ਹੈ। ਇਹ ਫਲਸਤੀਨੀ ਦੇਸ਼ ਦੇ ਹੱਕ ਨੂੰ ਸਦਾ ਲਈ ਮੁਕਾ ਦੇਣ ਦੀ ਵਿਉਂਤ ਹੈ। ਇਜ਼ਰਾਇਲ ਵੱਖ-ਵੱਖ ਢੰਗਾਂ ਨਾਲ ਇਹੀ ਕਰਦਾ ਆ ਰਿਹਾ ਹੈ। ਉਸਨੇ ਸਖ਼ਤ ਨਾਕੇਬੰਦੀ ਨਾਲ ਤੇ ਸਿੱਧੇ ਹਮਲਿਆਂ ਨਾਲ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ। ਲਗਾਤਾਰ ਇਜ਼ਰਾਇਲੀ ਕਬਜ਼ਾਧਾਰੀਆਂ ਵੱਲੋਂ ਫਲਸਤੀਨੀ ਧਰਤੀ 'ਤੇ ਗੈਰ-ਕਾਨੂੰਨੀ ਬਸਤੀਆਂ ਵਸਾਈਆਂ ਜਾ ਰਹੀਆਂ ਹਨ। ਲਗਭਗ ਡੇਢ ਸਾਲ ਲੰਮੀ ਇਸ ਜੰਗ ਨੇ ਗਾਜ਼ਾ ਪੱਟੀ ਨੂੰ ਮਲਬੇ ਦੇ ਢੇਰ 'ਚ ਬਦਲ ਦਿੱਤਾ ਹੈ। ਚਾਹੇ ਅਜਿਹੇ ਹਾਲਤਾਂ 'ਚੋਂ ਲੋਕਾਂ ਨੇ ਗਾਜ਼ਾ ਛੱਡਿਆ ਵੀ ਹੈ ਤੇ ਹੋਰਨਾਂ ਥਾਵਾਂ 'ਤੇ ਜਾ ਵਸੇ ਹਨ ਪਰ ਅਜੇ ਵੀ ਵੱਡੀ ਗਿਣਤੀ ਆਪਣੀ ਧਰਤੀ 'ਤੇ ਡਟੀ ਹੋਈ ਹੈ ਤੇ ਆਪਣੇ ਦੇਸ਼ ਦੇ ਹੱਕ ਲਈ ਜੂਝ ਰਹੀ ਹੈ। ਜੰਗਬੰਦੀ ਦੇ ਐਲਾਨ ਨਾਲ ਹੀ ਕਿੰਨੇ ਵੀ ਫਲਸਤੀਨੀ ਆਪਣੇ ਘਰਾਂ ਨੂੰ ਵਾਪਿਸ ਆ ਰਹੇ ਹਨ। ਗਾਜ਼ਾ ਪੱਟੀ ਦੇ ਬਾਸ਼ਿੰਦਿਆਂ ਨੇ ਐਲਾਨ ਕੀਤਾ ਹੈ ਕਿ ਉਹ ਅਮਰੀਕੀ ਸਾਮਰਾਜੀਆਂ ਤੇ ਇਜ਼ਰਾਇਲੀ ਜਿਉਨਵਾਦੀ ਹਾਕਮਾਂ ਦੇ ਅਜਿਹੇ ਮਨਸੂਬੇ ਕਦੇ ਪੂਰੇ ਨਹੀਂ ਹੋਣ ਦੇਣਗੇ ਤੇ ਫਲਸਤੀਨੀ ਕੌਮ ਦੇ ਫਲਸਤੀਨ ਦੇਸ਼ ਦੇ ਹੱਕ ਲਈ ਜੂਝਦੇ ਰਹਿਣਗੇ। 

No comments:

Post a Comment