Wednesday, March 19, 2025

ਮੋਲਡਰ ਐਂਡ ਸਟੀਲ ਵਰਕਰ ਯੂਨੀਅਨ ਦੇ ਸਾਬਕਾ ਪ੍ਰਧਾਨ ਸਾਥੀ ਬਲਜਿੰਦਰ ਸਿੰਘ ਵਿਛੋੜਾ ਦੇ ਗਏ

 ਮੋਲਡਰ ਐਂਡ ਸਟੀਲ ਵਰਕਰ ਯੂਨੀਅਨ ਦੇ ਸਾਬਕਾ ਪ੍ਰਧਾਨ ਸਾਥੀ ਬਲਜਿੰਦਰ ਸਿੰਘ ਵਿਛੋੜਾ ਦੇ ਗਏ 

ਅੱਜ ਤੋਂ ਚਾਰ ਸਾਢੇ ਚਾਰ ਦਹਾਕੇ ਪਹਿਲਾਂ ਦੇ ਦੌਰ 'ਤੇ ਨਿਗਾਹ ਮਾਰੀਏ ਤਾਂ ਲੁਧਿਆਣਾ ਦੀ ਢਲਾਈ ਤੇ ਲੋਹਾ ਇੰਡਸਟਰੀ 'ਚ ਮਾਲਕਾਂ ਦੀ ਲੁੱਟ, ਜਬਰ ਖਿਲਾਫ ਅਤੇ ਮਜ਼ਦੂਰ ਹੱਕਾਂ ਲਈ ਲੜ੍ਹਨ ਵਾਲੇ ਮਜ਼ਦੂਰ ਘੇਰੇ ਵਿੱਚ ਬਲਜਿੰਦਰ ਸਿੰਘ ਦਾ ਨਾਮ ਜਾਣਿਆਂ ਪਛਾਣਿਆ ਸੀ। ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ ਦਾ ਨਿਧੜਕ ਤੇ ਜੁਝਾਰ ਆਗੂ ਸੀ ਬਲਜਿੰਦਰ। ਜਿਸਨੇ ਆਪਣੀ ਜ਼ਿੰਦਗੀ ਦੇ 8-9 ਸੁਨਹਿਰੀ ਸਾਲ ਮਜ਼ਦੂਰ ਲਹਿਰ ਦੇ ਲੇਖੇ ਲਾਏ। 28 ਜਨਵਰੀ ਸ਼ਾਮ ਨੂੰ ਆਪਣੇ ਘਰ ਪਿੰਡ ਭੁੱਟਾ ਵਿਖੇ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਆਪਣੇ ਪਰਿਵਾਰ ਤੇ ਸੰਗੀ-ਸਾਥੀਆਂ ਨੂੰ ਵਿਛੋੜਾ ਦੇ ਗਏ। ਅਗਲੇ ਦਿਨ ਉਹਨਾਂ ਦੇ ਪਰਿਵਾਰ/ਰਿਸ਼ਤੇਦਾਰਾਂ, ਸੰਗੀ-ਸਾਥੀਆਂ ਤੇ ਮੋਲਡਰ ਯੂਨੀਅਨ ਦੀ ਮੌਜੂਦਾ ਲੀਡਰਸ਼ਿਪ ਨੇ ਉਨ੍ਹਾਂ ਦੇ ਭੌਤਿਕ ਸਰੀਰ ਨੂੰ ਲਾਲ ਝੰਡੇ 'ਚ ਲਪੇਟ ਕੇ ਅੰਤਿਮ ਵਿਦਾਇਗੀ ਦਿੱਤੀ।
ਕਿੰਨੀਆਂ ਹੀ ਸੰਘਰਸ਼ ਸਰਗਰਮੀਆਂ ਦੇ ਨਾਲ ਨਾਲ ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ ਅੰਦਰ ਉੱਠੇ ਮੰਦਭਾਗੇ ਗੁੱਟਬੰਦਕ ਤੇ ਦੁਫੇੜ ਪਾਊ ਰੁਝਾਨ ਖਿਲਾਫ ਅਤੇ ਫੁੱਟ ਨੂੰ ਰੋਕਣ, ਏਕਤਾ ਦੀ ਰਾਖੀ ਕਰਨ ਦੇ ਮਾਮਲੇ ਵਿੱਚ ਵੀ ਬਲਜਿੰਦਰ ਦਾ ਅਹਿਮ ਰੋਲ ਰਿਹਾ। ਬਲਜਿੰਦਰ ਤੇ ਪਹਿਲੀ ਆਗੂ ਟੀਮ ਦੇ ਉਸਦੇ ਸਾਥੀਆਂ ਦੀ ਸਖ਼ਤ ਘਾਲਣਾ ਤੇ ਜੱਦੋ-ਜਹਿਦ ਸਦਕਾ ਹੀ ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ ਖ਼ਰੀ ਤੇ ਖਾੜਕੂ ਜਥੇਬੰਦੀ ਦਾ ਅਕਸ ਉਭਰਿਆ ਹੈ। ਇਸ ਅਰਸੇ ਦੌਰਾਨ ਪੁਲਿਸ ਤੇ ਹਕੂਮਤ ਦਾ ਤਸ਼ੱਦਦ ਵੀ ਉਸਨੇ ਆਪਣੇ ਪਿੰਡੇ 'ਤੇ ਝੱਲਿਆ।
1986 'ਚ  ਵਿਆਹ ਕਰਵਾ ਕੇ ਆਪਣਾ ਘਰ ਵਸਾ ਲੈਣ ਤੋਂ ਬਾਅਦ ਵਿੱਚ ਰਵਾਇਤੀ ਜ਼ਿੰਦਗੀ ਚ ਪਰਤ ਗਿਆ ਤੇ ਪਹਿਲਾਂ ਵਾਲੀ ਸਰਗਰਮੀ ਤੇ ਭੂਮਿਕਾ ਜਾਰੀ ਨਹੀਂ ਰੱਖ ਸਕਿਆ , ਪ੍ਰੰਤੂ ਉਹ ਅੰਤ ਤੱਕ ਮਜ਼ਦੂਰ ਲਹਿਰ ਤੇ ਇਨਕਲਾਬੀ ਲਹਿਰ ਦਾ ਪ੍ਰਸ਼ੰਸਕ ਤੇ ਹਮਾਇਤੀ ਬਣਿਆ ਰਿਹਾ।
7 ਫ਼ਰਵਰੀ ਨੂੰ ਉਸਦੇ ਕਾਫਲੇ ਦੇ ਪੁਰਾਣੇ ਸੰਗੀਆਂ ਤੇ ਪਰਿਵਾਰਕ ਮੈਂਬਰਾਂ ਨੇ ਇੱਕ ਸ਼ੋਕ ਸਭਾ ਵਿੱਚ ਉਸਨੂੰ ਸ਼ਰਧਾਂਜਲੀ ਭੇਂਟ ਕੀਤੀ।
           -ਸੁਰਜੀਤ ਸਿੰਘ 
             (ਨਵਾਂ ਜ਼ਮਾਨਾ ਵਿੱਚ ਪ੍ਰਕਾਸ਼ਿਤ ਸ਼ਰਧਾਂਜਲੀ ਦੇ ਕੁਝ ਅੰਸ਼)

No comments:

Post a Comment