Sunday, May 7, 2017

(09) ਨਕਸਲਬਾੜੀ ਬਗਾਵਤ ਅਤੇ ਮਜ਼ਦੂਰ ਜਮਾਤ

ਨਕਸਲਬਾੜੀ ਕਿਸਾਨ ਬਗਾਵਤ ਨੇ ਕਿਸਾਨ ਲਹਿਰ ਦੀ ਉਸਾਰੀ ਲਈ ਮਜ਼ਦੂਰ ਜਮਾਤ ਦੀ ਅਗਵਾਈ ਅਤੇ ਮਜ਼ਦੂਰ ਕਿਸਾਨ ਏਕਤਾ ਦੀ ਅਹਿਮੀਅਤ ਉਭਾਰ ਕੇ ਸਾਹਮਣੇ ਲਿਆਂਦੀ। ਨਕਸਲਬਾੜੀ ਬਗਾਵਤ ਬਾਰੇ ਕਾਨੂੰ ਸਾਨਿਆਲ ਵੱਲੋਂ ਲਿਖੀ ਲੰਮੀ ਲਿਖਤ 'ਚੋਂ ਇਸ ਬਗਵਾਤ 'ਚ ਮਜ਼ਦੂਰ ਜਨਸਮੂਹਾਂ ਦੇ ਰੋਲ ਨਾਲ ਸੰਬੰਧਿਤ ਕੁਝ ਸੰਖੇਪ ਅੰਸ਼ ਛਾਪ ਰਹੇ ਹਾਂ: ਸੰਪਾਦਕ


      1955 ਤੋਂ 1957 ਦਾ ਦੂਜਾ ਪੜਾਅ ਨਕਸਲਬਾੜੀ ਇਲਾਕੇ ਦੇ ਮਜਦੂਰਾਂ ਤੇ ਕਿਸਾਨਾਂ ਦੇ ਸਾਂਝੇ ਜਮਾਤੀ ਘੋਲਾਂ ਦੇ ਵਿਕਾਸ ਦਾ ਸਮਾਂ ਸੀ। ਇਸ ਘੋਲਾਂ ਦੇ ਵਿਕਾਸ ਦਾ ਸਮਾਂ ਸੀ। ਇਹ ਘੋਲ ਦੀ ਉਚੇਰੀ ਪੱਧਰ ਸੀ। ਇਹ ਪੱਧਰ ਉਚੇਰੀ ਦੋ ਕਾਰਨਾਂ ਕਰਕੇ ਸੀ। ਮਜਦੂਰ ਕਿਸਾਨ ਏਕਤਾ ਕੇਵਲ ਨਾਅਰੇਬਾਜੀ ਹੀ ਨਹੀਂ ਸੀ, ਮਜਦੂਰ ਜਮਾਤ ਇਹ ਸਮਝਦੀ ਸੀ ਕਿ ਆਪਣੀ ਜਮਾਤ ਦੀਆਂ ਮੰਗਾਂ ਮੰਨਵਾਉਣ ਲਈ ਕਿਸਾਨੀ ਦੀ ਸਰਗਰਮ ਘੋਲ ਵਿਚ ਕਿਸਾਨੀ ਦੀ ਸਰਗਰਮ ਮਦਦ ਹਾਸਲ ਕੀਤੀ।ਸੰਖੇਪ 'ਚ ਮਜਦੂਰ ਜਮਾਤ ਅਤੇ ਕਿਸਾਨੀ ਦਾ ਪੱਕਾ ਗਠਜੋੜ ਦਾ ਵਿਕਾਸ ਜਮਾਤੀ ਘੋਲ ਰਾਹੀਂ ਹੋਇਆ। 1967 ਤੱਕ ਇਹ ਇਸੇ ਤਰ੍ਹਾਂ ਹੀ ਰਿਹਾ।......ਜਮਾਤੀ ਘੋਲ ਨੇ ਆਪ ਹੀ ਏਹਨਾਂ ਦੇ ਕਾਨੂੰਨੀ ਭਰਮਜਾਲ ਨੂੰ ਤੋੜਕੇ ਰੱਖ ਦਿੱਤਾ ਅਤੇ ਨਤੀਜੇ ਵਜੋਂ ਉਹਨਾਂ ਨੇ ਰਸਮੀ ਅਮਨ ਭਰਪੂਰ ਢੰਗਾਂ ਤੇ ਟੇਕ ਰੱਖਣ ਦੀ ਬਜਾਏ ਆਪਣੇ ਆਪ ਨੂੰ ਰਵਾਇਤੀ ਹਥਿਆਰਾਂ ਨਾਲ ਲੈਸ ਕਰ ਲਿਆ। ਸਾਲ 1955-56 ਨਕਸਲਬਾੜੀ ਦੇ ਮਜਦੂਰਾਂ ਕਿਸਾਨਾ ਦੇ ਯਾਦਗਾਰੀ ਸਾਲ ਸਨ। ।955 ਵਿਚ ਚਾਹ ਮਜਦੂਰਾਂ ਦੇ ਬੋਨਸ ਦੇ ਘੋਲ ਦੌਰਾਨ ਹਜਾਰਾਂ ਚਾਹ ਮਜਦੂਰਾਂ ਅਤੇ ਕਿਸਾਨਾਂ ਨੇ ਨਾ ਕੇਵਲ ਚਾਹ ਦੇ ਬਾਗਾਂ ਦੇ ਮਾਲਕਾਂ ਨੂੰ ਸਗੋਂ ਪੁਲਸ ਨੂੰ ਵੀ ਪਛਾੜ ਦਿੱਤਾ। ਹਥਿਆਰਬੰਦ ਮਜਦੂਰਾਂ ਤੇ ਕਿਸਾਨਾਂ ਨੇ ਬੋਨਸ ਦੀ ਲੜਾਈ ਨੂੰ ਰਾਜਨੀਤਕ ਲੜਾਈ ਵਿਚ ਬਦਲ ਦਿੱਤਾ...... ਜੂਨ ਤੋਂ ਦਸੰਬਰ 1966 ਵਿਚਕਾਰਲੇ ਸਮੇਂ ਨੂੰ ਨਕਸਲਬਾੜੀ ਬਗਾਵਤ ਲਈ ਇਕ ਹੁਲਾਰ-ਪੈੜਾ ਕਿਹਾ ਜਾ ਸਕਦਾ ਹੈ। ਜਿਲਾ ਤੇ ਸਥਾਨਕ ਪਾਰਟੀ ਕਾਡਰ ਨੇ ਚਾਹ ਕਾਮਿਆਂ ਅੰਦਰ ਜਰਈ ਇਨਕਲਾਬ ਦੀ ਸਿਆਸਤ ਦਾ ਪਰਚਾਰ ਕੀਤਾ। ਨਤੀਜੇ ਵਜੋਂ ਚਾਹ-ਕਾਮਿਆਂ ਅੰਦਰਲੇ ਪਾਰਟੀ ਮੈਂਬਰ ਅਤੇ ਸਥਾਨਕ ਚਾਹ-ਕਾਮੇ ਇਨਕਲਾਬੀ ਪਾਰਟੀ ਕਾਡਰ ਦੁਆਲੇ ਲਾਮਬੰਦ ਹੋ ਗਏ। ਇਕ ਪਾਸੇ ਸੋਧਵਾਦੀ ਯੂਨੀਅਨ ਲੀਡਰਾਂ ਵਿਰੁੱਧ ਮਜਦੂਰਾਂ ਦੀ ਅਸਤੁੰਸਟਤਾ ਅਤੇ ਦੂਜੇ ਪਾਸੇ ਆਰਥਕ ਸੰਕਟ ਨੇ ਮਜਦੂਰਾਂ ਨੂੰ ਘੋਲ ਵਲ ਧੱਕ ਦਿਤਾ। ਏਸ ਪੱਖੋਂ ਸਤੰਬਰ 1966 ਵਿਚ ਚਾਹ-ਸਨੱਅਤ ਵਿਚ ਨੌਂ ਦਿਨਾਂ ਦੀ ਆਮ ਹੜਤਾਲ ਨੇ ਨਕਸਲਬਾੜੀ ਬਗਾਵਤ ਲਈ ਤਿਆਰੀ ਦਾ ਰੋਲ ਨਿਭਾਇਆ ਅਤੇ ਚਾਹ-ਕਾਮਿਆਂ ਨੇ ਆਗੂ ਦਸਤੇ ਦਾ ਰੋਲ ਅਦਾ ਕੀਤਾ। ਜਦੋਂ ਨਾਲ ਜੁੜਵੇਂ ਜਲਪਾਈਗੁੜੀ ਜਿਲੇ ਵਿਚ ਚਾਹ-ਕਾਮਿਆਂ ਦੀ ਹੜਤਾਲ ਖਿੰਡ-ਪੁੰਡ ਗਈ ਸੀ ਤਾਂ ਦਾਰਜਲਿੰਗ ਜਿਲੇ ਦੇ ਚਾਹ-ਕਾਮਿਆਂ ਦੇ ਖਾੜਕੂ ਰੋਂਅ ਨੇ ਸੋਧਵਾਦੀ ਲੀਡਰਸਿਪ ਅੰਦਰ ਕੰਬਣੀ ਛੇੜ ਦਿਤੀ।ਉਸਨੇ  ਕਾਹਲੀ ਕਾਹਲੀ ਹੜਤਾਲ ਨੂੰ ਸਮੇਟਣ ਦਾ ਰਾਹ ਅਖਤਿਆਰ ਕੀਤਾ।ਦਾਰਜਲਿੰਗ ਜਿਲੇ ਵਿਚ ਸੰਨ 1965 ਦੀ ਹੜਤਾਲ ਨਾਲੋਂ ਵਧ ਪਸਾਰਾ ਸੀ। ਇਸ ਤੋਂ ਇਲਾਵਾ ਲਾਲ ਝੰਡਾ ਯੂਨੀਅਨ ਦੇ ਮਜਦੂਰਾਂ, ਹੋਰ ਯੂਨੀਅਨ ਦੇ ਮਜਦੂਰਾਂ ਅਤੇ ਇਥੋਂ ਤੱਕ ਕਿ ਚਾਹ-ਬਾਗਾਂ ਦੇ ਹਥਿਆਰਬੰਦ ਗਾਰਡਾਂ ਨੂੰ ਵੀ ਹੜਤਾਲ 'ਚ ਸਾਮਲ ਹੋਣਾ ਪਿਆ ਸੀ। ਪਹਾੜੀਆਂ ਵਿਚ ਪੁਲਸ ਨਾਲ ਝੜਪ ਦੌਰਾਨ ਪੁਲਸੀ ਗੋਲੀਆਂ ਨਾਲ ਇਕ ਮਜਦੂਰ ਦੀ ਮੌਤ 'ਤੇ ਮਜਦੂਰਾਂ ਅੰਦਰ ਬਦਲੇ ਦਾ ਰੋਂਅ ਏਨਾ ਭੱਖ ਗਿਆ ਕਿ ਸੋਧਵਾਦੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮੈਦਾਨਾਂ ਵਿਚ, ਭਾਵ ਨਕਸਲਬਾੜੀ ਵਿਚ, ਕਿਸਾਨ ਆਪਣੇ ਜੋਬਨ 'ਤੇ ਚੱਲ ਰਹੇ ਖੇਤੀ ਦੇ ਕੰਮ ਨੂੰ ਲਾਂਭੇ ਛੱਡ ਕੇ ਮਜਦੂਰਾਂ ਦੇ ਪੱਖ ਵਿਚ ਡੱਟ ਕੇ ਖੜ੍ਹ ਗਏ। ਬੁੱਕਲ ਦੇ ਸੱਪ ਨੂੰ ਦੁਰਕਾਰਦੇ ਹੋਏ ਹਥਿਆਰਬੰਦ ਮਜਦੂਰਾਂ ਤੇ ਕਿਸਾਨਾਂ ਨੇ ਹੜਤਾਲ ਜਾਰੀ ਰੱਖੀ ਅਤੇ ਪੁਲਸ ਨੂੰ ਪਿਛੇ ਹੱਟਣ ਲਈ ਮਜਬੂਰ ਕਰ ਦਿੱਤਾ।ਘੋਲ ਚਾਹ-ਕਾਮਿਆਂ ਦੀ ਆਰਥਕ ਮੰਗ ਦੀਆਂ ਹੱਦਾਂ ਅੰਦਰ ਸੀਮਤ ਨਾ ਰਹਿ ਗਿਆ ਬਲਕਿ ਮਜਦੂਰ ਜਮਾਤ ਤੇ ਕਿਸਾਨੀ ਦੀ ਸਿਆਸੀ ਜਦੋਜਹਿਦ ਵਿਚ ਤਬਦੀਲ ਹੋ ਗਿਆ। ਕਿਸੇ ਮੁੱਢਲੀ ਮੰਗ ਨੂੰ ਮੰਨਵਾਏ ਬਿਨਾਂ ਹੜਤਾਲ ਵਾਪਸ ਲੈ ਕੇ ਸੋਧਵਾਦੀ, ਮਜਦੂਰਾਂ ਵਿਚ ਕਿਤੇ ਵੱਧ ਨਿਖੜ ਗਏ। ਜਿਲਾ ਤੇ ਸਥਾਨਕ ਕਾਡਰ ਨੇ ਇਹ ਹਾਲਤ ਦਾ ਪੂਰਾ ਲਾਹਾ ਲਿਆ ਅਤੇ ਚਾਹ-ਬਾਗਾਂ ਦੀ ਯੂਨੀਅਨ ਦੀਆਂ ਬਰਾਂਚ-ਕਾਨਫਰੰਸਾਂ ਵਿਚੋਂ ਜਰਈ ਇਨਕਲਾਬ ਦੇ ਪਰੋਗਰਾਮ ਬਾਰੇ ਮਤਾ ਪਾਸ ਕਰ ਦਿਤਾ। ਪਹਾੜੀ ਚਾਹ-ਕਾਮਿਆਂ ਦੀ ਸਲਾਨਾ ਕਾਨਫਰੰਸ ਵਿਚ ਸੋਧਵਾਦੀ ਲੀਡਰਾ ਦੀ ਸਖਤ ਨੁਕਤਾਚੀਨੀ ਹੋਈ ਅਤੇ ਉਹਨਾ ਨੂੰ ਟਰੇਡ-:ਯੂਨੀਅਨਾਂ ਵਿਚੋਂ ਬਾਹਰ ਕੱਢ ਦਿਤਾ ਗਿਆ। ਨਕਸਲਬਾੜੀ ਵਿਚ ਚਾਹ-ਬਾਗਾਂ ਦੇ ਮਜਦੂਰਾਂ ਦੀ ਸਲਾਨਾ ਕਾਨਫਰੰਸ ਵਿਚ ਕਦਮ ਹੋਰ ਅੱਗੇ ਵਧ ਗਏ ਅਤੇ ਇਸਨੇ ਕਿਸਾਨਾਂ ਨੂੰ ਜਮੀਨ ਲਈ ਘੋਲ ਛੇੜ ਦੇਣ ਦਾ ਸੱਦਾ ਦੇ ਦਿੱਤਾ। ਜਨਤਕ ਜਥੇਬੰਦੀ ਤੇ ਜਨਤਕ ਘੋਲ ਦੇ ਸੰਬੰਧ ਵਿਚ ਪਾਰਟੀ ਕਾਡਰ ਦੇ ਦਰੁੱਸਤ ਕੰਮ-ਢੰਗ ਨੇ ਜਿਲੇ ਦੇ, ਅਤੇ ਨਾਲ ਹੀ ਨਕਸਲਬਾੜੀ ਇਲਾਕੇ ਦੇ ਮਜਦੂਰ-ਕਿਸਾਨਾਂ ਨੂੰ ਲਾਮਬੰਦ ਕਰਨ ਅਤੇ ਨਵੀਆਂ ਟਰੇਡ-ਯੂਨੀਅਨ ਉਸਾਰਨ ਅਤੇ ਉਨਾਂ ਨੂੰ ਘੋਲਾਂ ਵਿਚ ਪਾਉਣ ਵਿਚ ਮਦਦ ਕੀਤੀ। ਇਹ ਪਤਾ ਲੱਗਿਆ ਕਿ ਨਕਸਲਬਾੜੀ ਬਗਾਵਤ ਦੌਰਾਨ ਚਾਹ-ਕਾਮਿਆਂ ਨੇ ਕਿਸਾਨ ਘੋਲ ਦੀ ਹਮਾਇਤ ਵਿਚ ਤਿੰਨ ਵਾਰੀ ਆਮ ਹੜਤਾਲ ਕੀਤੀ।......ਚਾਹ-ਕਾਮਿਆ ਦੇ ਸਬੰਧਤ, 1966 ਦੇ ਘੋਲ ਨੇ ਕਿਸਾਨੀ 'ਤੇ ਏਨਾ ਜਬਰਜਸਤ ਪਰਭਾਵ ਪਾਇਆ ਕਿ ਉਸੇ ਸਾਲ ਦੇ ਨਵੰਬਰ-ਦਸੰਬਰ ਵਿਚ ਕਿਸਾਨਾਂ ਦੀ ਫਸਲਾਂ 'ਤੇ ਕਬਜਾ ਕਰਨ ਦੀ ਲਹਿਰ ਛਿੜ ਗਈ। ਇਹ ਲਹਿਰ ਤੇਜੀ ਨਾਲ ਸਾਰੇ ਨਕਸਲਬਾੜੀ ਇਲਾਕੇ ਵਿਚ ਫੈਲ ਗਈ । ਸੰਨ 1958-59 ਦੇ ਘੋਲ ਦੇ ਤਜਰਬੇ ਨੂੰ ਵਰਤੋਂ ਵਿਚ ਲਿਆਉਂਦੇ ਹੋਏ ਅਤੇ ਜਰਈ ਇਨਕਲਾਬ ਦੀ ਸਿਆਸਤ ਨਾਲ ਲੈਸ ਪੁਰ-ਜੋਸ ਹਥਿਆਰਬੰਦ ਮਜਦੂਰਾਂ ਤੇ ਕਿਸਾਨਾਂ ਨੇ ਜੋਤਦਾਰਾਂ ਅਤੇ ਚਾਹ-ਬਾਗਾਂ ਦੇ ਮਾਲਕਾਂ ਅੰਦਰ ਦਹਿਸਤ ਪੈਦਾ ਕਰ ਦਿਤੀ। ਹਜਾਰਾਂ ਜਥੇਬੰਦ ਹੋਏ ਹਥਿਆਰਬੰਦ ਕਿਸਾਨਾਂ ਨੇ ਧਾਨ ਦੀ ਕਟਾਈ ਕੀਤੀ ਤੇ ਬੰਦੂਕਾਂ ਵੀ ਖੋਹੀਆਂ ਅਤੇ ਇਹ ਕੁਝ ਬਿਨਾਂ ਕਿਸੇ ਭੇੜੂ ਟੋਲੀਆਂ ਦੇ ਵਾਪਰਿਆ। ਜਦੋ ਹਥਿਆਰਬੰਦ ਪੁਲਸ ਫੋਰਸ ਫਸਲਾਂ 'ਤੇ ਕਬਜਾ ਕਰਨ ਆਈ, ਤਾਂ ਸੈਕੜੇਂ ਹਥਿਆਰਬੰਦ ਚਾਹ-ਕਾਮਿਆਂ ਨੇ ਉਹਨਾਂ ਨੂੰ ਰੋਕਿਆ।...
... ਨਕਸਲਬਾੜੀ ਦੇ ਮਜਦੂਰਾਂ ਤੇ ਕਿਸਾਨਾਂ ਦਾ ਏਕਾ ਹੋਰ ਮਜਬੂਤ ਹੋ ਗਿਆ ਅਤੇ ਇਕ ਪਾਸੇ ਤਾਂ ਗਰੀਬ ਤੇ ਦਰਮਿਆਲੇ ਕਿਸਾਨਾਂ ਵਿਚਕਾਰ ਅਤੇ ਦੂਜੇ ਪਾਸੇ ਕੁਝ ਕੁਝ ਕੁ ਗੋਰੇ ਜਗੀਰਦਾਰਾਂ ਸਮੇਤ ਧਨੀ ਕਿਸਾਨਾਂ ਦੇ ਇਕ ਹਿੱਸੇ ਵਿਚਕਾਰ ਏਕੇ ਦਾ ਅਧਾਰ ਪੈਦਾ ਹੋ ਗਿਆ ਤੇ ਜੋਤੇਦਾਰਾਂ ਨਾਲ ਝੜਪਾਂ ਹੋਣ ਲੱਗ ਪਈਆਂ। ਜੋਤਦਾਰ ਮਜਦੂਰ ਤੇ ਕਿਸਾਨਾਂ ਦੇ ਰਲਵੇ ਸਾਂਝੇ ਟਾਕਰੇ ਸਾਹਮਣੇ ਪਿਛੇ ਹੱਟਣ ਲਈ ਮਜਬੂਰ ਹੋ ਗਏ।ਇਹਨਾ ਹਾਲਤਾਂ ਅੰਦਰ ਕਿਸਾਨੀ ਪਾਰਟੀ ਕਾਡਰ ਨੂੰ, ਜਰਈ ਇਨਕਲਾਬ ਦੇ ਅਮਲੀ ਕਾਰਜ ਦਾ ਐਲਾਨ ਕਰਨ ਲਈ ਮਜਬੂਰ ਕਰਨ ਲੱਗੀ। ਸਿੱਟੇ ਵਜੋਂ, ਜਮੀਨਾ 'ਤੇ ਕਬਜੇ ਦੇ ਸੁਝਾਅ ਧੜਾਧੜ ਅਨੇਕਾਂ ਇਲਾਕਾ ਕਾਨਫਰੰਸਾਂ ਵਿਚੋਂ ਆਉਣੇ ਸੁਰੂ ਹੋ ਗਏ ਅਤੇ ਇਹ ਗੱਲ 7 ਮਈ, 1967 ਨੂੰ ਹੋਈ ਮਜਦੂਰ ਤੇ ਕਿਸਾਨ ਦੀ ਸਾਝੀ ਤਸੀਲ ਕਾਨਫਰੰਸ ਵਿਚ ਪਰਗਟ ਹੋਈ।
7 ਮਈ, 1967 ਦੀ ਇਸ ਇਤਿਹਾਸਕ ਕਾਨਫਰੰਸ ਨੇ ਨਕਸਲਬਾੜੀ ਦੀ ਦੇਣ ਦਿਤੀ। ਨਕਸਲਬਾੜੀ ਦੀ ਕਿਸਾਨ ਬਗਾਵਤ ਦੇ ਰਚਣਹਾਰ ਮਜਦੂਰਾ ਤੇ ਕਿਸਾਨਾਂ ਦੇ ਜਨਤਕ ਘੋਲ ਨੇ ਇਸ ਬਗਾਵਤ ਨੂੰ ਜਨਮ ਦਿੱਤਾ। ਜਮੀਨ ਖੋਹਣ ਦੇ ਪਰੋਗਰਾਮ ਨੇ ਕਿਸਾਨੀ ਨੂੰ ਸਿਖਾਇਆ ਕਿ ਪੇਂਡੂ ਇਲਾਕਿਆਂ ਅੰਦਰ ਜੋਤਦਾਰਾਂ ਤੇ ਚਾਹ-ਬਾਗਾਂ ਦੇ ਮਾਲਕਾਂ ਦੀ ਤਾਕਤ ਤੇ ਸਿਆਸੀ ਦਾਬਾ ਭੰਨਕੇ ਅਤੇ ਇਸਦੀ ਥਾਂ ਇਨ੍ਹਾਂ ਇਲਾਕਿਆਂ ਅੰਦਰ ਮਜਦੂਰਾਂ ਤੇ ਕਿਸਾਨਾਂ ਦੀ ਤਾਕਤ ਤੇ ਸਿਆਸੀ ਦਾਬਾ ਸਥਾਪਤ ਕਰਕੇ ਹੀ ਜਰਈ ਇਨਕਲਾਬ ਦਾ ਕਾਰਜ ਨੇਪਰੇ ਚਾੜ੍ਹਿਆ ਜਾ ਸਕਦਾ ਹੈ। ਨਕਸਲਬਾੜੀ ਦਾ ਸਬਕ ਹੈ: ਜਰਈ ਇਨਕਲਾਬ ਦਾ ਮੁਖ ਤੱਤ ਕਿਸਾਨਾਂ ਨੂੰ ਜਮੀਨ ਵੰਡ ਕੇ ਦੇਣਾ ਹੈ; ਆਪਣੇ ਕਬਜੇ ਹੇਠਲੀ ਜਮੀਨ ਦੀ ਰਾਖੀ ਲਈ ਹੀ ਪੇਂਡੂ ਇਲਾਕਿਆ ਅੰਦਰ ਟਾਕਰੇ ਦਾ ਘੋਲ ਵਿਕਸਤ ਹੋਵੇਗਾ ਜਿਹੜਾ ਮੁੜਕੇ ਸਿਆਸੀ ਤਾਕਤ ਲਈ ਘੋਲ ਵਿਚ ਵਟ ਜਾਏਗਾ। ਇਸ ਲਈ ਜਮਹੂਰੀ ਇਨਕਲਾਬ ਜਾਂ ਜਰਈ ਇਨਕਲਾਬ ਦੇ ਪੜਾਅ ਅੰਦਰ ਜਮੀਨ ਲਈ ਘੋਲ ਤੇ ਸਿਆਸੀ ਤਾਕਤ ਲਈ ਘੋਲ ਆਪਸ ਵਿਚ ਗੁੰਦੇ ਜਾਂਦੇ ਹਨ।...
 ***

(10) ਚੀਨੀ ਇਨਕਲਾਬ ਤੇ ਆਧਾਰ ਇਲਾਕੇ ਉਸਾਰਨ ਦੀ ਨੀਤੀ

ਅਰਧ-ਬਸਤੀਵਾਦੀ ਅਤੇ ਅਰਧ-ਜਗੀਰੂ ਚੀਨ ਦੀ ਕੁਲ ਵੱਸੋਂ ਦਾ 80% ਤੋਂ ਵੱਧ ਭਾਗ ਕਿਸਾਨੀ ਸੀ ਉਹ ਸਾਮਰਾਜ, ਜਗੀਰਦਾਰੀ, ਨੌਕਰਸ਼ਾਹ-ਦਲਾਲ ਸਰਮਾਏਦਾਰੀ ਦੇ ਤੀਹਰੇ ਜਬਰ ਤੇ ਲੁੱਟ ਦਾ ਸਿਕਾਰ ਸੀ, ਅਤੇ ਉਹ ਇਨਕਲਾਬ ਲਈ ਅਤੇ ਜਪਾਨ ਵਿਰੁੱਧ ਟਾਕਰੇ ਲਈ ਚਾਹਵਾਨ ਸੀ। ਜੇ ਲੋਕ-ਜੁੱਧ ਜਿੱਤਣਾ ਸੀ ਤਾਂ ਕਿਸਾਨਾਂ ਉਤੇ ਟੇਕ ਰੱਖਣੀ ਜਰੂਰੀ ਸੀ।
ਪਹਿਲੇ ਇਨਕਲਾਬੀ ਘਰੋਗੀ ਜੁੱਧ ਸਮੇਂ ਸਾਥੀ ਮਾਓ ਜੇ-ਤੁੰਗ ਨੇ ਦੱਸਿਆ ਸੀ ਕਿ ਚੀਨੀ ਇਨਕਲਾਬ ਅੰਦਰ ਕਿਸਾਨਾਂ ਦੀ ਅੰਤਾਂ ਦੀ ਮਹੱਤਤਾ ਵਾਲੀ ਥਾਂ ਹੈ, ਸਾਮਰਾਜ ਤੇ ਜਗੀਰਦਾਰੀ ਵਿਰੁੱਧ ਸਰਮਾਏਦਾਰ ਜਮਹੂਰੀ ਇਨਕਲਾਬ ਅਸਲੋਂ ਇਕ ਕਿਸਾਨ ਇਨਕਲਾਬ ਸੀ, ਅਤੇ ਸਰਮਾਏਦਾਰ-ਜਮਹੂਰੀ ਇਨਕਲਾਬ ਅੰਦਰ ਚੀਨੀ ਪਰੋਲੇਤਾਰੀ ਜਮਾਤ ਦਾ ਬੁਨਿਆਦੀ ਕੰਮ ਕਿਸਾਨ ਘੋਲ ਨੂੰ ਅਗਵਾਈ ਦੇਣਾ ਹੈ।
ਜਪਾਨ ਵਿਰੁੱਧ ਟਾਕਰੇ ਦੇ ਜੁੱਧ ਸਮੇਂ ਸਾਥੀ ਮਾਓ ਜੇ-ਤੁੰਗ ਨੇ ਦੁਬਾਰਾ ਜੋਰ ਦਿੱਤਾ ਕਿ ਪਰੋਲੇਤਾਰੀ ਜਮਾਤ ਦੇ ਸਭ ਤੋਂ ਭਰੋਸੇਯੋਗ ਅਤੇ ਸਭ ਤੋਂ ਵੱਡੀ ਗਿਣਤੀ ਦੇ ਸੰਗੀ ਕਿਸਾਨ ਹਨ ਅਤੇ ਟਾਕਰੇ ਦੇ ਜੁੱਧ ਵਿਚ ਉਹ ਮੁੱਖ ਤਾਕਤ ਬਣਦੇ ਸਨ। ਚੀਨ ਦੀਆਂ ਫੌਜਾਂ ਵਾਸਤੇ ਬੰਦਿਆਂ ਦਾ ਮੁੱਖ ਸੋਮਾ ਕਿਸਾਨ ਸਨ। ਲਮਕਵੇਂ ਜੁੱਧ ਵਾਸਤੇ ਲੋੜੀਂਦੀਂ ਰਸ਼ਦ ਅਤੇ ਫੰਡ ਬਹੁਤਾ ਕਰਕੇ ਕਿਸਾਨਾਂ ਤੋਂ ਹੀ ਮਿਲਦੇ ਸਨ। ਜਪਾਨ ਵਿਰੋਧੀ ਜੁੱਧ ਵਿਚ ਮੁੱਖ ਤੌਰ 'ਤੇ ਟੇਕ ਕਿਸਾਨਾਂ ਉਤੇ ਰੱਖਣੀ ਅਤੇ ਉਨਾਂ ਨੂੰ ਵੱਡੇ ਪੈਮਾਨੇ ਉਤੇ ਜੁੱਧ ਵਿਚ ਸਾਮਲ ਹੋਣ ਲਈ ਉਭਾਰਨਾ ਲਾਜ਼ਮੀ ਸੀ।
ਜਪਾਨ ਵਿਰੁੱਧ ਟਾਕਰੇ ਦਾ ਜੁੱਧ ਸਾਡੀ ਪਾਰਟੀ ਦੀ ਅਗਵਾਈ ਵਿਚ ਅਸਲੋਂ ਇਕ ਕਿਸਾਨੀ ਦਾ ਇਨਕਲਾਬੀ ਜੁੱਧ ਸੀ। ਕਿਸਾਨ ਜਨਤਾ ਨੂੰ ਉਭਾਰਕੇ ਅਤੇ ਲਾਮਬੰਦ ਕਰਕੇ ਉਨ੍ਹਾਂ ਨੂੰ ਪਰੋਲੇਤਾਰੀ ਜਮਾਤ ਨਾਲ ਮੇਲ ਕੇ, ਸਾਡੀ ਪਾਰਟੀ ਨੇ ਸਭ ਤੋਂ ਤਕੜੇ ਵੈਰੀ ਨੂੰ ਹਰਾਉਣ ਲਈ ਇਕ ਬਲਵਾਨ ਤਾਕਤ ਪੈਦਾ ਕੀਤੀ।
ਕਿਸਾਨਾਂ ਉਤੇ ਟੇਕ ਰੱਖਣੀ, ਪੇਂਡੂ ਆਧਾਰ ਇਲਾਕੇ ਬਣਾਉਣੇ ਅਤੇ ਪਿੰਡਾਂ ਦੀ ਵਰਤੋਂ ਕਰਕੇ ਸ਼ਹਿਰਾਂ ਨੂੰ ਘੇਰਨਾ ਅਤੇ ਅਖੀਰ ਕਬਜੇ ਵਿਚ ਕਰਨਾ— ਚੀਨੀ ਇਨਕਲਾਬ ਦਾ ਜਿੱਤ ਦਾ ਏਹ ਰਾਹ ਸੀ। ਚੀਨੀ ਇਨਕਲਾਬ ਦੇ ਲੱਛਣਾਂ ਨੂੰ ਆਧਾਰ ਮੰਨ ਕੇ ਸਾਥੀ ਮਾਓ ਜ਼ੇ ਤੁੰਗ ਨੇ ਪੇਂਡੂ ਇਨਕਲਾਬੀ ਆਧਾਰ ਇਲਾਕੇ ਦੇ ਗੜ੍ਹ ਬਣਾਉਣ ਦੀ ਮਹੱਤਤਾ ਦੱਸੀ।
ਕਿਉਕਿ ਚੀਨ ਦੇ ਮੁੱਖ ਸ਼ਹਿਰ ਲੰਮੇ ਸਮੇਂ ਤੋਂ ਤਾਕਤਵਰ ਸਾਮਰਾਜਵਾਦੀਆਂ ਅਤੇ ਉਨ੍ਹਾਂ ਦੇ ਪਿੱਛੇ ਖਿੱਚੂ ਜੋਟੀਦਾਰਾਂ ਦੇ ਕਬਜੇ ਵਿਚ ਰਹੇ ਸਨ, ਇਨਕਲਾਬੀ ਦਸਤਿਆਂ ਲਈ ਇਹ ਲਾਜ਼ਮੀ ਸੀ ਕਿ ਉਹ ਪਿੱਛੜੇ ਹੋਏ ਪਿੰਡਾਂ ਨੂੰ ਉਨਤ ਅਤੇ ਪਰਪੱਕ ਅਧਾਰ ਇਲਾਕਿਆਂ ਵਿਚ, ਵੱਡੇ ਫੌਜੀ, ਰਾਜਸੀ, ਆਰਥਕ ਅਤੇ ਸਭਿਆਚਾਰਕ ਇਨਕਲਾਬ ਦੇ ਗੜ੍ਹਾਂ ਵਿਚ ਬਦਲ ਦੇਣ। ਜਿੱਥੋਂ ਸ਼ਹਿਰਾਂ ਨੂੰ ਵਰਤਕੇ ਪੇਂਡੂ ਇਲਾਕਿਆਂ ਉਤੇ ਧਾਵਾ ਬੋਲਦੇ ਦੁਸ਼ਟ ਵੈਰੀਆਂ ਨਾਲ ਲੜਿਆ ਜਾਵੇ, ਅਤੇ ਇਸ ਤਰ੍ਹਾਂ ਸਹਿਜੇ ਸਹਿਜੇ ਲਮਕਵੀਂ ਲੜਾਈ ਰਾਹੀਂ ਇਨਕਲਾਬ ਦੀ ਪੂਰਨ ਫਤਹਿ ਹਾਸਲ ਕੀਤੀ ਜਾਵੇ।ਜੇ ਉਹ ਸਾਮਰਾਜ ਅਤੇ ਉਸਦੇ ਚਾਟੜਿਆਂ ਨਾਲ ਸਮਝੋਤਾ ਨਹੀਂ ਕਰਨਾ ਚਾਹੁੰਦੇ ਸਗੋਂ ਉਹਨਾਂ ਨੇ ਲੜਦੇ ਰਹਿਣ ਦੀ ਧਾਰੀ ਹੋਈ ਹੈ ਅਤੇ ਜੇ ਉਹ ਆਪਣੀਆਂ ਤਾਕਤਾਂ ਨੂੰ ਉਸਾਰਨਾ ਅਤੇ ਕਾਠੀਆਂ ਕਰਨਾ ਚਾਹੁੰਦੇ ਹਨ ਅਤੇ ਉਨਾਂ ਚਿਰ ਤਾਕਤਵਰ ਵੈਰੀ ਨਾਲ ਫੈਸਲਾਕਰੂ ਲੜਾਈਆਂ ਤੋਂ ਟੱਲਣਾ ਚਾਹੁੰਦੇ ਹਨ, ਜਿੰਨਾ ਚਿਰ ਉਨ੍ਹਾਂ ਦੀ ਤਾਕਤ  ਨਾ-ਕਾਫੀ ਹੈ,ਤਾਂ ਉਨ੍ਹਾਂ ਲਈ ਇਹ ਕਰਨਾ ਲਾਜ਼ਮੀ ਹੈ। ਦੂਜੇ ਇਨਕਲਾਬੀ ਘਰੋਗੀ ਯੁੱਧ ਦੇ ਤਜਰਬੇ ਨੇ ਦੱਸਿਆ, ਜਦੋਂ ਸਾਥੀ ਮਾਓ ਜ਼ੇ ਤੁੰਗੀ ਦੀ ਇਸ ਯੁੱਧਨੀਤੀ ਦੀ ਧਾਰਨਾ ਨੂੰ ਲਾਗੂ ਕੀਤਾ ਗਿਆ ਤਾਂ ਇਨਕਲਾਬੀ ਤਾਕਤਾਂ ਅੰਦਰ ਅੰਤਾਂ ਦਾ ਵਾਧਾ ਹੋਇਆ ਅਤੇ ਇਕ ਤੋਂ ਪਿੱਛੋਂ ਦੂਜਾ ਲਾਲ ਇਲਾਕਾ ਬਣਦਾ ਗਿਆ। ਇਸ ਤੋਂ ਉਲਟ ਜਦੋਂ ਇਸ ਦੀ ਉਲੰਘਣਾ ਕੀਤੀ ਗਈ ਅਤੇ ''ਖੱਬੂ'' ਮੌਕਾਪ੍ਰਸਤਾਂ ਦੀਆਂ ਯੱਬਲੀਆਂ ਲਾਗੂ ਕੀਤੀਆਂ ਗਈਆਂ ਤਾਂ ਸ਼ਹਿਰਾਂ ਅੰਦਰ 100% ਅਤੇ ਪਿੰਡਾਂ ਅੰਦਰ 90% ਹਰਜ਼ਾ ਹੋਣ ਨਾਲ ਇਨਕਲਾਬੀ ਤਾਕਤਾਂ ਨੂੰ ਲੋਹੜਾ ਦਾ ਨੁਕਸਾਨ ਹੋਇਆ।
ਜਾਪਾਨ ਵਿਰੋਧੀ ਟਾਕਰੇ ਦੇ ਯੁੱਧ ਦੌਰਾਨ ਜਾਪਾਨੀ ਸਾਮਰਾਜੀ ਫੌਜਾਂ ਨੇ ਚੀਨ ਦੇ ਬਹੁਤ ਸਾਰੇ ਵੱਡੇ ਸ਼ਹਿਰਾਂ ਤੇ ਆਵਾਜਾਈ ਦੇ ਮੁੱਖ ਲਾਂਘਿਆਂ 'ਤੇ ਕਬਜ਼ਾ ਕਰ ਲਿਆ ਪਰ ਫੌਜੀ ਸਿਪਾਹੀਆਂ ਦੇ ਤੋੜੇ ਕਰਕੇ ਉਹ ਵਿਸ਼ਾਲ ਪੇਂਡੂ ਇਲਾਕੇ 'ਤੇ ਕਬਜ਼ਾ ਨਹੀਂ ਸੀ ਕਰ ਸਕਦੇ। ਜਿਹੜਾ ਵੈਰੀ ਦੇ ਰਾਜ ਦਾ ਕਮਜ਼ੋਰ ਪਾਸਾ ਰਿਹਾ। ਨਤੀਜੇ ਦੇ ਤੌਰ 'ਤੇ, ਪੇਂਡੂ ਆਧਾਰ ਇਲਾਕੇ ਬਣਾਉਣ ਦੀ ਸੰਭਾਵਨਾ ਹੋਰ ਵੀ ਵੱਧ ਹੋ ਗਈ। ਟਾਕਰੇ ਦਾ ਯੁੱਧ ਛਿੜਨ ਤੋਂ ਛੇਤੀ ਹੀ ਪਿੱਛੋਂ ਜਦੋਂ ਜਾਪਾਨੀ ਫੌਜਾਂ ਚੀਨ ਦੇ ਧੁਰ ਅੰਦਰ ਚੜ ਆਈਆਂ ਅਤੇ ਕੌਮਿਨਤਾਂਗੀ ਫੌਜਾਂ ਢਹਿਢੇਰੀ ਹੋ ਗਈਆਂ ਅਤੇ ਹਾਰ ਤੇ ਹਾਰ ਖਾ ਕੇ ਤਿੱਤਰ ਹੋ ਗਈਆਂ ਤਾਂ ਸਾਡੀ ਪਾਰਟੀ ਦੀ ਅਗਵਾਈ ਹੇਠਲੀਆਂ ਅੱਠਵੀਂ ਮਾਰਗ ਸੈਨਾ ਤੇ ਨਵੀਂ ਚੌਥੀ ਸੈਨਾ ਸਾਥੀ ਮਾਓ ਜ਼ੇ ਤੁੰਗ ਵੱਲੋਂ ਦੱਸੀ ਨੀਤੀ ਉਤੇ ਚੱਲੀਆਂ ਅਤੇ ਨਿਧੜਕ ਹੋ ਕੇ ਛੋਟੀਆਂ ਛੋਟੀਆਂ ਟੋਲੀਆਂ ਵਿੱਚ ਵੈਰੀਆਂ ਦੇ ਕਤਾਰਾਂ ਦੇ ਪਿਛਲੇ ਇਲਾਕਿਆਂ ਵਿੱਚ ਵੜ ਗਈਆਂ ਅਤੇ ਪਿੰਡਾਂ ਵਿੱਚ ਆਧਾਰ ਇਲਾਕੇ ਕਾਇਮ ਕੀਤੇ। ਯੁੱਣ ਦੇ ਅੱਠ ਸਾਲਾਂ ਦੇ ਦੌਰਾਨ ਅਸੀਂ ਉੱਤਰੀ, ਕੇਂਦਰੀ ਅਤੇ ਦੱਖਣੀ ਚੀਨ ਦੇ 19 ਜਾਪਾਨ ਵਿਰੋਧੀ ਆਧਾਰ ਇਲਾਕੇ ਕਾਇਮ ਕੀਤੇ। ਵੱਡੇ ਸ਼ਹਿਰਾਂ ਅਤੇ ਆਵਾਜਾਈ ਦੇ ਮੁੱਖ ਲਾਂਘਿਆਂ ਨੂੰ ਛੱਡ ਕੇ ਵੈਰੀ ਦੀ ਪਿੱਠ ਪਿਛਲਾ ਵਿਸ਼ਾਲ ਇਲਾਕਾ ਲੋਕਾਂ ਦੇ ਹੱਥਾਂ ਵਿੱਚ ਸੀ।
ਜਾਪਾਨ ਵਿਰੋਧੀ ਆਧਾਰ ਇਲਾਕਿਆਂ ਵਿੱਚ ਅਸੀਂ ਜਮਹੂਰੀ ਸੁਧਾਰ ਕੀਤੇ, ਲੋਕਾਂ ਦਾ ਰਹਿਣ ਸਹਿਣ ਸੁਧਾਰਿਆ ਅਤੇ ਕਿਸਾਨ ਜਨਤਾ ਨੂੰ ਲਾਮਬੰਦ ਅਤੇ ਜਥੇਬੰਦ ਕੀਤਾ। ਜਾਪਾਨ ਵਿਰੋਧੀ ਜਮਹੂਰੀ ਸਿਆਸੀ ਤਾਕਤ ਦੀਆਂ ਸੰਸਥਾਵਾਂ ਵਿਸ਼ਾਲ ਪੈਮਾਨੇ 'ਤੇ ਕਾਇਮ ਕੀਤੀਆਂ ਗਈਆਂ ਅਤੇ ਲੋਕਾਂ ਨੂੰ ਆਪਣੇ ਕਾਰਜ ਆਪ ਚਲਾਉਣ ਦੇ ਜਮਹੂਰੀ ਹੱਕ ਹਾਸਲ ਸਨ, ਨਾਲ ਦੀ ਨਾਲ ਅਸੀਂ ''ਵਾਜਬ ਭਾਰ'' ਅਤੇ ''ਲਗਾਨ ਅਤੇ ਵਿਆਜ ਦੀ ਕਮੀ'' ਦੀਆਂ ਨੀਤੀਆਂ ਚਲਾਈਆਂ, ਜਿਹਨਾਂ ਨੇ ਲੁੱਟ ਖਸੁੱਟ ਦੀਆਂ ਜਾਗੀਰੂ ਨੀਤੀਆਂ ਨੂੰ ਕਮਜ਼ੋਰ ਕੀਤਾ ਅਤੇ ਲੋਕਾਂ ਦਾ ਰਹਿਣ ਸਹਿਣ ਵਧੀਆ ਬਣਾਇਆ। ਨਤੀਜੇ ਦੇ ਤੌਰ 'ਤੇ ਵਿਸ਼ਾਲ ਜਨਤਾ ਦਾ ਉਤਸ਼ਾਹ ਖੂਬ ਜਾਗਿਆ, ਨਾਲੇ ਅੱਡ ਅੱਡ ਜਾਪਾਨ ਵਿਰੋਧੀ ਤਬਕਿਆਂ ਦਾ ਧਿਆਨ ਰੱਖਿਆ ਗਿਆ ਅਤੇ ਇਸ ਤਰ੍ਹਾਂ ਉਹ ਇੱਕਮੁੱਠ ਹੋ ਗਏ। ਆਧਾਰ ਇਲਾਕਿਆਂ ਵਾਸਤੇ ਨੀਤੀਆਂ ਘੜਨ ਵੇਲੇ ਅਸੀਂ ਇਹ ਵੀ ਖਿਆਲ ਰੱਖਿਆ ਕਿ ਵੈਰੀ ਦੇ ਕਬਜ਼ੇ ਹੇਠਲੇ ਇਲਾਕਿਆਂ ਵਿੱਚ ਇਹ ਸਾਡੇ ਕੰਮ ਲਈ ਸਹਾਈ ਹੋਣ।
ਵੈਰੀ ਦੇ ਕਬਜ਼ੇ ਹੇਠਲੇ ਸ਼ਹਿਰਾਂ ਅਤੇ ਪਿੰਡਾਂ ਅੰਦਰ ਅਸੀਂ ਕਾਨੂੰਨੀ ਅਤੇ ਗੈਰ ਕਾਨੂੰਨੀ ਘੋਲ ਨੂੰ ਮਿਲਾ ਕੇ ਚਲਾਇਆ, ਬੁਨਿਆਦੀ ਜਨਤਾ ਅਤੇ ਸਾਰੇ ਦੇਸ਼ਭਗਤਾਂ ਨੂੰ ਇਕਮੁੱਠ ਕੀਤਾ ਅਤੇ ਵੈਰੀ 'ਤੇ ਉਸਦੇ ਪਿੱਠੂਆਂ ਦੀ ਰਾਜਸੀ ਸੱਤਾ ਨੂੰ ਪਾੜਿਆ ਤੇ ਖਿੰਡਾਇਆ ਤਾਂ ਜੋ ਜਦੋਂ ਹਾਲਤਾਂ ਪੱਕ ਜਾਣ ਤਾਂ ਬਾਹਰੋਂ ਚਲਾਈਆਂ ਮੁਹਿੰਮਾਂ ਨਾਲ ਸਿੱਧਾ ਮੇਲ ਕੇ ਅੰਦਰਵਾਰੋਂ ਵੈਰੀ ਉਤੇ ਹੱਲਾ ਬੋਲਣ ਲਈ ਆਪਣੇ ਆਪ ਨੂੰ ਤਿਆਰ ਕਰ ਸਕੀਏ।
ਸਾਡੀ ਪਾਰਟੀ ਦੇ ਕਾਇਮ ਕੀਤੇ ਆਧਾਰ ਇਲਾਕੇ ਮੁਲਕ ਨੂੰ ਬਚਾਉਣ ਅਤੇ ਜਪਾਨ ਦਾ ਟਾਕਰਾ ਕਰਨ ਲਈ ਚੀਨੀ ਲੋਕਾਂ ਦੇ ਘੋਲ ਦਾ ਧੁਰਾ ਬਣੇ। ਇਨ੍ਹਾਂ ਅੱਡਿਆਂ ਦਾ ਆਸਰਾ ਲੈ ਕੇ ਸਾਡੀ ਪਾਰਟੀ ਨੇ ਲੋਕ ਇਨਕਲਾਬ ਨੂੰ ਵਧਾਇਆ ਅਤੇ ਮਜਬੂਤ ਬਣਾਇਆ, ਲਮਕਵੇਂ ਜੁੱਧ ਦੇ ਸਿਦਕ ਤੇ ਕਾਇਮ ਰਹੇ ਅਤੇ ਅੰਤ ਨੂੰ ਜਪਾਨ ਵਿਰੁੱਧੀ ਟਾਕਰੇ ਦੇ ਜੁੱਧ ਵਿਚ ਫਤਹਿ ਪਾਈ।
ਕੁਦਰਤੀ ਤੌਰ 'ਤੇ, ਇਨਕਲਾਬੀ ਅਧਾਰ ਇਲਾਕਿਆਂ ਨੂੰ ਵਧਾਉਣ ਫੈਲਾਉਣ ਦਾ ਕੰਮ ਸਾਵਾਂ ਚਲਣਾ ਅਸੰਭਵ ਸੀ। ਇਹ ਵੈਰੀ ਲਈ ਬੜਾ ਵੱਡਾ ਖਤਰਾ ਸਨ ਅਤੇ ਇਨ੍ਹਾਂ ਉਤੇ ਹਰ ਹਾਲ ਹੱਲਾ ਹੋਣਾ ਸੀ । ਇਸ ਲਈ ਉਨ੍ਹਾਂ ਦਾ ਵਾਧਾ ਫੈਲਣ, ਸੁੰਗੜਣ ਅਤੇ ਨਵੇਂ ਸਿਰਿਉ ਫੈਲਣ ਦਾ ਇਕ ਕਠਿਨ ਅਮਲ ਸੀ। 1937 ਅਤੇ 1940 ਦੇ ਦਰਮਿਆਨ ਜਪਾਨ ਵਿਰੋਧੀ ਅਧਾਰ ਇਲਾਕਿਆਂ ਦੀ ਅੰਦਰਲੀ ਵਸੋਂ ਵੱਧ ਕੇ 10 ਕਰੋੜ ਹੋ ਗਈ, ਪਰ 1941-42 'ਚ ਜਪਾਨੀ ਸਾਮਰਾਜੀਆਂ ਨੇ ਆਪਣੀਆਂ ਧਾੜਵੀ ਫੌਜਾਂ ਦਾ ਵੱਡਾ ਹਿੱਸਾ ਸਾਡੇ ਅਧਾਰ ਇਲਾਕਿਆਂ ਉਤੇ ਅੰਨ੍ਹੇਵਾਹ ਹਮਲੇ ਕਰਨ ਅਤੇ ਤਰਥੱਲ ਮਚਾਉਣ ਉਤੇ ਲਾ ਦਿੱਤਾ। ਏਸੇ ਸਮੇਂ ਕੌਮਨਤਾਂਗ ਨੇ ਵੀ ਇਨ੍ਹਾਂ ਅਧਾਰ ਇਲਾਕਿਆਂ ਨੂੰ ਘੇਰਾ ਪਾਇਆ, ਇਹਨਾਂ ਦੀ ਨਾਕਾਬੰਦੀ ਕੀਤੀ ਅਤੇ ਉਹ ਇਨ੍ਹਾਂ ਉਤੇ ਹੱਲਾ ਬੋਲਣ ਤੱਕ ਵੀ ਗਈ। ਸੋ 1942 ਤੱਕ, ਜਪਾਨ ਵਿਰੋਧੀ ਅਧਾਰ ਇਲਾਕੇ ਸੁੰਗੜ ਗਏ ਸਨ ਅਤੇ ਉਨ੍ਹਾਂ ਦੀ ਵਸੋਂ ਘੱਟ ਕੇ ਪੰਜ ਕਰੋੜ ਤੋਂ ਘੱਟ ਰਹਿ ਗਈ ਸੀ। ਜਨਤਾ ਉਤੇ ਪੂਰੀ ਟੇਕ ਰੱਖ ਕੇ, ਸਾਡੀ ਪਾਰਟੀ ਨੇ ਦ੍ਰਿੜਤਾ ਨਾਲ ਕਿੰਨੀਆਂ ਸਾਰੀਆਂ ਸਹੀ ਨੀਤੀਆਂ ਅਤੇ ਕਦਮ ਅਪਣਾਏ ਜਿਸਦੇ ਨਤੀਜੇ ਵੱਜੋਂ ਅੰਤਾਂ ਦੇ ਔਖੇ ਸਾਲਾਂ ਵਿਚ ਆਧਾਰ ਇਲਾਕੇ ਕਾਇਮ ਰਹੇ।...
ਟਾਕਰੇ ਦੇ ਯੁੱਧ ਸਮੇਂ ਕਾਇਮ ਕੀਤੇ ਇਨਕਲਾਬੀ ਆਧਾਰ ਇਲਾਕੇ ਮਗਰੋਂ ਸਾਡੇ ਮੁਕਤੀ ਦੇ ਲੋਕ ਯੁੱਧ ਵਾਸਤੇ ਹੁਲਾਰ ਪੈੜਾ ਬਣੇ, ਜਿਸ ਵਿੱਚ ਚੀਨੀ ਲੋਕਾਂ ਨੇ ਕੌਮਿਨਤਾਂਗੀ ਪਿੱਛਾਂਹ ਖਿੱਚੂਆਂ ਨੂੰ ਭਾਂਜ ਦਿੱਤੀ। ਮੁਕਤੀ ਯੁੱਧ ਵਿੱਚ ਅਸੀਂ ਪਹਿਲਾਂ ਪਿੰਡਾਂ ਵੰਨੀਓਂ ਸ਼ਹਿਰਾਂ ਨੂੰ ਘੇਰਨ ਤੇ ਫੇਰ ਸ਼ਹਿਰਾਂ ਉੱਤੇ ਕਬਜਾ ਕਰਨ ਦੀ ਨੀਤੀ ਜਾਰੀ ਰੱਖੀ ਅਤੇ ਇਸ ਤਰ੍ਹਾਂ ਕੌਮ ਵਿਆਪੀ ਜਿੱਤ ਹਾਸਲ ਕੀਤੀ।
ਲਿਨ ਪਿਆਓ ਦੀ ਲਿਖਤ ''ਲੋਕ ਯੁੱਧ ਦੀ ਜਿੱਤ ਅਮਰ ਰਹੇ'' 'ਚੋਂ ਕੁਝ ਅੰਸ਼


***

(11) ਪੰਜਾਬ ਦੀ ਸੰਗਰਾਮੀ ਲੋਕ ਲਹਿਰ ਤੇ ਨਕਸਲਬਾੜੀ ਸਿਆਸਤ


ਪੰਜਾਬ ਦੇ ਕਿਰਤੀ ਲੋਕਾਂ ਦੀ ਜੁਝਾਰ ਲਹਿਰ ਹਾਕਮ ਜਮਾਤਾਂ ਦੀਆਂ ਲੁਟੇਰੀਆਂ ਤੇ ਜਾਬਰ ਨੀਤੀਆਂ ਖਿਲਾਫ ਜਾਨ ਹੂਲਵੇਂ ਘੋਲਾਂ ਦੇ ਰਾਹ 'ਤੇ ਹੈ ਅਤੇ ਇਸ ਲਹਿਰ ਦਾ ਘੇਰਾ ਹੋਰ ਵਿਸ਼ਾਲ ਹੁੰਦਾ ਆ ਰਿਹਾ ਹੈ। ਆਰਥਕ ਸੁਧਾਰਾਂ ਦੇ ਨਾਂ ਥੱਲੇ ਲਾਗੂ ਹੋ ਰਹੀਆਂ ਸੰਸਾਰੀਕਰਨ ਦੀਆਂ ਨੀਤੀਆਂ ਨੇ ਸਭਨਾਂ ਮਿਹਨਤਕਸ਼ ਤਬਕਿਆਂ ਦਾ ਲਹੂ-ਮੁੜ੍ਹਕਾ ਨਚੋੜ ਸੁੱਟਿਆ ਹੈ। ਉਹ ਆਏ ਦਿਨ ਸੰਘਰਸ਼ਾਂ ਦੇ ਮੋਰਚੇ ਮੱਲ ਰਹੇ ਹਨ। ਲੋਕਾਂ ਕੋਲ ਜਥੇਬੰਦ ਹੋਣ ਤੇ ਸੰਘਰਸ਼ਾਂ ਦਾ ਪਰਚਮ ਲਹਿਰਾਉਣ ਤੋਂ ਬਿਨਾਂ ਕੋਈ ਰਾਹ ਨਹੀਂ ਬਚਦਾ। ਆਰਥਿਕ ਹਮਲਾ ਏਨਾ ਡੂੰਘਾ ਤੇ ਵਿਆਪਕ ਹੈ ਕਿ ਇਹ ਆਏ ਦਿਨ ਨਵੇਂ ਤੋਂ ਨਵੇਂ ਹਿੱਸਿਆਂ ਨੂੰ ਆਪਣੇ ਹੱਕਾਂ 'ਤੇ ਹੋਏ ਹਮਲੇ ਖਿਲਾਫ ਨਿੱਤਰਨ ਦੀ ਲੋੜ ਖੜ੍ਹੀ ਕਰ ਦਿੰਦਾ ਹੈ। ਅੱਜ ਪੰਜਾਬ 'ਚ ਸੈਂਕੜੇ ਛੋਟੀਆਂ ਵੱਡੀਆਂ ਜਥੇਬੰਦੀਆਂ ਹਨ। ਲੱਖਾਂ ਲੋਕ ਇਹਨਾਂ ਯੂਨੀਅਨਾਂ ਦੇ ਪ੍ਰਭਾਵ 'ਚ ਹਨ ਤੇ ਇਹਨਾਂ ਸੰਘਰਸ਼ਾਂ ਨਾਲ ਸਿੱਧੇ ਅਸਿਧੇ ਜੁੜੇ ਹੋਏ ਹਨ। ਨਵੇਂ ਤੋਂ ਨਵੇਂ ਤਬਕੇ ਯੂਨੀਅਨਾਂ ਬਣਾ ਰਹੇ ਹਨ। ਹਰ ਧੱਕੇ ਵਿਤਕਰੇ ਖਿਲਾਫ ਫੌਰੀ ਧਰਨਾ ਮੁਜਾਹਰਾ ਲੋਕਾਂ ਦੇ ਰੋਹ ਪ੍ਰਗਟਾਵੇ ਦਾ ਸਥਾਪਿਤ ਤਰੀਕਾ ਬਣ ਗਿਆ ਹੈ। ਪਿਛਲੇ ਸਾਲਾਂ 'ਚ ਪੰਜਾਬ 'ਚ ਲੜੇ ਗਏ ਜਨਤਕ ਸੰਘਰਸ਼ਾਂ ਦਾ ਅਸਰ ਪੰਜਾਬ ਦੇ ਕਿਰਤੀ ਲੋਕਾਂ ਦੀ ਚੇਤਨਾ 'ਤੇ ਉਕਰਿਆ ਸਾਫ਼ ਦਿਖਦਾ ਹੈ। ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਲਹਿਰ ਭਰ ਜੋਬਨ ਵੱਲ ਵਧ ਰਹੀ ਹੈ। ਸਮਾਜ ਦੀਆਂ ਬੁਨਿਆਦੀ ਮਿਹਨਤਕਸ਼ ਜਮਾਤਾਂ (ਖੇਤ ਮਜਦੂਰ ਤੇ ਕਿਸਾਨ) ਇਸ ਲਹਿਰ ਦੇ  ਕੇਂਦਰ 'ਚ ਹਨ ਤੇ ਇਹਨਾਂ ਦਾ ਸਮਾਜ ਦੇ ਹੋਰਨਾਂ ਮਿਹਨਤਕਸ਼ ਤਬਕਿਆਂ ਨਾਲ ਸਹਿਯੋਗ ਦਾ ਸੰਗਰਾਮੀ ਰਿਸ਼ਤਾ ਵਿਕਸਿਤ ਹੋ ਰਿਹਾ ਹੈ। ਪੰਜਾਬ ਦੀ ਇਸ ਜੁਝਾਰ ਲੋਕ ਲਹਿਰ ਦੀ ਉਸਾਰੀ 'ਚ ਕਮਿਊਨਿਸਟ ਇਨਕਲਾਬੀਆਂ (ਨਕਸਲਬਾੜੀ) ਦੀ ਸਿਆਸਤ ਦੀ ਸੇਧ ਦਾ ਅਹਿਮ ਤੇ ਮੋਹਰੀ ਰੋਲ ਹੈ। ਅਜਿਹੀ ਲਹਿਰ ਉਸਾਰਨ 'ਚ ਕਮਿ. ਇਨਕਲਾਬੀ ਸ਼ਕਤੀਆਂ ਦੀ ਦਹਾਕਿਆਂ ਤੋਂ ਅਣਥੱਕ ਘਾਲਣਾ ਹੈ। ਲੋਕਾਂ ਦੀਆਂ ਜਥੇਬੰਦੀਆਂ ਬਣਾਉਣ, ਉਹਨਾਂ ਨੂੰ ਸਹੀ ਸੇਧ ਦੇਣ ਤੇ ਲਗਾਤਾਰ ਉਸਾਰਦੇ ਜਾਣ ਦੇ ਕਾਰਜ 'ਚ ਨਕਸਲਬਾੜੀ ਦੀ ਸਿਆਸਤ ਨੂੰ ਪ੍ਰਣਾਈਆਂ ਕਮਿ. ਇਨਕਲਾਬੀ ਸ਼ਕਤੀਆਂ ਨੇ ਆਪਣਾ ਲਹੂ ਤੇ ਮੁੜ੍ਹਕਾ ਵਹਾਇਆ ਹੈ। ਪਿਛਲੇ ਦਹਾਕਿਆਂ 'ਚ ਲੜੇ ਗਏ ਵੱਡੇ ਜਨਤਕ ਸੰਗਰਾਮਾਂ ਦੀਆਂ ਮੋਹਰੀ ਸਫਾਂ 'ਚ ਕਮਿ. ਇਨਕਲਾਬੀ ਘੁਲਾਟੀਆਂ ਦੀ ਉਭਰਵੀਂ ਭੂਮਿਕਾ ਰਹੀ ਹੈ ਤੇ ਉਹਨਾਂ ਨੇ ਲੋਕਾਂ ਦੀ ਲਹਿਰ ਦੇ ਜੁਝਾਰੂ ਕਿਰਦਾਰ ਤੇ ਜਮਹੂਰੀ ਇਨਕਲਾਬੀ ਸੇਧ ਦੀ ਸਥਾਪਤੀ ਲਈ ਲਗਾਤਾਰ ਯਤਨ ਜੁਟਾਏ ਹਨ। ਲੋਕਾਂ ਦੀ ਲਹਿਰ ਨੂੰ ਅਜਿਹੇ ਮੁਕਾਮ 'ਤੇ ਪਹੁੰਚਾਉਣ 'ਚ ਕਮਿ. ਇਨਕਲਾਬੀਆਂ ਨੇ ਵੱਖ ਵੱਖ ਮੋੜਾਂ ਤੇ ਅਹਿਮ ਦੌਰਾਂ 'ਚ ਆਪਣੇ ਵਿਚਾਰਾਂ ਨਾਲ ਲਹਿਰ ਦਾ ਮਾਰਗ ਰੋਸ਼ਨ ਕੀਤਾ ਹੈ। ਚਾਹੇ ਹਾਕਮ ਜਮਾਤਾਂ ਵੱਲੋਂ ਲੋਕਾਂ 'ਤੇ ਬੋਲੇ ਫਿਰਕਾਪ੍ਰਸਤੀ ਦੇ ਹਮਲੇ ਤਹਿਤ ਖਾਲਿਸਤਾਨੀ ਦਹਿਸ਼ਤਗਰਦੀ ਤੇ ਹਕੂਮਤੀ ਜਬਰ ਖਿਲਾਫ ਜੂਝਣ ਦਾ ਸਵਾਲ ਹੋਵੇ ਤੇ ਚਾਹੇ ਹਕੂਮਤੀ ਕਾਲੇ ਕਾਨੂੰਨਾਂ ਤੇ ਜਾਬਰ ਹੱਲਿਆਂ ਖਿਲਾਫ ਲੋਕਾਂ ਦੀ ਜਮਹੂਰੀ ਲਹਿਰ ਉਸਾਰੀ ਦੀ ਉਭਰੀ ਲੋੜ ਹੋਵੇ, ਅਜਿਹੇ ਸਭਨਾਂ ਅਹਿਮ ਮੋੜਾਂ 'ਤੇ ਨਕਸਲਬਾੜੀ ਦੀ ਸਿਆਸਤ ਦੀ ਮਿਸ਼ਾਲ ਨੇ ਲੋਕਾਂ ਦੀ ਲਹਿਰ ਦੀ ਮੂਹਰੇ ਹੋ ਕੇ ਅਗਵਾਈ ਕੀਤੀ ਹੈ। ਇਹ ਨਕਸਲਬਾੜੀ ਸਿਆਸਤ ਦੇ ਸਹੀ ਰੁਝਾਨ ਦੀਆਂ ਨੀਤੀਆਂ ਦਾ ਪੂਰ ਹੀ ਹੈ ਜਿਹੜੇ ਹਾਕਮ ਜਮਾਤੀ ਵੋਟ ਸਿਆਸਤ ਦੇ ਹਮਲੇ ਤੋਂ ਲੋਕਾਂ ਦੀ ਲਹਿਰ ਦੇ ਨਰੋਏ ਜੁੱਸੇ ਦੀ ਰਾਖੀ ਲਈ ਲਹਿਰ ਦੇ ਘੁਲਾਟੀਆਂ ਨੂੰ ਤੇ ਸੰਘਰਸ਼ਸ਼ੀਲ ਜਨਤਾ ਨੂੰ ਚੇਤਨ ਕਰਦਾ ਆਇਆ ਹੈ ਤੇ ਲੋਕਾਂ ਦੇ ਹੱਕਾਂ ਦੀ ਲਹਿਰ ਦੀਆਂ ਸਭ ਤੋਂ ਹੋਣਹਾਰ ਤੇ ਨਰੋਈਆਂ ਟੁਕੜੀਆਂ ਇਸ ਹਮਲੇ 'ਚਂੋ ਸਾਬਤ ਕਦਮੀਂ ਨਿੱਕਲਦੀਆਂ ਆਈਆਂ ਹਨ। ਅੱਜ ਇਸ ਮੋੜ ਤੱਕ ਪੁੱਜੀ ਲਹਿਰ ਦੇ ਅਗਲੇਰੇ ਪੜਾਅ ਦਾ ਭਵਿੱਖ ਵੀ ਨਕਸਲਬਾੜੀਆਂ ਕੋਲ ਹੈ। ਹਾਕਮ ਜਮਾਤਾਂ ਵੱਲੋਂ ਲੋਕਾਂ 'ਤੇ ਬੋਲੇ ਹੋਏ ਆਰਥਕ ਤੇ ਖੂਨੀ ਧਾਵਿਆਂ ਨਾਲ ਟੱਕਰਨ ਲਈ ਜਿਸ ਜੁਝਾਰ ਦਿਸ਼ਾ 'ਚ ਅੱਗੇ ਵਧਣ ਦੀ ਜਰੂਰਤ ਹੈ ਉਹ ਨਕਸਲਬਾੜੀਆਂ ਕੋਲ ਹੈ। ਇਸ ਦਿਸ਼ਾ ਤੋਂ ਬਿਨਾਂ ਪੰਜਾਬ ਦੀ ਲੋਕ ਲਹਿਰ ਭਟਕਣਾਂ ਤੇ ਖਿੰਡਾਅ ਦਾ ਸ਼ਿਕਾਰ ਹੋਣ ਲਈ ਸਰਾਪੀ ਜਾਵੇਗੀ। ਖਾਸ ਕਰ ਜਬਰ ਦੇ ਹਥਿਆਰ ਦੀ ਵਰਤੋਂ ਦੇ ਨਾਲ ਨਾਲ ਫਿਰਕਾਪ੍ਰਸਤੀ, ਇਲਾਕਾਪ੍ਰਸਤੀ ਤੇ ਜਾਤਪ੍ਰਸਤੀ ਵਰਗੇ ਭਟਕਾਊ ਹਥਿਆਰਾਂ 'ਤੇ ਵਧਦੀ ਟੇਕ ਨਾਲ ਪੈਦਾ ਹੋ ਰਹੀਆਂ ਗੁੰਝਲਦਾਰ ਹਾਲਤਾਂ ਦਾ ਟਾਕਰਾ ਕਰਨ ਲਈ ਨਕਸਲਬਾੜੀ ਦੀ ਸਿਆਸਤ ਦੀ ਦਰੁਸਤ ਸੇਧ ਅਤਿ ਲੋੜੀਂਦੀ ਹੈ।
ਪੰਜਾਬ ਦੀ ਠੋਸ ਹਾਲਤ ਦੇ ਫੌਰੀ ਪ੍ਰਸੰਗ 'ਚ ਇਹ ਸੇਧ ਸੰਸਾਰੀਕਰਨ ਦੇ ਹਮਲੇ ਖਿਲਾਫ ਵੱਖ ਵੱਖ ਮਿਹਨਤਕਸ਼ ਤਬਕਿਆਂ ਦੇ ਸਾਂਝੇ, ਦ੍ਰਿੜ ਤੇ ਖਾੜਕੂ ਘੋਲਾਂ ਦੀ ਸੇਧ ਹੈ। ਵਿਸ਼ਾਲ ਕਿਰਤੀ ਜਨਤਾ ਦੇ ਏਕੇ ਦਾ ਯੱਕ ਬੰਨ੍ਹਣਾ ਤੇ ਉਸ ਦੇ ਵੱਡੇ ਹਿੱਸੇ ਨੂੰ ਘੋਲ ਦੇ ਮੈਦਾਨ 'ਚ ਲੈ ਆਉਣ ਦੀ ਸੇਧ ਹੈ। ਪੰਜਾਬ ਦੇ ਵੱਖ ਵੱਖ ਸੰਘਰਸਸ਼ੀਲ ਕਿਰਤੀ ਤਬਕਿਆਂ ਦਾ ਆਪੋ ਆਪਣੀਆਂ ਤਬਕਾਤੀ ਮੰਗਾਂ ਤੋਂ  ਅਗੇ ਵੱਧ ਕੇ ਸਾਂਝੀਆਂ ਬੁਨਿਆਦੀ ਮੰਗਾਂ ਲਈ ਸੰਘਰਸ਼ਾਂ ਤੱਕ ਪਹੁੰਚਣਾ ਇਸ ਲਹਿਰ ਦਾ ਨੇੜ ਭਵਿੱਖੀ ਟੀਚਾ ਬਣਦਾ ਹੈ। ਪੰਜਾਬ ਦੀ ਜਨਤਕ ਲਹਿਰ ਦੇ ਅਗਲੇ ਵਧਾਰੇ ਦਾ ਚੌਖਟਾ ਸਾਮਰਾਜ ਵਿਰੋਧੀ ਤੇ ਜਾਗੀਰਦਾਰੀ ਵਿਰੋਧੀ ਜਨਤਕ ਘੋਲਾਂ ਦਾ ਚੌਖਟਾ ਹੈ। ਇਸ ਚੌਖਟੇ ਤੋਂ ਬਿਨਾਂ ਪੰਜਾਬ ਦੀ ਜਨਤਕ ਲਹਿਰ ਨਿਗੂਣੀਆਂ ਆਰਥਕ ਰਿਆਇਤਾਂ ਦੇ ਗਧੀ-ਗੇੜ 'ਚ ਰਹੇਗੀ ਤੇ ਲੋਕਾਂ ਦੇ ਆਰਥਕ ਜਮਹੂਰੀ ਤੇ ਸਿਆਸੀ ਹਿਤਾਂ ਦੀ ਰਾਖੀ ਤੋਂ ਅਸਮਰੱਥ ਹੋ ਨਿੱਬੜੇਗੀ।
ਅੱਜ ਪੰਜਾਬ ਦੇ ਕਿਰਤੀ ਲੋਕਾਂ ਦੇ ਵੱਖ ਵੱਖ ਤਬਕੇ ਸੰਸਾਰੀਕਰਨ ਦੇ ਹੱਲੇ 'ਚੋਂ ਨਿੱਕਲਦੀਆਂ ਆਪੋ-ਆਪਣੀਆਂ ਮੰਗਾਂ 'ਤੇ ਜੂਝ ਰਹੇ ਹਨ। ਹਕੂਮਤੀ ਫੈਸਲਿਆਂ ਨਾਲ ਫੌਰੀ ਤੌਰ 'ਤੇ ਆਰਥਿਕ ਹਿੱਤਾਂ ਨੂੰ ਵਜਦੀ ਸੱਟ ਤਾਂ ਲੋਕ ਚੇਤਨਾ ਦੇ ਸਰੋਕਾਰਾਂ 'ਚ ਥਾਂ ਮੱਲਦੀ ਹੈ। ਅਜਿਹੇ ਫੈਸਲੇ ਰੋਹ ਵੀ ਜਗਾਉਂੇਦੇ ਹਨ ਤੇ ਫੌਰੀ ਤੌਰ ਤੇ ਵੱਡੀਆਂ ਲਾਮਬੰਦੀਆਂ ਦਾ ਕਾਰਨ ਵੀ ਬਣਦੇ ਹਨ, ਪਰ ਇਹਨਾਂ ਫੈਸਲਿਆਂ ਪਿੱਛੇ ਕੰਮ ਕਰਦੀ ਨੀਤੀ ਅਜੇ ਰੋਸ ਪੈਦਾ ਨਹੀਂ ਕਰਦੀ ਤੇ ਲੋਕਾਂ ਦੇ ਸੰਘਰਸ਼ ਦੇ ਨਿਸ਼ਾਨੇ 'ਤੇ ਨਹੀਂ ਆਉਂਦੀ। ਜਨ-ਸਮੂਹਾਂ ਦੀ ਚੇਤਨਾ ਅਜੇ ਫੌਰੀ ਆਰਥਕ ਹਿਤਾਂ ਦੇ ਦਾਇਰੇ 'ਚ ਸੀਮਤ ਹੈ। ਲੋਕ ਚੇਤਨਾ 'ਚ ਹਾਕਮ ਜਮਾਤਾਂ ਦੀਆਂ ਸੰਸਾਰੀਕਰਨ ਦੀਆਂ ਲੁਟੇਰੀਆਂ ਨੀਤੀਆਂ ਨੂੰ ਸਮੁੱਚੇ ਤੌਰ 'ਤੇ ਸਥਾਪਿਤ ਕਰਨ ਦਾ ਅਹਿਮ ਕਾਰਜ ਦਰਪੇਸ਼ ਹੈ। ਅਜੇ ਇਹਨਾਂ ਨੀਤੀਆਂ ਦੇ ਅਸਰ ਲੋਕਾਂ ਦੇ ਨਿਸ਼ਾਨੇ 'ਤੇ ਹਨ ਪਰ ਇਹਨਾਂ ਨੀਤੀਆਂ ਦੇ ਸਮੁੱਚੇ ਤੌਰ 'ਤੇ ਘੋਲਾਂ ਦਾ ਨਿਸ਼ਾਨਾ ਬਣਨ ਨਾਲ ਹੀ ਵਡੇਰੀ ਏਕਤਾ ਤੇ ਤਿੱਖੇ ਘੋਲਾਂ ਦਾ ਅਗਲਾ ਪੜਾਅ ਆਉਣਾ ਹੈ। ਇਹਨਾਂ ਨੀਤੀਆਂ ਦਾ ਸਾਂਝਾ ਹਵਾਲਾ ਹੀ ਤਬਕਾਤੀ ਹੱਦ-ਬੰਦੀਆਂ ਪੂਰੀ ਤਰ੍ਹਾਂ ਤੋੜ ਸਕਦਾ ਹੈ, ਲੋਕਾਂ ਦੀ ਲਹਿਰ ਲਈ ਵਡੇਰੀਆਂ ਆਰਥਕ-ਸਿਆਸੀ ਪ੍ਰਾਪਤੀਆਂ ਦਾ ਰਾਹ ਖੋਲ੍ਹ ਸਕਦਾ ਹੈ। ਪੰਜਾਬ ਦੀ ਲੋਕ ਲਹਿਰ ਦੇ ਵਿਕਾਸ ਦੀ ਇਹ ਸੇਧ ਨਕਸਲਬਾੜੀ ਸਿਆਸਤ ਦੀਆਂ ਨੀਤੀਆਂ 'ਚੋਂ ਹੀ ਨਿੱਕਲਦੀ ਹੈ।
ਪੰਜਾਬ ਦੀ ਜੁਝਾਰ ਜਨਤਕ ਲਹਿਰ ਦਾ ਅਗਲਾ ਸਫਰ ਇਸ ਪੱਖ 'ਤੇ ਵਿਸ਼ੇਸ਼ ਕਰਕੇ ਨਿਰਭਰ ਕਰਦਾ ਹੈ ਕਿ ਪੰਜਾਬ ਦੇ ਕਿਸਾਨਾਂ-ਖੇਤ ਮਜ਼ਦੂਰਾਂ ਦੀ ਲਹਿਰ ਦਾ ਅਗਲਾ ਕਦਮ ਵਧਾਰਾ ਕਿਵੇਂ ਹੁੰਦਾ ਹੈ। ਪੰਜਾਬ ਦੀ ਕਿਸਾਨ-ਖੇਤ ਮਜ਼ਦੂਰ ਲਹਿਰ ਦੇ ਅਗਲੇਰੇ ਵਿਕਾਸ ਲਈ ਮਾਰਗ ਦਰਸ਼ਨ ਕਮਿ. ਇਨ. ਸਿਆਸਤ ਹੀ ਕਰ ਸਕਦੀ ਹੈ। ਪੰਜਾਬ ਦੀ ਮਾਲਕ ਕਿਸਾਨੀ ਤੇ ਖੇਤ ਮਜ਼ਦੂਰਾਂ ਦੀ ਜੁਝਾਰ ਲਹਿਰ ਇਸ ਸਿਆਸਤ ਤੋਂ ਰੌਸ਼ਨੀ ਲੈਂਦਿਆਂ ਪਹਿਲਾਂ ਹੀ ਜਗੀਰੂ ਲੁਟ-ਖਸੁੱਟ ਖਿਲਾਫ ਤਿੱਖੇ ਤੇ ਲਮਕਵੇਂ ਘੋਲਾਂ ਦੇ ਰਾਹ ਪੈਣ ਦਾ ਇੱਕ ਅਮਲ ਹੰਢਾ ਰਹੀ ਹੈ। ਖੇਤ ਮਜ਼ਦੂਰਾਂ ਤੇ ਗਰੀਬ ਕਿਸਾਨਾਂ ਦੇ ਹੱਕ 'ਚ ਜ਼ਮੀਨ ਦੀ  ਮੁੜ-ਵੰਡ ਦੇ ਨਾਅਰੇ ਦੁਆਲੇ ਵਿਸ਼ਾਲ ਤੇ ਵੱਡੀਆਂ ਲਾਮਬੰਦੀਆਂ ਤੇ ਲਮਕਵੇਂ ਖਾੜਕੂ ਘੋਲਾਂ ਦੇ ਰਾਹ ਅੱਗੇ ਵਧਣਾ ਪੰਜਾਬ ਦੀ ਕਿਸਾਨ ਲਹਿਰ ਦਾ ਫੌਰੀ ਟੀਚਾ ਬਣਦਾ ਹੈ। ਸੂਦਖੋਰੀ ਦੇ ਖਾਤਮੇ ਲਈ ਕਿਸਾਨੀ ਘੋਲ ਵੀ ਜਮੀਨ ਪ੍ਰਾਪਤੀ ਲਈ ਘੋਲਾਂ ਦਾ ਅੰਗ ਬਣ ਕੇ ਹੀ ਅੱਗੇ ਵਧਣੇ ਹਨ। ਇਉਂ ਪੰਜਾਬ ਦੇ ਕਿਸਾਨ ਘੋਲਾਂ ਦਾ ਅਗਲੇਰਾ ਵਿਕਾਸ ਜਗੀਰਦਾਰੀ ਵਿਰੋਧੀ ਜ਼ਰੱਈ ਇਨਕਲਾਬੀ ਲਹਿਰ  ਦੀ ਸੇਧ 'ਚ ਹੀ ਅੱਗੇ ਵਧ ਸਕਦਾ ਹੈ। ਇਸ ਸੇਧ ਨੂੰ ਲਾਗੂ ਕਰਨ ਦਾ ਫੌਰੀ ਅਰਥ ਪੰਜਾਬ ਦੀ ਖੇਤ ਮਜ਼ਦੂਰ ਲਹਿਰ ਦੀ ਹੋਰ ਮਜਬੂਤੀ ਤੇ ਵਿਕਾਸ ਹੈ ਜਿਸ ਨਾਲ ਉਹ ਪੰਜਬ ਦੇ ਜਮਾਤੀ ਘੋਲਾਂ ਦੇ ਦ੍ਰਿਸ਼ 'ਤੇ ਮੋਹਰੀ ਸ਼ਕਤੀ ਵਜੋਂ Àੁੱਭਰ ਕੇ ਆਵੇ। ਇਸ ਦਾ ਮਾਲਕ-ਕਿਸਾਨੀ ਦੀ ਲਹਿਰ ਨਾਲ ਇੱਕਜੁੱਟ ਤੇ ਮਜਬੂਤ ਰਿਸ਼ਤਾ ਵਿਕਸਤ ਹੋਣਾ ਹੈ। ਇਸ ਰਿਸ਼ਤੇ 'ਚ ਆਉਂਦੇ ਜਾਤਪਾਤੀ ਤੁਅੱਸਬਾਂ ਤੇ ਨਫਰਤ ਨੂੰ ਜਮਾਤੀ ਘੋਲਾਂ ਦੇ ਚੌਖਟੇ 'ਚ ਨਜਿੱਠ ਕੇ ਖਾਰਜ ਕਰਨਾ ਹੈ। ਤੇ ਇਉਂ ਵਿਕਾਸ ਕਰਦਿਆਂ ਆਖਰ ਨੂੰ ਇੱਕਜੁੱਟ ਲਹਿਰ ਉਸਾਰੀ ਤੱਕ ਪੁੱਜਣਾ ਹੈ। ਜਿਉਂ ਹੀ ਇਹ ਲਹਿਰ ਜ਼ਮੀਨ ਦੀ ਮੁੜ ਵੰਡ ਦੇ ਸਵਾਲ 'ਤੇ ਅੱਗੇ ਵਧਦੀ ਹੈ ਤੇ ਸੂਦਖੋਰੀ ਖਿਲਾਫ ਸੰਘਰਸ਼ ਦਾ ਸੁਆਲ ਆਉਂਦਾ ਹੈ ਤਾਂ ਜਗੀਰੂ ਜਮਾਤਾਂ ਤੇ ਉਸ ਦੀ ਰਾਜ ਮਸ਼ੀਨਰੀ ਦਾ ਮੋੜਵਾਂ ਕਸਾਈ ਹਮਲਾ ਪੂਰੀ ਤਾਕਤ ਨਾਲ ਹੁੰਦਾ ਹੈ। ਪੰਜਾਬ ਦੀ ਕਿਸਾਨ ਲਹਿਰ ਦਾ ਹੁਣ ਤੱਕ ਦਾ ਤਜਰਬਾ ਇਹੀ ਦਸਦਾ ਹੈ। ਅਜਿਹੇ ਹਮਲੇ ਦੇ ਟਾਕਰੇ ਲਈ ਪੰਜਾਬ ਦੀ ਕਿਸਾਨ ਲਹਿਰ ਨੂੰ ਆਪਣੀ ਰਾਖੀ ਦੇ ਇੰਤਜ਼ਾਮ ਕਰਨੇ ਪੈਣਗੇ। ਰਾਜ ਮਸ਼ੀਨਰੀ ਦੀਆਂ ਪੁਲਸਾਂ, ਫੌਜਾਂ ਤੇ ਗੈਰਕਾਨੂੰਨੀ ਲੱਠਮਾਰ ਗਰੋਹਾਂਤੋਂ ਕਿਸਾਨ ਘੋਲਾਂ, ਜਥੇਬੰਦੀਆਂ ਤੇ ਆਗੂਆਂ ਦੀ ਰਾਖੀ ਲਈ ਵਲੰਟੀਅਰ ਟੀਮਾਂ ਤੇ ਸੁਰੱਖਿਆ ਢਾਂਚਾ ਉਸਾਰਨਾ ਪੈਣਾ ਹੈ। ਅਜਿਹੇ ਢਾਂਚੇ ਤੋਂ ਵਿਰਵੀ ਕਿਸਾਨ ਲਹਿਰ ਜਗੀਰਦਾਰੀ ਤੇ ਸੂਦਖੋਰੀ ਵਿਰੋਧੀ ਘੋਲਾਂ 'ਚ ਲੰਮਾ ਸਮਾਂ ਤਾਂ ਕੀ ਸ਼ੁਰੂਆਤੀ ਗੇੜਾਂ 'ਚ ਵੀ ਨਹੀਂ ਨਿਭ ਸਕਦੀ। ਅਜਿਹੇ ਢਾਂਚੇ ਦੀ ਉਸਾਰੀ ਕਿਸਾਨ ਘੁਲਾਟੀਆਂ ਦੀ ਇਨਕਲਾਬੀ ਚੇਤਨਾ 'ਤੇ ਨਿਰਭਰ ਕਰਦੀ ਹੈ। ਉਹਨਾਂ ਦੀ ਚੇਤਨਾ 'ਚ ਭਵਿੱਖ ਦੀ ਜ਼ਰੱਈ ਇਨਕਲਾਬੀ ਲਹਿਰ ਦਾ ਨਕਸ਼ਾ ਸਮੋਏ ਹੋਣ 'ਤੇ ਨਿਰਭਰ ਕਰਦੀ ਹੈ। ਰਾਜ ਭਾਗ ਦੇ ਖਾਸੇ ਤੇ ਇਸ ਦੇ ਜਾਬਰ ਕਿਰਦਾਰ ਦੀ ਡੂੰਘੀ ਪਛਾਣ ਹੋਣ 'ਤੇ ਨਿਰਭਰ ਕਰਦੀ ਹੈ।  ਅਜਿਹੀ ਚੇਤਨਾ ਨਕਲਸਬਾੜੀ ਸਿਆਸਤ ਤੋਂ ਹਾਸਲ ਹੋ ਸਕਦੀ ਹੈ। ਇਸ ਸਿਆਸਤ ਦੀ ਅਗਵਾਈ ਤੋਂ ਸੱਖਣੀ ਕਿਸਾਨ ਲਹਿਰ ਨਿਗੂਣੀਆਂ ਆਰਥਕ ਮੰਗਾਂ ਦੇ ਚੱਕਰਾਂ 'ਚ ਗੇੜੇ ਲਾਉਂਦੀ ਰਹੇਗੀ। ਜਗੀਰੂ ਚੌਧਰੀਆਂ ਦੀਆਂ ਜਾਤ ਅਧਾਰਿਤ ਲਾਮਬੰਦੀਆਂ ਦੀ ਪਟੜੀ ਚੜ੍ਹੇਗੀ ਤੇ ਆਖਰ ਨੂੰ ਹਰਿਆਣੇ ਦੇ ਜਾਟ ਅੰਦੋਲਨਾਂ ਵਰਗਾ ਰੁੱਖ ਲਵੇਗੀ।
ਪੰਜਾਬ ਦੇ ਮਿਹਨਤਕਸ਼ ਬੁਨਿਆਦੀ ਤਬਕਿਆਂ ਦੀ ਲਹਿਰ ਦਾ ਧੁਰੇ ਦਾ ਸਥਾਨ ਹੋਣ ਕਰਕੇ ਇਸ ਦੀ ਹਾਲਤ ਦਾ ਅਸਰ ਦੂਸਰੇ ਤਬਕਿਆਂ 'ਤੇ ਪੈਂਦਾ ਹੈ ਤੇ ਇਸ ਦੀ ਚੜ੍ਹਤ ਤੇ ਲਹਿਤ ਤੋਂ ਉਹ ਅਸਰ ਅੰਦਾਜ ਹੁੰਦੇ ਹਨ। ਇਸ ਲਹਿਰ ਦੇ ਇਨਕਲਾਬੀ ਦਿਸ਼ਾ ਅਖਤਿਆਰ ਕਰਨ ਦੀਆਂ ਪੰਜਾਬ ਦੀ ਸਮੁੱਚੀ ਲੋਕ ਲਹਿਰ ਲਈ ਸਿੱਧੀਆਂ ਅਰਥ ਸੰਭਾਵਨਾਵਾਂ ਬਣਦੀਆਂ ਹਨ। ਪੰਜਾਬ ਦੀ ਮਜ਼ਦੂਰ ਮੁਲਾਜ਼ਮ ਲਹਿਰ ਦਾ ਅਗਲੇਰਾ ਵਿਕਾਸ ਵੀ ਇਸ ਦੇ ਨਕਸਲਬਾੜੀ ਸਿਆਸਤ 'ਚਂੋ ਨਿੱਕਲਦੀ ਇਨਕਲਾਬੀ ਟਰੇਡ ਯੂਨੀਅਨ ਲੀਹ ਲਾਗੂ ਕਰਨ 'ਚ ਪਿਆ ਹੈ। ਇਹ ਦੋਵੇਂ ਤਬਕੇ ਸੰਸਾਰੀਕਰਨ ਦੇ ਹਮਲੋਂ 'ਚੋਂ ਨਿੱਕਲਦੇ ਹਕੂਮਤੀ ਕਦਮਾਂ ਖਿਲਾਫ ਲਗਾਤਾਰ ਜੂਝ ਰਹੇ ਹਨ ਪਰ  ਵੱਖ ਵੱਖ ਫਾਂਕਾਂ 'ਚ ਵੰਡੇ ਹੋਣ ਤੇ ਅਗਾਂਹ ਸਾਂਝ ਭਿਆਲੀ ਵਾਲੀਆਂ ਸੁਧਾਰਵਾਦੀ-ਆਰਥਕਵਾਦੀ ਚੌਖਟੇ ਵਾਲੀਆਂ ਰਵਾਇਤੀ ਲੀਡਰਸ਼ਿੱਪਾਂ ਦਾ ਬੋਲਬਾਲਾ ਹੋਣ ਕਰਕੋ ਅਗਲੇਰੀ ਪੇਸ਼ਕਦਮੀ ਤੋਂ  ਵਾਂਝੇ ਹਨ। ਖਾਸ ਕਰ ਸਨਅੱਤੀ ਮਜ਼ਦੂਰਾਂ ਦੀ ਲਹਿਰ 'ਤੇ ਰਵਾਇਤੀ ਟਰੇਡ ਯੂਨੀਅਨ ਲੀਡਰਸ਼ਿੱਪ ਦੀ ਭਾਰੂ ਹੈਸੀਅਤ ਨੇ ਇਸ ਲਹਿਰ ਨੂੰ ਖੜੋਤ ਦਾ ਸ਼ਿਕਾਰ ਬਣਾ ਰੱਖਿਆ ਹੈ। ਇਸ ਲਹਿਰ ਦਾ ਖਾੜਕੂ ਘੋਲਾਂ ਵੱਲ ਕਦਮ ਵਧਾਰਾ ਵੀ ਇਨਕਲਾਬੀ ਟਰੇਡ ਯੂਨੀਅਨ ਲੀਹ ਨੂੰ ਲਾਗੂ ਕਰਨ ਨਾਲ ਹੀ ਹੋ ਸਕਦਾ ਹੈ। ਅੱਜ ਅਜਿਹੀ ਲੀਹ ਲਾਗੂ ਕਰਨ ਵਾਲੇ ਆਗੂ ਕਾਰਕੁੰਨਾਂ ਦੀਆਂ ਟੀਮਾਂ ਬਹੁਤ ਛੋਟੀਆਂ ਤੇ ਕਮਜੋਰ ਹਨ। ਪੰਜਾਬ ਦੇ ਮਲਾਜ਼ਮਾਂ ਦੀ ਲਹਿਰ 'ਚ ਜੋ ਸ਼ਾਨਾਮੱਤੇ ਸੰਗਰਾਮ ਲੜੇ ਗਏ ਹਨ ਉਹ ਇਨਕਲਾਬੀ ਟਰੇਡ ਯੂਨੀਅਨ ਲੀਹ ਲਾਗੂ ਹੋਣ ਦੀਆਂ ਹੀ ਬਰਕਤਾਂ ਹਨ। ਵੱਖ ਵੱਖ ਸਿਆਸੀ ਵਿਚਾਰਾਂ ਦੀਆਂ ਫੈਡਰੇਸ਼ਨਾਂ ਦੇ ਅਧਾਰ 'ਤੇ ਵੰਡੀ ਮੁਲਾਜ਼ਮ ਲਹਿਰ ਨੂੰ 'ਇੱਕ ਟਰੇਡ-ਇੱਕ ਯੂਨੀਅਨ' ਦੇ ਸਿਧਾਂਤ 'ਤੇ ਜਥੇਬੰਦ ਕਰਨਾ ਅਤੇ ਵੱਖ ਵੱਖ ਕੈਟੇਗਿਰੀਆਂ ਦੇ ਸਾਂਝੇ ਘੋਲ  ਉਸਾਰਨ ਵੱਲ ਅੱਗੇ ਵਧਣਾ, ਟਰੇਡ ਯੂਨੀਅਨਵਾਦ ਦੀਆਂ ਤੰਗ ਵਲਗਣਾਂ ਤੋਂ ਉੱਪਰ ਉਠ ਕੇ ਮਜ਼ਦੂਰਾਂ ਕਿਸਾਨਾਂ ਦੇ ਨਾਲ ਸਾਂਝ ਉਸਾਰਨਾ ਅਤੇ ਰਸਮੀ ਕਾਰਵਾਈ ਐਕਸ਼ਨਾਂ ਦੀ ਥਾਂ ਲਮਕਵੀਂ ਜੱਦੋਜਹਿਦ ਦੇ ਰਾਹ ਤੁਰਨਾ ਹੀ ਇਸ ਦੀ ਕਾਇਆਕਲਪੀ ਕਰ ਸਕਦਾ ਹੈ ਅਤੇ ਮੁਲਾਜ਼ਮ ਏਕਤਾ ਤੇ ਸੰਘਰਸ਼ਾਂ ਦੀ ਪੂਰੀ ਸਾਰਥਕਤਾ ਬਣਾ ਸਕਦਾ ਹੈ। ਖਾਸ ਕਰ ਮਜ਼ਦੂਰ ਹਿੱਸਿਆਂ ਨਾਲ ਸਾਂਝ ਪੀਡੀ ਹੋਣ ਨਾਲ ਮੁਲਾਜ਼ਮ ਲਹਿਰ ਨੂੰ ਹੋਰ ਖਾੜਕੂ ਰੰਗ ਚੜ੍ਹ ਸਕਦਾ ਹੈ। ਇਸ ਲਈ ਸਾਂਝੇ ਮਜਦੂਰ ਮੁਲਾਜ਼ਮ ਘੋਲ ਕੇਂਦਰਾਂ ਦੀ ਉਸਾਰੀ ਕਰਨ ਦੀ ਸੇਧ 'ਚ ਅੱਗੇ ਵਧਣਾ ਹੀ ਇਸ ਲਹਿਰ ਦਾ ਭਵਿੱਖ ਹੈ।
ਕਮਿਊਨਿਸਟ ਇਨਕਲਾਬੀ ਸ਼ਕਤੀਆਂ ਦੀ ਅਗਵਾਈ 'ਚ Àੁੱਸਰੀ ਪੰਜਾਬ ਦੀ ਨੌਜਵਾਨ ਵਿਦਿਆਰਥੀ ਲਹਿਰ ਦਾ ਸ਼ਾਨਾਮੱਤਾ ਫਖਰਯੋਗ ਵਿਰਸਾ ਹੈ। ਇਹ ਨਕਸਲਬਾੜੀ ਸਿਆਸਤ ਅਗਵਾਈ ਦਾ ਹੀ ਸਿੱਟਾ ਸੀ ਕਿ ਪੰਜਾਬ ਦੇ ਨੌਜਵਾਨ ਤੇ ਵਿਦਿਆਰਥੀ ਆਪਣੇ ਤੱਕ ਸੀਮਤ ਨਾ ਰਹਿ ਕੇ, ਪੰਜਾਬ ਦੇ ਹੋਰਨਾਂ ਮਿਹਨਤਕਸ਼ ਤਬਕਿਆਂ ਲਈ ਜਥੇਬੰਦ ਹੋਣ ਤੇ ਜੂਝਣ ਦੀ ਪ੍ਰੇਰਣਾ ਬਣੇ ਤੇ ਕਈ ਲੋਕ-ਘੋਲਾਂ ਵਿਚ ਮੋਹਰੀ ਜੁਝਾਰੂ ਟੁਕੜੀ ਬਣ ਕੇ ਨਿਭੇ। ਇਸ ਸਿਆਸਤ ਦੀ ਅਗਵਾਈ ਨਾਲ ਹੀ ਨੌਜਵਾਨਾਂ-ਵਿਦਿਆਰਥੀਆਂ 'ਚ ਮੌਜੂਦ ਸਾਮਰਾਜ-ਵਿਰੋਧੀ ਕੌਮੀ ਸਵੈਮਾਨ ਦੀਆਂ ਭਾਵਨਾਵਾਂ ਨੂੰ ਇਨਕਲਾਬੀ ਰੰਗਤ 'ਚ ਰੰਗ ਕੇ ਘੋਲਾਂ 'ਚ ਸਾਕਾਰ ਕੀਤਾ ਜਾ ਸਕਿਆ ਤੇ ਪੰਜਾਬ ਦੀ ਧਰਤੀ ਤੋਂ ਦੁਨੀਆਂ ਭਰ ਦੀਆਂ ਸਾਮਰਾਜ-ਵਿਰੋਧੀ ਟਾਕਰਾ ਲਹਿਰਾਂ ਦੇ ਸਮਰਥਨ 'ਚ ਵੀ ਹਜਾਰਾਂ ਵਿਦਿਆਰਥੀਆਂ ਦੇ ਕਾਫਲੇ ਮਾਰਚ ਕਰਦੇ ਰਹੇ। ਹੁਣ ਵੀ ਪੰਜਾਬ ਦੇ ਨੌਜਵਾਨਾਂ-ਵਿਦਿਅਰਥੀਆਂ ਦੀ ਸੰਕਟਮਈ ਜਿੰਦਗੀ 'ਚੋਂ ਉਪਜਦੀ ਨਿਰਾਸ਼ਾ ਦਾ ਆਲਮ ਤੋੜ ਕੇ, ਆਪਣੀ ਹੋਣੀ ਸਿਰਜਣ ਦੇ ਰਾਹ ਤੋਰਨ ਦਾ ਮਾਰਗ ਵੀ ਨਕਸਲਬਾੜੀ ਸਿਆਸਤ ਦੇ ਪੱਲੇ ਹੈ। ਏਸੇ ਸਿਆਸਤ ਦੇ ਲੜ ਲੱਗ ਕੇ ਪੰਜਾਬ ਦੇ ਨੌਜਵਾਨ-ਵਿਦਿਆਰਥੀਆਂ ਦੀ ਲਹਿਰ ਦੇ ਅੱੱਜ ਛੋਟੇ ਕਾਫਲੇ ਵੱਡੇ ਹੋ ਸਕਦੇ ਹਨ ਤੇ ਪੰਜਾਬ ਦੀ ਜਨਤਕ ਲਹਿਰ ਨੂੰ ਨਵਾਂ ਰੰਗ ਚਾੜ੍ਹ ਸਕਦੇ ਹਨ ਤੇ ਇਸ ਲਹਿਰ 'ਤੇ ਸਾਮਰਾਜ-ਵਿਰੋਧੀ ਵਿਚਾਰਾਂ ਦੀ ਪਾਹ ਹੋਰ ਗੂੜ੍ਹੀ ਕਰ ਸਕਦੇ ਹਨ।
ਸੋ ਪੰਜਾਬ ਦੀ ਸੰਗਰਾਮੀ ਲੋਕ ਲਹਿਰ ਦਾ ਰਸਤਾ ਰੁਸ਼ਨਾਉਣ ਲਈ ਤੇ ਅਗਲੇ ਸਫਰ ਦੇ ਹਾਣ ਦੀ ਬਣਨ ਲਈ ਇਸ ਨੂੰ ਨਕਸਲਬਾੜੀ ਵਿਚਾਰਾਂ ਦੀ ਸੋਝੀ ਦਾ ਲੜ ਹੋਰ ਮਜ਼ਬੂਤੀ ਨਾਲ ਫੜਨਾ ਪੈਣਾ ਹੈ। ਪੰਜਾਬ ਦੇ ਜਨਤਕ ਘੁਲਾਟੀਆਂ ਤੇ ਆਗੂ ਕਾਰਕੁਨਾਂ ਕੋਲ ਇਸ ਸਿਆਸਤ ਤੇ ਨੀਤੀਆਂ ਦਾ ਪਹੁੰਚਣਾ ਬੇਹੱਦ ਲਾਜ਼ਮੀ ਹੈ ਤੇ ਕਮਿ. ਇਨ. ਕਾਰਕੁੰਨਾਂ ਨੂੰ ਇਹ ਕਾਰਜ ਨਿਭਾਉਣ ਲਈ ਹੋਰ ਵਧੇਰੇ ਸਰਗਰਮੀ ਨਾਲ ਜੁਟਣਾ ਚਾਹੀਦਾ ਹੈ।


 *****

(12) ਇਕ ਨਕਸਲਬਾੜੀ ਸ਼ਹੀਦ ਦੀ ਬੀਰ ਗਾਥਾ

ਛੱਡ ਨੌਕਰੀ ਇਨਕਲਾਬੀਆਂ ਦੇ ਦਲ ਰਲਿਆ,
ਬਸ ਇੱਕ ਦਰਦ ਲੋਕਾਈ ਦੇ ਦਿਲ ਉਹਦਾ ਵਲਿਆ
ਬਸ ਇੱਕ ਸੁਪਨੇ ਓਸ ਦਾ ਹਿਰਦਾ ਸੀ ਮੱਲਿਆ
ਦੁੱਖ ਭੁੱਖ ਦੇ ਤੇਲ 'ਚ ਜੀਹਨੇ ਜੀਵਨ ਤਲਿਆ
ਪੂੰਜੀ-ਜਗੀਰੂ ਪੁੜਾਂ ਵਿਚ ਸਾਡਾ ਜੀਵਨ ਦਲਿਆ
ਜੋ ਸਾਡੇ ਲਹੂ ਪਸੀਨੇ 'ਤੇ ਅੱਜ ਤੀਕਰ ਪਲਿਆ
ਫਸਤਾ ਵੱਢੀਏ ਏਸ ਸਮਾਜ ਦਾ ਜੋ ਸੜਿਆ ਗਲਿਆ
ਠੀਕ, ਅਜੇ ਨਾ ਜਨਤਾ ਰੋਹ ਵਿਚ, ਨਾ ਲਹੂ ਉਬਲਿਆ
ਪਰ ਸਾਡੀ ਸ਼ਹਾਦਤ ਖਾਦ ਦਾ ਕੰਮ ਦੇ ਸੀਂ, ਬੱਲਿਆ।
ਫਿਰ ਤੱਕਸੀ ਇੱਕ ਦਿਨ ਲੋਕਾਈ ਇਹ ਖੇਤਰ ਫਲਿਆ।

ਉਹ ਫਿਰਦਾ ਸੀ ਨਿੱਤ ਪਿੰਡ ਪਿੰਡ ਕੋਈ ਲਾਂਬੂ ਲਾਂਦਾ
ਜਿਹੜੇ ਦੁਸ਼ਮਣ ਉਹਨਾਂ ਦੇ ਚਿਹਰਿਆਂ ਤੋਂ ਪਰਦੇ ਲਾਂਹਦਾ
ਕੌਣ ਆਪਣੇ ਕੌਣ ਬਗਾਨੇ ਏਸ ਦਾ ਗਿਆਨ ਕਰਾਂਦਾ
ਫਲ ਲਗਦਾ ਤੱਕ ਕੇ ਕਿਰਤ ਨੂੰ ਥੋੜ੍ਹਾ ਮੁਸਕਰਾਂਦਾ
ਉਹ ਨਵੇਂ ਲਹੂ ਨੂੰ ਖਾਸ ਕਰ ਤਾਅ, ਸਾਣ ਚੜ੍ਹਾਂਦਾ
ਕੋਈ ਸੁਪਨਾ ਨਵੇਂ ਸਮਾਜ ਦਾ ਅੱਖਾਂ 'ਚ ਵਸਾਂਦਾ
ਅੰਗ ਅੰਗ ਵਿਚ ਫੇਰ ਇਹ ਸੁਪਨਾ ਨਗਮੇਂ ਧੜਕਾਂਦਾ
ਕਿਵੇਂ ਤਲੀਆਂ 'ਤੇ ਸਿਰ ਧਰੀਦੇ, ਧਰ ਕੇ ਦਿਖਲਾਂਦਾ
ਕਿਵੇਂ ਗਲੀ ਯਾਰ ਦੀ ਜਾਈਦਾ, ਇਹ ਜਾਂਚ ਸਿਖਾਂਦਾ
ਓ ਮਰ ਕੇ ਕਿਵੇਂ ਜੀਉਂਈਦਾ-ਇਹ ਸਬਕ ਪੜ੍ਹਾਂਦਾ।

ਲੁਧਿਆਣੇ ਦੇ ਬੱਸ ਅੱਡੇ 'ਤੇ ਉਹ ਇਕ ਦਿਨ ਆਇਆ
ਅੱਗੋਂ ਸੀ ਬਲਵੀਰ ਨੇ ਆ ਹੱਥ ਮਿਲਾਇਆ
ਤੱਕ ਪੁਰਾਣਾ ਸਹਿ-ਪਾਠੀ ਬਾਵਾ ਮੁਸਕਾਇਆ
ਸ਼ੱਕ ਨਾ ਕੀਤਾ ਰਤਾ ਵੀ ਉਸ ਧ੍ਰੋਹ ਕਮਾਇਆ
ਮੁਖਬਰ ਸੀ ਉਹ ਪੁਲਸ ਦਾ ਬਾਵਾ ਫੜਵਾਇਆ।

ਫੜ ਕੇ ਲੈ ਗਏ ਮਰਜੀਵੜੇ ਨੂੰ ਪੁਲਸੀਏ ਥਾਣੇ
ਜਾ ਹਵਾਲਾਤ ਵਿਚ ਡੱਕਿਆ, ਮੰਨੇ ਕਿੰਜ ਭਾਣੇ
ਅੱਜ ਕੀ ਸਨ ਦਿਲ 'ਤੇ ਗੁਜਰੀਆਂ ਕੋਈ ਕੀ ਜਾਣੇ
ਕਿਵੇਂ ਮੌਤ ਨੂੰ ਜਿਤਦੇ ਸੂਰਮੇ ਤੱਕਣਾ ਦੁਨੀਆਂ ਨੇ
ਅੱਜ ਦੁਹਰਾਣੇ ਨੇ ਸਮੇਂ ਨੇ ਇਤਿਹਾਸ ਪੁਰਾਣੇ
ਮੁੜ ਵੇਖਣਾ, ਚੁੰਮਦੇ ਫਾਂਸੀਆਂ ਨੂੰ ਕਿਵੇਂ ਦੀਵਾਨੇ
ਕਿੰਜ ਸੱਲ ਪੈਂਦੇ ਨੇ ਮਾਵਾਂ ਨੂੰ, ਕਿੰਜ ਰੋਣ ਵੀਰਾਨੇ

ਪਹਿਲਾਂ ਦਿੱਤੇ ਲਾਲਚ ਸ਼ੇਰ ਨੂੰ ਜੇ ਭੇਦ ਉਹ ਦੱਸੇ
ਉਹਦਾ ਭਰਨ ਰੁਪਈਆਂ ਨਾਲ ਘਰ, ਸੁਖ ਭੋਗੇ, ਵੱਸੇ
ਜੇ ਚੁੱਪ ਰਿਹਾ ਤਾਂ ਪੈਣਗੇ ਗਲ ਰੇਸ਼ਮੀ ਰੱਸੇ
ਇਹ ਮੀਰ ਮੰਨੂੰ ਜੱਲਾਦ ਅੱਜ ਦੇ ਰੰਘੜ ਮੱਸੇ
ਕਹਿੰਦੇ ਵੇਖਾਂਗੇ ਦਲ ਦਾ ਭੇਦ ਇਹ ਕਿੱਦਾਂ ਨਾ ਦੱਸੇ
ਉਹਨਾਂ ਕਸੀਆਂ ਮੁਸ਼ਕਾਂ ਡਾਢੀਆਂ, ਅੰਗ ਅੰਗ ਗਰੱਸੇ
ਉਹਨਾਂ ਸੰਘੀ ਘੋਪੀ ਇੰਜ ਕਿ ਸਾਹ ਵੀ ਨਾ ਨੱਸੇ
ਫਿਰ ਕੀਤੀਆਂ ਸੀਖਾਂ ਗਰਮ ਅਤੇ ਅੰਗ ਲੂਹੇ ਲੱਸੇ
ਫਿਰ ਸੂਈਆਂ ਚੋਭੀਆਂ ਨਹੁੰਆਂ ਵਿਚ ਪੋਟਿਓ ਰੱਤ ਵਸੇ
ਪਰ ਸੂਰਮੇ ਮੂੰਹ ਨਾ ਖੋਲ੍ਹਿਆ ਕੁੱਝ ਵੀ ਨਾ ਦੱਸੇ।

ਉਹਨੂੰ ਮਾਰ ਮਾਰ ਕੇ ਪੁਲਸੀਆਂ ਕੀਤਾ ਅਧਮੋਇਆ
ਉਹਦਾ ਪੋਟਾ ਪੋਟਾ ਨੋਚਿਆ ਉਹਦਾ ਬੰਦ ਬੰਦ ਕੋਹਿਆ
ਜਦ ਕਸ ਚਿਹਰੇ ਦੀ ਉੱਡ ਗਈ ਤੇ ਸਾਹ ਬੰਦ ਹੋਇਆ
ਤੇ ਵੇਖਿਆ ਇਹਨਾਂ ਜ਼ੁਲਮੀਆਂ ਨੇ ਬਾਵਾ ਮੋਇਆ
ਜਾ ਝਾੜੀਆਂ ਪਿੱਛੇ ਸੁਟਿਆ ਲਾਗੇ ਇੱਕ ਟੋਇਆ
ਤੇ ਦੱਸਿਆ; ਪੁਲਸ ਮੁਕਾਬਲੇ ਵਿਚ ਬਾਵਾ ਮੋਇਆ।

ਤੂੰ ਹੋ ਗਇਉਂ ਉਚ-ਦੁਮਾਲੜਾ ਸੂਰਮਿਆਂ, ਸ਼ਾਬਾ
ਤੇ ਵਿਰਸਾ ਹੋਰ ਅਮੀਰ ਹੋ ਗਿਆ ਸਾਡਾ ਵਾਹਵਾ
ਧੰਨ ਮਾਂ ਜਿਸ ਸੀ ਜੰਮਿਆ ਇਹ ਪੁੱਤਰ ਬਾਵਾ
ਧੰਨ ਧਰਤੀ ਪੰਜਾਬ ਦੀ, ਇਹਦੀ ਵਧ ਗਈ ਆਭਾ
ਜੀਹਦੇ ਜਾਇਆਂ ਬੋਲਿਆ ਜਬਰ ਜ਼ੁਲਮ 'ਤੇ ਹੈ ਨਿੱਤ ਧਾਵਾ
ਇਹ ਧਰਤੀ ਸੁੱਚੀ ਕਿਰਤ ਦੀ ਇਹਨੂੰ ਪਿਆਰ ਦਾ ਦਾਅਵਾ
ਪਰ ਲੱਗੇ ਬਾਣ ਤਾਂ ਉੱਗਲੇ ਇਹ ਧਰਤੀ ਲਾਵਾ।

ਉਹ ਸੁਣੋ ਜਾਬਰੋ ਜ਼ੁਲਮੀਓਂ, ਤੁਹਾਨੂੰ ਸਮਾਂ ਵੰਗਾਰੇ
ਅੱਜ ਬੁਝੀਆਂ ਹਿੱਕਾਂ ਵਿੱਚ ਵੀ ਭਖ ਰਹੇ ਅੰਗਿਆਰੇ
ਜਿਹੜੇ ਸੁੱਟ ਧੌਣਾਂ ਸੀ ਖੜ੍ਹੇ ਅੱਜ ਤੱਕ ਛੰਨਾਂ ਢਾਰੇ
ਉਹ ਉਗਲਣ ਵਾਲੇ ਨੇ ਲਾਟਾਂ, ਛਡਸਨ ਚੰਗਿਆੜੇ
ਇਹਨਾਂ ਕੀਟਾਂ ਨੇ ਹਨ ਦੱਸਣੇ ਤੁਹਾਨੂੰ ਹੱਥ ਕਰਾਰੇ
ਜਿਵੇਂ ਭੱਠ ਵਿਚ ਨੇ ਭੁੰਨਦੇ ਦਾਣੇ ਭਠਿਆਰੇ
ਜਿੱਤ ਕਿਰਤੀ ਕਿਰਤ ਦੀ ਹੋ ਰਹੀ ਅੱਜ ਪਾਸੇ ਚਾਰੇ
ਹੈ ਲੋਕਾਂ ਦਾ ਯੁੱਗ ਆ ਗਿਆ ਤੁਹਾਡੇ ਕੂੜ ਪਸਾਰੇ
ਤੁਸੀਂ ਇਸ ਜੀਵਨ-ਸੰਗਰਾਮ ਵਿਚ ਹਾਰੇ ਕਿ ਹਾਰੇ।

'ਸ਼ਹੀਦ ਤਰਸੇਮ ਬਾਵਾ  ਦੀ ਵਾਰ '  ਚੋਂ
ਲੇਖਕ-ਪਿਆਰਾ ਸਿੰਘ ਸਹਿਰਾਈ

Friday, May 5, 2017

03 ਭਾਰਤ 'ਤੇ ਬਸੰਤ ਦੀ ਗਰਜ (ਚੀਨੀ ਕਮਿਊਨਿਸਟ ਪਾਰਟੀ ਦੀ ਟਿੱਪਣੀ)

ਭਾਰਤ ਦੀ ਧਰਤੀ 'ਤੇ ਬਿਜਲੀ ਕੜਕੀ ਹੈ। ਦਾਰਜਲਿੰਗ ਇਲਾਕੇ ਦੇ ਕਿਸਾਨਾਂ ਨੇ ਬਗਾਵਤ ਕਰ ਦਿੱਤੀ ਹੈ। ਭਾਰਤੀ ਕਮਿਊਨਿਸਟ ਪਾਰਟੀ ਦੇ ਇਨਕਲਾਬੀ ਗਰੁੱਪ ਦੀ ਅਗਵਾਈ ਹੇਠ, ਭਾਰਤ ਅੰਦਰ ਪੇਂਡੂ ਇਨਕਲਾਬੀ ਹਥਿਆਰਬੰਦ ਜਦੋਜਹਿਦ ਦਾ ਇਕ ਲਾਲ ਇਲਾਕਾ ਸਥਾਪਤ ਹੋਇਆ ਹੈ। ਇਹ ਭਾਰਤੀ ਲੋਕਾਂ ਦੀ ਇਨਕਲਾਬੀ ਜਦੋਜਹਿਦ ਅੰਦਰ ਬੇਹੱਦ ਅਹਿਮ ਘਟਨਾ-ਵਿਕਾਸ ਹੈ।
ਪਿਛਲੇ ਕੁਝ ਮਹੀਨਿਆਂ ਅੰਦਰ, ਭਾਰਤੀ ਕਮਿਊਨਿਸਟ ਪਾਰਟੀ ਦੇ ਇਨਕਲਾਬੀ ਗਰੁੱਪ ਦੀ ਅਗਵਾਈ ਹੇਠ ਕਿਸਾਨ ਜਨਤਾ ਨੇ ਅਜੋਕੇ ਸੋਧਵਾਦ ਦੀਆਂ ਜ਼ੰਜੀਰਾਂ ਵਗਾਹ ਮਾਰੀਆਂ ਹਨ ਅਤੇ ਰੋਕਾਂ ਭੰਨ ਦਿੱਤੀਆਂ ਹਨ। ਉਨ੍ਹਾਂ ਨੇ ਜਗੀਰਦਾਰਾਂ ਅਤੇ ਬਾਗਬਾਨਾਂ ਦੇ ਅਨਾਜ, ਜ਼ਮੀਨ ਤੇ ਹਥਿਆਰਾਂ 'ਤੇ ਕਬਜ਼ੇ ਕਰ ਲਏ ਹਨ, ਸਥਾਨਕ ਜਾਬਰਾਂ ਅਤੇ ਦੁਸ਼ਟ ਸਫੈਦਪੋਸ਼ਾਂ ਨੂੰ ਸਜਾਵਾਂ ਦਿੱਤੀਆਂ ਹਨ ਅਤੇ ਉਨ੍ਹਾਂ ਨੂੰ ਕੁਚਲਣ ਲਈ ਭੇਜੀ ਗਈ ਪੁਲਸ ਤੇ ਪਿਛਾਖੜੀ ਫੌਜੀ ਟੁਕੜੀਆਂ 'ਤੇ ਘਾਤ ਲਾ ਕੇ ਹਮਲੇ ਕੀਤੇ ਹਨ। ਇਸ ਤਰ੍ਹਾਂ ਕਿਸਾਨਾਂ ਦੇ ਇਨਕਲਾਬੀ ਹਥਿਆਰਬੰਦ ਸੰਘਰਸ਼ ਦੀ ਆਥਾਹ ਸ਼ਕਤੀ ਦਾ ਮੁਜ਼ਾਹਰਾ ਕੀਤਾ ਹੈ। ਸਾਰੇ ਸਾਮਰਾਜਵਾਦੀਏ, ਸੋਧਵਾਦੀਏ, ਭ੍ਰਿਸ਼ਟ ਅਫਸਰ, ਸਥਾਨਕ ਜਾਬਰ ਤੇ ਦੁਸ਼ਟ ਸਫੈਦਪੋਸ਼, ਅਤੇ ਪਿਛਾਖੜੀ ਫੌਜ ਤੇ ਪੁਲਸ ਇਹਨਾਂ ਇਨਕਲਾਬੀ ਕਿਸਾਨਾਂ ਦੀਆਂ ਨਜ਼ਰਾਂ 'ਚ ਕੁਝ ਵੀ ਨਹੀਂ ਹਨ ਜਿਹੜੇ ਕਿ ਇਨ੍ਹਾਂ ਸਭਨਾਂ ਨੂੰ ਮਿੱਟੀ 'ਚ ਮਿਲਾਉਣ 'ਤੇ ਉਤਾਰੂ ਹਨ। ਭਾਰਤੀ ਕਮਿਊਨਿਸਟ ਪਾਰਟੀ ਦੇ ਇਨਕਲਾਬੀ ਗਰੁੱਪ ਨੇ ਬਿਲਕੁਲ ਸਹੀ ਗੱਲ ਕੀਤੀ ਹੈ ਅਤੇ ਠੀਕ ਤਰ੍ਹਾਂ ਕੀਤੀ ਹੈ। ਚੀਨ ਦੇ ਲੋਕ ਅਤੇ ਦੁਨੀਆਂ ਭਰ ਦੇ ਸਾਰੇ ਮਾਰਕਸਵਾਦੀ-ਲੈਨਿਨਵਾਦੀ ਅਤੇ ਇਨਕਲਾਬੀ ਲੋਕ ਦਾਰਜਲਿੰਗ ਇਲਾਕੇ ਦੇ ਭਾਰਤੀ ਕਿਸਾਨਾਂ ਦੇ ਇਸ ਇਨਕਲਾਬੀ ਤੂਫਾਨ ਦੀ ਪੁਰਜ਼ੋਸ ਪ੍ਰੰਸ਼ਸ਼ਾ ਕਰਦੇ ਹਨ।
ਭਾਰਤੀ ਕਿਸਾਨਾਂ ਦੀ ਬਗਾਵਤ ਅਤੇ ਭਾਰਤੀ ਲੋਕਾਂ ਦਾ ਇਨਕਲਾਬ ਅਟੱਲ ਹਨ; ਪਿਛਾਖੜੀ ਕਾਂਗਰਸ ਹਕੂਮਤ ਨੇ ਉਨ੍ਹਾਂ ਲਈ ਕੋਈ ਰਾਹ ਨਹੀਂ ਛੱਡਿਆ। ਕਾਂਗਰਸੀ ਹਕੂਮਤ ਹੇਠ ਭਾਰਤ, ਭਾਵੇਂ ਨਾਂਅ ਨੂੰ ਤਾਂ ਆਜ਼ਾਦ ਹੈ, ਪਰ ਅਸਲੀਅਤ ਵਿੱਚ ਇਹ ਅਜੇ ਵੀ ਅਰਧ-ਬਸਤੀਵਾਦੀ, ਅਰਧ-ਜਾਗੀਰੂ ਮੁਲਕ ਹੈ। ਕਾਂਗਰਸੀ ਹਕੂਮਤ ਭਾਰਤ ਦੇ ਜਗੀਰੂ ਸਹਿਜ਼ਾਦਿਆਂ, ਵੱਡੇ ਜਗੀਰਦਾਰਾਂ ਅਤੇ ਨੌਕਰਸ਼ਾਹ-ਦਲਾਲ ਸਰਮਾਏਦਾਰਾਂ ਦੇ ਹਿੱਤਾਂ ਦੀ ਨੁੰਮਾਇਦਗੀ ਕਰਦੀ ਹੈ। ਅੰਦਰੂਨੀ ਤੌਰ 'ਤੇ ਇਹ ਭਾਰਤੀ ਲੋਕਾਂ ਨੂੰ ਬੇਰਹਿਮੀ ਨਾਲ ਦਬਾਉਂਦੀ ਹੈ ਤੇ ਉਨ੍ਹਾਂ ਦੀ ਬੇਤਰਸ ਲੁੱਟ ਕਰਦੀ ਹੈ। ਕੌਮਾਂਤਰੀ ਪੱਧਰ 'ਤੇ ਜਦਕਿ ਇਹ ਆਪਣੇ ਪੁਰਾਣੇ ਸੁਆਮੀ ਬਰਤਾਨਵੀ ਸਾਮਰਾਜਵਾਦ 'ਤੇ ਨਿਰਭਰਤਾ ਜਾਰੀ ਰੱਖ ਰਹੀ ਹੈ, ਇਹ ਆਪਣੇ ਨਵੇਂ ਮਾਲਕ ਅਮਰੀਕਨ ਸਾਮਰਾਜਵਾਦ ਤੇ ਉਸਦੇ ਇਕ ਨੰਬਰ ਦੇ ਜੋਟੀਦਾਰ ਰੂਸੀ ਸੋਧਵਾਦੀ ਜੁੰਡਲੀ ਦੀ ਝੋਲੀ 'ਚ ਪੈ ਰਹੀ ਹੈ। ਇਸ ਤਰ੍ਹਾਂ ਭਾਰਤ ਦੇ ਕੌਮੀ ਹਿੱਤਾਂ ਨੂੰ ਵੱਡੀ ਪੱਧਰ 'ਤੇ ਵੇਚ ਰਹੀ ਹੈ। ਸੋ, ਸਾਮਰਾਜਵਾਦ, ਸੋਵੀਅਤ ਸੋਧਵਾਦ, ਜਗੀਰਦਾਰੀ ਅਤੇ ਨੌਕਰਸ਼ਾਹ ਦਲਾਲ ਸਰਮਾਏਦਾਰੀ, ਭਾਰਤੀ ਲੋਕਾਂ, ਖਾਸ ਕਰਕੇ ਮਜ਼ਦੂਰਾਂ ਕਿਸਾਨਾਂ ਦੀ ਮਿਹਨਤਕਸ਼ ਜਨਤਾ ਦੀ ਪਿੱਠ 'ਤੇ ਲੱਦੇ ਹੋਏ ਵੱਡੇ ਪਹਾੜ ਹਨ। ਪਿਛਲੇ ਕੁਝ ਸਾਲਾਂ ਦੌਰਾਨ ਕਾਂਗਰਸ ਹਕੂਮਤ ਨੇ ਇਕ ਪਾਸੇ ਭਾਰਤੀ ਲੋਕਾਂ ਨੂੰ ਲੁੱਟਣ 'ਤੇ ਦਬਾਉਣ ਦੇ ਮਾਮਲੇ 'ਚ ਤੇ ਦੂਜੇ ਪਾਸੇ ਕੌਮੀ ਵਿਸ਼ਵਾਸ਼ਘਾਤ ਦੀ ਨੀਤੀ ਲਾਗੂ ਕਰਨ ਦੇ ਮਾਮਲੇ 'ਚ ਤੇਜ਼ੀ ਲਿਆਂਦੀ ਹੈ। ਸਿੱਟੇ ਵਜੋਂ ਸਾਲ ਦਰ ਸਾਲ ਅਕਾਲ ਪੈ ਰਹੇ ਹਨ। ਲੋਕਾਂ ਦਾ ਭੁੱਖ ਨਾਲ ਮਰਨਾ ਆਮ ਗੱਲ ਬਣ ਗਈ ਹੈ। ਭਾਰਤੀ ਲੋਕਾਂ ਦਾ ਤੇ ਸਭ ਤੋਂ ਵੱਧ ਕਿਸਾਨ ਜਨਤਾ ਦਾ ਜੀਣਾ ਦੁੱਭਰ ਹੋ ਰਿਹਾ ਹੈ। ਦਾਰਜਲਿੰਗ ਇਲਾਕੇ ਦੇ ਇਨਕਲਾਬੀ ਕਿਸਾਨ ਹੁਣ ਬਗਾਵਤ ਲਈ ਅਤੇ ਹਥਿਆਰਬੰਦ ਇਨਕਲਾਬ ਲਈ ਉੱਠ ਖੜ੍ਹੇ ਹਨ। ਇਹ ਪੂਰੇ ਭਾਰਤ ਦੇ ਲਖੂਖਾਂ ਲੋਕਾਂ ਦੇ ਹਿੰਸਕ ਇਨਕਲਾਬ ਦਾ ਅਗਰਦੂਤ ਹੈ। ਭਾਰਤੀ ਲੋਕ ਯਕੀਨਨ ਹੀ ਇਨ੍ਹਾਂ ਵੱਡੇ ਪਹਾੜਾਂ ਨੂੰ ਆਪਣੀਆਂ ਪਿੱਠਾਂ ਤੋਂ ਵਗਾਹ ਮਾਰਨਗੇ ਤੇ ਮੁਕੰਮਲ ਮੁਕਤੀ ਹਾਸਲ ਕਰ ਲੈਣਗੇ। ਇਹ ਭਾਰਤੀ ਇਤਿਹਾਸ ਦਾ ਆਮ ਰੁਝਾਣ ਹੈ, ਜਿਸਨੂੰ ਦੁਨੀਆਂ ਦੀ ਕੋਈ ਵੀ ਤਾਕਤ ਰੋਕ ਜਾਂ ਅਟਕਾਅ ਨਹੀਂ ਸਕਦੀ।
ਭਾਰਤੀ ਇਨਕਲਾਬ ਕਿਹੜਾ ਰਾਹ ਅਪਨਾਵੇ ਇਹ ਇਨਕਲਾਬ ਦੀ ਜਿੱਤ ਜਾਂ ਹਾਰ ਅਤੇ 50 ਕਰੋੜ ਭਾਰਤੀ ਲੋਕਾਂ ਦੀ ਹੋਣੀ ਨੂੰ ਅਸਰ-ਅੰਦਾਜ਼ ਕਰਨ ਵਾਲਾ ਬੁਨਿਆਦੀ ਸਵਾਲ ਹੈ। ਭਾਰਤੀ-ਇਨਕਲਾਬ ਨੂੰ ਕਿਸਾਨਾਂ 'ਤੇ ਨਿਰਭਰ ਕਰਨ, ਪੇਂਡੂ ਇਲਾਕਿਆਂ 'ਚ ਆਧਾਰ ਇਲਾਕੇ ਸਥਾਪਤ ਕਰਨ, ਲਮਕਵਾਂ ਹਥਿਆਰਬੰਦ ਘੋਲ ਚਲਾਉਣ ਅਤੇ ਪਿੰਡਾਂ ਰਾਹੀਂ ਸ਼ਹਿਰਾਂ ਨੂੰ ਘੇਰਨ ਅਤੇ ਅੰਤ ਫਤਿਹ ਕਰਨ ਦੇ ਰਾਹ ਪੈਣਾ ਚਾਹੀਦਾ ਹੈ। ਇਹ ਮਾਓ-ਜੇ-ਤੁੰਗ ਦਾ ਰਾਹ ਹੈ। ਇਹ ਉਹ ਰਾਹ ਹੈ ਜਿਸ 'ਤੇ ਚੱਲ ਕੇ ਚੀਨੀ ਇਨਕਲਾਬ ਨੇ ਜਿੱਤ ਹਾਸਲ ਕੀਤੀ ਹੈ। ਅਤੇ ਇਹ ਇਕੋ ਇਕ ਰਾਹ ਹੈ ਜਿਸ 'ਤੇ ਚੱਲਕੇ ਸਾਰੀਆਂ ਦੱਬੀਆਂ-ਕੁਚਲੀਆਂ ਕੌਮਾਂ ਤੇ ਲੋਕਾਂ ਦੇ ਇਨਕਲਾਬ ਨੇ ਜੇਤੂ ਹੋਣਾ ਹੈ।
40 ਸਾਲ ਪਹਿਲਾਂ ਸਾਡੇ ਮਹਾਨ ਆਗੂ ਚੇਅਰਮੈਨ ਮਾਓ-ਜੇ-ਤੁੰਗ ਨੇ ਦਰਸਾਇਆ ਸੀ; ''ਚੀਨ ਦੇ ਕੇਂਦਰੀ ਦੱਖਣੀ ਤੇ ਉੱਤਰੀ ਸੂਬਿਆਂ ਵਿੱਚ ਲਖੂਖਾਂ ਕਿਸਾਨ ਭਾਰੀ ਹਨੇਰੀ ਦੀ ਤਰ੍ਹਾਂ, ਇਕ ਤੂਫਾਨ ਦੀ ਤਰ੍ਹਾਂ, ਤੇ ਇਕ ਅਜਿਹੀ ਤੀਬਰ ਤੇ ਹਿੰਸਕ ਤਾਕਤ ਬਣਕੇ ਉੱਠਣਗੇ ਜਿਸਨੂੰ ਵੱਡੀ ਤੋਂ ਵੱਡੀ ਤਾਕਤ ਵੀ ਰੋਕ ਨਹੀਂ ਸਕੇਗੀ। ਉਹ ਉਨ੍ਹਾਂ ਨੂੰ ਜਕੜੀ ਬੈਠੀਆਂ ਸਭ ਜ਼ੰਜੀਰਾਂ ਨੂੰ ਵਗਾਹ ਮਾਰਨਗੇ ਅਤੇ ਤੇਜ਼ੀ ਨਾਲ ਮੁਕਤੀ ਦੇ ਰਾਹ ਅੱਗੇ ਵਧਣਗੇ। ਉਹ ਹਰ ਕਿਸਮ ਦੇ ਸਾਮਰਾਜਵਾਦੀਆਂ, ਜੰਗੀ-ਲਾਟਾਂ, ਭ੍ਰਿਸ਼ਟ ਅਧਿਕਾਰੀਆਂ, ਸਥਾਨਕ ਜਾਬਰਾਂ ਤੇ ਦੁਸ਼ਟ ਸਫੈਦਪੋਸ਼ਾਂ ਨੂੰ ਹੂੰਝ ਸੁੱਟਣਗੇ ਤੇ ਕਬਰਾਂ 'ਚ ਦਫਨਾ ਦੇਣਗੇ।''
ਚੇਅਰਮੈਨ ਮਾਓ ਨੇ ਸਪਸ਼ਟ ਰੂਪ 'ਚ ਇਹ ਦਰਸਾਇਆ ਸੀ ਕਿ ਕਿਸਾਨੀ ਦਾ ਸੁਆਲ ਲੋਕਾਂ ਦੇ ਇਨਕਾਲਬ 'ਚ ਬੇਹੱਦ ਮਹੱਤਵ ਰੱਖਦਾ ਹੈ। ਕਿਸਾਨ, ਸਾਮਰਾਜਵਾਦ ਅਤੇ ਇਸਦੇ ਪਿੱਠੂਆਂ ਵਿਰੁੱਧ ਇਨਕਲਾਬ ਅੰਦਰ ਮੁੱਖ ਸ਼ਕਤੀ ਬਣਦੇ ਹਨ। ਇਹ ਮਜ਼ਦੂਰ ਜਮਾਤ ਦੇ ਸਭ ਤੋਂ ਵੱਧ ਭਰੋਸੇਯੋਗ ਤੇ ਸਭ ਤੋਂ ਵੱਡੀ ਗਿਣਤੀ ਵਾਲੇ ਸੰਗੀ ਬਣਦੇ ਹਨ। ਭਾਰਤ ਇਕ ਵਿਸ਼ਾਲ ਅਰਧ-ਬਸਤੀਵਾਦੀ, ਅਰਧ-ਜਗੀਰੂ ਦੇਸ਼ ਹੈ ਜਿਸਦੀ ਆਬਾਦੀ 50 ਕਰੋੜ ਹੈ ਤੇ ਜਿਸਦੀ ਵਿਸ਼ਾਲ ਬਹੁਗਿਣਤੀ ਕਿਸਾਨੀ ਹੈ। ਜੇ ਇਕ ਵਾਰ ਉੱਠ ਖੜ੍ਹੇ ਤਾਂ ਇਹ ਕਰੋੜਾਂ ਭਾਰਤੀ ਕਿਸਾਨ ਭਾਰਤੀ ਇਨਕਲਾਬ ਦੀ ਅਜੇਤੂ ਸ਼ਕਤੀ ਬਣ ਜਾਣਗੇ। ਕਿਸਾਨਾਂ ਨਾਲ ਇਕਜੁੱਟ ਹੋ ਕੇ ਭਾਰਤੀ ਮਜ਼ਦੂਰ ਜਮਾਤ ਵਿਸ਼ਾਲ ਪੇਂਡੂ ਖੇਤਰਾਂ 'ਚ ਹੇਠਲੀ ਉੱਤੇ ਕਰਨ ਵਾਲੀਆਂ ਤਬਦੀਲੀਆਂ ਲਿਆ ਸਕੇਗੀ ਅਤੇ ਝੰਜੋੜ ਕੇ ਰੱਖ ਦੇਣ ਵਾਲੇ ਲੋਕ ਯੁੱਧ ਰਾਹੀਂ ਕਿਸੇ ਵੀ ਸ਼ਕਤੀਸ਼ਾਲੀ ਦੁਸ਼ਮਣ ਨੂੰ ਹਰਾ ਸਕਦੀ ਹੈ।
ਸਾਡੇ ਮਹਾਨ ਆਗੂ ਚੇਅਰਮੈਨ ਮਾਓ ਨੇ ਸਾਨੂੰ ਸਿਖਾਇਆ ਹੈ, ''ਹਥਿਆਰਬੰਦ ਤਾਕਤ ਰਾਹੀਂ ਰਾਜ-ਸੱਤਾ 'ਤੇ ਕਬਜਾ, ਜੰਗ ਰਾਹੀਂ ਮਸਲੇ ਦਾ ਨਿਬੇੜਾ, ਇਨਕਲਾਬ ਦਾ ਕੇਂਦਰੀ ਕਾਰਜ ਅਤੇ ਉੱਚਤਮ ਰੂਪ ਹੈ। ਇਨਕਲਾਬ ਦਾ ਇਹ ਮਾਰਕਸਵਾਦੀ-ਲੈਨਿਨਵਾਦੀ ਅਸੂਲ ਹਰ ਜਗਾਹ ਲਾਗੂ ਹੁੰਦਾ ਹੈ – ਚੀਨ ਵਿੱਚ ਵੀ ਤੇ ਹੋਰ ਸਭਨਾਂ ਮੁਲਕਾਂ ਵਿੱਚ ਵੀ।''
ਚੀਨ ਦੇ ਇਨਕਲਾਬ ਵਾਂਗ ਹੀ ਭਾਰਤੀ ਇਨਕਲਾਬ ਦਾ ਵਿਸ਼ੇਸ਼ ਲੱਛਣ ਹਥਿਆਰਬੰਦ ਇਨਕਲਾਬ ਦੀ ਹਥਿਆਰਬੰਦ ਉਲਟ-ਇਨਕਲਾਬ ਖਿਲਾਫ਼ ਜੰਗ ਹੈ। ਹਥਿਆਰਬੰਦ ਸੰਘਰਸ਼ ਹੀ ਭਾਰਤੀ ਇਨਕਲਾਬ ਲਈ ਇਕੋ ਇਕ ਸਹੀ ਰਾਹ ਹੈ; ਇਸਦਾ ਹੋਰ ਕੋਈ ਵੀ ਰਾਹ ਨਹੀਂ ਹੈ। ''ਗਾਂਧੀਵਾਦ'', ਪਾਰਲੀਮਨੀ ਰਾਹ ਵਰਗੇ ਬੇਤੁਕੇ ਵਿਚਾਰ ਭਾਰਤੀ ਲੋਕਾਂ ਦੀ ਸੁਰਤ ਮਾਰਨ ਲਈ ਭਾਰਤੀ ਹਾਕਮ ਜਮਾਤਾਂ ਵੱਲੋਂ ਅਫੀਮ ਦਿੱਤੇ ਜਾਣ ਵਾਂਗ ਹੈ। ਸਿਰਫ ਹਿੰਸਕ ਇਨਕਲਾਬ 'ਤੇ ਨਿਰਭਰ ਕਰਕੇ ਅਤੇ ਹਥਿਆਰਬੰਦ ਸੰਘਰਸ਼ ਦੇ ਰਾਹ ਪੈ ਕੇ ਹੀ ਭਾਰਤ ਨੂੰ ਬਚਾਇਆ ਜਾ ਸਕਦਾ ਹੈ ਤੇ ਭਾਰਤੀ ਲੋਕ ਮੁਕੰਮਲ ਮੁਕਤੀ ਹਾਸਲ ਕਰ ਸਕਦੇ ਹਨ। ਠੋਸ ਰੂਪ 'ਚ ਇਸਦਾ ਮਤਲਬ ਇਹ ਬਣਦਾ ਹੈ: ਕਿਸਾਨ ਜਨਤਾ ਨੂੰ ਧੜੱਲੇ ਨਾਲ ਉਠਾਉਣਾ, ਇਨਕਲਾਬੀ ਹਥਿਆਰਬੰਦ ਸ਼ਕਤੀਆਂ ਦੀ ਉਸਾਰੀ ਤੇ ਪਸਾਰਾ ਕਰਨਾ ਅਤੇ ਇਨਕਲਾਬੀ ਸ਼ਕਤੀਆਂ ਨਾਲੋਂ ਵਕਤੀ ਤੌਰ 'ਤੇ ਤਕੜੇ ਸਾਮਰਾਜੀਆਂ ਤੇ ਪਿਛਾਂਹ ਖਿੱਚੂਆਂ ਦੇ ਹਥਿਆਰਬੰਦ ਜਬਰ ਨਾਲ ਨਜਿੱਠਣ ਲਈ ਮਾਓ-ਜੇ-ਤੁੰਗ ਵੱਲੋਂ ਜਾਤੀ ਤੌਰ 'ਤੇ ਘੜੀ ਗਈ ਲੋਕਯੁੱਧ ਦੀ ਯੁੱਧਨੀਤੀ ਤੇ ਦਾਅਪੇਚਾਂ ਦੇ ਸਮੁੱਚੇ ਲਚਕੀਲੇ ਪੂਰ ਦੀ ਵਰਤੋਂ ਕਰਨੀ ਅਤੇ ਲਮਕਵੇਂ ਹਥਿਆਰਬੰਦ ਸੰਘਰਸ਼ 'ਚ ਡਟੇ ਰਹਿਣਾ ਅਤੇ ਇਨਕਲਾਬ 'ਚ ਕਦਮ-ਬ-ਕਦਮ ਜਿੱਤ ਹਾਸਲ ਕਰਨਾ।
ਚੀਨੀ ਇਨਕਲਾਬ ਦੇ ਵਿਸ਼ੇਸ਼ ਲੱਛਣਾਂ ਨੂੰ ਧਿਆਨ 'ਚ ਰੱਖਦਿਆਂ ਸਾਡੇ ਮਹਾਨ ਆਗੂ ਚੇਅਰਮੈਨ ਮਾਓ ਨੇ ਇਨਕਲਾਬੀ ਪੇਂਡੂ ਆਧਾਰ ਇਲਾਕੇ ਸਥਾਪਤ ਕਰਨ ਦੇ ਮਹੱਤਵ ਨੂੰ ਦਰਸਾਇਆ ਸੀ। ਚੇਅਰਮੈਨ ਮਾਓ ਸਾਨੂੰ ਸਿੱਖਿਆ ਦਿੰਦੇ ਹਨ ਕਿ ''ਸਾਮਰਾਜਵਾਦ ਅਤੇ ਇਸਦੇ ਪਿੱਠੂਆਂ ਵਿਰੁੱਧ ਲਮਕਵੇਂ ਹਥਿਆਰਬੰਦ ਸੰਘਰਸ਼ 'ਚ ਡਟੇ ਰਹਿਣ ਅਤੇ ਇਹਨਾਂ ਨੂੰ ਹਰਾਉਣ ਲਈ, ਇਨਕਲਾਬੀ ਸਫਾਂ ਲਈ ਇਹ ਅਤਿਅੰਤ ਜ਼ਰੂਰੀ ਹੈ ਕਿ ਉਹ ਪਛੜੇ ਹੋਏ ਪਿੰਡਾਂ ਨੂੰ ਵਿਕਸਤ ਤੇ ਮਜ਼ਬੂਤ ਆਧਾਰ ਇਲਾਕਿਆਂ 'ਚ ਤੇ ਇਨਕਲਾਬ ਦੇ ਮਹਾਨ ਫੌਜੀ, ਸਿਆਸੀ, ਆਰਥਕ ਅਤੇ ਸਭਿਆਚਾਰਕ ਗੜ੍ਹਾਂ 'ਚ ਬਦਲ ਦੇਣ, ਜਿਨ੍ਹਾਂ ਦੇ ਜ਼ੋਰ 'ਤੇ ਉਹ ਇਨ੍ਹਾਂ ਪੇਂਡੂ ਖੇਤਰਾਂ 'ਤੇ ਹਮਲਿਆਂ ਲਈ ਸ਼ਹਿਰਾਂ ਨੂੰ ਵਰਤ ਰਹੇ ਆਪਣੇ ਦੁਸ਼ਟ ਦੁਸ਼ਮਣਾਂ ਵਿਰੁੱਧ ਲੜਾਈ ਜਾਰੀ ਰੱਖ ਸਕਣ ਅਤੇ ਇਸ ਤਰੀਕੇ ਨਾਲ ਸਹਿਜੇ ਸਹਿਜੇ ਲਮਕਵੇਂ ਸੰਘਰਸ਼ ਰਾਹੀਂ ਇਨਕਲਾਬ ਦੀ ਮੁਕੰਮਲ ਜਿੱਤ ਹਾਸਲ ਕਰ ਸਕਣ।''
ਭਾਰਤ ਇਕ ਵਿਸ਼ਾਲ ਦੇਸ਼ ਹੈ। ਇਸਦੇ ਪੇਂਡੂ ਖਿੱਤੇ ਜਿੱਥੇ ਪਿਛਾਖੜੀ ਰਾਜ ਕਮਜ਼ੋਰ ਹੈ, ਇਨਕਲਾਬੀਆਂ ਦੀਆਂ ਆਜ਼ਾਦ ਗਤੀਵਿਧੀਆਂ ਲਈ ਵਿਸ਼ਾਲ ਖੇਤਰ ਮੁਹੱਈਆ ਕਰਦੇ ਹਨ। ਜੇ ਭਾਰਤ ਦੇ ਪ੍ਰੋਲੇਤਾਰੀ ਇਨਕਲਾਬੀ ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਦੀ ਇਨਕਲਾਬੀ ਲੀਹ 'ਤੇ ਡਟੇ ਰਹਿੰਦੇ ਹਨ ਅਤੇ ਆਪਣੇ ਮਹਾਨ ਸੰਗੀਆਂ ਯਾਨਿ ਕਿਸਾਨਾਂ 'ਤੇ ਭਰੋਸਾ ਰੱਖਦੇ ਹਨ ਤਾਂ ਉਹਨਾਂ ਲਈ ਵਿਸ਼ਾਲ ਪਛੜੇ ਪੇਂਡੂ ਇਲਾਕਿਆਂ ਅੰਦਰ ਇਕ ਤੋਂ ਬਾਅਦ ਇਕ ਵਿਕਸਤ ਇਨਕਲਾਬੀ ਪੇਂਡੂ ਆਧਾਰ ਇਲਾਕੇ ਸਥਾਪਤ ਕਰਨਾ ਅਤੇ ਨਵੀਂ ਕਿਸਮ ਦੀ ਲੋਕ ਸੈਨਾ ਦੀ ਉਸਾਰੀ ਕਰਨਾ ਪੂਰੀ ਤਰ੍ਹਾਂ ਸੰਭਵ ਹੈ। ਅਜਿਹੇ ਇਨਕਲਾਬੀ ਆਧਾਰ ਇਲਾਕਿਆਂ ਦੀ ਉਸਾਰੀ ਦੇ ਅਮਲ ਦੌਰਾਨ ਭਾਰਤੀ ਇਨਕਲਾਬੀਆਂ ਨੂੰ ਜਿੰਨ੍ਹੀਆਂ ਮਰਜ਼ੀ ਮੁਸ਼ਕਿਲਾਂ ਅਤੇ ਮੋੜਾਂ-ਘੋੜਾਂ ਦਾ ਸਾਹਮਣਾ ਕਰਨਾ ਪਵੇ ਅੰਤਮ ਤੌਰ 'ਤੇ ਉਹ ਲਹਿਰ ਰੂਪੀ ਪਸਾਰਾ ਕਰਦਿਆਂ ਇਨ੍ਹਾਂ ਨੂੰ ਟੁੱਟਵੀਆਂ ਥਾਵਾਂ ਤੋਂ ਵਿਸ਼ਾਲ ਖਿੱਤੇ ਵਿੱਚ ਅਤੇ ਛੋਟੇ ਇਲਾਕਿਆਂ ਤੋਂ ਵਿਸਤ੍ਰਿਤ ਇਲਾਕਿਆਂ 'ਚ ਵਿਕਸਤ ਕਰ ਸਕਣਗੇ। ਇਸ ਤਰ੍ਹਾਂ ਭਾਰਤੀ ਇਨਕਲਾਬ ਅੰਦਰ ਸਹਿਜੇ ਸਹਿਜੇ ਇਕ ਅਜਿਹੀ ਹਾਲਤ ਸਿਰਜੀ ਜਾ ਸਕੇਗੀ ਜਿਸ ਵਿੱਚ ਪੇਂਡੂ ਇਲਾਕਿਆਂ ਰਾਹੀਂ ਸ਼ਹਿਰਾਂ ਨੂੰ ਘੇਰਿਆ ਜਾ ਸਕੇ ਅਤੇ ਅੰਤਮ ਤੌਰ 'ਤੇ ਸ਼ਹਿਰਾਂ 'ਤੇ ਕਬਜਾ ਕਰਨ ਤੇ ਮੁਲਕ ਪੱਧਰੀ ਜਿੱਤ ਹਾਸਲ ਕਰਨ ਲਈ ਆਧਾਰ ਪੈਦਾ ਕੀਤਾ ਜਾ ਸਕੇ।
ਭਾਰਤੀ ਦੇ ਪਿਛਾਂਹਖਿੱਚੂ, ਦਾਰਜਲਿੰਗ ਵਿੱਚ ਪੇਂਡੂ ਹਥਿਆਰਬੰਦ ਸੰਘਰਸ਼ ਦੇ ਘਟਨਾ-ਵਿਕਾਸ ਕਾਰਨ ਤ੍ਰਬਕੇ ਹੋਏ ਹਨ। ਉਹ ਫੌਰੀ ਤਬਾਹੀ ਦਾ ਅਨੁਭਵ ਕਰ ਰਹੇ ਹਨ ਅਤੇ ਇਸ ਖਤਰੇ ਦਾ ਰੁਦਨ ਕਰ ਰਹੇ ਹਨ ਕਿ ਕਿਸਾਨਾਂ ਦੀਆਂ ਇਹ ਬਗਾਵਤਾਂ ''ਕੌਮੀ ਤਬਾਹੀ 'ਚ ਪਲਟ ਸਕਦੀਆਂ ਹਨ''। ਸਾਮਰਾਜੀ ਅਤੇ ਭਾਰਤੀ ਪਿਛਾਂਹਖਿੱਚ,ੂ ਦਾਰਜਲਿੰਗ ਦੇ ਕਿਸਾਨਾਂ ਦੇ ਹਥਿਆਰਬੰਦ ਸੰਘਰਸ਼ ਨੂੰ ਦਬਾਉਣ ਅਤੇ ਇਸ ਨੂੰ ਜੰਮਦਿਆਂ ਹੀ ਕੁਚਲ ਦੇਣ ਲਈ ਅਨੇਕਾਂ ਢੰਗ ਤਰੀਕੇ ਅਜਮਾ ਰਹੇ ਹਨ। ਡਾਂਗੇ ਦੀ ਭਗੌੜੀ ਜੁੰਡਲੀ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਮੁੱਠੀਭਰ ਸੋਧਵਾਦੀ ਚੌਧਰੀ, ਕਮਿਊਨਿਸਟ ਪਾਰਟੀ ਵਿੱਚਲੇ ਇਨਕਲਾਬੀਆਂ ਅਤੇ ਦਾਰਜਲਿੰਗ ਵਿੱਚਲੇ ਇਨਕਲਾਬੀ ਕਿਸਾਨਾਂ ਨੂੰ ਉਹਨਾਂ ਦੇ ਮਹਾਨ ਕਾਰਨਾਮਿਆਂ ਕਰਕੇ ਜ਼ੋਰਸ਼ੋਰ ਨਾਲ ਭੰਡ ਰਹੇ ਹਨ ਤੇ ਉਹਨਾ 'ਤੇ ਹਮਲੇ ਕਰ ਰਹੇ ਹਨ। ਪੱਛਮੀ ਬੰਗਾਲ ਵਿੱਚਲੀ ਅਖੌਤੀ 'ਗੈਰ-ਕਾਂਗਰਸੀ ਹਕੂਮਤ' ਦਾਰਜਲਿੰਗ ਵਿੱਚ ਇਨਕਲਾਬੀ ਕਿਸਾਨਾਂ ਦੇ ਖੂਨੀ ਦਮਨ ਲਈ ਸ਼ਰੇਆਮ ਭਾਰਤੀ ਪਿਛਾਂਹਖਿੱਚੂ ਹਕੂਮਤ ਦੇ ਪੱਖ 'ਚ ਖੜ੍ਹੀ ਹੈ। ਇਹ ਇਸ ਗੱਲ ਦਾ ਇਕ ਹੋਰ ਸਬੂਤ ਹੈ ਕਿ ਇਹ ਭਗੌੜੇ ਤੇ ਸੋਧਵਾਦੀ ਅਮਰੀਕੀ ਸਾਮਰਾਜਵਾਦ ਅਤੇ ਸੋਵੀਅਤ ਸੋਧਵਾਦ ਦੇ ਚਾਕਰ ਹਨ ਅਤੇ ਵੱਡੇ ਭਾਰਤੀ ਜਗੀਰਦਾਰਾਂ ਅਤੇ ਸਰਮਾਏਦਾਰਾਂ ਦੇ ਹੱਥਠੋਕੇ ਹਨ। ਜਿਸਨੂੰ ਉਹ 'ਗੈਰ-ਕਾਂਗਰਸੀ ਸਰਕਾਰ' ਕਹਿੰਦੇ ਹਨ, ਇਹਨ੍ਹਾ ਜਗੀਰਦਾਰਾਂ ਤੇ ਸਰਮਾਏਦਾਰਾਂ ਦਾ ਸੰਦ-ਮਾਤਰ ਹੀ ਹੈ।
ਪ੍ਰੰਤੂ ਸਾਮਰਾਜਵਾਦੀ ਭਾਰਤੀ ਪਿਛਾਂਹਖਿੱਚੂ ਤੇ ਅਜੋਕੇ ਸੋਧਵਾਦੀ ਭੰਨਤੋੜ ਤੇ ਦਮਨ ਚੱਕਰ ਦੇ ਮਾਮਲੇ 'ਚ ਆਪਸ ਵਿੱਚ ਜਿੰਨ੍ਹਾਂ ਮਰਜੀ ਸਹਿਯੋਗ ਕਰ ਲੈਣ ਭਾਰਤੀ ਕਮਿਊਨਿਸਟ ਪਾਰਟੀ ਵਿਚਲੇ ਇਨਕਲਾਬੀਆਂ ਅਤੇ ਦਾਰਜਲਿੰਗ ਵਿਚਲੇ ਇਨਕਲਾਬੀ ਕਿਸਾਨਾਂ ਵੱਲੋਂ ਜਗਾਈ ਗਈ ਹਥਿਆਰਬੰਦ ਸੰਘਰਸ਼ ਦੀ ਮਸ਼ਾਲ ਨੂੰ ਬੁਝਾ ਨਹੀਂ ਸਕਣਗੇ। ''ਇਕ ਚੰਗਆੜੀ ਸਾਰੇ ਜੰਗਲ ਨੂੰ ਅੱਗ ਲਾ ਸਕਦੀ ਹੈ''। ਦਾਰਜਲਿੰਗ ਵਿਚਲੀ ਚਿੰਗਾੜੀ ਜੰਗਲ ਦੀ ਅੱਗ ਦੀ ਸ਼ੁਰੂਆਤ ਬਣੇਗੀ ਅਤੇ ਯਕੀਨਨ ਹੀ ਭਾਰਤੀ ਦੇ ਵਿਸ਼ਾਲ ਖਿੱਤਿਆਂ ਨੂੰ ਭਾਂਬੜਾਂ 'ਚ ਬਦਲ ਦੇਵੇਗੀ। ਇਨਕਲਾਬੀ ਹਥਿਆਰਬੰਦ ਸੰਘਰਸ਼ ਦਾ ਇਹ ਭਾਰੀ ਤੂਫਾਨ ਅੰਤਮ ਤੌਰ 'ਤੇ ਪੂਰੇ ਭਾਰਤ 'ਚ ਫੈਲਣਾ ਯਕੀਨੀ ਹੈ। ਭਾਵੇਂ ਭਾਰਤੀ ਇਨਕਲਾਬੀ ਸੰਘਰਸ਼ ਦਾ ਰਾਹ ਲੰਮਾ ਅਤੇ ਬਿਖੜਾ ਹੋਵੇਗਾ, ਮਹਾਨ ਮਾਰਕਸਵਾਦ-ਲੈਨਿਨਵਾਦ ਤੇ ਮਾਓ ਵਿਚਾਰਧਾਰਾ ਦੀ ਅਗਵਾਈ ਹੇਠ ਭਾਰਤੀ ਇਨਕਲਾਬ ਆਪਣੀ ਜਿੱਤ ਅਵੱਸ਼ ਹਾਸਲ ਕਰੇਗਾ।
(ਪੀਪਲਜ਼ ਡੇਲੀ, 5 ਜੁਲਾਈ 1967)

02 ਕਮਿਊਨਿਸਟ ਇਨਕਲਾਬੀ ਲਹਿਰ ਦਾ ਚਿੰਨ ਬਣਕੇ ਉਭਰੀ ਨਕਸਲਬਾੜੀ ਬਗਾਵਤ

ਤਿਲੰਗਾਨਾ ਘੋਲ ਦੀ ਵਾਪਸੀ ਦੇ 16 ਸਾਲਾਂ ਬਾਅਦ ਪੱਛਮੀ ਬੰਗਾਲ ਦੇ ਨਕਸਲਬਾੜੀ  ਇਲਾਕੇ ਅੰਦਰ ਕਿਸਾਨਾਂ ਦਾ ਜ਼ਮੀਨ ਅਤੇ ਸੱਤਾ ਲਈ ਇਕ ਅਜੇਹਾ ਖਾੜਕੂ ਸੰਘਰਸ਼ ਉੱਠਿਆ ਜਿਸ ਨੇ ਭਾਰਤ ਦੀ ਕਮਿਊਨਿਸਟ ਲਹਿਰ 'ਤੇ ਆਪਣੀ ਅਜਿਹੀ ਅਮਿੱਟ ਛਾਪ ਛੱਡੀ ਕਿ ਨਕਸਲਬਾੜੀ  ਅਤੇ ਕਮਿਊਨਿਸਟ ਇਨਕਲਾਬੀ ਲਹਿਰ ਸਦਾ ਲਈ ਸਮਾਨਾਰਥਕ ਸ਼ਬਦ ਬਣ ਗਏ। ਇਹਨਾਂ ਸੋਲਾਂ ਸਾਲਾਂ ਅੰਦਰ ਸੰਸਾਰ ਅਤੇ ਭਾਰਤ ਪੱਧਰ 'ਤੇ ਅਨੇਕਾਂ ਅਹਿਮ ਘਟਨਾਵਾਂ ਵਾਪਰ ਚੁੱਕੀਆਂ ਸਨ।

ਸੋਵੀਅਤ ਯੂਨੀਅਨ ਅਤੇ ਇਸ ਦੀ ਛਤਰੀ ਹੇਠਲੇ ਪੂਰਬੀ ਯੂਰਪੀਅਨ ਮੁਲਕ, ਸਮਾਜਵਾਦ ਤੋਂ ਭਟਕ ਕੇ, ਮੁੜ ਪੂੰਜੀਵਾਦ ਦੇ ਰਾਹ ਪੈ ਚੁੱਕੇ ਸਨ। ਸੋਵੀਅਤ ਯੂਨੀਅਨ ਅਮਰੀਕਾ ਦੇ ਮੁਕਾਬਲੇ ਦੀ ਇਕ ਦਿਓ ਤਾਕਤ ਵਜੋਂ ਉੱਭਰ ਰਿਹਾ ਸੀ ਅਤੇ ਆਪਣੇ ਪਹਿਲੇ ਸਮਾਜਵਾਦੀ ਮੁਲਕ ਦੇ ਵਕਾਰ ਨੂੰ ਵਰਤ ਕੇ ਤੀਜੀ ਦੁਨੀਆਂ ਦੇ ਮੁਲਕਾਂ ਅਤੇ ਇਨਕਲਾਬੀ ਲਹਿਰਾਂ ਨੂੰ ਆਪਣੇ ਪ੍ਰਭਾਵ-ਖੇਤਰ ਅਧੀਨ ਲਿਆਉਣ ਦੇ ਆਹਰਾਂ ਵਿੱਚ ਜੁੱਟਿਆ ਹੋਇਆ ਸੀ। ਇਸ ਦੇ ਬਾਵਜੂਦ ਵੀ ਇਨਕਲਾਬ ਦਾ ਰੁਝਾਨ ਪੂਰੇ ਵੇਗ ਨਾਲ ਅੱਗੇ ਵੱਧ ਰਿਹਾ ਸੀ। ਚੀਨ ਕਾ. ਮਾਓ ਦੀ ਦਰੁਸਤ ਅਗਵਾਈ ਹੇਠ ਸਾਬਤ ਕਦਮੀਂ ਨਾਲ ਸਮਾਜਵਾਦ ਦੀ ਉਸਾਰੀ ਵਿੱਚ ਜੁੱਟਿਆ ਹੋਇਆ ਸੀ ਅਤੇ ਅਗਾਂਹ ਵੱਲ ਲੰਮੀ ਛਾਲ ਮਾਰਨ ਤੋਂ ਬਾਅਦ ਸਭਿਆਚਾਰਕ ਇਨਕਲਾਬ ਦਾ ਬਿਗਲ-ਨਾਦ ਵਜਾ ਚੁੱਕਿਆ ਸੀ। ਉਤਰੀ ਕੋਰੀਆ ਅਤੇ ਉਤਰੀ ਵੀਅਤਨਾਮ ਸਾਮਰਾਜ ਦੇ ਚੁੰਗਲ 'ਚੋਂ ਨਿਕਲ ਕੇ ਸਮਾਜਵਾਦ ਦੀ ਸੇਧ ਵਿੱਚ ਅਗਾਂਹ ਵਧ ਰਹੇ ਸਨ। ਦੱਖਣੀ ਵੀਅਤਨਾਮ ਅੰਦਰ, ਫਰਾਂਸੀਸੀ ਮੂੰਹ ਦੀ ਖਾਕੇ ਪਿੱਛੇ ਹੱਟ ਗਏ ਸਨ ਅਤੇ ਉਹਨਾਂ ਦੀ ਥਾਂ 'ਤੇ ਅਮਰੀਕੀ ਸਾਮਰਾਜੀਆਂ ਨੇ ਆਪਣੀ ਸੂਰ-ਬੂਥੀ ਘੁਸੋ ਦਿੱਤੀ ਸੀ। ਪਰ ਵੀਅਤਨਾਮੀ ਲੋਕ ਇਸ ਦੇ ਵੀ ਬੁਥਾੜ ਸੇਕ ਰਹੇ ਸਨ ਅਤੇ ਚੰਗੇ ਸਬਕ ਸਿਖਾ ਰਹੇ ਸਨ। ਫਿਲਪਾਇਨ ਅੰਦਰ ਇਨਕਲਾਬੀ ਹਥਿਆਰਬੰਦ ਘੋਲ ਪਰ ਤੋਲ ਰਿਹਾ ਸੀ। ਕਿਊਬਾ ਅੰਦਰ ਇਨਕਲਾਬ ਦੀ ਜਿੱਤ ਤੋਂ ਬਾਅਦ ਬੁਲੀਵੀਆ ਦੇ ਜੰਗਲਾਂ ਵਿੱਚ ਗਰਜਦਾ ਹੋਇਆ ਚੀ ਗੁਵੇਰਾ ਸ਼ਹੀਦ ਹੋ ਚੁੱਕਿਆ ਸੀ ਪਰ ਉਸ ਦੀ ਜਾਂਬਾਜ਼ ਇਨਕਲਾਬੀ ਕੌਮਾਂਤਰੀ ਭਾਵਨਾ ਨੇ ਨੌਜੁਆਨਾਂ ਅੰਦਰ ਅਜੀਬ ਜੋਸ਼ ਤੇ ਹੁਲਾਰਾ ਪੈਦਾ ਕਰ ਦਿੱਤਾ ਸੀ। ਲਾਤੀਨੀ ਅਮਰੀਕਾ ਅਤੇ ਅਫਰੀਕਾ ਅੰਦਰ ਥਾਂ-ਥਾਂ ਸਾਮਰਾਜ ਵਿਰੋਧੀ ਘੋਲ ਉੱਠ ਰਹੇ ਸਨ। ਯੂਰਪ ਅੰਦਰ ਮਜ਼ਦੂਰਾਂ ਦੇ ਅੰਦੋਲਨਾਂ ਨੇ ਫਿਜ਼ਾ ਅੰਦਰ ਇਨਕਲਾਬ ਦੇ ਤਰਾਨਿਆਂ ਦੀ ਗੂੰਜ ਭਰ ਦਿੱਤੀ ਸੀ।
ਇਹਨਾਂ 16 ਵਰ੍ਹਿਆਂ ਅੰਦਰ ਭਾਰਤ ਅੰਦਰ, ਹਾਕਮ ਜਮਾਤਾਂ ਦੀ ਰਹਿਨੁਮਾ ਕਾਂਗਰਸ ਪਾਰਟੀ ਦੀ ਛੱਬ ਘਸਮੈਲੀ ਪੈ ਚੁਕੀ ਸੀ ਅਤੇ ਉਹ ਲੋਕਾਂ ਵਿੱਚੋਂ ਨਿਖੜ ਚੁੱਕੀ ਸੀ। ਕਮਿਊਨਿਸਟ ਪਾਰਟੀ ਦੁਫਾੜ ਹੋ ਚੁੱਕੀ ਸੀ ਅਤੇ ਇਨਕਲਾਬੀ ਅਖਵਾਉਣ ਵਾਲੀ ਮਾਰਕਸੀ ਕਮਿਊਨਿਸਟ ਪਾਰਟੀ ਦੀ ਲੀਡਰਸ਼ਿਪ ਵੀ ਸੋਧਵਾਦ ਅਤੇ ਪਾਰਲੀਮੈਂਟਰੀਵਾਦ ਦੇ ਰਾਹ ਪੈ ਚੁੱਕੀ ਸੀ। ਪਰ ਲੋਕ ਇਸ ਨਰਕੀ ਜ਼ਿੰਦਗੀ ਤੋਂ ਆਕੀ ਹੋ ਰਹੇ ਸਨ। ਮਜ਼ਦੂਰ ਆਪਣੇ ਹੱਕਾਂ ਲਈ ਤਿੱਖੇ ਸੰਘਰਸ਼ ਦੇ ਰਾਹ ਪੈ ਰਹੇ ਸਨ। ਸਰਕਾਰੀ ਜ਼ਮੀਨੀ ਸੁਧਾਰਾਂ ਦਾ ਹੀਜ਼-ਪਿਆਜ਼ ਜਾਹਰ ਹੋ ਰਿਹਾ ਸੀ ਅਤੇ ਕਿਸਾਨ ਜਾਗੀਰੂ ਲੁੱਟ ਅਤੇ ਦਾਬੇ ਖਿਲਾਫ਼ ਖਾੜਕੂ ਟਕਰਾ ਦੇ ਰਾਹ ਪੈ ਰਹੇ ਸਨ। ਮਹਿੰਗਾਈ, ਬਲੈਕ ਮਾਰਕੀਟਿੰਗ, ਜ਼ਖੀਰੇਬਾਜ਼ੀ ਅਤੇ ਅਨਾਜ ਵਰਗੀਆਂ ਜ਼ਰੂਰੀ ਵਸਤਾਂ ਦੀ ਤੋਟ ਨੇ ਸ਼ਹਿਰੀ ਗਰੀਬਾਂ ਦਾ ਕਚੂਮਰ ਕੱਢ ਰੱਖਿਆ ਸੀ। ਇਸ ਅੰਨ੍ਹੀ ਲੁੱਟ ਖਿਲਾਫ਼ ਉਨ੍ਹਾਂ ਦੇ ਸੰਘਰਸ਼ ਵੀ ਅਕਸਰ ਅਖਬਾਰਾਂ ਵਿੱਚ ਸੁਰਖੀਆਂ ਬਣਦੇ ਰਹਿੰਦੇ ਸਨ
1967 ਦਾ ਸਾਲ ਅਜਿਹਾ ਸਾਲ ਸੀ ਜਦ ਭਾਰਤ ਦੀਆਂ ਹਾਕਮ ਜਮਾਤਾਂ ਨੂੰ ਹੁਣ ਤੱਕ ਦੇ ਸਭ ਤੋਂ ਤਿੱਖੇ ਆਰਥਕ-ਸਿਆਸੀ ਸੰਕਟ ਨੇ ਮਧੋਲਿਆ ਹੋਇਆ ਸੀ। ਹਾਕਮ ਜਮਾਤਾਂ ਲੋਕਾਂ 'ਚੋਂ ਨਿੱਖੜੀਆਂ ਹੋਈਆਂ ਸਨ ਅਤੇ ਲੋਕ ਥਾਂ ਥਾਂ ਸੰਘਰਸ਼ਾਂ ਦਾ ਰਾਹ ਫੜ ਰਹੇ ਸਨ। ਇਸ ਦੀ ਇੱਕ ਝਲਕ ਇਸ ਤੱਥ 'ਚੋ ਹੀ ਮਿਲ ਜਾਂਦੀ ਹੈ ਕਿ ਇਸ ਸਾਲ ਮਾਰਚ ਤੋਂ ਸਤੰਬਰ ਤੱਕ ਦੀ ਛਿਮਾਹੀ ਵਿੱਚ ਇਕੱਲੇ ਬੰਗਾਲ ਅੰਦਰ ਹੀ 1230 ਘਿਰਾਓ ਤੇ 447 ਹੜਤਾਲਾਂ ਹੋਈਆਂ ਜਿਨ੍ਹਾਂ ਅੰਦਰ 169000 ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ ਅਤੇ ਲੱਗਭੱਗ 60 ਲੱਖ ਦਿਹਾੜੀਆਂ ਦਾ ਨੁਕਸਾਨ ਹੋਇਆ। ਸੋ ਅਜਿਹੀ ਸੀ ਕੁੱਲ ਪ੍ਰਸਥਿਤੀ ਜਿਸ ਅੰਦਰ ਨਕਸਲਬਾੜੀ ਦਾ ਕਿਸਾਨ ਸੰਘਰਸ਼-''ਬਸੰਤ ਦੀ ਗਰਜ''-ਬਣ ਕੇ ਉੱਠਿਆ ਅਤੇ ਬਰਸਾਤ ਦੇ ਬੱਦਲਾਂ ਵਾਂਗ ਭਾਰਤ ਦੇ ਸਮੁੱਚੇ ਆਕਾਸ਼ 'ਤੇ ਘਣਘੋਰ ਘਟਾਵਾਂ ਬਣ ਕੇ ਛਾ ਗਿਆ। ਚੀਨੀ ਕਮਿਊਨਿਸਟ ਪਾਰਟੀ ਨੇ ਇਸ ਬਗਾਵਤ ਨੂੰ ''ਭਾਰਤ 'ਚ ਬਸੰਤ ਦੀ ਗਰਜ'' ਕਹਿ ਕੇ ਇਸਦਾ ਸੁਆਗਤ ਕੀਤਾ ਸੀ।
ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ਵਿੱਚ ਹਿਮਾਲਾ ਦੀ ਤਰਾਈ ਦੇ 60 ਪਿੰਡਾਂ ਦਾ ਸਮੂਹ ਨਕਸਲਬਾੜੀ ਦਾ ਉਹ ਇਲਾਕਾ ਹੈ ਜਿਸ ਨੇ ਇਤਿਹਾਸਕ ਕਿਸਾਨ ਵਿਦਰੋਹ ਨੂੰ ਜਨਮ ਦਿੱਤਾ। ਨਕਸਲਬਾੜੀ, ਖਾਰੀਬਾੜੀ ਅਤੇ ਫਾਂਸੀ ਦੇਵਾ ਥਾਣਿਆਂ ਅਧੀਨ 274 ਵਰਗ ਮੀਲ ਵਿੱਚ ਫੈਲੇ ਇਸ ਖੇਤਰ ਦੀ ਵਸੋਂ 1971 ਵਿੱਚ 167000 ਸੀ। ਇਸ ਵਿੱਚ ਜ਼ਿਆਦਾਤਰ ਕਬਾਇਲੀ ਅਤੇ ਰਾਜਬੰਸੀ ਅਖਵਾਉਂਦੇ ਕਿਸਾਨ ਸਨ। ਖੇਤੀ ਤੋਂ ਇਲਾਵਾ ਇੱਥੇ ਕਾਫੀ ਸਾਰੇ ਚਾਹ ਦੇ ਬਾਗ ਵੀ ਹਨ, ਜਿੱਥੇ ਆਦਿਵਾਸੀ ਕਿਸਾਨ ਮਜ਼ਦੂਰੀ ਵੀ ਕਰਦੇ ਸਨ। ਇਹ ਸਾਰਾ ਖੇਤਰ ਅੰਗਰੇਜ਼ੀ ਰਾਜ ਵੇਲੇ ਤੋਂ ਹੀ ਲੱਗਭਗ 500 ਦੇ ਕਰੀਬ ਜਗੀਰਦਾਰਾਂ ਦੀ ਮਾਲਕੀ ਹੇਠ ਚਲਿਆ ਆ ਰਿਹਾ ਸੀ। ਜ਼ਿਆਦਾਤਰ ਕਿਸਾਨ ਹਿੱਸੇ ਠੇਕੇ 'ਤੇ ਲੈ ਕੇ ਜਮੀਨ ਵਾਹੁਣ ਵਾਲੇ ਸਨ ਜਿਨ੍ਹਾਂ ਨੂੰ ਅਧਿਆਰ ਅਤੇ ਟਿੱਕੇਦਾਰ ਕਿਹਾ ਜਾਂਦਾ ਸੀ। 1947 ਤੋਂ ਬਾਅਦ ਜ਼ਮੀਨੀ ਸੁਧਾਰਾਂ ਦੀ ਚਰਚਾ ਨੇ ਜਗੀਰਦਾਰਾਂ ਨੂੰ ਚੁਕੰਨੇ ਕਰ ਦਿੱਤਾ ਸੀ ਤੇ ਉਹ ਸਦੀਆਂ ਤੋਂ ਮਾਣਦੇ  ਆ ਰਹੇ ਆਪਣੇ ਵਿਸ਼ੇਸ਼ ਅਧਿਕਾਰਾਂ ਦੀ ਰਾਖੀ ਲਈ, ਪਹਿਲਾਂ ਨਾਲੋਂ ਵੀ ਵੱਧ ਧੱਕੜ ਤੇ ਜਾਬਰ ਹੋ ਗਏ ਸਨ। ਹੁਣ ਉਨ੍ਹਾਂ ਗੁੰਡੇ ਅਤੇ ਲਠੈਤ ਪਾਲਣੇ ਸ਼ੁਰੂ ਕਰ ਦਿੱਤੇ ਸਨ ਅਤੇ ਬੇਜ਼ਮੀਨੇ ਕਿਸਾਨਾਂ ਨੂੰ ਬੇਦਖਖ ਕਰਕੇ ਖੇਤ-ਮਜ਼ਦੂਰੀ ਲਈ ਮਜ਼ਬੂਰ ਵੀ ਕਰਨ ਲੱਗ ਪਏ ਸਨ। ਇਸ ਦੇ ਨਾਲ ਹੀ ਉਹਨਾਂ ਕਿਸਾਨਾਂ ਉਪਰ ਆਪਣਾ ਦਾਬਾ ਬਣਾਈ ਰੱਖਣ ਲਈ ਆਪਣੇ ਹੀ ਕਾਨੂੰਨ ਤੇ ਰਿਵਾਜ਼ ਬਣਾਏ ਹੋਏ ਸਨ ਜਿਨ੍ਹਾਂ ਵਿੱਚ ਇਕ ਤਾਂ ਇਹ ਸੀ ਕਿ ਇੱਕ ਜੋਤੇਦਾਰ ਦਾ ਅਧਿਆਰ, ਭਾਵੇਂ ਉਸ ਨੂੰ ਕਿੰਨੀ ਲੋੜ ਕਿਉਂ ਨਾ ਹੋਵੇ ਕਿਸੇ ਹੋਰ ਜੋਤੇਦਾਰ ਦੀ ਜ਼ਮੀਨ ਵਾਹ-ਬੀਜ ਨਹੀਂ ਸੀ ਸਕਦਾ ਅਤੇ ਦੂਸਰਾ ਕਾਨੂੰਨ ਉਹਨਾਂ ਇਹ ਤਹਿ ਕੀਤਾ ਕਿ ਹਰੇਕ ਅਧਿਆਰ ਨੂੰ, ਭਾਵੇ ਉਸ ਨੂੰ ਲੋੜੇ ਹੋਵੇ ਜਾਂ ਨਾ, ਆਪਣੇ ਜੋਤੇਦਾਰ ਤੋਂ ਸਾਲ ਵਿੱਚ ਇਕ ਵਾਰ ਉਧਾਰ ਅਨਾਜ ਜ਼ਰੂਰ ਲੈਣਾ ਪੈਂਦਾ ਸੀ। ਇਸ ਉਧਾਰ ਉਪਰ 50% ਵਿਆਜ ਲੱਗਦਾ ਸੀ। ਜਗੀਰਦਾਰਾਂ-ਜੋਤੇਦਾਰਾਂ ਨੇ ਆਪਣੀ ਮਰਜ਼ੀ ਪੁਗਾਉਣ ਅਤੇ ਧੌਂਸ ਬਣਾਈ ਰੱਖਣ ਲਈ ਜੋਤੇਦਾਰਾਂ ਦੀ ਸਭਾ ਅਤੇ ਤਰਾਈ ਮੰਗਲ ਸੰਮਤੀ ਵਰਗੀਆਂ ਜਥੇਬੰਦੀਆਂ ਬਣਾਈਆਂ ਹੋਈਆਂ ਸਨ ਅਤੇ ਇਨ੍ਹਾ ਨੂੰ ਹਾਕਮ ਪਾਰਟੀ ਕਾਂਗਰਸ ਦੀ ਪੂਰੀ ਸ਼ਹਿ ਅਤੇ ਸਮਰਥਨ ਹਾਸਲ ਸੀ।
ਭਾਵੇਂ ਕਿ ਇਸ ਇਲਾਕੇ ਅੰਦਰ ਜੋਤੇਦਾਰਾਂ ਅਤੇ ਚਾਹ-ਬਾਗਾਂ ਦੇ ਮਾਲਕਾਂ ਦੀਆਂ ਧੱਕੇਸ਼ਾਹੀਆਂ ਅਤੇ ਜਬਰ ਖਿਲਾਫ਼ ਕਿਸਾਨਾਂ-ਮਜ਼ਦੂਰਾਂ ਦੇ ਉਘੜ-ਦੁਘੜੇ ਸੰਘਰਸ਼ ਇਕ ਆਮ ਵਰਤਾਰਾ ਸੀ, ਪਰ ਤਿਭਾਗਾ ਲਹਿਰ ਦੇ ਜ਼ੋਰਦਾਰ ਪ੍ਰਭਾਵ ਨੇ ਕਿਸਾਨਾਂ ਮਜ਼ਦੂਰਾਂ ਅੰਦਰ ਏਕਤਾ ਤੇ ਇਕਮੁੱਠਤਾ ਦੀ ਜਾਗ ਲਾਈ ਸ਼ੁਰੂਆਤੀ ਦੌਰ ਵਿੱਚ ਕਿਸਾਨਾਂ ਅੰਦਰ ਆਪਸ ਵਿੱਚ ਕਾਫ਼ੀ ਵਿਤਕਰੇ ਅਤੇ ਤੁਅਸਬ ਮੌਜੂਦ ਸਨ। 1952 ਵਿੱਚ ਅੰਬਾਰੀ ਕਿਸਾਨ ਕਾਨਫਰੰਸ ਵਿੱਚ ਲੱਗਭਗ 2000 ਕਿਸਾਨ ਸ਼ਾਮਲ ਹੋਏ ਸਨ ਪਰ ਉਨ੍ਹਾਂ ਲਈ ਖਾਣਾ ਅੱਡ ਅੱਡ 22 ਚੁੱਲ੍ਹਿਆਂ 'ਤੇ ਬਣਿਆ ਸੀ। ਪਰ 1960 ਤੱਕ ਜਮਾਤੀ ਚੇਤਨਤਾ ਦੇ ਵਿਕਾਸ ਤਹਿਤ ਇਹ ਤੁਅੱਸਬ ਅਤੇ ਵਿਤਕਰੇ ਦੂਰ ਹੋ ਚੁੱਕੇ ਸਨ ਅਤੇ ਇਕੋ ਰਸੋਈ ਬਣਨੀ ਸ਼ੁਰੂ ਹੋ ਗਈ ਸੀ।
ਇਸ ਦਹਾਕੇ ਅੰਦਰ ਕਿਸਾਨਾਂ ਅਤੇ ਚਾਹ-ਬਾਗਾਂ ਦੇ ਮਜ਼ਦੂਰਾਂ ਨੇ ਕਈ ਖਾੜਕੂ ਘੋਲ ਲੜੇ। ਇਕ ਫਾਇਦੇਮੰਦ ਗੱਲ ਇਹ ਸੀ ਕਿ ਕਿਸਾਨਾਂ ਅਤੇ ਚਾਹ-ਬਾਗਾਂ ਦੇ ਮਜ਼ਦੂਰਾਂ ਵਿਚਕਾਰ ਅਜੇ ਕੋਈ ਨਿਸ਼ਚਤ ਵਖਰੇਵਾਂ ਅਤੇ ਸਨਾਖਤ ਨਹੀਂ ਬਣੀ ਸੀ। ਆਮ ਕਰਕੇ ਕਿਸਾਨ ਜਾਂ ਆਦਿਵਾਸੀ ਪਰਿਵਾਰਾਂ ਦੇ ਕੁਝ ਜੀਅ, ਜਾਂ ਕੰਮ ਦੇ ਜ਼ੋਰ ਸਮੇਂ ਸਮੁੱਚਾ ਪਰਿਵਾਰ ਹੀ ਚਾਹ-ਬਾਗਾਂ ਵਿੱਚ ਮਜ਼ਦੂਰੀ ਕਰਦਾ ਸੀ ਅਤੇ ਨਾਲ ਹੀ ਖੇਤੀ ਦਾ ਧੰਦਾ ਵੀ ਚੱਲਦਾ ਰਹਿੰਦਾ ਸੀ। 1955-56 ਦੇ ਬੋਨਸ ਘੋਲ ਦਰਮਿਆਨ ਹਜ਼ਾਰਾਂ ਮਜ਼ਦੂਰਾਂ ਅਤੇ ਕਿਸਾਨਾਂ ਨੇ ਚਾਹ-ਬਾਗਾਂ ਦੇ ਮਾਲਕਾਂ ਦੇ ਲਠੈਤਾਂ ਅਤੇ ਪੁਲਸ ਨਾਲ ਜਬਰਦਸਤ ਟੱਕਰਾਂ ਲਈਆਂ ਸਨ ਅਤੇ ਉਨ੍ਹਾਂ ਨੂੰ ਝੁਕਣ ਲਈ ਮਜ਼ਬੂਰ ਕਰ ਦਿੱਤਾ ਸੀ।
1958-62 ਤੱਕ ਪੱਛਮੀ ਬੰਗਾਲ ਅੰਦਰ ਕਿਸਾਨ ਸਭਾ ਦੇ ਸੱਦੇ ਤੇ ਬੇਨਾਮੀ ਜ਼ਮੀਨਾਂ 'ਤੇ ਕਬਜੇ ਦੀ ਮੁਹਿਮ ਚੱਲੀ। ਇਸ ਮੁਹਿੰਮ ਦੌਰਾਨ ਨਕਸਲਬਾੜੀ ਇਲਾਕੇ ਦੇ ਕਿਸਾਨਾਂ ਨੇ ਬੇਨਾਮੀ ਜ਼ਮੀਨਾਂ ਤੋਂ ਇਲਾਵਾ ਜੋਤੇਦਾਰਾਂ ਦੀਆਂ ਫਸਲਾਂ ਅਤੇ ਜਮੀਨਾਂ 'ਤੇ ਕਬਜਾ ਕਰਨਾ ਸ਼ੁਰੂ ਕਰ ਦਿੱਤਾ। ਅਨੇਕਾਂ ਥਾਈਂ ਘਮਸਾਨੀ ਟੱਕਰਾਂ ਹੋਈਆਂ। ਕਿਸਾਨ ਕਿਤੇ ਵੀ ਨਾ ਡਰੇ ਨਾ ਝੁਕੇ। ਸਗੋਂ ਜੋਤੇਦਾਰਾਂ ਅੰਦਰ ਡਰ ਤੇ ਭੈਅ ਫੈਲ ਗਿਆ। ਉਹ ਪਹਿਲਾਂ ਨਾਲੋਂ ਵੀ ਵੱਧ ਜਥੇਬੰਦ, ਹਥਿਆਰਬੰਦ ਅਤੇ ਲੜਾਕੂ ਹੋਣਲੱਗ ਪਏ ਪਰ ਇਸ ਸਮੇਂ ਤੱਕ ਕਿਸਾਨ ਜਥੇਬੰਦੀ ਵੀ ਮਜਬੂਤ ਅਤੇ ਪੱਕੇ ਪੈਰੀਂ ਹੋ ਚੁੱਕੀ ਸੀ। ਕਿਸਾਨਾਂ ਅੰਦਰ ਇਨਕਲਾਬੀ ਚੇਤਨਾ ਜੜ੍ਹਾਂ ਲਾ ਚੁੱਕੀ ਸੀ। ਉਨ੍ਹਾਂ ਅੰਦਰ ਇਕ ਭਰੋਸੇਯੋਗ ਆਗੂ ਟੋਲੀ ਵੀ ਵਿਕਸਤ ਹੋ ਚੁੱਕੀ ਸੀ। ਇਨ੍ਹਾਂ ਵਿੱਚ ਇਕ ਕਾਨੂੰ ਸਾਨਿਆਨ ਸੀ, ਜਿਹੜਾ ਇਕ ਦਰਜੀ ਦਾ ਪੁੱਤਰ ਸੀ। ਵਿਦਿਆਰਥੀ ਜੀਵਨ ਦਰਮਿਆਨ ਤਿਭਾਗਾ ਲਹਿਰ ਤੋਂ ਪ੍ਰਭਾਵਤ ਹੋ ਕੇ ਕਮਿਊਨਿਸਟ ਪਾਰਟੀ ਦੇ ਵਾਹ ਵਿੱਚ ਆਇਆ ਸੀ ਅਤੇ ਮੁੜ ਕਿਸਾਨਾਂ ਅਤੇ ਆਦਿਵਾਸੀਆਂ ਵਿੱਚ ਲਗਾਤਾਰ ਸਰਗਰਮ ਰਿਹਾ ਸੀ। ਦੂਜਾ ਜੰਗਲ ਸੰਥਾਲ ਇਕ ਆਦਿਵਾਸੀ ਸੀ ਜਿਹੜਾ ਆਪਣੀ ਸੂਝਬੂਝ ਅਤੇ ਧੜੱਲੇ ਨਾਲ ਸਥਾਪਤ ਤੇ ਪਰਵਾਨਤ ਹੋਇਆ ਕਿਸਾਨ ਆਗੂ ਸੀ। ਤੀਸਰਾ ਬਾਬੂ ਲਾਲ ਵਿਸ਼ਵਕਰਮਨ, ਇਕ ਬੇਜ਼ਮੀਨੇ ਕਿਸਾਨ ਦਾ ਪੁੱਤਰ ਅਤੇ ਚਾਹ-ਬਾਗਾਂ ਦਾ ਮਜ਼ਦੂਰ ਸੀ ਜਿਹੜਾ ਮਜ਼ਦੂਰ ਸੰਘਰਸ਼ਾਂ ਦਾ ਚੰਡਿਆ ਤੇ ਹੰਡਿਆ ਵਰਤਿਆ ਆਗੂ ਸੀ। ਇਸ ਤੋਂ ਇਲਾਵਾ ਅਨੇਕਾਂ ਹੀ ਹੋਰ ਨਿਹਚਾ ਅਤੇ ਦ੍ਰਿੜਤਾ ਵਾਲੇ ਪਾਰਟੀ ਕਾਰਕੁਨ ਮੌਜੂਦ ਸਨ। ਵਰਨਣ ਯੋਗ ਗੱਲ ਇਹ ਹੈ ਕਿ ਇਸ ਇਲਾਕੇ ਅੰਦਰ ਪਾਰਟੀ ਦਾ ਬਾਹਰੋਂ ਭੇਜਿਆ ਕੁਲਵਕਤੀ ਕਾਰਕੁਨ ਕੋਈ ਨਹੀਂ ਸੀ ਅਤੇ ਇਥੇ ਲਹਿਰ ਤੇ ਲੀਡਰਸ਼ਿਪ ਸਥਾਨਕ ਘੋਲਾਂ ਵਿੱਚੋਂ ਹੀ ਉਸਰੀ ਹੋਈ ਸੀ। ਨਕਲਸਬਾੜੀ ਦੀ ਬਗਾਵਤ ਨਾਲ ਕਾ. ਚਾਰੂ ਮਜ਼ੂਮਦਾਰ ਦਾ ਨਾਂ ਵੀ ਜੁੜਿਆ ਹੋਇਆ ਸੀ ਪਰ ਹਕੀਕਤ ਇਹ ਹੈ ਕਿ ਇਸ ਇਲਾਕੇ ਨਾਲ ਉਸ ਦਾ ਕੋਈ ਸਿੱਧਾ ਸਬੰਧ ਨਹੀਂ ਸੀ। ਉਸ ਦੀ ਸਰਗਰਮੀ ਦਾ ਖੇਤਰ ਸਿਲੀਗੁੜੀ ਸੀ।
ਮਈ 1967 ਦੀ ਨਕਸਲਬਾੜੀ ਬਗਾਵਤ ਲਈ ਜੂਨ ਤੋਂ ਦਸੰਬਰ 1966 ਤੱਕ ਦਾਰਜੀਲਿੰਗ ਅੰਦਰ ਚੱਲੀ ਚਾਹ ਬਾਗਾਂ ਦੇ ਮਜ਼ਦੂਰਾਂ ਦੀ ਹੜਤਾਲ ਅਤੇ ਖਾੜਕੂ ਸੰਘਰਸ਼ ਨੇ ਹੁਲਾਰ ਪੈੜੇ ਦਾ ਕੰਮ ਕੀਤਾ। ਚਾਹ-ਬਾਗ ਮਜ਼ਦੂਰਾਂ ਦਾ ਕਿਸਾਨੀ ਨੇ ਡਟਵਾਂ ਸਮਰਥਨ ਕੀਤਾ। ਸਤੰਬਰ ਦੇ ਮਹੀਨੇ ਨੌਂ ਦਿਨ ਲਗਾਤਾਰ ਚੱਲੀ ਹੜਤਾਲ ਇਸ ਪੱਖੋਂ ਬੇਹੱਦ ਅਹਿਮ ਸੀ ਕਿ ਇਸ ਅਰਸੇ ਦੋਰਾਨ ਸਮੁੱਚੇ ਦਾਰਜੀਲਿੰਗ ਜਿਲੇ ਅੰਦਰ, ਸਮੂਹ ਚਾਹ-ਬਾਗਾਂ ਅੰਦਰ ਪੱਤੀਆਂ ਦੀ ਤੁੜਵਾਈ ਬੰਦ ਰਹੀ। ਚਾਹ-ਬਾਗ ਮਾਲਕਾਂ ਅਤੇ ਪੁਲਸ ਦੇ ਦਬਾਅ ਪਾਉਣ ਅਤੇ ਹੜਤਾਲ ਕੁਚਲਣ ਦੇ ਸਭ ਹਰਬਿਆਂ ਨੂੰ ਅਸਫਲ ਬਣਾਉਦੇ ਹੋਏ ਮਜ਼ਦੂਰਾਂ ਅਤੇ ਕਿਸਾਨਾਂ ਦੇ ਉਭਰ ਰਹੇ ਸਹਿਯੋਗ ਨੇ, ਉਨ੍ਹਾਂ ਦੀ ਉਭਰ ਰਹੀ ਤਾਕਤ ਨੇ , ਹਾਕਮ ਜਮਾਤਾਂ ਦੀ ਸੱਤਾ ਨੂੰ ਚੁਣੌਤੀ ਦੇ ਦਿੱਤੀ। ਫਰਵਰੀ 1967 ਵਿਚ ਹੋਈਆਂ ਅਸੈਂਬਲੀ ਚੋਣਾਂ ਅੰਦਰ ਕਾਂਗਰਸ ਪਾਰਟੀ ਨੂੰ ਮਿਲੀ ਕਰਾਰੀ ਹਾਰ ਅਤੇ ਕਮਿਊਨਿਸਟਾਂ ਦੇ ਸਹਿਯੋਗ ਨਾਲ ਬਣੀ ਸਾਂਝੇ ਮੋਰਚੇ ਦੀ ਸਰਕਾਰ ਨੇ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਇਹ ਭਰਮਾਊ ਹੁਲਾਰਾ ਦਿੱਤਾ ਕਿ ਹੁਣ ਉਨ੍ਹਾਂ ਦੀ ਸਰਕਾਰ ਬਣ ਗਈ ਹੈ। ਜੋਤੇਦਾਰ ਅਤੇ ਚਾਹਬਾਗਾਂ ਦੇ ਮਾਲਕ ਹੁਣ ਉਨ੍ਹਾਂ ਦਾ ਕੁੱਝ ਨਹੀਂ ਵਿਗਾੜ ਸਕਣਗੇ।
ਇਸ ਉਤਸ਼ਾਹੀ ਮਹੌਲ ਵਿੱਚ 7 ਮਈ 1967 ਨੂੰ ਨਕਸਲਬਾੜੀ ਇਲਾਕੇ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਾਂਝੀ ਕਾਨਫਰੰਸ ਹੋਈ। ਇਸ ਕਾਨਫਰੰਸ ਅੰਦਰ ਜਾਗੀਰਦਾਰਾਂ ਦੀ ਸੱਤਾ ਨੂੰ ਤਹਿਸ਼-ਨਹਿਸ਼ ਕਰਨ ਲਈ ਜ਼ਰੱਈ ਇਨਕਲਾਬ ਨੂੰ ਅੱਗੇ ਵਧਾਉਣ ਦਾ ਅਤੇ ਜਾਗੀਰਦਾਰਾਂ ਦੀ ਜਮੀਨ 'ਤੇ ਕਬਜਾ ਕਰਨ ਦਾ ਫੈਸਲਾ ਕੀਤਾ ਗਿਆ। ਇਸ ਪ੍ਰਸੰਗ ਵਿਚ ਇਹ ਵੀ ਵਰਨਣਯੋਗ ਹੈ ਕਿ ਸਾਂਝੇ ਮੋਰਚੇ ਦੀ ਸਰਕਾਰ ਅੰਦਰ ਮਾਰਕਸੀ ਪਾਰਟੀ ਦਾ ਆਗੂ ਹਰੇ ਕ੍ਰਿਸ਼ਨ ਕੋਨਾਰ ਜ਼ਮੀਨ ਅਤੇ ਮਾਲੀਆ ਵਿਭਾਗ ਦਾ ਮੰਤਰੀ ਬਣਿਆ ਸੀ। ਉਸ ਨੇ ਮੰਤਰੀ ਬਣਦੇ ਸਾਰ ਹੀ ਬਿਆਨ ਦਿੱਤਾ ਕਿ ਹੁਣ ਕਿਸਾਨ ਕਾਨੂੰਨ ਦੀਆਂ ਸੀਮਾਵਾਂ ਵਿੱਚ ਰਹਿ ਕੇ ਅੰਦੋਲਨ ਕਰਨ ਅਤੇ ਸਾਂਝੇ ਮੋਰਚੇ ਦੀ ਸਰਕਾਰ ਲਈ ਕੋਈ ਦਿੱਕਤਾਂ ਖੜ੍ਹੀਆਂ ਨਾ ਕਰਨ।                     ਮਜ਼ਦੂਰਾਂ ਕਿਸਾਨਾਂ ਦੀ ਇਸ ਕਾਨਫਰੰਸ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਪਿੰਡ ਪਿੰਡ ਕਿਸਾਨ ਕਮੇਟੀਆਂ ਕਾਇਮ ਕਰਨ। ਰਾਖਾ ਦਸਤੇ ਤਿਆਰ ਕਰਨ , ਜਾਗੀਰੂ ਦਹਿਸ਼ਤ ਨੂੰ ਤੋੜ ਸੁੱਟਣ ਤੇ ਜਾਗੀਰਦਾਰਾਂ ਦੀਆਂ ਜਮੀਨਾਂ 'ਤੇ ਕਬਜ਼ਾ ਕਰ ਲੈਣ। ਉਨ੍ਹ੍ਵਾਂ ਦੇ ਇਸ ਸੱਦੇ ਨੂੰ ਬੇਮਿਸਾਲ ਹੁੰਗਾਰਾ ਮਿਲਿਆ। ਦਿਨਾਂ ਵਿਚ ਹੀ ਕਿਸਾਨ ਸਭਾ ਦੀ ਮੈਂਬਰਸ਼ਿਪ 4 ਹਜ਼ਾਰ ਤੋਂ 16 ਹਜਾਰ ਹੋ ਗਈ ਕਿਸਾਨ ਲਾਲ ਝੰਡੇ ਹੇਠ ਇਕੱਠੇ ਹੁੰਦੇ ਅਤੇ ਜੋਤੇਦਾਰਾਂ ਦੀਆਂ ਜ਼ਮੀਨਾਂ 'ਤੇ ਜਾ ਲਹਿਰਾਉਂਦੇ । ਹੱਦਬੰਦੀ ਨੂੰ ਚਕਮਾ ਦੇਣ ਵਾਲੇ ਪਟਵਾਰੀਆਂ ਦੇ ਝੂਠੇ ਰਿਕਾਰਡ ਸਾੜ ਦਿੰਦੇ। ਸੂਦਖੋਰਾਂ ਦੀਆਂ ਵਹੀਆਂ ਅਤੇ ਪ੍ਰੋਨੋਟ ਫੂਕ ਦਿੰਦੇ। ਜਾਗੀਰਦਾਰਾਂ ਦੇ ਗੁੰਡਿਆਂ ਨੂੰ ਕੁਟਾਪਾ ਚਾੜ੍ਹਦੇ ਇਸ ਤਰ੍ਹਾਂ ਜਾਗੀਰਦਾਰਾਂ ਅੰਦਰ ਸਹਿਮ ਅਤੇ ਦਹਿਸ਼ਤ ਪੈਦਾ ਹੋ ਰਹੀ ਸੀ, ਘਬਰਾਹਟ ਤੇ ਨਿਰਾਸ਼ਤਾ ਪਨਪ ਰਹੀ ਸੀ।
ਅਜਿਹੇ ਸਮੇਂ ਹੀ ਇਕ ਅਜਿਹੀ ਘਟਨਾ ਵਾਪਰੀ ਜਿਸ ਨੇ ਮਾਰਕਸੀ ਪਾਰਟੀ ਦੇ ''ਕਾਨੂੰਨ ਦੀਆਂ ਹੱਦਾਂ ਅੰਦਰ ਰਹਿ ਕੇ ਸੰਘਰਸ਼ ਕਰਨ'' ਦੀ ਪਹੁੰਚ ਦੀ ਅਸਲੀਅਤ ਬੇਨਕਾਬ ਕਰ ਦਿੱਤੀ ਤੇ ਨਾਲ ਹੀ ਮਜ਼ਦੂਰ-ਕਿਸਾਨ ਕਾਨਫਰੰਸ ਦੀ ਜ਼ਰੱੱੱੱੱਈ ਇਨਕਲਾਬੀ ਲਹਿਰ ਨੂੰ ਅਗਾਂਹ ਵਧਾਉਣ ਦੀ ਸੇਧ 'ਤੇ ਦਰੁਸਤੀ ਦੀ ਮੋਹਰ ਲਾ ਦਿੱਤੀ। ਇਸ ਇਲਾਕੇ ਵਿਚ ਇਕ ਬਿਗਲ ਨਾਮੀ ਬੇਜ਼ਮੀਨਾ ਕਿਸਾਨ ਸੀ, ਜਿਹੜਾ ਕਿ ਮਾਰਕਸੀ ਪਾਰਟੀ ਦਾ ਮੈਂਬਰ ਵੀ ਸੀ। ਮੁਜਾਰਾ ਐਕਟ ਤਹਿਤ ਉਸ ਨੂੰ ਜ਼ਮੀਨ ਮਾਲਕੀ ਦਾ ਅਧਿਕਾਰ ਮਿਲ ਗਿਆ ਸੀ ਪਰ ਜਾਗੀਰਦਾਰਾਂ ਨੇ ਪਹਿਲਾਂ ਅਦਾਲਤ ਵਿਚ ਉਲਝਾਈ ਰੱਖਿਆ। ਅਦਾਲਤ ਵਿੱਚੋਂ ਵੀ ਉਸ ਦੇ ਹੱਕ ਵਿਚ ਫੈਸਲਾ ਹੋ ਜਾਣ 'ਤੇ ਵੀ, ਜਾਗੀਰਦਾਰਾਂ ਨੇ ਉਸ ਨੂੰ ਜਮੀਨ ਵਿਚ ਪੈਰ ਨਾ ਰੱਖਣ ਦਿਤਾ। ਪਿੰਡ ਦੇ ਹੋਰ ਕਿਸਾਨ ਬਿਗਲ ਦੀ ਮਦੱਦ 'ਤੇ ਆਏ ਤਾਂ ਜਾਗੀਰਦਾਰਾਂ ਦੇ ਲਠੈਤਾਂ ਨਾਲ ਉਨ੍ਹਾਂ ਦੀ ਜੰਮ ਕੇ ਲੜਾਈ ਹੋਈ। ਦੋਹਾਂ ਧਿਰਾਂ ਦੇ ਸੱਟਾਂ-ਫੇਟਾਂ ਲੱਗੀਆਂ। 23 ਮਈ ਨੂੰ ਪੁਲਸ ਆਈ ਅਤੇ ਉਸ ਨੇ ਜਾਗੀਰਦਾਰਾਂ ਦਾ ਪੱਖ ਲੈ ਕੇ ਕਿਸਾਨਾਂ ਦੀ ਫੜੋ-ਫੜੀ ਆਰੰਭ ਦਿਤੀ। ਕਿਸਾਨਾਂ ਦਾ ਗੁੱਸਾ ਭਾਂਬੜ ਬਣ ਉਠਿਆ। ਰਵਾਇਤੀ ਹਥਿਆਰਾਂ ਨਾਲ ਲੈਸ ਕਿਸਾਨਾਂ ਅਤੇ ਤੀਰ-ਕਮਾਨਾਂ ਵਾਲੇ ਸੈਕੜੇ ਆਦਿਵਾਸੀਆਂ ਨੇ ਪੁਲਸ ਦਲ ਨੂੰ ਘੇਰ ਲਿਆ। ਝੜੱਪ ਹੋਈ। ਤਿੰਨ ਪੁਲਸੀਏ ਜਖਮੀ ਹੋ ਗਏ। ਦਰੋਗਾ ਸੁਨਮ ਵਾਂਗਦੀ ਦੋ ਦਿਨ ਬਾਅਦ ਹਸਪਤਾਲ ਵਿਚ ਦਮ ਤੋੜ ਗਿਆ। ਉਸੇ ਦਿਨ ਭਾਰੀ ਤਦਾਦ ਵਿਚ ਪੁਲਸ ਨੇ ਇਸ ਪਿੰਡ 'ਤੇ ਹਮਲਾ ਬੋਲ ਦਿੱਤਾ। ਜੰਮ ਕੇ ਲੜਾਈ ਹੋਈ। ਕਿਸਾਨਾਂ ਨੇ ਰਵਾਇਤੀ ਹਥਿਆਰਾਂ ਨਾਲ ਟਾਕਰਾ ਕੀਤਾ। ਔਰਤਾਂ-ਬੱਚਿਆਂ ਨੇ ਇੱਟਾਂ ਰੋੜੇ ਵਰਾ੍ਹਏ। ਆਦਿਵਾਸੀਆਂ ਨੇ ਤੀਰ ਛੱਡੇ। ਪੁਲਸ ਨੇ ਅੰਧਾਧੁੰਦ ਗੋਲੀ ਚਲਾਈ। ਦਸ ਵਿਅਕਤੀ ਮਾਰੇ ਗਏ ਜਿਨ੍ਹਾਂ ਵਿਚ ਔਰਤਾਂ ਤੇ ਬੱਚੇ ਵੀ ਸਨ। ਇਹੀ ਘਟਨਾ ਭਾਰਤ ਅੰਦਰ ''ਬਸੰਤ ਦੀ ਗਰਜ'' ਬਣ ਗਈ।
ਇਸ ਘਟਨਾ ਨੇ ਨਕਸਲਬਾੜੀ ਦੇ ਇਲਾਕੇ ਅੰਦਰ ਇੱਕ ਬਿਜਲਈ ਤਰੰਗ ਛੇੜ ਦਿੱਤੀ। ਕਿਸਾਨਾਂ ਨੇ ਥਾਂ ਥਾਂ ਜਾਰੀਰਦਾਰਾਂ ਦੀਆਂ ਜਮੀਨਾਂ 'ਤੇ ਕਬਜੇ ਆਰੰਭ ਦਿੱਤੇ। ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਰਵਾਇਤੀ ਹਥਿਆਰਾਂ ਸਮੇਤ ਇਕੱਠੇ ਹੁੰਦੇ, ਲਾਲ ਝੰਡੇ ਝੁਲਾਉਂਦ,ੇ ਜੋਤੇਦਾਰਾਂ ਦੀਆਂ ਜ਼ਮੀਨਾਂ 'ਤੇ ਕਬਜੇ ਕਰਦੇ ਅਤੇ ਜਾਲਮ ਜਾਗੀਰਦਾਰਾਂ ਅਤੇ ਉਨ੍ਹਾਂ ਦੇ ਲਠੈਤਾਂ ਨੂੰ ਸਜਾਵਾਂ ਸੁਣਾਉਂਦੇ। ਮੁਲਕ ਭਰ ਅੰਦਰ ਭਖੇ ਹੋਏ ਸਿਆਸੀ ਮਹੌਲ ਅੰਦਰ ਇਹ ਲਹਿਰ ਅਤੇ ਕਿਸਾਨ ਬਗਾਵਤ ਤਿੱਖੀ ਤੇ ਭਖਵੀਂ ਚਰਚਾ ਦਾ ਵਿਸ਼ਾ ਬਣ ਗਈ। ਕਮਿਊਨਿਸਟ ਇਨਕਲਾਬੀ ਸ਼ਕਤੀਆਂ, ਖਰੇ ਜਮਹੂਰੀ ਅਨਸਰ ਅਤੇ ਇਨਸਾਫਪਸੰਦ ਲੋਕ ਇਸ ਬਗਾਵਤ 'ਤੇ ''ਅਸ਼ ਅਸ਼ '' ਕਰ ਉਠੇ ਜਦ ਕਿ ਹਾਕਮ ਜਮਾਤਾਂ ਅਤੇ ਉਨ੍ਹਾਂ ਦੇ ਚਮਚੇ ''ਤਰਾਹ ਤਰਾਹ'' ਕਰ ਉਠੇ।
ਬੰਗਾਲ ਦਾ ਮੁੱਖ-ਮੰਤਰੀ ਅਜੈ ਕੁਮਾਰ ਮੁਖਰਜੀ, ਅਸੈਂਬਲੀ ਵਿਚ ਭਰਿਆ ਪੀਤਾ ਕੂਕਿਆ ਕਿ ਨਕਸਲਬਾੜੀ ਦੇ ਇਲਾਕੇ ਅੰਦਰ ਅਮਨ ਕਾਨੂੰਨ ਦੀ ਗੰਭੀਰ ਸਮੱਸਿਆ ਪੈਦਾ ਹੋ ਗਈ ਹੈ। ਉਸ ਨੇ ਆਪਣੀ ਹਾਕਮ ਜਮਾਤੀ ਭਾਸ਼ਾ ਵਿਚ ਦੱਸਿਆ ਕਿ 8 ਤੋਂ 10 ਜੂਨ ਤੱਕ ਤਿੰਨ ਦਿਨਾਂ ਅੰਦਰ ਹੀ ਨਕਸਲਬਾੜੀ ਵਿਚ 13 ਡਕੈਤੀਆਂ, ਦੋ ਹੱਤਿਆਵਾਂ ਅਤੇ ਇੱਕ ਅਗਜਨੀ ਸਮੇਤ 80 ਵਾਰ ਕਾਨੂੰਨ ਭੰਗ  ਹੋਇਆ ਹੈ। ਕੇਂਦਰੀ ਗ੍ਰਹਿ ਮੰਤਰੀ ਖੁਸ਼ਵੰਤ ਰਾਓ ਚਵਾਨ ਨੇ ਲੋਕ ਸਭਾ ਵਿਚ ਬਿਆਨ ਦਿੱਤਾ ਕਿ ਨਕਸਲਵਾੜੀ ਇਲਾਕੇ ਅੰਦਰ ਅਮਨ ਕਾਨੂੰਨ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ। ਲੋਕ ਕਾਨੂੰਨ ਨੂੰ ਆਪਣੇ ਹੱਥਾਂ ਵਿਚ ਲੈ ਰਹੇ ਹਨ ਅਤੇ ਭੰਨ ਤੋੜ ਕਰ ਰਹੇ ਹਨ। ਉਸ ਨੇ ਉਮੀਦ ਪਰਗਟ ਕੀਤੀ ਕਿ ਸਾਂਝੇ ਮੋਰਚੇ ਦੀ ਧਿਰ ਮਾਰਕਸੀ ਕਮਿਊਨਿਸਟ ਪਾਰਟੀ ਉਨ੍ਹਾਂ ਭੰਨਤੋੜ ਦੀਆਂ ਕਾਰਵਾਈਆਂ ਦਾ ਸਮਰਥਨ ਨਹੀਂ ਕਰੇਗੀ ਅਤੇ ਮਾਰਕਸੀ ਕਮਿਊਨਿਸਟ ਪਾਰਟੀ ਹਾਕਮ ਜਮਾਤਾਂ ਦੇ ਇਸ ਪਹਿਰੇਦਾਰ ਚਵਾਨ ਦੀ ਉਮੀਦ 'ਤੇ ਪੂਰੀ ਉਤਰੀ। 20 ਜੂਨ ਨੂੰ ਮਾਰਕਸੀ ਪਾਰਟੀ ਦੀ ਪੋਲਿਟ ਬਿਓਰੋ ਨੇ ਨਕਸਲਬਾੜੀ ਦੀ ਬਗਵਤ ਨੂੰ ਮੁੱਠੀ ਭਰ ਮਾਹਰਕੇਬਾਜਾਂ ਦੀ ਕਾਰਵਾਈ ਕਰਾਰ ਦੇ ਦਿੱਤਾ ਅਤੇ ਇਸ ਬਗਾਵਤ ਦਾ ਸਮਰਥਨ ਕਰਨ ਵਾਲੇ 19 ਮਹੱਤਵਪੂਰਨ ਆਗੂਆਂ ਨੂੰ ਪਾਰਟੀ ਵਿਚੋਂ ਖਾਰਜ ਕਰ ਦਿੱਤਾ।  
ਇਸ ਉਪਰੰਤ ਮਾਰਕਸੀ ਪਾਰਟੀ ਦੀ ਹਮਾਇਤ ਮਿਲਣ 'ਤੇ ਪੱਛਮੀ ਬੰਗਾਲ ਸਰਕਾਰ ਨੇ 13 ਜੁਲਾਈ ਨੂੰ ਹਥਿਆਰਬੰਦ ਪੁਲਸ ਅਤੇ ਬੀ ਐਸ ਐਫ ਨਾਲ ਨਕਸਲਬਾੜੀ 'ਤੇ ਚੜ੍ਹਾਈ ਕਰ ਦਿੱਤੀ। 250 ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਵਿਰੋਧ ਕਰ ਰਹੇ ਇੱਕ 80 ਸਾਲਾ ਬਜ਼ੁਰਗ ਨੂੰ ਸੰਗੀਨ ਖੋਭ ਕੇ ਮਾਰ ਦਿੱਤਾ । ਕਿਸਾਨ ਸ਼ਭਾ ਦੇ ਕਾਰਕੁੰਨਾਂ ਤੇ ਹਮੈਤੀਆਂ 'ਤੇ ਅੰਨ੍ਹਾਂ ਕੁਟਾਪਾ ਚਾੜ੍ਹਿਆ। ਥਾਂ ਥਾਂ ਪੁਲਸ ਕੈਂਪ ਸਥਾਪਤ ਕਰ ਦਿੱਤੇ ਅਤੇ ਉਲਟ ਇਨਕਲਾਬੀ ਦਹਿਸ਼ਤ ਦਾ ਗੇੜ  ਚਲਾ ਦਿੱਤਾ ।  ਇਉਂ ਨਕਸਲਬਾੜੀ ਦੀ ਇਹ ਬਗਾਵਤ ਕੁੱਲ ਮਿਲਾ ਕੇ 53 ਦਿਨਾਂ ਤੱਕ ਹੀ ਚੱਲੀ, ਪਰ ਭਾਰਤ ਦੇ ਸਿਆਸੀ ਸੀਨ ਤੇ ਇਹ ਬਗਵਤ ਇਕ ਲਾਸਾਨੀ ਇਤਿਹਾਸਕ ਮਹੱਤਤਾ ਵਾਲੀ ਅਮਰ ਗਾਥਾ ਹੋ ਨਿੱਬੜੀ।
ਇਸ ਬਗਾਵਤ ਨੇ ਭਾਰਤ ਦੀ ਧਰਤੀ 'ਤੇ ਮਾਓ-ਜ਼ੇ-ਤੁੰਗ ਵਿਚਾਰਧਾਰਾ ਦਾ ਝੰਡਾ ਗੱਡ ਦਿੱਤਾ। ਭਾਰਤੀ ਇਨਕਲਾਬ ਦੇ ਰਾਹ, ਜ਼ੱਰਈ ਇਨਕਲਾਬ ਦੀ ਮਹੱਤਤਾ, ਲਮਕਵੇਂ ਲੋਕ ਯੁੱਧ ਦੀ ਸਾਰਥਕਤਾ ਆਦਿ ਸੁਆਲਾਂ ਦਾ ਨਿਬੇੜਾ ਕਰ ਦਿੱਤਾ। ਨਵ-ਸੋਧਵਾਦੀ ਮਾਰਕਸੀ ਪਾਰਟੀ ਦੇ ਮੁਖੌਟੇ ਲੂਹ ਸੁੱਟੇ ਅਤੇ ਉਨਾਂ ਦਾ ਹਾਕਮ ਜਮਾਤਾਂ ਪ੍ਰਤੀ, ਉਹਨਾਂ ਦੇ ਅਖੌਤੀ ਪਾਰਲੀਮੀਨੀ ਨਿਜ਼ਾਮ ਪ੍ਰਤੀ ਹੇਜ ਨੂੰ ਅਤੇ ਹਕੂਮਤੀ ਕੁਰਸੀਆਂ ਦੀ ਹਵਸ ਨੂੰ ਸ਼ਰੇਆਮ ਨੰਗਾ ਕਰ ਦਿੱਤਾ।  ਇਸ ਉਪਰੰਤਰ ਨਕਸਲਬਾੜੀ ਇਲਾਕੇ ਦੀ ਇਹ ਬਗਾਵਤ ਵੀ ਇਕ ਘਟਨਾ ਨਾ ਰਹਿ ਕੇ ਇਕ ਅਜੇਹੀ ਇਨਕਲਾਬੀ ਜਮਹੂਰੀ ਲਹਿਰ ਬਣ ਗਈ ਜਿਹੜੀ ਲੱਖਾਂ ਹੀ ਕਮਿ: ਇਨਕਲਾਬੀਆਂ, ਕਿਸਾਨਾਂ-ਮਜ਼ਦੂਰਾਂ, ਬੁੱਧੀਜੀਵੀਆਂ ਅਤੇ ਨੌਜੁਆਨਾਂ ਲਈ ਇਨਕਲਾਬੀ ਪ੍ਰੇਰਨਾਸ੍ਰੋਤ ਤੇ ਮਾਰਗ-ਦਰਸ਼ਕ ਬਣ ਗਈ।
ਨਕਸਲਬਾੜੀ ਦੀ ਬਗਾਵਤ ਨੇ ਤਿਲੰਗਾਨਾ ਤੋਂ ਬਾਅਦ ਜ਼ੱਰਈ ਇਨਕਲਾਬੀ ਲਹਿਰ ਅਤੇ ਇਨਕਲਾਬੀ ਰਾਜ-ਸੱਤਾ ਦੀ ਸਥਾਪਤੀ ਦੇ ਆਪਸੀ ਰਿਸ਼ਤੇ ਦੇ ਸੁਆਲ ਨੂੰ ਸਦਾ ਲਈ ਹੱਲ ਕਰ ਦਿੱਤਾ। ''ਨਕਸਲਬਾੜੀ ਬਾਰੇ ਕੁਝ ਹੋਰ'' ਵਿੱਚ ਕਾਨੂੰ ਸਾਨਿਆਲ ਦਾ ਇਹ ਕਥਨ ਅੱਜ ਬੇਹੱਦ ਢੁਕਵਾਂ ਹੈ ਕਿ ਨਕਸਲਬਾੜੀ ਦਾ ਸਬਕ ਇਹ ਹੈ ਕਿ ਜ਼ੱਰਈ ਇਨਕਲਾਬ ਦਾ ਮੁੱਖ ਤੱਤ ਕਿਸਾਨਾਂ ਵਿੱਚ ਜ਼ਮੀਨ ਦੀ ਵੰਡ ਹੈ। ਆਪਣੀ ਮਲਕੀਅਤ ਹੇਠ ਆਈ ਇਸ ਜ਼ਮੀਨ ਦੀ ਰਾਖੀ ਲਈ ਟਾਕਰੇ ਦਾ ਉਹ ਸੰਘਰਸ਼ ਪੇਂਡੂ ਖੇਤਰਾਂ ਅੰਦਰ ਵਿਕਸਤ ਹੋਵੇਗਾ ਜਿਹੜਾ ਕਿ ਅਗਾਂਹ ਰਾਜਸੀ ਸੱਤਾ ਲਈ ਸੰਘਰਸ਼ ਵਿੱਚ ਬਦਲ ਜਾਵੇਗਾ। ਇਸ ਲਈ ਜਮਹੂਰੀ ਇਨਕਲਾਬ ਜਾਂ ਜ਼ੱਰਈ ਇਨਕਲਾਬ ਦੇ ਦੌਰ ਵਿੱਚ ਜਮੀਨ ਲਈ ਸੰਘਰਸ਼ ਅਤੇ ਸੱਤਾ ਲਈ ਸੰਘਰਸ਼ ਆਪਸ ਵਿੱਚ ਜੜੁੱਤ ਹਨ। '' ਕਾਨੂੰ ਸਾਨਿਆਲ ਨੇ ਇਸ ਲਿਖਤ ਅੰਦਰ ਇਹ ਹਕੀਕਤ ਵੀ ਉਭਾਰੀ ਸੀ ਕਿ ਨਕਸਲਬਾੜੀ ਦਾ ਕਿਸਾਨ ਘੋਲ ਕਿਸੇ ਵੀ ਰੂਪ ਵਿੱਚ ਵਿਅਕਤੀਗਤ ਸਫਾਏ ਦੀ ਲੀਹ ਦੀ ਧਾਰਨਾ ਪੇਸ਼ ਨਹੀਂ ਸੀ ਕਰਦਾ, ਸਗੋਂ ਇਸ ਤੋਂ ਉਲਟ ਇਹ ਇਨਕਲਾਬੀ ਜਨਤਕ ਲੀਹ 'ਤੇ ਆਧਾਰਤ ਜ਼ੱਰਈ ਇਨਕਲਾਬੀ ਲਹਿਰ ਦੇ ਵਿਕਾਸ ਮਾਰਗ ਦਾ ਨਕਸ਼ਾ ਚਿਤਰਦਾ ਸੀ। ਨਕਸਲਬਾੜੀ ਦੀ ਬਗਾਵਤ ਅੱਜ ਕਮਿਊਨਿਸਟ ਇਨਕਲਾਬੀ ਲਹਿਰ ਦਾ ਚਿੰਨ੍ਹ ਬਣ ਕੇ ਸਦਾ ਲਈ ਅਮਰ ਹੋ ਗਈ ਹੈ।

  ***

01 ਨਕਸਲਬਾੜੀ ਬਗਾਵਤ ਦੀ ਅਮਰ ਦੇਣ



ਮਈ ਦੇ 1967 ਦੇ ਨਕਸਲਬਾੜੀ ਦੇ ਜ਼ੱਰਈ ਸੰਘਰਸ਼ ਦੇ ਇਨਕਲਾਬੀ ਜ਼ਰਈ ਬਗਾਵਤ 'ਚ ਵਟ ਜਾਣ ਨਾਲ ਭਾਰਤ ਦੇ ਸਿਆਸੀ ਮੰਚ 'ਤੇ ਇੱਕ ਨਵੇਂ ਦੌਰ ਦੀ ਸ਼ੁਰੂਆਤ ਹੋਈ। ਨਕਸਲਬਾੜੀ ਦੀ ਬਗਾਵਤ ਇੱਕ ਮਹਾਨ ਇਤਿਹਾਸਕ ਘਟਨਾ ਸੀ। ਇਹ ਭਾਰਤੀ ਕਮਿਊਨਿਸਟ ਪਾਰਟੀ ਅੰਦਰਲੇ ਕਮਿਊਨਿਸਟ ਇਨਕਲਾਬੀਆਂ ਵੱਲੋਂ ਇਸ ਘੋਲ ਦੀ ਉਸਾਰੀ ਲਈ ਘਾਲੀ ਗਈ ਲੰਮੀ ਘਾਲਣਾ ਦਾ ਸਿੱਟਾ ਸੀ। ਨਕਸਲਬਾੜੀ ਦੇ ਝੰਜੋੜੇ ਨੇ ਨਾ ਸਿਰਫ ਮੁਲਕ ਦੇ ਵੱਖ ਵੱਖ ਹਿੱਸਿਆਂ 'ਚ ਲੋਕ-ਸੰਘਰਸਾਂ ਨੂੰ ਮਿਸਾਲੀ ਹੁਲਾਰਾ ਦਿੱਤਾ ਸਗੋਂ ਇਹਨਾ ਸੰਘਰਸ਼ਾਂ ਨੂੰ ਨਵੀਂ ਇਨਕਲਾਬੀ ਸੇਧ ਅਤੇ ਇਨਕਲਾਬੀ ਸਿਆਸੀ ਤੱਤ ਮੁਹੱਈਆ ਕਰਕੇ ਇਨਕਲਾਬੀ ਲਹਿਰ ਦੀ ਪੇਸ਼ਕਦਮੀ ਲਈ ਭਰਪੂਰ ਸੰਭਾਵਨਾਵਾਂ ਵੀ ਰੌਸ਼ਨ ਕੀਤੀਆਂ। ਤਿਲੰਗਾਨਾ ਦੇ ਹਥਿਆਰਬੰਦ ਘੋਲ ਤੋਂ ਬਾਅਦ ਨਕਸਲਬਾੜੀ ਦੀ ਘਟਨਾ ਭਾਰਤੀ ਕਮਿਊਨਿਸਟ ਇਨਕਲਾਬੀ ਲਹਿਰ ਦੇ ਇਤਿਹਾਸ ਅੰਦਰ ਇੱਕ ਨਵਾਂ ਮੀਲ ਪੱਥਰ ਸੀ।

ਭਾਰਤੀ ਕਮਿਊਨਿਸਟ ਪਾਰਟੀ ਦੀ ਲੀਡਰਸ਼ਿਪ ਨੇ ਤਿਲੰਗਾਨਾ ਦੇ ਸ਼ਾਨਾਮੱਤੇ ਘੋਲ ਨਾਲ ਗਦਾਰੀ ਕੀਤੀ ਸੀ। ਪਰ ਇਸ ਗਦਾਰੀ ਦੇ ਬਾਵਜੂਦ ਵੱਧ ਘੱਟ ਰੂਪ 'ਚ ਇਸ ਦਾ ਮਖੌਟਾ ਬਚਿਆ ਰਿਹਾ ਸੀ। ਇਸ ਨੂੰ ਕੋਈ ਵੱਡੀ ਸਿਆਸੀ ਕੀਮਤ ਨਹੀਂ ਸੀ 'ਤਾਰਨੀ ਪਈ। ਕਿਸੇ ਅਸਰਦਾਰ ਵਿਚਾਰਧਾਰਕ ਸਿਆਸੀ ਚੁਣੌਤੀ ਦਾ ਸਾਹਮਣਾ ਨਹੀਂ ਸੀ ਕਰਨਾ ਪਿਆ। ਪਰ ਨਕਸਲਬਾੜੀ ਬਗਾਵਤ ਦੇ ਇਨਕਲਾਬੀ ਝੰਜੋੜੇ ਨੇ ਸੋਧਵਾਦੀ ਲੀਡਰਸ਼ਿਪ ਦੇ ਨਕਾਬ ਲੂਹ ਸੁੱਟੇ। ਕਮਿਊਨਿਸਟ ਇਨਕਲਾਬੀਆਂ ਅਤੇ ਸੋਧਵਾਦੀਆਂ ਦਰਮਿਆਨ ਨਿਖੇੜੇ ਦੀ ਲਕੀਰ ਖਿੱਚੀ ਗਈ। ਨਕਸਲਬਾੜੀ ਦੀ ਬਗਾਵਤ ਨੇ ਇਨਕਲਾਬੀ ਸੰਗਰਾਮਾਂ ਦੇ ਇੱਕ ਨਵੇਂ ਉਭਾਰ ਅਤੇ ਇੱਕ ਵੱਡੀ ਵਿਚਾਰਧਾਰਕ-ਸਿਆਸੀ ਉਥਲ-ਪੁਥਲ ਨੂੰ ਜਨਮ ਦਿੱਤਾ। ਇਹ ਉਭਾਰ ਕਮਿਊਨਿਸਟ ਇਨਕਲਾਬੀ ਅਤੇ ਸੋਧਵਾਦੀ ਵਿਚਾਰਧਾਰਾ, ਸਿਆਸਤ ਅਤੇ ਅਮਲਾਂ ਦਰਮਿਆਨ ਨਖੇੜੇ ਦੀ ਪਰਖ ਕਸਵੱਟੀ ਬਣ ਗਿਆ। ਅਖੌਤੀ ਮਾਰਕਸੀ ਪਾਰਟੀ ਨਾਲੋਂ ਤੋੜ ਵਿਛੋੜਾ ਕਰਕੇ ਪਹਿਲੀ ਵਾਰ ਕਮਿਊਨਿਸਟ ਇਨਕਲਾਬੀਆਂ ਵੱਲੋਂ ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਨੂੰ ਸਪੱਸ਼ਟ ਅਤੇ ਨਿੱਤਰਵੇਂ ਰੂਪ 'ਚ ਬੁਲੰਦ ਕਰਨ ਦਾ ਐਲਾਨ ਕੀਤਾ ਗਿਆ। ਇਉਂ ਨਕਸਲਬਾੜੀ ਦੀ ਬਗਾਵਤ ਨੇ ਮਾਓ-ਵਿਚਾਰਧਾਰਾ ਦੇ ਹਕੀਕੀ ਵਿਚਾਰਧਾਰਕ ਰੁਤਬੇ ਨੂੰ ਉਭਾਰਨ ਅਤੇ ਸਥਾਪਤ ਕਰਨ ਦਾ ਰੋਲ ਨਿਭਾਇਆ। ਨਕਸਲਬਾੜੀ ਦੀ ਬਗਾਵਤ ਸਮੇਂ ਕੌਮਾਂਤਰੀ ਪੱਧਰ 'ਤੇ ਖਰਸ਼ੁਚੋਵ ਮਾਰਕਾ ਸੋਧਵਾਦ ਖਿਲਾਫ ਚੀਨੀ ਕਮਿਊਨਿਸਟ ਪਾਰਟੀ ਦੀ ਅਗਵਾਈ 'ਚ ਘੋਲ ਅੱਗੇ ਵਧ ਰਿਹਾ ਸੀ। ਇਹ ਘੋਲ ਸੱਠਵਿਆਂ ਦੇ ਦੂਜੇ ਅੱਧ 'ਚ ਛਿੜੀ ਮਹਾਨ-ਬਹਿਸ ਨਾਲ ਸ਼ੁਰੂ ਹੋਇਆ ਸੀ। ਦੁਨੀਆਂ ਪੱਧਰ 'ਤੇ ਹੀ ਕਮਿਊਨਿਸਟ ਇਨਕਲਾਬੀਆਂ ਅਤੇ ਸੋਧਵਾਦੀਆਂ ਦਰਮਿਆਨ ਪਾਲਾਬੰਦੀ ਦਾ ਅਮਲ ਜਾਰੀ ਸੀ। ਨਕਸਲਬਾੜੀ ਦੀ ਬਗਾਵਤ ਤੋਂ ਬਾਅਦ ਭਾਰਤ ਦੀ ਧਰਤੀ 'ਤੇ ਸਪੱਸ਼ਟ ਅਤੇ ਨਿੱਤਰਵੇਂ ਰੂਪ 'ਚ ਚੀਨੀ ਕਮਿਊਨਿਸਟ ਪਾਰਟੀ ਦੀ ਅਗਵਾਈ 'ਚ ਕੌਮਾਂਤਰੀ ਕਮਿਊਨਿਸਟ ਇਨਕਲਾਬੀ ਕੈਂਪ ਵੱਲੋਂ ਲਈਆਂ ਵਿਚਾਰਧਾਰਕ ਸਿਆਸੀ ਪੁਜੀਸ਼ਨਾਂ ਦੀ ਡਟਵੀਂ ਹਮਾਇਤ ਦਾ ਝੰਡਾ ਚੁੱਕਿਆ ਗਿਆ। ਇਉਂ ਭਾਰਤ ਦੇ ਕਮਿਊਨਿਸਟ ਇਨਕਲਾਬੀਆਂ ਨੇ ਮਾਰਕਸਵਾਦ ਅਤੇ ਸੋਧਵਾਦ ਦਰਮਿਆਨ ਹੋ ਰਹੀ ਕੌਮਾਂਤਰੀ ਪਾਲਾਬੰਦੀ 'ਚ ਆਪਣਾ ਬਣਦਾ ਸਥਾਨ ਹਾਸਲ ਕੀਤਾ। ਮਹਾਨ ਬਹਿਸ ਰਾਹੀਂ ਸ਼ੁਰੂ ਹੋਈ ਕੌਮਾਂਤਰੀ ਪਾਲਾਬੰਦੀ ਦੇ ਅਮਲ ਦੌਰਾਨ ਭਾਰਤੀ ਕਮਿਊਨਿਸਟ ਪਾਰਟੀ ਦੋ ਹਿੱਸਿਆਂ 'ਚ ਵੰਡੀ ਗਈ ਸੀ। ਹੋਂਦ 'ਚ ਆਈ ਮਾਰਕਸੀ ਪਾਰਟੀ ਦੀ ਲੀਡਰਸ਼ਿਪ ਨੇ ਖਰੁਸਚੋਵ ਮਾਰਕਾ ਸੋਧਵਾਦ ਅਤੇ ਇਸ ਦੇ ਨਾਲ ਨੰਗੇ ਚਿੱਟੇ ਰੂਪ 'ਚ ਬੱਝੀ ਲੀਡਰਸ਼ਿਪ ਦਾ ਵਿਰੋਧ ਕਰਨ ਦਾ ਵਿਖਾਵਾ ਕੀਤਾ ਸੀ। ਪਰ ਇਹ ਵਿਰੋਧ ਬੋਚਵਾਂ, ਨਕਲੀ, ਰਸਮੀ ਅਤੇ ਧੁੰਦਲਾ ਸੀ। ਆਪਣੇ ਗੁੱਟ ਸੁਆਰਥਾਂ ਖਾਤਰ, ਸੋਧਵਾਦੀ ਲੀਡਰਸ਼ਿੱਪ ਖਿਲਾਫ ਇਨਕਲਾਬੀ ਕਾਡਰ ਦੇ ਰੋਹ ਦਾ ਲਾਹਾ ਲੈਣ ਲਈ ਕੀਤਾ ਜਾ ਰਿਹਾ ਸੀ। 'ਮਾਰਕਸੀ' ਲੀਡਰਸ਼ਿੱਪ ਕਮਿਊਨਿਸਟ ਇਨਕਲਾਬੀ ਲਹਿਰ ਦੀ ਕੌਮਾਂਤਰੀ ਲੀਹ ਬਾਰੇ ਸੋਚ ਸਮਝ ਕੇ ਡੱਟਵੀਆਂ ਅਤੇ ਨਿੱਤਰਵੀਆਂ ਪੁਜੀਸ਼ਨਾਂ ਲੈਣ ਤੋਂ ਟਲ ਰਹੀ ਸੀ। ਇਸ ਤੋਂ ਵੀ ਅਹਿਮ ਗੱਲ ਇਹ ਸੀ ਕਿ ਇਹ ਦਰੁਸਤ ਕੌਮਾਂਤਰੀ ਲੀਹ ਦੀ ਰੌਸ਼ਨੀ 'ਚ ਭਾਰਤੀ ਨਿਕਲਾਬ ਦੇ ਪ੍ਰੋਗਰਾਮ ਅਤੇ ਰਾਹ ਦੇ ਸਵਾਲ 'ਤੇ ਰਵਾਇਤੀ ਸੋਧਵਾਦ ਨਾਲੋਂ ਤੋੜ ਵਿਛੋੜਾ ਕਰਨ ਤੋਂ ਇਨਕਾਰੀ ਸੀ। ਇਹ ਰਵਾਇਤੀ ਸੋਧਵਾਦ ਦੇ ਚੌਖਟੇ 'ਚ ਰਹਿੰਦਿਆਂ ਇਸ ਦੀ ਦਿੱਖ ਬਦਲੀ ਰਾਹੀਂ ਕਾਡਰ ਨੂੰ ਗੁਮਰਾਹ ਕਰਨਾ ਚਾਹੁੰਦੀ ਸੀ। ਮਾਓ-ਵਿਚਾਰਧਾਰਾ ਨੂੰ ਮਾਰਕਸਵਾਦ-ਲੈਨਿਨਵਾਦ ਵਿੱਚ ਰਚਨਾਤਮਕ ਵਾਧੇ ਵਜੋਂ ਕਬੂਲ ਕਰਨ ਤੋਂ ਇਸ ਦਾ ਪ੍ਰਹੇਜ ਸੋਚਿਆ ਸਮਝਿਆ ਸੀ। ਦਰੁਸਤ ਕੌਮਾਂਤਰੀ ਲੀਹ ਦੇ ਪੱਖ 'ਚ ਡੱਟਵੀਂ ਤੇ ਨਿੱਤਰਵੀਂ ਪੁਜੀਸ਼ਨ ਲੈਣਾ ਇਸ ਨੂੰ ਵਾਰਾ ਨਹੀਂ ਸੀ ਖਾਂਦਾ। ਕਿਉਂਕਿ ਇਸ ਲੀਹ ਨੂੰ ਅਪਨਾਉਣ ਦਾ ਮਤਲਬ ਭਾਰਤ ਅੰਦਰ ਪਾਰਲੀਮਾਨੀ ਰਾਹ ਨੂੰ ਰੱਦ ਕਰਨਾ ਅਤੇ ਲੋਕ-ਯੁੱਧ ਦੇ ਰਾਹ ਪੈਣਾ ਸੀ। ਭਾਰਤੀ ਰਾਜ ਅਤੇ ਹਾਕਮ-ਜਮਾਤੀ ਪਾਰਟੀਆਂ ਨੂੰ ਸਾਮਰਾਜ ਦੇ ਦਲਾਲ ਕਰਾਰ ਦੇ ਕੇ ਇਨ੍ਹਾਂ ਨਾਲ ਭਿਆਲੀ ਨੂੰ ਰੱਦ ਕਰਨਾ ਸੀ। ਭਾਰਤੀ ਰਾਜ ਦੀਆਂ ਸੰਸਥਾਵਾਂ ਨੂੰ, ਇਸ ਦੀਆਂ ਅਸੰਬਲੀਆਂ ਪਾਰਲੀਮੈਂਟਾਂ ਨੂੰ ਅੰਗਰੇਜ਼ ਸਾਮਰਾਜੀਆਂ ਦੇ ਬਸਤੀਵਾਦੀ ਰਾਜ ਵੇਲੇ ਤੋਂ ਚਲੇ ਆ ਰਹੇ ਆਪਾਸ਼ਾਹ ਰਾਜ ਲਈ ਪਰਦਾ ਕਰਾਰ ਦੇਣਾ ਸੀ। ਲੋਕਾਂ ਨੂੰ ਇਸ ਦੇ ਭਰਮ ਜਾਲ ਤੋਂ ਮੁਕਤ ਕਰਾਉਣ ਅਤੇ ਇਨਕਲਾਬੀ ਜਰਈ ਘੋਲਾਂ ਨੂੰ ਧੁਰਾ ਬਣਾ ਕੇ ਮੁਤਬਾਦਲ ਰਾਜ ਸੱਤਾ ਦੀ ਉਸਾਰੀ ਦੇ ਰਾਹ ਪੈਣਾ ਸੀ। 1967 ਦੀਆਂ ਚੋਣਾਂ ਨੇ ਇਹ ਪ੍ਰਤੱਖ ਵਿਖਾ ਦਿੱਤਾ ਸੀ ਕਿ ਮਾਰਕਸੀ ਪਾਰਟੀ ਦੀ ਲੀਡਰਸ਼ਿਪ ਪਾਰਲੀਮਾਨੀ ਮੌਕਾਪ੍ਰਸਤੀ ਦੀ ਦਲਦਲ 'ਚ ਸੀ.ਪੀ.ਆਈ ਦੀ ਲੀਡਰਸ਼ਿਪ ਨਾਲੋਂ ਵੀ ਡੂੰਘੀ ਧਸੀ ਹੋਈ ਹੈ। ਪਰ ਕੌਮਾਂਤਰੀ ਪੱਧਰ 'ਤੇ ਚੀਨ ਦੇ ਮਹਾਨ ਪ੍ਰੋਲੇਤਾਰੀ ਸਭਿਆਚਾਰਕ ਇਨਕਲਾਬ ਅਤੇ ਮੁਲਕ 'ਚ ਨਕਸਲਬਾੜੀ ਦੀ ਘਟਨਾ ਨੇ ਸੋਧਵਾਦੀ ਲੀਡਰਸ਼ਿਪ ਨੂੰ ਤੇਜੀ ਨਾਲ ਆਪਣਾ ਅਸਲਾ ਉਘਾੜਨ ਲਈ ਮਜਬੂਰ ਕਰ ਦਿੱਤਾ । ਇਸ ਨੇ ਚੀਨੀ ਕਮਿਊਨਿਸਟ ਪਾਰਟੀ ਨਾਲੋਂ ''ਪਾਟਵੇਂ ਵਿਚਾਰਾਂ'' ਦੀ ਨੁਮਾਇਸ਼ ਲਾਉਣੀ ਸ਼ੁਰੂ ਕਰ ਦਿੱਤੀ। ਸਭਿਆਚਾਰਕ ਇਨਕਲਾਬ ਨੂੰ ਭੰਡਣਾ ਸ਼ੁਰੂ ਕਰ ਦਿੱਤਾ। ਨਾ ਸਿਰਫ ਇਸ ਨੇ ਨਕਸਲਬਾੜੀ ਦੇ ਇਨਕਲਾਬੀ ਸੰਗਰਾਮ 'ਤੇ ਚਿੱਕੜ ਸੁੱਟਿਆ, ਸਗੋਂ ਪੱਛਮੀ ਬੰਗਾਲ ਦੀ ਹਾਕਮ ਪਾਰਟੀ ਦੀ ਹੈਸੀਅਤ 'ਚ ਇਸ ਸ਼ਾਨਦਾਰ ਬਗਾਵਤ ਨੂੰ ਕੁਚਲਣ ਲਈ ਕਿਸਾਨਾਂ ਦੇ ਲਹੂ ਦੀ ਹੋਲੀ ਖੇਡਣ ਤੋਂ ਵੀ ਪ੍ਰਹੇਜ ਨਾ ਕੀਤਾ। ਇਉਂ ''ਮਹਾਨ-ਬਹਿਸ'' ਨਾਲ ਸ਼ੁਰੂ ਰੋਈ ਪਾਲਾ ਬੰਦੀ ਦੇ ਅਗਲੇ ਵਿਕਸਤ ਅਤੇ ਉਚੇਰੇ ਗੇੜ 'ਚ ਹੋਈ ਨਕਸਲਬਾੜੀ ਦੀ ਘਟਨਾ ਨਾਲ ਕਮਿਊਨਿਸਟ ਇਨਕਲਾਬੀ ਲਹਿਰ ਦੀ ਕੌਮਾਂਤਰੀ ਸੇਧ ਅਤੇ ਭਾਰਤੀ  ਇਨਕਲਾਬ ਦੀ ਸੇਧ ਦੇ ਸੁਆਲ 'ਤੇ ਭਾਰਤੀ ਕਮਿਊਨਿਸਟ ਇਨਕਲਾਬੀਆਂ ਵੱਲੋਂ ਦਰੁਸਤ ਇਨਕਲਾਬੀ ਪੁਜੀਸ਼ਨਾਂ ਅਤੇ ਅਮਲ ਦਾ ਝੰਡਾ ਬੁਲੰਦ ਕਰਨ ਦੇ ਯਤਨਾਂ ਨੂੰ ਜੋਰਦਾਰ ਹੁਲਾਰਾ ਮਿਲਿਆ। ਇਸ ਘਟਨਾ ਨਾਲ ਕੌਮਾਂਤਰੀ ਅਤੇ ਮੁਲਕ ਅੰਦਰਲੇ ''ਨਵ-ਬਸਤੀਵਾਦ ਦੇ ਪੈਰੋਕਾਰਾਂ'' ਨਾਲੋਂ ਨਿਖੇੜੇ ਦੀ ਦੋ-ਟੁੱਕ ਲਕੀਰ ਖਿੱਚੀ ਗਈ। ਭਾਰਤ 'ਚ 1947 ਦੀ ਤਬਦੀਲੀ ਅਤੇ ਮੁਲਕ ਦੇ ਖਾਸੇ ਬਾਰੇ ਦਰੁਸਤ ਨਿਰਣਿਆਂ ਨੂੰ ਸੋਧਵਾਦੀਆਂ ਨਾਲੋਂ ਨਿਖੇੜੇ ਦੇ ਮੁੱਦੇ ਵਜੋਂ ਉਭਾਰਨ ਅਤੇ ਸਥਾਪਤ ਕਰਨ ਦਾ ਅਮਲ ਸ਼ੁਰੂ ਹੋਇਆ। 1947 ਦੀ ਤਬਦੀਲੀ ਨੂੰ ਨਕਲੀ ਆਜਾਦੀ ਅਤੇ ਬਸਤੀਵਾਦੀ ਗੁਲਾਮੀ ਦਾ ਨਵੀਂ ਸ਼ਕਲ 'ਚ ਜਾਰੀ ਰੂਪ ਗਰਦਾਨਿਆਂ ਗਿਆ। ਇਉਂ ਭਾਰਤੀ ਕਮਿਊਨਿਸਟ ਇਨਕਲਾਬੀਆਂ ਨੇ ਤਰੰਗੇ ਦੀ ਜਕੜ ਵਗਾਹ ਮਾਰੀ। ਨਕਸਲਬਾੜੀ ਬਗਾਵਤ ਅਤੇ ਇਸ ਨਾਲ ਜੁੜਵੇਂ ਰੂਪ 'ਚ ਚਰਚਤ ਹੋਏ ਹੋਰ ਇਨਕਲਾਬੀ ਕਿਸਾਨ ਘੋਲ ਭਾਰਤੀ ਸਮਾਜ ਦੇ ਖਾਸੇ, ਇਨਕਲਾਬ ਦੇ ਪੜਾਅ ਅਤੇ ਰਾਹ ਬਾਰੇ ਸੋਚ ਵਿਚਾਰ ਅਤੇ ਬਹਿਸ ਲਈ ਠੋਸ ਹਵਾਲਾ ਸਮੱਗਰੀ ਬਣ ਗਏ। ਇਨ੍ਹਾਂ ਘੋਲਾਂ ਨੇ ਇੱਕ ਵਾਰੀ ਫੇਰ ਭਾਰਤ ਦੇ ਜ਼ਰਈ ਰਿਸ਼ਤਿਆ ਦਾ ਅਰਧ-ਜਗੀਰੂ ਤੱਤ ਅਤੇ ''ਜ਼ਮੀਨ ਹਲਵਾਹਕ ਦੀ'' ਦੇ ਨਾਅਰੇ ਦੀ ਕੇਂਦਰੀ ਮਹੱਤਤਾ ਉਜਾਗਰ ਕਰ ਦਿੱਤੀ। ਕਮਿਊਨਿਸਟ ਇਨਕਲਾਬੀਆਂ ਵੱਲੋਂ ਭਾਰਤ ਨੂੰ ਅਰਧ-ਜਗੀਰੂ ਅਰਧ-ਬਸਤੀਵਾਦੀ ਮੁਲਕ ਕਰਾਰ ਦਿੰਦਿਆਂ, ਨਵ-ਜਮਹੂਰੀ ਇਨਕਲਾਬ ਦਾ ਪ੍ਰੋਗਰਾਮ ਉਭਾਰਿਆ ਗਿਆ ਅਤੇ ਜ਼ਰਈ ਇਨਕਲਾਬ ਨੂੰ ਇਸ ਦਾ ਤੱਤ ਕਰਾਰ ਦਿੱੱਤਾ ਗਿਆ। ਪਾਰਲੀਮਾਨੀ ਰਾਹ ਦੇ ਮੁਕਾਬਲੇ ਜ਼ਰਈ ਲਹਿਰ ਨੂੰ ਧੁਰਾ ਬਣਾ ਕੇ ਲਮਕਵੇਂ ਲੋਕ-ਯੁੱਧ ਦੀ ਉਸਾਰੀ ਦਾ ਰਾਹ ਪੇਸ਼ ਕੀਤਾ ਗਿਆ। ਸੋਧਵਾਦੀਆਂ ਵੱਲੋਂ ਹਾਕਮ ਜਮਾਤੀ ਪਾਰਟੀਆਂ ਨਾਲ ਪਾਰਲੀਮਾਨੀ ਖੇਤਰ 'ਚ ਸਾਂਝ ਭਿਆਲੀ ਦੇ ਮੁਕਾਬਲੇ 'ਤੇ ਸਾਮਰਾਜੀ-ਜਗੀਰੂ ਗੱਠਜੋੜ ਖਿਲਾਫ ਇਨਕਲਾਬੀ ਜਮਾਤਾਂ ਦੇ ਸੰਘਰਸ਼-ਮੁਖੀ ਸਾਂਝੇ ਮੋਰਚੇ ਦਾ ਸੰਕਲਪ ਉਭਾਰਿਆ ਗਿਆ। ਨਕਸਲਬਾੜੀ ਬਗਾਵਤ ਨਾਲ ਜੁੜ ਕੇ ਚੱਲੀ ਵਿਚਾਰਧਾਰਕ ਸਿਆਸੀ ਜੱਦੋਜਹਿਦ ਨੇ ਪਾਰਲੀਮਾਨੀ ਸੰਸਥਾਵਾਂ ਬਾਰੇ ਮਾਰਕਸੀ-ਲੈਨਿਨੀ ਸਮਝ ਅਤੇ ਪਹੁੰਚ ਦਾ ਵੱਡੇ ਪੱਧਰ 'ਤੇ ਸੰਚਾਰ ਕੀਤਾ। ਇਨ੍ਹਾਂ ਸੰਸਥਾਵਾਂ ਪ੍ਰਤੀ ਮੋਹ ਤੇ ਇਨ੍ਹਾਂ 'ਤੇ ਟੇਕ ਰੱਖਣ ਦੀ ਪਹੁੰਚ ਜਾਂ ਇਨ੍ਹਾਂ ਦੇ ਰੋਲ ਬਾਰੇ ਭਰਮ ਪਾਲਣ ਤੇ ਫੈਲਾਉਣ ਵਾਲੀਆਂ ਸੱਭੇ ਸੋਚਾਂ ਬਿਰਤੀਆਂ, ਸੋਧਵਾਦੀ ਵਿਚਾਰਧਾਰਾ  ਅਤੇ ਸਿਆਸਤ ਦੇ ਅਸਰਾਂ ਦੀ ਸ਼ਨਾਖਤ ਲਈ ਸਥਾਪਤ ਪਛਾਣ ਚਿੰਨ੍ਹ ਬਣ ਗਈਆਂ। ਇਨਕਲਾਬੀ ਜਮਾਤੀ ਘੋਲਾਂ ਵਿਸ਼ੇਸ਼ ਕਰ ਕੇ ਇਨਕਲਾਬੀ ਜ਼ਰਈ ਘੋਲਾਂ ਦੇ, ਅਮਲੀ ਕਸਵੱਟੀ ਵਜੋਂ ਮਿੱਤਰਾਂ ਅਤੇ ਦੁÎਸ਼ਮਣਾਂ ਦੀ ਸ਼ਨਾਖਤ ਦਾ ਪੈਮਾਨਾ ਬਣ ਜਾਣ ਨਾਲ, ਹਾਕਮ ਜਮਾਤੀ ਪਾਰਲੀਮਾਨੀ ਸਿਆਸਤ ਦੇ ਚੌਖਟੇ ਅੰਦਰ ਸੰਗੀ ਤਲਾਸ਼ਣ ਅਤੇ ਬਣਾਉਣ ਦੀ ਸੋਧਵਾਦੀ ਬਿਰਤੀ ਬੇਨਕਾਬ ਹੋਣ ਲੱਗੀ। ਪਾਰਲੀਮਾਨੀ ''ਸਾਂਝੇ ਮੋਰਚਿਆਂ'' ਵਿਚਲੇ, ਸੋਧਵਾਦੀਆਂ ਦੇ ਜੋਟੀਦਾਰ ਇਨਕਲਾਬੀ ਜਮਾਤੀ ਘੋਲਾਂ 'ਤੇ ਬੇਤਹਾਸ਼ਾ ਜਬਰ ਅਤੇ ਝੂਠੇ ਪੁਲਸ ਮੁਕਾਬਲਿਆਂ ਦੇ ਨਿਰਲੱਜ ਵਕੀਲਾਂ ਵਜੋਂ ਸਾਹਮਣੇ ਆ ਗਏ। ਕੀ ਅਕਾਲੀ, ਕੀ ਜਨਸੰਘੀ, ਕੀ ਸੋਸਲਿਸਟ ਕੀ, ਨਕਲੀ ਕਮਿਊਨਿਸਟ ਨਕਸਲਬਾੜੀ ਦੇ ਝੰਜੋੜੇ ਨੇ ਸਭਨਾ ਨੂੰ ਹਮਾਮ 'ਚ ਨੰਗੇ ਕਰ ਦਿੱਤਾ। ਨਕਸਲਬਾੜੀ ਦੀ ਘਟਨਾ ਸਮੇਂ ਦੁਨੀਆਂ ਭਰ ਅੰਦਰ ਖਰੁਸ਼ਚੋਵ-ਮਾਰਕਾ ਸੋਧਵਾਦੀ ਲਾਣੇ ਵੱਲੋਂ ਉਭਾਰੇ ''ਪੁਰਅਮਨ ਤਬਦੀਲੀ'' ਦੇ ਭਰਮਾਊ ਵਿਚਾਰ ਬਾਰੇ ਬਹਿਸ ਜਾਰੀ ਸੀ। ਭਾਰਤੀ ਸੋਧਵਾਦੀਆਂ ਵੱਲੋਂ ਇਸ ਵਿਚਾਰ ਤੋਂ ਤਾਕਤ ਲਈ ਜਾ ਰਹੀ ਸੀ। ਇਸ ਵਿਚਾਰ ਖਿਲਾਫ ਜੱਦੋਜਹਿਦ ਨੂੰ ਨਕਸਲਬਾੜੀ ਦੀ ਬਗਾਵਤ ਨੇ ਨਵੀਂ ਤਾਕਤ ਮੁਹੱਈਆ ਕੀਤੀ। ਇਹ ਬਗਾਵਤ ਪੁਰਅਮਨ ਤਬਦੀਲੀ ਦੇ ਵਿਚਾਰਾਂ ਦਾ ਅਮਲੀ ਖੰਡਨ ਹੋ ਨਿੱਬੜੀ । ਇਸ ਨੇ ਦੱਬੀਆਂ ਕੁਚਲੀਆਂ ਜਮਾਤਾਂ 'ਤੇ ਜ਼ਬਰ ਢਾਹੁਣ ਵਾਲੀ ਅਤੇ ਇਨਕਲਾਬੀ ਤਬਦੀਲੀ ਦਾ ਰਾਹ ਰੋਕਣ ਵਾਲੀ ਖੂੰਖਾਰ ਸ਼ਕਤੀ ਵਜੋਂ ਰਾਜ ਭਾਗ ਦੀ ਅਸਲੀਅਤ ਬੇਨਕਾਬ ਕਰ ਦਿੱਤੀ। ਇਨਕਲਾਬੀ ਸਮਾਜਕ ਤਬਦੀਲੀ ਦਾ ਪ੍ਰੋਗਰਾਮ ਲਾਗੂ ਕਰਨ ਲਈ ਮੁਕਾਬਲੇ ਦੀ ਰਾਜ ਸੱਤਾ ਦੀ ਉਸਾਰੀ ਦੇ ਕੇਂਦਰੀ ਮਹੱਤਵ ਨੂੰ ਉਭਾਰ ਦਿੱਤਾ। ਨਕਸਲਬਾੜੀ ਦੇ ਤਜਰਬੇ ਨੇ ਦਰਸਾ ਦਿੱਤਾ ਕਿ ਮੁਕਾਬਲੇ ਦੀ ਤਾਕਤ ਉਸਾਰੇ ਬਿਨਾ ਲੋਕ ਖੁਦ ਹਾਕਮ ਜਮਾਤਾਂ ਵੱਲੋਂ ਐਲਾਨੇ ਸੁਧਾਰ ਵੀ ਲਾਗੂ ਨਹੀਂ ਕਰਵਾ ਸਕਦੇ - ਕਿਸੇ ਇਨਕਲਾਬੀ ਜ਼ਰਈ ਪਰੋਗਰਾਮ ਨੂੰ ਲਾਗੂ ਕਰਨ ਦੀ ਤਾਂ ਗੱਲ ਹੀ ਛੱਡੋ। ਦੁਜੇ ਪਾਸੇ ਇਸ ਬਗਾਵਤ ਨੇ ਆਪਣੀ ਤਾਕਤ ਦੇ ਜੋਰ ਰਾਜ ਭਾਗ ਦੀ ਸ਼ਕਤੀ ਨੂੰ ਚੁਣੌਤੀ ਦੇਣ ਅਤੇ ਸੱਤਾ ਆਪਣੇ ਹੱਥ ਲੈਣ ਦੇ ਮਾਮਲੇ 'ਚ ਲੋਕ ਸਮੂਹਾਂ ਦੇ ਅਥਾਹ ਇਨਕਲਾਬੀ ਤੰਤ ਨੂੰ ਉਜਾਗਰ ਕੀਤਾ। ਇਉਂ ਨਕਸਲਬਾੜੀ ਦੀ ਬਗਾਵਤ ਨੇ ''ਪੁਰਅਮਨ ਤਬਦੀਲੀ'' ਦੇ ਸੋਧਵਾਦੀ ਪੈਰੋਕਾਰਾਂ ਅਤੇ ਕਮਿਊਨਿਸਟ ਇਨਕਲਾਬੀਆਂ ਦਰਮਿਆਨ ਨਿਖੇੜੇ ਦੀ ਲਕੀਰ ਨੂੰ ਪੱਕੇ ਪੈਰੀਂ ਕਰ ਦਿੱਤਾ। ਕੁੱਲ ਮਿਲਾ ਕੇ ਇਸ ਬਗਾਵਤ ਨੇ ਦਰਸਾ ਦਿੱਤਾ ਕਿ ਭਾਰਤੀ ਕਮਿਊਨਿਸਟ ਪਾਰਟੀ ਦੀ ਲੀਡਰਸ਼ਿਪ ਵਾਂਗ ਹੀ 'ਮਾਰਕਸੀ' ਪਾਰਟੀ ਦੀ ਲੀਡਰਸ਼ਿੱਪ ਵੀ 1947 ਦੀ ਨਕਲੀ ਆਜ਼ਾਦੀ ਦੀ ਢੰਡੋਰਚੀ ਹੈ। ਪਾਰਲੀਮਾਨੀ ਸੰਸਥਾਵਾਂ ਦੇ ਮੋਹ ਜਾਲ 'ਚ ਬੁਰੀ ਤਰ੍ਹਾਂ ਜਕੜੀ ਹੋਈ ਹੈ। ਇਸ ਮੋਹ ਜਾਲ ਸਦਕਾ ਹੀ ਆਪਾਸ਼ਾਹ ਭਾਰਤੀ ਰਾਜ ਨੂੰ ਬੁਰਜੂਆ-ਜਮਹੂਰੀਅਤ ਕਰਾਰ ਦਿੰਦੀ ਹੈ। ਹਾਕਮ ਜਮਾਤੀ ਸਿਆਸੀ ਪਾਰਟੀਆਂ ਨਾਲ ਸਾਝ ਭਿਆਲੀ ਦੀ ਮੁਦਈ ਹੈ। ਕਨੂੰਨਵਾਦ ਅਤੇ ਸੁਧਾਰਵਾਦ ਦੀ ਜਿੱਲ੍ਹਣ 'ਚ ਧਸੀ ਹੋਈ ਹੈ। ਖਰੁਸ਼ਚੋਵ ਮਾਰਕਾ ਸੋਧਵਾਦ ਨਾਲੋਂ ਵਖਰੇਵੇਂ ਦੀ ਇਸ ਦੀ ਲਕੀਰ ਨਕਲੀ ਹੈ। ਰੂਸੀ ਸਮਾਜਕ ਸਾਮਰਾਜ ਨਾਲ ਸਾਂਝ ਭਿਆਲੀ ਦੀ ਲੋੜ ਕਰਕੇ ਇਹ ਸੋਵੀਅਤ ਯੂਨੀਅਨ ਦੀ ਲੀਡਰਸ਼ਿਪ ਨੂੰ ਨਾਲੇ ਸੋਧਵਾਦੀ ਨਾਲੇ ਸਮਾਜਵਾਦੀ ਕਰਾਰ ਦੇਣ ਦੀ ਆਪਾ ਵਿਰੋਧੀ ਪੁਜੀਸ਼ਨ ਲੈਂਦੀ ਹੈ।  ਇਸੇ ਵਜ੍ਹਾ ਕਰਕੇ ਇਹ ਸਰਮਾਏਦਾਰਾ ਮੁੜ ਬਹਾਲੀ ਦੀਆਂ ਸ਼ਕਤੀਆਂ ਖਿਲਾਫ ਚੀਨ ਦੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਰਾਹੀਂ ਬੋਲੇ ਹੱਲੇ ਤੋਂ ਨਾਖੁਸ਼ੀ ਜਾਹਰ ਕਰਦੀ ਹੈ। ਇਨ੍ਹਾਂ ਕਾਰਨਾਂ ਕਰਕੇ ਕੌਮਾਂਤਰੀ ਪੱਧਰ 'ਤੇ ਵੀ ਅਤੇ ਮੁਲਕ ਪੱਧਰ 'ਤੇ ਵੀ ਇਹ ਸੋਧਵਾਦੀ ਕੈਂਪ ਦੇ ਘੇਰੇ 'ਚ ਹੈ। ਇਉਂ ਭਾਰਤ ਅੰਦਰ ਕਮਿਊਨਿਸਟ ਇਨਕਲਾਬੀ ਕੈਂਪ ਅਤੇ ਸੋਧਵਾਦੀ ਕੈਂਪ 'ਚ ਸਪਸ਼ਟ ਨਿਖੇੜੇ ਦੀ ਲਕੀਰ  ਖਿੱਚਣ 'ਚ ਨਕਸਲਬਾੜੀ ਲਹਿਰ ਨੇ ਇਤਿਹਾਸਕ ਭੂਮਿਕਾ ਅਦਾ ਕੀਤੀ। ਨਕਸਲਬਾੜੀ ਦੀ ਘਟਨਾ ਨੂੰ 46 ਵਰ੍ਹੇ ਬੀਤ ਚੁੱਕੇ ਹਨ। ਇਸ ਅਰਸੇ ਦੌਰਾਨ ਕੌਮਾਂਤਰੀ ਅਤੇ ਮੁਲਕ ਦੀਆਂ ਕਮਿਊਨਿਸਟ ਇਨਕਲਾਬੀ ਲਹਿਰਾਂ ਵੱਡੀਆਂ ਉਥਲ-ਪੁਥਲਾਂ, ਪ੍ਰਾਪਤੀਆਂ ਅਤੇ ਪਛਾੜਾਂ ਦੇ ਅਮਲਾਂ 'ਚੋਂ ਗੁਜਰੀਆਂ ਹਨ। ਭਾਰਤੀ ਕਮਿਊਨਿਸਟ ਇਨਕਲਾਬੀ ਲਹਿਰ ਨੂੰ ਇਸ ਦੇ ਅੰਦਰੋਂ ਕਿੰਨੇ ਹੀ ਵਿਚਾਰਧਾਰਕ-ਸਿਆਸੀ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ। ਪਰ ਨਕਸਲਬਾੜੀ ਦੀ ਬਗਾਵਤ ਨਾਲ ਭਾਰਤੀ ਕਮਿਊਨਿਸਟ ਇਨਕਲਾਬੀ ਲਹਿਰ ਨੂੰ ਮਹੱਈਆ ਹੋਇਆ ਵਿਚਾਰਧਾਰਕ ਸਿਆਸੀ ਅਧਾਰ ਲਗਾਤਾਰ ਹਰ ਕਿਸਮ ਦੇ ਭਟਕਾਊ ਰੁਝਾਨਾਂ ਦੀ ਸ਼ਨਾਖਤ ਕਰਨ ਦਾ ਪੈਮਾਨਾ ਅਤੇ ਇਨ੍ਹਾਂ ਨੂੰ ਬੇਨਕਾਬ ਕਰਨ ਦਾ ਹਥਿਆਰ ਬਣਦਾ ਆ ਰਿਹਾ ਹੈ। ਕੌਮਾਂਤਰੀ ਕਮਿਊਨਿਸਟ ਇਨਕਲਾਬੀ ਲਹਿਰ ਦੀ ਆਮ ਸੇਧ ਅਤੇ ਨਿਰਣਿਆਂ ਦੀ ਰੌਸ਼ਨੀ 'ਚ ਅਤੇ ਸਾਮਰਾਜੀ ਗਲਬੇ ਹੇਠਲੇ ਅਧੀਨ ਮੁਲਕਾਂ ਦੇ ਇਨਕਲਾਬਾਂ ਸਬੰਧੀ ਮਾਓ-ਵਿਚਾਰਧਾਰਾ ਦੀਆਂ ਮੂਲ ਸਥਾਪਨਾਵਾਂ ਦੀ ਰੌਸ਼ਨੀ 'ਚ ਭਾਰਤ ਦੇ ਕਮਿਊਨਿਸਟ ਇਨਕਲਾਬੀਆਂ ਵੱਲੋਂ ਆਪਣੀ ਲੀਹ ਵਿਕਸਤ ਕਰ ਲੈਣ ਨਾਲ, ਨਕਸਲਬਾੜੀ ਦੀ ਵਿਚਾਰਧਾਰਾ ਅਤੇ ਸਿਆਸਤ ਨੇ ਹੋਰ ਠੋਸ ਸ਼ਕਲ ਅਖਤਿਆਰ ਕੀਤੀ। ਨਕਸਲਬਾੜੀ ਦੀ ਵਿਚਾਰਧਾਰਾ ਅਤੇ ਸਿਆਸਤ ਨੂੰ ਅਧਾਰ ਬਣਾ ਕੇ ਘੜੀ ਗਈ ਇਹ ਠੋਸ ਲੀਹ ਅੱਜ ਕਿਸੇ ਵੀ ਗਲਤ ਰੁਝਾਣ, ਭਟਕਣ ਜਾਂ ਥਿੜਕਣ ਦੀ ਪਛਾਣ ਕਰਨ ਅਤੇ ਇਸ ਖਿਲਾਫ ਜੱਦੋਜਹਿਦ ਕਰਨ ਲਈ ਭਰੋਸੇਯੋਗ ਅਧਾਰ ਮੁਹੱਈਆ ਕਰਦੀ ਹੈ। ਕਮਿਊਨਿਸਟ ਇਨਕਲਾਬੀ ਲਹਿਰ ਨੂੰ ਲੀਹੋਂ ਭਟਕਉਣ ਲਈ ਇਸ ਦੇ ਅੰਦਰੋਂ ਸਮੇਂ ਸਮੇਂ ਉੱਠੀਆਂ ਭਟਕਣਾਂ, ਰੁਝਾਣਾਂ ਅਤੇ ਝੁਕਾਵਾਂ 'ਤੇ ਝਾਤ ਮਾਰਿਆਂ ਇਹ ਸਹਿਜੇ ਹੀ ਵੇਖਿਆ ਜਾ ਸਕਦਾ ਹੈ ਕਿ ਇਨ੍ਹਾਂ ਦੀ ਧੁੱਸ (1) ਇੱਕ ਜਾਂ ਦੂਜੇ ਢੰਗ ਨਾਲ ਮਹਾਨ ਬਹਿਸ ਦੌਰਾਨ ਕੌਮਾਂਤਰੀ ਕਮਿਊਨਿਸਟ ਲਹਿਰ ਵੱਲੋਂ ਅਪਣਾਏ ਨਿਰਣਿਆਂ ਨੂੰ ਇਕ ਜਾਂ ਦੂਜੇ ਢੰਗ ਨਾਲ ਸੋਧਣ, ਉਲਟਾਉਣ, ਨਕਾਰਨ ਜਾਂ ਛੁਟਿਆਉਣ ਵੱਲ ਸੇਧਤ ਰਹੀ ਹੈ। (2) ਇਨ੍ਹਾਂ ਦੀ ਰੌਸ਼ਨੀ 'ਚ ਘੜੇ ਗਏ ਭਾਰਤੀ ਇਨਕਲਾਬ ਦੇ ਰਾਹ ਨੂੰ ਸੋਧਣ, ਉਲਟਾਉਣ, ਨਕਾਰਨ ਜਾਂ ਛੁਟਿਆਉਣ ਵੱਲ ਸੇਧਿਤ ਰਹੀ ਹੈ। ਵਿਸ਼ੇਸ਼ ਕਰਕੇ ਗਲਤ ਰੁਝਾਨਾਂ, ਭਟਕਣਾਂ ਅਤੇ ਝੁਕਾਵਾਂ ਦੇ ਝੰਡਾਬਰਦਾਰ ਪਛੜੇ ਮੁਲਕਾਂ ਦੇ ਸਾਮਰਾਜੀ ਪ੍ਰਬੰਧ ਅਤੇ ਮੁਲਕਾਂ ਨਾਲ (ਅਧੀਨਗੀ ਵਾਲੇ) ਰਿਸ਼ਤੇ ਇਨ੍ਹਾਂ ਦੇ ਰਾਜਾਂ ਅਤੇ ਹਾਕਮ ਜੁੰਡਲੀਆਂ ਦੇ (ਦਲਾਲ) ਖਾਸੇ, ਸਾਮਰਾਜੀ ਮੁਲਕਾਂ ਦੇ (ਸਮਾਜਵਾਦੀ) ਇਨਕਲਾਬਾਂ ਅਤੇ ਇਨ੍ਹਾਂ ਦੇ ਗਲਬੇ ਹੇਠਲੇ ਅਧੀਨ ਮੁਲਕਾਂ ਦੇ (ਨਵ ਜਮਹੂਰੀ) ਇਨਕਲਾਬਾਂ ਦਰਮਿਆਨ ਬੁਨਿਆਦੀ ਵਖਰੇਵੇਂ ਅਧੀਨ ਮੁਲਕਾਂ ਦੇ ਇਨਕਲਾਬਾਂ 'ਚ ਜ਼ਰੱਈ ਸਵਾਲ, ਲਮਕਵੇਂ ਲੋਕ ਯੁੱਧ ਅਤੇ ਸਾਂਝੇ ਮੋਰਚੇ ਦੇ ਮਹੱਤਵ ਸਬੰਧੀ ਨਿਰਣਿਆਂ ਅਤੇ ਇਨ੍ਹਾਂ ਦੀਆਂ ਅਮਲੀ ਅਰਥ-ਸੰਭਾਵਨਾਵਾਂ ਤੋਂ ਸਿੱਧੀ ਜਾਂ ਗੁੱਝੀ ਸਕਲ 'ਚ ਇਨਕਾਰੀ ਹੁੰਦੇ ਰਹੇ ਹਨ। ਨਕਸਲਬਾੜੀ ਲਹਿਰ ਦੇ ਅੰਦਰੋਂ ਉੱਠੀਆਂ ਭਟਕਣਾਂ ਨੇ ਚਾਹੇ ਤਿੰਨ ਸੰਸਾਰਾਂ ਦੇ ਬਦਨਾਮ ਸਿਧਾਂਤ ਦੀ ਓਟ 'ਚ ''ਰੂਸ ਵਿਰੋਧੀ ਗੈਰ-ਫਾਸ਼ੀ ਤਾਕਤਾਂ'' ਦਾ ਸਾਂਝਾ ਮੋਰਚਾ ਉਸਾਰਨ ਦਾ ਹੋਕਾ ਦਿੱਤਾ ਹੋਵੇ, ਜਰੱਈ ਸਬੰਧਾਂ 'ਚ ਪੂੰਜੀਵਾਦੀ ਤਬਦੀਲੀਆਂ ਅਤੇ ਨਵ-ਬਸਤੀਵਾਦੀ ਦੌਰ ਦੇ ''ਨਵੇਂ ਲੱਛਣਾਂ'' ਦੀ ਦਲੀਲ ਦੇ ਕੇ ਮੁਲਕ ਦੇ (ਅਰਧ ਜਗੀਰੂ ਅਰਧ ਬਸਤੀਵਾਦੀ) ਖਾਸੇ, ਸਾਮਰਾਜ ਨਾਲ (ਅਸਿੱਧੀ ਗੁਲਾਮੀ ਦੇ) ਰਿਸ਼ਤੇ ਅਤੇ ਇਨਕਲਾਬ ਦੇ(ਨਵ-ਜਮਹੂਰੀ) ਪੜਾਅ ਬਾਰੇ ਬਦਲਵੇਂ ਨਿਰਣੇ ਪੇਸ਼ ਕੀਤੇ ਜਾਂਦੇ ਹੋਣ ਜਾਂ ਮੌਕਾ ਮੇਲ ਦੇ ਸਿਧਾਂਤ ਰਾਹੀਂ ਸੰਸਾਰ ਇਨਕਲਾਬ 'ਚ ਪਛੜੇ ਮੁਲਕਾਂ ਦੀ ਯੁੱਧਨੀਤਕ ਮਹੱਤਤਾ ਅਤੇ ਇਨ੍ਹਾਂ ਮੁਲਕਾਂ ਅੰਦਰ ਲਮਕਵੇਂ ਲੋਕ ਯੁੱਧ ਦੀ ਯੁੱਧਨੀਤੀ ਦੀ ਮਹੱਤਤਾ ਨੂੰ ਨਕਾਰਨ ਦੇ ਯਤਨ ਕੀਤੇ ਹੋਣ- ਸਭਨਾ ਮਾਮਲਿਆਂ 'ਚ ਮਹਾਨ ਬਹਿਸ ਵੇਲੇ ਦੇ ਬੁਨਿਆਦੀ ਨਿਰਣਿਆਂ ਅਤੇ ਇਨ੍ਹਾਂ ਦੀ ਰੌਸ਼ਨੀ 'ਚ ਨਕਸਲਬਾੜੀ ਲਹਿਰ ਵੱਲੋਂ ਭਾਰਤੀ ਇਨਕਲਾਬ ਦੇ ਪ੍ਰੋਗਰਾਮ ਅਤੇ ਰਾਹ ਸਬੰਧੀ ਕੀਤੇ ਨਿਰਣਿਆਂ ਨੂੰ ਸੋਧਣ ਅਤੇ ਇਉਂ ਮਾਓ-ਵਿਚਾਰਧਾਰਾ ਦੀਆਂ ਮੂਲ ਧਾਰਨਾਵਾਂ ਨੂੰ ਸੋਧਣ ਦੀ ਸਾਂਝੀ ਧੁੱਸ ਵੇਖੀ ਜਾ ਸਕਦੀ ਹੈ। ਦਰੁਸਤ ਇਨਕਲਾਬੀ ਲੀਹ ਤੋਂ ਖੱਬੀਆਂ ਜਾਂ ਸੱਜੀਆਂ ਭਟਕਣਾਂ ਜਾਂ ਥਿੜਕਣਾਂ ਦਾ ਸਾਂਝਾ ਤੱਤ ਅਕਸਰ ਹੀ ਇਨਕਲਾਬੀ ਜ਼ਰਈ ਲਹਿਰ ਦੀ ਉਸਾਰੀ ਅਤੇ ਲਮਕਵੇਂ ਲੋਕਯੁੱਧ ਦੇ ਰਾਹ ਤੋਂ ਲਾਂਭੇ ਜਾਣ ਦੀ ਉੱਭਰਵੀਂ ਸ਼ਕਲ ਅਖਤਿਆਰ ਕਰਦਾ ਰਿਹਾ ਹੈ। ਇਸ ਨੇ ਕਦੇ ''ਜਮਾਤੀ ਦੁਸਮਣਾਂ'' ਦੇ ਸਫਾਏ ਦੀ ਲੀਹ ਨੂੰ ਇਨਕਲਾਬੀ ਜ਼ਰਈ ਲਹਿਰ ਦੇ ਬਦਲ ਵਜੋਂ ਉਭਾਰਨ ਦੀ ਖੱਬੀ ਸ਼ਕਲ ਅਖਤਿਆਰ ਕੀਤੀ ਹੈ ਅਤੇ ਕਦੇ ਕਾਨੂੰਨੀ ਮੌਕਿਆਂ ਦੀ ਵਰਤੋਂ ਦੇ ਨਾਂ ਹੇਠ ਖੁਲ੍ਹੀ ਪਾਰਟੀ ਉਸਾਰਨ ਦੀ ਸੇਧ ਪੇਸ਼ ਕਰਕੇ ਜਾਂ ਇਨਕਲਾਬੀ ਜ਼ਰਈ ਲਹਿਰ ਪ੍ਰਤੀ ਰਵੱਈਏ ਦੇ ਪੈਮਾਨੇ ਨੂੰ ਲਾਂਭੇ ਰੱਖ ਕੇ ਹਾਕਮ ਜਮਾਤੀ ਸਿਆਸੀ ਸ਼ਕਤੀਆਂ ਨਾਲ ਪਾਰਲੀਮਾਨੀ ਖੇਤਰ 'ਚ ਸਾਂਝ ਭਿਆਲੀ ਦੀ ਸੱਜੀ ਸ਼ਕਲ ਅਖਤਿਆਰ ਕੀਤੀ ਹੈ। ਪਰ ਗਲਤ ਰੁਝਾਨਾਂ, ਭਟਕਣਾਂ , ਝੁਕਾਵਾਂ ਅਤੇ ਥਿੜਕਣਾਂ ਦੇ ਹੱਲਿਆਂ ਅਤੇ ਇਨ੍ਹਾਂ ਸਦਕਾ ਕਮਿਊਨਿਸਟ ਇਨਕਲਾਬੀ ਲਹਿਰ ਨੂੰ ਹੋਏ ਵਕਤੀ ਹਰਜਿਆਂ ਦੇ ਬਾਵਜੂਦ ਨਕਸਲਬਾੜੀ ਦੀ ਵਿਚਾਰਧਾਰਾ ਅਤੇ ਸਿਆਸਤ ਦਾ ਪੈਮਾਨਾ ਗਲਤ ਝੁਕਾਵਾਂ ਅਤੇ ਰੁਝਾਨਾਂ ਦੀ ਸ਼ਨਾਖਤ ਕਰਨ ਅਤੇ ਇਨ੍ਹਾਂ ਖਿਲਾਫ ਜੱਦੋਜਹਿਦ ਕਰਨ ਦਾ ਅਧਾਰ ਬਣਦਾ ਆ ਰਿਹਾ ਹੈ। ਨਕਸਲਬਾੜੀ ਦੀ ਵਿਚਾਰਧਾਰਾ ਦੇ ਅਧਾਰ 'ਤੇ ਘੜਿਆ ਕਮਿਊਨਿਸਟ ਇਨਕਲਾਬੀ ਲੀਹ ਦਾ ਬੁਨਿਆਦੀ ਚੌਖਟਾ ਹੀ ਅੱਜ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਦੀ ਮੁੜ ਪਾਲਾਬੰਦੀ ਅਤੇ ਭਾਰਤ ਅੰਦਰ ਕਮਿਊਨਿਸਟ ਪਾਰਟੀ ਦੀ ਮੁੜ ਜਥੇਬੰਦੀ ਦੀਆਂ ਕੋਸ਼ਿਸ਼ਾਂ ਦਾ ਆਧਾਰ ਬਣ ਰਿਹਾ ਹੈ। ਕਮਿਊਨਿਸਟ ਇਨਕਲਾਬੀ ਲਹਿਰ ਸਾਹਮਣੇ ਮੌਜੂਦ ਵੱਡੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਦੇ ਬਾਵਜੂਦ ਨਕਸਲਬਾੜੀ ਦੇ ਝੰਜੋੜੇ ਨਾਲ ਇਹਦੇ ਜੁੱਸੇ 'ਚ ਹੋਇਆ ਨਵੀਂ ਸੇਧ ਅਤੇ ਸ਼ਕਤੀ ਦਾ ਸੰਚਾਰ ਅੱਜ ਵੀ ਇਸਦੇ ਖੂਨ ਅੰਦਰ ਮੌਜੂਦ ਹੈ। ਭਾਰਤੀ ਕਮਿਊਨਿਸਟ ਲਹਿਰ ਦੇ 1967 ਤੋਂ ਪਹਿਲਾਂ ਅਤੇ ਮਗਰੋਂ ਦੇ ਦੌਰ ਦਾ ਇਹ ਬੁਨਿਆਦੀ ਵਖਰੇਵਾਂ ਨਕਸਲਬਾੜੀ ਦੀ ਚਿਰ ਸਥਾਈ ਮੋਹਰਛਾਪ ਦਾ ਨਤੀਜਾ ਹੈ। ਭਾਰਤੀ ਇਨਕਲਾਬ ਦਾ ਰਾਹ ਨਕਸਲਬਾੜੀ ਦੀ ਲੋਅ ਨਾਲ ਇਸ ਦੀ ਜਿੱਤ ਤੱਕ ਜਗਮਗਾਉਂਦਾ ਰਹਿਣਾ ਹੈ।
****