ਪੰਜਾਬ ਸਰਕਾਰ ਦੇ ਸਿਰ ਚੜ੍ਹ ਮਰਿਆ
ਬੇ-ਇਨਸਾਫ਼ੀ ਦਾ ਡੰਗਿਆ ਮਜ਼ਦੂਰ ਗੁਲਜ਼ਾਰ
-ਲਛਮਣ ਸੇਵੇਵਾਲਾ
ਪੰਜਾਬ ਦੀ ਧਰਤੀ 'ਤੇ ਆਏ ਦਿਨ ਖੁਦਕੁਸ਼ੀਆਂ ਦਾ ਭਾਣਾ ਵਾਪਰ ਰਿਹਾ। ਕਦੇ ਫਰੀਦਕੋਟ ਜ਼ਿਲ੍ਹੇ ਦੇ ਇੱਕ ਪਿੰਡ ਦੇ ਦੋ ਕਿਸਾਨ ਭਰਾ ਕਰਜ਼ੇ ਕਰਕੇ ਇਕੱਠੇ ਖੁਦਕੁਸ਼ੀ ਕਰ ਜਾਂਦੇ ਆ। ਕਦੇ ਆਰਥਿਕ ਤੰਗੀਆਂ ਦਾ ਝੰਬਿਆ ਕੋਈ ਮਜ਼ਦੂਰ ਆਪਣੇ ਬੱਚਿਆਂ ਸਮੇਤ ਖੁਦਕੁਸ਼ੀ ਕਰ ਜਾਂਦਾ ਤੇ ਕਦੇ ਕੋਈ ਬੇਰੁਜ਼ਗਾਰ ਅਧਿਆਪਕਾ ਖੁਦਕੁਸ਼ੀ ਵਰਗਾ ਕਲਿਹਣਾ ਕਦਮ ਚੁੱਕ ਲੈਂਦੀ ਹੈ। ਹੁਣ ਤਾਂ ਕਰਜ਼ੇ ਤੇ ਆਰਥਿਕ ਤੰਗੀਆਂ ਦੇ ਕਾਰਨ ਨਿੱਤ ਦਿਨ ਹੁੰਦੀਆਂ ਮਜ਼ਦੂਰਾਂ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਾ ਵਰਤਾਰਾ ਏਨਾ ਆਮ ਹੋ ਗਿਆ ਹੈ ਕਿ ਅਖ਼ਬਾਰਾਂ ਵੀ ਇਹਨਾਂ ਨੂੰ ਤਵੱਜੋ ਨਹੀਂ ਦੇ ਰਹੀਆਂ। ਪਰ ਸੰਗਰੂਰ ਜ਼ਿਲ੍ਹੇ ਦੇ ਪਿੰਡ ਤੂਰਵਣਜਾਰਾ ਦੇ ਮਜ਼ਦੂਰ ਗੁਲਜ਼ਾਰ ਸਿੰਘ ਦੀ ਖੁਦਕੁਸ਼ੀ ਘਟਨਾ ਨਿਵੇਕਲੀ ਹੋ ਨਿੱਬੜੀ । ਜੀਹਨੇ ਇਕੇਰਾਂ ਤਾਂ ਹੁਕਮਰਾਨਾਂ ਨੂੰ ਵੀ ਵਖਤ ਪਾ ਕੇ ਰੱਖ ਦਿੱਤਾ ।
ਇਨਕਲਾਬੀ ਕਵੀ ਪਾਸ਼ ਨੇ ਲਿਖਿਆ ਸੀ
"ਮਰਨ ਦਾ ਇੱਕ ਹੋਰ ਵੀ ਢੰਗ ਹੁੰਦਾ ਹੈ ,
ਮੌਤ ਦੇ ਚਿਹਰੇ ਤੋਂ ਚੁੱਕ ਦੇਣਾ ਨਕਾਬ ।
ਅਤੇ ਜ਼ਿੰਦਗੀ ਦੀ ਚਾਰ ਸੌ ਵੀਹ ਨੂੰ
ਸਰ -ਇ-ਆਮ ਬੇ ਪਰਦ ਕਰ ਦੇਣਾ।"
ਜ਼ਿਲ੍ਹਾ ਸੰਗਰੂਰ ਦੇ ਪਿੰਡ ਤੂਰ ਵਣਜਾਰਾ ਦਾ ਮਜ਼ਦੂਰ ਗੁਲਜ਼ਾਰ ਸਿੰਘ ਵੀ ਇਸੇ ਤਰ੍ਹਾਂ ਰੁਖ਼ਸਤ ਹੋਇਆ ਕਿ ਉਸਨੇ ਹਾਕਮ ਦੀ ਚਾਰ ਸੌ ਵੀਹ ਨੂੰ ਸ਼ਰੇਆਮ ਬੇਪਰਦ ਕਰਕੇ ਰੱਖ ਦਿੱਤਾ। ਉਸ ਨੇ ਪਿੰਡ 'ਚ ਆ ਕੇ ਆਪਣੀ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਜੰਗ ਛੇੜਨ ਦੇ ਦਮਗਜੇ ਮਾਰ ਰਹੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਕੋਲ ਨਸ਼ੇ ਦੀ ਭੇਟ ਚੜ੍ਹ ਕੇ ਘਰ ਦੀ ਗਰਾਗਾਤ ਕਰ ਰਹੇ ਆਪਣੇ ਨੌਜਵਾਨ ਪੁੱਤ ਦੀ ਦਰਦ ਵਿੰਨ੍ਹੀ ਗਾਥਾ ਦਾ ਰੋਣਾ ਕੀ ਰੋਇਆ ਕਿ ਏਨੇ ਨਾਲ ਹੀ ਹਾਕਮਾਂ ਦੇ ਸ਼ਾਮਿਆਨੇ ਡੋਲ ਉੱਠੇ । ਉਸਨੂੰ ਆਪਣੇ ਯੁੱਧ ਨਸ਼ਿਆਂ ਵਿਰੁੱਧ ਵਾਲੇ ਬਾਦਬਾਨਾਂ 'ਚੋਂ ਹਵਾ ਸਰਕਦੀ ਦਿਖਾਈ ਦੇਣ ਲੱਗੀ ਤੇ ਬੰਨਵੇਂ (92) ਵਿਧਾਇਕਾਂ ਵਾਲਾ ਬਹੁਮਤ ਭਰੀ ਕਚਿਹਰੀ 'ਚ "ਨੌ ਦੋ ਗਿਆਰਾਂ" ਹੁੰਦਾ ਜਾਪਿਆ । ਉਸ ਦੀ ਸੁਰਤ ਗੋਤਾ ਖਾ ਗਈ। ਉਹ ਬੌਂਦਲ ਗਿਆ ਤੇ ਬੌਂਦਲ ਕੇ ਬੁਖਲਾ ਉੱਠਿਆ। ਉਸਨੇ ਆਪਣੇ ਅਹਿਲਕਾਰਾਂ ਤੇ ਟਹਿਲਕਾਰਾਂ ਦੇ ਪਟੇ ਖੋਲ੍ਹ ਦਿੱਤੇ । ਜੋ ਭੁੱਖੇ ਬਘਿਆੜਾਂ ਦੀ ਤਰ੍ਹਾਂ ਇਸ ਮਜ਼ਦੂਰ 'ਤੇ ਟੁੱਟ ਕੇ ਪੈ ਗਏ ਅਤੇ ਮੰਤਰੀ ਦੀ ਛਛਕੇਰੀ ਸਰਪੰਚਣੀ ਦੇ ਪਤੀ ਤੇ ਉਸਦੀ ਢਾਣੀ ਮਜ਼ਦੂਰ ਗੁਲਜ਼ਾਰ ਸਿੰਘ ਨੂੰ "ਜਾਤ ਦੀ ਕੋਹੜ ਕਿਰਲੀ ਸ਼ਤੀਰਾਂ ਨਾਲ ਜੱਫੇ" ਲਾਉਣ ਦਾ ਅਹਿਸਾਸ ਕਰਾਉਣ 'ਚ ਜੁਟ ਗਈ । ਇਸ ਢਾਣੀ ਨੇ ਉਸਨੂੰ ਭਰੇ ਇਕੱਠ ਵਿੱਚ ਮੰਤਰੀ ਦੇ ਸਾਹਮਣੇ ਨਸ਼ੇ ਦੀ ਅਲਾਮਤ ਬਾਰੇ ਬੋਲਣ ਦਾ ਖਮਿਆਜ਼ਾ ਭੁਗਤਣ ਲਈ ਤਿਆਰ ਰਹਿਣ ਦੀਆਂ ਧਮਕੀਆਂ ਦਿੱਤੀਆਂ ਅਤੇ ਸਰਪੰਚ ਦੇ ਘਰ ਆ ਕੇ ਮੁਆਫ਼ੀ ਮੰਗਣ ਦਾ ਹੁਕਮ ਚਾੜ੍ਹ ਦਿੱਤਾ।
ਪਰ ਇਹ ਕਿਰਤੀ ਜਰਵਾਣਿਆਂ ਦੀ ਈਨ ਮੰਨਣ ਤੋਂ ਆਕੀ ਹੋ ਉੱਠਿਆ । ਉਸਦੇ ਅੰਦਰ ਨਸ਼ੇ ਦੀ ਮਾਰ ਅਤੇ ਵਰ੍ਹਿਆਂ ਦੀ ਗ਼ਰੀਬੀ, ਲਾਚਾਰੀ ਤੇ ਜਾਤਪਾਤੀ ਦਾਬੇ ਦਾ ਹੰਢਾਇਆ ਸੰਤਾਪ ਰੋਹ ਦਾ ਲਾਵਾ ਬਣ ਗਿਆ। ਉਸਨੇ ਜੋਰਾਵਰਾਂ ਦੇ ਅੱਗੇ ਝੁਕਣ ਦੀ ਬਜਾਏ ਸਲਫ਼ਾਸ ਨਿਗਲ ਕੇ ਮੌਤ ਨੂੰ ਜਾ ਗਲਵੱਕੜੀ ਪਾਈ । ਪਰ ਉਹ ਚੁੱਪ ਚਪੀਤਾ ਨਹੀਂ ਮਰਿਆ। ਉਹ ਆਪਣੇ ਨਾਲ ਹੋਈ ਨਾ- ਇਨਸਾਫ਼ੀ ਤੇ ਉਸਨੂੰ ਮੌਤ ਦੇ ਮੂੰਹ ਧੱਕਣ ਦੇ ਦੋਸ਼ੀਆਂ ਨੂੰ ਜੱਗ ਜਹਾਨ ਦੇ ਸਾਹਮਣੇ, ਆਪਣੀ ਮੌਤ ਦੇ ਦੋਸ਼ੀਆਂ ਨੂੰ ਕਟਹਿਰੇ 'ਚ ਖੜ੍ਹਾ ਕਰਕੇ ਮਰਿਆ ਹੈ। ਇਉਂ ਉਸਦੀ ਮੌਤ ਖੁਦਕੁਸ਼ੀ ਨਹੀਂ, ਸਗੋਂ ਬੇਇਨਸਾਫ਼ੀ ਖਿਲਾਫ਼ ਨਾਬਰੀ ਦਾ ਪ੍ਰਤੀਕ ਹੈ। ਉਸਦੀ ਬੁੱਧੀ ਅਨੁਸਾਰ ਜ਼ਾਲਮਾਂ ਨੂੰ ਸਜ਼ਾ ਦੇਣ ਦਾ ਨਿਵੇਕਲਾ ਅੰਦਾਜ਼ ਹੈ। ਜਦੋਂ ਕਿਸੇ ਨੂੰ ਆਵਦੇ ਹੱਕਾਂ ਦੀ ਲਹਿਰ ਕਮਜ਼ੋਰ ਦਿਖਾਈ ਦੇ ਰਹੀ ਹੋਵੇ । ਖੁਦ ਜਰਵਾਣਿਆਂ ਨਾਲ ਸਿੱਧੇ ਮੱਥੇ ਭਿੜਣ ਦੀ ਲਾਚਾਰੀ ਦਿਸਦੀ ਹੋਵੇ । ਪਰ ਡਾਢਿਆਂ ਅੱਗੇ ਝੁਕਣਾ ਵੀ ਮਨਜ਼ੂਰ ਨਾ ਹੋਵੇ ਤਾਂ ਉਹ ਆਪਣੀ ਜਾਨ ਦੀ ਬਾਜ਼ੀ ਲਾ ਕੇ ਆਪਣੀ ਸੋਝੀ ਤੇ ਆਪਣੇ ਤਰੀਕੇ ਨਾਲ ਇਸਦੇ ਜਿੰਮੇਵਾਰਾਂ ਨੂੰ ਸਜ਼ਾ ਦੇਣ ਦਾ ਕਦਮ ਚੁੱਕ ਲਵੇ ਤਾਂ ਇਹ ਖੁਦਕੁਸ਼ੀ ਦੀ ਬਜਾਏ ਉਸ ਵੱਲੋਂ ਚੁੱਕਿਆ ਨਾਬਰੀ ਦਾ ਕਦਮ ਹੀ ਹੋ ਨਿੱਬੜਦਾ ਹੈ ਅਤੇ ਇਉਂ ਹੀ ਕੀਤਾ ਹੈ ਗੁਲਜ਼ਾਰ ਸਿੰਘ ਨੇ। ਬਿਨਾਂ ਸ਼ੱਕ ਅਜਿਹੇ ਕਦਮ ਨੂੰ ਇੱਕ ਰਾਹ ਵਜੋਂ ਦਰੁਸਤ ਨਹੀਂ ਠਹਿਰਾਇਆ ਜਾ ਸਕਦਾ , ਪਰ ਉਸਦੀ ਮੌਤ ਨੇ ਬਦਲਾਅ ਦੇ ਝੂਠੇ ਦਾਅਵਿਆਂ ਨਾਲ ਸੱਤਾ 'ਤੇ ਕਾਬਜ਼ ਹੋਏ ਅਖੌਤੀ ਇਨਕਲਾਬੀਆਂ ਦਾ ਮਖੌਟਾ ਹੋਰ ਵੀ ਬੇਨਕਾਬ ਕਰ ਦਿੱਤਾ। ਉਹਨਾਂ ਨੂੰ ਜੱਗ ਜਹਾਨ ਦੇ ਸਾਹਮਣੇ ਦੋਸ਼ੀਆਂ ਦੇ ਕਟਹਿਰੇ 'ਚ ਖੜ੍ਹੇ ਕਰ ਦਿੱਤਾ। ਪਰ ਸੱਤਾ ਦੇ ਨਸ਼ੇ 'ਚ ਗੁਲਤਾਨ ਆਪ ਸਰਕਾਰ ਪੀੜਤ ਪਰਿਵਾਰ ਦੀ ਬਾਂਹ ਫੜਨ ਦੀ ਬਜਾਏ ਬਾਂਹ ਮੋਰੜਨ ਦੇ ਰਾਹ ਹੀ ਤੁਰ ਪਈ। ਕੋਈ ਸਰਕਾਰੀ ਨੁਮਾਇੰਦਾ ਪੀੜਤ ਪਰਿਵਾਰ ਦਾ ਦੁੱਖ ਵੰਡਾਉਣ ਨਾ ਆਇਆ। ਜੇ ਆਈ ਤਾਂ ਪੁਲਿਸ ਦੀ ਧਾੜ ਹੀ ਆਈ । ਜੀਹਨੇ ਉਹਦੇ ਮਰਨ ਉਪਰੰਤ ਹੋਣ ਵਾਲੀਆਂ ਅੰਤਿਮ ਰਸਮਾਂ ਵੀ ਖੇਹ ਖਰਾਬ ਕਰਕੇ ਰੱਖ ਦਿੱਤੀਆਂ। ਜੋ ਮੌਜੂਦਾ ਸਰਕਾਰ ਅਤੇ ਰਾਜ ਮਸ਼ੀਨਰੀ ਦੀ ਮਜ਼ਦੂਰ ਵਰਗ ਪ੍ਰਤੀ ਅੰਨ੍ਹੀ ਜਮਾਤੀ ਤੇ ਜਾਤਪਾਤੀ ਨਫ਼ਰਤ ਦਾ ਇੱਕ ਹੋਰ ਨਮੂਨਾ ਹੈ।
ਗੁਲਜ਼ਾਰ ਸਿੰਘ ਖੁਦਕੁਸ਼ੀ ਕਾਂਡ - ਸਿਆਸੀ ਪਾਰਟੀਆਂ ਲਈ ਚਿੜੀਆਂ ਦਾ ਮਰਨ ਗਵਾਰਾ ਦਾ ਹਾਸਾ
ਗੁਲਜ਼ਾਰ ਸਿੰਘ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਬਾਰੇ ਪਰਿਵਾਰ ਦੇ ਮੈਂਬਰਾਂ ਵੱਲੋਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਲਖਵੀਰ ਸਿੰਘ ਲੌਂਗੋਵਾਲ ਨਾਲ਼ ਸੰਪਰਕ ਕਰਨ ਉਪਰੰਤ ਪਰਿਵਾਰ ਤੇ ਮਜ਼ਦੂਰ ਆਗੂਆਂ ਵੱਲੋਂ ਉਸਨੂੰ ਬਚਾਉਣ ਲਈ ਅੰਤਾਂ ਦੀ ਵਾਹ ਲਾਈ ਗਈ। ਪ੍ਰਸ਼ਾਸਨ 'ਤੇ ਦਬਾਅ ਬਣਾ ਕੇ ਉਸਦਾ ਇਲਾਜ ਸਰਕਾਰੀ ਖਰਚੇ 'ਤੇ ਕਰਾਉਣ ਦੀ ਮੰਗ ਮਨਾਈ ਗਈ। ਉਸਨੂੰ ਸਰਕਾਰੀ ਹਸਪਤਾਲ ਸੰਗਰੂਰ ਤੋਂ ਰਾਜਿੰਦਰਾ ਹਸਪਤਾਲ ਪਟਿਆਲੇ ਲਿਜਾਇਆ ਗਿਆ ਅਤੇ ਫਿਰ ਸਰਕਾਰੀ ਪ੍ਰਬੰਧਾਂ ਦੀ ਬਦਇੰਤਜਾਮੀ ਕਾਰਨ ਇੱਕ ਪ੍ਰਾਈਵੇਟ ਹਸਪਤਾਲ ਵੀ ਦਾਖ਼ਲ ਕਰਵਾਇਆ ਗਿਆ। ਪਰ ਆਖ਼ਰ ਉਸਨੂੰ ਬਚਾਇਆ ਨਾ ਜਾ ਸਕਿਆ। ਮਜ਼ਦੂਰ ਗੁਲਜ਼ਾਰ ਸਿੰਘ ਦੀ ਹੋਈ ਮੌਤ ਦੀ ਖਬਰ ਸੋਸ਼ਲ ਮੀਡੀਆ 'ਤੇ ਜੰਗਲ ਦੀ ਅੱਗ ਵਾਂਗ ਫੈਲ ਗਈ। ਇਸ ਦੁਖਦਾਈ ਮੌਤ ਉਪਰੰਤ ਜਿੱਥੇ ਮਜ਼ਦੂਰ ਕਿਸਾਨ ਹਿਤਾਂ ਲਈ ਜੂਝਦੀਆਂ ਜਥੇਬੰਦੀਆਂ ਦੇ ਆਗੂ ਪੀੜਤ ਪਰਿਵਾਰ ਦੇ ਘਰ ਪਹੁੰਚੇ, ਉੱਥੇ ਮੌਕਾਪ੍ਰਸਤ ਸਿਆਸੀ ਪਾਰਟੀਆਂ ਦੇ ਲੀਡਰ ਵੀ ਆਪਣੇ ਨਾਲ ਕੈਮਰਿਆਂ ਵਾਲੇ ਪੱਤਰਕਾਰਾਂ ਸਮੇਤ ਆ ਧਮਕੇ। ਪਰ ਉੱਥੇ ਮੌਜੂਦ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਵੱਲੋਂ ਪਰਿਵਾਰ ਨਾਲ ਸਲਾਹ ਮਸ਼ਵਰਾ ਕਰਕੇ ਇੱਕ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ 'ਚ ਜਿੱਥੇ ਮਜ਼ਦੂਰ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਉਥੇ ਪਰਿਵਾਰ ਦੇ ਵੀ ਦੋ ਮੈਂਬਰ ਸ਼ਾਮਲ ਕਰਕੇ ਸੰਘਰਸ਼ ਦੀ ਮੁਢਲੀ ਵਿਉਂਤਬੰਦੀ ਕੀਤੀ ਗਈ ਅਤੇ ਮੰਗਾਂ ਦਾ ਚੌਖਟਾ ਤਿਆਰ ਕਰਕੇ ਪ੍ਰਸ਼ਾਸਨ ਦੇ ਅੱਗੇ ਰੱਖਿਆ ਗਿਆ।
ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਤੇ ਐਸ ਐਸ ਪੀ ਸਮੇਤ ਹੋਰਨਾਂ ਅਧਿਕਾਰੀਆਂ ਵੱਲੋਂ ਪਰਿਵਾਰ ਦੇ ਮੈਂਬਰਾਂ ਤੇ ਬਾਕੀ ਕਮੇਟੀ ਨਾਲ ਮੀਟਿੰਗ ਕੀਤੀ ਗਈ। ਪ੍ਰਸ਼ਾਸਨ ਵੱਲੋਂ ਪਿੰਡ ਦੀ ਸਰਪੰਚ ਤੇ ਉਸਦੇ ਪਤੀ ਸਮੇਤ ਬਾਕੀਆਂ ਉਤੇ ਗੁਲਜ਼ਾਰ ਸਿੰਘ ਦੇ ਵੀਡੀਓ ਬਿਆਨਾਂ ਦੇ ਅਧਾਰ 'ਤੇ ਪਰਚਾ ਦਰਜ ਕਰਕੇ ਸਰਪੰਚਣੀ ਤੇ ਉਸਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਪਰਿਵਾਰ ਨੂੰ 45 ਲੱਖ ਰੁਪਏ ਦਾ ਮੁਆਵਜ਼ਾ ਦੇਣ, ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦੇਣ, ਪਿੰਡ 'ਚੋਂ ਨਸ਼ਾ ਖਤਮ ਕਰਨ ਲਈ ਢੁਕਵੀਂ ਕਾਰਵਾਈ ਕਰਨ ਅਤੇ ਇਲਾਜ 'ਚ ਲਾਪਰਵਾਹੀ ਵਰਤਣ ਵਾਲੇ ਡਾਕਟਰਾਂ ਖ਼ਿਲਾਫ਼ ਪੜਤਾਲ ਕਰਕੇ ਕਾਰਵਾਈ ਕਰਨ ਆਦਿ ਮੰਗਾਂ ਮੰਨ ਲਈਆਂ। ਪ੍ਰੰਤੂ ਖਜ਼ਾਨਾ ਮੰਤਰੀ ਹਰਪਾਲ ਚੀਮਾ 'ਤੇ ਪਰਚਾ ਦਰਜ ਕਰਨ ਦੀ ਥਾਂ ਉਸਦੀ ਪੜਤਾਲ ਇੱਕ ਏ ਡੀ ਜੀ ਪੀ ਰੈਂਕ ਦੇ ਅਧਿਕਾਰੀ ਤੋਂ ਕਰਾਉਣ ਦਾ ਵਾਅਦਾ ਕੀਤਾ ਗਿਆ ਕਿ ਪੜਤਾਲ 'ਚ ਦੋਸ਼ੀ ਪਾਏ ਜਾਣ ਤੇ ਮੰਤਰੀ ਨੂੰ ਕੇਸ 'ਚ ਸ਼ਾਮਲ ਕੀਤਾ ਜਾਵੇਗਾ। ਪਰਿਵਾਰ ਮੈਂਬਰਾਂ ਅਤੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਦੀ ਪ੍ਰਸ਼ਾਸਨ ਨਾਲ ਸਹਿਮਤੀ ਬਣਨ ਉਪਰੰਤ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਗਿਆ। ਪ੍ਰੰਤੂ ਪ੍ਰਸਾਸ਼ਨ ਵੱਲੋਂ ਮ੍ਰਿਤਕ ਗੁਲਜ਼ਾਰ ਸਿੰਘ ਦਾ ਪੋਸਟਮਾਰਟਮ ਕਰਵਾ ਕੇ ਉਸਦੀ ਲਾਸ਼ ਨੂੰ ਘਰ ਲਿਜਾਣ ਦੀ ਬਜਾਏ ਭਾਰੀ ਪੁਲਸ ਫੋਰਸ ਝੋਕ ਕੇ ਸਿੱਧਾ ਹੀ ਸ਼ਮਸ਼ਾਨ ਘਾਟ ਲਿਜਾਇਆ ਗਿਆ।
ਪ੍ਰਸ਼ਾਸਨ ਦੀ ਇਸ ਧੱਕੜ ਕਾਰਵਾਈ ਖਿਲਾਫ਼ ਉਥੇ ਮੌਜੂਦ ਲੋਕਾਂ 'ਚ ਤਿੱਖਾ ਰੋਸ ਪੈਦਾ ਹੋਣਾ ਸੁਭਾਵਿਕ ਹੀ ਸੀ। ਪਰ ਉੱਥੇ ਮੌਜੂਦ ਕਾਂਗਰਸੀ ਆਗੂ ਸੁਖਪਾਲ ਖਹਿਰਾ ਤੇ ਅਕਾਲੀ ਦਲ ਬਾਦਲ ਦੇ ਮੌਕਾਪ੍ਰਸਤ ਆਗੂਆਂ ਵੱਲੋਂ ਇਸ ਨੂੰ ਨਿਆਮਤੀ ਮੌਕਾ ਸਮਝਦੇ ਹੋਏ ਖੂਬ ਹੰਗਾਮਾ ਖੜ੍ਹਾ ਕੀਤਾ ਗਿਆ। ਇਹਨਾਂ ਮੌਕਾਪ੍ਰਸਤ ਸਿਆਸੀ ਆਗੂਆਂ ਵੱਲੋਂ ਪੀੜਤ ਪਰਿਵਾਰ ਨਾਲ ਡਟ ਕੇ ਖੜ੍ਹਨ ਵਾਲੇ ਮਜ਼ਦੂਰ ਆਗੂਆਂ ਤੇ ਕਮੇਟੀ ਖਿਲਾਫ਼ ਤਰ੍ਹਾਂ ਤਰ੍ਹਾਂ ਦੇ ਬੇਬੁਨਿਆਦ ਦੋਸ਼ ਲਾ ਕੇ ਭੰਡੀ ਪ੍ਰਚਾਰ ਵਿੱਢ ਦਿੱਤਾ । ਇਹਨਾਂ ਮੌਕਾਪ੍ਰਸਤ ਸਿਆਸੀ ਆਗੂਆਂ ਦੀ ਬੁਖਲਾਹਟ ਦਾ ਕਾਰਨ ਜਿਥੇ ਪਰਿਵਾਰ ਵੱਲੋਂ ਸਮਝੌਤਾ ਕਰਨ ਸਦਕਾ ਇਹਨਾਂ ਲਈ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੀ ਖੇਡ ਖਤਮ ਹੋਣਾ ਜਾਪਿਆ ਉਥੇ ਇਹ ਵੀ ਇੱਕ ਅਹਿਮ ਕਾਰਨ ਸੀ ਕਿ ਉਹਨਾਂ ਨੂੰ ਕਮੇਟੀ ਵੱਲੋਂ ਸਟੇਜ ਤੋਂ ਬੋਲਣ ਦੀ ਮਨਾਹੀ ਕਰ ਰੱਖੀ ਸੀ। ਆਪਣੇ ਆਪ ਨੂੰ ਖੱਬੀ ਖਾਨ ਕਹਾਉਂਦੇ ਅਜਿਹੇ ਮੌਕਾਪ੍ਰਸਤ ਲੀਡਰਾਂ ਨੂੰ ਇਹ ਕਿਵੇਂ ਹਜ਼ਮ ਹੋ ਸਕਦਾ ਹੈ ਕਿ ਮਜ਼ਦੂਰ ਪਰਿਵਾਰਾਂ ਦੇ ਜਾਏ ਉਹਨਾਂ ਨੂੰ ਸਟੇਜ ਦੇ ਨੇੜੇ ਨਾ ਫਟਕਣ ਦੇਣ। ਇਸ ਲਈ ਉਹਨਾਂ ਵੱਲੋਂ ਮਜ਼ਦੂਰ ਆਗੂਆਂ ਖ਼ਿਲਾਫ਼ ਰੱਜ ਕੇ ਭੜਾਸ ਕੱਢੀ ਗਈ। ਖੈਰ ਉਸ ਸਮੇਂ ਤਾਂ ਪਰਿਵਾਰ ਦੇ ਮੈਂਬਰਾਂ ਨੇ ਜਿਵੇਂ ਕਿਵੇਂ ਮ੍ਰਿਤਕ ਦਾ ਸਸਕਾਰ ਕਰ ਦਿੱਤਾ ਅਤੇ ਆਪਣੀ ਸਹਿਮਤੀ ਬਾਰੇ ਮੀਡੀਆ 'ਚ ਬਿਆਨ ਵੀ ਦੇ ਦਿੱਤੇ ।
ਪ੍ਰੰਤੂ ਬਾਅਦ ਵਿੱਚ ਕਾਂਗਰਸੀ , ਅਕਾਲੀ ਤੇ ਭਾਜਪਾ ਸਮੇਤ ਕਈ ਮੌਕਾਪ੍ਰਸਤ ਸਿਆਸੀ ਪਾਰਟੀਆਂ ਦੇ ਲੀਡਰਾਂ ਨੇ ਪੀੜਤ ਪਰਿਵਾਰ ਦੁਆਲੇ ਘੇਰਾ ਘੱਤ ਲਿਆ । ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਸਬਜ਼ਬਾਗ ਦਿਖਾ ਕੇ ਕੀਤੇ ਸਮਝੌਤੇ ਨੂੰ ਨਾਮਨਜ਼ੂਰ ਕਰਨ ਦੇ ਬਿਆਨ ਦੁਆਏ ਗਏ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਸਮਝੌਤੇ ਨੂੰ ਸਿਰੇ ਚੜ੍ਹਾਉਣ ਲਈ ਦਬਾਅ ਪਾਉਣ ਦੀ ਥਾਂ ਇਸ ਨੂੰ ਇੱਕ ਵਾਰ ਤਾਂ ਖਟਾਈ 'ਚ ਪਾ ਦਿੱਤਾ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਸਿਆਸੀ ਵਿਰੋਧੀਆਂ 'ਤੇ ਹਮਲਾ ਕਰਨ ਲਈ ਇਸ ਬੇਹੱਦ ਗੰਭੀਰ ਮਸਲੇ ਨੂੰ ਛੋਟੀ ਮੋਟੀ ਘਟਨਾ ਕਰਾਰ ਦੇ ਕੇ ਆਪਣੀ ਸਰਕਾਰ ਅਤੇ ਪਾਰਟੀ ਦੀ ਮਜ਼ਦੂਰ ਤੇ ਲੋਕ ਵਿਰੋਧੀ ਖਸਲਤ ਦੀ ਨੰਗੀ ਚਿੱਟੀ ਨੁਮਾਇਸ਼ ਲਾਈ ਗਈ। ਇਹਨਾਂ ਸਿਆਸੀ ਪਾਰਟੀਆਂ ਦੇ ਭੁਚਲਾਵੇ 'ਚ ਆਉਣ ਕਾਰਨ ਪੀੜਤ ਪਰਿਵਾਰ ਦੇ ਮੈਂਬਰਾਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਦੀ ਆਪਸੀ ਸਾਂਝ ਨੂੰ ਵੀ ਫੇਟ ਵੱਜਣ ਦੀਆਂ ਕਨਸੋਆ ਮਿਲ ਰਹੀਆਂ ਹਨ। ਕੁੱਲ ਮਿਲਾ ਕੇ ਹੁਕਮਰਾਨ ਆਪ ਪਾਰਟੀ ਅਤੇ ਬਾਕੀ ਸਿਆਸੀ ਪਾਰਟੀਆਂ ਲਈ ਤਾਂ ਇਹ ਖੁਦਕੁਸ਼ੀ ਕਾਂਡ ਚਿੜੀਆਂ ਦੀ ਮੌਤ ਗਵਾਰਾ ਦਾ ਹਾਸਾ ਹੋ ਨਿੱਬੜਿਆ।
ਬਿਨਾਂ ਸ਼ੱਕ ਇਸ ਘਟਨਾ ਮੌਕੇ ਅਗਵਾਈ ਕਰ ਰਹੀਆਂ ਮਜ਼ਦੂਰ ਜਥੇਬੰਦੀਆਂ ਬਣੇ ਹਲਾਤਾਂ 'ਚੋਂ ਕੁੱਝ ਹੋਰ ਵਧੇਰੇ ਚੌਕਸੀ ਵਰਤ ਕੇ ਸਮਝੌਤੇ ਨੂੰ ਹੋਰ ਬਿਹਤਰ ਬਣਾ ਕੇ ਇਸਨੂੰ ਸੁਚੱਜੇ ਢੰਗ ਨਾਲ ਲਾਗੂ ਕਰਾਉਣ ਲਈ ਪ੍ਰਸ਼ਾਸਨ ਨੂੰ ਮਜ਼ਬੂਰ ਕਰ ਸਕਦੀਆਂ ਸਨ। ਪਰ ਇਹਨਾਂ ਖਿਲਾਫ਼ ਸਿਆਸੀ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਦੂਸ਼ਣਬਾਜੀ 'ਚ ਭੋਰਾ ਭਰ ਵੀ ਸਚਾਈ ਨਹੀਂ।
--0--

No comments:
Post a Comment