ਜਨਮ ਦਿਹਾੜਾ ਸਮਾਗਮ 'ਚ ਪੁੱਜੇ ਹਜ਼ਾਰਾਂ ਲੋਕ
ਪੰਜਾਬ ਸਰਕਾਰ ਤੋਂ ਪਾਸ਼ ਯਾਦਗਾਰੀ ਕੰਪਲੈਕਸ ਨੂੰ ਬਕਾਇਦਾ ਤੌਰ 'ਤੇ ਯਾਦਗਾਰ ਐਲਾਨਣ ਦੀ ਮੰਗ
ਪੰਜਾਬੀ ਦੇ ਉੱਘੇ ਇਨਕਲਾਬੀ ਕਵੀ ਪਾਸ਼ ਦੇ ਜਨਮ ਦਿਹਾੜੇ ਮੌਕੇ ਪਾਸ਼ ਤੇ ਹੰਸ ਰਾਜ ਦੀ ਸ਼ਹਾਦਤ ਵਾਲੀ ਥਾਂ 'ਤੇ ਲੱਗੇ ਵਿਸ਼ਾਲ ਪੰਡਾਲ 'ਚ ਪੰਜਾਬ ਦੇ ਕੋਨੇ ਕੋਨੇ ਤੋਂ ਪਹੁੰਚੇ ਹਜ਼ਾਰਾਂ ਕਿਰਤੀ ਲੋਕ ਤੇ ਸਾਹਿਤਕਾਰ ਕਲਾਕਾਰ ਜੁੜੇ, ਪਾਸ਼ ਤੇ ਹੰਸ ਰਾਜ ਦੀ ਸ਼ਹਾਦਤ ਨੂੰ ਸਿਜਦਾ ਕੀਤਾ ਗਿਆ ਤੇ ਪਾਸ਼ ਦੇ ਗੀਤਾਂ ਕਵਿਤਾਵਾਂ ਦੀ ਗੂੰਜ ਪਈ। ਸਮਾਗਮ ਦੀ ਸਿਖਰ 'ਤੇ ਹੋਈ ਨਾਟਕ ਦੀ ਪੇਸ਼ਕਾਰੀ ਨਾਲ ਲਹੂ ਡੁੱਲ੍ਹੀ ਮਿੱਟੀ 'ਚੋਂ ਪਾਸ਼ ਦੀ ਅਮਰ ਸ਼ਾਨ ਦੀ ਧੁਨ ਗੂੰਜ ਉੱਠੀ। ਇਸ ਤੋਂ ਪਹਿਲਾਂ ਪਾਸ਼ ਦਾ ਜਨਮ ਦਿਹਾੜਾ ਸਮਾਗਮ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਕਵਿਤਾ ਦਿਵਸ ਵਜੋਂ ਮਨਾਇਆ ਜਾਂਦਾ ਰਿਹਾ ਹੈ ਜਿੱਥੇ ਸਾਹਿਤਕ ਸ਼ੱਭਿਆਚਾਰਕ ਹਲਕੇ ਸਾਹਿਤਕ ਖੇਤਰ ਦੇ ਮਸਲਿਆਂ ਬਾਰੇ ਚਰਚਾ ਕਰਦੇ ਆਏ ਹਨ। ਇਸ ਵਾਰੀ ਦਾ ਜਨਮ ਦਿਹਾੜਾ ਸਮਾਗਮ ਪਿੰਡ ਵਿਚਲੇ ਪਾਸ਼ ਹੰਸਰਾਜ ਯਾਦਗਾਰੀ ਕੰਪਲੈਕਸ 'ਤੇ ਸਰਪੰਚ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਨਾਜਾਇਜ਼ ਕਬਜ਼ਾ ਜਮਾਉਣ ਖਿਲਾਫ਼ ਹੋ ਰਹੀ ਜੱਦੋਜਹਿਦ ਦਰਮਿਆਨ ਆਇਆ ਤਾਂ ਪਾਸ਼ ਨਾਲ ਜੁੜੀਆਂ ਸੰਸਥਾਵਾਂ ਵੱਲੋਂ ਲੋਕ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਪਾਸ਼ ਦਾ ਜਨਮ ਦਿਹਾੜਾ ਪਿੰਡ ਵਿੱਚ ਮਨਾਉਣ ਦਾ ਹੀ ਫ਼ੈਸਲਾ ਕੀਤਾ ਗਿਆ। ਹਜ਼ਾਰਾਂ ਦੀ ਗਿਣਤੀ 'ਚ ਜੁੜਨ ਵਾਲੇ ਇਸ ਵੱਡੇ ਇਕੱਠ ਲਈ ਪਾਸ਼ ਹੰਸ ਰਾਜ ਯਾਦਗਾਰੀ ਕੰਪਲੈਕਸ ਵਿੱਚ ਜਗ੍ਹਾ ਘੱਟ ਹੋਣ ਕਰਕੇ ਥਾਂ ਦੀ ਚੋਣ ਸ਼ਹਾਦਤ ਵਾਲੇ ਖੇਤ ਵਿੱਚ ਹੀ ਕੀਤੀ ਗਈ। ਕੰਪਲੈਕਸ ਅੰਦਰ ਪਾਸ਼ ਤੇ ਹੰਸ ਰਾਜ ਦੀਆਂ ਤਸਵੀਰਾਂ ਸਜਾਈਆਂ ਗਈਆਂ ਜਿੱਥੇ ਸਮਾਗਮ 'ਚ ਸ਼ਾਮਿਲ ਹੋਣ ਵਾਲੇ ਲੋਕਾਂ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਫੁੱਲ ਅਰਪਿਤ ਕੀਤੇ। ਸਮਾਗਮ 'ਚ ਪੰਜਾਬ ਦੇ ਕੋਨੇ ਕੋਨੇ ਤੋਂ ਕਿਰਤੀ, ਕਿਸਾਨ, ਖੇਤ ਮਜ਼ਦੂਰ, ਮੁਲਾਜ਼ਮ ਤੇ ਸਾਹਿਤਕਾਰ ਹਿੱਸੇ ਸ਼ਾਮਿਲ ਹੋਏ। ਸਾਹਿਤਕ ਸੱਭਿਆਚਾਰਕ ਸੰਸਥਾਵਾਂ ਦੇ ਨਾਲ ਦਰਜਨ ਭਰ ਜਨਤਕ ਜਮਹੂਰੀ ਜਥੇਬੰਦੀਆਂ ਨੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ।
ਸਮਾਗਮ 'ਚ ਜੁੜੀ ਪੰਜਾਬ ਦੇ ਕਿਰਤੀ ਵਰਗਾਂ ਅਤੇ ਲੋਕ ਪੱਖੀ ਸਾਹਿਤਕਾਰਾਂ ਕਲਾਕਾਰਾਂ ਦੀ ਵਿਸ਼ਾਲ ਇਕੱਤਰਤਾ ਨੂੰ ਅੱਧੀ ਦਰਜਨ ਤੋਂ ਉੱਪਰ ਬੁਲਾਰਿਆਂ ਨੇ ਸੰਬੋਧਨ ਕੀਤਾ। ਸੰਬੋਧਨ ਕਰਨ ਵਾਲਿਆਂ 'ਚ ਪਾਸ਼ ਯਾਦਗਾਰੀ ਟ੍ਰਸਟ ਦੇ ਮੈਂਬਰ ਅਤੇ ਸਲਾਮ ਕਾਫ਼ਲਾ ਦੇ ਕਨਵੀਨਰ ਜਸਪਾਲ ਜੱਸੀ, ਉੱਘੇ ਲੇਖਕ ਡਾ.ਸਵਰਾਜਬੀਰ, ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਤਰਕਸ਼ੀਲ ਲਹਿਰ ਦੇ ਆਗੂ ਮਾਸਟਰ ਰਜਿੰਦਰ ਭਦੌੜ, ਪਾਸ਼ ਯਾਦਗਾਰੀ ਕੌਮਾਂਤਰੀ ਟਰਸਟ ਦੀ ਮੈਂਬਰ ਡਾ.ਅਰੀਤ, ਪਾਸ਼ ਹੰਸਰਾਜ ਸ਼ਹੀਦੀ ਯਾਦਗਾਰ ਕਮੇਟੀ ਦੇ ਆਗੂ ਹਰਮੇਸ਼ ਮਾਲੜੀ, ਖੇਤ ਮਜ਼ਦੂਰ ਆਗੂ ਦਰਸ਼ਨ ਨਾਹਰ ਤੇ ਜਮਹੂਰੀ ਹੱਕਾਂ ਦੀ ਲਹਿਰ ਦੇ ਆਗੂ ਪ੍ਰੋਫੈਸਰ ਜਗਮੋਹਨ ਸਿੰਘ ਨੇ ਸੰਬੋਧਨ ਕੀਤਾ। ਸਭਨਾਂ ਬੁਲਾਰਿਆਂ ਨੇ ਜਿੱਥੇ ਪਾਸ਼ ਦੀ ਸਾਹਿਤਕ ਦੇਣ ਤੇ ਕਵਿਤਾ ਦੀ ਤਾਕਤ ਤੇ ਪ੍ਰਸੰਗਿਕਤਾ ਬਾਰੇ ਚਰਚਾ ਕੀਤੀ, ਉੱਥੇ ਨਾਲ ਹੀ ਉਹਨਾਂ ਨੇ ਪਾਸ਼ ਯਾਦਗਾਰੀ ਕੰਪਲੈਕਸ 'ਤੇ ਕਬਜ਼ਾ ਕਰਨ ਦੇ ਮਨਸੂਬਿਆਂ ਨੂੰ ਪਛਾੜਨ ਦਾ ਸੱਦਾ ਦਿੱਤਾ। ਸਭਨਾਂ ਬੁਲਾਰਿਆਂ ਨੇ ਇੱਕਸੁਰ ਹੋ ਕੇ ਕਿਹਾ ਕਿ ਪਾਸ਼ ਦੀ ਯਾਦ ਲੋਕ ਮਨਾਂ 'ਚ ਬਹੁਤ ਡੂੰਘੀ ਵੱਸਦੀ ਹੈ, ਇਸਨੂੰ ਮਿਟਾ ਸਕਣਾ ਅਸੰਭਵ ਹੈ। ਲੋਕ ਪਾਸ਼ ਦੀਆਂ ਯਾਦਾਂ ਨੂੰ ਬੁਲੰਦ ਕਰਦੇ ਚਿੰਨ੍ਹਾਂ ਨੂੰ ਮਿਟਾਉਣ ਦੀ ਹਰ ਕੋਸ਼ਿਸ਼ ਨੂੰ ਨਾਕਾਮ ਕਰ ਦੇਣਗੇ।
ਅੱਜ ਦੇ ਇਕੱਠ ਨੇ ਪਿੰਡ ਦੇ ਸਰਪੰਚ ਤੇ ਹਮਾਇਤੀਆਂ ਵੱਲੋਂ ਵਿਧਾਇਕ ਦੀ ਸ਼ਹਿ 'ਤੇ ਪਾਸ਼ ਯਾਦਗਾਰ 'ਤੇ ਕਬਜ਼ਾ ਜਮਾਉਣ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਕਰਦਾ ਤੇ ਯਾਦਗਾਰੀ ਕੰਪਲੈਕਸ ਨੂੰ ਪੰਜਾਬ ਸਰਕਾਰ ਵੱਲੋਂ ਬਕਾਇਦਾ ਯਾਦਗਾਰ ਐਲਾਨਣ ਦੀ ਕਾਨੂੰਨੀ ਪੇਸ਼ਬੰਦੀ ਕਰਨ ਦੀ ਮੰਗ ਕਰਦਾ ਮਤਾ ਪਾਸ ਕੀਤਾ। ਇਹ ਮਤਾ ਪਾਸ਼ ਯਾਦਗਾਰੀ ਕੌਮਾਂਤਰੀ ਟਰਸਟ ਦੇ ਮੈਂਬਰ ਡਾ ਪਰਮਿੰਦਰ ਸਿੰਘ ਨੇ ਪੇਸ਼ ਕੀਤਾ। ਇਸ ਮਤੇ ਵਿੱਚ ਕਿਸਾਨ ਮਜ਼ਦੂਰ ਕਾਰਕੁੰਨਾਂ 'ਤੇ ਹਮਲਾ ਬੋਲਣ ਤੇ ਜਾਤੀ ਸੂਚਕ ਸ਼ਬਦ ਵਰਤਣ ਵਾਲੇ ਵਿਅਕਤੀਆਂ ਖਿਲਾਫ਼ ਐਸਸੀ /ਐਸਟੀ ਐਕਟ ਤਹਿਤ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ ਗਈ।
ਉੱਘੇ ਕਵੀ ਸੁਰਜੀਤ ਜੱਜ ਤੇ ਪਾਸ਼ ਦੇ ਸੰਗੀ ਰਹੇ ਦੀਪ ਕਲੇਰ ਨੇ ਪਾਸ਼ ਦੀ ਯਾਦ ਨਾਲ ਜੁੜੀਆਂ ਨਜ਼ਮਾਂ ਪੇਸ਼ ਕੀਤੀਆਂ। ਅਮੋਲਕ ਸਿੰਘ ਦੀ ਮੰਚ ਸੰਚਾਲਨਾ 'ਚ ਹੋਏ ਸਮਾਗਮ ਦੀ ਸ਼ੁਰੂਆਤ ਪਾਸ਼ ਨਾਲ ਜੁੜੇ ਗੀਤਾਂ ਕਵਿਤਾਵਾਂ ਰਾਹੀਂ ਹੋਈ। ਸੰਤ ਰਾਮ ਉਦਾਸੀ ਦੀ ਧੀ ਇਕਬਾਲ ਉਦਾਸੀ ਨੇ ਆਪਣੇ ਪਿਤਾ ਦਾ ਗੀਤ ਪੇਸ਼ ਕੀਤਾ। ਇਸਤੋਂ ਇਲਾਵਾ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਟੀਮ ਵੱਲੋਂ, ਧਰਮਿੰਦਰ ਮਸਾਣੀ, ਹਰਮੀਤ ਕੋਟਗੁਰੂ ਵੱਲੋਂ ਵੀ ਪਾਸ਼ ਦੇ ਗੀਤਾਂ ਦਾ ਗਾਇਨ ਕੀਤਾ ਗਿਆ।
ਸਮਾਗਮ ਦੀ ਸਿਖਰ 'ਤੇ ਉੱਘੇ ਨਾਟਕਕਾਰ ਸਵਰਾਜਵੀਰ ਦਾ ਲਿਖਿਆ ਤੇ ਕੇਵਲ ਧਾਲੀਵਾਲ ਵੱਲੋਂ ਨਿਰਦੇਸ਼ਿਤ ਕੀਤਾ ਨਾਟਕ, ਮੰਚ ਰੰਗ ਮੰਚ ਅੰਮ੍ਰਿਤਸਰ ਦੀ ਟੀਮ ਵੱਲੋਂ 'ਅਸੀਂ ਲੜਾਂਗੇ ਸਾਥੀ' ਪੇਸ਼ ਕੀਤਾ ਗਿਆ। ਪਾਸ਼ ਦੀਆਂ ਕਵਿਤਾਵਾਂ 'ਤੇ ਅਧਾਰਤ ਇਸ ਨਾਟਕ ਨੇ ਪਾਸ਼ ਦੀ ਅਜੋਕੇ ਸਮਾਜੀ ਸਿਆਸੀ ਦੌਰ ਅੰਦਰ ਪ੍ਰਸੰਗਕਿਤਾ ਦਾ ਕਲਾਮਈ ਦ੍ਰਿਸ਼ ਚਿਤਰ ਦਿੱਤਾ। ਸਮਕਾਲੀ ਘਟਨਾਵਾਂ ਅੰਦਰ ਤੇ ਲੋਕ ਉਭਾਰਾਂ ਅੰਦਰ ਪਾਸ਼ ਦੀ ਕਵਿਤਾ ਦੀ ਹਾਜ਼ਰੀ ਦੇ ਰੰਗ ਨਾਟਕ ਅੰਦਰ ਖੂਬਸੂਰਤੀ ਨਾਲ ਗੁੰਦੇ ਹੋਏ ਸਨ। ਪਿੰਡ ਨਾਲ ਪਾਸ਼ ਦੀ ਸਾਂਝ ਤੇ ਪਾਸ਼ ਦੀਆਂ ਕਵਿਤਾਵਾਂ 'ਚੋਂ ਉੱਭਰਦਾ ਤਲਵੰਡੀ ਸਲੇਮ ਦਾ ਬਿੰਬ ਮੰਚ 'ਤੇ ਕਲਾਕਾਰਾਂ ਨੇ ਸੋਹਣਾ ਸਿਰਜਿਆ। ਇਸ ਨਾਟਕ ਰਾਹੀਂ ਭਾਰਤੀ ਰਾਜ ਦੇ ਮੌਜੂਦਾ ਫਾਸ਼ੀ ਜਬਰ ਦੇ ਦੌਰ ਦੌਰਾਨ ਸੰਘਰਸ਼ਾਂ ਦੇ ਅਖਾੜੇ 'ਚ ਡੱਟਣ ਦਾ ਕਲਾਮਈ ਸੰਦੇਸ਼ ਉੱਭਰਿਆ। ਇਸ ਨਾਟਕ ਨੇ ਸਮੁੱਚੇ ਇਕੱਠ ਨੂੰ ਆਪਣੇ ਨਾਲ ਤੋਰ ਲਿਆ ਤੇ ਲੋਕ ਮਨਾਂ ਅੰਦਰ ਆਪਣੇ ਖੇਤਾਂ ਤੇ ਪਿੰਡ ਦੀ ਮਿੱਟੀ 'ਚੋਂ ਬੋਲਦਾ ਪਾਸ਼ ਸਾਕਾਰ ਹੋ ਉਠਿਆ।
ਹੁਣ ਕਈ ਵਰ੍ਹਿਆਂ ਤੋਂ ਸਥਾਨਕ ਪੱਧਰ 'ਤੇ ਸਾਹਿਤਕ ਸੱਭਿਆਚਾਰਕ ਹਲਕਿਆਂ ਵੱਲੋਂ ਮਨਾਇਆ ਜਾਂਦਾ ਪਾਸ਼ ਦਾ ਜਨਮ ਦਿਹਾੜਾ , ਪਿੰਡ ਦੇ ਸਰਪੰਚ ਤੇ ਹੋਰ ਨਲਾਇਕ ਸਾਥੀਆਂ ਦੀ "ਮਿਹਰਬਾਨੀ" ਕਾਰਨ ਪਾਸ਼ ਦੀ ਮਿੱਟੀ 'ਤੇ ਲੋਕ ਮੇਲੇ ਵਰਗਾ ਦਿਹਾੜਾ ਬਣ ਗਿਆ। ਦਸ ਦਿਨ ਤੋਂ ਚੱਲ ਰਹੇ ਲਗਾਤਾਰ ਕਿਸਾਨ ਧਰਨਿਆਂ 'ਤੇ ਹੋਰਨਾਂ ਸੰਘਰਸ਼ ਐਕਸ਼ਨਾਂ ਦੇ ਜ਼ੋਰਦਾਰ ਰੁਝੇਵਿਆਂ 'ਚੋਂ ਵੀ ਲੋਕ ਵੱਡੀ ਗਿਣਤੀ 'ਚ ਉਮੜ ਕੇ ਆਏ ਸਨ। ਲੋਕਾਂ ਦੇ ਇਸ ਵਿਸ਼ਾਲ ਇਕੱਠ ਨੇ ਦਰਸਾਇਆ ਕਿ ਕਿਵੇਂ ਪਾਸ਼ ਦੀ ਕਵਿਤਾ ਇਨਕਲਾਬੀ ਲੋਕ ਕਾਫ਼ਲਿਆਂ ਦੇ ਸੰਗਰਾਮਾਂ 'ਚ ਜਿਉਂਦੀ ਆ ਰਹੀ ਹੈ। ਆਪਣੀ ਕਵਿਤਾ ਨਾਲ ਪਾਸ਼ ਲੋਕ ਮਨਾ 'ਚ ਅਮਰ ਹੈ। --0--

No comments:
Post a Comment