Thursday, October 8, 2026

ਸਾਮਰਾਜੀ ਲੁਟੇਰੇ ਕਾਰੋਬਾਰ ਖਿਲਾਫ਼ ਸਾਂਝੀ ਲੋਕ ਲਲਕਾਰ

 ਸਾਮਰਾਜੀ ਲੁਟੇਰੇ ਕਾਰੋਬਾਰ ਖਿਲਾਫ਼ ਸਾਂਝੀ ਲੋਕ ਲਲਕਾਰ 

    ਅਮਰੀਕਨ ਸਾਮਰਾਜ ਤੇ ਕਾਰਪੋਰੇਟ ਘਰਾਣਿਆਂ ਤੇ ਉਹਨਾਂ ਦੀ ਸੇਵਾਦਾਰ ਕੇਂਦਰ ਤੇ ਪੰਜਾਬ ਸਰਕਾਰ ਨੂੰ ਚੋਟ ਨਿਸ਼ਾਨੇ 'ਤੇ ਰੱਖਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ 20 ਅਗਸਤ ਨੂੰ ਅਮਰੀਕਨ ਕੰਪਨੀ ਪੈਪਸੀਕੋ (ਚੰਨੋ) , ਸੰਗਰੂਰ 'ਚ ਕੀਤੀ ਕਾਨਫਰੰਸ 'ਚ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ (ਰਜਿ:) ਲੁਧਿਆਣਾ , ਹਿੰਦੋਸਤਾਨ ਯੂਨੀਲੀਵਰ ਮੁਲਾਜ਼ਮ ਯੂਨੀਅਨ ਰਾਜਪੁਰਾ (ਏਟਕ),ਨੇ ਸ਼ਮੂਲੀਅਤ ਕੀਤੀ। ਇਸ ਕਾਨਫਰੰਸ ਦਾ ਮਹੱਤਵ ਇਸ ਕਰਕੇ ਵੀ ਮਹੱਤਵਪੂਰਨ ਸੀ ਕਿ ਇੱਥੇ ਪੈਪਸੀਕੋ ਕੰਪਨੀ ਦੇ ਕੰਟਰੈਕਟ ਮਜ਼ਦੂਰ , ਕਿਸਾਨਾਂ ਦੀ ਹੱਲਾਸ਼ੇਰੀ ਤੇ ਮੱਦਦ ਨਾਲ ਜਥੇਬੰਦ ਹੋ ਕੇ ਕੰਪਨੀ ਪ੍ਰਬੰਧਕਾਂ ਤੇ ਠੇਕੇਦਾਰਾਂ ਦੀ ਲੁੱਟ ਤੇ ਜਬਰ ਖਿਲਾਫ਼ ਰੱਤ-ਨਿਚੋੜੂ ਠੇਕੇਦਾਰੀ ਪ੍ਰਥਾ ਨੂੰ ਖ਼ਤਮ ਕਰਕੇ ਪੱਕੇ ਰੁਜ਼ਗਾਰ , ਤਨਖਾਹ ਵਾਧੇ ਤੇ ਹੋਰ ਭਖਦੀਆਂ ਮੰਗਾਂ ਲਈ ਜੂਝਦੇ ਆ ਰਹੇ ਹਨ। ਜਿਸਦੀ ਬਦੌਲਤ ਪ੍ਰਬੰਧਕ ਮਜ਼ਦੂਰਾਂ ਦੀਆਂ ਕੁੱਝ ਫੌਰੀ ਮੰਗਾਂ ਨੂੰ ਮੰਨਕੇ ਵੀ ਲਾਗੂ ਕਰਨ ਤੋਂ ਆਨੀਂ-ਬਹਾਨੀਂ ਭੱਜ ਰਹੇ ਹਨ। ਉੱਸਰ ਰਹੀ ਮਜ਼ਦੂਰ ਏਕਤਾ ਤੇ ਜਥੇਬੰਦੀ ਨੂੰ ਤੋੜਨਾ -ਖਿੰਡਾਉਣਾ ਚਾਹੁੰਦੇ ਹਨ। ਖਰੀ ਮਦਦ ਕਰ ਰਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਖਿਲਾਫ਼ ਕੂੜ -ਪ੍ਰਚਾਰ ਕਰਕੇ ਆਲੂ ਉਤਪਾਦਕਾਂ 'ਚੋਂ ਨਿਖੇੜਨ ਦੀਆਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਜੇਹੀ ਹਾਲਤ 'ਚ ਜਿੱਥੇ ਪੈਪਸੀਕੋ ਦੇ ਰੈਗੂਲਰ ਮੁਲਾਜ਼ਮਾਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ ਉਥੇ ਕੰਟਰੈਕਟ ਵਰਕਰਜ ਯੂਨੀਅਨ ਵਲੋਂ ਵੀ ਆਪਣੀਆਂ ਸ਼ਿਫਟਾਂ ਮੁਤਾਬਕ ਡਿਊਟੀ ਕਰਨ ਉਪਰੰਤ ਆਪਣੇ ਪ੍ਰੀਵਾਰਾਂ ਸਮੇਤ ਭਰਵੀਂ ਸ਼ਮੂਲੀਅਤ ਕਰਕੇ ਪ੍ਰਬੰਧਕਾਂ ਦੀਆਂ ਵਰਕਰਾਂ ਨੂੰ ਕੰਮ ਤੋਂ ਹਟਾਉਣ ਦੀਆਂ ਦਹਿਸ਼ਤੀ ਕਾਰਵਾਈਆਂ ਨੂੰ ਮਸਲ ਕੇ ਰੱਖ ਦਿੱਤਾ। ਕਿਸਾਨ ਘੋਲ ਦੀਆਂ ਪ੍ਰਮੁੱਖ 13 ਮੰਗਾਂ ਦਾ ਸਮਰਥਨ ਕਰਦੇ ਪੈਪਸੀਕੋ ਦੇ ਸੰਘਰਸ਼ਸ਼ੀਲ ਕੰਟਰੈਕਟ ਮਜ਼ਦੂਰਾਂ ਦੇ ਹੱਕੀ ਘੋਲ ਦਾ ਸਮਰਥਨ ਕਰਨ ਦੀ ਅਪੀਲ ਕਰਦਾ ਲੀਫਲੈਟ 5000 ਦੀ ਗਿਣਤੀ 'ਚ ਛਪਵਾਕੇ ਰੈਗੂਲਰ , ਕੰਟਰੈਕਟ ਮਜ਼ਦੂਰਾਂ ,ਚੰਨੋ ਬਜ਼ਾਰ ਤੇ ਕਿਸਾਨਾਂ 'ਚ ਵੰਡਿਆ ਗਿਆ। ਇਸ ਕਾਨਫਰੰਸ ਨੇ ਜਿੱਥੇ ਹਕੀਕੀ ਰੂਪ 'ਚ ਸਨਅਤੀ ਮਜ਼ਦੂਰਾਂ ਤੇ ਕਿਸਾਨਾਂ ਦੇ ਗਠਜੋੜ ਦੁਆਲੇ ਹੋਰਨਾਂ ਮਿਹਨਤਕਸ਼ ਲੋਕਾਂ ਦੀ ਹਕੀਕੀ ਸਾਂਝ ਤੇ ਘੋਲ ਦੀ ਮਹੱਤਤਾ ਉਭਾਰੀ ਉਥੇ ਸਾਮਰਾਜ -ਕਾਰਪੋਰੇਟ ,ਜਾਗੀਰਦਾਰਾਂ ਤੇ ਉਹਨਾਂ ਦੀਆਂ ਰਖੇਲ ਸਰਕਾਰਾਂ ਨੂੰ ਚੋਟ ਨਿਸ਼ਾਨੇ 'ਤੇ ਰੱਖਕੇ , ਸਾਮਰਾਜੀ ਨੀਤੀ ਹਮਲਿਆਂ ਖਿਲਾਫ਼ ਸਾਂਝੇ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ।

No comments:

Post a Comment