Showing posts with label ਚੀਨੀ ਇਨਕਲਾਬ. Show all posts
Showing posts with label ਚੀਨੀ ਇਨਕਲਾਬ. Show all posts

Sunday, May 7, 2017

(10) ਚੀਨੀ ਇਨਕਲਾਬ ਤੇ ਆਧਾਰ ਇਲਾਕੇ ਉਸਾਰਨ ਦੀ ਨੀਤੀ

ਅਰਧ-ਬਸਤੀਵਾਦੀ ਅਤੇ ਅਰਧ-ਜਗੀਰੂ ਚੀਨ ਦੀ ਕੁਲ ਵੱਸੋਂ ਦਾ 80% ਤੋਂ ਵੱਧ ਭਾਗ ਕਿਸਾਨੀ ਸੀ ਉਹ ਸਾਮਰਾਜ, ਜਗੀਰਦਾਰੀ, ਨੌਕਰਸ਼ਾਹ-ਦਲਾਲ ਸਰਮਾਏਦਾਰੀ ਦੇ ਤੀਹਰੇ ਜਬਰ ਤੇ ਲੁੱਟ ਦਾ ਸਿਕਾਰ ਸੀ, ਅਤੇ ਉਹ ਇਨਕਲਾਬ ਲਈ ਅਤੇ ਜਪਾਨ ਵਿਰੁੱਧ ਟਾਕਰੇ ਲਈ ਚਾਹਵਾਨ ਸੀ। ਜੇ ਲੋਕ-ਜੁੱਧ ਜਿੱਤਣਾ ਸੀ ਤਾਂ ਕਿਸਾਨਾਂ ਉਤੇ ਟੇਕ ਰੱਖਣੀ ਜਰੂਰੀ ਸੀ।
ਪਹਿਲੇ ਇਨਕਲਾਬੀ ਘਰੋਗੀ ਜੁੱਧ ਸਮੇਂ ਸਾਥੀ ਮਾਓ ਜੇ-ਤੁੰਗ ਨੇ ਦੱਸਿਆ ਸੀ ਕਿ ਚੀਨੀ ਇਨਕਲਾਬ ਅੰਦਰ ਕਿਸਾਨਾਂ ਦੀ ਅੰਤਾਂ ਦੀ ਮਹੱਤਤਾ ਵਾਲੀ ਥਾਂ ਹੈ, ਸਾਮਰਾਜ ਤੇ ਜਗੀਰਦਾਰੀ ਵਿਰੁੱਧ ਸਰਮਾਏਦਾਰ ਜਮਹੂਰੀ ਇਨਕਲਾਬ ਅਸਲੋਂ ਇਕ ਕਿਸਾਨ ਇਨਕਲਾਬ ਸੀ, ਅਤੇ ਸਰਮਾਏਦਾਰ-ਜਮਹੂਰੀ ਇਨਕਲਾਬ ਅੰਦਰ ਚੀਨੀ ਪਰੋਲੇਤਾਰੀ ਜਮਾਤ ਦਾ ਬੁਨਿਆਦੀ ਕੰਮ ਕਿਸਾਨ ਘੋਲ ਨੂੰ ਅਗਵਾਈ ਦੇਣਾ ਹੈ।
ਜਪਾਨ ਵਿਰੁੱਧ ਟਾਕਰੇ ਦੇ ਜੁੱਧ ਸਮੇਂ ਸਾਥੀ ਮਾਓ ਜੇ-ਤੁੰਗ ਨੇ ਦੁਬਾਰਾ ਜੋਰ ਦਿੱਤਾ ਕਿ ਪਰੋਲੇਤਾਰੀ ਜਮਾਤ ਦੇ ਸਭ ਤੋਂ ਭਰੋਸੇਯੋਗ ਅਤੇ ਸਭ ਤੋਂ ਵੱਡੀ ਗਿਣਤੀ ਦੇ ਸੰਗੀ ਕਿਸਾਨ ਹਨ ਅਤੇ ਟਾਕਰੇ ਦੇ ਜੁੱਧ ਵਿਚ ਉਹ ਮੁੱਖ ਤਾਕਤ ਬਣਦੇ ਸਨ। ਚੀਨ ਦੀਆਂ ਫੌਜਾਂ ਵਾਸਤੇ ਬੰਦਿਆਂ ਦਾ ਮੁੱਖ ਸੋਮਾ ਕਿਸਾਨ ਸਨ। ਲਮਕਵੇਂ ਜੁੱਧ ਵਾਸਤੇ ਲੋੜੀਂਦੀਂ ਰਸ਼ਦ ਅਤੇ ਫੰਡ ਬਹੁਤਾ ਕਰਕੇ ਕਿਸਾਨਾਂ ਤੋਂ ਹੀ ਮਿਲਦੇ ਸਨ। ਜਪਾਨ ਵਿਰੋਧੀ ਜੁੱਧ ਵਿਚ ਮੁੱਖ ਤੌਰ 'ਤੇ ਟੇਕ ਕਿਸਾਨਾਂ ਉਤੇ ਰੱਖਣੀ ਅਤੇ ਉਨਾਂ ਨੂੰ ਵੱਡੇ ਪੈਮਾਨੇ ਉਤੇ ਜੁੱਧ ਵਿਚ ਸਾਮਲ ਹੋਣ ਲਈ ਉਭਾਰਨਾ ਲਾਜ਼ਮੀ ਸੀ।
ਜਪਾਨ ਵਿਰੁੱਧ ਟਾਕਰੇ ਦਾ ਜੁੱਧ ਸਾਡੀ ਪਾਰਟੀ ਦੀ ਅਗਵਾਈ ਵਿਚ ਅਸਲੋਂ ਇਕ ਕਿਸਾਨੀ ਦਾ ਇਨਕਲਾਬੀ ਜੁੱਧ ਸੀ। ਕਿਸਾਨ ਜਨਤਾ ਨੂੰ ਉਭਾਰਕੇ ਅਤੇ ਲਾਮਬੰਦ ਕਰਕੇ ਉਨ੍ਹਾਂ ਨੂੰ ਪਰੋਲੇਤਾਰੀ ਜਮਾਤ ਨਾਲ ਮੇਲ ਕੇ, ਸਾਡੀ ਪਾਰਟੀ ਨੇ ਸਭ ਤੋਂ ਤਕੜੇ ਵੈਰੀ ਨੂੰ ਹਰਾਉਣ ਲਈ ਇਕ ਬਲਵਾਨ ਤਾਕਤ ਪੈਦਾ ਕੀਤੀ।
ਕਿਸਾਨਾਂ ਉਤੇ ਟੇਕ ਰੱਖਣੀ, ਪੇਂਡੂ ਆਧਾਰ ਇਲਾਕੇ ਬਣਾਉਣੇ ਅਤੇ ਪਿੰਡਾਂ ਦੀ ਵਰਤੋਂ ਕਰਕੇ ਸ਼ਹਿਰਾਂ ਨੂੰ ਘੇਰਨਾ ਅਤੇ ਅਖੀਰ ਕਬਜੇ ਵਿਚ ਕਰਨਾ— ਚੀਨੀ ਇਨਕਲਾਬ ਦਾ ਜਿੱਤ ਦਾ ਏਹ ਰਾਹ ਸੀ। ਚੀਨੀ ਇਨਕਲਾਬ ਦੇ ਲੱਛਣਾਂ ਨੂੰ ਆਧਾਰ ਮੰਨ ਕੇ ਸਾਥੀ ਮਾਓ ਜ਼ੇ ਤੁੰਗ ਨੇ ਪੇਂਡੂ ਇਨਕਲਾਬੀ ਆਧਾਰ ਇਲਾਕੇ ਦੇ ਗੜ੍ਹ ਬਣਾਉਣ ਦੀ ਮਹੱਤਤਾ ਦੱਸੀ।
ਕਿਉਕਿ ਚੀਨ ਦੇ ਮੁੱਖ ਸ਼ਹਿਰ ਲੰਮੇ ਸਮੇਂ ਤੋਂ ਤਾਕਤਵਰ ਸਾਮਰਾਜਵਾਦੀਆਂ ਅਤੇ ਉਨ੍ਹਾਂ ਦੇ ਪਿੱਛੇ ਖਿੱਚੂ ਜੋਟੀਦਾਰਾਂ ਦੇ ਕਬਜੇ ਵਿਚ ਰਹੇ ਸਨ, ਇਨਕਲਾਬੀ ਦਸਤਿਆਂ ਲਈ ਇਹ ਲਾਜ਼ਮੀ ਸੀ ਕਿ ਉਹ ਪਿੱਛੜੇ ਹੋਏ ਪਿੰਡਾਂ ਨੂੰ ਉਨਤ ਅਤੇ ਪਰਪੱਕ ਅਧਾਰ ਇਲਾਕਿਆਂ ਵਿਚ, ਵੱਡੇ ਫੌਜੀ, ਰਾਜਸੀ, ਆਰਥਕ ਅਤੇ ਸਭਿਆਚਾਰਕ ਇਨਕਲਾਬ ਦੇ ਗੜ੍ਹਾਂ ਵਿਚ ਬਦਲ ਦੇਣ। ਜਿੱਥੋਂ ਸ਼ਹਿਰਾਂ ਨੂੰ ਵਰਤਕੇ ਪੇਂਡੂ ਇਲਾਕਿਆਂ ਉਤੇ ਧਾਵਾ ਬੋਲਦੇ ਦੁਸ਼ਟ ਵੈਰੀਆਂ ਨਾਲ ਲੜਿਆ ਜਾਵੇ, ਅਤੇ ਇਸ ਤਰ੍ਹਾਂ ਸਹਿਜੇ ਸਹਿਜੇ ਲਮਕਵੀਂ ਲੜਾਈ ਰਾਹੀਂ ਇਨਕਲਾਬ ਦੀ ਪੂਰਨ ਫਤਹਿ ਹਾਸਲ ਕੀਤੀ ਜਾਵੇ।ਜੇ ਉਹ ਸਾਮਰਾਜ ਅਤੇ ਉਸਦੇ ਚਾਟੜਿਆਂ ਨਾਲ ਸਮਝੋਤਾ ਨਹੀਂ ਕਰਨਾ ਚਾਹੁੰਦੇ ਸਗੋਂ ਉਹਨਾਂ ਨੇ ਲੜਦੇ ਰਹਿਣ ਦੀ ਧਾਰੀ ਹੋਈ ਹੈ ਅਤੇ ਜੇ ਉਹ ਆਪਣੀਆਂ ਤਾਕਤਾਂ ਨੂੰ ਉਸਾਰਨਾ ਅਤੇ ਕਾਠੀਆਂ ਕਰਨਾ ਚਾਹੁੰਦੇ ਹਨ ਅਤੇ ਉਨਾਂ ਚਿਰ ਤਾਕਤਵਰ ਵੈਰੀ ਨਾਲ ਫੈਸਲਾਕਰੂ ਲੜਾਈਆਂ ਤੋਂ ਟੱਲਣਾ ਚਾਹੁੰਦੇ ਹਨ, ਜਿੰਨਾ ਚਿਰ ਉਨ੍ਹਾਂ ਦੀ ਤਾਕਤ  ਨਾ-ਕਾਫੀ ਹੈ,ਤਾਂ ਉਨ੍ਹਾਂ ਲਈ ਇਹ ਕਰਨਾ ਲਾਜ਼ਮੀ ਹੈ। ਦੂਜੇ ਇਨਕਲਾਬੀ ਘਰੋਗੀ ਯੁੱਧ ਦੇ ਤਜਰਬੇ ਨੇ ਦੱਸਿਆ, ਜਦੋਂ ਸਾਥੀ ਮਾਓ ਜ਼ੇ ਤੁੰਗੀ ਦੀ ਇਸ ਯੁੱਧਨੀਤੀ ਦੀ ਧਾਰਨਾ ਨੂੰ ਲਾਗੂ ਕੀਤਾ ਗਿਆ ਤਾਂ ਇਨਕਲਾਬੀ ਤਾਕਤਾਂ ਅੰਦਰ ਅੰਤਾਂ ਦਾ ਵਾਧਾ ਹੋਇਆ ਅਤੇ ਇਕ ਤੋਂ ਪਿੱਛੋਂ ਦੂਜਾ ਲਾਲ ਇਲਾਕਾ ਬਣਦਾ ਗਿਆ। ਇਸ ਤੋਂ ਉਲਟ ਜਦੋਂ ਇਸ ਦੀ ਉਲੰਘਣਾ ਕੀਤੀ ਗਈ ਅਤੇ ''ਖੱਬੂ'' ਮੌਕਾਪ੍ਰਸਤਾਂ ਦੀਆਂ ਯੱਬਲੀਆਂ ਲਾਗੂ ਕੀਤੀਆਂ ਗਈਆਂ ਤਾਂ ਸ਼ਹਿਰਾਂ ਅੰਦਰ 100% ਅਤੇ ਪਿੰਡਾਂ ਅੰਦਰ 90% ਹਰਜ਼ਾ ਹੋਣ ਨਾਲ ਇਨਕਲਾਬੀ ਤਾਕਤਾਂ ਨੂੰ ਲੋਹੜਾ ਦਾ ਨੁਕਸਾਨ ਹੋਇਆ।
ਜਾਪਾਨ ਵਿਰੋਧੀ ਟਾਕਰੇ ਦੇ ਯੁੱਧ ਦੌਰਾਨ ਜਾਪਾਨੀ ਸਾਮਰਾਜੀ ਫੌਜਾਂ ਨੇ ਚੀਨ ਦੇ ਬਹੁਤ ਸਾਰੇ ਵੱਡੇ ਸ਼ਹਿਰਾਂ ਤੇ ਆਵਾਜਾਈ ਦੇ ਮੁੱਖ ਲਾਂਘਿਆਂ 'ਤੇ ਕਬਜ਼ਾ ਕਰ ਲਿਆ ਪਰ ਫੌਜੀ ਸਿਪਾਹੀਆਂ ਦੇ ਤੋੜੇ ਕਰਕੇ ਉਹ ਵਿਸ਼ਾਲ ਪੇਂਡੂ ਇਲਾਕੇ 'ਤੇ ਕਬਜ਼ਾ ਨਹੀਂ ਸੀ ਕਰ ਸਕਦੇ। ਜਿਹੜਾ ਵੈਰੀ ਦੇ ਰਾਜ ਦਾ ਕਮਜ਼ੋਰ ਪਾਸਾ ਰਿਹਾ। ਨਤੀਜੇ ਦੇ ਤੌਰ 'ਤੇ, ਪੇਂਡੂ ਆਧਾਰ ਇਲਾਕੇ ਬਣਾਉਣ ਦੀ ਸੰਭਾਵਨਾ ਹੋਰ ਵੀ ਵੱਧ ਹੋ ਗਈ। ਟਾਕਰੇ ਦਾ ਯੁੱਧ ਛਿੜਨ ਤੋਂ ਛੇਤੀ ਹੀ ਪਿੱਛੋਂ ਜਦੋਂ ਜਾਪਾਨੀ ਫੌਜਾਂ ਚੀਨ ਦੇ ਧੁਰ ਅੰਦਰ ਚੜ ਆਈਆਂ ਅਤੇ ਕੌਮਿਨਤਾਂਗੀ ਫੌਜਾਂ ਢਹਿਢੇਰੀ ਹੋ ਗਈਆਂ ਅਤੇ ਹਾਰ ਤੇ ਹਾਰ ਖਾ ਕੇ ਤਿੱਤਰ ਹੋ ਗਈਆਂ ਤਾਂ ਸਾਡੀ ਪਾਰਟੀ ਦੀ ਅਗਵਾਈ ਹੇਠਲੀਆਂ ਅੱਠਵੀਂ ਮਾਰਗ ਸੈਨਾ ਤੇ ਨਵੀਂ ਚੌਥੀ ਸੈਨਾ ਸਾਥੀ ਮਾਓ ਜ਼ੇ ਤੁੰਗ ਵੱਲੋਂ ਦੱਸੀ ਨੀਤੀ ਉਤੇ ਚੱਲੀਆਂ ਅਤੇ ਨਿਧੜਕ ਹੋ ਕੇ ਛੋਟੀਆਂ ਛੋਟੀਆਂ ਟੋਲੀਆਂ ਵਿੱਚ ਵੈਰੀਆਂ ਦੇ ਕਤਾਰਾਂ ਦੇ ਪਿਛਲੇ ਇਲਾਕਿਆਂ ਵਿੱਚ ਵੜ ਗਈਆਂ ਅਤੇ ਪਿੰਡਾਂ ਵਿੱਚ ਆਧਾਰ ਇਲਾਕੇ ਕਾਇਮ ਕੀਤੇ। ਯੁੱਣ ਦੇ ਅੱਠ ਸਾਲਾਂ ਦੇ ਦੌਰਾਨ ਅਸੀਂ ਉੱਤਰੀ, ਕੇਂਦਰੀ ਅਤੇ ਦੱਖਣੀ ਚੀਨ ਦੇ 19 ਜਾਪਾਨ ਵਿਰੋਧੀ ਆਧਾਰ ਇਲਾਕੇ ਕਾਇਮ ਕੀਤੇ। ਵੱਡੇ ਸ਼ਹਿਰਾਂ ਅਤੇ ਆਵਾਜਾਈ ਦੇ ਮੁੱਖ ਲਾਂਘਿਆਂ ਨੂੰ ਛੱਡ ਕੇ ਵੈਰੀ ਦੀ ਪਿੱਠ ਪਿਛਲਾ ਵਿਸ਼ਾਲ ਇਲਾਕਾ ਲੋਕਾਂ ਦੇ ਹੱਥਾਂ ਵਿੱਚ ਸੀ।
ਜਾਪਾਨ ਵਿਰੋਧੀ ਆਧਾਰ ਇਲਾਕਿਆਂ ਵਿੱਚ ਅਸੀਂ ਜਮਹੂਰੀ ਸੁਧਾਰ ਕੀਤੇ, ਲੋਕਾਂ ਦਾ ਰਹਿਣ ਸਹਿਣ ਸੁਧਾਰਿਆ ਅਤੇ ਕਿਸਾਨ ਜਨਤਾ ਨੂੰ ਲਾਮਬੰਦ ਅਤੇ ਜਥੇਬੰਦ ਕੀਤਾ। ਜਾਪਾਨ ਵਿਰੋਧੀ ਜਮਹੂਰੀ ਸਿਆਸੀ ਤਾਕਤ ਦੀਆਂ ਸੰਸਥਾਵਾਂ ਵਿਸ਼ਾਲ ਪੈਮਾਨੇ 'ਤੇ ਕਾਇਮ ਕੀਤੀਆਂ ਗਈਆਂ ਅਤੇ ਲੋਕਾਂ ਨੂੰ ਆਪਣੇ ਕਾਰਜ ਆਪ ਚਲਾਉਣ ਦੇ ਜਮਹੂਰੀ ਹੱਕ ਹਾਸਲ ਸਨ, ਨਾਲ ਦੀ ਨਾਲ ਅਸੀਂ ''ਵਾਜਬ ਭਾਰ'' ਅਤੇ ''ਲਗਾਨ ਅਤੇ ਵਿਆਜ ਦੀ ਕਮੀ'' ਦੀਆਂ ਨੀਤੀਆਂ ਚਲਾਈਆਂ, ਜਿਹਨਾਂ ਨੇ ਲੁੱਟ ਖਸੁੱਟ ਦੀਆਂ ਜਾਗੀਰੂ ਨੀਤੀਆਂ ਨੂੰ ਕਮਜ਼ੋਰ ਕੀਤਾ ਅਤੇ ਲੋਕਾਂ ਦਾ ਰਹਿਣ ਸਹਿਣ ਵਧੀਆ ਬਣਾਇਆ। ਨਤੀਜੇ ਦੇ ਤੌਰ 'ਤੇ ਵਿਸ਼ਾਲ ਜਨਤਾ ਦਾ ਉਤਸ਼ਾਹ ਖੂਬ ਜਾਗਿਆ, ਨਾਲੇ ਅੱਡ ਅੱਡ ਜਾਪਾਨ ਵਿਰੋਧੀ ਤਬਕਿਆਂ ਦਾ ਧਿਆਨ ਰੱਖਿਆ ਗਿਆ ਅਤੇ ਇਸ ਤਰ੍ਹਾਂ ਉਹ ਇੱਕਮੁੱਠ ਹੋ ਗਏ। ਆਧਾਰ ਇਲਾਕਿਆਂ ਵਾਸਤੇ ਨੀਤੀਆਂ ਘੜਨ ਵੇਲੇ ਅਸੀਂ ਇਹ ਵੀ ਖਿਆਲ ਰੱਖਿਆ ਕਿ ਵੈਰੀ ਦੇ ਕਬਜ਼ੇ ਹੇਠਲੇ ਇਲਾਕਿਆਂ ਵਿੱਚ ਇਹ ਸਾਡੇ ਕੰਮ ਲਈ ਸਹਾਈ ਹੋਣ।
ਵੈਰੀ ਦੇ ਕਬਜ਼ੇ ਹੇਠਲੇ ਸ਼ਹਿਰਾਂ ਅਤੇ ਪਿੰਡਾਂ ਅੰਦਰ ਅਸੀਂ ਕਾਨੂੰਨੀ ਅਤੇ ਗੈਰ ਕਾਨੂੰਨੀ ਘੋਲ ਨੂੰ ਮਿਲਾ ਕੇ ਚਲਾਇਆ, ਬੁਨਿਆਦੀ ਜਨਤਾ ਅਤੇ ਸਾਰੇ ਦੇਸ਼ਭਗਤਾਂ ਨੂੰ ਇਕਮੁੱਠ ਕੀਤਾ ਅਤੇ ਵੈਰੀ 'ਤੇ ਉਸਦੇ ਪਿੱਠੂਆਂ ਦੀ ਰਾਜਸੀ ਸੱਤਾ ਨੂੰ ਪਾੜਿਆ ਤੇ ਖਿੰਡਾਇਆ ਤਾਂ ਜੋ ਜਦੋਂ ਹਾਲਤਾਂ ਪੱਕ ਜਾਣ ਤਾਂ ਬਾਹਰੋਂ ਚਲਾਈਆਂ ਮੁਹਿੰਮਾਂ ਨਾਲ ਸਿੱਧਾ ਮੇਲ ਕੇ ਅੰਦਰਵਾਰੋਂ ਵੈਰੀ ਉਤੇ ਹੱਲਾ ਬੋਲਣ ਲਈ ਆਪਣੇ ਆਪ ਨੂੰ ਤਿਆਰ ਕਰ ਸਕੀਏ।
ਸਾਡੀ ਪਾਰਟੀ ਦੇ ਕਾਇਮ ਕੀਤੇ ਆਧਾਰ ਇਲਾਕੇ ਮੁਲਕ ਨੂੰ ਬਚਾਉਣ ਅਤੇ ਜਪਾਨ ਦਾ ਟਾਕਰਾ ਕਰਨ ਲਈ ਚੀਨੀ ਲੋਕਾਂ ਦੇ ਘੋਲ ਦਾ ਧੁਰਾ ਬਣੇ। ਇਨ੍ਹਾਂ ਅੱਡਿਆਂ ਦਾ ਆਸਰਾ ਲੈ ਕੇ ਸਾਡੀ ਪਾਰਟੀ ਨੇ ਲੋਕ ਇਨਕਲਾਬ ਨੂੰ ਵਧਾਇਆ ਅਤੇ ਮਜਬੂਤ ਬਣਾਇਆ, ਲਮਕਵੇਂ ਜੁੱਧ ਦੇ ਸਿਦਕ ਤੇ ਕਾਇਮ ਰਹੇ ਅਤੇ ਅੰਤ ਨੂੰ ਜਪਾਨ ਵਿਰੁੱਧੀ ਟਾਕਰੇ ਦੇ ਜੁੱਧ ਵਿਚ ਫਤਹਿ ਪਾਈ।
ਕੁਦਰਤੀ ਤੌਰ 'ਤੇ, ਇਨਕਲਾਬੀ ਅਧਾਰ ਇਲਾਕਿਆਂ ਨੂੰ ਵਧਾਉਣ ਫੈਲਾਉਣ ਦਾ ਕੰਮ ਸਾਵਾਂ ਚਲਣਾ ਅਸੰਭਵ ਸੀ। ਇਹ ਵੈਰੀ ਲਈ ਬੜਾ ਵੱਡਾ ਖਤਰਾ ਸਨ ਅਤੇ ਇਨ੍ਹਾਂ ਉਤੇ ਹਰ ਹਾਲ ਹੱਲਾ ਹੋਣਾ ਸੀ । ਇਸ ਲਈ ਉਨ੍ਹਾਂ ਦਾ ਵਾਧਾ ਫੈਲਣ, ਸੁੰਗੜਣ ਅਤੇ ਨਵੇਂ ਸਿਰਿਉ ਫੈਲਣ ਦਾ ਇਕ ਕਠਿਨ ਅਮਲ ਸੀ। 1937 ਅਤੇ 1940 ਦੇ ਦਰਮਿਆਨ ਜਪਾਨ ਵਿਰੋਧੀ ਅਧਾਰ ਇਲਾਕਿਆਂ ਦੀ ਅੰਦਰਲੀ ਵਸੋਂ ਵੱਧ ਕੇ 10 ਕਰੋੜ ਹੋ ਗਈ, ਪਰ 1941-42 'ਚ ਜਪਾਨੀ ਸਾਮਰਾਜੀਆਂ ਨੇ ਆਪਣੀਆਂ ਧਾੜਵੀ ਫੌਜਾਂ ਦਾ ਵੱਡਾ ਹਿੱਸਾ ਸਾਡੇ ਅਧਾਰ ਇਲਾਕਿਆਂ ਉਤੇ ਅੰਨ੍ਹੇਵਾਹ ਹਮਲੇ ਕਰਨ ਅਤੇ ਤਰਥੱਲ ਮਚਾਉਣ ਉਤੇ ਲਾ ਦਿੱਤਾ। ਏਸੇ ਸਮੇਂ ਕੌਮਨਤਾਂਗ ਨੇ ਵੀ ਇਨ੍ਹਾਂ ਅਧਾਰ ਇਲਾਕਿਆਂ ਨੂੰ ਘੇਰਾ ਪਾਇਆ, ਇਹਨਾਂ ਦੀ ਨਾਕਾਬੰਦੀ ਕੀਤੀ ਅਤੇ ਉਹ ਇਨ੍ਹਾਂ ਉਤੇ ਹੱਲਾ ਬੋਲਣ ਤੱਕ ਵੀ ਗਈ। ਸੋ 1942 ਤੱਕ, ਜਪਾਨ ਵਿਰੋਧੀ ਅਧਾਰ ਇਲਾਕੇ ਸੁੰਗੜ ਗਏ ਸਨ ਅਤੇ ਉਨ੍ਹਾਂ ਦੀ ਵਸੋਂ ਘੱਟ ਕੇ ਪੰਜ ਕਰੋੜ ਤੋਂ ਘੱਟ ਰਹਿ ਗਈ ਸੀ। ਜਨਤਾ ਉਤੇ ਪੂਰੀ ਟੇਕ ਰੱਖ ਕੇ, ਸਾਡੀ ਪਾਰਟੀ ਨੇ ਦ੍ਰਿੜਤਾ ਨਾਲ ਕਿੰਨੀਆਂ ਸਾਰੀਆਂ ਸਹੀ ਨੀਤੀਆਂ ਅਤੇ ਕਦਮ ਅਪਣਾਏ ਜਿਸਦੇ ਨਤੀਜੇ ਵੱਜੋਂ ਅੰਤਾਂ ਦੇ ਔਖੇ ਸਾਲਾਂ ਵਿਚ ਆਧਾਰ ਇਲਾਕੇ ਕਾਇਮ ਰਹੇ।...
ਟਾਕਰੇ ਦੇ ਯੁੱਧ ਸਮੇਂ ਕਾਇਮ ਕੀਤੇ ਇਨਕਲਾਬੀ ਆਧਾਰ ਇਲਾਕੇ ਮਗਰੋਂ ਸਾਡੇ ਮੁਕਤੀ ਦੇ ਲੋਕ ਯੁੱਧ ਵਾਸਤੇ ਹੁਲਾਰ ਪੈੜਾ ਬਣੇ, ਜਿਸ ਵਿੱਚ ਚੀਨੀ ਲੋਕਾਂ ਨੇ ਕੌਮਿਨਤਾਂਗੀ ਪਿੱਛਾਂਹ ਖਿੱਚੂਆਂ ਨੂੰ ਭਾਂਜ ਦਿੱਤੀ। ਮੁਕਤੀ ਯੁੱਧ ਵਿੱਚ ਅਸੀਂ ਪਹਿਲਾਂ ਪਿੰਡਾਂ ਵੰਨੀਓਂ ਸ਼ਹਿਰਾਂ ਨੂੰ ਘੇਰਨ ਤੇ ਫੇਰ ਸ਼ਹਿਰਾਂ ਉੱਤੇ ਕਬਜਾ ਕਰਨ ਦੀ ਨੀਤੀ ਜਾਰੀ ਰੱਖੀ ਅਤੇ ਇਸ ਤਰ੍ਹਾਂ ਕੌਮ ਵਿਆਪੀ ਜਿੱਤ ਹਾਸਲ ਕੀਤੀ।
ਲਿਨ ਪਿਆਓ ਦੀ ਲਿਖਤ ''ਲੋਕ ਯੁੱਧ ਦੀ ਜਿੱਤ ਅਮਰ ਰਹੇ'' 'ਚੋਂ ਕੁਝ ਅੰਸ਼


***

Thursday, September 8, 2016

16. ਸਭਿਆਚਾਰਕ ਇਨਕਲਾਬ



‘‘ਚੇਅਰਮੈਨ ਮਾਓ, ਸਾਨੂੰ ਤੇਰੀ ਯਾਦ ਆ ਰਹੀ ਹੈ!’’

- ਭਾਵਨਾ

9 ਸਿਤੰਬਰ 1976 ਦਾ ਦਿਨ ਸੰਸਾਰ ਭਰ ਦੇ ਕਿਰਤੀ ਲੋਕਾਂ ਲਈ ਨਹਿਸ਼ ਦਿਨ ਸੀ। ਇਸ ਦਿਨ ਕਿਰਤੀ ਲੋਕਾਂ ਦੇ ਰਹਿਬਰ ਅਤੇ ਮਹਾਨ ਆਗੂ ਕਾਮਰੇਡ ਮਾਓ ਜ਼ੇ ਤੁੰਗ ਨੇ ਆਖਰੀ ਸਾਹ ਲਿਆ ਸੀ। ਇਸ ਮਹਾਨ ਆਗੂ ਦੀ ਮੌਤ ਤੋਂ ਬਾਅਦ ਕਿਰਤੀਆਂ ਦੀ ਸਰਦਾਰੀ ਦਾ ਗੜ੍ਹ ਸਮਾਜਵਾਦੀ ਚੀਨ ਦੁਸ਼ਮਣ ਤਾਕਤਾਂ ਦੇ ਹੱਥ ਚਲਾ ਗਿਆ, ਜਿਹਨਾਂ ਨੇ ਕਰੋੜਾਂ ਲੋਕਾਂ ਦੇ ਲਹੂ ਨਾਲ ਸਿੰਜੇ ਸਮਾਜਵਾਦੀ ਚੀਨ ਨੂੰ ਮੁੜ ਪੂੰਜੀਵਾਦੀ ਪ੍ਰਬੰਧ ਦੇ ਸੰਗਲਾਂ ਨਾਲ ਨੂੜ ਦਿੱਤਾ। ਕਈ ਦਹਾਕਿਆਂ ਦੇ ਤਰਥੱਲੀਆਂ ਪਾਊ ਅਮਲ ਚੋਂ ਉੱਸਰੀਆਂ ਸ਼ਾਨਦਾਰ ਇਨਕਲਾਬੀ ਰਵਾਇਤਾਂ ਉਲਟਾ ਦਿੱਤੀਆਂ ਗਈਆਂ, ਜਾਨ ਹੂਲਵੇਂ ਸੰਘਰਸ਼ਾਂ ਰਾਹੀਂ ਕੀਤੀਆਂ ਗਈਆਂ ਪ੍ਰਾਪਤੀਆਂ ਨੂੰ ਪੈਂਦੀ ਸੱਟੇ ਡੋਬ ਦਿੱਤਾ ਗਿਆ ਅਤੇ ਮਾਓ ਵਿਚਾਰਧਾਰਾ ਉੱਤੇ ਕੂੜ ਭਰਿਆ ਹਮਲਾ ਵਿੱਢ ਦਿੱਤਾ ਗਿਆ।
ਕਾਮਰੇਡ ਮਾਓ ਅਤੇ ਚੀਨੀ ਇਨਕਲਾਬ ਦੇ ਦੌਰ ਦੀ ਸਭ ਤੋਂ ਵਿਲੱਖਣ ਪ੍ਰਾਪਤੀ ਸਭਿਆਚਾਰਕ ਇਨਕਲਾਬ ਸੀ, ਜਿਸਦੇ ਰੂਪ ਵਿੱਚ ਸੰਸਾਰ ਭਰ ਦੇ ਕਿਰਤੀ ਲੋਕਾਂ ਨੂੰ ਨਵਾਂ ਵਿਚਾਰਧਾਰਕ ਸ਼ਸਤਰ ਹਾਸਲ ਹੋਇਆ। ਇਸ ਸ਼ਸਤਰ ਦੀ ਤਾਕਤ ਏਨੀ ਪ੍ਰਚੰਡ ਹੈ ਕਿ ਇਸਦਾ ਜਿਕਰ ਮਾਤਰ ਵੀ ਪੂੰਜੀਪਤ ਮਾਰਗੀਆਂ ਅੰਦਰ ਕੰਬਣੀਆਂ ਛੇੜਦਾ ਹੈ। ਨਵੇਂ ਹਾਕਮਾਂ ਨੇ ਮਾਓ ਵਿਚਾਰਧਾਰਾ ਤੇ ਵਿੱਢੇ ਹਮਲੇ ਦੌਰਾਨ ਇਸ ਸਿਧਾਂਤ ਅਤੇ ਇਸਦੇ ਲਾਗੂ ਹੋਣ ਦੇ ਦੌਰ (1966-76) ਨੂੰ ਸਭ ਤੋਂ ਵੱਧ ਮਾਰ ਹੇਠ ਲਿਆਂਦਾ। 1981 ਵਿੱਚ ਤੈਂਗ ਸਿਆਓ ਪਿੰਗ ਤੇ ਸੋਧਵਾਦੀ ਸੀ.ਪੀ.ਸੀ. ਨੇ ਸਭਿਆਚਾਰਕ ਇਨਕਲਾਬ ਨੂੰ ਬਹੁਤ ਵੱਡੀ ਅਤੇ ਪਾਰਟੀ, ਦੇਸ਼ ਤੇ ਲੋਕਾਂ ਲਈ ਤਬਾਹਕੁੰਨ ਗਲਤੀ ਕਹਿ ਕੇ ਇਸ ਬਾਰੇ ਗੱਲ ਕਰਨ ਤੇ ਪਾਬੰਦੀ ਲਾ ਦਿੱਤੀ। ਇਸ ਦੌਰ ਨੂੰ ਅਰਾਜਕਤਾ ਅਤੇ ਤਬਾਹੀ ਦਾ ਦੌਰ ਕਹਿਕੇ ਭੰਡਿਆ ਗਿਆ। ਖੋਜਾਰਥੀਆਂ ਉਪਰ ਇਸ ਦੌਰ ਬਾਰੇ ਖੋਜ ਕਰਨ ਤੇ ਪਾਬੰਦੀ ਆਇਦ ਕੀਤੀ ਗਈ, ਰਿਪੋਰਟਰਾਂ ਉਪਰ ਇਸ ਬਾਰੇ ਸਵਾਲ ਉਠਾਉਣੋ ਰੋਕ ਲਾਈ ਗਈ, ਪ੍ਰੋਫੈਸਰਾਂ ਨੂੰ ਇਸ ਬਾਰੇ ਵਿਦਿਆਰਥੀਆਂ ਨਾਲ ਕੁਝ ਵੀ ਸਾਂਝਾ ਕਰਨੋਂ ਰੋਕਿਆ ਗਿਆ, ਲੇਖਕਾਂ ਨੂੰ ਇਸ ਬਾਰੇ  ਲਿਖਣ ਦੀ ਮਨਾਹੀ ਕੀਤੀ ਗਈ। ਦੂਜੇ ਪਾਸੇ, ਸਰਕਾਰੀ ਤੰਤਰ ਰਾਹੀਂ ਨਵੀਂ ਪੀੜ੍ਹੀ ਦੇ ਦਿਮਾਗਾਂ ਅੰਦਰ ਇਸ ਦੌਰ ਬਾਰੇ ਕੂੜ ਪ੍ਰਚਾਰ ਭਰਿਆ ਗਿਆ।
16 ਮਈ 2016 ਨੂੰ ਇਸ ਮਹਾਨ ਸਭਿਆਚਾਰਕ ਇਨਕਲਾਬ ਦੀ ਸ਼ੁਰੂਆਤ ਦੀ 50 ਵੀਂ ਵਰੇਗੰਢ ਸੀ। ਇਸ ਮੌਕੇ ਚੀਨ ਦੀ ਹਾਕਮ ਕਮਿਊਨਿਸਟ ਪਾਰਟੀ ਵਲੋਂ ਇਸ ਸ਼ਾਨਦਾਰ ਇਤਿਹਾਸ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕੀਤਾ ਗਿਆ। ਇਸਦਾ ਜਿਕਰ ਮਾਤਰ ਵੀ ਨਾ ਕਰਕੇ ਇਸ ਨੂੰ ਚੀਨ ਦੇ ਸ਼ਾਨਾਮੱਤੇ ਇਤਿਹਾਸ ਚੋਂ ਖਾਰਜ ਕਰਨ ਦਾ ਸੁਪਨਾ ਪਾਲਿਆ ਗਿਆ। ਪਰ ਚੀਨੀ ਲੋਕਾਂ ਦੇ ਅੰਦਰੋਂ ਇਸ ਦੌਰ ਦੀਆਂ ਯਾਦਾਂ ਮਿਟਾ ਸਕਣ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ। ਅਨੇਕੀਂ ਥਾਈਂ ਚੀਨੀ ਲੋਕਾਂ ਨੇ ਇਸ ਦਿਨ ਦੇ ਜਸ਼ਨ ਮਨਾਏ। ਸ਼ਾਨਕਸ਼ੀ ਸੂਬੇ ਅੰਦਰ ਇੱਕ ਯਾਦਗਾਰੀ ਸਮਾਗਮ ਦੌਰਾਨ ਲੋਕਾਂ ਦੇ ਇਕੱਠ ਵਲੋਂ ਬੈਨਰ ਲਹਿਰਾਏ ਗਏ, ਜਿਹਨਾਂ ਤੇ ਲਿਖਿਆ ਸੀ-
‘‘ਮਾਓ ਵਿਚਾਰਧਾਰਾ ਅਜਿੱਤ ਹੈ’’
‘‘ਮਹਾਨ ਪ੍ਰੋਲੇਤਾਰੀ ਸਭਿਆਚਾਰਕ ਇਨਕਲਾਬ ਜ਼ਿੰਦਾਬਾਦ’’
ਡਾਲੀਆਨ ਵਿਖੇ ਇੱਕ ਰੈਲੀ ਵਿੱਚ ਬੈਨਰ ਉਪਰ ਸਭਿਆਚਾਰਕ ਇਨਕਲਾਬ ਦੌਰਾਨ ਪ੍ਰਚਲਿਤ ਸਤਰਾਂ ਲਹਿਰਾਈਆਂ ਗਈਆਂ-
‘‘ਮਲਾਹਾਂ ਦੇ ਹੀ ਵੱਸ ਹੈ, ਸਾਗਰਾਂ ਤੇ ਫਤਿਹ ਪਾਉਣੀ’’
2 ਮਈ ਨੂੰ ਤੀਏਨਮਿਨ ਸੁਕੇਅਰ ਵਿਖੇ ਲੋਕ ਹਾਲ ਅੰਦਰ ਮਈ ਦਿਨ ਅਤੇ ਮਾਓ ਸਬੰਧੀ ਸਰਕਾਰੀ ਸਭਿਆਚਾਰਕ ਸਮਾਗਮ ਚੱਲ ਰਿਹਾ ਸੀ। ਇਸ ਰੰਗਾਰੰਗ ਪ੍ਰੋਗਰਾਮ ਅੰਦਰ ਸਭਿਆਚਾਰਕ ਇਨਕਲਾਬ ਸਮੇਂ ਦੇ ਗੀਤ ਵੀ ਗਾਏ ਜਾ ਰਹੇ ਸਨ। ਜਦੋਂ ਟੀਮ ਵਲੋਂ ਉਸ ਦੌਰ ਦਾ ਪ੍ਰਸਿੱਧ ਗੀਤ ਗਾਇਆ ਗਿਆ ਤਾਂ ਲੋਕਾਂ ਦੀ ਆਵਾਜ ਨੇ ਸਾਰਾ ਹਾਲ ਗੂੰਜਾ ਦਿੱਤਾ।
‘‘ਮਲਾਹਾਂ ਦੇ ਹੀ ਵੱਸ ਹੈ ਸਾਗਰਾਂ ਤੇ ਫਤਿਹ ਪਾਉਣੀ
ਵਰਖਾ ਦੇ ਵੱਸ ਜਿਉਂ ਧਰਤ ਚੋਂ ਫਸਲ ਉਗਾਉਣੀ
ਸੂਰਜ ਦੇ ਸਦਕਾ ਜਿਊਂ ਜਿੰਦਗੀ ਨੇ ਚੱਲਣਾ
ਮਾਓ ਵਿਚਾਰਧਾਰਾ ਦੇ ਹੀ ਸਦਕਾ ਕ੍ਰਾਂਤੀ ਆਉਣੀ’’
ਇਸ ਮੌਕੇ ਇੱਕ ਬੈਨਰ ਵੀ ਨਜ਼ਰੀਂ ਪਿਆ ਜਿਸਤੇ ਮਾਓ ਦਾ 1970 ਦੀ ਵੀਅਤਨਾਮੀ ਜੰਗ ਵੇਲੇ ਦਾ ਕਥਨ-ਸੰਸਾਰ ਭਰ ਦੇ ਲੋਕ ਅਮਰੀਕੀ ਘੁਸਪੈਠੀਆਂ ਤੇ ਉਹਨਾਂ ਦੇ ਜ਼ਰਖਰੀਦ ਕੁੱਤਿਆਂ ਨੂੰ ਹਰਾਉਣ ਲਈ ਇਕੱਠੇ ਹੋ ਜਾਓਲਿਖਿਆ ਹੋਇਆ ਸੀ।
ਇਸ ਘਟਨਾ ਨਾਲ ਸਰਕਾਰੀ ਤੰਤਰ ਵਿੱਚ ਹਾਹਾਕਾਰ ਮੱਚ ਗਈ। ਇਸ ਸਮਾਗਮ ਅੰਦਰ ਮਾਓ ਅਤੇ ਸਭਿਆਚਾਰਕ ਇਨਕਲਾਬ ਦੀ ਉਸਤਤ ਕਰਦੇ ਅਜਿਹੇ ਗੀਤ ਚਲਾਉਣ ਦੀ ਜਿੰਮੇਵਾਰੀ ਸਾਰੇ ਵਿਭਾਗ ਇੱਕ ਦੂਜੇ ਤੇ ਸਿੱਟਣ ਲੱਗੇ। ਪਰ ਇਸ ਘਟਨਾ ਨੇ ਦਿਖਾ ਦਿੱਤਾ ਕਿ ਸਰਕਾਰੀ ਤੌਰ ਤੇ ਇਸ ਦੌਰ ਨੂੰ ਨਜ਼ਰਅੰਦਾਜ਼ ਕਰਕੇ ਵੀ ਲੋਕਾਂ ਦੇ ਦਿਲਾਂ ਚੋਂ ਇਸ ਦੌਰ ਪ੍ਰਤੀ ਜਜ਼ਬੇ ਮੇਟੇ ਨਹੀਂ ਜਾ ਸਕਦੇ।
ਸਭਿਆਚਾਰਕ ਇਨਕਲਾਬ ਦੀ ਯਾਦ ਵੀ ਚੀਨੀ ਹਾਕਮਾਂ ਨੂੰ ਕੰਬਣੀਆਂ ਕਿਉਂ ਛੇੜਦੀ ਹੈ? ਇਸਦਾ ਕਾਰਨ ਇਹ ਹੈ ਕਿ ਸਭਿਆਚਾਰਕ ਇਨਕਲਾਬ ਦਾ ਸ਼ਸਤਰ ਐਨ ਇਹਨਾਂ ਹਾਕਮਾਂ ਵੱਲ ਹੀ ਸੇਧਤ ਹੈ। ਜੇਕਰ ਮਾਓ ਦੀ ਮੌਤ ਨਾਲ ਇਹ ਇਨਕਲਾਬ ਅਧਵਾਟੇ ਨਾ ਛੁੱਟਦਾ ਤਾਂ ਚੀਨ ਦੇ ਕਿਰਤੀ ਲੋਕਾਂ ਦੀ ਸਰਦਾਰੀ ਦਾ ਗੜ੍ਹ ਹੋਰ ਵੀ ਮਜਬੂਤ ਹੋਣਾ ਸੀ ਤੇ ਅਜੋਕੇ ਚੀਨੀ ਹਾਕਮਾਂ ਵਰਗੇ ਲੋਕ ਗਦਾਰਾਂ ਦੀ ਉਸ ਗੜ੍ਹ ਅੰਦਰ ਕੋਈ ਥਾਂ ਨਹੀਂ ਹੋਣੀ ਸੀ।
ਇਸ ਦੌਰ ਉਪਰ ਵਿੱਢੇ ਵਿਚਾਰਧਾਰਕ ਹਮਲੇ ਤੋਂ ਇਲਾਵਾ ਇਸ ਬਾਰੇ ਕੀਤੇ ਜਾਂਦੇ ਕੂੜ ਪ੍ਰਚਾਰ ਵਿੱਚ ਇਹ ਝੂਠ ਜੋਰ ਨਾਲ ਧੁਮਾਇਆ ਜਾਂਦਾ ਹੈ ਕਿ ਇਹ ਦੌਰ ਨਿਰੀ ਤਬਾਹੀ ਤੇ ਅਸਫਲਤਾ ਦਾ ਦੌਰ ਸੀ ਜਦੋਂ ਕਿ ਹਕੀਕਤ ਇਸਤੋਂ ਬਿਲਕੁਲ ਉਲਟ ਹੈ। ਇਹ ਦੌਰ ਨਾ ਸਿਰਫ ਸਿਆਸੀ ਪਰਪੱਕਤਾ ਹਾਸਲ ਕਰਨ ਦਾ ਦੌਰ ਸੀ ਬਲਕਿ ਇਸ ਸਮੇਂ ਦੌਰਾਨ ਲਾਮਿਸਾਲ ਆਰਥਿਕ ਤੇ ਸਮਾਜਿਕ ਪ੍ਰਾਪਤੀਆਂ ਹੋਈਆਂ
ਅਸਲ ਵਿੱਚ ਇਹ ਦੌਰ ਚੀਨੀ ਇਨਕਲਾਬ ਦੇ ਨਿਰੰਤਰ ਚੱਲ ਰਹੇ ਅਮਲ ਵਿੱਚ ਸਮੂਹਿਕ ਅਗਵਾਈ ਅਤੇ ਚੇਤਨ ਹਿੱਸਾਪਾਈ ਨੂੰ ਉਤਸ਼ਾਹਤ ਕਰਨ ਦਾ ਦੌਰ ਸੀ। ਇਸ ਚੇਤਨਤਾ ਦੇ ਸਿਰ ਤੇ ਸਭਨਾਂ ਪਿਛਾਖੜੀ ਬਿਰਤੀਆਂ ਦੀ ਪਛਾਣ ਕਰਨ ਅਤੇ ਉਹਨਾਂ ਤੇ ਕਾਬੂ ਪਾਉਣ ਦਾ ਵੱਲ ਸਿੱਖਣ ਦਾ ਦੌਰ ਸੀ। ਨਵੇਂ ਚੀਨ ਦੀ ਉਸਾਰੀ ਪ੍ਰਤੀ ਸਭਨਾਂ ਲੋਕਾਂ ਅੰਦਰ ਜਿੰਮੇਵਾਰੀ ਤੇ ਲਗਾਅ ਭਰੇ ਜਾਣ ਦਾ ਦੌਰ ਸੀ। ਹੋਰ ਕਿਸੇ ਵੀ ਸਮੇਂ ਨਾਲੋਂ ਵਧਕੇ ਇਸ ਸਮੇਂ ਚੇਤਨਾ ਦੇ ਨਵੇਂ ਹੁਲਾਰਿਆਂ ਨਾਲ ਲੈਸ ਚੀਨੀ ਜਨਤਾ ਨੇ ਨਵੇਂ ਚੀਨ ਦੀ ਉਸਾਰੀ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂਲੋਕਾਂ ਨੇ ਸਾਂਝੇ ਖੇਤਾਂ  ਵਿੱਚ ਉਤਪਾਦਨ ਵਧਾਉਣ ਲਈ ਜੋਰ ਲਾਇਆ। ਅਨੇਕਾਂ ਡੈਮ, ਜਲ-ਭੰਡਾਰ, ਸੜਕਾਂ, ਕਾਰਖਾਨੇ ਲੋਕਾਂ ਨੇ ਸਮੂਹਕ ਉੱਦਮ ਨਾਲ ਉਸਾਰੇ। ਇਸ ਸਮੇਂ ਦੌਰਾਨ ਉਦਯੋਗਿਕ ਪੈਦਾਵਾਰ 4 ਗੁਣਾ ਵਧੀ। ਚੀਨ ਦੇ 10 ਵੱਡੇ ਜਲ-ਭੰਡਾਰਾਂ ਚੋਂ 9 ਇਸ ਸਮੇਂ ਦੌਰਾਨ ਉਸਾਰੇ ਗਏ। ਸਟੀਲ ਪਲਾਂਟ, ਮਸ਼ੀਨੀ ਸੰਦ, ਹਵਾਈ ਜਹਾਜ਼, ਰਾਕੇਟ, ਇਲੈਕਟ੍ਰਾਨਿਕਸ ਇੰਡਸਟਰੀ, ਨਿਊਕਲੀਅਰ ਪਾਵਰ, ਪੁਲਾੜੀ ਪ੍ਰੋਗਰਾਮ ਆਦਿਕ ਅਨੇਕਾਂ ਖੇਤਰਾਂ ਚ ਨਵੇਂ ਦਿਸਹੱਦੇ ਸਿਰਜੇ ਗਏ।
ਇਸ ਦੌਰ ਅੰਦਰ ਆਗੂਆਂ ਅਤੇ ਕਾਮਿਆਂ ਚ ਪਾੜਾ ਘਟਾਉਣ ਲਈ ਇਹ ਲਾਜ਼ਮੀ ਕੀਤਾ ਗਿਆ ਕਿ ਹਰੇਕ ਪੱਧਰ ਤੇ ਲੀਡਰ, ਮੈਨੇਜਰ, ਅਧਿਕਾਰੀ ਇਕ ਨਿਸ਼ਚਤ ਸਮਾਂ ਆਮ ਕਾਮਿਆਂ ਨਾਲ ਸਰੀਰਕ ਮਿਹਨਤ ਦੇ ਕੰਮ ਕਰਨਗੇ। ਆਗੂਆਂ ਦੀ ਆਮ ਕਾਮਿਆਂ ਵਾਂਗੂ ਕੰਮ ਕਰਨ ਦੀ ਸਮਰੱਥਾ ਤੇ ਲੋਕਾਂ ਨਾਲ ਘੁਲਣ ਮਿਲਣ ਦੀ ਯੋਗਤਾ ਨੂੰ ਉਹਨਾਂ ਦੀ ਇੱਕ ਅਧਿਕਾਰੀ ਵਜੋਂ ਕਾਰਜਕੁਸ਼ਲਤਾ ਦਾ ਪੈਮਾਨਾ ਮਿਥਿਆ ਗਿਆ। ਇਸ ਕਰਕੇ ਸਭਿਆਚਾਰਕ ਇਨਕਲਾਬ ਦੇ ਪਹਿਲੇ ਸਾਲਾਂ ਦੌਰਾਨ ਹੀ ਹਰ ਪੱਧਰ ਦੇ ਅਧਿਕਾਰੀ ਮਜਦੂਰਾਂ ਤੇ ਕਿਸਾਨਾਂ ਸੰਗ ਕੰਮ ਕਰਦੇ ਦੇਖੇ ਜਾ ਸਕਦੇ ਸਨ। ਇਸਤੋਂ ਬਿਨਾਂ ਆਮ ਲੋਕਾਂ ਵਿੱਚ ਨਵੇਂ ਚੀਨ ਦੀ ਉਸਾਰੀ ਸਬੰਧੀ ਲਗਾਅ ਇਸ ਹੱਦ ਤੱਕ ਸੀ ਕਿ ਦਫਤਰੀ ਕੰਮਾਂ ਤੋਂ ਬਾਅਦ ਸਕੂਲ ਅਧਿਆਪਕ, ਬੱਚੇ, ਮੁਲਾਜਮ ਸਭ ਕਿਸੇ ਫੈਕਟਰੀ ਜਾਂ ਡੈਮ ਦੀ ਉਸਾਰੀ ਵਿੱਚ ਹਿੱਸਾ ਪਾਉਣ ਪੁੱਜ ਜਾਂਦੇ ਸਨ। ਇੱਕ ਸਾਂਝ ਦਾ ਤੇ ਉਤਸ਼ਾਹ ਦਾ ਮਹੌਲ ਵਿਆਪਕ ਸੀ। ਦਿਨੇ ਡਿਉਟੀਆਂ ਕਰਨ ਵਾਲੇ ਅਕਸਰ ਰਾਤ ਨੂੰ ਇਹਨਾਂ ਪ੍ਰਾਜੈਕਟਾਂ ਲਈ 2-3 ਘੰਟੇ ਕੱਢਦੇ ਸਨ। ਇਹ ਭਾਵਨਾ ਸੀ ਜਿਸ ਸਦਕਾ ਚੀਨ ਨੇ ਇਸ ਸਮੇਂ ਦੌਰਾਨ ਹਜਾਰਾਂ ਛੋਟੇ ਵੱਡੇ ਕਾਰਖਾਨੇ ਤੇ ਹੋਰ ਪ੍ਰੋਜੈਕਟ ਉਸਾਰੇ।
ਇਹਨਾਂ ਹੀ ਸਾਲਾਂ ਦੌਰਾਨ ਅਨਾਜ ਦਾ ਉਤਪਾਦਨ ਸਭ ਰਿਕਾਰਡ ਤੋੜ ਗਿਆ। ਛੋਟੇ ਸਾਂਝੇ ਫਾਰਮਾਂ ਤੋਂ ਵੱਡੇ ਸਹਿਕਾਰੀ ਫਾਰਮ ਇਹਨਾਂ ਸਾਲਾਂ ਦੌਰਾਨ ਹੀ ਹੋਂਦ ਚ ਆਏ। ਚੀਨੀ ਇਨਕਲਾਬ ਦੇ ਸਭ ਤੋਂ ਮੁੱਢਲੇ ਸਾਲ 1949 ਵਿੱਚ ਚੀਨ ਦੀ ਜੀਮੋ ਕਾਊਂਟੀ ਅੰਦਰ ਮੱਕੀ ਦੀ ਪੈਦਾਵਾਰ 650 ਟਨ ਸੀ। 1966 ਤੱਕ ਵਧਕੇ ਇਹ 41085 ਟਨ ਹੋ ਗਈ। 1976 ਤੱਕ ਇਹ ਪੈਦਾਵਾਰ 90780 ਟਨ ਹੋ ਗਈ। ਇਹੀ ਕੁਝ ਹੋਰ ਫਸਲਾਂ ਦੇ ਮਾਮਲੇ ਚ ਵੀ ਵਾਪਰਿਆ। ਲੋਕਾਂ ਨੇ ਹਜਾਰਾਂ ਮੋਊ ਬੰਜਰ ਜਮੀਨ ਨੂੰ ਵਾਹੀਯੋਗ ਬਣਾਇਆ। ਜੀਮੋ ਕਾਊਂਟੀ ਦੀ ਜਮੀਨ ਅੰਦਰ ਵੱਡੀ ਪੱਧਰ ਤੇ ਖਾਰਾਪਣ ਸੀ ਜਿਸ ਕਰਕੇ ਫਸਲੀ ਪੈਦਾਵਾਰ ਘੱਟ ਹੁੰਦੀ ਸੀ। ਕਿਸਾਨਾਂ ਦੀਆਂ ਪੈਦਾਵਾਰ ਟੀਮਾਂ ਨੇ ਇਸ ਜਮੀਨ ਨੂੰ ਟੋਟਿਆਂ ਵਿੱਚ ਵੰਡ ਦਿੱਤਾ। ਹਰੇਕ ਜਮੀਨੀ ਟੋਟੇ ਅੰਦਰ ਕੁਝ ਸਮੇਂ ਲਈ ਪਾਣੀ ਖੜ੍ਹਾ ਰੱਖਿਆ ਜਾਂਦਾ ਸੀ। ਜਦੋਂ ਇਹ ਪਾਣੀ ਬਾਅਦ ਚ ਉਥੋਂ ਵਹਾਇਆ ਜਾਂਦਾ ਸੀ ਤਾਂ ਉਹ ਜਮੀਨ ਦਾ ਖਾਰਾਪਣ ਵੀ ਘੋਲ ਕੇ ਵਹਾ ਦਿੰਦਾ ਸੀ। ਇਸ ਤਰੀਕੇ ਨਾਲ ਜੀਮੋ ਦੇ ਕਿਸਾਨਾਂ ਨੇ 57000 ਮੋਊ ਖਾਰੀ ਜਮੀਨ ਨੂੰ ਉਪਜਾਊ ਜਮੀਨ ਚ ਬਦਲਿਆ। 1971 ’ਚ ਦਸ ਹਜਾਰ ਕਿਸਾਨ ਇਸ ਤਰੀਕੇ ਨਾਲ ਜਮੀਨ ਧੋਣ ਦੇ ਕੰਮ ਚ ਲੱਗੇ ਹੋਏ ਸਨ। 1975 ਦੇ ਸਾਲਾਂ ਵਿੱਚ ਉਥੋਂ ਦੇ ਕਿਸਾਨਾਂ ਦੀਆਂ 90000 ਦਿਹਾੜੀਆਂ ਜਮੀਨ ਦੀ ਸੁਧਾਈ ਤੇ ਲੱਗੀਆਂਪ੍ਰਤੀ ਮੋਊ ਪੈਦਾਵਾਰ 50 ਤੋਂ ਵਧਕੇ 100 ਕਿਲੋ ਹੋ ਗਈ । 1960-70 ਦੇ ਦਹਾਕੇ ਦੌਰਾਨ ਪੱਛਮੀ ਮੁਲਕ ਤੀਜੀ ਦੁਨੀਆਂ ਦੇ ਮੁਲਕਾਂ ਨੂੰ ਆਪਣੇ ਕੀਟਨਾਸ਼ਕ, ਬੀਜ, ਮਸ਼ੀਨਰੀ ਨਿਰਯਾਤ ਕਰਕੇ ਉਹਨਾਂ ਮੁਲਕਾਂ ਚ ਹਰਾ ਇਨਕਲਾਬ ਕਰਨ ਦੇ ਦਾਅਵੇ ਕਰ ਰਹੇ ਸਨ। ਪਰ ਇਹ ਹਰਾ ਇਨਕਲਾਬ ਨਾ ਸਿਰਫ ਇਹਨਾਂ ਮੁਲਕਾਂ ਨੂੰ ਦਰਾਮਦੀ ਮਸ਼ੀਨਰੀ ਤੇ ਦਵਾਈਆਂ ਤੇ ਵਧੇ ਲਾਗਤ ਖਰਚਿਆਂ ਪੱਖੋਂ ਮਹਿੰਗਾ ਪੈ ਰਿਹਾ ਸੀ ਸਗੋਂ ਇਹਨਾਂ ਮੁਲਕਾਂ ਅੰਦਰ ਕੁਦਰਤੀ ਖੇਤੀ ਚੱਕਰ ਨੂੰ ਨਸ਼ਟ ਕਰਕੇ ਤੇ ਵਾਤਾਵਰਨ ਨੂੰ ਪ੍ਰਦੂਸ਼ਤ ਕਰਕੇ ਵੀ ਕੀਮਤ ਵਸੂਲ ਰਿਹਾ ਸੀ। ਉਦੋਂ ਚੀਨ ਨੇ ਘਰੇਲੂ ਸਵੈ-ਨਿਰਭਰ ਮਸ਼ੀਨਰੀ, ਬੀਜਾਂ, ਖਾਦਾਂ ਦਾ ਵਿਕਾਸ ਕਰਕੇ ਖਰਾ ਹਰਾ ਇਨਕਲਾਬ ਕੀਤਾ। ਇਸ ਸਮੇਂ ਦੌਰਾਨ ਪਿੰਡਾਂ ਨੇ ਆਪਣੀਆਂ ਪ੍ਰਯੋਗ ਟੀਮਾਂ ਬਣਾਈਆਂ ਜਿਹਨਾਂ ਨੇ ਨਵੇਂ ਬੀਜਾਂ ਦੀਆਂ ਕਿਸਮਾਂ ਤੇ ਨਵੇਂ ਖੇਤੀ ਤਰੀਕਿਆਂ ਦੀ ਖੋਜ ਕੀਤੀ। 1974 ’ਚ ਅਜਿਹੀਆਂ 695 ਟੀਮਾਂ ਜੀਮੋ ਕਾਊਂਟੀ ਵਿੱਚ ਸਨ ਤੇ ਇਹਨਾਂ ਨੇ ਲਗਭਗ ਦਸ ਹਜਾਰ ਤਜਰਬੇ ਕੀਤੇ। ਕਣਕ ਦੇ ਬੀਜਾਂ ਦੀਆਂ 40 ਤੇ ਮੱਕੀ ਦੀਆਂ 39 ਕਿਸਮਾਂ ਈਜਾਦ ਕੀਤੀਆਂ ਗਈਆਂ13 ਵੱਡੇ ਫਰਟੀਲਾਈਜ਼ਰ ਪਲਾਂਟ ਲੱਗੇ। 1978 ਤੱਕ 1534 ਛੋਟੇ ਫਰਟੀਲਾਈਜ਼ਰ ਪਲਾਂਟ ਲਾਏ ਗਏ ਜਿਨ੍ਹਾਂ ਨੇ ਖੇਤੀ ਪੈਦਾਵਾਰ ਤੇ ਵਿਕਾਸ ਚ ਬਹੁਤ ਯੋਗਦਾਨ ਪਾਇਆ।
ਇਹਨਾਂ ਹੀ ਸਾਲਾਂ ਦੌਰਾਨ ਚੀਨੀ ਕਮਿਊਨਿਸਟ ਪਾਰਟੀ ਵਲੋਂ ਨੌਜਵਾਨਾਂ ਨੂੰ ਸ਼ਹਿਰਾਂ ਅਤੇ ਹੋਰਨਾਂ ਸਥਾਨਾਂ ਦੇ ਦੌਰਿਆਂ ਲਈ ਉਤਸ਼ਾਹਤ ਕੀਤਾ ਗਿਆ। ਪਿੰਡਾਂ ਵਿਚੋਂ ਅਨੇਕਾਂ ਟੀਮਾਂ ਵੱਖ-2 ਥਾਈਂ ਗਈਆਂ, ਹੋਰਨਾਂ ਥਾਵਾਂ ਦੇ ਤਰੀਕੇ ਦੇਖੇ, ਫਰਕ ਅਨੁਭਵ ਕੀਤੇ ਤੇ ਨਵੇਂ ਤਜਰਬਿਆਂ ਸੰਗ ਮੁੜੀਆਂਇਸੇ ਸਮੇਂ ਪੇਂਡੂ ਨੌਜਵਾਨਾਂ ਨੂੰ ਪਿੰਡਾਂ ਅੰਦਰ ਪੈਦਾਵਾਰ ਲਈ ਲੋੜੀਂਦੇ ਕਿਤਿੱਆਂ ਦੀ ਟਰੇਨਿੰਗ ਦਿੱਤੀ ਗਈ। ਅਨੇਕਾਂ ਇਲੈਕਟਰੀਸ਼ਨ, ਮੋਟਰ ਮਕੈਨਿਕ ਤੇ ਹੁਨਰਮੰਦ ਕਾਮੇ ਇਹਨਾਂ ਕੋਰਸਾਂ ਤੋਂ ਬਾਅਦ ਪਿੰਡਾਂ ਦੀਆਂ ਫੈਕਟਰੀਆਂ ਅੰਦਰ ਕੰਮ ਕਰਨ ਲੱਗੇ। ਕਈ ਥਾਂਈ ਤਾਂ ਅਜਿਹੀਆਂ ਫੈਕਟਰੀਆਂ ਵੱਡੇ ਕਾਰਖਾਨਿਆਂ ਵਿੱਚ ਵਟ ਗਈਆਂਇਸ ਪੱਖੋਂ ਦੱਖਣ ਦਰਿਆ ਪਿੰਡ ਦੀ ਫੈਕਟਰੀ ਦੀ ਉਦਹਾਰਨ ਗਿਣਨਯੋਗ ਹੈ। 1966 ਦੇ ਸ਼ੂਰੁ ਚ ਇਸ ਫੈਕਟਰੀ ਦੀ ਨਿਗਰਾਨੀ ਪਿੰਡ ਦੀ ਇੱਕ ਪੈਦਾਵਾਰੀ ਟੀਮ ਕੋਲ ਸੀ ਤੇ ਇਸ ਵਿੱਚ ਤਿੰਨ ਜਣੇ ਕੰਮ ਕਰਦੇ ਸਨ। ਦੋ ਵੱਡੀਆਂ ਕੈਂਚੀਆਂ ਤੇ ਦੋ ਹਥੌੜੇ ਇਸ ਫੈਕਟਰੀ ਦੇ ਕੁੱਲ ਸੰਦ ਸਨ ਤੇ ਇੱਥੇ ਫਾਲਤੂ ਸਮਾਨ ਤੋਂ ਮਾੜਾ ਮੋਟਾ ਫਰਨੀਚਰ ਬਣਾਉਣ ਦਾ ਕੰਮ ਹੁੰਦਾ ਸੀ। 1967 ਦੀਆਂ ਗਰਮੀਆਂ ਚ ਪਿੰਡ ਨੇ 10 ਨੌਜਵਾਨ ਮੁੰਡੇ ਟਰੇਨਿੰਗ ਲੈਣ ਲਈ ਜੀਮੋ ਫੈਕਟਰੀ ਭੇਜੇ। ਛੇ ਮਹੀਨੇ ਬਾਅਦ ਜਦੋਂ ਉਹ ਮੁੜੇ ਤਾਂ ਫੈਕਟਰੀ ਦੀ ਨੁਹਾਰ ਬਦਲ ਗਈ। ਖੇਤੀ ਮਸ਼ੀਨਾਂ ਵਾਲੀ ਪਿੰਡ ਦੀ ਫੈਕਟਰੀ ਨੇ ਇਹਨੂੰ ਕੁਝ ਮਸ਼ੀਨੀ ਸੰਦ ਦੇ ਦਿੱਤੇ ਤੇ ਨੌਜਵਾਨ ਮੁੰਡਿਆਂ ਨੇ ਖੇਤੀ ਸੰਦ ਬਣਾਉਣੇ ਸ਼ੁਰੂ ਕਰ ਦਿੱਤੇ। ਇਸਦਾ ਸਲਾਨਾ ਲਾਭ ਸਾਲ ਦੇ ਅੰਦਰ 2000 ਤੋਂ ਵਧਕੇ 3 ਲੱਖ ਯੁਆਨ ਹੋ ਗਿਆ। 1968 ’ਚ ਫੈਕਟਰੀ ਨੇ ਪਿੰਡ ਨੂੰ ਪਹਿਲੀ ਬਿਜਲੀ ਮੋਟਰ ਦਾ ਤੋਹਫਾ ਤਿਆਰ ਕਰਕੇ ਦਿੱਤਾ। 1974 ’ਚ ਫੈਕਟਰੀ ਨੇ ਦੋ ਪਿੱਕ ਅੱਪ ਟਰੱਕ ਤਿਆਰ ਕੀਤੇ। 1976 ਤੱਕ ਇਹ ਫੈਕਟਰੀ ਗੇਅਰ ਬੌਕਸ ਤੋਂ ਲੈ ਕੇ ਕਰੇਨ ਤੱਕ ਹਰ ਚੀਜ ਤਿਆਰ ਕਰ ਰਹੀ ਸੀ ਤੇ ਇਹਦੇ ਅੰਦਰ 179 ਹੁਨਰਮੰਦ ਕਾਮੇ ਲੱਗੇ ਹੋਏ ਸਨ। ਪਿੰਡ ਦੀਆਂ ਸਾਰੀਆਂ ਖੇਤੀ ਮਸ਼ੀਨਾਂ ਦੀ ਸਾਂਭ ਸੰਭਾਲ ਦਾ ਕੰਮ ਫੈਕਟਰੀ ਜਿੰਮੇ ਸੀ। ਏਸੇ ਤਰ੍ਹਾਂ ਜੀਮੋ ਕਾਊਂਟੀ ਦੀ ਇਨਕਲਾਬੀ ਕਮੇਟੀ ਦੀ ਅਗਵਾਈ ਚ ਲੋਕਾਂ ਨੇ 12 ਅਪ੍ਰੈਲ ਤੋਂ 30 ਜੂਨ ਦੇ 80 ਦਿਨਾਂ ਅੰਦਰ ਅੰਦਰ 300 ਡੀਜ਼ਲ ਇੰਜਣ ਬਣਾਏ। ਅਗਲੇ 6 ਹਫਤਿਆਂ ਦੌਰਾਨ 60 ਟਰੈਕਟਰ ਬਣਾਏ ਗਏ। ਇਹਨਾਂ ਉੱਦਮਾਂ ਤੇ ਸੰਭਾਵਨਾਵਾਂ ਦਾ ਸਾਕਾਰ ਹੋਣਾ ਲੋਕਾਂ ਦੀ ਪਹਿਲਕਦਮੀ ਨੂੰ ਬੰਧਨ ਮੁਕਤ ਕਰਨ ਤੇ ਉਹਨਾਂ ਅੰਦਰ ਸਮਾਜਵਾਦੀ ਚੀਨ ਦੇ ਭਵਿੱਖ ਪ੍ਰਤੀ ਵਿਸ਼ਵਾਸ ਤੇ ਮੇਰ ਭਰਨ ਨਾਲ ਜੁੜਿਆ ਹੋਇਆ ਸੀ।
ਅੱਜ ਚੀਨ ਸੰਸਾਰ ਦੀ ਸਭ ਤੋਂ ਵੱਡੀ ਆਰਥਿਕਤਾ ਹੈ। ਪਰ ਇਸ ਪੂੰਜੀਵਾਦੀ ਆਰਥਿਕਤਾ ਨੇ ਉਸ ਰੁੱਖ ਦੇ ਫਲਾਂ ਨੂੰ ਆਪਣੇ ਹਿੱਤਾਂ ਲਈ ਵਰਤਿਆ ਹੈ, ਜਿਸ ਰੁੱਖ ਨੂੰ ਚੀਨੀ ਲੋਕਾਂ ਨੇ ਸਮਾਜਵਾਦੀ ਉਸਾਰੀ ਦੇ ਸੁਪਨੇ ਲੈ ਕੇ ਵਰ੍ਹਿਆਂ ਬੱਧੀ ਕਰੜੀ ਘਾਲਣਾ ਨਾਲ ਸਿੰਜਿਆ ਸੀ। ਕਿਰਤੀਆਂ ਦਾ ਉਹ ਲੋਕਾਸ਼ਾਹੀ ਚੀਨ ਜਿਸਦੇ ਖੇਤਾਂ, ਰਾਹਾਂ, ਡੈਮਾਂ, ਕਾਰਖਾਨਿਆਂ ਦੀ ਉਸਾਰੀ ਚ ਹਰ ਕਿਸੇ ਨੇ ਅਪਣੇ ਵਿੱਤ ਤੋਂ ਵਧ ਕੇ ਹਿੱਸਾ ਪਾਇਆ ਸੀ, ਅਪਣਾ ਤਨ, ਮਨ, ਸਮਾਂ, ਵਿਹਲ, ਖੁਸ਼ੀਆਂ ਅਰਪਿਤ ਕੀਤੇ ਸਨ, ਉਹ ਹੁਣ ਕਿਰਤੀਆਂ ਤੋਂ ਖੁੱਸ ਚੁੱਕਾ ਹੈ। ਉਸ ਕਰੜੀ ਵਰ੍ਹਿਆਂ ਬੱਧੀ ਘਾਲਣਾ ਦੇ ਫਲ ਅੱਜ ਪੂੰਜੀਪਤੀ ਹਾਕਮਾਂ ਵੱਲੋਂ ਆਪਣੇ ਪਸਾਰਵਾਦੀ ਲੋਟੂ ਹਿੱਤਾਂ ਲਈ ਵਰਤੇ ਜਾ ਰਹੇ ਹਨ। ਉਸ ਦੌਰ ਦੀਆਂ ਪ੍ਰਾਪਤੀਆਂ ਆਪਣੇ ਖਾਤੇ ਪਾਉਣ ਲਈ ਕੂੜ ਹਮਲਾ ਨਿਰੰਤਰ ਜਾਰੀ ਹੈ। ਪਰ ਝੂਠ ਦਾ ਪਸਾਰਾ ਵਕਤੀ ਹੁੰਦਾ ਹੈ ਤੇ ਚੀਨੀ ਲੋਕਾਂ ਦਾ ਮੌਜੂਦਾ ਪ੍ਰਬੰਧ ਪ੍ਰਤੀ ਰੋਹ ਥਾਂ ਪਰ ਥਾਂ ਫੁੱਟ ਰਿਹਾ ਹੈ। 2015 ’ਚ ਚੀਨ ਅੰਦਰ ਮਜਦੂਰ ਹੜਤਾਲ ਦੀਆਂ 2774 ਸਰਕਾਰੀ ਰਿਪੋਰਟਾਂ ਮਿਲੀਆਂ ਹਨ ਜੋ ਪਿਛਲੇ ਸਮੇਂ ਨਾਲੋਂ ਦੁੱਗਣੀਆਂ ਹਨ। 2016 ਦੇ ਜੂਨ ਤੱਕ ਹੀ 1456 ਥਾਵਾਂ ਤੋਂ ਮਜਦੂਰਾਂ ਦੇ ਰੋਸ ਪ੍ਰਦਰਸ਼ਨਾਂ ਦੀਆਂ ਖਬਰਾਂ ਹਨ ਜੋ ਪਿਛਲੇ ਸਾਲ ਦੇ ਮੁਕਾਬਲੇ 20 ਫੀਸਦੀ ਵੱਧ ਹਨ। ਦੂਜੇ ਪਾਸੇ ਲੋਕਾਂ ਖਾਸ ਕਰ ਬਜੁਰਗਾਂ ਅੰਦਰ ਸਮਾਜਵਾਦੀ ਚੀਨ ਦੀਆਂ ਯਾਦਾਂ ਤਾਜਾ ਹੋ ਰਹੀਆਂ ਹਨ। ਚੀਨੀ ਬਜੁਰਗ ਕਾਮੇ ਅਕਸਰ ਇਹ ਕਹਿਕੇ ਉਹਨਾਂ ਵੇਲਿਆਂ ਨੂੰ ਯਾਦ ਕਰਦੇ ਹਨ ਕਿ ਉਦੋਂ ਫੈਕਟਰੀ ਦੇ ਮਾਲਕ ਅਸੀਂ ਸੀ। ਮਾਓ ਵਿਚਾਰਧਾਰਾ ਪ੍ਰਤੀ ਲਗਾਅ ਵਧ ਰਿਹਾ ਹੈ। 2012 ’ਚ ਜਪਾਨ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਲੋਕਾਂ ਦੇ ਹੱਥਾਂ ਚ ਚੁੱਕੇ ਪੋਸਟਰ ਤੇ ਲਿਖਿਆ ਸੀ ‘‘ਚੇਅਰਮੈਨ ਮਾਓ, ਸਾਨੂੰ ਤੇਰੀ ਯਾਦ ਆ ਰਹੀ ਹੈ’’

Sunday, October 4, 2015

18) ਅਕਤੂਬਰ ਇਨਕਲਾਬ ਦੀ ਪਰੇਰਨਾ



ਉਤਸ਼ਾਹ ਦਾ ਸੋਮਾ ਰਹੇਗੀ ਅਕਤੂਬਰ ਇਨਕਲਾਬਾਂ ਦੀ ਪ੍ਰੇਰਨਾ

ਪਰਮਿੰਦਰ

ਅੱਜ ਤੋਂ ਠੀਕ 98 ਸਾਲ ਪਹਿਲਾਂ ਸੰਨ 1917 'ਚ ਰੂਸ ਦੀ ਮਜ਼ਦੂਰ ਜਮਾਤ ਨੇ ਕਾਮਰੇਡ ਲੈਨਿਨ ਅਤੇ ਰੂਸੀ ਬਾਲਸ਼ਵਿਕ ਪਾਰਟੀ ਦੀ ਅਗਵਾਈ ਵਿਚ ਸਰਮਾਏਦਾਰੀ ਰਾਜ ਨੂੰ ਪਟਕਾ ਕੇ ਸਮਾਜਵਾਦੀ ਇਨਕਲਾਬ ਕਰਨ ਦਾ ਫਖਰਯੋਗ ਕਾਰਨਾਮਾ ਕਰ ਵਿਖਾਇਆ ਸੀ। ਇਸ ਯੂੱਗ ਪਲਟਾਊ ਘਟਨਾ ਨਾਲ ਸੰਸਾਰ ਸਾਮਰਾਜੀ ਪ੍ਰਬੰਧ ਨੂੰ ਪਾੜ ਲੱਗ ਗਿਆ ਸੀ । ਦੁਨੀਆਂ ਦਾ ਛੇਵਾਂ ਹਿੱਸਾ ਆਬਾਦੀ ਰੱਤ-ਪੀਣੇ ਸਰਮਾਏਦਾਰੀ ਪ੍ਰਬੰਧ ਤੋਂ ਸਮਾਜਵਾਦੀ ਪ੍ਰਬੰਧ ਉਸਾਰਨ ਦੇ ਰਾਹ ਪੈ ਗਈ ਸੀ। ਜਮਾਤਰਹਿਤ ਤੇ ਲੁੱਟ ਰਹਿਤ ਸਮਾਜ ਸਿਰਜਣ ਦੀ ਮਨੁੱਖੀ ਸੱਧਰ ਨੂੰ ਸਾਕਾਰ ਕਰਨ ਲਈ ਇੱਕ ਵੱਡਾ ਲਾਂਘਾ ਭੰਨਿਆ ਗਿਆ ਸੀ।
ਮਹਾਨ ਅਕਤੂਬਰ ਇਨਕਲਾਬ ਦੀ ਇਸ ਘਟਨਾ ਨੇ ਹੋਰਨਾਂ ਵਿਕਸਤ ਸਰਮਾਏਦਾਰ ਦੇਸ਼ਾਂ ਵਿਚ ਮਜਦੂਰ ਜਮਾਤ ਦੀ ਇਨਕਲਾਬੀ ਜੱਦੋ-ਜਹਿਦ ਨੂੰ ਭਾਰੀ ਹੁਲਾਰਾ ਤੇ ਸੇਧ ਦਿੱਤੀ । ਨਾਲ ਹੀ ਇਸ ਨੇ ਦੁਨੀਆਂ ਭਰ ਦੇ ਬਸਤੀਵਾਦੀ ਗੁਲਾਮੀ ਅਤੇ ਸਾਮਰਾਜੀ ਤੇ ਜਾਗੀਰੂ ਦਾਬੇ ਦੇ ਸ਼ਿਕਾਰ ਕੌਮਾਂ ਅਤੇ ਲੋਕਾਂ ਦੀ ਮੁਕਤੀ ਅਤੇ ਜਮਾਤੀ ਜੱਦੋਜਹਿਦਾਂ ਲਈ ਅਥਾਹ ਪ੍ਰੇਰਨਾ, ਉਤਸ਼ਾਹ ਤੇ ਬਲ ਬਖਸ਼ਿਆ। ਇਸ ਨਾਲ ਵਿਕਸਤ ਸਰਮਾਏਦਾਰ ਦੇਸ਼ਾਂ ਅੰਦਰ ਮਜ਼ਦੂਰ ਜਮਾਤ ਦੀ ਇਨਕਲਾਬੀ ਜੱਦੋਜਹਿਦ ਅਤੇ ਬਸਤੀਵਾਦੀ ਮੁਲਕਾਂ 'ਚ ਕੌਮੀ ਆਜਾਦੀ ਦੀ ਲਹਿਰ ਜੋਰ ਫੜਨ ਲੱਗ ਪਈ। ਉੱਧਰ, ਪਹਿਲਾਂ ਕਾਮਰੇਡ ਲੈਨਿਨ ਤੇ ਫੇਰ ਕਾਮਰੇਡ ਸਟਾਲਿਨ ਦੀ ਅਗਵਾਈ ਵਿਚ ਸੋਵੀਅਤ ਰੂਸ ਸਮਾਜਵਾਦੀ ਉਸਾਰੀ ਦੇ ਰਾਹ ਉਤੇ ਤੇਜ ਪੁਲਾਂਘਾਂ ਭਰਦਿਆਂ ਇੱਕ ਸ਼ਕਤੀਸ਼ਾਲੀ ਸਮਾਜਵਾਦੀ ਮੁਲਕ ਅਤੇ ਸੰਸਾਰ ਇਨਕਲਾਬੀ ਲਹਿਰ ਦੇ ਕੇਂਦਰ ਵਜੋਂ ਉੱਭਰ ਆਇਆ। ਇਉਂ ਇਹ ਉਸ ਵੇਲੇ ਦੀ ਕੌਮਾਂਤਰੀ ਹਾਲਤ, ਰਿਸ਼ਤਿਆਂ ਅਤੇ ਘਟਨਾਵਾਂ ਦੇ ਵਹਿਣ ਨੂੰ ਪ੍ਰਭਾਵਤ ਕਰਨ ਦੇ ਸਮਰੱਥ ਹੋ ਗਿਆ। ਦੂਜੀ ਸੰਸਾਰ ਜੰਗ ਦੌਰਾਨ ਅਜੇਤੂ ਸਮਝੀ ਜਾ ਰਹੀ ਸ਼ਕਤੀਸ਼ਾਲੀ ਫਾਸ਼ਿਸਟ ਜਰਮਨੀ ਨੂੰ ਹਰਾਉਣ ਵਿੱਚ ਸਮਾਜਵਾਦੀ ਸੋਵੀਅਤ ਯੂਨੀਅਨ ਦੀ ਨਿਰਣਾਇਕ ਭੂਮਿਕਾ ਨੇ ਸੋਵੀਅਤ ਯੂਨੀਅਨ ਅਤੇ ਸਮਾਜਵਾਦੀ ਪ੍ਰਬੰਧ ਦੇ ਵਕਾਰ ਨੂੰ ਸਿਖਰੀਂ ਪਹੁੰਚਾ ਦਿੱਤਾ। ਇਸ ਸੰਸਾਰ ਜੰੰਗ ਦੇ ਅਮਲ ਦੌਰਾਨ, ਪੂਰਬੀ ਯੂਰਪ ਦੇ ਅਨੇਕ ਮੁਲਕ ਫਾਸ਼ਿਜ਼ਮ ਤੇ ਸਰਮਾਏਦਾਰੀ ਦਾ ਜੂਲਾ ਵਗਾਹ ਕੇ ਸਮਾਜਕ ਜਮਹੂਰੀਅਤ ਸਥਾਪਤ ਕਰਨ 'ਚ ਜੇਤੂ ਹੋ ਨਿੱਬੜੇ । ਬਾਅਦ 'ਚ ਇਹ ਸਮਾਜਕ-ਜਮਹੂਰੀ ਨਿਜਾਮ ਸਮਾਜਵਾਦੀ ਪ੍ਰਬੰਧ ਦੀ ਉਸਾਰੀ ਦੇ ਰਾਹ ਪੈ ਗਏ।
1949 'ਚ ਕਾਮਰੇਡ ਮਾਓ-ਜ਼ੇ-ਤੁੰਗ ਦੀ ਅਗਵਾਈ ਹੇਠ ਚੀਨ ਦੀ ਕਮਿਊਨਿਸਟ ਪਾਰਟੀ ਨੇ ਚੀਨ ਅੰਦਰ ਲੋਕ ਜਮਹੂਰੀ ਇਨਕਲਾਬ ਨੇਪਰੇ ਚਾੜਿਆ। ਅਕਤੂਬਰ 1949 'ਚ ਪ੍ਰਧਾਨ ਮਾਓ-ਜ਼ੇ-ਤੁੰਗ ਵੱਲੋਂ ਕੀਤਾ ਲੋਕ-ਜਮਹੂਰੀ ਚੀਨੀ ਗਣਰਾਜ ਦੀ ਸਥਾਪਨਾ ਦਾ ਐਲਾਨ ਸੰਸਾਰ ਸਿਆਸੀ ਦ੍ਰਿਸ਼ ਤੇ ਵਾਪਰੀ ਇੱਕ ਹੋਰ ਧਰਤ-ਹਿਲਾਊ ਘਟਨਾ ਸੀ। ਇਸ ਨੇ ਪੂਰਬ ਦੇ ਘੱਟ ਵਿਕਸਤ, ਪਛੜੇ ਤੇ ਬਸਤੀਵਾਦੀ ਮੁਲਕਾਂ 'ਚ ਜੇਤੂ ਇਨਕਲਾਬਾਂ ਦੀ ਸ਼ੁਰੂਆਤ ਦਾ ਬਿਗਲ ਵਜਾ ਦਿੱਤਾ। ਇਉਂ ਪਿਛਲੀ ਸਦੀ ਦੇ ਮਗਰਲੇ ਅੱਧ ' ਸ਼ਕਤੀਸ਼ਾਲੀ ਸਮਾਜਵਾਦੀ ਰਾਜ ਸੋਵੀਅਤ ਯੂਨੀਅਨ ਦੀ ਲੀਡਰਸ਼ਿਪ ਹੇਠ ਪੂਰਬੀ ਯੂਰਪ ਦੇ ਸਮਾਜਵਾਦੀ ਮੁਲਕਾਂ ਅਤੇ ਸਮਾਜਵਾਦੀ ਚੀਨੀ ਗਣਰਾਜ ਨੂੰ ਮਿਲਾ ਕੇ ਇੱਕ ਤਾਕਤਵਰ ਸਮਾਜਵਾਦੀ ਕੈਂਪ ਉੱਭਰ ਆਇਆ ਸੀ। ਇਸ ਨਾਲ ਸੰਸਾਰ ਪੱਧਰ 'ਤੇ ਤਾਕਤਾਂ ਦੇ ਤੋਲ ਵਿਚ ਭਾਰੀ ਤਬਦੀਲੀ ਆ ਗਈ ਸੀ। ਇਹ ਸ਼ਕਤੀਸ਼ਾਲੀ ਸਮਾਜਵਾਦੀ ਕੈਂਪ ਸੰਸਾਰ ਪਿੜ 'ਚ ਵਾਪਰ ਰਹੀਆਂ ਘਟਨਾਵਾਂ ਦੇ ਵਹਿਣ ਨੂੰ ਫੈਸਲਾਕੁੰਨ ਰੂਪ 'ਚ ਪ੍ਰਭਾਵਤ ਕਰਨ ਲੱਗਿਆ ਸੀ।
ਮਹਾਨ ਅਕਤੂਬਰ ਇਨਕਲਾਬ ਵੱਲੋਂ ਜਗਾਈ ਤੇ ਪੂਰਬੀ ਯੂਰਪ ਤੇ ਚੀਨ ਦੇ ਇਨਕਲਾਬ ਵੱਲੋਂ ਸਿੰਜੀ ਇਨਕਲਾਬੀ ਲੋਅ ਦਾ ਪ੍ਰਕਾਸ਼ ਦਿਨੋ ਦਿਨ ਚੁਫੇਰੇ ਫੈਲਦਾ ਤੇ ਵਧਦਾ ਜਾ ਰਿਹਾ ਸੀ। ਸਮਾਜਵਾਦੀ ਮੁਲਕਾਂ ' ਛੜੱਪੀਂ ਹੋ ਰਿਹਾ ਸਰਬ-ਪੱਖੀ ਵਿਕਾਸ ਤੇ ਲੋਕਾਂ ਦੀਆਂ ਜੀਵਨ ਹਾਲਤਾਂ 'ਚ ਤੇਜੀ ਨਾਲ ਹੋ ਰਹੀ ਬੇਹਤਰੀ ਨੂੰ ਸਾਰੀ ਦੁਨੀਆਂ ਅਚੰਭੇ ਨਾਲ ਦੇਖ ਰਹੀ ਸੀ। ਭੁੱਖ-ਮਰੀ, ਬੇਰੁਜ਼ਗਾਰੀ, ਨਸਲੀ ਵਿਤਕਰੇ ਤੇ ਜੁਰਮ ਜਿਹੀਆਂ ਲਾਅਨਤਾਂ ਗਾਇਬ ਹੋ ਗਈਆਂ ਸਨ। ਸਰਮਾਏਦਾਰੀ ਪ੍ਰਬੰਧ ਅਧੀਨ ਅਸੰਭਵ ਜਾਪਦੀਆਂ ਇਹ ਪ੍ਰਾਪਤੀਆਂ ਸਰਮਾਏਦਾਰੀ ਪ੍ਰਬੰਧ ਦੇ ਮੁਕਾਬਲੇ ਸਮਾਜਵਾਦੀ ਪ੍ਰਬੰਧ ਦੀ ਉੱਤਮਤਾ ਦਾ ਮੂੰਹ ਬੋਲਦਾ ਪ੍ਰਮਾਣ ਬਣ ਕੇ ਦੁਨੀਆਂ ਭਰ ਦੇ ਲੋਕਾਂ ਨੂੰ ਧੂਹ ਪਾ ਰਹੀਆਂ ਸਨ। ਉਧਰ ਦੁਨੀਆਂ ਅੰਦਰ ਪ੍ਰਚੰਡ ਹੋ ਰਹੀਆਂ ਕੌਮੀ-ਮੁਕਤੀ ਦੀਆਂ ਲਹਿਰਾਂ ਅਤੇ ਹੋਰ ਇਨਕਲਾਬੀ ਜਮਾਤੀ ਘੋਲ ਅਤੇ ਸਮਾਜਵਾਦੀ ਮੁਲਕਾਂ ਵੱਲੋਂ ਇਹਨਾਂ ਜੱਦੋਜਹਿਦਾਂ ਤੇ ਲਹਿਰਾਂ ਦੀ ਕੀਤੀ ਜਾ ਰਹੀ ਗਹਿ-ਗੱਡਵੀਂ ਤੇ ਬੇਗਰਜ ਹਮਾਇਤ ਇਹ ਸਭ ਮਿਲ ਕੇ ਸੰਸਾਰ ਪੂੰਜੀਵਾਦ ਦੇ ਪ੍ਰਭੂਆਂ ਨੂੰ ਕੰਬਣੀਆਂ ਛੇੜ ਰਹੇ ਸਨ। ਇਹ ਇੱਕ ਵੱਡਾ ਕਾਰਨ ਸੀ ਜਿਸ ਕਰਕੇ ਸਮਾਜਵਾਦੀ ਪ੍ਰਬੰਧ ਤੇ ਵਿਚਾਰਾਂ ਵੱਲੋਂ ਪੂੰਜੀਵਾਦੀ ਪ੍ਰਬੰਧ ਨੂੰ ਲਾਏ ਜਾ ਰਹੇ ਖੋਰੇ ਨੂੰ ਰੋਕਣ ਲਈ, ਹੋਰਨਾਂ ਉਪਾਵਾਂ ਦੇ ਨਾਲ ਨਾਲ ਸੰਸਾਰ ਪੂੰਜੀਵਾਦ ਨੂੰ ''ਕਲਿਆਣਕਾਰੀ ਪੂੰਜੀਵਾਦ'' ਦਾ ਜਾਮਾ ਪਹਿਨਣਾ ਪਿਆ। ਪੂੰਜੀਵਾਦੀ ਰਾਜਾਂ ਵੱਲੋਂ ਲੋਕਾਂ ਨੂੰ ਲੁਭਾਅ ਕੇ ਰੱਖਣ ਲਈ ਬਾਲ-ਭਲਾਈ, ਵਿਦਿਆ, ਸਿਹਤ, ਸਮਾਜਕ ਸੁਰੱਖਿਆ ਆਦਿਕ ਖੇਤਰਾਂ ਵਿਚ ਅਨੇਕਾਂ ਕਲਿਆਣਕਾਰੀ ਪ੍ਰੋਗਰਾਮ ਅਰੰਭੇ ਗਏ ਸਨ। ਹੁਣ ਸਮਾਜਵਾਦੀ ਪ੍ਰਬੰਧ ਦੀ ਗੈਰਹਾਜਰੀ ' ਮੁਕਾਬਲੇਬਾਜੀ ਨਾ ਰਹਿਣ ਅਤੇ ਸੰਸਾਰ ਸਾਮਰਾਜੀ ਪ੍ਰਬੰਧ ਦੇ ਸੰਕਟ ਦੇ ਅਤਿਅੰਤ ਤਿੱਖਾ ਹੋ ਜਾਣ ਨਾਲ ਹੌਲੀ ਹੌਲੀ ਸਭਨਾ ਸਰਮਾਏਦਾਰ ਮੁਲਕਾਂ ਵੱਲੋਂ ਉਸ ਵੇਲੇ ਚੁੱਕੇ ਇਹਨਾਂ ਕਲਿਆਣਕਾਰੀ ਕਦਮਾਂ ਤੋਂ ਪੈਰ ਪਿੱਛੇ ਖਿੱਚੇ ਜਾ ਚੁੱਕੇ ਹਨ ਜਾਂ ਖਿਚੇ ਜਾ ਰਹੇ ਹਨ।
ਪਿਛਲੇ ਕੁੱਝ ਦਹਾਕਿਆਂ ਦੌਰਾਨ ਕੌਮਾਂਤਰੀ ਕਮਿਊਨਿਸਟ ਲਹਿਰ ਅੰਦਰ ਮੌਕਾਪ੍ਰਸਤੀ ਦੇ ਹਾਵੀ ਹੋ ਜਾਣ ਅਤੇ ਸਮਾਜਵਾਦੀ ਕੈਂਪ ਅਤੇ ਰਾਜਾਂ ਦਾ ਪਤਨ ਹੋ ਜਾਣ ਨਾਲ ਸੰਸਾਰ ਹਾਲਤ ਵਿਚ ਵੱਡੀ ਤਬਦੀਲੀ ਆ ਚੁੱਕੀ ਹੈ। ਸੰਸਾਰ ਕਮਿਊਨਿਸਟ ਲਹਿਰ ਵਿਚਾਰਧਾਰਕ ਘਚੋਲੇ, ਸੰਕਟ ਤੇ ਖਿੰਡਾਅ ਦਾ ਸ਼ਿਕਾਰ ਹੈ। ਹੋਰ ਇਨਕਲਾਬੀ ਤੇ ਜਮਹੂਰੀ ਸ਼ਕਤੀਆਂ ਵੀ ਕਮਜੋਰੀ ਦੀ ਹਾਲਤ 'ਚੋਂ ਲੰਘ ਰਹੀਆਂ ਹਨ। ਤੁਰਤ ਪੈਰੇ ਪ੍ਰਸੰਗ 'ਚ ਇਨਕਲਾਬੀ ਸ਼ਕਤੀਆਂ ਫੌਰੀ ਪੱਖ ਤੋਂ ਸਾਮਰਾਜੀ ਪ੍ਰਬੰਧ ਲਈ ਕੋਈ ਗੰਭੀਰ ਚੁਣੌਤੀ ਨਹੀਂ ਬਣਦੀਆਂ। ਤਾਂ ਵੀ, ਸੰਸਾਰ ਸਾਮਰਾਜੀ ਪ੍ਰਬੰਧ ਬਹੁਤ ਹੀ ਤਿੱਖੇ ਸੰਕਟ ਦਾ ਸ਼ਿਕਾਰ ਹੈ ਜਿਸ 'ਚੋਂ ਨਿੱਕਲਣਾ ਔਖਾ ਲੱਗ ਰਿਹਾ ਹੈ । ਮੌਜੂਦਾ ਹਾਲਤ ਦੀ 1930 ਵਿਆਂ 'ਚ ਸੰਸਾਰ ਸਾਮਰਾਜ ਨੂੰ ਦਰਪੇਸ਼ ਆਏ ਚੌਤਰਫਾ ਭਿਆਨਕ ਮੰਦਵਾੜੇ ਨਾਲ ਤੁਲਨਾ ਕੀਤੀ ਜਾ ਰਹੀ ਹੈ। ਇਹ ਹਾਲਤ ਵੱਡਾ ਝੱਖੜ ਝੁੱਲਣ ਤੋਂ ਪਹਿਲਾਂ ਬਣਨ ਵਾਲੇ ਦਮ-ਘੋਟੂ ਮਹੌਲ ਵਰਗੀ ਹੈ। ਮਹਾਨ ਅਕਤੂਬਰ ਇਨਕਲਾਬ ਤੇ ਚੀਨੀ ਇਨਕਲਾਬ ਦੀ ਇਨਕਲਾਬੀ ਵਿਰਾਸਤ ਅਜਿਹੀ ਹਾਲਤ 'ਚ ਇਨਕਲਾਬੀ ਸ਼ਕਤੀਆਂ ਦੀ ਤੇਜ ਰਫਤਾਰ ਪੇਸ਼ਕਦਮੀ ਲਈ ਉਹਨਾਂ ਦਾ ਅੱਜ ਵੀ ਰਾਹ ਰੁਸ਼ਨਾਉਂਦੀ ਹੈ।
ਉਪਰੋਕਤ ਦੋਹਾਂ ਮਹਾਨ ਇਨਕਲਾਬਾਂ ਦੇ ਵਿਰਸੇ ਨੇ ਇਤਿਹਾਸਕ ਤੌਰ 'ਤੇ ਇਹ ਗੱਲ ਸਥਾਪਤ ਕਰ ਦਿੱਤੀ ਹੈ ਕਿ ਮਾਰਕਸਵਾਦੀ ਵਿਚਾਰਧਾਰਾ ਤੇ ਫਲਸਫਾ ਮਹਿਜ ਕੋਈ ਕਾਲਪਨਿਕ ਸਿਧਾਂਤ ਨਹੀਂ, ਸਗੋਂ ਵਿਗਿਆਨਕ ਵਿਚਾਰਧਾਰਾ ਤੇ ਫਲਸਫਾ ਹੈ।
ਰਮਾਏਦਾਰੀ ਪ੍ਰਬੰਧ ਦਾ ਪਤਨ ਕੋਈ ਮਨਘੜਤ ਖੁਸ਼ਫਹਿਮੀ ਨਹੀਂ, ਸਗੋਂ ਅਟੱਲ ਵਰਤਾਰਾ ਹੈ। ਸਮਾਜਵਾਦੀ ਰਾਜਾਂ ਦੀ ਸਥਾਪਨਾ ਕੋਈ ਖੁਸ਼ਗਵਾਰ ਸੁਪਨਾ ਨਹੀਂ, ਇਸ ਧਰਤੀ ਉਪਰ ਇਸ ਦੇ ਲੱਗਭੱਗ ਇੱਕ ਤਿਹਾਈ ਭਾਗ ਉਤੇ ਹੋਂਦ ਵਿਚ ਆ ਚੁੱਕੀ ਤੇ ਕਈ ਦਹਾਕੇ ਕਿਰਿਆਸ਼ੀਲ ਰਹੀ ਪ੍ਰਤੱਖ ਹਕੀਕਤ ਹੈ। ਇਹਨਾਂ ਸਮਾਜਵਾਦੀ ਰਾਜਾਂ ਦੀਆਂ ਬਰਕਤਾਂ ਹੰਢਾ ਚੁੱਕੀ ਪੀੜੀ ਚਾਹੇ ਹੁਣ ਅਲੋਪ ਹੋ ਰਹੀ ਹੈ ਪਰ ਇਹਨਾਂ ਸਮਾਜਾਂ 'ਚ ਕਾਣੀ ਆਰਥਕ ਵੰਡ, ਸਮਾਜਿਕ ਅਨਿਆਂ, ਬੇਰੁਜ਼ਗਾਰੀ, ਭੁੱਖਮਰੀ, ਨਸ਼ੇਖੋਰੀ ਜਿਹੀਆਂ ਅਲਾਮਤਾਂ ਨੂੰ ਤੇਜੀ ਨਾਲ ਪਏ ਖੋਰੇ ਤੇ ਵਸੋਂ ਦੀਆਂ ਜੀਵਨ ਹਾਲਤਾਂ 'ਚ ਆਏ ਵੱਡੇ ਸੁਧਾਰ ਇਤਿਹਾਸ ਦੇ ਪੰਨਿਆਂ ਉੱਪਰ ਉੱਕਰੇ ਜਾ ਚੁੱਕੇ ਹਨ ਜਿੰਨਾਂ ਨੂੰ ਸੌਖਿਆਂ ਹੀ ਮਿਟਾਇਆ ਨਹੀਂ ਜਾ ਸਕਦਾ। ਕੋਈ ਵੀ ਨਵਾਂ ਤਜਰਬਾ ਜਾਂ ਸਿਰਜਣਾਤਮਕ ਸਰਗਰਮੀ ਵੇਲੇ ਰਹਿਣ ਵਾਲੀਆਂ ਸੁਭਾਵਕ ਘਾਟਾਂ ਕਮਜੋਰੀਆਂ ਵਾਂਗ ਇਹਨਾਂ ਸਮਾਜਵਾਦੀ ਪ੍ਰਬੰਧਾਂ ਅੰਦਰ ਤਰੁਟੀਆਂ ਰਹਿਣੀਆਂ ਸੁਭਾਵਕ ਸਨ। ਫਿਰ ਵੀ ਲੁੱਟ-ਖਸੁੱਟ ਤੇ ਵਿਤਕਰਿਆਂ 'ਤੇ ਅਧਾਰਤ ਸਰਮਾਏਦਾਰੀ ਨਿਜ਼ਾਮ ਅਤੇ ਪ੍ਰਬੰਧ ਦੇ ਮੁਕਾਬਲੇ ਇਨਾਂ ਸਮਾਜਵਾਦੀ ਰਾਜਾਂ ਤੇ ਪ੍ਰਬੰਧ ਦੀ ਉੱਤਮਤਾ ਇੱਕ ਨਾ ਝੁਠਲਾਈ ਜਾ ਸਕਣ ਵਾਲੀ ਹਕੀਕਤ ਹੈ। ਇਹਨਾਂ ਇਨਕਲਾਬਾਂ ਦੇ ਗੌਰਵਮਈ ਵਿਰਸੇ ਦੀਆਂ ਇਹ ਅਤੇ ਹੋਰ ਅਨੇਕਾਂ ਮਾਣਮੱਤੀਆਂ ਪ੍ਰਾਪਤੀਆਂ ਇਹਨਾਂ ਮਹਾਨ ਇਨਕਲਾਬਾਂ ਦੀ ਲੋਅ ਨੂੰ  ਕਦੇ ਬੁਝਣ ਜਾਂ ਮੱਧਮ ਨਹੀਂ ਪੈਣ ਦੇਣਗੀਆਂ। ਮਹਾਨ ਅਕਤੂਬਰ ਇਨਕਲਾਬ ਅਤੇ ਮਹਾਨ ਚੀਨੀ ਇਨਕਲਾਬ ਦੀਆਂ ਗੂੰਜਾਂ ਉਦੋਂ ਤੱਕ ਪੈਂਦੀਆਂ ਰਹਿਣਗੀਆਂ ਜਦੋਂ ਤੱਕ ਰੱਤ-ਪੀਣੇ ਤੇ ਹਿੰਸਕ ਸਾਮਰਾਜੀ ਪ੍ਰਬੰਧ ਨੂੰ ਸਦਾ ਲਈ ਹੂੰਝ ਕੇ ਇਤਿਹਾਸ ਦੇ ਕੂੜੇ ਦੇ ਢੇਰ 'ਤੇ ਸੁੱਟ ਨਹੀਂ ਦਿੱਤਾ ਜਾਂਦਾ ਤੇ ਇਸ ਦੀ ਥਾਂ ਸਮਾਜਵਾਦੀ ਪ੍ਰਬੰਧ ਸਥਾਪਤ ਨਹੀਂ ਹੋ ਜਾਂਦਾ।