ਕਾ. ਮਾਓ ਦਾ ਜਨਮ ਦਿਹਾੜਾ-
ਭਾਰਤੀ ਇਨਕਲਾਬ ਦਾ ਰਾਹ ਅਤੇ ਮਾਓ ਵਿਚਾਰਧਾਰਾ
(ਕਾ. ਮਾਓ ਦੀ ਅਗਵਾਈ 'ਚ ਚੀਨੀ ਕਮਿਊਨਿਸਟ ਪਾਰਟੀ ਦੀ ਟਿੱਪਣੀ ਦੇ ਅੰਸ਼)
ਭਾਰਤ ਦੀ ਧਰਤੀ 'ਤੇ ਬਿਜਲੀ ਕੜਕੀ ਹੈ। ਦਾਰਜਲਿੰਗ ਇਲਾਕੇ ਦੇ ਕਿਸਾਨਾਂ ਨੇ ਬਗ਼ਾਵਤ ਕਰ ਦਿੱਤੀ ਹੈ। ਭਾਰਤੀ ਕਮਿਊਨਿਸਟ ਪਾਰਟੀ ਦੇ ਇਨਕਲਾਬੀ ਗਰੁੱਪ ਦੀ ਅਗਵਾਈ ਹੇਠ, ਭਾਰਤ ਅੰਦਰ ਪੇਂਡੂ ਇਨਕਲਾਬੀ ਹਥਿਆਰਬੰਦ ਜਦੋਜਹਿਦ ਦਾ ਇਕ ਲਾਲ ਇਲਾਕਾ ਸਥਾਪਤ ਹੋਇਆ ਹੈ। ਇਹ ਭਾਰਤੀ ਲੋਕਾਂ ਦੀ ਇਨਕਲਾਬੀ ਜਦੋਜਹਿਦ ਅੰਦਰ ਬੇਹੱਦ ਅਹਿਮ ਘਟਨਾ-ਵਿਕਾਸ ਹੈ।......
ਚੀਨ ਦੇ ਲੋਕ ਅਤੇ ਦੁਨੀਆਂ ਭਰ ਦੇ ਸਾਰੇ ਮਾਰਕਸਵਾਦੀ-ਲੈਨਿਨਵਾਦੀ ਅਤੇ ਇਨਕਲਾਬੀ ਲੋਕ ਦਾਰਜਲਿੰਗ ਇਲਾਕੇ ਦੇ ਭਾਰਤੀ ਕਿਸਾਨਾਂ ਦੇ ਇਸ ਇਨਕਲਾਬੀ ਤੂਫ਼ਾਨ ਦੀ ਪੁਰਜ਼ੋਸ ਪ੍ਰੰਸ਼ਸ਼ਾ ਕਰਦੇ ਹਨ।
ਭਾਰਤੀ ਕਿਸਾਨਾਂ ਦੀ ਬਗਾਵਤ ਅਤੇ ਭਾਰਤੀ ਲੋਕਾਂ ਦਾ ਇਨਕਲਾਬ ਅਟੱਲ ਹਨ; ਪਿਛਾਖੜੀ ਕਾਂਗਰਸ ਹਕੂਮਤ ਨੇ ਉਨ੍ਹਾਂ ਲਈ ਕੋਈ ਰਾਹ ਨਹੀਂ ਛੱਡਿਆ। ਕਾਂਗਰਸੀ ਹਕੂਮਤ ਹੇਠ ਭਾਰਤ, ਭਾਵੇਂ ਨਾਂਅ ਨੂੰ ਤਾਂ ਆਜ਼ਾਦ ਹੈ, ਪਰ ਅਸਲੀਅਤ ਵਿੱਚ ਇਹ ਅਜੇ ਵੀ ਅਰਧ-ਬਸਤੀਵਾਦੀ, ਅਰਧ-ਜਾਗੀਰੂ ਮੁਲਕ ਹੈ। ਕਾਂਗਰਸੀ ਹਕੂਮਤ ਭਾਰਤ ਦੇ ਜਗੀਰੂ ਸਹਿਜ਼ਾਦਿਆਂ, ਵੱਡੇ ਜਗੀਰਦਾਰਾਂ ਅਤੇ ਨੌਕਰਸ਼ਾਹ-ਦਲਾਲ ਸਰਮਾਏਦਾਰਾਂ ਦੇ ਹਿੱਤਾਂ ਦੀ ਨੁੰਮਾਇਦਗੀ ਕਰਦੀ ਹੈ। ਅੰਦਰੂਨੀ ਤੌਰ 'ਤੇ ਇਹ ਭਾਰਤੀ ਲੋਕਾਂ ਨੂੰ ਬੇਰਹਿਮੀ ਨਾਲ ਦਬਾਉਂਦੀ ਹੈ ਤੇ ਉਨ੍ਹਾਂ ਦੀ ਬੇਤਰਸ ਲੁੱਟ ਕਰਦੀ ਹੈ। ਕੌਮਾਂਤਰੀ ਪੱਧਰ 'ਤੇ ਜਦਕਿ ਇਹ ਆਪਣੇ ਪੁਰਾਣੇ ਸੁਆਮੀ ਬਰਤਾਨਵੀ ਸਾਮਰਾਜਵਾਦ 'ਤੇ ਨਿਰਭਰਤਾ ਜਾਰੀ ਰੱਖ ਰਹੀ ਹੈ, ਇਹ ਆਪਣੇ ਨਵੇਂ ਮਾਲਕ ਅਮਰੀਕਨ ਸਾਮਰਾਜਵਾਦ ਤੇ ਉਸਦੇ ਇਕ ਨੰਬਰ ਦੇ ਜੋਟੀਦਾਰ ਰੂਸੀ ਸੋਧਵਾਦੀ ਜੁੰਡਲੀ ਦੀ ਝੋਲੀ 'ਚ ਪੈ ਰਹੀ ਹੈ। ਇਸ ਤਰ੍ਹਾਂ ਭਾਰਤ ਦੇ ਕੌਮੀ ਹਿੱਤਾਂ ਨੂੰ ਵੱਡੀ ਪੱਧਰ 'ਤੇ ਵੇਚ ਰਹੀ ਹੈ। ਸੋ, ਸਾਮਰਾਜਵਾਦ, ਸੋਵੀਅਤ ਸੋਧਵਾਦ, ਜਗੀਰਦਾਰੀ ਅਤੇ ਨੌਕਰਸ਼ਾਹ ਦਲਾਲ ਸਰਮਾਏਦਾਰੀ, ਭਾਰਤੀ ਲੋਕਾਂ, ਖਾਸ ਕਰਕੇ ਮਜ਼ਦੂਰਾਂ ਕਿਸਾਨਾਂ ਦੀ ਮਿਹਨਤਕਸ਼ ਜਨਤਾ ਦੀ ਪਿੱਠ 'ਤੇ ਲੱਦੇ ਹੋਏ ਵੱਡੇ ਪਹਾੜ ਹਨ। ਪਿਛਲੇ ਕੁੱਝ ਸਾਲਾਂ ਦੌਰਾਨ ਕਾਂਗਰਸ ਹਕੂਮਤ ਨੇ ਇਕ ਪਾਸੇ ਭਾਰਤੀ ਲੋਕਾਂ ਨੂੰ ਲੁੱਟਣ 'ਤੇ ਦਬਾਉਣ ਦੇ ਮਾਮਲੇ 'ਚ ਤੇ ਦੂਜੇ ਪਾਸੇ ਕੌਮੀ ਵਿਸ਼ਵਾਸ਼ਘਾਤ ਦੀ ਨੀਤੀ ਲਾਗੂ ਕਰਨ ਦੇ ਮਾਮਲੇ 'ਚ ਤੇਜ਼ੀ ਲਿਆਂਦੀ ਹੈ। ..................
ਭਾਰਤੀ ਇਨਕਲਾਬ ਕਿਹੜਾ ਰਾਹ ਅਪਨਾਵੇ,ਇਹ ਇਨਕਲਾਬ ਦੀ ਜਿੱਤ ਜਾਂ ਹਾਰ ਅਤੇ 50 ਕਰੋੜ ਭਾਰਤੀ ਲੋਕਾਂ ਦੀ ਹੋਣੀ ਨੂੰ ਅਸਰ-ਅੰਦਾਜ਼ ਕਰਨ ਵਾਲਾ ਬੁਨਿਆਦੀ ਸਵਾਲ ਹੈ। ਭਾਰਤੀ-ਇਨਕਲਾਬ ਨੂੰ ਕਿਸਾਨਾਂ 'ਤੇ ਨਿਰਭਰ ਕਰਨ, ਪੇਂਡੂ ਇਲਾਕਿਆਂ 'ਚ ਆਧਾਰ ਇਲਾਕੇ ਸਥਾਪਤ ਕਰਨ, ਲਮਕਵਾਂ ਹਥਿਆਰਬੰਦ ਘੋਲ ਚਲਾਉਣ ਅਤੇ ਪਿੰਡਾਂ ਰਾਹੀਂ ਸ਼ਹਿਰਾਂ ਨੂੰ ਘੇਰਨ ਅਤੇ ਅੰਤ ਫਤਿਹ ਕਰਨ ਦੇ ਰਾਹ ਪੈਣਾ ਚਾਹੀਦਾ ਹੈ। ਇਹ ਮਾਓ-ਜੇ-ਤੁੰਗ ਦਾ ਰਾਹ ਹੈ। ਇਹ ਉਹ ਰਾਹ ਹੈ ਜਿਸ 'ਤੇ ਚੱਲ ਕੇ ਚੀਨੀ ਇਨਕਲਾਬ ਨੇ ਜਿੱਤ ਹਾਸਲ ਕੀਤੀ ਹੈ ਅਤੇ ਇਹ ਇਕੋ ਇਕ ਰਾਹ ਹੈ ਜਿਸ 'ਤੇ ਚੱਲਕੇ ਸਾਰੀਆਂ ਦੱਬੀਆਂ-ਕੁਚਲੀਆਂ ਕੌਮਾਂ ਤੇ ਲੋਕਾਂ ਦੇ ਇਨਕਲਾਬ ਨੇ ਜੇਤੂ ਹੋਣਾ ਹੈ।
40 ਸਾਲ ਪਹਿਲਾਂ ਸਾਡੇ ਮਹਾਨ ਆਗੂ ਚੇਅਰਮੈਨ ਮਾਓ-ਜੇ-ਤੁੰਗ ਨੇ ਦਰਸਾਇਆ ਸੀ; ''ਚੀਨ ਦੇ ਕੇਂਦਰੀ ਦੱਖਣੀ ਤੇ ਉੱਤਰੀ ਸੂਬਿਆਂ ਵਿੱਚ ਲਖੂਖਾਂ ਕਿਸਾਨ ਭਾਰੀ ਹਨੇਰੀ ਦੀ ਤਰ੍ਹਾਂ, ਇਕ ਤੂਫ਼ਾਨ ਦੀ ਤਰ੍ਹਾਂ ਤੇ ਇਕ ਅਜਿਹੀ ਤੀਬਰ ਤੇ ਹਿੰਸਕ ਤਾਕਤ ਬਣਕੇ ਉੱਠਣਗੇ ਜਿਸਨੂੰ ਵੱਡੀ ਤੋਂ ਵੱਡੀ ਤਾਕਤ ਵੀ ਰੋਕ ਨਹੀਂ ਸਕੇਗੀ। ਉਹ ਉਨ੍ਹਾਂ ਨੂੰ ਜਕੜੀ ਬੈਠੀਆਂ ਸਭ ਜ਼ੰਜੀਰਾਂ ਨੂੰ ਵਗਾਹ ਮਾਰਨਗੇ ਅਤੇ ਤੇਜ਼ੀ ਨਾਲ ਮੁਕਤੀ ਦੇ ਰਾਹ ਅੱਗੇ ਵਧਣਗੇ। ਉਹ ਹਰ ਕਿਸਮ ਦੇ ਸਾਮਰਾਜਵਾਦੀਆਂ, ਜੰਗੀ-ਲਾਟਾਂ, ਭ੍ਰਿਸ਼ਟ ਅਧਿਕਾਰੀਆਂ, ਸਥਾਨਕ ਜਾਬਰਾਂ ਤੇ ਦੁਸ਼ਟ ਸਫ਼ੈਦਪੋਸ਼ਾਂ ਨੂੰ ਹੂੰਝ ਸੁੱਟਣਗੇ ਤੇ ਕਬਰਾਂ 'ਚ ਦਫ਼ਨਾ ਦੇਣਗੇ।''
ਚੇਅਰਮੈਨ ਮਾਓ ਨੇ ਸਪਸ਼ਟ ਰੂਪ 'ਚ ਇਹ ਦਰਸਾਇਆ ਸੀ ਕਿ ਕਿਸਾਨੀ ਦਾ ਸੁਆਲ ਲੋਕਾਂ ਦੇ ਇਨਕਾਲਬ 'ਚ ਬੇਹੱਦ ਮਹੱਤਵ ਰੱਖਦਾ ਹੈ। ਕਿਸਾਨ, ਸਾਮਰਾਜਵਾਦ ਅਤੇ ਇਸਦੇ ਪਿੱਠੂਆਂ ਵਿਰੁੱਧ ਇਨਕਲਾਬ ਅੰਦਰ ਮੁੱਖ ਸ਼ਕਤੀ ਬਣਦੇ ਹਨ। ਇਹ ਮਜ਼ਦੂਰ ਜਮਾਤ ਦੇ ਸਭ ਤੋਂ ਵੱਧ ਭਰੋਸੇਯੋਗ ਤੇ ਸਭ ਤੋਂ ਵੱਡੀ ਗਿਣਤੀ ਵਾਲੇ ਸੰਗੀ ਬਣਦੇ ਹਨ। ਭਾਰਤ ਇਕ ਵਿਸ਼ਾਲ ਅਰਧ-ਬਸਤੀਵਾਦੀ, ਅਰਧ-ਜਗੀਰੂ ਦੇਸ਼ ਹੈ ਜਿਸਦੀ ਆਬਾਦੀ 50 ਕਰੋੜ ਹੈ ਤੇ ਜਿਸਦੀ ਵਿਸ਼ਾਲ ਬਹੁਗਿਣਤੀ ਕਿਸਾਨੀ ਹੈ। ਜੇ ਇਕ ਵਾਰ ਉੱਠ ਖੜ੍ਹੇ ਤਾਂ ਇਹ ਕਰੋੜਾਂ ਭਾਰਤੀ ਕਿਸਾਨ ਭਾਰਤੀ ਇਨਕਲਾਬ ਦੀ ਅਜੇਤੂ ਸ਼ਕਤੀ ਬਣ ਜਾਣਗੇ। ਕਿਸਾਨਾਂ ਨਾਲ ਇਕਜੁੱਟ ਹੋ ਕੇ ਭਾਰਤੀ ਮਜ਼ਦੂਰ ਜਮਾਤ ਵਿਸ਼ਾਲ ਪੇਂਡੂ ਖੇਤਰਾਂ 'ਚ ਹੇਠਲੀ ਉੱਤੇ ਕਰਨ ਵਾਲੀਆਂ ਤਬਦੀਲੀਆਂ ਲਿਆ ਸਕੇਗੀ ਅਤੇ ਝੰਜੋੜ ਕੇ ਰੱਖ ਦੇਣ ਵਾਲੇ ਲੋਕ ਯੁੱਧ ਰਾਹੀਂ ਕਿਸੇ ਵੀ ਸ਼ਕਤੀਸ਼ਾਲੀ ਦੁਸ਼ਮਣ ਨੂੰ ਹਰਾ ਸਕਦੀ ਹੈ।
ਸਾਡੇ ਮਹਾਨ ਆਗੂ ਚੇਅਰਮੈਨ ਮਾਓ ਨੇ ਸਾਨੂੰ ਸਿਖਾਇਆ ਹੈ, ''ਹਥਿਆਰਬੰਦ ਤਾਕਤ ਰਾਹੀਂ ਰਾਜ-ਸੱਤਾ 'ਤੇ ਕਬਜ਼ਾ, ਜੰਗ ਰਾਹੀਂ ਮਸਲੇ ਦਾ ਨਿਬੇੜਾ, ਇਨਕਲਾਬ ਦਾ ਕੇਂਦਰੀ ਕਾਰਜ ਅਤੇ ਉੱਚਤਮ ਰੂਪ ਹੈ। ਇਨਕਲਾਬ ਦਾ ਇਹ ਮਾਰਕਸਵਾਦੀ-ਲੈਨਿਨਵਾਦੀ ਅਸੂਲ ਹਰ ਜਗ੍ਹਾ ਲਾਗੂ ਹੁੰਦਾ ਹੈ – ਚੀਨ ਵਿੱਚ ਵੀ ਤੇ ਹੋਰ ਸਭਨਾਂ ਮੁਲਕਾਂ ਵਿੱਚ ਵੀ।''
ਚੀਨ ਦੇ ਇਨਕਲਾਬ ਵਾਂਗ ਹੀ ਭਾਰਤੀ ਇਨਕਲਾਬ ਦਾ ਵਿਸ਼ੇਸ਼ ਲੱਛਣ ਹਥਿਆਰਬੰਦ ਇਨਕਲਾਬ ਦੀ ਹਥਿਆਰਬੰਦ ਉਲਟ-ਇਨਕਲਾਬ ਖਿਲਾਫ਼ ਜੰਗ ਹੈ। ਹਥਿਆਰਬੰਦ ਸੰਘਰਸ਼ ਹੀ ਭਾਰਤੀ ਇਨਕਲਾਬ ਲਈ ਇਕੋ ਇਕ ਸਹੀ ਰਾਹ ਹੈ; ਇਸਦਾ ਹੋਰ ਕੋਈ ਵੀ ਰਾਹ ਨਹੀਂ ਹੈ।''ਗਾਂਧੀਵਾਦ'', ਪਾਰਲੀਮਾਨੀ ਰਾਹ ਵਰਗੇ ਬੇਤੁਕੇ ਵਿਚਾਰ ਭਾਰਤੀ ਲੋਕਾਂ ਦੀ ਸੁਰਤ ਮਾਰਨ ਲਈ ਭਾਰਤੀ ਹਾਕਮ ਜਮਾਤਾਂ ਵੱਲੋਂ ਅਫੀਮ ਦਿੱਤੇ ਜਾਣ ਵਾਂਗ ਹੈ। ਸਿਰਫ ਹਿੰਸਕ ਇਨਕਲਾਬ 'ਤੇ ਨਿਰਭਰ ਕਰਕੇ ਅਤੇ ਹਥਿਆਰਬੰਦ ਸੰਘਰਸ਼ ਦੇ ਰਾਹ ਪੈ ਕੇ ਹੀ ਭਾਰਤ ਨੂੰ ਬਚਾਇਆ ਜਾ ਸਕਦਾ ਹੈ ਤੇ ਭਾਰਤੀ ਲੋਕ ਮੁਕੰਮਲ ਮੁਕਤੀ ਹਾਸਲ ਕਰ ਸਕਦੇ ਹਨ। ਠੋਸ ਰੂਪ 'ਚ ਇਸਦਾ ਮਤਲਬ ਇਹ ਬਣਦਾ ਹੈ: ਕਿਸਾਨ ਜਨਤਾ ਨੂੰ ਧੜੱਲੇ ਨਾਲ ਉਠਾਉਣਾ, ਇਨਕਲਾਬੀ ਹਥਿਆਰਬੰਦ ਸ਼ਕਤੀਆਂ ਦੀ ਉਸਾਰੀ ਤੇ ਪਸਾਰਾ ਕਰਨਾ ਅਤੇ ਇਨਕਲਾਬੀ ਸ਼ਕਤੀਆਂ ਨਾਲੋਂ ਵਕਤੀ ਤੌਰ 'ਤੇ ਤਕੜੇ ਸਾਮਰਾਜੀਆਂ ਤੇ ਪਿਛਾਂਹ ਖਿੱਚੂਆਂ ਦੇ ਹਥਿਆਰਬੰਦ ਜਬਰ ਨਾਲ ਨਜਿੱਠਣ ਲਈ ਮਾਓ-ਜੇ-ਤੁੰਗ ਵੱਲੋਂ ਜਾਤੀ ਤੌਰ 'ਤੇ ਘੜੀ ਗਈ ਲੋਕਯੁੱਧ ਦੀ ਯੁੱਧਨੀਤੀ ਤੇ ਦਾਅਪੇਚਾਂ ਦੇ ਸਮੁੱਚੇ ਲਚਕੀਲੇ ਪੂਰ ਦੀ ਵਰਤੋਂ ਕਰਨੀ ਅਤੇ ਲਮਕਵੇਂ ਹਥਿਆਰਬੰਦ ਸੰਘਰਸ਼ 'ਚ ਡਟੇ ਰਹਿਣਾ ਅਤੇ ਇਨਕਲਾਬ 'ਚ ਕਦਮ-ਬ-ਕਦਮ ਜਿੱਤ ਹਾਸਲ ਕਰਨਾ।
ਚੀਨੀ ਇਨਕਲਾਬ ਦੇ ਵਿਸ਼ੇਸ਼ ਲੱਛਣਾਂ ਨੂੰ ਧਿਆਨ 'ਚ ਰੱਖਦਿਆਂ ਸਾਡੇ ਮਹਾਨ ਆਗੂ ਚੇਅਰਮੈਨ ਮਾਓ ਨੇ ਇਨਕਲਾਬੀ ਪੇਂਡੂ ਆਧਾਰ ਇਲਾਕੇ ਸਥਾਪਤ ਕਰਨ ਦੇ ਮਹੱਤਵ ਨੂੰ ਦਰਸਾਇਆ ਸੀ। ਚੇਅਰਮੈਨ ਮਾਓ ਸਾਨੂੰ ਸਿੱਖਿਆ ਦਿੰਦੇ ਹਨ ਕਿ ''ਸਾਮਰਾਜਵਾਦ ਅਤੇ ਇਸਦੇ ਪਿੱਠੂਆਂ ਵਿਰੁੱਧ ਲਮਕਵੇਂ ਹਥਿਆਰਬੰਦ ਸੰਘਰਸ਼ 'ਚ ਡਟੇ ਰਹਿਣ ਅਤੇ ਇਹਨਾਂ ਨੂੰ ਹਰਾਉਣ ਲਈ, ਇਨਕਲਾਬੀ ਸਫਾਂ ਲਈ ਇਹ ਅਤਿਅੰਤ ਜ਼ਰੂਰੀ ਹੈ ਕਿ ਉਹ ਪਛੜੇ ਹੋਏ ਪਿੰਡਾਂ ਨੂੰ ਵਿਕਸਤ ਤੇ ਮਜ਼ਬੂਤ ਆਧਾਰ ਇਲਾਕਿਆਂ 'ਚ ਤੇ ਇਨਕਲਾਬ ਦੇ ਮਹਾਨ ਫ਼ੌਜੀ, ਸਿਆਸੀ, ਆਰਥਕ ਅਤੇ ਸੱਭਿਆਚਾਰਕ ਗੜ੍ਹਾਂ 'ਚ ਬਦਲ ਦੇਣ, ਜਿਨ੍ਹਾਂ ਦੇ ਜ਼ੋਰ 'ਤੇ ਉਹ ਇਨ੍ਹਾਂ ਪੇਂਡੂ ਖੇਤਰਾਂ 'ਤੇ ਹਮਲਿਆਂ ਲਈ ਸ਼ਹਿਰਾਂ ਨੂੰ ਵਰਤ ਰਹੇ ਆਪਣੇ ਦੁਸ਼ਟ ਦੁਸ਼ਮਣਾਂ ਵਿਰੁੱਧ ਲੜਾਈ ਜਾਰੀ ਰੱਖ ਸਕਣ ਅਤੇ ਇਸ ਤਰੀਕੇ ਨਾਲ ਸਹਿਜੇ ਸਹਿਜੇ ਲਮਕਵੇਂ ਸੰਘਰਸ਼ ਰਾਹੀਂ ਇਨਕਲਾਬ ਦੀ ਮੁਕੰਮਲ ਜਿੱਤ ਹਾਸਲ ਕਰ ਸਕਣ।''
ਭਾਰਤ ਇਕ ਵਿਸ਼ਾਲ ਦੇਸ਼ ਹੈ। ਇਸਦੇ ਪੇਂਡੂ ਖਿੱਤੇ ਜਿੱਥੇ ਪਿਛਾਖੜੀ ਰਾਜ ਕਮਜ਼ੋਰ ਹੈ, ਇਨਕਲਾਬੀਆਂ ਦੀਆਂ ਆਜ਼ਾਦ ਗਤੀਵਿਧੀਆਂ ਲਈ ਵਿਸ਼ਾਲ ਖੇਤਰ ਮੁਹੱਈਆ ਕਰਦੇ ਹਨ। ਜੇ ਭਾਰਤ ਦੇ ਪ੍ਰੋਲੇਤਾਰੀ ਇਨਕਲਾਬੀ ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਦੀ ਇਨਕਲਾਬੀ ਲੀਹ 'ਤੇ ਡਟੇ ਰਹਿੰਦੇ ਹਨ ਅਤੇ ਆਪਣੇ ਮਹਾਨ ਸੰਗੀਆਂ ਯਾਨਿ ਕਿਸਾਨਾਂ 'ਤੇ ਭਰੋਸਾ ਰੱਖਦੇ ਹਨ ਤਾਂ ਉਹਨਾਂ ਲਈ ਵਿਸ਼ਾਲ ਪਛੜੇ ਪੇਂਡੂ ਇਲਾਕਿਆਂ ਅੰਦਰ ਇਕ ਤੋਂ ਬਾਅਦ ਇਕ ਵਿਕਸਤ ਇਨਕਲਾਬੀ ਪੇਂਡੂ ਆਧਾਰ ਇਲਾਕੇ ਸਥਾਪਤ ਕਰਨਾ ਅਤੇ ਨਵੀਂ ਕਿਸਮ ਦੀ ਲੋਕ ਸੈਨਾ ਦੀ ਉਸਾਰੀ ਕਰਨਾ ਪੂਰੀ ਤਰ੍ਹਾਂ ਸੰਭਵ ਹੈ। ਅਜਿਹੇ ਇਨਕਲਾਬੀ ਆਧਾਰ ਇਲਾਕਿਆਂ ਦੀ ਉਸਾਰੀ ਦੇ ਅਮਲ ਦੌਰਾਨ ਭਾਰਤੀ ਇਨਕਲਾਬੀਆਂ ਨੂੰ ਜਿੰਨ੍ਹੀਆਂ ਮਰਜ਼ੀ ਮੁਸ਼ਕਿਲਾਂ ਅਤੇ ਮੋੜਾਂ-ਘੋੜਾਂ ਦਾ ਸਾਹਮਣਾ ਕਰਨਾ ਪਵੇ, ਅੰਤਮ ਤੌਰ 'ਤੇ ਉਹ ਲਹਿਰ ਰੂਪੀ ਪਸਾਰਾ ਕਰਦਿਆਂ ਇਨ੍ਹਾਂ ਨੂੰ ਟੁੱਟਵੀਆਂ ਥਾਵਾਂ ਤੋਂ ਵਿਸ਼ਾਲ ਖਿੱਤੇ ਵਿੱਚ ਅਤੇ ਛੋਟੇ ਇਲਾਕਿਆਂ ਤੋਂ ਵਿਸਤ੍ਰਿਤ ਇਲਾਕਿਆਂ 'ਚ ਵਿਕਸਤ ਕਰ ਸਕਣਗੇ। ਇਸ ਤਰ੍ਹਾਂ ਭਾਰਤੀ ਇਨਕਲਾਬ ਅੰਦਰ ਸਹਿਜੇ ਸਹਿਜੇ ਇਕ ਅਜਿਹੀ ਹਾਲਤ ਸਿਰਜੀ ਜਾ ਸਕੇਗੀ ਜਿਸ ਵਿੱਚ ਪੇਂਡੂ ਇਲਾਕਿਆਂ ਰਾਹੀਂ ਸ਼ਹਿਰਾਂ ਨੂੰ ਘੇਰਿਆ ਜਾ ਸਕੇ ਅਤੇ ਅੰਤਮ ਤੌਰ 'ਤੇ ਸ਼ਹਿਰਾਂ 'ਤੇ ਕਬਜ਼ਾ ਕਰਨ ਤੇ ਮੁਲਕ ਪੱਧਰੀ ਜਿੱਤ ਹਾਸਲ ਕਰਨ ਲਈ ਆਧਾਰ ਪੈਦਾ ਕੀਤਾ ਜਾ ਸਕੇ।
........ਪੱਛਮੀ ਬੰਗਾਲ ਵਿੱਚਲੀ ਅਖੌਤੀ 'ਗੈਰ-ਕਾਂਗਰਸੀ ਹਕੂਮਤ' ਦਾਰਜਲਿੰਗ ਵਿੱਚ ਇਨਕਲਾਬੀ ਕਿਸਾਨਾਂ ਦੇ ਖੂਨੀ ਦਮਨ ਲਈ ਸ਼ਰੇਆਮ ਭਾਰਤੀ ਪਿਛਾਂਹਖਿੱਚੂ ਹਕੂਮਤ ਦੇ ਪੱਖ 'ਚ ਖੜ੍ਹੀ ਹੈ। ਇਹ ਇਸ ਗੱਲ ਦਾ ਇਕ ਹੋਰ ਸਬੂਤ ਹੈ ਕਿ ਇਹ ਭਗੌੜੇ ਤੇ ਸੋਧਵਾਦੀ ਅਮਰੀਕੀ ਸਾਮਰਾਜਵਾਦ ਅਤੇ ਸੋਵੀਅਤ ਸੋਧਵਾਦ ਦੇ ਚਾਕਰ ਹਨ ਅਤੇ ਵੱਡੇ ਭਾਰਤੀ ਜਗੀਰਦਾਰਾਂ ਅਤੇ ਸਰਮਾਏਦਾਰਾਂ ਦੇ ਹੱਥਠੋਕੇ ਹਨ। ਜਿਸਨੂੰ ਉਹ 'ਗੈਰ-ਕਾਂਗਰਸੀ ਸਰਕਾਰ' ਕਹਿੰਦੇ ਹਨ, ਇਹਨਾਂ ਜਗੀਰਦਾਰਾਂ ਤੇ ਸਰਮਾਏਦਾਰਾਂ ਦਾ ਸੰਦ-ਮਾਤਰ ਹੀ ਹੈ।......
ਭਾਵੇਂ ਭਾਰਤੀ ਇਨਕਲਾਬੀ ਸੰਘਰਸ਼ ਦਾ ਰਾਹ ਲੰਮਾ ਅਤੇ ਬਿਖੜਾ ਹੋਵੇਗਾ, ਮਹਾਨ ਮਾਰਕਸਵਾਦ-ਲੈਨਿਨਵਾਦ ਤੇ ਮਾਓ ਵਿਚਾਰਧਾਰਾ ਦੀ ਅਗਵਾਈ ਹੇਠ ਭਾਰਤੀ ਇਨਕਲਾਬ ਆਪਣੀ ਜਿੱਤ ਅਵੱਸ਼ ਹਾਸਲ ਕਰੇਗਾ।
(ਸਪਰਿੰਗ ਥੰਡਰ ਓਵਰ ਇੰਡੀਆ, ਪੀਕਿੰਗ ਰੀਵਿਊ 5ਜੁਲਾਈ, 1967 'ਚੋਂ)

No comments:
Post a Comment