Friday, October 9, 2026

9 ਸਤੰਬਰ ਜਨਮ ਦਿਹਾੜੇ ਮੌਕੇ....

 9 ਸਤੰਬਰ ਜਨਮ ਦਿਹਾੜੇ ਮੌਕੇ....

"ਪਾਸ਼"

ਜਿਉਂਣ ਦੀ ਮੜਕ ਦਾ ਕਵੀ "ਪਾਸ਼", ਇਸ ਮੜਕ ਨੂੰ ਪਾਲਦਾ, ਇਹਦੀ ਰਾਖੀ ਲਈ ਜੂਝਦਾ ਸ਼ਹੀਦਾਂ ਦੀ ਕਤਾਰ 'ਚ ਜਾ ਸ਼ਾਮਲ ਹੋਇਆ ਹੈ । ਉਹ ਸੂਰਮਿਆਂ ਦੀ ਮੌਤ ਮਰਿਆ ਹੈ। ਇਨਕਲਾਬੀ ਸੱਭਿਆਚਾਰ ਦੇ ਪਿੜ ਅੰਦਰ ਹਨੇਰੇ ਦੀਆਂ ਤਾਕਤਾਂ ਖਿਲਾਫ਼ ਜੂਝਦਿਆਂ, ਲੋਕ-ਦੁਸ਼ਮਣਾਂ 'ਤੇ ਰੋਹਲੇ ਬਾਣਾਂ ਦੀ ਵਾਛੜ ਕਰਦਿਆਂ ਅਤੇ ਰਾਜਨੀਤਕ ਪਿੜ 'ਚ ਇਹਨਾਂ ਦੁਸ਼ਮਣਾਂ ਖਿਲਾਫ਼ ਜ਼ਿੰਦਗੀ ਮੌਤ ਦਾ ਭੇੜ ਭਿੜ ਰਹੀ ਇਨਕਲਾਬੀ ਲਹਿਰ ਦੀ ਬੁੱਕਲ 'ਚ ਮਾਣ ਨਾਲ ਵਿਚਰਦਿਆਂ, “ਪਾਸ਼” ਨੇ ਆਪਣੇ ਲਹੂ ਨਾਲ ਇਸ ਸਾਰੇ ਕੁੱਝ ਦੀ ਕੀਮਤ ਤਾਰੀ ਹੈ ਅਤੇ ਆਪਣੇ ਸੁਰਖ਼ ਬੋਲਾਂ ਦੀ ਲਾਜ ਪਾਲੀ ਹੈ । “ਪਾਸ਼" ਦੀ ਸਾਹਿਤਕ ਜ਼ਿੰਦਗੀ, ਇਕ ਇਨਕਲਾਬੀ ਸ਼ਾਇਰ ਵਜੋਂ ਆਪਣੇ ਇਮਾਨ 'ਤੇ ਸਾਬਤਕਦਮੀ ਨਾਲ ਖੜ੍ਹਨ ਦੀ ਸ਼ਾਨਦਾਰ ਦਾਸਤਾਨ ਸੀ । ਜੇਲ੍ਹਾਂ ਦੀਆਂ ਕਾਲ ਕੋਠੜੀਆਂ ਅਤੇ ਤਸੀਹੇ, ਨਾ ਸਿਰਫ਼ ਜੂਝਦੀ ਜ਼ਿੰਦਗੀ ਨਾਲੋਂ “ਪਾਸ਼” ਦੀ ਕਲਮ ਦਾ ਰਿਸ਼ਤਾ ਤੋੜਨ ਤੋਂ ਅਸਮਰੱਥ ਰਹੇ,ਸਗੋਂ ਇਸ ਤਲਖ਼ ਅਨੁਭਵ ਦੀ ਸਾਣ 'ਤੇ ਲੱਗ ਕੇ ਕਲਮ ਦੀ ਤਿੱਖੀ ਹੋਈ ਇਨਕਲਾਬੀ ਧਾਰ ਨਾਲ ਉਹਦੀ ਕਵਿਤਾ ਨੇ ਨਵੀਆ ਬੁਲੰਦੀਆਂ ਛੋਹੀਆਂ ।
ਹਾਕਮ ਜਮਾਤਾਂ ਅਤੇ ਉਹਨਾਂ ਦੇ ਸੇਵਾਦਾਰ ਦਰਬਾਰੀ ਸਾਹਿਤਕਾਰਾਂ ਦੇ ਭੁਚਲਾਵੇ 'ਚ ਆਉਣ ਅਤੇ ਸੁਖ ਸਹੂਲਤਾਂ ਲਈ ਆਪਣੀ ਕਲਮ ਨੂੰ ਦੁਸ਼ਮਣ ਦੇ ਕਦਮਾਂ 'ਚ ਰੱਖ ਦੇਣ ਦੀ ਬਜਾਏ,   “ਪਾਸ਼” ਦੀ ਕਲਾ  ਦਾ  ਫੁੱਲ  “ਰਾਜੇ ਦੀ ਖਿੜਕੀ 'ਚ'' ਖਿੜਨੋਂ ਇਨਕਾਰੀ ਰਿਹਾ । ਹਾਕਮ ਜਮਾਤਾਂ ਦੇ ਨਿੱਘਰੇ ਸੁਹਜ -ਸੁਆਦਾਂ ਦੀ ਜਸ-ਗਾਥਾ 'ਚ ਸ਼ਾਮਲ ਹੋਣੋਂ ਨਫ਼ਰਤ ਨਾਲ ਇਨਕਾਰ ਕਰਦਿਆਂ "ਪਾਸ਼" ਨੇ ਦੱਬੀਆਂ ਕੁਚਲੀਆਂ ਜਮਾਤਾਂ ਪ੍ਰਤੀ ਆਪਣੀ ਵਫ਼ਾਦਾਰੀ ਨੂੰ ਆਂਚ ਨਾ ਆਉਣ ਦਿੱਤੀ ਅਤੇ ਆਪਣੇ ਇਹ ਬੋਲ ਪੁਗਾਕੇ ਵਿਖਾਏ :
“ਮੇਰੇ ਤੋਂ ਆਸ ਨਾ ਕਰਿਓ 
ਕਿ ਮੈਂ ਖੇਤਾਂ ਦਾ ਪੁੱਤ ਹੋ ਕੇ 
ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ 
ਜਿੰਨ੍ਹਾਂ ਦੇ ਹੜ੍ਹ 'ਚ ਰੁੜ੍ਹ ਜਾਂਦੀ ਹੈ।
ਸਾਡੇ ਬੱਚਿਆਂ ਦੀ ਤੋਤਲੀ ਕਵਿਤਾ ਤੇ
ਸਾਡੀਆਂ ਧੀਆਂ ਦਾ ਕੰਜਕ ਜਿਹਾ ਹਾਸਾ”
ਅੱਜ ਪੰਜਾਬ ਅੰਦਰ ਫਿਰਕੂ-ਫਾਸ਼ੀ ਤਾਕਤਾਂ ਹਰ ਖੇਤਰ 'ਚ ਧੜਕਦੀ ਜ਼ਿੰਦਗੀ ਦੀ ਰੌਂਅ ਨੂੰ ਆਪਣੀ ਹਨੇਰ-ਬਿਰਤੀ ਦੀ ਅੰਨ੍ਹੀ ਧੁੱਸ ਨਾਲ ਦਰੜ ਦੇਣ 'ਤੇ ਉਤਾਰੂ ਹਨ । ਇਸ ਹਾਲਤ ਨੇ ਸਾਹਿਤਕਾਰਾਂ, ਕਲਾਕਾਰਾਂ ਸਮੇਤ, ਜ਼ਿੰਦਗੀ ਦਾ ਉੱਜਲਾ ਭਵਿੱਖ ਲੋਚਦੇ ਸਭਨਾਂ ਲੋਕ-ਹਿਤੈਸ਼ੀਆਂ ਲਈ ਇੱਕ ਚੁਣੌਤੀ ਪੇਸ਼ ਕੀਤੀ ਹੈ । ਇਹ ਲੋਕ-ਸਾਹਿਤਕਾਰਾਂ ਦੀਆਂ ਕਲਮਾਂ ਦੇ ਸਿਦਕ ਅਤੇ ਸੂਝ ਦੀ ਪਰਖ ਦਾ ਵੇਲਾ ਹੈ । ਲੋਕ ਹਿਤਾਂ  ਲਈ ਖੂਨੀ ਚੁਣੌਤੀ ਪ੍ਰਤੀ ਖਰੇ ਰਹਿਣਾ ਹੁਣ ਨਾ ਸਿਰਫ਼ ਹੱਡਾਂ 'ਚ ਰਚੀ ਹੋਈ ਡੂੰਘੀ ਲੋਕ ਪੱਖੀ ਨੀਝ ਮੰਗਦਾ ਹੈ, ਸਗੋਂ ਲਹੂ ਨਾਲ ਇਸਦੀ ਕੀਮਤ ਤਾਰਨ ਦੀ ਜੁੱਅਰਤ ਵੀ ਮੰਗਦਾ ਹੈ । ਪਿਛਲੇ ਕੁੱਝ ਸਾਲਾਂ 'ਚ ਸਿਦਕ, ਇਮਾਨ ਤੇ ਸੂਝ ਦੇ ਤੋੜੇ ਦੀਅ ਸਰਾਪੀਆਂ ਕਈ ਉੱਘੀਆਂ ਸਾਹਿਤਕ ਸਖਸ਼ੀਅਤਾਂ ਫਿਰਕੂ ਗੁਬਾਰ-ਵਰੋਲੇ ਦੀ ਕਾਂਗ ਮੂਹਰੇ ਧੜੰਮ ਕਰਕੇ ਡਿੱਗਦੀਆਂ ਤੇ ਇਸਦੇ ਰੋੜ 'ਚ ਰੁੜ੍ਹਦੀਆਂ ਵੇਖੀਆਂ ਗਈਆਂ ਹਨ ਅਤੇ ਕਈ ਹੋਰਨਾਂ ਨੇ "ਅਕਾਸ਼ ਵਾਂਗ ਸਿਰਾਂ 'ਤੇ" ਛਾਈ ਖੂਨੀ ਯੁਧ ਲਲਕਾਰ ਦੀਆਂ ਅੱਖਾਂ 'ਚ ਝਾਕਣ ਨਾਲੋਂ ਲੋਕ-ਕਲਾ ਦੀ ਡੰਡੀ ਤੋਂ ਕੰਨੀ ਬਚਾਕੇ ਵੇਲਾ ਟਪਾ ਲੈਣ ਦੇ ਭਰਮ ਦਾ ਆਸਰਾ ਲੈ ਲਿਆ ਹੈ । ਪਰ “ਪਾਸ਼” ਅੰਦਰਲੇ “ਜ਼ਿੰਦਗੀ ਦੇ ਫੈਲੇ ਹੋਏ ਅਕਾਸ਼ 'ਤੇ ਫਿਦਾ ਹੋਣ" ਵਾਲੇ ਇਨਕਲਾਬੀ ਸਾਹਿਤਕਾਰ ਨੂੰ ਫਿਰਕੂ-ਫਾਸ਼ੀ ਤਾਕਤਾਂ ਦੇ ਖੂਨੀ ਉਭਾਰ ਮੂਹਰੇ ਜ਼ਿੰਦਗੀ ਦੀ ਹੋਂਦ ਦਾ ਸੁੰਗੜ ਕੇ ਰਹਿ ਜਾਣਾ ਕਬੂਲ ਨਹੀਂ ਸੀ ਤੇ ਉਹ “ਹਥਿਆਰਾਂ ਦੇ ਭੈੜੀ ਤਰ੍ਹਾਂ ਵਧ ਆਏ ਨਹੁੰਆਂ" ਤੋਂ ਜ਼ਿੰਦਗੀ ਦੇ ਹੁਸਨ ਦੀ ਰਾਖੀ ਲਈ ਸੂਰਮਿਆਂ ਵਾਂਗ ਮੈਦਾਨ 'ਚ ਨਿੱਤਰਿਆ ।
ਇਸ ਚੁਣੌਤੀ ਭਰੇ ਦੌਰ 'ਚ “ਪਾਸ਼” ਅੰਦਰਲੇ ਇਨਕਲਾਬੀ ਨੇ ਨਾ ਸਿਰਫ਼ ਇੱਕ ਸਾਹਿਤਕਾਰ ਦੇ ਰੂਪ 'ਚ ਅੰਗੜਾਈ ਭਰੀ, ਨਾ ਸਿਰਫ਼ ਉਹ ਵਿਚਾਰਾਂ ਦੇ ਖੇਤਰ 'ਚ ਫਿਰਕੂ-ਫਾਸ਼ੀ ਦਹਿਸ਼ਤਗਰਦਾਂ ਤੇ ਉਹਨਾਂ ਦੇ ਸਰਪ੍ਰਸਤਾਂ ਖ਼ਿਲਾਫ਼ ਸੰਗਰਾਮ ਨੂੰ ਜੀਅ ਜਾਨ ਨਾਲ ਸਮਰਪਿਤ ਹੋਇਆ, ਸਗੋਂ ਇਸ ਤੋਂ ਵੀ ਅੱਗੇ ਉਹ ਇਸ ਚੁਣੌਤੀ ਦਾ ਅਮਲੀ ਪੱਧਰ 'ਤੇ ਟਾਕਰਾ ਕਰਨ ਲਈ ਲੋਕ-ਸ਼ਕਤੀ ਨੂੰ ਉਭਾਰਨ ਦੇ ਕਾਜ਼ 'ਚ ਹਿੱਸਾ ਪਾਉਣ ਖਾਤਰ ਅੱਗੇ ਆਇਆ । ਅਮਰੀਕਾ 'ਚ ਐਂਟੀ 47 ਫਰੰਟ ਦੀਆਂ ਅਗਲੀਆਂ ਕਤਾਰਾਂ 'ਚ ਹੋ ਕੇ ਜੂਝਦਿਆਂ, ਉਸਨੇ ਖਾਲਸਤਾਨੀ ਫਿਰਕੂ-ਫਾਸ਼ੀ ਲਹਿਰ ਦੇ ਚਿਘਾਂੜਦੇ ਦੈਂਤ ਨੂੰ ਉਹਦੇ ਇਹਨਾਂ ਸੁਰੱਖਿਅਤ ਘੁਰਨਿਆਂ 'ਚ ਚੁਣੌਤੀ ਦੇ ਰਹੀ ਵਿਰੋਧ ਲਹਿਰ 'ਚ ਅਹਿਮ ਹਿੱਸਾ ਪਾਇਆ ਅਤੇ ਪੱਛਮੀ ਮੁਲਕਾਂ 'ਚ ਵਸਦੇ ਪੰਜਾਬੀ ਭਾਈਚਾਰੇ ਨੂੰ ਲਾਮਬੰਦ ਕਰਕੇ ਉੱਥੇ ਇਸ ਖੂਨੀ ਦੈਂਤ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾਉਣ ਦੇ ਮਹਤਵਪੂਰਨ ਕਾਰਜ 'ਚ ਜੁਟ ਗਿਆ । ਪੱਛਮੀ ਮੁਲਕਾਂ 'ਚ ਵਸੇ ਅਗਾਂਹ-ਵਧੂ ਪੰਜਾਬੀਆਂ ਦੀਆਂ ਵੱਖ ਵੱਖ ਜਥੇਬੰਦੀਆਂ ਨੂੰ ਫਿਰਕੂ ਤਾਕਤਾਂ ਅਤੇ ਭਾਰਤੀ ਹਾਕਮਾਂ ਦੇ ਜਬਰ ਖਿਲਾਫ਼ ਸੰਘਰਸ਼ਾਂ ਦੇ ਸਾਂਝੇ ਥੜ੍ਹੇ 'ਤੇ ਇੱਕਮੁੱਠ ਕਰਨ ਲਈ ਮਾਰੇ ਗਏ ਹੰਭਲਿਆਂ 'ਚ ਉਸਨੇ ਪੂਰੀ ਗਰਮਜੋਸ਼ੀ ਨਾਲ ਹਿੱਸਾ ਲਿਆ । ਅਮਰੀਕਾ 'ਚੋਂ ਉਸਦੇ ਆਪਣੇ ਦੋਸਤਾਂ ਦੇ ਆਏ ਖਤਾਂ 'ਚੋਂ ਪਤਾ ਲਗਦਾ ਹੈ ਕਿ “ਪਾਸ਼” ਪੱਛਮੀ ਮੁਲਕਾਂ 'ਚ ਹੌਲੀ ਹੌਲੀ ਜਮਹੂਰੀ ਹੱਕਾਂ ਦੇ ਅਜਿਹੇ ਪਲੇਟ ਫਾਰਮ ਦੀ ਉਸਾਰੀ ਦਾ ਮੰਤਵ ਰਖਦਾ ਸੀ, ਜਿਹੜਾ ਭਾਰਤ ਅੰਦਰ ਤਿੱਖੇ ਹੋ ਰਹੇ ਇਨਕਲਾਬੀ ਸੰਘਰਸ਼ ਅਤੇ ਦਿਨੋ ਦਿਨ ਭਿਆਨਕ ਹੋ ਰਹੇ ਹਕੂਮਤੀ ਜਬਰ ਖਿਲਾਫ਼ ਅਵਾਜ਼ ਉਠਾ ਸਕੇ।
ਅਮਰੀਕਾ 'ਚ ਪ੍ਰਕਾਸ਼ਤ ਹੋਈਆਂ ਤੇ ਵੰਡੀਆਂ ਗਈਆਂ ਐਂਟੀ-47 ਫਰੰਟ ਦੀਆਂ ਲਿਖਤਾਂ ਇਹ ਜ਼ਾਹਰ ਕਰਦੀਆਂ ਹਨ ਕਿ "ਪਾਸ਼" ਫਿਰਕੂ-ਫਾਸ਼ੀ ਤਾਕਤਾਂ ਅਤੇ ਹਕੂਮਤੀ ਜਬਰ ਖਿਲਾਫ਼ ਲੜੇ ਜਾ ਰਹੇ ਇਸ ਘੋਲ ਅੰਦਰ ਖਰੇ ਜਮਹੂਰੀ ਅਤੇ ਇਨਕਲਾਬੀ ਪੈਂਤੜੇ ਤੋਂ ਸ਼ਾਮਲ ਹੋਇਆ ਅਤੇ ਉਸ ਨੇ ਇਸ ਘੋਲ ਦੌਰਾਨ ਇਸ ਪੈਂਤੜੇ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ।
ਪੱਛਮੀ ਸਾਮਰਾਜੀ ਮੁਲਕਾਂ ਦੇ ਡਾਲਰਾਂ 'ਤੇ ਪਲਦੇ ਖਾਲਿਸਤਾਨੀ ਬੁਰਛਾਗਰਦਾਂ ਦੀਆਂ ਪਿਛਲੇ ਸਮੇਂ 'ਚ ਇਨ੍ਹਾਂ ਮੁਲਕਾਂ ਅੰਦਰਲੀਆਂ ਅਗਾਂਹਵਧੂ ਤੇ ਫਿਰਕਾਪ੍ਰਸਤੀ ਵਿਰੋਧੀ ਜਥੇਬੰਦੀਆਂ ਨਾਲ ਝੜਪਾਂ ਅਤੇ ਇਨ੍ਹਾਂ ਦੇ ਆਗੂਆਂ, ਵਰਕਰਾਂ 'ਤੇ ਹਮਲਿਆਂ ਨੇ, ਇਥੋਂ ਦੇ ਪੰਜਾਬੀ ਭਾਈਚਾਰੇ ਅੰਦਰੋਂ ਉੱਠ ਰਹੀ ਵਿਰੋਧ-ਅਵਾਜ਼ 'ਤੇ ਇਨ੍ਹਾਂ ਬੁਰਛਾਗਰਦਾਂ ਦੀ ਬੁਖਲਾਹਟ ਜ਼ਾਹਰ ਕਰ ਦਿੱਤੀ ਸੀ । 'ਖਾਲਿਸਤਾਨ ਕਮਾਂਡੋ ਫੋਰਸ ਵਲੋਂ “ਪਾਸ਼” ਦੇ ਕਤਲ ਸਬੰਧੀ ਬਿਆਨ ਅੰਦਰ ਉਸ ਦੀਆਂ ਅਮਰੀਕਾ 'ਚ ਕੀਤੀਆਂ ਸਰਗਰਮੀਆਂ ਦਾ ਵਿਸ਼ੇਸ਼ ਜ਼ਿਕਰ ਦਸਦਾ ਹੈ ਕਿ “ਪਾਸ਼” ਦੇ ਘਿਨਾਉਣੇ ਕਤਲ ਰਾਹੀਂ ਖਾਲਸਤਾਨੀ-ਫਾਸ਼ਿਸਟਾਂ ਨੇ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ 'ਤੇ ਇਕ ਹੋਰ ਖੂਨੀ ਵਾਰ ਕਰਨ ਦੇ ਨਾਲ ਨਾਲ ਪੱਛਮੀ ਮੁਲਕਾਂ ਅੰਦਰ ਖਾਲਸਤਾਨੀ ਫਾਸ਼ੀ ਲਹਿਰ ਖਿਲਾਫ਼ ਭਿੜ ਰਹੀ ਅਗਾਂਹਵਧੂ ਲਹਿਰ ਅੰਦਰ ਦਹਿਸ਼ਤ ਫੈਲਾ ਕੇ ਇਸ ਦੇ ਖੰਭ ਕੁਤਰਨੇ ਚਾਹੇ ਹਨ ।
ਪੰਜਾਬ ਦੀ ਕਮਿਊਨਿਸਟ ਇਨਕਲਾਬੀ ਲਹਿਰ ਦੀ ਹੋਣੀ ਨਾਲ, ਇਹਦੇ ਵਿਹੜੇ ਵਗਦੀਆਂ ਤੱਤੀਆਂ ਠੰਢੀਆਂ ਹਵਾਵਾਂ ਨਾਲ, "ਪਾਸ਼” ਦਾ ਡੂੰਘਾ ਸਰੋਕਾਰ ਸੀ । ਆਪਣੀ ਡੂੰਘੀ ਅਨੁਭਵਸ਼ੀਲਤਾ ਸਦਕਾ, ਉਹ ਕਮਿਊਨਿਸਟ ਇਨਕਲਾਬੀ ਲਹਿਰ ਅੰਦਰ ਪਸਰੇ ਵਿਚਾਰਧਾਰਕ-ਸਿਆਸੀ ਧੁੰਦਲਕੇ, ਘੜਮੱਸ ਅਤੇ ਤਿੱਖੇ ਭੇੜ ਦੇ ਅਮਲ ਦੌਰਾਨ ਘਟਨਾਵਾਂ-ਵਰਤਾਰਿਆਂ ਨੂੰ ਘੋਖਦਿਆਂ ਪਰਖਦਿਆਂ, ਦਰੁਸਤ ਰੁਝਾਨ ਨੂੰ ਬੁੱਝਣ-ਫੜ੍ਹਨ 'ਚ ਸਫ਼ਲ ਹੋਇਆ ਸੀ, ਜਿਸਦੇ ਸਿੱਟੇ ਵਜੋਂ ਪਿਛਲੇ ਕਈ ਸਾਲਾਂ ਤੋਂ ਉਹ ਵਿਚਾਰਕ ਤੇ ਭਾਵੁਕ ਪੱਧਰ 'ਤੇ ਇਸ ਲਹਿਰ ਅੰਦਰਲੇ ਦਰੁਸਤ ਰੁਝਾਨ ਨਾਲ ਗਹਿਰੇ ਰਿਸ਼ਤੇ 'ਚ ਬੱਝਿਆ ਹੋਇਆ ਸੀ ਤੇ ਇਸਦਾ ਡਟਵਾਂ ਸਮਰਥਕ ਸੀ। ਨਾ ਸਿਰਫ ਉਹ ਦਿਲ ਦੀਆਂ ਧੁਰ ਡੂੰਘਾਣਾਂ 'ਚੋਂ ਇਸ ਦਰੁਸਤ ਰੁਝਾਨ ਦੇ ਪ੍ਰਫੁਲਤ ਹੋਣ ਦੀ ਕਾਮਨਾ ਕਰਦਾ ਸੀ, ਸਗੋਂ ਅਮਲੀ ਪੱਧਰ 'ਤੇ, ਆਪਣੀਆਂ ਇਨਕਲਾਬੀ ਸਰਗਰਮੀਆਂ ਦੌਰਾਨ ਇਸ ਤੋਂ ਪ੍ਰੇਰਨਾ ਤੇ ਰੌਸ਼ਨੀ ਲੈਣ ਅਤੇ ਇਸ ਦੀ ਮਜ਼ਬੂਤੀ 'ਚ ਹਿੱਸਾ ਪਾਉਣ ਲਈ ਸਦਾ ਯਤਨਸ਼ੀਲ ਰਹਿੰਦਾ ਰਿਹਾ।
* ਧੁੱਪ ਵਾਂਗ ਧਰਤੀ 'ਤੇ ਖਿੜ ਜਾਣ” ਤੇ “ਜ਼ਿੰਦਗੀ ਵਿੱਚ ਗਲੇ ਤੱਕ ਡੁੱਬ ਕੇ” ਜਿਉਂਣ ਦੀਆਂ ਉਮੰਗਾਂ ਪਾਲਣ ਵਾਲਾ "ਪਾਸ਼” ਅਮਰੀਕਾ ਲਈ ਉਡਾਣ ਭਰਨ ਖਾਤਰ -ਘਰੋਂ ਰਵਾਨਾ ਹੋਣ ਤੋਂ ਸਿਰਫ਼ ਕੁਝ ਘੰਟੇ ਪਹਿਲਾਂ ਖਾਲਸਤਾਨੀ ਫਾਸ਼ੀ ਦਰਿੰਦਿਆਂ ਹੱਥੋਂ ਸ਼ਹੀਦ ਹੋ ਗਿਆ । ਅਮਰੀਕਾ ਵਿੱਚ ਉਸਦਾ ਪਰਿਵਾਰ, ਰਿਸ਼ਤੇਦਾਰ , ਮਿੱਤਰ ਤੇ ਇਨਕਲਾਬੀ ਸਾਥੀ ਉਹਦਾ ਬੇਤਾਬੀ ਨਾਲ ਇੰਤਜਾਰ ਕਰ ਰਹੇ ਸਨ, ਪਰ ਇਸ ਤੋਂ ਕਿਤੇ ਵੱਧ ਬੇਤਾਬੀ ਨਾਲ, ਜ਼ਿੰਦਗੀ ਅਥਾਹ ਇਨਕਲਾਬੀ ਸੰਭਾਵਨਾਵਾਂ ਨਾਲ ਭਰਪੂਰ ਇਕ ਅਨੂਠੀ ਸਖਸ਼ੀਅਤ ਵੱਲੋਂ ਭਰੀਆਂ ਜਾਣ ਵਾਲੀਆਂ ਉਡਾਣਾਂ ਦੇ ਇੰਤਜ਼ਾਰ 'ਚ ਸੀ ।
ਪੰਜਾਬ ਦੀ ਇਨਕਲਾਬੀ ਲਹਿਰ ਲਈ “ਪਾਸ਼ ਦਾ ਘਾਟਾ ਅਸਹਿ ਹੈ, ਖਾਸ ਕਰਕੇ ਪੰਜਾਬੀ ਦੇ ਇਨਕਲਾਬੀ ਸਾਹਿਤ ਨੂੰ ਲੰਮਾ ਚਿਰ ਆਪਣੇ ਅਸਮਾਨ 'ਤੇ ਨਿਵੇਕਲੀ ਚਮਕ ਨਾਲ ਟਿਮ-ਟਿਮਾਉਂਦੇ ਇਸ ਸਿਤਾਰੇ ਦੇ ਅਲੋਪ ਹੋ ਜਾਣ ਨਾਲ ਪਏ ਖੱਪੇ ਦੀ ਚੀਸ ਹੰਢਾਉਣੀ ਪੈਣੀ ਹੈ।
ਪਰ ਖਾਲਿਸਤਾਨੀ ਬੁਰਛਾਗਰਦ ਨਹੀਂ ਜਾਣਦੇ ਕਿ ਇਨਕਲਾਬੀ ਸ਼ਾਇਰੀ ਦੇ ਇਸ ਉਡਦੇ ਬਾਜ਼ ਦੇ ਫੁੰਡੇ ਜਾਣ ਨਾਲ, ਸੂਹੇ ਭਵਿੱਖ ਵੱਲ ਜ਼ਿੰਦਗੀ ਦੀਆਂ ਉਡਾਣਾਂ ਨਹੀਂ ਥੰਮ੍ਹਣੀਆਂ। “ਪਾਸ਼" ਦਾ ਡੁੱਲਿਆ ਲਹੂ ਜੂਝਦੀ ਜ਼ਿੰਦਗੀ ਦੇ ਖੰਭਾਂ ਦੀ ਤਾਕਤ ਬਣੇਗਾ । ਇਹ ਲਹੂ ਉਸਦੀ ਸ਼ਾਇਰੀ ਦੇ ਇਨਕਲਾਬੀ ਬੋਲਾਂ ਦੇ ਅੰਗ ਸੰਗ ਹੋ ਕੇ ਲੜੇਗਾ, ਇਹ ਬੋਲਾਂ ਦੀ ਤਾਕਤ ਨੂੰ ਜ਼ਰਬਾਂ ਦੇਵੇਗਾ ਤੇ 'ਪਾਸ਼' ਦੇ ਬੇਵਕਤ ਤੁਰ ਜਾਣ ਨਾਲ ਪਏ ਖੱਪੇ ਨੂੰ ਪੂਰਨ ਲਈ ਜੂਝੇਗਾ।
“ਪਾਸ਼" ਦੀ ਸ਼ਹੀਦੀ ਦਾ ਸੱਲ ਸੀਨੇ 'ਚ ਸਾਂਭਕੇ, ਸੂਹੀਆਂ ਮੰਜਲਾਂ ਵੱਲ ਤੁਰਦੇ ਇਨਕਲਾਬੀ ਕਾਫ਼ਲਿਆਂ ਦੇ ਸਫ਼ਰ ਨੇ ਜਾਰੀ ਰਹਿਣਾ ਹੈ । “ਪਾਸ਼” ਆਪਣੀ ਇਨਕਲਾਬੀ ਕਰਨੀ ਰਾਹੀਂ ਇਸ ਸਫ਼ਰ 'ਤੇ ਆਪਣੀ ਛਾਪ ਛੱਡ ਕੇ ਗਿਆ ਹੈ ।
ਕਦੇ “ਪਾਸ਼” ਨੇ ਉਸ ਨੂੰ ਜੇਲ੍ਹ ਦੀਆਂ ਕਾਲ ਕੋਠੜੀਆਂ 'ਚ ਡੱਕੇ ਜਾਣ ਸਮੇਂ ਦੁਸ਼ਮਣ ਨੂੰ ਹੇਠ ਲਿਖੀਆਂ ਸਤਰਾਂ ਨਾਲ ਵੰਗਾਰਿਆ ਸੀ । ਅੱਜ, ਆਪਣੀ ਸ਼ਹਾਦਤ ਤੋਂ ਬਾਅਦ “ਪਾਸ਼” ਆਪਣੇ ਇਨ੍ਹਾਂ ਹੀ ਸ਼ਬਦਾਂ ਨਾਲ ਖਾਲਿਸਤਾਨੀ ਬੁਰਛਾਰਦਾਂ ਨੂੰ ਮੁਖਾਤਬ ਹੋ ਕੇ ਚੁਣੌਤੀ ਦੇ ਰਿਹਾ –

ਜ਼ਿੰਦਗੀ ਨੂੰ ਨਾਲ ਨਹੀਂ ਸਾਂ ਲਿਆਇਆ, 
ਸਫ਼ਰ ਨੂੰ ਫੜਾ ਆਇਆ ਸਾਂ
ਪੌਣਾਂ ਦੀ ਰਾਖੀ ਬਿਠਾ ਆਇਆ ਸਾਂ, 
ਕੀ ਕਰੋਗੇ ਇਸ ਸਫ਼ਰ ਦਾ
ਜੋ ਇੱਕ ਅਮਾਨਤ ਫੜ੍ਹੀ ਬੈਠਾ ਹੈ, 
ਪੌਣਾਂ ਦਾ ਕੀ ਕਰੋਗੇ” ਜਿੰਨ੍ਹਾਂ ਕਿਤੇ ਹਿਸਾਬ ਦੇਣਾ ਹੈ...
“ਪਾਸ਼" ਆਪਣੇ ਬੋਲ ਪੁਗਾ ਗਿਆ ਹੈ । ਉਹ ਆਪਣੀ ਜ਼ਿੰਦਗੀ ਨਾਲ ਨਹੀਂ ਲੈ ਕੇ ਗਿਆ — ਇੱਕ ਅਮਾਨਤ ਦੇ ਰੂਪ 'ਚ ਸਾਡੇ ਕੋਲ ਛੱਡ ਗਿਆ ਹੈ । ਅਸੀਂ ਇਸ ਅਮਾਨਤ ਦੀ ਰਾਖੀ ਕਰਨੀ ਹੈ, ਜ਼ਿੰਦਗੀ ਦੀਆਂ ਦੁਸ਼ਮਣ ਸਭਨਾਂ ਕਾਲੀਆਂ ਤਾਕਤਾਂ ਖਿਲਾਫ਼ ਇਨਕਲਾਬੀ ਸੰਗਰਾਮ ਤੇਜ਼ ਕਰਕੇ ਇਹਦੀ ਛੱਬ ਵਧਾਉਣੀ ਹੈ । ਹੁਣ ਬੋਲ ਪੁਗਾਉਣ ਦੀ ਸਾਡੀ ਵਾਰੀ ਹੈ।
(ਅਪ੍ਰੈਲ 1988 , ਇਨਕਲਾਬੀ ਜਨਤਕ ਲੀਹ 'ਚੋ

No comments:

Post a Comment