Showing posts with label ਸਾਮਰਾਜ. Show all posts
Showing posts with label ਸਾਮਰਾਜ. Show all posts

Friday, April 1, 2022

8. ਸਾਮਰਾਜ, ਸਰਮਾਏਦਾਰੀ ਦੀ ਵਿਸ਼ੇਸ ਅਵਸਥਾ ਵਜੋਂ-ਲੈਨਿਨ

8.  ਸਾਮਰਾਜ, ਸਰਮਾਏਦਾਰੀ ਦੀ ਵਿਸ਼ੇਸ ਅਵਸਥਾ ਵਜੋਂ

ਲੈਨਿਨ

ਸਾਮਰਾਜ ਦੇ ਵਿਸ਼ੇ ਬਾਰੇ ਜੋ ਕੁੱਝ ਪਹਿਲਾਂ ਕਿਹਾ ਜਾ ਚੁੱਕਾ ਹੈ, ਹੁਣ ਸਾਨੂੰ ਉਹਦਾ ਨਿਚੋੜ ਕੱਢਣ ਦਾ, ਉਹਦੀਆਂ ਸਾਰੀਆਂ ਤੰਦਾਂ ਮੇਲਣ ਦਾ ਯਤਨ ਕਰਨਾ ਚਾਹੀਦਾ ਹੈ। ਸਾਮਰਾਜ ਆਮ ਤੌਰ ’ਤੇ ਸਰਮਾਏਦਾਰੀ ਦੇ ਬੁਨਿਆਦੀ ਲੱਛਣਾਂ ਦੇ ਵਿਕਾਸ ਤੇ ਉਹਨਾਂ ਦੀ ਸਿੱਧੀ ਨਿਰੰਤਰਤਾ ਵਜੋਂ ਹੋਂਦ ਵਿੱਚ ਆਇਆ। ਪਰ ਸਰਮਾਏਦਾਰੀ ਆਪਣੇ ਵਿਕਾਸ ਦੇ ਨਿਸ਼ਚਤ ਅਤੇ ਬੜੀ ਉੱਚੀ ਅਵਸਥਾ ਉੱਤੇ ਅੱਪੜ ਕੇ ਹੀ ਸਰਮਾਏਦਾਰਾਨਾ ਸਾਮਰਾਜ ਬਣੀ, ਜਦੋਂ ਇਹਦੇ ਕੁੱਝ ਬੁਨਿਆਦੀ ਲੱਛਣ ਆਪਣੇ ਵਿਰੋਧੀ ਰੂਪਾਂ ਵਿੱਚ ਬਦਲਣੇ ਸ਼ੁਰੂ ਹੋ ਗਏ, ਜਦੋਂ ਸਰਮਾਏਦਾਰੀ ਤੋਂ ਉਚੇਰੇ ਸਮਾਜਕ ਅਤੇ ਆਰਥਕ ਪ੍ਰਬੰਧ ਵੱਲ ਤਬਦੀਲੀ ਦੇ ਜੁੱਗ ਦੇ ਲੱਛਣ ਰੂਪ ਧਾਰ ਚੁੱਕੇ ਸਨ ਅਤੇ ਆਪਣੇ ਆਪ ਨੂੰ ਸਾਰੇ ਖੇਤਰਾਂ ਵਿੱਚ ਸਾਹਮਣੇ ਲਿਆ ਚੁੱਕੇ ਸਨ। ਆਰਥਕ ਤੌਰ ’ਤੇ, ਇਸ ਅਮਲ ਵਿੱਚ ਮੁੱਖ ਗੱਲ ਸਰਮਾਏਦਾਰਾਨਾ ਆਜ਼ਾਦ ਮੁਕਾਬਲੇ ਦੀ ਥਾਂ ਸਰਮਾਏਦਾਰਾਨਾ ਅਜਾਰੇਦਾਰੀ ਵੱਲੋਂ ਲੈਣਾ ਹੈ। ਆਜ਼ਾਦ ਮੁਕਾਬਲਾ ਸਰਮਾਏਦਾਰੀ ਦਾ ਅਤੇ ਆਮ ਤੌਰ ’ਤੇ ਜਿਨਸ ਉਤਪਾਦਨ ਦਾ ਬੁਨਿਆਦੀ ਲੱਛਣ ਹੈ; ਅਜਾਰੇਦਾਰੀ ਆਜ਼ਾਦ ਮੁਕਾਬਲੇ ਦਾ ਐਨ ਉਲਟ ਹੈ, ਪਰ ਅਸੀਂ ਪਿਛਲੇਰੇ ਨੂੰ ਆਪਣੀਆਂ ਅੱਖਾਂ ਸਾਹਮਣੇ ਅਜਾਰੇਦਾਰੀ ਵਿੱਚ ਤਬਦੀਲ ਹੁੰਦਿਆਂ, ਵੱਡੀ ਪੱਧਰ ਦੀ ਸਨਅਤ ਪੈਦਾ ਕਰਦਿਆਂ ਅਤੇ ਛੋਟੀ ਸਨਅਤ ਦੀ ਥਾਂ ਲੈਂਦਿਆਂ, ਵੱਡੇ ਪੈਮਾਨੇ ਦੀ ਸਨਅਤ ਦੀ ਥਾਂ ਹੋਰ ਵੀ ਵੱਡੀ ਪੱਧਰ ਦੀ ਸਨਅਤ ਨੂੰ ਦੇਂਦਿਆਂ,ਅਤੇ ਉਤਪਾਦਨ ਅਤੇ ਸਰਮਾਏ ਦੇ ਕੇਂਦਰੀਕਰਨ ਨੂੰ ਅਜਿਹੇ ਨੁਕਤੇ ਤੱਕ ਲਿਜਾਂਦਿਆਂ ਵੇਖਿਆ ਹੈ ਜਿੱਥੇ ਇਹਦੇ ਵਿੱਚ ਹੀ ਅਜਾਰੇਦਾਰੀ ਪੈਦਾ ਹੋ ਗਈ ਹੈ ਅਤੇ ਪੈਦਾ ਹੋ ਰਹੀ ਹੈ:  ਕਾਰਟਲ, ਸਿੰਡੀਕੇਟ ਅਤੇ ਟਰਸਟ, ਅਤੇ ਇਹਨਾਂ ਨਾਲ ਮਿਲ ਜਾਂਦਾ ਹੈ ਦਰਜਨ ਕੁ ਬੈਂਕਾਂ ਦਾ ਸਰਮਾਇਆ, ਜਿਹੜੇ ਕਰੋੜਾਂ ਦੀਆਂ ਰਕਮਾਂ ਨੂੰ ਵਰਤਦੇ ਹਨ। ਇਹਦੇ ਨਾਲ ਹੀ, ਅਜਾਰੇਦਾਰੀਆਂ, ਜਿਹੜੀਆਂ ਆਜ਼ਾਦ ਮੁਕਾਬਲੇ ਵਿੱਚੋਂ ਪੈਦਾ ਹੋਈਆਂ ਹਨ, ਇਹਨੂੰ ਖਤਮ ਨਹੀਂ ਕਰਦੀਆਂ ਸਗੋਂ ਇਸਤੋਂ ਉੱਚੀਆਂ ਅਤੇ ਇਹਦੇ ਨਾਲ ਨਾਲ ਰਹਿੰਦੀਆਂ ਹਨ, ਅਤੇ ਇਉ ਬਹੁਤ ਸਾਰੇ ਬੜੇ ਤੀਖਣ, ਸਖਤ ਵਿਰੋਧਾਂ, ਝਗੜਿਆਂ ਅਤੇ ਟਕਰਾਵਾਂ ਨੂੰ ਜਨਮ ਦਿੰਦੀਆਂ ਹਨ। ਅਜਾਰੇਦਾਰੀ ਸਰਮਾਏਦਾਰੀ ਤੋਂ ਇੱਕ ਉਚੇਰੀ ਅਵਸਥਾ ਵੱਲ ਤਬਦੀਲੀ ਹੈ। 

ਜੇ ਸਾਮਰਾਜ ਦੀ ਸੰਖੇਪ ਤੋਂ ਸੰਖੇਪ ਸੰਭਵ ਪ੍ਰੀਭਾਸ਼ਾ ਦੇਣਾ ਜ਼ਰੂਰੀ ਹੈ ਤਾਂ ਸਾਨੂੰ ਇਹ ਕਹਿਣਾ ਪਵੇਗਾ ਕਿ ਸਾਮਰਾਜ, ਸਰਮਾਏਦਾਰੀ ਦੀ ਅਜਾਰੇਦਾਰਾਨਾ ਅਵਸਥਾ ਹੈ। ਇਹੋ ਜਿਹੀ ਪ੍ਰੀਭਾਸ਼ਾ ਵਿੱਚ ਉਹ ਕੁੱਝ ਆ ਜਾਵੇਗਾ, ਜੋ ਕੁੱਝ ਸਭ ਤੋਂ ਵੱਧ ਮਹੱਤਵਪੂਰਨ ਹੈ, ਕਿਉਕਿ ਇੱਕ ਹੱਥ ਵਿੱਤ ਸਰਮਾਇਆ ਕੁੱਝ ਇੱਕ ਬਹੁਤ ਵੱਡੇ ਅਜਾਰੇਦਾਰ ਬੈਂਕਾਂ ਦਾ ਬੈਂਕ ਸਰਮਾਇਆ ਹੈ  ਜਿਹੜਾ ਸਨਅਤਕਾਰਾਂ ਦੀਆਂ ਅਜਾਰੇਦਾਰ ਸਭਾਵਾਂ ਦੇ ਸਰਮਾਏ ਨਾਲ ਮਿਲਿਆ ਹੋਇਆ ਹੈ ; ਅਤੇ ਦੂਜੇ ਹੱਥ , ਦੁਨੀਆ ਦੀ ਵੰਡ ਅਜਿਹੀ ਬਸਤੀਵਾਦੀ ਨੀਤੀ ਵੱਲੋਂ, ਜਿਹੜੀ ਕਿਸੇ ਵੀ ਸਰਮਾਏਦਾਰ ਤਾਕਤ ਵੱਲੋਂ ਅਣਹਥਿਆਏ ਇਲਾਕਿਆਂ ਤੱਕ ਬਿਨਾਂ ਕਿਸੇ ਰੁਕਾਵਟ ਦੇ ਫੈਲਦੀ ਰਹੀ ਹੈ, ਦੁਨੀਆਂ ਦੇ ਇਲਾਕੇ ਉੱਤੇ ਜਿਹੜਾ ਕਿ ਪੂਰੀ ਤਰਾਂ ਵੰਡਿਆ ਜਾ ਚੁੱਕਾ ਹੈ, ਅਜਾਰੇਦਾਰਾਨਾ ਕਬਜੇ ਦੀ ਬਸਤੀਵਾਦੀ ਨੀਤੀ ਵੱਲ ਤਬਦੀਲੀ ਹੈ। 

ਪਰ ਬਹੁਤ ਸੰਖੇਪ ਪ੍ਰੀਭਾਸ਼ਾ, ਭਾਵੇਂ ਸਹਿਲ ਹੰੁਦੀਆਂ ਹਨ, ਕਿਉਕਿ ਉਹ ਮੁੱਖ ਨੁਕਤਿਆਂ ਦਾ ਨਿਚੋੜ ਦੇਂਦੀਆਂ ਹਨ, ਤਾਂ ਵੀ ਨਾਕਾਫੀ ਹੁੰਦੀਆਂ ਹਨ ਕਿਉਕਿ ਸਾਨੂੰ ਅਜਿਹੇ ਵਰਤਾਰੇ ਦੇ, ਜਿਸਦੀ ਪ੍ਰੀਭਾਸ਼ਾ ਦਿੱਤੀ ਜਾਣੀ ਜ਼ਰੂਰੀ ਹੈ, ਕੁੱਝ ਖਾਸ ਤੌਰ ’ਤੇ ਮਹੱਤਵਪੂਰਨ ਲੱਛਣ ਉਹਨਾਂ ਤੋਂ ਅਨਮਾਨਣੇ ਪੈਂਦੇ ਹਨ। ਅਤੇ ਇਉ ਆਮ ਤੌਰ ’ਤੇ ਸਾਰੀਆਂ ਪ੍ਰੀਭਾਸ਼ਾਵਾਂ ਦੀ ਸ਼ਰਤੀ ਤੇ ਸਬੰਧਕੀ ਕਦਰ ਨੂੰ ਭੁਲਾਏ ਬਿਨਾਂ, ਜਿਹੜੀਆਂ ਪ੍ਰੀਭਾਸ਼ਾਵਾਂ ਕਿ ਕਿਸੇ ਵਰਤਾਰੇ ਦੇ ਪੂਰੇ ਵਿਕਾਸ ਵਿੱਚ ਇਹਦੇ ਸਾਰੇ ਸੰਬੰਧਾਂ ਨੂੰ ਆਪਣੀ ਲਪੇਟ ਵਿੱਚ ਕਦੀ ਨਹੀਂ ਲੈ ਸਕਦੀਆਂ, ਸਾਨੂੰ ਸਾਮਰਾਜ ਦੀ ਅਜਿਹੀ ਪ੍ਰੀਭਾਸ਼ਾ ਦੇਣੀ ਚਾਹੀਦੀ ਹੈ, ਜਿਸ ਵਿੱਚ ਇਹਦੇ ਬੁਨਿਆਦੀ ਲੱਛਣਾਂ ਵਿੱਚੋਂ ਹੇਠਲੇ ਪੰਜ ਲੱਛਣ ਸ਼ਾਮਲ ਹੋਣ : (1) ਉਤਪਾਦਨ ਤੇ ਸਰਮਾਏ ਦਾ ਕੇਂਦਰੀਕਰਨ ਇਸ ਹੱਦ ਤੱਕ ਵਧ ਗਿਆ ਹੈ ਕਿ ਇਹਨੇ ਅਜਾਰੇਦਾਰੀਆਂ ਪੈਦਾ ਕਰ ਦਿੱਤੀਆਂ ਹਨ ਜਿਹੜੀਆਂ ਆਰਥਕ ਜੀਵਨ ਵਿੱਚ ਨਿਰਣਾਇਕ ਰੋਲ ਅਦਾ ਕਰਦੀਆਂ ਹਨ ; (2) ਬੈਂਕ ਸਰਮਾਏ ਦਾ ਸਨਅਤੀ ਸਰਮਾਏ ਨਾਲ ਮਿਲਣਾ, ਅਤੇ ਇਸ ‘‘ਵਿੱਤ ਸਰਮਾਏ’’ ਦੇ ਆਧਾਰ ਉੱਤੇ, ਵਿੱਤ ਜੁੰਡੀ-ਰਾਜ ਦਾ ਪੈਦਾ ਹੋਣਾ ; (3) ਜਿਨਸਾਂ ਦੀ ਬਰਾਮਦ ਤੋਂ ਨਿਖੜਵੀਂ ਸਰਮਾਏ ਦੀ ਬਰਾਮਦ ਅਸਧਾਰਨ ਮਹੱਤਤਾ ਧਾਰਨ ਕਰ ਲੈਂਦੀ ਹੈ ; (4) ਕੌਮਾਂਤਰੀ ਅਜਾਰੇਦਾਰਾਨਾ ਸਰਮਾਏਦਾਰਾਨਾ ਸਭਾਵਾਂ ਦੀ ਬਣਨਾ ਜਿਹੜੀਆਂ ਦੁਨੀਆਂ ਨੂੰ ਆਪਸ ਵਿੱਚ ਵੰਡ ਲੈਂਦੀਆਂ ਹਨ, ਅਤੇ (5) ਸਭ ਤੋਂ ਵੱਡੀਆਂ ਸਰਮਾਏਦਾਰ ਤਾਕਤਾਂ ਵਿੱਚ ਸਾਰੀ ਦੁਨੀਆਂ ਦੀ ਇਲਾਕਾਈ ਵੰਡ ਪੂਰੀ ਹੋ ਜਾਂਦੀ ਹੈ। ਸਾਮਰਾਜ  ਵਿਕਾਸ ਦੇ ਉਸ ਪੜਾਅ ਉੱਤੇ ਸਰਮਾਏਦਾਰੀ ਹੈ, ਜਿਸ ਪੜਾਅ ਉੱਤੇ ਅਜਾਰੇਦਾਰੀਆਂ ਅਤੇ ਵਿੱਤ ਸਰਮਾਏ ਦਾ ਗਲਬਾ ਸਥਾਪਤ ਹੋ ਜਾਂਦਾ ਹੈ ; ਜਿਸ ਵਿੱਚ ਸਰਮਾਏ ਦੀ ਬਰਾਮਦ ਨੇ ਉਘੀ ਮਹੱਤਤਾ ਧਾਰਨ ਕਰ ਲਈ ਹੈ ; ਜਿਸ ਵਿੱਚ ਕੌਮਾਂਤਰੀ ਟਰਸਟਾਂ ਵਿੱਚ ਦੁਨੀਆਂ ਦੀ ਵੰਡ ਸ਼ੁਰੂ ਹੋ ਚੁੱਕੀ ਹੁੰਦੀ ਹੈ, ਜਿਸ ਵਿੱਚ ਸਭ ਤੋਂ ਵੱਡੀਆਂ ਸਰਮਾਏਦਾਰਾਨਾ ਸ਼ਕਤੀਆਂ ਵਿੱਚ ਦੁਨੀਆਂ ਦੇ ਸਾਰੇ ਇਲਾਕਿਆਂ ਦੀ ਵੰਡ ਪੂਰੀ ਹੋ ਚੁੱਕੀ ਹੈ। 

ਅਸੀਂ ਅੱਗੇ ਵੇਖਾਂਗੇ ਕਿ ਸਾਮਰਾਜ ਦੀ ਵੱਖਰੀ ਤਰਾਂ ਪ੍ਰੀਭਾਸ਼ਾ ਦਿੱਤੀ ਜਾ ਸਕਦੀ ਹੈ ਤੇ ਦਿੱਤੀ ਜਾਣੀ ਚਾਹੀਦੀ ਹੈ, ਜੇ ਅਸੀਂ ਕੇਵਲ ਬੁਨਿਆਦੀ, ਨਿਰੋਲ ਆਰਥਕ ਸੰਕਲਪਾਂ ਨੂੰ ਹੀ ਧਿਆਨ ਵਿੱਚ ਨਾ ਰੱਖੀਏ ਜਿੰਨਾਂ ਤੱਕ ਉਪਰੋਕਤ ਪ੍ਰੀਭਾਸ਼ਾ ਸੀਮਤ ਹੈ ਸਗੋਂ ਆਮ ਤੌਰ ’ਤੇ ਸਰਮਾਏਦਾਰੀ ਦੇ ਸਬੰਧ ਵਿੱਚ ਸਰਮਾਏਦਾਰੀ ਦੀ ਇਸ ਅਵਸਥਾ ਦੀ ਇਤਿਹਾਸਕ ਥਾਂ ਨੂੰ ਵੀ, ਜਾਂ ਸਾਮਰਾਜ ਅਤੇ ਕਿਰਤੀ ਸ਼੍ਰੇਣੀ ਲਹਿਰ ਵਿੱਚ ਦੋ ਮੁੱਖ ਮੁਹਾਣਾਂ ਵਿਚਕਾਰ ਸਬੰਧ ਨੂੰ ਵੀ ਧਿਆਨ ਵਿੱਚ ਰੱਖੀਏ ਇਸ ਨੁਕਤੇ ’ਤੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਾਮਰਾਜ ਜਿਵੇਂ ਕਿ ਇਹਦੇ ਉੱਪਰ ਅਰਥ ਲਏ ਗਏ ਹਨ, ਨਿਰਸੰਦੇਹ ਸਰਮਾਏਦਾਰੀ ਦੇ ਵਿਕਾਸ ਵਿੱਚ ਖਾਸ ਅਵਸਥਾ ਨੂੰ ਪੇਸ਼ ਕਰਦਾ ਹੈ। ਤਾਂ ਜੋ ਪਾਠਕ ਸਾਮਰਾਜ ਬਾਰੇ ਵੱਧ ਤੋਂ ਵੱਧ ਚੰਗੀ ਤਰਾਂ ਤਰਕ-ਅਧਾਰਤ ਵਿਚਾਰ ਗ੍ਰਹਿਣ ਕਰਨ ਦੇ ਯੋਗ ਹੋ ਸਕੇ, ਮੈਂ ਜਾਣ ਬੁੱਝ ਕੇ, ਜਿੱਥੋਂ ਤੱਕ ਸੰਭਵ ਸੀ, ਵਿਸ਼ਾਲ ਤੌਰ ’ਤੇ ਬੁਰਜੂਆ ਅਰਥ-ਵਿਗਿਆਨੀਆਂ ਦੀਆਂ ਟੂਕਾਂ ਦੇਣ ਦਾ ਯਤਨ ਕੀਤਾ ਹੈ, ਜਿੰਨਾਂ ਨੂੰ ਸਰਮਾਏਦਾਰਾਨਾ ਆਰਥਕਤਾ ਦੀ ਨਵੀਂ ਅਵਸਥਾ ਸੰਬੰਧੀ ਵਿਸ਼ੇਸ਼ ’ਤੇ ਨਾ ਰੱਦ ਕੀਤੇ ਜਾ ਸਕਣ ਵਾਲੇ ਤੱਥ ਮੰਨਣੇ ਪੈਂਦੇ ਹਨ। ਇਸੇ ਹੀ ਨਿਸ਼ਾਨੇ ਨੂੰ ਮੁੱਖ ਰਖਦਿਆਂ, ਮੈਂ ਵਿਸਥਾਰ ਵਿੱਚ ਅੰਕੜੇ ਦਿੱਤੇ ਹਨ, ਜਿਹੜੇ ਮਨੁੱਖ ਨੂੰ ਇਹ ਵੇਖਣ ਦੇ ਯੋਗ ਬਣਾਉਦੇ ਹਨ ਕਿ ਕਿਸ ਹੱਦ ਤੱਕ ਬੈਂਕ ਸਰਮਾਇਆ, ਆਦਿ, ਵਧਿਆ ਹੈ, ਜਿਸ ਵਿੱਚ ਕਿ ਮਾਤਰਾ ਦੀ ਗੁਣ ਵਿੱਚ, ਵਿਕਸਤ ਸਰਮਾਏਦਾਰੀ ਦੀ ਸਾਮਰਾਜ ਵਿੱਚ ਤਬਦੀਲੀ ਠੀਕ ਠੀਕ ਤੌਰ ’ਤੇ ਪ੍ਰਗਟ ਹੁੰਦੀ ਸੀ। ਨਿਰਸੰਦੇਹ, ਇਹ ਕਹਿਣ ਦੀ ਲੋੜ ਨਹੀਂ ਕਿ ਕੁਦਰਤ ਦੇ ਸਮਾਜ ਵਿੱਚ ਸਾਰੀਆਂ ਹੱਦਾਂ ਰਸਮੀ ਤੇ ਬਦਲਣ ਵਾਲੀਆਂ ਹਨ, ਅਤੇ ਇਸ ਗੱਲ ਬਾਰੇ ਦਲੀਲਬਾਜੀ ਕਰਨਾ ਵਾਹੀਯਾਤ ਹੋਵੇਗਾ ਕਿ, ਉਦਾਰਰਨ ਵਜੋਂ, ਉਹ ਖਾਸ ਵਰਾ ਜਾਂ ਦਹਾਕਾ ਕਿਹੜਾ ਸੀ ਜਿਸ ਵਿੱਚ ਸਾਮਰਾਜ ‘‘ਨਿਸ਼ਚਤ ਤੌਰ ’ਤੇ’’ ਸਥਾਪਤ ਹੋ ਗਿਆ।  

   

Saturday, October 7, 2017

15 ਅਗਸਤ ਵੇਲੇ ਮੁਲਕ ਵੰਡ ਦੀ ਸਿਆਸਤ ਇਕ ਆਜ਼ਾਦੀ ਘੁਲਾਟੀਏ ਦੀਆਂ ਨਜ਼ਰਾਂ 'ਚ

1945 ਦੇ ਅੰਤਮ ਹਿੱਸੇ ਵਿੱਚ ਸਾਰਾ ਦੇਸ਼ ਇਕ ਤਪਦੀ ਹੋਈ ਕੜਾਹੀ ਬਣਿਆ ਹੋਇਆ ਸੀ। ਅੰਗਰੇਜ਼ਾਂ ਨਾਲ ਗੱਲਬਾਤ ਕਰਨਾ ਦੇਸ਼ ਦੀ ਜਨਤਾ ਨੂੰ ਬਿਲਕੁਲ ਪਸੰਦ ਨਹੀਂ ਸੀ। ਪਰ ਗਾਂਧੀ ਜੀ ਗੱਲਬਾਤ ਵਿੱਚ ਮਸ਼ਗੂਲ ਸਨ ਅਤੇ ਗੱਲਬਾਤ ਦਾ ਮੁੱਦਾ ਵੀ ਇਹ ਨਹੀਂ ਸੀ ਕਿ ਅੰਗਰੇਜ਼ ਭਾਰਤ ਕਦੋਂ ਛੱਡਣਗੇ? ਕਪਟੀ ਸਾਮਰਾਜੀਆਂ ਨੇ ਬੜੀ ਚਾਲਾਕੀ ਨਾਲ ਭਾਰਤ ਦੀ ਆਜ਼ਾਦੀ ਦੇ ਸਵਾਲ ਨੂੰ ਹਿੰਦੂ-ਮੁਸਲਮਾਨ ਏਕਤਾ ਦੀ ਲੁਕਣਮੀਟੀ ਵਿੱਚ ਭਟਕਾ ਦਿੱਤਾ ਸੀ।
ਗਾਂਧੀ ਜੀ ਦੀ ਅਗਵਾਈ ਵਿੱਚ ਕਾਂਗਰਸ, ਨਾ ਤਾਂ ਜਿਨਾਹ ਨੂੰ ਸਿੱਧਾ ਕਰ ਸਕੀ ਤੇ ਨਾ ਹੀ ਸਾਮਰਾਜੀਆਂ ਦੇ ਖਿਲਾਫ਼ ਭਾਰਤ ਛੱਡੋ ਅੰਦੋਲਨ ਸ਼ੁਰੂ ਕਰ ਸਕੀ। ਨਹਿਰੂ ਅਤੇ ਪਟੇਲ ਰਹਿ ਰਹਿ ਕੇ ਆਪਣੇ ਮਨ ਦਾ ਉਬਾਲ ਕੱਢਦੇ ਰਹੇ।
'ਭਾਰਤ ਤੋਂ ਜਾਓ। ਅਸੀਂ ਆਪਣੇ ਮਸਲੇ ਆਪ ਸੁਲਝਾ ਲਵਾਂਗੇ।' ਇਹ ਨੇਤਾ ਬੁੱਕਦੇ ਰਹੇ ਪਰ ਸਾਮਰਾਜੀਆਂ ਦੇ ਖਿਲਾਫ਼ ਇਸ ਤਰ੍ਹਾਂ ਦਾ ਵਿਆਪਕ ਤੇ ਜੁਝਾਰ ਅੰਦੋਲਨ ਛੇੜਨ ਦੀ ਦਿਸ਼ਾ ਵਿੱਚ ਕੋਈ ਵੀ ਠੋਸ ਕਦਮ ਨਹੀਂ ਸਨ ਉਠਾਉਂਦੇ। ਜਿਸ ਦਾ ਪੂਰੇ ਦੇਸ਼ ਦੀ ਜਨਤਾ ਤੇ ਭਾਰਤੀ ਫੌਜ ਸਾਹ ਰੋਕ ਕੇ ਇੰਤਜ਼ਾਰ ਕਰ ਰਹੀ ਸੀ।
ਕੀ ਇਹ ਇੱਕ ਗਲਤੀ ਸੀ? ਕੀ ਇਸ ਨੂੰ ਕਾਂਗਰਸ ਪਾਰਟੀ ਵਲੋਂ ਪਹਿਕਦਮੀ ਦੀ ਘਾਟ ਦਾ ਨਾਂ ਦਿੱਤਾ ਜਾ ਸਕਦਾ? ਕੁਝ ਨਾ ਸਮਝ ਸਕਣ ਤੋਂ ਅਸਮਰੱਥ ਤੇ ਹੈਰਾਨ ਲੋਕਾਂ ਨੇ ਇਹ ਸਵਾਲ ਅਕਸਰ ਪੁੱਛਿਆ ਹੈ ਅਤੇ ਦੁਨੀਆਂਦਾਰਾਂ ਨੇ ਝੱਟ ਮੰਨ ਲਿਆ ਹੈ ਕਿ ਬੇਸ਼ੱਕ ਇਹ ਇੱਕ ਗਲਤੀ ਸੀ।
ਪਰ ਇਹ ਗਲਤੀ ਨਹੀਂ ਸੀ। ਉਸ ਵੇਲੇ ਭਾਰਤੀ ਰਾਜਨੀਤੀ ਵਿੱਚ ਤਿੰਨ ਵੱਡੀਆਂ ਤਾਕਤਾਂ- ਸਾਮਰਾਜ, ਕਾਂਗਰਸ ਅਤੇ ਮੁਸਲਿਮ ਲੀਗ ਦੀ ਇਹ ਚਾਲਾਕੀ ਭਰੀ ਸਾਜਿਸ਼ ਸੀ। ਇਹ ਤਿੰਨੇ ਤਾਕਤਾਂ ਭਾਰਤ ਦੀ ਜਨਤਾ ਦੇ ਖਿਲਾਫ਼ ਇੱਕਜੁੱਟ ਹੋ ਗਈਆਂ ਸਨ। ਸਾਡੀ ਜਨਤਾ ਦੀ ਇਨਕਲਾਬੀ ਤਿਊੜੀ ਵੇਖ ਕੇ ਇਹ ਤਿੰਨੇ ਕੰਬ ਉੱਠੀਆਂ ਸਨ। ਇਹ ਇੱਕ ਇਸ ਤਰ੍ਹਾਂ ਦਾ ਸਮਝੌਤਾ ਕਰਨ 'ਤੇ ਤੁਲੀਆਂ ਪਈਆਂ ਸਨ ਜਿਹੜਾ ਇੱਕ ਹੀ ਸ਼ਰਤ 'ਤੇ ਸੰਭਵ ਸੀ ਕਿ ਜਨਤਾ ਦੀ ਇਨਕਲਾਬੀ ਸ਼ਕਤੀ ਫਿਰਕੂ ਪਾਗਲਪਣ ਦੇ ਰੂਪ ਵਿੱਚ ਬਦਲ ਜਾਵੇ। ਤਿੰਨ ਮਹਾਂਸ਼ਕਤੀਆਂ ਦੀ ਉਸ ਵੇਲੇ ਇਹ ਮਿਲੀਜੁਲੀ ਸਮਝ ਸੀ ..........
ਮੈਨੂੰ ਯਕੀਨ ਹੈ ਕਿ 1945 ਦੇ ਅਖੀਰਲੇ ਮਹੀਨਿਆਂ 'ਚ ਕਾਂਗਰਸੀ ਰਹਿਨੁਮਾ ਇਸ ਗੱਲ 'ਤੇ ਸਹਿਮਤ ਹੋ ਚੁੱਕੇ ਸਨ ਕਿ ਹੁਣ ਪਾਕਿਸਤਾਨ ਨੂੰ ਬਣਨ ਤੋਂ ਰੋਕਿਆ ਨਹੀਂ ਜਾ ਸਕਦਾ। ਕਾਂਗਰਸ ਪਾਰਟੀ ਵਿੱਚ ਇਸ ਤਰ੍ਹਾਂ ਦਾ ਬਾਕਾਇਦਾ ਰੁਝਾਨ ਸੀ। ਜਿਹੜਾ ਰਾਜਗੋਪਾਲ ਅਚਾਰੀਆ ਦੇ ਮੂੰਹ ਤੋਂ ਇਸ ਦਾ ਐਲਾਨ ਪਹਿਲਾਂ ਹੀ ਕਰਵਾ ਚੁੱਕਿਆ ਸੀ। ਪਟੇਲ ਅਤੇ ਨਹਿਰੂ ਵੀ ਇਸ ਰਾਇ ਨਾਲ ਸਹਿਮਤ ਸਨ ਪਰ ਉਹ ਖੁੱਲ੍ਹੇ ਤੌਰ 'ਤੇ ਇਹ ਗੱਲ ਨਹੀਂ ਕਹਿ ਸਕਦੇ ਸਨ ਕਿਉਂਕਿ ਉਹ ਭਾਰਤੀ ਜਨਤਾ ਵਿੱਚ ਲੰਬੇ ਅਰਸੇ ਤੱਕ, ਇਸ ਦੇ ਖਿਲਾਫ਼ ਸ਼ੇਰ ਵਾਂਗ ਗਰਜਦੇ ਰਹੇ ਸਨ।
ਇਸ ਤਰ੍ਹਾਂ ਇਸ ਪ੍ਰਸਥਿਤੀ ਨੂੰ, ਜਿਹੜੀ ਬੇਹੱਦ ਵਿਸਫੋਟਕ ਸੀ, ਅਨਿਸ਼ਚਿਤ ਅਤੇ ਫਿਰਕੂ ਜ਼ਹਿਰ 'ਚ ਡੁੱਬਣ ਦਿੱਤਾ ਗਿਆ। ਇਸ ਤੋਂ ਕਿਸੇ ਨੂੰ ਜ਼ਰਾ ਵੀ ਸ਼ੰਕਾ ਨਹੀਂ ਹੋ ਸਕਦਾ ਕਿ ਇਨ੍ਹਾਂ ਤਿੰਨਾਂ ਹੀ ਮਹਾਂਸ਼ਕਤੀਆਂ ਦੇ ਇਰਾਦੇ ਜਨ-ਵਿਰੋਧੀ ਸਨ।
ਕਿਉਂਕਿ ਉਸ ਵੇਲੇ ਇਹ ਤਿੰਨੇ ਹੀ 'ਭਾਰਤ ਭਾਗ ਵਿਧਾਤਾ' ਸਨ। ਇਸ ਲਈ ਇਨ੍ਹਾਂ ਨੇ ਮਿਲਕੇ ਇਹ ਸਾਜਿਸ਼ ਰਚੀ ਕਿ ਘਟਨਾ ਚੱਕਰ ਨੂੰ ਇਸ ਤਰ੍ਹਾਂ ਵਿਕਸਤ ਹੋਣ ਦਿੱਤਾ ਜਾਵੇ ਜਿਸ ਵਿੱਚ ਅਗਵਾਈ ਹੀਣ ਜਨਤਾ ਇਨਕਲਾਬੀ ਉਨਮਾਦ ਨਾਲ ਭਰ ਉੱਠੇ ਅਤੇ ਫਿਰ ਜਦੋਂ ਉਸਨੂੰ ਖੁਦ ਆਪਣੇ ਘਰ ਅਤੇ ਪਰਿਵਾਰ ਫਿਰਕਾਪ੍ਰਸਤੀ ਦੇ ਸਰਵ-ਵਿਆਪੀ ਸੰਕਟ ਦੀ ਭੇਂਟ ਚੜ੍ਹਦੇ ਨਜ਼ਰ ਆਉਣ ਤਾਂ ਉਹ ਸਾਡੀ ਖੁਸ਼ਾਮਦ ਕਰੇ ਅਤੇ ਚੀਕ-ਚੀਕ ਕੇ ਕਹੇ ਕਿ ''ਦੇ ਦਿਓ ਜਿਨਾਹ ਨੂੰ ਉਸ ਦਾ ਪਾਕਿਸਤਾਨ''।
ਪਰ ਜਨਤਾ ਦੇ ਸਾਹਮਣੇ ਇਹ ਸ਼ੇਰ ਆਖਰੀ ਲਮਹੇ ਤੱਕ ਗਰਜਦੇ ਰਹੇ। ਪਾਕਿਸਤਾਨ ਦੇ ਜਨਮ ਤੋਂ ਚੰਦ ਹੀ ਦਿਨ ਪਹਿਲਾਂ, ਜਦੋਂ ਪਰਦੇ ਪਿੱਛੇ ਮਹਾਂਸ਼ਕਤੀਆਂ ਦੇ ਵਿਚਕਾਰ ਬਾਂਦਰ ਵੰਡ ਹੋ ਚੁੱਕੀ ਸੀ, ਮਸੂਰੀ ਦੀਆਂ ਠੰਡੀਆਂ ਬੁਲੰਦੀਆਂ ਉੱਤੋਂ ਪਟੇਲ ਦੀ ਗਰਜ ਸੁਣਾਈ ਦਿੱਤੀ, ''ਪਾਕਿਸਤਾਨ ਨੂੰ ਸਾਡੀਆਂ ਲਾਸ਼ਾਂ ਉੱਪਰੋਂ ਤੁਰ ਕੇ ਆਉਣਾ ਪਏਗਾ।'' ਸੱਚੀਂ ਹੀ ਪਾਕਿਸਤਾਨ ''ਸਾਡੀਆਂ ਲਾਸ਼ਾਂ'' ਉੱਪਰੋਂ ਤੁਰ ਕੇ ਆਇਆ, ਪਰ ਪਟੇਲ ਦੀ ਲਾਸ਼ ਉਹਨਾਂ ਵਿੱਚ ਸ਼ਾਮਿਲ ਨਹੀਂ ਸੀ।.....
(ਬਰਤਾਨਵੀ ਫੌਜ ਦੇ ਬਾਗੀ
ਮੇਜਰ ਜੈਪਾਲ ਸਿੰਘ ਦੀ ਸਵੈਜੀਵਨੀ 'ਚੋਂ)

Sunday, May 7, 2017

(10) ਚੀਨੀ ਇਨਕਲਾਬ ਤੇ ਆਧਾਰ ਇਲਾਕੇ ਉਸਾਰਨ ਦੀ ਨੀਤੀ

ਅਰਧ-ਬਸਤੀਵਾਦੀ ਅਤੇ ਅਰਧ-ਜਗੀਰੂ ਚੀਨ ਦੀ ਕੁਲ ਵੱਸੋਂ ਦਾ 80% ਤੋਂ ਵੱਧ ਭਾਗ ਕਿਸਾਨੀ ਸੀ ਉਹ ਸਾਮਰਾਜ, ਜਗੀਰਦਾਰੀ, ਨੌਕਰਸ਼ਾਹ-ਦਲਾਲ ਸਰਮਾਏਦਾਰੀ ਦੇ ਤੀਹਰੇ ਜਬਰ ਤੇ ਲੁੱਟ ਦਾ ਸਿਕਾਰ ਸੀ, ਅਤੇ ਉਹ ਇਨਕਲਾਬ ਲਈ ਅਤੇ ਜਪਾਨ ਵਿਰੁੱਧ ਟਾਕਰੇ ਲਈ ਚਾਹਵਾਨ ਸੀ। ਜੇ ਲੋਕ-ਜੁੱਧ ਜਿੱਤਣਾ ਸੀ ਤਾਂ ਕਿਸਾਨਾਂ ਉਤੇ ਟੇਕ ਰੱਖਣੀ ਜਰੂਰੀ ਸੀ।
ਪਹਿਲੇ ਇਨਕਲਾਬੀ ਘਰੋਗੀ ਜੁੱਧ ਸਮੇਂ ਸਾਥੀ ਮਾਓ ਜੇ-ਤੁੰਗ ਨੇ ਦੱਸਿਆ ਸੀ ਕਿ ਚੀਨੀ ਇਨਕਲਾਬ ਅੰਦਰ ਕਿਸਾਨਾਂ ਦੀ ਅੰਤਾਂ ਦੀ ਮਹੱਤਤਾ ਵਾਲੀ ਥਾਂ ਹੈ, ਸਾਮਰਾਜ ਤੇ ਜਗੀਰਦਾਰੀ ਵਿਰੁੱਧ ਸਰਮਾਏਦਾਰ ਜਮਹੂਰੀ ਇਨਕਲਾਬ ਅਸਲੋਂ ਇਕ ਕਿਸਾਨ ਇਨਕਲਾਬ ਸੀ, ਅਤੇ ਸਰਮਾਏਦਾਰ-ਜਮਹੂਰੀ ਇਨਕਲਾਬ ਅੰਦਰ ਚੀਨੀ ਪਰੋਲੇਤਾਰੀ ਜਮਾਤ ਦਾ ਬੁਨਿਆਦੀ ਕੰਮ ਕਿਸਾਨ ਘੋਲ ਨੂੰ ਅਗਵਾਈ ਦੇਣਾ ਹੈ।
ਜਪਾਨ ਵਿਰੁੱਧ ਟਾਕਰੇ ਦੇ ਜੁੱਧ ਸਮੇਂ ਸਾਥੀ ਮਾਓ ਜੇ-ਤੁੰਗ ਨੇ ਦੁਬਾਰਾ ਜੋਰ ਦਿੱਤਾ ਕਿ ਪਰੋਲੇਤਾਰੀ ਜਮਾਤ ਦੇ ਸਭ ਤੋਂ ਭਰੋਸੇਯੋਗ ਅਤੇ ਸਭ ਤੋਂ ਵੱਡੀ ਗਿਣਤੀ ਦੇ ਸੰਗੀ ਕਿਸਾਨ ਹਨ ਅਤੇ ਟਾਕਰੇ ਦੇ ਜੁੱਧ ਵਿਚ ਉਹ ਮੁੱਖ ਤਾਕਤ ਬਣਦੇ ਸਨ। ਚੀਨ ਦੀਆਂ ਫੌਜਾਂ ਵਾਸਤੇ ਬੰਦਿਆਂ ਦਾ ਮੁੱਖ ਸੋਮਾ ਕਿਸਾਨ ਸਨ। ਲਮਕਵੇਂ ਜੁੱਧ ਵਾਸਤੇ ਲੋੜੀਂਦੀਂ ਰਸ਼ਦ ਅਤੇ ਫੰਡ ਬਹੁਤਾ ਕਰਕੇ ਕਿਸਾਨਾਂ ਤੋਂ ਹੀ ਮਿਲਦੇ ਸਨ। ਜਪਾਨ ਵਿਰੋਧੀ ਜੁੱਧ ਵਿਚ ਮੁੱਖ ਤੌਰ 'ਤੇ ਟੇਕ ਕਿਸਾਨਾਂ ਉਤੇ ਰੱਖਣੀ ਅਤੇ ਉਨਾਂ ਨੂੰ ਵੱਡੇ ਪੈਮਾਨੇ ਉਤੇ ਜੁੱਧ ਵਿਚ ਸਾਮਲ ਹੋਣ ਲਈ ਉਭਾਰਨਾ ਲਾਜ਼ਮੀ ਸੀ।
ਜਪਾਨ ਵਿਰੁੱਧ ਟਾਕਰੇ ਦਾ ਜੁੱਧ ਸਾਡੀ ਪਾਰਟੀ ਦੀ ਅਗਵਾਈ ਵਿਚ ਅਸਲੋਂ ਇਕ ਕਿਸਾਨੀ ਦਾ ਇਨਕਲਾਬੀ ਜੁੱਧ ਸੀ। ਕਿਸਾਨ ਜਨਤਾ ਨੂੰ ਉਭਾਰਕੇ ਅਤੇ ਲਾਮਬੰਦ ਕਰਕੇ ਉਨ੍ਹਾਂ ਨੂੰ ਪਰੋਲੇਤਾਰੀ ਜਮਾਤ ਨਾਲ ਮੇਲ ਕੇ, ਸਾਡੀ ਪਾਰਟੀ ਨੇ ਸਭ ਤੋਂ ਤਕੜੇ ਵੈਰੀ ਨੂੰ ਹਰਾਉਣ ਲਈ ਇਕ ਬਲਵਾਨ ਤਾਕਤ ਪੈਦਾ ਕੀਤੀ।
ਕਿਸਾਨਾਂ ਉਤੇ ਟੇਕ ਰੱਖਣੀ, ਪੇਂਡੂ ਆਧਾਰ ਇਲਾਕੇ ਬਣਾਉਣੇ ਅਤੇ ਪਿੰਡਾਂ ਦੀ ਵਰਤੋਂ ਕਰਕੇ ਸ਼ਹਿਰਾਂ ਨੂੰ ਘੇਰਨਾ ਅਤੇ ਅਖੀਰ ਕਬਜੇ ਵਿਚ ਕਰਨਾ— ਚੀਨੀ ਇਨਕਲਾਬ ਦਾ ਜਿੱਤ ਦਾ ਏਹ ਰਾਹ ਸੀ। ਚੀਨੀ ਇਨਕਲਾਬ ਦੇ ਲੱਛਣਾਂ ਨੂੰ ਆਧਾਰ ਮੰਨ ਕੇ ਸਾਥੀ ਮਾਓ ਜ਼ੇ ਤੁੰਗ ਨੇ ਪੇਂਡੂ ਇਨਕਲਾਬੀ ਆਧਾਰ ਇਲਾਕੇ ਦੇ ਗੜ੍ਹ ਬਣਾਉਣ ਦੀ ਮਹੱਤਤਾ ਦੱਸੀ।
ਕਿਉਕਿ ਚੀਨ ਦੇ ਮੁੱਖ ਸ਼ਹਿਰ ਲੰਮੇ ਸਮੇਂ ਤੋਂ ਤਾਕਤਵਰ ਸਾਮਰਾਜਵਾਦੀਆਂ ਅਤੇ ਉਨ੍ਹਾਂ ਦੇ ਪਿੱਛੇ ਖਿੱਚੂ ਜੋਟੀਦਾਰਾਂ ਦੇ ਕਬਜੇ ਵਿਚ ਰਹੇ ਸਨ, ਇਨਕਲਾਬੀ ਦਸਤਿਆਂ ਲਈ ਇਹ ਲਾਜ਼ਮੀ ਸੀ ਕਿ ਉਹ ਪਿੱਛੜੇ ਹੋਏ ਪਿੰਡਾਂ ਨੂੰ ਉਨਤ ਅਤੇ ਪਰਪੱਕ ਅਧਾਰ ਇਲਾਕਿਆਂ ਵਿਚ, ਵੱਡੇ ਫੌਜੀ, ਰਾਜਸੀ, ਆਰਥਕ ਅਤੇ ਸਭਿਆਚਾਰਕ ਇਨਕਲਾਬ ਦੇ ਗੜ੍ਹਾਂ ਵਿਚ ਬਦਲ ਦੇਣ। ਜਿੱਥੋਂ ਸ਼ਹਿਰਾਂ ਨੂੰ ਵਰਤਕੇ ਪੇਂਡੂ ਇਲਾਕਿਆਂ ਉਤੇ ਧਾਵਾ ਬੋਲਦੇ ਦੁਸ਼ਟ ਵੈਰੀਆਂ ਨਾਲ ਲੜਿਆ ਜਾਵੇ, ਅਤੇ ਇਸ ਤਰ੍ਹਾਂ ਸਹਿਜੇ ਸਹਿਜੇ ਲਮਕਵੀਂ ਲੜਾਈ ਰਾਹੀਂ ਇਨਕਲਾਬ ਦੀ ਪੂਰਨ ਫਤਹਿ ਹਾਸਲ ਕੀਤੀ ਜਾਵੇ।ਜੇ ਉਹ ਸਾਮਰਾਜ ਅਤੇ ਉਸਦੇ ਚਾਟੜਿਆਂ ਨਾਲ ਸਮਝੋਤਾ ਨਹੀਂ ਕਰਨਾ ਚਾਹੁੰਦੇ ਸਗੋਂ ਉਹਨਾਂ ਨੇ ਲੜਦੇ ਰਹਿਣ ਦੀ ਧਾਰੀ ਹੋਈ ਹੈ ਅਤੇ ਜੇ ਉਹ ਆਪਣੀਆਂ ਤਾਕਤਾਂ ਨੂੰ ਉਸਾਰਨਾ ਅਤੇ ਕਾਠੀਆਂ ਕਰਨਾ ਚਾਹੁੰਦੇ ਹਨ ਅਤੇ ਉਨਾਂ ਚਿਰ ਤਾਕਤਵਰ ਵੈਰੀ ਨਾਲ ਫੈਸਲਾਕਰੂ ਲੜਾਈਆਂ ਤੋਂ ਟੱਲਣਾ ਚਾਹੁੰਦੇ ਹਨ, ਜਿੰਨਾ ਚਿਰ ਉਨ੍ਹਾਂ ਦੀ ਤਾਕਤ  ਨਾ-ਕਾਫੀ ਹੈ,ਤਾਂ ਉਨ੍ਹਾਂ ਲਈ ਇਹ ਕਰਨਾ ਲਾਜ਼ਮੀ ਹੈ। ਦੂਜੇ ਇਨਕਲਾਬੀ ਘਰੋਗੀ ਯੁੱਧ ਦੇ ਤਜਰਬੇ ਨੇ ਦੱਸਿਆ, ਜਦੋਂ ਸਾਥੀ ਮਾਓ ਜ਼ੇ ਤੁੰਗੀ ਦੀ ਇਸ ਯੁੱਧਨੀਤੀ ਦੀ ਧਾਰਨਾ ਨੂੰ ਲਾਗੂ ਕੀਤਾ ਗਿਆ ਤਾਂ ਇਨਕਲਾਬੀ ਤਾਕਤਾਂ ਅੰਦਰ ਅੰਤਾਂ ਦਾ ਵਾਧਾ ਹੋਇਆ ਅਤੇ ਇਕ ਤੋਂ ਪਿੱਛੋਂ ਦੂਜਾ ਲਾਲ ਇਲਾਕਾ ਬਣਦਾ ਗਿਆ। ਇਸ ਤੋਂ ਉਲਟ ਜਦੋਂ ਇਸ ਦੀ ਉਲੰਘਣਾ ਕੀਤੀ ਗਈ ਅਤੇ ''ਖੱਬੂ'' ਮੌਕਾਪ੍ਰਸਤਾਂ ਦੀਆਂ ਯੱਬਲੀਆਂ ਲਾਗੂ ਕੀਤੀਆਂ ਗਈਆਂ ਤਾਂ ਸ਼ਹਿਰਾਂ ਅੰਦਰ 100% ਅਤੇ ਪਿੰਡਾਂ ਅੰਦਰ 90% ਹਰਜ਼ਾ ਹੋਣ ਨਾਲ ਇਨਕਲਾਬੀ ਤਾਕਤਾਂ ਨੂੰ ਲੋਹੜਾ ਦਾ ਨੁਕਸਾਨ ਹੋਇਆ।
ਜਾਪਾਨ ਵਿਰੋਧੀ ਟਾਕਰੇ ਦੇ ਯੁੱਧ ਦੌਰਾਨ ਜਾਪਾਨੀ ਸਾਮਰਾਜੀ ਫੌਜਾਂ ਨੇ ਚੀਨ ਦੇ ਬਹੁਤ ਸਾਰੇ ਵੱਡੇ ਸ਼ਹਿਰਾਂ ਤੇ ਆਵਾਜਾਈ ਦੇ ਮੁੱਖ ਲਾਂਘਿਆਂ 'ਤੇ ਕਬਜ਼ਾ ਕਰ ਲਿਆ ਪਰ ਫੌਜੀ ਸਿਪਾਹੀਆਂ ਦੇ ਤੋੜੇ ਕਰਕੇ ਉਹ ਵਿਸ਼ਾਲ ਪੇਂਡੂ ਇਲਾਕੇ 'ਤੇ ਕਬਜ਼ਾ ਨਹੀਂ ਸੀ ਕਰ ਸਕਦੇ। ਜਿਹੜਾ ਵੈਰੀ ਦੇ ਰਾਜ ਦਾ ਕਮਜ਼ੋਰ ਪਾਸਾ ਰਿਹਾ। ਨਤੀਜੇ ਦੇ ਤੌਰ 'ਤੇ, ਪੇਂਡੂ ਆਧਾਰ ਇਲਾਕੇ ਬਣਾਉਣ ਦੀ ਸੰਭਾਵਨਾ ਹੋਰ ਵੀ ਵੱਧ ਹੋ ਗਈ। ਟਾਕਰੇ ਦਾ ਯੁੱਧ ਛਿੜਨ ਤੋਂ ਛੇਤੀ ਹੀ ਪਿੱਛੋਂ ਜਦੋਂ ਜਾਪਾਨੀ ਫੌਜਾਂ ਚੀਨ ਦੇ ਧੁਰ ਅੰਦਰ ਚੜ ਆਈਆਂ ਅਤੇ ਕੌਮਿਨਤਾਂਗੀ ਫੌਜਾਂ ਢਹਿਢੇਰੀ ਹੋ ਗਈਆਂ ਅਤੇ ਹਾਰ ਤੇ ਹਾਰ ਖਾ ਕੇ ਤਿੱਤਰ ਹੋ ਗਈਆਂ ਤਾਂ ਸਾਡੀ ਪਾਰਟੀ ਦੀ ਅਗਵਾਈ ਹੇਠਲੀਆਂ ਅੱਠਵੀਂ ਮਾਰਗ ਸੈਨਾ ਤੇ ਨਵੀਂ ਚੌਥੀ ਸੈਨਾ ਸਾਥੀ ਮਾਓ ਜ਼ੇ ਤੁੰਗ ਵੱਲੋਂ ਦੱਸੀ ਨੀਤੀ ਉਤੇ ਚੱਲੀਆਂ ਅਤੇ ਨਿਧੜਕ ਹੋ ਕੇ ਛੋਟੀਆਂ ਛੋਟੀਆਂ ਟੋਲੀਆਂ ਵਿੱਚ ਵੈਰੀਆਂ ਦੇ ਕਤਾਰਾਂ ਦੇ ਪਿਛਲੇ ਇਲਾਕਿਆਂ ਵਿੱਚ ਵੜ ਗਈਆਂ ਅਤੇ ਪਿੰਡਾਂ ਵਿੱਚ ਆਧਾਰ ਇਲਾਕੇ ਕਾਇਮ ਕੀਤੇ। ਯੁੱਣ ਦੇ ਅੱਠ ਸਾਲਾਂ ਦੇ ਦੌਰਾਨ ਅਸੀਂ ਉੱਤਰੀ, ਕੇਂਦਰੀ ਅਤੇ ਦੱਖਣੀ ਚੀਨ ਦੇ 19 ਜਾਪਾਨ ਵਿਰੋਧੀ ਆਧਾਰ ਇਲਾਕੇ ਕਾਇਮ ਕੀਤੇ। ਵੱਡੇ ਸ਼ਹਿਰਾਂ ਅਤੇ ਆਵਾਜਾਈ ਦੇ ਮੁੱਖ ਲਾਂਘਿਆਂ ਨੂੰ ਛੱਡ ਕੇ ਵੈਰੀ ਦੀ ਪਿੱਠ ਪਿਛਲਾ ਵਿਸ਼ਾਲ ਇਲਾਕਾ ਲੋਕਾਂ ਦੇ ਹੱਥਾਂ ਵਿੱਚ ਸੀ।
ਜਾਪਾਨ ਵਿਰੋਧੀ ਆਧਾਰ ਇਲਾਕਿਆਂ ਵਿੱਚ ਅਸੀਂ ਜਮਹੂਰੀ ਸੁਧਾਰ ਕੀਤੇ, ਲੋਕਾਂ ਦਾ ਰਹਿਣ ਸਹਿਣ ਸੁਧਾਰਿਆ ਅਤੇ ਕਿਸਾਨ ਜਨਤਾ ਨੂੰ ਲਾਮਬੰਦ ਅਤੇ ਜਥੇਬੰਦ ਕੀਤਾ। ਜਾਪਾਨ ਵਿਰੋਧੀ ਜਮਹੂਰੀ ਸਿਆਸੀ ਤਾਕਤ ਦੀਆਂ ਸੰਸਥਾਵਾਂ ਵਿਸ਼ਾਲ ਪੈਮਾਨੇ 'ਤੇ ਕਾਇਮ ਕੀਤੀਆਂ ਗਈਆਂ ਅਤੇ ਲੋਕਾਂ ਨੂੰ ਆਪਣੇ ਕਾਰਜ ਆਪ ਚਲਾਉਣ ਦੇ ਜਮਹੂਰੀ ਹੱਕ ਹਾਸਲ ਸਨ, ਨਾਲ ਦੀ ਨਾਲ ਅਸੀਂ ''ਵਾਜਬ ਭਾਰ'' ਅਤੇ ''ਲਗਾਨ ਅਤੇ ਵਿਆਜ ਦੀ ਕਮੀ'' ਦੀਆਂ ਨੀਤੀਆਂ ਚਲਾਈਆਂ, ਜਿਹਨਾਂ ਨੇ ਲੁੱਟ ਖਸੁੱਟ ਦੀਆਂ ਜਾਗੀਰੂ ਨੀਤੀਆਂ ਨੂੰ ਕਮਜ਼ੋਰ ਕੀਤਾ ਅਤੇ ਲੋਕਾਂ ਦਾ ਰਹਿਣ ਸਹਿਣ ਵਧੀਆ ਬਣਾਇਆ। ਨਤੀਜੇ ਦੇ ਤੌਰ 'ਤੇ ਵਿਸ਼ਾਲ ਜਨਤਾ ਦਾ ਉਤਸ਼ਾਹ ਖੂਬ ਜਾਗਿਆ, ਨਾਲੇ ਅੱਡ ਅੱਡ ਜਾਪਾਨ ਵਿਰੋਧੀ ਤਬਕਿਆਂ ਦਾ ਧਿਆਨ ਰੱਖਿਆ ਗਿਆ ਅਤੇ ਇਸ ਤਰ੍ਹਾਂ ਉਹ ਇੱਕਮੁੱਠ ਹੋ ਗਏ। ਆਧਾਰ ਇਲਾਕਿਆਂ ਵਾਸਤੇ ਨੀਤੀਆਂ ਘੜਨ ਵੇਲੇ ਅਸੀਂ ਇਹ ਵੀ ਖਿਆਲ ਰੱਖਿਆ ਕਿ ਵੈਰੀ ਦੇ ਕਬਜ਼ੇ ਹੇਠਲੇ ਇਲਾਕਿਆਂ ਵਿੱਚ ਇਹ ਸਾਡੇ ਕੰਮ ਲਈ ਸਹਾਈ ਹੋਣ।
ਵੈਰੀ ਦੇ ਕਬਜ਼ੇ ਹੇਠਲੇ ਸ਼ਹਿਰਾਂ ਅਤੇ ਪਿੰਡਾਂ ਅੰਦਰ ਅਸੀਂ ਕਾਨੂੰਨੀ ਅਤੇ ਗੈਰ ਕਾਨੂੰਨੀ ਘੋਲ ਨੂੰ ਮਿਲਾ ਕੇ ਚਲਾਇਆ, ਬੁਨਿਆਦੀ ਜਨਤਾ ਅਤੇ ਸਾਰੇ ਦੇਸ਼ਭਗਤਾਂ ਨੂੰ ਇਕਮੁੱਠ ਕੀਤਾ ਅਤੇ ਵੈਰੀ 'ਤੇ ਉਸਦੇ ਪਿੱਠੂਆਂ ਦੀ ਰਾਜਸੀ ਸੱਤਾ ਨੂੰ ਪਾੜਿਆ ਤੇ ਖਿੰਡਾਇਆ ਤਾਂ ਜੋ ਜਦੋਂ ਹਾਲਤਾਂ ਪੱਕ ਜਾਣ ਤਾਂ ਬਾਹਰੋਂ ਚਲਾਈਆਂ ਮੁਹਿੰਮਾਂ ਨਾਲ ਸਿੱਧਾ ਮੇਲ ਕੇ ਅੰਦਰਵਾਰੋਂ ਵੈਰੀ ਉਤੇ ਹੱਲਾ ਬੋਲਣ ਲਈ ਆਪਣੇ ਆਪ ਨੂੰ ਤਿਆਰ ਕਰ ਸਕੀਏ।
ਸਾਡੀ ਪਾਰਟੀ ਦੇ ਕਾਇਮ ਕੀਤੇ ਆਧਾਰ ਇਲਾਕੇ ਮੁਲਕ ਨੂੰ ਬਚਾਉਣ ਅਤੇ ਜਪਾਨ ਦਾ ਟਾਕਰਾ ਕਰਨ ਲਈ ਚੀਨੀ ਲੋਕਾਂ ਦੇ ਘੋਲ ਦਾ ਧੁਰਾ ਬਣੇ। ਇਨ੍ਹਾਂ ਅੱਡਿਆਂ ਦਾ ਆਸਰਾ ਲੈ ਕੇ ਸਾਡੀ ਪਾਰਟੀ ਨੇ ਲੋਕ ਇਨਕਲਾਬ ਨੂੰ ਵਧਾਇਆ ਅਤੇ ਮਜਬੂਤ ਬਣਾਇਆ, ਲਮਕਵੇਂ ਜੁੱਧ ਦੇ ਸਿਦਕ ਤੇ ਕਾਇਮ ਰਹੇ ਅਤੇ ਅੰਤ ਨੂੰ ਜਪਾਨ ਵਿਰੁੱਧੀ ਟਾਕਰੇ ਦੇ ਜੁੱਧ ਵਿਚ ਫਤਹਿ ਪਾਈ।
ਕੁਦਰਤੀ ਤੌਰ 'ਤੇ, ਇਨਕਲਾਬੀ ਅਧਾਰ ਇਲਾਕਿਆਂ ਨੂੰ ਵਧਾਉਣ ਫੈਲਾਉਣ ਦਾ ਕੰਮ ਸਾਵਾਂ ਚਲਣਾ ਅਸੰਭਵ ਸੀ। ਇਹ ਵੈਰੀ ਲਈ ਬੜਾ ਵੱਡਾ ਖਤਰਾ ਸਨ ਅਤੇ ਇਨ੍ਹਾਂ ਉਤੇ ਹਰ ਹਾਲ ਹੱਲਾ ਹੋਣਾ ਸੀ । ਇਸ ਲਈ ਉਨ੍ਹਾਂ ਦਾ ਵਾਧਾ ਫੈਲਣ, ਸੁੰਗੜਣ ਅਤੇ ਨਵੇਂ ਸਿਰਿਉ ਫੈਲਣ ਦਾ ਇਕ ਕਠਿਨ ਅਮਲ ਸੀ। 1937 ਅਤੇ 1940 ਦੇ ਦਰਮਿਆਨ ਜਪਾਨ ਵਿਰੋਧੀ ਅਧਾਰ ਇਲਾਕਿਆਂ ਦੀ ਅੰਦਰਲੀ ਵਸੋਂ ਵੱਧ ਕੇ 10 ਕਰੋੜ ਹੋ ਗਈ, ਪਰ 1941-42 'ਚ ਜਪਾਨੀ ਸਾਮਰਾਜੀਆਂ ਨੇ ਆਪਣੀਆਂ ਧਾੜਵੀ ਫੌਜਾਂ ਦਾ ਵੱਡਾ ਹਿੱਸਾ ਸਾਡੇ ਅਧਾਰ ਇਲਾਕਿਆਂ ਉਤੇ ਅੰਨ੍ਹੇਵਾਹ ਹਮਲੇ ਕਰਨ ਅਤੇ ਤਰਥੱਲ ਮਚਾਉਣ ਉਤੇ ਲਾ ਦਿੱਤਾ। ਏਸੇ ਸਮੇਂ ਕੌਮਨਤਾਂਗ ਨੇ ਵੀ ਇਨ੍ਹਾਂ ਅਧਾਰ ਇਲਾਕਿਆਂ ਨੂੰ ਘੇਰਾ ਪਾਇਆ, ਇਹਨਾਂ ਦੀ ਨਾਕਾਬੰਦੀ ਕੀਤੀ ਅਤੇ ਉਹ ਇਨ੍ਹਾਂ ਉਤੇ ਹੱਲਾ ਬੋਲਣ ਤੱਕ ਵੀ ਗਈ। ਸੋ 1942 ਤੱਕ, ਜਪਾਨ ਵਿਰੋਧੀ ਅਧਾਰ ਇਲਾਕੇ ਸੁੰਗੜ ਗਏ ਸਨ ਅਤੇ ਉਨ੍ਹਾਂ ਦੀ ਵਸੋਂ ਘੱਟ ਕੇ ਪੰਜ ਕਰੋੜ ਤੋਂ ਘੱਟ ਰਹਿ ਗਈ ਸੀ। ਜਨਤਾ ਉਤੇ ਪੂਰੀ ਟੇਕ ਰੱਖ ਕੇ, ਸਾਡੀ ਪਾਰਟੀ ਨੇ ਦ੍ਰਿੜਤਾ ਨਾਲ ਕਿੰਨੀਆਂ ਸਾਰੀਆਂ ਸਹੀ ਨੀਤੀਆਂ ਅਤੇ ਕਦਮ ਅਪਣਾਏ ਜਿਸਦੇ ਨਤੀਜੇ ਵੱਜੋਂ ਅੰਤਾਂ ਦੇ ਔਖੇ ਸਾਲਾਂ ਵਿਚ ਆਧਾਰ ਇਲਾਕੇ ਕਾਇਮ ਰਹੇ।...
ਟਾਕਰੇ ਦੇ ਯੁੱਧ ਸਮੇਂ ਕਾਇਮ ਕੀਤੇ ਇਨਕਲਾਬੀ ਆਧਾਰ ਇਲਾਕੇ ਮਗਰੋਂ ਸਾਡੇ ਮੁਕਤੀ ਦੇ ਲੋਕ ਯੁੱਧ ਵਾਸਤੇ ਹੁਲਾਰ ਪੈੜਾ ਬਣੇ, ਜਿਸ ਵਿੱਚ ਚੀਨੀ ਲੋਕਾਂ ਨੇ ਕੌਮਿਨਤਾਂਗੀ ਪਿੱਛਾਂਹ ਖਿੱਚੂਆਂ ਨੂੰ ਭਾਂਜ ਦਿੱਤੀ। ਮੁਕਤੀ ਯੁੱਧ ਵਿੱਚ ਅਸੀਂ ਪਹਿਲਾਂ ਪਿੰਡਾਂ ਵੰਨੀਓਂ ਸ਼ਹਿਰਾਂ ਨੂੰ ਘੇਰਨ ਤੇ ਫੇਰ ਸ਼ਹਿਰਾਂ ਉੱਤੇ ਕਬਜਾ ਕਰਨ ਦੀ ਨੀਤੀ ਜਾਰੀ ਰੱਖੀ ਅਤੇ ਇਸ ਤਰ੍ਹਾਂ ਕੌਮ ਵਿਆਪੀ ਜਿੱਤ ਹਾਸਲ ਕੀਤੀ।
ਲਿਨ ਪਿਆਓ ਦੀ ਲਿਖਤ ''ਲੋਕ ਯੁੱਧ ਦੀ ਜਿੱਤ ਅਮਰ ਰਹੇ'' 'ਚੋਂ ਕੁਝ ਅੰਸ਼


***