Showing posts with label ਨਕਸਲਬਾੜੀ. Show all posts
Showing posts with label ਨਕਸਲਬਾੜੀ. Show all posts

Saturday, October 14, 2017

ਨਕਸਲਬਾੜੀ ਦੇ ਰਾਹ 'ਤੇ ਅੱਗੇ ਵਧਣ ਦਾ ਹੋਕਾ

ਨਕਸਲਬਾੜੀ ਬਗਾਵਤ ਦੀ 50ਵੀਂ ਵਰ੍ਹੇਗੰਢ ਪੰਜਾਬ 'ਚ ਪੂਰੇ ਇਨਕਲਾਬੀ ਉਤਸ਼ਾਹ ਨਾਲ ਮਨਾਈ ਗਈ ਹੈ। ਸੂਬੇ ਦੀਆਂ ਕਮਿ: ਇਨਕਲਾਬੀ ਸਖਸ਼ੀਅਤਾਂ ਵੱਲੋਂ ਨਕਸਲਬਾੜੀ ਦੇ ਰਾਹ ਤੇ ਸਿਆਸਤ ਨੂੰ ਬੁਲੰਦ ਕੀਤਾ ਗਿਆ ਹੈ ਅਤੇ ਨਕਸਲਬਾੜੀ ਨੂੰ ਭਾਰਤੀ ਲੋਕਾਂ ਦੀ ਮੁਕਤੀ ਦੇ ਰਾਹ ਵਜੋਂ ਉਭਾਰਿਆ ਗਿਆ ਹੈ। ਇਹ ਵਰ੍ਹੇਗੰਢ ਵੱਖ-2 ਜਥੇਬੰਦੀਆਂ ਤੇ ਪਲੇਟਫਾਰਮਾਂ ਵੱਲੋਂ ਮਨਾਈ ਗਈ ਹੈ। ਪੰਜਾਬ 'ਚ ਤਿੰਨ ਇਨਕਲਾਬੀ ਜਥੇਬੰਦੀਆਂ ਵੱਲੋਂ ਇੱਕ ਵੱਡਾ ਜਨਤਕ ਇਕੱਠ 25 ਮਈ ਲੁਧਿਆਣਾ 'ਚ ਕਰਕੇ, ਨਕਸਲਬਾੜੀ ਦੀ ਮਸ਼ਾਲ ਬਲਦੀ ਰੱਖਣ ਦਾ ਹੋਕਾ ਦਿੱਤਾ ਗਿਆ ਹੈ। ਇਸ ਕਾਨਫਰੰਸ ਦਾ ਸੱਦਾ ਇਨਕਲਾਬੀ ਲੋਕ ਮੋਰਚਾ ਪੰਜਾਬ, ਲੋਕ ਸੰਗਰਾਮ ਮੰਚ ਤੇ ਸੀ.ਪੀ.ਆਈ. (ਮ.ਲ.) ਨਿਊ ਡੈਮੋਕਰੇਸੀ ਵੱਲੋਂ ਦਿੱਤਾ ਗਿਆ ਸੀ। ਇਸ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ-ਵਿਦਿਆਰਥੀਆਂ ਤੇ ਹੋਰਨਾਂ ਤਬਕਿਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਪਹਿਲਾਂ ਜਨਤਕ ਮੁਹਿੰਮ ਰਾਹੀਂ ਨਕਸਲਬਾੜੀ ਦਾ ਹੋਕਾ ਪੰਜਾਬ 'ਚ ਦਿੱਤਾ ਗਿਆ ਸੀ। ਮੰਚ ਤੋਂ ਤਿੰਨੋਂ ਜਥੇਬੰਦੀਆਂ ਦੇ ਬੁਲਾਰਿਆਂ ਲਾਲ ਸਿੰਘ ਗੋਲੇਵਾਲਾ, ਸੁਖਵਿੰਦਰ ਕੌਰ ਤੇ ਦਰਸ਼ਨ ਖਟਕੜ ਨੇ ਨਕਸਲਬਾੜੀ ਦੇ ਰਾਹ ਤੇ ਪ੍ਰੋਗਰਾਮ ਨੂੰ ਮੌਜੂਦਾ ਲੁਟੇਰੇ ਰਾਜ ਦੇ ਇਨਕਲਾਬੀ ਬਦਲ ਵਜੋਂ ਉਭਾਰਿਆ। ਉਹਨਾਂ ਰਾਜ ਮਸ਼ੀਨਰੀ ਦੇ ਨਕਸਲਬਾੜੀ ਲਹਿਰ ਬਾਰੇ ਕੀਤੇ ਜਾ ਰਹੇ ਝੂਠੇ ਪ੍ਰਚਾਰ ਨੂੰ ਛੰਡਿਆ ਤੇ ਹੁਣ ਤੱਕ ਭਾਰਤੀ ਰਾਜ ਵੱਲੋਂ ਝੁਲਾਏ ਗਏ ਦਮਨ ਝੱਖੜਾਂ ਰਾਹੀਂ ਇਸ ਲਹਿਰ ਨੂੰ ਕੁਚਲਣ ਦੇ ਮਨਸੂਬਿਆਂ ਦਾ ਪਰਦਾਫਾਸ਼ ਕੀਤਾ। ਜ਼ਰੱਈ ਇਨਕਲਾਬ ਨੂੰ ਭਾਰਤੀ ਇਨਕਲਾਬ ਦਾ ਤੱਤ ਦਸਦਿਆਂ ਜ਼ਰੱਈ ਇਨਕਲਾਬੀ ਲਹਿਰ ਉਸਾਰਨ ਦਾ ਸੱਦਾ ਦਿੱਤਾ ਗਿਆ। ਮੋਦੀ ਹੂਕਮਤ ਵੱਲੋਂ ਵਿੱਢੇ ਫਿਰਕੂ ਫਾਸ਼ੀ ਹਮਲੇ ਖਿਲਾਫ਼ ਡਟਣ ਅਤੇ ਜੰਗਲੀ ਖੇਤਰਾਂ 'ਚ ਵਿੱਢੇ ਅਪ੍ਰੇਸ਼ਨ ਗ੍ਰੀਨ ਹੰਟ ਦਾ ਵਿਰੋਧ ਕਰਨ ਲਈ ਸਾਂਝੀ ਲਹਿਰ ਉਸਾਰਨ ਦੀ ਮਹੱਤਤਾ 'ਤੇ ਵੀ ਜ਼ੋਰ ਪਾਇਆ ਗਿਆ। ਇਸ ਮੌਕੇ ਸਮਾਗਮ ਨਾਲ ਇੱਕਜੁੱਟਤਾ ਜ਼ਾਹਰ ਕਰਨ ਪਹੁੰਚੇ ਸੁਰਖ ਲੀਹ ਦੇ ਸੰਪਾਦਕ ਜਸਪਾਲ ਜੱਸੀ ਨੇ ਸਮਾਗਮ ਕਰ ਰਹੀਆਂ ਜਥੇਬੰਦੀਆਂ ਨੂੰ ਨਕਸਲਬਾੜੀ ਦੀ ਵਿਰਾਸਤ ਬੁਲੰਦ ਕਰਨ ਦੀ ਵਧਾਈ ਦਿੱਤੀ। ਉਹਨਾਂ ਨਕਸਲਬਾੜੀ ਦੇ ਨਾਂ ਹੇਠ ਲਹਿਰ 'ਚ ਘੁਸਪੈਠ ਕਰ ਰਹੀਆਂ ਸੋਧਵਾਦੀ ਤਾਕਤਾਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ। ਉਹਨਾਂ ਨਕਸਲਬਾੜੀ ਲਹਿਰ ਦੇ ਰੋਸ਼ਨ ਭਵਿੱਖ 'ਚ ਅਡੋਲ ਨਿਹਚਾ ਕਾਇਮ ਰੱਖਦਿਆਂ, ਇਨਕਲਾਬੀ ਤਾਕਤਾਂ ਵੱਲੋਂ ਇੱਕਜੁੱਟ ਹੋ ਕੇ ਅੱਗੇ ਵਧਣ ਨਾਲ ਜਿੱਤਾਂ ਹਾਸਲ ਹੋਣ ਦੀਆਂ ਸੰਭਾਵਨਾਵਾਂ ਦੀ ਗੱਲ ਕੀਤੀ। ਸਮਾਗਮ ਦੇ ਅੰਤ 'ਤੇ ਨਕਸਲਬਾੜੀ ਜਿੰਦਾਬਾਦ ਦੇ ਜ਼ੋਰਦਾਰ ਨਾਅਰੇ ਗੁੰਜਾਉਂਦਿਆਂ ਮਾਰਚ ਵੀ ਕੀਤਾ ਗਿਆ। ਪੰਜਾਬੀ ਟ੍ਰਿਬਿਊਨ ਦੀ ਇੱਕ ਖਬਰ ਅਨੁਸਾਰ ਅਦਾਰਾ ਲਾਲ ਪਰਚਮ ਵੱਲੋਂ ਬਰਨਾਲਾ 'ਚ ਇਕੱਤਰਤਾ ਰਾਹੀਂ ਨਕਸਲਬਾੜੀ ਦਾ ਦਿਹਾੜਾ ਮਨਾਇਆ ਗਿਆ ਹੈ ਤੇ ਅਜੋਕੇ ਦੌਰ 'ਚ ਇਸਦੀ ਪ੍ਰਸੰਗਕਤਾ ਬਾਰੇ ਵਿਚਾਰ ਚਰਚਾ ਕੀਤੀ ਗਈ ਹੈ। ਇਸਤੋਂ ਬਿਨਾਂ ਇਕ ਨਕਸਲੀ ਜਥੇਬੰਦੀ ਸੀ.ਪੀ.ਆਰ.ਸੀ.ਆਈ.(ਮ.ਲ.) ਵੱਲੋਂ ਵੀ ਨਕਸਲਬਾੜੀ ਵਰ੍ਹੇਗੰਢ ਮੌਕੇ ਇੱਕ ਦੁ-ਵਰਕੀ ਜਾਰੀ ਕੀਤੀ ਗਈ ਹੈ ਅਤੇ ਇਕ ਪੋਸਟਰ ਵੀ ਪੰਜਾਬ 'ਚ ਲਾਇਆ ਗਿਆ ਹੈ। ਇਸ ਸਮੱਗਰੀ 'ਚ ਨਕਸਲਬਾੜੀ ਸਿਆਸਤ ਦੇ ਅਹਿਮ ਅੰਸ਼ਾਂ ਨੂੰ ਉਭਾਰਿਆ ਗਿਆ ਹੈ ਤੇ ਨਕਸਲਬਾੜੀ ਦੇ ਰਾਹ 'ਤੇ ਅੱਗੇ ਵਧਣ ਦਾ ਸੱਦਾ ਦਿੱਤਾ ਗਿਆ ਹੈ। ਇਕ ਹੋਰ ਜਥੇਬੰਦੀ ਸੀ.ਪੀ.ਆਈ. ਮਾਓਵਾਦੀ ਵੱਲੋਂ ਵੀ ਇਕੱ ਹੱਥ ਪਰਚਾ ਵੰਡਿਆ ਗਿਆ ਹੈ। ਸੁਰਖ ਲੀਹ ਤੋਂ ਇਲਾਵਾ ਇੱਕ ਹੋਰ ਮੈਗਜ਼ੀਨ 'ਇਨਕਲਾਬੀ ਸਾਡਾ ਰਾਹ' ਵੱਲੌਂ ਵੀ ਇਕ ਵਿਸ਼ੇਸ਼ ਸਪਲੀਮੈਂਟ ਜਾਰੀ ਕੀਤਾ ਗਿਆ ਹੈ।
ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ਵੀ ਇਹ ਵਰ੍ਹੇਗੰਢ ਮਨਾਉਣ ਦੀਆਂ ਖਬਰਾਂ ਮਿਲੀਆਂ ਹਨ। ਜਿਵੇਂ ਨਕਸਲਬਾੜੀ ਖੇਤਰ 'ਚ ਸਿਲੀਗੁੜੀ (ਪੱਛਮੀ ਬੰਗਾਲ) 'ਚ ਵੀ ਇਹ ਦਿਹਾੜਾ ਮਨਾਇਆ ਗਿਆ ਹੈ। ਸਿਲੀਗੁੜੀ ਤੋਂ ਇੱਕ ਮਾਰਚ ਨਕਸਲਬਾੜੀ ਪਿੰਡ ਤੱਕ ਪਹੁੰਚਿਆ ਹੈ ਤੇ ਇਸ ਮਹਾਨ ਕਿਸਾਨ ਬਗਾਵਤ ਦੀ ਦੇਣ ਨੂੰ ਬੁਲੰਦ ਕੀਤਾ ਹੈ।

Sunday, May 7, 2017

(06) ਨਕਸਲਬਾੜੀ ਲਹਿਰ : ਜ਼ਿੰਦਗੀ ਮੌਤ ਦੇ ਨਵੇਂ ਅਰਥ ਉਘਾੜਦੀ ਸ਼ਹਾਦਤਾਂ ਦੀ ਲੋਅ

 




47 ਵਰ੍ਹੇ ਪਹਿਲਾਂ 25 ਮਈ 1967 ਨੂੰ ਨਕਸਲਬਾੜੀ ਬਗਾਵਤ ਦੀ ਗੂੰਜ ਉੱਚੀ ਹੋਈ। ਪਹਿਲੇ ਹੀ ਦਿਨ ਤੋਂ ਇਹ ਬਗਾਵਤ ਸ਼ਹਾਦਤਾਂ ਦੀ ਗੁੜ੍ਹਤੀ ਲੈ ਕੇ ਜੰਮੀ। ਪੁਲਸ ਦੀ ਅੰਨ੍ਹੀ ਫਾਇਰਿੰਗ ਦਾ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਦਸ ਮਰਦਾਂ, ਔਰਤਾਂ ਅਤੇ ਬੱਚਿਆਂ ਨੇ ਇਸ ਦਿਨ ਸ਼ਹਾਦਤ ਪਾਈ। ਇਸੇ ਦਿਨ ਦਾ ਗਿਆਰਵਾਂ ਸ਼ਹੀਦ ਦਰੋਗਾ ਸੁਨਮ ਵਾਂਗਦੀ ਸੀ। ਉਹ ਦੋ ਦਿਨ ਪਹਿਲਾਂ ਪੁਲਸ ਨਾਲ ਜਨਤਕ ਝੜੱਪ ਦੌਰਾਨ ਜ਼ਖਮੀ ਹੋਇਆ ਸੀ ਅਤੇ ਹਸਪਤਾਲ ਵਿੱਚ ਸ਼ਹੀਦ ਹੋ ਗਿਆ।
ਨਕਸਲਬਾੜੀ ਦੀ ਵਿਚਾਰਧਾਰਾ ਸਾਡੀ ਪ੍ਰੇਰਨਾ ਹੈ। ਸ਼ਹਾਦਤਾਂ ਦੀ ਲੰਮੀ ਲੜੀ ਇਸ ਵਿਚਾਰਧਾਰਾ ਦਾ ਹੀ ਇੱਕ ਵਿਸ਼ੇਸ਼ ਅਕਸ ਹੈ। ਉਸ ਜਿਓਣ-ਜਾਚ ਦਾ ਨਮੂਨਾ ਜਿਸਦੀ ਜਾਗ ਇਸ ਵਿਚਾਰਧਾਰਾ ਨੇ ਅਨੇਕਾਂ ਜੁਝਾਰਾਂ ਨੂੰ ਲਾਈ। ਕਿੰਨੇ ਹੀ ਸ਼ਹੀਦ ਸ਼ਹਾਦਤ ਤੋਂ ਪਹਿਲਾਂ ਕਸਾਈ ਦੁਸ਼ਮਣ ਦੇ ਅੰਨ੍ਹੇ ਤਸ਼ਦਦ ਦੇ ਦੌਰਾਂ ਚੋਂ ਗੁਜ਼ਰੇ। ਉੱਚੇ ਮਨੋਬਲ, ਸਿਦਕ ਅਤੇ ਨਿਹਚਾ ਦੀ ਲਟ-ਲਟ ਬਲਦੀ ਮਸ਼ਾਲ ਬਣਕੇ ਉਨ੍ਹਾ ਨੇ ਮੌਤ ਨੂੰ ਗਲਵੱਕੜੀ ਪਾਈ।
25 ਮਈ ਨਕਸਲਬਾੜੀ ਬਗਾਵਤ ਦੀ ਪੰਜਾਹਵੀਂ ਵਰੇਗੰਢ ਦਾ ਦਿਹਾੜਾ ਹੈ। ਇਹ ਨਕਸਲਬਾੜੀ ਲਹਿਰ ਦੇ ਨਾਂ ਨਾਲ ਜਾਣੀ ਜਾਂਦੀ ਕਮਿਊਨਿਸਟ ਇਨਕਲਾਬੀ ਲਹਿਰ ਦੀ ਵਿਚਾਰਧਾਰਾ ਅਤੇ ਸਿਆਸਤ ਦੀ ਜੈ ਜੈ ਕਾਰ ਦਾ ਦਿਨ ਹੈ। ਨਾਲ ਹੀ ਇਹ ਉਨ੍ਹਾ ਸਭਨਾਂ ਸ਼ਹੀਦਾਂ ਦੀ ਕਰਨੀ ਨੂੰ ਸਿਜਦਾ ਕਰਨ ਅਤੇ ਉਚਿਆਉਣ ਦਾ ਦਿਨ ਹੈ, ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਲੋਕ ਮੁਕਤੀ ਦੇ ਮਹਾਨ ਆਦਰਸ਼ ਲਈ ਵਾਰ ਦਿੱਤੀਆਂ। ਲਹਿਰ ਦੇ ਵਾਰਸਾਂ ਦੇ ਨੈਣਾਂ ਦੀ ਲਸ਼ਕੋਰ ਬਣੀ ਇਸ ਲੰਮੀ ਲੜੀ'ਚ ਉਹ ਸੱਭੇ ਜੁਝਾਰ ਆਗੂ ਅਤੇ ਕਾਰਕੁਨ ਵੀ ਸ਼ਾਮਲ ਹਨ, ਜੋ ਦੁਸ਼ਮਣ ਹੱਥੋਂ ਕਤਲ ਤਾਂ ਨਹੀਂ ਹੋਏ, ਪਰ ਜ਼ਿੰਦਗੀ ਭਰ ਸਿਰ ਤਲ਼ੀ 'ਤੇ ਧਰ ਕੇ ਜੂਝਦਿਆਂ ਸੰਗਰਾਮੀ ਕਾਫਲੇ ਚੋਂ ਵਿਦਾ ਹੋਏ।
ਕਮਿਊਨਿਸਟ ਇਨਕਲਾਬੀ ਲਹਿਰ ਦੇ ਕਾਰਕੁਨਾਂ ਅਤੇ ਸ਼ਹੀਦਾਂ ਦਾ ਜਿਉਣ-ਮਰਨ ਲਹਿਰ ਦੇ ਕਰੂਰੇ ਦੀ ਹੀ ਝਲਕ ਹੁੰਦਾ ਹੈ। ਸ਼ਹੀਦਾਂ ਦੀ ਯਾਦ ਮਨਾਉਣ ਦਾ ਮਹੱਤਵ ਇਸੇ ਗੱਲ ਕਰਕੇ ਹੈ। ਸ਼ਹੀਦੀ ਦਿਹਾੜੇ ਲਹਿਰ ਦੇ ਆਦਰਸ਼ਾਂ ਅਤੇ ਗੁਣਾਂ ਦੀ ਤਸਵੀਰ ਨੂੰ ਉਭਾਰਨ ਦਾ ਸਾਧਨ ਬਣਦੇ ਹਨ। ਸ਼ਹੀਦਾਂ ਦੀ ਜੀਵਨ ਗਾਥਾ ਅਤੇ ਕਰਨੀ ਇਨ੍ਹਾਂ ਆਦਰਸ਼ਾਂ ਅਤੇ ਗੁਣਾਂ ਨੂੰ ਹੀ ਸਾਕਾਰ ਕਰਦੀ ਹੈ। ਇਸ ਕਰਕੇ ਨਕਸਲਬਾੜੀ ਲਹਿਰ ਦੇ ਸ਼ਹੀਦਾਂ ਦੀ ਘਾਲਣਾ ਨੂੰ ਬੁਲੰਦ ਕਰਨ ਦੀ ਸਰਗਰਮੀ ਇਸ ਲਹਿਰ ਦੀ ਜਿਉਂਦੀ ਜਾਗਦੀ ਪ੍ਰੇਰਨਾ ਨੂੰ ਡੂੰਘੀ ਕਰਨ ਦੀ ਸਰਗਰਮੀ ਹੈ।
ਇਹ ਸ਼ਹੀਦ ਮਹਾਨ ਹਨ, ਕਿਉਂਕਿ ਉਨ੍ਹਾਂ ਦਾ ਜੀਵਨ
ਦੁਨੀਆ ਦੇ ਸਭ ਤੋਂ ਮਹਾਨ ਆਦਰਸ਼ ਦੇ ਲੇਖੇ ਲੱਗਿਆ। ਇਹ ਆਦਰਸ਼ ਸਮੁੱਚੀ ਮਨੁੱਖਤਾ ਨੂੰ ਲੁੱਟ, ਦਾਬੇ ਅਤੇ ਵਿਤਕਰਿਆਂ ਤੋਂ ਮੁਕਤ ਕਰਾਉਣ ਦਾ ਆਦਰਸ਼ ਹੈ। ਉਹ ਮਹਾਨ ਹਨ ਕਿਉਂਕਿ ਉਹ ਇਸ ਆਦਰਸ਼ ਦੇ ਸਭ ਤੋਂ ਮਹਾਨ ਹੋਣ ਦੇ ਅਥਾਹ ਭਰੋਸੇ ਨਾਲ ਜੂਝੇ। ਉਹ ਮਹਾਨ ਹਨ ਕਿਉਂਕਿ ਉਨ੍ਹਾਂ ਨੂੰ ਪੱਕਾ ਭਰੋਸਾ ਸੀ ਕਿ ਇੱਕ ਨਵਾਂ ਸਮਾਜ ਹਰ ਹਾਲ ਸਿਰਜਿਆ ਜਾਵੇਗਾ. ਕੋਈ ਤਾਕਤ ਇਸਦੀ ਅੱਟਲਤਾ ਨੂੰ ਰੋਕ ਨਹੀਂ ਸਕਦੀ। ਉਹ ਮਹਾਨ ਸਨ; ਕਿਉਂਕਿ ਉਹ ਸਮਾਜ ਦੀ ਸਭ ਤੋਂ ਹੋਣਹਾਰ ਜਮਾਤ, ਮਜਦੂਰ ਜਮਾਤ ਦੇ ਹਿੱਤਾਂ ਦੀ ਤਰਜਮਾਨੀ ਕਰਦੇ ਸਨ। ਮਨੁੱਖਤਾ ਦੇ ਭਵਿੱਖ ਦੀ ਰਥਵਾਨ ਇਸ ਜਮਾਤ ਨਾਲ ਉਹਨਾਂ ਨੇ ਆਪਣੀ ਹੋਣੀ ਨੂੰ ਇੱਕਮਿਕ ਕਰ ਲਿਆ ਸੀ। ਉੇਹ ਮਹਾਨ ਸਨ ਕਿਉਂਕਿ ਉਹ ਮਹਾਨ ਲੋਕਤਾ ਦੇ ਸਭ ਤੋਂ ਸੂਝਵਾਨ ਜਾਇਆਂ ਦੀ ਕਤਾਰ 'ਚ ਸ਼ਾਮਲ ਸਨ।
ਆਪਣੇ ਮਕਸਦ ਦੇ ਜਾਇਜ਼-ਉੱਤਮ ਹੋਣ ਦੀ ਨਿਹਚਾ ਇਹਨਾਂ ਸੰਗਰਾਮੀਆਂ ਦੀਆਂ ਰਗਾਂ 'ਚ ਵਸਦੀ ਸੀ।ਇਹ ਨਿਹਚਾ ਹੀ ਅਕਹਿ ਤਸ਼ੱਦਦ ਨੂੰ ਆਪਣੇ ਪਿੰਡੇ 'ਤੇ ਹੰਢਾਉਣ ਦੀ ਤਾਕਤ ਬਖਸ਼ਦੀ ਸੀ। ਇਹ ਨਿਹਚਾ ਹੀ ਸਖਤ ਜਾਨ-ਹੂਲਵੇਂ ਇਮਤਿਹਾਨਾਂ ਸਾਹਮਣੇ ਆਦਰਸ਼ ਨਾਲ ਵਫਾਦਾਰੀ ਦੀ ਜਾਮਨ ਬਣਦੀ ਸੀ।ਪੰਜਾਬੀ ਕਵਿਤਾ ਨੇ ਨਕਸਲਬਾੜੀ ਲਹਿਰ ਦੇ ਚਣੌਤੀ ਭਰੇ ਦੌਰਾਂ ਦੇ ਅਨੁਭਵ ਨੂੰ ਆਪਣੇ ਬੋਲਾਂ 'ਚ ਸਾਂਭਿਆ ਹੈ। ਇਹ ਬੋਲ ਦੱਸਦੇ ਹਨ ਕਿ ਪੰਜਾਬ ਦੀ ਧਰਤੀ ਤੇ ਕਿਵੇਂ, “ਦੇਗਾਂ, ਤਵੀਆਂ, ਆਰਿਆਂ ਦਾ ਇਤਿਹਾਸ ਦੁਹਰਾਇਆ ਗਿਆ।'' ਇਹ ਬੋਲ ਦੱਸਦੇ ਹਨ ਕਿ ਕਿਵੇਂ ਨਿਹਚਾ ਪਰਖ ਦੀ ਕਸਵੱਟੀ 'ਤੇ ਲੱਗੀ:
“ਦੋਸਤੀ ਦੇ ਪੰਧ 'ਤੇ ਕਿੰਨਾ ਚੱਲਣਗੇ ਪੈਰ ਹੋਰ,
ਏਸ ਗੱਲ ਦਾ ਫੈਸਲਾ ਆਉਂਦੇ ਪਲਾਂ ਦੀ ਗੱਲ ਹੈ
ਵਫਾ ਦੇ ਇਤਿਹਾਸ ਦਾ ਲਿਖਣਾ ਕਿ ਨਹੀਂ ਵਰਕਾ ਨਕੋਰ,
ਏਸ ਗੱਲ ਦਾ ਫੈਸਲਾ ਤਾਂ ਹਿੰਮਤਾਂ ਦੀ ਗੱਲ  ਹੈ''
ਪੰਜਾਬੀ ਕਵਿਤਾ ਦੱਸਦੀ ਹੈ ਕਿ ਕਿਵੇਂ ਨਕਸਲਬਾੜੀ ਲਹਿਰ ਨੇ ਆਪਣੇ ਜੁਝਾਰ ਸਿਪਾਹੀਆਂ ਨੂੰ ਜਿੰਦਗੀ ਅਤੇ ਮੌਤ ਦੇ ਨਵੇਂ ਅਰਥਾਂ ਦੇ ਰੰਗ 'ਚ ਰੰਗਿਆ:
“ਕੱਖੋਂ ਹੌਲ਼ੀ ਮੌਤ ਕੌਣ ਕਬੂਲਦੈ,
ਹਾਲਾਤ ਜਦੋਂ ਸੂਝ-ਦੀਵੇ ਬਾਲਦੇ''।
ਨਕਸਲਬਾੜੀ ਬਗਾਵਤ ਦੀ 50 ਵੀਂ ਵਰੇਗੰਢ 'ਤੇ ਇਸ ਦੇ ਸ਼ਹੀਦਾਂ ਦੀ ਮਹਾਨ ਕਰਨੀ ਨੂੰ ਉਭਾਰਨਾ ਲਹਿਰ ਦੇ ਵਿਰਸੇ ਨੂੰ ਉਚਿਆਉਣ ਅਤੇ ਪ੍ਰੇਰਣਾ ਦਾ ਸਰੋਤ ਬਣਾਉਣ ਦੇ ਹੰਭਲੇ ਦਾ ਅਹਿਮ ਅੰਗ ਬਣਦਾ ਹੈ। ਆਉ ਰਲਕੇ ਇਹ ਹੰਭਲਾ ਜੁਟਾਈਏ।
  ***

(07) ਨਕਸਲਬਾੜੀ ਲਹਿਰ ਦੇ ਸ਼ਹੀਦ ਬਨਾਮ ਮੌਕਾਪ੍ਰਸਤ ਸਿਆਸੀ ਪਾਰਟੀਆਂ: ਇਤਿਹਾਸ ਜਵਾਬ ਮੰਗਦਾ ਹੈ

ਇਹ ਗੱਲ ਹੁਣ ਕਿਸੇ ਤੋਂ ਲੁਕੀ-ਛਿਪੀ ਨਹੀਂ ਕਿ ਮਹਾਨ ਨਕਸਲਬਾੜੀ ਲਹਿਰ, ਗਰੀਬ ਤੇ ਮਿਹਨਤਕਸ਼ ਲੋਕਾਂ ਦੀ ਮੁਕਤੀ-ਲਹਿਰ ਸੀ। ਇਹ ਲਹਿਰ ਦੂਜੇ ਪਾਸੇ ਸਾਮਰਾਜੀ ਜਗੀਰੂ ਤਾਕਤਾਂ ਅਤੇ ਇਸ ਦੀ ਰਾਜ ਸ਼ਕਤੀ ਦਾ ਮਲੀਆਮੇਟ ਕਰਨ  ਦੀ ਲਹਿਰ ਸੀ।
ਇਹੀ ਵਜ੍ਹਾ ਹੈ ਕਿ ਵੰਨ-ਸੁਵੰਨੀਆਂ ਲੋਕ-ਧਰੋਹੀ ਸਰਕਾਰਾਂ, ਵਿਰੋਧੀ ਵੋਟ-ਵਟੋਰੂ ਪਾਰਟੀਆਂ ਇਸ ਲਹਿਰ ਦਾ ਬੀਅ ਨਾਸ ਕਰਨ ਲਈ ਅੱਡੀ-ਚੋਟੀ ਦਾ ਜੋਰ ਲਾ ਰਹੀਆਂ ਸਨ। ਦਰਅਸਲ ਇਹਨਾਂ ਪਾਰਟੀਆਂ ਦਾ ਨਕਸਲਬਾੜੀ ਲਹਿਰ ਨਾਲ ਦੁਸ਼ਮਣਾਨਾ ਰਿਸ਼ਤਾ, ਇਹਨਾਂ ਦੇ ਲੋਕਾਂ ਨਾਲ ਅਤੇ ਹਾਕਮ ਜਮਾਤਾਂ ਨਾਲ ਰਿਸ਼ਤੇ ਨੂੰ ਹੀ ਨਸ਼ਰ ਕਰਦਾ ਹੈ। ਸਾਫ ਹੈ ਕਿ ਇਹ ਪਾਰਟੀਆਂ ਚਾਹੇ ਸਰਕਾਰੀ ਹੋਣ ਜਾਂ ਵਿਰੋਧੀ, ਮਿਹਨਤਕਸ਼ ਲੋਕਾਂ ਦੀਆਂ ਜੱਦੀ ਦੁਸ਼ਮਣ ਹਨ ਅਤੇ ਸਾਮਰਾਜੀ ਜਗੀਰੂ ਤਾਕਤਾਂ ਦੀਆਂ ਮਿੱਤਰ ਹਨ।
ਸਮੇ ਸਮੇ ਇਹ ਤਾਕਤਾਂ ਪੂਰੀ ਬੇਸ਼ਰਮੀ ਨਾਲ ਅਜਿਹੇ ਗੋਲੇ ਦਾਗਦੀਆਂ ਰਹਿੰਦੀਆਂ ਹਨ ਜਿਸ ਤੋਂ ਧੁੰਦਲੀ ਯਾਦਾਸ਼ਤ ਵਾਲਾ ਬੰਦਾ ਭੁਲੇਖਾ ਖਾ ਸਕਦਾ ਹੈ ਕਿ ਇਹ ਤਾਂ ਸਰਕਾਰੀ ਅਤਿਆਚਾਰ ਦਾ ਵਿਰੋਧ ਤੇ ਜਮਹੂਰੀ ਹੱਕਾਂ ਲਈ ਆਵਾਜ ਬੁਲੰਦ ਕਰਨ 'ਚ ਕਿਸੇ ਤੋਂ ਪਿੱਛੇ ਨਹੀਂ, ਸਗੋਂ ਕਈ ਕਦਮ ਮੂਹਰੇ ਹੀ ਹਨ। ਆਓ ਆਪਾਂ ਇਹਨਾਂ ਦੇ ਜਮਹੂਰੀ ਅਤੇ ਜੁਲਮ ਖਿਲਾਫ ਜੂਝਣ ਦੇ ਦਮਗਜਿਆਂ ਦੀ ਫੂਕ ਕੱਢਣ ਲਈ ਦੋ-ਢਾਈ ਦਹਾਕੇ ਪਿਛਲੇ ਅਖਬਾਰਾਂ ਦੇ ਪੰਨਿਆਂ 'ਤੇ ਝਾਤ ਮਾਰੀਏ-
-ਪੰਜਾਬ ਸਰਕਾਰ ਮੌਜੂਦਾ ਹਾਲਾਤ ਤੋਂ ਅੱਖਾਂ ਬੰਦ ਨਹੀਂ ਕਰ ਸਕਦੀ ਤੇ ਨਕਸਲੀਆਂ ਨਾਲ ਕਰੜੇ ਹੱਥੀਂ ਨਿੱਬੜਿਆ ਜਾਵੇਗਾ। ਟਰਾਂਸਪੋਰਟ ਦੇ ਰਾਜ ਮੰਤਰੀ ਸ. ਜਗਦੇਵ ਸਿੰਘ (ਤਲਵੰਡੀ) ਨੇ ਕੌਮੀ ਝੰਡਾ ਲਹਿਰਾਉਣ ਸਮੇਂ ਕਹੀ ਆਪਣੀ ਤਕਰੀਰ 'ਚ ਕਿਹਾ ਕਿ ਨਕਸਲੀਆਂ ਨੂੰ ਕੁਚਲ ਦਿੱਤਾ ਜਾਵੇਗਾ। (ਅਜੀਤ 13 ਅਗਸਤ, 1970)
—ਪੰਜਾਬ ਮੰਤਰੀ ਮੰਡਲ ਨੇ ਦੋ ਘੰਟਿਆਂ ਦੀ ਹੰਗਾਮੀ ਮੀਟਿੰਗ ਤੋਂ ਪਿੱਛੋਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਨਕਸਲਬਾੜੀਆਂ ਦੀ ਸਮੱਸਿਆ ਨਾਲ ਨਿੱਬੜਨ ਲਈ ਪੂਰੇ ਅਧਿਕਾਰ ਦੇ ਦਿੱਤੇ ਹਨ। ਮੰਤਰੀ ਮੰਡਲ ਨੇ ਸ.ਬਾਦਲ ਨੂੰ ਇਹ ਅਖਤਿਆਰ ਦਿੱਤੇ ਹਨ ਕਿ ਇਹ ਜਿਵੇਂ ਚਾਹੁਣ, ਇਹਨਾਂ ਨਾਲ ਨਜਿੱਠਣ। (ਅਜੀਤ 13 ਅਗਸਤ , 1970)
ਅਸੀਂ ਸੰਖੇਪ ਲਿਖਤ ਕਾਰਨ ਬਰਨਾਲੇ-ਟੌਹੜੇ ਜਿਹੇ ਹੋਰ ਲੀਡਰਾਂ ਦੇ ਅਨੇਕਾਂ ਬਿਆਨ ਇੱਥੇ ਨਹੀਂ ਦੇ ਰਹੇ ਪਰ ਇਹ ਪੂਰੀ ਤਰ੍ਹਾਂ ਸਾਫ ਹੈ ਕਿ ਨਕਸਲਬਾੜੀ ਲਹਿਰ ਨੂੰ ਕੁਚਲਣ ਦਬਾਉਣ 'ਚ ਇਹਨਾਂ ਲੀਡਰਾਂ ਦੇ ਹੱਥ ਕੋਈ ਘੱਟ ਖੂਨ ਨਾਲ ਨਹੀਂ ਰੰਗੇ ਹੋਏ। ਜਿੱਥੋਂ ਤੱਕ ਸਿਮਰਨਜੀਤ ਸਿੰਘ ਮਾਨ ਦਾ ਸਬੰਧ ਹੈ ਉਸ ਨੇ ਤਾਂ ਆਪਣੀ ਪੁਲਸ ਅਫਸਰੀ ਦੌਰਾਨ ਏਸ ਲਹਿਰ ਦਾ ਬੀਅ-ਨਾਸ ਕਰਨ ਲਈ ਪੁਲਸ ਜਬਰ ਦੀ ਹਨੇਰੀ ਝੁਲਾ ਦਿੱਤੀ ਸੀ।
ਕੀ ਹੋਰਨਾਂ ਵੋਟ-ਵਟੋਰੂ ਪਾਰਟੀਆਂ ਦਾ ਰੋਲ ਉਸ ਸਮੇਂ ਅਕਾਲੀਆਂ ਨਾਲੋਂ ਵੱਖਰਾ  ਸੀ? ਜਰਾ ਵੀ ਨਹੀਂ। ਉਹ ਨਕਸਲਬਾੜੀ ਲਹਿਰ ਦੇ ਗਲਗੂਠਾ ਦੇਣ ਲਈ ਸਰਕਾਰ ਤੇ ਦਬਾਅ ਪਾ ਰਹੀਆਂ ਸਨ। ਜੇ ਯਾਦ ਨਹੀਂ ਤਾਂ ਆਓ ਅਖਬਾਰਾਂ ਦੇ ਪੁਰਾਣੇ ਪੰਨੇ ਫਿਰ ਪਲਟੀਏ।
—ਪੰਜਾਬ ਜਨ-ਸੰਘ (ਹੁਣ ਭਾਜਪਾ) ਦੇ ਉਪ ਪ੍ਰਧਾਨ ਸੱਭਰਵਾਲ ਨੇ ਨਕਸਲੀਆਂ ਬਾਰੇ ਬਾਰੇ ਬੋਲਦਿਆਂ ਹੋਇਆਂ ਕਿਹਾ ਕਿ ,''ਮੇਰੇ ਖਿਆਲ 'ਚ ਨਕਸਲੀਆਂ ਨੂੰ ਖਤਮ ਕਰਨ ਦਾ ਤਰੀਕਾ 'ਜੈਸੇ ਕੋ ਤੈਸਾ' ਦੀ ਨੀਤੀ 'ਤੇ ਚੱਲਣ ਦਾ ਹੈ ਅਤੇ ਜੋ ਦੂਜਿਆਂ ਨੂੰ ਮਾਰਦੇ ਹਨ ਉਹਨਾਂ ਨੂੰ ਮਾਰ ਦੇਣਾ ਚਾਹੀਦਾ ਹੈ।'' (ਟ੍ਰਿਬਿਊਨ 4 ਜੂਨ, 1971)
—ਜਨ-ਸੰਘ ਦੇ ਪ੍ਰਧਾਨ ਦੀ ਪ੍ਰਧਾਨਗੀ ਹੇਠ ਅੱਜ ਰੋਪੜ ਵਿਖੇ ਆਲ ਪਾਰਟੀ ਜਲਸਾ ਹੋਇਆ ਜਿਸ ਵਿਚ ਜਨ-ਸੰਘ, ਅਕਾਲੀ ਪਾਰਟੀ ਅਤੇ ਸੋਸ਼ਲਿਸਟ ਪਾਰਟੀ ਦੇ ਆਗੂਆਂ ਨੇ ਆਪਣੇ ਭਾਸ਼ਣਾਂ ਵਿਚ ਸਰਕਾਰ ਤੋਂ ਨਕਸਲਬਾੜੀਆਂ ਨੂੰ ਕੁਚਲ ਦੇਣ ਦੀ ਮੰਗ ਕੀਤੀ। ( ਅਜੀਤ 11 ਅਪ੍ਰੈਲ 1970)
—ਪੰਜਾਬ ਦੀਆਂ ਚਾਰ ਰਾਜਸੀ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਦੀ ਅੱਜ ਇੱਥੇ ਹੋਈ ਇੱਕ ਸਾਂਝੀ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਨਕਸਲਬਾੜੀਆਂ ਦੀਆਂ ਸਰਗਰਮੀਆਂ ਕਾਰਨ ਦੇਸ ਨੂੰ ਦਰਪੇਸ਼ ਖਤਰੇ ਨੂੰ ਮੁੱਖ ਰੱਖ ਕੇ ਸਾਂਝੀ ਕਾਰਵਾਈ ਕੀਤੀ ਜਾਵੇ। ਇਸ ਸਾਂਝੀ ਮੀਟਿੰੰਗ 'ਚ ਮਤਾ ਪਾਸ ਕਰਕੇ ਰਾਜ ਅਤੇ ਕੇਂਦਰੀ ਸਰਕਾਰਾਂ ਵੱਲੋਂ ਨਕਸਲਬਾੜੀਆਂ ਪ੍ਰਤੀ ਵਰਤੀ ਜਾਣ ਵਾਲੀ ਕਥਿਤ ਅਣਗਹਿਲੀ ਦੀ ਨੀਤੀ ਦੀ ਨਿਖੇਧੀ ਕੀਤੀ ਗਈ। ਇਹ ਮੀਟਿੰਗ ਪ੍ਰਦੇਸ ਜਨ-ਸੰਘ ਦੇ ਪ੍ਰਧਾਨ ਬਲਦੇਵ ਪ੍ਰਕਾਸ਼ ਨੇ ਇੱਥੇ ਸੱਦੀ ਸੀ। ਇਸ ਮੀਟਿੰਗ ਵਿਚ ਸਰਬ ਸ਼੍ਰੀ ਪੰਡਤ ਮੋਹਨ ਲਾਲ (ਸੰਗਠਨ ਕਾਂਗਰਸ), ਬਲਰਾਮ ਜੀ ਦਾਸ ਟੰਡਨ, ਮਨਮੋਹਨ ਕਾਲੀਆ, ਲਾਲ ਚੰਦ ਸੱਭਰਵਾਲ (ਸਾਰੇ ਜਨਸੰਘ), ਡਾ. ਜਗਜੀਤ ਸਿੰਘ (ਸ਼੍ਰੋਮਣੀ ਅਕਾਲੀ ਦਲ) ਅਤੇ ਸ. ਗੋਬਿੰਦ ਸਿੰਘ ਸੁਤੰਤਰ ਪਾਰਟੀ ਨੇ ਭਾਗ ਲਿਆ। (ਅਜੀਤ 29 ਅਗਸਤ 1970)
—ਸ੍ਰੀ ਅਟਲ ਬਿਹਾਰੀ ਬਾਜਪਾਈ ਨੇ ਕਿਹਾ ਕਿ ਉਸਦੀ ਪਾਰਟੀ ਇਸ ਕਾਨੂੰਨ (ਯਾਨੀ ਨਜ਼ਰਬੰਦੀ ਕਾਨੂੰਨ) ਦੇ ਹੱਕ ਵਿਚ ਹੈ ਜੇ ਕਰ ਇਹ ਸਿਰਫ ਨਕਸਲੀਆਂ ਦੇ ਖਿਲਾਫ ਹੀ ਵਰਤਿਆ ਜਾਵੇ ਤਾਂ। (ਟਾਈਮਜ਼ ਆਫ ਇੰਡੀਆ 23 ਜੁਲਾਈ 1970)
ਪਰ ਪੰਜਾਬ ਦੇ ਨਕਲੀ ਖੱਬੇ-ਸੱਜੇ 'ਕਮਿਊਨਿਸਟ' ਆਖ ਸਕਦੇ ਹਨ ਕਿ ਅਸੀਂ ਤਾਂ ਨਕਸਲੀ ਕਾਰਕੁਨਾਂ 'ਤੇ ਵੀ ਹੁੰਦੇ ਜਬਰ ਦਾ ਵਿਰੋਧ ਕੀਤਾ ਹੈ। ਫੇਰ ਸਾਨੂੰ ਇੱਕੋ ਰੱਸੇ ਕਿਉਂ ਬੰਨ੍ਹਿਆ ਜਾ ਰਿਹਾ ਹੈ? ਇਹ ਸਹੀ ਹੈ ਕਿ ਸੀ. ਪੀ.ਆਈ. ਤੇ ਮਾਰਕਸੀ ਪਾਰਟੀ ਦੇ ਕਈ ਆਗੂਆਂ ਨੇ ਸਮੇਂ ਸਮੇਂ ਸਰਕਾਰ ਦੇ ਬਹੁਤ ਹੀ ਰੜਕਵੇਂ ਜਬਰ ਅਤੇ ਝੂਠੇ ਪੁਲਸ ਮੁਕਾਬਲਿਆਂ ਦਾ ਮਤਿਆਂ, ਬਿਆਨਾਂ ਅਤੇ ਵਫਦਾਂ ਰਾਹੀਂ ਵਿਰੋਧ ਕੀਤਾ ਹੈ। ਪਰ ਏਨੀ ਕੁ ਗੱਲ ਉਹਨਾਂ ਨੂੰ ਨਕਸਲਬਾੜੀ ਲਹਿਰ ਦੇ ਯੋਧਿਆਂ ਦੇ ਕਾਤਲਾਂ ਵਜੋਂ ਬਰੀ ਕਰਨ ਦਾ ਵਸੀਲਾ ਨਹੀਂ ਬਣਦੀ। ਪਹਿਲੀ, ਇਸ ਕਰਕੇ ਕਿ ਇਹਨਾਂ ਪਾਰਟੀਆਂ ਦੀਆਂ ਸਰਕਾਰਾਂ ਨੇ ਬੰਗਾਲ ਅਤੇ ਕੇਰਲਾ ਵਿੱਚ ਨਕਸਲਬਾੜੀ ਲਹਿਰ ਨੂੰ ਕੁਚਲਣ ਲਈ ਜੁਲਮ ਦੇ ਸਭ ਰਿਕਾਰਡ ਤੋੜ ਦਿੱਤੇ। ਦੂਜੇ, ਪੰਜਾਬ 'ਚ ਵੀ ਇਹਨਾਂ ਪਾਰਟੀਆਂ ਦੇ ਆਗੂਆਂ ਨੇ ਬੜੀ ਬੇਸ਼ਰਮੀ ਨਾਲ ਨਕਸਲਬਾੜੀਆਂ ਨੂੰ ''ਸੀ.ਆਈ.ਏ. ਦੇ ਏਜੰਟ ਗਰਦਾਨ ਕੇ'' ਅਤੇ ''ਚੱਕਵੇਂ ਹੁੱਲੜਬਾਜ'' ਦੇ ਫਤਵੇ ਦੇ ਕੇ ਲਹਿਰ ਨੂੰ ਬਦਨਾਮ ਕਰਨ ਅਤੇ ਜਬਰ ਲਈ ਆਧਾਰ ਤਿਆਰ ਕਰਨ 'ਚ ਕੋਈ ਕਸਰ ਨਹੀਂ ਛੱਡੀ। ਇਹਨਾਂ ਪਾਰਟੀਆਂ ਦੇ ਚੋਟੀ ਦੇ ਆਗੂਆਂ ਦੇ ਬਿਆਨ, ਇਹਨਾਂ ਪਾਰਟੀਆਂ ਦੀ ਜਾਬਰ ਤੇ ਖੂੰਨੀ ਖਸਲਤ ਨੂੰ ਬੇਪਰਦ ਕਰਦੇ ਹਨ। ਆਓ ਦੇਖੋ.-
—ਨਕਸਲੀ ਹਿੰਸਾ ਨੂੰ ਦਬਾਉਣ ਲਈ ਸਿਆਸੀ ਅਤੇ ਪੁਲਸ ਕਾਰਵਾਈ ਦੋਵੇਂ ਲੋੜੀਂਦੀਆਂ ਹਨ।-ਮਾਰਕਸੀ ਆਗੂ ਨੰਬੂਦਰੀਪਾਦ। (ਟਾਈਮਜ਼ ਆਫ ਇੰਡੀਆ 10 ਅਗਸਤ 1970)
—(ਇਹ ਲੋਕ ਐਨੇ ਭੋਲੇ ਨਹੀਂ ਸਨ। ਅਤੇ ਉਹਨਾਂ ਨੂੰ ਪਤਾ ਸੀ ਕਿ ਉਹ ਕੀ ਕਰ ਰਹੇ ਸਨ। ਉਹਨਾਂ ਨਾਲ ਤਾਕਤ ਨਾਲ ਹੀ ਨਿਪਟਿਆ ਜਾਵੇਗਾ।—ਸੀ.ਪੀ.ਆਈ ਦੇ ਪ੍ਰਮੁੱਖ ਆਗੂ, ਕੇਰਲਾ ਦੇ ਮੁੱਖ ਮੰਤਰੀ ਅਛੂਤਾ ਮੈਨਨ ਦਾ 29 ਅਗਸਤ 76 ਨੂੰ ਸਦਨ 'ਚ ਦਿੱਤਾ ਬਿਆਨ।)
ਜਿੱਥੋਂ ਤੱਕ ਇੰਦਰਾ ਕਾਂਗਰਸ ਦਾ ਸਬੰਧ ਹੈ ਉਸ ਬਾਰੇ ਤਾਂ ਕਿਸੇ ਨੂੰ ਭੁਲੇਖਾ ਹੋ ਹੀ ਨਹੀਂ ਸਕਦਾ। ਇਸ ਪਾਰਟੀ ਦੇ ਹੇਠਲੇ ਉਤਲੇ ਸਾਰੇ ਆਗੂ ਨਕਸਲਬਾੜੀ ਲਹਿਰ ਦਾ ਬੀਅ-ਨਾਸ਼ ਕਰਨ ਲਈ ਸ਼ਰੇਆਮ ਤਿੰਘ ਤਿੰਘ ਕੇ ਬੋਲਦੇ ਰਹੇ ਸਨ। ਫੇਰ ਵੀ ਇੱਕ ਅੱਧੀ ਮਿਸਾਲ ਵੱਲ ਧਿਆਨ ਕਰੋ।
—ਗਰਮ ਦਲੀਏ ਕਾਂਗਰਸੀ ਸ੍ਰੀ ਮੋਹਨ ਧਾਰੀਆ ਨੇ ਮੰਗ ਕੀਤੀ ਹੈ ਕਿ ਨਕਸਲਬਾੜੀਆਂ ਨੂੰ ਕੁਚਲ ਕੇ ਰੱਖ ਦਿੱਤਾ ਜਾਵੇ। ਉਸ ਨੇ ਕਿਹਾ ਕਿ ਅਜਿਹੀ ਸੰਸਥਾ, ਜਿਸ ਦਾ ਭਾਰਤੀ ਭਾਰਤੀ ਸੰਵਿਧਾਨ ਤੇ ਲੋਕ ਰਾਜ ਵਿਚ ਵਿਸ਼ਵਾਸ਼ ਨਹੀਂ, ਲਈ ਭਾਰਤ 'ਚ ਕੋਈ ਥਾਂ ਨਹੀਂ ਹੋ ਸਕਦੀ। (ਅਜੀਤ 10 ਅਗਸਤ 1970)
—ਮੈਂ ਸਦਨ ਨੂੰ ਯਕੀਨ ਦੁਆਉਂਦੀ ਹਾਂ ਕਿ ਨਕਸਲੀਆਂ ਨਾਲ ਪੂਰੀ ਸਖਤੀ ਨਾਲ ਨਿਪਟਿਆ ਜਾਵੇਗਾ।—ਇੰਦਰਾ ਗਾਂਧੀ (ਟਾਈਮਜ਼ ਆਫ ਇੰਡੀਆ, 5 ਅਗਸਤ 1970 )
ਜੇਕਰ ਸਾਰੀਆਂ ਮੌਕਾਪ੍ਰਸਤ ਪਾਰਟੀਆਂ ਨਕਸਲੀਆਂ ਨੂੰ ਕੁਚਲ ਦੇਣ ਲਈ ਘਿਓ ਖਿਚੜੀ ਹੋਈਆਂ ਹੋਣ ਤਾਂ ਕੀ ਹੈਰਾਨੀ ਹੈ ਕਿ ਅਸ਼ਵਨੀ ਕੁਮਾਰ ਜਿਹਾ ਆਈ. ਜੀ. ਸੈਂਕੜੇ ਲੋਕਾਂ ਸਾਹਮਣੇ ਦੱਧਾਹੂਰ 'ਚ ਆਪਣੇ ਹੇਠਲੇ ਅਫਸਰਾਂ ਨੂੰ ਇਹ ਹੁਕਮ ਦੇ ਕੇ ਕਾਨੂੰਨ ਦੀਆਂ ਧਜੀਆਂ ਉਡਾਵੇ,''ਪਿੰਡ ਫੂਕ ਦਿਓ, ਫਸਲਾਂ ਤਬਾਹ ਕਰ ਦਿਓ, ਡੰਗਰ ਪਸ਼ੂ ਖੋਹਲ ਕੇ ਛੱਡ ਦਿਓ, ਅੱਧੀ ਦਰਜਨ ਵਿਅਕਤੀਆਂ ਨੂੰ ਗੋਲੀਆਂ ਨਾਲ ਉਡਾ ਦਿਓ-ਤਾਂ ਮੈਂ ਸਮਝਾਂਗਾ ਕਿ ਤਫਤੀਸ਼ ਠੀਕ ਹੋ ਰਹੀ ਹੈ।'' (1ਅਕਤੂਬਰ 1971, ਦੱਧਾਹੂਰ)
ਇਤਿਹਾਸ ਦੇ ਇਹਨਾਂ ਪੰਨਿਆਂ ਨੂੰ ਮਿਟਾਇਆ ਨਹੀਂ ਜਾ ਸਕਦਾ। ਇਹਨਾਂ ਪੰਨਿਆਂ 'ਤੇ ਸ਼ਹੀਦਾਂ ਦਾ ਨਾਂ ਸਦਾ ਰੌਸ਼ਨ ਰਹੇਗਾ। ਇਹਨਾਂ ਦੇ ਕਾਤਲਾਂ ਤੇ ਕਾਤਲਾਂ ਦਾ ਪੱਖ ਪੂਰਨ ਵਾਲਿਆਂ ਦਾ ਨਾਂਅ ਕਾਲੇ ਅੱਖਰਾਂ ਵਿਚ ਦਰਜ ਰਹੇਗਾ। ਇਤਿਹਾਸ ਲੋਕ ਸੱਥਾਂ ਵਿਚ ਜਵਾਬ ਮੰਗਦਾ ਰਹੇਗਾ ਅਤੇ ਇਕ ਦਿਨ ਇਸ ਦਾ ਜਵਾਬ ਅਤੇ ਹਿਸਾਬ ਦੇਣਾ ਪਵੇਗਾ।
 ***

(08) ਕਮਿਊਨਿਸਟ ਇਨਕਲਾਬੀਆਂ ਦੀ ਏਕਤਾ ਬਾਰੇ

ਮਹਾਨ ਨਕਸਲਬਾੜੀ ਬਗਾਵਤ ਨੂੰ 50 ਵਰ੍ਹੇ ਬੀਤ ਗਏ ਹਨ। ਇਹ ਬਗਾਵਤ ਕਮਿ. ਇਨਕਲਾਬੀਆਂ ਦੀ ਅਗਵਾਈ 'ਚ ਉੱਠੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਨਕਸਲਬਾੜੀ ਵਿਚਾਰਾਂ ਦੀ ਰੋਸ਼ਨੀ ਲੋਕ-ਘੋਲਾਂ ਦਾ ਰਾਹ ਰੁਸ਼ਨਾਉਂਦੀ ਆ ਰਹੀ ਹੈ। ਇਸ ਲੰਮੇ ਅਰਸੇ ਦੌਰਾਨ ਮੁਲਕ ਦੀ ਕਮਿਊਨਿਸਟ ਇਨਕਲਾਬੀ ਲਹਿਰ ਦੇਸ਼ ਭਰ 'ਚ ਚਲਦੇ ਜਾਨ ਹੂਲਵੇਂ ਘੋਲਾਂ ਦੀ ਅਗਵਾਈ ਕਰਦੀ ਆ ਰਹੀ ਹੈ ਤੇ ਇਸ ਲਹਿਰ ਨੂੰ ਇਹਨਾਂ ਘੋਲਾਂ 'ਚ ਸਭ ਤੋਂ ਵਧ ਕੇ ਕੁਰਬਾਨੀਆਂ ਕਰਨ ਦਾ ਮਾਣ ਹਾਸਲ ਹੈ। ਅਜ ਜਦੋਂ ਅਸੀਂ ਪੰਜ ਦਹਾਕਿਆਂ ਬਾਅਦ ਉਸ ਸੂਹੀ ਗਰਜਣਾ ਦਾ ਜਸ਼ਨ ਮਨਾ ਰਹੇ ਹਾਂ ਤਾਂ ਮੁਲਕ ਦੇ ਕਿਰਤੀ ਲੋਕਾਂ ਦੇ ਸੰਗਰਾਮਾਂ ਦਾ ਜੋਰਦਾਰ ਭਖਾਅ ਬਣਿਆ ਹੋਇਆ ਹੈ। ਸਾਮਰਾਜੀ ਸੰਸਾਰੀਕਰਨ ਦੇ ਹੱਲੇ ਖਿਲਾਫ ਦੇਸ਼ ਦੇ ਕਿਰਤੀ ਲੋਕ ਥਾ ਥਾਂ 'ਤੇ ਜੂਝ ਰਹੇ ਹਨ ਤੇ ਹਰ ਤਬਕਾ ਇਹਨਾਂ ਨੀਤੀਆਂ ਖਿਲਾਫ ਵਰ੍ਹਿਆਂ ਤੋਂ ਮੈਦਾਨ ਵਿਚ ਹੈ। ਏਸੇ ਸੰਸਾਰੀਕਰਨ ਦੇ ਹਮਲੇ ਨਾਲ ਦੇਸ਼ ਦਾ ਜ਼ਰੱਈ ਸੰਕਟ ਹੋਰ ਡੂੰਘਾ ਹੋ ਰਿਹਾ ਹੈ ਤੇ ਕਿਸਾਨ ਜਨਸਮੂਹਾਂ ਦੇ ਰੋਹ ਨੂੰ ਅੱਡੀ ਲਾ ਰਿਹਾ ਹੈ। ਮੁਲਕ ਭਰ 'ਚ ਲੰਮੇ ਤੇ ਖਾੜਕੂ ਕਿਸਾਨ ਸੰਘਰਸ਼ ਫੁੱਟ ਰਹੇ ਹਨ। ਮੁਲਕ ਦੀ ਮਜ਼ਦੂਰ ਜਮਾਤ ਤੋਂ ਲੈ ਕੇ ਆਦਿਵਾਸੀ ਖਿਤਿਆਂ ਤੱਕ ਹਰ ਥਾਂ ਸੰਗਰਾਮਾਂ ਦੇ ਸਿਲਸਿਲੇ ਹਨ। ਭਾਰਤੀ ਰਾਜ ਵੱਲੋਂ ਦਬਾਈਆਂ ਕੌਮੀਅਤਾਂ ਦੇ ਹੱਕੀ ਸੰਗਰਾਮ ਕਹਿਰਾਂ ਦਾ ਜਬਰ ਹੰਢਾ ਕੇ ਵੀ, ਸਿਦਕ ਦਿਲੀ ਨਾਲ ਜਾਰੀ ਹਨ ਤੇ ਨਿੱਤ ਨਵੀਂ ਤਿੱਖ ਫੜ ਰਹੇ ਹਨ। ਵਿਸ਼ੇਸ਼ ਕਰਕੇ ਕਸ਼ਮੀਰੀ ਲੋਕਾਂ ਦੇ ਜਨਤਕ ਉਭਾਰਾਂ ਦੇ ਗੇੜ ਬਾਰ 2 ਉੱਠ ਰਹੇ ਹਨ। ਭਾਰਤੀ ਰਾਜ ਦੇ ਲੋਕਾਂ ਖਿਲਾਫ ਆਰਥਕ ਤੇ ਜਾਬਰ ਹਮਲੇ ਲਗਾਤਾਰ ਤੇਜ ਹੋ ਰਹੇ ਹਨ। ਉਹ ਇਹਨਾਂ ਸੰਘਰਸ਼ਾਂ ਨੂੰ ਫੌਜੀ ਤਾਕਤ ਦੇ ਜੋਰ ਕੁਚਲ ਦੇਣ 'ਤੇ ਉਤਾਰੂ ਹਨ। ਇਹਨਾਂ ਸੰਘਰਸ਼ਾਂ 'ਚ ਲੋਕਾਂ ਦੇ ਮੂਹਰੇ ਹੋ ਕੇ ਜੂਝ ਰਹੀਆਂ ਕਮਿ. ਇਨਕਲਾਬੀ ਸ਼ਕਤੀਆਂ ਲਈ ਚੁਣੌਤੀਆਂ ਵੱਡੀਆਂ ਹਨ। ਛੋਟੀ ਤੇ ਕਮਜੋਰ ਤਾਕਤ ਹੋਣ ਕਰਕੇ, ਇਹ ਚੁਣੌਤੀਆਂ ਤਾਂ ਵੱਡੀਆਂ ਹਨ ਹੀ ਪਰ ਇਹ ਛੋਟੀ ਤਾਕਤ ਵੀ ਵੱਖ ਵੱਖ ਫਾਂਕਾਂ 'ਚ ਵੰਡੀ ਹੋਣ ਕਰਕੇ ਇਸ ਜਾਬਰ ਹੱਲੇ ਦਾ ਟਾਕਰਾ ਕਰਨ ਪੱਖੋਂ ਬਹੁਤ ਨਿਗੂਣੀ ਤੇ ਕਮਜੋਰ ਹੈ। ਵੱਖ ਵੱਖ ਗਰੁੱਪਾਂ 'ਚ ਵੰਡੀ ਹੋਣ ਕਾਰਨ ਇਹ ਕਿਸੇ ਹੱਦ ਤੱਕ ਲੋਕਾਂ 'ਚ ਕਮਿ. ਇਨਕਲਾਬੀਆਂ  ਬਾਰੇ ਭਰੋਸੇਯੋਗਤਾ 'ਤੇ ਆਂਚ ਦਾ ਸਬੱਬ ਵੀ ਬਣਦੀ ਹੈ। ਇਹ ਪਾਟੋਧਾੜ ਵਾਲੀ ਹਾਲਤ ਲੋਕਾਂ 'ਚ ਤੇ ਲਹਿਰ ਦੀਆਂ ਸਫ਼ਾਂ 'ਚ ਘਚੋਲੇ  ਦਾ ਕਾਰਨ ਵੀ ਬਣ ਜਾਂਦੀ ਹੈ। ਸ਼ਕਤੀ ਪੱਖੋਂ ਛੋਟੀ ਹੋਣ ਕਰਕੇ ਤੇ ਉਪਰ ਜਿਕਰ ਆਏ ਕਾਰਨਾਂ ਕਰਕੇ ਵੀ, ਕਮਿ. ਇਨਕਲਾਬੀ ਲਹਿਰ ਲੋਕਾਂ ਲਈ ਖਿੱਚ-ਪਾਊ ਬਦਲ ਬਣਨ ਜੋਗੀ ਨਹੀਂ। ਅਜਿਹੀ ਹਾਲਤ 'ਚ ਹਾਕਮ ਜਮਾਤੀ ਜਾਬਰ ਹੱਲੇ ਦਾ ਟਾਕਰਾ ਕਰਨਾ ਤੇ ਹੋਰਨਾਂ ਵਡੇਰੇ ਕਾਰਜਾਂ ਨੂੰ ਮੁਖਤਿਬ ਹੋਣਾ ਇਕੱਲੀ ਕਹਿਰੀ ਕਮਿ. ਇਨਕਲਾਬੀ ਜਥੇਬੰਦੀ ਲਈ ਔਖਾ ਕਾਰਜ ਹੈ। ਇਹਨਾਂ ਵੱਡੀਆਂ ਚੁਣੌਤੀਆਂ ਦੇ ਟਾਕਰੇ ਲਈ ਕਮਿ. ਇਨ. ਸ਼ਕਤੀਆਂ ਦੀ ਏਕਤਾ ਅਣਸਰਦੀ ਜਰੂਰਤ ਹੈ। ਇਹ ਜਰੂਰਤ ਨਾ ਸਿਰਫ ਮੌਜੂਦਾ ਦੌਰ ਦੇ ਵਡੇਰੇ ਕਾਰਜਾਂ ਲਈ ਅਤੇ ਹਾਕਮ ਜਮਾਤੀ ਹਮਲੇ ਦੇ ਟਾਕਰੇ ਲਈ ਲਾਜ਼ਮੀ ਹੈ ਸਗੋਂ ਭਾਰਤੀ ਇਨਕਲਾਬ ਦੇ ਵਡੇਰੇ ਪ੍ਰਸੰਗ ਲਈ ਵੀ ਅਣਸਰਦੀ ਹੈ। ਮੁਲਕ ਭਰ 'ਚ ਚੱਲ ਰਹੇ ਅਣਲਿਫ ਤੇ ਸਿਦਕਵਾਨ ਸੰਘਰਸ਼ਾਂ ਦਾ ਭਵਿੱਖ ਕਮਿਊਨਿਸਟ ਇਨਕਲਾਬੀਆਂ ਕੋਲ ਹੈ ਕਿਉਂਕਿ ਉਹਨਾਂ ਨੇ ਹੀ ਇਹਨਾਂ ਸੰਗਰਾਮਾਂ ਨੂੰ ਨਵ-ਜਮਹੂਰੀ ਇਨਕਲਾਬ ਤੱਕ ਤੋੜ ਚੜ੍ਹਾਉਣ ਦੀ ਅਗਵਾਈ ਕਰਨੀ ਹੈ। ਚਾਹੇ ਹੁਣ ਵੀ ਕਮਿ. ਇਨਕਲਾਬੀ ਤਾਕਤਾਂ ਇਹਨਾਂ ਘੋਲਾਂ ਨੂੰ ਇਨਕਲਾਬੀ ਦਿਸ਼ਾ ਮਹੱਈਆ ਕਰਵਾ ਕੇ, ਹੋਰ ਉਚੇਰੇ ਪੱਧਰ 'ਤੇ ਲੈ ਕੇ ਜਾਣ ਲਈ ਯਤਨ ਜੁਟਾ ਰਹੀਆਂ ਹਨ ਪਰ ਇਹਨਾਂ ਯਤਨਾਂ 'ਤੇ ਲਹਿਰ ਦੀ ਆਪਸੀ ਖਿੰਡਾਅ ਦੀ ਹਾਲਤ ਨਾਂਹ-ਪੱਖੀ ਅਸਰ ਪਾ ਰਹੀ ਹੈ ਤੇ ਇਹਨਾਂ ਸੰਘਰਸ਼ਾਂ ਦੇ ਵਿਕਾਸ ਨੂੰ ਪ੍ਰਭਾਵਿਤ ਕਰ ਰਹੀ ਹੈ। ਦੇਸ਼ ਭਰ ਦੇ ਜਮਾਤੀ/ਤਬਕਾਤੀ ਘੋਲਾਂ ਨੂੰ ਇੱਕ ਲੜੀ 'ਚ ਪਰੋਣਾ ਤੇ ਇਹਨਾਂ ਨੂੰ ਇਨਕਲਾਬੀ ਦਿਸ਼ਾ 'ਚ ਅੱਗੇ ਵਧਾਉਣ ਦਾ ਕਾਰਜ ਇੱਕ ਮੁਲਕ ਪੱਧਰੀ ਖਰੀ ਕਮਿਊਸ਼ਿਟ ਇਨਕਲਾਬੀ ਜਥੇਬੰਦੀ ਦੀ ਅਗਵਾਈ ਮੰਗਦਾ ਕਾਰਜ ਹੈ। ਵੰਡੀ ਹੋਈ ਕਮਿ. ਇਨਕਲਾਬੀ ਲਹਿਰ ਦੀ ਕਮਜੋਰੀ ਹੀ ਮੁਲਕ ਦੇ ਲੋਕ-ਘੋਲਾਂ ਦੇ ਅਗਾਂਹ ਵਧਾਰੇ ਲਈ ਸੀਮਤਾਈ ਬਣ ਰਹੀ  ਹੈ। ਮੁਲਕ ਦੇ ਸਭਨਾਂ ਕਿਰਤੀ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਕਮਿ. ਇਨਕਲਾਬੀ ਪਾਰਟੀ ਵੱਲੋਂ ਸਿਆਸੀ ਵਿਚਾਰਧਾਰਕ ਅਗਵਾਈ ਮੁਹੱਈਆ ਕਰਵਾ ਕੇ, ਇੱਕ ਸਾਂਝੀ ਤੰਦ 'ਚ ਪਰੋਣਾ, ਹੋਰ ਉਚੇਰੇ ਪੱਧਰਾਂ 'ਤੇ ਲਿਜਾਣਾ ਤੇ ਆਖਰ ਨੂੰ ਲੋਕ ਜਮਹੂਰੀ ਇਨਕਲਾਬ ਤੱਕ ਲਿਜਾਣ ਦਾ ਕਾਰਜ ਦਹਾਕਿਆਂ ਤੋਂ ਅਜਿਹੀ ਇੱਕਜੁੱਟ ਪਾਰਟੀ ਦੀ ਅਗਵਾਈ ਉਡੀਕ ਰਿਹਾ ਹੈ। ਚਾਹੇ ਅੱਜ ਕਈ ਗਰੁੱਪ ਆਪਣੇ ਆਪ ਨੂੰ ਪਾਰਟੀ ਬਣੀ ਹੋਣ ਦਾ ਦਾਅਵਾ ਕਰਦੇ ਹਨ ਪਰ ਅਸਲ 'ਚ ਅਜੇ ਸਾਰੇ ਹੀ ਗਰੁੱਪ ਜਥੇਬੰਦੀਆਂ ਹਨ ਤੇ ਖਿੰਡੀ ਹੋਈ ਕਮਿ. ਪਾਰਟੀ ਦੀਆਂ ਵੱਖ ਵੱਖ ਫਾਂਕਾਂ ਹੀ ਹਨ। ਇਹਨਾਂ ਵੱਖ ਵੱਖ ਗਰੁੱਪਾਂ ਨੂੰ ਇੱਕ-ਜੁੱਟ ਪਾਰਟੀ 'ਚ ਮੁੜ-ਜਥੇਬੰਦ ਕਰਨਾ ਹੀ ਕਮਿ. ਇਨਕਲਾਬੀਆਂ ਦੀ ਏਕਤਾ ਕਰਨਾ ਹੈ।
ਭਾਰਤੀ ਇਨਕਲਾਬ ਦਾ ਮੌਜੂਦਾ ਪੜਾਅ ਨਵ-ਜਮਹੂਰੀ ਹੈ ਤੇ ਜ਼ਰੱਈ ਸੁਆਲ ਇਸ ਦਾ ਧੁਰਾ ਹੈ। ਸਮੁੱਚੀ ਲੋਕ ਲਹਿਰ ਜ਼ਰੱਈ ਇਨਕਲਾਬੀ ਲਹਿਰ ਦੇ ਦੁਆਲੇ ਹੀ ਉੱਸਰਨੀ ਹੈ। ਭਾਵ ਕਿਸਾਨੀ ਦੇ ਜਗੀਰਦਾਰੀ ਵਿਰੋਧੀ ਸੰਘਰਸ਼ਾਂ ਨੇ ਸਮੁੱਚੀ ਲਹਿਰ 'ਚ ਧੁਰੇ ਦਾ ਰੋਲ ਨਿਭਾਉਣਾ ਹੈ ਤੇ ਜ਼ਮੀਨ ਦੇ ਮਸਲੇ 'ਤੇ ਚੱਲਦੇ ਸੰਘਰਸ਼ ਨੇ ਰਾਜ ਸੱਤਾ ਲਈ ਸੰਘਰਸ਼ਾਂ 'ਚ ਵਟਣਾ ਹੈ। ਦੂਜੇ ਸ਼ਬਦਾਂ 'ਚ ਕਹਿਣਾ ਹੋਵੇ ਤਾਂ ਭਾਰਤੀ ਲੋਕਾਂ ਤੇ ਜਗੀਰਦਾਰੀ ਦੀ ਵਿਰੋਧਤਾਈ ਦੀ ਉਧੇੜ ਨਾਲ ਸਮੁੱਚੀ ਇਨਕਲਾਬੀ ਲਹਿਰ ਦਾ ਵਿਕਾਸ ਤੈਅ ਹੁੰਦਾ ਹੈ। ਅਜਿਹੀ ਲਹਿਰ ਦੀ ਉਸਾਰੀ ਕਮਿ. ਇਨਕਲਾਬੀ ਪਾਰਟੀ ਦੀ ਅਗਵਾਈ 'ਚ ਹੀ ਹੋ ਸਕਦੀ ਹੈ ਜਿਸ ਕੋਲ ਮਾਰਕਸਵਾਦ, ਲੈਨਿਨਵਾਦ ਤੇ ਮਾਓ ਵਿਚਾਰਧਾਰਾ ਦੀ ਰੋਸ਼ਨੀ 'ਚ ਘੜੀ ਗਈ ਭਾਰਤੀ ਨਿਕਲਾਬ ਦੀ ਦਰੁਸਤ ਯੁੱਧਨੀਤਕ ਤੇ ਦਾਅਪੇਚਕ ਲੀਹ ਹੋਵੇ। ਜ਼ਰੱਈ ਇਨਕਲਾਬੀ ਲਹਿਰ ਦੀ ਉਸਾਰੀ ਲਈ ਪ੍ਰੋਲੇਤਾਰੀ ਲੀਡਰਸ਼ਿੱਪ ਮਹੱਈਆ ਕਰਵਾਉਣਾ ਅਤੀ ਜਰੂਰੀ ਹੈ ਜਾਂ ਇਉਂ ਕਹਿਣਾ ਹੋਵੇ ਕਿ ਇਨਕਲਾਬੀ ਜ਼ਰੱਈ ਲਹਿਰ ਦੀ ਉਸਾਰੀ ਦਾ ਸੰਕਲਪ ਹੀ, ਇਸ 'ਤੇ ਪ੍ਰੋਲੇਤਾਰੀ ਦੀ ਅਗਵਾਈ ਨਾਲ ਜੁੜਿਆ ਹੋਇਆ ਹੈ। ਇਸ ਅਗਵਾਈ ਤੋਂ ਬਿਨਾਂ ਇਹ ਸਾਧਾਰਨ ਕਿਸਾਨ ਲਹਿਰ ਰਹਿ ਜਾਂਦੀ ਹੈ ਤੇ ਸਾਂਝੇ ਮੋਰਚੇ ਦੀ ਗੁਲੀ ਨਹੀਂ ਬਣ ਸਕਦੀ। ਪ੍ਰੋਲੇਤਾਰੀ ਇਹ ਲੀਡਰਸ਼ਿਪ ਆਪਣੇ ਹਿਰਾਵਲ ਦਸਤੇ ਯਾਨੀ ਕਮਿਊਨਿਸਟ ਪਾਰਟੀ ਰਾਹੀਂ ਮੁਹੱਈਆ ਕਰਵਾਉਂਦਾ ਹੈ। ਕਾਮਰੇਡ ਮਾਓ ਨੇ ਇਨਕਲਾਬ ਲਈ ਅਤਿ ਲੋੜੀਂਦੇ ਤਿੰਨ ਜਾਦੂਮਈ ਹਥਿਆਰਾਂ ਦਾ ਵਰਨਣ ਕੀਤਾ ਹੈ। ਪਾਰਟੀ, ਹਥਿਆਰਬੰਦ ਘੋਲ ਤੇ ਸਾਂਝੇ ਮੋਰਚੇ ਦੇ ਤਿੰਨ ਜਾਦੂਮਈ ਹਥਿਆਰਾਂ ਨੂੰ ਉਸ ਨੇ ਨਵ-ਜਮਹੂਰੀ ਇਨਕਲਾਬ ਲਈ ਸਫਲਤਾ ਦੀ ਕੁੰਜੀ ਦੱਸਿਆ ਹੈ। ਇਹਨਾਂ 'ਚ ਸਭ ਤੋਂ ਅਹਿਮ ਪਾਰਟੀ ਹੈ ਜਿਸ ਰਾਹੀਂ ਦੂਜੇ  ਦੋਹੇਂ ਵਰਤੇ ਜਾ ਸਕਦੇ ਹਨ। ਸੰਸਾਰ ਇਨਕਲਾਬ ਤੇ ਭਾਰਤੀ ਇਨਕਲਾਬ ਦਾ ਹੁਣ ਤੱਕ ਦਾ ਤਜਰਬਾ ਵੀ ਇਨਕਲਾਬ ਦੀਆਂ ਜਿੱਤਾਂ-ਹਾਰਾਂ ਦਾ ਸਬੰਧ ਇਹਨਾਂ ਤਿੰਨਾਂ ਹਥਿਆਰਾਂ ਨੂੰ ਕਾਰੀਗਰੀ ਨਾਲ ਵਰਤਣ 'ਚ ਦਿਖਾਉਂਦਾ ਹੈ ਖਾਸ ਕਰ ਪਾਰਟੀ ਦੇ ਮਾਮਲੇ 'ਚ ਜਾਹਰ ਹੁੰਦੀ ਕਮਜੋਰੀ ਤੇ ਘਾਟ ਇਹਨਾਂ ਅਸਫਲਤਾਵਾਂ ਦਾ ਮੁੱਖ ਕਾਰਨ ਰਹਿੰਦੀ ਰਹੀ ਹੈ। ਪਾਰਟੀ ਉਸਾਰੀ ਤੋਂ ਇੱਥੇ ਭਾਵ ਸਿਆਸੀ ਵਿਚਾਰਧਾਰਕ ਉਸਾਰੀ ਤੋਂ ਹੈ, ਭਾਵ ਮਾਰਕਸਵਾਦ ਲੈਨਿਨਵਾਦ ਮਾਓ ਵਿਚਾਰਧਾਰਾ 'ਤੇ ਮਜਬੂਤ ਪਕੜ ਹੋਣ ਤੇ ਭਾਰਤੀ ਸਮਾਜ ਦੀਆਂ ਠੋਸ ਹਾਲਤਾਂ ਨਾਲ ਇਸ ਦਾ ਸੰਯੋਗ ਕਰਨ ਤੇ ਇਹਨਾਂ 'ਤੇ ਢੁਕਾ ਸਕਣ ਦੀ ਸਮਰੱਥਾ ਤੋਂ ਹੈ। ਮਹਾਨ ਬਹਿਸ ਦੌਰਾਨ ਸਥਾਪਤ ਹੋਈ ਸੰਸਾਰ ਕਮਿ. ਲਹਿਰ ਦੀ ਆਮ ਸੇਧ ਅਨੁਸਾਰ ਭਾਰਤੀ ਇਨਕਲਾਬ ਦੀ ਠੋਸ ਯੁੱਧਨੀਤਕ ਤੇ ਦਾਅਪੇਚਕ ਸੇਧ ਘੜਨ ਦੀ ਸਮਰੱਥਾ ਤੋਂ ਹੈ। ਦੇਸ਼ ਦੇ ਬੀਤੇ ਦੇ ਜ਼ਰੱਈ ਇਨਕਲਾਬੀ ਘੋਲਾਂ ਖਾਸ ਕਰ ਤਿਲੰਗਾਨਾ, ਸਿਰੀਕਾਕੁਲਮ ਤੇ ਨਕਸਲਬਾੜੀ ਦੇ ਘੋਲਾਂ ਦੇ ਤਜਰਬੇ 'ਚੋਂ ਸਬਕ ਕੱਢ ਕੇ ਇਹਨਾਂ ਸਬਕਾਂ ਦੀ ਰੋਸ਼ਨੀ 'ਚ ਜ਼ਰੱਈ ਇਨਕਲਾਬੀ ਲਹਿਰ ਦੀ ਉਸਾਰੀ ਕਰਨ ਦੀ ਸਮਰੱਥਾ ਤੋਂ ਹੈ। ਅਜਿਹੀ ਮੁਲਕ ਪੱਧਰੀ ਕਮਿਊਨਿਸਟ ਪਾਰਟੀ ਦੀ ਮੁੜ-ਉਸਾਰੀ ਦਾ ਕਾਰਜ ਸਭਨਾਂ ਕਮਿ. ਇਨਕਲਾਬੀਆਂ ਦਾ ਸਾਂਝਾ ਕਾਰਜ ਹੈ ਜੋ ਭਾਰਤੀ ਇਨਕਲਾਬ ਦੀ ਅੰਤ ਤੱਕ ਅਗਵਾਈ ਕਰਨ ਦੇ ਸਮਰੱਥ ਹੋਵੇ ਤੇ ਇਸ ਦੇ ਰਸਤੇ 'ਚ ਆਉਂਦੇ ਸਭਨਾਂ ਸਵਾਲਾਂ ਨੂੰ ਹੱਲ ਕਰਨ ਦੇ ਯੋਗ ਹੋਵੇ। ਕਮਿ. ਇਨਕਲਾਬੀਆਂ ਦੀ ਏਕਤਾ ਰਾਹੀ ਹੀ ਅਜਿਹੀ ਪਾਰਟੀ ਦੀ ਉਸਾਰੀ ਹੋਣੀ ਹੈ। ਕਮਿਊਨਿਸਟ ਇਨਕਲਾਬੀਆਂ ਦੀ ਏਕਤਾ ਦਾ ਕਾਰਜ ਗੁੰਝਲਦਾਰ ਤੇ ਕਠਿਨ ਕਾਰਜ ਹੈ। ਏਕਤਾ ਤੋਂ ਭਾਵ ਬੇ-ਅਸੂਲੇ ਗੱਠ-ਜੋੜਾਂ ਜਾਂ ਨਿਰੋਲ ਭਾਵਨਾ ਅਧਾਰਿਤ ਏਕਤਾ ਤੋਂ ਨਹੀਂ ਸਗੋਂ ਸਹੀ ਸਿਆਸੀ ਵਿਚਾਰਧਾਰਕ ਲੀਹ ਅਧਾਰਿਤ ਏਕਤਾ ਤੋਂ ਹੈ। ਕਮਿ. ਕੈਂਪ 'ਚ ਮੌਜੂਦ ਦਰੁਸਤ ਪ੍ਰੋਲੇਤਾਰੀ ਰੁਝਾਨ ਦੀ ਲੀਹ ਹੋਰ ਵਡੇਰੀ ਏਕਤਾ ਲਈ ਕਾਫੀ ਨਹੀਂ ਹੈ। ਇਸ ਦਾ ਹੋਰ ਵਿਕਾਸ ਕਰਕੇ ਹੀ ਹੋਰ ਵਡੇਰੀ ਏਕਤਾ ਲਈ ਅਧਾਰ ਸਿਰਜਿਆ ਜਾ ਸਕਦਾ ਹੈ ਤੇ ਉਸ ਦਾ ਹੋਰ ਵਿਕਾਸ ਕਰਕੇ ਹੀ ਭਾਰਤੀ ਇਨਕਲਾਬ ਨੂੰ ਦਰਪੇਸ਼ ਸਭਨਾਂ ਮਸਲਿਆਂ ਦਾ ਜਵਾਬ ਦਿੱਤਾ ਜਾ ਸਕਦਾ ਹੈ।
ਕਮਿਊਨਿਸਟ ਇਨਕਲਾਬੀਆਂ 'ਚ ਏਕਤਾ ਯਤਨਾਂ ਦੀ ਇੱਕ ਤੰਦ ਵੱਖ ਵੱਖ ਹਿੱਸਿਆਂ 'ਚ ਆਪਸੀ ਸਿਆਸੀ-ਸਿਧਾਂਤਕ ਏਕਤਾ ਹਾਸਲ ਕਰਨ ਲਈ ਬਹਿਸ ਵਿਚਾਰ ਚੱਲਣਾ ਹੈ। ਤੇ ਆਪਸੀ ਵਖਰੇਵਿਆਂ ਨੂੰ ਨਿਤਾਰ ਕੇ, ਸਾਂਝੀ ਸਹਿਮਤੀ 'ਤੇ ਪੁੱਜ ਕੇ, ਇੱਕਜੁੱਟ ਜਥੇਬੰਦੀ 'ਚ ਸਮੋਣਾ ਹੈ। ਪਰ ਏਕਤਾ ਲਈ ਯਤਨਸ਼ੀਲ ਕਮਿ: ਇਨਕਲਾਬੀ ਜਥੇਬੰਦੀਆਂ 'ਚ ਜੇਕਰ ਸਿਆਸੀ-ਵਿਚਾਰਧਾਰਕ ਵਖਰੇਂਵੇਂ ਜਿਆਦਾ ਗੰਭੀਰ ਹੋਣ ਤੇ ਬਹਿਸ-ਵਿਚਾਰ ਦੇ ਅਮਲ ਰਾਹੀਂ ਫੌਰੀ ਹੱਲ ਨਾ ਹੋਣ ਵਾਲੇ ਹੋਣ ਤਾਂ ਫਿਰ ਇਸ ਏਕਤਾ ਅਮਲ ਦੀ ਦੂਸਰੀ ਤੰਦ ਇਹ ਬਣਦੀ ਹੈ ਕਿ ਸੰਬੰਧਤ ਕਮਿ: ਇਨਕਲਾਬੀ ਜਥੇਬੰਦੀਆਂ ਵੱਲੋਂ ਆਪੋ ਆਪਣੀ ਲੀਹ ਨੂੰ ਲਾਗੂ ਕੀਤਾ ਜਾਵੇ, ਇਨਕਲਾਬੀ ਅਭਿਆਸ ਦਾ ਨਿਚੋੜ ਕੱਢਿਆ ਜਾਵੇ ਤੇ ਲੀਹ ਨੂੰ ਵਿਕਸਤ ਕਰਕੇ ਅਗਲੇਰੀ ਏਕਤਾ ਲਈ ਆਧਾਰ ਤਿਆਰ ਕੀਤਾ ਜਾਵੇ। ਨਾਲ ਹੀ, ਹਾਸਲ ਦਰੁਸਤ ਲੀਹ ਨੂੰ ਲਾਗੂ ਕਰਨ ਵਾਲੇ ਸੰਦ, ਭਾਵ ਕਮਿ. ਇਨਕਲਾਬੀ ਜਥੇਬੰਦੀ ਨੂੰ ਭਵਿੱਖ 'ਚ ਬਣਨ ਵਾਲੀ ਕਮਿ. ਪਾਰਟੀ ਦੇ ਹੋਣਹਾਰ ਅੰਗ ਵਜੋਂ ਵਿਕਸਿਤ ਕੀਤਾ ਜਾਵੇ। ਕਮਿਊਨਿਸਟ ਕਾਰ ਵਿਹਾਰ ਤੇ ਅਭਿਆਸ ਦੇ ਅਸੂਲਾਂ ਦਾ ਪੱਧਰ Àੁੱਚਾ ਚੁੱਕ ਕੇ, ਇਸ ਨੂੰ ਹਾਸਲ ਦਰੁਸਤ ਲੀਹ ਨੂੰ ਭਰਭੂਰਤਾ 'ਚ ਲਾਗੂ ਕਰਨ ਦੇ ਯੋਗ ਬਣਾਇਆ ਜਾਵੇ। ਦਰੁਸਤ ਪ੍ਰੋਲੇਤਾਰੀ ਰੁਝਾਨ ਦੇ ਜਥੇਬੰਦ ਅਭਿਆਸ ਨੂੰ ਬੇਹਤਰ ਬਣਾ ਕੇ ਹੀ ਇਸ ਨੂੰ ਹੋਣਹਾਰ ਅੰਗ ਵਜੋ ਵਿਕਸਤ ਕੀਤਾ ਜਾ ਸਕਦਾ ਹੈ। ਅਭਿਆਸ ਨੂੰ ਬੇਹਤਰ ਬਣਾਉਣ ਲਈ ਅਭਿਆਸ ਦੇ ਅਸੂਲਾਂ (ਜਮਹੂਰੀ ਕੇਂਦਰਵਾਦ, ਪੜਚੋਲ- ਆਪਾ ਪੜਚੋਲ ਵਗੈਰਾ) ਦਾ ਬਕਾਇਦਾ ਨਿਭਾਅ ਜਰੂਰੀ ਹੈ । ਇਉਂ ਕਮਿਊਨਿਸਟ ਕਾਰ-ਵਿਹਾਰ ਦੇ ਅਸੂਲਾਂ 'ਤੇ ਡਟਵਾਂ ਪਹਿਰਾ ਦਿੰਦਿਆਂ ਲੀਹ ਲਾਗੂ ਕਰਨੀ ਅਤੇ ਇਨਕਲਾਬੀ ਅਭਿਆਸ ਦਾ ਨਿਚੋੜ ਕੱਢਣ ਦਾ ਮਹੱਤਵ ਹੈ ਤਾਂ ਕਿ ਦਰੁਸਤ ਲੀਹ ਨੂੰ ਕਮਿ. ਕੈਂਪ 'ਚ ਸਥਾਪਿਤ ਕੀਤਾ ਜਾਵੇ, ਇਸ ਦਾ ਹੋਰ ਵਿਕਾਸ ਕੀਤਾ ਜਾਵੇ ਤੇ ਇਸ ਰਾਹੀਂ ਪਾਰਟੀ ਨੂੰ ਮੁੜ ਜਥੇਬੰਦ ਕਰਨ ਦਾ ਕਾਰਜ ਨੇਪਰੇ ਚਾੜ੍ਹਿਆ ਜਾਵੇ।
ਮੌਜੂਦਾ ਦੌਰ ਪਾਰਟੀ ਮੁੜ ਜਥੇਬੰਦੀ ਦਾ ਦੌਰ ਹੈ। ਇਹ ਇਸ ਦੌਰ ਦੀ ਵਿਸ਼ੇਸ਼ਤਾ ਹੈ। ਚਾਹੇ ਇਹ ਕਾਰਜ ਨੇਪਰੇ ਚਾੜ੍ਹਨ ਦਾ ਅਮਲ ਜ਼ਰੱਈ ਇਨਕਲਾਬੀ ਲਹਿਰ ਉਸਾਰੀ ਕਰਨ ਦੇ ਕਾਰਜ ਨਾਲ ਜੁੜ ਕੇ ਹੀ ਅੱਗੇ ਵਧਣਾ ਹੈ ਪਰ ਇਸ ਕਾਰਜ ਲਈ ਕਮਿਊਨਿਸਟਾਂ ਵੱਲੋਂ ਮਜ਼ਦੂਰ ਜਮਾਤ 'ਚ ਵੀ ਵਿਸ਼ੇਸ਼ ਤੌਰ 'ਤੇ ਕੰਮ ਕਰਨ ਦਾ ਮਹੱਤਵ ਹੈ। ਇਹ ਜ਼ਰੱਈ ਇਨਕਲਾਬੀ ਲਹਿਰ 'ਤੇ ਮਜ਼ਦੂਰ ਜਮਾਤ ਦੀ ਅਗਵਾਈ ਸਥਾਪਤ ਕਰਨ ਲਈ ਵੀ ਲਾਜ਼ਮੀ ਹੈ। ਪਾਰਟੀ ਮੁੜ ਜਥੇਬੰਦੀ ਦੇ ਦੌਰ ਦੀ ਵਿਸ਼ੇਸ਼ਤਾ ਦੀ ਮੋਹਰਛਾਪ ਸਮੁੱਚੇ ਕੰਮ 'ਤੇ ਰਹਿੰਦੀ ਹੈ। ਭਾਵ ਕਮਿਊਨਿਸਟਾਂ ਵੱਲੋਂ ਕੀਤਾ ਜਾਣ ਵਾਲਾ ਸਮੁੱਚਾ ਕੰਮ (ਪਾਰਟੀ ਕੰਮ ਤੇ ਜਨਤਕ ਕੰਮ) ਪਾਰਟੀ ਮੁੜ ਜਥੇਬੰਦੀ ਦੇ ਕਾਰਜ ਵੱਲ ਸੇਧਤ ਹੋਣਾ ਚਾਹੀਦਾ ਹੈ। ਇਸ ਸਮੁੱਚੇ ਕੰਮ ਦਾ ਨਿਚੋੜ ਕੱਢ ਕੇ ਹੀ ਇਸ ਨੂੰ ਪਾਰਟੀ ਮੁੜ-ਜਥੇਬੰਦੀ ਦੇ ਕਾਰਜ ਦੀ ਸੇਵਾ 'ਚ ਲਾਇਆ ਜਾ ਸਕਦਾ ਹੈ। ਏਸੇ ਪਹੁੰਚ ਕਾਰਨ ਹੀ ਕਮਿ. ਇਨਕਲਾਬੀ ਕੈਂਪ ਦੀਆਂ ਸਭਨਾਂ ਸ਼ਕਤੀਆਂ ਦੀਆਂ ਸਾਂਝੀਆਂ ਸਰਗਰਮੀਆਂ ਦਾ ਵੀ ਵਿਸ਼ੇਸ਼ ਮਹੱਤਵ ਬਣਦਾ ਹੈ। ਕਿਉਂਕਿ ਨਿਚੋੜ ਕੱਢਣ  ਦੇ ਕਾਰਜ ਤੋਂ ਭਾਵ ਵੀ ਦੇਸ਼ ਦੇ ਸਮੁੱਚੇ ਘੋਲਾਂ ਦੇ ਤਜਰਬੇ ਦਾ ਨਿਚੋੜ ਕੱਢਣਾ ਹੈ। ਏਸੇ ਪ੍ਰਸੰਗ 'ਚ ਹੀ ਵੱਖ ਵੱਖ ਗਰੁੱਪਾਂ ਦੀ ਤਜਰਬਾ ਵਟਾਈ ਦਾ ਵੀ ਮਹੱਤਵ ਹੈ। ਇਸ ਲਈ ਕਮਿ. ਇਨਕਲਾਬੀ ਕੈਂਪ ਦੀਆਂ ਸਭਨਾਂ ਸ਼ਕਤੀਆਂ ਨੂੰ ਸਾਂਝੀਆਂ ਸਰਗਰਮੀਆਂ ਪ੍ਰਤੀ ਗੰਭੀਰਤਾ ਨਾਲ ਯਤਨ ਜੁਟਾਉਣੇ ਚਾਹੀਦੇ ਹਨ।
ਨਕਸਲਬਾੜੀ ਬਗਾਵਤ ਵੇਲੇ ਸ਼ੁਰੂ ਹੋਇਆ ਪਾਰਟੀ ਮੁੜ-ਜਥੇਬੰਦੀ ਦਾ ਅਮਲ ਬਹੁਤ ਲਮਕਵਾਂ ਹੋ ਚੁੱਕਿਆ ਹੈ। ਇਸ ਅਮਲ  ਦੇ ਸਿਰੇ ਲੱਗਣ 'ਤੇ ਹੀ ਭਾਰਤੀ ਇਨਕਲਾਬ ਦਾ ਵਿਕਾਸ ਨਿਰਭਰ ਕਰਦਾ ਹੈ। ਇਸ ਕਾਰਜ ਨੂੰ ਤੋੜ ਚੜ੍ਹਾਉਣ ਲਈ ਯਤਨ ਜੁਟਾਉਣੇ ਹੀ ਅੱਜ ਦਰੁਸਤ ਪਰੋਲੇਤਾਰੀ ਲੀਹ 'ਤੇ ਖੜ੍ਹੇ ਹਿੱਸਿਆਂ ਲਈ ਪਰਮੁੱਖ ਕਾਰਜ ਬਣਦਾ ਹੈ। ਨਕਸਲਬਾੜੀ ਦੀ 50ਵੀਂ ਵਰ੍ਹੇ ਗੰਢ ਏਸੇ ਨੂੰ ਨੇਪਰੇ ਚਾੜ੍ਹਨ ਲਈ ਜੀਅ ਜਾਨ ਨਾਲ ਜੁਟ ਜਾਣ ਖਾਤਰ ਤਹੱਈਆ ਕਰਨ ਦਾ ਮੌਕਾ ਹੈ। 
***

Friday, May 5, 2017

02 ਕਮਿਊਨਿਸਟ ਇਨਕਲਾਬੀ ਲਹਿਰ ਦਾ ਚਿੰਨ ਬਣਕੇ ਉਭਰੀ ਨਕਸਲਬਾੜੀ ਬਗਾਵਤ

ਤਿਲੰਗਾਨਾ ਘੋਲ ਦੀ ਵਾਪਸੀ ਦੇ 16 ਸਾਲਾਂ ਬਾਅਦ ਪੱਛਮੀ ਬੰਗਾਲ ਦੇ ਨਕਸਲਬਾੜੀ  ਇਲਾਕੇ ਅੰਦਰ ਕਿਸਾਨਾਂ ਦਾ ਜ਼ਮੀਨ ਅਤੇ ਸੱਤਾ ਲਈ ਇਕ ਅਜੇਹਾ ਖਾੜਕੂ ਸੰਘਰਸ਼ ਉੱਠਿਆ ਜਿਸ ਨੇ ਭਾਰਤ ਦੀ ਕਮਿਊਨਿਸਟ ਲਹਿਰ 'ਤੇ ਆਪਣੀ ਅਜਿਹੀ ਅਮਿੱਟ ਛਾਪ ਛੱਡੀ ਕਿ ਨਕਸਲਬਾੜੀ  ਅਤੇ ਕਮਿਊਨਿਸਟ ਇਨਕਲਾਬੀ ਲਹਿਰ ਸਦਾ ਲਈ ਸਮਾਨਾਰਥਕ ਸ਼ਬਦ ਬਣ ਗਏ। ਇਹਨਾਂ ਸੋਲਾਂ ਸਾਲਾਂ ਅੰਦਰ ਸੰਸਾਰ ਅਤੇ ਭਾਰਤ ਪੱਧਰ 'ਤੇ ਅਨੇਕਾਂ ਅਹਿਮ ਘਟਨਾਵਾਂ ਵਾਪਰ ਚੁੱਕੀਆਂ ਸਨ।

ਸੋਵੀਅਤ ਯੂਨੀਅਨ ਅਤੇ ਇਸ ਦੀ ਛਤਰੀ ਹੇਠਲੇ ਪੂਰਬੀ ਯੂਰਪੀਅਨ ਮੁਲਕ, ਸਮਾਜਵਾਦ ਤੋਂ ਭਟਕ ਕੇ, ਮੁੜ ਪੂੰਜੀਵਾਦ ਦੇ ਰਾਹ ਪੈ ਚੁੱਕੇ ਸਨ। ਸੋਵੀਅਤ ਯੂਨੀਅਨ ਅਮਰੀਕਾ ਦੇ ਮੁਕਾਬਲੇ ਦੀ ਇਕ ਦਿਓ ਤਾਕਤ ਵਜੋਂ ਉੱਭਰ ਰਿਹਾ ਸੀ ਅਤੇ ਆਪਣੇ ਪਹਿਲੇ ਸਮਾਜਵਾਦੀ ਮੁਲਕ ਦੇ ਵਕਾਰ ਨੂੰ ਵਰਤ ਕੇ ਤੀਜੀ ਦੁਨੀਆਂ ਦੇ ਮੁਲਕਾਂ ਅਤੇ ਇਨਕਲਾਬੀ ਲਹਿਰਾਂ ਨੂੰ ਆਪਣੇ ਪ੍ਰਭਾਵ-ਖੇਤਰ ਅਧੀਨ ਲਿਆਉਣ ਦੇ ਆਹਰਾਂ ਵਿੱਚ ਜੁੱਟਿਆ ਹੋਇਆ ਸੀ। ਇਸ ਦੇ ਬਾਵਜੂਦ ਵੀ ਇਨਕਲਾਬ ਦਾ ਰੁਝਾਨ ਪੂਰੇ ਵੇਗ ਨਾਲ ਅੱਗੇ ਵੱਧ ਰਿਹਾ ਸੀ। ਚੀਨ ਕਾ. ਮਾਓ ਦੀ ਦਰੁਸਤ ਅਗਵਾਈ ਹੇਠ ਸਾਬਤ ਕਦਮੀਂ ਨਾਲ ਸਮਾਜਵਾਦ ਦੀ ਉਸਾਰੀ ਵਿੱਚ ਜੁੱਟਿਆ ਹੋਇਆ ਸੀ ਅਤੇ ਅਗਾਂਹ ਵੱਲ ਲੰਮੀ ਛਾਲ ਮਾਰਨ ਤੋਂ ਬਾਅਦ ਸਭਿਆਚਾਰਕ ਇਨਕਲਾਬ ਦਾ ਬਿਗਲ-ਨਾਦ ਵਜਾ ਚੁੱਕਿਆ ਸੀ। ਉਤਰੀ ਕੋਰੀਆ ਅਤੇ ਉਤਰੀ ਵੀਅਤਨਾਮ ਸਾਮਰਾਜ ਦੇ ਚੁੰਗਲ 'ਚੋਂ ਨਿਕਲ ਕੇ ਸਮਾਜਵਾਦ ਦੀ ਸੇਧ ਵਿੱਚ ਅਗਾਂਹ ਵਧ ਰਹੇ ਸਨ। ਦੱਖਣੀ ਵੀਅਤਨਾਮ ਅੰਦਰ, ਫਰਾਂਸੀਸੀ ਮੂੰਹ ਦੀ ਖਾਕੇ ਪਿੱਛੇ ਹੱਟ ਗਏ ਸਨ ਅਤੇ ਉਹਨਾਂ ਦੀ ਥਾਂ 'ਤੇ ਅਮਰੀਕੀ ਸਾਮਰਾਜੀਆਂ ਨੇ ਆਪਣੀ ਸੂਰ-ਬੂਥੀ ਘੁਸੋ ਦਿੱਤੀ ਸੀ। ਪਰ ਵੀਅਤਨਾਮੀ ਲੋਕ ਇਸ ਦੇ ਵੀ ਬੁਥਾੜ ਸੇਕ ਰਹੇ ਸਨ ਅਤੇ ਚੰਗੇ ਸਬਕ ਸਿਖਾ ਰਹੇ ਸਨ। ਫਿਲਪਾਇਨ ਅੰਦਰ ਇਨਕਲਾਬੀ ਹਥਿਆਰਬੰਦ ਘੋਲ ਪਰ ਤੋਲ ਰਿਹਾ ਸੀ। ਕਿਊਬਾ ਅੰਦਰ ਇਨਕਲਾਬ ਦੀ ਜਿੱਤ ਤੋਂ ਬਾਅਦ ਬੁਲੀਵੀਆ ਦੇ ਜੰਗਲਾਂ ਵਿੱਚ ਗਰਜਦਾ ਹੋਇਆ ਚੀ ਗੁਵੇਰਾ ਸ਼ਹੀਦ ਹੋ ਚੁੱਕਿਆ ਸੀ ਪਰ ਉਸ ਦੀ ਜਾਂਬਾਜ਼ ਇਨਕਲਾਬੀ ਕੌਮਾਂਤਰੀ ਭਾਵਨਾ ਨੇ ਨੌਜੁਆਨਾਂ ਅੰਦਰ ਅਜੀਬ ਜੋਸ਼ ਤੇ ਹੁਲਾਰਾ ਪੈਦਾ ਕਰ ਦਿੱਤਾ ਸੀ। ਲਾਤੀਨੀ ਅਮਰੀਕਾ ਅਤੇ ਅਫਰੀਕਾ ਅੰਦਰ ਥਾਂ-ਥਾਂ ਸਾਮਰਾਜ ਵਿਰੋਧੀ ਘੋਲ ਉੱਠ ਰਹੇ ਸਨ। ਯੂਰਪ ਅੰਦਰ ਮਜ਼ਦੂਰਾਂ ਦੇ ਅੰਦੋਲਨਾਂ ਨੇ ਫਿਜ਼ਾ ਅੰਦਰ ਇਨਕਲਾਬ ਦੇ ਤਰਾਨਿਆਂ ਦੀ ਗੂੰਜ ਭਰ ਦਿੱਤੀ ਸੀ।
ਇਹਨਾਂ 16 ਵਰ੍ਹਿਆਂ ਅੰਦਰ ਭਾਰਤ ਅੰਦਰ, ਹਾਕਮ ਜਮਾਤਾਂ ਦੀ ਰਹਿਨੁਮਾ ਕਾਂਗਰਸ ਪਾਰਟੀ ਦੀ ਛੱਬ ਘਸਮੈਲੀ ਪੈ ਚੁਕੀ ਸੀ ਅਤੇ ਉਹ ਲੋਕਾਂ ਵਿੱਚੋਂ ਨਿਖੜ ਚੁੱਕੀ ਸੀ। ਕਮਿਊਨਿਸਟ ਪਾਰਟੀ ਦੁਫਾੜ ਹੋ ਚੁੱਕੀ ਸੀ ਅਤੇ ਇਨਕਲਾਬੀ ਅਖਵਾਉਣ ਵਾਲੀ ਮਾਰਕਸੀ ਕਮਿਊਨਿਸਟ ਪਾਰਟੀ ਦੀ ਲੀਡਰਸ਼ਿਪ ਵੀ ਸੋਧਵਾਦ ਅਤੇ ਪਾਰਲੀਮੈਂਟਰੀਵਾਦ ਦੇ ਰਾਹ ਪੈ ਚੁੱਕੀ ਸੀ। ਪਰ ਲੋਕ ਇਸ ਨਰਕੀ ਜ਼ਿੰਦਗੀ ਤੋਂ ਆਕੀ ਹੋ ਰਹੇ ਸਨ। ਮਜ਼ਦੂਰ ਆਪਣੇ ਹੱਕਾਂ ਲਈ ਤਿੱਖੇ ਸੰਘਰਸ਼ ਦੇ ਰਾਹ ਪੈ ਰਹੇ ਸਨ। ਸਰਕਾਰੀ ਜ਼ਮੀਨੀ ਸੁਧਾਰਾਂ ਦਾ ਹੀਜ਼-ਪਿਆਜ਼ ਜਾਹਰ ਹੋ ਰਿਹਾ ਸੀ ਅਤੇ ਕਿਸਾਨ ਜਾਗੀਰੂ ਲੁੱਟ ਅਤੇ ਦਾਬੇ ਖਿਲਾਫ਼ ਖਾੜਕੂ ਟਕਰਾ ਦੇ ਰਾਹ ਪੈ ਰਹੇ ਸਨ। ਮਹਿੰਗਾਈ, ਬਲੈਕ ਮਾਰਕੀਟਿੰਗ, ਜ਼ਖੀਰੇਬਾਜ਼ੀ ਅਤੇ ਅਨਾਜ ਵਰਗੀਆਂ ਜ਼ਰੂਰੀ ਵਸਤਾਂ ਦੀ ਤੋਟ ਨੇ ਸ਼ਹਿਰੀ ਗਰੀਬਾਂ ਦਾ ਕਚੂਮਰ ਕੱਢ ਰੱਖਿਆ ਸੀ। ਇਸ ਅੰਨ੍ਹੀ ਲੁੱਟ ਖਿਲਾਫ਼ ਉਨ੍ਹਾਂ ਦੇ ਸੰਘਰਸ਼ ਵੀ ਅਕਸਰ ਅਖਬਾਰਾਂ ਵਿੱਚ ਸੁਰਖੀਆਂ ਬਣਦੇ ਰਹਿੰਦੇ ਸਨ
1967 ਦਾ ਸਾਲ ਅਜਿਹਾ ਸਾਲ ਸੀ ਜਦ ਭਾਰਤ ਦੀਆਂ ਹਾਕਮ ਜਮਾਤਾਂ ਨੂੰ ਹੁਣ ਤੱਕ ਦੇ ਸਭ ਤੋਂ ਤਿੱਖੇ ਆਰਥਕ-ਸਿਆਸੀ ਸੰਕਟ ਨੇ ਮਧੋਲਿਆ ਹੋਇਆ ਸੀ। ਹਾਕਮ ਜਮਾਤਾਂ ਲੋਕਾਂ 'ਚੋਂ ਨਿੱਖੜੀਆਂ ਹੋਈਆਂ ਸਨ ਅਤੇ ਲੋਕ ਥਾਂ ਥਾਂ ਸੰਘਰਸ਼ਾਂ ਦਾ ਰਾਹ ਫੜ ਰਹੇ ਸਨ। ਇਸ ਦੀ ਇੱਕ ਝਲਕ ਇਸ ਤੱਥ 'ਚੋ ਹੀ ਮਿਲ ਜਾਂਦੀ ਹੈ ਕਿ ਇਸ ਸਾਲ ਮਾਰਚ ਤੋਂ ਸਤੰਬਰ ਤੱਕ ਦੀ ਛਿਮਾਹੀ ਵਿੱਚ ਇਕੱਲੇ ਬੰਗਾਲ ਅੰਦਰ ਹੀ 1230 ਘਿਰਾਓ ਤੇ 447 ਹੜਤਾਲਾਂ ਹੋਈਆਂ ਜਿਨ੍ਹਾਂ ਅੰਦਰ 169000 ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ ਅਤੇ ਲੱਗਭੱਗ 60 ਲੱਖ ਦਿਹਾੜੀਆਂ ਦਾ ਨੁਕਸਾਨ ਹੋਇਆ। ਸੋ ਅਜਿਹੀ ਸੀ ਕੁੱਲ ਪ੍ਰਸਥਿਤੀ ਜਿਸ ਅੰਦਰ ਨਕਸਲਬਾੜੀ ਦਾ ਕਿਸਾਨ ਸੰਘਰਸ਼-''ਬਸੰਤ ਦੀ ਗਰਜ''-ਬਣ ਕੇ ਉੱਠਿਆ ਅਤੇ ਬਰਸਾਤ ਦੇ ਬੱਦਲਾਂ ਵਾਂਗ ਭਾਰਤ ਦੇ ਸਮੁੱਚੇ ਆਕਾਸ਼ 'ਤੇ ਘਣਘੋਰ ਘਟਾਵਾਂ ਬਣ ਕੇ ਛਾ ਗਿਆ। ਚੀਨੀ ਕਮਿਊਨਿਸਟ ਪਾਰਟੀ ਨੇ ਇਸ ਬਗਾਵਤ ਨੂੰ ''ਭਾਰਤ 'ਚ ਬਸੰਤ ਦੀ ਗਰਜ'' ਕਹਿ ਕੇ ਇਸਦਾ ਸੁਆਗਤ ਕੀਤਾ ਸੀ।
ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ਵਿੱਚ ਹਿਮਾਲਾ ਦੀ ਤਰਾਈ ਦੇ 60 ਪਿੰਡਾਂ ਦਾ ਸਮੂਹ ਨਕਸਲਬਾੜੀ ਦਾ ਉਹ ਇਲਾਕਾ ਹੈ ਜਿਸ ਨੇ ਇਤਿਹਾਸਕ ਕਿਸਾਨ ਵਿਦਰੋਹ ਨੂੰ ਜਨਮ ਦਿੱਤਾ। ਨਕਸਲਬਾੜੀ, ਖਾਰੀਬਾੜੀ ਅਤੇ ਫਾਂਸੀ ਦੇਵਾ ਥਾਣਿਆਂ ਅਧੀਨ 274 ਵਰਗ ਮੀਲ ਵਿੱਚ ਫੈਲੇ ਇਸ ਖੇਤਰ ਦੀ ਵਸੋਂ 1971 ਵਿੱਚ 167000 ਸੀ। ਇਸ ਵਿੱਚ ਜ਼ਿਆਦਾਤਰ ਕਬਾਇਲੀ ਅਤੇ ਰਾਜਬੰਸੀ ਅਖਵਾਉਂਦੇ ਕਿਸਾਨ ਸਨ। ਖੇਤੀ ਤੋਂ ਇਲਾਵਾ ਇੱਥੇ ਕਾਫੀ ਸਾਰੇ ਚਾਹ ਦੇ ਬਾਗ ਵੀ ਹਨ, ਜਿੱਥੇ ਆਦਿਵਾਸੀ ਕਿਸਾਨ ਮਜ਼ਦੂਰੀ ਵੀ ਕਰਦੇ ਸਨ। ਇਹ ਸਾਰਾ ਖੇਤਰ ਅੰਗਰੇਜ਼ੀ ਰਾਜ ਵੇਲੇ ਤੋਂ ਹੀ ਲੱਗਭਗ 500 ਦੇ ਕਰੀਬ ਜਗੀਰਦਾਰਾਂ ਦੀ ਮਾਲਕੀ ਹੇਠ ਚਲਿਆ ਆ ਰਿਹਾ ਸੀ। ਜ਼ਿਆਦਾਤਰ ਕਿਸਾਨ ਹਿੱਸੇ ਠੇਕੇ 'ਤੇ ਲੈ ਕੇ ਜਮੀਨ ਵਾਹੁਣ ਵਾਲੇ ਸਨ ਜਿਨ੍ਹਾਂ ਨੂੰ ਅਧਿਆਰ ਅਤੇ ਟਿੱਕੇਦਾਰ ਕਿਹਾ ਜਾਂਦਾ ਸੀ। 1947 ਤੋਂ ਬਾਅਦ ਜ਼ਮੀਨੀ ਸੁਧਾਰਾਂ ਦੀ ਚਰਚਾ ਨੇ ਜਗੀਰਦਾਰਾਂ ਨੂੰ ਚੁਕੰਨੇ ਕਰ ਦਿੱਤਾ ਸੀ ਤੇ ਉਹ ਸਦੀਆਂ ਤੋਂ ਮਾਣਦੇ  ਆ ਰਹੇ ਆਪਣੇ ਵਿਸ਼ੇਸ਼ ਅਧਿਕਾਰਾਂ ਦੀ ਰਾਖੀ ਲਈ, ਪਹਿਲਾਂ ਨਾਲੋਂ ਵੀ ਵੱਧ ਧੱਕੜ ਤੇ ਜਾਬਰ ਹੋ ਗਏ ਸਨ। ਹੁਣ ਉਨ੍ਹਾਂ ਗੁੰਡੇ ਅਤੇ ਲਠੈਤ ਪਾਲਣੇ ਸ਼ੁਰੂ ਕਰ ਦਿੱਤੇ ਸਨ ਅਤੇ ਬੇਜ਼ਮੀਨੇ ਕਿਸਾਨਾਂ ਨੂੰ ਬੇਦਖਖ ਕਰਕੇ ਖੇਤ-ਮਜ਼ਦੂਰੀ ਲਈ ਮਜ਼ਬੂਰ ਵੀ ਕਰਨ ਲੱਗ ਪਏ ਸਨ। ਇਸ ਦੇ ਨਾਲ ਹੀ ਉਹਨਾਂ ਕਿਸਾਨਾਂ ਉਪਰ ਆਪਣਾ ਦਾਬਾ ਬਣਾਈ ਰੱਖਣ ਲਈ ਆਪਣੇ ਹੀ ਕਾਨੂੰਨ ਤੇ ਰਿਵਾਜ਼ ਬਣਾਏ ਹੋਏ ਸਨ ਜਿਨ੍ਹਾਂ ਵਿੱਚ ਇਕ ਤਾਂ ਇਹ ਸੀ ਕਿ ਇੱਕ ਜੋਤੇਦਾਰ ਦਾ ਅਧਿਆਰ, ਭਾਵੇਂ ਉਸ ਨੂੰ ਕਿੰਨੀ ਲੋੜ ਕਿਉਂ ਨਾ ਹੋਵੇ ਕਿਸੇ ਹੋਰ ਜੋਤੇਦਾਰ ਦੀ ਜ਼ਮੀਨ ਵਾਹ-ਬੀਜ ਨਹੀਂ ਸੀ ਸਕਦਾ ਅਤੇ ਦੂਸਰਾ ਕਾਨੂੰਨ ਉਹਨਾਂ ਇਹ ਤਹਿ ਕੀਤਾ ਕਿ ਹਰੇਕ ਅਧਿਆਰ ਨੂੰ, ਭਾਵੇ ਉਸ ਨੂੰ ਲੋੜੇ ਹੋਵੇ ਜਾਂ ਨਾ, ਆਪਣੇ ਜੋਤੇਦਾਰ ਤੋਂ ਸਾਲ ਵਿੱਚ ਇਕ ਵਾਰ ਉਧਾਰ ਅਨਾਜ ਜ਼ਰੂਰ ਲੈਣਾ ਪੈਂਦਾ ਸੀ। ਇਸ ਉਧਾਰ ਉਪਰ 50% ਵਿਆਜ ਲੱਗਦਾ ਸੀ। ਜਗੀਰਦਾਰਾਂ-ਜੋਤੇਦਾਰਾਂ ਨੇ ਆਪਣੀ ਮਰਜ਼ੀ ਪੁਗਾਉਣ ਅਤੇ ਧੌਂਸ ਬਣਾਈ ਰੱਖਣ ਲਈ ਜੋਤੇਦਾਰਾਂ ਦੀ ਸਭਾ ਅਤੇ ਤਰਾਈ ਮੰਗਲ ਸੰਮਤੀ ਵਰਗੀਆਂ ਜਥੇਬੰਦੀਆਂ ਬਣਾਈਆਂ ਹੋਈਆਂ ਸਨ ਅਤੇ ਇਨ੍ਹਾ ਨੂੰ ਹਾਕਮ ਪਾਰਟੀ ਕਾਂਗਰਸ ਦੀ ਪੂਰੀ ਸ਼ਹਿ ਅਤੇ ਸਮਰਥਨ ਹਾਸਲ ਸੀ।
ਭਾਵੇਂ ਕਿ ਇਸ ਇਲਾਕੇ ਅੰਦਰ ਜੋਤੇਦਾਰਾਂ ਅਤੇ ਚਾਹ-ਬਾਗਾਂ ਦੇ ਮਾਲਕਾਂ ਦੀਆਂ ਧੱਕੇਸ਼ਾਹੀਆਂ ਅਤੇ ਜਬਰ ਖਿਲਾਫ਼ ਕਿਸਾਨਾਂ-ਮਜ਼ਦੂਰਾਂ ਦੇ ਉਘੜ-ਦੁਘੜੇ ਸੰਘਰਸ਼ ਇਕ ਆਮ ਵਰਤਾਰਾ ਸੀ, ਪਰ ਤਿਭਾਗਾ ਲਹਿਰ ਦੇ ਜ਼ੋਰਦਾਰ ਪ੍ਰਭਾਵ ਨੇ ਕਿਸਾਨਾਂ ਮਜ਼ਦੂਰਾਂ ਅੰਦਰ ਏਕਤਾ ਤੇ ਇਕਮੁੱਠਤਾ ਦੀ ਜਾਗ ਲਾਈ ਸ਼ੁਰੂਆਤੀ ਦੌਰ ਵਿੱਚ ਕਿਸਾਨਾਂ ਅੰਦਰ ਆਪਸ ਵਿੱਚ ਕਾਫ਼ੀ ਵਿਤਕਰੇ ਅਤੇ ਤੁਅਸਬ ਮੌਜੂਦ ਸਨ। 1952 ਵਿੱਚ ਅੰਬਾਰੀ ਕਿਸਾਨ ਕਾਨਫਰੰਸ ਵਿੱਚ ਲੱਗਭਗ 2000 ਕਿਸਾਨ ਸ਼ਾਮਲ ਹੋਏ ਸਨ ਪਰ ਉਨ੍ਹਾਂ ਲਈ ਖਾਣਾ ਅੱਡ ਅੱਡ 22 ਚੁੱਲ੍ਹਿਆਂ 'ਤੇ ਬਣਿਆ ਸੀ। ਪਰ 1960 ਤੱਕ ਜਮਾਤੀ ਚੇਤਨਤਾ ਦੇ ਵਿਕਾਸ ਤਹਿਤ ਇਹ ਤੁਅੱਸਬ ਅਤੇ ਵਿਤਕਰੇ ਦੂਰ ਹੋ ਚੁੱਕੇ ਸਨ ਅਤੇ ਇਕੋ ਰਸੋਈ ਬਣਨੀ ਸ਼ੁਰੂ ਹੋ ਗਈ ਸੀ।
ਇਸ ਦਹਾਕੇ ਅੰਦਰ ਕਿਸਾਨਾਂ ਅਤੇ ਚਾਹ-ਬਾਗਾਂ ਦੇ ਮਜ਼ਦੂਰਾਂ ਨੇ ਕਈ ਖਾੜਕੂ ਘੋਲ ਲੜੇ। ਇਕ ਫਾਇਦੇਮੰਦ ਗੱਲ ਇਹ ਸੀ ਕਿ ਕਿਸਾਨਾਂ ਅਤੇ ਚਾਹ-ਬਾਗਾਂ ਦੇ ਮਜ਼ਦੂਰਾਂ ਵਿਚਕਾਰ ਅਜੇ ਕੋਈ ਨਿਸ਼ਚਤ ਵਖਰੇਵਾਂ ਅਤੇ ਸਨਾਖਤ ਨਹੀਂ ਬਣੀ ਸੀ। ਆਮ ਕਰਕੇ ਕਿਸਾਨ ਜਾਂ ਆਦਿਵਾਸੀ ਪਰਿਵਾਰਾਂ ਦੇ ਕੁਝ ਜੀਅ, ਜਾਂ ਕੰਮ ਦੇ ਜ਼ੋਰ ਸਮੇਂ ਸਮੁੱਚਾ ਪਰਿਵਾਰ ਹੀ ਚਾਹ-ਬਾਗਾਂ ਵਿੱਚ ਮਜ਼ਦੂਰੀ ਕਰਦਾ ਸੀ ਅਤੇ ਨਾਲ ਹੀ ਖੇਤੀ ਦਾ ਧੰਦਾ ਵੀ ਚੱਲਦਾ ਰਹਿੰਦਾ ਸੀ। 1955-56 ਦੇ ਬੋਨਸ ਘੋਲ ਦਰਮਿਆਨ ਹਜ਼ਾਰਾਂ ਮਜ਼ਦੂਰਾਂ ਅਤੇ ਕਿਸਾਨਾਂ ਨੇ ਚਾਹ-ਬਾਗਾਂ ਦੇ ਮਾਲਕਾਂ ਦੇ ਲਠੈਤਾਂ ਅਤੇ ਪੁਲਸ ਨਾਲ ਜਬਰਦਸਤ ਟੱਕਰਾਂ ਲਈਆਂ ਸਨ ਅਤੇ ਉਨ੍ਹਾਂ ਨੂੰ ਝੁਕਣ ਲਈ ਮਜ਼ਬੂਰ ਕਰ ਦਿੱਤਾ ਸੀ।
1958-62 ਤੱਕ ਪੱਛਮੀ ਬੰਗਾਲ ਅੰਦਰ ਕਿਸਾਨ ਸਭਾ ਦੇ ਸੱਦੇ ਤੇ ਬੇਨਾਮੀ ਜ਼ਮੀਨਾਂ 'ਤੇ ਕਬਜੇ ਦੀ ਮੁਹਿਮ ਚੱਲੀ। ਇਸ ਮੁਹਿੰਮ ਦੌਰਾਨ ਨਕਸਲਬਾੜੀ ਇਲਾਕੇ ਦੇ ਕਿਸਾਨਾਂ ਨੇ ਬੇਨਾਮੀ ਜ਼ਮੀਨਾਂ ਤੋਂ ਇਲਾਵਾ ਜੋਤੇਦਾਰਾਂ ਦੀਆਂ ਫਸਲਾਂ ਅਤੇ ਜਮੀਨਾਂ 'ਤੇ ਕਬਜਾ ਕਰਨਾ ਸ਼ੁਰੂ ਕਰ ਦਿੱਤਾ। ਅਨੇਕਾਂ ਥਾਈਂ ਘਮਸਾਨੀ ਟੱਕਰਾਂ ਹੋਈਆਂ। ਕਿਸਾਨ ਕਿਤੇ ਵੀ ਨਾ ਡਰੇ ਨਾ ਝੁਕੇ। ਸਗੋਂ ਜੋਤੇਦਾਰਾਂ ਅੰਦਰ ਡਰ ਤੇ ਭੈਅ ਫੈਲ ਗਿਆ। ਉਹ ਪਹਿਲਾਂ ਨਾਲੋਂ ਵੀ ਵੱਧ ਜਥੇਬੰਦ, ਹਥਿਆਰਬੰਦ ਅਤੇ ਲੜਾਕੂ ਹੋਣਲੱਗ ਪਏ ਪਰ ਇਸ ਸਮੇਂ ਤੱਕ ਕਿਸਾਨ ਜਥੇਬੰਦੀ ਵੀ ਮਜਬੂਤ ਅਤੇ ਪੱਕੇ ਪੈਰੀਂ ਹੋ ਚੁੱਕੀ ਸੀ। ਕਿਸਾਨਾਂ ਅੰਦਰ ਇਨਕਲਾਬੀ ਚੇਤਨਾ ਜੜ੍ਹਾਂ ਲਾ ਚੁੱਕੀ ਸੀ। ਉਨ੍ਹਾਂ ਅੰਦਰ ਇਕ ਭਰੋਸੇਯੋਗ ਆਗੂ ਟੋਲੀ ਵੀ ਵਿਕਸਤ ਹੋ ਚੁੱਕੀ ਸੀ। ਇਨ੍ਹਾਂ ਵਿੱਚ ਇਕ ਕਾਨੂੰ ਸਾਨਿਆਨ ਸੀ, ਜਿਹੜਾ ਇਕ ਦਰਜੀ ਦਾ ਪੁੱਤਰ ਸੀ। ਵਿਦਿਆਰਥੀ ਜੀਵਨ ਦਰਮਿਆਨ ਤਿਭਾਗਾ ਲਹਿਰ ਤੋਂ ਪ੍ਰਭਾਵਤ ਹੋ ਕੇ ਕਮਿਊਨਿਸਟ ਪਾਰਟੀ ਦੇ ਵਾਹ ਵਿੱਚ ਆਇਆ ਸੀ ਅਤੇ ਮੁੜ ਕਿਸਾਨਾਂ ਅਤੇ ਆਦਿਵਾਸੀਆਂ ਵਿੱਚ ਲਗਾਤਾਰ ਸਰਗਰਮ ਰਿਹਾ ਸੀ। ਦੂਜਾ ਜੰਗਲ ਸੰਥਾਲ ਇਕ ਆਦਿਵਾਸੀ ਸੀ ਜਿਹੜਾ ਆਪਣੀ ਸੂਝਬੂਝ ਅਤੇ ਧੜੱਲੇ ਨਾਲ ਸਥਾਪਤ ਤੇ ਪਰਵਾਨਤ ਹੋਇਆ ਕਿਸਾਨ ਆਗੂ ਸੀ। ਤੀਸਰਾ ਬਾਬੂ ਲਾਲ ਵਿਸ਼ਵਕਰਮਨ, ਇਕ ਬੇਜ਼ਮੀਨੇ ਕਿਸਾਨ ਦਾ ਪੁੱਤਰ ਅਤੇ ਚਾਹ-ਬਾਗਾਂ ਦਾ ਮਜ਼ਦੂਰ ਸੀ ਜਿਹੜਾ ਮਜ਼ਦੂਰ ਸੰਘਰਸ਼ਾਂ ਦਾ ਚੰਡਿਆ ਤੇ ਹੰਡਿਆ ਵਰਤਿਆ ਆਗੂ ਸੀ। ਇਸ ਤੋਂ ਇਲਾਵਾ ਅਨੇਕਾਂ ਹੀ ਹੋਰ ਨਿਹਚਾ ਅਤੇ ਦ੍ਰਿੜਤਾ ਵਾਲੇ ਪਾਰਟੀ ਕਾਰਕੁਨ ਮੌਜੂਦ ਸਨ। ਵਰਨਣ ਯੋਗ ਗੱਲ ਇਹ ਹੈ ਕਿ ਇਸ ਇਲਾਕੇ ਅੰਦਰ ਪਾਰਟੀ ਦਾ ਬਾਹਰੋਂ ਭੇਜਿਆ ਕੁਲਵਕਤੀ ਕਾਰਕੁਨ ਕੋਈ ਨਹੀਂ ਸੀ ਅਤੇ ਇਥੇ ਲਹਿਰ ਤੇ ਲੀਡਰਸ਼ਿਪ ਸਥਾਨਕ ਘੋਲਾਂ ਵਿੱਚੋਂ ਹੀ ਉਸਰੀ ਹੋਈ ਸੀ। ਨਕਲਸਬਾੜੀ ਦੀ ਬਗਾਵਤ ਨਾਲ ਕਾ. ਚਾਰੂ ਮਜ਼ੂਮਦਾਰ ਦਾ ਨਾਂ ਵੀ ਜੁੜਿਆ ਹੋਇਆ ਸੀ ਪਰ ਹਕੀਕਤ ਇਹ ਹੈ ਕਿ ਇਸ ਇਲਾਕੇ ਨਾਲ ਉਸ ਦਾ ਕੋਈ ਸਿੱਧਾ ਸਬੰਧ ਨਹੀਂ ਸੀ। ਉਸ ਦੀ ਸਰਗਰਮੀ ਦਾ ਖੇਤਰ ਸਿਲੀਗੁੜੀ ਸੀ।
ਮਈ 1967 ਦੀ ਨਕਸਲਬਾੜੀ ਬਗਾਵਤ ਲਈ ਜੂਨ ਤੋਂ ਦਸੰਬਰ 1966 ਤੱਕ ਦਾਰਜੀਲਿੰਗ ਅੰਦਰ ਚੱਲੀ ਚਾਹ ਬਾਗਾਂ ਦੇ ਮਜ਼ਦੂਰਾਂ ਦੀ ਹੜਤਾਲ ਅਤੇ ਖਾੜਕੂ ਸੰਘਰਸ਼ ਨੇ ਹੁਲਾਰ ਪੈੜੇ ਦਾ ਕੰਮ ਕੀਤਾ। ਚਾਹ-ਬਾਗ ਮਜ਼ਦੂਰਾਂ ਦਾ ਕਿਸਾਨੀ ਨੇ ਡਟਵਾਂ ਸਮਰਥਨ ਕੀਤਾ। ਸਤੰਬਰ ਦੇ ਮਹੀਨੇ ਨੌਂ ਦਿਨ ਲਗਾਤਾਰ ਚੱਲੀ ਹੜਤਾਲ ਇਸ ਪੱਖੋਂ ਬੇਹੱਦ ਅਹਿਮ ਸੀ ਕਿ ਇਸ ਅਰਸੇ ਦੋਰਾਨ ਸਮੁੱਚੇ ਦਾਰਜੀਲਿੰਗ ਜਿਲੇ ਅੰਦਰ, ਸਮੂਹ ਚਾਹ-ਬਾਗਾਂ ਅੰਦਰ ਪੱਤੀਆਂ ਦੀ ਤੁੜਵਾਈ ਬੰਦ ਰਹੀ। ਚਾਹ-ਬਾਗ ਮਾਲਕਾਂ ਅਤੇ ਪੁਲਸ ਦੇ ਦਬਾਅ ਪਾਉਣ ਅਤੇ ਹੜਤਾਲ ਕੁਚਲਣ ਦੇ ਸਭ ਹਰਬਿਆਂ ਨੂੰ ਅਸਫਲ ਬਣਾਉਦੇ ਹੋਏ ਮਜ਼ਦੂਰਾਂ ਅਤੇ ਕਿਸਾਨਾਂ ਦੇ ਉਭਰ ਰਹੇ ਸਹਿਯੋਗ ਨੇ, ਉਨ੍ਹਾਂ ਦੀ ਉਭਰ ਰਹੀ ਤਾਕਤ ਨੇ , ਹਾਕਮ ਜਮਾਤਾਂ ਦੀ ਸੱਤਾ ਨੂੰ ਚੁਣੌਤੀ ਦੇ ਦਿੱਤੀ। ਫਰਵਰੀ 1967 ਵਿਚ ਹੋਈਆਂ ਅਸੈਂਬਲੀ ਚੋਣਾਂ ਅੰਦਰ ਕਾਂਗਰਸ ਪਾਰਟੀ ਨੂੰ ਮਿਲੀ ਕਰਾਰੀ ਹਾਰ ਅਤੇ ਕਮਿਊਨਿਸਟਾਂ ਦੇ ਸਹਿਯੋਗ ਨਾਲ ਬਣੀ ਸਾਂਝੇ ਮੋਰਚੇ ਦੀ ਸਰਕਾਰ ਨੇ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਇਹ ਭਰਮਾਊ ਹੁਲਾਰਾ ਦਿੱਤਾ ਕਿ ਹੁਣ ਉਨ੍ਹਾਂ ਦੀ ਸਰਕਾਰ ਬਣ ਗਈ ਹੈ। ਜੋਤੇਦਾਰ ਅਤੇ ਚਾਹਬਾਗਾਂ ਦੇ ਮਾਲਕ ਹੁਣ ਉਨ੍ਹਾਂ ਦਾ ਕੁੱਝ ਨਹੀਂ ਵਿਗਾੜ ਸਕਣਗੇ।
ਇਸ ਉਤਸ਼ਾਹੀ ਮਹੌਲ ਵਿੱਚ 7 ਮਈ 1967 ਨੂੰ ਨਕਸਲਬਾੜੀ ਇਲਾਕੇ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਾਂਝੀ ਕਾਨਫਰੰਸ ਹੋਈ। ਇਸ ਕਾਨਫਰੰਸ ਅੰਦਰ ਜਾਗੀਰਦਾਰਾਂ ਦੀ ਸੱਤਾ ਨੂੰ ਤਹਿਸ਼-ਨਹਿਸ਼ ਕਰਨ ਲਈ ਜ਼ਰੱਈ ਇਨਕਲਾਬ ਨੂੰ ਅੱਗੇ ਵਧਾਉਣ ਦਾ ਅਤੇ ਜਾਗੀਰਦਾਰਾਂ ਦੀ ਜਮੀਨ 'ਤੇ ਕਬਜਾ ਕਰਨ ਦਾ ਫੈਸਲਾ ਕੀਤਾ ਗਿਆ। ਇਸ ਪ੍ਰਸੰਗ ਵਿਚ ਇਹ ਵੀ ਵਰਨਣਯੋਗ ਹੈ ਕਿ ਸਾਂਝੇ ਮੋਰਚੇ ਦੀ ਸਰਕਾਰ ਅੰਦਰ ਮਾਰਕਸੀ ਪਾਰਟੀ ਦਾ ਆਗੂ ਹਰੇ ਕ੍ਰਿਸ਼ਨ ਕੋਨਾਰ ਜ਼ਮੀਨ ਅਤੇ ਮਾਲੀਆ ਵਿਭਾਗ ਦਾ ਮੰਤਰੀ ਬਣਿਆ ਸੀ। ਉਸ ਨੇ ਮੰਤਰੀ ਬਣਦੇ ਸਾਰ ਹੀ ਬਿਆਨ ਦਿੱਤਾ ਕਿ ਹੁਣ ਕਿਸਾਨ ਕਾਨੂੰਨ ਦੀਆਂ ਸੀਮਾਵਾਂ ਵਿੱਚ ਰਹਿ ਕੇ ਅੰਦੋਲਨ ਕਰਨ ਅਤੇ ਸਾਂਝੇ ਮੋਰਚੇ ਦੀ ਸਰਕਾਰ ਲਈ ਕੋਈ ਦਿੱਕਤਾਂ ਖੜ੍ਹੀਆਂ ਨਾ ਕਰਨ।                     ਮਜ਼ਦੂਰਾਂ ਕਿਸਾਨਾਂ ਦੀ ਇਸ ਕਾਨਫਰੰਸ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਪਿੰਡ ਪਿੰਡ ਕਿਸਾਨ ਕਮੇਟੀਆਂ ਕਾਇਮ ਕਰਨ। ਰਾਖਾ ਦਸਤੇ ਤਿਆਰ ਕਰਨ , ਜਾਗੀਰੂ ਦਹਿਸ਼ਤ ਨੂੰ ਤੋੜ ਸੁੱਟਣ ਤੇ ਜਾਗੀਰਦਾਰਾਂ ਦੀਆਂ ਜਮੀਨਾਂ 'ਤੇ ਕਬਜ਼ਾ ਕਰ ਲੈਣ। ਉਨ੍ਹ੍ਵਾਂ ਦੇ ਇਸ ਸੱਦੇ ਨੂੰ ਬੇਮਿਸਾਲ ਹੁੰਗਾਰਾ ਮਿਲਿਆ। ਦਿਨਾਂ ਵਿਚ ਹੀ ਕਿਸਾਨ ਸਭਾ ਦੀ ਮੈਂਬਰਸ਼ਿਪ 4 ਹਜ਼ਾਰ ਤੋਂ 16 ਹਜਾਰ ਹੋ ਗਈ ਕਿਸਾਨ ਲਾਲ ਝੰਡੇ ਹੇਠ ਇਕੱਠੇ ਹੁੰਦੇ ਅਤੇ ਜੋਤੇਦਾਰਾਂ ਦੀਆਂ ਜ਼ਮੀਨਾਂ 'ਤੇ ਜਾ ਲਹਿਰਾਉਂਦੇ । ਹੱਦਬੰਦੀ ਨੂੰ ਚਕਮਾ ਦੇਣ ਵਾਲੇ ਪਟਵਾਰੀਆਂ ਦੇ ਝੂਠੇ ਰਿਕਾਰਡ ਸਾੜ ਦਿੰਦੇ। ਸੂਦਖੋਰਾਂ ਦੀਆਂ ਵਹੀਆਂ ਅਤੇ ਪ੍ਰੋਨੋਟ ਫੂਕ ਦਿੰਦੇ। ਜਾਗੀਰਦਾਰਾਂ ਦੇ ਗੁੰਡਿਆਂ ਨੂੰ ਕੁਟਾਪਾ ਚਾੜ੍ਹਦੇ ਇਸ ਤਰ੍ਹਾਂ ਜਾਗੀਰਦਾਰਾਂ ਅੰਦਰ ਸਹਿਮ ਅਤੇ ਦਹਿਸ਼ਤ ਪੈਦਾ ਹੋ ਰਹੀ ਸੀ, ਘਬਰਾਹਟ ਤੇ ਨਿਰਾਸ਼ਤਾ ਪਨਪ ਰਹੀ ਸੀ।
ਅਜਿਹੇ ਸਮੇਂ ਹੀ ਇਕ ਅਜਿਹੀ ਘਟਨਾ ਵਾਪਰੀ ਜਿਸ ਨੇ ਮਾਰਕਸੀ ਪਾਰਟੀ ਦੇ ''ਕਾਨੂੰਨ ਦੀਆਂ ਹੱਦਾਂ ਅੰਦਰ ਰਹਿ ਕੇ ਸੰਘਰਸ਼ ਕਰਨ'' ਦੀ ਪਹੁੰਚ ਦੀ ਅਸਲੀਅਤ ਬੇਨਕਾਬ ਕਰ ਦਿੱਤੀ ਤੇ ਨਾਲ ਹੀ ਮਜ਼ਦੂਰ-ਕਿਸਾਨ ਕਾਨਫਰੰਸ ਦੀ ਜ਼ਰੱੱੱੱੱਈ ਇਨਕਲਾਬੀ ਲਹਿਰ ਨੂੰ ਅਗਾਂਹ ਵਧਾਉਣ ਦੀ ਸੇਧ 'ਤੇ ਦਰੁਸਤੀ ਦੀ ਮੋਹਰ ਲਾ ਦਿੱਤੀ। ਇਸ ਇਲਾਕੇ ਵਿਚ ਇਕ ਬਿਗਲ ਨਾਮੀ ਬੇਜ਼ਮੀਨਾ ਕਿਸਾਨ ਸੀ, ਜਿਹੜਾ ਕਿ ਮਾਰਕਸੀ ਪਾਰਟੀ ਦਾ ਮੈਂਬਰ ਵੀ ਸੀ। ਮੁਜਾਰਾ ਐਕਟ ਤਹਿਤ ਉਸ ਨੂੰ ਜ਼ਮੀਨ ਮਾਲਕੀ ਦਾ ਅਧਿਕਾਰ ਮਿਲ ਗਿਆ ਸੀ ਪਰ ਜਾਗੀਰਦਾਰਾਂ ਨੇ ਪਹਿਲਾਂ ਅਦਾਲਤ ਵਿਚ ਉਲਝਾਈ ਰੱਖਿਆ। ਅਦਾਲਤ ਵਿੱਚੋਂ ਵੀ ਉਸ ਦੇ ਹੱਕ ਵਿਚ ਫੈਸਲਾ ਹੋ ਜਾਣ 'ਤੇ ਵੀ, ਜਾਗੀਰਦਾਰਾਂ ਨੇ ਉਸ ਨੂੰ ਜਮੀਨ ਵਿਚ ਪੈਰ ਨਾ ਰੱਖਣ ਦਿਤਾ। ਪਿੰਡ ਦੇ ਹੋਰ ਕਿਸਾਨ ਬਿਗਲ ਦੀ ਮਦੱਦ 'ਤੇ ਆਏ ਤਾਂ ਜਾਗੀਰਦਾਰਾਂ ਦੇ ਲਠੈਤਾਂ ਨਾਲ ਉਨ੍ਹਾਂ ਦੀ ਜੰਮ ਕੇ ਲੜਾਈ ਹੋਈ। ਦੋਹਾਂ ਧਿਰਾਂ ਦੇ ਸੱਟਾਂ-ਫੇਟਾਂ ਲੱਗੀਆਂ। 23 ਮਈ ਨੂੰ ਪੁਲਸ ਆਈ ਅਤੇ ਉਸ ਨੇ ਜਾਗੀਰਦਾਰਾਂ ਦਾ ਪੱਖ ਲੈ ਕੇ ਕਿਸਾਨਾਂ ਦੀ ਫੜੋ-ਫੜੀ ਆਰੰਭ ਦਿਤੀ। ਕਿਸਾਨਾਂ ਦਾ ਗੁੱਸਾ ਭਾਂਬੜ ਬਣ ਉਠਿਆ। ਰਵਾਇਤੀ ਹਥਿਆਰਾਂ ਨਾਲ ਲੈਸ ਕਿਸਾਨਾਂ ਅਤੇ ਤੀਰ-ਕਮਾਨਾਂ ਵਾਲੇ ਸੈਕੜੇ ਆਦਿਵਾਸੀਆਂ ਨੇ ਪੁਲਸ ਦਲ ਨੂੰ ਘੇਰ ਲਿਆ। ਝੜੱਪ ਹੋਈ। ਤਿੰਨ ਪੁਲਸੀਏ ਜਖਮੀ ਹੋ ਗਏ। ਦਰੋਗਾ ਸੁਨਮ ਵਾਂਗਦੀ ਦੋ ਦਿਨ ਬਾਅਦ ਹਸਪਤਾਲ ਵਿਚ ਦਮ ਤੋੜ ਗਿਆ। ਉਸੇ ਦਿਨ ਭਾਰੀ ਤਦਾਦ ਵਿਚ ਪੁਲਸ ਨੇ ਇਸ ਪਿੰਡ 'ਤੇ ਹਮਲਾ ਬੋਲ ਦਿੱਤਾ। ਜੰਮ ਕੇ ਲੜਾਈ ਹੋਈ। ਕਿਸਾਨਾਂ ਨੇ ਰਵਾਇਤੀ ਹਥਿਆਰਾਂ ਨਾਲ ਟਾਕਰਾ ਕੀਤਾ। ਔਰਤਾਂ-ਬੱਚਿਆਂ ਨੇ ਇੱਟਾਂ ਰੋੜੇ ਵਰਾ੍ਹਏ। ਆਦਿਵਾਸੀਆਂ ਨੇ ਤੀਰ ਛੱਡੇ। ਪੁਲਸ ਨੇ ਅੰਧਾਧੁੰਦ ਗੋਲੀ ਚਲਾਈ। ਦਸ ਵਿਅਕਤੀ ਮਾਰੇ ਗਏ ਜਿਨ੍ਹਾਂ ਵਿਚ ਔਰਤਾਂ ਤੇ ਬੱਚੇ ਵੀ ਸਨ। ਇਹੀ ਘਟਨਾ ਭਾਰਤ ਅੰਦਰ ''ਬਸੰਤ ਦੀ ਗਰਜ'' ਬਣ ਗਈ।
ਇਸ ਘਟਨਾ ਨੇ ਨਕਸਲਬਾੜੀ ਦੇ ਇਲਾਕੇ ਅੰਦਰ ਇੱਕ ਬਿਜਲਈ ਤਰੰਗ ਛੇੜ ਦਿੱਤੀ। ਕਿਸਾਨਾਂ ਨੇ ਥਾਂ ਥਾਂ ਜਾਰੀਰਦਾਰਾਂ ਦੀਆਂ ਜਮੀਨਾਂ 'ਤੇ ਕਬਜੇ ਆਰੰਭ ਦਿੱਤੇ। ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਰਵਾਇਤੀ ਹਥਿਆਰਾਂ ਸਮੇਤ ਇਕੱਠੇ ਹੁੰਦੇ, ਲਾਲ ਝੰਡੇ ਝੁਲਾਉਂਦ,ੇ ਜੋਤੇਦਾਰਾਂ ਦੀਆਂ ਜ਼ਮੀਨਾਂ 'ਤੇ ਕਬਜੇ ਕਰਦੇ ਅਤੇ ਜਾਲਮ ਜਾਗੀਰਦਾਰਾਂ ਅਤੇ ਉਨ੍ਹਾਂ ਦੇ ਲਠੈਤਾਂ ਨੂੰ ਸਜਾਵਾਂ ਸੁਣਾਉਂਦੇ। ਮੁਲਕ ਭਰ ਅੰਦਰ ਭਖੇ ਹੋਏ ਸਿਆਸੀ ਮਹੌਲ ਅੰਦਰ ਇਹ ਲਹਿਰ ਅਤੇ ਕਿਸਾਨ ਬਗਾਵਤ ਤਿੱਖੀ ਤੇ ਭਖਵੀਂ ਚਰਚਾ ਦਾ ਵਿਸ਼ਾ ਬਣ ਗਈ। ਕਮਿਊਨਿਸਟ ਇਨਕਲਾਬੀ ਸ਼ਕਤੀਆਂ, ਖਰੇ ਜਮਹੂਰੀ ਅਨਸਰ ਅਤੇ ਇਨਸਾਫਪਸੰਦ ਲੋਕ ਇਸ ਬਗਾਵਤ 'ਤੇ ''ਅਸ਼ ਅਸ਼ '' ਕਰ ਉਠੇ ਜਦ ਕਿ ਹਾਕਮ ਜਮਾਤਾਂ ਅਤੇ ਉਨ੍ਹਾਂ ਦੇ ਚਮਚੇ ''ਤਰਾਹ ਤਰਾਹ'' ਕਰ ਉਠੇ।
ਬੰਗਾਲ ਦਾ ਮੁੱਖ-ਮੰਤਰੀ ਅਜੈ ਕੁਮਾਰ ਮੁਖਰਜੀ, ਅਸੈਂਬਲੀ ਵਿਚ ਭਰਿਆ ਪੀਤਾ ਕੂਕਿਆ ਕਿ ਨਕਸਲਬਾੜੀ ਦੇ ਇਲਾਕੇ ਅੰਦਰ ਅਮਨ ਕਾਨੂੰਨ ਦੀ ਗੰਭੀਰ ਸਮੱਸਿਆ ਪੈਦਾ ਹੋ ਗਈ ਹੈ। ਉਸ ਨੇ ਆਪਣੀ ਹਾਕਮ ਜਮਾਤੀ ਭਾਸ਼ਾ ਵਿਚ ਦੱਸਿਆ ਕਿ 8 ਤੋਂ 10 ਜੂਨ ਤੱਕ ਤਿੰਨ ਦਿਨਾਂ ਅੰਦਰ ਹੀ ਨਕਸਲਬਾੜੀ ਵਿਚ 13 ਡਕੈਤੀਆਂ, ਦੋ ਹੱਤਿਆਵਾਂ ਅਤੇ ਇੱਕ ਅਗਜਨੀ ਸਮੇਤ 80 ਵਾਰ ਕਾਨੂੰਨ ਭੰਗ  ਹੋਇਆ ਹੈ। ਕੇਂਦਰੀ ਗ੍ਰਹਿ ਮੰਤਰੀ ਖੁਸ਼ਵੰਤ ਰਾਓ ਚਵਾਨ ਨੇ ਲੋਕ ਸਭਾ ਵਿਚ ਬਿਆਨ ਦਿੱਤਾ ਕਿ ਨਕਸਲਵਾੜੀ ਇਲਾਕੇ ਅੰਦਰ ਅਮਨ ਕਾਨੂੰਨ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ। ਲੋਕ ਕਾਨੂੰਨ ਨੂੰ ਆਪਣੇ ਹੱਥਾਂ ਵਿਚ ਲੈ ਰਹੇ ਹਨ ਅਤੇ ਭੰਨ ਤੋੜ ਕਰ ਰਹੇ ਹਨ। ਉਸ ਨੇ ਉਮੀਦ ਪਰਗਟ ਕੀਤੀ ਕਿ ਸਾਂਝੇ ਮੋਰਚੇ ਦੀ ਧਿਰ ਮਾਰਕਸੀ ਕਮਿਊਨਿਸਟ ਪਾਰਟੀ ਉਨ੍ਹਾਂ ਭੰਨਤੋੜ ਦੀਆਂ ਕਾਰਵਾਈਆਂ ਦਾ ਸਮਰਥਨ ਨਹੀਂ ਕਰੇਗੀ ਅਤੇ ਮਾਰਕਸੀ ਕਮਿਊਨਿਸਟ ਪਾਰਟੀ ਹਾਕਮ ਜਮਾਤਾਂ ਦੇ ਇਸ ਪਹਿਰੇਦਾਰ ਚਵਾਨ ਦੀ ਉਮੀਦ 'ਤੇ ਪੂਰੀ ਉਤਰੀ। 20 ਜੂਨ ਨੂੰ ਮਾਰਕਸੀ ਪਾਰਟੀ ਦੀ ਪੋਲਿਟ ਬਿਓਰੋ ਨੇ ਨਕਸਲਬਾੜੀ ਦੀ ਬਗਵਤ ਨੂੰ ਮੁੱਠੀ ਭਰ ਮਾਹਰਕੇਬਾਜਾਂ ਦੀ ਕਾਰਵਾਈ ਕਰਾਰ ਦੇ ਦਿੱਤਾ ਅਤੇ ਇਸ ਬਗਾਵਤ ਦਾ ਸਮਰਥਨ ਕਰਨ ਵਾਲੇ 19 ਮਹੱਤਵਪੂਰਨ ਆਗੂਆਂ ਨੂੰ ਪਾਰਟੀ ਵਿਚੋਂ ਖਾਰਜ ਕਰ ਦਿੱਤਾ।  
ਇਸ ਉਪਰੰਤ ਮਾਰਕਸੀ ਪਾਰਟੀ ਦੀ ਹਮਾਇਤ ਮਿਲਣ 'ਤੇ ਪੱਛਮੀ ਬੰਗਾਲ ਸਰਕਾਰ ਨੇ 13 ਜੁਲਾਈ ਨੂੰ ਹਥਿਆਰਬੰਦ ਪੁਲਸ ਅਤੇ ਬੀ ਐਸ ਐਫ ਨਾਲ ਨਕਸਲਬਾੜੀ 'ਤੇ ਚੜ੍ਹਾਈ ਕਰ ਦਿੱਤੀ। 250 ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਵਿਰੋਧ ਕਰ ਰਹੇ ਇੱਕ 80 ਸਾਲਾ ਬਜ਼ੁਰਗ ਨੂੰ ਸੰਗੀਨ ਖੋਭ ਕੇ ਮਾਰ ਦਿੱਤਾ । ਕਿਸਾਨ ਸ਼ਭਾ ਦੇ ਕਾਰਕੁੰਨਾਂ ਤੇ ਹਮੈਤੀਆਂ 'ਤੇ ਅੰਨ੍ਹਾਂ ਕੁਟਾਪਾ ਚਾੜ੍ਹਿਆ। ਥਾਂ ਥਾਂ ਪੁਲਸ ਕੈਂਪ ਸਥਾਪਤ ਕਰ ਦਿੱਤੇ ਅਤੇ ਉਲਟ ਇਨਕਲਾਬੀ ਦਹਿਸ਼ਤ ਦਾ ਗੇੜ  ਚਲਾ ਦਿੱਤਾ ।  ਇਉਂ ਨਕਸਲਬਾੜੀ ਦੀ ਇਹ ਬਗਾਵਤ ਕੁੱਲ ਮਿਲਾ ਕੇ 53 ਦਿਨਾਂ ਤੱਕ ਹੀ ਚੱਲੀ, ਪਰ ਭਾਰਤ ਦੇ ਸਿਆਸੀ ਸੀਨ ਤੇ ਇਹ ਬਗਵਤ ਇਕ ਲਾਸਾਨੀ ਇਤਿਹਾਸਕ ਮਹੱਤਤਾ ਵਾਲੀ ਅਮਰ ਗਾਥਾ ਹੋ ਨਿੱਬੜੀ।
ਇਸ ਬਗਾਵਤ ਨੇ ਭਾਰਤ ਦੀ ਧਰਤੀ 'ਤੇ ਮਾਓ-ਜ਼ੇ-ਤੁੰਗ ਵਿਚਾਰਧਾਰਾ ਦਾ ਝੰਡਾ ਗੱਡ ਦਿੱਤਾ। ਭਾਰਤੀ ਇਨਕਲਾਬ ਦੇ ਰਾਹ, ਜ਼ੱਰਈ ਇਨਕਲਾਬ ਦੀ ਮਹੱਤਤਾ, ਲਮਕਵੇਂ ਲੋਕ ਯੁੱਧ ਦੀ ਸਾਰਥਕਤਾ ਆਦਿ ਸੁਆਲਾਂ ਦਾ ਨਿਬੇੜਾ ਕਰ ਦਿੱਤਾ। ਨਵ-ਸੋਧਵਾਦੀ ਮਾਰਕਸੀ ਪਾਰਟੀ ਦੇ ਮੁਖੌਟੇ ਲੂਹ ਸੁੱਟੇ ਅਤੇ ਉਨਾਂ ਦਾ ਹਾਕਮ ਜਮਾਤਾਂ ਪ੍ਰਤੀ, ਉਹਨਾਂ ਦੇ ਅਖੌਤੀ ਪਾਰਲੀਮੀਨੀ ਨਿਜ਼ਾਮ ਪ੍ਰਤੀ ਹੇਜ ਨੂੰ ਅਤੇ ਹਕੂਮਤੀ ਕੁਰਸੀਆਂ ਦੀ ਹਵਸ ਨੂੰ ਸ਼ਰੇਆਮ ਨੰਗਾ ਕਰ ਦਿੱਤਾ।  ਇਸ ਉਪਰੰਤਰ ਨਕਸਲਬਾੜੀ ਇਲਾਕੇ ਦੀ ਇਹ ਬਗਾਵਤ ਵੀ ਇਕ ਘਟਨਾ ਨਾ ਰਹਿ ਕੇ ਇਕ ਅਜੇਹੀ ਇਨਕਲਾਬੀ ਜਮਹੂਰੀ ਲਹਿਰ ਬਣ ਗਈ ਜਿਹੜੀ ਲੱਖਾਂ ਹੀ ਕਮਿ: ਇਨਕਲਾਬੀਆਂ, ਕਿਸਾਨਾਂ-ਮਜ਼ਦੂਰਾਂ, ਬੁੱਧੀਜੀਵੀਆਂ ਅਤੇ ਨੌਜੁਆਨਾਂ ਲਈ ਇਨਕਲਾਬੀ ਪ੍ਰੇਰਨਾਸ੍ਰੋਤ ਤੇ ਮਾਰਗ-ਦਰਸ਼ਕ ਬਣ ਗਈ।
ਨਕਸਲਬਾੜੀ ਦੀ ਬਗਾਵਤ ਨੇ ਤਿਲੰਗਾਨਾ ਤੋਂ ਬਾਅਦ ਜ਼ੱਰਈ ਇਨਕਲਾਬੀ ਲਹਿਰ ਅਤੇ ਇਨਕਲਾਬੀ ਰਾਜ-ਸੱਤਾ ਦੀ ਸਥਾਪਤੀ ਦੇ ਆਪਸੀ ਰਿਸ਼ਤੇ ਦੇ ਸੁਆਲ ਨੂੰ ਸਦਾ ਲਈ ਹੱਲ ਕਰ ਦਿੱਤਾ। ''ਨਕਸਲਬਾੜੀ ਬਾਰੇ ਕੁਝ ਹੋਰ'' ਵਿੱਚ ਕਾਨੂੰ ਸਾਨਿਆਲ ਦਾ ਇਹ ਕਥਨ ਅੱਜ ਬੇਹੱਦ ਢੁਕਵਾਂ ਹੈ ਕਿ ਨਕਸਲਬਾੜੀ ਦਾ ਸਬਕ ਇਹ ਹੈ ਕਿ ਜ਼ੱਰਈ ਇਨਕਲਾਬ ਦਾ ਮੁੱਖ ਤੱਤ ਕਿਸਾਨਾਂ ਵਿੱਚ ਜ਼ਮੀਨ ਦੀ ਵੰਡ ਹੈ। ਆਪਣੀ ਮਲਕੀਅਤ ਹੇਠ ਆਈ ਇਸ ਜ਼ਮੀਨ ਦੀ ਰਾਖੀ ਲਈ ਟਾਕਰੇ ਦਾ ਉਹ ਸੰਘਰਸ਼ ਪੇਂਡੂ ਖੇਤਰਾਂ ਅੰਦਰ ਵਿਕਸਤ ਹੋਵੇਗਾ ਜਿਹੜਾ ਕਿ ਅਗਾਂਹ ਰਾਜਸੀ ਸੱਤਾ ਲਈ ਸੰਘਰਸ਼ ਵਿੱਚ ਬਦਲ ਜਾਵੇਗਾ। ਇਸ ਲਈ ਜਮਹੂਰੀ ਇਨਕਲਾਬ ਜਾਂ ਜ਼ੱਰਈ ਇਨਕਲਾਬ ਦੇ ਦੌਰ ਵਿੱਚ ਜਮੀਨ ਲਈ ਸੰਘਰਸ਼ ਅਤੇ ਸੱਤਾ ਲਈ ਸੰਘਰਸ਼ ਆਪਸ ਵਿੱਚ ਜੜੁੱਤ ਹਨ। '' ਕਾਨੂੰ ਸਾਨਿਆਲ ਨੇ ਇਸ ਲਿਖਤ ਅੰਦਰ ਇਹ ਹਕੀਕਤ ਵੀ ਉਭਾਰੀ ਸੀ ਕਿ ਨਕਸਲਬਾੜੀ ਦਾ ਕਿਸਾਨ ਘੋਲ ਕਿਸੇ ਵੀ ਰੂਪ ਵਿੱਚ ਵਿਅਕਤੀਗਤ ਸਫਾਏ ਦੀ ਲੀਹ ਦੀ ਧਾਰਨਾ ਪੇਸ਼ ਨਹੀਂ ਸੀ ਕਰਦਾ, ਸਗੋਂ ਇਸ ਤੋਂ ਉਲਟ ਇਹ ਇਨਕਲਾਬੀ ਜਨਤਕ ਲੀਹ 'ਤੇ ਆਧਾਰਤ ਜ਼ੱਰਈ ਇਨਕਲਾਬੀ ਲਹਿਰ ਦੇ ਵਿਕਾਸ ਮਾਰਗ ਦਾ ਨਕਸ਼ਾ ਚਿਤਰਦਾ ਸੀ। ਨਕਸਲਬਾੜੀ ਦੀ ਬਗਾਵਤ ਅੱਜ ਕਮਿਊਨਿਸਟ ਇਨਕਲਾਬੀ ਲਹਿਰ ਦਾ ਚਿੰਨ੍ਹ ਬਣ ਕੇ ਸਦਾ ਲਈ ਅਮਰ ਹੋ ਗਈ ਹੈ।

  ***

01 ਨਕਸਲਬਾੜੀ ਬਗਾਵਤ ਦੀ ਅਮਰ ਦੇਣ



ਮਈ ਦੇ 1967 ਦੇ ਨਕਸਲਬਾੜੀ ਦੇ ਜ਼ੱਰਈ ਸੰਘਰਸ਼ ਦੇ ਇਨਕਲਾਬੀ ਜ਼ਰਈ ਬਗਾਵਤ 'ਚ ਵਟ ਜਾਣ ਨਾਲ ਭਾਰਤ ਦੇ ਸਿਆਸੀ ਮੰਚ 'ਤੇ ਇੱਕ ਨਵੇਂ ਦੌਰ ਦੀ ਸ਼ੁਰੂਆਤ ਹੋਈ। ਨਕਸਲਬਾੜੀ ਦੀ ਬਗਾਵਤ ਇੱਕ ਮਹਾਨ ਇਤਿਹਾਸਕ ਘਟਨਾ ਸੀ। ਇਹ ਭਾਰਤੀ ਕਮਿਊਨਿਸਟ ਪਾਰਟੀ ਅੰਦਰਲੇ ਕਮਿਊਨਿਸਟ ਇਨਕਲਾਬੀਆਂ ਵੱਲੋਂ ਇਸ ਘੋਲ ਦੀ ਉਸਾਰੀ ਲਈ ਘਾਲੀ ਗਈ ਲੰਮੀ ਘਾਲਣਾ ਦਾ ਸਿੱਟਾ ਸੀ। ਨਕਸਲਬਾੜੀ ਦੇ ਝੰਜੋੜੇ ਨੇ ਨਾ ਸਿਰਫ ਮੁਲਕ ਦੇ ਵੱਖ ਵੱਖ ਹਿੱਸਿਆਂ 'ਚ ਲੋਕ-ਸੰਘਰਸਾਂ ਨੂੰ ਮਿਸਾਲੀ ਹੁਲਾਰਾ ਦਿੱਤਾ ਸਗੋਂ ਇਹਨਾ ਸੰਘਰਸ਼ਾਂ ਨੂੰ ਨਵੀਂ ਇਨਕਲਾਬੀ ਸੇਧ ਅਤੇ ਇਨਕਲਾਬੀ ਸਿਆਸੀ ਤੱਤ ਮੁਹੱਈਆ ਕਰਕੇ ਇਨਕਲਾਬੀ ਲਹਿਰ ਦੀ ਪੇਸ਼ਕਦਮੀ ਲਈ ਭਰਪੂਰ ਸੰਭਾਵਨਾਵਾਂ ਵੀ ਰੌਸ਼ਨ ਕੀਤੀਆਂ। ਤਿਲੰਗਾਨਾ ਦੇ ਹਥਿਆਰਬੰਦ ਘੋਲ ਤੋਂ ਬਾਅਦ ਨਕਸਲਬਾੜੀ ਦੀ ਘਟਨਾ ਭਾਰਤੀ ਕਮਿਊਨਿਸਟ ਇਨਕਲਾਬੀ ਲਹਿਰ ਦੇ ਇਤਿਹਾਸ ਅੰਦਰ ਇੱਕ ਨਵਾਂ ਮੀਲ ਪੱਥਰ ਸੀ।

ਭਾਰਤੀ ਕਮਿਊਨਿਸਟ ਪਾਰਟੀ ਦੀ ਲੀਡਰਸ਼ਿਪ ਨੇ ਤਿਲੰਗਾਨਾ ਦੇ ਸ਼ਾਨਾਮੱਤੇ ਘੋਲ ਨਾਲ ਗਦਾਰੀ ਕੀਤੀ ਸੀ। ਪਰ ਇਸ ਗਦਾਰੀ ਦੇ ਬਾਵਜੂਦ ਵੱਧ ਘੱਟ ਰੂਪ 'ਚ ਇਸ ਦਾ ਮਖੌਟਾ ਬਚਿਆ ਰਿਹਾ ਸੀ। ਇਸ ਨੂੰ ਕੋਈ ਵੱਡੀ ਸਿਆਸੀ ਕੀਮਤ ਨਹੀਂ ਸੀ 'ਤਾਰਨੀ ਪਈ। ਕਿਸੇ ਅਸਰਦਾਰ ਵਿਚਾਰਧਾਰਕ ਸਿਆਸੀ ਚੁਣੌਤੀ ਦਾ ਸਾਹਮਣਾ ਨਹੀਂ ਸੀ ਕਰਨਾ ਪਿਆ। ਪਰ ਨਕਸਲਬਾੜੀ ਬਗਾਵਤ ਦੇ ਇਨਕਲਾਬੀ ਝੰਜੋੜੇ ਨੇ ਸੋਧਵਾਦੀ ਲੀਡਰਸ਼ਿਪ ਦੇ ਨਕਾਬ ਲੂਹ ਸੁੱਟੇ। ਕਮਿਊਨਿਸਟ ਇਨਕਲਾਬੀਆਂ ਅਤੇ ਸੋਧਵਾਦੀਆਂ ਦਰਮਿਆਨ ਨਿਖੇੜੇ ਦੀ ਲਕੀਰ ਖਿੱਚੀ ਗਈ। ਨਕਸਲਬਾੜੀ ਦੀ ਬਗਾਵਤ ਨੇ ਇਨਕਲਾਬੀ ਸੰਗਰਾਮਾਂ ਦੇ ਇੱਕ ਨਵੇਂ ਉਭਾਰ ਅਤੇ ਇੱਕ ਵੱਡੀ ਵਿਚਾਰਧਾਰਕ-ਸਿਆਸੀ ਉਥਲ-ਪੁਥਲ ਨੂੰ ਜਨਮ ਦਿੱਤਾ। ਇਹ ਉਭਾਰ ਕਮਿਊਨਿਸਟ ਇਨਕਲਾਬੀ ਅਤੇ ਸੋਧਵਾਦੀ ਵਿਚਾਰਧਾਰਾ, ਸਿਆਸਤ ਅਤੇ ਅਮਲਾਂ ਦਰਮਿਆਨ ਨਖੇੜੇ ਦੀ ਪਰਖ ਕਸਵੱਟੀ ਬਣ ਗਿਆ। ਅਖੌਤੀ ਮਾਰਕਸੀ ਪਾਰਟੀ ਨਾਲੋਂ ਤੋੜ ਵਿਛੋੜਾ ਕਰਕੇ ਪਹਿਲੀ ਵਾਰ ਕਮਿਊਨਿਸਟ ਇਨਕਲਾਬੀਆਂ ਵੱਲੋਂ ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਨੂੰ ਸਪੱਸ਼ਟ ਅਤੇ ਨਿੱਤਰਵੇਂ ਰੂਪ 'ਚ ਬੁਲੰਦ ਕਰਨ ਦਾ ਐਲਾਨ ਕੀਤਾ ਗਿਆ। ਇਉਂ ਨਕਸਲਬਾੜੀ ਦੀ ਬਗਾਵਤ ਨੇ ਮਾਓ-ਵਿਚਾਰਧਾਰਾ ਦੇ ਹਕੀਕੀ ਵਿਚਾਰਧਾਰਕ ਰੁਤਬੇ ਨੂੰ ਉਭਾਰਨ ਅਤੇ ਸਥਾਪਤ ਕਰਨ ਦਾ ਰੋਲ ਨਿਭਾਇਆ। ਨਕਸਲਬਾੜੀ ਦੀ ਬਗਾਵਤ ਸਮੇਂ ਕੌਮਾਂਤਰੀ ਪੱਧਰ 'ਤੇ ਖਰਸ਼ੁਚੋਵ ਮਾਰਕਾ ਸੋਧਵਾਦ ਖਿਲਾਫ ਚੀਨੀ ਕਮਿਊਨਿਸਟ ਪਾਰਟੀ ਦੀ ਅਗਵਾਈ 'ਚ ਘੋਲ ਅੱਗੇ ਵਧ ਰਿਹਾ ਸੀ। ਇਹ ਘੋਲ ਸੱਠਵਿਆਂ ਦੇ ਦੂਜੇ ਅੱਧ 'ਚ ਛਿੜੀ ਮਹਾਨ-ਬਹਿਸ ਨਾਲ ਸ਼ੁਰੂ ਹੋਇਆ ਸੀ। ਦੁਨੀਆਂ ਪੱਧਰ 'ਤੇ ਹੀ ਕਮਿਊਨਿਸਟ ਇਨਕਲਾਬੀਆਂ ਅਤੇ ਸੋਧਵਾਦੀਆਂ ਦਰਮਿਆਨ ਪਾਲਾਬੰਦੀ ਦਾ ਅਮਲ ਜਾਰੀ ਸੀ। ਨਕਸਲਬਾੜੀ ਦੀ ਬਗਾਵਤ ਤੋਂ ਬਾਅਦ ਭਾਰਤ ਦੀ ਧਰਤੀ 'ਤੇ ਸਪੱਸ਼ਟ ਅਤੇ ਨਿੱਤਰਵੇਂ ਰੂਪ 'ਚ ਚੀਨੀ ਕਮਿਊਨਿਸਟ ਪਾਰਟੀ ਦੀ ਅਗਵਾਈ 'ਚ ਕੌਮਾਂਤਰੀ ਕਮਿਊਨਿਸਟ ਇਨਕਲਾਬੀ ਕੈਂਪ ਵੱਲੋਂ ਲਈਆਂ ਵਿਚਾਰਧਾਰਕ ਸਿਆਸੀ ਪੁਜੀਸ਼ਨਾਂ ਦੀ ਡਟਵੀਂ ਹਮਾਇਤ ਦਾ ਝੰਡਾ ਚੁੱਕਿਆ ਗਿਆ। ਇਉਂ ਭਾਰਤ ਦੇ ਕਮਿਊਨਿਸਟ ਇਨਕਲਾਬੀਆਂ ਨੇ ਮਾਰਕਸਵਾਦ ਅਤੇ ਸੋਧਵਾਦ ਦਰਮਿਆਨ ਹੋ ਰਹੀ ਕੌਮਾਂਤਰੀ ਪਾਲਾਬੰਦੀ 'ਚ ਆਪਣਾ ਬਣਦਾ ਸਥਾਨ ਹਾਸਲ ਕੀਤਾ। ਮਹਾਨ ਬਹਿਸ ਰਾਹੀਂ ਸ਼ੁਰੂ ਹੋਈ ਕੌਮਾਂਤਰੀ ਪਾਲਾਬੰਦੀ ਦੇ ਅਮਲ ਦੌਰਾਨ ਭਾਰਤੀ ਕਮਿਊਨਿਸਟ ਪਾਰਟੀ ਦੋ ਹਿੱਸਿਆਂ 'ਚ ਵੰਡੀ ਗਈ ਸੀ। ਹੋਂਦ 'ਚ ਆਈ ਮਾਰਕਸੀ ਪਾਰਟੀ ਦੀ ਲੀਡਰਸ਼ਿਪ ਨੇ ਖਰੁਸਚੋਵ ਮਾਰਕਾ ਸੋਧਵਾਦ ਅਤੇ ਇਸ ਦੇ ਨਾਲ ਨੰਗੇ ਚਿੱਟੇ ਰੂਪ 'ਚ ਬੱਝੀ ਲੀਡਰਸ਼ਿਪ ਦਾ ਵਿਰੋਧ ਕਰਨ ਦਾ ਵਿਖਾਵਾ ਕੀਤਾ ਸੀ। ਪਰ ਇਹ ਵਿਰੋਧ ਬੋਚਵਾਂ, ਨਕਲੀ, ਰਸਮੀ ਅਤੇ ਧੁੰਦਲਾ ਸੀ। ਆਪਣੇ ਗੁੱਟ ਸੁਆਰਥਾਂ ਖਾਤਰ, ਸੋਧਵਾਦੀ ਲੀਡਰਸ਼ਿੱਪ ਖਿਲਾਫ ਇਨਕਲਾਬੀ ਕਾਡਰ ਦੇ ਰੋਹ ਦਾ ਲਾਹਾ ਲੈਣ ਲਈ ਕੀਤਾ ਜਾ ਰਿਹਾ ਸੀ। 'ਮਾਰਕਸੀ' ਲੀਡਰਸ਼ਿੱਪ ਕਮਿਊਨਿਸਟ ਇਨਕਲਾਬੀ ਲਹਿਰ ਦੀ ਕੌਮਾਂਤਰੀ ਲੀਹ ਬਾਰੇ ਸੋਚ ਸਮਝ ਕੇ ਡੱਟਵੀਆਂ ਅਤੇ ਨਿੱਤਰਵੀਆਂ ਪੁਜੀਸ਼ਨਾਂ ਲੈਣ ਤੋਂ ਟਲ ਰਹੀ ਸੀ। ਇਸ ਤੋਂ ਵੀ ਅਹਿਮ ਗੱਲ ਇਹ ਸੀ ਕਿ ਇਹ ਦਰੁਸਤ ਕੌਮਾਂਤਰੀ ਲੀਹ ਦੀ ਰੌਸ਼ਨੀ 'ਚ ਭਾਰਤੀ ਨਿਕਲਾਬ ਦੇ ਪ੍ਰੋਗਰਾਮ ਅਤੇ ਰਾਹ ਦੇ ਸਵਾਲ 'ਤੇ ਰਵਾਇਤੀ ਸੋਧਵਾਦ ਨਾਲੋਂ ਤੋੜ ਵਿਛੋੜਾ ਕਰਨ ਤੋਂ ਇਨਕਾਰੀ ਸੀ। ਇਹ ਰਵਾਇਤੀ ਸੋਧਵਾਦ ਦੇ ਚੌਖਟੇ 'ਚ ਰਹਿੰਦਿਆਂ ਇਸ ਦੀ ਦਿੱਖ ਬਦਲੀ ਰਾਹੀਂ ਕਾਡਰ ਨੂੰ ਗੁਮਰਾਹ ਕਰਨਾ ਚਾਹੁੰਦੀ ਸੀ। ਮਾਓ-ਵਿਚਾਰਧਾਰਾ ਨੂੰ ਮਾਰਕਸਵਾਦ-ਲੈਨਿਨਵਾਦ ਵਿੱਚ ਰਚਨਾਤਮਕ ਵਾਧੇ ਵਜੋਂ ਕਬੂਲ ਕਰਨ ਤੋਂ ਇਸ ਦਾ ਪ੍ਰਹੇਜ ਸੋਚਿਆ ਸਮਝਿਆ ਸੀ। ਦਰੁਸਤ ਕੌਮਾਂਤਰੀ ਲੀਹ ਦੇ ਪੱਖ 'ਚ ਡੱਟਵੀਂ ਤੇ ਨਿੱਤਰਵੀਂ ਪੁਜੀਸ਼ਨ ਲੈਣਾ ਇਸ ਨੂੰ ਵਾਰਾ ਨਹੀਂ ਸੀ ਖਾਂਦਾ। ਕਿਉਂਕਿ ਇਸ ਲੀਹ ਨੂੰ ਅਪਨਾਉਣ ਦਾ ਮਤਲਬ ਭਾਰਤ ਅੰਦਰ ਪਾਰਲੀਮਾਨੀ ਰਾਹ ਨੂੰ ਰੱਦ ਕਰਨਾ ਅਤੇ ਲੋਕ-ਯੁੱਧ ਦੇ ਰਾਹ ਪੈਣਾ ਸੀ। ਭਾਰਤੀ ਰਾਜ ਅਤੇ ਹਾਕਮ-ਜਮਾਤੀ ਪਾਰਟੀਆਂ ਨੂੰ ਸਾਮਰਾਜ ਦੇ ਦਲਾਲ ਕਰਾਰ ਦੇ ਕੇ ਇਨ੍ਹਾਂ ਨਾਲ ਭਿਆਲੀ ਨੂੰ ਰੱਦ ਕਰਨਾ ਸੀ। ਭਾਰਤੀ ਰਾਜ ਦੀਆਂ ਸੰਸਥਾਵਾਂ ਨੂੰ, ਇਸ ਦੀਆਂ ਅਸੰਬਲੀਆਂ ਪਾਰਲੀਮੈਂਟਾਂ ਨੂੰ ਅੰਗਰੇਜ਼ ਸਾਮਰਾਜੀਆਂ ਦੇ ਬਸਤੀਵਾਦੀ ਰਾਜ ਵੇਲੇ ਤੋਂ ਚਲੇ ਆ ਰਹੇ ਆਪਾਸ਼ਾਹ ਰਾਜ ਲਈ ਪਰਦਾ ਕਰਾਰ ਦੇਣਾ ਸੀ। ਲੋਕਾਂ ਨੂੰ ਇਸ ਦੇ ਭਰਮ ਜਾਲ ਤੋਂ ਮੁਕਤ ਕਰਾਉਣ ਅਤੇ ਇਨਕਲਾਬੀ ਜਰਈ ਘੋਲਾਂ ਨੂੰ ਧੁਰਾ ਬਣਾ ਕੇ ਮੁਤਬਾਦਲ ਰਾਜ ਸੱਤਾ ਦੀ ਉਸਾਰੀ ਦੇ ਰਾਹ ਪੈਣਾ ਸੀ। 1967 ਦੀਆਂ ਚੋਣਾਂ ਨੇ ਇਹ ਪ੍ਰਤੱਖ ਵਿਖਾ ਦਿੱਤਾ ਸੀ ਕਿ ਮਾਰਕਸੀ ਪਾਰਟੀ ਦੀ ਲੀਡਰਸ਼ਿਪ ਪਾਰਲੀਮਾਨੀ ਮੌਕਾਪ੍ਰਸਤੀ ਦੀ ਦਲਦਲ 'ਚ ਸੀ.ਪੀ.ਆਈ ਦੀ ਲੀਡਰਸ਼ਿਪ ਨਾਲੋਂ ਵੀ ਡੂੰਘੀ ਧਸੀ ਹੋਈ ਹੈ। ਪਰ ਕੌਮਾਂਤਰੀ ਪੱਧਰ 'ਤੇ ਚੀਨ ਦੇ ਮਹਾਨ ਪ੍ਰੋਲੇਤਾਰੀ ਸਭਿਆਚਾਰਕ ਇਨਕਲਾਬ ਅਤੇ ਮੁਲਕ 'ਚ ਨਕਸਲਬਾੜੀ ਦੀ ਘਟਨਾ ਨੇ ਸੋਧਵਾਦੀ ਲੀਡਰਸ਼ਿਪ ਨੂੰ ਤੇਜੀ ਨਾਲ ਆਪਣਾ ਅਸਲਾ ਉਘਾੜਨ ਲਈ ਮਜਬੂਰ ਕਰ ਦਿੱਤਾ । ਇਸ ਨੇ ਚੀਨੀ ਕਮਿਊਨਿਸਟ ਪਾਰਟੀ ਨਾਲੋਂ ''ਪਾਟਵੇਂ ਵਿਚਾਰਾਂ'' ਦੀ ਨੁਮਾਇਸ਼ ਲਾਉਣੀ ਸ਼ੁਰੂ ਕਰ ਦਿੱਤੀ। ਸਭਿਆਚਾਰਕ ਇਨਕਲਾਬ ਨੂੰ ਭੰਡਣਾ ਸ਼ੁਰੂ ਕਰ ਦਿੱਤਾ। ਨਾ ਸਿਰਫ ਇਸ ਨੇ ਨਕਸਲਬਾੜੀ ਦੇ ਇਨਕਲਾਬੀ ਸੰਗਰਾਮ 'ਤੇ ਚਿੱਕੜ ਸੁੱਟਿਆ, ਸਗੋਂ ਪੱਛਮੀ ਬੰਗਾਲ ਦੀ ਹਾਕਮ ਪਾਰਟੀ ਦੀ ਹੈਸੀਅਤ 'ਚ ਇਸ ਸ਼ਾਨਦਾਰ ਬਗਾਵਤ ਨੂੰ ਕੁਚਲਣ ਲਈ ਕਿਸਾਨਾਂ ਦੇ ਲਹੂ ਦੀ ਹੋਲੀ ਖੇਡਣ ਤੋਂ ਵੀ ਪ੍ਰਹੇਜ ਨਾ ਕੀਤਾ। ਇਉਂ ''ਮਹਾਨ-ਬਹਿਸ'' ਨਾਲ ਸ਼ੁਰੂ ਰੋਈ ਪਾਲਾ ਬੰਦੀ ਦੇ ਅਗਲੇ ਵਿਕਸਤ ਅਤੇ ਉਚੇਰੇ ਗੇੜ 'ਚ ਹੋਈ ਨਕਸਲਬਾੜੀ ਦੀ ਘਟਨਾ ਨਾਲ ਕਮਿਊਨਿਸਟ ਇਨਕਲਾਬੀ ਲਹਿਰ ਦੀ ਕੌਮਾਂਤਰੀ ਸੇਧ ਅਤੇ ਭਾਰਤੀ  ਇਨਕਲਾਬ ਦੀ ਸੇਧ ਦੇ ਸੁਆਲ 'ਤੇ ਭਾਰਤੀ ਕਮਿਊਨਿਸਟ ਇਨਕਲਾਬੀਆਂ ਵੱਲੋਂ ਦਰੁਸਤ ਇਨਕਲਾਬੀ ਪੁਜੀਸ਼ਨਾਂ ਅਤੇ ਅਮਲ ਦਾ ਝੰਡਾ ਬੁਲੰਦ ਕਰਨ ਦੇ ਯਤਨਾਂ ਨੂੰ ਜੋਰਦਾਰ ਹੁਲਾਰਾ ਮਿਲਿਆ। ਇਸ ਘਟਨਾ ਨਾਲ ਕੌਮਾਂਤਰੀ ਅਤੇ ਮੁਲਕ ਅੰਦਰਲੇ ''ਨਵ-ਬਸਤੀਵਾਦ ਦੇ ਪੈਰੋਕਾਰਾਂ'' ਨਾਲੋਂ ਨਿਖੇੜੇ ਦੀ ਦੋ-ਟੁੱਕ ਲਕੀਰ ਖਿੱਚੀ ਗਈ। ਭਾਰਤ 'ਚ 1947 ਦੀ ਤਬਦੀਲੀ ਅਤੇ ਮੁਲਕ ਦੇ ਖਾਸੇ ਬਾਰੇ ਦਰੁਸਤ ਨਿਰਣਿਆਂ ਨੂੰ ਸੋਧਵਾਦੀਆਂ ਨਾਲੋਂ ਨਿਖੇੜੇ ਦੇ ਮੁੱਦੇ ਵਜੋਂ ਉਭਾਰਨ ਅਤੇ ਸਥਾਪਤ ਕਰਨ ਦਾ ਅਮਲ ਸ਼ੁਰੂ ਹੋਇਆ। 1947 ਦੀ ਤਬਦੀਲੀ ਨੂੰ ਨਕਲੀ ਆਜਾਦੀ ਅਤੇ ਬਸਤੀਵਾਦੀ ਗੁਲਾਮੀ ਦਾ ਨਵੀਂ ਸ਼ਕਲ 'ਚ ਜਾਰੀ ਰੂਪ ਗਰਦਾਨਿਆਂ ਗਿਆ। ਇਉਂ ਭਾਰਤੀ ਕਮਿਊਨਿਸਟ ਇਨਕਲਾਬੀਆਂ ਨੇ ਤਰੰਗੇ ਦੀ ਜਕੜ ਵਗਾਹ ਮਾਰੀ। ਨਕਸਲਬਾੜੀ ਬਗਾਵਤ ਅਤੇ ਇਸ ਨਾਲ ਜੁੜਵੇਂ ਰੂਪ 'ਚ ਚਰਚਤ ਹੋਏ ਹੋਰ ਇਨਕਲਾਬੀ ਕਿਸਾਨ ਘੋਲ ਭਾਰਤੀ ਸਮਾਜ ਦੇ ਖਾਸੇ, ਇਨਕਲਾਬ ਦੇ ਪੜਾਅ ਅਤੇ ਰਾਹ ਬਾਰੇ ਸੋਚ ਵਿਚਾਰ ਅਤੇ ਬਹਿਸ ਲਈ ਠੋਸ ਹਵਾਲਾ ਸਮੱਗਰੀ ਬਣ ਗਏ। ਇਨ੍ਹਾਂ ਘੋਲਾਂ ਨੇ ਇੱਕ ਵਾਰੀ ਫੇਰ ਭਾਰਤ ਦੇ ਜ਼ਰਈ ਰਿਸ਼ਤਿਆ ਦਾ ਅਰਧ-ਜਗੀਰੂ ਤੱਤ ਅਤੇ ''ਜ਼ਮੀਨ ਹਲਵਾਹਕ ਦੀ'' ਦੇ ਨਾਅਰੇ ਦੀ ਕੇਂਦਰੀ ਮਹੱਤਤਾ ਉਜਾਗਰ ਕਰ ਦਿੱਤੀ। ਕਮਿਊਨਿਸਟ ਇਨਕਲਾਬੀਆਂ ਵੱਲੋਂ ਭਾਰਤ ਨੂੰ ਅਰਧ-ਜਗੀਰੂ ਅਰਧ-ਬਸਤੀਵਾਦੀ ਮੁਲਕ ਕਰਾਰ ਦਿੰਦਿਆਂ, ਨਵ-ਜਮਹੂਰੀ ਇਨਕਲਾਬ ਦਾ ਪ੍ਰੋਗਰਾਮ ਉਭਾਰਿਆ ਗਿਆ ਅਤੇ ਜ਼ਰਈ ਇਨਕਲਾਬ ਨੂੰ ਇਸ ਦਾ ਤੱਤ ਕਰਾਰ ਦਿੱੱਤਾ ਗਿਆ। ਪਾਰਲੀਮਾਨੀ ਰਾਹ ਦੇ ਮੁਕਾਬਲੇ ਜ਼ਰਈ ਲਹਿਰ ਨੂੰ ਧੁਰਾ ਬਣਾ ਕੇ ਲਮਕਵੇਂ ਲੋਕ-ਯੁੱਧ ਦੀ ਉਸਾਰੀ ਦਾ ਰਾਹ ਪੇਸ਼ ਕੀਤਾ ਗਿਆ। ਸੋਧਵਾਦੀਆਂ ਵੱਲੋਂ ਹਾਕਮ ਜਮਾਤੀ ਪਾਰਟੀਆਂ ਨਾਲ ਪਾਰਲੀਮਾਨੀ ਖੇਤਰ 'ਚ ਸਾਂਝ ਭਿਆਲੀ ਦੇ ਮੁਕਾਬਲੇ 'ਤੇ ਸਾਮਰਾਜੀ-ਜਗੀਰੂ ਗੱਠਜੋੜ ਖਿਲਾਫ ਇਨਕਲਾਬੀ ਜਮਾਤਾਂ ਦੇ ਸੰਘਰਸ਼-ਮੁਖੀ ਸਾਂਝੇ ਮੋਰਚੇ ਦਾ ਸੰਕਲਪ ਉਭਾਰਿਆ ਗਿਆ। ਨਕਸਲਬਾੜੀ ਬਗਾਵਤ ਨਾਲ ਜੁੜ ਕੇ ਚੱਲੀ ਵਿਚਾਰਧਾਰਕ ਸਿਆਸੀ ਜੱਦੋਜਹਿਦ ਨੇ ਪਾਰਲੀਮਾਨੀ ਸੰਸਥਾਵਾਂ ਬਾਰੇ ਮਾਰਕਸੀ-ਲੈਨਿਨੀ ਸਮਝ ਅਤੇ ਪਹੁੰਚ ਦਾ ਵੱਡੇ ਪੱਧਰ 'ਤੇ ਸੰਚਾਰ ਕੀਤਾ। ਇਨ੍ਹਾਂ ਸੰਸਥਾਵਾਂ ਪ੍ਰਤੀ ਮੋਹ ਤੇ ਇਨ੍ਹਾਂ 'ਤੇ ਟੇਕ ਰੱਖਣ ਦੀ ਪਹੁੰਚ ਜਾਂ ਇਨ੍ਹਾਂ ਦੇ ਰੋਲ ਬਾਰੇ ਭਰਮ ਪਾਲਣ ਤੇ ਫੈਲਾਉਣ ਵਾਲੀਆਂ ਸੱਭੇ ਸੋਚਾਂ ਬਿਰਤੀਆਂ, ਸੋਧਵਾਦੀ ਵਿਚਾਰਧਾਰਾ  ਅਤੇ ਸਿਆਸਤ ਦੇ ਅਸਰਾਂ ਦੀ ਸ਼ਨਾਖਤ ਲਈ ਸਥਾਪਤ ਪਛਾਣ ਚਿੰਨ੍ਹ ਬਣ ਗਈਆਂ। ਇਨਕਲਾਬੀ ਜਮਾਤੀ ਘੋਲਾਂ ਵਿਸ਼ੇਸ਼ ਕਰ ਕੇ ਇਨਕਲਾਬੀ ਜ਼ਰਈ ਘੋਲਾਂ ਦੇ, ਅਮਲੀ ਕਸਵੱਟੀ ਵਜੋਂ ਮਿੱਤਰਾਂ ਅਤੇ ਦੁÎਸ਼ਮਣਾਂ ਦੀ ਸ਼ਨਾਖਤ ਦਾ ਪੈਮਾਨਾ ਬਣ ਜਾਣ ਨਾਲ, ਹਾਕਮ ਜਮਾਤੀ ਪਾਰਲੀਮਾਨੀ ਸਿਆਸਤ ਦੇ ਚੌਖਟੇ ਅੰਦਰ ਸੰਗੀ ਤਲਾਸ਼ਣ ਅਤੇ ਬਣਾਉਣ ਦੀ ਸੋਧਵਾਦੀ ਬਿਰਤੀ ਬੇਨਕਾਬ ਹੋਣ ਲੱਗੀ। ਪਾਰਲੀਮਾਨੀ ''ਸਾਂਝੇ ਮੋਰਚਿਆਂ'' ਵਿਚਲੇ, ਸੋਧਵਾਦੀਆਂ ਦੇ ਜੋਟੀਦਾਰ ਇਨਕਲਾਬੀ ਜਮਾਤੀ ਘੋਲਾਂ 'ਤੇ ਬੇਤਹਾਸ਼ਾ ਜਬਰ ਅਤੇ ਝੂਠੇ ਪੁਲਸ ਮੁਕਾਬਲਿਆਂ ਦੇ ਨਿਰਲੱਜ ਵਕੀਲਾਂ ਵਜੋਂ ਸਾਹਮਣੇ ਆ ਗਏ। ਕੀ ਅਕਾਲੀ, ਕੀ ਜਨਸੰਘੀ, ਕੀ ਸੋਸਲਿਸਟ ਕੀ, ਨਕਲੀ ਕਮਿਊਨਿਸਟ ਨਕਸਲਬਾੜੀ ਦੇ ਝੰਜੋੜੇ ਨੇ ਸਭਨਾ ਨੂੰ ਹਮਾਮ 'ਚ ਨੰਗੇ ਕਰ ਦਿੱਤਾ। ਨਕਸਲਬਾੜੀ ਦੀ ਘਟਨਾ ਸਮੇਂ ਦੁਨੀਆਂ ਭਰ ਅੰਦਰ ਖਰੁਸ਼ਚੋਵ-ਮਾਰਕਾ ਸੋਧਵਾਦੀ ਲਾਣੇ ਵੱਲੋਂ ਉਭਾਰੇ ''ਪੁਰਅਮਨ ਤਬਦੀਲੀ'' ਦੇ ਭਰਮਾਊ ਵਿਚਾਰ ਬਾਰੇ ਬਹਿਸ ਜਾਰੀ ਸੀ। ਭਾਰਤੀ ਸੋਧਵਾਦੀਆਂ ਵੱਲੋਂ ਇਸ ਵਿਚਾਰ ਤੋਂ ਤਾਕਤ ਲਈ ਜਾ ਰਹੀ ਸੀ। ਇਸ ਵਿਚਾਰ ਖਿਲਾਫ ਜੱਦੋਜਹਿਦ ਨੂੰ ਨਕਸਲਬਾੜੀ ਦੀ ਬਗਾਵਤ ਨੇ ਨਵੀਂ ਤਾਕਤ ਮੁਹੱਈਆ ਕੀਤੀ। ਇਹ ਬਗਾਵਤ ਪੁਰਅਮਨ ਤਬਦੀਲੀ ਦੇ ਵਿਚਾਰਾਂ ਦਾ ਅਮਲੀ ਖੰਡਨ ਹੋ ਨਿੱਬੜੀ । ਇਸ ਨੇ ਦੱਬੀਆਂ ਕੁਚਲੀਆਂ ਜਮਾਤਾਂ 'ਤੇ ਜ਼ਬਰ ਢਾਹੁਣ ਵਾਲੀ ਅਤੇ ਇਨਕਲਾਬੀ ਤਬਦੀਲੀ ਦਾ ਰਾਹ ਰੋਕਣ ਵਾਲੀ ਖੂੰਖਾਰ ਸ਼ਕਤੀ ਵਜੋਂ ਰਾਜ ਭਾਗ ਦੀ ਅਸਲੀਅਤ ਬੇਨਕਾਬ ਕਰ ਦਿੱਤੀ। ਇਨਕਲਾਬੀ ਸਮਾਜਕ ਤਬਦੀਲੀ ਦਾ ਪ੍ਰੋਗਰਾਮ ਲਾਗੂ ਕਰਨ ਲਈ ਮੁਕਾਬਲੇ ਦੀ ਰਾਜ ਸੱਤਾ ਦੀ ਉਸਾਰੀ ਦੇ ਕੇਂਦਰੀ ਮਹੱਤਵ ਨੂੰ ਉਭਾਰ ਦਿੱਤਾ। ਨਕਸਲਬਾੜੀ ਦੇ ਤਜਰਬੇ ਨੇ ਦਰਸਾ ਦਿੱਤਾ ਕਿ ਮੁਕਾਬਲੇ ਦੀ ਤਾਕਤ ਉਸਾਰੇ ਬਿਨਾ ਲੋਕ ਖੁਦ ਹਾਕਮ ਜਮਾਤਾਂ ਵੱਲੋਂ ਐਲਾਨੇ ਸੁਧਾਰ ਵੀ ਲਾਗੂ ਨਹੀਂ ਕਰਵਾ ਸਕਦੇ - ਕਿਸੇ ਇਨਕਲਾਬੀ ਜ਼ਰਈ ਪਰੋਗਰਾਮ ਨੂੰ ਲਾਗੂ ਕਰਨ ਦੀ ਤਾਂ ਗੱਲ ਹੀ ਛੱਡੋ। ਦੁਜੇ ਪਾਸੇ ਇਸ ਬਗਾਵਤ ਨੇ ਆਪਣੀ ਤਾਕਤ ਦੇ ਜੋਰ ਰਾਜ ਭਾਗ ਦੀ ਸ਼ਕਤੀ ਨੂੰ ਚੁਣੌਤੀ ਦੇਣ ਅਤੇ ਸੱਤਾ ਆਪਣੇ ਹੱਥ ਲੈਣ ਦੇ ਮਾਮਲੇ 'ਚ ਲੋਕ ਸਮੂਹਾਂ ਦੇ ਅਥਾਹ ਇਨਕਲਾਬੀ ਤੰਤ ਨੂੰ ਉਜਾਗਰ ਕੀਤਾ। ਇਉਂ ਨਕਸਲਬਾੜੀ ਦੀ ਬਗਾਵਤ ਨੇ ''ਪੁਰਅਮਨ ਤਬਦੀਲੀ'' ਦੇ ਸੋਧਵਾਦੀ ਪੈਰੋਕਾਰਾਂ ਅਤੇ ਕਮਿਊਨਿਸਟ ਇਨਕਲਾਬੀਆਂ ਦਰਮਿਆਨ ਨਿਖੇੜੇ ਦੀ ਲਕੀਰ ਨੂੰ ਪੱਕੇ ਪੈਰੀਂ ਕਰ ਦਿੱਤਾ। ਕੁੱਲ ਮਿਲਾ ਕੇ ਇਸ ਬਗਾਵਤ ਨੇ ਦਰਸਾ ਦਿੱਤਾ ਕਿ ਭਾਰਤੀ ਕਮਿਊਨਿਸਟ ਪਾਰਟੀ ਦੀ ਲੀਡਰਸ਼ਿਪ ਵਾਂਗ ਹੀ 'ਮਾਰਕਸੀ' ਪਾਰਟੀ ਦੀ ਲੀਡਰਸ਼ਿੱਪ ਵੀ 1947 ਦੀ ਨਕਲੀ ਆਜ਼ਾਦੀ ਦੀ ਢੰਡੋਰਚੀ ਹੈ। ਪਾਰਲੀਮਾਨੀ ਸੰਸਥਾਵਾਂ ਦੇ ਮੋਹ ਜਾਲ 'ਚ ਬੁਰੀ ਤਰ੍ਹਾਂ ਜਕੜੀ ਹੋਈ ਹੈ। ਇਸ ਮੋਹ ਜਾਲ ਸਦਕਾ ਹੀ ਆਪਾਸ਼ਾਹ ਭਾਰਤੀ ਰਾਜ ਨੂੰ ਬੁਰਜੂਆ-ਜਮਹੂਰੀਅਤ ਕਰਾਰ ਦਿੰਦੀ ਹੈ। ਹਾਕਮ ਜਮਾਤੀ ਸਿਆਸੀ ਪਾਰਟੀਆਂ ਨਾਲ ਸਾਝ ਭਿਆਲੀ ਦੀ ਮੁਦਈ ਹੈ। ਕਨੂੰਨਵਾਦ ਅਤੇ ਸੁਧਾਰਵਾਦ ਦੀ ਜਿੱਲ੍ਹਣ 'ਚ ਧਸੀ ਹੋਈ ਹੈ। ਖਰੁਸ਼ਚੋਵ ਮਾਰਕਾ ਸੋਧਵਾਦ ਨਾਲੋਂ ਵਖਰੇਵੇਂ ਦੀ ਇਸ ਦੀ ਲਕੀਰ ਨਕਲੀ ਹੈ। ਰੂਸੀ ਸਮਾਜਕ ਸਾਮਰਾਜ ਨਾਲ ਸਾਂਝ ਭਿਆਲੀ ਦੀ ਲੋੜ ਕਰਕੇ ਇਹ ਸੋਵੀਅਤ ਯੂਨੀਅਨ ਦੀ ਲੀਡਰਸ਼ਿਪ ਨੂੰ ਨਾਲੇ ਸੋਧਵਾਦੀ ਨਾਲੇ ਸਮਾਜਵਾਦੀ ਕਰਾਰ ਦੇਣ ਦੀ ਆਪਾ ਵਿਰੋਧੀ ਪੁਜੀਸ਼ਨ ਲੈਂਦੀ ਹੈ।  ਇਸੇ ਵਜ੍ਹਾ ਕਰਕੇ ਇਹ ਸਰਮਾਏਦਾਰਾ ਮੁੜ ਬਹਾਲੀ ਦੀਆਂ ਸ਼ਕਤੀਆਂ ਖਿਲਾਫ ਚੀਨ ਦੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਰਾਹੀਂ ਬੋਲੇ ਹੱਲੇ ਤੋਂ ਨਾਖੁਸ਼ੀ ਜਾਹਰ ਕਰਦੀ ਹੈ। ਇਨ੍ਹਾਂ ਕਾਰਨਾਂ ਕਰਕੇ ਕੌਮਾਂਤਰੀ ਪੱਧਰ 'ਤੇ ਵੀ ਅਤੇ ਮੁਲਕ ਪੱਧਰ 'ਤੇ ਵੀ ਇਹ ਸੋਧਵਾਦੀ ਕੈਂਪ ਦੇ ਘੇਰੇ 'ਚ ਹੈ। ਇਉਂ ਭਾਰਤ ਅੰਦਰ ਕਮਿਊਨਿਸਟ ਇਨਕਲਾਬੀ ਕੈਂਪ ਅਤੇ ਸੋਧਵਾਦੀ ਕੈਂਪ 'ਚ ਸਪਸ਼ਟ ਨਿਖੇੜੇ ਦੀ ਲਕੀਰ  ਖਿੱਚਣ 'ਚ ਨਕਸਲਬਾੜੀ ਲਹਿਰ ਨੇ ਇਤਿਹਾਸਕ ਭੂਮਿਕਾ ਅਦਾ ਕੀਤੀ। ਨਕਸਲਬਾੜੀ ਦੀ ਘਟਨਾ ਨੂੰ 46 ਵਰ੍ਹੇ ਬੀਤ ਚੁੱਕੇ ਹਨ। ਇਸ ਅਰਸੇ ਦੌਰਾਨ ਕੌਮਾਂਤਰੀ ਅਤੇ ਮੁਲਕ ਦੀਆਂ ਕਮਿਊਨਿਸਟ ਇਨਕਲਾਬੀ ਲਹਿਰਾਂ ਵੱਡੀਆਂ ਉਥਲ-ਪੁਥਲਾਂ, ਪ੍ਰਾਪਤੀਆਂ ਅਤੇ ਪਛਾੜਾਂ ਦੇ ਅਮਲਾਂ 'ਚੋਂ ਗੁਜਰੀਆਂ ਹਨ। ਭਾਰਤੀ ਕਮਿਊਨਿਸਟ ਇਨਕਲਾਬੀ ਲਹਿਰ ਨੂੰ ਇਸ ਦੇ ਅੰਦਰੋਂ ਕਿੰਨੇ ਹੀ ਵਿਚਾਰਧਾਰਕ-ਸਿਆਸੀ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ। ਪਰ ਨਕਸਲਬਾੜੀ ਦੀ ਬਗਾਵਤ ਨਾਲ ਭਾਰਤੀ ਕਮਿਊਨਿਸਟ ਇਨਕਲਾਬੀ ਲਹਿਰ ਨੂੰ ਮਹੱਈਆ ਹੋਇਆ ਵਿਚਾਰਧਾਰਕ ਸਿਆਸੀ ਅਧਾਰ ਲਗਾਤਾਰ ਹਰ ਕਿਸਮ ਦੇ ਭਟਕਾਊ ਰੁਝਾਨਾਂ ਦੀ ਸ਼ਨਾਖਤ ਕਰਨ ਦਾ ਪੈਮਾਨਾ ਅਤੇ ਇਨ੍ਹਾਂ ਨੂੰ ਬੇਨਕਾਬ ਕਰਨ ਦਾ ਹਥਿਆਰ ਬਣਦਾ ਆ ਰਿਹਾ ਹੈ। ਕੌਮਾਂਤਰੀ ਕਮਿਊਨਿਸਟ ਇਨਕਲਾਬੀ ਲਹਿਰ ਦੀ ਆਮ ਸੇਧ ਅਤੇ ਨਿਰਣਿਆਂ ਦੀ ਰੌਸ਼ਨੀ 'ਚ ਅਤੇ ਸਾਮਰਾਜੀ ਗਲਬੇ ਹੇਠਲੇ ਅਧੀਨ ਮੁਲਕਾਂ ਦੇ ਇਨਕਲਾਬਾਂ ਸਬੰਧੀ ਮਾਓ-ਵਿਚਾਰਧਾਰਾ ਦੀਆਂ ਮੂਲ ਸਥਾਪਨਾਵਾਂ ਦੀ ਰੌਸ਼ਨੀ 'ਚ ਭਾਰਤ ਦੇ ਕਮਿਊਨਿਸਟ ਇਨਕਲਾਬੀਆਂ ਵੱਲੋਂ ਆਪਣੀ ਲੀਹ ਵਿਕਸਤ ਕਰ ਲੈਣ ਨਾਲ, ਨਕਸਲਬਾੜੀ ਦੀ ਵਿਚਾਰਧਾਰਾ ਅਤੇ ਸਿਆਸਤ ਨੇ ਹੋਰ ਠੋਸ ਸ਼ਕਲ ਅਖਤਿਆਰ ਕੀਤੀ। ਨਕਸਲਬਾੜੀ ਦੀ ਵਿਚਾਰਧਾਰਾ ਅਤੇ ਸਿਆਸਤ ਨੂੰ ਅਧਾਰ ਬਣਾ ਕੇ ਘੜੀ ਗਈ ਇਹ ਠੋਸ ਲੀਹ ਅੱਜ ਕਿਸੇ ਵੀ ਗਲਤ ਰੁਝਾਣ, ਭਟਕਣ ਜਾਂ ਥਿੜਕਣ ਦੀ ਪਛਾਣ ਕਰਨ ਅਤੇ ਇਸ ਖਿਲਾਫ ਜੱਦੋਜਹਿਦ ਕਰਨ ਲਈ ਭਰੋਸੇਯੋਗ ਅਧਾਰ ਮੁਹੱਈਆ ਕਰਦੀ ਹੈ। ਕਮਿਊਨਿਸਟ ਇਨਕਲਾਬੀ ਲਹਿਰ ਨੂੰ ਲੀਹੋਂ ਭਟਕਉਣ ਲਈ ਇਸ ਦੇ ਅੰਦਰੋਂ ਸਮੇਂ ਸਮੇਂ ਉੱਠੀਆਂ ਭਟਕਣਾਂ, ਰੁਝਾਣਾਂ ਅਤੇ ਝੁਕਾਵਾਂ 'ਤੇ ਝਾਤ ਮਾਰਿਆਂ ਇਹ ਸਹਿਜੇ ਹੀ ਵੇਖਿਆ ਜਾ ਸਕਦਾ ਹੈ ਕਿ ਇਨ੍ਹਾਂ ਦੀ ਧੁੱਸ (1) ਇੱਕ ਜਾਂ ਦੂਜੇ ਢੰਗ ਨਾਲ ਮਹਾਨ ਬਹਿਸ ਦੌਰਾਨ ਕੌਮਾਂਤਰੀ ਕਮਿਊਨਿਸਟ ਲਹਿਰ ਵੱਲੋਂ ਅਪਣਾਏ ਨਿਰਣਿਆਂ ਨੂੰ ਇਕ ਜਾਂ ਦੂਜੇ ਢੰਗ ਨਾਲ ਸੋਧਣ, ਉਲਟਾਉਣ, ਨਕਾਰਨ ਜਾਂ ਛੁਟਿਆਉਣ ਵੱਲ ਸੇਧਤ ਰਹੀ ਹੈ। (2) ਇਨ੍ਹਾਂ ਦੀ ਰੌਸ਼ਨੀ 'ਚ ਘੜੇ ਗਏ ਭਾਰਤੀ ਇਨਕਲਾਬ ਦੇ ਰਾਹ ਨੂੰ ਸੋਧਣ, ਉਲਟਾਉਣ, ਨਕਾਰਨ ਜਾਂ ਛੁਟਿਆਉਣ ਵੱਲ ਸੇਧਿਤ ਰਹੀ ਹੈ। ਵਿਸ਼ੇਸ਼ ਕਰਕੇ ਗਲਤ ਰੁਝਾਨਾਂ, ਭਟਕਣਾਂ ਅਤੇ ਝੁਕਾਵਾਂ ਦੇ ਝੰਡਾਬਰਦਾਰ ਪਛੜੇ ਮੁਲਕਾਂ ਦੇ ਸਾਮਰਾਜੀ ਪ੍ਰਬੰਧ ਅਤੇ ਮੁਲਕਾਂ ਨਾਲ (ਅਧੀਨਗੀ ਵਾਲੇ) ਰਿਸ਼ਤੇ ਇਨ੍ਹਾਂ ਦੇ ਰਾਜਾਂ ਅਤੇ ਹਾਕਮ ਜੁੰਡਲੀਆਂ ਦੇ (ਦਲਾਲ) ਖਾਸੇ, ਸਾਮਰਾਜੀ ਮੁਲਕਾਂ ਦੇ (ਸਮਾਜਵਾਦੀ) ਇਨਕਲਾਬਾਂ ਅਤੇ ਇਨ੍ਹਾਂ ਦੇ ਗਲਬੇ ਹੇਠਲੇ ਅਧੀਨ ਮੁਲਕਾਂ ਦੇ (ਨਵ ਜਮਹੂਰੀ) ਇਨਕਲਾਬਾਂ ਦਰਮਿਆਨ ਬੁਨਿਆਦੀ ਵਖਰੇਵੇਂ ਅਧੀਨ ਮੁਲਕਾਂ ਦੇ ਇਨਕਲਾਬਾਂ 'ਚ ਜ਼ਰੱਈ ਸਵਾਲ, ਲਮਕਵੇਂ ਲੋਕ ਯੁੱਧ ਅਤੇ ਸਾਂਝੇ ਮੋਰਚੇ ਦੇ ਮਹੱਤਵ ਸਬੰਧੀ ਨਿਰਣਿਆਂ ਅਤੇ ਇਨ੍ਹਾਂ ਦੀਆਂ ਅਮਲੀ ਅਰਥ-ਸੰਭਾਵਨਾਵਾਂ ਤੋਂ ਸਿੱਧੀ ਜਾਂ ਗੁੱਝੀ ਸਕਲ 'ਚ ਇਨਕਾਰੀ ਹੁੰਦੇ ਰਹੇ ਹਨ। ਨਕਸਲਬਾੜੀ ਲਹਿਰ ਦੇ ਅੰਦਰੋਂ ਉੱਠੀਆਂ ਭਟਕਣਾਂ ਨੇ ਚਾਹੇ ਤਿੰਨ ਸੰਸਾਰਾਂ ਦੇ ਬਦਨਾਮ ਸਿਧਾਂਤ ਦੀ ਓਟ 'ਚ ''ਰੂਸ ਵਿਰੋਧੀ ਗੈਰ-ਫਾਸ਼ੀ ਤਾਕਤਾਂ'' ਦਾ ਸਾਂਝਾ ਮੋਰਚਾ ਉਸਾਰਨ ਦਾ ਹੋਕਾ ਦਿੱਤਾ ਹੋਵੇ, ਜਰੱਈ ਸਬੰਧਾਂ 'ਚ ਪੂੰਜੀਵਾਦੀ ਤਬਦੀਲੀਆਂ ਅਤੇ ਨਵ-ਬਸਤੀਵਾਦੀ ਦੌਰ ਦੇ ''ਨਵੇਂ ਲੱਛਣਾਂ'' ਦੀ ਦਲੀਲ ਦੇ ਕੇ ਮੁਲਕ ਦੇ (ਅਰਧ ਜਗੀਰੂ ਅਰਧ ਬਸਤੀਵਾਦੀ) ਖਾਸੇ, ਸਾਮਰਾਜ ਨਾਲ (ਅਸਿੱਧੀ ਗੁਲਾਮੀ ਦੇ) ਰਿਸ਼ਤੇ ਅਤੇ ਇਨਕਲਾਬ ਦੇ(ਨਵ-ਜਮਹੂਰੀ) ਪੜਾਅ ਬਾਰੇ ਬਦਲਵੇਂ ਨਿਰਣੇ ਪੇਸ਼ ਕੀਤੇ ਜਾਂਦੇ ਹੋਣ ਜਾਂ ਮੌਕਾ ਮੇਲ ਦੇ ਸਿਧਾਂਤ ਰਾਹੀਂ ਸੰਸਾਰ ਇਨਕਲਾਬ 'ਚ ਪਛੜੇ ਮੁਲਕਾਂ ਦੀ ਯੁੱਧਨੀਤਕ ਮਹੱਤਤਾ ਅਤੇ ਇਨ੍ਹਾਂ ਮੁਲਕਾਂ ਅੰਦਰ ਲਮਕਵੇਂ ਲੋਕ ਯੁੱਧ ਦੀ ਯੁੱਧਨੀਤੀ ਦੀ ਮਹੱਤਤਾ ਨੂੰ ਨਕਾਰਨ ਦੇ ਯਤਨ ਕੀਤੇ ਹੋਣ- ਸਭਨਾ ਮਾਮਲਿਆਂ 'ਚ ਮਹਾਨ ਬਹਿਸ ਵੇਲੇ ਦੇ ਬੁਨਿਆਦੀ ਨਿਰਣਿਆਂ ਅਤੇ ਇਨ੍ਹਾਂ ਦੀ ਰੌਸ਼ਨੀ 'ਚ ਨਕਸਲਬਾੜੀ ਲਹਿਰ ਵੱਲੋਂ ਭਾਰਤੀ ਇਨਕਲਾਬ ਦੇ ਪ੍ਰੋਗਰਾਮ ਅਤੇ ਰਾਹ ਸਬੰਧੀ ਕੀਤੇ ਨਿਰਣਿਆਂ ਨੂੰ ਸੋਧਣ ਅਤੇ ਇਉਂ ਮਾਓ-ਵਿਚਾਰਧਾਰਾ ਦੀਆਂ ਮੂਲ ਧਾਰਨਾਵਾਂ ਨੂੰ ਸੋਧਣ ਦੀ ਸਾਂਝੀ ਧੁੱਸ ਵੇਖੀ ਜਾ ਸਕਦੀ ਹੈ। ਦਰੁਸਤ ਇਨਕਲਾਬੀ ਲੀਹ ਤੋਂ ਖੱਬੀਆਂ ਜਾਂ ਸੱਜੀਆਂ ਭਟਕਣਾਂ ਜਾਂ ਥਿੜਕਣਾਂ ਦਾ ਸਾਂਝਾ ਤੱਤ ਅਕਸਰ ਹੀ ਇਨਕਲਾਬੀ ਜ਼ਰਈ ਲਹਿਰ ਦੀ ਉਸਾਰੀ ਅਤੇ ਲਮਕਵੇਂ ਲੋਕਯੁੱਧ ਦੇ ਰਾਹ ਤੋਂ ਲਾਂਭੇ ਜਾਣ ਦੀ ਉੱਭਰਵੀਂ ਸ਼ਕਲ ਅਖਤਿਆਰ ਕਰਦਾ ਰਿਹਾ ਹੈ। ਇਸ ਨੇ ਕਦੇ ''ਜਮਾਤੀ ਦੁਸਮਣਾਂ'' ਦੇ ਸਫਾਏ ਦੀ ਲੀਹ ਨੂੰ ਇਨਕਲਾਬੀ ਜ਼ਰਈ ਲਹਿਰ ਦੇ ਬਦਲ ਵਜੋਂ ਉਭਾਰਨ ਦੀ ਖੱਬੀ ਸ਼ਕਲ ਅਖਤਿਆਰ ਕੀਤੀ ਹੈ ਅਤੇ ਕਦੇ ਕਾਨੂੰਨੀ ਮੌਕਿਆਂ ਦੀ ਵਰਤੋਂ ਦੇ ਨਾਂ ਹੇਠ ਖੁਲ੍ਹੀ ਪਾਰਟੀ ਉਸਾਰਨ ਦੀ ਸੇਧ ਪੇਸ਼ ਕਰਕੇ ਜਾਂ ਇਨਕਲਾਬੀ ਜ਼ਰਈ ਲਹਿਰ ਪ੍ਰਤੀ ਰਵੱਈਏ ਦੇ ਪੈਮਾਨੇ ਨੂੰ ਲਾਂਭੇ ਰੱਖ ਕੇ ਹਾਕਮ ਜਮਾਤੀ ਸਿਆਸੀ ਸ਼ਕਤੀਆਂ ਨਾਲ ਪਾਰਲੀਮਾਨੀ ਖੇਤਰ 'ਚ ਸਾਂਝ ਭਿਆਲੀ ਦੀ ਸੱਜੀ ਸ਼ਕਲ ਅਖਤਿਆਰ ਕੀਤੀ ਹੈ। ਪਰ ਗਲਤ ਰੁਝਾਨਾਂ, ਭਟਕਣਾਂ , ਝੁਕਾਵਾਂ ਅਤੇ ਥਿੜਕਣਾਂ ਦੇ ਹੱਲਿਆਂ ਅਤੇ ਇਨ੍ਹਾਂ ਸਦਕਾ ਕਮਿਊਨਿਸਟ ਇਨਕਲਾਬੀ ਲਹਿਰ ਨੂੰ ਹੋਏ ਵਕਤੀ ਹਰਜਿਆਂ ਦੇ ਬਾਵਜੂਦ ਨਕਸਲਬਾੜੀ ਦੀ ਵਿਚਾਰਧਾਰਾ ਅਤੇ ਸਿਆਸਤ ਦਾ ਪੈਮਾਨਾ ਗਲਤ ਝੁਕਾਵਾਂ ਅਤੇ ਰੁਝਾਨਾਂ ਦੀ ਸ਼ਨਾਖਤ ਕਰਨ ਅਤੇ ਇਨ੍ਹਾਂ ਖਿਲਾਫ ਜੱਦੋਜਹਿਦ ਕਰਨ ਦਾ ਅਧਾਰ ਬਣਦਾ ਆ ਰਿਹਾ ਹੈ। ਨਕਸਲਬਾੜੀ ਦੀ ਵਿਚਾਰਧਾਰਾ ਦੇ ਅਧਾਰ 'ਤੇ ਘੜਿਆ ਕਮਿਊਨਿਸਟ ਇਨਕਲਾਬੀ ਲੀਹ ਦਾ ਬੁਨਿਆਦੀ ਚੌਖਟਾ ਹੀ ਅੱਜ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਦੀ ਮੁੜ ਪਾਲਾਬੰਦੀ ਅਤੇ ਭਾਰਤ ਅੰਦਰ ਕਮਿਊਨਿਸਟ ਪਾਰਟੀ ਦੀ ਮੁੜ ਜਥੇਬੰਦੀ ਦੀਆਂ ਕੋਸ਼ਿਸ਼ਾਂ ਦਾ ਆਧਾਰ ਬਣ ਰਿਹਾ ਹੈ। ਕਮਿਊਨਿਸਟ ਇਨਕਲਾਬੀ ਲਹਿਰ ਸਾਹਮਣੇ ਮੌਜੂਦ ਵੱਡੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਦੇ ਬਾਵਜੂਦ ਨਕਸਲਬਾੜੀ ਦੇ ਝੰਜੋੜੇ ਨਾਲ ਇਹਦੇ ਜੁੱਸੇ 'ਚ ਹੋਇਆ ਨਵੀਂ ਸੇਧ ਅਤੇ ਸ਼ਕਤੀ ਦਾ ਸੰਚਾਰ ਅੱਜ ਵੀ ਇਸਦੇ ਖੂਨ ਅੰਦਰ ਮੌਜੂਦ ਹੈ। ਭਾਰਤੀ ਕਮਿਊਨਿਸਟ ਲਹਿਰ ਦੇ 1967 ਤੋਂ ਪਹਿਲਾਂ ਅਤੇ ਮਗਰੋਂ ਦੇ ਦੌਰ ਦਾ ਇਹ ਬੁਨਿਆਦੀ ਵਖਰੇਵਾਂ ਨਕਸਲਬਾੜੀ ਦੀ ਚਿਰ ਸਥਾਈ ਮੋਹਰਛਾਪ ਦਾ ਨਤੀਜਾ ਹੈ। ਭਾਰਤੀ ਇਨਕਲਾਬ ਦਾ ਰਾਹ ਨਕਸਲਬਾੜੀ ਦੀ ਲੋਅ ਨਾਲ ਇਸ ਦੀ ਜਿੱਤ ਤੱਕ ਜਗਮਗਾਉਂਦਾ ਰਹਿਣਾ ਹੈ।
****