Thursday, October 8, 2026

9 ਸਤੰਬਰ ਕਾ. ਮਾਓ ਦਾ ਜਨਮ ਦਿਹਾੜਾ-



 9 ਸਤੰਬਰ ਕਾ. ਮਾਓ ਦਾ ਜਨਮ ਦਿਹਾੜਾ-

ਨਵ-ਬਸਤੀਵਾਦ ਤੇ ਖੁਰਸ਼ਾਚੋਵ ਮਾਰਕਾ ਸੋਧਵਾਦ:

 ਮਾਓ-ਜ਼ੇ-ਤੁੰਗ ਦੀਆਂ ਨਜ਼ਰਾ 'ਚ

ਆਖਰ ਤੱਥ ਕੀ ਹਨ ?

ਪਹਿਲਾਂ ਜ਼ਰਾ ਕੁ ਏਸ਼ੀਆ ਤੇ ਅਫ਼ਰੀਕਾ ਦੀ ਹਾਲਤ 'ਤੇ ਵਿਚਾਰ ਕਰੋ । ਉੱਥੇ ਅਨੇਕਾਂ ਦੇਸ਼ਾਂ ਨੇ ਅਜ਼ਾਦੀ ਦੇ ਐਲਾਨ ਕਰ ਦਿੱਤੇ ਹਨ। ਪੰਰਤੂ ਇਹਨਾਂ 'ਚੋਂ ਅਨੇਕਾਂ ਦੇਸ਼ ਅਜੇ ਵੀ ਸਾਮਰਾਜਵਾਦੀ ਬਸਤੀਵਾਦੀ ਗਲਬੇ ਅਤੇ ਗੁਲਾਮੀ ਤੋਂ ਖਹਿੜਾ ਨਹੀਂ ਛੁਡਾ ਸਕੇ ਅਤੇ ਹੁਣ ਵੀ ਸਾਮਰਾਜਵਾਦੀ ਲੁੱਟ-ਖਸੁੱਟ ਤੇ ਹਮਲੇ ਦੇ ਸ਼ਿਕਾਰ ਅਤੇ ਨਵੀਆਂ ਤੇ ਪੁਰਾਣੀਆਂ ਬਸਤੀਵਾਦੀ ਤਾਕਤਾਂ ਵਿਚਕਾਰ ਆਪਸੀ ਖਿੱਚੋਤਾਣ ਦਾ ਅਖਾੜਾ ਬਣੇ ਹੋਏ ਹਨ। ਕੁੱਝ ਦੇਸ਼ਾਂ ਵਿੱਚ ਪੁਰਾਣੇ ਬਸਤੀਵਾਦੀਆਂ ਦੀ ਥਾਂ ਨਵਿਆਂ ਨੇ ਬਦਲ ਲਈ ਹੈ ਅਤੇ ਆਪਣੇ ਸਿੱਖਿਅਤ ਦਲਾਲਾਂ ਰਾਹੀਂ ਆਪਣੀ ਬਸਤੀਵਾਦੀ ਹਕੂਮਤ ਕਾਇਮ ਕੀਤੀ ਹੋਈ ਹੈ । ਕੁੱਝ ਹੋਰਾਂ ਦੇਸ਼ਾਂ ਵਿਚ ਹਾਲਤ ਅਜੇਹੀ ਹੈ ਕਿ ਸਾਹਮਣੇ ਦਰਵਾਜ਼ੇ ਵਿੱਚ ਦੀ ਬਘਿਆੜ ਤਾਂ ਨਿੱਕਲ ਗਿਆ ਹੈ ਪਰ ਮਗਰਲੇ ਦਰਵਾਜ਼ੇ ਰਾਹੀਂ ਸ਼ੇਰ ਆ ਵੜਿਆ ਹੈ ਯਾਨੀ ਪੁਰਾਣੇ ਬਸਤੀਵਾਦੀਆਂ ਥਾਂ ਦੀ ਨਵੇਂ, ਵੱਧ ਸ਼ਕਤੀਸ਼ਾਲੀ ਤੇ ਖਤਰਨਾਕ ਅਮਰੀਕੀ ਬਸਤੀਵਾਦ ਨੇ ਲੈ ਲਈ ਹੈ। ਏਸ਼ੀਆਂ ਅਤੇ ਅਫ਼ਰੀਕਾ ਦੀ ਜਨਤਾ ਲਈ ਨਵ-ਬਸਤੀਵਾਦ, ਜਿਸ ਦੀ ਨੁੰਮਾਇਦਗੀ ਅਮਰੀਕਨ ਸਾਮਰਾਜ ਕਰਦਾ ਹੈ, ਦੇ ਸ਼ਿਕੰਜਿਆਂ ਨਾਲ ਗੰਭੀਰ ਖਤਰਾ ਪੈਦਾ ਹੋ ਗਿਆ ਹੈ ।

ਇਸ ਤੋਂ ਪਿਛੋਂ, ਹੁਣ ਜ਼ਰਾ ਲਾਤੀਨੀ ਅਮਰੀਕਾ ਦੀ ਜਨਤਾ ਦੀ ਅਵਾਜ਼ ਨੂੰ ਸੁਣੋ ।

ਦੂਜੇ ਹਵਾਨਾ ਐਲਾਨਨਾਮੇ ਵਿਚ ਕਿਹਾ ਗਿਆ ਹੈ, ''ਅੱਜ ਲਾਤੀਨੀ ਅਮਰੀਕਾ ਪਹਿਲਾਂ ਨਾਲੋਂ ਵਧ ਜ਼ਾਲਮ ਸਾਮਰਾਜਵਾਦ ਦਾ ਗੁਲਾਮ ਹੈ, ਜਿਹੜਾ ਸਪੇਨੀ ਬਸਤੀਵਾਦੀ ਸਾਮਰਾਜ ਤੋਂ ਵਧ ਸ਼ਕਤੀਸ਼ਾਲੀ ਅਤੇ ਬੇਰਹਿਮ ਹੈ ।”

ਉਸ ਵਿਚ ਅੱਗੇ ਕਿਹਾ ਗਿਆ ਹੈ :-

"ਦੂਜੀ ਸੰਸਾਰ ਜੰਗ ਦੇ ਖਾਤਮੇ ਪਿੱਛੋਂ 10 ਅਰਬ ਤੋਂ ਜ਼ਿਆਦਾ ਉੱਤਰੀ ਅਮਰੀਕੀ ਪੂੰਜੀ ਲਗਾਈ ਗਈ ਹੈ । ਇਸ ਤੋਂ ਬਿਨਾਂ ਲਾਤੀਨੀ ਅਮਰੀਕਾ ਸਸਤਾ ਕੱਚਾ ਮਾਲ ਸਪਲਾਈ ਕਰਦਾ ਹੈ ਅਤੇ ਪੱਕੇ ਮਾਲ ਲਈ ਉੱਚੀਆਂ ਕੀਮਤਾਂ ਤਾਰਦਾ ਹੈ ।”

ਉਸ ਵਿਚ ਅੱਗੇ ਕਿਹਾ ਗਿਆ ਹੈ :—

“....ਲਾਤੀਨੀ ਅਮਰੀਕਾ ਤੋਂ ਸੰਯੁਕਤ ਰਾਜ ਅਮਰੀਕਾ ਨੂੰ ਲਗਾਤਾਰ ਧਨ ਜਾਂਦਾ ਰਹਿੰਦਾ ਹੈ :— ਕੋਈ 4000 ਅਮਰੀਕੀ ਡਾਲਰ ਪ੍ਰਤੀ ਮਿੰਟ, 50 ਲੱਖ ਅਮਰੀਕੀ ਡਾਲਰ ਪ੍ਰਤੀ ਦਿਨ, ਦੋ ਅਰਬ ਅਮਰੀਕੀ ਡਾਲਰ ਪ੍ਰਤੀ ਸਾਲ ਅਤੇ ਦਸ ਅਰਬ ਅਮਰੀਕਨ ਡਾਲਰ ਹਰ 5 ਸਾਲ ਬਾਅਦ । ਸਾਡੇ ਇਥੋਂ ਜਾਣ ਵਾਲਾ ਪ੍ਰਤੀ ਇਕ ਹਜ਼ਾਰ ਡਾਲਰ ਆਪਣੇ ਪਿੱਛੇ ਇਕ ਮੁਰਦਾ ਛੱਡ ਜਾਂਦਾ ਹੈ । ਹਰ ਮੌਤ ਲਈ ਹਜ਼ਾਰ ਡਾਲਰ-ਇਹ ਉਸ ਦੀ ਕੀਮਤ ਹੈ, ਜਿਸ ਨੂੰ ਸਾਮਰਾਜਵਾਦ ਕਿਹਾ ਜਾਂਦਾ ਹੈ ।"

ਤੱਥ ਸਪਸ਼ਟ ਹਨ। ਦੂਜੀ ਸੰਸਾਰ ਜੰਗ ਤੋਂ ਪਿੱਛੋਂ ਸਾਮਰਾਜਵਾਦੀਆਂ ਨੇ ਨਿਰਸੰਦੇਹ ਹੀ ਬਸਤੀਵਾਦ ਨੂੰ ਛੱਡ ਨਹੀਂ ਦਿੱਤਾ ਹੈ ਸਗੋਂ ਉਸ ਵਿਚ ਬਸਤੀਵਾਦ ਦਾ ਇਕ ਨਵਾਂ ਰੂਪ ਨਵ ਬਸਤੀਵਾਦ ਅਪਣਾ ਲਿਆ ਹੈ । ਅਜਿਹੇ ਨਵ-ਬਸਤੀਵਾਦ ਦੀ ਇਕ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਸਾਮਰਾਜਵਾਦੀਆਂ ਨੂੰ ਕੁਝ ਖੇਤਰਾਂ ਵਿਚ ਸਪਸ਼ਟ ਬਸਤੀਵਾਦੀ ਹਕੂਮਤ ਦਾ ਪੁਰਾਣਾ ਢੰਗ ਛੱਡ ਦੇਣ ਅਤੇ ਆਪਣੇ ਚੁਣੇ ਹੋਏ ਅਤੇ ਸਿੱਖਿਅਤ ਦਲਾਲਾਂ 'ਤੇ ਨਿਰਭਰ ਰਹਿ ਕੇ ਬਸਤੀਵਾਦ ਹਕੂਮਤ ਤੇ ਲੁੱਟ ਦਾ ਨਵਾਂ ਤਰੀਕਾ ਅਪਨਾਉਣ ਲਈ ਮਜ਼ਬੂਰ ਹੋਣਾ ਪਿਆ ਹੈ । ਅਮਰੀਕਾ ਦੀ ਅਗਵਾਈ ਵਿਚ ਸਾਮਰਾਜਵਾਦੀ ਫੌਜੀ ਗੁੱਟਾਂ ਦਾ ਸੰਗਠਨ ਕਰਕੇ, ਫੌਜੀ ਅੱਡੇ ਨੂੰ ਕਾਇਮ ਕਰਕੇ "ਸੰਘ" ਜਾਂ ਸੰਸਥਾਵਾਂ ਦੀ ਸਥਾਪਨਾ ਕਰਕੇ ਅਤੇ ਕਠਪੁਤਲੀ ਹਕੂਮਤਾਂ ਦਾ ਪਾਲਣ ਪੋਸਣ ਕਰਕੇ ਬਸਤੀਆਂ ਅਤੇ ਆਪਣੀ ਅਜ਼ਾਦੀ ਦਾ ਐਲਾਨ ਕਰ ਚੁੱਕੇ ਦੇਸ਼ਾਂ ਨੂੰ ਗੁਲਾਮ ਬਣਾਉਂਦੇ ਜਾਂ ਆਪਣੇ ਕਾਬੂ ਵਿਚ ਕਰ ਲੈਂਦੇ ਹਨ। ਆਰਥਿਕ ਸਹਾਇਤਾ" ਜਾਂ ਹੋਰ ਰੂਪਾਂ ਰਾਹੀਂ ਉਹ ਇਹਨਾਂ ਦੇਸ਼ਾਂ ਨੂੰ ਆਪਣੇ ਮਾਲ ਦੀਆਂ ਮੰਡੀਆਂ ਦੇ ਰੂਪ ਵਿਚ, ਕੱਚੇ ਮਾਲ ਦੇ ਸੋਮਿਆਂ ਦੇ ਰੂਪ ਵਿਚ ਅਤੇ ਆਪਣੀ ਪੂੰਜੀ ਦੀ ਬਰਾਮਦ ਦੇ ਅੱਡਿਆਂ ਦੇ ਰੂਪ ਵਿਚ ਕਾਇਮ ਰੱਖਦੇ ਹਨ ਅਤੇ ਇਹਨਾਂ ਦੇਸ਼ਾਂ ਦੀ ਦੌਲਤ ਦੀ ਲੁੱਟ ਖਸੁੱਟ ਕਰਦੇ ਤੇ ਜਨਤਾ ਦਾ ਖੂਨ ਚੂਸਦੇ ਹਨ। ਇਹੋ ਨਹੀਂ, ਉਹ ਇਹਨਾਂ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਦੇਣ ਲਈ ਤੇ ਉਹਨਾਂ ਨੂੰ ਫੌਜੀ, ਆਰਥਿਕ ਅਤੇ ਸਭਿਆਚਾਰਕ ਹਮਲੇ ਦਾ ਸ਼ਿਕਾਰ ਬਣਾਉਣ ਲਈ ਸੰਯੁਕਤ ਰਾਸ਼ਟਰ ਸੰਘ ਨੂੰ ਇਕ ਮਹੱਤਵਪੂਰਨ ਸਾਧਨ ਦੇ ਰੂਪ ਵਿਚ ਵਰਤਦੇ ਹਨ । ਜਦੋਂ ਇਹਨਾਂ ਦੇਸ਼ਾਂ ਉੱਪਰ ਆਪਣੀ ਹਕੂਮਤ ਨੂੰ 'ਸ਼ਾਂਤੀ-ਪੂਰਣ" ਢੰਗ ਨਾਲ ਕਾਇਮ ਰੱਖਣ ਤੋਂ ਅਸਮਰਥ ਹੋ ਜਾਂਦੇ ਹਨ ਤਾਂ ਫੌਜੀ ਰਾਜ ਪਲਟਿਆਂ ਦੀਆਂ ਸਾਜ਼ਸ਼ਾਂ ਕਰਦੇ ਹਨ, ਭੰਨ ਤੋੜ ਦੀਆਂ ਕਾਰਵਾਈਆਂ ਕਰਦੇ ਹਨ ਜਾਂ ਨੰਗੇ ਚਿੱਟੇ ਰੂਪ ਵਿਚ ਹਥਿਆਰਬੰਦ ਦਖਲ ਅੰਦਾਜ਼ੀ ਤੇ ਹਮਲੇ ਦਾ ਆਸਰਾ ਲੈਣ ਤੋਂ ਵੀ ਗੁਰੇਜ ਨਹੀਂ ਕਰਦੇ ।

ਨਵ-ਬਸਤੀਵਾਦ ਨੂੰ ਫੈਲਾਉਣ ਵਿਚ ਅਮਰੀਕਾ ਬੇਹੱਦ ਸਰਗਰਮੀ ਅਤੇ ਧਕੇਸ਼ਾਹੀ ਤੋਂ ਕੰਮ ਲੈਂਦਾ ਹੈ । ਇਸ ਹਥਿਆਰ ਰਾਹੀਂ, ਅਮਰੀਕੀ ਸਾਮਰਾਜਵਾਦੀ, ਹੋਰ ਸਾਮਰਾਜਵਾਦੀਆਂ ਦੀਆਂ ਬਸਤੀਆਂ ਤੇ ਪ੍ਰਭਾਵ ਖੇਤਰਾਂ ਨੂੰ ਹਥਿਆਉਣ ਅਤੇ ਸੰਸਾਰ ਭਰ ਵਿਚ ਆਪਣੀ ਚੌਧਰ ਜਮਾਉਣ ਦੀ ਸਿਰਤੋੜ ਕੋਸ਼ਿਸ਼ ਕਰ ਰਹੇ ਹਨ। ਨਵ-ਬਸਤੀਵਾਦ, ਬਸਤੀਵਾਦ ਦਾ ਹੋਰ ਵੀ ਵੱਧ ਘਾਤਕ ਅਤੇ ਕੁਲਹਿਣਾ ਰੂਪ ਹੈ।

ਅਸੀਂ ਸੋਵੀਅਤ ਸੰਘ ਦੀ ਕਮਿਊਨਿਸਟ ਪਾਰਟੀ ਦੇ ਆਗੂਆਂ ਤੋਂ ਪੁੱਛਣਾ ਚਾਹਾਂਗੇ : ਅਜਿਹੀਆਂ ਹਾਲਤਾਂ ਚ ਕਿਵੇਂ ਕਿਹਾ ਜਾ ਸਕਦਾ ਹੈ ਕਿ ਬਸਤੀਵਾਦ ਹਕੂਮਤ ਦਾ ਜੜ੍ਹੋਂ ਖਾਤਮਾ ਆਪਣੇ "ਆਖਰੀ ਦੌਰ'' ਵਿਚ ਪਹੁੰਚ ਚੁੱਕਾ ਹੈ ?

ਅਜਿਹੀਆਂ ਝੂਠੀਆਂ ਗੱਲਾਂ ਨੂੰ ਬਲ ਬਖਸ਼ਣ ਦੀ ਕੋਸ਼ਿਸ਼ ਵਿਚ ਸੋਵੀਅਤ ਸੰਘ ਦੀ ਕਮਿਊਨਿਸਟ ਪਾਰਟੀ ਦੇ ਆਗੂ 1960 ਦੇ ਬਿਆਨ ਦਾ ਸਹਾਰਾ ਲੈਣ ਲਈ ਤਰਲੇ ਮਾਰਦੇ ਹਨ । ਉਹ ਪੁੱਛਦੇ ਹਨ ਕਿ ਕੀ 1960 ਦੇ ਬਿਆਨ 'ਚ ਬਸਤੀਵਾਦੀ ਢਾਂਚੇ ਦੇ ਪਤਨ ਦੇ ਪੁਰਜ਼ੋਰ ਅਮਲ ਦੀ ਚਰਚਾ ਨਹੀਂ ਕੀਤੀ ਗਈ ? ਪ੍ਰੰਤੂ ਆਪਣੇ ਬਸਤੀਵਾਦ ਦੇ ਤੇਜ ਪਤਨ ਸਬੰਧੀ ਇਹ ਧਾਰਨਾ ਯਕੀਨਨ ਹੀ ਬਸਤੀਵਾਦ ਦੇ ਅਲੋਪ ਹੋ ਜਾਣ ਨਾਲ ਸਬੰਧਤ ਉਹਨਾਂ ਦੀ ਦਲੀਲ ਲਈ ਸਹਾਇਕ ਸਾਬਤ ਨਹੀਂ ਹੋਵੇਗੀ । ਬਿਆਨ ਵਿਚ ਸਪੱਸ਼ਟ ਰੂਪ ਵਿਚ ਇਹ ਕਿਹਾ ਗਿਆ ਹੈ ਕਿ "ਅਮਰੀਕਾ ਅੱਜ ਬਸਤੀਵਾਦੀ ਦਾ ਮੁੱਖ ਸਹਾਰਾ ਹੈ ਅਤੇ 'ਅਮਰੀਕਾ ਦੀ ਅਗਵਾਈ ਵਿਚ ਸਾਮਰਾਜਵਾਦੀ, ਪੁਰਾਣੀਆਂ ਬਸਤੀਆਂ ਦੀ ਜਨਤਾ ਲਈ ਬਸਤੀਵਾਦੀ ਲੁੱਟ ਨੂੰ ਨਵੇਂ ਤੌਰ-ਤਰੀਕਿਆਂ ਅਤੇ ਨਵੇਂ ਰੂਪਾਂ ਵਿਚ ਕਾਇਮ ਰੱਖਣ ਦੀ ਸਿਰਤੋੜ ਕੋਸ਼ਿਸ਼ ਕਰਦੇ ਹਨ ਅਤੇ ਉਹ ਏਸ਼ੀਆਈ, ਅਫਰੀਕਾ ਤੇ ਲਾਤੀਨੀ ਅਮਰੀਕਨ ਦੇਸ਼ਾਂ ਵਿਚ ਆਰਥਿਕ ਗਲਬੇ ਅਤੇ ਰਾਜਨੀਤਕ ਪ੍ਰਭਾਵ ਦੇ ਲੀਵਰਾਂ ਨੂੰ ਆਪਣੇ ਹੱਥ ਰੱਖਣ ਦੀ ਕੋਸ਼ਿਸ ਕਰਦੇ ਹਨ ।" ਇਹਨਾਂ ਲਫਜ਼ਾਂ ਰਾਹੀਂ ਬਿਆਨ ਨੇ ਠੀਕ ਉਸੇ ਗੱਲ ਦਾ ਪਰਦਾ ਫਾਸ਼ ਕੀਤਾ ਹੈ ਜਿਸ ਨੂੰ ਢੱਕਣ ਲਈ ਕਮਿਉਨਿਸਟ ਪਾਰਟੀ ਦੇ ਆਗੂ ਇੰਨੀ ਜ਼ਿਆਦਾ ਕੋਸ਼ਿਸ਼ ਕਰ ਰਹੇ ਹਨ ।

ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੇ ਆਗੂਆਂ ਨੇ ਇਹ ਸਿਧਾਂਤ ਵੀ ਘੜ ਮਾਰਿਆ ਹੈ ਕਿ ਕੌਮੀ ਮੁਕਤੀ ਘੋਲ ਇਕ "ਨਵੀਂ ਮੰਜ਼ਿਲ" ਤੇ ਪਹੁੰਚ ਗਿਆ ਹੈ ਜਿਸ ਦਾ ਕੇਂਦਰ ਆਰਥਿਕ ਕਾਰਜ ਹਨ। ਉਹਨਾਂ ਦੀ ਦਲੀਲ ਹੈ ਕਿ ਜਿਥੇ "ਪਹਿਲਾਂ ਸੰਘਰਸ ਮੁੱਖ ਰੂਪ ਵਿਚ ਰਾਜਸੀ ਖੇਤਰ ਵਿਚ ਚਲਾਇਆ ਜਾਂਦਾ ਸੀ ਉੱਥੇ ਅੱਜ ਆਰਥਕ ਸਵਾਲ 'ਕੇਂਦਰੀਕਰਨ' ਅਤੇ ਇਨਕਲਾਬ ਦਾ ਅਗਾਂਹ ਵਿਕਾਸ ਕਰਨ ਲਈ ਬੁਨਿਆਦੀ ਕੜੀ ਬਣ ਗਿਆ ਹੈ ।”

ਕੌਮੀ ਮੁਕਤੀ ਲਹਿਰ ਬਿਨਾਂ ਸ਼ੱਕ ਇਕ ਨਵੀਂ ਮੰਜ਼ਲ ਤੇ ਪਹੁੰਚ ਚੁਕੀ ਹੈ । ਪ੍ਰੰਤੂ ਉਹ ਕਿਸੇ ਵੀ ਤਰ੍ਹਾਂ ਇਹੋ ਜਿਹੀ "ਨਵੀਂ ਮੰਜ਼ਲ" ਨਹੀਂ ਹੈ ਜਿਸ ਦੀ ਚਰਚਾ ਸੋਵੀਅਤ ਸੰਘ ਦੀ ਕਮਿਊਨਿਸਟ ਪਾਰਟੀ ਨੇ ਕੀਤੀ ਹੈ । ਇਸ ਨਵੀਂ ਮੰਜ਼ਿਲ ਤੇ ਏਸ਼ੀਆਈ, ਅਫਰੀਕੀ ਤੇ ਲਾਤੀਨੀ ਅਮਰੀਕਾ ਦੀ ਜਨਤਾ ਦਾ ਸਿਆਸੀ ਚੇਤਨਤਾ ਦਾ ਪੱਧਰ ਪਹਿਲਾਂ ਨਾਲੋਂ ਕਿਤੇ ਵੱਧ ਉੱਚਾ ਹੋ ਗਿਆ ਹੈ ਅਤੇ ਇਨਕਲਾਬੀ ਲਹਿਰ ਲਾ-ਮਿਸਾਲ ਰਫਤਾਰ ਨਾਲ ਅੱਗੇ ਵੱਧ ਰਹੀ ਹੈ। ਉਹ ਆਪਣੇ ਅਪਣੇ ਦੇਸ਼ ਵਿਚ ਸਾਮਰਾਜਵਾਦ ਤੇ ਉਸ ਦੇ ਝੋਲੀ ਚੁੱਕਾਂ ਦੀ ਸ਼ਕਤੀ ਦਾ ਮੁਕੰਮਲ ਖਾਤਮਾ ਕਰਨ ਦੀ ਫੌਰੀ ਮੰਗ ਪੇਸ਼ ਕਰ ਰਿਹਾ ਹੈ ਅਤੇ ਮੁਕੰਮਲ ਸਿਆਸੀ ਤੇ ਆਰਥਿਕ ਅਜ਼ਾਦੀ ਲਈ ਕੋਸ਼ਿਸ਼ ਕਰ ਰਿਹਾ ਹੈ। ਅੱਜ ਵੀ ਇਹਨਾਂ ਦੇਸ਼ਾਂ ਦੇ ਸਾਹਮਣੇ ਮੁਖ ਤੇ ਫੌਰੀ ਕਾਰਜ ਸਾਮਰਾਜਵਾਦ, ਨਵੇਂ ਤੇ ਪੁਰਾਣੇ ਬਸਤੀਵਾਦ ਤੇ ਉਹਨਾਂ ਦੇ ਝੋਲੀ ਚੁੱਕਾਂ ਵਿਰੁੱਧ ਸੰਘਰਸ਼ ਨੂੰ ਹੋਰ ਅਗੇਰੇ ਵਿਕਸਤ ਕਰਨਾ ਹੈ । ਇਹ ਸੰਘਰਸ਼ ਅੱਜ ਵੀ, ਰਾਜਨੀਤਕ, ਆਰਥਕ, ਫੌਜੀ ਤੇ ਸਭਿਆਚਾਰਕ, ਵਿਚਾਰਧਾਰਕ ਤੇ ਹੋਰ ਖੇਤਰਾਂ ਵਿਚ ਜ਼ੋਰਾਂ-ਸੋਰਾਂ ਨਾਲ ਚਲਾਇਆ ਜਾ ਰਿਹਾ ਹੈ ਅਤੇ ਇਹਨਾਂ ਸਭ ਖੇਤਰਾਂ ਵਿਚ ਸੰਘਰਸ਼ ਦਾ ਬੱਝਵਾਂ ਪ੍ਰਗਟਾਅ, ਅੱਜ ਵੀ, ਰਾਜਸੀ ਸੰਘਰਸ਼ ਵਿਚ ਹੁੰਦਾ ਹੈ ਜਿਹੜਾ ਸਾਮਰਾਜ-ਵਾਦੀਆਂ ਵਲੋਂ ਨੰਗੇ ਚਿੱਟੇ ਜਾਂ ਗੁੱਝੇ ਹਥਿਆਰਬੰਦ ਦਮਨ ਕੀਤੇ ਜਾਣ ਉਪਰੰਤ ਅਕਸਰ ਜ਼ਰੂਰੀ ਤੌਰ 'ਤੇ ਹਥਿਆਰਬੰਦ ਸੰਘਰਸ਼ ਦਾ ਰੂਪ ਲੈ ਲੈਂਦਾ ਹੈ । ਨਵ-ਆਜ਼ਾਦ ਦੇਸ਼ਾਂ ਲਈ ਆਪਣੀ ਆਜ਼ਾਦ ਅਰਥ-ਪ੍ਰਣਾਲੀ ਦਾ ਵਿਕਾਸ ਕਰਨਾ ਮਹੱਤਵਪੂਰਣ ਹੈ ਪਰ ਇਸ ਕਾਰਜ ਨੂੰ ਸਾਮਰਾਜਵਾਦ, ਨਵੇਂ ਤੇ ਪੁਰਾਣੇ ਬਸਤੀਵਾਦ ਤੇ ਉਹਨਾਂ ਦੇ ਝੋਲੀ ਝੁੱਕਾਂ ਵਿਰੁੱਧ ਸੰਘਰਸ਼ ਨਾਲੋਂ ਕਦੇ ਵੀ ਨਿਖੇੜਨਾ ਨਹੀਂ ਚਾਹੀਦਾ ।

"ਬਸਤੀਵਾਦ ਦੇ ਅਲੋਪ ਹੋਣ" ਦੀ ਤਰ੍ਹਾਂ ਹੀ ਸੋਵੀਅਤ ਸੰਘ ਦੀ ਕਮਿਊਨਿਸਟ ਪਾਰਟੀ ਦੇ ਆਗੂਆਂ ਵਲੋਂ "ਨਵੀਂ ਮੰਜ਼ਲ" ਦੇ ਜਿਸ ਸਿਧਾਂਤ ਦੀ ਵਕਾਲਤ ਕੀਤੀ ਗਈ ਹੈ, ਉਹ ਸਪੱ-ਸ਼ਟ ਰੂਪ ਵਿਚ ਏਸ਼ੀਆ, ਅਫਰੀਕਾ ਤੇ ਲਾਤੀਨੀ ਅਮਰੀਕਾ ਵਿਸ ਨਵ-ਬਸਤੀਵਾਦ ਦੇ, ਜਿਸ ਦੀ ਨੁਮਾਇੰਦਗੀ ਅਮਰੀਕਾ ਕਰਦਾ ਹੈ, ਹਮਲੇ ਤੇ ਲੁੱਟ ਖਸੁੱਟ ਤੇ ਲਿੱਪਾਪੋਚੀ ਕਰਨ, ਸਾਮਰਾਜਵਾਦ ਤੇ ਦੱਬੇ ਕੁਚਲੇ ਦੇਸ਼ਾਂ ਵਿਚਕਾਰ ਤਿੱਖੇ ਅੰਤਰ ਵਿਰੋਧ ਤੇ ਪਰਦਾ ਪਾਉਣ ਅਤੇ ਇਹਨਾਂ ਮਹਾਂਦੀਪਾਂ ਦੀ ਜਨਤਾ ਦੇ ਇਨਕਲਾਬੀ ਸੰਘਰਸ਼ਾਂ ਨੂੰ ਨਕਾਰਾ ਕਰਨ ਲਈ ਹੈ।

ਉਹਨਾਂ ਦੇ ਇਸ ਸਿਧਾਂਤ ਮੁਤਾਬਕ ਸਾਮਰਾਜਵਾਦ, ਨਵੇਂ ਤੇ ਪੁਰਾਣੇ ਬਸਤੀਵਾਦ ਤੇ ਉਹਨਾਂ ਦੇ ਓਲੀ ਚੁੱਕਾਂ ਦੇ ਵਿਰੁੱਧ ਸੰਘਰਸ਼ ਕਰਨਾ ਹੁਣ ਅਸਲ ਵਿਚ ਜ਼ਰੂਰੀ ਨਹੀਂ ਰਿਹਾ ਕਿਉਂਕਿ ਬਸਤੀਵਾਦੀ ਗਾਇਬ ਹੁੰਦਾ ਜਾ ਰਿਹਾ ਹੈ ਅਤੇ ਕੌਮੀ ਮੁਕਤੀ ਲਹਿਰ ਦਾ ਕੇਂਦਰੀ ਕਾਰਜ਼ ਆਰਥਿਕ ਵਿਕਾਸ ਬਣ ਗਿਆ ਹੈ। ਕੀ ਇਸ ਦਾ ਮਤਲਬ ਇਹ ਨਹੀਂ ਕਿ ਕੌਮੀ ਮੁਕਤੀ ਲਹਿਰ ਨੂੰ ਪੂਰੀ ਤਰ੍ਹਾਂ ਛੱਡਿਆ ਜਾ ਸਕਦਾ ਹੈ ? ਯਾਨੀ ਜਿਸ ਕਿਸਮ ਦੀ ਨਵੀਂ ਮੰਜ਼ਲ ਦੀ ਚਰਚਾ ਸੋਵੀਅਤ ਸੰਘ ਦੀ ਕਮਿਊਨਿਸਟ ਪਾਰਟੀ ਦੇ ਆਗੂ ਕਰਦੇ ਹਨ, ਜਿਸ ਵਿਚ ਆਰਥਿਕ ਕਾਰਜਾਂ ਨੂੰ ਕੇਂਦਰੀ ਸਥਾਨ ਦਿੱਤਾ ਗਿਆ ਹੈ, ਉਹ ਸਪੱਸ਼ਟ ਰੂਪ ਵਿਚ ਹੋਰ ਕੁਝ ਨਹੀਂ, ਕੇਵਲ ਸਾਮਰਾਜਵਾਦ, ਪੁਰਾਣੇ ਤੇ ਨਵੇਂ ਕਿਸਮ ਦੇ ਬਸਤੀਵਾਦ ਤੇ ਉਹਨਾਂ ਤੇ ਝੋਲੀ ਚੁਕਾ ਦਾ ਵਿਰੋਧ ਕਰਨ ਦੀ ਮੰਜ਼ਲ ਹੈ, ਇਕ ਅਜਿਹੀ ਮੰਜ਼ਿਲ ਹੈ ਜਿਸ ਵਿਚ ਕੌਮੀ ਮੁਕਤੀ ਲਹਿਰ ਦੀ ਜ਼ਰੂਰਤ ਹੀ ਨਹੀਂ ਰਹਿ ਜਾਂਦੀ ....

(ਮਹਾਨ ਬਹਿਸ ਦੀ ਲਿਖਤ ਨਵ-ਬਸਤੀਵਾਦ ਦੇ ਪੈਰੋਕਾਰ ’ਚੋਂ)

No comments:

Post a Comment