Friday, October 9, 2026

“ਉਹ ਚਾਨਣ ਦਾ ਗੁਬਾਰਾ ਸੀ”



 “ਉਹ ਚਾਨਣ ਦਾ ਗੁਬਾਰਾ ਸੀ” 
(ਸ਼ਹੀਦ ਪਾਸ਼ ਨੂੰ ਸ਼ਰਧਾਂਜਲੀਆਂ 'ਚੋਂ ਕੁਝ ਅੰਸ਼)


[ਪਾਸ਼ ਦੀ ਸ਼ਹੀਦੀ ਤੋਂ ਬਾਅਦ ਵੱਖ ਵੱਖ ਹਲਕਿਆਂ ਵੱਲੋਂ ਪੇਸ਼ ਕੀਤੀਆਂ ਸ਼ਰਧਾਂਜਲੀਆਂ 'ਚ ਇਸ ਪ੍ਰਤਿਭਾਸ਼ੀਲ ਇਨਕਲਾਬੀ ਸਖਸ਼ੀਅਤ ਦੇ ਰੌਸ਼ਨ ਪੱਖਾਂ ਦੀ ਭਰਪੂਰ ਚਰਚਾ ਹੋਈ ਹੈ । 10 ਅਪਰੈਲ ਦੇ ਸ਼ੋਕ ਸਮਾਗਮ 'ਤੇ ਹੋਈਆਂ ਤਕਰੀਰਾਂ ਅਤੇ ਵੱਖ ਵੱਖ ਪਰਚਿਆਂ, ਅਖਬਾਰਾਂ, ਦਵਰਕੀਆਂ ਤੇ ਇਸ਼ਤਿਹਾਰਾਂ ਰਾਹੀਂ ਜੋ ਕੁਝ ਪਾਸ਼ ਦੀ ਸਖਸ਼ੀਅਤ ਅਤੇ ਸ਼ਹਾਦਤ ਬਾਰੇ ਕਿਹਾ ਗਿਆ ਹੈ, ਉਸ ਸਾਰੇ ਕੁੱਝ ਨੂੰ ਪਾਠਕਾਂ ਦੀ ਨਜ਼ਰ ਕਰ ਸਕਣਾ ਸਾਡੇ ਲਈ ਸੰਭਵ ਨਹੀਂ ਸੀ। ਕੁੱਝ ਪ੍ਰਤੀਕਰਮ ਹੇਠਾਂ ਦਿੱਤੇ ਜਾ ਰਹੇ ਹਨ -ਸੰਪਾਦਕ]

 ਅਹਿਮ ਗੱਲ, ਜਿਹੜੀ ਪਾਸ਼ ਬਾਰੇ ਸ਼ਿੱਦਤ ਨਾਲ ਮਹਿਸੂਸ ਹੁੰਦੀ ਹੈ, ਉਹ ਇਹ ਹੈ ਕਿ ਪਾਸ਼ ਜੋ ਸੀ, ਉਹ ਰਿਹਾ । ਝੱਖੜ-ਝੋਲਿਆਂ ਦੇ ਦੌਰਾਂ 'ਚ ਵੀ, ਪਰਖ ਦੇ ਦੌਰਾਂ 'ਚ ਵੀ, ਬੜੀਆਂ ਨਾਜ਼ਕ ਸਥਿੱਤੀਆਂ 'ਚ ਵੀ । ਲੋਕਾਂ ਦੀ ਇਨਕਲਾਬੀ ਲਹਿਰ ਦੀ ਕੁੱਖ 'ਚੋਂ ਬੜੀਆਂ ਹੋਣਹਾਰ ਕਲਮਾਂ ਪੁੰਗਰਦੀਆਂ ਰਹੀਆਂ ਨੇ, ਉਹਨਾਂ ਨੇ ਸੰਘਰਸ਼ ਕਰਦੇ ਲੋਕਾਂ ਦੇ ਦਰਦ ਨੂੰ, ਉਹਨਾਂ ਦੀਆਂ ਉਮੰਗਾਂ ਨੂੰ, ਸੋਹਣੇ ਭਵਿੱਖ ਦੇ ਸੁਪਨਿਆਂ ਨੂੰ ਚਿਤਰਿਆ ਪਰ ਇਹ ਦੁਖਾਂਤ ਵੀ ਸਾਡੇ ਸਾਹਮਣੇ ਵਾਪਰਿਆ ਕਿ ਉਹਨਾਂ ਹੀ ਕਲਮਾਂ ਨੂੰ ਫਿਰਕੂ ਹਨੇਰੀਆਂ ਦੇ ਰੋੜ੍ਹ 'ਚ ਫਿਰਕੂ ਜ਼ਹਿਰ ਵਰੋਲਿਆਂ ਦੀ ਕਾਂਗ ਅੱਗੇ-ਲੁੜਕਦਿਆਂ ਦੇਖਿਆ, ਡਿੱਗਿਦਿਆਂ ਦੇਖਿਆ ਅਤੇ ਜ਼ਿੰਦਗੀ ਦਾ ਭਵਿੱਖ ਲੋਚਦੇ ਲੋਕਾਂ ਦੀ ਜਸ-ਗਾਥਾ ਗਾਉਣ ਵਾਲੀਆਂ ਕਲਮਾਂ ਨੂੰ ਫਿਰਕੂ-ਫਾਸ਼ਿਸਟਾਂ ਦੀ ਪ੍ਰਸੰਸਾ ਦੇ ਵਿਚ ਢਾਡੀਪੁਣਾ ਕਰਦੇ ਵੇਖਿਆ। ਪਰ ਇਹ ਪਾਸ਼ ਸੀ, ਜਿਹੜਾ ਇਸ ਪਰਖ ਦੇ ਸਮੇਂ 'ਚ, ਜਦੋਂ ਲੋਕ-ਕਵੀਆਂ ਦੀ, ਲੋਕ-ਸਾਹਿਤਕਾਰਾਂ ਦੀ ਸੂਝ ਦੀ ਵੀ ਪਰਖ ਦਾ ਵੇਲਾ ਸੀ, ਸਿਦਕ ਦੀ ਵੀ ਪਰਖ ਦਾ ਵੇਲਾ ਸੀ,ਖਰਾ ਉੱਤਰਿਆ। ਸੱਚ ਦੀ ਗੱਲ ਕਰਨਾ ਅੱਜ ਲਹੂ ਦਾ ਮੁੱਲ ਮੰਗਦਾ ਸੀ। ਅਸੀਂ ਇਸ ਗੱਲ 'ਤੇ ਮਾਣ ਕਰ ਸਕਦੇ ਹਾਂ ਕਿ ਪੰਜਾਬ ਦੀ ਧਰਤੀ ਦੇ ਇਸ ਜਾਏ ਨੇ ਸ਼ਹੀਦਾਂ ਦੀ ਲਾਜ ਰੱਖੀ। ਪਾਸ਼ ਨੇ ਕਿਸੇ ਧਮਕੀ ਅੱਗੇ, ਕਿਸੇ ਚੈਲਿੰਜ ਅੱਗੇ, ਕਿਸੇ ਲੋਭ ਲਾਲਚ ਕਰਕੇ, ਕਿਸੇ ਹੋਰ ਗਿਣਤੀ-ਮਿਣਤੀ ਕਰਕੇ ਆਪਣੀ ਕਲਮ ਨੂੰ ਕਿਸੇ ਹੋਰ ਰਾਹ 'ਤੇ ਵਗਾਉਣਾ ਪ੍ਰਵਾਨ ਨਹੀਂ ਕੀਤਾ।ਉਹ ਸੱਚ ਮੁੱਚ ”ਜਿਊਣ ਦੀ ਮੜਕ” ਦਾ ਕਵੀ ਸੀ, ਸਾਰੀ ਜ਼ਿੰਦਗੀ ਮੜਕ ਨਾਲ ਜਿਉਂਇਆ । ਮਨੁੱਖੀ ਸ਼ਾਨ ਦੇ ਹੀ ਉਹ ਜਸ ਗਾਉਂਦਾ ਰਿਹਾ । ਮਨੁੱਖੀ ਸ਼ਾਨ, ਮਨੁੱਖੀ ਬਹਾਦਰੀ ਦੇ ਹੀ ਕਾਂਡ ਲਿਖਦਾ ਰਿਹਾ ਤੇ ਉਸੇ ਮੁਤਾਬਕ ਜ਼ਿੰਦਗੀ ਨੂੰ ਜਿਉਂਦਾ  ਹੋਇਆ, ਉਸੇ ਸ਼ਾਨ ਨੂੰ ਚਾਰ ਚੰਨ ਲਾਉਂਦਾ ਹੋਇਆ  ਇਨਕਲਾਬੀ ਲਹਿਰ ਦੇ ਸੂਹੇ ਝੰਡੇ ਨੂੰ ਉੱਚਾ ਕਰਦਾ ਹੋਇਆ ਉਹ ਸ਼ਹੀਦਾਂ ਦੀ ਕਤਾਰ ਵਿਚ ਜਾ ਸ਼ਾਮਲ ਹੋਇਆ। 

 ਜਸਪਾਲ ਜੱਸੀ  ਸੰਪਾਦਕ, ਇਨਕਲਾਬੀ ਜਨਤਕ ਲੀਹ

ਪੰਜਾਬੀ ਸਾਹਿਤਕਾਰਾਂ ਦੇ ਸਾਹਮਣੇ, ਪੰਜਾਬੀ ਕਲਾਕਾਰਾਂ ਦੇ ਸਾਹਮਣੇ ਅੱਜ ਇਹ ਚੈਲਿੰਜ ਬਣ ਚੀਜ਼ ਆ ਗਈ ਐ ਕਿ ਉਹਨਾਂ ਨੇ ਪੰਜਾਬੀ ਸਾਹਿਤ ਨੂੰ, ਇਸਦੀ ਧਰਮ-ਨਿਰਪੱਖਤਾ ਨੂੰ ਇਸਦੇ ਕ੍ਰਾਂਤੀਕਾਰ ਸੁਭਾਅ ਨੂੰ, ਇਸਦੇ ਜਮਹੂਰੀ ਸੁਭਾਅ ਨੂੰ ਕਿਵੇਂ ਬਚਾਉਣੈ, ਔਰ ਜੇ ਅਸੀ ਬਚਾ ਲੈਨੇ ਆਂ ਤਾਂ ਇਹ ਉਹਨਾਂ ਨੂੰ ਸਭ ਤੋਂ ਜ਼ਿਆਦਾ ਠੋਕਵਾਂ ਜਵਾਬ ਹੋਵੇਗਾ। ਪਾਸ਼ ਦਾ ਕਤਲ ਸਮੁੱਚੀ ਪੰਜਾਬੀਅਤ ਉੱਤੇ ਹੋਇਆ ਵਾਰ ਐ. ਇਹ ਪਾਸ਼ ਦਾ ਕਤਲ ਕਰਕੇ ਪੰਜਾਬੀ ਅਦਬ ਨੂੰ ਡੂੰਘਾ ਦਬਣਾ ਚਾਹੁੰਦੇ ਨੇ, ਪਰ ਇਹ ਸਾਜਸ਼ ਨਾਕਾਮਯਾਬ ਹੋਏਗੀ, ਕਾਮਯਾਬ ਨਹੀਂ ਹੋ ਸਕਦੀ”   

ਦਰਸ਼ਨ ਖਟਕੜ ਸੂਬਾ ਸਕੱਤਰ, 

ਸੀ. ਪੀ. ਆਈ. (ਐਮ. ਐਲ)

  ...ਪਾਸ਼ ਉਸ ਚਾਨਣ ਦੇ ਗੁਬਾਰੇ ਵਾਂਗ ਸੀ, ਜਿਹੜਾ ਸ਼ਾਇਦ ਜਦੋਂ ਕੱਠਾ ਰਹਿੰਦਾ ਹੈ ਤਾਂ ਉਹ ਇਕ ਥਾਂ 'ਤੇ ਚਾਨਣ ਦੇ ਸਕਦੈ, ਅੱਜ ਇਨ੍ਹਾਂ ਖਾਲਸਤਾਨੀ ਦਹਿਸ਼ਤ-ਗਰਦਾਂ ਨੇ ਉਸਨੂੰ ਗੋਲੀ ਮਾਰਕੇ ਉਸ ਚਾਨਣ ਦੀਆਂ ਕਿਰਨਾ ਨੂੰ ਸਾਡੇ ਸਾਹਮਣੇ ਖਲੇਰ ਦਿੱਤਾ ਹੈ। ਪਾਸ਼ ਇਕ ਚੰਦਨ ਦੀ ਲੱਕੜ ਹੈ, ਜਿਹੜੀ ਆਪਣੇ ਹੱਡਾਂ ਵਿੱਚ ਖਸ਼ਬੋ ਨੂੰ ਵਸਾਉਂਦੀ ਹੈ, ਕੁਦਰਤ ਵਿਚੋਂ । ਓਹਨੂੰ ਕੱਟੇ ਜਾਣ ਤੋਂ ਬਾਅਦ ਵੀ ਉਹਦੀ ਖੁਸ਼ਬੋ ਘਰਾਂ ਵਿਚ ਫੈਲਦੀ ਹੈ।

 "ਪ੍ਰੋ: ਜਗਮੋਹਣ ਸਿੰਘ  ਸਕੱਤਰ ਜਮਹੂਰੀ ਅਧਿਕਾਰ ਸਭਾ

ਸਾਥੀ ਪਾਸ਼ ਨੂੰ ਇਸ ਕਰਕੇ ਵੀ ਯਾਦ ਕੀਤਾ ਜਾਏਗਾ ਕਿ ਕਵਿਤਾ ਲਿਖਣੀ ਬਹੁਤੀ ਔਖੀ ਗੱਲ ਨਹੀਂ ਕਵਿਤਾ ਲਿਖਕੇ ਹੰਢਾਉਣੀ ਬੜੀ ਔਖੀ ਗੱਲ ਐ । ਪਾਸ਼ ਨੇ ਆਪਣੀ ਕਵਿਤਾ ਲਿਖਕੇ ਹੰਢਾਉਣ ਦਾ ਵੀ ਯਤਨ  ਕੀਤੈ .. "

ਮੰਗਤ ਰਾਮ ਪਾਸਲਾ ਕੇਂਦਰੀ ਕਮੇਟੀ ਮੈਂਬਰ, 

ਸੀ. ਪੀ. ਆਈ. (ਐਮ)

 ਇਹ ਕਲਮ 'ਤੇ ਵਾਰ ਹੋਇਐ, ਜਿਹੜੀ ਕਦੀ ਝਿਪੀ ਨਹੀਂ ਸੀ, ਜਿਸਦੀ ਨਸ਼ਤਰ ਨੇ ਨਾ ਕੇਵਲ ਹਕੂਮਤ ਦੇ ਪੜਦੇ ਪਾੜੇ ਸੀ, ਇਹਨਾਂ ਜ਼ਲੀਲਾਂ ਦੇ ਫਿਰਕਾਪ੍ਰਸਤ ਜਨੂੰਨੀਆਂ ਤੋਂ ਨਕਾਬ ਵੀ ਲਾਹੇ ਸੀ -"

  ਨਰਭਿੰਦਰ ਸਿੰਘ ਸੰਪਾਦਕ ਜੈਕਾਰਾ

“ ਕੈਸੀ ਸੀ ਉਹਦੀ ਆਪਾ ਪੜਚੋਲ ! ਉਹ ਅਪਣੀਆਂ ਜਿਹੜੀਆਂ ਕੋਈ ਕਮਜ਼ੋਰੀਆਂ ਸਮਝਦਾ ਸੀ, ਆਪਣੇ ਸਾਥੀ ਨੂੰ ਦੱਸਣ ਲੱਗ ਜਾਂਦਾ ਸੀ। ਕਿਸੇ ਸੱਜਣ ਨੂੰ ਇਹ ਗੱਲ ਕਵਾਂ, ਬਈ ਭਾਈ ਤੇਰੇ 'ਚ ਸਿਫਤਾਂ ਕਿੰਨੀਆਂ ਨੇ ਤਾਂ ਤਿੰਨ 2 ਦਿਨ ਨੀਂ ਮੁੱਕਦੀਆਂ ਸਿਫਤਾਂ ਤੇ ਜੇ ਕੋਈ ਕਮਜ਼ੋਰੀ ਦੀ ਗੱਲ ਆ ਜਾਏ ਤੇ ਕਹਿੰਦਾ ਮੇਰੇ 'ਚ ਕਮਜ਼ੋਰੀ ਨਹੀਂ, ਲੇਕਿਨ ਉਹ ਵਾਹਦ ਐਸਾ ਵਧੀਆ ਇਨਸਾਨ ਸੀ, ਉਹ ਆਪਣੀ ਪੜਚੋਲ ਆਪ ਆਪਣੇ ਦੋਸਤਾਂ ਵਿੱਚ ਕਰਦਾ ਸੀ-' 

ਨਾਜ਼ਰ ਸਿੰਘ ਮੈਂਬਰ ਜਿਲ੍ਹਾ ਕਮੇਟੀ, ਸੀ. ਪੀ. ਆਈ.

-ਪੰਜਾਬ ਦੀ ਲਹੂ ਰੱਤੀ ਧਰਤੀ ਉੱਪਰ ਵੀ ਤੂਫ਼ਾਨ ਤੋਂ ਪਹਿਲਾਂ ਵਾਲੀ ਹਾਲਤ ਹੈ । “ਪਾਸ਼' ਦਾ ਖੂਨ ਲੋਕ  ਹਨੇਰੀ ਦੀਆਂ ਜੜ੍ਹਾਂ ਨੂੰ ਮਜ਼ਬੂਤੀ ਅਤੇ ਵੇਗ ਪ੍ਰਦਾਨ ਕਰੇਗਾ । ਪਾਸ਼ ਦੀਆਂ “ਲੋਹ ਕਥਾ” “ਸਾਡੇ ਸਮਿਆਂ ਵਿਚ" ਅਤੇ ਉਡਦੇ ਬਾਜ਼ਾਂ ਮਗਰ” ਜਿਹੀਆਂ ਸਾਹਿਤਕ ਕਿਰਤਾਂ ਸਾਡੇ ਅਮੀਰ, ਇਨਕਲਾਬੀ ਸਾਹਿਤ/ਸੱਭਿਆਚਾਰ ਦਾ ਸੂਹਾ ਸ਼ਿੰਗਾਰ ਬਣਕੇ ਰੋਸ਼ਨੀ ਵੰਡਦੀਆਂ ਰਹਿਣਗੀਆਂ”

ਸੂਬਾ ਕਮੇਟੀ ਪੰਜਾਬ ਲੋਕ ਸੱਭਿਆਚਾਰਕ ਮੰਚ ।

“ . ਦਹਿਸ਼ਤਗਰਦੀ ਨੇ ਪੰਜਾਬੀ ਕਵਿਤਾ ਦੀ ਸਭ ਤੋਂ ਨਿਧੜਕ ਰੋਹਲੀ ਆਵਾਜ਼ ਬੰਦ ਕਰ ਦਿੱਤੀ ਹੈ, ਕਿਸਾਨੀ ਨੂੰ ਇਸਦੇ ਸਭ ਤੋਂ ਅਸਰਦਾਰ ਬੁਲਾਰੇ ਤੋਂ ਵਾਂਝਿਆਂ ਕਰ ਦਿੱਤਾ ਹੈ ।

"ਦੀ ਟ੍ਰਿਬਿਊਨ”

" ¸ ਪਾਸ਼ ਇਕ ਖੁਦਾਰ ਬੰਦਾ ਸੀ । ਉਸ ਨੇ ਕਿਸੇ ਐਮ. ਐਲ. ਏ. ਜਾਂ ਮੰਤਰੀ ਦੀ ਝੋਲੀ ਚੁੱਕ ਕੇ ਸਰਕਾਰੀ ਨੌਕਰੀ ਪ੍ਰਾਪਤ ਕਰਨ ਦੀ ਥਾਂ ਬੱਚਿਆਂ ਲਈ ਛੋਟਾ ਜਿਹਾ ਇਕ ਸਕੂਲ ਖੋਲ੍ਹਿਆ ਸੀ ਜਿਸਦਾ ਸਫ਼ਾਈ ਮਜ਼ਦੂਰ ਅਤੇ ਚਪੜਾਸੀ ਵੀ ਉਹ ਆਪ ਹੀ ਸੀ ਤੇ ਪ੍ਰਿੰਸੀਪਲ ਵੀ। ਸਰਕਾਰੀ ਰੇਡੀਉ ਅਤੇ ਟੀ. ਵੀ, ਨੇ ਉਸਨੂੰ 'ਕਵਿਤਾ ਪਾਠ ਲਈ, ਕਈ ਵਾਰ ਸੱਦੇ ਭੇਜੇ ਪਰ ਉਸ ਨੇ ਕਦੇ ਵੀ ਇਹ ਸੱਦੇ ਨਾ ਕਬੂਲੇ । ਉਸ ਨੂੰ ਵੱਡੇ 2 ਮੁਸ਼ਾਇਰਿਆਂ 'ਚ ਆਪਣਾ ਕਲਾਮ ਸੁਣਾਉਣ ਲਈ ਦਾਅਵਤਨਾਮੇ ਆਉਂਦੇ ਸਨ ਪਰ ਉਹ ਉੱਥੇ ਨਹੀਂ ਜਾਂਦਾ ਸੀ । ਜੱਗਬਾਣੀ 'ਚ -- -ਪਾਸ਼ ਦੀ ਕਵਿਤਾ ਸਾਡੇ ਸੁਪਨਿਆਂ ਨੂੰ ਮਰਨ ਨਾ ਦੇਣ ਦੀ ਕਵਿਤਾ ਹੈ । ਇਹ ਸਾਥੋਂ ਸੰਤਾਪ ਜਾਂ ਵਿਰਲਾਪ ਨਹੀ ਮੰਗਦੀ, ਸਾਡੀ ਸੋਚ ਮੰਗਦੀ ਹੈ, ਸਾਡਾ ਸਾਥ ਮੰਗਦੀ ਹੈ।

ਨਿਰੂਪਮਾ ਦੱਤ  ਸਾਹਿਤਕ ਪੱਤਰਕਾਰ 

(ਜਨ ਸਤਾ , ਇੰਡੀਅਨ ਐਕਸਪ੍ਰੈੱਸ)

“ -- ਪਾਸ਼ ਆਪਣੀ ਕਵਿਤਾ 'ਚ ਕਦੇ ਝੂਠ ਨਹੀਂ ਸੀ ਬੋਲਦਾ ਉਹਦਾ ਸਾਰਾ ਰਚਨਾ ਸੰਸਾਰ ਸੱਚ ਦੀ ਦਸਤਾਵੇਜ਼ ਹੈ -- ਉਸਨੇ ਕਵਿਤਾ ਦੀ ਪ੍ਰੰਪਰਾਗਤ ਧਾਰਾ ਨੂੰ ਤੋੜਕੇ ਆਪਣੀ ਹਸਤੀ ਕਾਇਮ ਕੀਤੀ। ਉਸ ਦੀ ਕਵਿਤਾ 'ਚ ਪੰਜਾਬ ਦਾ ਆਮ ਪੇਂਡੂ ਬੋਲਦਾ ਸੀ ਉਹ ਸਹੀ ਮਾਅਨਿਆਂ 'ਚ ਆਵਾਮ ਦਾ ਕਵੀ ਸੀ" 

" ਡਾ: ਨਾਹਰ ਸਿੰਘ 

ਪੰਜਾਬੀ ਯੂਨੀਵਰਸਿਟੀ ਪਟਿਆਲਾ ।

ਪਾਸ਼ ਦੀ ਮੌਤ ਨਾਲ ਇਕ ਸਾਥੀ ਖੋ ਗਿਆ ਹੈ --- ਪਾਸ਼

 ਆਪਣੇ ਸਮੇਂ ਦਾ ਬਹੁਤ ਵੱਡਾ ਕਵੀ ਕਹਾ ਸਕਦਾ ਸੀ ਜੇ ਉਸਨੇ ਸਮਕਾਲੀਆਂ ਨਾਲ ਸਮਝੌਤਾ ਕੀਤਾ ਹੁੰਦਾ।

" ਜਿਨਾਂ ਘਰਾਂ 'ਚ ਖਾਮੋਸ਼ੀ ਹੁੰਦੀ ਹੈ ਉਥੇ ਕੋਈ ਹਾਦਸਾ ਨਹੀਂ ਹੁੰਦਾ "

ਕੁਮਾਰ ਵਿਕਲ, ਚੰਡੀਗੜ੍ਹ,

 ਆਪਣੇ 38 ਸਾਲ ਦੇ ਜੀਵਨ ' ਚ ਉਸਨੇ ਕਦੇ ਆਪਣੇ ਆਪ ਨੂੰ ਬੁਰਜੂਆ ਮਾਪ ਦੰਡਾਂ ਅਨੁਸਾਰ ਢਾਲਣ ਦੀ ਕੋਸ਼ਿਸ਼ ਨਹੀਂ ਕੀਤੀ - - ਉਹ ਆਪਣੀਆ ਰਚਨਾਵਾਂ ਰਾਹੀਂ ਇਕ ਚੁਣੋਤੀ ਦੇ ਰੂਪ 'ਚ ਉੱਭਰਿਆ ਤੇ ਪੰਜਾਬ ਦੇ ਸੰਘਰਸ਼ਸ਼ੀਲ ਵਿਰਸੇ ਨਾਲ ਜੁੜਿਆ - - ਉਹ ਯੁੱਗ ਕਵੀ ਸੀ -

" ਗੁਰਸ਼ਰਨ ਸਿੰਘ

ਲੋਕ ਕਵੀ ਅਵਤਾਰ ਸਿੰਘ ਪਾਸ਼ ਨੂੰ ਸ਼ਹੀਦ ਕਰਕੇ, ਖਾਲਸਤਾਨੀ ਵਹਿਸ਼ੀ ਦਰਿੰਦਿਆਂ ਨੇ ਸਭਨਾਂ ਲੋਕ ਹਿਤੈਸ਼ੀ ਅਤੇ ਇਨਕਲਾਬੀ ਤਾਕਤਾਂ ਦੇ ਸੀਨੇ ਰੋਹ ਦੇ ਭਾਂਬੜ ਬਾਲ ਦਿੱਤੇ ਹਨ - - ਇਨਕਲਾਬੀ ਲੋਕ ਸਾਹਿਤ ਦੀ ਝੋਲੀ ਵਿਚ ਉਨ੍ਹਾਂ ਵਲੋਂ ਪਾਇਆ ਵਡਮੁੱਲਾ ਯੋਗਦਾਨ ਹਮੇਸ਼ਾ ਅਮਰ ਰਹੇਗਾ - - ਪਾਸ਼ ਦੀ ਕਲਮ ਮੂੰਹੋਂ ਫੁੱਟੇ ਅੰਗਿਆਰ ਹਮੇਸ਼ਾ ਦਗ਼ਦੇ ਰਹਿਣਗੇ

 ਅਮੋਲਕ ਸਿੰਘ  ਸੂਬਾ ਜਥੇਬੰਦਕ ਸਕੱਤਰ

ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ

ਉਹ ਜਾਣਦੇ ਸਨ ਕਿ ਉਨ੍ਹਾਂ ਦੇ ਕ੍ਰਾਂਤੀਕਾਰੀ ਬੋਲਾਂ ਦੀ ਚੋਭ ਮੰਨਣ ਵਾਲੇ ਖਾਲਸਤਾਨੀ ਦਰਿੰਦੇ ਉਨ੍ਹਾਂ ਦੇ ਕਤਲ ਦੇ ਮਨਸੂਬੇ ਬਣਾ ਰਹੇ ਹਨ । ਪਰ ਉਹ ਉਹਨਾਂ ਦੀਆਂ ਏ ਕੇ ਸੰਤਾਲੀ ਰਫਲਾਂ, ਕਾਰਬਾਈਨਾਂ ਤੋਂ ਡਰੇ ਨਹੀਂ . ਡਗਮਗਾਏ ਨਹੀਂ । ਅੱਖਾਂ ' ਚ “ਸੋਨੇ ਦੀ ਸਵੇਰ”  ਦਾ ਸੁਪਨਾ ਲਈ ਅੱਗੇ ਵਧਦੇ ਰਹੇ । ਪੈਰਾਂ ਦੀ ਮਿੱਟੀ ਨੂੰ ਪਹਾੜ ਬਣ ਜਾਣ ਲਈ ਪ੍ਰੇਰਿਤ ਕਰਦੇ ਰਹੇ । ਉਨ੍ਹਾਂ ਨੇ ਇਨਕਲਾਬੀ ਸਿਦਕ ਦੀ ਰਾਖੀ ਲਈ ਆਪਣਾ ਸਿਰ ਦਾਅ 'ਤੇ ਲਾ ਦਿੱਤਾ - - ਉਹ ਲੋਕਾਂ ਦੇ ਸੱਚੇ ਪੁੱਤਰ ਸਨ।

ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ

 ਦੇ ਪਰਚੇ “ ਮਜ਼ਦੂਰ ਜਮਾਤ '' 'ਚੋਂ

--0--

No comments:

Post a Comment