ਆਮ ਆਦਮੀ ਪਾਰਟੀ ਦੀ ਸ਼ਹਿ 'ਤੇ
ਪਾਸ਼ -ਹੰਸਰਾਜ ਯਾਦਗਾਰੀ ਕੰਪਲੈਕਸ 'ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ
ਲੋਕ ਜਥੇਬੰਦੀਆਂ ਵਲੋਂ ਡਟਵਾਂ ਵਿਰੋਧ
ਕੌਮਾਂਤਰੀ ਪ੍ਰਸਿੱਧੀ ਹਾਸਿਲ, ਚੋਟੀ ਦੇ ਇਨਕਲਾਬੀ ਕਵੀ ਅਵਤਾਰ ਪਾਸ਼ ਅਤੇ ਹੰਸਰਾਜ ਦੀ ਯਾਦ ਵਿੱਚ ਬਣੇ ਯਾਦਗਾਰੀ ਕੰਪਲੈਕਸ (ਤਲਵੰਡੀ ਸਲੇਮ) 'ਤੇ ਇਹਨੀਂ ਦਿਨੀਂ ਪਿੰਡ ਦੇ ਸਰਪੰਚ ਅਤੇ ਉਸਦੇ ਕੁਝ ਹਮਾਇਤੀਆਂ ਵੱਲੋਂ ਆਮ ਆਦਮੀ ਪਾਰਟੀ ਦੀ ਸਥਾਨਕ ਵਿਧਾਇਕਾ ਦੀ ਸ਼ਹਿ 'ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਸ ਦਾ ਲੋਕ ਜਥੇਬੰਦੀਆਂ ਵਲੋਂ ਡਟਵਾਂ ਵਿਰੋਧ ਕੀਤਾ ਜਾ ਰਿਹਾ
ਯਾਦ ਰਹੇ ਕਿ ਛੱਬੀ ਸਾਲ ਪਹਿਲਾਂ, ਪਿੰਡ ਦੇ ਲੋਕਾਂ ਅਤੇ ਪੰਚਾਇਤ ਵਲੋਂ ਦਿੱਤੀ ਗਈ ਜਗ੍ਹਾ ਉੱਪਰ ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਵਲੋਂ ਇਹ ਸ਼ਾਨਦਾਰ ਕੰਪਲੈਕਸ ਉਸਾਰਿਆ ਗਿਆ ਸੀ ਜੋ ਤਲਵੰਡੀ ਸਲੇਮ ਹੀ ਨਹੀਂ ਬਲਕਿ ਪੂਰੇ ਇਲਾਕੇ ਦੀਆਂ ਇਨਕਲਾਬੀ ਸਰਗਰਮੀਆਂ ਦਾ ਕੇਂਦਰ ਹੈ ਪਰ ਇਹਨੀਂ ਦਿਨੀਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸ਼ਹਿ 'ਤੇ ਕਬਜ਼ਾ ਕਰਨ ਦੀਆਂ ਜ਼ੋਰਦਾਰ ਕੋਸ਼ਿਸ਼ਾਂ ਹੋ ਰਹੀਆਂ ਹਨ ।
ਕੌਮਾਂਤਰੀ ਪ੍ਰਸਿੱਧੀ ਹਾਸਿਲ, ਉੱਚ ਕੋਟੀ ਦੇ ਕਵੀ ਅਵਤਾਰ ਪਾਸ਼ ਅਤੇ ਉਸਦੇ ਦੋਸਤ ਹੰਸਰਾਜ ਨੂੰ 23 ਮਾਰਚ 1988 ਵਿਚ , ਉਨ੍ਹਾਂ ਦੇ ਪਿੰਡ ਤਲਵੰਡੀ ਸਲੇਮ ਵਿਖੇ ਉਹਨਾਂ ਦੀ ਹੀ ਮੋਟਰ 'ਤੇ ਬੈਠਿਆਂ , ਖਾਲਿਸਤਾਨੀ ਦਹਿਸ਼ਤਗਰਦਾਂ ਵਲੋਂ ਗੋਲੀਆਂ ਮਾਰਕੇ ਸ਼ਹੀਦ ਕਰ ਦਿੱਤਾ ਗਿਆ ਸੀ।
ਮੌਜੂਦਾ ਸਮੇਂ ਪਾਸ਼ ਅਤੇ ਹੰਸਰਾਜ ਦੀ ਸ਼ਹਾਦਤ ਨੂੰ ਅਠੱਤੀ ਵਰ੍ਹੇ ਬੀਤ ਗਏ ਹਨ। ਇਹਨਾਂ 38 ਸਾਲਾਂ 'ਚ , ਨਾ ਤਾਂ ਤਲਵੰਡੀ ਸਲੇਮ ਦੇ ਲੋਕ ਆਪਣੇ ਸਪੂਤਾਂ ਨੂੰ ਭੁੱਲੇ ਹਨ ਨਾ ਹੀ ਪੰਜਾਬ ਦੀਆਂ ਜਨਤਕ ਜਮਹੂਰੀ ਅਤੇ ਇਨਕਲਾਬੀ ਤਾਕਤਾਂ ਪਾਸ਼ ਅਤੇ ਹੰਸਰਾਜ ਨੂੰ ਭੁੱਲੀਆਂ ਹਨ, ਬਲਕਿ ਪਾਸ਼ ਆਪਣੀ ਕਵਿਤਾ ਦੇ ਜ਼ਰੀਏ ਹਿੰਦੋਸਤਾਨ ਦੀਆਂ ਵੱਖ ਵੱਖ ਭਾਸ਼ਾਵਾਂ 'ਚ ਅਨੁਵਾਦ ਹੋ ਕੇ ਸੰਘਰਸ਼ੀਲ ਤਬਕਿਆਂ , ਕਿਸਾਨਾਂ ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਸਨਅਤੀ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਸੰਘਰਸ਼ਾਂ 'ਚ ਆਪਣੀਆਂ ਕਵਿਤਾਵਾਂ ਰਾਹੀਂ,ਆਪਣੇ ਲੋਕਾਂ ਦੇ ਹਮੇਸ਼ਾ ਅੰਗਸੰਗ ਹੈ, ਉਹਦੀਆਂ ਕਵਿਤਾਵਾਂ , ਕਿਰਤੀ ਲੋਕਾਂ ਦੇ ਸੰਘਰਸ਼ਾਂ ਨੂੰ ਉੱਚੀ ਪਰਵਾਜ਼ ਦਿੰਦੀਆਂ ਹਨ , ਉਹਨਾਂ ਦਾ ਹੌਸਲਾ ਵਧਾਉਂਦੀਆਂ ਹਨ.. ਉਹਨਾਂ ਦਾ ਮਾਰਗ ਦਰਸ਼ਨ ਕਰਦੀਆਂ ਹਨ, ਇਹ ਹੋਰ ਵੀ ਗਹੁ ਕਰਨ ਯੋਗ ਹੈ ਕਿ ਨਵੀਂ ਪੀੜ੍ਹੀ ਨੇ ਪਾਸ਼ ਨੂੰ 'ਅਪਣਾਅ' ਲਿਆ ਹੈ, ਸੰਘਰਸ਼ ਚਾਹੇ ਦਿੱਲੀ ਦੇ ਜੰਤਰ ਮੰਤਰ 'ਤੇ ਹੋਏ ਜਾਂ ਕਿਸੇ ਹੋਰ ਸੂਬੇ ਅੰਦਰ, ਨੌਜਵਾਨ ਪੀੜ੍ਹੀ ,ਪਾਸ਼ ਦੀਆਂ ਕਵਿਤਾਵਾਂ ਦੀਆਂ ਟੂਕਾਂ ਵਾਲੀਆਂ ਤਖ਼ਤੀਆਂ ਫੜੀ ਜ਼ਾਲਮ ਸਰਕਾਰਾਂ ਨੂੰ ਵੰਗਾਰ ਰਹੀ ਹੁੰਦੀ ਹੈ ।
ਇਹ ਗੱਲ ਮਾਅਨੇ ਰੱਖਦੀ ਹੈ ਕਿ ਪਾਸ਼ ਦੇ ਆਪਣੇ ਪਿੰਡ ਤਲਵੰਡੀ ਸਲੇਮ ਵਿਖੇ ਉਸਦੀ ਅਤੇ ਉਸਦੇ ਦੋਸਤ ਹੰਸਰਾਜ ਦੀ ਸ਼ਹਾਦਤ ਤੋਂ ਲੈਕੇ ਹੁਣ ਤੱਕ ਹਰ ਸਾਲ ਉਹਨਾਂ ਦੀ ਸਲਾਨਾ ਬਰਸੀ ਮਨਾਈ ਜਾਂਦੀ ਹੈ, ਇਥੇ ਇਨਕਲਾਬੀ ਰੰਗ ਮੰਚ ਹੁੰਦਾ ਹੈ, ਇਨਕਲਾਬੀ ਗੀਤ ਸੰਗੀਤ ਹੁੰਦਾ ਹੈ ਅਤੇ ਜਾਗੀਰਦਾਰ ਤੇ ਸਾਮਰਾਜ ਵਿਰੋਧੀ ਲੋਕ ਲਹਿਰ ਖੜ੍ਹੀ ਕਰਨ ਲਈ ਅਹਿਦ ਕੀਤੇ ਜਾਂਦੇ ਹਨ।ਇਹ ਗੱਲ ਮਹੱਤਵਪੂਰਨ ਹੈ ਕਿ ਇਲਾਕੇ ਅੰਦਰ ਕੰਮ ਕਰਦੀਆਂ ਇਨਕਲਾਬੀ ਜਥੇਬੰਦੀਆਂ ਦੇ ਆਗੂਆਂ ਦੇ ਅਧਾਰਤ ਬਣੀ ਸ਼ਹੀਦੀ ਯਾਦਗਾਰ ਕਮੇਟੀ ਹਰ ਸਾਲ ਇਕ ਮੁਹਿੰਮ ਚਲਾਉਂਦੀ ਹੈ, ਕੰਧ ਇਸ਼ਤਿਹਾਰ ਲਾਏ ਜਾਂਦੇ ਹਨ, ਹੱਥ ਪਰਚੇ ਵੰਡੇ ਜਾਂਦੇ ਹਨ, ਖੇਤ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਅਤੇ ਵਿਸ਼ੇਸ਼ ਕਰ ਨੌਜਵਾਨਾਂ ਦੀਆਂ ਮੀਟਿੰਗਾਂ ਜਥੇਬੰਦ ਕੀਤੀਆਂ ਜਾਂਦੀਆਂ ਹਨ,ਲੋਕ ਆਗੂਆਂ ਦੀ ਇਕ ਵੱਡੀ ਟੋਲੀ ਵਲੋਂ ਸਮਾਗਮ ਦੇ ਖਰਚਿਆਂ ਲਈ ਫੰਡ ਇਕੱਠਾ ਕੀਤਾ ਜਾਂਦਾ ਹੈ, ਇਲਾਕੇ ਦੇ ਲੋਕ ਅਤੇ ਤਲਵੰਡੀ ਸਲੇਮ ਦਾ ਹਰ ਘਰ ਪਿਛਲੇ ਅਠੱਤੀ ਸਾਲਾਂ ਤੋਂ ਆਪਣੀ ਹਿੱਸਾਪਾਈ ਪਾਉਂਦੇ ਆ ਰਹੇ ਹਨ । ਪਾਸ਼ ਅਤੇ ਹੰਸਰਾਜ ਦਾ ਸ਼ਹੀਦੀ ਸਮਾਗਮ ਇਲਾਕੇ ਅੰਦਰ ਮਕਬੂਲ ਅਤੇ ਸਥਾਪਿਤ ਹੈ, ਜਿਸਨੂੰ ਲੋਕ 'ਉਡੀਕਦੇ' ਹਨ
ਪਰ ਪਿਛਲੇ ਸਾਲ ਤੋਂ ਤਲਵੰਡੀ ਸਲੇਮ 'ਚ ਆਮ ਆਦਮੀ ਪਾਰਟੀ ਦੀ ਨਵੀਂ ਬਣੀ ਪੰਚਾਇਤ ਅਤੇ ਖਾਸ ਕਰਕੇ ਉਥੋਂ ਦੇ ਸਰਪੰਚ ਨੂੰ 'ਸੂਲ਼' ਉੱਠਿਆ ਹੋਇਆ ਹੈ,ਉਹ ਨਹੀਂ ਚਾਹੁੰਦਾ ਕਿ ਇਥੇ ਕੋਈ ਯਾਦਗਾਰ ਹੋਏ ਅਤੇ ਹਰ ਸਾਲ ਲੋਕ ਆਪਣੇ ਮਹਿਬੂਬ ਸ਼ਹੀਦਾਂ ਨੂੰ ਯਾਦ ਕਰਨ। ਤਲਵੰਡੀ ਸਲੇਮ ਦੇ ਸਰਪੰਚ ਅਤੇ ਉਸਦੇ ਹਮਾਇਤੀਆਂ ਦੀ ਘਟੀਆ ਸਮਝ ਉਹਨਾਂ ਲੋਕ ਦੋਖੀ ਤਾਕਤਾਂ ਨਾਲ ਮੇਲ ਖਾਂਦੀ ਹੈ ਜਿਨ੍ਹਾਂ ਨੇ ਅਠੱਤੀ ਸਾਲ ਪਹਿਲਾਂ ਪਾਸ਼ ਨੂੰ ਕਤਲ ਕਰਕੇ ਇਹ ਭਰਮ ਪਾਲ਼ਿਆ ਸੀ ਕਿ ਹੁਣ ਸ਼ਾਇਦ, ਪਾਸ਼ ਦੀ ਕਵਿਤਾ ਨੂੰ ਕੋਈ ਨਹੀਂ ਪੜ੍ਹੇਗਾ , ਇਹ ਭਰਮ ਪਿਛਲੇ ਅਠੱਤੀ ਸਾਲਾਂ ਤੋਂ ਲੋਕਾਂ ਨੇ ਚੱਕਨਾਚੂਰ ਕੀਤਾ ਹੈ , ,
ਅਵਤਾਰ ਪਾਸ਼ ਦੀ ਕਵਿਤਾ ਨੂੰ ਪ੍ਰਚਾਰਨ ਪ੍ਰਸਾਰਣ ਲਈ, ਉਹਦੀ ਕਵਿਤਾ ਦੇ ਵਾਰਸਾਂ, ਪ੍ਰਸਿੱਧ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ, ਕਾਮਰੇਡ ਮਹਿੰਦਰ ਸਿੰਘ ਸੰਧੂ ( ਮਾਲੜੀ) ਅਵਤਾਰ ਜੌਹਲ (ਇੰਗਲੈਂਡ) ਸੁਰਿੰਦਰ ਧੰਜਲ (ਕਨੇਡਾ) ਅਤੇ ਪਾਸ਼ ਦੇ ਪਿਤਾ ਮੇਜਰ ਸੋਹਣ ਸਿੰਘ ਸੰਧੂ, ਅਧਾਰਤ , ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਦੀ ਸਥਾਪਨਾ, ਪਾਸ਼ ਹੋਰਾਂ ਦੀ ਸ਼ਹਾਦਤ ਤੋਂ ਕੁਝ ਸਮਾਂ ਬਾਅਦ ਹੀ ਹੋ ਗਈ ਸੀ। ਇਸ ਟ੍ਰਸਟ ਵਲੋਂ ਜਿਥੇ ਪਾਸ਼ ਦੀ ਕਵਿਤਾ ਨੂੰ ਦੇਸ਼ਾਂ ਵਿਦੇਸ਼ਾਂ 'ਚ ਲੋਕਾਂ ਤੱਕ ਪਹੁੰਚਾਉਣ ਲਈ ਕਿਤਾਬਾਂ ਛਾਪੀਆਂ ਗਈਆਂ ਉਥੇ ਦੇਸ ਅਤੇ ਵਿਦੇਸ਼ਾਂ 'ਚ ਵਸਦੇ ਪਾਸ਼ ਦੇ ਪ੍ਰਸ਼ੰਸਕਾਂ ਤੇ ਹਮਾਇਤੀਆਂ ਕੋਲੋਂ ਫੰਡ ਇਕੱਠਾ ਕਰਕੇ ਸੰਨ 2000 ਵਿਚ, ਤਲਵੰਡੀ ਸਲੇਮ ਵਿਖੇ ਇਕ ਯਾਦਗਾਰ ਉਸਾਰੀ ਗਈ ਸੀ, ਤਲਵੰਡੀ ਸਲੇਮ ਦੇ ਲੋਕਾਂ ਅਤੇ ਉਸ ਵੇਲੇ ਦੀ ਪੰਚਾਇਤ ਵੱਲੋਂ ਇਸ ਸ਼ੁਭ ਕਾਰਜ ਲਈ ਪਿੰਡ ' ਚ ਜ਼ਮੀਨ ਦਿੱਤੀ ਗਈ ਹੈ ਜਿਥੇ ਪਿਛਲੇ ਛੱਬੀ ਸਾਲਾਂ ਤੋਂ ਯਾਦਗਾਰੀ ਸਮਾਗਮ ਹੋ ਰਹੇ ਹਨ, ਪੂਰੇ ਦੇਸ਼ ਭਰ ਤੋਂ ਪਾਸ਼ ਦੀ ਕਵਿਤਾ ਦੇ ਪ੍ਰਸ਼ੰਸਕ ਇਥੇ ਆਕੇ ਨਤਮਸਤਕ ਹੁੰਦੇ ਹਨ।ਹੁਣ ਤੱਕ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਇਸ ਯਾਦਗਾਰ ਦੀ , ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਅਤੇ ਸਥਾਨਕ ਸ਼ਹੀਦੀ ਯਾਦਗਾਰ ਕਮੇਟੀ ਵਲੋਂ ਇਸਦੀ ਦੇਖਰੇਖ ਕੀਤੀ ਜਾ ਰਹੀ ਹੈ।
ਪਿੰਡ ਦੇ ਲੋਕ ਆਪਣੇ ਸ਼ਹੀਦਾਂ ਦਾ ਸਤਿਕਾਰ ਕਰਦਿਆਂ ਆਪਣੇ ਸਮਾਜਿਕ ਕਾਰਵਿਵਹਾਰਾਂ ਲਈ ਇਸ ਯਾਦਗਾਰ ਦੀ ਵਰਤੋਂ ਕਰਦੇ ਆ ਰਹੇ ਹਨ। ਇਹਨਾਂ ਛੱਬੀ ਸਾਲਾਂ ਦੌਰਾਨ ਕਦੇ ਕਿਸੇ ਪੰਚਾਇਤ ਨੇ ਜਾਂ ਲੋਕਾਂ ਨੇ ਕਦੇ ਕੋਈ ਉਜਰ ਨਹੀਂ ਕੀਤਾ ਸਗੋਂ ਹਮੇਸ਼ਾ ਸਹਿਯੋਗ ਦਿੱਤਾ ਹੈ ਪਰ ਮੌਜੂਦਾ ਸਰਪੰਚ ਨੇ ਪਿਛਲੇ ਸਾਲ ਤੋਂ ਕੁਝ ਲੋਕਾਂ ਨੂੰ ਗੁੰਮਰਾਹ ਕਰਕੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਜਗ੍ਹਾ ਤਾਂ ਪੰਚਾਇਤ ਦੀ ਹੈ ਇਸ ਕਰਕੇ ਪੰਚਾਇਤ ਇਸਨੂੰ ਜਿਵੇਂ ਮਰਜ਼ੀ ਵਰਤ ਸਕਦੀ ਹੈ।ਇਸ ' ਜਿਵੇਂ ਮਰਜ਼ੀ ਵਰਤਣ ' ਦੀ ਮਣਸ਼ਾ ਅਸਲ ਵਿਚ ਕੁਝ ਖ਼ਾਸ ਬੰਦਿਆਂ ਦਾ ਕਬਜ਼ਾ ਕਰਨ ਤੋਂ ਹੈ ਤਾਂ ਕਿ ਆਮ ਲੋਕ ਅਤੇ ਪਾਸ਼ ਦੇ ਵਾਰਸਾਂ ਨੂੰ ਇਥੋਂ ਬੇਦਖ਼ਲ ਕੀਤਾ ਜਾਵੇ।
ਸਰਪੰਚ ਦੇ ਇਸ ਦਾਅਵੇ ਨੂੰ ਚੈਲੰਜ ਕੀਤਾ ਗਿਆ। ਸ਼ਹੀਦੀ ਯਾਦਗਾਰ ਕਮੇਟੀ ਦੇ ਸਾਥੀਆਂ ਵਲੋਂ ਤਿੰਨ ਵਾਰੀ ਪਿੰਡ ਦੇ ਇਕੱਠ ਵਿੱਚ ਉਸਦੇ ਇਸ ਦਾਅਵੇ ਨੂੰ ਖਾਰਿਜ਼ ਕਰਦਿਆਂ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ , ਸ਼ਹੀਦੀ ਯਾਦਗਾਰ ਕਮੇਟੀ ਅਤੇ ਇਲਾਕੇ ਦੇ ਲੋਕ ਆਗੂਆਂ ਵਲੋਂ ਇਹ ਪਹੁੰਚ ਇਸ ਕਰਕੇ ਅਪਣਾਈ ਗਈ ਕਿ ਤਲਵੰਡੀ ਸਲੇਮ ਦੇ ਲੋਕਾਂ ਨਾਲ ਤਾਂ ਸਾਡਾ ਕੋਈ ਵੈਰ ਵਿਰੋਧ ਨਹੀਂ ਹੈ ਕਿਉਂਜੁ ਲੋਕ ਤਾਂ ਪਿਛਲੇ ਅਠੱਤੀ ਸਾਲਾਂ ਤੋਂ ਸਮਾਗਮ ਲਈ ਫੰਡ ਦਿੰਦੇ ਹਨ, ਸਮਾਗਮ ਵਿੱਚ ਸ਼ਮੂਲੀਅਤ ਕਰਦੇ ਹਨ , ਇਹ ਵੀ ਕਿ ਸ਼ਹੀਦਾਂ ਦੀ ਇਹ ਯਾਦਗਾਰ ਲੋਕਾਂ ਲਈ ਹੀ ਹੈ ਤੇ ਲੋਕ ਆਪਣੇ ਸਮਾਜਿਕ ਕੰਮਾਂ ਲਈ ਇਸਨੂੰ ਵਰਤ ਵੀ ਸਕਦੇ ਹਨ ਅਜਿਹਾ ਕਮੇਟੀ ਵਲੋਂ ਇਜਾਜ਼ਤ ਦਿੱਤੀ ਹੋਈ ਹੈ ।ਪਰ ਸਰਪੰਚ ਦਾ ਮਣਸ਼ਾ ਤਾਂ ਹੋਰ ਹੈ , ਉਹਨਾਂ ਦੋ ਵੀਡੀਓ ਬਣਾਈਆ ਉਸ ਵਿੱਚ ਉਹਨਾਂ ਪਾਸ਼ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ , ਯਾਦਗਾਰ ਕਮੇਟੀ ਨੂੰ ਭੰਡਣ ਦੀ ਕੋਸ਼ਿਸ਼ ਕੀਤੀ ਹੈ, ਪਿੰਡ ਦੇ ਲੋਕਾਂ ਅਤੇ ਹੋਰਨਾਂ ਨੂੰ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪਿੰਡ ਵਿੱਚ ਤਾਂ ਪਾਸ਼ ਹੋਰਾਂ ਦਾ ਕੋਈ ਵੀ ਹਮਾਇਤੀ ਨਹੀਂ , ਇਹ ਕਮੇਟੀ ਵਾਲੇ ਤਾਂ ਬਾਹਰਲੇ ਬੰਦੇ ਹਨ, ਸਰਪੰਚ ਅਤੇ ਉਸਦੀ ਢਾਣੀ ਨੂੰ ਨਕੋਦਰ ਦੀ ਵਿਧਾਇਕਾ ਦਾ ਥਾਪੜਾ ਹੋਣ ਨੇ ਉਹਨਾਂ ਦੀ ਇਸ ਘਟੀਆ ਮਣਸ਼ਾ ਨੂੰ ਹੋਰ ਬਲ ਮਿਲ ਗਿਆ ਤੇ ਉਹਨਾਂ ਯਾਦਗਾਰ 'ਤੇ ਕਬਜ਼ਾ ਕਰਕੇ ਕਮੇਟੀ ਦੀ ਮੁਖਤਿਆਰੀ ਨੂੰ ਖਤਮ ਕਰਨ ਭਰਮ ਪਾਲ਼ ਲਿਆ ਹੈ। ਇਸੇ ਘਟੀਆ ਮਣਸੇ ਅਤੇ ਗੁੰਡਾਗਰਦੀ ਨਾਲ ਉਹਨਾਂ ਬੀਤੀ 2 ਜੂਨ ਨੂੰ, ਯਾਦਗਾਰ ਦੇ ਤਾਲੇ ਤੋੜ ਕੇ ਉਥੇ ਓਪਨ ਜਿਮ ਸਥਾਪਤ ਕਰਕੇ ਅਤੇ ਪੀਂਘਾਂ ਝੂਟਣ ਲਈ ਪਾਈਪਾਂ ਗੱਡ ਕੇ, ਲੋਕਾਂ ਨੂੰ ਗੁੰਮਰਾਹ ਕੀਤਾ ਕਿ ਅਸੀਂ ਤਾਂ ਬੱਚਿਆਂ ਲਈ ਝੂਲੇ ਲਾਏ ਹਨ।
ਸਰਪੰਚ ਦੀ ਇਸ ਬਦਨੀਤੀ ਨੂੰ ਲੋਕਾਂ ਵਿੱਚ ਬੇਪਰਦ ਕਰਨ ਲਈ ਸ਼ਹੀਦੀ ਯਾਦਗਾਰ ਕਮੇਟੀ ਵਲੋਂ ਬੜੇ ਸਬਰ ਤੇ ਤਹੱਮਲ ਨਾਲ ਨਜਿੱਠਣ ਦੀ ਨੀਤੀ ਅਪਣਾਈ ਗਈ ਕਿਉਂਕਿ ਉਸਨੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਕਿ ਅਸੀਂ ਤਾਂ ਬੱਚਿਆਂ ਦੇ ਖੇਡਣ ਲਈ ਝੂਲੇ ਹੀ ਲਾਏ ਹਨ ਅਸੀਂ ਕਿਹੜਾ ਕਬਜ਼ਾ ਕੀਤਾ ।
ਇਲਾਕੇ ਅੰਦਰ ਕੰਮ ਕਰਦੀਆਂ ਇਨਕਲਾਬੀ ਜਥੇਬੰਦੀਆਂ ਵੱਲੋਂ ਐੱਸ ਡੀ ਐੱਮ ਨਕੋਦਰ ਨੂੰ 4 ਅਗਸਤ ਨੂੰ ਇਕ ਲਿਖਤੀ ਦਰਖਾਸਤ ਦਿੱਤੀ ਗਈ ਤੇ ਤੁਰੰਤ ਉੱਥੋਂ ਓਪਨ ਜਿਮ ਹਟਾਉਣ ਲਈ ਕਿਹਾ ਗਿਆ ਅਤੇ ਤਾਲੇ ਤੋੜਨ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਗਿਆ । ਅਗਲੇ ਦਿਨ ਅਖ਼ਬਾਰਾਂ ਵਿਚ ਖਬਰਾਂ ਛਪੀਆਂ, ਸੋਸ਼ਲ ਮੀਡੀਆ 'ਚ ਚਰਚਾ ਛਿੜ ਗਈ, ਸਰਪੰਚ ਅਤੇ ਉਸਦੀ ਢਾਣੀ ਇਹ ਕਹਿੰਦੇ ਰਹੇ ਕਿ ਅਸੀਂ ਕਿਹੜਾ ਕਮੇਟੀ ਵਾਲਿਆਂ ਨੂੰ ਰੋਕਦੇ ਹਾਂ " ਜਿਵੇਂ ਮਰਜ਼ੀ ਇਥੇ ਆਉਣ ਜਾਣ" । ਇਹ ਸਰਪੰਚ ਦੀ ਢਾਣੀ ਦਾ ਪੈਰ ਧਰਾਅ ਕਰਨ ਦਾ ਤਰੀਕਾ ਸੀ ਅਤੇ ਇਸ ਪਿੱਛੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀ ਮਿਲੀ ਭੁਗਤ ਸੀ , ਇਲਾਕੇ ਦੀ ਵਿਧਾਇਕਾ ਪੂਰੀ ਤਰ੍ਹਾਂ ਸਰਪੰਚ ਦੀ ਪਿੱਠ 'ਤੇ ਸੀ। ਵਿਧਾਇਕ ਬੀਬੀ ਅਤੇ ਪ੍ਰਸ਼ਾਸਨ , ਯਾਦਗਾਰ ਕਮੇਟੀ ਨੂੰ ਧਰਵਾਸਾ ਦਿੰਦੇ ਰਹੇ ਕਿ ' ਸਰਪੰਚ ਨੇ ਇਹ ਗਲਤ ਕੀਤਾ ਹੈ, ਅਸੀਂ ਉਸਨੂੰ ਸਮਝਾ ਕੇ ਓਪਨ ਜਿਮ ਚੁਕਵਾ ਦਿਆਂਗੇ ਪਰ ਇਹ ਸਭ ਝੂਠ ਫ਼ਰੇਬ ਹੀ ਨਿਕਲਿਆ।ਅਸਲ ਵਿਚ ਇਲਾਕੇ ਦੀ ਵਿਧਾਇਕਾ ਦੇ ਇਸ਼ਾਰੇ 'ਤੇ ਹੀ ਤਾਲੇ ਤੋੜੇ ਗਏ ਸਨ, ਉਸਨੇ ਹੀ ਓਪਨ ਜਿਮ ਦਾ ਸਮਾਨ ਦਿੱਤਾ ਸੀ।
ਪਾਸ਼ -ਹੰਸਰਾਜ ਸ਼ਹੀਦੀ ਯਾਦਗਾਰ ਕਮੇਟੀ, ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਅਤੇ ਅਵਤਾਰ ਪਾਸ਼ ਮੈਮੋਰੀਅਲ ਟ੍ਰਸਟ ਦੀ ਅਗਵਾਈ ਹੇਠ ਲੋਕ ਜਥੇਬੰਦੀਆਂ ਦੇ ਨੁਮਾਇੰਦੇ ਵਿਧਾਇਕਾ ਨੂੰ ਵੀ ਮਿਲੇ, ਉਸ ਮੰਨਿਆ ਕਿ ਪੰਚਾਇਤ ਨੇ ਸਹੀ ਨਹੀਂ ਕੀਤਾ, ਪਰ ਇਸਦੇ ਬਾਵਜੂਦ ਪ੍ਰਸ਼ਾਸਨ ਨੇ ਸਰਪੰਚ ਦੀ ਢਾਣੀ ਦੇ ਹੱਕ ਵਿੱਚ ਚੁੱਪ ਵੱਟ ਲਈ, ਇਸ ਮੁੱਦੇ 'ਤੇ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨੂੰ ਸਾਫ਼ ਹੋ ਗਿਆ ਕਿ, ਸਰਪੰਚ ਦੀ ਢਾਣੀ ਵਲੋਂ ਚੁੱਕਿਆ ਗਿਆ ਇਹ ਕਦਮ ਕੋਈ ਅਚਨਚੇਤੀ ਕਦਮ ਨਹੀਂ ਹੈ ਇਸ ਪਿੱਛੇ ਤਾਂ ਸਰਕਾਰ ਅਤੇ ਹੋਰ ਲੋਕ ਦੋਖੀ ਤਾਕਤਾਂ ਦੀ ਮਣਸ਼ਾ ਹਰਕਤਸ਼ੀਲ ਹੈ। ਇਸ ਲਈ ਸੰਘਰਸ਼ ਦਾ ਦਾਇਰਾ ਵੱਡਾ ਕਰਨ ਦੇ ਮਕਸਦ ਨਾਲ, ਜਿਥੇ ਲੋਕ ਜਮਹੂਰੀ ਜਥੇਬੰਦੀਆਂ ਨੂੰ ਸੱਦਣ ਦਾ ਫੈਸਲਾ ਕੀਤਾ ਗਿਆ ਉਥੇ ਪੰਜਾਬ ਦੇ ਨਾਮਵਰ ਲੇਖਕਾਂ, ਬੁੱਧੀਜੀਵੀਆਂ, ਸਾਹਿਤਕ ਸੰਸਥਾਵਾਂ ਨੂੰ ਵੀ ਸੱਦਾ ਦਿੱਤਾ ਗਿਆ। 9 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾ ਪੱਧਰੀ ਇਕ ਮੀਟਿੰਗ ਕੀਤੀ ਗਈ, ਡਾਕਟਰ ਸਵਰਾਜਬੀਰ, ਡਾਕਟਰ ਪਰਮਿੰਦਰ ਸਿੰਘ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਦੇ ਪ੍ਰਧਾਨਗੀ 'ਚ ਹੋਈ ਮੀਟਿੰਗ ਵਿੱਚ 9 ਸਤੰਬਰ ਨੂੰ ਤਲਵੰਡੀ ਸਲੇਮ ਵਿਖੇ ਅਵਤਾਰ ਪਾਸ਼ ਦਾ 76 ਵਾਂ ਜਨਮ ਦਿਨ ਵੱਡੀ ਰੈਲੀ ਦੇ ਰੂਪ ਵਿੱਚ ਮਨਾਉਣ ਦਾ ਫ਼ੈਸਲਾ ਕੀਤਾ ਗਿਆ।
ਇਲਾਕਾ ਨਕੋਦਰ ਅੰਦਰ ਪਿੰਡ ਪਿੰਡ ਹੱਥ ਪਰਚੇ ਵੰਡ ਕੇ, ਮੀਟਿੰਗਾਂ ਕਰਕੇ, ਸਰਪੰਚ ਅਤੇ ਇਲਾਕੇ ਦੀ ਵਿਧਾਇਕਾ ਦੀ ਇਸ ਧੱਕੇਸ਼ਾਹੀ ਅਤੇ ਘਟੀਆ ਕਰਤੂਤ ਨੂੰ ਨੰਗਿਆਂ ਕੀਤਾ ਗਿਆ।
ਇਸ ਦੌਰਾਨ ਹੀ ਪ੍ਰਸ਼ਾਸਨ ਵੱਲੋਂ ਵਾਰ ਵਾਰ ਸੁਨੇਹੇ ਆਉਂਦੇ ਰਹੇ ਕਿ ਅਸੀਂ ਜਲਦੀ ਹੀ ਓਪਨ ਜਿਮ ਚੁਕਵਾ ਰਹੇ ਹਾਂ.. ਪਰ ਅੰਦਰੋਂ ਪ੍ਰਸ਼ਾਸਨ ਪੂਰੀ ਤਰ੍ਹਾਂ ਸਰਪੰਚ ਨਾਲ ਘਿਉ ਖਿਚੜੀ ਸੀ ਤੇ ਟਾਈਮ ਟਪਾ ਕੇ ਸਰਪੰਚ ਦੀ ਧਿਰ ਦਾ ਪੱਖ ਮਜ਼ਬੂਤ ਕਰਨ 'ਤੇ ਲੱਗਿਆ ਹੋਇਆ ਸੀ। ਸਰਪੰਚ ਨੂੰ ਉਹਨਾਂ ਅਦਾਲਤੀ ਸਟੇਅ ਦੁਆਕੇ ਆਪਣਾ ਸਿਰ ਕਢਾਉਣ ਦੀ ਚਲਾਕੀ ਵੀ ਕੀਤੀ।
ਸਰਪੰਚ ਦੀ ਧਿਰ ਦਾ ਅਸਲੀ ਚਿਹਰਾ ਸਾਹਮਣੇ ਆਇਆ:-
18 ਅਗਸਤ ਨੂੰ ਸ਼ਹੀਦੀ ਯਾਦਗਾਰ ਕਮੇਟੀ ਅਤੇ ਇਲਾਕੇ ਦੀਆਂ ਜਥੇਬੰਦੀਆਂ ਦੇ ਆਗੂਆਂ ਨੇ ਪਾਸ਼ ਦੇ ਘਰ ਮੀਟਿੰਗ ਕਰਕੇ, 9 ਸਤੰਬਰ ਦੇ ਸਮਾਗਮ ਲਈ ਇਸ਼ਤਿਹਾਰ ਅਤੇ ਪ੍ਰਚਾਰ ਸਮੱਗਰੀ ਨੂੰ ਰਲੀਜ਼ ਕਰਨ ਹਿੱਤ ਜਦੋਂ ਯਾਦਗਾਰੀ ਕੰਪਲੈਕਸ 'ਚ ਸ਼ਾਮਲ ਹੋਏ ਤਾਂ ਸਰਪੰਚ ਦੀਆਂ ਸਿਸ਼ਕੇਰੀਆਂ ਹੋਈਆਂ ਕੁੱਝ ਔਰਤਾਂ ਨੇ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹ ਦਾਅਵਾ ਕਰਨ ਲੱਗੀਆਂ ਕਿ ਇਹ ਜਗ੍ਹਾ ਤਾਂ ਸਾਡੀ ਹੈ, ਇਉਂ ਜਿਹੜਾ ਸਰਪੰਚ ਅਤੇ ਉਸਦੀ ਢਾਣੀ ਇਹ ਕਹਿੰਦੀ ਸੀ ਕਿ ਅਸੀਂ ਤਾਂ ਕੇਵਲ ਬੱਚਿਆਂ ਲਈ ਝੂਲੇ ਲਾਏ ਹਨ ਅਸੀਂ ਕਿਹੜਾ ਕਬਜ਼ਾ ਕਰ ਰਹੇ ਹਾਂ ਉਹਨਾਂ ਦੀ ਅਸਲੀਅਤ ਸਾਹਮਣੇ ਆ ਗਈ।
ਪ੍ਰਸ਼ਾਸਨ ਨੂੰ ਉਕਤ ਹਾਲਤ ਬਾਰੇ ਜਾਣੂ ਕਰਵਾਇਆ ਗਿਆ ਪਰ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ 4 ਅਗਸਤ ਨੂੰ ਦਿੱਤੀ ਗਈ ਦਰਖਾਸਤ ਵਿਚ ਵੀ, ਤਾਲੇ ਤੋੜ ਕੇ ਅਤੇ ਇਕ ਪਾਸੇ ਦੇ ਗੇਟ ਦਾ ਇਕ ਪੱਲਾ ਵੀ ਸਰਪੰਚ ਦੀ ਢਾਣੀ ਵਲੋਂ ਲਾਹ ਲਿਆ ਗਿਆ ਸੀ, ਦਰਖਾਸਤ ਵਿਚ ਇਸ 'ਤੇ ਕਾਰਵਾਈ ਦੀ ਮੰਗ ਕੀਤੀ ਗਈ ਸੀ ਪਰ ਅੱਜ ਤੱਕ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਸਰਪੰਚ ਦੀ ਢਾਣੀ ਹਮਲਿਆਂ 'ਤੇ ਉੱਤਰੀ
7 ਸਤੰਬਰ ਨੂੰ ਸ਼ਹੀਦੀ ਯਾਦਗਾਰ ਕਮੇਟੀ ਦੇ ਸਾਥੀ ਜਦੋਂ ਸਮਾਗਮ ਦੀ ਤਿਆਰੀ ਲਈ ਕੰਪਲੈਕਸ ਵਿੱਚ ਸਫ਼ਾਈ ਕਰ ਰਹੇ ਸਨ ਤਾਂ ਸਰਪੰਚ ਆਪਣੀ ਢਾਣੀ ਦੇ ਬੰਦੇ ਬੁੜੀਆਂ ਲੈ ਕੇ ਆ ਧਮਕਿਆ, ਆਉਂਦਿਆਂ ਹੀ ਉਸ ਮਜ਼ਦੂਰ ਆਗੂ ਹਰਮੇਸ਼ ਮਾਲੜੀ ਨੂੰ ਜਾਤੀ ਸੂਚਕ ਸ਼ਬਦ ਬੋਲਦਿਆਂ ਆਪਣੇ ਬੰਦਿਆਂ ਨੂੰ ਹੱਲਾਸ਼ੇਰੀ ਦਿੱਤੀ ਕਿ ਇਹਨਾਂ ਦੀਆਂ ਲੱਤਾਂ ਬਾਹਾਂ ਤੋੜ ਦਿਓ, ਇਹਨਾਂ ਦੀਆਂ ਗੱਡੀਆਂ ਭੰਨ ਦਿਓ ਜਦੋਂ ਸਰਪੰਚ ਅਜਿਹਾ ਕੁਝ ਬੋਲ ਰਿਹਾ ਸੀ ਤਾਂ ਇਕ ਸਾਥੀ ਨੇ ਉਸਦੀ ਵੀਡੀਓ ਬਣਾ ਲਈ, ਸਰਪੰਚ ਦੀ ਢਾਣੀ ਨੇ ਉਸਦਾ ਮੋਬਾਈਲ ਫੋਨ ਖੋਹ ਲਿਆ ਤੇ ਗਾਲ਼੍ਹਾਂ ਕੱਢਣ ਲੱਗ ਪਏ, ਜੇ ਐਨ ਮੌਕੇ 'ਤੇ ਪੁਲੀਸ ਨਾ ਆਉਂਦੀ ਤਾਂ ਸਾਥੀਆਂ ਨੂੰ ਮਾਰਨ ਕੁੱਟਣ ਦੀ ਸਰਪੰਚ ਢਾਣੀ ਦੀ ਪੂਰੀ ਵਿਉਂਤ ਸੀ।
ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਬਹੁਤ ਸਾਰੇ ਸਾਥੀ ਤਰੁੰਤ ਤਲਵੰਡੀ ਸਲੇਮ ਕੰਪਲੈਕਸ ਵਿੱਚ ਪਹੁੰਚਣੇ ਸ਼ੁਰੂ ਹੋ ਗਏ, ਅਤੇ ਪੁਲੀਸ ਵੀ ਕਾਫ਼ੀ ਗਿਣਤੀ ਵਿਚ ਪਹੁੰਚ ਗਈ , ਪੁਲਿਸ ਪੂਰੀ ਤਰ੍ਹਾਂ ਸਰਪੰਚ ਦੀ ਢਾਣੀ ਦੀ ਹਮਾਇਤ ਵਿੱਚ ਸੀ ਅਤੇ ਦਲੀਲ ਦੇ ਰਹੀ ਸੀ ਕਿ ਸਰਪੰਚ ਹੋਰਾਂ ਨੇ ਅਦਾਲਤੀ ਸਟੇਅ ਲਿਆ ਹੋਇਆ, ਇਕ ਤਰ੍ਹਾਂ ਨਾਲ ਉਹ ਯਾਦਗਾਰ ਕਮੇਟੀ ਦੇ ਸਾਥੀਆਂ ਦੇ ਦਾਖ਼ਲੇ ਨੂੰ ਗੈਰਕਾਨੂੰਨੀ ਦੱਸ ਰਹੇ ਸਨ, ਲੋਕ ਆਗੂਆਂ ਦੇ ਡਟਵੇਂ ਸਟੈਂਡ ਤੋਂ ਬਾਅਦ ਹੀ ਪੁਲਸ ਕੁਝ ਢਿੱਲੀ ਪਈ ਤੇ ਫਿਰ ਉਸੇ ਦਿਨ ਵੱਡੀ ਗਿਣਤੀ ਕਿਸਾਨ,ਮਜ਼ਦੂਰ ਅਤੇ ਹੋਰ ਜਥੇਬੰਦੀਆਂ ਦੇ ਸਾਥੀ ਪਹੁੰਚ ਗਏ ਜਿਹਨਾਂ ਨੇ ਪੁਲਸ ਅਤੇ ਸਰਪੰਚ ਦੀ ਢਾਣੀ ਦੀਆਂ ਕੁਚਾਲਾਂ ਫੇਲ੍ਹ ਕਰ ਦਿੱਤੀਆਂ ਅਤੇ ਯਾਦਗਾਰ ਦੇ ਵਿਹੜੇ 'ਚ ਮੋਰਚਾ ਲਾ ਲਿਆ ਜੋ 9 ਸਤੰਬਰ ਦੇ ਵੱਡੇ ਸਮਾਗਮ ਤੋਂ ਬਾਅਦ ਖ਼ਤਮ ਕੀਤਾ ਗਿਆ।
ਪੁਲੀਸ ਤੇ ਸਿਵਲ ਪ੍ਰਸ਼ਾਸਨ ਪੂਰੀ ਤਰ੍ਹਾਂ
ਸਰਪੰਚ ਦੀ ਪਿੱਠ 'ਤੇ
ਖੇਤ ਮਜ਼ਦੂਰ ਆਗੂ ਨੂੰ ਜਾਤੀ ਸੂਚਕ ਸ਼ਬਦ ਬੋਲਣ ਅਤੇ ਇਕ ਸਾਥੀ ਦਾ ਫੋਨ ਖੋਹ ਲੈਣ ਦੀ ਘਟਨਾ ਤੋਂ ਅਗਲੇ ਦਿਨ, ਲੋਕ ਆਗੂਆਂ ਵਲੋਂ ਡੀਐਸਪੀ ਨਕੋਦਰ ਨੂੰ ਦਰਖਾਸਤ ਦੇ ਕੇ ਮੰਗ ਕੀਤੀ ਗਈ ਕਿ ਸਰਪੰਚ ਅਤੇ ਉਸਦੀ ਢਾਣੀ, ਜੀਹਨੇ ਜਾਤੀ ਸੂਚਕ ਸ਼ਬਦ ਬੋਲ ਕੇ ਆਗੂ ਨੂੰ ਅਪਮਾਨਤ ਕੀਤਾ ਉਸ ਖ਼ਿਲਾਫ਼ ਐੱਸਸੀ /ਐੱਸਟੀ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ ਪਰ ਪੁਲਸ ਵਲੋਂ ਹੁਣ ਤੱਕ ਮੁਕੱਦਮਾ ਦਰਜ ਨਹੀਂ ਕੀਤਾ ਗਿਆ, ਇਸ ਲਈ ਅਜੇ ਸੰਘਰਸ਼ ਜਾਰੀ ਹੈ।
ਪਾਸ਼ ਹੰਸਰਾਜ ਯਾਦਗਾਰ ਕੰਪਲੈਕਸ ਦੇ ਮੁੱਦੇ 'ਤੇ ਅੱਜ ਚਾਹੇ ਸਾਹਮਣੇ ਸਰਪੰਚ ਤੇ ਵਿਧਾਇਕ ਗਠਜੋੜ ਹੀ ਦਿਖਾਈ ਦੇ ਰਿਹਾ ਹੈ ਪ੍ਰੰਤੂ ਕਿਹੜੇ ਕਾਰੋਬਾਰੀਆਂ-ਵਪਾਰੀਆਂ ਦੇ ਹਿਤ ਇਸ ਪਿੱਛੇ ਕੰਮ ਕਰਦੇ ਹਨ ਇਹ ਪੂਰੀ ਤਰ੍ਹਾਂ ਸਾਹਮਣੇ ਆਉਣਾ ਬਾਕੀ ਹੈ| ਪੰਚਾਇਤੀ ਜਮੀਨਾਂ 'ਤੇ ਕਾਰੋਬਾਰੀਆਂ ਦੀਆਂ ਮਾੜੀਆਂ ਲੋਟੂ ਨਿਗਾਹਾਂ ਦਾ ਚੱਲ ਰਿਹਾ ਵਰਤਾਰਾ ਵੀ ਇਹਦੇ 'ਚ ਸ਼ਾਮਿਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ|
--0--

No comments:
Post a Comment