ਸਾਥੀ ਅਜਮੇਰ ਸਿੰਘ ਸਮਰਾ ਦਾ ਦੁੱਖਦਾਈ ਵਿਛੋੜਾ
ਸੂਬੇ ਦੀ ਕਮਿਊਨਿਸਟ ਇਨਕਲਾਬੀ ਲਹਿਰ 'ਚ ਉਹਨਾਂ ਦੇ ਯੋਗਦਾਨ ਨੂੰ ਲੋਕ ਸਦਾ ਯਾਦ ਰੱਖਣਗੇ। ਅਦਾਰਾ ਸੁਰਖ਼ ਲੀਹ ਉਹਨਾਂ ਦੇ ਵਿਛੋੜੇ 'ਤੇ ਡੂੰਘਾ ਦੁੱਖ ਮਹਿਸੂਸ ਕਰਦਾ ਹੋਇਆ ਉਹਨਾਂ ਦੀ ਜਥੇਬੰਦੀ ਸੀਪੀਆਈ (ਐਮਐਲ) ਨਿਊ ਡੈਮੋਕਰੇਸੀ ਅਤੇ ਪਰਿਵਾਰ ਨਾਲ ਵਿਛੋੜੇ ਦਾ ਗ਼ਮ ਵੰਡਾਉਂਦਾ ਹੈ।-ਸੰਪਾਦਕ
ਜਲੰਧਰ 8 ਸਤੰਬਰ: ਭਾਰਤੀ ਕਮਿਊਨਿਸਟ ਪਾਰਟੀ (ਐਮ ਐਲ) ਨਿਊ ਡੈਮੋਕ੍ਰੇਸੀ ਪੰਜਾਬ ਰਾਜ ਕਮੇਟੀ ਦੇ ਸੀਨੀਅਰ ਆਗੂ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਆਗੂ ਕਾਮਰੇਡ ਅਜਮੇਰ ਸਿੰਘ ਸਮਰਾ ਦਾ ਸ਼ਰਧਾਂਜਲੀ ਸਮਾਗਮ ਉਹਨਾਂ ਦੇ ਪਿੰਡ ਸਮਰਾਏ ਵਿਖੇ ਕੀਤਾ ਗਿਆ। ਇਸ ਮੌਕੇ ਰਾਜਸੀ ਅਤੇ ਜਨਤਕ ਜੱਥੇਬੰਦੀਆਂ ਦੇ ਆਗੂਆਂ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ।
ਇਸ ਮੌਕੇ ਸੀ ਪੀ ਆਈ ( ਐਮ ਐਲ) ਨਿਊ ਡੈਮੋਕ੍ਰੇਸੀ ਦੇ ਸੀਨੀਅਰ ਸੂਬਾਈ ਆਗੂ ਕਾਮਰੇਡ ਸਰਦਾਰਾ ਸਿੰਘ ਮਾਹਲ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਾਮਰੇਡ ਅਜਮੇਰ ਸਿੰਘ ਦੇ ਤੁਰ ਜਾਣ ਨਾਲ ਇਨਕਲਾਬੀ ਲਹਿਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹ ਇਕ ਸੁਲਝੇ ਹੋਏ ਅਤੇ ਇਨਕਲਾਬ ਲਈ ਪ੍ਰਤੀਬੱਧ ਆਗੂ ਸਨ।ਕਾਮਰੇਡ ਮਾਹਲ ਨੇ ਆਪਣੀ ਅਤੇ ਕਾਮਰੇਡ ਅਜਮੇਰ ਸਿੰਘ ਦੀ ਪੰਜ ਦਹਾਕਿਆਂ ਤੋਂ ਵੀ ਵੱਧ ਸਮੇਂ ਦੀ ਇਨਕਲਾਬੀ ਸਾਂਝ ਦੀਆਂ ਯਾਦਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕਾਮਰੇਡ ਅਜਮੇਰ ਸਿੰਘ ਨੇ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਦੀ ਉਸਾਰੀ ਵਿਚ ਅਹਿਮ ਭੂਮਿਕਾ ਨਿਭਾਈ। ਕਾਮਰੇਡ ਮਾਹਲ ਨੇ ਕਿਹਾ ਕਿ ਮੋਦੀ ਸਰਕਾਰ ਦਾ ਫਾਸ਼ੀਵਾਦ ਦਨਦਨਾਉਂਦਾ ਫਿਰਦਾ ਹੈ,ਜਿਸਦੇ ਚੌਤਰਫੇ ਹਮਲੇ ਹੋ ਰਹੇ ਹਨ। ਇਸ ਫਾਸ਼ੀਵਾਦ ਦੀ ਹਕੀਕਤ ਤੋਂ ਅੱਖਾਂ ਮੀਟ ਲੈਣਾ ਠੀਕ ਨਹੀਂ ਹੋਵੇਗਾ।ਉਹਨਾਂ ਕਿਹਾ ਕਿ ਇਸ ਫਾਸ਼ੀਵਾਦ ਵਿਰੁੱਧ ਸੰਸਦ ਰਾਹੀਂ ਲੜਾਈ ਨਹੀਂ ਲੜੀ ਜਾ ਸਕਦੀ ਸਗੋਂ ਸੜਕਾਂ ਉੱਤੇ ਲੜੀ ਜਾ ਸਕਦੀ ਹੈ,ਉਹ ਵੀ ਵਿਸ਼ਾਲ ਏਕਾ ਉਸਾਰ ਕੇ।
ਸੀ ਪੀ ਆਈ (ਐਮ ਐਲ)ਨਿਊ ਡੈਮੋਕ੍ਰੇਸੀ ਦੇ ਸੂਬਾ ਆਗੂਆਂ ਕੁਲਵਿੰਦਰ ਸਿੰਘ ਵੜੈਚ,ਗੁਰਮੁਖ ਸਿੰਘ, ਆਰ ਐਮ ਪੀ ਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸੀ ਪੀ ਆਈ ਦੇ ਆਗੂ ਅਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ, ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੇ ਆਗੂ ਸੁਖਦਰਸ਼ਨ ਨੱਤ, ਸੀ ਪੀ ਆਈ ਐਮ ਯੂ ਦੇ ਆਗੂ ਕਿਰਨਜੀਤ ਸੇਖੋਂ,ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਗੁਰਮੀਤ ਸਿੰਘ,ਅਦਾਰਾ ਲਾਲ ਪਰਚਮ ਦੇ ਮੁਖਤਿਆਰ ਪੂਹਲਾ,ਅਦਾਰਾ ਸੁਰਖ਼ ਲੀਹ ਦੇ ਪਾਵੇਲ ਕੁੱਸਾ,ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ,ਪੇਂਡੂ ਮਜਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਕਸ਼ਮੀਰ ਸਿੰਘ ਘੁੱਗਸ਼ੋਰ, ਨੌਜਵਾਨ ਭਾਰਤ ਸਭਾ ਦੇ ਮੰਗਲਜੀਤ ਪੰਡੋਰੀ ਆਦਿ ਨੇ ਕਿਹਾ ਕਿ ਕਾਮਰੇਡ ਅਜਮੇਰ ਨੇ ਸਾਰੀ ਜ਼ਿੰਦਗੀ ਗਲ ਸੜ ਚੁੱਕੇ ਲੁਟੇਰੇ ਨਿਜ਼ਾਮ ਨੂੰ ਮੁੱਢੋਂ ਸੁੱਢੋਂ ਤਬਦੀਲ ਕਰਕੇ ਲੁੱਟ ਖਸੁੱਟ ਰਹਿਤ,ਜਾਤਪਾਤ ਰਹਿਤ, ਧਰਮਨਿਰਪੱਖ ਅਤੇ ਮਜ਼ਦੂਰਾਂ, ਕਿਸਾਨਾਂ ਅਤੇ ਹੋਰ ਮਿਹਨਤੀ ਲੋਕਾਂ ਦੀ ਪੁੱਗਤ ਵਾਲੇ ਰਾਜ ਪ੍ਰਬੰਧ ਦੀ ਸਿਰਜਣਾ ਲਈ ਸੰਘਰਸ਼ ਕੀਤਾ। ਉਹ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਟਰੱਸਟੀ ਸਨ ਅਤੇ ਹੋਰ ਜ਼ਿੰਮੇਵਾਰੀਆਂ ਦੇ ਨਾਲ ਨਾਲ ਕਮੇਟੀ ਦੇ ਦੋ ਵਾਰ ਪ੍ਰਧਾਨ ਵੀ ਰਹੇ। ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਦੱਬੇ-ਕੁਚਲੇ ਲੋਕਾਂ ਅਤੇ ਕਿਰਤੀ ਜਮਾਤ ਦੇ ਲੇਖੇ ਲਗਾ ਦਿੱਤੀ। ਕਾਲਜ ਸਮੇਂ ਤੋਂ ਲੈਕੇ ਹੁਣ ਤੱਕ ਉਹਨਾਂ ਨੇ ਬਹੁਤ ਸਾਰੇ ਸੰਘਰਸ਼ਾਂ ਦੀ ਅਗਵਾਈ ਕੀਤੀ। ਉਹਨਾਂ ਦੇ ਜਾਣ ਨਾਲ ਕਮਿਊਨਿਸਟ ਇਨਕਲਾਬੀ ਲੋਕ ਲਹਿਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਵੱਖ ਵੱਖ ਜਥੇਬੰਦੀਆਂ ਅਤੇ ਸ਼ਖ਼ਸੀਅਤਾਂ ਵੱਲੋਂ ਭੇਜੇ ਗਏ ਸ਼ੋਕ ਸੰਦੇਸ਼ ਵੀ ਮੰਚ ਤੋਂ ਪੜ੍ਹਕੇ ਸੁਣਾਏ ਗਏ। --0--
(ਸਮਾਗਮ ਪ੍ਰਬੰਧਕਾਂ ਵੱਲੋਂ ਜਾਰੀ ਬਿਆਨ)

No comments:
Post a Comment