Showing posts with label Sadhu Singh Takhtupura. Show all posts
Showing posts with label Sadhu Singh Takhtupura. Show all posts

Monday, May 2, 2016

15) ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੀ 6ਵੀਂ ਬਰਸੀ


ਕਰਜਾ-ਮੁਕਤੀ ਤੇ ਔਰਤ-ਮੁਕਤੀ ਨੂੰ ਸਮਰਪਤ

ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੀ 6ਵੀਂ ਬਰਸੀ

      ਇਸ ਵਾਰ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੀ ਬਰਸੀ 8 ਮਾਰਚ ਨੂੰ ਮਨਾਈ ਗਈ ਜੋ ਕਿ ਕਰਜਾ-ਮੁਕਤੀ ਤੇ ਔਰਤ-ਮਕਤੀ ਨੂੰ ਸਮਰਪਤ ਸੀ। ਕਿਉਂਕਿ ਇਕ ਪਾਸੇ ਤਾਂ ਇਹ ਬੀ ਕੇ ਯੂ ਏਕਤਾ (ਉਗਰਾਹਾਂ) ਦਾ ਹੋਰਨਾਂ ਕਿਸਾਨ ਜਥੇਬੰਦੀਆਂ ਦੇ ਮਕਾਬਲੇ ਵਿਸ਼ੇਸ ਤੇ ਵਿਲੱਖਣ ਲੱਛਣ ਹੈ ਕਿ ਉਹ ਹਮੇਸ਼ਾ ਹੀ ਕਰਜੇ ਨਾਲ ਸਬੰਧਤ ਮੁੱਦੇ ਨੂੰ ਖਾਸ ਕਰਕੇ ਸੂਦਖੋਰੀ ਕਰਜੇ ਦੇ ਮੁੱਦੇ ਨੂੰ ਚੂਲ-ਮੁੱਦੇ ਵਜੋਂ ਲੈਂਦੀ ਰਹੀ ਹੈ ਤੇ ਆਪਣੇ ਇਸ ਵਿਸ਼ੇਸ਼ ਤੇ ਵਿਲੱਖਣ  ਲੱਛਣ ਸਦਕਾ ਹੀ ਕਿਸਾਨੀ ਦੀਆਂ ਹੇਠਲੀਆਂ ਗਰੀਬ ਪਰਤਾਂ ‘ਚ ਆਪਣੀਆਂ ਜੜ੍ਹਾਂ ਲਾਉਣ ‘ਚ ਕਾਮਯਾਬ ਹੋਈ ਹੈ ਤੇ ਏਸੇ ਕਰਕੇ ਹੀ ਉਹਦਾ ਪੰਜਾਬ ਅੰਦਰ ਜੁਝਾਰ ਤੇ ਸ਼੍ਰੋਮਣੀ ਕਿਸਾਨ ਜਥੇਬੰਦੀ ਦਾ ਨਕਸ਼ਾ ਬਣਿਆ ਹੈ। ਸ਼ਹੀਦ ਸਾਧੂ ਸਿੰਘ ਵੀ ਕਰਜੇ ਤੇ ਜਮੀਨ ਦੇ ਜੜੁੱਤ ਮੁੱਦੇ ਤੇ ਮੂਹਰਲੀਆਂ ਸਫਾਂ ‘ਚ ਹੋ ਕੇ ਲੜਨ ਕਰਕੇ ਹੀ ਇੱਕ ਹਰਮਨਪਿਆਰੇ ਤੇ ਜੁਝਾਰ ਕਿਸਾਨ ਆਗੂ ਵਜੋਂ ਉੱਭਰਿਆ ਸੀ ਤੇ ਜਿਸ ਧੜੱਲੇ, ਦਲੇਰੀ ਤੇ ਦ੍ਰਿੜ੍ਹਤਾ ਨਾਲ ਉਸ ਨੇ ਇਸ ਲੜਾਈ ਦੀ ਆਗਵਾਈ ਕੀਤੀ, ਉਹ ਸਮੁੱਚੇ ਕਿਸਾਨ ਕਰਿੰਦਿਆਂ ਤੇ ਵਰਕਰਾਂ ਲਈ ਪ੍ਰੇਰਨਾ ਸਰੋਤ ਬਣਿਆ ਹੈ।
           ਦੂਜੇ ਪਾਸੇ ਬੀ.ਕੇ.ਯੂ. ਏਕਤਾ (ਉਗਰਾਹਾਂ) ਦਾ ਇੱਕ ਵਿਸ਼ੇਸ਼ ਤੇ ਉੱਭਰਵਾਂ ਲੱਛਣ ਉਹਦੇ ਵੱਲੋਂ ਘੋਲਾਂ ਅੰਦਰ ਕਿਸਾਨ ਔਰਤਾਂ ਦੀ ਸ਼ਮੂਲੀਅਤ ਲਈ ਗਹਿਰ ਗੰਭੀਰ ਉੱਦਮ ਜੁਟਾਉਣਾ ਹੈ। ਬੀ.ਕੇ.ਯੂ ਏਕਤਾ (ਉਗਰਾਹਾਂ) ਕਿਸਾਨ ਔਰਤਾਂ ਨੂੰ ਉੱਭਰ ਰਹੀ ਕਿਸਾਨ ਲਹਿਰ ਦਾ ਅਨਿੱਖੜਵਾ ਅੰਗ ਸਮਝਦੀ ਹੈ ਤੇ ਇਨ੍ਹਾਂ ਔਰਤਾਂ ਨੂੰ ਬਕਾਇਦਾ ਕਿਸਾਨ ਦਾ ਦਰਜਾ ਦਿੰਦਿਆਂ ਇਨ੍ਹਾਂ ਦੀ ਵੱਧ ਤੋਂ ਵੱਧ ਸ਼ਮੂਅਤ ਲਈ ਵੱਧ ਤੋਂ ਵੱਧ ਸੰਭਵ ਯਤਨ ਕਰਦੀ ਹੈ। ਇਹੀ ਕਾਰਨ ਹੈ ਕਿ ਹੋਰਨਾਂ ਕਿਸਾਨ ਜਥੇਬੰਦੀਆਂ ਦੇ ਮੁਕਾਬਲੇ ਬੀ.ਕੇ.ਯੂ.ਏਕਤਾ (ਉਗਰਾਹਾਂ) ਦੇ ਸੰਘਰਸ਼ਾਂ ਅੰਦਰ ਔਰਤਾਂ ਦੀ ਸ਼ਮੂਲੀਅਤ ਕਿਤੇ ਵਡੇਰੀ ਹੁੰਦੀ ਹੈ ਤੇ ਹੁਣ ਲਗਭਗ ਆਵਦੇ ਅੰਦਰ ਵੀ ਮਰਦ ਕਿਸਾਨਾਂ ਦੇ ਅੱਧ ਦੇ ਨੇੜ ਨੂੰ ਉੱਪੜਦੀ ਹੈ। ਪ੍ਰੰਤੂ ਬੀ.ਕੇ.ਏਕਤਾ ਦਾ ਇਸ ਤੋਂ ਵੀ ਵਿਲੱਖਣ ਤੇ ਵੱਡਾ ਲੱਛਣ ਇਹ ਹੈ ਕਿ ਉਹ ਆਪਣੀ ਅਗਵਾਈ ਹੇਠਲੀਆਂ ਕਿਸਾਨ ਸ਼ਕਤੀਆਂ ਨੂੰ ਕਿਸਾਨੀ ਦੀਆਂ ਆਰਥਕ ਸਿਆਸੀ ਤਬਕਾਤੀ ਮੰਗਾਂ ਖਾਤਰ ਲਾਮਬੰਦ ਕਰਨ ਤੱਕ ਹੀ ਸੀਮਤ ਨਹੀਂ ਰਹਿੰਦੀ, ਸਗੋਂ ਉਨ੍ਹਾਂ ਦੇ ਸਮਾਜਕ-ਸੱਭਿਆਚਾਰਕ ਸਰੋਕਾਰਾਂ ਨੂੰ ਵੀ ਆਪਣੇ ਕਲਾਵੇ ਵਿਚ ਲੈਂਦੀ ਹੈ-ਸਿੱਟੇ ਵਜੋਂ ਇਹ ਜਥੇਬੰਦੀ ਲੋਕਾਂ ਦੇ ਜਮਹੂਰੀ ਹੱਕਾਂ ਦੇ ਸੁਆਲ ’ਤੇ ਫਿਰਕਾਪ੍ਰਸਤੀ/ਇਲਾਕਾਪ੍ਰਸਤੀ ਦੇ ਵਿਰੋਧ ਦੇ ਸੁਆਲ ’ਤੇ, ਕਿਸਾਨ ਤੇ ਲੋਕ-ਲਹਿਰ ਦੇ ਸਹਿਤਕ ਲਹਿਰ ਨਾਲ ਰਿਸ਼ਤੇ ਦੇ ਸੁਆਲ ’ਤੇ, ਔਰਤਾਂ ਦੇ ਮਾਮਲੇ ‘ਚ ਸਮਾਜਕ ਗੁੰਡਾਗਰਦੀ, ਭਰੂਣ ਹੱਤਿਆ ਤੇ ਔਰਤ-ਆਜਾਦੀ ਆਦਿ ਦੇ ਸੁਆਲਾਂ ’ਤੇ ਦਰੁਸਤ ਪਹੁੰਚ ਅਪਣਾਉਂਦੀ ਹੈ ਤੇ ਸਮਰੱਥਾ ਮੁਤਾਬਕ ਨਿੱਠ ਕੇ ਸਰਗਰਮੀ ਕਰਦੀ ਹੈ। ਸ਼ਹੀਦ ਸਾਧੂ ਸਿੰਘ ਦੀ ਬਰਸੀ ਔਰਤ ਮੁਕਤੀ ਨੂੰ ਸਮਰਪਤ ਕਰਨਾ, ਪਿਛਲੇ ਪੰਦਰਾਂ ਦਿਨਾਂ ਤੋਂ ਆਵਦੇ ਕੰਮ ਖੇਤਰ ਵਾਲੇ ਸਾਰੇ ਜਿਲ੍ਹਿਆਂ ਅੰਦਰ ਔਰਤ-ਬਰਾਬਰੀ ਤੇ ਮੁਕਤੀ ਦੇ ਸੁਆਲ ’ਤੇ ਭਰਵੀਆਂ ਜਨਤਕ ਮੀਟਿੰਗਾਂ ਦਾ ਤਾਂਤਾ ਬੰਨ੍ਹਣਾ, ਸਿੱਟੇ ਵਜੋਂ ਇਸ ਬਰਸੀ ਸਮਾਗਮ ਅੰਦਰ ਲਗਭਗ ਕੁੱਲ ਦਸ ਹਜਾਰ ਦੀ ਗਿਣਣੀ ’ਚੋਂ ਅੱਧ ਜਾਂ ਅੱਧ ਤੋਂ ਭੋਰਾ ਵੱਧ ਔਰਤਾਂ ਦਾ ਹੋਣਾ, ਸਟੇਜ ਦਾ ਪ੍ਰਬੰਧ ਨਿਰੋਲ ਔਰਤਾਂ ਕੋਲ ਹੋਣਾ, ਤੇ ਔਰਤ ਮੁਕਤੀ ਸਬੰਧੀ ਮੁੱਖ ਬੁਲਾਰੇ ਔਰਤਾਂ ’ਚੋਂ ਹੋਣਾ, ਇਸੇ ਸਹੀ ਸੋਚ ਤੇ ਸਰਗਰਮੀ ਦੀ ਉੱਘੜਵੀਂ ਉਦਾਹਰਣ ਹੈ।
  ਜਿੱਥੋਂ ਤੱਕ ਸਾਧੂ ਸਿੰਘ ਦੀ ਬਰਸੀ ਨਾਲ ਔਰਤ-ਸ਼ਕਤੀ ਦੇ ਵਿਸ਼ੇ ਨੂੰ ਜੋੜਨ ਦਾ ਸਬੰਧ ਹੈ, ਕਿਸਾਨਾਂ ਦੀ ਜਮੀਨਾਂ ਤੇ ਕਰਜੇ ਦੀ ਲੜਾਈ ਦੇ ਵੱਡੇ ਮਹੱਤਵ ਨੂੰ ਸਮਝਣ ਤੇ ਇਹਦੀ ਡਟਵੀਂ ਅਗਵਾਈ ਕਰਨ ਤੋਂ ਇਲਾਵਾ ਸ਼ਗੀਦ ਸਾਧੂ ਸਿੰਘ ਦੇ ਦੋ ਵਿਸ਼ੇਸ਼ ਸਮਾਜਕ ਸਰੋਕਾਰ ਸਨ। ਇੱਕ ਸੀ ਖੇਤ ਮਜ਼ਦੂਰਾਂ ਨੂੰ ਕਿਸਾਨਾਂ ਦਾ ਦਰਜਾ ਦੇਣਾ, ਇਹਨਾਂ ਨਾਲ ਪੱਕੀ ਜੋਟੀ ਪਉਣ ਤੋਂ ਇਲਾਵਾ ਕਿਸਾਨ ਸਮਾਜ ਅੰਦਰ ਜਾਤ-ਪਾਤੀ ਕੋਹੜ ਨੂੰ ਵੱਢਣਾ-ਜੀਹਦੀ ਪੁਸ਼ਟੀ ਕਰਦਿਆਂ ਇਸ ਸਮਾਗਮ ਅੰਦਰ ਖੇਤ ਮਜ਼ਦੂਰ ਆਗੂ ਜੋਰਾ ਸਿੰਘ ਨਸਰਾਲੀ ਨੇ ਕਿਹਾ ਸੀ ਕਿ ਸ਼ਹੀਦ ਸਾਧੂ ਸਿੰਘ ਖੇਤ ਮਜ਼ਦੂਰਾਂ ਨਾਲ ਸਾਂਝ ਦਾ ਸੁਭਾਵਕ ਸਮੱਰਥਕ ਸੀ, ਕਿਉਂਕ ਮਾਲਕ ਕਿਸਾਨੀ ਦਾ ਜੰਮਪਲ ਹੋ ਕੇ ਵੀ ਜਦੋਂ ਕਦੇ ਸਾਧੂ ਸਿੰਘ ਇੱਕ ਸੰਵੇਦਨਸ਼ੀਲ ਇਨਕਲਾਬੀ ਕਵੀ ਵਜੋਂ ਕੁੱਝ ਲਿਖਦਾ ਸੀ ਤਾਂ ਉਹਦੀ ਰੂਹ ਖੇਤ ਮਜਦੂਰਾਂ ਦੇ ਵੇਹੜਿਉਂ ਬੋਲਦੀ ਸੀ, ਉਨ੍ਹਾਂ ਨਾਲ ਇਕ-ਮਿੱਕ ਹੋ ਕੇ ਉਹਨਾਂ ਦੀ ਆਵਾਜ ਬਣ ਕੇ ਗੂੰਜਦੀ ਸੀ। ਉਸ ਦਾ ਦੂਜਾ ਵਿਸ਼ੇਸ਼ ਸਰੋਕਾਰ ਸੀ ਔਰਤ ਦੀ ਬਰਾਬਰੀ ਤੇ ਆਜਾਦੀ। ਉਹ ਨਾ ਸਿਰਫ ਵੱਧ ਤੋਂ ਵੱਧ ਕਿਸਾਨ ਮਜਦੂਰ ਔਰਤਾਂ ਨੂੰ ਇਹਨਾਂ ਦੇ ਜਮਾਤੀ ਤਬਕਾਤੀ ਘੋਲਾਂ ‘ਚ ਸ਼ਾਮਲ ਕਰਾਉਣ ਲਈ ਵਿਸ਼ੇਸ਼ ਜੋਰ ਮਾਰਦਾ ਸੀ ਸਗੋਂ ਉਨ੍ਹਾਂ ਨੂੰ ਜਥੇਬੰਦੀਆਂ ਦੇ ਚੇਤਨ ਵਰਕਰਾਂ ਤੇ ਆਗੂਆਂ ‘ਚ ਢਾਲਣ ਲਈ ਵਿਸ਼ੇਸ਼ ਉੱਦਮ ਜੁਟਾਉਂਦਾ ਸੀ। ਇੱਕ ਲੋਕ-ਪੱਖੀ ਇਨਕਲਾਬੀ ਕਵੀ ਵਜੋਂ ਉਹ ਨਾ ਸਿਰਫ ਮਾਲਕ ਕਿਸਾਨੀ ਦੀਆਂ ਸਗੋਂ ਖੇਤ ਮਜਦੂਰ ਔਰਤਾਂ ਦੀਆਂ ਸੱਧਰਾਂ ਤੇ ਵਲਵਲਿਆਂ ਦੀ ਹੂਕ ਬਣਕੇ ਗੂੰਜਦਾ ਸੀ। ਉਸ ਸਮਾਗਮ ਦੌਰਾਨ ਪੜ੍ਹ ਕੇ ਜਾਂ ਗਾ ਕੇ ਸੁਣਾਈਆਂ ਗਈਆਂ  ਉਸ ਦੀਆਂ ਕਵਿਤਾਵਾਂ ਤੇ ਕਿਸੇ ਔਰਤ ਮੀਟਿੰਗ ਦੌਰਾਨ ਕੀਤੇ ਗਏ ਉਸ ਦੇ ਭਾਸ਼ਣ ਦੀ ਟੇਪ, ਔਰਤ ਬਰਾਬਰੀ ਤੇ ਆਜਾਦੀ ਦੇ ਉਸਦੇ ਸੰਕਲਪ ਤੇ ਉਸ ਦੀ ਤਾਂਘ ਦੀਆਂ ਠੋਸ ਉਦਾਹਰਣਾਂ ਹਨ।
       ਸ਼ਹੀਦੀ ਸਮਾਗਮ ਦਾ ਆਗਾਜ਼ ਅਮੋਲਕ ਸਿੰਘ ਦੇ ਗੀਤ ‘‘ਉਹ ਤਾਰਾ ਬਣਿਆ ਅੰਬਰਾਂ ਦਾ, ਕੌਣ ਕਹੇ ਉਹ ਮਰਿਆ ਹੈ’’ ਤੇ ਅਧਾਰਤ ਕੋਰੀਓਗਰਾਫੀ ਰਾਹੀਂ ਹੋਇਆ, ਜੀਹਦੇ ਅੰਦਰ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੇ ਇਨਕਲਾਬੀ ਰੋਲ ਤੇ ਆਦਰਸ਼ਾਂ ਨੂੰ ਉਚਿਆਇਆ ਗਿਆ ਸੀ। ਪਿੱਛੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਵੀ ਸਮਾਗਮ ਦੇ ਸਮਾਪਤੀ ਭਾਸ਼ਨ ਦੌਰਾਨ ਸ਼ਹੀਦ ਸਾਧੂ ਸਿੰਘ ਦੇ ਇਨਕਲਾਬੀ ਵਿਚਾਰਾਂ ਤੇ ਆਦਰਸ਼ਾਂ ਦੀ ਗੱਲ ਕਰਦਿਆਂ ਕਿਹਾ ਕਿ ਉਹ ਸਿਰਫ ਕਿਸਾਨਾਂ ਦਾ ਹੀ ਆਗੂ ਨਹੀਂ ਸੀ, ਉਹ ਸਾਰੇ ਮਿਹਨਤਕਸ਼ ਤਬਕਿਆਂ ਨੂੰ ਘੇਰੇ ‘ਚ ਲੈਂਦਾ ਸੀ ਤੇ ਇਨ੍ਹਾਂ ਦੀ ਸਾਂਝ ਚਾਹੁੰਦਾ ਸੀ। ਸਾਨੂੰ ਉਹਦੇ ਇਨਕਲਾਬੀ ਗੁਣਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।
      ਕਿਸਾਨੀ ਕਰਜੇ ਦੇ ਮੁੱਦੇ ’ਤੇ ਗੱਲ ਕਰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਕਰਜੇ ਦੀ ਸਮੱਸਿਆ ਗਹਿਰੀਆਂ ਜੜ੍ਹਾਂ ਵਾਲੀ ਸਮੱਸਿਆ ਹੈ, ਜਿਹੜੀ ਮੌਜੂਦਾ ਕਿਸਾਨੀ ਸੰਕਟ ਦੀ ਚੂਲ ਹੈ ਤੇ ਜੀਹਦੇ ਹੱਲ ਹੋਏ ਬਿਨਾਂ ਕਿਸਾਨੀ ਦਾ ਕਲਿਆਣ ਸੰਭਵ ਨਹੀਂ ਹੈ। ਪਰ ਇਹ ਸਮੱਸਿਆ ਕੋਈ ਅਸਮਾਨੋ ਡਿੱਗੀ ਸਮੱਸਿਆ ਨਹੀਂ ਹੈ, ਸਗੋਂ ਇਹ ਸਾਡੇ ਵੇਲੇ ਦੇ (ਕੇਂਦਰੀ/ਸੂਬਾਈ) ਹਾਕਮਾਂ ਦੀਆਂ ਨੀਤੀਆਂ ਤੇ ਨੀਤ ਦੀ ਹੀ ਦੇਣ ਹੈ। ਸਮੱਸਿਆ ਦੇ ਪਿਛੋਕੜ ‘ਚ ਜਾਂਦਿਆਂ ਸ੍ਰੀ ਕੋਕਰੀ ਨੇ ਕਿਹਾ ਕਿ ਭਾਵੇਂ ਅੰਗਰੇਜਾਂ ਦੇ ਰਾਜ ਸਮੇਂ ਹੀ ਜਗੀਰਦਾਰਾਂ ਤੇ ਸੂਦਖੋਰਾਂ ਨੂੰ ਕਿਸਾਨੀ ਦੀ ਅੰਨ੍ਹੀ ਲੁੱਟ ਕਰਨ ਲਈ ਅਥਾਹ ਸ਼ਕਤੀਆਂ ਪ੍ਰਦਾਨ ਕਰ ਦਿੱਤੀਆਂ ਗਈਆਂ ਸਨ, ਤੇ ਮੌੜਵੇਂ ਰੂਪ ‘ਚ ਇਹ ਪਿਛਾਖੜੀ ਤਾਕਤਾਂ ਨਾ ਸਿਰਫ ਵਿਦੇਸ਼ੀ ਲੁੱਟ ਨੂੰ ਯਕੀਨੀ ਬਣਾਉਣ ‘ਚ ਸਹਾਈ ਹੋਈਆਂ ਸਨ ਸਗੋਂ ਇਹ ਕਿਸਾਨਾਂ ਨੂੰ ਦਬਾ ਕੇ ਰੱਖਣ ਲਈ ਅੰਗਰੇਜ ਹਕੂਮਤ ਦੀ ਸਮਾਜਕ ਢੋਈ ਬਣੀਆਂ ਸਨ। ਪਰ 1990 ਤੋਂ ਬਾਦ ਸਾਡੇ ਕੇਂਦਰੀ ਤੇ ਸੂਬਾਈ ਹਾਕਮਾਂ ਨੇ ਵਿਦੇਸ਼ੀ  ਸਾਮਰਾਜੀ ਤਾਕਤਾਂ ਤੇ ਸੰਸਥਾਵਾਂ ਦੇ ਹੁਕਮਾਂ ਹੇਠ ਅਜਿਹੀਆਂ ਨੀਤੀਆਂ ਅਪਣਾ ਲਈਆਂ ਹਨ, ਜਿਹੜੀਆਂ ਕਰਜੇ ਦੀ ਸਮੱਸਿਆ ਨੂੰ ਹੱਲ ਕਰਨ ਦੀ ਥਾਂ ਇਸ ਨੂੰ ਅਤਿਅੰਤ ਗੰਭੀਰ ਬਣਾਉਂਦੀਆਂ ਹਨ ਤੇ ਕਿਸਾਨੀ ਨੂੰ ਤਬਾਹੀ ਤੇ ਖੁਦਕਸ਼ੀਆਂ ਦੇ ਰਾਹ ਧੱਕ ਰਹੀਆਂ ਹਨ-ਮਿਸਾਲ ਵਜੋਂ.-
 -ਕਰਜੇ ਦੀ ਸਮੱਸਿਆ ਦੀ ਮੂਲ ਵਜਾਹ ਜਮੀਨ ਦੀ ਤੋਟ ਹੈ ਤੇ ਇਹ ਮੋੜਵੇਂ ਰੂਪ ‘ਚ ਕਿਸਾਨਾਂ ਹੱਥੋਂ ਹੋਰ ਜਮੀਨ ਖੁੱਸਣ ਦਾ ਕਾਰਨ ਬਣਦੀ ਹੈ, ਜੀਹਦਾ ਹੱਲ ਇਹ ਬਣਦਾ ਸੀ ਕਿ ਜਮੀਨ ਦੀ ਕਾਣੀ-ਵੰਡ ਖਤਮ ਕੀਤੀ ਜਾਵੇ, ਜਾਗੀਰਦਾਰਾਂ ਤੋਂ ਵਾਧੂ ਜਮੀਨ ਲੈ ਕੇ ਬੇਜਮੀਨੇ ਤੇ ਗਰੀਬ ਕਿਸਾਨਾਂ ਤੇ ਖੇਤ ਮਜਦੂਰਾਂ ‘ਚ ਵੰਡੀ ਜਾਵੇ-ਪੰਜਾਬ ‘ਚ ਜਮੀਨੀ ਹੱਦਬੰਦੀ ਤੋਂ ਉਪਰ ਕਾਨੂੰਨੀ ਤੌਰ ’ਤੇ ਵੰਡਣ ਯੋਗ ਪੌਣੇ ਸਤਾਰਾ ਲੱਖ ਏਕੜ ਜਮੀਨ ਬਣਦੀ ਹੈ ਪਰ ਸਾਡੀ ਹਕੂਮਤ ਜਮੀਨੀ ਸੁਧਾਰਾਂ ਤੇ ਜਮੀਨੀ ਹੱਦਬੰਦੀ ਦੀ ਸਫ ਵਲੇਟ ਕੇ ਨਵੇਂ ਕਾਨੂੰਨ ਲਿਆ ਰਹੇ ਹਨ ਤੇ ਕਿਸਾਨਾਂ ਤੋਂ ਵੱਖ ਵੱਖ ਪ੍ਰੋਜੈਕਟਾਂ ਦੇ ਨਾਂ ਹੇਠ ਬਾਕੀ ਰਹਿੰਦੀਆਂ ਜਮੀਨਾਂ ਖੋਹਣ ਦੀ ਨੀਤੀ ਤੇ ਚੱਲ ਰਹੇ ਹਨ। ਦਰਅਸਲ ਉਹ ਬਿਨਾਂ ਕਿਸੇ ਬਦਲਵੇਂ ਪ੍ਰਬੰਧ ਦੇ 40% ਕਿਸਾਨਾਂ ਨੂੰ ਖੇਤੀ ਕਿੱਤੇ ’ਚੋਂ ਬਾਹਰ ਧੱਕਣ ’ਤੇ ਤੁਲੇ ਹੋਏ ਹਨ।
-ਕਿਸਾਨੀ ਕਰਜੇ ਦੀ ਸਮੱਸਿਆ ਦਾ ਦੂਜਾ ਹੱਲ ਇਹ ਬਣਦਾ ਹੈ ਕਿ ਖੇਤੀ ਲਾਗਤਾਂ ਦੇ ਅੰਨ੍ਹੇ ਮੁਨਾਫੇ ਕੱਟ ਕੇ ਤੇ ਫਸਲਾਂ ਦੇ ਮੁਨਾਫਾਬਖਸ਼ ਭਾਅ ਤਹਿ ਕਰਕੇ ਖੇਤੀ ਨੂੰ ਲਾਹੇਵੰਦ ਕਿੱਤਾ ਬਣਾਇਆ ਜਾਵੇ। ਪਰ ਹੋ ਇਸ ਤੋਂ ਐਨ ਉਲਟ ਰਿਹਾ ਹੈ। ਪਿਛਲੇ ਵਰ੍ਹਿਆਂ ਅੰਦਰ ਲਾਗਤ ਵਸਤਾਂ ਦੇ ਅੰਨ੍ਹੇ ਮੁਨਾਫਿਆਂ ਨੂੰ ਅੰਤਾਂ ਦੀ ਤੇਜੀ ਨਾਲ ਵਧਣ ਦੀਆਂ ਖੁੱਲ੍ਹੀਆਂ ਛੁੱਟੀਆਂ ਦੇ ਕੇ ਦੂਜੇ ਪਾਸੇ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਜਾਮ ਜਾਂ ਨਿਗੂਣੇ ਵਧਾ ਕੇ ਇਸ ਪਾੜੇ ਨੂੰ ਬੇਓੜਕ ਵਧਾਇਆ  ਗਿਆ ਹੈ। ਜਿਸ ਦੇ ਸਿੱਟੇ ਵਜੋਂ ਨਾ ਸਿਰਫ ਖੇਤੀ ਨੂੰ ਘਾਟੇ-ਵੰਦਾ ਧੰਦਾ ਬਣਾਇਆ ਗਿਾਆ ਹੈ ਸਗੋਂ ਕਿਸਾਨੀ ਨੂੰ ਮੁਕੰਮਲ ਤੌਰ ’ਤੇ ਕੰਗਾਲ ਕਰ ਕੇ ਖੁਦਕਸ਼ੀਆਂ ਦੇ ਰਾਹ ਧੱਕ ਦਿਤਾ ਗਿਆ  ਹੈ।
-ਕਿਸਾਨੀ ਕਰਜੇ ਦੀ ਸਮੱਸਿਆ ਦਾ ਇਕ ਹੋਰ ਹੱਲ ਕਰਜਾ ਬਿਨਾ ਵਿਆਜ ਦੇਣਾ ਤੇ ਲੰਮੇ ਦਾਅ ਦੇ ਕਰਜੇ ਸਸਤੇ ਭਾਅ ਤੇ ਯਕੀਨੀ ਬਣਾ ਕੇ ਕਿਸਾਨੀ ਨੂੰ ਰੱਤ-ਚੂਸ ਸ਼ਾਹੂਕਾਰ ਕਰਜੇ ਦੇ ਚੁੰਗਲ ’ਚੋਂ ਬਾਹਰ ਕੱਢਣਾ ਬਣਦਾ ਹੈ, ਪਰ ਹੋ ਇਸ ਤੋਂ ਉਲਟ ਰਿਹਾ ਹੈ-ਅਖੌਤੀ ਨਵੀਆਂ ਆਰਥਕ ਨੀਤੀਆਂ ਤਹਿਤ ਕਿਸਾਨਾਂ ਨੂੰ ਸਸਤੇ ਕਰਜੇ ਦੀਆਂ ਰਿਆਇਤਾਂ ਖਤਮ ਕੀਤੀਆਂ ਜਾ ਰਹੀਆਂ ਹਨ, ਬੈਂਕ ਕਰਜਾ ਉਲਟਾ ਸ਼ਾਹੂਕਾਰਾ ਕਰਜੇ ਦੀ ਲੁੱਟ ਵਧਾਉਣ ‘ਚ ਸਹਾਈ ਹੋ ਰਿਹਾ ਹੈ ਤੇ ਹੁਣ ਬਾਦਲ ਹਕੂਮਤ ਵੱਲੋਂ ਸੂਦਖੋਰੀ ਵਿਰੋਧੀ ਕਰਜਾ ਬਿੱਲ ਨੂੰ ਵੀ ਕਿਸਾਨ ਪੱਖੀ ਬਣਾਉਣ ਦੀ ਥਾਂ ਸੂਦਖੋਰਾਂ ਦੇ ਦਬਾਅ ਹੇਠ ਸੂਦਖੋਰ-ਪੱਖੀ ਬਣਾਇਆ ਜਾ ਰਿਹਾ ਹੈ।
- ਕਿਸਾਨੀ ਕਰਜੇ ਦੀ ਸਮੱਸਿਆ  ਹੱਲ ਕਰਨ ਲਈ ਇੱਕ ਅਹਿਮ ਉਪਾਅ ਇਹ ਬਣਦਾ ਹੈ ਕਿ ਫਸਲਾਂ ਦੇ ਕੁਦਰਤੀ ਆਫਤਾਂ ਜਾਂ ਨਕਲੀ ਬੀਜਾਂ/ਦਾਵਾਈਆਂ ਕਰਕੇ ਹੋਏ ਹਰਜੇ ਦਾ ਪੂਰਾ ਮੁਆਵਜਾ ਯਕੀਨੀ ਬਣਾਇਆ ਜਾਵੇ। ਨਕਲੀ ਬੀਜਾਂ/ਦਵਾਈਆਂ ਵੇਚਣ ਵਾਲਿਆਂ ਨੂੰ ਕਰੜੀਆਂ ਸਜਾਵਾਂ ਦਿੱਤੀਆਂ ਜਾਣ। ਪਰ ਅਸਲ ਵਿਚ ਆਨੀ ਬਹਾਨੀ ਅਜਿਹੇ ਖਰਾਬੇ ਸਮੇਂ ਬਣਦਾ ਮੁਆਵਜਾ ਦੇਣ ਤੋਂ ਟਾਲਾ ਵੱਟਿਆ ਜਾਂਦਾ ਹੈ। 15-15 ਜਾਂ 20-20 ਰੁਪਏ ਦੇ ਚੈਕ ਦੇ ਕੇ ਕਿਸਾਨਾਂ ਨੂੰ ਜਲੀਲ ਕੀਤਾ ਜਾਂਦਾ ਹੈ। ਤੇ ਨਕਦੀ ਬੀਜਾਂ/ਦਵਾਈਆਂ ਦੇ ਵਪਾਰੀਆਂ ਨਾਲ ਸਾਂਠ-ਗਾਂਠ ਕਰਕੇ ਕਿਸਾਨੀ ਨੂੰ ਤਬਾਹੀ ਵੱਲ ਧੱਕਿਆ ਜਾਂਦਾ ਹੈ। ਇਸ ਵੇਰ ਚੋਣਾਂ ਕਰਕੇ ਭਾਵੇਂ ਚਿੱਟੀ ਮੱਖੀ ਰਾਹੀਂ ਉਜਾੜੇ ਸਮੇਂ 8000 ਰੁ. ਪ੍ਰਤੀ ਏਕੜ ਮੁਆਵਜਾ ਦਿੱਤਾ ਗਿਆ ਹੈ ਤੇ ਖੇਤ ਮਜਦੂਰਾਂ ਲਈ 64 ਕਰੋੜ ਰੱਖਿਆ ਗਿਆ ਹੈ ਪਰ ਇਹ ਸਹੀ ਕਾਸ਼ਤਕਾਰਾਂ ਨੂੰ ਦੇਣ ਦੀ ਥਾਂ ਹਾਕਮ ਪਾਰਟੀ ਦੇ ਕਰਿੰਦਿਆਂ ਰਾਹੀਂ ਆਵਦਿਆਂ ਨੂੰ ਦੇ ਕੇ ਇਸ ਨੂੰ ਵੋਟਾਂ ਵਟੋਰਨ ਦਾ ਸਾਧਨ ਬਣਾਇਆ ਜਾ ਰਿਹਾ ਹੈ।
-ਕਿਸਾਨੀ ਕਰਜੇ ਦੀ ਸਮੱਸਿਆ ਨੂੰ ਹੱਲਾ ਕਰਨ ਦਾ ਇੱਕ ਉਪਾਅ ਆਮ ਮਹਿੰਗਾਈ ਤੇ ਸਿਆਸੀ ਪ੍ਰਬੰਧਕੀ ਭਰਿਸ਼ਟਾਚਾਰ ਨੂੰ ਨੱਥ ਮਾਰਨਾ ਹੈ। ਜਦੋਂ ਕਿ ਹਕੀਕਤ ਇਹ ਹੈ ਕਿ ਹਾਕਮਾਂ ਦੀਆਂ ਲੁਟੇਰੀਆਂ ਨੀਤੀਆਂ ਕਰਕੇ ਆਮ ਮਹਿੰਗਾਈ ਅਤੇ ਸਿਆਸੀ ਪ੍ਰਬੰਧਕੀ ਭ੍ਰਿਸ਼ਟਾਚਾਰ ਅੰਤਾਂ ਦੀ ਤੇਜੀ ਨਾਲ ਵਧ ਰਹੇ ਹਨ ਤੇ ਮਿਹਨਤਕਸ਼ ਲੋਕਾਂ ਦਾ ਕਚੂੰਮਰ ਕੱਢ ਰਹੇ ਹਨ। ਇਸ ਤੋਂ ਵੀ ਅੱਗੇ ਸੇਵਾਵਾਂ ਦੇ ਨਿੱਜੀਕਰਨ ਤੇ ਵਪਾਰੀ ਕਰਨ ਦੇ ਨਾਂ ਹੇਠ ਵਿਦਿਆ, ਸਿਹਤ, ਬਿਜਲੀ ਤੇ ਹੋਰ ਸੇਵਾਵਾਂ ਅਤਿਅੰਤ ਮਹਿੰਗੀਆਂ ਕੀਤੀਆਂ ਜਾ ਰਹੀਆਂ ਹਨ। ਤੇ ਦੂਜੇ ਪਾਸੇ ਏਸੇ ਨਿੱਜੀਕਰਨ ਦੇ ਨਾਂ ਹੇਠ ਕਿਸਾਨਾਂ/ਖੇਤ ਮਜਦੂਰਾਂ ਦੇ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਤੋਂ ਕੋਰਾ ਜਵਾਬ ਦੇ ਕੇ ਬੇਰੁਜਗਾਰੀ ਜਾਂ ਅਰਧ-ਰੁਜਗਾਰੀ ਦੇ ਮੂੰਹ ਧੱਕਿਆ ਜਾ ਰਿਹਾ ਹੈ। ਇਸ ਤੋਂ ਵੀ ਅੱਗੇ ਕੌਮੀ ਮੰਡੀ ਦੇ ਨਾਂ ਹੇਠ ਕਿਸਾਨੀ ਫਸਲਾਂ ਦੇ ਭਾਅ ਮਿਥਣ ਤੇ ਇਹਨਾਂ ਦੀ ਸਰਕਾਰੀ ਖਰੀਦ ਦੀ ਨੀਤੀ ਤੋਂ ਵੀ ਭੱਜਿਆ ਜਾ ਰਿਹਾ ਹੈ ਤੇ ਕਿਸਾਨਾਂ ਨੂੰ ਦੇਸੀ ਵਿਦੇਸ਼ੀ ਵੱਡੇ ਵਪਾਰੀਆਂ ਦੇ ਰਹਿਮੋ-ਕਰਮ ’ਤੇ ਛੱਡਿਆ ਜਾ ਰਿਹਾ ਹੈ।
-ਇਸ ਤੋਂ ਵੀ ਅੱਗੇ ਮਾਯੂਸੀ ਤੇ ਨਿਰਾਸ਼ਾ ਦੇ ਆਲਮ ‘ਚ ਭਟਕਦੇ ਸਾਡੇ ਬੱਚਿਆਂ ਨੂੰ ਨਸ਼ਿਆਂ, ਹਿੰਸਾ ਤੇ ਅਪਰਾਧਕ ਕਾਰਵਾਈਆਂ ਦੀ ਲਤ ਲਾਕੇ ਪਹਿਲਾਂ ਹੀ ਅਸਹਿ ਕਰਜਿਆਂ ਦੀ ਮਾਰ ਹੇਠ ਆਏ ਹੋਏ ਕਿਸਾਨ ਮਜਦੂਰਾਂ ਨੂੰ ਅਤਿਅੰਤ ਵੱਡੇ ਖਰਚਿਆਂ ਤੇ ਪੁਆੜਿਆਂ ਦੇ ਮੂੰਹ ਧੱਕ ਦਿੱਤਾ ਜਾਂਦਾ ਹੈ।
      ਉਪਰੋਕਤ ਤੱਥਾਂ ਦੀ ਰੋਸ਼ਨੀ ‘ਚ ਸ੍ਰੀ ਕੋਕਰੀ ਨੇ ਕਿਹਾ ਕਿ ਦੇਸੀ/ਵਿਦੇਸ਼ੀ ਵੱਡੇ ਸਰਮਾਏਦਾਰਾਂ, ਜਗੀਰਦਾਰਾਂ ਤੇ ਸੂਦਖੋਰਾਂ ਦੇ ਮੁਨਾਫਿਆਂ ਦੀ ਹਵਸ ਪੂਰੀ ਕਰਨ ਲਈ ਮਿਹਨਤਕਸ਼ ਲੋਕਾਂ ’ਤੇ ਕੌਮ ਧ੍ਰੋਹੀ ਨੀਤੀਆਂ ਨੂੰ ਜੋਰ ਸ਼ੋਰ ਨਾਲ ਅਮਲੀ ਜਾਮਾ ਪਹਿਨਾ ਰਹੇ ਇਹਨਾਂ ਹਾਕਮਾਂ ਤੋਂ ਨਾ ਕਰਜੇ ਤੋਂ ਨਿਜਾਤ ਪੁਆਉਣ ਦੀਆਂ ਨੀਤੀਆਂ ਦੀ ਆਸ ਕੀਤੀ ਜਾ ਸਕਦੀ ਹੈ, ਨਾ ਹੀ ਕਿਸੇ ਵੱਡੀ ਕਰਜਾ ਰਾਹਤ ਦੀ। ਇਹ ਵੱਡੇ ਸਰਮਾਏਦਾਰਾਂ ਦੀਆਂ ਕੰਪਨੀਆਂ ਦੇ 1.14 ਲੱਖ ਕਰੋੜ (ਕੇਂਦਰ ਸਰਕਾਰ ਵੱਲੋਂ) ਤੇ ਇੱਕ ਹਜਾਰ ਕਰੋੜ (ਸੂਬਾ ਸਰਕਾਰ ਵੱਲੋਂ) ਦੇ ਕਰਜੇ ਨੂੰ ਨਾ ਉਗਰਾਹੁਣ ਯੋਗ ਗਰਦਾਨ ਕੇ ਤਾਂ ਵੱਟੇ-ਖਾਤੇ ਪਾਏ ਜਾ ਸਕਦੇ ਹਨ, ਪਰ ਕਿਸਾਨਾਂ ਮਜਦੂਰਾਂ ਨੂੰ ਤਾਂ ਕੁੱਝ ਹਜਾਰਾਂ ਦੇ ਕਰਜੇ ਸਦਕਾ ਜਿਹਲ ਭੇਜਣ, ਜਲੀਲ ਕਰਨ ਤੇ ਅੰਤ ਮਰਨ ਲਈ ਮਜਬੂਰ ਕਰਨ ਦੀ ਆਸ ਹੀ ਕੀਤੀ ਜਾ ਸਕਦੀ ਹੈ। ਸੋ ਕਰਜਾ ਮੁਕਤੀ ਦੀ ਲੜਾਈ ਮਿਹਨਤਕਸ਼ ਲੋਕਾਂ ਨੂੰ ਆਪਣੀ ਜਥੇਬੰਦੀ ਤੇ ਆਪਣੀ ਤਾਕਤ ਦੇ ਜੋਰ ਜਾਨ-ਹੂਲਵੀਂ ਲੜਾਈ ਰਾਹੀਂ ਹੀ ਲੜਨੀ ਪੈਣੀ ਹੈ।
      ਔਰਤ ਮੁਕਤੀ ਦੀ ਗੱਲ ਛੇੜਦਿਆਂ ਬੀ.ਕੇ ਯੂ.ਏਕਤਾ ਦੀ ਜਿਲਾ ਆਗੂ ਕੁਲਦੀਪ ਕੌਰ ਕੁੱਸਾ ਨੇ ਸਟੇਜ ਸਕੱਤਰ ਦੀ ਜੁੰਮੇਦਾਰੀ ਬਾ-ਖੂਬੀ ਨਿਭਾਉਂਦਿਆਂ ਕਿਹਾ ਕਿ ਸਾਡੇ ਸਮਾਜ ਅੰਦਰ ਔਰਤਾਂ ਨੂੰ ਪੈਰ ਪੈਰ ਤੇ ਵਿਤਕਰੇ, ਧੱਕੇ ਤੇ ਬੇਇਨਸਾਫੀ ਦਾ ਸ਼ਿਕਾਰ ਹੋਣਾ ਪੈਂਦਾ ਹੈ। ਉਸ ਨੇ ਕਿਹਾ ਜਨਮ ਤੇਂ ਲੈ ਕੇ ਮਰਨ ਤੱਕ ਸਾਡੀ ਔਰਤ ਹਰ ਮੌਕੇ ਤੇ ਵਿਤਕਰੇ ਦਾ ਸ਼ਿਕਾਰ ਹੁੰਦੀ ਹੈ। ਉਹਦੇ ਜਨਮ ਤੇ ਹੀ ਸੋਗ ਹੁੰਦਾ ਹੈ। ਛੋਟੀ ਉਮਰ ਤੋਂ ਲੈਕੇ ਹੀ ਉਹਦੇ ਖਾਣ-ਪੀਣ, ਪਹਿਨਣ-ਪੱਚਰਨ, ਤੁਰਨ-ਫਿਰਨ ’ਤੇ ਪਾਬੰਦੀਆਂ ਲਾਈਆਂ ਜਾਂਦੀਆਂ ਹਨ। ਮਾਪਿਆਂ ਘਰ ਉਹ ‘‘ਬਿਗਾਨਾ ਧਨ’’ ਗਿਣੀ ਜਾਂਦੀ ਹੈ ਤੇ ਸਹੁਰੇ ਘਰ ‘‘ਬੇਗਾਨੀ ਧੀ’’ । ਬਾਹਰ ਵਿਤਕਰੇ ਧੱਕੇ ਦੀ ਗੱਲ ਤਾਂ ਛੱਡੋ, ਆਪਣੇ ਘਰ ਅੰਦਰ ਹੀ ਉਸ ਦੀ ਅਹਿਮ ਫੈਸਲਿਆਂ ‘ਚ ਵੁਕਤ ਨਹੀਂ ਹੁੰਦੀ। ਮਜਦੂਰ ਆਗੂ ਬਲਜੀਤ ਕੌਰ ਨੇ ਕਿਹਾ ਕਿ ਖੇਤ ਮਜਦਰੂ ਔਰਤਾਂ ਨੂੰ ਇੱਸ ਤੋਂ ਵੀ ਵੱਧ ਦਾਬੇ, ਵਿਤਕਰੇ ਤੇ ਧੱਕੇ ਦਾ ਸ਼ਿਕਾਰ ਹੋਣਾ ਪੈਂਦਾ ਹੈ ਕਿਉਂਕਿ ਉਹਨਾਂ ਨਾਲ ਲਿੰਗਿਕ ਵਿਤਕਰੇ ਤੋਂ ਇਲਾਵਾ ਜਾਤ-ਪਾਤੀ ਵਿਤਕਰਾ ਵੀ ਨਾਲ ਜੁੜ ਜਾਂਦਾ ਹੈ ਜੀਹਦੇ ਸਿੱਟੇ ਵਜੋਂ ਉਨ੍ਹਾਂ ਨੂੰ ਪੈਰ ਪੈਰ ਤੇ ਨਮੋਸ਼ੀ ਤੇ ਜਿੱਲਤ ਝੱਲਣੀ ਪੈਂਦੀ ਹੈ ਤੇ ਘਰਾਂ ਅੰਦਰ ਉਹਨਾਂ ਨੂੰ ਮਾਲਕ-ਕਿਸਾਨੀ ਦੀਆਂ ਔਰਤਾਂ ਨਾਲੋਂ ਕਿਤੇ ਵੱਧ ਘਰੇਲੂ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ।
      ਔਰਤਾਂ ਨਾਲ ਹੁੰਦੇ ਵਿਤਕਰੇ, ਧੱਕੇ, ਤੇ ਬੇਇਨਸਾਫੀ ਦੇ ਕਾਰਨਾਂ ’ਤੇ ਉਂਗਲੀ ਰਖਦਿਆਂ ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਦੀ ਲੜਕੀ ਨਵਸ਼ਰਨ ਕੌਰ ਨੇ ਮੌਜੂਦਾ ਆਰਥਕ ਸਮਾਜਕ ਪ੍ਰਬੰਧ ਤੇ ਇਹਦੇ ਕਰਤੇ ਧਰਤਿਆਂ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਸਭ ਹਾਕਮ ਜਾਮਾਤੀ ਪਾਰਟੀਆਂ ਔਰਤ-ਬਰਾਬਰੀ ਤੇ ਔਰਤ-ਆਜਾਦੀ ਦੀ ਜੁਬਾਨੀ ਕਲਾਮੀ ਗੱਲ ਕਰਦੀਆਂ ਹਨ। ਉਹ ਆਪਣੀਆਂ ਪਾਰਟੀਆਂ ਤੇ  ਅਸੈਂਬਲੀ/ਪਾਰਲੀਮੈਂਟ ‘ਚ ਵੀ ਉਹਨਾਂ ਨੂੰ ਬਣਦੀ ਨੁਮਾਇੰਦਗੀ ਨਹੀਂ ਦੇ ਸਕਦੀਆਂ । ਉਹਨਾਂ ਕਿਹਾ ਕਿ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ‘ਚ ਔਰਤਾਂ ਨਾਲ ਸਮੂਹਕ ਬਲਾਤਕਾਰ ਹੁੰਦੇ ਹਨ। ਇਸ ਪੱਖੋਂ ਉਹਨਾਂ ਮੋਦੀ ਹਕੂਮਤ ਨੂੰ ਵਿਸ਼ੇਸ਼ ਨਿਸ਼ਾਨੇ ਤੇ ਲਿਆ। ਸਾਹਮਣੇ ਬੈਠੇ  ਔਰਤਾਂ ਦੇ ਭਾਰੀ ਇਕੱਠ ’ਤੇ ਨਿਗਾਹ ਮਾਰਦਿਆਂ ਉਹਨਾਂ ਇਸ ਗੱਲ ’ਤੇ ਤਸੱਲੀ ਜਾਹਰ ਕੀਤੀ ਕਿ ਬੀ.ਕੇ.ਯੂ ਏਕਤਾ ਨੇ ਵੱਡਾ ਉੱਦਮ ਜੁਟਾ ਕੇ ਔਰਤਾਂ ਦੀ ਕਿਸਾਨ ਲਹਿਰ ਅੰਦਰ ਵੱਡੀ ਸ਼ਮੂਲੀਅਤ ਕਰਵਾਈ ਹੈ। ਉਨ੍ਹਾਂ ਕਿਹਾ ਮੈਨੂੰ ਲਗਦੇ ਪੰਜਾਬ ‘ਚ ਔਰਤਾਂ ਦੀ ਕਿਸਾਨ ਲਹਿਰ ਹੋਂਦ ‘ਚ ਆ ਰਹੀ ਹੈ।
     ਗੱਲ ਨੂੰ ਅੱਗੇ ਤੋਰਦਿਆਂ ਬਠਿੰਡਾ ਜਿਲ੍ਹੇ ਦੀ ਬੀ.ਕੇ.ਯੂ. ਏਕਤਾ ਦੇ ਜਿਲ੍ਹਾ ਵਿੰਗ ਦੀ ਪ੍ਰਧਾਨ ਹਰਿੰਦਰ ਬਿੰਦੂ ਨੇ ਕਿਹਾ ਕਿ ਔਰਤਾਂ ਨੂੰ ਦੂਹਰੀ ਲੁੱਟ ਤੇ ਦਾਬੇ ਦਾ ਸ਼ਿਕਾਰ ਹੋਣਾ ਪੈਂਦਾ ਹੈ। ਕਿਸਾਨ ਤਬਕੇ ਦੇ ਅੰਗ ਵਜੋਂ ਉਹ ਜਗੀਰਦਾਰਾਂ, ਸੂਦਖੋਰਾਂ ਤੇ ਦੇਸੀ-ਵਿਦੇਸ਼ੀ ਵੱਡੇ ਸਰਮਾਏਦਾਰਾਂ ਦੇ ਲੁੱਟ ਤੇ ਦਾਬੇ ਦੀਆਂ ਸ਼ਿਕਰ ਤੇ ਘਰਾਂ ਅੰਦਰ ਉਹ ਮਰਦਾਂ ਦੇ ਦਾਬੇ ਤੇ ਲੁੱਟ ਦਾ ਸ਼ਿਕਾਰ ਹਨ। ਉਨ੍ਹਾਂ ਕਿਹਾ ਕਿ ਸਾਨੂੰ ਇਹ ਦੋਵੇਂ ਲੜਾਈਆਂ ਲੜਨੀਆਂ ਪੈਂਦੀਆਂ ਹਨ। ਪਰ ਇਹਨਾਂ ਦੋਹਾਂ ਲੜਾਈਆਂ ਦਾ ਆਪਸੀ ਰਿਸ਼ਤਾ ਸਮਝਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿਸਾਨ ਤਬਕੇ ਦੀ ਲੁੱਟ ਤੇ ਦਾਬੇ ਖਿਲਾਫ ਲੜਾਈ ਸਾਡੀ ਮੁੱਖ ਲੜਾਈ ਹੈ। ਜਦੋਂ ਕਿ ਮਰਦ ਹੰਕਾਰ ਖਿਲਾਫ ਲੜਾਈ ਇਹਦੇ ਮਤਹਿਤ ਦੋਮ ਦਰਜੇ ਦੀ ਲੜਾਈ ਹੈ, ਕਿਉਂਕਿ ਔਰਤ ਖਿਲਾਫ ਵਿਤਕਰੇ, ਬੇਇਨਸਾਫੀ ਤੇ ੳਸਦੀ ਬੇਵੁੱਕਤੀ ਦਾ ਮੂਲ ਕਾਰਨ ਉਸ ਦਾ ਕਮਾਈ ਦੇ ਸਾਧਨਾਂ ਤੋਂ ਮਹਿਰੂਮ ਹੋਣਾ ਤੇ ਪੈਦਾਵਾਰੀ ਅਮਲ ਤੋਂ ਬਾਹਰ ਹੋਣਾ ਹੈ। ਇਸ ਲਈ ਉਸ ਦੀ ਬਰਾਬਰੀ ਜਾਂ ਆਜਾਦੀ ਦਾ ਆਧਾਰ ਤਬਕੇ ਦੀ ਲੁੱਟ ਤੇ ਦਾਬੇ ਵਿਰੁੱਧ ਲੜਾਈ ਰਾਹੀਂ ਸਿਰਜਿਆ ਜਾਣਾ ਹੈ। ਕਿਉਂਕਿ ਪਹਿਲੇ ਨੰਬਰ ਤੇ ਏਸ ਲੜਾਈ ਰਾਹੀਂ ਹੀ ਜਮੀਨ ਦੀ ਕਾਣੀ-ਵੰਡ ਖਤਮ ਹੋਣੀ ਹੈ ਤੇ ਔਰਤਾਂ ਨੂੰ ਜਮੀਨ-ਮਾਲਕੀ ਦੇ ਅਧਿਕਾਰ ਮਿਲਣੇ ਹਨ ਤੇ ਦੂਜੇ ਜਮੀਨ ਦੀ ਕਾਣੀ-ਵੰਡ ਦੇ ਖਾਤਮੇ ਸਦਕਾ ਨਾ ਸਿਰਫ ਖੇਤੀ ਉਪਜ ਵਧਣੀ ਹੈ ਸਗੋਂ ਕਿਸਾਨ ਦੀ ਖਰੀਦ ਸ਼ਕਤੀ ਵੀ ਵਧਣੀ ਹੈ। ਜਿਨ੍ਹਾਂ ਦੇ ਸਿੱਟੇ ਵਜੋਂ ਸਨਅਤ ਦੀ ਤੇ ਅੰਤਮ ਤੌਰ ’ਤੇ ਸਮੁੱਚੇ ਮੁਲਕ ਦੀ ਤਰੱਕੀ ਹੋਣੀ ਹੈ। ਜੀਹਦੇ ਵਿਚ ਔਰਤਾਂ ਨੂੰ ਰੁਜ਼ਗਾਰ ਮਿਲਣਾ ਹੈ। ਸੋ ਇਨ੍ਹਾਂ ਦੋਨਾਂ ਰੂਪਾਂ ‘ਚ ਔਰਤ ਦੀ ਆਜਾਦੀ  ਦਾ ਅਧਾਰ ਸਿਰਜਿਆ ਜਾਣਾ ਹੈ। ਜਿੱਥੋਂ ਤੱਕ ਮਰਦ ਹੰਕਾਰ ਦਾ ਸਬੰਧ ਹੈ ਉਹਦੇ ਖਿਲਾਫ ਸਾਡੀ ਲੜਾਈ ਵੀ ਮਰਦ ਵਿਰੁੱਧ ਨਹੀਂ ਹੈ ਹਾਕਮ ਜਮਾਤੀ ਪ੍ਰਬੰਧ ਵਿਰੁੱਧ ਹੈ। ਜਿਸ ਨੇ ਇਹ ਵਿਤਕਰੇ ਪੂਰਨ ਕਦਰ ਪ੍ਰਬੰਧ ਸਿਰਜਿਆ ਹੈ। ਫੇਰ ਵੀ ਤਬਕੇ ਦੀ ਇਸ ਲੜਾਈ ਦੇ ਨਾਲ ਨਾਲ ਔਰਤ ਹੱਕਾਂ ਲਈ (ਗੌਣ ਰੂਪ ’ਚ) ਲੜਾਈ ਵੀ ਜਰੂਰੀ ਹੈ। ਪਰ ਵੀ, ਏਸ ਲੜਾਈ ‘ਚ ਵੀ ਤਬਕੇ ਦੀ ਮੁਕਤੀ ਲਈ ਲੜਾਈ ਨੇ ਦੋ ਤਰ੍ਹਾਂ ਸਹਾਈ ਹੋਣਾ ਹੈ, ਇੱਕ-ਇਸ ਲੜਾਈ ਰਾਹੀਂ ਔਰਤ ਨੂੰ ਆਪਣੇ ਹੱਕਾਂ ਦੀ ਸੋਝੀ ਆਉਣੀ ਹੈ ਤੇ ਦੂਜੇ ਪਾਸੇ ਮਰਦਾਂ ਨੂੰ ਇਸ ਲੜਾਈ ਦੌਰਾਨ ਵੀ ਔਰਤਾਂ ਨੂੰ ਨਾਲ ਲੈ ਕੇ ਚੱਲਣ ਲੋੜ ਉੱਭਰਨੀ ਹੈ। ਤੇ ਉਹਨਾਂ ਦੀ ਮਰਦ-ਹਉਮੈ ਨੇ ਢੈਲਾ ਪੈਣਾ ਹੈ। ਇਸ ਲਈ ਉਨ੍ਹਾਂ ਨੇ ਔਰਤਾਂ ਨੂੰ ਤਬਕੇ ਦੀ ਲੜਾਈ ‘ਚ ਜੋਰ ਨਾਲ ਕੁਦਦਿਆਂ ਮਰਦਾਵੇਂ ਦਾਬੇ ਵਿਰੁੱਧ ਲੜਾਈ ਜਾਰੀ ਰੱਖਣ ਦਾ ਸੱਦਾ ਦਿੱਤਾ।
   ਸਮੁੱਚੇ ਸਮਾਗਮ ‘ਚ ਉੱਭਰੇ ਮੁਦਿਆਂ ਤੇ ਸਮੇਟਵੀਂ ਟਿੱਪਣੀ ਕਰਦਿਆਂ ਬੀ.ਕੇ.ਯੂ. ਏਕਤਾ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਸਮੱਸਿਆ ਭਾਵੇਂ ਕਰਜਾ-ਮੁਕਤੀ ਹੋਵੇ, ਔਰਤ-ਮੁਕਤੀ ਦੀ ਜਾਂ ਇਥੋਂ ਤੱਕ ਕਿ ਜਾਤ-ਪਾਤ ਤੋਂ ਮੁਕਤੀ ਦੀ, ਇਨ੍ਹਾਂ ਦੀ ਜੜ੍ਹ ਸਾਂਝੀ ਹੈ। ਜਿੰਨਾ ਚਿਰ ਜਗੀਰਦਾਰਾਂ, ਸੂਦਖੋਰਾਂ ਤੇ ਦੇਸੀ ਵਿਦੇਸ਼ੀ ਵੱਡੇ ਸਰਮਾਏਦਾਰਾਂ ਦੀ ਲੁੱਟ ਤੇ ਦਾਬੇ ਤੋਂ ਮੁਕਤੀ ਨਹੀਂ ਮਿਲਦੀ ਉਨਾਂ ਚਿਰ ਉਪਰੋਕਤ ਤਿੰਨਾਂ ’ਚੋ ਕੋਈ ਮੁਕਤੀ ਸੰਭਵ ਨਹੀਂ ਹੈ। ਇਸ ਲਈ ਅਜਿਹੀ ਮੁਕਤੀ ਨਾ ਫੌਰੀ ਮਿਲਣ ਵਾਲੀ ਹੈ ਤੇ ਨਾ ਸੌਖੀ । ਇਹ ਲੰਮੀ ਤੇ ਕਰੜੀ ਲੜਾਈ ਹੈ, ਜੀਹਦੇ ਲਈ ਨਾ ਸਿਰਫ ਕਿਸਾਨਾਂ ਤੇ ਖੇਤ ਮਜਦੂਰਾਂ ਨੂੰ ਵਿਸ਼ਾਲ ਤੋਂ ਵਿਸ਼ਾਲ ਪੱਧਰ ’ਤੇ ਲਾਮਬੰਦ ਤੇ ਜਥੇਬੰਦ ਕਰਨਾ ਪੈਣਾ ਹੈ ਸਗੋਂ ਹੋਰਨਾਂ ਮਿਹਨਤਕਸ਼ ਤਬਕਿਆਂ ਨਾਲ ਸੰਗਰਾਮੀ ਸਾਂਝ ਗੰਢਣੀ ਪੈਣੀ ਹੈ, ਸਗੋਂ ਇਹਦੇ ਲਈ ਜਾਨਹੂਲਵੀਆਂ/ਲਹੂ ਵੀਟਵੀਂਆਂ ਵੱਡੀਆਂ ਲੜਾਈਆਂ ਲਈ ਚੇਤਨਾ ਤੇ ਮਾਨਸਕਤਾ ਪੱਖੋਂ ਤਿਆਰ ਹੋਈਏ। ਇਹ ਲੜਾਈ ਵੱਡੇ ਸਿਦਕ, ਸਿਰੜ ਤੇ ਜਾਂ-ਬਾਜੀ ਦੀ ਮੰਗ ਕਰਦੀ ਹੈ। ਆਓ ਏਸ ਰਸਤੇ ਜਾਨ ਨਿਸ਼ਾਵਰ ਕਰਨ ਵਾਲੇ ਸਾਧੂ ਸਿੰਘ ਤੋਂ ਪ੍ਰੇਰਨਾ ਲੈ ਕੇ ਅੱਗੇ ਵਧੀਏ। ਇਹੋ ਸਾਧੂ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੈ।  

Wednesday, January 20, 2016

(12) ਵਿੱਛੜ ਗਏ ਸੰਗਰਾਮੀਆਂ ਦੀ ਯਾਦ


ਵਿੱਛੜ ਗਏ ਸੰਗਰਾਮੀਆਂ ਦੀ



ਸੂਹੀ ਯਾਦ ਦਿਲਾਂ ਵਿੱਚ ਜੀਵੇ

ਕਿਰਤ ਦੀ ਮੁਕਤੀ ਲਈ ਸੰਘਰਸ਼ ਦਾ ਰਾਹ ਆਪਣੇ ਸੀਨੇ ’ਤੇ ਅਨੇਕਾਂ ਘੁਲਾਟੀਆਂ ਦੀਆਂ ਪੈੜਾਂ ਸਾਂਭੀ ਬੈਠਾ ਹੈ। ਇਹ ਪੈੜਾਂ, ਜਿਹਨਾਂ ਨੇ ਇਸ ਇੱਕੋ ਰਾਹ ਸਵੱਲੜੇ ਦੀ ਸ਼ਾਨ ਬੁਲੰਦ ਕੀਤੀ, ਅਗਲੇਰੇ ਪੜਾਵਾਂ ਦੇ ਰਾਹੀਆਂ ਲਈ ਚਾਨਣ ਮੁਨਾਰੇ ਹਨ। ਆਪਣੀਆਂ ਜ਼ਿੰਦਗੀਆਂ ਦੇ ਸਫ਼ਰ ਨੂੰ ਇਸ ਨਾਲ ਇੱਕ ਮਿੱਕ ਕਰਕੇ ਤੁਰਨ ਵਾਲਿਆਂ ਅਤੇ ਇਸ ਰਾਹ ’ਤੇ ਅਮਿੱਟ ਪੈੜਾਂ ਛੱਡਣ ਵਾਲਿਆਂ ਵਿੱਚ ਕਾਮਰੇਡ ਜਗਸੀਰ, ਸਾਧੂ ਸਿੰਘ ਤਖ਼ਤੂਪੁਰਾ ਤੇ ਅਮਰ ਲੰਬੀ ਦੇ ਨਾਂ ਵੀ ਸ਼ੁਮਾਰ ਹਨ ਜੋ ਜਨਵਰੀ ਫਰਵਰੀ ਮਹੀਨਿਆਂ ਦੌਰਾਨ ਇਨਕਲਾਬੀ ਕਾਫ਼ਲੇ ’ਚੋਂ ਸਦਾ ਲਈ ਵਿੱਛੜ ਗਏ ਸਨ। ਇਹਨਾਂ ਸਾਥੀਆਂ ਦੀ ਸ਼ਾਨਾਮੱਤੀ ਘਾਲਣਾ ਨੂੰ ਸਿਜਦਾ ਕਰਦਿਆਂ ਉਹਨਾਂ ਦੀਆਂ ਜ਼ਿੰਦਗੀਆਂ ਤੋਂ ਪ੍ਰੇਰਨਾ ਲੈਣ ਅਤੇ ਉਹਨਾਂ ਦੇ ਰਾਹ ਦੇ ਰਾਹੀ ਬਣਨ ਦੀ ਲੋੜ ਅੱਜ ਸਾਡੇ ਸਾਹਮਣੇ ਹੈ। ਆਓ ਇਹਨਾਂ ਸਾਥੀਆਂ ਦੀ ਯਾਦ ਦੀ ਲੋਅ ਨਾਲ ਆਪਣੇ ਸੀਨੇ ਮਘਾਈਏ।

ਕਾਮਰੇਡ ਜਗਸੀਰ

ਕਾਮਰੇਡ ਅਮ੍ਰਿਤਪਾਲ ਪਾਸੀ ਜਿਹਨਾਂ ਨੂੰ ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਫਰਵਰੀ 2008 ਵਿੱਚ ਕਮਿਊਨਿਸਟ ਇਨਕਲਾਬੀ ਲਹਿਰ ਤੋਂ ਖੋਹ ਲਿਆ ਸੀ, ਸਾਥੀਆਂ ਵਿੱਚ ਕਾਮਰੇਡ ਜਗਸੀਰ ਵਜੋਂ ਜਾਣੇ ਜਾਂਦੇ ਸਨ। ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਤੇ ਅਧਿਆਪਕਾਂ ਦੀਆਂ ਅੱਖਾਂ ਦਾ ਤਾਰਾ ਅਮ੍ਰਿਤਪਾਲ ਉਮਰ ਦੇ ਵੀਹਵੇਂ ਵਰ੍ਹੇ ਤੱਕ ਪੁੱਜਦੇ ਪੁੱਜਦੇ ਇਹ ਸਮਝ ਗਿਆ ਸੀ ਕਿ ਉਸਦੀ ਲਿਆਕਤ ਤੇ ਮਿਹਨਤ ਦੀ ਲੋੜ ਉਸਦੇ ਪਰਿਵਾਰ ਤੇ ਆਪੇ ਤੋਂ ਵੀ ਕਿਤੇ ਵੱਧ ਉਸਦੇ ਲੋਕਾਂ ਨੂੰ ਹੈ। ਸਾਇੰਸ ਕਾਲਜ ਜਗਰਾਓਂ ਦੇ ਵਿਦਿਆਰਥੀਆਂ ਦੀ ਮੋਗਾ ਘੋਲ ਦੌਰਾਨ ਅਗਵਾਈ ਕਰਦਾ ਪਾਸੀ ਨਕਸਲਬਾੜੀ ਲਹਿਰ ਦੇ ਸੰਪਰਕ ਵਿੱਚ ਆਇਆ ਤੇ ਆਪਣੀ ਉਮਰ ਦੇ ਅਗਲੇ 37 ਵਰ੍ਹੇ ਉਸਨੇ ਇਸ ਲਹਿਰ ਦੇ ਲੇਖੇ ਲਾ ਦਿੱਤੇ। ਉਸਨੇ ਜੱਗ ਨਾਲ ਸੀਰ ਨਿਭਾਉਣ ਦਾ ਕਾਰਜ ਅਤੇ ਨਾਂ ਆਪਣੇ ਲਈ ਚੁਣਿਆ ਤੇ ਅੰਤਲੇ ਸਾਹਾਂ ਤੱਕ ਇਸ ’ਤੇ ਨਿਭਿਆ। ਇਹਨਾਂ ਵਰ੍ਹਿਆਂ ਦੌਰਾਨ ਉਸਨੇ ਇੱਕ ਕਮਿਊਨਿਸਟ ਇਨਕਲਾਬੀ ਵਜੋਂ ਗੁਪਤਵਾਸ ਜੀਵਨ ਦੀਆਂ ਕਠਿਨਾਈਆਂ ਤੇ ਲਹਿਰ ਦੇ ਉਤਰਾਅ ਚੜ੍ਹਾਅ ਦੀਆਂ ਅਜਮਾਇਸ਼ੀ ਹਾਲਤਾਂ ਦਾ ਦ੍ਰਿੜਤਾ ਤੇ ਇਰਾਦੇ ਦੀ ਨਿੱਗਰਤਾ ਨਾਲ ਸਾਹਮਣਾ ਕੀਤਾ।
ਵਿਸ਼ੇਸ਼ ਬੌਧਿਕ ਸਮਰੱਥਾ ਦੇ ਮਾਲਕ ਜਗਸੀਰ ਨੇ ਗਹਿਰੇ ਅਧਿਐਨ ਰਾਹੀਂ ਮਾਰਕਸਵਾਦ ਲੈਨਿਨਵਾਦ ਮਾਓ ਵਿਚਾਰਧਾਰਾ ਨੂੰ ਆਪਣੇ ਅੰਦਰ ਧਾਰਿਆ ਸੀ ਤੇ ਆਪਣੇ ਅਮਲੀ ਤਜ਼ਰਬੇ ਰਾਹੀਂ ਸਿੱਖਦਿਆਂ ਉਸਨੇ ਦਰੁਸਤ ਲੀਹ ਦੀ ਪਛਾਣ ਤੇ ਪਕੜ ਹਾਸਲ ਕੀਤੀ ਸੀ। ਵਿਚਾਰਧਾਰਾ ਤੇ ਅਮਲ ਦੇ ਤਜ਼ਰਬਾ ਨਿਚੋੜ ਦਾ ਸੁਮੇਲ ਉਸਦੀ ਸ਼ਖਸੀਅਤ ਦੀ ਤਾਕਤ ਸੀ ਜਿਸ ਸਦਕਾ ਉਹ ਕਮਿਊਨਿਸਟ ਇਨਕਲਾਬੀ ਲਹਿਰ ਦੀਆਂ ਆਗੂ ਸਫਾਂ ਵਿੱਚ ਸ਼ਾਮਲ ਰਿਹਾ। ਉਹ ਸੀ. ਪੀ. ਆਰ. ਸੀ. ਆਈ. (ਐੱਮ. ਐੱਲ.) ਦਾ ਸੂਬਾ ਕਮੇਟੀ ਮੈਂਬਰ ਸੀ। ਉਸਨੇ ਮਾਰਕਸਵਾਦ ਲੈਨਿਨਵਾਦ ਮਾਓ ਵਿਚਾਰਧਾਰਾ ਅਤੇ ਨਕਸਲਬਾੜੀ ਦੀ ਸਿਆਸਤ ਦੀ ਰੌਸ਼ਨੀ ਵਿੱਚ ਭਾਰਤ ਦੇ ਲੋਕਾਂ ਨੂੰ ਹਥਿਆਰਬੰਦ ਇਨਕਲਾਬ ਰਾਹੀਂ ਜੋਕ ਰਾਜ ਨੂੰ ਉਲਟਾ ਕੇ ਲੋਕ ਜਮਹੂਰੀਅਤ ਸਿਰਜਣ ਦਾ ਸੱਦਾ ਦਿੱਤਾ ਤੇ ਸਭ ਪ੍ਰਕਾਰ ਦੇ ਵਿਤਕਰਿਆਂ ਤੇ ਲੁੱਟ ਖਸੁੱਟ ਤੋਂ ਰਹਿਤ ਸਮਾਜ ਦੀ ਸਥਾਪਤੀ ਲਈ ਸੰਘਰਸ਼ ਦਾ ਰਾਹ ਬੁਲੰਦ ਕੀਤਾ।
ਇੱਕ ਪਰਪੱਕ ਕਮਿਊਨਿਸਟ ਆਗੂ ਵਜੋਂ ਉਹਨਾਂ ਦੇ ਵਿਛੋੜੇ ਦਾ ਦੁੱਖ ਅਤੇ ਪੈਣ ਵਾਲੇ ਘਾਟੇ ਨੂੰ ਸਭਨਾਂ ਕਮਿਊਨਿਸਟ ਇਨਕਲਾਬੀ ਹਲਕਿਆਂ ਨੇ ਮਹਿਸੂਸ ਕੀਤਾ ਤੇ ਇਸ ਭਾਵਨਾ ਦਾ ਜ਼ੋਰਦਾਰ ਪ੍ਰਗਟਾਅ ਉਹਨਾਂ ਦੇ ਸ਼ਰਧਾਂਜਲੀ ਸਮਾਗਮ ਦੌਰਾਨ ਹੋਇਆ। ਹਜ਼ਾਰਾਂ ਲੋਕਾਂ ਨੂੰ ਮੁਖ਼ਾਤਬ ਵੱਖ ਵੱਖ ਬੁਲਾਰਿਆਂ ਦੇ ਸੰਬੋਧਨ ਵਿੱਚ ਉਹਨਾਂ ਦੀ ਘਾਲਣਾ ਪ੍ਰਤੀ ਗਹਿਰੇ ਸਤਿਕਾਰ ਦੀ ਭਾਵਨਾ ਝਲਕੀ ਅਤੇ ਇਹ ਸੋਚ ਉੱਭਰੀ ਕਿ ਲੋਕਾਸ਼ਾਹੀ ਇਨਕਲਾਬ ਲਈ ਜ਼ਿੰਦਗੀਆਂ ਅਰਪਣ ਕਰਨਾ ਹੀ ਇਨਕਲਾਬੀ ਲਹਿਰ ਦੀ ਇਸ ਸੂਝਵਾਨ ਤੇ ਵਫ਼ਾਦਾਰ ਸ਼ਖਸੀਅਤ  ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਜੋ ਇਹਨਾਂ ਨਾਰ੍ਹਿਆਂ ਰਾਹੀਂ ਫਿਜ਼ਾ ਵਿੱਚ ਗੂੰਜੀ 
‘‘ਪਾਸੀ ਤੈਨੂੰ ਦਿਲ ’ਚ ਵਸਾਈਏ, ਇਨਕਲਾਬ ਲਈ ਜ਼ਿੰਦਗੀ ਲਾਈਏ।’’
‘‘ਲੋਕ ਲਹਿਰ ਦੀ ਜਗੇ ਮਸ਼ਾਲ, ਜਗਸੀਰ ਬਣੇ ਹਰ ਅਮ੍ਰਿਤਪਾਲ।’’

ਅਮਰ ਲੰਬੀ

ਸਾਥੀ ਅਮਰ ਲੰਬੀ ਜੋ ਬੀਤੇ ਵਰ੍ਹੇ 10 ਜਨਵਰੀ ਨੂੰ ਇੱਕ ਐਕਸੀਡੈਂਟ ਦੌਰਾਨ ਇਨਕਲਾਬੀ ਸਫ਼ਾਂ ’ਚੋਂ ਵਿੱਛੜ ਗਏ ਸਨ, ਉਹਨਾਂ ਚੁਨਿੰਦਾ ਆਗੂਆਂ ਵਿੱਚੋਂ ਸਨ ਜਿਨ੍ਹਾਂ ਨੇ ਪੰਜਾਬ ਅੰਦਰ ਇਨਕਲਾਬੀ ਟਰੇਡ ਯੂਨੀਅਨ ਲਹਿਰ ਦੀ ਉਸਾਰੀ ਤੇ ਰਾਖੀ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਸੱਤਰਵਿਆਂ ਦੇ ਸ਼ੁਰੂ ਅੰਦਰ ਪੰਜਾਬ ’ਚ ਪ੍ਰਚਲਿਤ ਟਰੇਡ ਯੂਨੀਅਨ ਲਾਈਨ ਜੋ ਆਰਥਕਵਾਦ, ਸੁਧਾਰਵਾਦ ਦਾ ਸ਼ੁੱਧ ਨਮੂਨਾ ਸੀ, ਸੰਗ ਭਿੜਦਿਆਂ ਤੇ ਹਕੂਮਤ ਦੇ ਜਾਬਰ ਕਦਮਾਂ ਦਾ ਸਾਹਮਣਾ ਕਰਦਿਆਂ ਇਨਕਲਾਬੀ ਟਰੇਡ ਯੂਨੀਅਨ ਲੀਹ ਦੇ ਨਕਸ਼ ਉਘਾੜਨ ਵਿੱਚ ਸਾਥੀ ਲੰਬੀ ਦਾ ਯੋਗਦਾਨ ਅਮੁੱਲਾ ਹੈ। ਚੜ੍ਹਦੀ ਉਮਰੇ ਹੀ ਭਗਤ ਸਿੰਘ ਦੇ ਇਨਕਲਾਬੀ ਆਦਰਸ਼ਾਂ ਨਾਲ ਟੁੰਬੇ ਗਏ ਤੇ ਨੌਜਵਾਨ ਭਾਰਤ ਸਭਾ ਦੇ ਸੰਪਰਕ ਵਿੱਚ ਆਏ ਸਾਥੀ ਲੰਬੀ ਦੀ ਜ਼ਿੰਦਗੀ ਦੇ ਅਗਲੇ ਵਰ੍ਹੇ ਬਿਜਲੀ ਕਾਮੇ ਵਜੋਂ ਵਿਚਰਦਿਆਂ ਬਿਜਲੀ ਕਾਮਿਆਂ ਨੂੰ ਇਨਕਲਾਬੀ ਜਨਤਕ ਲਹਿਰ ਦਾ ਅੰਗ ਬਣਾਉਣ ਲਈ ਅਣਥੱਕ ਮਿਹਨਤ ਕਰਦਿਆਂ ਬੀਤੇ। ਪ੍ਰਚਲਿਤ ਮੌਕਾਪ੍ਰਸਤ ਟਰੇਡ ਯੂਨੀਅਨ ਲਾਈਨ ਦੇ ਮੁਕਾਬਲੇ ਸਾਥੀ ਲੰਬੀ ਨੇ ਸੰਘਰਸ਼ ਅਧਾਰਤ, ਜਮਹੂਰੀ ਲੀਹਾਂ ’ਤੇ ਉੱਸਰੀ, ਮੌਕਾਪ੍ਰਸਤ ਸਿਆਸੀ ਪਾਰਟੀਆਂ ਦੇ ਪ੍ਰਭਾਵ ਅਤੇ ਰਜ਼ਾ ਤੋਂ ਨਿਰਲੇਪ, ਬੁਨਿਆਦੀ ਘੋਲ ਮੰਗਾਂ ਵੱਲ ਸੇਧਤ ਤੇ ਲੋਕਾਂ ਨਾਲ ਸਾਂਝ ਅਤੇ ਹਾਕਮ ਜਮਾਤਾਂ ਨਾਲ ਦੁਸ਼ਮਣੀ ਦੇ ਰਿਸ਼ਤੇ ਵਿੱਚ ਬੱਝੀ ਹੋਈ ਖਾੜਕੂ ਟਰੇਡ ਯੂਨੀਅਨ ਲੀਹ ਦੀ ਸਮਝ ਉਭਾਰੀ। 1974 ਅੰਦਰ ਜਦੋਂ ਮੁਲਾਜ਼ਮ ਫੈਡਰੇਸ਼ਨਾਂ ਵੱਲੋਂ ਦਿੱਤਾ ਗਿਆ 21-22 ਫਰਵਰੀ ਦੀ ਹੜਤਾਲ ਦਾ ਸੱਦਾ ਮੌਕਾਪ੍ਰਸਤ ਆਗੂਆਂ ਵੱਲੋਂ ਵਾਪਸ ਲੈ ਲਿਆ ਗਿਆ ਸੀ ਤਾਂ ਸਾਥੀ ਲੰਬੀ ਨੇ ਹੋਰਨਾਂ ਸਾਥੀਆਂ ਨਾਲ ਮਿਲ ਕੇ ‘‘21-22 ਫਰਵਰੀ ਦੇ ਅਹਿਮ ਸਬਕ’’ ਸਿਰਲੇਖ ਹੇਠ ਕਿਤਾਬਚਾ ਜਾਰੀ ਕੀਤਾ ਜਿਸ ਅੰਦਰ ਇਨਕਲਾਬੀ ਟਰੇਡ ਯੂਨੀਅਨ ਲੀਹ ਨੂੰ ਨਿੱਖਰਵੇਂ ਰੂਪ ਵਿੱਚ ਪੇਸ਼ ਕੀਤਾ ਗਿਆ। ਇਸ ਮਹੱਤਵਪੂਰਨ ਕਦਮ ਨੇ ਪੰਜਾਬ ਅੰਦਰ ਮੌਕਾਪ੍ਰਸਤ ਲਾਣੇ ਤੇ ਇਨਕਲਾਬੀ ਧਿਰਾਂ ਦਰਮਿਆਨ ਬੁਨਿਆਦੀ ਨਿਖੇੜੇ ਦਾ ਅਮਲ ਛੇੜ ਦਿੱਤਾ। ਅਪ੍ਰੈਲ 1974 ਦੌਰਾਨ ਹੋਈ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਦੌਰਾਨ ਸਾਥੀ ਲੰਬੀ ਨੂੰ ਪੰਜਾਬ ਸੇਫਟੀ ਐਕਟ ਅਧੀਨ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਮਹੀਨਿਆਂ ਬੱਧੀਂ ਜੇਲ੍ਹ ਵਿੱਚ ਰੱਖਣ ਤੋਂ ਇਲਾਵਾ ਲੰਮਾ ਸਮਾਂ ਨੌਕਰੀ ਤੋਂ ਮੁਅੱਤਲ ਰੱਖਿਆ ਗਿਆ। 1975 ਵਿੱਚ ਜਦੋਂ ਇੰਦਰਾ ਸਰਕਾਰ ਵੱਲੋਂ ਐਮਰਜੈਂਸੀ ਮੜ੍ਹੀ ਗਈ ਤਾਂ ਟੀ. ਐਸ. ਯੂ. ਨੂੰ ਹਕੂਮਤੀ ਜਬਰ ਦਾ ਵਿਸ਼ੇਸ਼ ਨਿਸ਼ਾਨਾ ਬਣਾਇਆ ਗਿਆ। ਇਸ ਜਬਰ ਤੋਂ ਡਰ ਕੇ ਟੀ. ਐਸ. ਯੂ ਦੀ ਲੀਡਰਸ਼ਿਪ ਵੱਲੋਂ ਇਸ ਜੁਝਾਰ ਜਥੇਬੰਦੀ ਨੂੰ ਭੰਗ ਕਰ ਦਿੱਤਾ ਗਿਆ। ਇਸ ਸਮੇਂ ਸਾਥੀ ਲੰਬੀ ਵੱਲੋਂ ਹੋਰਨਾਂ ਸਾਥੀਆਂ ਨਾਲ ਮਿਲ ਕੇ ਟੀ. ਐੱਸ. ਯੂ. ਨੂੰ ਮੁੜ ਸੁਰਜੀਤ ਕਰਨ ਦੇ ਯਤਨ ਆਰੰਭੇ ਗਏ ਤੇ ਛੇਤੀ ਹੀ ਵੱਡੀ ਗਿਣਤੀ ਬਿਜਲੀ ਮੁਲਾਜ਼ਮ ਮੁੜ ਇਸ ਟੀ. ਐੱਸ. ਯੂ. ਦੁਆਲੇ ਲਾਮਬੰਦ ਹੋ ਗਏ।
ਬਿਜਲੀ ਕਾਮਿਆਂ ਦੇ ਫਰੰਟ ’ਤੇ ਸਰਗਰਮੀ ਦੇ ਨਾਲੋ ਨਾਲ ਸਾਥੀ ਲੰਬੀ ਨੇ ਹੋਰਨਾਂ ਤਬਕਿਆਂ ਦੇ ਜਥੇਬੰਦ ਹੋਣ ਤੇ ਉਹਨਾਂ ਦਰਮਿਆਨ ਸੰਗਰਾਮੀ ਸਾਂਝ ਉਸਾਰਨ ਦੇ ਮਹੱਤਵ ਨੂੰ ਵੀ ਬੁੱਝਿਆ। ਇਸ ਕਰਕੇ ਜਿੱਥੇ ਉਹਨੇ ਵੱਖ ਵੱਖ ਸਮਿਆਂ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਦੇ ਘੋਲ, ਪਿਰਥੀਪਾਲ ਰੰਧਾਵਾ ਦੇ ਕਤਲ ਵਿਰੋਧੀ ਘੋਲ, ਬੱਸ ਕਿਰਾਇਆ ਘੋਲ, ਮਲੋਟ ਅਗਵਾ ਕਾਂਡ ਵਿਰੋਧੀ ਘੋਲ ਤੇ ਹੋਰ ਅਣਗਿਣਤ ਘੋਲਾਂ ਵਿੱਚ ਉੱਘੜਵਾਂ ਰੋਲ ਨਿਭਾਇਆ, ਉਥੇ ਕਿਸਾਨਾਂ ਤੇ ਖੇਤ-ਮਜ਼ਦੂਰਾਂ ਨੂੰ ਜਥੇਬੰਦ ਕਰਨ ਦੇ ਕੰਮ ਨੂੰ ਵੀ ਮੋਢਾ ਲਾਇਆ। ਪੰਜਾਬ ਵਿੱਚ ਫਿਰਕੂ ਤੇ ਹਕੂਮਤੀ ਦਹਿਸ਼ਤਗਰਦੀ ਦੇ ਦੌਰ ਅੰਦਰ ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ ਦੀਆਂ ਮੂਹਰਲੀਆਂ ਸਫ਼ਾਂ ਵਿੱਚ ਡਟਦੇ ਹੋਏ ਲੋਕਾਂ ਦੇ ਘਾਣ ਖਿਲਾਫ਼ ਦਲੇਰ ਅਵਾਜ਼ ਬੁਲੰਦ ਕੀਤੀ।
1996 ਵਿੱਚ ਆਪਣੀ ਨੌਕਰੀ ਤੋਂ 6 ਵਰ੍ਹੇ ਪਹਿਲਾਂ ਸਵੈ-ਇੱਛਤ ਰਿਟਾਇਰਮੈਂਟ ਲੈ ਕੇ ਸਾਥੀ ਲੰਬੀ ਨੇ ਆਪਣਾ ਸਮੁੱਚਾ ਸਮਾਂ ਤੇ ਸ਼ਕਤੀ ਲੋਕ ਲਹਿਰ ਨੂੰ ਅਰਪਣ ਕਰ ਦਿੱਤਾ। ਇੱਕ ਲੋਕ ਆਗੂ ਤੇ ਚੇਤਨ ਘੁਲਾਟੀਏ ਵਜੋਂ ਸਾਥੀ ਲੰਬੀ ਦਾ ਜੀਵਨ ਪੰਧ ਹਮੇਸ਼ਾਂ ਰਾਹ ਦਿਖਾਉਂਦਾ ਰਹੇਗਾ।

ਸਾਧੂ ਸਿੰਘ ਤਖ਼ਤੂਪੁਰਾ

ਕਿਸਾਨ ਲਹਿਰ ਦੇ ਸੂਝਵਾਨ ਆਗੂ ਅਤੇ ਇਨਕਲਾਬੀ ਲਹਿਰ ਦੇ ਸਮਰਪਿਤ ਕਾਰਕੁੰਨ ਸਾਧੂ ਸਿੰਘ ਤਖ਼ਤੂਪੁਰਾ 16 ਫਰਵਰੀ 2010 ਨੂੰ ਉਦੋਂ ਸ਼ਹੀਦਾਂ ਦੀ ਕਤਾਰ ’ਚ ਜਾ ਸ਼ਾਮਲ ਹੋਏ ਜਦੋਂ ਸਾਬਕਾ ਅਕਾਲੀ ਵਿਧਾਇਕ ਦੀ ਸ਼ਿਸ਼ਕਰ ’ਤੇ ਗੁੰਡਾ ਗਰੋਹ ਨੇ ਮਾਝੇ ਦੇ ਪਿੰਡਾਂ ’ਚ ਲਾਮਬੰਦੀ ਕਰਨ ਤੁਰੇ ਉਹਨਾਂ ਦੇ ਕਾਫ਼ਲੇ ’ਤੇ ਕਾਤਲਾਨਾ ਹਮਲਾ ਕਰ ਦਿੱਤਾ। ਇਸ ਹਮਲੇ ’ਚ ਸਾਧੂ ਸਿੰਘ ਨੂੰ ਚੁਣ ਕੇ ਨਿਸ਼ਾਨਾ ਬਣਾਇਆ ਗਿਆ ਤੇ ਮਾਰਿਆ ਗਿਆ। ਇਸ ਕਤਲ ਨਾਲ ਹਾਕਮਾਂ ਦੀਆਂ ਕਾਲੀਆਂ ਤਾਕਤਾਂ ਵੱਲੋਂ ਉਸ ਜਗਦੀ ਜੋਤ ਨੂੰ ਮੱਧਮ ਪਾਉਣ ਦੀ ਅਜਾਈਂ ਕੋਸ਼ਿਸ਼ ਕੀਤੀ ਗਈ, ਜਿਸਦੀ ਲੋਅ ਪੰਜਾਬ ਦੀ ਕਿਸਾਨੀ ਨੂੰ ਤਰਥੱਲੀਆਂ ਪਾਊ ਤਾਕਤ ’ਚ ਪਲਟੇ ਜਾਣ ਦਾ ਰਾਹ ਰੁਸ਼ਨਾ ਰਹੀ ਸੀ। ਜੁਝਾਰੂ ਕਿਸਾਨ ਲਹਿਰ ਨੇ ਸਾਧੂ ਸਿੰਘ ਤਖ਼ਤੂਪੁਰਾ ਦੇ ਵਿਗੋਚੇ ਨੂੰ ਸੀਨੇ ਅੰਦਰ ਸਾਂਭ ਹੋਰ ਵਧੇਰੇ ਸ਼ਿੱਦਤ ਤੇ ਦ੍ਰਿੜਤਾ ਨਾਲ ਸੰਘਰਸ਼ਾਂ ਦਾ ਝੰਡਾ ਉੱਚਾ ਚੁੱਕ ਲਿਆ।
ਨੌਜਵਾਨ ਸਾਧੂ ਸਿੰਘ ਜੋ ਚੜ੍ਹਦੀ ਉਮਰੇ ਲੋਕ ਲਹਿਰ ਦੇ ਵਾਹ ’ਚ ਆਇਆ ਤੇ ਨੌਜਵਾਨ ਭਾਰਤ ਸਭਾ ਦਾ ਅੰਗ ਬਣਨ ਲਈ ਨੌਜਵਾਨਾਂ ਨੂੰ ਪ੍ਰੇਰਦਾ ਰਿਹਾ, ਅਧਿਆਪਨ ਕਿੱਤੇ ਦੇ ਅਗਲੇਰੇ ਵਰ੍ਹਿਆਂ ਦੌਰਾਨ ਗੌਰਮਿੰਟ ਟੀਚਰ ਯੂਨੀਅਨ ਤੇ ਫਿਰ ਡੀ. ਟੀ. ਐਫ. ਵਿੱਚ ਆਗੂ ਵਜੋਂ ਅਧਿਆਪਕਾਂ ਨੂੰ ਲਾਮਬੰਦ ਕਰਨ ਵਿੱਚ ਜੁਟ ਗਿਆ। ਉਹਨੇ ਅਧਿਆਪਕਾਂ ਅੰਦਰ ਇਨਕਲਾਬੀ ਟਰੇਡ ਯੂਨੀਅਨ ਲੀਹ ਪ੍ਰਚਾਰਨ ਤੇ ਪ੍ਰਸਾਰਨ ’ਚ ਰੋਲ ਨਿਭਾਇਆ। ਪਰ ਸਿਰਫ਼ ਅਧਿਆਪਕ ਮਸਲਿਆਂ ਤੱਕ ਸੀਮਤ ਨਾ ਰਹਿ ਕੇ ਇੱਕ ਸੁਚੇਤ ਇਨਕਲਾਬੀ ਕਾਰਕੁੰਨ ਵਜੋਂ ਉਹ ਇਲਾਕੇ ਅੰਦਰ ਚੱਲਣ ਵਾਲੇ ਸਭਨਾਂ ਜਮਹੂਰੀ ਘੋਲਾਂ ਦਾ ਕਿਸੇ ਨਾ ਕਿਸੇ ਰੂਪ ਵਿੱਚ ਅੰਗ ਬਣਦਾ ਰਿਹਾ। ਉਸਦੀ ਕਲਮ ਵਿੱਚੋਂ ਸਮਾਜ ਦੇ ਦੱਬੇ ਕੁਚਲੇ ਲੋਕਾਂ ਦੀ ਪੀੜ ਬਿਆਨਦੇ ਤੇ ਉਹਨਾਂ ਦੀ ਹੋਣੀ ਬਦਲਣ ਦੇ ਸੁਪਨੇ ਪਾਲਦੇ ਅਨੇਕਾਂ ਗੀਤ ਫੁੱਟੇ। ਕਿਰਤੀ ਲੋਕਾਂ ਦੀ ਦੁਰਗਤ ਤੇ ਮੰਦਹਾਲੀ ਦੇ ਜ਼ਿੰਮੇਵਾਰ ਪ੍ਰਬੰਧ ਤੋਂ ਨਾਬਰੀ ਉਸਦੀ ਸ਼ਾਹਕਾਰ ਰਚਨਾ ‘‘ਸਾਨੂੰ ਭੁੱਖਿਆਂ ਨੂੰ ਹੋਰ ਨਾ ਵਗਾਰ ਪੁੱਗਦੀ’’ ਦੇ ਬੋਲਾਂ ਰਾਹੀਂ ਰੂਪਮਾਨ ਹੋਈ।  ਕਿਰਤੀ ਲੋਕਾਂ ਨਾਲ ਉਹਦੇ ਮਨ ਦੀ ਸਾਂਝ, ਸਾਧੂ ਸਿੰਘ ਤਖ਼ਤੂਪੁਰਾ ਨੂੰ ਉਹਨਾਂ ਨਾਲ ਇੱਕ ਮਿੱਕ ਹੋਣ ਤੇ ਆਪਣੀ ਹੋਣੀ ਬਦਲਣ ਲਈ ਉਹਨਾਂ ਨੂੰ ਜਥੇਬੰਦ ਕਰਨ ਦੇ ਰਾਹ ਲੈ ਤੁਰੀ। ਅਧਿਆਪਕ ਵਜੋਂ ਆਪਣੇ ਫਰਜ਼ ਨਿਭਾਉਂਦਿਆਂ ਹੀ ਨਾਲੋ ਨਾਲ ਉਹਨਾਂ ਨੇ ਕਿਸਾਨਾਂ ਨੂੰ ਜਥੇਬੰਦ ਕਰਨ ਦੀ ਜਿੰਮੇਵਾਰੀ ਵੀ ਚੁੱਕ ਲਈ। 2000 ਵਿੱਚ ਆਪਣੀ ਸੇਵਾ ਮੁਕਤੀ ਉਪਰੰਤ ਉਸਨੇ ਬਜ਼ੁਰਗ ਉਮਰੇ ਰਿਟਾਇਰਮੈਂਟ ਦਾ ਆਨੰਦ ਲੈਣ ਦੀ ਥਾਵੇਂ ਆਪਣਾ ਕੁੱਲ ਸਮਾਂ ਤੇ ਸ਼ਕਤੀ ਕਿਸਾਨ ਜਥੇਬੰਦੀ ਦੇ ਹਵਾਲੇ ਕਰ ਦਿੱਤੇ। ਬੀ. ਕੇ. ਯੂ. ਏਕਤਾ ਅੰਦਰ ਬਲਾਕ ਪੱਧਰੇ ਆਗੂ ਵਜੋਂ ਉਸਨੇ ਇਲਾਕੇ ਅੰਦਰ ਕਿਸਾਨਾਂ ਨੂੰ ਲਾਮਬੰਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਕਿਸਾਨ ਲਹਿਰ ਅੰਦਰ ਗਰੀਬ ਕਿਸਾਨਾਂ ਦੀ ਭਾਰੂ ਹੈਸੀਅਤ ਸਥਾਪਤ ਕਰਨ ਅਤੇ ਇਨਕਲਾਬੀ ਪੈਂਤੜਿਆਂ ਦੀ ਪੁੱਗਤ ਬਣਾਉਣ ਲਈ ਉਸਨੇ ਅਣਥੱਕ ਕੰਮ ਕੀਤਾ। ਬਾਅਦ ਵਿੱਚ ਬੀ. ਕੇ. ਯੂ. ਉਗਰਾਹਾਂ ਦੇ ਸੂਬਾਈ ਆਗੂ ਵਜੋਂ ਉਹਨੇ ਜਥੇਬੰਦੀ ਦੀ ਸ਼ਨਾਖਤ ਉਘਾੜਨ ਤੇ ਇਸਨੂੰ ਪੰਜਾਬ ਦੀ ਮੋਹਰੀ ਖਾੜਕੂ ਕਿਸਾਨ ਜਥੇਬੰਦੀ ਵਜੋਂ ਵਿਕਸਤ ਕਰਨ ਵਿੱਚ ਅਮੁੱਲਾ ਯੋਗਦਾਨ ਪਾਇਆ। ਉਸਨੇ ਕਿਸਾਨਾਂ-ਖੇਤ ਮਜ਼ਦੂਰਾਂ ਦੀ ਸਾਂਝ ਦਾ ਮਹੱਤਵ ਉਘਾੜਨ, ਕਿਸਾਨ ਘੋਲਾਂ ਅੰਦਰ ਔਰਤਾਂ ਦੀ ਸ਼ਮੂਲੀਅਤ ਦੀ ਲੋੜ ਉਭਾਰਨ ਅਤੇ ਕਿਸਾਨ ਲਹਿਰ ਦਾ ਹੋਰਨਾਂ ਸੰਘਰਸ਼ਸ਼ੀਲ ਲੋਕ ਧਿਰਾਂ ਨਾਲ ਨਾਤਾ ਗੰਢਣ ਤੇ ਸੰਗਰਾਮੀ ਸਾਂਝ ਬੁਲੰਦ ਕਰਨ ਵਿੱਚ ਅਮਲੀ ਯੋਗਦਾਨ ਪਾਇਆ। ਟਰਾਈਡੈਂਟ ਘੋਲ ਦੌਰਾਨ ਬਾਂਹ ’ਤੇ ਲੱਗੀ ਗੋਲੀ ਨੇ ਉਸਦੇ ਇਰਾਦਿਆਂ ਨੂੰ ਹੋਰ ਸਾਣ ’ਤੇ ਲਾ ਦਿੱਤਾ ਉਸਨੇ ਕਿਸਾਨ ਜਨਤਾ ਨੂੰ ਜਥੇਬੰਦ ਕਰਨ ਲਈ ਜਥੇਬੰਦੀ ਦੀ ਲੋੜ ਮੁਤਾਬਕ ਕਿਤੇ ਵੀ ਡਿਊਟੀ ਨਿਭਾਉਣ ਲਈ ਖੁਦ ਨੂੰ ਪੇਸ਼ ਕੀਤਾ ਤੇ ਮਾਝੇ ਅੰਦਰ ਅਬਾਦਕਾਰ ਕਿਸਾਨਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਲੈਣ ਲਈ ਜਥੇਬੰਦ ਕਰਨ ਦੇ ਮੋਰਚੇ ’ਤੇ ਡਟ ਗਿਆ।
ਪੰਜਾਬ ਅੰਦਰ ਬੁਲੰਦੀਆਂ ਵੱਲ ਜਾ ਰਹੀ ਖਾੜਕੂ ਕਿਸਾਨ ਲਹਿਰ ਦੇ ਜਲੌਅ ਦਾ ਤਹਿਕਾ ਲੋਟੂ ਹਾਕਮਾਂ ਦੀ ਨੀਂਦ ਹਰਾਮ ਕਰ ਰਿਹਾ ਸੀ। ਮਾਲਵੇ ਤੋਂ ਬਾਅਦ ਮਾਝੇ ਅੰਦਰ ਖਾੜਕੂ ਕਿਸਾਨ ਜਥੇਬੰਦੀ ਦਾ ਪਸਾਰਾ ਕਿਸੇ ਵੀ ਤਰ੍ਹਾਂ ਹਾਕਮ ਜਮਾਤਾਂ ਨੂੰ ਵਾਰਾ ਨਹੀਂ ਖਾਂਦਾ ਸੀ। ਇੱਕ ਪਾਸੇ ਭੂ-ਮਾਫ਼ੀਆ ਸਰਦਾਰ ਅਤੇ ਸਾਬਕਾ ਅਕਾਲੀ ਵਿਧਾਇਕ ਵੀਰ ਸਿੰਘ ਲੋਪੋਕੇ ਦੇ ਅਬਾਦਕਾਰ ਕਿਸਾਨਾਂ ਦੀਆਂ ਜ਼ਮੀਨਾਂ ਧੋਖੇ ਨਾਲ ਹਥਿਆਉਣ ਦੇ ਹਿਤ ਅਤੇ ਦੂਜੇ ਪਾਸੇ ਅਕਾਲੀ ਸਰਕਾਰ ਦੇ ਅਬਾਦਕਾਰਾਂ ਨੂੰ ਜਥੇਬੰਦ ਹੋਣ ਤੋਂ ਰੋਕਣ ਤੇ ਦਾਬੇ ਹੇਠ ਰੱਖਣ ਦੇ ਹਿਤ ਐਨ ਮੇਲਵੇਂ ਸਨ। ਇਹਨਾਂ ਹਿਤਾਂ ਤਹਿਤ ਵੀਰ ਸਿੰਘ ਲੋਪੋਕੇ ਦੇ ਗੁੰਡਿਆਂ ਨੇ ਕਿਸਾਨ ਜਥੇਬੰਦੀ ਦੇ ਸਿਰਕੱਢ ਆਗੂਆਂ ਵਿੱਚੋਂ ਇੱਕ ਸਾਧੂ ਸਿੰਘ ਤਖ਼ਤੂਪੁਰਾ ਨੂੰ ਜਾਨੋਂ ਮਾਰ ਕੇ ਜਥੇਬੰਦੀ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਤੇ ਕਿਸਾਨ ਜਨਤਾ ਨੂੰ ਬੇਦਿਲ ਕਰਨ ਦੇ ਸੁਪਨੇ ਪਾਲੇ। ਪਰ ਸ਼ਹਾਦਤ ਦੇ ਤੁਰੰਤ ਬਾਅਦ ਅਮ੍ਰਿਤਸਰ ਵਿੱਚ ਹੋਏ ਰੋਹ ਭਰੇ ਮਾਰਚ ਨੇ, 18 ਫਰਵਰੀ ਨੂੰ ਸਸਕਾਰ ਸਮੇਂ ਹੋਏ 12 ਹਜ਼ਾਰ ਲੋਕਾਂ ਦੇ ਇਕੱਠ ਨੇ, 24 ਫਰਵਰੀ ਨੂੰ ਸਭ ਜ਼ਿਲ੍ਹਾ ਕੇਂਦਰਾਂ ’ਤੇ ਹੋਈਆਂ ਰੈਲੀਆਂ ਨੇ ਤੇ 28 ਫਰਵਰੀ ਨੂੰ ਸ਼ਰਧਾਂਜਲੀ ਸਮਾਗਮ ਤੇ ਉਮੜੇ ਸੈਲਾਬ ਨੇ ਇਹ ਦਿਖਾ ਦਿੱਤਾ ਕਿ ਸਾਧੂ ਸਿੰਘ ਤਖ਼ਤੂਪੁਰਾ ਦੇ ਕਤਲ ਦਾ ਗਮ ਰੋਹ ਵਿੱਚ ਵਟ ਚੁੱਕਿਆ ਹੈ। ਸ਼ਰਧਾਂਜਲੀ ਸਮਾਗਮ ਮੌਕੇ ਜੁੜੇ ਦਹਿ ਹਜ਼ਾਰਾਂ ਦੇ ਇਕੱਠ ਨੇ ਸਾਧੂ ਸਿੰਘ ਤਖ਼ਤੂਪੁਰਾ ਨੂੰ ਸੰਗਰਾਮੀ ਸ਼ਰਧਾਂਜਲੀ ਦਿੰਦਿਆਂ ਉਸਦੇ ਲਹੂ ਰੱਤੇ ਝੰਡੇ ਨੂੰ ਹੋਰ ਉੱਚਾ ਚੁੱਕਣ ਦਾ ਅਹਿਦ ਕੀਤਾ।         - ਪਾਠਕ ਪੱਤਰਕਾਰ ਦੀ ਕਲਮ ਤੋਂ