Sunday, November 24, 2024

ਗੰਦੇ ਪਾਣੀ ਦੇ ਨਿਕਾਸੀ ਦੇ ਹੱਲ ਲਈ ਸੰਘਰਸ਼ ਕਰੇ ਰਹੇ ਪਿੰਡ ਨਥਾਣਾ ਦੇ ਲੋਕ


ਗੰਦੇ ਪਾਣੀ ਦੇ ਨਿਕਾਸੀ ਦੇ ਹੱਲ ਲਈ ਸੰਘਰਸ਼ ਕਰੇ ਰਹੇ ਪਿੰਡ ਨਥਾਣਾ ਦੇ ਲੋਕ


 ਪੰਜਾਬ ਦੇ ਬੁਹਤੇ ਪਿੰਡਾਂ ਵਾਂਗ ਬਠਿੰਡਾ ਜ਼ਿਲ੍ਹੇ ਦੇ ਪਿੰਡ ਨਥਾਣਾ ’ਚ ਪਿਛਲੇ ਕਈ ਸਾਲਾਂ ਤੋਂ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਬਣੀ ਹੋਈ ਹੈ। ਇਸ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਦੇ ਪੱਕੇ ਹੱਲ ਲਈ ਨਥਾਣਾ ਦੇ ਲੋਕ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਸੰਘਰਸ਼ ਦੇ ਮੈਦਾਨ ’ਚ ਹਨ। ਉਹਨਾਂ ਨੇ ਨਥਾਣਾ ’ਚ ਬਣੀ ਨਗਰ ਪੰਚਾਇਤ ਤੇ ਹੋਰ ਸਿਆਸੀ ਚੌਧਰੀਆਂ ਤੇ ਵੋਟ ਪਾਰਟੀਆਂ ਤੋਂ ਝਾਕ ਛੱਡ ਕੇ ਆਪਣੀ ਜਥੇਬੰਦ ਤਾਕਤ ’ਤੇ ਟੇਕ ਰੱਖ ਕੇ ਸੰਘਰਸ਼ ਨੂੰ ਚਲਾਇਆ ਹੈ ਤੇ ਇਹਨਾਂ ਵੋਟ ਵਟੋਰੂ ਸਿਆਸੀ ਪਾਰਟੀਆਂ ਨੂੰ ਕੁੱਝ ਹੱਦ ਤੱਕ ਨਿਖੇੜੇ ਦੀ ਹਾਲਤ ’ਚ ਲਿਆਂਦਾ ਹੈ। ਲੋਕਾਂ ਦਾ ਸਿਰੜੀ ਸੰਘਰਸ਼ ਆਪਣੀ ਸਮੱਸਿਆਂ ਦੇ ਹੱਲ ਹੋਣ ਤੱਕ ਅਜੇ ਜਾਰੀ ਹੈ। 


ਜ਼ਿਲ੍ਹਾ ਬਠਿੰਡਾ ਦੇ ਅਧੀਨ ਪੈਂਦਾ ਪਿੰਡ ਨਥਾਣਾ ਜੋ ਬਲਾਕ ਹੈੱਡਕੁਆਟਰ ਵੀ ਹੈ, ਇਹ ਆਬਾਦੀ ਤੇ ਰਕਬੇ ਪੱਖੋਂ ਕਾਫ਼ੀ ਵੱਡਾ ਪਿੰਡ ਹੈ। ਇਹ ਇੱਕ ਕਸਬਾਨੁਮਾ ਪਿੰਡ ਬਣ ਚੁੱਕਿਆ ਹੈ ਜਿੱਥੇ ਨਗਰ ਪੰਚਾਇਤ ਦੀ ਚੋਣ ਹੁੰਦੀ ਹੈ। ਪਰ ਇੱਥੇ ਬੁਨਿਆਦੀ ਸਹੂਲਤਾਂ ਦੀ ਜਿਵੇਂ ਕਿ ਗੰਦੇ ਪਾਣੀ ਦੀ ਨਿਕਾਸੀ,  ਸੀਵਰੇਜ ਨਾ ਹੋਣਾ ਤੇ ਪੀਣ ਵਾਲੇ ਪਾਣੀ ਦੀ ਸਹੂਲਤ ਆਦਿ ਪੱਖੋਂ ਹਾਲਤ ਖਸਤਾ ਹੈ। ਪਿੰਡ ਨਥਾਣਾ ’ਚ ਗੰਦੇ ਪਾਣੀ ਦੇ ਨਿਕਾਸ ਲਈ ਕਈ ਥਾਵਾਂ ’ਤੇ ਛੱਪੜ ਬਣੇ ਹੋਏ ਹਨ। ਇਹ ਛੱਪੜ ਹੀ ਸੀਵਰੇਜ, ਵਰਕਸ਼ਾਪਾਂ, ਤੇ ਪਸ਼ੂਆਂ ਦੀ ਰਹਿੰਦ ਖੂੰਦ, ਮੀਂਹ ਆਦਿ ਦੇ ਪਾਣੀ ਨੂੰ ਸਮੇਟਣ ਦਾ ਸਾਧਨ ਹਨ। ਪਰ ਇਹਨਾਂ ਛੱਪੜਾਂ ਦੀ ਪਾਣੀ ਨੂੰ ਸਾਭਣ ਦੀ ਸੀਮਤ ਸਮਰੱਥਾ ਹੈ ਅਤੇ ਸਬਰਸੀਬਲਾਂ ਦਾ ਬੇ-ਹਿਸਾਬਾ ਡੁਲ੍ਹਦਾ ਪਾਣੀ ਛੱਪੜ ਸਮੋ ਹੀ ਨਹੀਂ ਸਕਦੇ। ਛੱਪੜਾਂ ਦੇ ਗੰਦੇ ਪਾਣੀ ਦੇ ਨਿਕਾਸ ਕਰਨ ਨੂੰ ਅੱਗੇ ਕੋਈ ਪ੍ਰਬੰਧ ਨਹੀਂ ਹੈ। ਜਿਸ ਕਰਕੇ ਪਾਣੀ ਓਵਰ ਫਲੋਅ ਹੋ ਜਾਂਦਾ ਹੈ ਤੇ ਗੰਦਾ ਤੇ ਦੂਸ਼ਿਤ ਪਾਣੀ ਲੋਕਾਂ ਦੇ ਘਰਾਂ, ਗਲੀਆਂ, ਮੁੱਖ ਬਾਜ਼ਾਰ, ਸਕੂਲ ਤੇ ਖੇਡ ਸਟੇਡੀਅਮ ਆਦਿ ’ਚ ਖੜ੍ਹ ਜਾਂਦਾ ਹੈ। ਮੀਂਹ ਦੇ ਸਮੇਂ ਦੌਰਾਨ ਤਾਂ ਹਾਲਤ ਹੋਰ ਵੀ ਭਿਆਨਕ ਬਣ ਜਾਂਦੀ ਹੈ। ਇਸ ਗੱਲ ’ਚ ਵੀ ਕੋਈ ਭੁਲੇਖਾ ਨਹੀਂ ਕਿ ਪੀਲੀਆ, ਹੈਜਾ ਤੇ ਕੈਂਸਰ ਵਰਗੀਆਂ ਬੀਮਾਰੀਆਂ ਪੈਦਾ ਕਰਨ ਦਾ ਇਹ ਗੰਦਾ ਪਾਣੀ ਸਾਧਨ ਬਣਦਾ ਹੈ। ਕੁੱਝ ਸਮਾਂ ਪਹਿਲਾਂ ਸਟੇਡੀਅਮ ਦੇ ਨਾਲ ਲੱਗਦੇ ਛੱਪੜ ਦਾ ਪਾਣੀ ਆਰਜ਼ੀ ਤੌਰ ’ਤੇ ਰਾਹਤ ਲਈ ਖੇਤਾਂ ’ਚ ਛੱਡ ਦਿੱਤਾ ਜਾਂਦਾ ਸੀ ਪਰ ਹੁਣ ਪਾਣੀ ਹੋਰ ਵਧੇਰੇ ਦੂਸ਼ਿਤ ਹੋਣ ਕਰਕੇ ਫਸਲਾਂ ਨੂੰ ਨੁਕਸਾਨ ਕਰਦਾ ਸੀ। ਜਿਸ ਕਰਕੇ ਇਹ ਰਾਹ ਵੀ ਬੰਦ ਹੋ ਗਿਆ।


 ਪਿੰਡ ਨਥਾਣਾ ’ਚ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਦੌਰਾਨ ਕਿੰਨੀਆਂ ਹੀ ਸਰਕਾਰਾਂ ਸੱਤਾ ’ਚ ਆਈਆਂ ਪਰ ਲੋਕਾਂ ਦੀ ਇਸ ਸਮੱਸਿਆਂ ਦਾ ਕੋਈ ਹੱਲ ਨਹੀਂ ਹੋਇਆ। ਇਲਾਕੇ ਦੇ ਵਿਧਾਇਕ, ਐਮ.ਪੀ. ਨੇ ਇਸ ਸਮੱਸਿਆਂ ਨੂੰ ਹੱਲ ਕਰਨ ਦੇ ਸਿਰਫ ਲੋਕਾਂ ਨਾਲ ਵਾਅਦੇ ਹੀ ਕੀਤੇ ਪਰ ਹੱਲ ਅਜੇ ਤੱਕ ਕੋਈ ਨਹੀਂ ਹੋਇਆ। ਸਰਕਾਰਾਂ ਦੇ ਇਸ ਲੋਕ ਵਿਰੋਧੀ ਰਵੱਈਏ ਤੋਂ ਅੱਕ ਕੇ ਨਥਾਣਾ ਦੇ ਲੋਕਾਂ ਨੇ ਇਸ ਮਸਲੇ ਨੂੰ ਹੱਲ ਕਰਵਾਉਣ ਲਈ ਸੰਘਰਸ਼ ਵਿੱਢ ਦਿੱਤਾ। ਪਹਿਲਾਂ ਪਿੰਡ ਦੀਆਂ ਆਮ ਔਰਤਾਂ ਵੱਲੋਂ ਆਪ-ਮੁਹਾਰੇ ਨਗਰ ਪੰਚਾਇਤ ਦੇ ਦਫਤਰ ਅੱਗੇ ਧਰਨਾ ਲਾ ਦਿੱਤਾ ਗਿਆ। ਜਦੋਂ ਉਹਨਾਂ ਦੀ ਗੱਲ ਪ੍ਰਸ਼ਾਸ਼ਨ ਵੱਲੋਂ ਨਹੀਂ ਸੁਣੀ ਗਈ ਤਾਂ ਉਹਨਾਂ ਨੇ ਮੇਨ ਸੜਕ ਜਾਮ ਕਰ ਦਿੱਤੀ ਗਈ ਫਿਰ ਸ਼ਾਮ ਨੂੰ ਤਹਿਸੀਲਦਾਰ ਉਹਨਾਂ ਦੇ ਧਰਨੇ ’ਚ ਆਇਆ ਤੇ ਇਸ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਜਦੋਂ ਕਾਫ਼ੀ ਸਮਾਂ ਬੀਤ ਗਿਆ ਪਰ ਉਹਨਾਂ ਦੀ ਸਮੱਸਿਆ ਦੀ ਕੋਈ ਸੁਣਵਾਈ ਨਹੀਂ ਹੋਈ ਤਾਂ ਨਥਾਣਾ ਦੇ ਆਮ ਲੋਕਾਂ ਨੇ ਬੀ.ਕੇ.ਯੂ. ਉਗਰਾਹਾਂ ਦੀ ਪਿੰਡ ਨਥਾਣਾ ਇਕਾਈ ਤੱਕ ਪਹੁੰਚ ਕੀਤੀ ਗਈ ਤੇ ਜਥੇਬੰਦੀ ਦੀ ਅਗਵਾਈ ’ਚ ਸੰਘਰਸ਼ ਕਰਨ ਦਾ ਫੈਸਲਾ ਕੀਤਾ ਗਿਆ। 30 ਅਗਸਤ ਨੂੰ ਜਥੇਬੰਦੀ ਦੀ ਅਗਵਾਈ ’ਚ ਇਸ ਮਸਲੇ ਦੇ ਸੰਬੰਧ ’ਚ ਏ.ਡੀ.ਸੀ. ਨੂੰ ਮਿਲਿਆ ਗਿਆ। ਪਰ 11 ਸਤੰਬਰ ਤੱਕ ਇਸ ਸਮੱਸਿਆ ਸੰਬੰਧੀ ਫਿਰ ਕੋਈ ਸੁਣਵਾਈ ਨਹੀਂ ਹੋਈ। ਫਿਰ 12 ਸਤੰਬਰ ਨੂੰ ਪਿੰਡ ਪੱਧਰ ’ਤੇ ਇਸ ਮਸਲੇ ਦੇ ਹੱਲ ਲਈ ਕਮੇਟੀ ਬਣਾਈ ਜਾਂਦੀ ਹੈ ਤੇ 13 ਸਤੰਬਰ ਨੂੰ ਨਗਰ ਪੰਚਾਇਤ ਦਾ ਦਫਤਰ ਘੇਰਿਆ ਜਾਂਦਾ ਹੈ ਪਰ ਪ੍ਰਸਾਸ਼ਨ ਵੱਲੋਂ ਫਿਰ ਵੀ ਕੋਈ ਗੱਲਬਾਤ ਲਈ ਨਹੀਂ ਆਉਂਦਾ। ਫਿਰ ਨਥਾਣਾ ਦੇ ਤਹਿਸੀਲਦਾਰ ਦਾ ਘਿਰਾਓ ਕੀਤਾ ਜਾਂਦਾ ਤਾਂ ਫਿਰ ਕਿਤੇ ਜਾ ਕੇ ਡੀ.ਸੀ. ਬਠਿੰਡਾ ਨਾਲ ਮੀਟਿੰਗ ਤਹਿ ਹੁੰਦੀ ਹੈ। ਡੀ.ਸੀ ਨਾਲ ਮੀਟਿੰਗਾਂ ਦੇ ਕਈ ਗੇੜ ਹੁੰਦੇ ਹਨ। ਪਹਿਲਾਂ ਤਾਂ ਡੀ.ਸੀ ਵੱਲੋਂ ਨਗਰ ਪੰਚਾਇਤ ਨੂੰ ਇਸਦੇ ਹੱਲ ਲਈ ਕਿਹਾ ਜਾਂਦਾ ਹੈ ਪਰ ਨਗਰ ਪੰਚਾਇਤ ਦੇ ਪ੍ਰਧਾਨ ਦੀ ਚੋਣ ਕਰਨ ਦਾ ਰੇੜਕਾ ਹੋਣ ਕਰਕੇ ਗੱਲ ਆਈ ਗਈ ਹੋ ਗਈ। ਫਿਰ ਬਠਿੰਡਾ ਡੀ.ਸੀ. ਵੱਲੋਂ ਗੰਦੇ ਪਾਣੀ ਦੀ ਨਿਕਾਸੀ ਲਈ ਟੈਂਡਰ ਹੋਣ ਦਾ ਭਰੋਸਾ ਦਿੱਤਾ ਗਿਆ। ਇਸ ਸਮੱਸਿਆ ਦੇ ਹੱਲ ਲਈ ਨਥਾਣਾ ਤੋਂ 10-15 ਕਿਲੋਮੀਟਰ ਦੂਰ ਭਗਤਾ ਰੋਡ ’ਤੇ ਪਾਇਪਾਂ ਰਾਹੀਂ ਡਰੇਨ ’ਚ ਪਾਣੀ ਪਾਉਣ ਦੀ ਗੱਲ ਕਹੀ ਤੇ ਜਿਹੜਾ ਇਸ ਦਾ ਪਹਿਲਾਂ 27 ਕਰੋੜ ਦਾ ਟੈਂਡਰ ਸੀ ਜੋ ਕਿ ਘੱਟ ਰਕਮ ਬਣਦੀ ਸੀ। ਹੁਣ ਰਕਮ ਵਿੱਚ ਵਾਧਾ ਕਰਕੇ 30 ਕਰੋੜ ਦਾ ਟੈਂਡਰ ਕੀਤਾ ਜਾ ਰਿਹਾ ਹੈ। ਪਰ ਇਸਨੂੰ ਕਾਫ਼ੀ ਸਮਾਂ ਲੱਗਣਾ ਹੈ ਤਾਂ ਲੋਕਾਂ ਨੇ ਮੰਗ ਕੀਤੀ ਕੇ ਇਸ ਦਾ ਫੌਰੀ ਤੌਰ ’ਤੇ ਇੱਕ ਵਾਰ ਆਰਜੀ ਹੱਲ ਕੀਤਾ ਜਾਵੇ। ਪਰ ਜਿਵੇਂ ਕੇ ਆਮ ਕਰਕੇ ਲੋਕਾਂ ਦੇ ਰੋਸ ਨਾਲ ਨਜਿੱਠਣ ਦਾ ਤਰੀਕਾ ਵਰਤਿਆ ਜਾਂਦਾ ਹੈ, ਡੀ.ਸੀ ਵੱਲੋਂ ਭਰੋਸਾ ਦਿਵਾਇਆ ਗਿਆ। ਇਸ ਦੌਰਾਨ ਇਲਾਕਾ ਨਥਾਣਾ ਦੇ ਲੋਕਾਂ ਦਾ ਧਰਨਾ ਲਗਾਤਾਰ ਚੱਲਦਾ ਰਿਹਾ ਤੇ ਇਕੱਠ 150-200 ਦਾ ਹੁੰਦਾ ਰਿਹਾ ਤੇ ਐਕਸ਼ਨ ਦੌਰਾਨ ਇਹ ਗਿਣਤੀ ਵਧ ਵੀ ਜਾਂਦੀ ਸੀ ਤੇ ਨਾਲ-ਨਾਲ ਪ੍ਰਸ਼ਾਸ਼ਨ ਨਾਲ ਮੀਟਿੰਗਾਂ ਦਾ ਦੌਰ ਵੀ ਚੱਲਦਾ ਰਿਹਾ। ਪਰ ਫਿਰ ਸਮਾਂ ਬੀਤ ਜਾਣ ਦੇ ਬਾਵਜੂਦ ਕੋਈ ਹੱਲ ਨਹੀਂ ਹੋਇਆ ਤਾਂ ਲੋਕਾਂ ਵੱਲੋਂ ਇੱਕ ਵਾਰ ਫੇਰ ਈ.ਓ ਤੇ ਜੇ.ਈ ਤੇ ਤਹਿਸਲੀਦਾਰ ਦਾ ਘਿਰਾਓ ਕੀਤਾ ਗਿਆ ਤੇ ਫਿਰ ਡੀ.ਸੀ. ਤੇ ਸੀਵਰੇਜ ਬੋਰਡ ਨਾਲ ਮੀਟਿੰਗ ਤਹਿ ਕੀਤੀ ਗਈ। ਮੀਟਿੰਗ ’ਚ ਇੱਕ ਵਾਰ ਆਰਜੀ ਤੌਰ ’ਤੇ ਗਰਿੱਡ ਕੋਲ ਖਾਲੀ ਪਏ ਛੱਪੜ ’ਚ ਪਾਇਪਾਂ ਪਾ ਕੇ ਪਾਣੀ ਛੱਡਣ ਦਾ ਫੈਸਲਾ ਹੋਇਆ। ਸੰਘਰਸ਼ ਦੇ ਦਬਾਅ ਸਦਕਾ ਪਾਇਪਾਂ ਤਾਂ ਪਾ ਦਿੱਤੀਆਂ ਪਰ ਪਾਣੀ ਅਜੇ ਤੱਕ ਨਹੀਂ ਛੱਡਿਆ ਗਿਆ ਕਿਉਂਕਿ ਉਹ ਛੱਪੜ ਕਿਸੇ ਸਿਆਸੀ ਲੀਡਰ ਦੇ ਘਰ ਕੋਲ ਸੀ। ਫਿਰ ਪ੍ਰਸ਼ਾਸ਼ਨ ਵੱਲੋਂ ਪੋਕਲੇਨ ਮਸ਼ੀਨਾਂ ਰਾਹੀਂ ਛੱਪੜਾਂ ਦੀ ਸਫਾਈ ਕਰਵਾ ਕੇ ਪਾਣੀ ਇੱਕ ਵਾਰ ਵਾਟਰ ਵਰਕਸ ਦੀਆਂ ਖਾਲੀ ਪਈਆਂ ਪਾਣੀ ਵਾਲੀਆਂ ਡਿੱਗੀਆਂ ’ਚ ਛੱਡਿਆ ਗਿਆ। ਇਸ ਨਾਲ ਲੋਕਾਂ ਨੂੰ ਥੋੜੀ ਬਹੁਤ ਆਰਜੀ ਰਾਹਤ ਮਿਲੀ ਪਰ ਹੁਣ ਫਿਰ ਪਹਿਲਾਂ ਵਾਲੇ ਹਾਲਤ ਬਣ ਗਏ ਹਨ। ਹੁਣ ਜਦੋਂ ਕਮੇਟੀ ਵੱਲੋਂ ਈ.ਓ ਨੂੰ 30 ਕਰੋੜ ਦੇ ਪ੍ਰੋਜੈਕਟ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਿਹਾ ਕੇ ਪ੍ਰੋਜੈਕਟ ’ਚ ਅਜੇ ਕਮੀਆਂ ਨੇ ਜਿਸ ਕਰਕੇ ਇਹ ਮਨਜੂਰ ਨਹੀਂ ਹੋਇਆ। ਝੋਨੇ ਦਾ ਸੀਜ਼ਨ ਆਉਣ ਕਰਕੇ ਇੱਕ ਵਾਰ ਸੰਘਰਸ਼ ਐਕਸ਼ਨਾਂ ਦੀ ਰਫਤਾਰ ਕੁੱਝ ਮੱਧਮ ਹੋ ਗਈ ਪਰ ਫਿਰ ਵੀ ਪੱਕਾ ਧਰਨਾ ਜਾਰੀ ਹੈ।                            


ਭਾਵੇਂ ਸੱਤਾਂ ’ਤੇ ਬਿਰਾਜਮਾਨ ਹਾਕਮ ਜਮਾਤੀ ਪਾਰਟੀਆਂ ਨੇ ਆਪਣੀਆਂ ਸਿਆਸੀ ਗਿਣਤੀਆਂ-ਮਿਣਤੀਆਂ ਤਹਿਤ ਇੱਥੇ ਨਗਰ ਪੰਚਾਇਤ ਤਾਂ ਬਣਾ ਦਿੱਤੀ ਪਰ ਇਸ ਨਗਰ ਪੰਚਾਇਤ ਕੋਲ ਇਹਨਾਂ ਬੁਨਿਆਦੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਫੰਡਾਂ ਦੀ ਭਾਰੀ ਕਮੀ ਹੈ। ਨਗਰ ਪੰਚਾਇਤ ਨੂੰ ਜ਼ਮੀਨ, ਦੁਕਾਨਾਂ ਦੇ ਕਿਰਾਏ ਤੇ ਹੋਰ ਟੈਕਸਾਂ ਦੇ ਰੂਪ ’ਚ ਜੋ ਵੀ ਪੈਸੇ ਇਕੱਠੇ ਹੁੰਦੇ ਨੇ ਉਹ ਬਹੁਤ ਥੋੜੇ ਬਣਦੇ ਹਨ। ਇਹਨਾਂ ਫੰਡਾਂ ਦੇ ਸਿਰ ’ਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਨਹੀਂ ਦੇ ਸਕਦੇ। ਇਹਨਾਂ ਫੰਡਾਂ ਵਿੱਚੋਂ ਵੀ ਕੁੱਝ ਹਿੱਸਾ ਰਲ-ਮਿਲਾ ਕੇ ਛਕ ਲਿਆ ਜਾਂਦਾ ਹੈ। ਨਥਾਣਾ ’ਚ ਗਲੀਆਂ ਪੱਕੀਆਂ ਕਰਨ ਤੇ ਸਟਰੀਟ ਲਾਈਟਾਂ ਆਦਿ ਲਾਉਣ ਲਈ ਵੀ ਨਗਰ ਪੰਚਾਇਤ ਦੇ ਅਧੀਨ ਆਉਂਦੀਆਂ ਜਾਇਦਾਦਾਂ ਨੂੰ ਗਿਰਵੀ ਰੱਖ ਕੇ 6-7 ਕਰੋੜ ਦਾ ਕਰਜ਼ਾ ਲਿਆ ਗਿਆ ਸੀ। ਗੰਦੇ ਪਾਣੀ ਦੇ ਨਿਕਾਸੀ ਦੇ ਪ੍ਰਬੰਧ ਲਈ ਇਸ ਤੋਂ ਕਿਤੇ ਵੱਧ ਫੰਡ ਚਾਹੀਦੇ ਹਨ। ਇਸ ਕਰਕੇ ਨਗਰ ਪੰਚਾਇਤ ਇਸ ਸਮੱਸਿਆ ਨੂੰ ਪੱਕੇ ਤੌਰ ’ਤੇ ਹੱਲ ਕਰਨ ਦੀ ਹਾਲਤ ’ਚ ਨਹੀਂ ਹੈ। ਸਰਕਾਰ ਵੱਲੋਂ ਇਸ ਦੇ ਹੱਲ ਲਈ ਵੱਡੇ ਪੱਧਰ ’ਤੇ ਬੱਜਟ ਮੁਹੱਈਆ ਹੀ ਨਹੀਂ ਕਰਵਾਏ ਗਏ। 


ਹੁਣ ਜਦੋਂ ਨਥਾਣਾ ਦੇ ਆਮ ਲੋਕ ਗੰਦੇ ਪਾਣੀ ਦੇ ਨਿਕਾਸ ਦੀ ਬੁਨਿਆਦੀ ਸਮੱਸਿਆ ਲਈ ਜੂਝ ਰਹੇ ਹਨ ਤਾਂ ਉਹ ਇਹ ਤਜ਼ਰਬਾ ਵੀ ਹੰਢਾ ਰਹੇ ਹਨ ਕੇ ਲੋਕਾਂ ਨੂੰ ਇਸ ਰਾਜ ’ਚ ਆਪਣੀਆਂ ਬੁਨਿਆਦੀ ਸਹੂਲਤਾਂ ਲੈਣ ਲਈ ਕਿਵੇਂ ਜੂਝਣਾ ਪੈਂਦਾ ਹੈ ਤੇ ਹਕੂਮਤਾਂ ਸਮੇਤ ਅਫਸਰਸ਼ਾਹੀ ਤੇ ਹੋਰ ਰਾਜਕੀ ਸੰਸਥਾਵਾਂ ਲੋਕਾਂ ਦੀਆਂ ਮੁਸ਼ਕਿਲਾਂ ਪ੍ਰਤੀ ਕਿਹੋ ਜਿਹਾ ਰਵੱਈਆ ਰੱਖਦੀਆਂ ਹਨ। ਆਮ ਲੋਕਾਂ ਦੇ ਲਈ ਬਣੇ ਨਗਰ ਪੰਚਾਇਤਾਂ ਦੇ ਦਫ਼ਤਰ, ਤਹਿਸੀਲਾਂ, ਸੀਵਰੇਜ ਬੋਰਡ ਤੇ ਹੋਰ ਸਰਕਾਰੀ ਅਦਾਰਿਆਂ ਦਾ ਹੀਜ ਪਿਆਜ ਨੰਗਾ ਹੁੰਦਾ ਹੈ। ਲੋਕਾਂ ਦੀਆਂ ਵੋਟਾਂ ਰਾਹੀਂ ਚੁਣੀਆਂ ਹੋਈਆਂ ਨਗਰ ਪੰਚਾਇਤਾਂ ਵੀ ਲੋਕਾਂ ਦੇ ਨਾਲ ਖੜ੍ਹਨ ਦੀ ਬਜਾਏ ਹਾਕਮ ਜਮਾਤੀ ਪਾਰਟੀਆਂ ਨਾਲ ਰਲ ਕੇ ਅਫਸਰਸ਼ਾਹੀ ਦੇ ਪਾਲੇ ’ਚ ਹੀ ਜਾ ਖੜ੍ਹਦੀਆਂ ਹਨ। ਤਾਂ ਲੋਕਾਂ ਕੋਲ ਆਪਣੀ ਜਥੇਬੰਦ ਤਾਕਤ ਦੀ ਉਸਾਰੀ ਕਰਨ ਤੇ ਇਸ ’ਤੇ ਟੇਕ ਰੱਖ ਕੇ ਅੱਗੇ ਵਧਣ ਤੋਂ ਬਿਨਾਂ ਹੋਰ ਕਈ ਰਸਤਾ ਨਹੀਂ ਬਚਦਾ।


ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆਂ ਕਿਸੇ ਇੱਕ ਪਿੰਡ ਜਾਂ ਇਲਾਕੇ ਦੀ ਸਮੱਸਿਆ ਨਹੀਂ ਹੈ। ਇਹ ਸਮੱਸਿਆਂ ਪੰਜਾਬ ਦੇ ਲਗਭਗ ਸਾਰੇ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਆਦਿ ਦੀ ਸਮੱਸਿਆ ਹੈ। ਇਹ ਸੰਘਰਸ਼ ਦਰਸਾ ਰਿਹਾ ਹੈ ਕਿ ਆਜ਼ਾਦੀ ਦੇ 77 ਸਾਲ ਬੀਤ ਜਾਣ ਦੇ ਬਾਵਜੂਦ ਇਹਨਾਂ ਪਿੰਡਾਂ, ਕਸਬਿਆਂ ’ਚ ਗੰਦੇ ਪਾਣੀ ਦੀ ਨਿਕਾਸੀ ਤੇ ਹੋਰ ਬੁਨਿਆਦੀ ਸਹੂਲਤਾਂ ਦੀ ਘਾਟ ਹੈ। ਪਿੰਡਾਂ ਦੀ ਵੋਟ ਰਾਜਨੀਤੀ ਤਾਂ ਗਲੀਆਂ, ਨਾਲੀਆਂ ਪੱਕੀਆਂ ਕਰਨ ਤੇ ਛੱਪੜਾਂ ਨੂੰ ਡੂੰਘੇ ਕਰਨ ਦੇ ਦੁਆਲੇ ਹੀ ਘੁੰਮਦੀ ਹੈ ਤੇ ਇਸਦਾ ਹੱਲ ਕਰਨ ਦੀ ਥਾਂ ਇਸਦਾ ਵਧਾਰਾ ਹੀ ਕਰਦੀ ਹੈ। ਚਾਹੇ ਇਹਨਾਂ ਸਮੱਸਿਆਂ ਨੂੰ ਹੱਲ ਕਰਨ ਦੇ ਦਾਅਵੇ ਤਾਂ ਕੀਤੇ ਜਾਂਦੇ ਹਨ ਪਰ ‘ਪਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਹੈ’। ਪਿੰਡ ਨਥਾਣਾ ਦੇ ਗੰਦੇ ਤੇ ਦੂਸ਼ਿਤ ਪਾਣੀ ਨੂੰ ਜੇਕਰ ਡਰੇਨ ਨਾਲ ਜੋੜ ਵੀ ਦਿੱਤਾ ਜਾਵੇ ਤਾਂ ਡਰੇਨ ਵਾਲੇ ਪਾਣੀ ਦਾ ਵੀ ਕੋਈ ਹੱਲ ਨਹੀਂ ਹੋਣਾ। ਅਸਲ ’ਚ ਸਰਕਾਰ ਨੂੰ ਇਹਨਾਂ ਬੁਨਿਆਦੀ ਸਹੂਲਤਾਂ ਲਈ ਵੱਡੇ ਬੱਜਟਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਇਹਨਾਂ ਵੱਡੇ ਬੱਜਟਾਂ ਰਾਹੀਂ ਵੱਡੇ ਟਰੀਟਮੈਂਟ ਪਲਾਂਟ ਲੱਗਣੇ ਚਾਹੀਦੇ ਹਨ। ਜਿਸ ਤਰ੍ਹਾਂ ਵੱਡੇ ਵਿਕਸਿਤ ਮੁਲਕਾਂ ’ਚ ਹੁੰਦਾ ਹੈ। ਇਹਨਾਂ ਰਾਹੀਂ ਸੋਧੇ ਹੋਏ ਪਾਣੀ ਨੂੰ ਖੇਤੀ ਲਈ ਤੇ ਹੋਰ ਘਰੇਲੂ ਲੋੜਾਂ ਲਈ ਵੀ ਵਰਤਿਆ ਜਾ ਸਕਦਾ ਹੈ ਤੇ ਕੁੱਝ ਹੱਦ ਤੱਕ ਪਾਣੀ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ। ਪਰ ਸਰਕਾਰਾਂ ਦਾ ਇਹਨਾਂ ਮਸਲਿਆਂ ਪ੍ਰਤੀ ਗੰਭੀਰ ਸਰੋਕਾਰ ਨਹੀਂ ਹੈ ਤਾਂ ਹੀ ਬੱਜਟਾਂ ਦੇ ਪ੍ਰਬੰਧ ਨਹੀਂ ਕੀਤੇ ਜਾਂਦੇ। ਲੋਕਾਂ ਨੂੰ ਆਪਣੀ ਹੋਣੀ ’ਤੇ ਛੱਡ ਦਿੱਤਾ ਜਾਂਦਾ ਹੈ।              

Thursday, November 21, 2024

ਪੰਜ ਜਥੇਬੰਦੀਆਂ ਵੱਲੋਂ ਫਲਸਤੀਨੀਆਂ ਦੇ ਹੱਕ ਵਿੱਚ ਕਨਵੈਨਸ਼ਨ ਤੇ ਮੁਜ਼ਾਹਰਾ

 ਪੰਜ ਜਥੇਬੰਦੀਆਂ ਵੱਲੋਂ ਫਲਸਤੀਨੀਆਂ ਦੇ ਹੱਕ ਵਿੱਚ ਕਨਵੈਨਸ਼ਨ ਤੇ ਮੁਜ਼ਾਹਰਾ





ਇਜ਼ਰਾਇਲ ਵੱਲੋਂ ਫਲਸਤੀਨੀਆਂ ਦੀ ਨਸਲਕੁਸ਼ੀ ਦੇ ਵਿਰੋਧ ’ਚ, ਸਥਾਈ ਜੰਗਬੰਦੀ ਲਈ ਅਤੇ ਭਾਰਤ ਸਰਕਾਰ ਵੱਲੋਂ ਇਜ਼ਰਾਈਲ ਨੂੰ ਹਥਿਆਰ ਤੇ ਹੋਰ ਜੰਗੀ ਸਾਜੋ ਸਮਾਨ ਦਿੱਤੇ ਜਾਣ ਦੇ ਵਿਰੋਧ ’ਚ ਅਤੇ ਫਲਸਤੀਨੀਆਂ ਨਾਲ ਯੱਕਯਹਿਤੀ ਪ੍ਰਗਟਾਉਣ ਲਈ 7 ਅਕਤੂਬਰ ਨੂੰ ਦੇਸ਼ ਭਗਤ ਯਾਦਗਰ ਹਾਲ ਜਲੰਧਰ ਵਿਖੇ ਕਨਵੈਂਨਸ਼ਨ ਕੀਤੀ ਗਈ ਅਤੇ ਸ਼ਹਿਰ ਵਿੱਚ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਵਿੱਚ ਆਰ ਐਮ ਪੀ ਆਈ, ਸੀ ਪੀ ਆਈ ਐਮ ਐਲ ਨਿਊ ਡੈਮੋਕਰੇਸੀ, ਸੀ ਪੀ ਆਈ ਐਮ ਐਲ ਲਿਬਰੇਸ਼ਨ , ਇਨਕਲਾਬੀ ਕੇਂਦਰ ਪੰਜਾਬ ਤੇ ਐਮ ਸੀ ਪੀ ਆਈ (ਯੂ) ਸ਼ਾਮਿਲ ਸਨ। ਇਸ ਕਨਵੈਨਸ਼ਨ ਦੀ ਪ੍ਰਧਾਨਗੀ ਸਰਵ ਸ੍ਰੀ ਰਤਨ ਸਿੰਘ ਰੰਧਾਵਾ, ਅਜਮੇਰ ਸਿੰਘ, ਰਾਜਵਿੰਦਰ ਸਿੰਘ ਰਾਣਾ, ਨਰਾਇਣ ਦੱਤ ਤੇ ਗੁਰਨਾਮ ਸਿੰਘ ਬਾਲਦ ਕਲਾਂ ਨੇ ਕੀਤੀ।

ਕਨਵੈਂਸ਼ਨ ਵਿੱਚ ਆਗੂਆਂ ਵੱਲੋਂ ਮੰਗ ਕੀਤੀ ਗਈ ਕਿ ਸਥਾਈ ਜੰਗਬੰਦੀ ਕੀਤੀ ਜਾਵੇ, ਯੂਐਨਓ ਦੇ ਮਤੇ ਅਨੁਸਾਰ ਫਲਸਤੀਨੀ ਇਲਾਕਿਆਂ ਵਿੱਚੋਂ ਇਜ਼ਰਾਇਲੀ ਫੌਜਾਂ ਫੌਰੀ ਤੌਰ ’ਤੇ ਵਾਪਸ ਬੁਲਾਈਆਂ ਜਾਣ, ਫਲਸਤੀਨੀਆਂ ਦੀ ਪ੍ਰਭੂਸਤਾ ਲਈ ਆਵਾਜ਼ ਬੁਲੰਦ ਕੀਤੀ ਜਾਵੇ। ਭਾਰਤ ਸਰਕਾਰ ਹਥਿਆਰ ਅਤੇ ਹੋਰ ਜੰਗੀ ਸਮਾਨ ਦੀ ਸਪਲਾਈ ਬੰਦ ਕਰੇ ਅਤੇ ਇਜ਼ਰਾਈਲ ਨਾਲੋਂ ਰਾਜਦੂਤਕ ਸੰਬੰਧ ਤੋੜ ਕੇ ਫਲਸਤੀਨੀ ਲੋਕਾਂ ਦੀ ਹਿਮਾਇਤ ਕਰੇ।

                                                                    --0--

ਇਜਰਾਈਲ ਵੱਲੋਂ ਫਲਸਤੀਨ ਦੇ ਖਿਲਾਫ ਛੇੜੀ ਨਿਹੱਕੀ ਜੰਗ ਦਾ ਇੱਕ ਵਰ੍ਹਾ ਮੁਕੰਮਲ ਹੋਣ ਉੱਤੇ ਲੋਕ ਮੋਰਚਾ ਪੰਜਾਬ

 ਵੱਲੋਂ ਪੰਜ ਜਿਲ੍ਹਿਆਂ ਅੰਦਰ ਇਸ ਜੰਗ ਦੇ ਵਿਰੋਧ ਵਿੱਚ ਅਤੇ ਮੋਦੀ ਹਕੂਮਤ ਵੱਲੋਂ ਮੱਧ ਭਾਰਤ ਦੇ ਆਦੀਵਾਸੀਆਂ ਦੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿਰੋਧ ਵਿੱਚ ਪ੍ਦਰਸ਼ਨ ਕੀਤੇ ਗਏ, ਜਿਹਨਾਂ ਵਿੱਚ ਵੱਡੀ ਗਿਣਤੀ ਲੋਕਾਂ ਨੇ ਸਮੂਲੀਅਤ ਕੀਤੀ।

      ਮੂਨਕ(ਸੰਗਰੂਰ), ਧਨੌਲਾ (ਬਰਨਾਲਾ),  ਲੰਬੀ (ਮੁਕਤਸਰ ),  ਸਮਰਾਲਾ (ਲੁਧਿਆਣਾ) ਅਤੇ ਬਠਿੰਡਾ ਵਿੱਚ ਹੋਏ ਇਹਨਾਂ ਪ੍ਰਦਰਸ਼ਨਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਇਹਨਾਂ ਵਿਰੋਧ ਪ੍ਰਦਰਸ਼ਨਾਂ ਰਾਹੀਂ ਲੋਕ ਇਸ ਅਨਿਆਈਂ ਜੰਗ ਦੇ ਵਿਰੁੱਧ ਜ਼ੋਰਦਾਰ ਆਵਾਜ ਬੁਲੰਦ ਕਰਨ ਵਿੱਚ ਸੰਸਾਰ ਭਰ ਦੇ ਲੋਕਾਂ ਨਾਲ ਸ਼ਾਮਿਲ ਹਨ।

           ਇਹਨਾਂ ਮੁਜ਼ਹਾਰਿਆਂ ਦੌਰਾਨ ਫਲਸਤੀਨੀ ਲੋਕਾਂ ਦੀ ਹਮਾਇਤ ਤੇ ਇਜ਼ਰਾਇਲੀ ਹਮਲੇ ਦਾ ਵਿਰੋਧ ਕਰਦੀਆਂ ਮੰਗਾਂ ਦੇ ਨਾਲ ਨਾਲ ਮੰਗ ਕੀਤੀ ਗਈ ਕਿ ਮੋਦੀ ਸਰਕਾਰ ਮੱਧ ਭਾਰਤ ਦੇ ਜੰਗਲਾਂ ਵਿੱਚ ਆਦਿਵਾਸੀਆਂ ਤੇ ਇਨਕਲਾਬੀਆਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣੇ ਬੰਦ ਕਰੇ ਅਤੇ ਕਾਰਪੋਰੇਟਾਂ ਨੂੰ ਮੁਲਕ ਦੇ ਖਜਾਨੇ ਲੁੱਟਣ ਦੀ ਇਜਾਜਤ ਨਾ ਦਿੱਤੀ ਜਾਵੇ। ਇਹਨਾਂ ਸਭਨਾਂ ਥਾਵਾਂ ਉੱਤੇ ਇਕੱਤਰਤਾਵਾਂ ਤੋਂ ਬਾਅਦ ਬਾਜ਼ਾਰਾਂ ਅੰਦਰ ਮਾਰਚ ਵੀ ਕੀਤੇ ਗਏ। --0--

  (ਪ੍ਰੈਸ ਲਈ ਜਾਰੀ ਬਿਆਨ)  


ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਜਿਮਨੀ ਚੋਣਾਂ ਵਾਲੇ ਇਲਾਕਿਆਂ ਵਿੱਚ ਝੰਡਾ ਮਾਰਚ

 ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਜਿਮਨੀ ਚੋਣਾਂ ਵਾਲੇ ਇਲਾਕਿਆਂ ਵਿੱਚ ਝੰਡਾ ਮਾਰਚ 

ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਵਿਭਾਗਾਂ ਵਿਚੋਂ ਕੰਪਨੀਆਂ ਅਤੇ ਠੇਕੇਦਾਰਾਂ ਨੂੰ ਬਾਹਰ ਕੱਢਣ, ਆਊਟਸੋਰਸਡ ਅਤੇ ਇਨਲਿਸਟਮੈਂਟ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਲਿਆਕੇ ਰੈਗੂਲਰ ਕਰਨ, ਘੱਟੋ-ਘੱਟ ਉਜਰਤ ਐਕਟ ਤਹਿਤ ਤਨਖਾਹਾਂ ਦੇਣ ਵਰਗੀਆਂ ਮੰਗਾਂ ਨੂੰ ਲੈ ਕੇ ਠੇਕਾ ਮੁਲਾਜ਼ਮਾ ਵੱਲੋਂ ਜਿਮਨੀ ਚੋਣਾਂ ਦੌਰਾਨ ਪੰਜਾਬ ਸਰਕਾਰ ’ਤੇ ਦਬਾਅ ਵਧਾਉਣ ਲਈ ਚੋਣ ਹਲਕਿਆਂ ’ਚ ਝੰਡਾ ਮਾਰਚ ਕੀਤੇ ਜਾ ਰਹੇ ਹਨ। ਇਨਾ ਮਾਰਚਾਂ ਦੌਰਾਨ ਵੋਟਾਂ ਤੋਂ ਝਾਕ ਛੱਡੋ ਸੰਘਰਸ਼ਾਂ ’ਤੇ ਟੇਕ ਰੱਖਣ ਦਾ ਹੋਕਾ ਵੀ ਦਿੱਤਾ ਗਿਆ ਅਤੇ ਮੁੱਖ ਮੰਤਰੀ ਪੰਜਾਬ ਦਾ ਫੀਲਡ ਵਿਚ ਆਉਣ ਤੇ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ। ਇਸ ਦੇ ਸਬੰਧ ਵਿੱਚ ਪੂਰੇ ਪੰਜਾਬ ਦੀ ਲਾਮਬੰਦੀ ਨੂੰ ਚਾਰ ਹਿੱਸਿਆਂ ਵਿਚ ਵੰਡਿਆ ਗਿਆ। 

 ਗਿਦੜਬਾਹਾ ਵਿਖੇ 5,9,11 ਨਵੰਬਰ ਨੂੰ ਪਿੰਡਾਂ ਵਿੱਚ ਮਾਰਚ ਕਰਕੇ ਲੀਫਲੈਟ ਵੰਡਿਆਂ ਗਿਆ ਅਤੇ 15,16,17 ਨੂੰ ਤਿੰਨ ਦਿਨ ਅਤੇ ਦੋ ਰਾਤਾਂ ਨੂੰ ਲਗਾਤਾਰ ਧਰਨਾ ਦਿੱਤਾ ਜਾਵੇਗਾ ਅਤੇ ਪਿੰਡਾਂ ਵਿੱਚ ਮਾਰਚ ਕਰਕੇ ਲੀਫਲੈਟ ਵੰਡਿਆਂ ਜਾਵੇਗਾ ਅਤੇ 5 ਨਵੰਬਰ ਨੂੰ ਝੰਡਾ ਮਾਰਚ ਦੌਰਾਨ ਪੁਲਸ ਪ੍ਰਸ਼ਾਸਨ ਦੁਆਰਾ ਮੁੱਖ ਮੰਤਰੀ ਦੇ ਆਉਣ ’ਤੇ ਮੁਲਾਜ਼ਮਾਂ ਨੂੰ ਬੱਲੂਆਣਾ ਟੋਲ ਪਲਾਜ਼ਾ ਵਿਖ਼ੇ ਰੋਕ ਕੇ ਰੱਖਿਆ ਗਿਆ ਅਤੇ ਨੈਸ਼ਨਲ ਹਾਈਵੇ ਜਾਮ ਕਰ ਕੇ ਰੱਖਿਆ ਗਿਆ ਅਤੇ ਬਰਨਾਲਾ ਵਿਖੇ 5 ਨਵੰਬਰ ਨੂੰ ਮਾਰਚ ਕਰਕੇ ਲੀਫਲੈਟ ਵੰਡਿਆ ਗਿਆ ਅਤੇ 17 ਨਵੰਬਰ ਨੂੰ ਵੀ ਬਰਨਾਲੇ ਦੇ ਪਿੰਡਾਂ ਵਿਚ ਮਾਰਚ ਕੀਤਾ ਜਾਵੇਗਾ ਅਤੇ ਚੱਬੇਵਾਲ ਦੇ ਇਲਾਕੇ ਵਿਚ 13 ਨਵੰਬਰ ਨੂੰ ਚੱਬੇਵਾਲ, ਬੱਸੀ ਕਲਾਂ,ਸੈਦੋਪੱਟੀ, ਜਿਆਣ, ਭੀਲੋਵਾਲ, ਲਹਿਲੀ ਕਲਾਂ, ਬਿਹਾਲਾ, ਨੌਰੰਗਾਬਾਦ, ਮੁਗੋਵਾਲ ਵਿਚ ਮਾਰਚ ਕਰਕੇ ਲੀਫਲੈਟ ਵੰਡੇ ਗਏ ਅਤੇ ਡੇਰਾ ਬਾਬਾ ਨਾਨਕ ਵਿਖੇ 11 ਨਵੰਬਰ ਨੂੰ ਮਾਰਚ ਕਰਕੇ ਲੀਫਲੈਟ ਵੰਡੇ ਗਏ ਅਤੇ ਗਿੱਦੜਬਾਹਾਂ ਹਲਕੇ ਵਿਚ ਮੁੱਖ ਮੰਤਰੀ ਪੰਜਾਬ ਦਾ 7 ਨਵੰਬਰ ਨੂੰ ਕੋਣੀ ਅਤੇ 13 ਨਵੰਬਰ ਨੂੰ ਭਲਾਈਆਣਾ ਵਿਖੇ ਆਉਣ ਤੇ ਕਾਲੇ ਝੰਡਿਆਂ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ। 

 ਰੁਜ਼ਗਾਰ ਦੀ ਮੰਗ ’ਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ ਹੋਏ ਲਾਮਬੰਦ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਗੇਟ ਨੰਬਰ ਇਕ ਤੇ 4 ਨਵੰਬਰ ਤੋਂ ਲੱਗਿਆ ਪੱਕਾ ਧਰਨਾ 8ਵੇਂ ਦਿਨ ਅੰਸਕ ਜਿੱਤ ਹਾਸਲ ਕਰਕੇ ਸਮਾਪਤ ਹੋ ਗਿਆ ਹੈ। ਖੇਤੀਬਾੜੀ ਸਟੂਡੈਂਟਸ ਐਸੋਸੀਏਸਨ ਪੰਜਾਬ (ਏ ਐਸ ਏ ਪੀ) ਦੀ ਅਗਵਾਈ ਚ ਲੱਗੇ ਧਰਨੇ ਤੋਂ ਪਹਿਲਾਂ ਦਰਜਨਾਂ ਮੰਤਰੀਆਂ, ਅਧਿਕਾਰੀਆਂ ਅਤੇ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਜਾ ਚੁੱਕੇ ਸਨ। ਮੰਗ ਸੀ ਕਿ ਛੇਵੀਂ ਤੋਂ ਦਸਵੀਂ ਤੱਕ ਸਕੂਲਾਂ ਵਿੱਚ ਖੇਤੀਬਾੜੀ ਵਿਸਾ ਲਾਜਮੀ ਕੀਤਾ ਜਾਵੇ ਜਿਹੜਾ ਕੇ ਸਰਕਾਰ ਨੇ ਖਤਮ ਕਰ ਦਿੱਤਾ ਸੀ ਅਤੇ ਸਕੂਲਾਂ ਵਿਚ ਖੇਤੀਬਾੜੀ ਅਧਿਆਪਕਾਂ ਦੀ ਭਰਤੀ ਕੀਤੀ ਜਾਵੇ। ਦੂਸਰੀ ਮੰਗ ਸੀ ਕੇ ਮੁੱਖ ਮੰਤਰੀ ਵੱਲੋਂ ਚੋਣਾਂ ਤੋਂ ਪਹਿਲਾਂ ਕੀਤਾ ਪਿੰਡਾਂ ਚ ਖੇਤਾਂ ਦੇ ਮਾਸਟਰ ਰੱਖਣ ਦਾ ਵਾਅਦਾ ਪੂਰਾ ਕੀਤਾ ਜਾਵੇ।  ਇਹਨਾਂ ਮੰਗਾਂ ਦਾ ਤੱਤ ਪੀ.ਏ.ਯੂ. ਤੋਂ ਡਿਗਰੀਆਂ ਕਰਨ ਵਾਲੇ ਨੋਜਵਾਨਾਂ ਲਈ ਰੁਜ਼ਗਾਰ ਦੀ ਮੰਗ ਕਰਨਾ ਹੈ।

4 ਨਵੰਬਰ ਤੋਂ ਧਰਨਾ ਸ਼ੁਰੂ ਹੋਇਆ, 9 ਨਵੰਬਰ ਦੀ ਸ਼ਾਮ ਨੂੰ ਜਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਵਿਦਿਆਰਥੀਆਂ ਨੂੰ ਧਰਨਾ ਚੱਕਣ ਦਾ ਫੁਰਮਾਨ ਦਿੱਤਾ ਕਿ 12 ਨਵੰਬਰ ਨੂੰ ਧਰਨੇ ਵਾਲੀ ਥਾਂ ਦੇ ਸਾਹਮਣੇ ਹੋਣ ਜਾ ਰਹੀ ਕੌਮਾਂਤਰੀ ਕਾਨਫਰੰਸ ਚ ਦੇਸ ਦੇ ਉਪ ਰਾਸਟਰਪਤੀ ਆ ਰਹੇ ਨੇ, ਇਹ ਵੀ ਵੀ ਆਈ ਪੀ ਇਲਾਕਾ ਹੈ, ਏਥੇ ਸਾਡਾ ਪ੍ਰੋਟੋਕੋਲ ਹੈ, ਧਰਨਾ ਜਾਂ ਤਾਂ ਤੁਸੀਂ ਚੱਕ ਲਵੋ ਨਹੀਂ ਅਸੀਂ ਉਠਾ ਦਿਆਂਗੇ। 

ਅਗਲੇ ਦਿਨ 10 ਨਵੰਬਰ ਨੂੰ ਐਂਤਵਾਰ ਹੋਣ ਦੇ ਬਾਵਜੂਦ ਸਵੇਰੇ 9 ਵਜੇ ਹੀ ਵਿਦਿਆਰਥੀ ਮੋਰਚੇ ਤੇ ਡਟ ਗਏ। ਸਾਮ ਨੂੰ ਐਸ ਪੀ ਲੁਧਿਆਣਾ ਅਤੇ ਜਿਲ੍ਹਾ ਪੁਲਸ ਅਫਸਰਾਂ ਵੱਲੋਂ ਵਿਦਿਆਰਥੀਆਂ ਨੂੰ ਧਰਨਾ ਚੱਕਣ ਅਤੇ ਸਿਰਫ ਡੀਸੀ ਨਾਲ ਮੀਟਿੰਗ ਕਰਵਾ ਸਕਦੇ ਹਾਂ, ਕਹਿਕੇ ਧਮਕੀ ਦਿੱਤੀ ਗਈ ਕਿ ਪੰਦਰਾਂ ਸਕਿੰਟ ਵਿਚ ਸਾਰਾ ਧਰਨਾ ਚੁਕਵਾ ਦਿਆਂਗੇ, 750 ਦੀ ਪੁਲਸ ਫੋਰਸ ਹੈ ਸਾਡੇ ਕੋਲ, ਇਕ ਅਫ਼ਸਰ ਸਾਡਾ 1000 ਜਣੇ ਦੇ ਬਰਾਬਰ ਹੈ। ‘‘ਸਰ ਸਾਡਾ ਜਮਹੂਰੀ ਹੱਕ ਹੈ’’ ਕਹਿਣ ’ਤੇ ਹੀ ਇਕ ਵਿਦਿਆਰਥੀ ਆਗੂ ਨੂੰ ਇਹ ਕਹਿ ਕੇ ਧਮਕਾਇਆ ਗਿਆ ਕਿ ਤੇਰੀ ਕਾਮਰੇਡੀ ਅਸੀਂ ਕੱਢਾਂਗੇ, ਉਸਦਾ ਨਾਮ ਨੋਟ ਕੀਤਾ ਗਿਆ ਅਤੇ ਵੱਡੀ ਕਰਵਾਈ ਦਾ ਡਰਾਵਾ ਦਿੱਤਾ ਗਿਆ। 

ਅਗਲੇ ਦਿਨ ਮੋਰਚੇ ’ਚ ਵਿਦਿਆਰਥੀ ਤਾਕਤ ਨੇ ਜਲਵਾ ਦਿਖਾਇਆ, ਇਕੱਠ ਸਵਾ ਦੋ ਸੌ ਤੋਂ ਪਾਰ ਹੋ ਗਿਆ, ਧਰਨੇ ਵਿੱਚ ਹੀ ਦੁਪਹਿਰੇ ਲੰਗਰ ਚੱਲ ਪਿਆ। ਹਮਾਇਤ ਵਜੋਂ ਆਏ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ ਅਤੇ ਡੇਮੋਕ੍ਰੇਟਿਕ ਟੀਚਰਜ ਫਰੰਟ ਦੇ ਜਿਲ੍ਹਾ ਲੁਧਿਆਣਾ ਦੇ ਆਗੂ ਪਹੁੰਚੇ। ਕਿਸਾਨਾਂ ਦੀ ਗੱਡੀ ਤੇ ਸਪੀਕਰ ਨੇ ਸਟੇਜ ਨੂੰ ਲੰਬਾ ਚਲਾਇਆ, 8ਵੇਂ ਦਿਨ ਨਵੇਂ ਵਿਦਿਆਰਥੀ ਬੁਲਾਰੇ ਬੋਲੇ, ਕਿਸਾਨ ਆਗੂਆਂ ਨੇ ਸਿੱਖ ਇਤਿਹਾਸ ’ਚੋਂ ਕੁਰਬਾਨੀ ਦੀਆਂ ਮਿਸਾਲਾਂ ਦੇ ਕੇ ਵਿਦਿਆਥੀਆਂ ਨੂੰ ਦਲੇਰੀ ਬਖਸੀ। ਮਜਦੂਰ ਆਗੂ ਹਰਜਿੰਦਰ ਸਿੰਘ ਲੁਧਿਆਣਾ ਨੇ ਸਿੱਖਿਆ ਨੀਤੀ, ਖੇਤੀ ਨੀਤੀ ਅਤੇ ਸਰਕਾਰੀ ਅਦਾਰਿਆਂ ਦੀ ਹਾਲਤ ਬਾਰੇ ਚਾਨਣਾ ਪਾਇਆ। ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦਾ ਸੂਬਾਈ ਆਗੂ ਮੋਰਚੇ ’ਚ ਪਹਿਲੇ ਦਿਨ ਤੋਂ ਹਾਜ਼ਰ ਸੀ, ਪੀ ਏ ਯੂ ਇੰਪਲਾਈਜ ਯੂਨੀਅਨ , ਪੀ ਐਸ ਯੂ ਲਲਕਾਰ ਵੱਲੋਂ ਹਮਾਇਤ ਦਾ ਐਲਾਨ ਕੀਤਾ ਗਿਆ। ਜਥੇਬੰਦੀਆਂ ਵੱਲੋਂ ਕਿਸੇ ਵੀ ਧੱਕੇਸਾਹੀ ਦੀ ਸੂਰਤ ਚ’ ਸੰਘਰਸ਼ ’ਚ ਕੁੱਦ ਪੈਣ ਦੀ ਚੇਤਾਵਨੀ ਦਿੱਤੀ ਗਈ।

ਮੋਰਚੇ ਦੇ ਆਖਰੀ ਦਿਨ ਵਿਦਿਆਰਥੀ, ਕਿਸਾਨ, ਮਜ਼ਦੂਰ ਅਤੇ ਅਧਿਆਪਕ ਆਗੂਆਂ ਵੱਲੋਂ ਨਿੱਜੀਕਰਨ ਦੀਆਂ ਨੀਤੀਆਂ, ਵਿਸਵ ਵਪਾਰ ਸੰਸਥਾ ਦਾ ਦਬਦਬਾ, ਜਮਹੂਰੀਅਤ ਦੇ ਦਾਅਵੇ ਅਤੇ ਹਕੀਕਤ ਚ ਸੰਘਰਸ ਨੂੰ ਬਲ ਅਤੇ ਛਲ ਨਾਲ ਦਬਾਉਣ ਦੀਆਂ ਕਾਰਵਾਈਆਂ, ਸਾਂਝੇ ਸੰਘਰਸ ਸਮੇਂ ਦੀ ਲੋੜ , ਲੰਬੇ ਲੜਾਈ ਦੀ ਤਿਆਰੀ ਕਰਨ ਵਰਗੇ ਮੁੱਦਿਆਂ ਨੂੰ ਛੂਹਦਿਆਂ ਅਰਥ ਭਰਭੂਰ ਤਕਰੀਰਾਂ ਕੀਤੀਆਂ ਗਈਆਂ। 

ਅਖੀਰ ਸ਼ਾਮ ਨੂੰ ਖੁਦ ਡੀਸੀ ਨੂੰ ਆਕੇ ਮੀਟਿੰਗ ਕਰਨੀ ਪਈ, 20 ਨਵੰਬਰ ਨੂੰ ਚੰਡੀਗੜ੍ਹ ਵਿਖੇ ਸਬ ਕਮੇਟੀ ਨਾਲ ਪੈਨਲ ਮੀਟਿੰਗ ਕਰਵਾਉਣ ਦੀ ਲਿਖਤੀ ਚਿੱਠੀ ਆਗੂਆਂ ਨੂੰ ਭੇਜਣੀ ਪਈ। ਐੱਸ ਡੀ ਐਮ ਵਲੋਂ ਕੀਤੇ ਬੁਰੇੇ ਵਰਤਾਅ ਦਾ ਅਹਿਸਾਸ ਕੀਤਾ ਗਿਆ। ਸ਼ਾਮ ਨੂੰ ਏ ਐਸ ਏ ਪੀ ਦੀ ਕਮੇਟੀ ਨੇ ਧਰਨਾ ਮੁਲਤਵੀ ਕਰਨ ਅਤੇ ਸੰਘਰਸ਼ ਜਾਰੀ ਰੱਖਣ ਦਾ ਫੈਂਸਲਾ ਕੀਤਾ।      --੦--  

ਕਾਮਰੇਡ ਜਗਜੀਤ ਸੋਹਲ ਨੂੰ ਇਨਕਲਾਬੀ ਲਹਿਰ ਵੱਲੋਂ ਸ਼ਰਧਾਂਜਲੀ


 ਕਾਮਰੇਡ ਜਗਜੀਤ ਸੋਹਲ ਨੂੰ ਇਨਕਲਾਬੀ ਲਹਿਰ ਵੱਲੋਂ ਸ਼ਰਧਾਂਜਲੀ

ਪਟਿਆਲਾ: “ਕਾਮਰੇਡ ਸੋਹਲ ਭਾਰਤੀ ਲੋਕਾਂ ਦਾ ਸੱਚਾ ਜਮਹੂਰੀ ਰਾਜ ਲਿਆਉਣ ਨੂੰ ਪ੍ਰਣਾਏ ਸਿਦਕ ਤੇ ਸਿਰੜ ਦੀ ਮਿਸਾਲ ਕਮਿਊਨਿਸਟ ਆਗੂ ਸਨ ਜਿਨ੍ਹਾਂ ਨੇ 96 ਸਾਲ ਲੰਮੀ ਜ਼ਿੰਦਗੀ ਦਾ ਵੱਡਾ ਹਿੱਸਾ ਸਮਾਜਿਕ ਤਬਦੀਲੀ ਲਈ ਇਨਕਲਾਬੀ ਸੰਘਰਸ਼ ਦੇ ਲੇਖੇ ਲਾਇਆ ਅਤੇ ਕਮਿਊਨਿਸਟ ਲਹਿਰ ਨੂੰ ਆਰਥਕਵਾਦ, ਕਾਨੂੰਨਵਾਦ ਦੀ ਜਿੱਲ੍ਹਣ ਵਿੱਚੋਂ ਕੱਢਕੇ ਲੋਕਯੁੱਧ ਦਾ ਰਾਹ ਅਪਣਾਉਣ ਲਈ ਅਗਵਾਈ-ਸੇਧ ਦੇਣ ਵਿਚ ਇਤਿਹਾਸਿਕ ਭੂਮਿਕਾ ਨਿਭਾਈ। ਕਮਿਊਨਿਸਟ ਇਨਕਲਾਬੀ ਆਗੂ ਵਜੋਂ ਉਨ੍ਹਾਂ ਦਾ ਰਾਜਨੀਤਕ ਸਫ਼ਰ ਸਮੁੱਚੀ ਇਨਕਲਾਬੀ ਲਹਿਰ ਲਈ ਫ਼ਖ਼ਰਯੋਗ ਹੈ।ਇਹ ਵਿਚਾਰ ਅੱਜ ਇੱਥੇ ਕਾਮਰੇਡ ਜਗਜੀਤ ਸਿੰਘ ਸੋਹਲ ਦੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਇਨਕਲਾਬੀ ਜਮਹੂਰੀ ਜਥੇਬੰਦੀਆਂ ਦੇ ਬੁਲਾਰਿਆਂ ਨੇ ਪ੍ਰਗਟ ਕੀਤੇ। ਸ਼ਰਧਾਂਜਲੀ ਸਮਾਗਮ ’ਚ ਜਿੱਥੇ ਪੰਜਾਬ ਤੋਂ ਇਲਾਵਾ ਦਿੱਲੀ ਅਤੇ ਹਰਿਆਣਾ ਤੋਂ ਵੀ ਇਨਕਲਾਬੀ ਜਮਹੂਰੀ ਕਾਰਕੁਨ ਸ਼ਾਮਲ ਹੋਏ ਉੱਥੇ ਦੇਸ਼-ਵਿਦੇਸ਼ ’ਚੋਂ ਵੀ ਲੋਕਪੱਖੀ ਜਥੇਬੰਦੀਆਂ ਨੇ ਸ਼ੋਕ ਸੁਨੇਹਿਆਂ ਭੇਜ ਕੇ ਉਨ੍ਹਾਂ ਦੇ ਦੇਹਾਂਤ ਉੱਪਰ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਅਤੇ ਵਿੱਛੜੇ ਸੰਗਰਾਮੀ ਸਾਥੀ ਦੀ ਕੁਰਬਾਨੀ ਅਤੇ ਯੋਗਦਾਨ ਨੂੰ ਚੇਤੇ ਕੀਤਾ। 

ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੀਪੀਆਈਐੱਮਐੱਲ-ਨਿਊ ਡੈਮੋਕਰੇਸੀ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਖਟਕੜ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਡਾਕਟਰ ਦਰਸ਼ਨਪਾਲ, ਲੋਕ ਸੰਗਰਾਮ ਮੋਰਚਾ ਦੇ ਪ੍ਰਧਾਨ ਤਾਰਾ ਸਿੰਘ ਮੋਗਾ, ਪੰਜਾਬ ਜਮਹੂਰੀ ਮੋਰਚਾ ਦੇ ਸੂਬਾ ਆਗੂ ਬੂਟਾ ਸਿੰਘ ਮਹਿਮੂਦਪੁਰ, ਸੁਰਖ਼ ਲੀਹ ਦੇ ਸੰਪਾਦਕ ਪਾਵੇਲ ਕੁੱਸਾ, ਲਾਲ ਪਰਚਮ ਦੇ ਸੰਪਾਦਕ ਮੁਖਤਿਆਰ ਪੂਹਲਾ, ਹਰਿਆਣਾ ਤੋਂ ਲੋਕ ਜਮਹੂਰੀ ਆਗੂ ਸਤੀਸ਼ ਅਜ਼ਾਦ, ਦਿੱਲੀ ਤੋਂ ਕਾਰਕੁਨ ਕੁਲਬੀਰ ਸਿੰਘ,ਉਨ੍ਹਾਂ ਦੇ ਨਕਸਲੀ ਲਹਿਰ ਦੇ ਮੁੱਢਲੇ ਸਾਥੀ ਗੁਰਮੀਤ ਸਿੰਘ ਦਿੱਤੂਪੁਰ, ਇਨਕਲਾਬੀ ਜਮਹੂਰੀ ਮੋਰਚਾ ਦੇ ਆਗੂ ਡਾ. ਮਨਿੰਦਰ ਬੀਹਲਾ, ਲਖਵਿੰਦਰ ਅਦਾਰਾ ਪ੍ਰਤੀਬੱਧ ਨੇ ਕਿਹਾ ਕਿ ਕਾ. ਸੋਹਲ ਭਾਰਤ ਦੀ ਕਮਿਊਨਿਸਟ ਇਨਕਲਾਬੀ ਲਹਿਰ ਦੇ ਸਿਰਮੌਰ ਆਗੂ ਅਤੇ ਪੰਜਾਬ ਵਿਚ ਨਕਸਲੀ ਲਹਿਰ ਤੇ ਸੀਪੀਆਈ(ਐੱਮ ਐੱਲ) ਦੇ ਮੋਢੀ ਆਗੂਆਂ ਵਿੱਚੋਂ ਇਕ ਸਨ। ਉਨ੍ਹਾਂ ਨੇ ਜਵਾਨੀ ਸਮੇਂ ਅਧਿਆਪਕ ਦੀ ਨੌਕਰੀ ਛੱਡਕੇ ਆਪਣੀ ਜ਼ਿੰਦਗੀ ਲੋਕ ਮੁਕਤੀ ਦੇ ਲੇਖੇ ਲਾਉਣ ਦਾ ਫ਼ੈਸਲਾ ਕੀਤਾ ਅਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਚੜ੍ਹਦੀ ਜਵਾਨੀ ’ਚ ਉਹ ਪੈਪਸੂ ਦੇ ਇਤਿਹਾਸਕ ਮੁਜ਼ਾਰਾ ਘੋਲ ਨਾਲ ਜੁੜੇ ਅਤੇ ਆਖਰੀ ਸਾਹਾਂ ਤੱਕ ਇਨਕਲਾਬ ਦੇ ਸੁਪਨੇ ਨੂੰ ਸਾਕਾਰ ਕਰਨ ਅਤੇ ਇਨਕਲਾਬੀ ਸੰਘਰਸ਼ ਰਾਹੀਂ ਮਜ਼ਦੂਰਾਂ-ਕਿਸਾਨਾਂ ਦੀ ਪੁੱਗਤ ਵਾਲਾ ਸੱਚਾ ਲੋਕ ਜਮਹੂਰੀ ਰਾਜ ਲਿਆਉਣ ਦੇ ਕਾਜ ਨੂੰ ਸਮਰਪਿਤ ਰਹੇ। ਲਾਲ ਪਾਰਟੀ, ਸੀਪੀਆਈ, ਸੀਪੀਐੱਮ ਸੀਪੀਆਈ(ਐੱਮਐੱਲ) ਤੋਂ ਲੈ ਕੇ ਮੌਜੂਦਾ ਮਾਓਵਾਦੀ ਧਾਰਾ ਤੱਕ ਉਨ੍ਹਾਂ ਦੇ ਆਗੂ ਯੋਗਦਾਨ ਦਾ ਸੱਤ ਦਹਾਕੇ ਲੰਮਾ ਸ਼ਾਨਦਾਰ ਇਤਿਹਾਸ ਹੈ। ਉਹ ਕਮਿਊਨਿਸਟ ਵਿਚਾਰਧਾਰਾ ਦੇ ਡੂੰਘੇ ਅਧਿਐਨ ਦੇ ਆਧਾਰ ’ਤੇ ਆਪਣੀ ਦਿ੍ਰੜ ਸਿਧਾਂਤਕ ਵਚਨਬੱਧਤਾ ਦੀ ਬਦੌਲਤ ਭਾਰਤ ਪੱਧਰ ਦੇ ਆਗੂ ਬਣਕੇ ਉੱਭਰੇ ਅਤੇ ਕਮਿਊਨਿਸਟ ਇਨਕਲਾਬੀ ਲਹਿਰ ਵਿਚ ਵੱਖ ਵੱਖ ਆਗੂ ਪੱਧਰਾਂ ’ਤੇ ਇਤਿਹਾਸਕ ਜ਼ਿੰਮੇਵਾਰੀਆਂ ਨਿਭਾਉਦੇ ਰਹੇ।  ਉਹ ਨਕਸਲੀ ਲਹਿਰ ਦੀ ਬੁਨਿਆਦੀ ਲਾਈਨ ਦੇ ਝੰਡਾਬਰਦਾਰ ਆਗੂਆਂ ’ਚੋਂ ਸਨ ਜਿਨ੍ਹਾਂ ਨੇ ਲਹਿਰ ਦੇ ਉਤਰਾਵਾਂ-ਚੜ੍ਹਾਵਾਂ ਅਤੇ ਵੱਡੇ ਸੰਕਟਾਂ ’ਚੋਂ ਗੁਜ਼ਰਦਿਆਂ ਤਾਉਮਰ ਮਾਰਕਸਵਾਦ ਲੈਨਿਨਵਾਦ ਤੇ ਮਾਓ ਵਿਚਾਰਧਾਰਾ ’ਚ ਅਡੋਲ ਭਰੋਸੇ ਨਾਲ ਕੰਮ ਕੀਤਾ ਅਤੇ ਪਾਰਲੀਮੈਂਟਰੀ ਰਾਹ ਨੂੰ ਰੱਦ ਕਰਕੇ ਇਨਕਲਾਬੀ ਤਬਦੀਲੀ ਦੇ ਸੱਚੇ ਕਮਿਊਨਿਸਟ ਮਾਰਗ ਉੱਪਰ ਦਿ੍ਰੜਤਾ ਨਾਲ ਪਹਿਰਾ ਦਿੱਤਾ। ਸਮਾਗਮ ਨੂੰ ਕਾ. ਸੋਹਲ ਦੇ ਬੇਟੇ ਉਦੇਸ਼ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਮਿਊਨਿਸਟ ਇਨਕਲਾਬੀ ਆਗੂ ਹੋਣ ਦੇ ਨਾਲ ਨਾਲ ਬਤੌਰ ਪਿਤਾ ਵੀ ਉਨ੍ਹਾਂ ਦਾ ਰਵੱਈਆ ਬਹੁਤ ਹੀ ਸਮਝਾਊ ਅਤੇ ਮੁਹੱਬਤੀ ਸੀ। ਇਸ ਮੌਕੇ ਇੰਡੀਅਨ ਵਰਕਰਜ ਐਸੋਸੀਏਸ਼ਨ (ਗਰੇਟ ਬਿ੍ਰਟੇਨ), ਸੀਪੀਆਈ ਮਾਓਵਾਦੀ, ਸੀ.ਪੀ.ਆਰ.ਸੀ.ਆਈ.(ਐੱਮਐਲ), ਭਾਰਤੀ ਕਮਿਊਨਿਸਟ ਲੀਗ, ਦੇਸ਼ਭਗਤ ਯਾਦਗਾਰ ਕਮੇਟੀ ਜਲੰਧਰ, ਜਮਹੁਰੀ ਅਧਿਕਾਰ ਸਭਾ ਪੰਜਾਬ, ਇਨਕਲਾਬੀ ਕੇਂਦਰ ਪੰਜਾਬ, ਮਾਸਿਕ ਸਰੋਕਾਰਾਂ ਦੀ ਆਵਾਜ਼, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਫਰੈਂਡਜ ਆਫ ਇੰਡੀਅਨ ਰੈਵੋਲੂਸ਼ਨ ਕੈਨੇਡਾ,  ਇੰਡੀਅਨ ਪ੍ਰੋਗਰੈਸਿਵ ਸਟੱਡੀ ਐਂਡ ਰਿਸਰਚ ਗਰੁੱਪ ਵੈਨਕੂਵਰ ਵਲੋਂ ਭੇਜੇ ਸ਼ੋਕ ਸੰਦੇਸ਼ ਵੀ ਪੜ੍ਹੇ ਗਏ। ਮੰਚ ਸੰਚਾਲਨ ਮਾਸਟਰ ਸੁੱਚਾ ਸਿੰਘ ਨੇ ਬਹੁਤ ਹੀ ਸੁਚੱਜੇ ਤਰੀਕੇ ਨਾਲ ਕੀਤਾ। ਅਜਮੇਰ ਸਿੰਘ ਅਕਲੀਆ, ਬੋਘ ਸਿੰਘ ਖੋਖਰ, ਗੁਰਮੀਤ ਜੱਜ, ਹਰਬੰਸ ਸੋਨੂ, ਅਵਤਾਰ ਸਿੰਘ ਕੌਰਜੀਵਾਲਾ ਅਤੇ ਕੁਲਵਿੰਦਰ ਬੰਟੀ ਵੱਲੋਂ ਗੀਤ ਅਤੇ ਕਵੀਸ਼ਰੀਆਂ ਰਾਹੀਂ ਸ਼ਰਧਾਂਜਲੀ ਭੇਂਟ ਕੀਤੀ ਗਈ। ਸਮਾਗਮ ਵਿਚ ਇਨਕਲਾਬੀ ਜਮਹੂਰੀ ਤੇ ਕਿਸਾਨ-ਮਜ਼ਦੂਰ ਤੇ ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ, ਕਾਰਕੁਨਾਂ ਅਤੇ ਵੱਡੀ ਗਿਣਤੀ ’ਚ ਜਮਹੂਰੀ ਤੇ ਅਗਾਂਹਵਧੂ ਸ਼ਖ਼ਸੀਅਤਾਂ ਨੇ ਹਾਜ਼ਰ ਹੋ ਕੇ ਵਿੱਛੜੇ ਆਗੂ ਸਾਥੀ ਨੂੰ ਸਤਿਕਾਰ ਤੇ ਸੰਗਰਾਮੀ ਸ਼ਰਧਾਂਜਲੀ ਭੇਂਟ ਕੀਤੀ।

--0--  

 ਵਿਦਿਆਰਥੀਆਂ ਨੇ ਮੋਗਾ ਸੰਗਰਾਮ ਰੈਲੀ ਦੀ 50ਵੀਂ ਵਰ੍ਹੇਗੰਢ ਮਨਾਈ !
 
ਸ਼ਾਨਾਂਮੱਤੇ ਸੰਗਰਾਮੀ ਇਤਿਹਾਸ ਦੇ ਸਬਕਾਂ ਨੂੰ ਗ੍ਰਹਿਣ ਕਰਨ ਦਾ ਸੱਦਾ ਦਿੱਤਾ..

ਇਤਿਹਾਸਿਕ ਮੋਗਾ ਸੰਗਰਾਮ ਰੈਲੀ ਦੀ 50ਵੀਂ ਵਰ੍ਹੇਗੰਢ ਮੌਕੇ ਅੱਜ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਸੰਗਰੂਰ ਦੇ ਰਣਬੀਰ ਕਾਲਜ ਵਿੱਚ ਵਿਦਿਆਰਥੀ ਕਾਰਕੁੰਨਾਂ ਦੀ ਇਕੱਤਰਤਾ ਕੀਤੀ ਗਈ। ਇਕੱਤਰਤਾ ਦੀ ਸ਼ੁਰੂਆਤ ਕੌਮੀ ਮੁਕਤੀ ਸੰਗਰਾਮ ਦੇ ਮਹਾਨ ਸਹੀਦ ਅਸਫਾਕ-ਉੱਲਾ ਖਾਨ ਨੂੰ ਉਸਦੇ ਜਨਮ ਦਿਹਾੜੇ ਮੌਕੇ ਸ਼ਰਧਾਂਜਲੀ ਦੇਣ ਨਾਲ ਕੀਤੀ ਗਈ।

 ਵਿਦਿਆਰਥੀ ਕਾਰਕੁੰਨਾਂ ਨੂੰ ਸੰਬੋਧਨ ਹੁੰਦਿਆਂ ਪੀ ਐਸ ਯੂ (ਸ਼ਹੀਦ ਰੰਧਾਵਾ) ਦੇ ਸਾਬਕਾ ਸੂਬਾ ਪ੍ਰਧਾਨ ਪਾਵੇਲ ਕੁੱਸਾ ਨੇ ਸੰਗਰਾਮ ਰੈਲੀ ਦੇ ਇਤਿਹਾਸਿਕ ਮਹੱਤਵ ਅਤੇ ਅਜੋਕੇ ਦੌਰ ਅੰਦਰ ਇਸ ਦੇ ਸਨੇਹੇ ਦੀ ਪ੍ਰਸੰਗਕਿਤਾ ਬਾਰੇ ਚਰਚਾ ਕੀਤੀ। ਉਹਨਾਂ ਕਿਹਾ ਕਿ ਮੋਗਾ ਸੰਗਰਾਮ ਰੈਲੀ ਇਨਕਲਾਬੀ ਲਹਿਰ ਦੇ ਇਤਿਹਾਸ ਵਿੱਚ ਇੱਕ ਅਹਿਮ ਘਟਨਾ ਸੀ ਜਿਸ ਰਾਹੀਂ ਪੰਜਾਬ ਦੇ ਵਿਦਿਆਰਥੀਆਂ ਨੇ ਹਾਕਮ ਜਮਾਤਾਂ ਦੀ ਭਟਕਾਊ ਤੇ ਭਰਮਾਊ ਸਿਆਸਤ ਦੇ ਮੁਕਾਬਲੇ ਸਾਮਰਾਜ ਵਿਰੋਧੀ ਅਸਲ ਲੋਕ ਪੱਖੀ ਬਦਲ ਪੇਸ਼ ਕੀਤਾ ਸੀ। ਉਹਨਾਂ ਕਿਹਾ ਕਿ ਇਸ ਰੈਲੀ ਰਾਹੀਂ ਜੇ ਪੀ ਅੰਦੋਲਨ ਵੱਲੋਂ ਉਭਾਰੇ ਜਾ ਰਹੇ ਸੰਪੂਰਨ ਇਨਕਲਾਬ ਦੇ ਭਰਮਾਊ ਨਾਅਰੇ ਅਤੇ ਇੰਦਰਾ ਹਕੂਮਤ ਵੱਲੋਂ ਅੰਨ੍ਹੇ ਕੌਮ ਹੰਕਾਰ ’ਤੇ ਸਵਾਰ ਹੋ ਕੇ ਲੋਕਾਂ ਖਿਲਾਫ ਬੋਲੇ ਬਹੁ-ਧਾਰੀ ਧਾਵੇ ਦਾ ਪਰਦਾਚਾਕ ਕੀਤਾ ਗਿਆ ਸੀ ਅਤੇ ਲੋਕਾਂ ਨੂੰ ਇਸ ਭਰਮਾਊ ਸਿਆਸਤ ਦੇ ਟਾਕਰੇ ਲਈ ਹਾਕਮ ਜਮਾਤੀ ਪਾਰਟੀਆਂ ਦੀ ਮੁਥਾਜਗੀ ਤੋਂ ਮੁਕਤ ਸਵੈ- ਨਿਰਭਰ ਜਥੇਬੰਦ ਸ਼ਕਤੀ ’ਤੇ ਟੇਕ ਰੱਖ ਕੇ ਅੱਗੇ ਵਧਣ ਦਾ ਹੋਕਾ ਦਿੱਤਾ ਗਿਆ ਸੀ। ਇਸ ਰੈਲੀ ਤੋਂ ਪੇਸ਼ ਕੀਤਾ ਗਿਆ “ਕੌਮ ਲਈ ਕਲਿਆਣ ਦਾ ਰਾਹ’’ ਨਾਂ ਦਾ ਦਸਤਾਵੇਜ਼ ਅੱਜ ਵੀ ਪ੍ਰਸੰਗਿਕ ਹੈ। ਉਹਨਾਂ ਕਿਹਾ ਕਿ ਇਸ ਰੈਲੀ ਦੇ ਨਾਅਰੇ ਪੰਜਾਬ ਦੀ ਜਨਤਕ ਇਨਕਲਾਬੀ ਲਹਿਰ ਅੰਦਰ ਇੰਨੇ ਮਕਬੂਲ ਹਨ ਕਿ ਉਹ ਹੁਣ ਵੀ ਲੋਕ ਸੰਘਰਸ਼ਾਂ ਅੰਦਰ ਗੂੰਜਦੇ ਸੁਣੇ ਜਾ ਸਕਦੇ ਹਨ। ਇਸ ਰੈਲੀ ਰਾਹੀਂ ਵਿਦਿਆਰਥੀ ਜਥੇਬੰਦੀ ਨੇ ਪੰਜਾਬ ਦੇ ਲੋਕਾਂ ਦੀ ਮੋਹਰੀ ਸੋਚਵਾਨ ਸਕਤੀ ਵਜੋਂ ਰੋਲ ਅਦਾ ਕੀਤਾ ਸੀ। ਹੁਣ ਵੀ ਹਾਕਮ ਜਮਾਤੀ ਸਿਆਸੀ ਸਕਤੀਆਂ ਵੱਲੋਂ ਵਰਤੇ ਜਾ ਰਹੇ ਵੱਖ-ਵੱਖ ਤਰ੍ਹਾਂ ਦੇ ਭਰਮਾਊ ਨਾਅਰਿਆਂ ਤੇ ਪੈਂਤੜਿਆਂ ਦੇ ਟਾਕਰੇ ਲਈ ਇਤਿਹਾਸ ਦਾ ਇਹ ਪੰਨਾ ਮੁੱਲਵਾਨ ਸਬਕ ਸਮੋਈ ਬੈਠਾ ਹੈ। ਪੀ ਐਸ ਯੂ (ਸ਼ਹੀਦ ਰੰਧਾਵਾ) ਦੇ ਸੂਬਾ ਸਕੱਤਰ ਹੁਿਸ਼ਆਰ ਸਿੰਘ ਨੇ ਇਸ ਮਹਾਨ ਸੰਗਰਾਮੀ ਵਿਰਾਸਤ ਨੂੰ ਗ੍ਰਹਿਣ ਕਰਨ ਦਾ ਸੱਦਾ ਦਿੱਤਾ ਅਤੇ ਅਜੋਕੇ ਦੌਰ ਵਿਚ ਵਿਦਿਆਰਥੀ ਲਹਿਰ ਅਤੇ ਸਮੁੱਚੀ ਲੋਕ ਲਹਿਰ ਨੂੰ ਦਰਪੇਸ਼ ਚੁਣੌਤੀਆਂ ਦੇ ਪ੍ਰਸੰਗ ਵਿੱਚ ਇਸ ਵਿਰਾਸਤ ਦੇ ਸਬਕਾਂ ਨੂੰ ਗ੍ਰਹਿਣ ਕਰਨ ਦੇ ਮਹੱਤਵ ਦੀ ਚਰਚਾ ਕੀਤੀ। ਉਹਨਾਂ ਕਿਹਾ ਕਿ ਅਸੀਂ ਮਾਣ ਕਰ ਸਕਦੇ ਹਾਂ ਕਿ ਅਸੀਂ ਇਸ ਮਹਾਨ ਇਨਕਲਾਬੀ ਵਿਰਾਸਤ ’ਤੇ ਅੱਜ ਪਹਿਰਾ ਦੇਣ ਲਈ ਯਤਨ ਜੁਟਾ ਰਹੇ ਹਾਂ।

ਇਸ ਮੌਕੇ ਵਿਦਿਆਰਥੀ ਆਗੂ ਅਮਿਤੋਜ ਮੌੜ ਨੇ ਕੈਨੇਡਾ ’ਚ ਸੰਘਰਸ਼ ਕਰ ਰਹੇ ਵਿਦਿਆਰਥੀਆਂ ਦੀ ਹਮਾਇਤ ਵਿੱਚ ਮਤਾ ਪੇਸ਼ ਕੀਤਾ ਤੇ ਮੰਗ ਕੀਤੀ ਗਈ ਕਿ ਵਿਦਿਆਰਥੀਆਂ ਦਾ ਭਵਿੱਖ ਤਬਾਹ ਕਰਨ ਦੀਆਂ ਵਿਉਤਾਂ ਰੱਦ ਕਰਕੇ ਉਹਨਾਂ ਨੂੰ ਮਾਣ-ਸਨਮਾਨ ਲਾਇਕ ਪੜ੍ਹਾਈ ਤੇ ਰੁਜ਼ਗਾਰ ਮੁਹੱਈਆ ਕਰਾਇਆ ਜਾਵੇ। ਇਕੱਤਰਤਾ ਦਾ ਮੰਚ ਸੰਚਾਲਨ ਗੁਰਵਿੰਦਰ ਸਿੰਘ ਵੱਲੋਂ ਕੀਤਾ ਗਿਆ। ਸੁਰਖ਼ਾਬ ਨੇ ਸਿੱਖਿਆ ਪ੍ਰਬੰਧ ਬਾਰੇ ਕਵਿਤਾ ਤੀਸਰੀ ਅੱਖ  ਸੁਣਾਈ।

                              --੦--

ਵਿਦਿਆਰਥੀਆਂ ਵੱਲੋਂ ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ

ਪੰਜਾਬ ’ਚ ਮੌਜੂਦ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਮੋਗਾ ਰੀਗਲ ਸਿਨੇਮਾ ਗੋਲੀ ਕਾਂਢ ਦੇ ਸ਼ਹੀਦਾਂ ਨੂੰ ਯਾਦ ਕਰਦੀਆਂ ਹਨ। ਇਸ ਵਾਰ ਵੀ ਮੋਗਾ ਗੋਲੀ ਕਾਂਢ ਦੇ ਸ਼ਹੀਦਾਂ ਦੀ 52ਵੀਂ ਵਰ੍ਹੇਗੰਢ ਮੌਕੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਤੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਮੋਗਾ ’ਚ ਰੀਗਲ ਸਿਨੇਮਾ ਯਾਦਗਾਰ ’ਤੇ ਵਿਦਿਆਰਥੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਰੈਲੀ ਕੀਤੀ ਗਈ। ਰੈਲੀ ’ਚ ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਕਾਰਕੁੰਨ ਤੇ ਆਗੂ ਵੀ ਸ਼ਾਮਿਲ ਹੋਏ। ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਵੀ ਯੂਨੀਵਰਸਿਟੀ ਕਾਲਜ ਮੂਣਕ ਤੇ ਯੂਨੀਵਰਸਿਟੀ ਕਾਲਜ ਘੁੱਦਾ ਦੇ ਵਿੱਚ ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਸ਼ਹੀਦਾਂ ਦੇ ਵਿਚਾਰਾਂ ਤੋਂ ਰੌਸ਼ਨੀ ਪ੍ਰਾਪਤ ਕਰਕੇ ਨੌਜਵਾਨ ਵਿਦਿਆਰਥੀ ਲਹਿਰ ਉਸਾਰਨ ਦਾ ਸੱਦਾ ਦਿੱਤਾ ਗਿਆ। ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। 

ਵਿਦਿਆਰਥੀਆਂ ਨੇ ਖਟਕੜ ਕਲਾਂ ਪਹੁੰਚ ਕੇ ਸ਼ਹੀਦ ਭਗਤ ਸਿੰਘ ਦਾ ਜਨਮਦਿਨ ਮਨਾਇਆ


 ਵਿਦਿਆਰਥੀਆਂ ਨੇ ਖਟਕੜ ਕਲਾਂ ਪਹੁੰਚ ਕੇ ਸ਼ਹੀਦ ਭਗਤ ਸਿੰਘ ਦਾ ਜਨਮਦਿਨ ਮਨਾਇਆ

ਸ਼ਹੀਦ ਦੇ ਜੱਦੀ ਘਰ ਤੱਕ ਕੀਤਾ ਮਾਰਚ

ਸ਼ਹੀਦ ਭਗਤ ਸਿੰਘ ਭਾਰਤੀ ਇਨਕਲਾਬੀ ਲਹਿਰ ਦਾ ਧਰੂ ਤਾਰਾ ਹੈ ਉਹ ਲੋਕਾਂ ਦੇ ਦਿਲਾਂ ਦੀ ਧੜਕਣ ਹੈ। ਸ਼ਹੀਦ ਭਗਤ ਸਿੰਘ ਤੇ ਕੌਮੀ ਮੁਕਤੀ ਲਹਿਰ ਨਾਲ ਗਦਾਰੀ ਕਰਨ ਵਾਲੇ ਹਾਕਮ ਵੀ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦੇ ਹਨ ਪ੍ਰੰਤੂ ਉਹ ਸ਼ਹੀਦ ਦੇ ਵਿਚਾਰਾਂ ਦੀ ਰੂਹ ਨੂੰ ਦਫਨ ਕਰਕੇ ਸਿਰਫ ਉਸਦੇ ਬੁੱਤ ਪੁੱਜਣ ਦਾ ਹੀ ਦਿਖਾਵਾ ਕਰਦੇ ਹਨ। ਦੂਜੇ ਪਾਸੇ ਮੁਲਕ ਦੇ ਕਰੋੜਾਂ ਕਿਰਤੀ ਕਿਸਾਨ ਤੇ ਨੌਜਵਾਨ ਹਨ ਜੋ ਹਰ ਸਾਲ ਸ਼ਹੀਦ ਦੇ ਜਨਮਦਿਨ ਤੇ ਸ਼ਹੀਦੀ ਦਿਹਾੜਾ ਮਨਾਉਂਦੇ ਹਨ ਤੇ ਸ਼ਹੀਦ ਦੇ ਵਿਚਾਰਾਂ ਤੋਂ ਰੌਸ਼ਨੀ ਲੈ ਕੇ ਲੋਕ ਲਹਿਰ ਦੇ ਸੂਹੇ ਪਰਚਮ ਨੂੰ ਬੁਲੰਦ ਕਰਦੇ ਹਨ। ਇਸ ਵਾਰ ਵੀ ਸ਼ਹੀਦ ਭਗਤ ਸਿੰਘ ਦਾ ਜਨਮਦਿਨ ਮੁਲਕ ਭਰ ਵਿੱਚ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ ਪੰਜਾਬ ਭਰ ਚ ਵੀ ਵੱਖ-ਵੱਖ ਨੌਜਵਾਨ ਵਿਦਿਆਰਥੀ ਜਥੇਬੰਦੀਆਂ ਨੇ ਆਪੋ ਆਪਣੇ ਪੱਧਰ ’ਤੇ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਮੌਕੇ ਸ਼ਹੀਦ ਨੂੰ ਯਾਦ ਕੀਤਾ।

ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਨਾ ਦੀ ਵਿਦਿਆਰਥੀ ਜਥੇਬੰਦੀ ਨੇ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਮੌਕੇ ਉਸ ਦੇ ਜੱਦੀ ਪਿੰਡ ਖੜਕੜ ਕਲਾਂ ਵਿਖੇ ਵਿਦਿਆਰਥੀ ਰੈਲੀ ਕੀਤੀ। ਜਥੇਬੰਦੀ ਵੱਲੋਂ ਖੜਕੜ ਕਲਾ ਚਲੋ ਮੁਹਿੰਮ ਦੇ ਤਹਿਤ ਦਰਜਨਾ ਕਾਲਜਾਂ, ਸਕੂਲਾਂ ਤੇ ਪਿੰਡਾਂ ਦੇ ਵਿੱਚ ਰੈਲੀਆਂ ਮੁਜ਼ਾਹਰੇ ਤੇ ਮੀਟਿੰਗਾਂ ਕੀਤੀਆਂ ਗਈਆਂ ਅਤੇ ਫੰਡ ਇਕੱਠਾ ਕੀਤਾ ਗਿਆ। ਬਠਿੰਡਾ ਜਿਲੇ ਦੇ ਪਿੰਡ ਕੋਟ ਗੁਰੂ, ਘੁੱਦਾ, ਸੰਗਤ ਮੰਡੀ ਤੇ ਵਾਜਕ ਦੇ ਵਿੱਚ ਮੀਟਿੰਗਾਂ ਹੋਈਆਂ ਤੇ ਮਸ਼ਾਲ ਮਾਰਚ ਹੋਏ ਫੰਡ ਵੀ ਇਕੱਠਾ ਕੀਤਾ ਗਿਆ। ਇਸੇ ਤਰ੍ਹਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਢੀਡਸਾ, ਝੱਠਾ ਗੋਬਿੰਦਪੁਰਾ ਤੇ ਰਾਮਪੁਰਾ ਦੇ ਵਿੱਚ ਮੀਟਿੰਗਾਂ ਤੇ ਮਸ਼ਾਲ ਮਾਰਚ ਕੀਤੇ ਗਏ ਤੇ ਫੰਡ ਇਕੱਠਾ ਹੋਇਆ। ਇਹਨਾਂ ਮਸ਼ਾਲ ਮਾਰਚਾਂ ਦੇ ਵਿੱਚ ਸੈਂਕੜੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਮੁਹਿੰਮ ਨੂੰ ਭਖਾਉਣ ਲਈ ਜਥੇਬੰਦੀ ਵੱਲੋਂ ਸਰਗਰਮ ਵਿਦਿਆਰਥੀ ਕਾਰਕੁਨਾਂ ਦੀ ਮੀਟਿੰਗ ਕਰਕੇ ਕਾਲਜਾਂ ਦੇ ਵਿੱਚ ਇਕੱਤਰਤਾਵਾਂ ਕਰਨ ਦਾ ਫੈਸਲਾ ਕੀਤਾ ਗਿਆ। ਇਕੱਤਰਤਾਵਾਂ ਯੂਨੀਵਰਸਿਟੀ ਕਾਲਜ ਮੂਨਕ, ਯੂਨੀਵਰਸਿਟੀ ਕਾਲਜ ਬਹਾਦਰਪੁਰ, ਯੂਨੀਵਰਸਿਟੀ ਕਾਲਜ ਘੁੱਦਾ, ਯੂਨੀਵਰਸਿਟੀ ਕਾਲਜ ਜੈਤੋ, ਨੇਬਰਹੁੱਡ ਕੈਂਪਸ ਦੇਹਲਾ ਸੀਹਾਂ, ਟੀਪੀਡੀ ਮਾਲਵਾ ਕਾਲਜ ਰਾਮਪੁਰਾ ਫੂਲ, ਗੁਰੂ ਕਾਸ਼ੀ ਕਾਲਜ ਤਲਵੰਡੀ ਸਾਬੋ, ਸਰਕਾਰੀ ਰਣਵੀਰ ਕਾਲਜ ਸੰਗਰੂਰ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਹੋਈਆਂ। ਇਹਨਾਂ ਇਕੱਤਰਤਾਵਾਂ ਦੇ ਵਿੱਚ ਸੈਂਕੜੇ ਵਿਦਿਆਰਥੀਆਂ ਨੇ ਸਮੂਲੀਅਤ ਕੀਤੀ ਤੇ ਵੱਖ-ਵੱਖ ਵਿਦਿਆਰਥੀ ਆਗੂਆਂ ਵੱਲੋਂ ਸੰਬੋਧਨ ਕੀਤਾ ਗਿਆ। ਇਨਾ ਵੱਡੇ ਇਕੱਠਾਂ ਦੇ ਵਿੱਚ ਕਾਲਜ ਵਿਦਿਆਰਥੀਆਂ ਤੋਂ ਬਿਨਾਂ ਕਾਲਜ ਅਧਿਆਪਕ ਵੀ ਸ਼ਾਮਿਲ ਹੋਏ ਤੇ ਵਿਦਿਆਰਥੀ ਨੂੰ ਸੰਬੋਧਨ ਕੀਤਾ। 28 ਸਤੰਬਰ ਨੂੰ ਮੀਹ ਪੈਣ ਕਰਕੇ ਖੜਕੜ ਕਲ ਸਮਾਗਮ ਵਾਲੀ ਥਾਂ ਜਥੇਬੰਦੀ ਨੂੰ ਐਨ ਮੌਕੇ ’ਤੇ ਬਦਲਣੀ ਪਈ ਬਦਲਵੀ ਥਾਂ ’ਤੇ ਕੀਤੇ ਸਮਾਗਮ ’ਚ ਸੈਂਕੜੇ ਵਿਦਿਆਰਥੀ ਸ਼ਾਮਿਲ ਹੋਏ। ਸ਼ਹੀਦ ਦੇ ਜੱਦੀ ਪਿੰਡ ’ਚ ਪਹੁੰਚ ਕੇ ਵਿਦਿਆਰਥੀਆਂ ਦੀ ਭੁੱਖ ਤੇ ਲੰਮੇ ਰਸਤੇ ਦੀ ਥਕਾਵਟ ਉੱਡ ਪੁੱਡ ਗਈ ਤੇ ਵਿਦਿਆਰਥੀ ਕਾਫਲੇ ਮਾਰਚ ਕਰਦੇ ਜੋਸ਼ ਨਾਲ ਭਰੇ ਸਮਾਗਮ ਚ ਪਹੁੰਚੇ। ਰੈਲੀ ਸ਼ੁਰੂ ਹੋਈ ਜਿਸ ਨੂੰ ਵੱਖ-ਵੱਖ ਵਿਦਿਆਰਥੀ ਆਗੂਆਂ ਨੇ ਸੰਬੋਧਨ ਕੀਤਾ ਵਿਦਿਆਰਥੀ ਆਗੂਆਂ ਨੇ ਆਪਣੇ ਸੰਬੋਧਨ ਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਹੀਦ ਭਗਤ ਸਿੰਘ ਦੀ ਤਸਵੀਰ, ਨਾਅਰਾ ਤੇ ਰੰਗ ਵਰਤ ਕੇ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨਾ ਚਾਹੁੰਦੀ ਹੈ ਸਰਕਾਰ ਵੱਲੋਂ ਕੀਤੇ ਸਰਕਾਰੀ ਸਮਾਗਮ ਚ ਵੱਡੇ ਕਲਾਕਾਰਾਂ ਨੂੰ ਬੁਲਾ ਕੇ ਵੀ ਨੌਜਵਾਨਾਂ ਨੂੰ ਭਰਮਾਉਣ ਦੇ ਯਤਨ ਕੀਤੇ ਜਾਂਦੇ ਹਨ ਪ੍ਰੰਤੂ ਸ਼ਹੀਦ ਦੇ ਵਾਰਸ ਨੌਜਵਾਨ ਆਪਣੇ ਸ਼ਹੀਦ ਨੂੰ ਭੁੱਲੇ ਨਹੀਂ ਹਨ ਇਸ ਦਾ ਇਕੱਠ ਗਵਾਹ ਹੈ। ਆਪ ਸਰਕਾਰ ਇੱਕ ਪਾਸੇ ਸ਼ਹੀਦ ਦਾ ਇਨਕਲਾਬ ਜਿੰਦਾਬਾਦ ਦਾ ਨਾਰਾ ਲਾਉਂਦੀ ਹੈ ਤੇ ਦੂਜੇ ਪਾਸੇ ਸਾਮਰਾਜੀ ਕੰਪਨੀਆਂ ਨੂੰ ਉਹਨਾਂ ਦੇ ਮੁਲਕਾਂ ਚ ਜਾ ਕੇ ਪੰਜਾਬ ਦੀ ਜਲ, ਜਮੀਨ, ਸਿੱਖਿਆ ਆਦਿ ਲੁੱਟਣ ਦੇ ਲਈ ਸੱਦੇ ਦਿੱਤੇ ਜਾ ਰਹੇ ਹਨ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੇ ਸ਼ਹੀਦ ਦੇ ਵਿਚਾਰਾਂ ਤੇ ਚੱਲ ਕੇ 1970 ਵਿਚ ਨੌਜਵਾਨ ਵਿਦਿਆਰਥੀ ਲਹਿਰ ਖੜੀ ਕੀਤੀ ਸੀ ਜਿਸ ਨੇ ਕਾਲਜਾਂ ਤੇ ਪਿੰਡਾਂ ਦਾ ਮਾਹੌਲ ਬਦਲ ਕੇ ਰੱਖ ਦਿੱਤਾ ਸੀ। ਫਿਰ ਹਕੂਮਤ ਨੇ ਫਿਰਕੂ ਦਹਿਸ਼ਤਗਰਦੀ ਪੈਦਾ ਕਰਕੇ ਨੌਜਵਾਨਾਂ ਨੂੰ ਸ਼ਹੀਦ ਦੇ ਵਿਚਾਰਾਂ ਤੋਂ ਦੂਰ ਕਰਨ ਲਈ ਕੋਸ਼ਿਸ਼ ਕੀਤੀ ਗਈ ਪਰੰਤੂ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਨੇ ਇਹ ਹੋਣ ਨਹੀਂ ਦਿੱਤਾ। ਅੱਜ ਵੀ ਵਿਦਿਆਰਥੀ ਨੌਜਵਾਨਾਂ ਦੀਆਂ ਟੁਕੜੀਆਂ ਸ਼ਹੀਦ ਦੇ ਵਿਚਾਰਾਂ ਤੋਂ ਰੌਸ਼ਨੀ ਲੈ ਕੇ ਲਹਿਰ ਉਸਾਰੀ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਵਿਦਿਆਰਥੀ ਆਗੂਆਂ ਨੇ ਸ਼ਹੀਦ ਵੱਲੋਂ ਲਾਏ ਨਾਅਰੇ ਦੇ ਅਰਥ ਉਘਾੜਦਿਆਂ ਕਿਹਾ ਕਿ ਸਾਮਰਾਜਵਾਦ ਮੁਰਦਾਬਾਦ ਤੋਂ ਬਿਨਾਂ ਇਨਕਲਾਬ ਜਿੰਦਾਬਾਦ ਦਾ ਨਾਅਰਾ ਅਧੂਰਾ ਹੈ। ਉਹਨਾਂ ਕਿਹਾ ਕਿ ਅੱਜ ਮੁਲਕ ਤੇ ਦੁਨੀਆਂ ਚ ਸਾਮਰਾਜੀ ਹਾਕਮਾਂ ਨੇ ਅੱਤ ਚੁੱਕੀ ਹੋਈ ਹੈ ਜਿਸ ਦੀ ਸਭ ਤੋਂ ਵੱਡੀ ਮਿਸਾਲ ਫਲਸਤੀਨ ਚ ਕੀਤਾ ਜਾ ਰਿਹਾ ਕਤਲੇਆਮ ਹੈ। ਉਹਨਾਂ ਵਿਦਿਆਰਥੀਆਂ ਨੂੰ ਸ਼ਹੀਦ ਦੇ ਵਿਚਾਰਾਂ ’ਤੇ ਚੱਲ ਕੇ ਨੌਜਵਾਨ ਵਿਦਿਆਰਥੀ ਲਹਿਰ ਉਸਾਰਨ ਦਾ ਸੱਦਾ ਦਿੱਤਾ। ਖਟਕੜ ਕਲਾ ਸਮਾਗਮ ਦੀ ਵਿੱਚ ਸਟੇਜ ਤੋਂ ਫਲਸਤੀਨੀ ਕੌਮੀ ਸੰਘਰਸ਼ ਦੇ ਹੱਕ ਚ ਮਤਾ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਪਹੁੰਚੇ ਪਲਸ ਮੰਚ ਦੇ ਆਗੂ ਅਮੋਲਕ ਸਿੰਘ ਨੇ ਬੋਲਦਿਆਂ ਵਿਦਿਆਰਥੀ ਕਾਫਲੇ ਦਾ ਖੜਕੜ ਕਲਾਂ ਪਹੁੰਚਣ ’ਤੇ ਸਵਾਗਤ ਕੀਤਾ। ਮੰਚ ਤੋਂ ਧਰਮਿੰਦਰ ਮਸਾਣੀ, ਇਨਕਲਾਬੀ ਕਵਿਸ਼ਰੀ ਜਥਾ ਰਸੂਲਪੁਰ, ਨਰਗਿਸ ਤੇ ਸੁਖਬੀਰ ਖੇਮੂਆਣਾ ਵੱਲੋਂ ਇਨਕਲਾਬੀ ਗੀਤ, ਕਵਿਤਾਵਾਂ ਤੇ ਕਵਿਸ਼ਰੀਆਂ ਸੁਣਾਈਆਂ ਗਈਆਂ। ਮਾਲੜੀ ਨਕੋਦਰ ਪਿੰਡ ਦੇ ਵਿਦਿਆਰਥੀਆਂ ਵੱਲੋਂ ਇੱਕ ਕੋਰਿਓਗ੍ਰਾਫੀ ਵੀ ਪੇਸ਼ ਕੀਤੀ ਗਈ। ਸਟੇਜ ਦੀ ਸਮਾਪਤੀ ’ਤੇ ਸੈਂਕੜੇ ਵਿਦਿਆਰਥੀਆਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਤੱਕ ਸਾਮਰਾਜਵਾਦ ਮੁਰਦਾਬਾਦ ਦੇ ਨਾਅਰਿਆਂ ਦੀ ਗੂੰਜ ਨਾਲ ਮਾਰਚ ਕੀਤਾ ਗਿਆ ਤੇ ਜੱਦੀ ਘਰ ਪਹੁੰਚ ਕੇ ਵਿਦਿਆਰਥੀ ਮਾਰਚ ਦੀ ਸਮਾਪਤੀ ਕੀਤੀ। ਇਸ ਰੈਲੀ ਦੇ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਇਲਾਕਾ ਨਕੋਦਰ ਤੋਂ ਵੀ ਨੌਜਵਾਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ।