Thursday, November 21, 2024

ਕਾਮਰੇਡ ਜਗਜੀਤ ਸੋਹਲ ਨੂੰ ਇਨਕਲਾਬੀ ਲਹਿਰ ਵੱਲੋਂ ਸ਼ਰਧਾਂਜਲੀ


 ਕਾਮਰੇਡ ਜਗਜੀਤ ਸੋਹਲ ਨੂੰ ਇਨਕਲਾਬੀ ਲਹਿਰ ਵੱਲੋਂ ਸ਼ਰਧਾਂਜਲੀ

ਪਟਿਆਲਾ: “ਕਾਮਰੇਡ ਸੋਹਲ ਭਾਰਤੀ ਲੋਕਾਂ ਦਾ ਸੱਚਾ ਜਮਹੂਰੀ ਰਾਜ ਲਿਆਉਣ ਨੂੰ ਪ੍ਰਣਾਏ ਸਿਦਕ ਤੇ ਸਿਰੜ ਦੀ ਮਿਸਾਲ ਕਮਿਊਨਿਸਟ ਆਗੂ ਸਨ ਜਿਨ੍ਹਾਂ ਨੇ 96 ਸਾਲ ਲੰਮੀ ਜ਼ਿੰਦਗੀ ਦਾ ਵੱਡਾ ਹਿੱਸਾ ਸਮਾਜਿਕ ਤਬਦੀਲੀ ਲਈ ਇਨਕਲਾਬੀ ਸੰਘਰਸ਼ ਦੇ ਲੇਖੇ ਲਾਇਆ ਅਤੇ ਕਮਿਊਨਿਸਟ ਲਹਿਰ ਨੂੰ ਆਰਥਕਵਾਦ, ਕਾਨੂੰਨਵਾਦ ਦੀ ਜਿੱਲ੍ਹਣ ਵਿੱਚੋਂ ਕੱਢਕੇ ਲੋਕਯੁੱਧ ਦਾ ਰਾਹ ਅਪਣਾਉਣ ਲਈ ਅਗਵਾਈ-ਸੇਧ ਦੇਣ ਵਿਚ ਇਤਿਹਾਸਿਕ ਭੂਮਿਕਾ ਨਿਭਾਈ। ਕਮਿਊਨਿਸਟ ਇਨਕਲਾਬੀ ਆਗੂ ਵਜੋਂ ਉਨ੍ਹਾਂ ਦਾ ਰਾਜਨੀਤਕ ਸਫ਼ਰ ਸਮੁੱਚੀ ਇਨਕਲਾਬੀ ਲਹਿਰ ਲਈ ਫ਼ਖ਼ਰਯੋਗ ਹੈ।ਇਹ ਵਿਚਾਰ ਅੱਜ ਇੱਥੇ ਕਾਮਰੇਡ ਜਗਜੀਤ ਸਿੰਘ ਸੋਹਲ ਦੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਇਨਕਲਾਬੀ ਜਮਹੂਰੀ ਜਥੇਬੰਦੀਆਂ ਦੇ ਬੁਲਾਰਿਆਂ ਨੇ ਪ੍ਰਗਟ ਕੀਤੇ। ਸ਼ਰਧਾਂਜਲੀ ਸਮਾਗਮ ’ਚ ਜਿੱਥੇ ਪੰਜਾਬ ਤੋਂ ਇਲਾਵਾ ਦਿੱਲੀ ਅਤੇ ਹਰਿਆਣਾ ਤੋਂ ਵੀ ਇਨਕਲਾਬੀ ਜਮਹੂਰੀ ਕਾਰਕੁਨ ਸ਼ਾਮਲ ਹੋਏ ਉੱਥੇ ਦੇਸ਼-ਵਿਦੇਸ਼ ’ਚੋਂ ਵੀ ਲੋਕਪੱਖੀ ਜਥੇਬੰਦੀਆਂ ਨੇ ਸ਼ੋਕ ਸੁਨੇਹਿਆਂ ਭੇਜ ਕੇ ਉਨ੍ਹਾਂ ਦੇ ਦੇਹਾਂਤ ਉੱਪਰ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਅਤੇ ਵਿੱਛੜੇ ਸੰਗਰਾਮੀ ਸਾਥੀ ਦੀ ਕੁਰਬਾਨੀ ਅਤੇ ਯੋਗਦਾਨ ਨੂੰ ਚੇਤੇ ਕੀਤਾ। 

ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੀਪੀਆਈਐੱਮਐੱਲ-ਨਿਊ ਡੈਮੋਕਰੇਸੀ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਖਟਕੜ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਡਾਕਟਰ ਦਰਸ਼ਨਪਾਲ, ਲੋਕ ਸੰਗਰਾਮ ਮੋਰਚਾ ਦੇ ਪ੍ਰਧਾਨ ਤਾਰਾ ਸਿੰਘ ਮੋਗਾ, ਪੰਜਾਬ ਜਮਹੂਰੀ ਮੋਰਚਾ ਦੇ ਸੂਬਾ ਆਗੂ ਬੂਟਾ ਸਿੰਘ ਮਹਿਮੂਦਪੁਰ, ਸੁਰਖ਼ ਲੀਹ ਦੇ ਸੰਪਾਦਕ ਪਾਵੇਲ ਕੁੱਸਾ, ਲਾਲ ਪਰਚਮ ਦੇ ਸੰਪਾਦਕ ਮੁਖਤਿਆਰ ਪੂਹਲਾ, ਹਰਿਆਣਾ ਤੋਂ ਲੋਕ ਜਮਹੂਰੀ ਆਗੂ ਸਤੀਸ਼ ਅਜ਼ਾਦ, ਦਿੱਲੀ ਤੋਂ ਕਾਰਕੁਨ ਕੁਲਬੀਰ ਸਿੰਘ,ਉਨ੍ਹਾਂ ਦੇ ਨਕਸਲੀ ਲਹਿਰ ਦੇ ਮੁੱਢਲੇ ਸਾਥੀ ਗੁਰਮੀਤ ਸਿੰਘ ਦਿੱਤੂਪੁਰ, ਇਨਕਲਾਬੀ ਜਮਹੂਰੀ ਮੋਰਚਾ ਦੇ ਆਗੂ ਡਾ. ਮਨਿੰਦਰ ਬੀਹਲਾ, ਲਖਵਿੰਦਰ ਅਦਾਰਾ ਪ੍ਰਤੀਬੱਧ ਨੇ ਕਿਹਾ ਕਿ ਕਾ. ਸੋਹਲ ਭਾਰਤ ਦੀ ਕਮਿਊਨਿਸਟ ਇਨਕਲਾਬੀ ਲਹਿਰ ਦੇ ਸਿਰਮੌਰ ਆਗੂ ਅਤੇ ਪੰਜਾਬ ਵਿਚ ਨਕਸਲੀ ਲਹਿਰ ਤੇ ਸੀਪੀਆਈ(ਐੱਮ ਐੱਲ) ਦੇ ਮੋਢੀ ਆਗੂਆਂ ਵਿੱਚੋਂ ਇਕ ਸਨ। ਉਨ੍ਹਾਂ ਨੇ ਜਵਾਨੀ ਸਮੇਂ ਅਧਿਆਪਕ ਦੀ ਨੌਕਰੀ ਛੱਡਕੇ ਆਪਣੀ ਜ਼ਿੰਦਗੀ ਲੋਕ ਮੁਕਤੀ ਦੇ ਲੇਖੇ ਲਾਉਣ ਦਾ ਫ਼ੈਸਲਾ ਕੀਤਾ ਅਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਚੜ੍ਹਦੀ ਜਵਾਨੀ ’ਚ ਉਹ ਪੈਪਸੂ ਦੇ ਇਤਿਹਾਸਕ ਮੁਜ਼ਾਰਾ ਘੋਲ ਨਾਲ ਜੁੜੇ ਅਤੇ ਆਖਰੀ ਸਾਹਾਂ ਤੱਕ ਇਨਕਲਾਬ ਦੇ ਸੁਪਨੇ ਨੂੰ ਸਾਕਾਰ ਕਰਨ ਅਤੇ ਇਨਕਲਾਬੀ ਸੰਘਰਸ਼ ਰਾਹੀਂ ਮਜ਼ਦੂਰਾਂ-ਕਿਸਾਨਾਂ ਦੀ ਪੁੱਗਤ ਵਾਲਾ ਸੱਚਾ ਲੋਕ ਜਮਹੂਰੀ ਰਾਜ ਲਿਆਉਣ ਦੇ ਕਾਜ ਨੂੰ ਸਮਰਪਿਤ ਰਹੇ। ਲਾਲ ਪਾਰਟੀ, ਸੀਪੀਆਈ, ਸੀਪੀਐੱਮ ਸੀਪੀਆਈ(ਐੱਮਐੱਲ) ਤੋਂ ਲੈ ਕੇ ਮੌਜੂਦਾ ਮਾਓਵਾਦੀ ਧਾਰਾ ਤੱਕ ਉਨ੍ਹਾਂ ਦੇ ਆਗੂ ਯੋਗਦਾਨ ਦਾ ਸੱਤ ਦਹਾਕੇ ਲੰਮਾ ਸ਼ਾਨਦਾਰ ਇਤਿਹਾਸ ਹੈ। ਉਹ ਕਮਿਊਨਿਸਟ ਵਿਚਾਰਧਾਰਾ ਦੇ ਡੂੰਘੇ ਅਧਿਐਨ ਦੇ ਆਧਾਰ ’ਤੇ ਆਪਣੀ ਦਿ੍ਰੜ ਸਿਧਾਂਤਕ ਵਚਨਬੱਧਤਾ ਦੀ ਬਦੌਲਤ ਭਾਰਤ ਪੱਧਰ ਦੇ ਆਗੂ ਬਣਕੇ ਉੱਭਰੇ ਅਤੇ ਕਮਿਊਨਿਸਟ ਇਨਕਲਾਬੀ ਲਹਿਰ ਵਿਚ ਵੱਖ ਵੱਖ ਆਗੂ ਪੱਧਰਾਂ ’ਤੇ ਇਤਿਹਾਸਕ ਜ਼ਿੰਮੇਵਾਰੀਆਂ ਨਿਭਾਉਦੇ ਰਹੇ।  ਉਹ ਨਕਸਲੀ ਲਹਿਰ ਦੀ ਬੁਨਿਆਦੀ ਲਾਈਨ ਦੇ ਝੰਡਾਬਰਦਾਰ ਆਗੂਆਂ ’ਚੋਂ ਸਨ ਜਿਨ੍ਹਾਂ ਨੇ ਲਹਿਰ ਦੇ ਉਤਰਾਵਾਂ-ਚੜ੍ਹਾਵਾਂ ਅਤੇ ਵੱਡੇ ਸੰਕਟਾਂ ’ਚੋਂ ਗੁਜ਼ਰਦਿਆਂ ਤਾਉਮਰ ਮਾਰਕਸਵਾਦ ਲੈਨਿਨਵਾਦ ਤੇ ਮਾਓ ਵਿਚਾਰਧਾਰਾ ’ਚ ਅਡੋਲ ਭਰੋਸੇ ਨਾਲ ਕੰਮ ਕੀਤਾ ਅਤੇ ਪਾਰਲੀਮੈਂਟਰੀ ਰਾਹ ਨੂੰ ਰੱਦ ਕਰਕੇ ਇਨਕਲਾਬੀ ਤਬਦੀਲੀ ਦੇ ਸੱਚੇ ਕਮਿਊਨਿਸਟ ਮਾਰਗ ਉੱਪਰ ਦਿ੍ਰੜਤਾ ਨਾਲ ਪਹਿਰਾ ਦਿੱਤਾ। ਸਮਾਗਮ ਨੂੰ ਕਾ. ਸੋਹਲ ਦੇ ਬੇਟੇ ਉਦੇਸ਼ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਮਿਊਨਿਸਟ ਇਨਕਲਾਬੀ ਆਗੂ ਹੋਣ ਦੇ ਨਾਲ ਨਾਲ ਬਤੌਰ ਪਿਤਾ ਵੀ ਉਨ੍ਹਾਂ ਦਾ ਰਵੱਈਆ ਬਹੁਤ ਹੀ ਸਮਝਾਊ ਅਤੇ ਮੁਹੱਬਤੀ ਸੀ। ਇਸ ਮੌਕੇ ਇੰਡੀਅਨ ਵਰਕਰਜ ਐਸੋਸੀਏਸ਼ਨ (ਗਰੇਟ ਬਿ੍ਰਟੇਨ), ਸੀਪੀਆਈ ਮਾਓਵਾਦੀ, ਸੀ.ਪੀ.ਆਰ.ਸੀ.ਆਈ.(ਐੱਮਐਲ), ਭਾਰਤੀ ਕਮਿਊਨਿਸਟ ਲੀਗ, ਦੇਸ਼ਭਗਤ ਯਾਦਗਾਰ ਕਮੇਟੀ ਜਲੰਧਰ, ਜਮਹੁਰੀ ਅਧਿਕਾਰ ਸਭਾ ਪੰਜਾਬ, ਇਨਕਲਾਬੀ ਕੇਂਦਰ ਪੰਜਾਬ, ਮਾਸਿਕ ਸਰੋਕਾਰਾਂ ਦੀ ਆਵਾਜ਼, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਫਰੈਂਡਜ ਆਫ ਇੰਡੀਅਨ ਰੈਵੋਲੂਸ਼ਨ ਕੈਨੇਡਾ,  ਇੰਡੀਅਨ ਪ੍ਰੋਗਰੈਸਿਵ ਸਟੱਡੀ ਐਂਡ ਰਿਸਰਚ ਗਰੁੱਪ ਵੈਨਕੂਵਰ ਵਲੋਂ ਭੇਜੇ ਸ਼ੋਕ ਸੰਦੇਸ਼ ਵੀ ਪੜ੍ਹੇ ਗਏ। ਮੰਚ ਸੰਚਾਲਨ ਮਾਸਟਰ ਸੁੱਚਾ ਸਿੰਘ ਨੇ ਬਹੁਤ ਹੀ ਸੁਚੱਜੇ ਤਰੀਕੇ ਨਾਲ ਕੀਤਾ। ਅਜਮੇਰ ਸਿੰਘ ਅਕਲੀਆ, ਬੋਘ ਸਿੰਘ ਖੋਖਰ, ਗੁਰਮੀਤ ਜੱਜ, ਹਰਬੰਸ ਸੋਨੂ, ਅਵਤਾਰ ਸਿੰਘ ਕੌਰਜੀਵਾਲਾ ਅਤੇ ਕੁਲਵਿੰਦਰ ਬੰਟੀ ਵੱਲੋਂ ਗੀਤ ਅਤੇ ਕਵੀਸ਼ਰੀਆਂ ਰਾਹੀਂ ਸ਼ਰਧਾਂਜਲੀ ਭੇਂਟ ਕੀਤੀ ਗਈ। ਸਮਾਗਮ ਵਿਚ ਇਨਕਲਾਬੀ ਜਮਹੂਰੀ ਤੇ ਕਿਸਾਨ-ਮਜ਼ਦੂਰ ਤੇ ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ, ਕਾਰਕੁਨਾਂ ਅਤੇ ਵੱਡੀ ਗਿਣਤੀ ’ਚ ਜਮਹੂਰੀ ਤੇ ਅਗਾਂਹਵਧੂ ਸ਼ਖ਼ਸੀਅਤਾਂ ਨੇ ਹਾਜ਼ਰ ਹੋ ਕੇ ਵਿੱਛੜੇ ਆਗੂ ਸਾਥੀ ਨੂੰ ਸਤਿਕਾਰ ਤੇ ਸੰਗਰਾਮੀ ਸ਼ਰਧਾਂਜਲੀ ਭੇਂਟ ਕੀਤੀ।

--0--  

No comments:

Post a Comment