ਰੁਜ਼ਗਾਰ ਦੀ ਮੰਗ ’ਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ ਹੋਏ ਲਾਮਬੰਦ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਗੇਟ ਨੰਬਰ ਇਕ ਤੇ 4 ਨਵੰਬਰ ਤੋਂ ਲੱਗਿਆ ਪੱਕਾ ਧਰਨਾ 8ਵੇਂ ਦਿਨ ਅੰਸਕ ਜਿੱਤ ਹਾਸਲ ਕਰਕੇ ਸਮਾਪਤ ਹੋ ਗਿਆ ਹੈ। ਖੇਤੀਬਾੜੀ ਸਟੂਡੈਂਟਸ ਐਸੋਸੀਏਸਨ ਪੰਜਾਬ (ਏ ਐਸ ਏ ਪੀ) ਦੀ ਅਗਵਾਈ ਚ ਲੱਗੇ ਧਰਨੇ ਤੋਂ ਪਹਿਲਾਂ ਦਰਜਨਾਂ ਮੰਤਰੀਆਂ, ਅਧਿਕਾਰੀਆਂ ਅਤੇ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਜਾ ਚੁੱਕੇ ਸਨ। ਮੰਗ ਸੀ ਕਿ ਛੇਵੀਂ ਤੋਂ ਦਸਵੀਂ ਤੱਕ ਸਕੂਲਾਂ ਵਿੱਚ ਖੇਤੀਬਾੜੀ ਵਿਸਾ ਲਾਜਮੀ ਕੀਤਾ ਜਾਵੇ ਜਿਹੜਾ ਕੇ ਸਰਕਾਰ ਨੇ ਖਤਮ ਕਰ ਦਿੱਤਾ ਸੀ ਅਤੇ ਸਕੂਲਾਂ ਵਿਚ ਖੇਤੀਬਾੜੀ ਅਧਿਆਪਕਾਂ ਦੀ ਭਰਤੀ ਕੀਤੀ ਜਾਵੇ। ਦੂਸਰੀ ਮੰਗ ਸੀ ਕੇ ਮੁੱਖ ਮੰਤਰੀ ਵੱਲੋਂ ਚੋਣਾਂ ਤੋਂ ਪਹਿਲਾਂ ਕੀਤਾ ਪਿੰਡਾਂ ਚ ਖੇਤਾਂ ਦੇ ਮਾਸਟਰ ਰੱਖਣ ਦਾ ਵਾਅਦਾ ਪੂਰਾ ਕੀਤਾ ਜਾਵੇ। ਇਹਨਾਂ ਮੰਗਾਂ ਦਾ ਤੱਤ ਪੀ.ਏ.ਯੂ. ਤੋਂ ਡਿਗਰੀਆਂ ਕਰਨ ਵਾਲੇ ਨੋਜਵਾਨਾਂ ਲਈ ਰੁਜ਼ਗਾਰ ਦੀ ਮੰਗ ਕਰਨਾ ਹੈ।
4 ਨਵੰਬਰ ਤੋਂ ਧਰਨਾ ਸ਼ੁਰੂ ਹੋਇਆ, 9 ਨਵੰਬਰ ਦੀ ਸ਼ਾਮ ਨੂੰ ਜਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਵਿਦਿਆਰਥੀਆਂ ਨੂੰ ਧਰਨਾ ਚੱਕਣ ਦਾ ਫੁਰਮਾਨ ਦਿੱਤਾ ਕਿ 12 ਨਵੰਬਰ ਨੂੰ ਧਰਨੇ ਵਾਲੀ ਥਾਂ ਦੇ ਸਾਹਮਣੇ ਹੋਣ ਜਾ ਰਹੀ ਕੌਮਾਂਤਰੀ ਕਾਨਫਰੰਸ ਚ ਦੇਸ ਦੇ ਉਪ ਰਾਸਟਰਪਤੀ ਆ ਰਹੇ ਨੇ, ਇਹ ਵੀ ਵੀ ਆਈ ਪੀ ਇਲਾਕਾ ਹੈ, ਏਥੇ ਸਾਡਾ ਪ੍ਰੋਟੋਕੋਲ ਹੈ, ਧਰਨਾ ਜਾਂ ਤਾਂ ਤੁਸੀਂ ਚੱਕ ਲਵੋ ਨਹੀਂ ਅਸੀਂ ਉਠਾ ਦਿਆਂਗੇ।
ਅਗਲੇ ਦਿਨ 10 ਨਵੰਬਰ ਨੂੰ ਐਂਤਵਾਰ ਹੋਣ ਦੇ ਬਾਵਜੂਦ ਸਵੇਰੇ 9 ਵਜੇ ਹੀ ਵਿਦਿਆਰਥੀ ਮੋਰਚੇ ਤੇ ਡਟ ਗਏ। ਸਾਮ ਨੂੰ ਐਸ ਪੀ ਲੁਧਿਆਣਾ ਅਤੇ ਜਿਲ੍ਹਾ ਪੁਲਸ ਅਫਸਰਾਂ ਵੱਲੋਂ ਵਿਦਿਆਰਥੀਆਂ ਨੂੰ ਧਰਨਾ ਚੱਕਣ ਅਤੇ ਸਿਰਫ ਡੀਸੀ ਨਾਲ ਮੀਟਿੰਗ ਕਰਵਾ ਸਕਦੇ ਹਾਂ, ਕਹਿਕੇ ਧਮਕੀ ਦਿੱਤੀ ਗਈ ਕਿ ਪੰਦਰਾਂ ਸਕਿੰਟ ਵਿਚ ਸਾਰਾ ਧਰਨਾ ਚੁਕਵਾ ਦਿਆਂਗੇ, 750 ਦੀ ਪੁਲਸ ਫੋਰਸ ਹੈ ਸਾਡੇ ਕੋਲ, ਇਕ ਅਫ਼ਸਰ ਸਾਡਾ 1000 ਜਣੇ ਦੇ ਬਰਾਬਰ ਹੈ। ‘‘ਸਰ ਸਾਡਾ ਜਮਹੂਰੀ ਹੱਕ ਹੈ’’ ਕਹਿਣ ’ਤੇ ਹੀ ਇਕ ਵਿਦਿਆਰਥੀ ਆਗੂ ਨੂੰ ਇਹ ਕਹਿ ਕੇ ਧਮਕਾਇਆ ਗਿਆ ਕਿ ਤੇਰੀ ਕਾਮਰੇਡੀ ਅਸੀਂ ਕੱਢਾਂਗੇ, ਉਸਦਾ ਨਾਮ ਨੋਟ ਕੀਤਾ ਗਿਆ ਅਤੇ ਵੱਡੀ ਕਰਵਾਈ ਦਾ ਡਰਾਵਾ ਦਿੱਤਾ ਗਿਆ।
ਅਗਲੇ ਦਿਨ ਮੋਰਚੇ ’ਚ ਵਿਦਿਆਰਥੀ ਤਾਕਤ ਨੇ ਜਲਵਾ ਦਿਖਾਇਆ, ਇਕੱਠ ਸਵਾ ਦੋ ਸੌ ਤੋਂ ਪਾਰ ਹੋ ਗਿਆ, ਧਰਨੇ ਵਿੱਚ ਹੀ ਦੁਪਹਿਰੇ ਲੰਗਰ ਚੱਲ ਪਿਆ। ਹਮਾਇਤ ਵਜੋਂ ਆਏ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ ਅਤੇ ਡੇਮੋਕ੍ਰੇਟਿਕ ਟੀਚਰਜ ਫਰੰਟ ਦੇ ਜਿਲ੍ਹਾ ਲੁਧਿਆਣਾ ਦੇ ਆਗੂ ਪਹੁੰਚੇ। ਕਿਸਾਨਾਂ ਦੀ ਗੱਡੀ ਤੇ ਸਪੀਕਰ ਨੇ ਸਟੇਜ ਨੂੰ ਲੰਬਾ ਚਲਾਇਆ, 8ਵੇਂ ਦਿਨ ਨਵੇਂ ਵਿਦਿਆਰਥੀ ਬੁਲਾਰੇ ਬੋਲੇ, ਕਿਸਾਨ ਆਗੂਆਂ ਨੇ ਸਿੱਖ ਇਤਿਹਾਸ ’ਚੋਂ ਕੁਰਬਾਨੀ ਦੀਆਂ ਮਿਸਾਲਾਂ ਦੇ ਕੇ ਵਿਦਿਆਥੀਆਂ ਨੂੰ ਦਲੇਰੀ ਬਖਸੀ। ਮਜਦੂਰ ਆਗੂ ਹਰਜਿੰਦਰ ਸਿੰਘ ਲੁਧਿਆਣਾ ਨੇ ਸਿੱਖਿਆ ਨੀਤੀ, ਖੇਤੀ ਨੀਤੀ ਅਤੇ ਸਰਕਾਰੀ ਅਦਾਰਿਆਂ ਦੀ ਹਾਲਤ ਬਾਰੇ ਚਾਨਣਾ ਪਾਇਆ। ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦਾ ਸੂਬਾਈ ਆਗੂ ਮੋਰਚੇ ’ਚ ਪਹਿਲੇ ਦਿਨ ਤੋਂ ਹਾਜ਼ਰ ਸੀ, ਪੀ ਏ ਯੂ ਇੰਪਲਾਈਜ ਯੂਨੀਅਨ , ਪੀ ਐਸ ਯੂ ਲਲਕਾਰ ਵੱਲੋਂ ਹਮਾਇਤ ਦਾ ਐਲਾਨ ਕੀਤਾ ਗਿਆ। ਜਥੇਬੰਦੀਆਂ ਵੱਲੋਂ ਕਿਸੇ ਵੀ ਧੱਕੇਸਾਹੀ ਦੀ ਸੂਰਤ ਚ’ ਸੰਘਰਸ਼ ’ਚ ਕੁੱਦ ਪੈਣ ਦੀ ਚੇਤਾਵਨੀ ਦਿੱਤੀ ਗਈ।
ਮੋਰਚੇ ਦੇ ਆਖਰੀ ਦਿਨ ਵਿਦਿਆਰਥੀ, ਕਿਸਾਨ, ਮਜ਼ਦੂਰ ਅਤੇ ਅਧਿਆਪਕ ਆਗੂਆਂ ਵੱਲੋਂ ਨਿੱਜੀਕਰਨ ਦੀਆਂ ਨੀਤੀਆਂ, ਵਿਸਵ ਵਪਾਰ ਸੰਸਥਾ ਦਾ ਦਬਦਬਾ, ਜਮਹੂਰੀਅਤ ਦੇ ਦਾਅਵੇ ਅਤੇ ਹਕੀਕਤ ਚ ਸੰਘਰਸ ਨੂੰ ਬਲ ਅਤੇ ਛਲ ਨਾਲ ਦਬਾਉਣ ਦੀਆਂ ਕਾਰਵਾਈਆਂ, ਸਾਂਝੇ ਸੰਘਰਸ ਸਮੇਂ ਦੀ ਲੋੜ , ਲੰਬੇ ਲੜਾਈ ਦੀ ਤਿਆਰੀ ਕਰਨ ਵਰਗੇ ਮੁੱਦਿਆਂ ਨੂੰ ਛੂਹਦਿਆਂ ਅਰਥ ਭਰਭੂਰ ਤਕਰੀਰਾਂ ਕੀਤੀਆਂ ਗਈਆਂ।
ਅਖੀਰ ਸ਼ਾਮ ਨੂੰ ਖੁਦ ਡੀਸੀ ਨੂੰ ਆਕੇ ਮੀਟਿੰਗ ਕਰਨੀ ਪਈ, 20 ਨਵੰਬਰ ਨੂੰ ਚੰਡੀਗੜ੍ਹ ਵਿਖੇ ਸਬ ਕਮੇਟੀ ਨਾਲ ਪੈਨਲ ਮੀਟਿੰਗ ਕਰਵਾਉਣ ਦੀ ਲਿਖਤੀ ਚਿੱਠੀ ਆਗੂਆਂ ਨੂੰ ਭੇਜਣੀ ਪਈ। ਐੱਸ ਡੀ ਐਮ ਵਲੋਂ ਕੀਤੇ ਬੁਰੇੇ ਵਰਤਾਅ ਦਾ ਅਹਿਸਾਸ ਕੀਤਾ ਗਿਆ। ਸ਼ਾਮ ਨੂੰ ਏ ਐਸ ਏ ਪੀ ਦੀ ਕਮੇਟੀ ਨੇ ਧਰਨਾ ਮੁਲਤਵੀ ਕਰਨ ਅਤੇ ਸੰਘਰਸ਼ ਜਾਰੀ ਰੱਖਣ ਦਾ ਫੈਂਸਲਾ ਕੀਤਾ। --੦--
No comments:
Post a Comment